

ਇੰਡੀਆ ਅਵੇਅਰਨੈੱਸ ਦੀ ਸਫ਼ਲਤਾ ਤੋਂ ਮਨਮਤੀ ਟੋਲਾ ਬੌਖਲਾਇਆ
- ਸਰਬਜੀਤ ਸਿੰਘ -
ਇੰਡੀਆ ਅਵੇਅਰਨੈੱਸ ਦੇ ਬਹੁਤ ਸਾਰੇ ਪਾਠਕਾਂ ਦੀ ‘ਸਲਾਹ’ ਤੇ, ਰਸਾਲੇ ਦੀ ਵੈਬਸਾਈਟ ਦੇ ਖ਼ਬਰਾਂ ਤੇ ਲੇਖ ਵਾਲੇ ਹਿੱਸੇ ਨੂੰ ਰੋਜ਼ਾਨਾ ਪ੍ਰਕਾਸ਼ਿਤ ਕਰਨ ਦੀ ਕਾਰਵਾਈ 2 ਨਵੰਬਰ 2010 ਤੋਂ ਅਰੰਭ ਕਰ ਦਿੱਤੀ ਗਈ ਸੀ। ਭਾਵੇਂ ਅਸੀਂ ਪਹਿਲੇ ਹੀ ਦਿਨ ਇਹ ਵੀ ਸਪਸ਼ਟ ਕਰ ਦਿੱਤਾ ਸੀ ਕਿ ‘‘ਇਸ ਕਾਰਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਲੋੜੀਂਦੇ ਸੰਸਾਧਨਾਂ ਦੀ ਹਾਲਾਂ ਸਾਡੇ ਕੋਲ ਕਾਫੀ ਘਾਟ ਹੈ।’’ ਪਰ ਕੁਝ ਹੋਰ ਗੰਭੀਰ ਕਾਰਨਾਂ ਕਰਕੇ ਵੀ ਰਸਾਲੇ ਦੀ ਵੈਬਸਾਈਟ ਹਾਲਾਂ ਕੁਝ ਸਮੇਂ ਤੱਕ ਰੋਜ਼ਾਨਾ ਪੱਧਰ ’ਤੇ ਅਪਡੇਟ ਕੀਤੀ ਜਾਣੀ ਸੰਭਵ ਨਹੀਂ ਹੋ ਸਕੇਗੀ। ਇਸ ਦਾ ਕਾਰਨ - ਜਿਸ ਤੋਂ ਕੋਈ ਵੀ ਪਾਠਕ ਵਾਕਿਫ਼ ਨਹੀਂ ਹੋਵੇਗਾ - ਉਹ ਇਹ ਹੈ ਕਿ 2 ਨਵੰਬਰ ਦੀ ਹੀ ਰਾਤ ਲਗਭਗ 1.35 ਵਜੇ, ਸਾਡੇ ਦਫ਼ਤਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਕੋਈ ਅਤਿ ਜਵਲਨਸ਼ੀਲ ਕੈਮੀਕਲ ਸੁੱਟ ਕੇ ਅੱਗ ਲਗਾ ਦਿੱਤੀ ਗਈ। ਗੌਰਤਲਬ ਹੈ ਕਿ ਇੰਡੀਆ ਅਵੇਅਰਨੈੱਸ ਦੇ ਦਫ਼ਤਰ ਦੀਆਂ ਉੱਪਰਲੀਆਂ ਮੰਜਲਾਂ, ਰਸਾਲੇ ਦੇ ਪ੍ਰਕਾਸ਼ਕ ਅਤੇ ਸਹਿ-ਸੰਪਾਦਕ ਸ੍ਰ: ਸਵਰਣ ਸਿੰਘ ਦੇ ਪਰਵਾਰ ਦਾ ਨਿਵਾਸ ਅਸਥਾਨ ਵੀ ਹਨ। ਸੰਜੋਗ ਨਾਲ ਉਸ ਰਾਤ ਸ੍ਰ: ਸਵਰਣ ਸਿੰਘ ਤੇ ਉਨ੍ਹਾਂ ਦਾ ਪਰਵਾਰ ਕਿਸੇ ਰਿਸ਼ਤੇਦਾਰ ਦੇ ਘਰੋਂ ਦੇਰ ਰਾਤ ਪਰਤਿਆ ਹੋਣ ਕਾਰਨ ਉਹ ਹਾਲਾਂ ਜਾਗ ਰਹੇ ਸਨ ਤੇ ਹੇਠਾਂ ਦਫ਼ਤਰ ਨੂੰ ਅੱਗ ਲਗੀ ਵੇਖ ਕੇ ਪਰਵਾਰਕ ਮੈਂਬਰਾਂ ਨੇ ਗੁਆਂਢੀਆਂ, ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ’ਤੇ ਸਮਾਂ ਰਹਿੰਦਿਆਂ ਹੀ ਕਾਬੂ ਪਾ ਲਿਆ। ਨਤੀਜਤਨ, ਦਫ਼ਤਰ ਦਾ ਮੁੱਖ ਦਰਵਾਜਾ ਤੇ ਕੁਝ ਫਰਨੀਚਰ ਸੜਨ ਦੇ ਇਲਾਵਾ, ਅੱਗ ਨਾਲ ਬਹੁਤਾ ਨੁਕਸਾਨ ਨਾ ਪੁੱਜ ਸਕਿਆ ਤੇ ਹਮਲਾਵਰਾਂ ਦੇ ਮਨਸੂਬੇ ਕਾਫ਼ੀ ਹੱਦ ਤਕ ਅਸਫ਼ਲ ਹੋ ਗਏ।
ਪਰ ਇਹ ਮਾਤਰ ਇਕ ਸੰਜੋਗ ਦੀ ਗੱਲ ਸੀ। ਜੇਕਰ ਪਰਵਾਰ ਦੇ ਲੋਕ ਉਸ ਰਾਤ ਵੀ ਰੋਜ਼ ਵਾਂਗ ਸਮੇਂ ਸਿਰ ਸੋ ਗਏ ਹੁੰਦੇ ਤਾਂ ਇੰਡੀਆ ਅਵੇਅਰਨੈੱਸ ਦਾ ਸਾਰਾ ਦਫ਼ਤਰ ਸੜ ਜਾਣ (ਜਿਸ ਨਾਲ ਲੱਖਾਂ ਦੇ ਮਾਇਕ ਨੁਕਸਾਨ ਦੇ ਨਾਲ-ਨਾਲ ਇੰਡੀਆ ਅਵੇਅਰਨੈੱਸ ਦੇ ਬਹੁਤ ਸਾਰੇ ਪੁਰਾਣੇ ਰਿਕਾਰਡ ਤੇ ਦਸਤਾਵੇਜ਼ ਵੀ ਨਸ਼ਟ ਹੋ ਸਕਦੇ ਸਨ) ਦੇ ਇਲਾਵਾ ਸ੍ਰ: ਸਵਰਣ ਸਿੰਘ ਦਾ ਸਾਰਾ ਪਰਵਾਰ ਵੀ ਜਾਨ ਤੋਂ ਹੱਥ ਧੋ ਬੈਠਦਾ। ਦੂਜਾ, ਹਮਲੇ ਦੇ ਉਪਰੰਤ ਵੀ ਇਹ ਲੋਕ ਦਿੱਲੀ ਦੀਆਂ ਵੱਖ-ਵੱਖ ਥਾਵਾਂ ਦੇ ਪਬਲਿਕ ਫੋਨਾਂ ਤੋਂ ਸ੍ਰ: ਸਵਰਣ ਸਿੰਘ ਨੂੰ ਦੋ ਵਾਰ ਫਿਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਚੁੱਕੇ ਹਨ। ਇਸ ਵਾਸਤੇ ਇਸ ਕਾਤਿਲਾਨਾ ਤੇ ਬੁਜ਼ਦਿਲਾਨਾ ਹਮਲੇ ਦੇ ਹਮਲਾਵਰਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪਰ ਸਾਡੇ ਕੋਲ ਏਨੇ ਸੰਸਾਧਨ ਨਹੀਂ ਕਿ ਅਸੀਂ ਖ਼ੁਦ ਹੀ ਇਨ੍ਹਾਂ ਕਾਇਰਾਂ ਦਾ ਖ਼ੁਦ ਪਤਾ ਲਗਾ ਸਕੀਏ। ਫਿਰ, ਅਸੀਂ ਆਪਣੀਆਂ ਲਿਖਤਾਂ ਨਾਲ ਏਨੀਆਂ ਜ਼ਿਆਦਾ ਧਿਰਾਂ (ਜਿਨ੍ਹਾਂ ਵਿਚ ਦਸਮ ਗ੍ਰੰਥੀਏ, ਬਾਦਲਕੇ ਤੇ ਗੁਰਦੁਆਰਾ ਕਮੇਟੀਆਂ ਦੇ ਭ੍ਰਿਸ਼ਟ ਆਗੂਆਂ ਇਲਾਵਾ ਕਈ ਜਾਗਰੁਕ ਅਖਵਾਉਂਦੀਆਂ ਸੰਸਥਾਵਾਂ, ਅਖ਼ਬਾਰਾਂ ਤੇ ਮਿਸ਼ਨਰੀ ਕਾਲਜਾਂ ਦੇ ਪ੍ਰਬੰਧਕ/ਪ੍ਰਚਾਰਕ ਵੀ ਸ਼ਾਮਲ ਹਨ) ਨੂੰ ਨਰਾਜ਼ ਕੀਤਾ ਹੋਇਆ ਹੈ ਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਅਜਿਹੀ ਨੀਵੇਂ ਪੱਧਰ ਦੀ ਕਾਰਵਾਈ ਕਿਹੜੀ ਧਿਰ ਨਾਲ ਸਬੰਧਿਤ ਵਿਅਕਤੀਆਂ ਵੱਲੋਂ ਕੀਤੀ ਗਈ ਹੋ ਸਕਦੀ ਹੈ। ਇਸ ਵਾਸਤੇ ਅਸੀਂ ਪੁਲਿਸ ਦੀ ਮਦਦ ਨਾਲ ਹੀ ਇਨ੍ਹਾਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਰੋਜ਼ ਸਾਡਾ ਕਾਫ਼ੀ ਸਮਾਂ ਬੇਲੋੜੀਆਂ ਕਾਰਵਾਈਆਂ (ਪੁਲਿਸਕਰਮੀਆਂ ਨੂੰ ਮਿਲਣ) ’ਤੇ ਖਰਚ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਇੰਡੀਆ ਅਵੇਅਰਨੈੱਸ ਦੀ ਵੈਬਸਾਈਟ ਨੂੰ ਰੋਜ਼ਾਨਾ ਅਪਡੇਟ ਕਰਨ ਦਾ ਨਿਸ਼ਾਨਾ ਫਿਲਹਾਲ ਸਾਡੇ ਵਾਸਤੇ ਸੰਭਵ ਨਹੀਂ ਹੈ। ਇਸ ਵਾਸਤੇ ਅਸੀਂ ਪਾਠਕਾਂ ਤੋਂ ਮੁਆਫੀ ਮੰਗਦੇ ਹੋਏ ਏਨੀ ਬੇਨਤੀ ਜ਼ਰੂਰ ਕਰਦੇ ਹਾਂ ਕਿ ਵੈਬਸਾਈਟ ਲਗਭਗ ਹਰ 3 ਦਿਨਾਂ ਬਾਅਦ ਅਪਡੇਟ ਕਰਨ ਦੀ ਕੋਸ਼ਿਸ਼ ਹਾਲਾਂ ਵੀ ਜਾਰੀ ਰਹੇਗੀ ਤੇ ਹਾਲਾਤ ਸਾਡੇ ਪੱਖ ਵਿਚ ਹੁੰਦਿਆਂ ਹੀ ਵੈਬਸਾਈਟ ਰੋਜ਼ਾਨਾ ਪੱਧਰ ’ਤੇ ਵੀ ਅਪਡੇਟ ਕੀਤੀ ਜਾਣ ਲੱਗੇਗੀ।
ਇਸ ਘਟਨਾਕ੍ਰਮ ਬਾਰੇ ਪਾਠਕਾਂ ਨੂੰ ਪਹਿਲਾਂ ਜਾਣਕਾਰੀ ਨਾ ਦਿੱਤੇ ਜਾਣ ਦੇ ਕਈ ਕਾਰਨ ਸਨ। ਇਸਦਾ ਮੁੱਖ ਕਾਰਨ ਇਹ ਸੀ ਕਿ ਇਸ ਘਟਨਾਕ੍ਰਮ ਪ੍ਰਤੀ ‘ਹਾਏ-ਹਾਏ’ ਕਰਨ ਵਾਲੀ ਨੀਤੀ ਅਪਣਾਉਣ ਨਾਲ ਹਮਲਾਵਰਾਂ ਦੇ ਹੌਸਲੇ ਹੀ ਬੁਲੰਦ ਹੋਣੇ ਸਨ। ਕਿਉਂਕਿ ਪਿਛਲੇ ਸਮਿਆਂ ਵਿਚ ਕਈ ਪ੍ਰਚਾਰਕਾਂ ਨਾਲ ਵੀ ਮਾਰ-ਕੁਟਾਈ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਨਿਜੀ ਈਮੇਲਾਂ ਅਤੇ ਵੈਬਸਾਈਟਾਂ ਰਾਹੀਂ ਮਨਮਤੀਏ ਸਿੱਖਾਂ ਨੇ ਅਜਿਹੀਆਂ ਘਟਨਾਵਾਂ ਪ੍ਰਤੀ ਹਮੇਸ਼ਾ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਇਨ੍ਹਾਂ ਨੂੰ ਆਪਣੀਆਂ ਪ੍ਰਾਪਤੀਆਂ ਦੇ ਤੌਰ ’ਤੇ ਪੇਸ਼ ਕਰਨ ਦੇ ਇਲਾਵਾ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਗੁਰੂ ਮੰਨਣ ਵਾਲੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਇਹੀ ਨੀਤੀ ਅਪਣਾਉਣ ਦੀ ਵਕਾਲਤ ਕੀਤੀ ਹੈ। ਫਿਰ, ਅਜਿਹੀਆਂ ਕਾਰਵਾਈਆਂ ਬਾਰੇ ਸੁਹਿਰਦ ਪਾਠਕ ਕਿਸੇ ਕਿਸਮ ਦਾ ਸਹਿਯੋਗ ਵੀ ਨਹੀਂ ਦੇ ਸਕਦੇ ਕਿਉਂਕਿ ਸਾਹਮਣੇ ਹੋ ਕੇ ਕਾਨੂੰਨੀ ਢੰਗ ਨਾਲ ਲੜਾਈ ਲੜਨ ਵਾਲੇ ਦੇ ਮੁਕਾਬਲੇ ਲਈ ਮਾਇਕ ਸਹਿਯੋਗ ਜਾਂ ਨਿਜੀ ਰਸੂਖ ਨਾਲ ਕਈ ਕਿਸਮ ਦੀ ਮਦਦ ਦਿੱਤੀ ਜਾ ਸਕਦੀ ਹੈ। ਪਰ ਇਸ ਤਰ੍ਹਾਂ ਦੇ ਕਾਇਰਾਨਾ ਅਤੇ ਕੋਝੇ ਹਮਲਿਆਂ ਨੂੰ ਰੋਕਣ ਵਾਸਤੇ ਆਮ ਪਾਠਕ ਕੁਝ ਵੀ ਨਹੀਂ ਕਰ ਸਕਦਾ। ਇਸਲਈ ਪਾਠਕਾਂ ਵਿਚ ਕਿਸੇ ਕਿਸਮ ਦਾ ਡਰ ਪੈਦਾ ਕਰਨ ਦੀ ਬਜਾਏ ਖ਼ੁਦ ਸਾਵਧਾਨ ਹੋਣ ਤੇ ਹਮਲਾਵਰਾਂ ਦੀ ਪਛਾਣ ਕਰਕੇ ਭਵਿੱਖ ਵਿਚ ਨਾਲ ਨਿਬੜਨ ਦੀ ਤਿਆਰੀ ਕਰਨਾ ਜ਼ਿਆਦਾ ਲਾਹੇਵੰਦ ਹੁੰਦਾ ਤੇ ਅਸੀਂ ਇਸੇ ਦਿਸ਼ਾ ਵਿਚ ਸਰਗਰਮ ਹਾਂ।
ਅਸੀਂ ਪਾਠਕਾਂ ਨੂੰ ਇਹ ਵੀ ਦੱਸਣਾ ਲੋੜੀਂਦਾ ਸਮਝਦੇ ਹਾਂ ਕਿ ਉਕਤ ਕਿਸਮ ਦੇ ਹਮਲੇ ਨਾਲ ਸਾਡੇ ਮਨਾਂ ਵਿਚ ਕੋਈ ਖੌਫ ਨਹੀਂ ਕਿਉਂਕਿ ਸਾਡਾ ਪੱਕਾ ਵਿਸ਼ਵਾਸ ਹੈ ਕਿ ‘‘ਮਾਰੈ ਰਾਖੈ ਏਕੋ ਆਪਿ।। ਮਾਨੁਖ ਕੈ ਕਿਛੁ ਨਾਹੀ ਹਾਥਿ।।’’ ਦੂਜਾ, ਸਿੱਖ ਕੌਮ ਦੀ ਹਾਲਤ ਏਨੀ ਨਿੱਘਰ ਚੁੱਕੀ ਹੈ ਅਤੇ ਇਸਦਾ ਭਵਿੱਖ ਏਨਾ ਜ਼ਿਆਦਾ ਅੰਧਕਾਰਮਈ ਦਿਸਦਾ ਹੈ ਕਿ ਇਸ ਵਿਚ ਕੋਈ ਕ੍ਰਾਂਤੀਕਾਰੀ ਸੁਧਾਰ ਲਿਆਉਣ ਦੇ ਚਾਹਵਾਨਾਂ ਨੂੰ ਆਪਣੀ ਜਾਨ ਹਥੇਲੀ ’ਤੇ ਰੱਖ ਕੇ ਅਤੇ ਕੇਸਾਧਾਰੀ ਬ੍ਰਾਹਮਣਾਂ ਦੀ ਬੁਰਛਾਗਰਦ ਤੇ ਕਾਤਿਲਾਨਾ ਮਾਨਸਿਕਤਾ ਪ੍ਰਤੀ ਦ੍ਰਿੜ੍ਹਤਾ ਅਪਣਾ ਕੇ ਹੀ ਮੈਦਾਨ ਵਿਚ ਆਉਣਾ ਪਏਗਾ। ਤੀਜਾ, ਜੇਕਰ ਸੱਚ ਨੂੰ ਸਾਮਹਣੇ ਲਿਆਉਣ ਦੀ ਬਜਾਏ ਜੇਕਰ ਅਸੀਂ ਡਰ ਕੇ ਚੁੱਪ ਵੀ ਕਰ ਜਾਵਾਂਗੇ ਤਾਂ ਵੀ ਉਸ ਪਰਮਾਤਮਾ ਨੇ ਕਿਸੇ ਨਾ ਕਿਸੇ ਜ਼ਰੀਏ ਰਾਹੀਂ ਸੱਚ ਸਾਹਮਣੇ ਲੈ ਹੀ ਆਉਣਾ ਹੈ ਤੇ ਕੂੜ ਦਾ ਪਰਦਾਫਾਸ਼ ਹੋ ਕੇ ਹੀ ਰਹਿਣਾ ਹੈ - ‘‘ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ।।’’ ਇਸਲਈ ਸਤਿਗੁਰੂ ਨੇ ਜਿੰਨੀ ਕੁ ਸੋਝੀ ਸਾਨੂੰ ਬਖਸ਼ੀ ਹੈ, ਉਸ ਮੁਤਾਬਿਕ ਅਸੀਂ ਆਪਣੀ ਸੇਵਾ ਜਾਰੀ ਰੱਖਾਂਗੇ।
ਅਸੀਂ ਪਾਠਕਾਂ ਨੂੰ ਇਹ ਯਕੀਨ ਵੀ ਦਿਵਾਉਣਾ ਚਾਹੁੰਦੇ ਹਾਂ ਕਿ ਸੱਚ ਦੇ ਪ੍ਰਚਾਰ ਦੀ ਮੁਹਿੰਮ ਤੋਂ
ਬੌਖਲਾਏ ਮਨਮਤੀਆਂ ਦੇ ਹਮਲੇ ਕਾਰਨ ਅਸੀਂ ਇੰਡੀਆ ਅਵੇਅਰਨੈੱਸ ਦੀਆਂ ਨੀਤੀਆਂ (ਬ੍ਰਾਹਮਣਵਾਦ ਵੱਲੋਂ
ਮਨੁੱਖਤਾ ਦਾ ਘਾਣ, ਸਿੱਖ ਧਰਮ ਵਿਚ ਘੁਸਪੈਠ ਕਰ ਚੁੱਕੇ ਬ੍ਰਾਹਮਣਵਾਦੀ ਰਸਮੋ-ਰਿਵਾਜ ਅਤੇ ਭਾਰਤ ਵਿਚ
ਘੱਟ-ਗਿਣਤੀ ਕੌਮਾਂ, ਖ਼ਾਸਕਰ ਸਿੱਖਾਂ ਦੇ ਕੀਤੇ ਜਾ ਰਹੇ ਸ਼ੋਸ਼ਣ ਅਤੇ ਸਿੱਖੀ ਦੀ ਭਲਾਈ ਦੇ ਨਾਮ ’ਤੇ
ਸਿੱਖਾਂ ਦਾ ਬੇੜਾ ਗਰਕ ਕਰ ਰਹੇ ਪ੍ਰਚਾਰਕਾਂ, ਸੰਪਾਦਕਾਂ ਤੇ ਸੰਸਥਾਵਾਂ ਦਾ ਪਰਦਾਫਾਸ਼ ਕਰਨ) ਵਿਚ
ਕਿਸੇ ਵੀ ਕਿਸਮ ਦੀ ਕੋਈ ਤਬਦੀਲੀ ਕਰਾਂਗੇ। ਅਜਿਹੇ ਹਮਲੇ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਇੰਡੀਆ
ਅਵੇਅਰਨੈੱਸ ਵੱਲੋਂ ਚਲਾਈ ਜਾ ਰਹੀ ਸੱਚ ਦੀ ਮੁਹਿੰਮ ਨਾਲ ਬ੍ਰਾਹਮਣਵਾਦੀ ਤੇ ਸਿੱਖੀ ਸਰੂਪ ਵਿਚ ਵਿਚਰ
ਰਹੇ ਉਨ੍ਹਾਂ ਦੀ ਮਾਨਸਿਕਤਾ ਵਾਲੇ ਮਾਨਸਿਕ ਰੋਗੀ ਅਤੇ ਆਪਣੀ ਅਸਲੀਅਤ ਸਾਹਮਣੇ ਆਉਣ ਨਾਲ ਪਾਠਕਾਂ
ਸਾਹਮਣੇ ਸ਼ਰਮਿੰਦਾ ਹੋ ਰਹੇ ਦੋਗਲੇ ਕਿਸਮ ਦੇ ਅਖੌਤੀ ਪੰਥ-ਦਰਦੀ ਬੁਰੀ ਤਰ੍ਹਾਂ ਬੌਖਲਾ ਗਏ ਹਨ। ਅਸੀਂ
ਤਾਂ ਆਪਣੀ ਇਸ ਮੁਹਿੰਮ ਨੂੰ ਮਰਦੇ ਦਮ ਤਕ ਜਾਰੀ ਰੱਖਾਂਗੇ ਪਰ ਜੇਕਰ ਸੰਗਤਾਂ ਸਾਡਾ ਸਹਿਯੋਗ ਦੇਣ,
ਤਾਂ ਗੁਰਮਤਿ-ਵਿਰੋਧੀ ਸੰਸਥਾਵਾਂ, ਪ੍ਰਚਾਰਕਾਂ, ਸੰਪਾਦਕਾਂ ਦੀਆਂ ਕੌਮ-ਘਾਤੀ ਨੀਤੀਆਂ ’ਤੇ ਠੱਲ
ਪਾਉਣ ਵਿਚ ਵਧੇਰੇ ਕਾਮਯਾਬੀ ਮਿਲੇਗੀ।
ਇਸ ਸਭ ਦਰਮਿਆਨ ਅਸੀਂ ਇੰਡੀਆ ਅਵੇਅਰਨੈੱਸ ਦੀ ਵੈਬਸਾਈਟ ਨੂੰ ਰੋਜ਼ਾਨਾ ਅਪਡੇਟ ਕਰਨ ਦੇ ਵਾਅਦੇ ਵਿਚ
(ਹਾਲ ਦੀ ਘੜੀ) ਅਸਫ਼ਲ ਰਹਿਣ ਲਈ ਆਪਣੇ ਪਾਠਕਾਂ ਤੋਂ ਇਕ ਵਾਰ ਫਿਰ ਖਿਮਾਂ ਦੀ ਜਾਚਨਾ ਕਰਦੇ ਹਾਂ। ਆਸ
ਹੈ ਪਾਠਕ ਸਾਡੀਆਂ ਮਜਬੂਰੀਆਂ ਤੇ ਮੁਸ਼ਕਲਾਂ ਨੂੰ ਸਮਝ ਸਕਣਗੇ।