Subscription About Us Contact Us


ਅਕਾਲ ਤਖ਼ਤ ਸਾਹਿਬ ਦੇ ਪੁਜਾਰੀ ਲੈ ਰਹੇ ਹਨ ਝੂਠ ਦਾ ਸਹਾਰਾ

- ਕ੍ਰਿਪਾਲ ਸਿੰਘ, ਬਠਿੰਡਾ -

ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਆਪਣੀ ਇੱਕ ਵਾਰ ਵਿੱਚ ਬੜੇ ਸੁੰਦਰ ਬਚਨ ਦਰਜ ਕੀਤੇ ਹਨ :

ਬਾਹਰ ਕੀ ਅਗਨਿ ਬੂਝਤ ਜਲ ਸਰਤਾ ਕੈ, ਨਾਉ ਮੈ ਜਉ ਅਗਨਿ ਲਾਗੈ ਕੈਸੇ ਕੈ ਬੁਝਾਈਐ॥
ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ, ਗੜ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ॥
ਚੋਰਨ ਕੈ ਤ੍ਰਾਸ ਜਾਇ ਸਰਨਿ ਗਹੈ ਨਰਿੰਦ,  ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ॥
ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ, ਤਹਾ ਜਉ ਮਾਇਆ ਬਿਆਪੈ ਕਹਾ ਠਹਰਾਈਐ॥

ਭਾਵ : ਜੇ ਬਾਹਰ ਅੱਗ ਲਗ ਜਾਵੇ ਤਾਂ ਨਦੀ ’ਚੋਂ ਪਾਣੀ ਲੈ ਕੇ ਬੁਝਾਈ ਜਾ ਸਕਦੀ ਹੈ ਪਰ ਜੇ ਨਦੀ ਵਿੱਚ ਤਰ ਰਹੀ ਕਿਸ਼ਤੀ ਨੂੰ ਅੱਗ ਲੱਗ ਜਾਵੇ ਤਾਂ ਉਸ ਨੂੰ ਕਾਹਦੇ ਨਾਲ ਬੁਝਾਈਐ? ਜੇ ਕੋਈ ਡਰਦਾ ਮਾਰਿਆ ਬਾਹਰੋਂ ਭੱਜ ਕੇ ਕਿਲੇ ਦੇ ਵਿੱਚ ਸ਼ਰਨ ਲੈਣ ਆਏ ਨੁੂੰ ਕਿਲੇ ਵਿੱਚ ਹੀ ਲੁੱਟ ਲਿਆ ਜਾਵੇ ਤਾਂ ਉਹ ਕਿੱਥੇ ਜਾਵੇ? ਜੇ ਚੋਰਾਂ ਦੇ ਡਰ ਸਦਕਾ ਕੋਈ ਰਾਜੇ ਦੀ ਸ਼ਰਨ ਆਵੇ ਅਤੇ ਰਾਜਾ ਹੀ ਉਸ ਨੂੰ ਮਾਰ ਦੇਵੇ ਤਾਂ ਦੱਸੋ ਬਚਾਅ ਕਿੱਥੇ ਹੋ ਸਕਦਾ ਹੈ? ਮਾਇਆ ਦੇ ਡਰ ਤੋਂ ਬਚਣ ਲਈ ਜੇ ਕੋਈ ਗੁਰਦੁਆਰੇ ਜਾਵੇ ਤੇ ਉਥੇ ਵੀ ਮਾਇਆ ਬਿਆਪੈ ਤਾਂ ਕਿੱਥੇ ਜਾਈਏ?

ਭਾਈ ਗੁਰਦਾਸ ਜੀ ਦੇ ਇਹ ਬਚਨ ਅੱਜ ਕੱਲ੍ਹ ਸਾਡੇ ਬਣੇ ਧਾਰਮਿਕ ਆਗੂ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ’ਤੇ ਪੂਰੀ ਤਰ੍ਹਾਂ ਢੁਕਦੇ ਹਨ। ਰਾਜਨੀਤੀਕ ਤਖ਼ਤ ਾਂ ਤੋਂ ਇਨਸਾਫ਼ ਨਾ ਮਿਲਦਾ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਕੀਤੀ ਅਤੇ ਉਥੇ ਬੈਠ ਕੇ ਉਹ ਸੱਚਾ ਇਨਸਾਫ਼ ਕਰਦੇ ਰਹੇ ਸਨ, ਇਸੇ ਕਾਰਨ ਉਨ੍ਹਾਂ ਨੂੰ ਸੱਚਾ ਪਾਤਸ਼ਾਹ ਕਿਹਾ ਜਾਂਦਾ ਸੀ, ਜਿਸ ਤੋਂ ਕਈ ਵਾਰ ਸਮੇਂ ਦਾ ਜਹਾਂਗੀਰ ਬਾਦਸ਼ਾਹ ਵੀ ਚਿੜ ਖਾਂਦਾ ਸੀ ਕਿ ਮੈਂ ਰਾਜ ਭਾਗ ਅਤੇ ਤਖ਼ਤ ਦਾ ਮਾਲਕ ਹਾਂ, ਸਿੱਖ ਮੇਰੇ ਮੁਕਾਬਲੇ ’ਤੇ ਇੱਕ ਦਰਵੇਸ਼ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ? ਗੁਰੂ ਕਾਲ ਤੋਂ ਪਿੱਛੋਂ ਵੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਸਿੱਖ ਧਰਮ ’ਚ ਬੜੀ ਸਾਰਥਕ ਤੇ ਉਸਾਰੂ ਰਹੀ, ਜਿਸ ਕਾਰਨ ਅਕਾਲ ਤਖ਼ਤ ਸਾਹਿਬ ਦਾ ਮਾਨ ਸਨਮਾਨ ਸਿੱਖਾਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਰੱਖਦਾ ਹੈ ਅਤੇ ਇੱਥੋਂ ਜਾਰੀ ਹੋਏ ਹੁਕਮਾਂ ਅੱਗੇ ਹਰ ਸਿੱਖ ਦਾ ਸਿਰ ਝੁੱਕਦਾ ਹੈ। ਸਿੱਖਾਂ ਦੀ ਇਸ ਮਾਨਸਿਕ ਅਵਸਥਾ ਦਾ ਲਾਭ ਉਠਾਉਂਦੇ ਹੋਏ ਪਹਿਲਾਂ ਅੰਗਰੇਜ਼ਾਂ ਨੇ ਅਕਾਲ ਤਖ਼ਤ ਦੇ ਪੁਜਾਰੀਆਂ ਨੂੰ ਆਪਣੇ ਹੱਥ ਵਿੱਚ ਕਰਕੇ ਸਿੱਖਾਂ ਨੂੰ ਕਾਬੂ ਹੇਠ ਰੱਖਣ ਲਈ ਵਰਤਿਆ ਅਤੇ ਸ਼੍ਰੋਮਣੀ ਕਮੇਟੀ ਬਣਨ ਉਪ੍ਰੰਤ ਅਕਾਲੀਆਂ ਨੇ ਵੀ ਇਹੀ ਨੀਤੀ ਅਪਣਾਈ। ਅਕਾਲੀਆਂ ਨੇ ਪੁਜਾਰੀਆਂ ਦਾ ਨਾਮ ਬਦਲ ਕੇ ਜਥੇਦਾਰ, ਸਿੰਘ ਸਾਹਿਬਾਨ ਦੇ ਲਕਬਾਂ ਨਾਲ ਸੰਬੋਧਨ ਕੀਤਾ, ਉਨ੍ਹਾਂ ਨੂੰ ਸਰਵ-ਉ¤ਚ ਕਹਿ ਕੇ ਇਨ੍ਹਾਂ ਦੇ ਹੁਕਮਾਂ ਨੂੰ ਇਲਾਹੀ ਹੁਕਮ ਦੱਸ ਕੇ ਹਰ ਸਿੱਖ ਲਈ ਮੰਨਣਾ ਲਾਜਮੀ ਹੋਣ ਦਾ ਪ੍ਰਚਾਰ ਬੜੇ ਧੜੱਲੇ ਨਾਲ ਕੀਤਾ ਅਤੇ ਹੁਣ ਵੀ ਕਰ ਰਹੇ ਹਨ। ਪਰ ਹੁਣ ਇਹ ਗੱਲ ਕਿਸੇ ਤੋਂ ਲੁਕੀ ਛੁਪੀ ਨਹੀਂ ਕਿ ਸ਼੍ਰੋਮਣੀ ਕਮੇਟੀ, ਜਥੇਦਾਰਾਂ ਪਾਸੋਂ ਕਿਸ ਤਰ੍ਹਾਂ ਹੁਕਮਨਾਮੇ ਅਤੇ ਆਦੇਸ਼ ਜਾਰੀ ਕਰਵਾ ਕੇ ਵਿਰੋਧੀਆਂ ਨੂੰ ਖੂੰਜੇ ਲਾਉਂਦੀ ਆ ਰਹੀ ਹੈ।

ਇਸ ਵੇਲੇ ਪੰਜਾਬ ’ਚ ਜੋ ਸਥਿੱਤੀ ਬਣੀ ਹੋਈ ਹੈ, ਉਸ ਤੋਂ ਸ: ਪ੍ਰਕਾਸ਼ ਸਿੰਘ ਬਾਦਲ ਭਲੀਭਾਂਤ ਜਾਣੂ ਹਨ ਕਿ ਗੁਰਮਤਿ ਦੇ ਧਾਰਨੀ ਜਿਤਨੇ ਵੀ ਸਿੱਖ ਹਨ, ਉਹ ਉਸ ਨਾਲੋਂ ਟੁੱਟ ਚੁੱਕੇ ਹਨ। ਜੇਕਰ ਉਹ ਇਸ ਹਾਲਤ ਵਿੱਚ ਵੀ ਚੋਣਾਂ ਜਿੱਤ ਜਾਂਦੇ ਹਨ ਤਾਂ ਇਸ ਲਈ ਕਿ ਪੰਜਾਬ ’ਚ ਉਸ ਦਾ ਹੋਰ ਕੋਈ ਬਦਲ ਨਹੀਂ ਬਣ ਸਕਿਆ। ਪਰ ਹੁਣ ਆਉਂਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਨੂੰ ਮੁੱਖ ਰੱਖ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੇ ਵੀ ਪੰਜਾਬ ’ਚ ਸਰਗਰਮੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਲਈ ਸ: ਬਾਦਲ ਸਮਝ ਰਹੇ ਹਨ ਕਿ ਜੇਕਰ ਸ: ਸਰਨਾ ਨਾਲ ਪੰਜਾਬ ਦੇ ਸਿੱਖ ਜੁੜ ਗਏ ਤਾਂ ਇਹ ਉਨ੍ਹਾਂ (ਸ: ਬਾਦਲ) ਦੀ ਅਜਾਰੇਦਾਰੀ ਲਈ ਖ਼ਤਰੇ ਦੀ ਘੰਟੀ ਹੋਵੇਗੀ। ਇਸ ਖ਼ਤਰੇ ਦਾ ਮੁਕਾਬਲਾ ਕਰਨ ਲਈ ਜਰੂਰੀ ਹੈ ਕਿ ਪੰਜਾਬ ਦੇ ਡੇਰੇਦਾਰਾਂ ਨੂੰ ਆਪਣੇ ਨਾਲ ਰਲਾਇਆ ਜਾਵੇ। ਡੇਰੇਦਾਰਾਂ ਦੀ ਇੱਕੋ ਇੱਕ ਮੰਗ ਹੈ ਕਿ ਅਖੌਤੀ ਦਸਮ ਗੰ੍ਰਥ ਨੁੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨ ਕੇ ਇਸ ਨੁੂੰ ਗੁਰੂ ਗੰ੍ਰਥ ਸਾਹਿਬ ਜੀ ਦੇ ਬਰਾਬਰ ਦੂਸਰੇ ਗੁਰੂ ਵਜੋਂ ਮਾਣਤਾ ਮਿਲੇ ਅਤੇ ਸਿੱਖਾਂ ਦੀ ਵੱਖਰੀ ਤੇ ਨਿਆਰੀ ਹੋਂਦ ਪ੍ਰਗਟ ਕਰਨ ਵਾਲਾ ਨਾਨਕਸ਼ਾਹੀ ਕੈਲੰਡਰ ਰੱਦ ਕਰਕੇ ਬਿਕ੍ਹੈਮੀ ਕੈਲੰਡਰ ਹੀ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਲਾਗੂ ਕਰ ਦਿੱਤਾ ਜਾਵੇ। ਇਹ ਦੋਵੇਂ ਫੈਸਲੇ ਬੇਸ਼ੱਕ ‘‘ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥’’ ਅਤੇ ਸਿੱਖਾਂ ਦੀ ਨਿਆਰੀ ਹੋਂਦ ਦੀ ਘੋਰ ਉਲੰਘਣਾ ਕਰਦੇ ਹਨ ਪਰ ਜਿਸ ਸ਼ਖ਼ਸ ਦਾ ਮਕਸਦ ਹੀ ਚੋਣਾਂ ਜਿੱਤ ਕੇ ਸ਼੍ਰੋਮਣੀ ਕਮੇਟੀ ਅਤੇ ਫਿਰ ਸ਼੍ਰੋਮਣੀ ਕਮੇਟੀ ਰਾਹੀਂ ਪੰਜਾਬ ਦੀ ਰਾਜਨੀਤੀ ’ਤੇ ਕਬਜ਼ਾ ਜਮਾਈ ਰੱਖਣਾ ਹੋਵੇ, ਉਸ ਲਈ ਗੁਰ ਸਿਧਾਂਤ ਤੇ ਨਿਆਰੀ ਹੋਂਦ ਪੈਣ ਢੱਠੇ ਖੂਹ ’ਚ। ਉਸ ਨੂੰ ਤਾਂ ਸਿਰਫ਼ ਵੋਟਾਂ ਤੱਕ ਮਤਲਬ ਹੈ।

ਪਰ ਦੂਸਰੇ ਪਾਸੇ ਇਨ੍ਹਾਂ ਦੋਵੇਂ ਫੈਸਲੇ ਬਦਲਣ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਭਾਰੀ ਅੜਿੱਕਾ ਹਨ, ਇਸ ਲਈ ਡੇਰੇਦਾਰਾਂ ਦੀ ਮੰਗ ਪੂਰੀ ਕਰਨ ਲਈ ਅਕਾਲ ਤਖ਼ਤ ਸਾਹਿਬ ਰਾਹੀਂ ਉਨ੍ਹਾਂ ਨੂੰ ਚੁੱਪ ਕਰਵਾਉਣਾ ਲਾਜਮੀ ਹੈ। ਇਨ੍ਹਾਂ ਦੋਵੇਂ ਪ੍ਰਮੁੱਖ ਸਖਸੀਅਤਾਂ ’ਚੋਂ ਪ੍ਰੋ: ਦਰਸ਼ਨ ਸਿੰਘ ਨੂੰ ਚੁੱਪ ਕਰਵਾਉਣ ਲਈ ਜਿਸ ਤਰ੍ਹਾਂ ਝੂਠ ਦਾ ਸਹਾਰਾ ਲਿਆ ਗਿਆ ਹੈ, ਉਹ ਇੱਕ ਧਾਰਮਿਕ ਵਿਅਕਤੀ ਤਾਂ ਕੀ ਆਮ ਵਿਅਕਤੀ ਵੀ ਸੁਣ ਕੇ ਚਕਰਾ ਜਾਂਦਾ ਹੈ। ਪ੍ਰੋ: ਦਰਸ਼ਨ ਸਿੰਘ ’ਤੇ ਦੋਸ਼ ਲਾਇਆ ਗਿਆ ਕਿ ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਲਈ ਅਪਸ਼ਬਦ ਬੋਲਦਿਆਂ ਕਿਹਾ ਹੈ ਕਿ ਉਹ ਆਨੰਦਪੁਰ ਸਾਹਿਬ ਵਿਖੇ ਵੇਸਵਾ ਦੇ ਕੋਠੇ ’ਤੇ ਗਏ। ਆਪਣੇ ਦੋਸ਼ ਦੀ ਪੂਰਤੀ ਲਈ ਸਾਰੇ ਪੁਆੜੇ ਦੀ ਜੜ੍ਹ ਗੁਰਸ਼ਰਨਜੀਤ ਸਿੰਘ ਲਾਂਬਾ ਨੇ ਪ੍ਰੋ: ਦਰਸ਼ਨ ਸਿੰਘ ਦੀ ਸੀ.ਡੀ. ’ਚ ਕਾਂਟ ਛਾਂਟ ਕਰਕੇ ਸਿਰਫ਼ ਉਹ ਸ਼ਬਦ ਰਹਿਣ ਦਿੱਤੇ, ਜਿਹੜੇ ਦਸਮ ਗੰ੍ਰਥ ਦੇ ਤ੍ਰਿਆ ਚਰਿੱਤਰ ਸਿਰਲੇਖ ਹੇਠ ਚਰਿੱਤਰ ਨੰ: 21, 22, 23 ਵਿੱਚ ਦਰਜ਼ ਹਨ। ਪਰ ਜਿਹੜੇ ਸ਼ਬਦ ਪ੍ਰੋ: ਦਰਸ਼ਨ ਸਿੰਘ ਨੇ ਕਹੇ ਕਿ ਤੁਹਾਡੇ ਜਥੇਦਾਰ ਗਿਆਨੀ ਸਵਿੰਦਰ ਸਿੰਘ (ਸਾਬਕਾ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ) ਇਨ੍ਹਾਂ ਚਰਿੱਤਰਾਂ ਦਾ ਰਚਣਹਾਰ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸ ਰਹੇ ਹਨ, ਜੇ ਤੁਸੀਂ ਇਸ ਨੂੰ ਸੱਚ ਮੰਨਦੇ ਹੋ ਤਾਂ ਕੀ ਤੁਸੀਂ ਮੰਨਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਵੇਸਵਾ ਦੇ ਕੋਠੇ ’ਤੇ ਗਏ? ਇਸ ਕਾਂਟ-ਛਾਂਟ ਵਾਲੀ ਸੀ.ਡੀ. ਨੂੰ ਯੂ ਟਿਊਬ ’ਤੇ ਸੁਣਿਆ ਜਾ ਸਕਦਾ ਹੈ ਅਤੇ ਜੋ ਪ੍ਰੋ: ਦਰਸ਼ਨ ਸਿੰਘ ਦੀ ਪੂਰੀ ਦੀ ਪੂਰੀ ਸੀ.ਡੀ. ਜਾਗੋ ਖ਼ਾਲਸਾ ਜਾਂ ਵੇਕਅਪ ਖ਼ਾਲਸਾ ਡਾਟ ਕਾਮ ’ਤੇ ਸੁਣਿਆ ਜਾ ਸਕਦਾ ਹੈ।

ਇਨ੍ਹਾਂ ਦੋਵੇਂ ਸੀ.ਡੀਆਂ. ਨੂੰ ਸੁਣਨ ਉਪ੍ਰੰਤ ਹਰ ਵਿਅਕਤੀ ਅੰਦਾਜ਼ਾ ਲਗਾ ਸਕਦਾ ਹੈ ਕਿ ਆਪਣਾ ਮਕਸਦ ਸਿੱਧ ਕਰਨ ਲਈ ਜਿਹੜਾ ਵਿਅਕਤੀ ਇਤਨੇ ਝੂਠ ਦਾ ਸਹਾਰਾ ਲੈਂਦਾ ਹੋਇਆ ਇੱਥੋਂ ਤੱਕ ਗਿਰ ਜਾਵੇ ਤਾਂ ਕੀ ਉਸ ਨੂੰ ਧਾਰਮਿਕ ਵਿਅਕਤੀ ਕਿਹਾ ਜਾ ਸਕਦਾ ਹੈ? ਸ਼ਿਕਾਇਤ ਕਰਤਾ ਨੇ ਤਾਂ ਆਪਣੇ ਵਿਰੋਧੀ ਨੂੰ ਫਸਾਉਣ ਲਈ ਝੂਠ ਦਾ ਸਹਾਰਾ ਲੈਣਾ ਹੀ ਹੋਇਆ ਪਰ ਜਿਹੜੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਜੀ ਵਲੋਂ ਸਿਰਜੇ ਅਕਾਲ ਤਖ਼ਤ ਸਾਹਿਬ ਦੇ ਸਰਵ-ਉ¤ਚ ਜਥੇਦਾਰ ਕਹਾਉਣ ਦੇ ਦਾਅਵੇ ਕਰਦੇ ਹੋਣ, ਜਿਨ੍ਹਾਂ ਦੇ ਹੁਕਮਾਂ ਨੂੰ ਇਲਾਹੀ ਹੁਕਮ ਕਹਿ ਕੇ ਪ੍ਰਚਾਰਿਆ ਜਾਂਦਾ ਹੋਵੇ, ਉਨ੍ਹਾਂ ਦੀ ਫੁਰਤੀ ਵੇਖੋ ਕਿ ‘ਝੱਟ ਮੰਗਣੀ ਪੱਟ ਵਿਆਹ’ ਵਾਂਗ ਹਾਲੀ ਬਹੁਤੇ ਸਿੱਖਾਂ ਨੂੰ ਤਾਂ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਪ੍ਰੋ: ਦਰਸ਼ਨ ਸਿੰਘ ਵਿਰੁੱਧ ਸ਼ਿਕਾਇਤ ਕਦੋਂ ਕੀਤੀ ਗਈ ਪਰ ਸਤਿਕਾਰਤ ਅਹੁਦੇ ’ਤੇ ਰਹਿ ਚੁੱਕੇ ਵਿਦਵਾਨ ਪ੍ਰੋ: ਦਰਸ਼ਨ ਸਿੰਘ ਨੂੰ ਇਤਨਾ ਪੁੱਛਣਾ ਵੀ ਗਵਾਰਾ ਨਹੀਂ ਸਮਝਿਆ ਕਿ ਉਨ੍ਹਾਂ ਨੇ ਅਸਲੀ ਸ਼ਬਦ ਕੀ ਕਹੇ ਸਨ, ਉਸ ਦੀ ਜੇਕਰ ਉਨ੍ਹਾਂ ਪਾਸ ਸੀ.ਡੀ. ਹੈ ਤਾਂ ਭੇਜ ਦਿੱਤੀ ਜਾਵੇ ਤਾਂ ਕਿ ਉਸ ਨੁੂੰ ਸੁਣ ਕੇ ਕਿਸੇ ਸਿੱਟੇ ’ਤੇ ਪਹੁੰਚਿਆ ਜਾ ਸਕੇ। ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ਦੀ ਅਸਲੀ ਸੀ.ਡੀ. ਸੁਣਨ ਤੋਂ ਬਿਨਾਂ ਹੀ ਉਨ੍ਹਾਂ ’ਤੇ ਕੀਰਤਨ ਕਰਨ ਦੀ ਰੋਕ ਲਾ ਦਿੱਤੀ ਤੇ ਉਨ੍ਹਾਂ ਨੁੂੰ 5 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਹਿ ਦਿੱਤਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਜੋ ਬਿਆਨ ਆਇਆ ਹੈ, ਉਹ ਇਸ ਤੋਂ ਵੀ ਵੱਧ ਦੁਖਦਾਇਕ ਹੈ। ਉਨ੍ਹਾਂ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ’ਚੋਂ ਛੇਕਣ ਦੀ ਮੰਗ ਵੀ ਕਰ ਦਿੱਤੀ ਹੈ ਅਤੇ ਪੰਥਕ ਜਥੇਬੰਦੀਆਂ ਤੇ ਸਭਾ ਸੁਸਾਇਟੀਆਂ ਨੂੰ
ਚੇਤਾਵਨੀ ਵੀ ਦੇ ਦਿੱਤੀ ਹੈ ਕਿ ‘‘ਉਹ ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ਸਮਾਗਮ ਨਾ ਰੱਖਣ। ਜੇਕਰ ਕਿਸੇ ਸਭਾ ਸੁਸਾਇਟੀ ਵਲੋਂ ਰੱਖੇ ਸਮਾਗਮ ’ਚ ਪ੍ਰੋ: ਦਰਸ਼ਨ ਸਿੰਘ ਦਾ ਕੋਈ ਸਰੀਰਕ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਪ੍ਰਬੰਧਕ ਜਿੰਮੇਵਾਰ ਹੋਣਗੇ।’’ ਸ: ਮੱਕੜ ਵਲੋਂ ਦਿੱਤੇ ਇਸ ਬਿਆਨ ਪਿੱਛੋਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ’ਚੋਂ ਛੇਕਣ ਦਾ ਫੈਸਲਾ ਪਹਿਲਾਂ ਹੀ ਲਈ ਬੈਠੇ ਹਨ, ਸਿਰਫ਼ ਜਥੇਦਾਰਾਂ ਨੂੰ ਤਾਂ ਮੋਹਰੇ ਦੀ ਤਰ੍ਹਾਂ ਵਰਤਿਆ ਹੀ ਜਾਣਾ ਹੈ। ਇਸੇ ਤਰ੍ਹਾਂ ਦਿੱਲੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਕੁਲਦੀਪ ਸਿੰਘ ਭੋਗਲ ਦੀ ਮਾਮੂਲੀ ਸ਼ਿਕਾਇਤ ’ਤੇ ਹੀ ਸ: ਸਰਨਾ ਤੋਂ ਸਪੱਸ਼ਟੀਕਰਨ 10 ਦਿਨਾਂ ਦੇ ਵਿੱਚ ਵਿੱਚ ਮੰਗ ਲਿਆ ਹੈ। ਮਤਲਬ ਸਾਫ਼ ਹੈ ਕਿ ਜੇ ਕਰ ਸ: ਸਰਨਾ ਪ੍ਰੋ: ਦਰਸ਼ਨ ਸਿੰਘ ਦੇ ਸਮਰਥਨ ’ਚ ਡੱਟ ਕੇ ਖੜ੍ਹਦੇ ਹਨ ਤਾਂ ਉਨ੍ਹਾਂ ਵਿਰੁੱਧ ਵੀ ਪ੍ਰੋ: ਦਰਸ਼ਨ ਸਿੰਘ ’ਤੇ ਹੋਈ ਕਾਰਵਾਈ ਦੁਹਰਾਈ ਜਾਵੇਗੀ ਪਰ ਜੇ ਉਹ ਆਪਣਾ ਸਿਆਸੀ ਪੱਖ ਵੀਚਾਰਦੇ ਹੋਏ ਇਸ ਤੋਂ ਟਾਲਾ ਵੱਟ ਲੈਂਦੇ ਹਨ ਤਾਂ ਉਨ੍ਹਾਂ ਨਾਲ ਨਰਮੀ ਵੀ ਵਰਤੀ ਜਾ ਸਕਦੀ ਹੈ। ਡੇਰੇਦਾਰਾਂ ਅਤੇ ਬਾਦਲ ਪੱਖੀਆਂ ਵਿਰੁੱਧ ਸੈਂਕੜੇ ਲਿਖਤੀ ਸ਼ਿਕਾਇਤਾਂ ਅਕਾਲ ਤਖ਼ਤ ਸਾਹਿਬ ‘ਤੇ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਕੁਝ ਕੁ ਜਿਹੜੀਆਂ ਇਸ ਸਮੇਂ ਯਾਦ ਆ ਸਕੀਆਂ, ਉਹ ਇਸ ਤਰ੍ਹਾਂ ਹਨ :

1. ਮਿਤੀ 4.8.2004 ਨੂੰ ਦਲਿਤ ਸੈਨਾ ਦੇ ਪੰਜਾਬ ਪ੍ਰਧਾਨ ਸ: ਕਿਰਨਜੀਤ ਸਿੰਘ ਗਹਿਰੀ ਨੇ ਉਸ ਸਮੇਂ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਦੇ ਸਕੱਤਰ ਦਲਮੇਘ ਸਿੰਘ ਰਾਹੀਂ ਯਾਦ ਪੱਤਰ ਦੇ ਕੇ ਮੰਗ ਕੀਤੀ ਕਿ ਗੁਰੂ ਗੰ੍ਰਥ ਸਾਹਿਬ ਦੇ ਸਿਧਾਂਤ ਦੇ ਉਲਟ ਡੇਰਾ ਰੂਮੀ ਭੁੱਚੋ ਕਲਾਂ (ਬਠਿੰਡਾ) ਵਿਖੇ ਲੰਗਰ ’ਚ ਜਾਤਪਾਤ ਦੇ ਅਧਾਰ ’ਤੇ ਵਿਤਕਰਾ ਕੀਤਾ ਜਾ ਰਿਹਾ ਹੈ, ਇਸ ਲਈ ਉਸ ਡੇਰੇਦਾਰ ਵਿਰੁੱਧ ਕਾਰਵਾਈ ਕਰਕੇ ਗੁਰਮਤਿ ਸਿਧਾਂਤ ਲਾਗੂ ਕਰਵਾਇਆ ਜਾਵੇ।

2. 2008 ’ਚ ਲਗਾਤਾਰ 40 ਦਿਨ ਤੱਕ ਪੰਥਕ ਜਥੇਬੰਦੀਆਂ ਅਕਾਲ ਤਖ਼ਤ ਸਾਹਿਬ ’ਤੇ ਯਾਦ ਪੱਤਰ ਦੇ ਕੇ ਮੰਗ ਕਰਦੀਆਂ ਰਹੀਆਂ ਕਿ ਬਾਦਲ ਦਲ ਦੇ ਆਗੂਆਂ ਵਲੋਂ ਲਗਾਤਾਰ ਗੁਰਮਤਿ ਵਿਰੋਧੀ ਕਾਰਵਾਈਆਂ ਕਰਨ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਕੇ ਮਨਮਤ ਕਰਨ ਤੋਂ ਰੋਕਿਆ ਜਾਵੇ ਤਾਂ ਕਿ ਸਿੱਖ ਸੰਗਤਾਂ ਨੂੰ ਸਿੱਖ ਸਿਧਾਂਤਾਂ ਪ੍ਰਤੀ ਦੁਬਿਧਾ ਪੈਦਾ ਨਾ ਹੋਵੇ।

3. ਖ਼ਾਲਸਾ ਐਕਸ਼ਨ ਕਮੇਟੀ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖ਼ਾਲਸਾ ਦੇ ਆਗੂ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਸੌਦਾ ਸਾਧ ਵਿਰੁੱਧ ਜਾਰੀ ਹੋਏ ਹੁਕਮਨਾਮੇ ‘ਤੇ ਅਮਲ ਕਰਨ ਲਈ ਬਾਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਜਾਵੇ। 14 ਨਵੰਬਰ ਨੂੰ ਆਖਰੀ ਵਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲੇ ਸਨ ਤਾਂ ਉਨ੍ਹਾਂ ਦੀ ਮੰਗ ‘ਤੇ 17 ਨਵੰਬਰ ਨੂੰ ਵੀਚਾਰ ਕਰਨ ਦਾ ਵਾਅਦਾ ਕੀਤਾ ਸੀ ਪਰ ਸਭ ਵਾਅਦਿਆਂ ਅਤੇ ਯਾਦ ਪੱਤਰਾਂ ਨੂੰ ਪਿੱਛੇ ਛੱਡ ਕੇ ਪ੍ਰੋ: ਦਰਸ਼ਨ ਸਿੰਘ ਅਤੇ ਸ: ਸਰਨਾ ਵਿਰੁੱਧ ਕਾਰਵਾਈ ਕਰਨ ਨੂੰ ਜਿਸ ਤਰ੍ਹਾਂ ਪਹਿਲ ਦਿੱਤੀ ਗਈ ਹੈ, ਇਸ ਨੇ ਕੋਈ ਸ਼ੱਕ ਨਹੀਂ ਰਹਿਣ ਦਿੱਤਾ ਕਿ ਅਕਾਲ ਤਖ਼ਤ ਸਾਹਿਬ ਦੀ ਵਰਤੋਂ ਕੌਮੀ ਮਸਲੇ ਹੱਲ ਕਰਨ ਲਈ ਨਹੀਂ ਬਲਕਿ ਵਿਰੋਧੀਆਂ ਨੂੰ ਦਬਾਉਣ ਲਈ ਠਾਣੇ ਦਾ ਕੰਮ ਲੈ ਰਿਹਾ ਹੈ। ਅਜਿਹੀ ਹਾਲਤ ਵਿੱਚ ਜੇ ਕੋਈ ਭਾਈ ਗੁਰਦਾਸ ਜੀ ਦੇ ਉਕਤ ਵਚਨ ਜਥੇਦਾਰ ਅਤੇ ਕਾਬਜ਼ ਧੜੇ ’ਤੇ ਲਾਗੂ ਹੁੰਦੇ ਕਹੇ, ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਜਥੇਦਾਰਾਂ ਨੇ ਬਾਦਲ ਵਿਰੋਧੀ ਜਾਣ ਵਾਲੇ ਹੁਕਮਨਾਮੇ ਤਾਂ ਕੀ ਲਾਗੂ ਕਰਵਾਉਣੇ ਸਨ, ਇਹ ਤਾਂ ਅਕਾਲ ਤਖ਼ਤ ਸਾਹਿਬ ’ਤੇ ਬੈਠ ਕੇ ਖ਼ੁਦ ਹੀ ਆਪਣੇ ਹੁਕਮਨਾਮਿਆਂ ਦੀਆਂ ਕਿਸ ਤਰ੍ਹਾਂ ਧੱਜੀਆਂ ਉਡਾਉਂਦੇ ਹਨ, ਉਸ ਦੀ ਵੀ ਮਿਸਾਲ ਕਾਇਮ ਕਰ ਦਿੱਤੀ ਹੈ। ਇਹ ਖ਼ੁਦ ਹੀ ਕਹਿੰਦੇ ਰਹਿੰਦੇ ਹਨ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨਾ ਹੀ ਰੱਦ ਕੀਤੇ ਜਾ ਸਕਦੇ ਹਨ ਅਤੇ ਨਾ ਹੀ ਇਨ੍ਹਾਂ ’ਤੇ ਮੁੜ ਵੀਚਾਰ ਹੋ ਸਕਦੀ ਹੈ। ਪਰ ਜੂਨ 2008 ’ਚ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਜਥੇਦਾਰੀ ਹੇਠ ਪੰਜ ਸਿੰਘ ਸਾਹਿਬਾਨ ਨੇ ਆਦੇਸ਼ ਜਾਰੀ ਕੀਤਾ ਸੀ ਕਿ ਤਖ਼ਤ ਸਹਿਬ ਦੇ ਮੌਜ਼ੂਦਾ ਅਤੇ ਸਾਬਕਾ ਜਥੇਦਾਰਾਂ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਿਆ ਜਾ ਸਕਦਾ ਹੈ। ਇਸ ਆਦੇਸ਼ ’ਤੇ ਪ੍ਰੋ: ਦਰਸ਼ਨ ਸਿੰਘ ਤੋਂ ਸਪੱਸ਼ਟੀਕਰਨ ਮੰਗਣ ਵਾਲਿਆਂ ’ਚੋਂ ਤਿੰਨ ਪੁਜਾਰੀਆਂ ਗਿ: ਗੁਰਬਚਨ ਸਿੰਘ, ਗਿ: ਬਲਵੰਤ ਸਿੰਘ ਨੰਦਗੜ੍ਹ ਅਤੇ ਗਿ: ਤਰਲੋਚਨ ਸਿੰਘ ਦੇ ਵੀ ਦਸਤਖ਼ਤ ਹਨ ਪਰ ਆਪਣੇ ਹੀ ਆਦੇਸ਼ ਨੂੰ ਦਰਕਿਨਾਰ ਕਰਕੇ, ਉਨ੍ਹਾਂ ਖ਼ੁਦ ਹੀ ਸਿੱਧ ਕਰ ਦਿੱਤਾ ਹੈ ਕਿ ਅਕਾਲ ਤਖ਼ਤ ਦੇ ਹੁਕਮਨਾਮੇ ਅਤੇ ਆਦੇਸ਼ ਸਿਰਫ਼ ਵਿਰੋਧੀਆਂ ਲਈ ਹੀ ਅਟੱਲ ਹਨ ਜਦੋਂ ਕਿ ਇਨ੍ਹਾਂ ਖ਼ੁਦ ਲਈ ਮੋਮ ਦੇ ਨੱਕ ਹਨ, ਜਿਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਕਿਧਰੇ ਵੀ ਮੋੜ ਸਕਦੇ ਹਨ। ਵੈਸੇ ਇਨ੍ਹਾਂ ਨਾਲ ਗੱਲ ਕਰਨ ‘ਤੇ ਪਤਾ ਲੱਗਦਾ ਹੈ ਕਿ ਇਹ ਅੰਦਰੇ-ਅੰਦਰ ਚਿੰਤਤ ਹਨ ਕਿ ਉਹ ਦੁਨੀਆਂ ਨੂੰ ਉਸ ਵੇਲੇ ਕਿਹੜਾ ਮੂੰਹ ਵਿਖਾਉਣਗੇ ਜਦੋਂ ਉਨ੍ਹਾਂ ਨੂੰ ਪ੍ਰੋ: ਦਰਸ਼ਨ ਸਿੰਘ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।

ਪ੍ਰੋ: ਦਰਸ਼ਨ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਦਸਮ ਗੰ੍ਰਥ ਦਾ ਮਸਲਾ ਸਿਰਫ਼ ਉਨ੍ਹਾਂ ਇਕੱਲਿਆਂ ਦਾ ਨਹੀਂ ਸਮੁੱਚੀ ਕੌਮ ਦਾ ਹੈ, ਇਸ ਲਈ ਉਹ ਕਿਸੇ ਵਿਅਕਤੀ ਅੱਗੇ ਬੰਦ ਕਮਰੇ ’ਚ ਪੇਸ਼ ਨਹੀਂ ਹੋਣਗੇ ਸਗੋਂ ਸੰਗਤ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦਿੰਦੇ ਹੋਏ ਸੰਗਤਾਂ ਨਾਲ ਵੀਚਾਰ ਸਾਂਝੇ ਕਰਨਗੇ ਅਤੇ ਆਪਣੇ ਕੁਝ ਸਵਾਲਾਂ ਦਾ ਜਵਾਬ ਵੀ ਮੰਗਣਗੇ। ਇਹ ਸਪੱਸ਼ਟ ਹੀ ਹੈ ਕਿ ਆਪਣੇ ਆਪ ਨੂੰ ਸਿੰਘ ਸਾਹਿਬ ਅਖਵਾਉਣ ਵਾਲਿਆਂ ’ਚੋਂ ਕੋਈ ਵੀ ਪ੍ਰੋ: ਦਰਸ਼ਨ ਸਿੰਘ ਦੀਆਂ ਦਲੀਲਾਂ ਦਾ ਸਾਹਮਣਾ ਨਹੀਂ ਕਰ ਸਕਦਾ, ਇਸ ਲਈ ਉਹ ਉਥੇ ਐਸਾ ਮਾਹੌਲ ਸਿਰਜਨ ਤੋਂ ਵੀ ਗੁਰੇਜ ਨਹੀਂ ਕਰਨਗੇ ਜਿਸ ਨਾਲ ਕੌਮ ਵਿੱਚ ਖਾਨਾਜੰਗੀ ਸ਼ੁਰੂ ਹੋ ਜਾਵੇਗੀ।