Subscription About Us Contact Us


ਬਾਦਲ ਤੋਂ ਗੁਰਦੁਆਰਿਆਂ ਦੀਆਂ ਗੋਲਕਾਂ ਨੂੰ ਖੋਹਣ ਲਈ ਵੱਡੇ-ਵੱਡੇ ਉਪਰਾਲੇ
ਪਰ ਪੁਜਾਰੀਆਂ ਤੋਂ ਸਿੱਖੀ ਨੂੰ ਬਚਾਉਣ ਲਈ ਕੋਈ ਉਪਰਾਲਾ ਕਿਉਂ ਨਹੀਂ?

ਅੱਜ ਸਾਨੂੰ ਗੁਰੂ ਨਾਨਕ ਦੇ ਸਿਧਾਂਤਾਂ ਨਾਲੋਂ ਗੋਲਕਾਂ ਦੀ ਵੱਧ ਚਿੰਤਾ ਹੈ

- ਹਰਲਾਜ ਸਿੰਘ ਬਹਾਦਰਪੁਰ -
ਮੋ: 9417023911


ਹਰਿਆਣਾ ਦੇ ਸਿੱਖ ਆਗੂ ਸ੍ਰ: ਜਗਦੀਸ਼ ਸਿੰਘ ਝੀਂਡਾ ਨੇ ਕਿੰਤੂ ਪ੍ਰੰਤੂ ਕਰਦਿਆਂ ਬਾਦਲ ਦੇ ਹੱਥ-ਠੋਕੇ ਪੁਜਾਰੀਆਂ ਅੱਗੇ ਪੇਸ਼ ਹੋ ਕੇ ਉਹਨਾਂ ਵੱਲੋਂ ਲਗਾਈ ਸੇਵਾ (ਦੰਡ) ਨੂੰ ਪ੍ਰਵਾਨ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਪੁਜਾਰੀ ਭਾਵੇਂ ਕਿੰਨੇ ਵੀ ਮਾੜੇ ਕਿਉਂ ਨਾ ਹੋਣ, ਜੇ ਉਹ ਅਕਾਲ ਤਖ਼ਤ ਤੇ ਬੈਠ ਕੇ ਕੋਈ ਫੈਸਲਾ ਕਰ ਦੇਣ ਤਾਂ ਉਹ ਮੰਨਣਾ ਜਰੂਰੀ ਹੁੰਦਾ ਹੈ। ਅਜਿਹੇ ਵਿਅਕਤੀਆਂ ਲਈ ਗੁਰਬਾਣੀ ਦਾ ਫੁਰਮਾਨ ਹੈ :-

ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ।।
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ।।
(ਪੰਨਾ ਨੰ: 474)

ਪ੍ਰੋ: ਸਾਹਿਬ ਸਿੰਘ ਇਸ ਸ਼ਬਦ ਦੇ ਅਰਥ ਇਸ ਤਰ੍ਹਾਂ ਕਰਦੇ ਹਨ ਕਿ ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਸਿਰ ਨਿਵਾਉਂਦਾ ਹੈ ਅਤੇ ਕਦੇ ਉਸਦੇ ਕੀਤੇ ਉਤੇ ਇਤਰਾਜ ਕਰਦਾ ਹੈ, ਉਹ ਮਾਲਕ ਦੀ ਰਜਾ ਦੇ ਰਾਹ ਤੇ ਤੁਰਨ ਤੋਂ ਉਕਾ ਹੀ ਖੁੰਝਿਆ ਜਾ ਰਿਹਾ ਹੈ। ਹੇ ਨਾਨਕ, ਅਜਿਹੇ ਵਿਅਕਤੀ ਦਾ ਸਿਰ ਨਿਵਾਉਣਾ ਅਤੇ ਇਤਰਾਜ ਕਰਨਾ ਦੋਵੇਂ ਹੀ ਝੂਠੇ ਹਨ। ਇੰਨ੍ਹਾਂ ਦੋਹਾਂ ਵਿੱਚੋਂ ਕੋਈ ਗੱਲ ਵੀ ਮਾਲਕ ਦੇ ਦਰ ਉਤੇ ਕਬੂਲ ਨਹੀਂ ਹੁੰਦੀ।

ਉਪਰੋਕਤ ਸ਼ਬਦ ਸ੍ਰ: ਜਗਦੀਸ਼ ਸਿੰਘ ਝੀਂਡਾ ਤੇ ਪੂਰੀ ਤਰ੍ਹਾਂ ਢੁੱਕਦਾ ਨਜ਼ਰ ਆਉਂਦਾ ਹੈ। ਕਿਉਂਕਿ ਇੱਕ ਪਾਸੇ ਤਾਂ ਸ੍ਰ: ਝੀਂਡਾ ਪੁਜਾਰੀਆਂ ਦੇ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਰਿਹਾ ਹੈ ਅਤੇ ਦੂਜੇ ਪਾਸੇ ਉਨ੍ਹਾਂ ਵੱਲੋਂ ਲਗਾਏ ਦੰਡ ਨੂੰ ਵੀ ਪ੍ਰਵਾਨ ਕਰ ਰਿਹਾ ਹੈ। ਅਜਿਹੇ ਸਿੱਖ ਆਗੂ ਤੋਂ ਭਲੇ ਦੀ ਕੀ ਆਸ ਕੀਤੀ ਜਾ ਸਕਦੀ ਹੈ? ਅਜਿਹਾ ਕਰਕੇ ਨਾ ਤਾਂ ਸ੍ਰ: ਝੀਂਡਾ ਜੀ ਸਿੱਖੀ ਸਿਧਾਂਤਾਂ ਨੂੰ ਮੰਨਣ ਵਾਲਿਆਂ ਸ੍ਰ: ਬਾਦਲ ਅਤੇ ਪੁਜਾਰੀਆਂ ਦੇ ਵਿਰੋਧੀਆਂ ਦੇ ਮਿੱਤਰ ਬਣ ਸਕਦੇ ਹਨ ਤੇ ਨਾ ਹੀ ਬਾਦਲ ਅਤੇ ਪੁਜਾਰੀਆਂ ਦੇ।

ਉਂਝ ਤਾਂ ਸਿਆਸੀ ਲੋਕਾਂ ਦਾ ਕੋਈ ਧਰਮ ਨਹੀਂ ਹੁੰਦਾ, ਕਿਉਂਕਿ ਇਹ ਜੋ ਕੁੱਝ ਵੀ ਕਰਦੇ ਹਨ, ਉਹ ਸਭ ਕੁਰਸੀ ਲਈ ਹੀ ਕਰਦੇ ਹੁੰਦੇ ਹਨ। ਇੱਥੇ ਸ੍ਰ: ਝੀਂਡਾ ਦੇ ਇਸ ਦੂਹਰੇ ਰੋਲ ਤੋਂ ਇੱਕ ਗੱਲ ਸਾਹਮਣੇ ਆਉਂਦੀ ਹੈ, ਕਿ ਝੀਂਡਾ ਜੀ ਸ੍ਰ: ਬਾਦਲ ਦੀਆਂ ਪਾਈਆਂ ਪਿਰਤਾਂ ਨੂੰ ਜਿਊਂਦਾ ਰੱਖਣਾ ਇਸ ਲਈ ਜਰੂਰੀ ਸਮਝਦੇ ਹਨ ਕਿ ਜੇਕਰ ਉਨ੍ਹਾਂ ਦੇ ਹੱਥ ਵਿੱਚ ਕੱਲ੍ਹ ਨੂੰ ਤਾਕਤ ਆ ਜਾਂਦੀ ਹੈ ਤਾਂ ਉਹ ਵੀ ਆਪਣੇ ਵਿਰੋਧੀਆਂ ਵਿਰੁੱਧ ਪੁਜਾਰੀਆਂ ਦੀ ਵਰਤੋਂ ਕਰਕੇ ਉਨ੍ਹਾਂ ਦੇ ਮੂੰਹ ਬੰਦ ਕਰਵਾ ਸਕਿਆ ਕਰਨਗੇ। ਕਿਉਂਕਿ ਅੱਜ ਚਿੱਟੇ ਦਿਨ ਵਾਂਗ ਸਾਫ ਹੋ ਚੁੱਕਾ ਹੈ ਕਿ ਇਹ ਤਖ਼ਤਾਂ ਉਤੇ ਕਾਬਜ਼ ਪੁਜਾਰੀ ਗੁਰਮਤਿ ਦੀ ਗੱਲ ਕਰਨ ਲਈ ਨਹੀਂ ਸਗੋਂ ਆਪਣੇ ਸਿਆਸੀ ਮਾਲਕਾਂ ਦੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਲਈ ਅਤੇ ਗੁਰੂ ਨਾਨਕ ਦੀ ਸਿੱਖੀ ਨੂੰ ਖਤਮ ਕਰਨ ਲਈ ਬੈਠੇ ਹੋਏ ਹਨ। ਇਹਨਾਂ ਪੁਜਾਰੀਆਂ ਦੇ ਅਜਿਹੇ ਕਿਰਦਾਰ ਦੀਆਂ ਸੈਂਕੜੇ ਉਦਹਾਰਣਾਂ ਸਾਡੇ ਸਾਹਮਣੇ ਆ ਚੁੱਕੀਆਂ ਹਨ। ਜੇ ਅਸੀਂ ਹੁਣ ਵੀ ਪੁਜਾਰੀਆਂ (ਅਖੌਤੀ ਜਥੇਦਾਰਾਂ) ਅੱਗੇ ਸੀਸ ਝੁਕਾਉਂਦੇ ਹਾਂ ਤਾਂ ਸਪੱਸ਼ਟ ਹੈ ਕਿ ਸਾਡੀ ਸੋਚ ਵੀ ਸ੍ਰ: ਬਾਦਲ ਜਾਂ ਪੁਜਾਰੀਆਂ ਤੋਂ ਚੰਗੀ ਨਹੀਂ। ਅਸੀਂ ਵੀ ਗੁਰੂ ਨਾਨਕ ਦੀ ਸਿੱਖੀ ਨੂੰ ਖਤਮ ਕਰਨ ਵਾਲਿਆਂ ਦੇ ਹੀ ਭਾਈਵਾਲ ਹਾਂ।

ਜੋ ਲੋਕ ਅੱਜ ਸ੍ਰ: ਪ੍ਰਕਾਸ਼ ਸਿੰਘ ਬਾਦਲ ਤੋਂ ਪੰਜਾਬ ਨੂੰ, ਪੰਥ ਨੂੰ ਜਾਂ ਹਰਿਆਣੇ ਦੀਆਂ ਗੋਲਕਾਂ ਨੂੰ ਬਚਾਉਣ ਲਈ ਗੱਲਾਂ ਅਤੇ ਵੱਡੇ-ਵੱਡੇ ਉਪਰਾਲੇ ਕਰ ਰਹੇ ਹਨ, ਉਹ ਗੁਰਬਾਣੀ ਦੇ ਹੁਕਮਾਂ ਤੋਂ ਆਪਣੇ ਹੁਕਮਾਂ ਨੂੰ ਵੱਡੇ ਮੰਨ ਕੇ ਸਿੱਖ ਪੰਥ ਤੇ ਥੋਪਣ ਵਾਲੇ ਪੁਜਾਰੀਆਂ ਤੋਂ ਗੁਰੂ ਨਾਨਕ ਦੀ ਸਿੱਖੀ ਨੂੰ ਬਚਾਉਣ ਲਈ ਸਿੱਧੇ ਰੂਪ ਵਿੱਚ ਕਿਉਂ ਨਹੀਂ ਅੱਗੇ ਆਉਂਦੇ। ਅੱਜ ਸਾਨੂੰ ਗੁਰੂ ਨਾਨਕ ਦੇ ਸਿਧਾਂਤ ਨਾਲੋਂ ਗੋਲਕਾਂ ਦੀ ਵੱਧ ਚਿੰਤਾ ਹੈ। ਜਦਕਿ ਬਾਦਲ ਦੀ ਸਰਕਾਰ ਤਾਂ ਪੰਜ ਸਾਲ ਬਾਅਦ ਬਦਲ ਵੀ ਜਾਣੀ ਹੈ, ਤੇ ਕੁੱਝ ਸਾਲਾਂ ਨੂੰ ਖੁਦ ਬਾਦਲ ਨੇ ਵੀ ਨਹੀਂ ਰਹਿਣਾ, ਪਰ ਗੁਰੂ ਨਾਨਕ ਦੇ ਵਿਹੜੇ ਵਿੱਚ ਅੱਕ ਲੱਗੇ ਇਹਨਾਂ ਪੁਜਾਰੀਆਂ ਤੋਂ ਕਦੋਂ ਮੁਕਤੀ ਮਿਲੇਗੀ? ਇਹ ਨਾ ਸਮਝੋ ਕਿ ਇਹ ਬਾਦਲ ਦੇ ਹੀ ਗੁਲਾਮ ਹਨ। ਇਹ ਤਾਂ ਉਹ ਲੋਕ ਹਨ, ਜਿਸਦਾ ਰਾਜ ਹੋਵੇਗਾ, ਇਹ ਉਸਦੇ ਹੀ ਗੁਲਾਮ ਹੋਣਗੇ। ਇਹ ਉਹ ਲੋਕ ਹਨ ਜੋ ਅਕਾਲ ਤਖ਼ਤ ਹਮਲਾ ਕਰਵਾਉਣ ਦੀ ਲਿਖਤੀ ਜਿੰਮੇਵਾਰੀ ਲੈਣ ਵਾਲੇ ਅਡਵਾਨੀ ਨੂੰ ਵੀ ਸਿਰੋਪਾ ਦੇ ਦਿੰਦੇ ਹਨ। ਕੈਪਟਨ ਅਮਰਿੰਦਰ ਸਿੰਘ ਜਿੰਨ੍ਹਾਂ ਨੇ ਅਕਾਲ ਤਖ਼ਤ ’ਤੇ ਹੋਏ ਹਮਲੇ ਦੇ ਰੋਸ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਨੂੰ ਸਿਰੋਪਾ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਕਾਂਗਰਸ ਪਾਰਟੀ ਨੂੰ ਸਿੱਖਾਂ ਦੀ ਨੰਬਰ ਇੱਕ ਦੁਸ਼ਮਣ ਵੀ ਗਰਦਾਨ ਦਿੰਦੇ ਹਨ। ਜੇ 1984 ਵਿੱਚ ਕਾਂਗਰਸ ਅਕਾਲ ਤਖ਼ਤ ਨੂੰ ਢਾਹ ਦੇਵੇ ਤਾਂ ਇਹ ਗ੍ਰੰਥੀ ਕ੍ਰਿਪਾਲ ਸਿੰਘ ਦੇ ਰੂਪ ਵਿੱਚ ਇਹ ਬਿਆਨ ਵੀ ਦੇ ਦਿੰਦੇ ਹਨ ਕਿ ਕੋਠਾ ਸਾਹਿਬ (ਅਕਾਲ ਤਖ਼ਤ) ਠੀਕ ਠਾਕ ਹੈ। ਇਹ ਰੂੜ ਸਿੰਘ ਦੇ ਰੂਪ ਵਿੱਚ ਜਲ੍ਹਿਆਂ ਵਾਲੇ ਬਾਗ ਦੇ ਕਾਤਲ ਜਨਰਲ ਡਾਇਰ ਨੂੰ ਵੀ ਸਿਰੋਪਾ ਦੇ ਕੇ ਉਸਨੂੰ ਗੁਰ ਸਿੱਖ ਹੋਣ ਦੀ ਉਪਾਧੀ ਵੀ ਦੇ ਦਿੰਦੇ ਹਨ। ਅਸੀਂ ਇੰਨਾਂ ਕੁੱਝ ਪਤਾ ਹੁੰਦੇ ਹੋਏ ਵੀ ਇਹਨਾਂ ਅਖੌਤੀ ਜਥੇਦਾਰਾਂ ਨੂੰ ਸਰਵ ਉਚ ਮੰਨ ਕੇ ਕਿਹੜੀ ਗੁਰਮਤਿ ਦੀ ਪਾਲਣਾ ਕਰ ਰਹੇ ਹਾਂ?

ਕਈ ਵੀਰ ਇਹ ਉਦਹਾਰਣਾਂ ਵੀ ਦਿੰਦੇ ਹਨ ਕਿ ਫੈਸਲਾ ਤਾਂ ਸਰਬੱਤ ਖਾਲਸੇ ਨੇ ਕਰਨਾ ਹੁੰਦਾ ਹੈ, ਜਥੇਦਾਰ ਤਾਂ ਉਸਨੂੰ ਪੜ੍ਹ ਕੇ ਸੁਣਾਉਣ ਲਈ ਹੁੰਦਾ ਹੈ ਅਤੇ ਜਥੇਦਾਰ ਸਰਵ ਪ੍ਰਮਾਣਿਤ ਹੋਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਇਹ ਕਿ ਹੁਣ ਸਰਬੱਤ ਖਾਲਸੇ ਦਾ ਇੱਕਠ ਹੋ ਹੀ ਨਹੀਂ ਸਕਦਾ। ਉਂਝ ਤਾਂ ਭਾਵੇਂ ਕੋਈ ਆਪਣੇ ਵੱਲੋਂ ਸੱਦੇ ਇੱਕਠ ਨੂੰ ਸਰਬੱਤ ਖਾਲਸੇ ਦਾ ਨਾਂਅ ਦੇਈਂ ਜਾਵੇ। ਜੇ ਅੱਜ ਸਿੱਖ ਪੰਥ ਨੂੰ ‘ਡੱਡਾਂ ਦੀ ਪਸੇਰੀ’ ਕਹਿ ਦਿੱਤਾ ਜਾਵੇ ਤਾਂ ਵੀ ਕੋਈ ਅੱਤ ਕਥਨੀ ਨਹੀਂ ਹੋਵੇਗੀ। ਕਿਉਂਕਿ ਅੱਜ ਜਿੱਥੇ ਵੀ ਚਾਰ ਸਿੱਖ ਖੜ੍ਹੇ ਹਨ, ਉਨ੍ਹਾਂ ਦਾ ਆਪਣਾ ਵੱਖਰਾ ਦਲ, ਜੱਥਾ, ਟਕਸਾਲ, ਫੈਡਰੇਸ਼ਨ, ਡੇਰਾ, ਠਾਠ ਆਦਿ ਹੁੰਦਾ ਹੈ। ਸਭ ਦੀ ਆਪੋ-ਆਪਣੀ ਰਹਿਤ ਮਰਯਾਦਾ ਹੈ। ਕੋਈ ਵੀ ਆਪਣੀ ਸੰਸਥਾ ਨੂੰ ਘੱਟ ਨਹੀਂ ਸਮਝਦਾ। ਹਰ ਇੱਕ ਇਹੋ ਕਹਿੰਦਾ ਹੈ ਕਿ ਜੋ ਕੰਮ ਉਹ ਕਰ ਰਿਹਾ ਹੈ, ਬਸ ਉਹੋ ਹੀ ਗੁਰਮਤਿ ਹੈ। ਹਰ ਇੱਕ ਦੀ ਇੱਛਾ ਹੈ ਕਿ ਅਕਾਲ ਤਖ਼ਤ ਦਾ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਉਹਨਾਂ ਦਾ ਆਪਣਾ ਹੋਵੇ, ਜੋ ਕੁੱਝ ਉਹ ਕਹਿ ਰਹੇ ਹਨ, ਸਾਰਾ ਪੰਥ ਉਹੀ ਮੰਨੇ। ਅੱਜ ਸਾਰੇ ਮਨਾਉਣ ਵਾਲੇ ਹੀ ਹਨ, ਮੰਨਣ ਵਾਲਾ ਕੋਈ ਵੀ ਨਹੀਂ ਹੈ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਗੁਰਮਤਿ ਦਾ ਘਾਣ ਕਰਨ ਵਾਲੇ ਪੁਜਾਰੀਆਂ ਦੇ ਇਸ ਅਹੁਦੇ ਨੂੰ ਖਤਮ ਹੀ ਕਰ ਦਿੱਤਾ ਜਾਵੇ, ਇਸ ਵਿੱਚ ਹੀ ਭਲਾ ਹੈ। ਫਿਰ ਅਸੀਂ ਆਪੋ ਆਪਣੀ ਮਨਮੱਤ ਜਿਵੇਂ ਮਰਜੀ ਪ੍ਰਚਾਰੀ ਜਾਈਏ ਪਰ ਕਿਸੇ ਇੱਕ ਨੂੰ ਇਹ ਹੱਕ ਹਾਸਿਲ ਨਾ ਹੋਵੇ ਕਿ ਉਹ ਆਪਣੀ ਮਨਮੱਤ ’ਤੇ ਅਕਾਲ ਤਖ਼ਤ ਦੀ ਮੋਹਰ ਲਾ ਕੇ ਉਸਨੂੰ ਸਮੂਹ ਸਿੱਖ ਪੰਥ ਦਾ ਫੈਸਲਾ ਪ੍ਰਚਾਰ ਕੇ ਆਪਣੇ ਵਿਰੋਧੀਆਂ ਨੂੰ ਜਲੀਲ ਕਰੇ। ਜੇ ਅਸੀਂ ਇਸ ਗਲਤ ਰਸਤੇ ਨੂੰ ਬੰਦ ਨਹੀਂ ਕਰ ਸਕਦੇ ਤਾਂ ਸਾਨੂੰ ਆਪੋ ਆਪਣੇ ਵੱਖੋ-ਵੱਖਰੇ ਪੰਥਾਂ ਦੇ ਅਕਾਲ ਤਖ਼ਤ ਬਣਾ ਕੇ ਉਨ੍ਹਾਂ ਦੇ ਆਪੋ-ਆਪਣੇ ਜਥੇਦਾਰ ਬਣਾ ਲੈਣੇ ਚਾਹੀਦੇ ਹਨ।

ਬੇਸ਼ੱਕ ਕਈਆਂ ਨੂੰ ਮੇਰੀ ਇਹ ਗੱਲ ਚੁਭੇਗੀ ਕਿ ਇਹ ਕਿਹੜਾ ਮੂਰਖ ਹੈ ਜੋ ਗੁਰੂ ਵੱਲੋਂ ਸਾਜੇ ਇੱਕ ਪੰਥ ਇੱਕ ਤਖ਼ਤ ਦੀ ਥਾਂ ਹਜ਼ਾਰਾਂ ਤਖ਼ਤ ਬਣਾਉਣ ਦੀ ਗੱਲ ਕਰ ਰਿਹਾ ਹੈ। ਪਰ ਸੱਚਾਈ ਇਹੀ ਹੈ ਕਿ ਬੇਸ਼ੱਕ ਕਹਿਣ ਨੂੰ ਤਾਂ ਅਸੀਂ ਇੱਕ ਗੁਰੂ, ਇੱਕ ਤਖ਼ਤ ਜਾਂ ਇੱਕ ਪੰਥ ਦੀ ਗੱਲ ਕਰਦੇ ਹਾਂ ਪਰ ਅੱਜ ਸਾਡਾ ਨਾ ਇੱਕ ਗੁਰੂ ਹੈ, ਨਾ ਇੱਕ ਤਖ਼ਤ ਤੇ ਨਾ ਹੀ ਇੱਕ ਪੰਥ। ਸਭ ਦੇ ਆਪੋ ਆਪਣੇ ਤਖ਼ਤ, ਡੇਰੇ, ਟਕਸਾਲਾਂ, ਜਥੇ, ਠਾਠ, ਫੈਡਰੇਸ਼ਨਾਂ, ਅਕਾਲੀ ਦਲ, ਨਿਹੰਗ ਦਲ, ਮਹਾਂਪੁਰਖ, ਵੰਸਾਂ, ਜਥੇਦਾਰ, ਸੰਤ ਬਾਬਿਆਂ ਤੋਂ ਇਲਾਵਾ ਕਿਸੇ ਲਈ ਗੁਰੂ ਗ੍ਰੰਥ ਸਾਹਿਬ, ਕਿਸੇ ਲਈ ਜਪੁਜੀ ਸਾਹਿਬ, ਕਿਸੇ ਲਈ ਸੁਖਮਣੀ ਸਾਹਿਬ, ਕਿਸੇ ਲਈ ਸ਼ਬਦ ਹਜਾਰੇ, ਕਿਸੇ ਲਈ ਬਾਰਾ ਮਾਹਾ, ਕਿਸੇ ਲਈ ਭਾਈ ਗੁਰਦਾਸ ਦੀ ਰਚਨਾ, ਕਿਸੇ ਲਈ ਗੁਰਬਿਲਾਸ ਪਾਤਸ਼ਾਹੀ ਛੇਵੀਂ, ਕਿਸੇ ਲਈ ਸੂਰਜ ਪ੍ਰਕਾਸ਼, ਕਿਸੇ ਲਈ ਭਗਤ ਮਾਲ, ਕਿਸੇ ਲਈ ਸਾਖੀ ਭਾਈ ਬਾਲੇ ਵਾਲੀ, ਕਿਸੇ ਲਈ ਰਾਗਮਾਲਾ ਆਦਿ ਸਰਵੋਤਮ ਹਨ। ਇਸ ਲਈ ਸਾਨੂੰ ‘‘ਜਿਨ ਮਨਿ ਹੋਰੁ ਮੁਖਿ ਹੋਰੁ ਸੇ ਕਾਂਢੇ ਕਚਿਆ’’ ਦੇ ਸ਼ਬਦ ਦੀ ਚੋਟ ਤੋਂ ਬਚਣ ਲਈ ਆਪੋ ਆਪਣੇ ਸਰਵੋਤਮਾਂ ਨੂੰ ਹੀ ਪੰਥ ਜਥੇਦਾਰ ਜਾਂ ਗੁਰੂ ਮੰਨਣ ਦਾ ਐਲਾਨ ਕਰ ਦੇਣਾ ਚਾਹੀਦਾ ਹੈ ਤਾਂ ਕਿ ਇਹ ਨਾ ਹੋਵੇ ਕਿ ਅਸੀਂ ਬਾਹਰੋਂ ਕਿਸੇ ਨੂੰ ਹੋਰ ਮੰਨਦੇ ਹੋਈਏ ਤੇ ਅੰਦਰੋਂ ਕਿਸੇ ਹੋਰ ਨੂੰ। ਤੱਤ ਗੁਰਮਤਿ ਨੂੰ ਪ੍ਰਣਾਏ ਸਿੱਖ ਵਿਦਵਾਨਾਂ ਦੀ ਦਾਸ ਇਸ ਗੱਲੋਂ ਕਦਰ ਕਰਦਾ ਹੈ ਕਿ ਉਹ ਗੁਰੂ ਨਾਨਕ ਦੇ ਚਲਾਏ ਸਿੱਖੀ ਮਾਰਗ ਵਿੱਚ ਨਾ ਤਾਂ ਪੁਜਾਰੀਆਂ ਦੇ ਅਹੁਦੇ ਨੂੰ ਮੰਨਦੇ ਹਨ ਤੇ ਨਾ ਹੀ ਪੁਜਾਰੀਆਂ ਦੇ ਹੁਕਮ ਦੀ ਪ੍ਰਵਾਹ ਕਰਦੇ ਹਨ। ਬੇਸ਼ੱਕ ਅਜਿਹਾ ਕਰਨ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਤੇ ਅੱਜ ਵੀ ਕਰਨਾ ਪੈ ਰਿਹਾ ਹੈ। ਪਰ ਉਹ ਸਭ ਕਾਸੇ ਦੀ ਪ੍ਰਵਾਹ ਕੀਤੇ ਵਗੈਰ ਗੁਰੂ ਨਾਨਕ ਦੀ ਸਿੱਖੀ ਵਿੱਚੋਂ ਪੁਜਾਰੀ ਸ਼੍ਰੇਣੀ ਨੂੰ ਰੱਦ ਕਰਨ ਦੇ ਫੈਸਲੇ ਉਤੇ ਦ੍ਰਿੜ੍ਹ ਹਨ।

ਹੁਣ ਦੇਸ਼-ਵਿਦੇਸ਼ ਦੇ ਸਿੱਖਾਂ ਦੀਆਂ ਨਜ਼ਰਾਂ ਪ੍ਰੋ: ਦਰਸ਼ਨ ਸਿੰਘ ਜੀ ਉਤੇ ਟਿਕੀਆਂ ਹੋਈਆਂ ਹਨ ਕਿ ਉਹ ਪੁਜਾਰੀਆਂ ਵੱਲੋਂ ਜਾਰੀ ਕੀਤੇ ਗੁਰਮਤਿ ਵਿਰੋਧੀ ਫੈਸਲੇ ਤੇ ਕੀ ਫੈਸਲਾ ਲੈਂਦੇ ਹਨ। ਗੁਰਬਾਣੀ ਨੂੰ ਗੁਰੂ ਮੰਨਣ ਵਾਲੇ ਸਿੱਖਾਂ ਦਾ ਤਾਂ ਇਹੋ ਵਿਚਾਰ ਹੈ ਕਿ ਪ੍ਰੋ: ਦਰਸ਼ਨ ਸਿੰਘ ਜੀ ਨੇ ਕੋਈ ਗੁਰਮਤਿ-ਵਿਰੋਧੀ ਕਰਮ ਨਹੀਂ ਕੀਤਾ, ਇਸ ਲਈ ਉਹਨਾਂ ਨੂੰ ਅਕਾਲ ਤਖ਼ਤ ’ਤੇ ਸੱਦਣਾ ਵੀ ਗਲਤ ਹੈ ਤੇ ਜੇ ਪ੍ਰੋ: ਸਾਹਿਬ ਪੁਜਾਰੀਆਂ ਅੱਗੇ ਪੇਸ਼ ਹੁੰਦੇ ਹਨ ਤਾਂ ਉਹ ਵੀ ਕੌਮ ਨੂੰ ਨਵੀਂ ਸੇਧ ਦੇਣ ਦੀ ਥਾਂ ਪੁਜਾਰੀਆਂ ਦੀਆਂ ਪਾਈਆਂ ਪੁਰਾਣੀਆਂ ਲੀਹਾਂ ਉਤੇ ਤੋਰਣ ਦੇ ਪ੍ਰੇਰਣਾ ਸ੍ਰੋਤ ਹੋਣਗੇ। ਜੋ ਗੁਰੂ ਨਾਨਕ ਦੀ ਸਿੱਖੀ ਲਈ ਹਾਨੀਕਾਰਕ ਅਤੇ ਪੁਜਾਰੀਆਂ ਲਈ ਲਾਹੇਵੰਦ ਸਾਬਤ ਹੋਣਗੇ।

ਇਸ ਲਈ ਪ੍ਰੋ: ਸਾਹਿਬ ਨੂੰ ਚਾਹੀਦਾ ਹੈ ਕਿ ਉਹ ਸਿੱਖ ਕੌਮ ਦੇ ਗਲੋਂ ਪੁਜਾਰੀਵਾਦ ਦਾ ਜੂਲਾ ਲਾਹੁਣ ਲਈ ਗੁਰਬਾਣੀ ਦੇ ਹੁਕਮਾਂ ਨੂੰ ਮੰਨਦਿਆਂ ਪੁਜਾਰੀਆਂ ਦੇ ਝੂਠੇ ਹੁਕਮਾਂ ਨੂੰ ਰੱਦ ਕਰਕੇ ਸਿੱਖ ਕੌਮ ਨੂੰ ਨਾਨਕਵਾਦ ਦੇ ਸਿਧਾਂਤ ਦੀ ਸੇਧ ਦੇਣ। ਉਹਨਾਂ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿ ਉਹ ਵੀ ਕਦੇ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਰਹੇ ਹਨ ਤੇ ਅੱਜ ਉਸ ਅਹੁਦੇ ਦਾ ਵਿਰੋਧ ਕਿਵੇਂ ਕਰਨ। ਇਹ ਕੋਈ ਵੱਡੀ ਗੱਲ ਨਹੀਂ ਹੈ, ਮਨੁੱਖ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਹੈ। ਜੇ ਕਿਸੇ ਮਨੁੱਖ ਨੂੰ ਪਹਿਲਾਂ ਕਿਸੇ ਮਾੜੀ ਗੱਲ ਬਾਰੇ ਜਾਣਕਾਰੀ ਨਾ ਹੋਵੇ, ਪਰ ਬਾਅਦ ਵਿੱਚ ਇਸਦਾ ਪਤਾ ਲੱਗ ਜਾਵੇ ਤਾਂ ਉਸਨੂੰ ਉਸ ਸਮੇਂ ਹੀ ਮਾੜੀ ਗੱਲ ਤੋਂ ਆਪਣੇ ਆਪ ਨੂੰ ਦੂਰ ਕਰ ਲੈਣਾ ਚਾਹੀਦਾ ਹੈ। ਜਿਵੇਂ ਕਿ ਭਾਈ ਲਹਿਣਾ ਜੀ ਪਹਿਲਾਂ ਦੇਵੀਆਂ ਦੇ ਪੁਜਾਰੀ ਸਨ, ਪਰ ਜਦੋਂ ਉਹ ਗੁਰੂ ਨਾਨਕ ਦੇ ਸੰਪਰਕ ਵਿੱਚ ਆ ਗਏ ਤਾਂ ਉਹਨਾਂ ਨੂੰ ਗਿਆਨ ਹੋ ਗਿਆ। ਜਿਸ ਕਾਰਨ ਉਹਨਾਂ ਨੇ ਦੇਵੀਆਂ ਦੀ ਪੂਜਾ ਵਾਲੀ ਮਨਮੱਤ ਤਿਆਗ ਕੇ ਗੁਰਮਤਿ ਧਾਰਣ ਕਰ ਲਈ ਸੀ, ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਸਿੱਖਾਂ ਨੂੰ ਗੁਰਮਤਿ ਨਾਲ ਜੋੜਦੇ ਰਹੇ। ਇਸੇ ਤਰ੍ਹਾਂ ਪ੍ਰੋ: ਦਰਸ਼ਨ ਸਿੰਘ ਜੀ ਨੂੰ ਚਾਹੀਦਾ ਹੈ ਕਿ ਬੇਸ਼ੱਕ ਪਹਿਲਾਂ ਉਹ ਇਸ ਅਹੁਦੇ ’ਤੇ ਰਹੇ ਹਨ, ਪਰ ਅੱਜ ਉਹ ਇਸ ਅਹੁਦੇ ਰਾਹੀਂ ਪੁਜਾਰੀਆਂ ਵੱਲੋਂ ਗੁਰਮਤਿ ਦੇ ਕੀਤੇ ਜਾ ਰਹੇ ਘਾਣ ਨੂੰ ਰੋਕਣ ਲਈ ਅੱਗੇ ਆਉਣ ਕਿਉਂਕਿ ਪ੍ਰੋ: ਸਾਹਿਬ ਬਹੁਤ ਸੂਝਵਾਨ ਹਨ ਅਤੇ ਸਿੱਖ ਕੌਮ ਵਿੱਚ ਉਹਨਾਂ ਦਾ ਬਹੁਤ ਸਤਿਕਾਰ ਹੈ। ਹੋ ਸਕਦਾ ਹੈ ਕਿ ਪਹਿਲਾਂ ਉਹਨਾਂ ਨੂੰ ਇਸ ਅਹੁਦੇ ਅਤੇ ਅਖੌਤੀ ਦਸ਼ਮ ਗ੍ਰੰਥ ਬਾਰੇ ਇੰਨੀ ਜਾਣਕਾਰੀ ਨਾ ਹੋਵੇ, ਪਰ ਅੱਜ ਪ੍ਰੋ: ਸਾਹਿਬ ਅਖੌਤੀ ਦਸ਼ਮ ਗ੍ਰੰਥ ਦੀ ਅਸ਼ਲੀਲ ਰਚਨਾ ਦੀ ਅਸਲੀਅਤ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਮੈਦਾਨ ਵਿੱਚ ਨਿੱਤਰੇ ਹੋਏ ਹਨ।

ਬੇਸ਼ੱਕ ਹੋਰ ਵੀ ਬਹੁਤ ਵਿਦਵਾਨ ਇਸਦੀ ਅਸਲੀਅਤ ਨੂੰ ਲੋਕਾਂ ਸਾਹਮਣੇ ਰੱਖ ਰਹੇ ਹਨ, ਪਰ ਪ੍ਰੋ: ਦਰਸ਼ਨ ਸਿੰਘ ਦੇ ਵਿਚਾਰਾਂ ਦਾ ਅਸਰ ਲੋਕਾਂ ਤੇ ਬਹੁਤ ਜਿਆਦਾ ਹੁੰਦਾ ਹੈ। ਜਿਸ ਕਾਰਨ ਗੁਰੂ ਦੋਖੀ ਲਾਬੀ ਜੋ ਅਖੌਤੀ ਦਸ਼ਮ ਗ੍ਰੰਥ ਸਿੱਖ ਕੌਮ ਦੇ ਮੱਥੇ ਮੜ੍ਹਨਾ ਚਾਹੁੰਦੀ ਹੈ, ਉਹ ਪ੍ਰੋ: ਸਾਹਿਬ ਨੂੰ ਆਪਣੇ ਰਸਤੇ ਵਿੱਚੋਂ ਪਾਸੇ ਕਰਨ ਲਈ ਅਕਾਲ ਤਖ਼ਤ ਦੇ ਨਾਮ ਦੀ ਦੁਰਵਰਤੋਂ ਕਰ ਰਹੀ ਹੈ। ਪ੍ਰੋ: ਸਾਹਿਬ ਨੂੰ ਅਜਿਹੇ ਗੁਰੂ ਦੋਖੀ ਪੁਜਾਰੀਆਂ ਅੱਗੇ ਪੇਸ਼ ਹੋ ਕੇ ਅਕਾਲ ਤਖ਼ਤ ਨੂੰ ਪ੍ਰਮਾਣਿਤ ਸਿੱਖ ਹੋਣ ਦਾ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ। ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਵਿਕਾਊ ਪੁਜਾਰੀਆਂ ਦੇ ਝੂਠੇ ਸਿਆਸੀ ਹੁਕਮਾਂ ਨੂੰ ਰੱਦ ਕਰਕੇ ਸਿੱਖ ਸੰਗਤਾਂ ਨੂੰ ਨਵਾਂ ਰਾਹ ਵਿਖਾਉਣ ਕਿ ਸਿੱਖਾਂ ਲਈ ਹੁਕਮਨਾਮਾ ਸਿਰਫ ਗੁਰਬਣੀ ਦਾ ਹੀ ਮੰਨਣਯੋਗ ਹੈ, ਗੁਰੂ ਨਾਨਕ ਦੀ ਸਿੱਖੀ ਵਿੱਚ ਪੁਜਾਰੀਆਂ ਲਈ ਕੋਈ ਥਾਂ ਨਹੀਂ ਹੈ।

ਦੁੱਖ ਦੀ ਗੱਲ ਹੈ ਕਿ ਅੱਜ ਕੋਈ ਗੁਰਬਾਣੀ ਦੇ ਵਿਰੁੱਧ ਜੋ ਮਰਜੀ ਕਰੀ ਜਾਵੇ, ਉਹ ਫਿਰ ਵੀ ਪੰਥਕ, ਗੁਰੂ ਦਾ ਹੁਕਮ ਮੰਨਣ ਦੀ ਬਜਾਇ ਗੁਰੂ ਦੇ ਹੁਕਮ ਦੀਆਂ ਧੱਜੀਆਂ ਉਡਾਈ ਜਾਵੇ ਉਹ ਫਿਰ ਵੀ ਪੰਥਕ ਅਤੇ ਗੁਰੂ ਕਾ ਸਿੱਖ। ਪਰ ਜੇ ਕੋਈ ਗੁਰਮਤਿ ਦੀ ਰੋਸ਼ਨੀ ਵਿੱਚ ਪੁਜਾਰੀਆਂ ਜਾਂ ਪੁਜਾਰੀਆਂ ਦੇ ਸਿਆਸੀ ਮਾਲਕਾਂ ਵਿਰੁੱਧ ਉਂਗਲ ਵੀ ਹਿਲਾ ਦੇਵੇ ਤਾਂ ਉਹ ਪੰਥ ਦਾ ਦੁਸ਼ਮਣ ਅਤੇ ਸਿੱਖ ਪੰਥ ਵਿੱਚੋਂ ਛੇਕਿਆ ਹੋਇਆ ਪ੍ਰਚਾਰਿਆ ਜਾਂਦਾ ਹੈ। ਪੁਜਾਰੀ ਅਜਿਹੀਆਂ ਚਾਲਾਂ ਸ਼ੁਰੂ ਤੋਂ ਹੀ ਚੱਲਦੇ ਆਏ ਹਨ, ਪੁਜਾਰੀਆਂ ਦੀਆਂ ਇਹਨਾਂ ਵਧੀਕੀਆਂ ਦਾ ਸ਼ਿਕਾਰ ਪਹਿਲਾਂ ਵੀ ਕਈ ਸੱਚੇ ਸਿੱਖ ਵਿਦਵਾਨ ਹੋ ਚੁੱਕੇ ਹਨ। ਕਿਉਂਕਿ ਪੁਜਾਰੀਆਂ ਦੀ ਅਵਾਜ਼ ਅਕਾਲ ਤਖ਼ਤ ਸਾਹਿਬ ਦੇ ਉਚੇ ਮੋਢਿਆਂ ਉਤੇ ਚੜ੍ਹ ਕੇ ਆਮ ਸਿੱਖਾਂ ਤੱਕ ਪਹੁੰਚ ਜਾਂਦੀ ਸੀ। ਸੱਚੇ ਸਿੱਖ ਵਿਦਵਾਨਾਂ ਦੀ ਸੱਚੀ ਤੇ ਉਚੀ ਅਵਾਜ ਵੀ ਧਾਰਮਿਕ ਪਰੰਪਰਾਵਾਂ (ਅਕਾਲ ਤਖ਼ਤ ਦੇ ਨਾਮ ਹੇਠ) ਹੇਠ ਦੱਬ ਕੇ ਰਹਿ ਜਾਂਦੀ ਸੀ। ਪਰ ਅੱਜ ਬਹੁਤ ਸਾਰੇ ਸਿੱਖ ਰਸਾਲਿਆਂ ਅਤੇ ਵੈਬਸਾਈਟਾਂ ਨੇ ਪੁਜਾਰੀਵਾਦ ਵਿਰੁੱਧ ਝੰਡਾ ਚੁੱਕਿਆ ਹੋਇਆ ਹੈ ਅਤੇ ਹੋਰ ਅਖਬਾਰ ਵੀ ਇਹਨਾਂ ਮਸਲਿਆਂ ’ਤੇ ਖਬਰਾਂ ਛਾਪ ਰਹੇ ਹਨ। ਜਿਸ ਕਾਰਨ ਹੁਣ ਵੱਡੀ ਗਿਣਤੀ ਵਿੱਚ ਸਿੱਖ ਪੁਜਾਰੀਆਂ ਦੇ ਹੁਕਮਾਂ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ।

ਇਸ ਲਈ ਪ੍ਰੋ: ਦਰਸ਼ਨ ਸਿੰਘ ਨੂੰ ਚਾਹੀਦਾ ਹੈ ਕਿ ਉਹ ਸਿੱਖ ਕੌਮ ਦੇ ਗਲ ਪਈ ਹੋਈ ਪੁਜਾਰੀ ਸ਼੍ਰੇਣੀ ਨੂੰ ਲਾਹੁਣ ਲਈ ਸ਼ੁਰੂ ਹੋਈ ਲੜਾਈ ਨੂੰ ਆਗੂ ਬਣਕੇ ਲੜਨ, ਸੂਝਵਾਨ ਸਿੱਖ ਉਹਨਾਂ ਦੇ ਨਾਲ ਹਨ। ਅੱਜ ਉਹਨਾਂ ਦੀ ਅਵਾਜ ਨੂੰ ਕੋਈ ਧਾਰਮਕ ਪਰੰਪਰਾ ਹੇਠ ਨਹੀਂ ਦਬਾਇਆ ਜਾ ਸਕੇਗਾ। ਜੇ ਪ੍ਰੋਫੈਸਰ ਸਾਹਿਬ ਅਕਾਲ ਤਖ਼ਤ ਤੇ ਇਹ ਮੰਨ ਕੇ ਪੇਸ਼ ਹੋ ਜਾਂਦੇ ਹਨ ਕਿ ਉਹ ਤਾਂ ਅਕਾਲ ਤਖ਼ਤ ਨੂੰ ਸਮਰਪਿਤ ਹਨ ਜਾਂ ਪੰਥ ਵਿੱਚੋਂ ਛੇਕੇ ਹੋਣ ਦਾ ਧੱਬਾ ਲੱਗਣ ਡਰੋਂ, ਬੇਸ਼ੱਕ ਇਸ ਵਿੱਚ ਉਹਨਾਂ ਦੀ ਇਹ ਸੋਚ ਵੀ ਕਿਉਂ ਨਾ ਹੋਵੇ ਕਿ ਅੱਜ ਵੀ ਬਹੁ-ਗਿਣਤੀ ਲੋਕ ਅਕਾਲ ਤਖ਼ਤ (ਪੁਜਾਰੀਆਂ) ਦੇ ਹੁਕਮ ਨੂੰ ਸਰਬ ਉਚ ਮੰਨਦੇ ਹਨ। ਉਹਨਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਅਕਾਲ ਤਖ਼ਤ ਨੂੰ ਮੰਨਣ ਵਾਲਾ ਕਹਾਉਣ ਲਈ ਹੀ ਕਿਉਂ ਨਾ ਪੇਸ਼ ਹੋਵੇ, ਉਹ ਵੀ ਚੰਗਾ ਨਹੀਂ ਹੈ। ਕਿਉਂਕਿ ਗੱਲ ਸਹੇ ਦੀ ਨਹੀਂ ਗੱਲ ਤਾਂ ਪਹੇ ਦੀ ਹੈ। ਪੁਜਾਰੀਵਾਦ ਦੇ ਇਸ ਰਸਤੇ ਨੂੰ ਬੰਦ ਕਰਨ ਲਈ ਅਤੇ ਗੁਰੂ ਨਾਨਕ ਦੀ ਸਿੱਖੀ ਜਿਸ ਨੂੰ ਪੁਜਾਰੀਆਂ ਨੇ ਗੋਡਿਆਂ ਥੱਲੇ ਲਿਆ ਹੋਇਆ ਹੈ, ਨੂੰ ਬਚਾਉਣ ਲਈ ਪ੍ਰੋ: ਦਰਸ਼ਨ ਸਿੰਘ ਨੂੰ ਚਾਹੀਦਾ ਹੈ ਕਿ ਉਹ ਪੁਜਾਰੀਆਂ ਦੇ ਹੁਕਮ ਨੂੰ ਰੱਦ ਕਰਕੇ ਗੁਰਬਾਣੀ ਦੇ ਹੁਕਮ ਨੂੰ ਮੰਨਦੇ ਹੋਏ ਸੱਚ ਦਾ ਹੋਕਾ ਦਿੰਦੇ ਰਹਿਣ। ਜਿੰਨਾ ਚਿਰ ਅਖੌਤੀ ਦਸ਼ਮ ਗ੍ਰੰਥ ਰੂਪੀ ਬ੍ਰਾਹਮਣਵਾਦੀ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਨਾਮ ਨਾਲੋਂ ਹੱਟ ਨਹੀਂ ਜਾਂਦੀਆਂ, ਓਨਾ ਚਿਰ ਇਸ ਅਸ਼ਲੀਲ ਤੇ ਬਿਪਰਵਾਦੀ ਕਵਿਤਾਵਾਂ ਦੇ ਗ੍ਰੰਥ ਦੀ ਅਸਲੀਅਤ ਇਸੇ ਤਰ੍ਹਾਂ ਡੰਕੇ ਦੀ ਚੋਟ ਨਾਲ ਨੰਗੀ ਕਰਦੇ ਰਹਿਣ।

ਅਖੀਰ ਵਿੱਚ ਪ੍ਰੋ: ਸਾਹਿਬ ਨੂੰ ਬੇਨਤੀ ਹੈ ਕਿ ਪ੍ਰੋ: ਸਾਹਿਬ ਤੁਹਾਡੀ ਆਤਮਾ-ਜਮੀਰ ਜਿਉਂਦੀ ਹੈ। ਤੁਹਾਡੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਤਿਕਾਰ ਹੈ, ਜਿਸ ਕਾਰਨ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ਨੂੰ ਕਲੰਕਿਤ ਕਰਨ ਵਾਲੇ ਅਸ਼ਲੀਲ ਕਵਿਤਾ ਦੇ ਪੁਲੰਦੇ ਨੂੰ ਸਿੱਖ ਕੌਮ ਦੇ ਗਲੋਂ ਲਾਹੁਣ ਦੀ ਲੜਾਈ ਲੜ ਰਹੇ ਹੋਂ। ਇਸ ਗੰਦ ਤੋਂ ਦੁਖੀ ਹੋ ਕੇ ਤੁਸੀਂ ਰੋਸ ਵੱਜੋਂ ਕਾਲੇ ਕੱਪੜੇ ਪਹਿਨੇ ਹੋਏ ਹਨ। ਸਿਰ ਤੇ ਕੱਫਣ ਬੰਨ ਕੇ ਮੈਦਾਨ ਵਿੱਚ ਨਿੱਤਰਨ ਵਾਲੇ ਮਰ ਜੀਵੜਿਆਂ ਦੀ ਤਰ੍ਹਾਂ ਤੁਸੀਂ ਸਿਰ ਉਤੇ ਕੱਫਣ ਰੂਪੀ ਪੱਟੀ ਬੰਨ ਕੇ ਸੁਨੇਹਾ ਵੀ ਦੇ ਰਹੇ ਹੋ ਕਿ ‘‘ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ।’’ ਫਿਰ ਤੁਸੀਂ ਮਰੀ ਆਤਮਾ ਤੇ ਜਮੀਰ ਵਾਲੇ ਗੁਰੂ ਦੋਖੀਆਂ, ਜਿੰਨ੍ਹਾਂ ਦੇ ਸਾਹਿਬ ਅਸ਼ਲੀਲ ਕਵਿਤਾ, ਸ੍ਰ: ਬਾਦਲ ਤੇ ਆਰ.ਐਸ.ਐਸ. ਵਾਲੇ ਹਨ, ਅੱਗੇ ਪੇਸ਼ ਹੋ ਕੇ ‘‘ਸਾਹਿਬ ਮੇਰਾ ਏਕੋ ਹੈ’’ ਦੇ ਸਿਧਾਂਤ ਨੂੰ ਲਾਜ ਨਾ ਲਾਇਓ। ਡਟੇ ਰਹੋ ਜੇ ਤੁਹਾਡੇ ਇਸ ਰਸਤੇ ਤੇ ਚੱਲਣ ਵਾਲਿਆਂ ਦੀ ਤੁਹਾਡੇ ਤੋਂ ਅੱਗੇ ਗਿਣਤੀ ਘੱਟ ਹੈ ਤਾਂ ਇਸ ਦੀ ਪਰਵਾਹ ਨਾ ਕਰੋ ਕਿਉਂਕਿ ਤੁਹਾਡੇ ਪਿੱਛੇ ਤੁਰਨ ਵਾਲਾ ਬਹੁਤ ਵੱਡਾ ਕਾਫਲਾ ਹੈ, ਜੋ ਤੁਹਾਡੇ ਅੱਗੇ ਲੱਗਣ ਦੀ ਉਡੀਕ ਕਰ ਰਿਹਾ ਹੈ।