Subscription About Us Contact Us


ਦੂਜਿਆਂ ਤੋਂ ਸਪਸ਼ਟੀਕਰਨ ਮੰਗਣ ਵਾਲੇ ਪੁਜਾਰੀ ਇਹ ਸਪਸ਼ਟੀਕਰਨ ਦੇਣ ਕਿ
ਉਨ੍ਹਾਂ ਨੇ ਦਸਮ ਗ੍ਰੰਥ ਦਾ ਵਿਵਾਦ ਹੱਲ ਕਰਨ ਲਈ ਅੱਜ ਤੱਕ ਕੀਤਾ ਕੀ ਹੈ

- ਸਰਬਜੀਤ ਸਿੰਘ -

ਤਖ਼ਤਾਂ ਦੇ ਪੁਜਾਰੀਆਂ ਵੱਲੋਂ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰਿਆਂ ’ਤੇ ਤੱਤ ਗੁਰਮਤਿ ਦੇ ਪ੍ਰਚਾਰਕਾਂ/ਲਿਖਾਰੀਆਂ ਨੂੰ ਪਰੇਸ਼ਾਨ ਕਰਨਾ ਕੋਈ ਨਵੀਂ ਗੱਲ ਨਹੀਂ ਅਤੇ ਪ੍ਰੋ: ਦਰਸ਼ਨ ਸਿੰਘ ਦਾ ਮਾਮਲਾ ਇਸੇ ਨੀਤੀ ਤਹਿਤ ਕੀਤੀਆਂ ਗਈਆਂ ਕਾਰਵਾਈਆਂ ਦੀ ਲੜੀ ਦਾ ਇਕ ਹਿੱਸਾ ਮਾਤਰ ਹੈ। ਬਾਦਲਕੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਆਪਣੇ ਵਖਿਆਨਾਂ ਰਾਹੀਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੌਰਾਨ ਵੋਟਰਾਂ ਨੂੰ ਉਨ੍ਹਾਂ ਦੀਆਂ ਸਿੱਖੀ-ਵਿਰੋਧੀ ਕਾਰਵਾਈਆਂ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦੇ ਸਕਦੇ ਹਨ। ਇਸਲਈ ਇਸ ‘ਸਿਆਸੀ ਖ਼ਤਰੇ’ ਨੂੰ ਦੂਰ ਕਰਨ ਲਈ ਉਹ ਕਿਸੇ ਅਜਿਹੇ ਬਹਾਨੇ ਦੀ ਤਲਾਸ਼ ਵਿੱਚ ਸਨ, ਜਿਸਦੇ ਬਾਰੇ ਲੋਕਾਂ ਨੂੰ ਜ਼ਿਆਦਾ ਜਾਣਕਾਰੀ ਨਾ ਹੋਵੇ। ‘ਦਸਮ ਗ੍ਰੰਥ’ ਨਾਂ ਦੀ ਵਿਵਾਦਿਤ ਪੁਸਤਕ, ਜਿਸਨੂੰ ਆਮ ਸਿੱਖਾਂ ਨੇ ਪੜ੍ਹਿਆ ਤਾਂ ਦੂਰ, ਵੇਖਿਆ ਵੀ ਨਹੀਂ ਹੁੰਦਾ, ਦੀ ਅਸਲੀਅਤ ਬਾਰੇ ਸਿੱਖਾਂ ਦੀ ਅਨਜਾਣਤਾ ਦਾ ਲਾਭ ਚੁੱਕਦਿਆਂ ਬਾਦਲਕਿਆਂ ਨੇ ਇਸ ਕਿਤਾਬ ਵਿਚਲੇ ਕੁਝ ‘ਚਰਿੱਤਰਾਂ’, ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਭਾਰੀ ਅਪਮਾਨ ਕੀਤਾ ਗਿਆ ਹੈ, ਬਾਰੇ ਪ੍ਰੋ: ਦਰਸ਼ਨ ਸਿੰਘ ਵੱਲੋਂ ਸੰਗਤ ਨੂੰ ਦਿੱਤੀ ਗਈ ਜਾਣਕਾਰੀ ਨੂੰ ‘ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ’ ਦੱਸ ਕੇ ਸਨਮਾਨਯੋਗ ਰਾਗੀ ਤੇ ਪ੍ਰਚਾਰਕ ਨੂੰ ਜ਼ਲੀਲ ਕਰਨ ’ਤੇ ਉਨ੍ਹਾਂ ਦੇ ਲੈਕਚਰਾਂ ’ਤੇ ਪਾਬੰਦੀ ਲਗਾਉਣ ਲਈ ਇਕ ਜਜ਼ਬਾਤੀ ਪਰ ਅਧਾਰਹੀਨ ਬਹਾਨਾ ਲੱਭਿਆ ਹੈ।

ਇਸ ਬਹਾਨੇ ਨੂੰ ‘ਅਧਾਰਹੀਨ’ ਇਸ ਵਾਸਤੇ ਕਿਹਾ ਜਾ ਰਿਹਾ ਹੈ ਕਿਉਂਕਿ ਪ੍ਰੋ: ਦਰਸ਼ਨ ਸਿੰਘ ਨੇ ਇਹ ਨਹੀਂ ਕਿਹਾ ਸੀ ਕਿ ਉਕਤ ਚਰਿੱਤਰ ਗੁਰੂ ਗੋਬਿੰਦ ਸਿੰਘ ਜੀ ਦੀ ਆਪ ਬੀਤੀ ਹੈ (ਜਦਕਿ ਪਿਆਰਾ ਸਿੰਘ ਪਦਮ, ਭਾਈ ਵੀਰ ਸਿੰਘ ਅਤੇ ਹੋਰ ਕਈ ਲਿਖਾਰੀਆਂ ਨੇ ਇਨ੍ਹਾਂ ਚਰਿੱਤਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਪ ਬੀਤੀ ਦੱਸਿਆ ਹੈ ਅਤੇ ਹੁਣ ਵੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਕ੍ਰਿਤ ਦੱਸਣ ਵਾਲੇ ਲੋਕ ਅਸਿੱਧੇ ਢੰਗ ਨਾਲ ਗੁਰੂ ਸਾਹਿਬ ਦੇ ਚਰਿੱਤਰ ’ਤੇ ਇਸੇ ਤਰ੍ਹਾਂ ਚਿੱਕੜ ਉਛਾਲ ਰਹੇ ਹਨ) ਬਲਕਿ ਇਹ ਦੱਸਿਆ ਸੀ ਕਿ ਕਿਸ ਤਰ੍ਹਾਂ ਵਿਵਾਦਿਤ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਭਾਰੀ ਅਪਮਾਨ ਕੀਤਾ ਗਿਆ ਹੈ।

ਅਸਲ ਵਿੱਚ ਦਸਮ ਗ੍ਰੰਥ ਵਿੱਚ ਥਾਂ-ਥਾਂ ’ਤੇ ਗੁਰਮਤਿ ਸਿਧਾਂਤਾਂ ਦਾ ਖੰਡਨ ਕੀਤਾ ਗਿਆ ਹੈ ਅਤੇ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਗਿਆ ਹੈ। ਚੇਤੰਨ ਸਿੱਖ ਲਿਖਾਰੀਆਂ ਵੱਲੋਂ ਇਸ ਬਾਬਤ ਪਿਛਲੇ ਕਾਫੀ ਅਰਸੇ ਤੋਂ ਵੱਖ-ਵੱਖ ਲੇਖਾਂ/ਕਿਤਾਬਾਂ ਰਾਹੀਂ ਇਸ ਬਾਬਤ ਤੱਥ-ਭਰਪੂਰ ਜਾਣਕਾਰੀ ਦਿੱਤੀ ਜਾ ਰਹੀ ਹੈ ਪਰ ਤਖ਼ਤਾਂ ਦੇ ਪੁਜਾਰੀਆਂ, ਜੋ ਸਮੁੱਚੀ ਸਿੱਖ ਕੌਮ ਦੀ ਪ੍ਰਤੀਨਿਧਤਾ ਕਰਨ ਅਤੇ ਸਿੱਖਾਂ ਦੇ ਸਾਰੇ ਮਸਲੇ ਹੱਲ ਕਰਨ ਦਾ ਦਾਅਵਾ ਕਰਦੇ ਹਨ, ਨੇ ਕਦੇ ਵੀ ਇਨ੍ਹਾਂ ਲਿਖਤਾਂ ਪ੍ਰਤੀ ਆਪਣੀ ਕੋਈ ਟਿੱਪਣੀ ਨਹੀਂ ਦਿੱਤੀ। ਸੱਚਾਈ ਤਾਂ ਇਹ ਹੈ ਕਿ ਤਖ਼ਤਾਂ ਦੇ ਪੁਜਾਰੀਆਂ ਜਾਂ ਸ਼੍ਰੋਮਣੀ ਕਮੇਟੀ ਨੇ ਕਦੇ ਵੀ ਸਿੱਖ ਰਹਿਤ ਮਰਿਆਦਾ (ਜਿਸ ਵਿੱਚ ਦਸਮ ਗ੍ਰੰਥ ਦੇ ਨਾਂ ਦਾ ਜ਼ਿਕਰ ਤੱਕ ਨਹੀਂ) ਨੂੰ ਸਿੱਖ ਸੰਗਤਾਂ ਵਿੱਚ ਪ੍ਰਚਲਿਤ ਕਰਨ ਲਈ ਕੋਈ ਕਦਮ ਹੀ ਨਹੀਂ ਚੁੱਕਿਆ। ਭਾਵੇਂ ਸਿੱਖ ਰਹਿਤ ਮਰਿਆਦਾ ਵਿੱਚ ਸਾਫ਼ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਦੋ ‘ਤਖ਼ਤਾਂ’ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਨੂੰ ਸਜਾ ਕੇ ਗੁਰੂ ਸਾਹਿਬ ਦਾ ਭਾਰੀ ਅਪਮਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋ ਤਖ਼ਤਾਂ ਦੇ ਪੁਜਾਰੀ ਤਾਂ ਇਸ ਨੀਤੀ ਦਾ ਖੁੱਲ ਕੇ ਸਮਰਥਨ ਕਰਦੇ ਹੀ ਹਨ, ਪੰਜਾਬ ਦੇ ਤਿੰਨ ਤਖ਼ਤਾਂ ਦੇ ਪੁਜਾਰੀਆਂ ਨੇ ਵੀ ਕਦੇ ਇਸ ਗਲਤ ਪਿਰਤ ਪ੍ਰਤੀ ਵਿਰੋਧ ਨਹੀਂ ਜਤਾਇਆ ਬਲਕਿ ਉਕਤ ਤਖ਼ਤਾਂ ਦੇ ਪੁਜਾਰੀਆਂ ਨੂੰ ਆਪਣੀਆਂ ਮੀਟਿੰਗਾਂ ਵਿੱਚ ਸੱਦ ਕੇ, ਉਨ੍ਹਾ ਦੀ ਮਦਦ ਨਾਲ ਨਿਰੋਲ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਲਿਖਾਰੀਆਂ/ਪ੍ਰਚਾਰਕਾਂ ਖਿਲਾਫ਼ ਹੁਕਮਨਾਮੇ ਜਾਰੀ ਕਰਕੇ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੇ ਉਪਰਾਲੇ ਵਿੱਚ ਅੜਿੱਕੇ ਹੀ ਡਾਹੇ ਹਨ।

ਇਸਲਈ ਪ੍ਰੋ: ਦਰਸ਼ਨ ਸਿੰਘ ਤੋਂ ਕੋਈ ਸਪਸ਼ਟੀਕਰਨ ਮੰਗਣ ਤੋਂ ਪਹਿਲਾਂ ਤਖ਼ਤਾਂ ਦੇ ਪੁਜਾੀਰਆਂ ਦਾ ਨੈਤਿਕ ਫਰਜ਼ (ਜੇ ਉਨ੍ਹਾਂ ਵਿੱਚ ਨੈਤਿਕਤਾ ਨਾਂ ਦੀ ਕੋਈ ਸ਼ੈਅ ਬਚੀ ਹੋਵੇ, ਤਾਂ) ਬਣਦਾ ਹੈ ਕਿ ਉਹ ਪਹਿਲਾਂ ਆਪਣੇ ਬਾਰੇ ਸਪਸ਼ਟੀਕਰਨ ਦੇਣ ਕੀ ਉਨ੍ਹਾਂ ਨੇ ਸਿੱਖਾਂ ਨੂੰ ਭਰਾ-ਮਾਰੂ ਜੰਗ ਤੇ ਫਿਜ਼ੂਲ ਦੇ ਵਿਵਾਦ ਵਿੱਚ ਉਲਝਾ ਕੇ ਕੌਮ ਦੀ ਤਾਕਤ, ਪੈਸਾ ਤੇ ਸਮਾਂ ਜ਼ਾਇਆ ਕਰਨ ਵਾਲੀ ਇਸ ਵਿਵਾਦਿਕ ਪੁਸਤਕ ਬਾਰੇ ਕੋਈ ਸਪਸ਼ਟ ਫੈਸਲਾ ਲੈਣ ਦੀ ਦਿਸ਼ਾ ਵਿੱਚ ਕੀ ਕਦਮ ਚੁੱਕੇ ਹਨ? ਹਾਲਾਂਕਿ 3 ਕੁ ਸਾਲ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਮੁੱਖ ਪੁਜਾਰੀ ਗਿ: ਜੋਗਿੰਦਰ ਸਿੰਘ ਵੇਦਾਂਤੀ ਨੇ ਐਲਾਨ ਕੀਤਾ ਸੀ ਕਿ ਇਸ ਵਿਵਾਦ ਦੇ ਹੱਲ ਲਈ ਇਕ ਕਮੇਟੀ ਬਣਾਈ ਜਾ ਰਹੀ ਹੈ। ਪਰ ਉਸ ਕਥਿਤ ਕਮੇਟੀ ਨੇ ਅੱਜ ਤੱਕ ਇਸ ਮਸਲੇ ਨੂੰ ਹੱਲ ਕਰਨ ਲਈ ਕੀ ਕਦਮ ਚੁੱਕੇ ਹਨ (ਬਲਕਿ ਇਸ ਕਮੇਟੀ ਦੀ ਕਦੇ ਕੋਈ ਮੀਟਿੰਗ ਵੀ ਹੋਈ ਹੈ ਜਾਂ ਨਹੀਂ), ਇਸ ਬਾਬਤ ਕਿਸੇ ਨੂੰ ਕੁਝ ਨਹੀਂ ਪਤਾ - ਕਿਉਂਕਿ ਅਜਿਹਾ ਕੁਝ ਹੋਇਆ ਹੀ ਨਹੀਂ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਪੁਜਾਰੀ ਖ਼ੁਦ ਕਿਸੇ ਮਸਲੇ ਨੂੰ ਹੱਲ ਨਹੀਂ ਕਰਨਗੇ ਤਾਂ ਫਿਰ ਇਸ ਮਸਲੇ ’ਤੇ ਚਰਚਾ ਤਾਂ ਹੁੰਦੀ ਹੀ ਰਹੇਗੀ। ਦਸਮ ਗ੍ਰੰਥ ਨੂੰ ਗੁਰੂ ਮੰਨਣ ਵਾਲੇ ਲੋਕ ਵੀ ਇਸ ਦਾ ਪ੍ਰਚਾਰ ਕਰਨ ਲਈ ਦੇਸ਼-ਵਿਦੇਸ਼ ਵਿੱਚ ‘ਸੈਮੀਨਾਰਾਂ’ ਦਾ ਆਯੋਜਨ ਕਰਦੇ ਰਹਿੰਦੇ ਹਨ, ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਅਤਿ ਲੱਚਰ ਅਤੇ ਬ੍ਰਾਹਮਣਵਾਦੀ ਕਵਿਤਾਵਾਂ ਦਾ ਲਿਖਾਰੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਕਿਸੇ ਅਖੌਤੀ ਜਥੇਦਾਰ ਨੂੰ ਇਸ ਵਿੱਚ ਗੁਰੂ ਸਾਹਿਬ ਦਾ ਅਪਮਾਨ ਨਹੀਂ ਦਿੱਸਦਾ। ਦੂਜੇ ਪਾਸੇ, ਜੇਕਰ ਕੋਈ ਸਿੱਖ ਪ੍ਰਚਾਰਕ ਦਸਮ ਗ੍ਰੰਥ ’ਚੋਂ ਹੀ ਮਿਸਾਲਾਂ ਦੇ ਕੇ ਸਾਬਿਤ ਕਰ ਦੇਵੇ ਕਿ ਇਸ ਵਿਵਾਦਿਤ ਕਿਤਾਬ ਵਿੱਚ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਸਿਧਾਂਤਾਂ ਦਾ ਅਪਮਾਨ ਕੀਤਾ ਗਿਆ ਹੈ ਤਾਂ ਪੁਜਾਰੀਆਂ ਨੂੰ ਮਿਰਚਾਂ ਲਗ ਜਾਂਦੀਆਂ ਹਨ ਅਤੇ ਉਹ ਉਸ ਪ੍ਰਚਾਰਕ/ਲਿਖਾਰੀ ਨੂੰ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦਾ ਹੁਕਮਨਾਮਾ ਜਾਰੀ ਕਰ ਦਿੰਦੇ ਹਨ (ਹਾਲਾਂਕਿ ਜਾਗਰੁਕ ਸੰਗਤਾਂ ਵੱਲੋਂ ਪੁਜਾਰੀਆਂ ਦੇ ਵਿਵਾਦਿਤ ਹੁਕਮਨਾਮਿਆਂ ਦਾ ਵਿਰੋਧ ਕਰਨ ਕਾਰਨ ਅੱਜਕਲ ਪੁਜਾਰੀ ਹੁਕਮਨਾਮੇ ਦੀ ਥਾਂ ਸੰਦੇਸ਼, ਆਦੇਸ਼ ਜਾਂ ਮਤਾ ਲਫ਼ਜ਼ ਵਧੇਰੇ ਉਪਯੋਗ ਕਰਨ ਲੱਗ ਪਏ ਹਨ, ਪਰ ਇਨ੍ਹਾਂ ਮਤਿਆਂ ਵਿੱਚ ਵੀ ਪ੍ਰਚਾਰਕ ਨੂੰ ‘ਹੁਕਮ’ ਹੀ ਦਿੱਤਾ ਜਾਂਦਾ ਹੈ)।

ਪੁਜਾਰੀਆਂ ਦਾ ਗਠਜੋੜ ਇਹ ਵੀ ਦੱਸਣ ਦੀ ਖੇਚਲ ਕਰੇ ਕਿ ਉਹ ਸਿਰਫ਼ ਬ੍ਰਾਹਮਣਵਾਦ ਦਾ ਖੰਡਨ ਕਰਨ ਜਾਂ ਬਾਦਲ ਪਰਵਾਰ ਦੀਆਂ ਸਿੱਖ-ਵਿਰੋਧੀ ਗਤੀਵਿਧੀਆਂ ਦਾ ਵਿਰੋਧ ਕਰਨ ਵਾਲੇ ਆਗੂਆਂ/ ਪ੍ਰਚਾਰਕਾਂ ਖਿਲਾਫ਼ ਹੀ ਕਾਰਵਾਈ ਕਿਉਂ ਕਰਦੇ ਹਨ? ਪ੍ਰੋ: ਦਰਸ਼ਨ ਸਿੰਘ ’ਤੇ ਤਾਂ ਬਦੋਬਦੀ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ, ਪਰ ‘ਸਿੱਖ ਇਤਿਹਾਸ’ ਨਾਂ ਦੀ ਮੋਟੀ ਹਿੰਦੀ ਕਿਤਾਬ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪਵਾ ਕੇ ਦੱਖਣੀ ਭਾਰਤ ਵਿੱਚ ਮੁਫ਼ਤ ਵੰਡਵਾਈ ਗਈ ਸੀ, ਵਿੱਚ ਸਮੂਹ ਗੁਰੂ ਸਾਹਿਬਾਨ ਬਾਰੇ ਅਤਿ ਨਿੰਦਨਯੋਗ ਟਿੱਪਣੀਆਂ ਪਾਈਆਂ ਗਈਆਂ ਸਨ। ਇਹ ਤੱਥ ਸਾਹਮਣੇ ਆਉਣ ’ਤੇ ਕਿਤਾਬ ’ਤੇ ਪਾਬੰਦੀ ਤਾਂ ਲਗਾ ਦਿੱਤੀ ਗਈ ਪਰ ਸਿੱਖ ਸਮਾਜ ਵੱਲੋਂ ਬੇਅੰਤ ਸ਼ਿਕਾਇਤਾਂ ਕੀਤੇ ਜਾਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਕਿਸੇ ਹੋਰ ਅਹੁਦੇਦਾਰ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ। ਅਜਿਹਾ ਕਿਉਂ? ਅਕਸਰ ਵੱਖ-ਵੱਖ ਸਿੱਖ ਸੰਸਥਾਵਾਂ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਜਾਂ ਉਸਦੇ ਪਰਵਾਰ ਦੇ ਮੈਂਬਰਾਂ ਵੱਲੋਂ ਸਿੱਖ ਰਵਾਇਤਾਂ ਦੀ ਉਲੰਘਣਾ ਕਰਨ ਦੀਆਂ ਘਟਨਾਵਾਂ ਬਾਰੇ ਤੱਥਾਂ ਸਮੇਤ ਸ਼ਿਕਾਇਤਾਂ ਪੁਜਾਰੀਆਂ ਕੋਲ ਪੇਸ਼ ਕਰਦੇ ਰਹਿੰਦੇ ਹਨ। ਪਰ ਇਨ੍ਹਾਂ ਸ਼ਿਕਾਇਤਾਂ ’ਤੇ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ?

ਫਿਰ, ਕੁਝ ਸਾਲ ਪਹਿਲਾਂ ‘ਗੁਰਬਿਲਾਸ ਪਾ: 6ਵੀਂ’ ਨਾਂ ਦੀ ਕਿਤਾਬ ਦਾ ਮਸਲਾ ਵੀ ਸਾਹਮਣੇ ਆਇਆ ਜਿਸ ਵਿੱਚ ਗੁਰੂ ਅਰਜਨ ਸਾਹਿਬ ਅਤੇ ਗੁਰੂ ਹਰਿਗੋਬਿੰਦ ਸਾਹਿਬ ਦਾ ਭਾਰੀ ਅਪਮਾਨ ਕੀਤਾ ਗਿਆ ਹੈ। ਇਸ ਕਿਤਾਬ ਦਾ ਸੰਪਾਦਕ ਤਾਂ ਖ਼ੁਦ ਅਕਾਲ ਤਖ਼ਤ ਸਾਹਿਬ ਦਾ ਤਤਕਾਲੀ ਮੁੱਖ ਪੁਜਾਰੀ ਜੋਗਿੰਦਰ ਸਿੰਘ ਵੇਦਾਂਤੀ ਸੀ। ਇਸ ਕਿਤਾਬ ਸਬੰਧੀ ਤੱਥ ਸਾਹਮਣੇ ਆਉਣ ’ਤੇ ਇਸਦੀ ਵੀ ਜਨਤੱਕ ਤੌਰ ’ਤੇ ਵਿਕਰੀ ਬੰਦ ਕਰ ਦਿੱਤੀ ਗਈ ਪਰ ਕਿਤਾਬ ਦੇ ਸੰਪਾਦਕ (ਤਖ਼ਤ ਸਾਹਿਬ ਦੇ ਪੁਜਾਰੀ) ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਜੇਕਰ ਤਖ਼ਤਾਂ ਦੇ ਮੌਜੂਦਾ ਪੁਜਾਰੀਆਂ ਨੂੰ ਗੁਰੂ ਸਾਹਿਬਾਨ ਦਾ ਅਪਮਾਨ ਕਰਨ ਦਾ ਅਧਿਕਾਰ ਮਿਲ ਜਾਂਦਾ ਹੈ ਤਾਂ ਸਾਬਕਾ ਪੁਜਾਰੀ ਦੇ ਤੌਰ ’ਤੇ ਪ੍ਰੋ: ਦਰਸ਼ਨ ਸਿੰਘ ਕੀ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਅਪਮਾਨ ਦਾ ਵਿਰੋਧ ਵੀ ਨਹੀਂ ਕਰ ਸਕਦੇ?

ਸਿੱਖ ਪ੍ਰਚਾਰਕਾਂ ਖਿਲਾਫ਼ ਮਤੇ ਪਾਸ ਕਰਨ ਵਾਲੇ ਪੁਜਾਰੀ ਸੰਗਤਾਂ ਨੂੰ ਇਹ ਵੀ ਦੱਸਣ ਦੀ ਕ੍ਰਿਪਾਲਤਾ ਕਰਨ ਕਿ ਪ੍ਰੋ: ਦਰਸ਼ਨ ਸਿੰਘ ਤਾਂ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਦਸਮ ਗ੍ਰੰਥ ਦੀਆਂ ਗੁਰਮਤਿ-ਵਿਰੋਧੀ ਰਚਨਾਵਾਂ ਪ੍ਰਤੀ ਸੰਗਤਾਂ ਨੂੰ ਜਾਗਰੁਕ ਕਰ ਰਹੇ ਹਨ - ਪੁਜਾਰੀਆਂ ਨੂੰ ਪ੍ਰੋ: ਦਰਸ਼ਨ ਸਿੰਘ ਨੂੰ ਹੁਣ ਹੀ ਤਲਬ ਕਰਨ ਦੀ ਯਾਦ ਕਿਉਂ ਆਈ ਹੈ? ਕਿਧਰੇ ਅਜਿਹਾ ਤਾਂ ਨਹੀਂ ਕਿ ਅਗਲੇ ਸਾਲ ਦੇ ਅਰੰਭ ਵਿੱਚ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਡੇਰੇਦਾਰਾਂ ਦੇ ਸਮਰਥਕਾਂ ਦੀਆਂ ਵੋਟਾਂ (ਸਾਰੇ ਹੀ ਡੇਰੇਦਾਰਾਂ ਦਾ ਮਕਸਦ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਤੋਂ ਅਗਵਾਈ ਲੈਣ ਦੇ ਰੁਝਾਨ ਨਾਲੋਂ ਤੋੜ ਕੇ ਦੇਹਧਾਰੀਆਂ ਅਤੇ ਬਿਪਰਲ ਕੀਆਂ ਰੀਤਾਂ ਦੇ ਮਾਨਸਿਕ ਗੁਲਾਮ ਬਣਾਉਣਾ ਹੈ। ਇਸਲਈ ਲਗਭਗ ਸਾਰੇ ਹੀ ਡੇਰੇਦਾਰ ਦਸਮ ਗ੍ਰੰਥ ਦੇ ਸਮਰਥਕ ਬਣ ਕੇ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਲਈ ਚੁਣੌਤੀ ਪੇਸ਼ ਕਰਨ ਵਿੱਚ ਆਪਣਾ ਹਿੱਸਾ ਪਾਉਂਦੇ ਹਨ) ਅਕਾਲੀ ਦਲ ਬਾਦਲ ਦੇ ਹੱਕ ਵਿੱਚ ਪੈਣੀਆਂ ਪੱਕਾ ਕਰਲ ਲਈ ਇਸ ਉ¤ਘੇ ਪ੍ਰਚਾਰਕ ਨੂੰ ਹੁਣ ਜਾਣਬੁੱਝ ਕੇ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਗਿਆ ਹੈ? ਕਿਧਰੇ ਅਜਿਹਾ ਤਾਂ ਨਹੀਂ ਕਿ ਪੁਜਾਰੀਆਂ ਤੇ ਉਨ੍ਹਾਂ ਦੇ ਸਿਆਸੀ ਆਕਾਵਾਂ ਨੂੰ ਪ੍ਰੋ: ਦਰਸ਼ਨ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੌਰਾਨ ਪੁਜਾਰੀ-ਸਿਆਸੀ ਗਠਜੋੜ ਦੀਆਂ ਮੰਦ ਕਰਤੂਤਾਂ ਦਾ ਪਾਜ ਉਘਾੜੇ ਜਾਣ ਦਾ ਡਰ ਹੋਵੇ ਤੇ ਇਸ ਸੰਭਾਵਿਤ ਖ਼ਤਰੇ ਨੂੰ ਨਕਾਰਾ ਕਰਨ ਲਈ ਉਨ੍ਹਾਂ ਦੇ ਕਥਾ-ਕੀਰਤਨ ’ਤੇ ਪਾਬੰਦੀ ਲਗਵਾਉਣ ਦੀ ਚਾਲ ਚੱਲੀ ਹੋਵੇ?

ਇਹ ਸ਼ੰਕਾ ਇਸ ਕਰਕੇ ਪ੍ਰਤੱਖ ਸੱਚਾਈ ਪ੍ਰਤੀਤ ਹੁੰਦੀ ਹੈ ਕਿਉਂਕਿ ਪ੍ਰੋ: ਦਰਸ਼ਨ ਸਿੰਘ ਨੂੰ ਤਲਬ ਕਰਨ ਦੇ ਮਾਮਲੇ ਵਿੱਚ ਪੁਜਾਰੀ ਖ਼ੁਦ ਹੀ ਵਕੀਲ ਅਤੇ ਖ਼ੁਦ ਹੀ ਜੱਜ ਬਣ ਬੈਠੇ ਹਨ। ਭਾਵ, ਉਨ੍ਹਾਂ ਨੇ ਸ਼ਿਕਾਇਤਕਰਤਾ (ਹਰਨਾਮ ਸਿੰਘ ਧੁੰਮਾ) ਦੀਆਂ ਦਲੀਲਾਂ ਨੂੰ ਅਪਣਾਉਂਦਿਆਂ ਉ¤ਘੇ ਪ੍ਰਚਾਰਕ ਖਿਲਾਫ਼ ਜਿਹੜਾ ਮਤਾ ਜਾਂ ਹੁਕਮਨਾਮਾ ਜਾਰੀ ਕੀਤਾ, ਉਸਦੀ ਸ਼ਬਦਾਵਲੀ ਹੀ ਦਰਸਾਉਂਦੀ ਹੈ ਕਿ ਉਹ ਆਰੋਪੀ ਦਾ ਪੱਖ ਸੁਣੇ ਬਿਨਾਂ ਹੀ ਸ਼ਿਕਾਇਤਕਰਤਾ ਨਾਲ ਪੂਰਨ ਸਹਿਮਤੀ ਜਤਾ ਰਹੇ ਹਨ। ਅਜਿਹੇ ਵਿੱਚ ਪ੍ਰੋ: ਦਰਸ਼ਨ ਸਿੰਘ ਦੀ ਪੇਸ਼ੀ ਉਪਰੰਤ ਕੀ ਫੈਸਲਾ ਦਿੱਤਾ ਜਾਏਗਾ, ਉਸਦਾ ਅੰਦਾਜ਼ਾ ਲਗਾਉਣਾ ਜ਼ਿਆਦਾ ਮੁਸ਼ਕਲ ਨਹੀਂ ਪਰ ਇਸ ਤੋਂ ਵੀ ਮਹੱਤਵਪੂਰਨ ਸਵਾਲ ਇਹ ਹੈ ਕਿ ਜੇਕਰ ਤਖ਼ਤਾਂ ਦੇ ਪੁਜਾਰੀ ਵੀ ਹਰਨਾਮ ਸਿੰਘ ਧੁੰਮੇ ਦੀ ਤਰ੍ਹਾਂ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਮੰਨਦੇ ਹਨ, ਤਾਂ ਫਿਰ ਉਹ ਇਸ ਬਾਬਤ ਇਤਿਹਾਸਕ ਤੱਥ ਅਤੇ ਗੁਰਬਾਣੀ ਦੇ ਪ੍ਰਮਾਣ ਪੇਸ਼ ਕਰਕੇ ਦਸਮ ਗ੍ਰੰਥ ਨੂੰ ‘ਗੁਰੂ’ ਸਾਬਿਤ ਕਰਨ ਦੀ ਹਿੰਮਤ ਕਿਉਂ ਨਹੀਂ ਜੁਟਾ ਪਾਉਂਦੇ (ਹਾਲਾਂਕਿ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਪੁਜਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਵਿੱਚ ਦਸਮ ਗ੍ਰੰਥ ਦਾ ਪ੍ਰਕਾਸ਼ ਜਾਂ ਅੰਧਕਾਰ ਕਰਵਾ ਕੇ ਅਮਲੀ ਤੌਰ ’ਤੇ ਦਸਮ ਗ੍ਰੰਥ ਨੂੰ ਵੀ ਗੁਰੂ ਦਾ ਦਰਜਾ ਦਿੱਤਾ ਹੀ ਹੋਇਆ ਹੈ)?

ਸੰਖੇਪ ਵਿੱਚ, ਪੁਜਾਰੀਆਂ ਨੂੰ ਸਿੱਖ ਸੰਗਤਾਂ ਸਾਹਮਣੇ ਇਹ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪ੍ਰਫੁੱਲਿਤ ਕਰਨ ਦੀ ਬਜਾਏ ਵਿਵਾਦਿਤ ਅਤੇ ਗੁਰਮਤਿ ਸਿਧਾਂਤਾਂ ਬਾਰੇ ਭਾਰੀ ਦੁਵਿਧਾ ਪੈਦਾ ਕਰਨ ਵਾਲੀ ਪੁਸਤਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਦੱਸਣ ਲਈ ਤਰਲੋ-ਮੱਛੀ ਕਿਉਂ ਹੋਏ ਪਏ ਹਨ? ਪੁਜਾਰੀਆਂ ਨੂੰ ਸੰਗਤਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹ ਦਸਮ ਗ੍ਰੰਥ ਨਾਂ ਦੀ ਇਸ ਵਿਵਾਦਿਤ ਕਿਤਾਬ ਦੇ ਰੁਤਬੇ ਬਾਰੇ ਦੋ-ਟੂਕ ਫੈਸਲਾ ਕਿਉਂ ਨਹੀਂ ਦੇ ਪਾ ਰਹੇ?