Subscription About Us Contact Us


ਸਪੋਕਸਮੈਨ ਦੀ ਨਵੀਂ ਨੀਤੀ : ਡੇਰੇਦਾਰਾਂ ਅਤੇ ਪੰਥ-ਵਿਰੋਧੀਆਂ ਦੇ ਇਸ਼ਤਿਹਾਰ
ਤਾਂ ਛਾਪੋ ਪਰ ਗੁਰਮਤਿ ਦਾ ਪ੍ਰਚਾਰ ਕਰਨ ਵਾਲਿਆਂ ਦੇ ਨਹੀਂ

- ਤੱਤ ਗੁਰਮਤਿ ਪਰਿਵਾਰ -
tatgurmat@gmail.com

ਨੋਟ:- ਇਹ ਪੱਤਰ ਲਗਭਗ ਕਾਫੀ ਦਿਨ ਪਹਿਲਾਂ ਪਹਿਲਾਂ ਨਿੱਜੀ ਤੌਰ ਤੇ ਸਪੋਕਸਮੈਨ ਨੂੰ ਦਿਤਾ ਗਿਆ ਸੀ,
ਪਰ ਕੋਈ ਸਪਸ਼ਟੀਕਰਨ ਨਾ ਆਉਣ ਕਾਰਨ ਹੁਣ ਪਾਠਕਾਂ ਦੀ ਕਚਿਹਰੀ ਵਿਚ ਪੇਸ਼ ਕੀਤਾ ਜਾ ਰਿਹਾ ਹੈ।

ਬਹੁਤਾਤ ਪਾਠਕ ਜਾਣਦੇ ਹਨ ਕਿ ਨਾਨਕ ਪਾਤਸ਼ਾਹ ਦੇ ਦਿੱਤੇ ਫਲਸਫੇ ਨੂੰ ਇਸ ਦੇ ਖਰੇ ਅਤੇ ਸਪਸ਼ਟ ਰੂਪ ਵਿਚ ਸਾਹਮਣੇ ਲਿਆ ਕੇ, ਲਾਗੂ ਕਰਨ ਅਤੇ ਪ੍ਰਚਾਰਨ ਦੇ ਮਕਸਦ ਨਾਲ, ‘ਤੱਤ ਗੁਰਮਤਿ’ ਖੇਤਰ ਨਾਲ ਜੁੜੀਆਂ ਤਕਰੀਬਨ ਸਾਰੀਆਂ ਹੀ ਸੰਸਥਾਵਾਂ ਆਪਣੇ-ਆਪਣੇ ਤਰੀਕੇ ਨਾਲ ਇਸ ਮਕਸਦ ਲਈ ਸੰਘਰਸ਼ ਸ਼ੀਲ ਹਨ।ਪਰ ਉਹ ਇਕ ਹੱਦ ਤੱਕ ਪਹੁੰਚ ਕੇ ਸਮਝੌਤਾਵਾਦੀ ਰੁੱਖ ਅਪਣਾ ਲੈਂਦੀਆਂ ਹਨ।ਜਿਸ ਕਾਰਨ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਵਿੱਚ ਖੜੌਤ ਮਹਿਸੂਸ ਕਰਦਿਆਂ ਲੱਗਭਗ ਇਕ ਸਾਲ ਪਹਿਲਾਂ ‘ਤੱਤ ਗੁਰਮਤਿ ਪਰਿਵਾਰ’ ਨਾਂ ਦਾ ਇਕ ਮੰਚ ਗਠਿਤ ਕੀਤਾ ਗਿਆ ਤਾਂ ਕਿ ਗੁਰਮਤਿ ਸਿਧਾਂਤ ਲਈ, ਬਿਨਾਂ ਕਿਸੇ ਸਮਝੌਤੇ ਦੇ ਹਰ ਵਿਚਾਰ ਕੇਵਲ ‘ਗੁਰਮਤਿ ਦਲੀਲ’ ਨਾਲ ਹੀ ਸਪਸ਼ਟ ਕੀਤਾ ਜਾ ਸਕੇ।

ਇਸ ਉਦੇਸ਼ ਦੀ ਪੂਰਤੀ ਲਈ ਜਿੱਥੇ ‘ਤੱਤ ਗੁਰਮਤਿ ਪਰਿਵਾਰ’, ਇਸ ਖੇਤਰ ਵਿਚ ਸੰਘਰਸ਼ਸ਼ੀਲ ਸੰਸਥਾਵਾਂ, ਮੈਗਜ਼ੀਨਾਂ ਆਦਿ ਵੱਲੋਂ ਗੁਰਮਤਿ ਸਿਧਾਂਤਾਂ ਵਿਰੁਧ ਕੀਤੀਆਂ ਗੱਲਾਂ ਦੇ ਸੁਧਾਰ ਲਈ ‘ਹਾਂ-ਪੱਖੀ’ ਆਲੋਚਨਾ ਕਰਦਾ ਹੈ।ੳੁੱਥੇ ਦੁਜੇ ਪਾਸੇ ਇਨ੍ਹਾਂ ਸਾਰੀਆਂ ਸੰਸਥਾਵਾਂ ਦੇ ਸਹਿਯੋਗ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਇੱਕ ਦੂੱਜੇ ਦੇ ਨੇੜੇ ਲਿਆਉਣ ਲਈ ਵੀ ਵਚਨਬੱਧ ਹੈ।ਜਿਵੇਂ ਕਿ ‘ਦਿਲਗੀਰ’ ਜੀ ਦੀ ਮਾਤਾ ਦੇ ਅਕਾਲ ਚਲਾਣੇ ਦੇ ਸਬੰਧ ਵਿਚ ਗੁਰਮਤਿ ਸਮਾਗਮ ਵੇਲੇ ‘ਤੱਤ ਗੁਰਮਤਿ ਪਰਿਵਾਰ’ ਵਲੋਂ ਲਗਾਏ ਗੁਰਮਤਿ ਲਿਟਰੇਚਰ ਸਟਾਲ ਤੋਂ ਜਿੱਥੇ ਰੋਜ਼ਾਨਾ ਸਪੋਕਸਮੈਨ ਮੁਫ਼ਤ ਵੰਡਿਆ ਜਾ ਰਿਹਾ ਸੀ ਉੱਥੇ ਇੰਡੀਆ ਅਵੈਅਰਨੈਸ ਮੈਗਜ਼ੀਨ ਵੀ ਬੁੱਕ ਕੀਤਾ ਜਾ ਰਿਹਾ ਸੀ।ਉੱਥੇ ਇਸੇ ਸਟਾਲ ਤੋਂ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਹਰਜਿੰਦਰ ਸਿੰਘ ਜੀ ਦਿਲਗੀਰ, ਮਹਿੰਦਰ ਸਿੰਘ ਜੀ ਜੋਸ਼, ਆਦਿ ਦੀਆਂ ਪੁਸਤਕਾਂ ਦੀ ਵਿਕਰੀ ਦੇ ਨਾਲ-ਨਾਲ ਵੀਰ ਭੁਪਿੰਦਰ ਸਿੰਘ ਜੀ ‘ਲਿਵਿੰਗ ਟਰਿਜ਼ਰ’ ਵਾਲਿਆਂ ਦੀਆਂ ਆਡਿਉ ਕੈਸਟਾਂ ਵੀ ਇਸੇ ਸਟਾਲ ਤੋਂ ਵੇਚੀਆਂ ਜਾ ਰਹੀਆਂ ਸਨ ਅਤੇ ਪੰਜਾਬ ਖਾਲਸਾ ਟ੍ਰੈਕਟ ਸੋਸਾਇਟੀ ਦੇ ਟ੍ਰੈਕਟ ਵੀ ਮੁਫ਼ਤ ਵੰਡੇ ਜਾ ਰਹੇ ਸਨ ਤਾਂ ਕਿ ਇਕੋ ਸਮੇਂ ਗੁਰਮਤਿ ਦੇ ਖੇਤਰ ਵਿੱਚ ਕਾਰਜਰੱਤ ਸੰਸਥਾਂਵਾਂ ਦਾ ਬਿਨਾਂ ਕਿਸੇ ਵਿਤਕਰੇ ਤੋਂ ਸਹਿਯੋਗ ਕੀਤਾ ਜਾ ਸਕੇ। ਐਸੀਆਂ ਸੰਸਥਾਵਾਂ ਵਿੱਚ ਜਾਣੇ-ਅਨਜਾਣੇ ਆ ਗਈਆਂ ਦੂਰੀਆਂ ਨੂੰ ਘਟਾ ਕੇ ਇਕ ਮੰਚ ਤੇ ਲਿਆਉਣ ਦੇ ਮਕਸਦ ਨਾਲ ਅਕਤੂਬਰ 09 ਵਿਚ ਇਕ ‘ਤੱਤ ਗੁਰਮਤਿ ਏਕਤਾ ਸਮਾਗਮ’ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।ਪਰ ਸੰਸਥਾਵਾਂ ਅਤੇ ਵਿਦਵਾਨਾਂ ਦੇ ਏਕਤਾ ਪ੍ਰਤੀ ਢਿੱਲੇ-ਮੱਠੇ ਹੁੰਗਾਰੇ ਕਾਰਨ ‘ਪਰਿਵਾਰ’ ਨੂੰ ਮਜ਼ਬੂਰਨ ਇਹ ਸਮਾਗਮ ਢੁੱਕਵੇਂ ਸਮੇਂ ਦੀ ਉਡੀਕ ਵਿੱਚ ਮੁਲਤਵੀ ਕਰਨਾ ਪਿਆ।ਜ਼ਿਕਰਯੋਗ ਕਿ ਜਿੱਥੇ ਗੁਰਮਤਿ ਦੇ ਖੇਤਰ ਵਿੱਚ ਵਿੱਚਰ ਰਹੀਆਂ ਧਿਰਾਂ ਵਲੋਂ ਜਾਣੇ-ਅਣਜਾਣੇ ਸਿਧਾਂਤ ਵਿਰੁੱਧ ਹੋ ਗਈਆਂ ਸਿਧਾਂਤਕ ਗਲਤੀਆਂ ਲਈ ਉਨ੍ਹਾਂ ਵਿੱਚ ਸੁਧਾਰ ਦੀ ਮਨਸ਼ਾ ਨਾਲ ਆਲੋਚਨਾ ਕਰਨਾ ਅਪਣਾ ਫਰਜ਼ ਸਮਝਦਾ ਹੈ, ੳੁੱਥੇ ਨਾਲ ਹੀ ਇਨ੍ਹਾਂ ਵਲੋਂ ਕੀਤੇ ਚੰਗੇ ਕੰਮਾਂ ਵਿਚ ਹਰ ਸੰਭਵ ਸਹਿਯੋਗ ਲਈ ਵੀ ਵਚਨਬੱਧ ਹੈ।

ਪਰ ਸਪੋਕਸਮੈਨ (ਜੋਗਿੰਦਰ ਸਿੰਘ ਜੀ ਅਤੇ ਬੀਬੀ ਜਗਜੀਤ ਕੌਰ ਜੀ) ਨੇ ਨਾ ਜਾਣੇ ਕਿਹੜੀਆਂ ਗਲਤਫਹਿਮੀਆਂ ਵੱਸ ਆਰੰਭ ਤੋਂ ਹੀ ‘ਪਰਿਵਾਰ’ ਪ੍ਰਤੀ ਦੁਸ਼ਮਣਾਂ ਵਾਲਾ ਵਤੀਰਾ ਧਾਰਨ ਕਰ ਲਿਆ ਹੈ।ਪਿਛਲੇ ਸਾਲ ਕੀਤੇ ਗਏ ਸਪੋਕਸਮੈਨ ਦੇ ਸਾਲਾਨਾ ਸਮਾਗਮ ਵਿਚ ਉਹਨਾਂ ਵਲੋਂ ‘ਤੱਤ ਗੁਰਮਤਿ ਪਰਿਵਾਰ’ ਨੂੰ ਸਟਾਲ ਲਾਉਣ ਦੀ ਇਜ਼ਾਜ਼ਤ ਦੇਣ ਤੋਂ ਸਪਸ਼ਟ ਇਨਕਾਰ ਕਰਨ ਦੇ ਨਾਲ ਹੀ ‘ਤੱਤ ਗੁਰਮਤਿ ਪਰਿਵਾਰ’ ਵਲੋਂ ਭੇਜੇ ਜਾ ਰਹੇ ਸਿਧਾਂਤਕ ਲੇਖਾਂ ਦਾ ਵੀ ਮੁਕੰਮਲ ਬਾਈਕਾਟ ਕਰ ਦਿੱਤਾ ਹੈ। ਚਲੋ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਕਿ ਉਹ ਕਿਸੇ ਲੇਖ ਨੂੰ ਛਾਪਣ ਜਾਂ ਨਾ ਛਾਪਣ।ਪਰ ‘ਪਰਿਵਾਰ’ ਦੀ ਨੀਤੀ ਅਨੁਸਾਰ ਸਪੋਕਸਮੈਨ ਵਲੋਂ ਕੀਤੀਆਂ ਗਈਆਂ ਸਿਧਾਂਤ ਵਿਰੁੱਧ ਗੱਲਾਂ (ਜਾਂ ਲੇਖਾਂ ਦੀ ਆਲੋਚਨਾ) ਪਹਿਲਾਂ ਉਹਨਾਂ ਨੂੰ ਹੀ ਭੇਜੀਆਂ ਜਾਂਦੀਆਂ ਹਨ ਤਾਂ ਕਿ ਉਹ ਸੁਹਿਰਦਤਾ ਨਾਲ ਅਪਣਾ ਸਪਸ਼ਟੀਕਰਨ ਦੇ ਸਕਣ ਜਾਂ ‘ਪਰਿਵਾਰ’ ਦਾ ਪੱਖ ਵੀ ਛਾਪ ਸਕਣ। ਪਰ ਜਦੋਂ ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਕੋਈ ਹੁੰਗਾਰਾ ਨਹੀਂ ਮਿਲਦਾ ਤਾਂ ‘ਪਰਿਵਾਰ’ ਨੂੰ ਮਜ਼ਬੂਰਨ ਹੋਰਨਾਂ ਵਸੀਲਿਆਂ ਰਾਹੀਂ (ਸਿੱਖ ਮਾਰਗ, ਇੰਡੀਆ ਅਵੈਅਰਨੈਸ ਆਦਿ) ਪਾਠਕਾਂ ਦੀ ਕਚਹਿਰੀ ਵਿਚ ਜਾਣਾ ਪੈਂਦਾ ਹੈ।ਜੇ ਉਨ੍ਹਾਂ ਦੇ ਮਨ ਵਿਚ ‘ਪਰਿਵਾਰ’ ਪ੍ਰਤੀ ‘ਦੁਸ਼ਮਣੀ’ ਵਾਲੀ ਭਾਵਨਾ ਦਾ ਕਾਰਨ ‘ਪਰਿਵਾਰ’ ਵਲੋਂ ਸਪੋਕਸਮੈਨ ਵਿਚਲੀਆਂ ਸਿਧਾਂਤਕ ਗਲਤੀਆਂ ਦੀ ਸੁਧਾਰਮਈ ਆਲੋਚਣਾ ਕਰਨਾ ਹੈ ਤਾਂ ਉਹਨਾਂ ਦੀ ਇਹ ਸੋਚ ਬਹੁੱਤ ਹੀ ਤੰਗਦਿਲ ਅਤੇ ਗੁਰਮਤਿ ਵਿਰੋਧੀ ਹੈ।

‘ਪਰਿਵਾਰ’ ਗੱਲ ਕਰ ਰਿਹਾ ਹੈ ਸਪੋਕਸਮੈਨ ਵਲੋਂ ‘ਤੱਤ ਗੁਰਮਤਿ ਪਰਿਵਾਰ’ ਪ੍ਰਤੀ ਜਾਰੀ ਕੀਤੇ ਤਾਜ਼ਾ ‘ਹੁਕਮਨਾਮੇ’? ਦੀ।‘ਪਰਿਵਾਰ’ ਦੀ ਕਾਇਮੀ ਵੇਲੇ ਪਾਠਕਾਂ ਤੱਕ ਇਹ ਸੁਨੇਹਾ ਪਹੁੰਚਾਉਣ ਦੇ ਮਕਸਦ ਨਾਲ ਰੋਜਾਨਾ ਸਪੋਕਸਮੈਨ ਵਿਚ ਇਸ਼ਤਿਹਾਰ ਛਪਵਾਉਣ ਲਈ ਬੇਨਤੀ ਕੀਤੀ ਸੀ।ਜਿਸ ਦੀ ਸ਼ਬਦਾਵਲੀ ਕੁੱਝ ਇਸ ਤਰਾਂ ਸੀ:-

ਨਾਨਕ ਫਲਸਫੇ ਨੂੰ ਇਸਦੇ ਨਿਰੋਲ ਖਰੇ ਅਤੇ ਸਪਸ਼ਟ ਰੂਪ ਵਿਚ ਸਾਹਮਣੇ ਲਿਆਉਣ ਅਤੇ ਪ੍ਰਚਾਰਨ ਦੇ ਮਕਸਦ ਨਾਲ, ਕੁੱਝ ਸੁਹਿਰਦ ਪੰਥਦਰਦੀਆਂ ਵਲੋਂ ‘ਤੱਤ ਗੁਰਮਤਿ ਪਰਿਵਾਰ’ ਨਾਂ ਦੇ ਮੰਚ ਦਾ ਗਠਨ ਕੀਤਾ ਗਿਆ ਹੈ।ਇਸ ਬਾਰੇ ਜ਼ਿਅਦਾ ਜਾਣਕਾਰੀ ਲੈਣ ਲਈ ਮਾਸਿਕ ਪੰਥਕ ਮੈਗਜ਼ੀਨ ਇੰਡੀਆ ਅਵੈਅਰਨੈਸ (www.indiaawareness.com) ਦੇ ਅਕਤੂਬਰ 2008 ਅੰਕ ਵਿਚ 25 ਨੰ. ਪੰਨੇ ਤੇ ਛਪਿਆਂ ਲੇਖ ਵੇਖਿਆ ਜਾ ਸਕਦਾ ਹੈ ਜਾਂ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਦਾਸਰੇ : ਤੱਤ ਗੁਰਮਤਿ ਪਰਿਵਾਰ

ਬੀਬੀ ਜਗਜੀਤ ਕੌਰ ਜੀ ਨੇ ਇਸ਼ਤਿਹਾਰ ਦੀ ਇਹ ਸ਼ਬਦਾਵਲੀ ਸ.ਜੋਗਿੰਦਰ ਸਿੰਘ ਜੀ ਨੂੰ ਫੌਨ ਤੇ ਪੜ੍ਹ ਕੇ ਸੁਣਾਈ। ਉਨ੍ਹਾਂ ਨੇ ਇਹ ਇਸ਼ਤਿਹਾਰ ਛਾਪਣ ਤੋਂ ਕੋਰੀ ਨਾਂਹ ਕਰਦਿਆਂ ਸਪਸ਼ਟ ਕੀਤਾ ਕਿ ਜਿਸ ਇਸ਼ਤਿਹਾਰ ਵਿਚ ਸਾਡੇ ‘ਦੁਸ਼ਮਣ’ ਪਰਚੇ ਇੰਡੀਆ ਅਵੈਅਰਨੈਸ ਦੀ ਮਸ਼ਹੂਰੀ ਕੀਤੀ ਗਈ ਹੋਵੇ ਉਹ ਸਪੋਕਸਮੈਨ ਵਿੱਚ ਨਹੀਂ ਛੱਪ ਸਕਦਾ। ਜਾਗਰੂਕ ਪਾਠਕ ਤੇ ਸਪੋਕਸਮੈਨ ਦੇ ਅੰਨ੍ਹੇ ਹਿਮਾਇਤੀ ਇਸ ਰਵੱਈਏ ਲਈ ਕੀ ਕਹਿਣਗੇ?
ਕੁੱਝ ਸਮਾਂ ਪਹਿਲਾਂ ‘ਤੱਤ ਗੁਰਮਤਿ ਪਰਿਵਾਰ’ ਵਲੋਂ ਪਹਿਲ ਦੇ ਆਧਾਰ ’ਤੇ ਅਦਾਰਾ ਸਿੱਖ ਮਾਰਗ ਵੈਬਸਾਈਟ ‘ਸਿੱਖਮਾਰਗ ਡਾਟ ਕਾਮ’ ਉ¤ਪਰ ‘ਸਿੱਖ ਰਹਿਤ ਮਰਿਯਾਦਾ’ ਵਿੱਚ ਰਹਿ ਗਈਆਂ ਊਣਤਾਈਆਂ ਦੇ ਸੁਧਾਰ ਸੰਬੰਧੀ ਚਰਚਾ ਸ਼ੁਰੂ ਕੀਤੀ ਗਈ। ਜਿਹੜੇ ਜਾਗਰੁਕ ਸਿੱਖ ਇੰਟਰਨੈਟ ਨਾਲ ਨਹੀਂ ਜੁੜੇ ਹੋਏ, ਉਹਨਾਂ ਤੱਕ ਇਹ ਸੁਨੇਹਾ ਪਹੁੰਚਾਉਣ ਦੇ ਮਕਸਦ ਨਾਲ ‘ਪਰਿਵਾਰ’ ਨੇ ਇਕ ਇਸ਼ਤਿਹਾਰ ਸਪੋਕਸਮੈਨ ਵਿਚ ਪ੍ਰਕਾਸ਼ਿਤ ਕਰਵਾਉਣ ਲਈ ਮਨਜ਼ੂਰਸ਼ੁਦਾ ਏਜੰਟ ਰਾਹੀਂ ਸਪੋਕਸਮੈਨ ਦੇ ਦਫ਼ਤਰ ਪਹੁੰਚਾਇਆ ਜਿਸ ਦੀ ਸ਼ਬਦਾਵਲੀ ਕੁੱਝ ਇਸ ਤਰਾਂ ਸੀ:-

ਸਿੱਖ ਰਹਿਤ ਮਰਿਆਦਾ ਵਿਚ ਰਹਿ ਗਈਆਂ ਊਣਤਾਈਆਂ ਦੇ ਸੁਧਾਰ ਬਾਰੇ ਵਿਚਾਰ ਚਰਚਾ

ਮੌਜੂਦਾ ਪ੍ਰਚਲਿਤ ‘ਸਿੱਖ ਰਹਿਤ ਮਰਿਆਦਾ’ ਵਿਚ ਰਹਿ ਗਈਆਂ ਊਣਤਾਈਆਂ ਨੂੰ ਸੁਧਾਰ ਕੇ ਨਿਰੋਲ ਗੁਰਮਤਿ ਅਨੁਸਾਰੀ ‘ਸਿੱਖ ਜੀਵਨ ਜਾਚ’ ਤਿਆਰ ਕਰਨ ਦੇ ਮਕਸਦ ਨਾਲ ਕੁੱਝ ਸੁਹਿਰਦ, ਨਿਸ਼ਕਾਮ, ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਜਾਗਰੂਕ ਸਿੱਖਾਂ ਵੱਲੋਂ ਅਦਾਰਾ ‘ਸਿੱਖ ਮਾਰਗ’ ਦੀ ਵੈਬਸਾਈਟ www.sikhmarg.com ’ਤੇ ਵਿਚਾਰ ਚਰਚਾ ਸ਼ੁਰੂ ਕੀਤੀ ਗਈ ਹੈ। ਸਾਰੇ ਸੁਹਿਰਦ ਅਤੇ ਗੁਰਮਤਿ ਨੂੰ ਸਮਰਪਿਤ ਜਾਗਰੂਕ ਗੁਰਸਿੱਖਾਂ/ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਵੈਬਸਾਈਟ ’ਤੇ ਰਹਿਤ ਮਰਿਆਦਾ ਦੇ ਵਿਸ਼ੇ ਬਾਰੇ ਆਪਣੇ ਕੀਮਤੀ ਸੁਝਾਅ ਦੇ ਕੇ ਇਸ ਉਪਰਾਲੇ ਨੂੰ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਦੇਣ ਦੀ ਕ੍ਰਿਪਾਲਤ ਕਰਨ।

ਬੇਨਤੀ ਕਰਤਾ : ‘ਤੱਤ ਗੁਰਮਤਿ ਪਰਿਵਾਰ’
ਈ-ਮੇਲ :
tatgurmat@gmail.com

ਇਹ ਇਸ਼ਤਿਹਾਰ ਜੱਦ ਮੰਜੂਰਸ਼ੂਦਾ ਏਜੰਟ ਰਾਹੀਂ ਬੀਬੀ ਜਗਜੀਤ ਕੌਰ ਜੀ ਕੋਲ ਪਹੁੰਚਿਆ ਤਾਂ ਉਨ੍ਹਾਂ ਦਾ ਰਵਈਆ ਬਹੁਤ ਹੀ ਨਿਰਾਸ਼ਾਜਨਕ, ਗੈਰ-ਸਿਧਾਂਤਕ, ਅਤੇ ਤੰਗਦਿਲੀ ਵਾਲਾ ਜਾਪਿਆ।ਉਨ੍ਹਾਂ ਨੇ ਇਸ ਏਜੰਟ ਨੂੰ ਕਿਹਾ ਕਿ ‘ਤੱਤ ਗੁਰਮਤਿ ਪਰਿਵਾਰ’ ਨੂੰ ਦਸ ਦੇਈਂ ਕਿ ‘ਉਨ੍ਹਾਂ ਦਾ ਇਸ਼ਤਿਹਾਰ ਨਾ ਤਾਂ ਕਦੀ ਸਪੋਕਸਮੈਨ ਵਿਚ ਲਗਿਆ ਹੈ ਤੇ ਨਾ ਹੀ ਕਦੀਂ ਅੱਗੋਂ ਲਗੇਗਾ’।

‘ਪਰਿਵਾਰ’ ਜਾਗਰੂਕ ਪਾਠਕਾਂ ਅਤੇ ਸਪੋਕਸਮੈਨ ਦੇ ਪੱਕੇ ਹਿਮਾਇਤੀਆਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਸਪੋਕਸਮੈਨ (ਸ.ਜੋਗਿੰਦਰ ਸਿੰਘ ਜੀ, ਬੀਬੀ ਜਗਜੀਤ ਕੌਰ ਜੀ) ਦਾ ਇਹ ਰਵਈਆ ਜਾਇਜ਼ ਅਤੇ ਸਿਧਾਂਤਕ ਹੈ? ‘ਤੱਤ ਗੁਰਮਤਿ ਪਰਿਵਾਰ’ ਦੇ ਇਸ਼ਤਿਹਾਰਾਂ ਵਿਚ ਗੁਰਮਤਿ ਸਿਧਾਂਤਾਂ ਵਿਰੁਧ ਐਸਾ ਕੀ ਇਤਰਾਜ਼ਯੋਗ ਹੈ ਜੋ ਅਖੌਤੀ ਸੰਤ ਬਾਬਿਆਂ ਦੇ ਇਸ਼ਤਿਹਾਰਾਂ ਵਿੱਚ ਨਹੀਂ ਹੁੰਦਾ?

ਇੱਥੇ ਜ਼ਿਕਰਯੋਗ ਹੈ ਕਿ ਇਸੇ ਸਪੋਕਸਮੈਨ ਵਿਚ (ਆਰਥਿਕ ਮਜ਼ਬੂਰੀ ਦੇ ਨਾਂ ’ਤੇ) ਅਖੌਤੀ ਸੰਤ ਬਾਬਿਆਂ ਦੀ ਬੇਲੋੜੀ ਅਤੇ ਗੈਰ-ਸਿਧਾਂਤਕ ਉਸਤਤਿ ਕਰਦੇ ਇਸ਼ਤਿਆਰ ਅਕਸਰ ਹੀ ਛਪਦੇ ਰਹਿੰਦੇ ਹਨ ਜਿਵੇਂ ਕਿ 30 ਜੁਲਾਈ 2009 ਦਾ ਇਸ਼ਤਿਆਰ ਜੋ ਅਖੌਤੀ ਸੰਤ ਬਾਬਿਆਂ ਦੀ ਸਲਾਨਾ ਬਰਸੀ ਦੇ ਸਬੰਧ ਵਿਚ ਰੋਜ਼ਾਨਾ ਸਪੋਕਸਮੈਨ ਦੇ ਪੰਨਾ ਮੰਬਰ 12 ਤੇ ਲੱਗਿਆ ਸੀ, 29 ਜੁਲਾਈ 2009 ਨੂੰ ਪੰਨਾ ਨੰਬਰ 3 ਤੇ ਇਕ ਹੋਰ ਐਸਾ ਹੀ ਗੈਰ-ਸਿਧਾਂਤਕ ਸਲਾਨਾ ਬਰਸੀ ਦਾ ਇਸ਼ਤਿਆਰ ਛਪਿਆ ਸੀ। ਐਸੇ ਬਹੁਤ ਸਾਰੇ ਬਰਸੀਆਂ ਵਾਲੇ ਇਸ਼ਤਿਆਰ ਲਗਾਤਾਰ ਛੱਪਦੇ ਹੀ ਰਹਿੰਦੇ ਹਨ।ਜਦ ਕਿ ਇਕ ਪਾਸੇ ਅਖੌਤੀ ਸੰਤ ਬਾਬੇ ਕਾਫੀ ਲੰਬੇ ਅਰਸੇ ਤੋਂ ਸਿੱਖ ਸਿਧਾਂਤਾਂ ਨੂੰ ਹਰ ਤਰਫੋਂ ਖੌਰਾ ਲਾ ਰਹੇ ਹਨ ਜਿਸ ਨੂੰ ਪੰਥ ਵਿਰੋਧੀ ਦੱਸ ਕੇ ਡੇਰੇਦਾਰਾਂ ਵਿਰੁਧ ਕੋਈ ਨਾ ਕੋਈ ਖੱਬਰ ਆਏ ਦਿਨ ਲੱਗਾ ਕੇ ਆਪਣੇ ਆਪ ਨੂੰ ਪੰਥਕ ਐਲਾਨਣ ਦੀ ਭਰਪੂਰ ਕੋਸ਼ਿਸ਼ ਕੀੱਤੀ ਜਾਂਦੀ ਹੈ ਦੂਜੇ ਪਾਸੇ ਉਨ੍ਹਾਂ ਹੀ ਡੇਰੇਦਾਰਾਂ ਦੇ ਸਪਲੀਮੈਂਟ ਜਾਂ ਬਰਸ਼ੀਆਂ ਦੇ ਇਸ਼ਤਿਹਾਰਾਂ ਰਾਹੀਂ ਉਨ੍ਹਾਂ ਦੀ ਮਸ਼ਹੂਰੀ ਕੀਤੀ ਜਾਂਦੀਂ ਹੈ ਅਤੇ ਤੀਜਾ, ਜੇਕਰ ਬਰਸੀਆਂ ਮਨਾਉਣੀਆਂ ਗੁਰਮਤਿ ਸਿਧਾਂਤਾਂ ਦੇ ਖਿਲਾਫ ਹਨ ਤਾਂ ਫਿਰ ਉਪਰੋਕਤ ਤਰ੍ਹਾਂ ਦੇ ਇਸ਼ਤਿਹਾਰ / ਸਪਲੀਮੈਂਟ ਛਾਪਕੇ ਪੰਥਕ ਕਹਾਉਣ ਤੋਂ ਬਾਅਦ ਆਪਣੇ ਆਪ ਨੂੰ ਹੋਰ ਕੀ ਕਹਾਉਣਾਂ ਚਾਹੁੰਦੇ ਹਨ?

ਇੱਥੇ ਹੀ ਬੱਸ ਨਹੀਂ 4 ਅਕਤੂਬਰ 2009 ਨੂੰ ਵਾਲਮੀਕ ਦਾ ਸਪਲੀਮੈਂਟ ਪੰਨਾ ਨੰਬਰ 10 ਤੇ ਛੱਪਿਆ, ਜਿਸ ਵਿਚ ਵਾਲਮੀਕ ਜੀ ਨੂੰ ‘ਭਗਵਾਨ’ ਦਾ ਦਰਜਾ ਦਿੱਤਾ ਗਿਆ। ਇਸ ਵਿਸ਼ੇ ਤੇ ਹਰ ਕਿਸੇ ਨੂੰ ਕੋਈ ਵੀ ਧਰਮ ਮੰਨਣ ਜਾਂ ਪ੍ਰਚਾਰਨ ਦੀ ਪੂਰਨ ਆਜਾਦੀ ਹੈ ਪਰ ਨਾਨਕ ਵਿਚਾਰਧਾਰਾ ਦੇ ਝੰਡਾ ਬਰਦਾਰ ਅਖਵਾਉਣ ਵਾਲੇ ਸਿੱਖ ਪਤੱਰਕਾਰ/ਸੰਪਾਦਕ ਨੇ ਵਾਲਮੀਕ ਬਾਰੇ ਲਿਖੀ ਸ਼ਬਦਾਵਲੀ ਵਿਚਕਾਰ ਇਕ ਤਸਵੀਰ ਵੀ ਲਗਾਈ ਸੀ, ਜਿਸ ਦੇ ਹੇਠਾਂ ਲਿਖਿਆ ਸੀ :- ਭਗਵਾਨ ਵਾਲਮੀਕੀ ਜੀ ਇਕ ਬੇਰੀ, ਜੋ ਹੁਣ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਵਿਚ ਦੁੱਖ ਭੰਜਨੀ ਬੇਰੀ ਦੇ ਨਾਮ ਨਾਲ ਜਾਣੀ ਜਾਂਦੀ ਹੈ, ਹੇਠਾਂ ਅੰਮ੍ਰਿਤ ਦੱਬਦੇ ਹੋਏ। ਹੁਣ ਜਾਗਰੂਕ ਪਾਠਕ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਦਾ ਦਾਵਾ ਕਰਨ ਵਾਲੇ ਇਸ ਪਰਚੇ ਵਿੱਚ ਸਿਧਾਂਤਕ ਪੱਖੋਂ ਉਪਰੋਕਤ ਸ਼ਬਦਾਵਲੀ ਕਿੰਨ੍ਹੀ ਕੁ ਉਚਿੱਤ ਜਾਪਦੀ ਹੈ? ਇਹ ਵੀ ਯਾਦ ਕਰਵਾਉਣਾ ਗੈਰ-ਵਾਜ਼ਿਬ ਨਹੀਂ ਹੋਵੇਗਾ ਕਿ ਜਦੋਂ ਸਪੋਕਸਮੈਨ ਮਾਸਿਕ ਹੁੰਦਾ ਸੀ ਤਾਂ ਅਜੀਤ ਅਖਬਾਰ ਵਲੋਂ ਨਾਮਧਾਰੀ ਬਾਬੇ ਰਾਮ ਸਿੰਘ ਜੀ ਨੂੰ ‘ਸਤਿਗੁਰੂ’ ਲਿਖਣ ਨੂੰ ਗਲਤ ਦਸਦਾ ਹੋਇਆ ਰੋਜ਼ਾਨਾ ਅਖਬਾਰ ਦੀ ਕਾਇਮੀ ਲਈ ਜ਼ੋਰ ਦਿੰਦਾ ਸੀ। ਐਸੇ ਹੀ ਕਈ ਗੈਰ-ਸਿਧਾਂਤਕ ਸਪਲੀਮੈਂਟ ਸਪੋਕਸਮੈਨ ਵਿਚ ਅਕਸਰ ਛੱਪਦੇ ਹੀ ਰਹਿੰਦੇ ਹਨ, ਜਿਨ੍ਹਾਂ ਨੂੰ ਛਾਪਣ ਵਿੱਚ, ਜੇਕਰ ਸੰਪਾਦਕੀ ਮੰਡਲ ਨੂੰ ਕੁੱਝ ਵੀ ਗਲਤ ਨਜ਼ਰ ਨਹੀਂ ਆਉਂਦਾ ਤਾਂ ਕੋਈ ਹਰਜ਼ ਨਹੀਂ ਪਰ ਘੱਟ ਤੋਂ ਘੱਟ ਪੰਥਕ ਹੋਣ ਦਾ ਦਾਅਵਾ ਨਾ ਕਰ ਕੇ ਪੰਥ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਤਾਂ ਨਾ ਕਰਨ।

ਇਸੇ ਸਪੋਕਸਮੈਨ ਵਿਚ ਗੁਰਮਤਿ ਦਾ ਖੁੱਲੇ ਆਮ ਘਾਣ ਕਰਨ ਵਾਲੇ ਬਾਦਲ ਪ੍ਰਵਾਰ ਦੀ ਉਸਤਤਿ ਕਰਦੇ ਇਸ਼ਤਿਹਾਰ ਵੀ ਅਕਸਰ ਲਗਦੇ ਹੀ ਰਹਿੰਦੇ ਹਨ। ਹੋਰ ਤਾਂ ਹੋਰ ਇਸ ਵਿਚ ਪਹਿਲਾਂ ਜੋਤਸ਼ੀਆਂ ਦੇ ਇਸ਼ਤਿਹਾਰ ਵੀ ਲਗਦੇ ਰਹੇ ਹਨ, ਤਾਂ ਫਿਰ ‘ਤੱਤ ਗੁਰਮਤਿ ਪਰਿਵਾਰ’ ਦੇ ਗੁਰਮਤਿ ਸਿਧਾਂਤ ਅਨੁਸਾਰੀ ਇਸ਼ਤਿਹਾਰ ਨਾ ਛਾਪਣ ਪਿੱਛੇ ਕੀ ਕਾਰਣ ਹਨ?

ਸਪੋਕਸਮੈਨ ਵਲੋਂ ਪੁਜਾਰੀ ਸ਼੍ਰੇਣੀ (ਸਿੰਘ ਸਾਹਿਬ, ਜਥੇਦਾਰ ਆਦਿ ਦੇ ਨਾਂ ਹੇਠ ਪ੍ਰਚਲਿਤ) ਦੇ ਅਖੌਤੀ (ਇਕਤਰਫਾ, ਗੈਰ ਸਿਧਾਂਤਕ) ‘ਹੁਕਮਨਾਮਿਆਂ’, ‘ਫਤਵਿਆਂ’ ਪ੍ਰਤੀ ਕੌਮ ਵਿਚ ਜਾਗ੍ਰਿਤੀ ਲਿਆਉਣ ਲਈ ਕੀਤੇ ਜਤਨਾਂ ਤੋਂ ਉਪਰੰਤ ਆਪ ਹੀ ਐਸੈ ਗੈਰ ਸਿਧਾਂਤਕ ਅਤੇ ਨਜ਼ਾਇਜ਼ ‘ਫਤਵਿਆਂ’ ਦੀ ਰਾਹ ’ਤੇ ਕਿਉਂ ਤੁਰ ਪਿਆ ਹੈ?

ਹੋ ਸਕਦਾ ਹੈ ਕਿ ਸਪੋਕਸਮੈਨ ਨਾਲ ਜੁੜੇ ਕੁੱਝ ਪੰਥ-ਦਰਦੀ ਇਹ ਕਹਿਣ ਕਿ ਇਹ ਪਰਿਵਾਰ ਦੀਆਂ ਆਪੂੰ ਬਣਾਈਆਂ ਗੱਲਾਂ ਹਨ। ਜੇ ਐਸਾ ਹੈ ਤਾਂ ‘ਸਿੱਖ ਰਹਿਤ ਮਰਿਯਾਦਾ’ ਸੰਬੰਧੀ ਪਰਿਵਾਰ ਦੇ ਇਸ਼ਤਿਹਾਰ ਛਪਾਉਣ ਬਾਰੇ ਉਹ ਆਪ ਸ.ਜੋਗਿੰਦਰ ਸਿੰਘ ਜੀ ਅਤੇ ਬੀਬੀ ਜਗਜੀਤ ਕੌਰ ਜੀ ਨਾਲ ਸੰਪਰਕ ਕਰਕੇ ਪੁੱਛਗਿਛ ਕਰ ਸਕਦੇ ਹਨ।

ਉਪਰੋਕਤ ਸੱਭ ਗੱਲਾਂ ਦੇ ਬਾਵਜੂਦ ‘ਪਰਿਵਾਰ’ ਸਪੋਕਸਮੈਨ ਟ੍ਰਸਟ ਦੇ ਪ੍ਰੋਜੈਕਟਾਂ (ਉੱਚਾ ਦਰ ਬਾਬੇ ਨਾਨਕ ਦਾ ਅਤੇ ਹੋਰ) ਦਾ ਪੂਰਨ ਸਮਰਥਨ ਕਰਦਿਆਂ ਇਹ ਦੱਸਣਾ ਚਾਹੁੰਦਾ ਹੈ ਕਿ ਪਰਿਵਾਰ ਦੇ ਜ਼ਿਆਦਾਤਰ ਮੈਂਬਰ ‘ਸਪੋਕਸਮੈਨ’ ਜਾਂ ‘ਏਕਸ ਕੇ ਬਾਰਕ’ ਦੇ ਟ੍ਰਸਟੀ, ਮੁੱਖ ਸਰਪ੍ਰਸਤ, ਸਰਪ੍ਰਸਤ ਅਤੇ ਲਾਈਫ ਮੈਂਬਰ ਵੀ ਹਨ। ਪਰ ਇਸ ਸੱਭ ਦੇ ਬਾਵਜੂਦ ਵੀ ਸਪੋਕਸਮੈਨ ਵਿੱਚ ਕੀਤੀਆਂ ਜਾ ਰਹੀਆਂ ਗਲਤੀਆਂ ਪ੍ਰਤੀ ਸੁਚੇਤ ਕਰਵਾਉਣ ਵਾਲਿਆਂ ਦੇ ਧੰਨਵਾਦੀ ਹੋਣ ਦੀ ਥਾਂ ਉਨ੍ਹਾਂ ਵਿਰੱਧ ਧਾਰਨ ਕੀਤਾ ਗਿਆ ਰੁੱਖ ਸਪੋਕਸਮੈਨ ਦੀ ਮਨ ਹੋਰ ਮੁੱਖ ਹੋਰ ਵਾਲੀ ਨੀਤੀ ਵੱਲ ਸਪਸ਼ਟ ਇਸ਼ਾਰਾ ਨਹੀਂ ਕਰਦੇ? ਪਰ ਇਹ ਸਭ ਕੁੱਝ ਨੂੰ ਨਜ਼ਰਅੰਦਾਜ਼ ਕਰਕੇ ‘ਪਰਿਵਾਰ’ ਨਿਮਰਤਾ ਸਹਿਤ ਸ. ਜੋਗਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਹੈ ਕਿ ਜੇ ‘ਪਰਿਵਾਰ’ ਪ੍ਰਤੀ ਉਹਨਾਂ ਦੇ ਮਨ ਵਿਚ ਕੁੱਝ ਗਲਤਫਹਿਮੀਆਂ ਹਨ ਤਾਂ ਉਹ ਪਰਿਵਾਰ ਨੂੰ ਲਿੱਖ ਭੇਜਣ, ਨਾਂ ਕਿ ‘ਪਰਿਵਾਰ’ ਵਲੋਂ ਗੁਰਮਤਿ ਪ੍ਰਚਾਰ ਦੇ ਖੇਤੱਰ ਵਿੱਚ ਪਾਏ ਜਾ ਰਹੇ ਯੋਗਦਾਨ ਪ੍ਰਤੀ ਮਨ ਵਿੱਚ ‘ਦੁਸ਼ਮਣੀ’ ਰੱਖਣ, ਕਿ ਸਪੋਕਸਮੈਨ ਦੇ ਨਾਲ-ਨਾਲ ਪ੍ਰਚਾਰ ਦੇ ਯੱਤਨ ਕਿਉਂ ਕੀਤੇ ਜਾ ਰਹੇ ਹਨ? ਅਤੇ ‘ਪਰਿਵਾਰ’ ਸਪੋਕਸਮੈਨ ਵਲੋਂ ਕੀਤੀਆਂ ਜਾ ਰਹੀਆਂ ਗਲਤੀਆਂ ਦੇ ਸੁਧਾਰ ਲਈ ਆਲੋਚਨਾ ਕਿਉਂ ਕਰ ਰਿਹਾ ਹੈ?‘ਪਰਿਵਾਰ’ ਉਨ੍ਹਾਂ ਦੀ ਇਸ ਗੈਰ-ਸਿਧਾਂਤਕ ਪਹੁੰਚ ‘ਤੇ ਕੇਵਲ ਅਫਸੋਸ ਹੀ ਜਾਹਿਰ ਕਰ ਸਕਦਾ ਹੈ। ਆਸ ਹੈ ਸਪੋਕਸਮੈਨ ਦੇ ਪੱਕੇ ਹਿਮਾਇਤੀ ‘ਪਰਿਵਾਰ’ ਦੀ ਇਸ ਵਿਚਾਰ ਤੇ ਗੌਰ-ਫੁਰਮਾਉਦਿਆਂ ਸ.ਜੋਗਿੰਦਰ ਸਿੰਘ ਜੀ ਨੂੰ ਸਮਝਣ ਜਾਂ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਜਰੂਰ ਕਰਣਗੇ।

‘ਪਰਿਵਾਰ’ ਦੀ ਨੀਤੀ ਅਨੁਸਾਰ ਪਹਿਲਾਂ ਇਹ ਆਲੋਚਨਾ ਸਪੋਕਸਮੈਨ ਅਤੇ ਉਸ ਦੇ ਕੁੱਝ ਖ਼ਾਸ ਸਮਰਥਕਾਂ ਜਿਵੇਂ ਕਿ ਸ. ਇੱਕਵਾਕ ਸਿੰਘ ਜੀ ‘ਪੱਟੀ’, ਸ. ਉਪਕਾਰ ਸਿੰਘ ਜੀ ‘ਫਰੀਦਾਬਾਦ’ ਅਤੇ ਸ. ਗੁਰਿੰਦਰ ਸਿੰਘ ਜੀ ‘ਕੋਟਕਪੂਰਾ’ ਨੂੰ ਹੀ ਭੇਜੀ ਜਾ ਰਹੀ ਹੈ। ਆਸ ਹੈ ਕਿ ਉਹ ਇਸ ਵਿੱਚ ਸਾਰਥਕ ਭੂਮਿਕਾ ਨਿਭਾਉਂਦੇ ਹੋਏ ਕੋਈ ਜਵਾਬ ਜ਼ਰੂਰ ਦੇਣਗੇ। ਜੇ ਕੋਈ ਜਵਾਬ ਨਹੀਂ ਆਉਂਦਾ ਤਾਂ ਕੁੱਝ ਸਮਾਂ (20 ਦਿਨ) ਇੰਤਜ਼ਾਰ ਕਰਨ ਤੋਂ ਬਾਅਦ ‘ਪਰਿਵਾਰ’ ਇਸ ਮੁੱਦੇ ਨੂੰ ਹੋਰ ਵਸੀਲਿਆਂ ਰਾਹੀਂ ਪਾਠਕਾਂ ਦੀ ਕਚਹਿਰੀ ਵਿਚ ਲੈ ਜਾਣ ਲਈ ਮਜਬੂਰ ਹੋ ਜਾਵੇਗਾ।

ਨਿਸ਼ਕਾਮ ਨਿਮਰਤਾ ਸਹਿਤ,
ਨਿਰੋਲ ਨਾਨਕ ਫਲਸਫੇ ਦੀ ਰਾਹ ’ਤੇ
‘ਤੱਤ ਗੁਰਮਤਿ ਪਰਿਵਾਰ’