

ਜੇ ਸ਼ਰਾਬ ਦੀ ਬੋਤਲ ’ਤੇ ਲੇਬਲ ਬਦਲਣ ਨਾਲ ਅਰਕ ਨਹੀਂ ਬਣ ਜਾਂਦੀ
ਤਾਂ ‘ਦਾਨ’ ਦੀ ਥਾਂ ਉਸ ਦਾ ਨਾਮ ‘ਫੰਡ’ ਰੱਖਣ ਨਾਲ
ਉਹ ਦਸਾਂ ਨਹੁੰਆਂ ਦੀ ਕਿਰਤ ਨਹੀਂ ਬਣ ਸਕਦੀ
-
ਕਿਰਪਾਲ ਸਿੰਘ, ਬਠਿੰਡਾ -
ਸਾਬਕਾ ਪੱਤਰਕਾਰ - ਰੋਜ਼ਾਨਾ ਸਪੋਕਸਮੈਨ
ਮੋਬ: 098554-80797
ਜੇ ਸ਼ਰਾਬ ਦੀ ਬੋਤਲ ’ਤੇ ਲੇਬਲ ਬਦਲਣ ਨਾਲ ਅਰਕ ਨਹੀਂ ਬਣ ਜਾਂਦੀ ਤਾਂ ‘ਦਾਨ’ ਦੀ ਥਾਂ ਉਸ ਦਾ ਨਾਮ ‘ਫੰਡ’ ਜਾਂ ‘ਮੈਂਬਰਸ਼ਿਪ ਫੀਸ’ ਰੱਖਣ ਨਾਲ ਉਹ ਦਸਾਂ ਨਹੁੰਆਂ ਦੀ ਕ੍ਹਿੈਤ ਨਹੀਂ ਬਣ ਸਕਦੀ ਪਰ ਅਨੇਕਾਂ ਤਰ੍ਹਾਂ ਦੇ ਫੰਡਾਂ ਦੇ ਨਾਮ ’ਤੇ ਪੈਸਾ ਇਕੱਤਰ ਕਰਨ ਵਾਲਾ ਮਨੁੱਖ ਜੇ ਵਾਰ ਵਾਰ ਇਹ ਦਾਅਵਾ ਕਰਦਾ ਰਹੇ ਕਿ ਉਸ ਨੇ ਜੋ ਵੀ ਪੈਸਾ ਲਿਆ ਹੈ, ਉਹ ਪਾਠਕਾਂ ਪਾਸੋਂ ਸੂਦ ’ਤੇ ਲਿਆ ਤੇ ਇੱਕ ਵੀ ਪੈਸਾ ਦਾਨ ਦੇ ਰੂਪ ’ਚ ਨਹੀਂ ਲਿਆ ਤਾਂ ਉਸ ਨੂੁੰ ਕੀ ਕਿਹਾ ਜਾਏ? ਇਸ ਸਬੰਧੀ ਜਾਂ ਤਾਂ ਉਹ ਇਸ ਨੂੁੰ ਖ਼ੁਦ ਹੀ ਦਾਨ ਦੇ ਕਿਸੇ ਹੋਰ ਰੂਪ ਦਾ ਨਾਮ ਦੇਣ ਜਾਂ ਫਿਰ ਉਸ ਨਾਲ 15 ਸਾਲਾਂ ਤੋਂ ਵੱਧ ਸਮੇਂ ਤੋਂ ਜੁੜੇ ਆ ਰਹੇ ਬੰਦੇ ਹੀ ਇਸ ਨੂੰ ਕੋਈ ਨਵਾਂ ਨਾਮ ਦੇ ਸਕਦੇ ਹਨ। ਵੱਖ ਵੱਖ ਸਕੀਮਾਂ ਦੇ ਨਾਮ ’ਤੇ ਜਿਹੜਾ ਪੈਸਾ ਫੰਡ ਜਾਂ ਮੈਂਬਰਸ਼ਿਪ ਦੇ ਨਾਮ ’ਤੇ ਸ: ਜੋਗਿੰਦਰ ਸਿੰਘ ਸਪੋਕਸਮੈਨ ਨੇ ਇਕੱਤ੍ਰ ਕੀਤਾ, ਉਸ ਦਾ ਕੁਝ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ।
1. ਸਾਲ 1997 ’ਚ ਪੰਥਕ ਫੰਡ ਦੇ ਨਾਮ ’ਤੇ ਪੈਸਾ ਇਕੱਤਰ ਕੀਤਾ ਗਿਆ। ਇਸ ਫੰਡ ’ਚ ਪੈਸਾ ਦੇਣ ਵਾਲਿਆਂ ਦੇ ਨਾਵਾਂ ਦੀ ਸੂਚੀ ਵੀ ਕੁਝ ਮਹੀਨੇ ਮਾਸਕ ਸਪੋਕਸਮੈਨ ’ਚ ਛਪਦੀ ਰਹੀ ਪਰ ਬਾਅਦ ਵਿੱਚ ਉਹ ਫੰਡ ਬੰਦ ਕਰ ਦਿੱਤਾ ਗਿਆ। ਸ: ਜੋਗਿੰਦਰ ਸਿੰਘ ਜੀ ਦੱਸਣ ਕਿ ਕੀ ਪੰਥਕ ਫੰਡ ’ਚ ਪੈਸਾ ਦੇਣ ਵਾਲਿਆਂ ਨੂੰ ਸੂਦ ਸਹਿਤ ਵਾਪਿਸ ਕੀਤਾ ਗਿਆ ਜਾਂ ਇਨ੍ਹਾਂ ਕੋਲ ਪੁਜਾਰੀਆਂ ਵਰਗਾ ਕੋਈ ਐਸਾ ਮੰਤਰ ਹੈ, ਜਿਹੜਾ ਪੜ੍ਹ ਕੇ ਇਸ ਇਕੱਤਰ ਹੋਈ ਮਾਇਆ ਨੂੰ ਇਸ ਨੇ ਆਪਣੀ ਦਸਾਂ ਨਹੁੰਆਂ ਦੀ ਕਿਰਤ ਬਣਾ ਲਿਆ ਹੈ।
2. ਆਮ ਤੌਰ ’ਤੇ ਕਿਸੇ ਵੀ ਮਾਸਕ ਰਸਾਲੇ ਦਾ ਜਿਤਨਾ ਸਲਾਨਾ ਚੰਦਾ ਹੁੰਦਾ ਹੈ, ਉਸ ਦੀ ਲਾਈਫ਼ ਮੈਂਬਰਸ਼ਿਪ 10 ਗੁਣਾਂ ਵਧਾ ਕੇ ਹੁੰਦੀ ਹੈ ਪਰ ਮਾਸਕ ਸਪੋਕਸਮੈਨ ਦੇ ਸਲਾਨਾ ਚੰਦੇ 170 ਰੁਪਏ, ਲਾਈਫ਼ ਮੈਂਬਰਸ਼ਿਪ 5 ਹਜ਼ਾਰ ਰੁਪਏ, ਸਰਪ੍ਰਸਤ ਮੈਂਬਰ 10 ਹਜ਼ਾਰ ਰੁਪਏ, ਮੁੱਖ ਸਰਪ੍ਰਸਤ ਮੈਂਬਰ 2 ਲੱਖ ਰੁਪਏ ਅਤੇ ਮੋਢੀ ਮੈਂਬਰ 5 ਲੱਖ ਰੁਪਏ ਰੱਖੀ ਗਈ। ਇਹ ਪੁੱਛਣ ’ਤੇ ਕਿ ਇਸ ਦੀ ਲਾਈਫ਼ ਮੈਂਬਰਸ਼ਿਪ ਅਤੇ ਉਸ ਤੋਂ ਉਪਰ ਵਾਲੇ ਚੰਦੇ ਇਤਨੇ ਜਿਆਦਾ ਕਿਉਂ ਹਨ? ਤਾਂ ਸ: ਜੋਗਿੰਦਰ ਸਿੰਘ ਕਹਿੰਦੇ ਹੁੰਦੇ ਸਨ, ਇਹ ਵਾਧੂ ਪੈਸਾ ਰੋਜ਼ਾਨਾ ਪੰਥਕ ਅਖ਼ਬਾਰ ਲਈ ਵਰਤਿਆ ਜਾਵੇਗਾ, ਸਪਤਾਹਿਕ ਪਰਚਾ ਸ਼ੁਰੂ ਹੋਣ ’ਤੇ ਜਿੰਦਗੀ ਭਰ ਮੁਫ਼ਤ ਮਿਲੇਗਾ, ਮੋਢੀ ਤੇ ਮੁਖ ਸਰਪ੍ਰਸਤ ਮੈਂਬਰਾਂ ਦੀ ਫੋਟੋ ਹਮੇਸ਼ਾਂ ਲਈ ਅਖਬਾਰ ਦੇ ਦਫ਼ਤਰ ’ਚ ਲਾਈਆਂ ਜਾਣਗੀਆਂ ਅਤੇ ਅਖ਼ਬਾਰ ਵਲੋਂ ਕੀਤੇ ਗਏ ਸਮਾਗਮ ’ਚ ਉਨ੍ਹਾਂ ਨੂੰ ਵਿਸ਼ੇਸ਼ ਮਾਨ ਸਨਮਾਨ ਦਿੱਤਾ ਜਾਵੇਗਾ। ਸਪਤਾਹਿਕ ਪਰਚਾ ਅੱਜ ਤੱਕ ਸ਼ੁਰੂ ਹੀ ਨਹੀਂ ਹੋਇਆ, ਕਿਸੇ ਮੈਂਬਰ ਦੀ ਫੋਟੋ ਅੱਜ ਤੱਕ ਅਖ਼ਬਾਰ ਦੇ ਦਫ਼ਤਰ ’ਚ ਨਹੀਂ ਲੱਗੀ, ਮੁੱਖ ਸਰਪ੍ਰਸਤ ਅਤੇ ਮੋਢੀ ਮੈਂਬਰਾਂ ਨੂੰ ਵਿਸ਼ੇਸ਼ ਮਾਨ ਸਨਮਾਨ ਤਾਂ ਕੀ ਦੇਣਾ ਸੀ, ਦਫ਼ਤਰਾਂ ਵਿੱਚ ਉਨ੍ਹਾਂ ਦੀ ਕਦਰ ਸਿਰਫ਼ 50 ਹਜ਼ਾਰ ਰੁਪਏ ਦੇ ਇਸ਼ਤਿਹਾਰ ਇਕੱਤਰ ਕਰਨ ਵਾਲੇ ਟੁੱਚੀ ਪੱਤਰਕਾਰ ਜਿੰਨੀ ਵੀ ਨਹੀਂ ਹੈ। ਸ: ਜੋਗਿੰਦਰ ਸਿੰਘ ਜੀ ਦੱਸਣ ਕਿ ਪੰਥਕ ਅਖ਼ਬਾਰ ਕੱਢਣ ਲਈ ਵੱਧ ਚੰਦਿਆਂ ਦੇ ਰੂਪ ’ਚ ਇਕੱਤਰ ਕੀਤੀ ਮਾਇਆ ਦਾਨ ਹੈ ਜਾਂ ਠੱਗੀ? ਕਿਉਂਕਿ ਹਫ਼ਤਾਵਾਰੀ ਪਰਚਾ ਤਾਂ ਕੀ ਸ਼ੁਰੂ ਹੋਣਾ ਸੀ, ਮਾਸਕ ਪੱਤਰ ਵੀ ਬੰਦ ਹੋ ਗਿਆ ਤੇ ਕਿਸੇ ਮੈਂਬਰ ਨੂੰ ਉਸ ਦੀ ਮੈਂਬਰਸ਼ਿਪ ਫੀਸ ਵਾਪਿਸ ਨਹੀਂ ਕੀਤੀ ਗਈ।
3. ਕਈ ਪਾਠਕਾਂ ਨੂੰ ਤਾਂ 5000 ਰੁਪਏ ਦੇ ਕੇ ਲਾਈਫ਼ ਮੈਂਬਰ ਬਣਨ ਉਪ੍ਰੰਤ ਸਿਰਫ਼ 2 ਜਾਂ 3 ਮਾਸਕ ਪੱਤਰ ਹੀ ਮਿਲੇ ਹਨ ਕਿਉਂਕਿ ਉਸ ਉਪ੍ਰੰਤ ਇਹ ਛਪਣਾ ਹੀ ਬੰਦ ਹੋ ਗਿਆ ਹੈ। ਬਠਿੰਡਾ ਥਰਮਲ ਪਲਾਂਟ ਦੇ ਇੱਕ ਮੁਲਾਜਮ ਗੁਰਸੇਵਕ ਸਿੰਘ ਨੇ ਤਾਂ ਬਠਿੰਡਾ ਦੀ ਕੰਨਜੂਮਰ ਕੋਰਟ ਵਿੱਚ ਕੇਸ ਕਰ ਦਿੱਤਾ ਸੀ ਅਤੇ ਮੁਕੱਦਮਾ ਹਾਰਨ ਪਿੱਛੋਂ ਉਸ ਨੂੰ ਵਿਆਜ ਸਮੇਤ 6913 ਰੁਪਏ ਸਟੇਟ ਬੈਂਕ ਆਫ਼ ਹੈਦਰਾਬਾਦ, ਚੰਡੀਗੜ੍ਹ ਦੇ ਚੈੱਕ ਨੰ: 542797 ਮਿਤੀ 18.5.05 ਰਾਹੀਂ ਅਤੇ ਮੁਕੱਦਮੇ ਦਾ ਜੁਰਮਾਨਾ 1000 ਰੁਪਏ ਸਿਟੀ ਬੈਂਕ ਚੰਡੀਗੜ੍ਹ ਦੇ ਚੈੱਕ ਨੰ: 199440, ਮਿਤੀ 19.5.05 ਰਾਹੀਂ ਅਦਾ ਕੀਤਾ। ਪਰ ਹਰ ਇੱਕ ਵਿਅਕਤੀ ਅਦਾਲਤਾਂ ਦੇ ਚੱਕਰ ’ਚ ਪੈਣ ਤੋਂ ਡਰਦਾ ਹੈ ਅਤੇ ਬਿਨਾਂ ਅਦਾਲਤ ’ਚ ਕੇਸ ਕੀਤਿਆਂ ਸ: ਜੋਗਿੰਦਰ ਸਿੰਘ ਨੇ ਕਿਸੇ ਦੇ ਪੈਸੇ ਤਾਂ ਕੀ ਵਾਪਿਸ ਕਰਨੇ ਸਨ, ਉਸ ਦੀ ਕਿਸੇ ਚਿੱਠੀ ਦਾ ਜਵਾਬ ਵੀ ਨਹੀਂ ਦਿੰਦੇ। ਜੇ ਪੰਥਕ ਪ੍ਰੈਸ ਦੇ ਨਾਮ ’ਤੇ ਫੰਡ ਅਤੇ ਮੋਟੇ ਚੰਦੇ ਲੈਣ ਨੂੰ ਇਹ ਦਾਨ ਨਹੀਂ ਮੰਨਦੇ ਤਾਂ ਫਿਰ ਇਹ ਠੱਗੀ ਤਾਂ ਹੈ ਹੀ ਹੈ।
4. 2004 ’ਚ ‘ਗੁਰਮਤਿ ਲਹਿਰ ਫੰਡ’ ਸ਼ੁਰੂ ਕੀਤਾ ਗਿਆ, ਜਿਸ ਦੀ ਮੈਂਬਰਸ਼ਿਪ 100 ਰੁਪਏ ਪ੍ਰਤੀ ਮਹੀਨਾ, 1000 ਰੁਪਏ ਪ੍ਰਤੀ ਸਾਲ ਅਤੇ 10 ਹਜ਼ਾਰ ਰੁਪਏ ਲਾਈਫ਼ ਮੈਂਬਰਸ਼ਿਪ ਤੋਂ ਇਲਾਵਾ ਸਹਿਯੋਗੀ ਮੈਂਬਰ ਜੋ ਕੁਝ ਵੀ ਦੇਣਾ ਚਾਹੇ, ਦੇ ਸਕਦਾ ਹੈ। ਇਹ ਸਕੀਮ ਰੋਜ਼ਾਨਾ ਸਪੋਕਸਮੈਨ ਦੇ ਸ਼ੁਰੂ ਹੋਣ ਤੱਕ ਚਲਦੀ ਰਹੀ ਅਤੇ ਸ਼ਾਇਦ ਉਸ ਤੋਂ ਪਿੱਛੋਂ ਵੀ ਕੁਝ ਮੈਂਬਰ ਲਗਾਤਾਰ ਫੰਡ ਭੇਜ ਰਹੇ ਹੋਣ। ਇਸ ਲਹਿਰ ਦਾ ਟੀਚਾ ਗੁਰਮਤਿ ਦਾ ਪ੍ਰਚਾਰ ਕਰਨ ਤੋਂ ਇਲਾਵਾ ਬੇਰੁਜ਼ਗਾਰ ਸਿੱਖਾਂ ਨੂੰ ਰੁਜ਼ਗਾਰ ਦੇਣਾ ਮਿਥਿਆ ਗਿਆ ਸੀ ਪਰ ਅੱਜ ਤੱਕ ਨਾ ਕੋਈ ਗੁਰਮਤਿ ਲਹਿਰ ਚੱਲੀ ਅਤੇ ਨਾ ਹੀ ਕਿਸੇ ਲੋੜਵੰਦ ਨੂੰ ਸਿਰਫ਼ ਸਿੱਖ ਹੋਣ ਦੇ ਨਾਤੇ ਰੁਜ਼ਗਾਰ ਦਿੱਤਾ ਗਿਆ। ਜੇ ਭੁੱਲ ਭੁਲੇਖੇ ਅਖ਼ਬਾਰ ਵਿੱਚ ਕੋਈ ਗੁਰਮਤਿ ਦਾ ਧਾਰਨੀ ਸਿੱਖ ਆ ਵੀ ਗਿਆ ਤਾਂ ਉਸ ਨੂੰ ਜ਼ਲੀਲ ਕਰਕੇ ਬਿਨਾਂ ਕਿਸੇ ਮੁਆਵਜ਼ਾ ਜਾਂ ਨੋਟਿਸ ਦੇਣ ਦੇ ਨੌਕਰੀ ’ਚੋਂ ਕੱਢਿਆ ਗਿਆ। ਕੀ ਗੁਰਮਤਿ ਲਹਿਰ ਫੰਡ ਵਜੋਂ ਵਸੂਲੀ ਸਾਰੀ ਰਕਮ ਦਾਨ ਨਹੀਂ ਹੈ? ਅਤੇ ਜੇ ਇਸ ਨੂੰ ਅਖ਼ਬਾਰ ਜਾਂ ‘ਏਕਸ ਕੇ ਬਾਰਕ’ ਜਥੇਬੰਦੀ ਦੇ ਫੰਡ ਵਿੱਚ ਤਬਦੀਲ ਕੀਤਾ ਗਿਆ ਹੈ ਤਾਂ ਕੀ ਇਹ ਦਾਨ ਦੀ ਦੁਰਵਰਤੋਂ ਨਹੀਂ ਹੈ?
5. ਭਗਤ ਰਵਿਦਾਸ ਜੀ ਬਾਰੇ ਲਿਖੇ ਲੇਖ ਪਿੱਛੋਂ ਹੋਏ ਅਦਾਲਤੀ ਕੇਸ ਪਿੱਛੋਂ ‘ਸਪੋਕਸਮੈਨ ਬਚਾਉ ਫੰਡ’ ਸ਼ੁਰੂ ਕੀਤਾ ਗਿਆ ਸੀ, ਕੀ ਇਸ ਫੰਡ ਦੇ ਨਾਮ ’ਤੇ ਲਈ ਮਾਇਆ ਦਾਨ ਨਹੀਂ ਹੈ?
6. 2008 ਦੇ ਸ਼ੁਰੂ ਵਿੱਚ ‘ਏਕਸ ਕੇ ਬਾਰਕ’ ਜਥੇਬੰਦੀ ਬਣਾਈ ਗਈ, ਜਿਸ ਦੀ ਸਲਾਨਾ ਮੈਂਬਰਸ਼ਿਪ 1 ਹਜ਼ਾਰ ਰੁਪਏ, ਸਾਰੀ ਉਮਰ ਲਈ 10 ਹਜ਼ਾਰ ਰੁਪਏ, ਸਰਪ੍ਰਸਤ ਮੈਂਬਰ ਇੱਕ ਲੱਖ ਰੁਪਏ ਰੱਖੀ ਗਈ, ਇਸ ਤੋਂ ਇਲਾਵਾ ਸਹਿਯੋਗੀ ਮੈਂਬਰ ਆਪਣੀ ਮਰਜ਼ੀ ਨਾਲ ਜੋ ਵੀ ਦੇਣਾ ਚਾਹੁਣ, ਦੇ ਸਕਦੇ ਹਨ। ਇਸ ਇਕੱਤਰ ਹੋਈ ਮਾਇਆ ਨੂੰ ਜੇ ਦਾਨ ਵਿੱਚ ਲਈ ਮਾਇਆ ਨਹੀਂ ਕਹਿਣਾ ਤਾਂ ਹੋਰ ਕੀ ਕਹਾਂਗੇ?
ਦਾਨ ਵਿੱਚ ਇੱਕ ਵੀ ਪੈਸਾ ਨਾ ਲੈਣ ਦੇ ਦਾਅਵੇ ਸਿਰਫ਼ ਇੱਕ ਵਾਰ ਨਹੀਂ, ਸੈਂਕੜੇ ਵਾਰੀ ਕਰ ਚੁੱਕੇ ਹਨ। ਸ: ਜੋਗਿੰਦਰ ਸਿੰਘ ਦਾ ਇਹ ਦਾਅਵੇ ਕੀ ਉਨ੍ਹਾਂ ਡੇਰੇਦਾਰਾਂ ਵਰਗੇ ਨਹੀਂ ਜਿਹੜੇ ਕਹਿੰਦੇ ਹਨ ਕਿ ਉਨ੍ਹਾਂ ਦੇ ਡੇਰੇ ਵਿੱਚ ਕੋਈ ਗੋਲਕ ਨਹੀਂ ਰੱਖੀ ਹੋਈ ਅਤੇ ਕਿਸੇ ਵਲੋਂ ਗੁਰੂ ਗੰ੍ਰਥ ਸਾਹਿਬ ਅੱਗੇ ਮਾਇਆ ਭੇਟ ਕਰਨ ਦੀ ਪੂਰਨ ਤੌਰ ’ਤੇ ਮਨਾਹੀ ਹੈ ਪਰ ਵੱਖਰੇ ਕਮਰੇ ’ਚ ਗੱਦੀ ਲਾਈ ਬੈਠੇ ਬਾਬੇ ਨੂੰ ਜਿਤਨੇ ਮਰਜ਼ੀ ਪੈਸੇ ਟੇਕੀ ਜਾਉ, ਕੋਈ ਰੋਕ ਨਹੀਂ। ਸੀਮਿੰਟ, ਸਰੀਆ, ਬੱਜ਼ਰੀ ਆਦਿ ਦੇ ਨਵੇਂ ਟਰੱਕ ਚਾਬੀਆਂ ਸਮੇਤ ਡੇਰੇ ’ਚ ਬਿਨਾਂ ਨਾਮ ਦੱਸਿਆਂ ਖੜ੍ਹੇ ਕਰ ਜਾਉ, ਸਭ ਪ੍ਰਵਾਨ ਹੈ। ਅਸਲ ਵਿੱਚ ਕਾਰ ਸੇਵਾ ਵਾਲੇ ਬਾਬੇ ਤਾਂ ਬਗਲੀਆਂ ਪਾ ਕੇ ਮੰਗਦੇ ਹਨ, ਇਹ ਨਵਾਂ ਪੈਦਾ ਹੋਇਆ ਬਾਬਾ ਕਲਮ ਦੇ ਜ਼ੋਰ ਨਾਲ ਪੈਸੇ ਮੰਗ ਰਿਹਾ ਹੈ। ਕਾਰ ਸੇਵਾ ਵਾਲੇ ਬਾਬੇ ਤਾਂ ਲੋਕਾਂ ਦੀ ਕਮਾਈ, ਇਤਿਹਾਸਕ ਵਿਰਸੇ ਵਾਲੀਆਂ ਪੁਰਾਤਨ ਬਿਲਡਿੰਗਾਂ ਢਹਿ ਢੇਰੀ ਕਰਕੇ ਸਫਲੀ ਕਰ ਰਹੇ ਹਨ, ਪਰ ਇਹ ਬਾਬਾ ਤਾਂ ਮਹਾਨ ਪੰਥਕ ਸੰਸਥਾਵਾਂ ਨੂੰ ਹੀ ਢਹਿ ਢੇਰੀ ਕਰਕੇ ਸਫਲੀ ਕਰਨ ’ਚ ਲੱਗਿਆ ਹੋਇਆ ਹੈ। ਸਭ ਤੋਂ ਵੱਡਾ ਹਮਲਾ ਤਾਂ 10 ਗੁਰੂ ਸਾਹਿਬਾਨ ਅਤੇ ਗੁਰੂ ਗੰ੍ਰਥ ਸਾਹਿਬ ਜੀ ਨੂੰ ਰੱਦ ਕਰਨ ਲਈ ਕੀਤਾ ਹੋਇਆ ਹੈ ਅਤੇ ਕਿਸੇ ਸ਼ਰਧਾਲੂ ਸਿੱਖ ਵਲੋਂ ਸਵਾਲ ਪੁੱਛੇ ਜਾਣ ’ਤੇ ਉਸ ਨੂੰ ਚੂਹੇ, ਬਿੱਲੀਆਂ, ਕਾਵਾਂ, ਚਿੜੀਆਂ, ਵਿਕਾਊ ਕਲਮਾਂ ਵਾਲੇ, ਭਾੜੇ ਦੇ ਟੱਟੂ, ਗੋਲਕਾਂ ’ਚੋਂ ਪੈਸੇ ਲੈ ਕੇ ਰੁਜ਼ਗਾਰ ਬਣਾਉਣ ਵਾਲੇ ਦੱਸ ਕੇ ਇਲਜਾਮ ਲਾਉਂਦਾ ਹੈ ਕਿ ਉਨ੍ਹਾਂ (ਜੋਗਿੰਦਰ ਸਿੰਘ) ਨੇ ਤਾਂ ਹਰ ਵਿਸ਼ੇ ’ਤੇ ਖੋਜ ਕਰਨੀ ਹੀ ਹੈ ਅਤੇ ਖੋਜ ਜਾਰੀ ਰਹੇਗੀ ਪਰ ਇਹ ਭਾੜੇ ਦੇ ਟੱਟੂ ਨਹੀਂ ਜਾਣਦੇ ਕਿ ਉਹ ਖੋਜ ਕਾਰਜਾਂ ’ਚ ਕਿਤਨਾ ਨੁਕਸਾਨ ਪਹੁੰਚਾ ਰਹੇ ਹਨ। ਬਾਕੀ ਦੇ ਡੇਰੇਦਾਰ ਅਤੇ ਗੁਰਦੁਆਰਿਆਂ ਦੇ ਸਿਆਸੀ ਪ੍ਰਬੰਧਕ ਤਾਂ ਗੋਲਕ ਦੀ ਆਪਣੇ ਨਿਜੀ ਸੁਆਰਥਾਂ ਲਈ ਦੁਰਵਰਤੋਂ ਕਰਦੇ ਹੀ ਹਨ ਅਤੇ ਭੋਲੇ ਭਾਲੇ ਸ਼ਰਧਾਲੂ ਸਿੱਖ ਆਪਣੇ ਕਾਰਜਾਂ ਦੀ ਸਿੱਧੀ ਲਈ ਗੋਲਕ ’ਚ ਮਾਇਆ ਪਾ ਕੇ ਜਾਂ ਅਰਦਾਸਾਂ ਕਰਵਾ ਕੇ ਆਪਣੀ ਆਰਥਿਕ ਲੁੱਟ ਕਰਵਾਉਂਦੇ ਹੀ ਹਨ ਪਰ ਜਿਹੜੇ ਆਪਣੇ ਆਪ ਨੂੰ ਸੁਚੇਤ ਅਤੇ ਜਾਗ੍ਰਿਤ ਸਿੱਖ ਹੋਣ ਦਾ ਦਾਅਵਾ ਕਰਦੇ ਹੋਏ ਗੋਲਕਧਾਰੀਆਂ ਦੀ ਲੁੱਟ ਤੋਂ ਬਚੇ ਹੋਏ ਸਨ, ਉਨ੍ਹਾਂ ਦੀ ਜੇਬ ਨੂੰ ‘ਇਮੋਸ਼ਨਲ ਬਲੈਕ ਮੇਲਿੰਗ’ ਕਰਕੇ ਇਸ ਨਵੇਂ ਬਾਬੇ ਨੇ ਸੰਨ ਲਾਈ ਹੋਈ ਹੈ। ਇਹ ਆਪਣੀ ਅਖ਼ਬਾਰ ’ਚ ਅਜਿਹੇ ਲੇਖ ਤਾਂ ਛਾਪਦੇ ਹਨ, ‘‘ਏਨੇ ਗੁਰਦੁਆਰੇ ਕਿਉਂ? ਕਿਉਂਕਿ ਗੁਰਦੁਆਰੇ ਹੁਣ ਦੁਕਾਨਾਂ ਵਾਂਗ ਚਲਾਏ ਜਾਂਦੇ ਹਨ’’ (ਸਪੋਕਸਮੈਨ 11 ਨਵੰਬਰ 09)। ਬੇਸ਼ੱਕ ਇਹ ਗੱਲ ਕਾਫ਼ੀ ਹੱਦ ਤੱਕ ਠੀਕ ਹੈ ਪਰ ਕੀ ਇਹ ਗੱਲ ਮੰਨਣ ਲਈ ਵੀ ਤਿਆਰ ਹਨ ‘‘ਏਨੇ ਅਖ਼ਬਾਰ ਕਿਉਂ? ਕਿਉਂਕਿ ਅਖ਼ਬਾਰ ਹੁਣ ਦੁਕਾਨਾਂ ਵਾਂਗ ਚਲਾਏ ਜਾਂਦੇ ਹਨ’’। ਗੁਰਦੁਆਰਿਆਂ ਦੀ ਦੁਕਾਨਦਾਰੀ ਤਾਂ ਸਿਰਫ਼ ਸਿੱਖਾਂ ਦੇ ਅੰਧਵਿਸਵਾਸ਼ੀ ਅਤੇ ਕਰਮਕਾਂਡੀ ਹੋਣ ਕਰਕੇ ਚੱਲ ਰਹੀ ਹੈ ਅਤੇ ਇੱਥੇ ਜੋ ਵੀ ਭੇਟਾ ਦੇ ਰੂਪ ’ਚ ਸ਼ਰਧਾਲੂ ਦਿੰਦੇ ਹਨ, ਉਹ ਆਪਣੀ ਸ਼ਰਧਾ ਅਤੇ ਖੁਸ਼ੀ ਨਾਲ ਦਿੰਦੇ ਹਨ ਪਰ ਜਿਸ ਤਰ੍ਹਾਂ ਸਪੋਕਸਮੈਨ ਨੇ ਦੁਕਾਨਦਾਰੀ ਚਲਾਈ ਹੋਈ ਹੈ, ਇਸ ਵਿੱਚ ਤਾਂ ਬਲੈਕ ਮੇਲਿੰਗ, ਇਮੋਸ਼ਨਲ ਬਲੈਕ ਮੇਲਿੰਗ ਅਤੇ ਕਿਸੇ ਦੀ ਚਮਚਾਗਿਰੀ ਕਰਦਿਆਂ ਵਧਾ ਚੜ੍ਹਾ ਕੇ ਖ਼ਬਰਾਂ ਲਾਉਣੀਆਂ ਅਤੇ ਇਸ਼ਤਿਹਾਰ ਦੇਣ ਵਿਰੁੱਧ ਜਾਣ ਵਾਲੀ ਖ਼ਬਰ ਨੂੰ ਰੋਕਣ ਦੇ ਵੀ ਪ੍ਰਬੰਧ ਕੀਤੇ ਹੋਏ ਹਨ।