

ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥
- ਹਰਮਨਪ੍ਰੀਤ ਸਿੰਘ -
(0064) 277492976
ਗੁਰਮੁੱਖ ਪਿਆਰਿਉ ਅੱਜ ਅਸੀਂ ਗੁਰਬਾਣੀ ਦੇ ਚਾਨਣ ਵਿੱਚ ਇਹ ਵਿਚਾਰ ਕਰਨ ਜਾ ਰਹੇ ਹਾਂ ਕਿ ਗੁਰਬਾਣੀ
ਵਿੱਚ ਸੰਤ ਸ਼ਬਦ ਕਿਸ ਦੇ ਲਈ ਵਰਤਿਆ ਗਿਆ ਹੈ। ਅੱਜ ਸਾਡੇ ਵਿੱਚ ਗੁਰਬਾਣੀ ਵਿਚਾਰ ਦੀ ਅਣਹੋਂਦ ਹੋਣ
ਦੇ ਕਾਰਨ ਕੁੱਝ ਸ਼ਰਾਰਤੀ, ਚਤਰ, ਚਲਾਕ ਤੇ ਸਿੱਖੀ ਸਰੂਪ ਵਿੱਚ ਬੈਠੇ ਬ੍ਰਾਹਮਣ ਆਪਣੇ ਆਪ ਨੂੰ ਸੰਤ
ਅਖਵਾਉਣ ਲੱਗ ਗਏ ਹਨ। ਇਹ ਅਖੌਤੀ ਸਾਧ ਸੰਤ ਬ੍ਰਾਹਮਣੀ ਕਰਮਕਾਂਡਾਂ ਦਾ ਪ੍ਰਚਾਰ ਕਰ ਰਹੇ ਹਨ ਤੇ
ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇ ਰਹੇ ਹਨ।
ਗੁਰਬਾਣੀ ਵਿੱਚ ਸੰਤ ਸ਼ਬਦ ਪਰਮਾਤਮਾ ਵਾਸਤੇ, ਗੁਰੂ ਵਾਸਤੇ, ਤੇ ਉਹਨਾਂ ਗੁਰਮੁੱਖ ਪਿਆਰਿਆਂ ਵਾਸਤੇ
ਵਰਤਿਆ ਗਿਆ ਹੈ ਜਿਹੜੇ ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਚਲਦੇ ਹਨ।ਪਰ ਸੰਤ ਸ਼ਬਦ ਉਹਨਾ ਪਖੰਡੀਆ
ਵਾਸਤੇ ਵੀ ਵਰਤਿਆ ਗਿਆ ਹੈ ਜਿਹੜੇ ਬਾਹਰਲੇ ਪਹਿਰਾਵੇ ਤੋਂ ਤਾਂ ਧਾਰਮਿਕ ਲਗਦੇ ਹਨ, ਪਰ ਉਹਨਾਂ ਦੀ
ਰਹਿਤ ਬਹੁਤ ਮਾੜੀ ਹੈ। ਗੁਰਬਾਣੀ ਵਿੱਚ ਭੱਟ ਸਾਹਿਬਾਨ ਫੁਰਮਾੳਂੁਦੇ ਹਨ :
ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ ॥
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ ਕੇ ਗੁਣ ਹਉ ਕਿਆ ਕਹਉ ॥
ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ ॥
(1395)
ਭੱਟ ਭਿਖਾ ਜੀ ਕਹਿ ਰਹੇ ਹਨ ਕਿ ਮੈਂ ਬਹੁਤ ਪਖੰਡੀ ਸਾਧ ਸੰਤ ਦੇਖੇ ਹਨ ਜਿਹੜੇ ਮੁਖੋਂ ਤਾਂ ਮਿੱਠੀਆਂ ਤੇ ਗਿਆਨ ਦੀਆਂ ਗੱਲਾਂ ਕਰਦੇ ਹਨ ਪਰ ਇਹਨਾਂ ਦੀ ਰਹਣੀ ਬਹੁਤ ਮਾੜੀ ਹੈ। ਇਹ ਅਖੌਤੀ ਸੰਤ ਗੁਣਾਂ ਤੋਂ ਸਖਣੇ ਹਨ ਤੇ ਦੁਨਿਆ ਨੂੰ ਲੁੱਟਣ ਲਗੇ ਹੋਏ ਨੇ। ਭੱਟ ਜੀ ਕਹਿੰਦੇ ਹਨ ਕੇ ਪਰਮਾਤਮਾ ਨੇ ਮੈਨੂੰ ਗੁਰੂ ਨਾਲ ਮਿਲਾ ਦਿੱਤਾ ਹੈ ਤੇ ਜਿਵੇਂ ਗੁਰੂ ਸਾਹਿਬ ਰੱਖਣਗੇ ਮੈ ਉਸੇ ਤਰਾਂ ਹੀ ਰਹਾਂਗਾ।
ਭਗਤ ਕਬੀਰ ਜੀ ਇਹਨਾਂ ਪਖੰਡੀਆਂ ਤੋਂ ਸਾਨੂੰ ਸਾਵਧਾਨ ਕਰਦੇ ਹੋਏ ਕਹਿੰਦੇ ਹਨ ਕਿ ਇਹ ਲੋਕ ਪਹਿਰਾਵੇ ਤੋਂ ਤਾਂ ਧਰਮੀ ਲਗਦੇ ਹਨ ਪਰ ਅਸਲ ਵਿੱਚ ਇਹ ਸੰਤ ਨਹੀ ਠੱਗ ਹਨ। ਭਗਤ ਜੀ ਕਹਿੰਦੇ ਹਨ ਕਿ ਇਹੋ ਜਿਹੇ ਸੰਤ ਮੈਨੂੰ ਚੰਗੇ ਨਹੀਂ ਲਗਦੇ ਜਿਹੜੇ ਪੈਸਿਆਂ ਦੇ ਖਾਤਰ ਮਨੁੱਖ ਨੂੰ ਮਾਰਨ ਤੋਂ ਭੀ ਸੰਕੋਚ ਨਹੀਂ ਕਰਦੇ।
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥
ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥1॥
ਐਸੇ ਸੰਤ ਨ ਮੋ ਕਉ ਭਾਵਹਿ ॥
ਡਾਲਾ ਸਿਉ ਪੇਡਾ ਗਟਕਾਵਹਿ ॥
(476)
ਪੰਜਾਬ ਦੇ ਵਿੱਚ ਇਹੋ ਜਿਹੇ ਹਜ਼ਾਰਾਂ ਸੰਤਾਂ ਨੇ ਡੇਰੇ ਖੋਲੇ ਹੋਏ ਨੇ ਤੇ ਇਹਨਾ ਸੰਤਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਇਸਦਾ ਇਕੋ ਇਕ ਕਾਰਨ ਹੈ ਸਾਡੇ ਵਿੱਚ ਗੁਰਬਾਣੀ ਵਿਚਾਰ ਦੀ ਘਾਟ, ਇਹ ਲੋਕ ਸਾਡੀ ਅਗਿਆਨਤਾ ਦਾ ਫਾਇਦਾ ਉਠਾ ਰਹੇ ਹਨ ਤੇ ਸਾਨੂੰ ਬ੍ਰਾਹਮਣਵਾਦ ਦੇ ਖਾਰੇ ਸਮੁੰਦਰ ਵਿੱਚ ਧੱਕੀ ਜਾ ਰਹੇ ਹਨ। ਇਹ ਸੰਤ ਆਪ ਤਾਂ ਬੇਅੰਤ ਮਾਇਆ ਇਕਠੀ ਕਰ ਰਹੇ ਹਨ ਪਰ ਆਮ ਜਨਤਾ ਨੂੰ ਇਸਦਾ ਤਿਆਗ ਕਰਨ ਲਈ ਕਹਿੰਦੇ ਹਨ। ਅੱਜ ਜੇ ਕੋਈ ਇਨਸਾਨ ਇਹਨਾ ਦਾ ਭੇਦ ਖੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਸੰਤ ਉਸਦੀ ਅਵਾਜ ਨੂੰ ਦਬਾਉਣ ਵਾਸਤੇ ਆਪਣੀ ਪੂਰੀ ਵਾਹ ਲਾ ਦਿੰਦੇ ਹਨ।
ਪੰਜਾਬ ਦੇ ਇਕ ਗਾਇਕ ਤੇਜਿੰਦਰ ਸਿੰਘ (ਬੱਬੂ ਮਾਨ) ਨੇ ਜਦੋਂ ਆਪਣੇ ਇਕ ਗੀਤ ਰਾਹੀਂ ਇਹਨਾ ਸੰਤਾਂ ਦਾ ਭੇਦ ਖੋਲਿਆ ਤਾਂ ਇਹ ਸਾਰੇ ਸੰਤ ਹੱਥ ਧੋ ਕੇ ਉਸਦੇ ਪਿੱਛੇ ਪੈ ਗਏ। ਇਕ ਸੰਤ ਤਾਂ ਏਨਾਂ ਭੜਕ ਗਿਆ ਕਿ ਉਹ ਸਟੇਜਾ ਤੋਂ ਬੱਬੂ ਮਾਨ ਦੇ ਖਿਲਾਫ ਬੋਲਣ ਲੱਗ ਗਿਆ। ਇਹ ਸੰਤ ਕਹਿੰਦਾ ਹੈ ਕਿ ਕੀ ਹੋਇਆ ਜੇ ਮੈਂ ਗੱਡੀ ਵਿੱਚ ਆੳਂੁਦਾ ਹਾਂ ਸੰਗਤ ਵੀ ਤਾਂ ਗੱਡੀਆਂ ਵਿੱਚ ਆੳਂੁਦੀ ਹੈ। ਪਰ ਇਸ ਸੰਤ ਤੋਂ ਕੋਈ ਪੁੱਛੇ ਕੀ ਇਸਦੇ ਪ੍ਰੋਗਰਾਮ ਵਿੱਚ ਕਿੰਨੀ ਕੂ ਸੰਗਤ 70-70 ਲੱਖ ਦੀ ਗੱਡੀ ਵਿੱਚ ਆਉਂਦੀ ਹੈ। ਪਿੰਡਾ ਵਾਲੇ ਲੋਕ ਤਾਂ ਬਿਚਾਰੇ ਇੱਕ- ਇੱਕ ਟਰਾਲੀ ਤੇ 50-50 ਜਾਣੇ ਬੈਠ ਕੇ ਆੳਂੁਦੇ ਨੇ।
ਜੇ ਇਹਨਾ ਸੰਤਾਂ ਤੋਂ ਕੋਈ ਪੁੱਛ ਲਵੇ ਕਿ ਤੁਸੀਂ ਇਤਨੀ ਮਹਿੰਗੀ ਗੱਡੀ ਕਿਉਂ ਖਰੀਦੀ ਹੈ ਤਾਂ ਇਹ ਕਹਿੰਦੇ ਹਨ ਕਿ ਇਹ ਤਾਂ ਕੋਈ ਸ਼ਰਧਾਲੂ ਦੇ ਕੇ ਗਿਆ ਹੈ। ਇਹਨਾ ਤੋਂ ਕੋਈ ਪੁੱਛੇ ਕਿ ਪੰਜਾਬ ਵਿੱਚ ਤਾਂ ਸਿੱਖਾਂ ਦੇ ਬੁਰੇ ਹਾਲ ਨੇ, ਕਰਜ਼ੇ ਹੇਠ ਦੱਬੇ ਹੋਏ ਕਿਸਾਨ ਆਤਮ ਹੱਤਿਆ ਤੱਕ ਕਰੀ ਜਾ ਰਹੇ ਨੇ, ਲੱਖਾਂ ਲੋਕਾਂ ਨੂੰ ਰੋਟੀ ਵੀ ਨਹੀਂ ਮਿਲਦੀ ਤੇ ਇਹ ਬਾਬੇ ਮਹਿੰਗੀਆਂ ਗੱਡੀਆਂ ਵਿੱਚ ਘੁਮ ਰਹੇ ਨੇ। ਜੇ ਕੋਈ ਸ਼ਰਧਾਲੂ ਇਹਨਾਂ ਨੂੰ ਮਹਿੰਗੀ ਗੱਡੀ ਦੇ ਵੀ ਜਾਂਦਾ ਹੈ ਤਾਂ ਬਾਬੇ ਉਸ ਸ਼ਰਧਾਲੂ ਨੂੰ ਸਮਝਾ ਵੀ ਸਕਦੇ ਨੇ ਕਿ ਸਾਨੂੰ ਏਨੀ ਮਹਿੰਗੀ ਗੱਡੀ ਨਹੀਂ ਚਾਹੀਦੀ ਇਹ ਪੈਸਾ ਕਿਸੇ ਹੋਰ ਭਲੇ ਕੰਮ ਲਈ ਵਰਤਿਆ ਜਾ ਸਕਦਾ ਹੈ। ਪਰ ਬਾਬੇ ਇਸ ਤਰਾਂ ਨਹੀਂ ਕਰਨਗੇ ਕਿਉਂ ਕਿ ਇਹ ਤਾਂ ਆਪ ਐਸ਼ਪਰਸਤੀ ਚਾਹੁੰਦੇ ਹਨ। ਗੁਰੂ ਸਾਹਿਬ ਵੇਲੇ ਤਾਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੋਇਆ ਕਰਦਾ ਸੀ ਪਰ ਅੱਜ ਤਾਂ ਸੰਤਾਂ ਦਾ ਮੂੰਹ ਗੁਰੂ ਦੀ ਗੋਲਕ ਹੋ ਗਿਆ ਲਗਦਾ ਹੈ।
ਸੋ ਗੁਰਮਖ ਪਿਆਰਿਉ ਅੱਜ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਨਹੀਂ ਤਾਂ ਇਹ ਬੁੱਕਲ ਦੇ ਸੱਪ ਸਾਨੂੰ ਇਸ ਤਰਾਂ ਹੀ ਡੰਗੀ ਜਾਣਗੇ। ਆਉ ਅਸੀਂ ਸਾਰੇ ਗੁਰਬਾਣੀ ਵਿਚਾਰ ਨਾਲ ਜੁੜੀਏ ਤੇ ਹੋਰਨਾ ਨੂੰ ਵੀ ਇਸ ਪਾਸੇ ਲਾਈਏ। ਅਖੀਰ ਵਿੱਚ ਇੱਕ ਵੀਰ ਵਲੋਂ ਲਿੱਖੀ ਕਵਿਤਾ ਦੀਆਂ ਦੋ ਲਾਇਨਾਂ ਲਿੱਖ ਕੇ ਸਮਾਪਤੀ ਕਰਦਾਂ ਹਾਂ :
ਡੇਰਾਵਾਦ ਪੰਜਾਬ ਤੇ ਹੋਇਆ ਭਾਰੂ, ਬਾਬੇ ਘੁੰਮਦੇ ਮਾਰ ਲਲਕਾਰੀਆਂ
ਨੇ।
ਅੱਜ ਕੋਈ ਵੀ ਇਹਨਾ ਨੂੰ ਰੋਕਦਾ ਨਹੀਂ , ਇਹ ਤਾਂ ਕਰ ਰਹੇ ਨੇ
ਮੌਜਾਂ ਭਾਰੀਆਂ ਨੇ।
ਜਨਤਾਂ ਜਿਨ੍ਹਾਂ ਤੋਂ ਸੁੱਖ ਦੀ ਆਸ ਮੰਗਦੀ, ਉਹ ਕਰਨ ਬਾਬਿਆਂ ਦੀਆਂ
ਤਰਫਦਾਰੀਆਂ ਨੇ।
‘ਜਸਮਿੱਤਰ ਸਿੰਘਾਂ’ ਅੱਜ ਤੇਰੀ ਲੋੜ ਪੈ ਗਈ ਪੰਜਾਬ ਘੇਰਿਆ ਅੱਜ ਸ਼ਿਕਾਰੀਆਂ ਨੇ।
ਅੱਜ ਉੱਠ ਪੰਜਾਬ ਦਿਆ ਨੌਜਵਾਨਾ, ਤੇਰੇ ਸਿਰ ਤੇ ਬਹੁਤ
ਜ਼ਿੰਮੇਵਾਰੀਆਂ ਨੇ।
ਤੇਰੇ ਸੋਹਣੇ ਪੰਜਾਬ ਦੀ ਹਿੱਕ ਉੱਤੇ, ਅੱਜ ਬੈਠ ਗਈਆਂ ਡੇਰੇਦਾਰੀਆਂ
ਨੇ।