Subscription About Us Contact Us


ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੇ ਅਸਲ ਲੋਕ ਕੌਣ? (ਭਾਗ-3)

(ਲੜੀ ਜੋੜਨ ਲਈ ਕ੍ਰਿਪਾ ਕਰਕੇ ਇੰਡੀਆ ਅਵੇਅਰਨੈੱਸ ਦਾ ਨਵੰਬਰ 2009 ਅੰਕ ਪੜ੍ਹੋ ਜੀ)

- ਮਨਜੀਤ ਸਿੰਘ ਖ਼ਾਲਸਾ, ਮੋਹਾਲੀ -
ਫੋਨ : 9779940779

1. ਉਪਰੋਕਤ ਕੁੰਭ ਦੇ ਜਲ ਦੀਆਂ ਕਰਾਮਾਤੀ ਗੱਲਾਂ (ਕੀ ਉਪਰ ਵਰਣਤ ਪੂਜਾਰੀ ਦੀ ਭੋਗ ਲਗਾਉਣ ਦੀ ਮਰਿਆਦਾ ਦੀ ਨਕਲ ਨਹੀਂ?) ਨੇ ਸਿੱਖ ਰਹਿਤ ਮਰਿਆਦਾ ਦੀ ਇਸ ਮੱਦ ਨੂੰ ਮੂਲੋਂ ਹੀ ਰੱਦ ਕਰਦਿਆਂ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਨੂੰ ਸਮਝਣ ਦੀ ਲੋੜ ਹੀ ਖਤਮ ਕਰ ਦਿੱਤੀ ਹੈ।ਕੀ ਡੇਰੇਦਾਰਾਂ ਦੀਆਂ ਐਸੀਆਂ ਗੁਰਮਤਿ ਸਿਧਾਂਤ ਵਿਰੋਧੀ ਗੱਲਾਂ ਤੋਂ ਸੁਚੇਤ ਰਹਿਣ ਲਈ ਇਨ੍ਹਾਂ ਆਗੂਆਂ / ਪ੍ਰਬੰਧਕਾਂ ਨੇ ਕਦੀ ਕੌਮ ਨੂੰ ਆਗਾਹ ਕਰਨ ਦਾ ਕੋਈ ਉਪਰਾਲਾ ਕੀਤਾ ਹੈ? ਜਾਂ ਐਸੇ ਡੇਰੇਦਾਰਾਂ ਦੇ ਖਿਲਾਫ ਕਦੇ ਕੋਈ ਕਾਰਵਾਈ ਕੀਤੀ ਹੈ? ਇਥੇ ਹੀ ਬੱਸ ਨਹੀਂ, ਇਨ੍ਹਾਂ ਡੇਰੇਦਾਰਾਂ ਨੇ ਅਖੰਡ ਪਾਠ ਕਰਨ ਵੇਲੇ ਕੁੰਭ, ਜੋਤ, ਨਲੀਏਰ ਆਦਿ ਰਖਣ ਦੇ ਨਾਲ-ਨਾਲ ਹੋਰ ਬਾਣੀਆਂ ਦੇ ਪਾਠ ਜਿਵੇਂ ਕਿ ਜਪੁ (ਜੀ) ਸਾਹਿਬ ਆਦਿ ਨੂੰ ਵੀ, ਅਖੰਡ ਪਾਠ ਦੇ ਨਾਲ ਹੀ ਜਾਰੀ ਰਖਣ ਕਰਕੇ, ਅਖੰਡ ਪਾਠ ਦਾ ਦੁਗਨਾ ਮਹਤੱਵ ਦਰਸਾ ਕੇ, ਰਹਿਤ ਮਰਿਆਦਾ ਦੀ ਇਸ ਮੱਦ ਦਾ ਖੁੱਲੇਆਮ ਵਿਰੋਧ ਅੱਜ ਤੱਕ ਨਿਰੰਤਰ ਜਾਰੀ ਰਖਿਆ ਹੋਇਆ ਹੈ ਅਤੇ ਨਾਲ ਹੀ ਸਿਖਾਂ ਨੂੰ ਇਹ ਵੀ ਸਮਝਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਾਣੀ ਦੇ ਰਚਣਹਾਰਾਂ ਨੂੰ ਵੀ ਇਸ ਗੱਲ ਦਾ ਇਲੱਮ ਨਹੀਂ ਸੀ ਕਿ ਇੰਜ ਪਾਠ ਕਰਨ ਨਾਲ ਕੀਤੇ ਹੋਏ ਪਾਠ ਦਾ ਫੱਲ ਡੱਬਲ ਹੋ ਜਾਂਦਾ ਹੈ।ਪਤਾ ਨਹੀਂ ਇਨ੍ਹਾਂ ਪ੍ਰਬੰਧਕਾਂ ਨੂੰ ਸਿੱਖ ਰਹਿਤ ਮਰਿਆਦਾ ਦੇ ਵਿਰੁੱਧ ਹੁੰਦੇ ਉਪਰੋਕਤ ਕੰਮਾਂ ਦਾ ਪਤਾ ਨਹੀਂ ਜਾਂ ਜਾਣਬੁਝ ਕੇ ਨਾਸਮਝ ਬਣ ਕੇ ਇਹ ਕੋਈ ਮੁਨਾਸਿਬ ਕਾਰਵਾਈ ਨਹੀਂ ਕਰਨਾ ਚਾਹੁੰਦੇ?

2. ਸਿੱਖ ਰਹਿਤ ਮਰਿਆਦਾ ਦੇ ਗੁਰਦੁਆਰੇ ਸਿਰਲੇਖ ਦੇ ਭਾਗ ‘ਝ’ ਵਿੱਚ ਅੰਕਿਤ ਹੈ ਕਿ ੱਕਿਸੇ ਮਨੁੱਖ ਦਾ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਜਾਂ ਸੰਗਤ ਵਿਚ ਗਦੇਲਾ, ਆਸਣ, ਕੁਰਸੀ, ਚੋਂਕੀ, ਮੰਜਾ ਆਦਿ ਲਾ ਕੇ ਬੈਠਣਾ ਜਾਂ ਕਿਸੇ ਹੋਰ ਵਿਤਕਰੇ ਨਾਲ ਬੈਠਣਾ ਮਨਮੱਤ ਹੈ- ਇਸ ਸਭ ਦੇ ਬਾਵਜੂਦ ਅਕਸਰ ਹੀ ਦੇਖਣ ਵਿੱਚ ਆੳਂੁਦਾ ਹੈ ਕਿ ਤਕਰੀਬਨ ਸਾਰੇ ਹੀ ਡੇਰੇਦਾਰ ਉਪਰੋਕਤ ਮੱਦ ਨੂੰ ਖੁੱਲੇਆਮ ਚੈਲਿੰਜ ਕਰਦੇ ਹੋਏ, ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਸੰਗਤ ਵਿਚ ਵੱਖਰਾ ਗਦੇਲਾ ਵਿਛਾ ਕੇ ਬੈਠਦੇ ਤਾਂ ਹਨ ਹੀ, ਪਰ ਨਾਲ ਹੀ ਇਕ ਵਖਰਾ ਗਦੇਲਾ ਵਿਛਾ ਕੇ ਉਸ ਉਪਰ ਡੇਰੇ ਦੇ ਸੰਥਾਪਕ ਦੀ ਤਸਵੀਰ ਦਾ ਆਸਣ ਲਗਾ ਕੇ ਇਸ ਗੁਰਮਤਿ ਵਿਰੋਧੀ ਕ੍ਰਿਆ ਨੂੰ ਗੁਰਮਤਿ ਅਨੁਸਾਰੀ ਦਰਸਾਉਣ ਵਿੱਚ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਉਪਰੋਂ ਅਫਸੋਸ ਇਸ ਗੱਲ ਦਾ ਹੈ ਕਿ ਸਾਡੇ ਇਹ ਅਗਿਆਨੀ ਪ੍ਰਬੰਧਕ / ਆਗੂ ਐਸੇ ਡੇਰੇਦਾਰਾਂ ਨੂੰ ਸਿਖ ਰਹਿਤ ਮਰਿਆਦਾ ਦੀ ਇਸ ਉਪਰੋਕਤ ਮੱਦ ਅਧੀਨ ਰੋਕਣ ਜਾਂ ਸਮਝਾਉਣ ਦਾ ਕੋਈ ਸਾਰਥਕ ਉਪਰਾਲਾ ਨਾ ਕਰਕੇ ਆਪਣੇ ਨਿਜ਼ੀ ਮੁਫਾਦਾਂ ਨੂੰ ਸਾਹਮਣੇ ਰੱਖ ਕੇ ਉਨ੍ਹਾਂ ਨੂੰ ਹੀ ਬ੍ਰਹਮ ਗਿਆਨੀ ਜਾਂ ਪੁੱਗੇ ਹੋਏ ਸਾਧ ਕਹਿ ਕੇ ਆਪਣੇ ਪ੍ਰਬੰਧ ਅਧੀਨ ਆਉਂਦੇ ਗੁਰਦੁਆਰਿਆਂ ਵਿੱਚ ਬੁੱਲਾ ਕੇ ਉਨ੍ਹਾਂ ਨੂੰ ਸਿਰੋਪੇ ਦੇ ਕੇ ਗੁਰਮਤਿ ਅਨੁਸਾਰੀ ਹੋਣ ਦਾ ਸਰਟੀਫੀਕੇਟ ਦਿੰਦੇ ਹੋਏ ਜਿੱਥੇ ਭੋਲੀ-ਭਾਲੀ ਸਿਖ ਸੰਗਤ ਨੂੰ ਗੁੰਮਰਾਹ ਕਰਦੇ ਹਨ, ਉੱਥੇ ਨਾਲ ਹੀ ਐਸੇ ਡੇਰੇਦਾਰਾਂ ਦੀ ਪ੍ਰਸਿੱਧੀ ਵਿੱਚ ਵੀ ਯੋਗਦਾਨ ਪਾਉਂਦੇ ਹਨ। ਇਸੇ ਲਈ ਵਿਆਨਾ ਵਰਗੇ ਦੁਖਦਾਈ ਕਾਰੇ ਵਾਪਰ ਜਾਂਦੇ ਹਨ (ਉਪਰੋਂ ਸਿਤਮ ਇਸ ਗੱਲ ਦਾ ਕਿ ਸਿੱਖ ਸਰੂਪ ਵਿੱਚ ਵਿਚਰਨ ਵਾਲੇ ਕੁੱਝ ਲਿਖਾਰੀ ਫ਼ਾਰਾਨ- ਨਾਂ ਦੀ ਇਕ ਮਾਸਿਕ ਅਖਬਾਰ ਵਿੱਚ ਲਿਖਦੇ ਹਨ ਕਿ ਡੇਰੇਦਾਰ ਰਾਮਾਨੰਦ ਅਤੇ ਨਿਰੰਜਨ ਦਾਸ ਦੋਨੋਂ ਹੀ ਹੱਦ ਦਰਜੇ ਦੇ ਭੱਲੇ ਮਾਣਸ, ਨੇਕ ਪੁਰਸ਼ ਅਤੇ ਗੁਰੁ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹਨ ਅਤੇ ਹਰ ਵਕਤ ਡੇਰਾ ਬਲਾਂ ਵਿਖੇ ਪਾਠ ਚਲਦਾ ਰਹਿੰਦਾ ਹੈ)

ਇਹ ਦੋਵੇਂ ਗਲਾਂ ਬਹੁਤ ਹੀ ਗੁੰਮਰਾਹਕੁੰਨ ਹਨ। ਐਸੀਆਂ ਗੱਲਾਂ ਕਰਕੇ ਹੀ ਆਮ ਸਿੱਖ ਭੁਲੇਖੇ ਵੱਸ ਅਤੇ ਸਾਡੇ ਪ੍ਰਬੰਧਕਾਂ ਦੀ ਮਿਹਰਬਾਨੀ ਸਦਕਾ ਗੁੰਮਰਾਹ ਹੋ ਕੇ ਐਸੇ ਡੇਰੇਦਾਰਾਂ ਦੇ ਚੁੰਗਲ ਵਿੱਚ ਫੱਸ ਜਾਂਦੇ ਹਨ। ਜ਼ਿਆਦਾਤਰ ਡੇਰੇਦਾਰ ਤਾਂ ਗੁਰੁ ਗ੍ਰੰਥ ਸਾਹਿਬ ਦਾ ਪਾਠ, ਪ੍ਰਕਾਸ਼ ਅਤੇ ਸ਼ਰਧਾ ਦਿਖਾਵੇ ਲਈ ਹੀ ਕਰਦੇ ਹਨ। ਉਨ੍ਹਾਂ ਦਾ ਅਸਲ ਮਕਸੱਦ ਤਾਂ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਵੱਡਾ ਸਾਬਿਤ ਕਰਨਾ ਹੁੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਵਿੱਚ ਹੀ ਆਪਣੇ ਆਪ ਨੂੰ ਮੱਥੇ ਟਿਕਵਾਉਣਾ ਹੁੰਦਾ ਹੈ। ਬਲਕਿ ਦਿ.ਸਿ.ਗੁ.ਪ੍ਰ.ਕਮੇਟੀ ਵਲੋਂ ਵੀਆਨਾ ਵਿਖੇ ਕਰਵਾਈ ਗਈ ਜਾਂਚ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਭੇਟ ਕੀਤੇ ਗਏ ਰੁਮਾਲੇ ਪਹਿਲਾਂ ਡੇਰੇ ਦੇ ਮੁਖੀ ਨਿਰੰਜਨ ਦਾਸ ਦੇ ਪੈਰਾਂ ਨਾਲ ਛੁਹਾਏ ਜਾਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਪਣ ਕੀਤੇ ਜਾਂਦੇ ਸਨ। ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਅਤੇ ਸਤਿਕਾਰਨ ਦਾ ਇਹ ਢੰਗ ਠੀਕ ਹੈ? ਪਰ ਡੇਰੇਦਾਰ ਰਾਮਾਨੰਦ ਦੇ ਵਿਆਨਾ ਵਿੱਚ ਮਰਨ ਤੋਂ ਉਪਰੰਤ ਡੇਰਾ ਬਲਾਂ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪੱਕੇ ਤੌਰ ’ਤੇ ਹਟਾ ਦੇਣ ਵਿੱਚ ਡੇਰੇਦਾਰ ਨੇ ਕਿਹੜੀ ਭਲੇਮਾਨਸੀ ਦਾ ਇਜ਼ਹਾਰ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਲਈ ਉਸਦੀ ਸ਼ਰਧਾ ਕਿਥੇ ਅਲੋਪ ਹੋ ਗਈ? ਸਪਸ਼ਟ ਹੈ ਕਿ ਡੇਰੇਦਾਰ ਗੁਰੂੁ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾ ਮੰਨਦੇ ਹੋਏ ਗੋਲਕ ਰਾਹੀਂ ਆਮਦਨੀ ਵਧਾਉਣ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਇਕੱਠੇ ਕਰਨ ਲਈ ਇਕ ਸਰੋਤ ਤੋਂ ਵੱਧ ਕੁੱਝ ਵੀ ਮਹਤੱਵ ਨਹੀਂ ਦਿੰਦੇ।ਇਸ ਲਈ ਜੇ ਕੋਈ ਡੇਰੇਦਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਸੇ ਨਿਜੀ ਡੇਰੇ ਵਿੱਚ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਸਿੱਖ ਰਹਿਤ ਮਰਿਆਦਾ ਵਿਚ ਨਿਸ਼ਚਿਤ ਕੀਤੀਆਂ ਸੇਧਾਂ ਨੂੰ ਮੰਨਣਾ ਅਤੇ ਲਾਗੂ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ, ਪਰ ਜੇ ਕੋਈ ਡੇਰੇਦਾਰ ਸਿਖ ਰਹਿਤ ਮਰਿਆਦਾ ਨੂੰ ਤਿਲਾਂਜਲੀ ਦੇਕੇ ਮਨ ਮਰਜੀਆਂ ਕਰਦੇ ਡੇਰੇਦਾਰਾਂ ਦੇ ਵਿਰੁੱਧ, ਕੋਮੀ ਪ੍ਰਬੰਧਕਾਂ / ਆਗੂਆਂ ਵਲੋਂ ਕੋਈ ਕਾਰਵਾਈ ਨਾ ਕਰਨਾ, ਕੀ ਸਿੱਖ ਰਹਿਤ ਮਰਿਆਦਾ ਖਿਲਾਫ ਖੁੱਲੀ ਬਗਾਵਤ ਨਹੀਂ? ਇਸ ਸਭ ਦੇ ਬਾਵਜੂਦ ਵੀ ਕੀ ਅਸੀਂ ਇਨ੍ਹਾਂ ਨੂੰ ਪੰਥ ਹਿਤੈਸ਼ੀ ਆਗੂ / ਪ੍ਰਬੰਧਕ ਕਹਿ ਸਕਦੇ ਹਾਂ?

3. ਸਿੱਖ ਰਹਿਤ ਮਰਿਆਦਾ ਦੇ ਇਸੇ ਸਿਰਲੇਖ ਦੇ ਭਾਗ ‘ਢ’ ਵਿੱਚ ਅੰਕਿਤ ਹੈ ਕਿ ੱਗੁਰਦੁਆਰੇ ਵਿਚ ਨਗਾਰਾ ਹੋਵੇ, ਜੋ ਸਮੇਂ ਸਿਰ ਵਜਾਇਆ ਜਾਵੇ- ਅੱਜ ਤੋਂ ਦੋ-ਤਿੰਨ ਦਹਾਕੇ ਪਹਿਲਾਂ ਤੱਕ ਤਕਰੀਬਨ ਸਾਰੇ ਹੀ ਸਿੰਘ ਸਭਾ ਗੁਰਦੁਆਰਿਆਂ ਵਿੱਚ ਅਰਦਾਸ ਵੇਲੇ ਨਗਾਰਾ ਵਜਾਇਆ ਜਾਂਦਾ ਸੀ, ਜੋ ਅੱਜਕਲ ਕਿਸੇ ਵਿਰਲੇ ਗੁਰਦੁਆਰਿਆਂ ਨੂੰ ਛਡ ਕੇ ਲਗਭਗ ਅਲੋਪ ਹੀ ਹੋ ਚੁੱਕਾ ਹੈ, ਇਨ੍ਹਾਂ ਪੰਥਕ ਨਿਸ਼ਾਨੀਆਂ ਦੀ ਅਲੋਪਤਾ ਲਈ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ? ਪੰਥ ਦੇ ਰਖਵਾਲੇ ਕਹਾਉਣ ਵਾਲੇ ਇਸ ਪਾਸੇ ਵੀ ਕੋਈ ਧਿਆਨ ਦੇਣ ਦਾ ਉਪਰਾਲਾ ਕਰਨਗੇ?

4. ਸਿੱਖ ਰਹਿਤ ਮਰਿਆਦਾ ਦੇ ਸਿਰਲੇਖ ਗੁਰਮਤਿ ਦੀ ਰਹਿਣੀ ਦੇ ਭਾਗ ‘ੳ’ ਵਿੱਚ ਅੰਕਿਤ ਹੈ ਕਿ ੱਇਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ ਕਰਨੀ- ਪਰ ਮੇਰੇ ਇਨ੍ਹਾਂ ਪ੍ਰਬੰਧਕਾਂ / ਆਗੂਆਂ ਨੇ ਸਿੱਖ ਰਹਿਤ ਮਰਿਆਦਾ ਵਿੱਚ ਅੰਕਿਤ ਸੇਧਾਂ ਨੂੰ ਨਕਾਰਦਿਆਂ ਹੋਇਆਂ ਆਪਣੇ ਮੁਫਾਦਾਂ ਨੂੰ ਸਾਮ੍ਹਣੇ ਰੱਖ ਇਕ ਅਕਾਲ ਪੁਰਖ ਤੋਂ ਬਿਨਾਂ ਕਈ ਤਰਾਂ ਦੇ ਬ੍ਰਹਮਗਿਆਨੀਆਂ, ਸੰਤ, ਬਾਬਿਆਂ ਆਦਿਕ ਦੀ ਵੀ ਉਪਾਸਨਾ ਵੱਲ ਸਿਖ ਮਾਨਸਿਕਤਾ ਨੂੰ ਉਵੇਂ ਹੀ ਬਦਲਣ ਵਿੱਚ ਮਦਦ ਕੀਤੀ ਹੈ, ਜਿਵੇਂ ਪੁਜਾਰੀਆਂ ਨੇ ਹਿੰਦੂ ਸਮਾਜ ਨੂੰ 33 ਕਰੋੜ ਦੇਵਤਿਆ ਦੀ ਉਪਾਸਨਾ ਲਈ। ਇਸੇ ਲਈ ਸਿੱਖ ਰਹਿਤ ਮਰਿਆਦਾ ਦੀ ਇਸ ਮੱਦ ਦੇ ਵਿਰੁਧ ਬ੍ਰਾਹਮਣ ਵਲੋਂ ਪ੍ਰਚਲਿਤ ਮਰ ਚੁੱਕੇ ਵਡੇਰਿਆਂ ਨਮਿਤ ਨਿਸ਼ਚਿਤ ਕੀਤੇ ‘ਸ਼ਰਾਧ’ ਨਾਮੀ ਦਿਨਾਂ ਵਿੱਚ ਧਾਰਮਿਕ ਪੂਜਾਰੀ ਨੂੰ ਸ਼ਰਧਾ ਨਾਲ ਭੋਜਨ ਖਵਾਉਣ ਦੇ ਨਾਲ-ਨਾਲ, ਮਾਇਆ, ਬਸਤਰ ਇਤਿਆਦਿਕ ਦਾਨ ਕਰਨ ਵਾਲੀ ਮੂਰਖ ਸ਼ਰਧਾ ਅੱਜ ਗ੍ਰੰਥੀ ਸਿੰਘਾਂ ਦੇ ਦਰ ਦੀ ਪੱਕੀ ਰੋਣਕ ਬੱਣ ਚੁੱਕੀ ਹੈ। ਸ਼ਰਧਾਲੂਆਂ ਦੇ ਘਰਾਂ ਵਿੱਚ ਪ੍ਰਸ਼ਾਦੇ ਛਕਣ ਵਾਲੇ ਇਹ ਸਿੱਖ ਸਤਿਗੁਰਾਂ ਵੱਲ ਪਿੱਠ ਕਰਕੇ ਦਾੜ੍ਹੀ ਕੇਸਾਂ ਵਾਲੇ ਬ੍ਰਾਹਮਣਾਂ ਦੀ ਹੀ ਭੂਮਿਕਾ ਨਿਭਾ ਰਹੇ ਹੁੰਦੇ ਹਨ, ਜਿਨ੍ਹਾਂ ਨੇ ਗੁਰਮਤਿ ਰਾਹੀਂ ਪ੍ਰਚਾਰਨਾ ਸੀ ਕਿ ਮਰ ਚੁੱਕੇ ਪ੍ਰਾਣੀ ਦਾ ਇਨ੍ਹਾਂ ਗੱਲਾਂ ਨਾਲ ਕੋਈ ਵਾਹ ਵਾਸਤਾ ਨਹੀਂ, ਸਤਿਗੁਰ ਜੀ ਦੇ ਹੁਕਮਾਂ ਦੇ ਉਲਟ ਕਰਮ ਕਰਨ ਵਾਲੇ ਗੁਰਸਿੱਖ ਉਸ ਵੇਲੇ ਭੋਜਨ ਨਹੀਂ ਖਾ ਰਹੇ ਹੁੰਦੇ ਬਲਕਿ ਗੁਰਬਾਣੀ ਦੇ ਹੇਠ ਲਿਖੇ ਫੁਰਮਾਨ ਦੀ ਅਵੱਗਿਆ ਕਰਨ ਦਾ ਪਾਪ ਰੂਪੀ ਥੁੱਕ ਚੱਟ ਰਹੇ ਹੁੰਦੇ ਹਨ:-

ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ ॥
ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ ॥7॥

ਅਰਥ:- ਹੇ ਸਹੇਲੀਏ (ਜੇ) ਪ੍ਰਭੂ-ਪਤੀ ਕੁੱਝ ਹੋਰ ਆਖਦਾ ਰਹੇ, ਤੇ, (ਜੀਵ ਇਸਤ੍ਰੀ) ਕੁੱਝ ਹੋਰ ਕਰਦੀ ਰਹੇ, ਤਾਂ ਉਸ (ਜੀਵ ਇਸਤ੍ਰੀ ਦਾ) ਸਾਰਾ ਸਿੰਗਾਰ (ਸਾਰਾ ਧਾਰਮਿਕ ਉਦੱਮ) ਵਿਅਰਥ ਚਲਾ ਜਾਂਦਾ ਹੈ, ਬਿਲਕੁਲ ਫੋਕਾ ਬਣ ਜਾਂਦਾ ਹੈ। ਉਸ ਦੇ ਮੁੰਹ ਉੱਤੇ ਤਾਂ ਥੁੱਕਾਂ ਹੀ ਪਈਆਂ, ਉਸ ਪ੍ਰਭੂ ਨੇ ਤਾਂ (ਕਿਸੇ ਹੋਰ) ਸੁਹਾਗਣ ਨੂੰ ਆਪਣੀ ਬਣਾ ਲਿਆ।

ਇਹ ਕਿਨਾਂ ਚਿੰਤਾ ਦਾ ਵਿਸ਼ਾ ਹੈ ਕਿ ਬ੍ਰਾਹਮਣੀ ਅਸਰ ਕਬੂਲਦਿਆਂ ਹੋਇਆਂ ਸਿੱਖ ਵੀ ਸਤਿਗੁਰਾਂ ਦੇ ਬਚਨਾਂ ਤੋਂ ਉਲਟ ਅਗਿਆਨਤਾ ਵੱਸ, ਇਨ੍ਹਾਂ ਦਿਨਾਂ ਵਿੱਚ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਤੋਂ ਪਾਸਾ ਵੱਟਦਿਆਂ ਨਾਨਕ ਪਾਤਸ਼ਾਹ ਜੀ ਦੇ ਨਮਿੱਤ (ਸ਼ਰਾਧ ਵਾਲੇ ਦਿਨ) ਚਾਹ ਦੇ ਲੰਗਰ, ਮਠਿਆਈਆਂ, ਰੋਟੀਆਂ, ਪੂੜੀਆਂ ਕੜ੍ਹਾਹ ਆਦਿਕ ਦੇ ਰੂਪ ਵਿਚ ਪ੍ਰਸ਼ਾਦ ਵੰਡਣ ਵਿੱਚ ਫਖ਼ਰ ਮਹਿਸੂਸ ਕਰਨ ਲੱਗ ਪਏ ਹਨ। ਅਜਿਹੇ ਦਿਨਾਂ ਵਿੱਚ ਤਾਂ ਸਗੋਂ ਆਪਣੇ ਬੱਚਿਆਂ ਦੇ ਆਨੰਦ ਕਾਰਜ ਰਾਹੀਂ ਬ੍ਰਾਹਮਣੀ ਭਰਮ ਦਾ ਬੋਰੀਆ ਬਿਸਤਰਾ ਗੋਲ ਕਰਦਿਆਂ ਖ਼ਾਲਸੇ ਨੂੰ ਲੋਕਾਈ ਦੇ ਮਨਾਂ ’ਤੇ ਡੂੰਘਾ ਪ੍ਰਭਾਵ ਪਾਉਂਦਿਆਂ ਸਾਬਿਤ ਕਰ ਦੇਣਾ ਚਾਹਿਦਾ ਹੈ ਕਿ ਸਿੱਖ ਹਰ ਤਰ੍ਹਾਂ ਦੇ ਭਰਮਾਂ ਤੋਂ ਰਹਿਤ ਹੋਕੇ ਸੱਚੇ ਮਾਰਗ ਦਾ ਪਾਂਧੀ ਬਣ ਕੇ ਅਕਾਲ ਪੁਰਖ ਦੇ ਦਰ (ਕਸਵੱਟੀ) ਤੇ ਅਪੱੜ ਸਕਦਾ ਹੈ। ਪਰ ਅਫਸੋਸ ਨਾਨਕ ਪਾਤਸ਼ਾਹ ਜੀ ਦੇ ਇਸ ਸਿੱਖ ਦੇ ਘਰ ਸਰਾਧਾਂ ਤੋਂ ਬਾਅਦ, ਜਦੋਂ ਨਵਰਾਤਰਿਆਂ ਦੇ ਬਹਾਨੇ ਇਕ ਅਕਾਲ ਪੁਰਖ ਨੂੰ ਭੁੱਲ ਕੇ ਦੇਵੀਆਂ ਦੀ ਖੁਸ਼ੀ ਹਾਸਿਲ ਕਰਨ ਲਈ ਕੰਜਕਾਂ ਸੱਦੀਆਂ ਜਾਂਦੀਆਂ ਹਨ। ਕੀ ਹਨ ਇਹ ਨਵਰਾਤਰੇ ਅਤੇ ਕੀ ਹਨ ਇਹ ਕੰਜਕਾਂ, ਸਮਝਣਾਂ ਜ਼ਿਆਦਾ ਲਾਭਦਾਇਕ ਰਹੇਗਾ।

ਨਵਰਾਤਰੇ (ਭਾਵ ਨੋਂ ਰਾਤਾਂ ਵਾਲੇ) ਦਿਨਾਂ ਵਿੱਚ ਦੁਰਗਾ ਦੇ ਉਪਾਸ਼ਕ ਦੇਵੀ ਦੇ ਨੋਂ ਸਰੂਪਾਂ ਦਾ ਪੂਜਨ ਕਰਦੇ ਹੋਏ, ਜਦ ਸਮਾਪਤੀ ਕਰਦੇ ਹਨ, ਤਦ ਨੋਂ ਦੇਵੀਆਂ ਦੇ ਨਾਮ ਉੱਤੇ ਨੋਂ ਕੁਆਰੀਆਂ ਕੁੜੀਆਂ (ਕੰਨਿਆਂ) ਨੂੰ ਅੰਨ, ਧੰਨ, ਕਪੜੇ ਅਤੇ ਬਰਤਨ ਆਦਿਕ ਅਰਪਦੇ ਹਨ। ਇਨ੍ਹਾਂ ਦਿਨਾਂ ਵਿੱਚ ਮਾਸ-ਅੰਡੇ ਦੇ ਪ੍ਰਹੇਜ਼ ਨਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਹਨ। ਪੁਰਾਣਾਂ ਅਨੁਸਾਰ ਅੱਸੂ ਮਹੀਨੇ ਦੇ ਨਵਰਾਤਿਆਂ ਵਿਚ ਪੂਜੀਆਂ ਜਾਣ ਵਾਲੀਆਂ 9 ਦੇਵੀਆਂ ਦੇ ਨਾਮ ਇਸ ਤਰਾਂ ਹਨ :- ਸ਼ੈਲਪੁਤ੍ਰੀ, ਬ੍ਰਹਮਚਾਰਿਣੀ, ਚੰਦ੍ਰਘੰਟਾ, ਕੁੜਮਾਂਡਾ, ਸ੍ਰਕੰਦਮਾਤਾ, ਕਾਤਯਾਯਨੀ, ਕਾਲਰਾਤ੍ਰਿ, ਮਹਾਗੌਰੀ ਅਤੇ ਸਿੱਧਤਾ। ਚੇਤਿ ਮਹੀਨੇ ਦੇ ਨਵਰਾਤਿਆਂ ਵਿਚ ਪੂਜੀਆਂ ਜਾਣ ਵਾਲੀਆਂ 9 ਦੇਵੀਆਂ ਦੇ ਨਾਮ ਇਸ ਤਰਾਂ ਹਨ:- ਕੁਮਾਰਿਕਾ, ਤ੍ਰਿਮੂਰਤਿ, ਕਲਯਾਨੀ, ਰੋਹਿਣੀ, ਕਾਲੀ, ਚੰਡਿਕਾ, ਸ਼ਾਂਭਵੀ, ਦੁਰਗਾ ਅਤੇ ਸੁਭਦ੍ਰਾ।

ਪਰ ਗੁਰਬਾਣੀ ਦਾ ਫੁਰਮਾਨ ਹੈ:-

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥6॥

ਅਰਥ:-ਹੇ ਭਾਈ ਜੇ ਦੇਵੀ ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਕਰੀਏ, ਤਾਂ ਇਹ ਕੁੱਝ ਭੀ ਨਹੀਂ ਦੇ ਸਕਦੇ, ਮੈਂ ਇਨ੍ਹਾਂ ਪਾਸੋਂ ਕੁੱਝ ਵੀ ਨਹੀਂ ਮੰਗਦਾ। ਪੱਥਰ ਨੂੰ ਪਾਣੀ ਨਾਲ ਧੋਂਦੇ ਰਹੀਏ, ਤਾਂ ਭੀ ਉਹ (ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ) ਪਾਣੀ ਵਿਚ ਡੁੱਬ ਜਾਂਦੇ ਹਨ (ਆਪਣੇ ਪੁਜਾਰੀਆਂ ਨੂੰ ਉਹ ਕਿਵੇਂ ਸੰਸਾਰ-ਸਮੁੰਦਰ ਤੋਂ ਤਾਰ ਸਕਦੇ ਹਨ? ਜਦੋਂ ਆਸ ਪਾਸ ਦੀ ਦੇਖਾ-ਦੇਖੀ ਵਿੱਚ, ਸਿੱਖ ਵੀ ਉਪਰੋਕਤ ਦੇਵੀ ਰੂਪੀ ਕੰਜਕਾਂ ਨੂੰ ਸੱਦਾ ਦੇ ਕੇ ਭੋਜਨ ਆਦਿ ਖਵਾਉਂਦਾ ਹੈ ਤਾਂ ਉਦੋਂ ਸਿਖਾਂ ਕੋਲੋਂ ਸਤਿਗੁਰ ਦੇ ਬਖਸ਼ੇ ਤੇਜ ਪ੍ਰਤਾਪ ਖੁਸਣ ਦੀ ਰਮਜ਼ ਮਿਲਦੀ ਨਜ਼ਰ ਆਉਂਦੀ ਹੈ।

ਗੱਲ ਜਦੋਂ ਦੇਵੀ ਦੇਵਤੇ ਦੀ ਉਪਾਸਨਾ ਦੀ ਚੱਲ ਰਹੀ ਹੈ ਤਾਂ ਇੱਥੇ ਇਹ ਵਿਚਾਰ ਕਰਨੀ ਵੀ ਲਾਹੇਵੰਦੀ ਰਹੇਗੀ ਕਿ ਕਿਸ ਤਰ੍ਹਾਂ ਸਿੱਖਾਂ ਵਿੱਚ ਇਕ ਵੱਡਾ ਤਬਕਾ (ਰਾਮਗੜ੍ਹੀਆ ਬਰਾਦਰੀ) ਅਗਿਆਨਤਾ ਵੱਸ ਹੀ ਵਿਸ਼ਵਕਰਮਾ ਨਾਮੀ ਦੇਵਤੇ ਨੂੰ ਆਪਣਾ ਇਸ਼ਟ ਕਹਿੰਦੇ ਹੋਏ, ਉਸਦਾ ਦਿਨ ਮਨਾਉਦਿਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ ਕਰਨ ਦੇ ਨਾਲ-ਨਾਲ ਸਿੱਖ ਰਹਿਤ ਮਰਿਆਦਾ ਦੀ ਇਸ ਮੱਦ ਦਾ ਵੀ ਖੁੱਲੇ ਆਮ ਉਲੰਘਣ ਕਰ ਰਿਹਾ ਹੁੰਦਾ ਹੈ। ਪਰ ਕੀ ਮਜਾਲ ਹੈ ਕਿ ਮੇਰੇ ਇਨ੍ਹਾਂ ਪ੍ਰਬੰਧਕਾਂ / ਆਗੂਆਂ ਨੇ ਕਦੇ ਇਨ੍ਹਾਂ ਭੁੱਲੇ ਹੋਏ ਵੀਰਾਂ ਨੂੰ ਸਮਝਾ ਕੇ ਗੁਰਮਤਿ ਅਨੁਸਾਰੀ ਸੇਧ ਦੇਣ ਦੀ ਕੋਸ਼ਿਸ਼ ਵੀ ਕੀਤੀ ਹੋਵੇ? ਬਲਕਿ ਇਹ ਤਾਂ ਉਨ੍ਹਾਂ ਵੀਰਾਂ ਦੇ ਸੱਦੇ ਤੇ ਬੜੇ ਫਖ਼ਰ ਨਾਲ ਐਸੇ ਸਮਾਗਮਾਂ ਵਿੱਚ ਸ਼ਿਰਕਤ ਕਰਦੇ ਹਨ।

ਆਉ ਵਿਚਾਰੀਏ ਕਿ ਵਿਸ਼ਵਕਰਮਾ ਨਾਮੀ ਦੇਵਤੇ ਬਾਰੇ ਹਿੰਦੂ ਗ੍ਰੰਥ ਕੀ ਲਿਖਦੇ ਹਨ। ਰਮਾਇਣ ਵਿਚ ਅੰਕਿਤ ਹੈ ਕਿ ਵਿਸ਼ਵਕਰਮਾ ਅੱਠਵੇਂ ਵਸੁ ਪ੍ਰਭਾਸ ਦਾ ਪੁੱਤਰ ਲਾਵਨਯਮਤੀ ਯੋਗ ਸਿੱਧਾ ਤੋਂ ਪੈਦਾ ਹੋਇਆ। ਇਸ ਦੀ ਪੁੱਤਰੀ ਸੰਜਨਾ ਦਾ ਵਿਆਹ ਸੂਰਜ ਨਾਲ ਹੋਇਆ ਪਰ ਜਦੋਂ ਸੰਜਨਾ ਸੂਰਜ ਦਾ ਤੇਜ ਨਾ ਸਹਾਰ ਸਕੀ, ਤਾਂ ਵਿਸ਼ਵਕਰਮਾ ਨੇ ਸੂਰਜ ਨੂੰ ਆਪਣੇ ਖਰਾਦ ਤੇ ਬੰਨ ਕੇ ਇਸਦਾ ਅੱਠਵਾਂ ਭਾਗ ਛਿੱਲ ਦਿੱਤਾ, ਜਿਸ ਕਰਕੇ ਸੂਰਜ ਦੀ ਤਪਸ਼ ਘਟ ਗਈ। ਸੂਰਜ ਦੇ ਇਸ ਛਿੱਲੇ ਹੋਏ ਛਿੱਲੜ ਤੋਂ ਵਿਸ਼ਵਕਰਮਾ ਜੀ ਨੇ ਵਿਸ਼ਨੂੰ ਜੀ ਦਾ ਸੁਦਰਸ਼ਨ ਚੱਕਰ, ਸ਼ਿਵ ਜੀ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਕਈ ਹੋਰ ਦੇਵਤਿਆਂ ਦੇ ਸ਼ਸਤ੍ਰ ਵੀ ਬਣਾਏ।

ਇੱਥੇ ਇੱਕ ਗੱਲ ਵਿਚਾਰਨ ਯੋਗ ਹੈ ਕਿ ਕੀ ਕਦੇ ਕੋਈ ਅੱਗ ਦੇ ਗੋਲੇ ਸੂਰਜ ਨੂੰ ਖਰਾਦ ਤੇ ਬੰਨ ਸਕਦਾ ਹੈ? ਕੀ ਸੂਰਜ ਦੀ ਤਪਸ਼ ਨਾਲ ਖਰਾਦ ਪਿਘੱਲ ਕੇ ਖਤੱਮ ਨਹੀ ਹੋ ਜਾਏਗੀ? ਕੀ ਸੂਰਜ ਨੂੰ ਕਦੇ ਕਿਸੇ ਖਰਾਦ ਨਾਲ ਕੱਟਿਆ (ਛਿਲਿਆ) ਵੀ ਜਾ ਸਕਦਾ ਹੈ? ਇਹ ਸੱਭ ਇਕ ਝੂਠੀ ਕੱਲਪਣਾ ਤੋਂ ਵੱਧ ਕੁੱਝ ਵੀ ਨਹੀਂ ਇਸ ਲਈ ਏਡੀ ਵੱਡੀ ਝੂਠੀ ਕੱਲਪਨਾ ਦੇ ਸਹਾਰੇ ਘੜੇ ਗਏ ਝੂਠ ਦਾ ਦਿਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਮਨਾਉਣਾ, ਕੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਤੋਹੀਨ ਕਰਨ ਦੇ ਬਰਾਬਰ ਨਹੀਂ? ਕੀ ਐਸੀਆਂ ਹੁੰਦੀਆਂ ਮਨਮਤਾਂ ਦੇ ਸੁਧਾਰ ਲਈ ਇਹ ਪ੍ਰਬੰਧਕ / ਆਗੂ ਕੋਈ ਉਪਰਾਲੇ ਕਰਨ ਦਾ ਯੱਤਨ ਕਰਣਗੇ?

5. ਸਿੱਖ ਰਹਿਤ ਮਰਿਆਦਾ ਦੇ ਇਸੇ ਸਿਰਲੇਖ ਦੇ ਭਾਗ ‘ਸ’ ਵਿੱਚ ਅੰਕਿਤ ਹੈ ੱਜਾਤ ਪਾਤ, ਛੂਤ-ਛਾਤ, ਜੰਤ੍ਰ-ਮੰਤ੍ਰ, ਸ਼ਗਨ, ਤਿੱਥ, ਮਹੂਰਤ, ਗ੍ਰਹਿ, ਰਾਸ਼, ਸ਼ਰਾਧ, ਪਿਤੱਰ, ਖਿਆਹ, ਪਿੰਡ ਪੱਤਲ, ਦੀਵਾ, ਕਿਰਿਆ ਕਰਮ, ਹੋਮ, ਜੱਗ, ਤਰਪਣ, ਸਿਖਾ ਸੂਤ, ਭੱਦਣ, ਇਕਾਦਸ਼ੀ, ਪੂਰਨਮਾਸ਼ੀ ਆਦਿ ਦੇ ਵਰਤ, ਤਿਲਕ, ਜੰਝੂ, ਤੁਲਸੀ, ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ ਰੂਪ ਕਰਮਾਂ ਉਤੇ ਨਿਸ਼ਚਾ ਨਹੀਂ ਕਰਨਾ, ਗੁਰੁ ਅਸਥਾਨ ਤੋਂ ਕਿਸੇ ਅਨ ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮਨਣਾਂ- ਰਹਿਤ ਮਰਿਆਦਾ ਦੀ ਇਸ ਮੱਦ ਵਿੱਚ ਜਾਤ-ਪਾਤ ਆਦਿ ਦਾ ਖੰਡਨ ਹੈ ਪਰ ਜਾਤ ਪਾਤ ਦੇ ਇਸ ਵਿਕਰਾਲ ਦੈਂਤ ਤੋਂ ਸਾਡੇ ਇਹ ਪ੍ਰਬੰਧਕ / ਆਗੂ ਕੌਮ ਨੂੰ ਬਚਾ ਨਹੀਂ ਸਕੇ, ਬਲਕਿ ਹਰ ਕੰਮ ਜਾਤ ਬਰਾਦਰੀ ਉੱਤੇ ਪਰਖਦੇ ਹੋਏ ਕੋਮ ਨੂੰ ਇਥੋਂ ਤੱਕ ਨਿਘਰਦੀ ਹਾਲਤ ਤੱਕ ਪੁੱਜਾ ਦਿੱਤਾ ਹੈ ਕਿ ਧਰਮ ਅਸਥਾਨਾਂ ਨੂੰ ਵੀ ਜਾਤ ਬਰਾਦਰੀਆਂ ਦੇ ਨਾਂ ਤੇ ਵੰਡ ਕੇ ਇਹ ਕਹਿਣ ਲੱਗ ਗਏ ਹਨ ਕਿ ਇਹ ਗੁਰਦੁਆਰਾ ਰਾਮਗੜੀਆਂ ਦਾ, ਇਹ ਗੁਰਦੁਆਰਾ ਜੱਟਾਂ ਦਾ, ਇਹ ਗੁਰਦੁਆਰਾ ਰਵੀਦਾਸੀਆਂ ਦਾ ਅਤੇ ਇਹ ਭਾਪਿਆਂ ਦਾ, ਆਦਿਕ। ਕਾਸ਼ ਇਹ ਆਪਣੇ ਬਣਾਏ ਹੋਏ ਪ੍ਰਬੰਧ ਵਿਚ ਗੁਰਬਾਣੀ ਦੇ ਇਨ੍ਹਾਂ ਉਪਦੇਸ਼ਾਂ ਨੂੰ ਪ੍ਰਚਾਰਣ ਦਾ ਯਤਨ ਕਰਦੇ:-

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥
(ਪੰਨਾ 349, ਆਸਾ ਮ: 1)

ਤੂੰ ਸਾਹਿਬੁ, ਹਉ ਸਾਂਗੀ ਤੇਰਾ; ਪ੍ਰਣਵੈ ਨਾਨਕੁ, ਜਾਤਿ ਕੈਸੀ ॥
(ਪੰਨਾ 358, ਆਸਾ, ਮ: 1)

ਆਗੈ, ਜਾਤਿ ਰੂਪੁ ਨ ਜਾਇ ॥
(ਪੰਨਾ 363, ਆਸਾ, ਮ: 3)

ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥
(ਪੰਨਾ 469, ਵਾਰ-ਆਸਾ, ਮ: 1)

ਬਰਨੁ ਜਾਤਿ ਕਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ ॥
(ਪੰਨਾ 498, ਗੂਜਰੀ, ਮ: 5)

ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥
(ਪੰਨਾ 514, ਗੂਜਰੀ ਵਾਰ 1, ਮ: 3)

ਹਮਰੀ ਜਾਤਿ ਪਾਤਿ, ਗੁਰੁ ਸਤਿਗੁਰੁ ਹਮ ਵੇਚਿਓ ਸਿਰੁ, ਗੁਰ ਕੇ ॥
(ਪੰਨਾ 731, ਸੂਹੀ, ਮ: 4)

ਅਗੈ ਜਾਤਿ ਨ ਪੁਛੀਐ ਕਰਣੀ ਸਬਦੁ ਹੈ ਸਾਰੁ ॥
(ਪੰਨਾ 1094, ਮਾਰੂ ਵਾਰ 1, ਮ: 3)

ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ॥
(ਪੰਨਾ 1105, ਮਾਰੂ ਭਗਤ ਕਬੀਰ ਜੀ)

ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥
(ਪੰਨਾ 1127, ਭੈਰਉ ਮ: 3)

ਜਾਤਿ ਕਾ ਗਰਬੁ ਨ ਕਰਿ, ਮੂਰਖ ਗਵਾਰਾ ॥
(ਪੰਨਾ 1127, ਭੈਰਉ, ਮ: 3)

ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ ॥
(ਪੰਨਾ 1198, ਸਾਰੰਗ ਮ: 1)

ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥
(ਪੰਨਾ 1230, ਸਾਰੰਗ ਮ: 5)

ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ ॥
(1346, ਪ੍ਰਭਾਤੀ ਬਿਭਾਸ ਮ: 3)

ਪਰ ਉਪਰੋਕਤ ਗੁਰਬਾਣੀ ਫੁਰਮਾਨਾਂ ਦੇ ਵਿਰੁੱਧ ਜਾਂਦੇ ਹੋਏ ਇਨ੍ਹਾਂ ਪ੍ਰਬੰਧਕਾਂ / ਆਗੂਆਂ ਨੇ ਸਮੁੱਚੀ ਕੌਮ ਨੂੰ ਬ੍ਰਾਹਮਣੀ ਜਾਤ ਪ੍ਰਣਾਲੀ ਦੇ ਰੰਗ ਵਿੱਚ ਰੰਗਣ ਦਾ, ਕੀ ਸਫਲ ਯਤਨ ਨਹੀਂ ਕੀਤਾ? ਭਾਰਤੀ ਸਮਾਜ ਵਿੱਚ ਪਸਰ ਚੁੱਕੀ ਇਸ ਅਮਰ ਵੇਲ ਤੋਂ ਨਿਜਾਤ ਦਿਵਾਉਣ ਲਈ ਹੀ ਪਾਤਸ਼ਾਹ ਜੀ ਨੇ ਸੰਗਤ ਅਤੇ ਪੰਗਤ ਦਾ ਸਿਧਾਂਤ ਦ੍ਰਿਦ੍ਰੜ੍ਹ ਕਰਵਾਇਆ ਸੀ। ਕਿਸੇ ਵੀ ਜੰਤ੍ਰ-ਮੰਤ੍ਰ ਭਾਵ ਟੂਣਾਂ-ਟਾਮਣ (ਤੰਤ੍ਰ-ਸ਼ਾਸਤ੍ਰ ਅਨੁਸਾਰ ਕਿਸੇ ਦੇਵਤਾ ਨੂੰ ਰਿਝਾਉਣ ਅਥਵਾ ਕਾਰਜ ਸਿੱਧੀ ਲਈ ਜਪਣ ਯੋਗ ਸ਼ਬਦ) ਆਦਿ ਵਿੱਚ ਵਿਸ਼ਵਾਸ ਰਖੱਣ ਲਈ ਸਿੱਖ ਰਹਿਤ ਮਰਿਆਦਾ ਵਿੱਚ ਮਨਾਹੀ ਹੈ ਪਰ ਇਨ੍ਹਾਂ ਜੰਤ੍ਰਾਂ-ਮੰਤ੍ਰਾਂ ਵਿੱਚ ਵਿਸ਼ਵਾਸ ਪੱਕਾ ਕਰਨ ਦੀ ਮਨਸ਼ਾ ਨਾਲ ਹੀ ਇਨ੍ਹਾਂ ਕੌਮ ਦੇ ਪ੍ਰਬੰਧਕਾਂ / ਆਗੂਆਂ ਨੇ ਪ੍ਰਚਾਰ ਦਾ ਤੰਤ੍ਰ ਡੇਰੇਦਾਰਾਂ ਦੇ ਮੋਢਿਆਂ ਤੇ ਰੱਖ ਕੇ ਸਿਖ ਮਾਨਸਿਕਤਾ ਨੂੰ ਗੁਰ ਸਿਧਾਂਤ ਨਾਲੋਂ ਟੁੱਟਦਿਆਂ ਮੂਕ ਦਰਸ਼ਕ ਬਣਨ ਵਿੱਚ ਹੀ ਆਪਣੀ ਭਲਾਈ ਮਹਿਸੂਸ ਕੀਤੀ। ਜਿਸ ਟੂਣਿਆਂ ਦੀ ਅਸਲਿਅਤ ਖੋਲ੍ਹਦਿਆਂ ਨਾਨਕ ਪਾਤਸ਼ਾਹ ਜੀ ਨੇ ਇੰਝ ਬਿਆਨ ਕੀਤਾ ਸੀ:-

ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥4॥
(ਪੰਨਾ 418, ਆਸਾ ਮ: 1)

ਭਾਵ:- ਕੋਈ ਮੁਗਲ ਅੰਨ੍ਹਾਂ ਨਾ ਹੋਇਆ ਅਤੇ ਕਿਸੇ ਨੇ ਭੀ ਕੋਈ ਕਰਾਮਾਤ ਨਾਂ ਵਿਖਾਈ।ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹਮਲਾ ਕਰਨ ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ-ਟੂਣੇ ਕਰਨ ਲਈ) ਰੋਕ ਰੱਖਿਆ। (ਪਰ ਪੀਰਾਂ ਦੀਆਂ ਤਸਬੀਆਂ ਫਿਰਨ ਨਾਲ) ਕੋਈ ਇਕ ਭੀ ਮੁਗਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ। ਇਨ੍ਹਾਂ ਜਾਦੂ ਟੂਣਿਆਂ ਅਤੇ ਮਾਲਾ ਫੇਰਨ ਨਾਲ ਕੁੱਝ ਨਾ ਸਵਰਿਆ ਅਤੇ ਮੁਗਲਾਂ ਨੇ ਇਸ ਸਮਾਜ ਨੂੰ ਆਣ ਦਬੋਚਿਆ। ਪਰ ਅੱਜ ਦੇ ਡੇਰੇਦਾਰ ਗੁਰਬਾਣੀ ਸਿਧਾਂਤਾਂ ਨੂੰ ਭੁਲਾ ਲੋਕਾਂ ਵਲੋਂ, ‘ਕਰਨ ਕਰਾਉਣ’ ਦਾ ਭਰਮ ਪੱਕਾ ਕਰਨ ਦੇ ਆਹਰ ਵਿੱਚ ਰੁੱਝੇ ਹੋਏ ਮਨੁੱਖ ਨੂੰ ਵੀ ਪ੍ਰਬੰਧਕ / ਆਗੂ ਬ੍ਰਹਮ ਗਿਆਨੀ ਆਦਿ ਲਕਬਾਂ ਨਾਲ ਨਿਵਾਜਣ ਤੋਂ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਨੂੰ ਕਦੇ ਗੁਰਬਾਣੀ ਸਿਧਾਂਤਾਂ ਦੀ ਸਮਝ ਆਏਗੀ?

ਇਕ ਅਕਾਲ ਪੁਰਖ ਦੀ ਨਿਯਮ ਬੱਧ ਕਾਰ ਨੂੰ ਨਾ ਸਮਝਦੇ ਹੋਏ ਮਨੁੱਖ ਸ਼ਗਨ, ਅੱਪ-ਸ਼ਗਨ ਦੇ ਭਰਮ ਵਿੱਚ ਪੈ ਕੇ ਪੁੱਛਾਂ ਦੇਣ ਵਾਲਿਆਂ ਦੇ ਪਿੱਛੇ ਭਟਕਦਾ ਇਸ ਕਦਰ ਫਸ ਗਿਆ ਹੈ ਕਿ ਇਸ ਦੇ ਤਕਰੀਬਨ ਸਾਰੇ ਹੀ ਦਿਹਾੜਿਆਂ ਜਿਵੇਂ ਵਿਆਹ ਸ਼ਾਦੀ, ਕੁੜਮਾਈ, ਠਾਕਾ ਆਦਿ ਦੇ ਸਮੇਂ ਚੰਗੇ-ਬੁਰੇ, ਸ਼ਗਨ-ਅਪਸ਼ਗਨ ਦੀ ਵਿਚਾਰ ਇਸਦੀ ਜ਼ਿੰਦਗੀ ਵਿੱਚ ਅਹਿਮ ਹੋ ਨਿਬੜੀ ਹੈ। ਕਿਸੇ ਚੰਗੇ ਕੰਮ ਤੁਰਨ ਸਮੇਂ ਕਿਸੇ ਕੰਨਿਆ ਵਲੋਂ ਪਾਣੀ ਦਾ ਘੜਾ ਚੁੱਕੀ ਅੱਗੋਂ ਮਿਲ ਪੈਣਾ ਸ਼ੁਭ ਸ਼ਗੁਨ ਮੰਨਿਆ ਗਿਆ, ਪਰ ਤੁਰਨ ਸਮੇਂ ਜੇ ਕੋਈ ਛਿੱਕ ਮਾਰ ਦੇਵੇ, ਪਿਛੋਂ ਆਵਾਜ਼ ਮਾਰ ਦੇਵੇ ਜਾਂ ਬਿੱਲੀ ਰਾਹ ਕੱਟ ਜਾਵੇ ਤਾਂ ਕਈ ਤਰਾਂ ਦੇ ਵਿਹਮ-ਭਰਮ ਮਨੁੱਖ ਦਾ ਰਾਹ ਮੱਲ ਖਲੋਦੇ ਹਨ। ਇੱਥੇ ਹੀ ਬੱਸ ਨਹੀਂ, ਜਾਨਵਰਾਂ ਦੀਆਂ ਬੋਲੀਆਂ ਤੋਂ ਕਈ ਤਰ੍ਹਾਂ ਦੇ ਭਰਮ ਇਸ ਸਮਾਜ ਵਿੱਚ ਪ੍ਰਚਲਿਤ ਨਜ਼ਰ ਆਉਂਦੇ ਹਨ ਜਿਵੇਂ ਕਿ ਮੋਰ, ਗਟਾਰ ਅਤੇ ਕਾਂ ਆਦਿ ਦਾ ਬੋਲਣਾ ਚੰਗਾ ਸ਼ਗਨ ਅਤੇ ਉੱਲੂ, ਚਮਗਿੱਦੜ ਦਾ ਬੋਲਣਾ ਅਤੇ ਕੁੱਤੇ ਦਾ ਰੋਣਾ ਬੱਦਸ਼ਗੁਨ ਮੰਨਿਆ ਗਿਆ। ਕਥਿਤ ‘ਸ਼ੁਭ ਸ਼ਗੁਨਾਂ’ ਵਾਲੇ ਮਹੂਰਤ ਕੇਵਲ ਪੂਜਾਰੀ ਹੀ ਦੱਸ ਸਕਦਾ ਸੀ ਅਤੇ ਇਸ ਦੇ ਨਾਲ ਹੀ ਕਿਸੇ ਅਖੌਤੀ ‘ਬਦਸ਼ਗੁਨੀ’ ਦਾ ਇਲਾਜ ਵੀ ਪੂਜਾਰੀ ਦੇ ਕੋਲ ਮੌਜੂਦ ਸੀ ਜਿਸਦੀ ਉਸਨੂੰ ਮੂੰਹ ਮੰਗੀ ਦਕਸ਼ਣਾ ਮਿਲਦੀ।

ਸਿੱਖ ਸਮਾਜ ਨੇ ਉਪਰੋਕਤ ਬੇ-ਅਰਥ ਦੇ ਭਰਮਾਂ ਦੀ ਭਰਪੂਰ ਖੰਡਣਾ ਕਰਦਿਆਂ ਸਮਾਜ ਵਿਚ ਕਹੇ ਜਾਂਦੇ ਸ਼ੂਦਰਾਂ ਦੇ ਮਨੋਂ ਹੀਨ ਭਾਵਨਾ ਖ਼ਤਮ ਕਰਨ ਲਈ ਕੁੱਝ ਖਾਸ ਬੋਲੇ ਪ੍ਰਚਲਿਤ ਕਰ ਲਏ। ਜਿਵੇਂ ਕਿ ਕਿਸੇ ਕੰਮ ਚੱਲਣ ਲਗਿਆਂ ਜੇ ਕਿੱਤੇ ਅਗੋਂ ਬ੍ਰਾਹਮਣ ਮਿਲ ਪਏ, ਤਾਂ ਇਸ ਨੂੰ ਅਪ-ਸ਼ਗੁਨ ਕਿਹਾ ਜਾਂਦਾ ਅਤੇ ਇਸ ਅਪ-ਸ਼ਗੁਨੀ ਦਾ ਤੋੜ ਜੁੱਤੀ ਝਾੜਨੀ ਪ੍ਰਚਲਿਤ ਕਰ ਦਿੱਤਾ। ਜੇ ਕੋਈ ਅਖੌਤੀ ਨੀਵੀਂ ਜਾਤ ਵਾਲਾ ਸ਼ੂਦਰ ਅੱਗੋਂ ਮਿਲ ਪਏ ਤਾਂ ਵਿਗੜੇ ਕਾਰਜ ਰਾਸ ਆਉਣ ਦੀ ਗੱਲ ਮਸ਼ਹੂਰ ਕਰ ਦਿੱਤੀ।

ਬ੍ਰਾਹਮਣੀ ਸਮਾਜ ਵੱਲੋਂ ਪ੍ਰਚਲਿਤ ਕੀਤੇ ਗਏ ਵਹਿਮਾਂਭਰਮਾਂ ਦੀ ਬਾਬਤ ਗੁਰਬਾਣੀ ਫੁਰਮਾਨ ਇਸ ਪ੍ਰਕਾਰ ਹੈ :-

ਜਬ ਆਪਨ ਆਪੁ ਆਪਿ ਉਰਿ ਧਾਰੈ
ਤਉ ਸਗਨ ਅਪਸਗਨ ਕਹਾ ਬੀਚਾਰੈ ॥
(ਪੰਨਾ 291)

ਅਰਥ: ਜਦੋਂ ਪ੍ਰਭੂ ਤੋਂ ਬਿਨਾਂ ਅਜੇ ਕੁਝ ਬਣਿਆ ਹੀ ਨਹੀਂ ਸੀ, ਪ੍ਰਭੂ ਆਪਣੇ ਰੰਗ ਵਿਚ ਆਪ ਹੀ ਮਸਤ ਸੀ ਤਦੋਂ ਚੰਗੇ ਮੰਦੇ ਸ਼ਗੁਨਾਂ ਦੀ ਵਿਚਾਰ ਕਰਨ ਵਾਲਾ ਕੌਣ ਸੀ? (ਭਾਵ, ਸ਼ਗੁਨ ਅਪਸ਼ਗੁਨ ਮਨੁੱਖ ਦਾ ਆਪਣਾ ਖਿਲਾਰਿਆ ਹੀ ਮਾਇਆ ਜਾਲ ਹੈ)

ਭਾਈ ਗੁਰਦਾਸ ਜੀ ਇਸ ਬਾਬਤ ਬਹੁੱਤ ਖੂਬਸੂਰਤ ਸਮਝਾ ਰਹੇ ਹਨ:-

ਸਉਣ ਸਗੁਨ ਵੀਚਾਰਣੇ ਨਉ ਗ੍ਰਿਹ ਬਾਰਹ ਰਾਸਿ ਵੀਚਾਰਾ।
ਕਾਮਣ ਟੂਣੇ ਅਉਸੀਆ ਕਣਸੋਈ ਪਾਸਾਰ ਪਸਾਰਾ।
ਗਦਹੁ ਕੁਤੇ ਬਿਲੀਆ ਇਲ ਮਲਾਲੀ ਗਿਦੜ ਛਾਰਾ।
ਨਾਰਿ ਪੁਰਖੁ ਪਾਣੀ ਅਗਨਿ
ਛਿਕ ਪਦ ਹਿਡਕੀ ਵਰਤਾਰਾ।
ਥਿਤਿ ਵਾਰ ਭਦ੍ਰਾ ਭਰਮ ਦਿਸਾ ਸੂਲ ਸਹਸਾ ਸੈਸਾਰਾ।
ਵਲਛਲ ਕਰਿ ਵਿਸਵਾਸ ਲਖ
ਬਹੁ ਚੁਖੀ ਕਿਉ ਰਵੈ ਭਤਾਰਾ।
ਗੁਰਮੁਖਿ ਸੁਖ ਫਲੁ ਪਾਰ ਉਤਾਰਾ ॥8॥

ਅਰਥ:- ਜਿਹੜੇ ਲੋਕ ਗੁਰੁ ਦਾ ਭਰੋਸਾ ਛੱਡ ਕੇ ਸ਼ਗੁਨਾਂ ਤੇ ਜੋਤਿਸ਼ ਦੇ ਭਰਮਾਂ ਵਿਚ ਫਸੇ ਹੋਏ ਹਨ, ਉਹ ਉਸ ਬਹੁਝੱਖੀ (ਕਈ ਥਾਂਈਂ ਝੱਖਾਂ ਮਾਰਨ ਵਾਲੀ ਵੇਸਵਾ) ਦੇ ਤੁੱਲ ਹਨ, ਉਹ ਆਪਣੇ ਸੱਚੇ ਮਾਲਕ ਦੇ ਮਿਲਾਪ ਦਾ ਆਨੰਦ ਕਦੇ ਨਹੀਂ ਮਾਣ ਸਕਦੇ। (ਚਲਦਾ)