

ਤਖ਼ਤਾਂ ਦੇ ਪੁਜਾਰੀਆਂ ਨੇ ਸਿੱਖਾਂ ਨੂੰ ਬਿਪਰਵਾਦੀ ਗ੍ਰੰਥ ਦਾ ਪਿਛਲੱਗੂ ਬਣਾਇਆ
- ਸਰਬਜੀਤ ਸਿੰਘ -
ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਸਿੱਖਾਂ ਦੀ ਅਗਵਾਈ ਕਰਨ ਦਾ ਦਾਅਵਾ ਕਰਦੇ ਆਗੂ, ਲਿਖਾਰੀ,
ਪ੍ਰਬੰਧਕ ਅਤੇ ਪੁਜਾਰੀ ਆਪਣੇ ਅਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਸਿੱਖੀ ਦੇ ਮਹਾਨ ਅਸੂਲਾਂ ਬਾਰੇ
ਜਾਣਕਾਰੀ ਦੇ ਕੇ ਸਮੁੱਚੀ ਇਨਸਾਨੀਅਤ ਦੀ ਸਮਾਜਕ, ਆਰਥਕ, ਸਿਆਸੀ ਭਲਾਈ ਵਿੱਚ ਸਹਿਯੋਗ ਦੇਣ ਦੀ ਬਜਾਏ
ਸਿੱਖਾਂ ਨੂੰ ਆਪਸੀ ਵਿਵਾਦਾਂ ਵਿੱਚ ਉਲਝਾਈ ਰੱਖ ਕੇ, ਕੌਮ ਦੀ ਤਾਕਤ ਵਿਅਰਥ ਕਰਨ ਅਤੇ ਪੰਥ-ਦਰਦੀਆਂ
ਦਾ ਮਨੋਬਲ ਗਿਰਾਉਣ ਲਈ ਸਰਗਰਮ ਰਹਿੰਦੇ ਹਨ। ਅੱਜ ਸਿੱਖਾਂ ਦੇ ਕਿਸੇ ਇਤਿਹਾਸਕ ਜਾਂ ਸਥਾਨਕ
ਗੁਰਦੁਆਰੇ ਵਿੱਚ ਅਜਿਹਾ ਪ੍ਰਬੰਧ ਵੇਖਣ ਨੂੰ ਨਹੀਂ ਮਿਲਦਾ ਕਿ ਸਿੱਖਾਂ ਅਤੇ ਗੈਰ-ਸਿੱਖਾਂ ਨੂੰ ਧਰਮ
ਦੇ ਨਾਂ ’ਤੇ ਪ੍ਰਚਲਿਤ ਕਰਮ-ਕਾਂਡਾਂ ਤੇ ਅੰਧਵਿਸ਼ਵਾਸਾਂ ਤੋਂ ਬਚਾਉਣ ਲਈ ਗੁਰਮਤਿ ਦੇ ਅਸੂਲਾਂ ਜਿਵੇਂ
ਜਾਤ-ਪਾਤ ਪ੍ਰਣਾਲੀ ਵਿੱਚ ਵਿਸ਼ਵਾਸ ਨਾ ਕਰਨਾ, ਮਿਥਿਹਾਸਕ ਦੇਵੀ-ਦੇਵਤਿਆਂ ਦੀ ਪੂਜਾ ਨਾ ਕਰਨਾ ਜਾਂ
ਇਨ੍ਹਾਂ ਦੀ ਪੂਜਾ ਨਾਲ ਸਬੰਧਿਤ ਤਿਉਹਾਰਾਂ ਵਿੱਚ ਸ਼ਿਰਕਤ ਨਾ ਕਰਨਾ, ਮੂਰਤੀ ਪੂਜਾ ਨਾ ਕਰਨਾ, ਧਾਰਮਕ
ਭੇਖ ਬਣਾ ਕੇ ਲੋਕਾਂ ਨੂੰ ਭਰਮਾਉਣ ਤੇ ਉਲਝਾਉਣ ਵਾਲਿਆਂ ਦੀ ਬਜਾਏ ਇਕ ਨਿਰਾਕਾਰ ਪਰਮਾਤਮਾ ’ਤੇ ਯਕੀਨ
ਰੱਖਣਾ ਆਦਿਕ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੋਵੇ। ਗੁਰਦੁਆਰਿਆਂ ਵਿੱਚ ਕੀਰਤਨ ਕਰਨ ਦੀ ਇਜਾਜ਼ਤ ਤਾਂ
ਮਿਲ ਜਾਂਦੀ ਹੈ ਪਰ ਸਿੱਖਾਂ ਨੂੰ ਦਰਪੇਸ਼ ਸਮਾਜਕ, ਧਾਰਮਕ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਦੀ
ਇਜਾਜ਼ਤ ਨਹੀਂ ਮਿਲਦੀ।
ਆਮ ਸਿੱਖਾਂ ਨੂੰ ਵੀ ਆਪਣੇ ਭਵਿੱਖ, ਬਲਕਿ ਵਰਤਮਾਨ ਦਸ਼ਾ ਵਿੱਚ ਸੁਧਾਰ ਲਿਆਉਣ ਵਿੱਚ ਕੋਈ ਦਿਲਚਸਪੀ ਨਹੀਂ। ਜੇਕਰ ਸਿੱਖਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋਂ ਫੈਲਾਏ ਜਾ ਰਹੇ ਭ੍ਰਿਸ਼ਟਾਚਾਰ ਬਾਰੇ ਜਾਣਕਾਰੀ ਦਿੱਤੀ ਜਾਏ ਤਾਂ ਬਹੁਤ ਸਾਰੇ ‘ਸਿੱਖ’ ਸਵਾਲ ਕਰਦੇ ਹਨ ਕਿ ਤੁਹਾਨੂੰ ਇਨ੍ਹਾਂ ਨਾਲ ਕੀ ਲੈਣਾ, ਇਨ੍ਹਾਂ ਨੂੰ ਗੁਰੂ ਸਾਹਿਬ ਆਪੇ ਸਜ਼ਾ ਦੇਣਗੇ - ਤੁਸੀਂ ਬੱਸ ਪ੍ਰਚਾਰ ਕਰੋ (ਬੱਚਿਆਂ ਨੂੰ ‘ਪਾਠ’ ਕਰਨਾ, ਅਰਦਾਸ ਕਰਨੀ, ਕੀਰਤਨ ਕਰਨਾ ਆਦਿਕ ਸਿਖਾਉ), ਸਾਰੀਆਂ ਸਮੱਸਿਆਵਾਂ ਖ਼ੁਦ-ਬ-ਖ਼ੁਦ ਹੱਲ ਹੋ ਜਾਣਗੀਆਂ। ਸਿੱਖ ਇਹ ਧਿਆਨ ਨਹੀਂ ਦਿੰਦੇ ਕਿ ਸੱਚ ਦੇ ਗਿਆਨ ਦੀ ਅਣਹੋਂਦ ਬਿਨਾਂ ਅਜਿਹੀਆਂ ਸਾਰੀਆਂ ਕ੍ਰਿਆਵਾਂ ਵੀ ਕਰਮ-ਕਾਂਡ ਮਾਤਰ ਬਣ ਕੇ ਰਹਿ ਜਾਂਦੀਆਂ ਹਨ ਜਿਨ੍ਹਾਂ ਨਾਲ ਮਨੁੱਖ ਦਾ ਮਾਨਸਿਕ ਵਿਕਾਸ ਨਹੀਂ ਹੁੰਦਾ। ਇਸੇ ਤਰ੍ਹਾਂ, ਬਿਪਰਵਾਦੀ ਤਾਕਤਾਂ ਵੱਲੋਂ ਸਿੱਖਾਂ ’ਤੇ ਸੈਂਕੜੇ ਕਿਸਮ ਦੇ ਬੌਧਿਕ ਹਮਲੇ ਕੀਤੇ ਜਾ ਰਹੇ ਹਨ ਪਰ ਸਿੱਖਾਂ ਨੂੰ ਨਗਰ ਕੀਰਤਨਾਂ ਅਤੇ ਕੀਰਤਨ ਦਰਬਾਰਾਂ ਦੇ ਆਯੋਜਨ ਕਰਨ, ਢੋਲਕੀਆਂ-ਛੈਣੇ ਖੜਕਾਉਣ, ਰੰਗ-ਬਿਰੰਗੇ ਲੰਗਰ ਲਗਾ ਕੇ ਖ਼ੁਦ ਹੀ ਇਨ੍ਹਾਂ ਨੂੰ ਛੱਕ ਜਾਣ ਅਤੇ ਵਾਹਿਗੁਰੂ-ਵਾਹਿਗੁਰੂ ਦਾ ਰਟਨ ਕਰਦੇ ਰਹਿਣ ਤੋਂ ਇਲਾਵਾ ਹੋਰ ਕਿਸੇ ਮੁੱਦੇ ਵੱਲ ਧਿਆਨ ਦੇਣ ਦੀ ਫੁਰਸਤ ਹੀ ਨਹੀਂ।
ਸਿੱਖਾਂ ਦੀ ਮਾਨਸਿਕਤਾ ਵਿੱਚ ਆਈ ਇਸ ਗਿਰਾਵਟ ਵਿੱਚ ਦਾ ਲਾਭ ਪੁਜਾਰੀ-ਸਿਆਸੀ ਗਠਜੋੜ ਨੇ ਚੁੱਕਿਆ ਹੈ ਅਤੇ ਉਹ ਸਿੱਖਾਂ ਨੂੰ ਬ੍ਰਾਹਮਣਵਾਦ ਦੇ ਸ਼ਿਕੰਜੇ ਵਿੱਚ ਪੂਰੀ ਤਰ੍ਹਾਂ ਫਸਾ ਦੇਣ ਲਈ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਖ ਕਰ ਦੇਣ ਲਈ ਪੂਰੀ ਤਾਕਤ ਲਗਾ ਰਹੇ ਹਨ। ਤਖ਼ਤਾਂ ਦੇ ਪੁਜਾਰੀ ਜਨਤਕ ਤੌਰ ’ਤੇ ਡੇਰਾਵਾਦ ਨੂੰ ਖ਼ਤਮ ਕਰਨ ਦੀਆਂ ਅਪੀਲਾਂ ਕਰਦੇ ਹਨ ਪਰ ਖ਼ੁਦ ਦੇਸ਼-ਵਿਦੇਸ਼ ਦੇ ਡੇਰੇਦਾਰਾਂ ਦੇ ਪ੍ਰੋਗਰਾਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਦੇ ਹਨ ਅਤੇ ਉਨ੍ਹਾਂ ਤੋਂ ਮਾਇਆ ਦੇ ਗੱਫੇ ਪ੍ਰਾਪਤ ਕਰਕੇ ਡੇਰੇਦਾਰਾਂ ਦੀਆਂ ਸਿਫ਼ਤਾਂ ਦੇ ਪੁੱਲ ਬੰਨ੍ਹਦੇ ਹਨ। ਪੁਜਾਰੀਆਂ ਦੀ ਹੀ ਨਸਲ ਬਲਾਤਕਾਰੀ ਡੇਰੇਦਾਰਾਂ ਕੋਲੋਂ ਰਿਸ਼ਵਤ ਲੈ ਕੇ ਉਨ੍ਹਾਂ ਦੇ ਉ¤ਚ-ਚਰਿੱਤਰ ਬਾਰੇ ਸਰਟੀਫਿਕੇਟ ਜਾਰੀ ਕਰ ਦਿੰਦੇ ਹਨ। ਅਜਿਹੇ ਹੀ ਪੁਜਾਰੀ ਸਿੱਖਾਂ ਦਾ ਅਕਸ ਵਿਗਾੜਨ ਵਾਲੀਆਂ ਫਿਲਮਾਂ ਦੇ ਨਿਰਮਾਤਾਵਾਂ ਕੋਲੋਂ ਰਿਸ਼ਵਤਾਂ ਲੈ ਕੇ ਇਨ੍ਹਾਂ ਫਿਲਮਾਂ ਨੂੰ ਕਲੀਨ-ਚਿਟਾਂ ਦਿੰਦੇ ਰਹੇ ਹਨ ਅਤੇ ਅਜਿਹੇ ਨਿਰਮਾਤਾਵਾਂ ਖਿਲਾਫ਼ ਮੁਕੱਦਮੇ ਦਾਇਰ ਕਰਨ ਵਾਲੇ ਸਿੱਖਾਂ ਨੂੰ ਮੁਕੱਦਮੇ ਵਾਪਸ ਲੈਣ ਦੇ ਨਿਰਦੇਸ਼ ਦਿੰਦੇ ਰਹੇ ਹਨ। ਇਹੀ ਪੁਜਾਰੀ ਗੁਰਬਿਲਾਸ ਪਾ: 6ਵੀਂ ਵਰਗੀ ਗੁਰੂ-ਨਿੰਦਕ ਪੁਸਤਕਾਂ ਦੀ ਗੁਰਦੁਆਰਿਆਂ ਵਿੱਚ ਕਥਾ ਕਰਵਾਉਣ ਦੀਆਂ ਸਾਜਿਸ਼ਾਂ ਕਰਦੇ ਹਨ ਤਾਂ ਕਿ ਸਿੱਖਾਂ ਅਤੇ ਗੈਰ-ਸਿੱਖਾਂ ਵਿੱਚ ਮਹਾਨ ਗੁਰੂ ਸਾਹਿਬਾਨ ਦੇ ਚਰਿੱਤਰ ਬਾਰੇ ਸ਼ੰਕੇ ਖੜੇ ਹੋ ਜਾਣ।
ਇਨ੍ਹਾਂ ਹੀ ਪੁਜਾਰੀਆਂ ਨੇ ਕੁਝ ਵਿਸ਼ੇਸ਼ ਸੰਗਠਨਾਂ ਅਤੇ ਸੰਪਰਦਾਵਾਂ ਵੱਲੋਂ ‘ਦਸਮ ਗ੍ਰੰਥ’ ਨਾਂ ਦੀ ਵਿਵਾਦਿਤ ਪੁਸਤਕ ਨੂੰ ਹੌਲੀ-ਹੌਲੀ ‘ਗੁਰੂ’ ਜਿਹਾ ਰੁਤਬਾ ਦਿੰਦੇ ਜਾਣ, ਗੁਰਦੁਆਰਿਆਂ ਵਿੱਚ ਇਸ ਵਿਵਾਦਿਤ ਗ੍ਰੰਥ ਦੀਆਂ ਗੁਰਮਤਿ-ਵਿਰੋਧੀ ਰਚਨਾਵਾਂ ਦੇ ਕੀਰਤਨ, ਇਨ੍ਹਾਂ ਰਚਨਾਵਾਂ ਰਾਹੀਂ ਗੁਰੂ ਸਾਹਿਬਾਨ ਦੇ ਜੀਵਨ-ਕਾਲ ਬਾਰੇ ਪੈਂਦੇ ਭੁਲੇਖੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ’ਤੇ ਚਿੱਕੜ ਉਛਾਲਣ ਵਾਲੀਆਂ ਕਹਾਣੀਆਂ ਦੇ ਪ੍ਰਚਲਨ ਦੇ ਮਸਲੇ ਨੂੰ ਖ਼ਤਮ ਕਰਨ ਤੋਂ ਹਮੇਸ਼ਾ ਟਾਲਾ ਵੱਟਿਆ ਹੈ - ਹਾਲਾਂਕਿ ਤਖ਼ਤਾਂ ਦੇ ਪੁਜਾਰੀਆਂ ਲਈ ਇਹ ਕੋਈ ਮੁਸ਼ਕਿਲ ਕੰਮ ਨਹੀਂ ਅਤੇ ਸਿੱਖਾਂ ਨੂੰ ਸਿਰਫ਼ ਇਹ ਸੰਦੇਸ਼ ਦੇਣ ਕਿ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਇਲਾਵਾ ਕਿਸੇ ਵੀ ਹੋਰ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰਬਾਣੀ ਵਰਗਾ ਸਤਿਕਾਰ ਨਹੀਂ ਦੇਣਾ ਜਾਂ ਪਾਠ ਨਹੀਂ ਕਰਨਾ, ਨਾਲ ਹੀ ਸਾਰੇ ਵਿਵਾਦ ਹੱਲ ਹੋ ਸਕਦੇ ਹਨ।
ਹੈਰਾਨੀ ਦੀ ਗੱਲ ਹੈ ਕਿ ਮੀਡੀਆ ਵਿੱਚ ਇਨ੍ਹਾਂ ਜਥੇਦਾਰਾਂ ਦੀਆਂ ਕਰਤੂਤਾਂ ਦਾ ਅਕਸਰ ਜ਼ਿਕਰ ਹੋਣ ਅਤੇ ਤੱਤ ਗੁਰਮਤਿ ਦੇ ਪ੍ਰਚਾਰਕਾਂ ਵੱਲੋਂ ਪੁਜਾਰੀਆਂ ਦੀਆਂ ਕਾਰਵਾਈਆਂ ਨੂੰ ਗੁਰਮਤਿ-ਵਿਰੋਧੀ ਸਾਬਿਤ ਕਰਨ ਦੇ ਬਾਵਜੂਦ ਵੀ ਸਿੱਖ ਇਨ੍ਹਾਂ ਅਧਪੜ੍ਹ ਤੇ ਗਵਾਰ ਕਿਸਮ ਦੇ ਕੌਮ-ਵਿਰੋਧੀ ਲੋਕਾਂ ਦੇ ਪਿਛਲੱਗੂ ਬਣੇ ਹੋਏ ਹਨ। ਸਿੱਖ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਦ ਲਗਭਗ 90 ਸਾਲ ਪਹਿਲਾਂ ਹੀ ਅਕਾਲ ਤਖ਼ਤ ਦੇ ਪੁਜਾਰੀਆਂ ਨੇ ਜਲਿਆਂਵਾਲਾ ਬਾਗ ਵਿੱਚ ਸੈਂਕੜੇ ਨਿਰਦੋਸ਼ ਸਿੱਖਾਂ ਨੂੰ ਕਤਲ ਕਰਵਾਉਣ ਵਾਲੇ ਮਾਈਕਲ ਓਡਵਾਇਰ ਨੂੰ ਵੀ ਸਿਰੋਪਾ ਦੇ ਕੇ ਸਨਮਾਨਿਤ ਕਰ ਦਿੱਤਾ ਸੀ, ਤਾਂ ਮੌਜੂਦਾ ਸਮੇਂ ਦੇ ਪੁਜਾਰੀਆਂ ਵੱਲੋਂ ਕੀ ਕੁਝ ਨਹੀਂ ਕੀਤਾ ਜਾ ਸਕਦਾ। ਸਿੱਖਾਂ ਨੂੰ ਇਹ ਵੀ ਪਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਅਕਾਲੀ ਦਲ ਬਾਦਲ ਦੇ ਕਰਿੰਦਿਆਂ ਦਾ ਕਬਜ਼ਾ ਹੈ; ਬਾਦਲ ਦਲ ਆਪਣੀਆਂ ਸਾਰੀਆਂ ਕਾਰਵਾਈਆਂ ਬੀਜੇਪੀ ਦੀ ਸਲਾਹ ਨਾਲ ਕਰਦਾ ਹੈ ਅਤੇ ਬੀਜੇਪੀ ਨੂੰ ਸਾਰੇ ਨਿਰਦੇਸ਼ ਆਰ.ਐਸ.ਐਸ. ਵਰਗੇ ਫਿਰਕੂ ਅਤੇ ਸਿੱਖ-ਵਿਰੋਧੀ ਸੰਗਠਨ ਵੱਲੋਂ ਮਿਲਦੇ ਹਨ। ਫਿਰ ਵੀ ਜਥੇਦਾਰਾਂ ਦੀਆਂ ਮਨਮਤੀਆਂ ਕਾਰਵਾਈਆਂ ਖਿਲਾਫ਼ ਅਵਾਜ਼ ਨਾ ਚੁੱਕਣ ਕਾਰਨ ਕੌਮ ਨੂੰ ਦਿਨ-ਬ-ਦਿਨ ਹੋਰ ਨੁਕਸਾਨ ਹੁੰਦਾ ਜਾ ਰਿਹਾ ਹੈ।
ਅਸਲ ਵਿੱਚ ਪੁਜਾਰੀ ਅਤੇ ਸਿਆਸੀ ਆਗੂ ਸਿੱਖ ਕੌਮ ਨੂੰ ‘ਅਕਾਲ ਤਖ਼ਤ’ ਅਤੇ ‘ਗੁਰੂ ਗੋਬਿੰਦ ਸਿੰਘ’ ਜੀ ਦੇ ਨਾਂ ’ਤੇ ਏਨਾ ਜ਼ਿਆਦਾ ਜਜ਼ਬਾਤੀ ਕਰ ਦਿੰਦੇ ਹਨ ਕਿ ‘ਅਕਾਲ ਤਖ਼ਤ ਦਾ ਅਪਮਾਨ’ ਅਤੇ ‘ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ’ ਜਿਹੇ ਦੋਸ਼ ਵਿੱਚ ਘਿਰੇ ਵਿਅਕਤੀ ਦਾ ਪੱਖ ਸੁਣੇ ਬਿਨਾਂ ਹੀ ਉਸਨੂੰ ਦੋਸ਼ੀ ਮੰਨ ਲਿਆ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ਪ੍ਰੋ: ਦਰਸ਼ਨ ਸਿੰਘ ਵਰਗਾ ਪ੍ਰਚਾਰਕ ਵੀ ਇਸੇ ਸਥਿਤੀ ਵਿੱਚ ਫਸਿਆ ਹੋਇਆ ਹੈ। ਵੇਖਣਾ ਹੁਣ ਇਹ ਹੈ ਕਿ ਪੁਜਾਰੀ ਵਰਗ ਆਪਣੇ ਸਿਆਸੀ ਆਕਾਵਾਂ ਦੇ ਰਸਤੇ ਦੇ ਇਸ ਕੰਡੇ ਨੂੰ ਦੂਰ ਕਰਨ ਲਈ ਅਕਾਲ ਤਖ਼ਤ ਸਾਹਿਬ ਦੇ ਰਸੂਖ ਦੀ ਕਿਸ ਤਰ੍ਹਾਂ ਦੁਰਵਰਤੋਂ ਕਰਦੇ ਹਨ।