

ਗੁਰਮਤਿ ਵਿੱਚ ਅਰਦਾਸ ਦਾ ਸੰਕਲਪ
- ਹਰਦੇਵ ਸਿੰਘ, ਜੰਮੂ -
ਜਦੋਂ ਤੋਂ ਮਨੁੱਖ ਨੇ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕੀਤਾ ਹੈ, ਲਗਭਗ ਉਦੋਂ ਤੋਂ ਹੀ ਉਹ ਪਰਮਾਤਮਾ ਦੇ ਨਾਲ ਆਪਣਾ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਆਇਆ ਹੈ। ਇਸ ਸਬੰਧ ਨੂੰ ਬਣਾਉਣ ਦੀ ਕੋਸ਼ਿਸ਼ ਦਾ ਸਭ ਤੋਂ ਪ੍ਰਚਲਿਤ ਸਾਧਨ ਅਰਦਾਸ ਰਿਹਾ ਹੈ।
ਅਰਦਾਸ ਦਾ ਅਰਥ ਹੈ ਪ੍ਰਾਰਥਨਾ। ਸਭਿਅਤਾ ਦੇ ਅਗਾਜ਼ ਤੋਂ ਹੀ ਮਨੁੱਖ ਕਈ ਪ੍ਰਚਾਰ ਦੇ ਦੇਵੀ-ਦੇਵਤਿਆਂ ਨੂੰ ਘੜ ਕੇ ਉਨ੍ਹਾਂ ਦੇ ਸਨਮੁੱਖ ਅਰਦਾਸ ਕਰਦਾ ਰਿਹਾ ਹੈ। ਉਦੋਂ ਉਸ ਦੀ ਅਰਦਾਸ ਤਰ੍ਹਾਂ-ਤਰ੍ਹਾਂ ਦੇ ਕਰਮ-ਕਾਂਡਾਂ ਦੇ ਰੂਪ ਵਿੱਚ ਸੀ। ਲੇਕਿਨ ਮਕਸਦ ਇਕ ਹੀ ਸੀ। ਅਤੇ ਉਹ ਮਕਸਦ ਸੀ ਦੇਵੀ-ਦੇਵਤਿਆਂ ਦੀ ਵਿਸ਼ੇਸ਼ ਕ੍ਰਿਪਾ ਪ੍ਰਾਪਤੀ ਦੀ ਮਨਸ਼ਾ। ਸਭਿਅਤਾ ਦੇ ਵਿਕਾਸ ਦੇ ਨਾਲ-ਨਾਲ ਅਰਦਾਸ ਨੇ ਸ਼ਬਦਾਂ ਦਾ ਰੂਪ ਵੀ ਲਿਆ ਤੇ ਅਗੇ ਚੱਲ ਕੇ ਅਰਦਾਸ ਕਰਨ ਦੀ ਸਮਾਂ ਸਾਰਣੀ (ਟਾਈਮ-ਟੇਬਲ) ਵੀ ਬਣਾਈ ਗਈ। ਮਿਸਾਲ ਵਜੋਂ, ਪੰਜ ਮੁਸਲਿਮ ਨਿਮਾਜ਼ਾਂ ਅਤੇ ਅਲੱਗ-ਅਲੱਗ ਧਰਮਾਂ ਦੇ ਅਕੀਦੇ ਮੁਤਾਬਿਕ ਸਵੇਰੇ ਸ਼ਾਮ ਕੀਤੀਆਂ ਜਾਣ ਵਾਲੀਆਂ ਅਰਦਾਸਾਂ।
ਸਮੇਂ ਦੇ ਨਾਲ-ਨਾਲ ਬਹੁਤ ਕੁਝ ਬਦਲਿਆ। ਪਰ ਅਰਦਾਸ ਕਰਨ ਪਿੱਛੇ ਮਨੁੱਖ ਦੀ ਮਨਸ਼ਾ ਅਤੇ ਉਸ ਦੇ ਭਾਵ
ਬਹੁਤ ਹੀ ਘੱਟ ਬਦਲੇ। ਹਵਨ, ਯੱਗ, ਬਲੀ, ਬੀਆਬਾਨਾਂ ਵਿੱਚ ਉਲਟੇ ਸਿੱਧੇ ਹੋ ਕੇ ਲਟਕਣਾ ਅਤੇ ਧਾਰਮਕ
ਅਸਥਾਨਾਂ ’ਤੇ ਵਿਸ਼ੇਸ਼ ਪੂਜਾ ਅਰਚਨਾ ਆਦਿ ਅਰਦਾਸ ਦੇ ਹੀ ਵੱਖ-ਵੱਖ ਰੂਪ ਰਹੇ ਪਰ ਭਾਵ ਇਕ ਹੀ ਰਿਹਾ -
ਪਰਮਾਤਮਾ ਨੂੰ ਖਸ਼ ਕਰਦੇ ਹੋਏ ਉਸ ਦੀ ਵਿਸ਼ੇਸ਼ ਕਿਰਪਾ ਪ੍ਰਾਪਤੀ ਦਾ ਭਾਵ। ਮੋਟੇ ਤੌਰ ’ਤੇ ਅਰਦਾਸ ਦੇ
ਦੋ ਰੂਪ ਹਨ:
ਪਹਿਲਾ - ਕਿਸੇ ਤਰ੍ਹਾਂ ਦੀ ਮਦਦ ਦੀ ਗੁਹਾਰ। ਦੂਜਾ - ਕਿਸੇ ਦੇ ਅੱਗੇ ਕ੍ਰਿਤੱਗਤਾ ਦਾ ਭਾਵ ਜਾਂ
ਸ਼ੁਕਰੀਆ ਅਦਾ ਕਰਨ ਦਾ ਭਾਵ।
ਅੱਜ ਅਸੀਂ ਦੇਖਦੇ ਹਾਂ ਕਿ ਮੁੱਖ ਤੌਰ ’ਤੇ ਅਰਦਾਸ ਮੰਗਣ ਦੀ ਇਕ ਕ੍ਰਿਆ ਦੇ ਰੂਪ ਵਿੱਚ ਪ੍ਰਚਲਿਤ
ਹੈ। ਅਰਦਾਸ ਇਕ ਐਸਾ ਸੰਵਾਦ ਹੈ ਜਿਸ ਦਾ ਭਾਵ ਈਸ਼ਵਰ ਤੋਂ ਮੰਗਣਾ ਹੀ ਹੈ। ਮਨੁੱਖ ਦੇ ਜੀਵਨ ਵਿੱਚ ਜਦ
ਵੀ ਕੁਝ ਐਸਾ ਵਾਪਰਦਾ ਹੈ (ਜਾਂ ਵਾਪਰਨ ਦੀ ਸ਼ੰਕਾ ਹੁੰਦੀ ਹੈ) ਜੋ ਉਸ ਦੀ ਇਛਾ ਮੁਤਾਬਿਕ ਨਹੀਂ
ਹੁੰਦਾ, ਤਾਂ ਉਹ ਪਰਮਾਤਮਾ ਤੋਂ ਉਸ ਸਥਿਤੀ ਜਾਂ ਸੰਭਾਵਿਤ ਨਤੀਜੇ ਬਾਰੇ ਬਦਾਲਅ ਜਾਂ ਬਚਾਅ ਮੰਗਦਾ
ਹੈ। ਇਸ ਲਈ ਜ਼ਿਆਦਾਤਰ ਅਰਦਾਸਾਂ ਹੋਣੀ (ਭਾਣੇ) ਪ੍ਰਤੀ ਮਨੁੱਖ ਦੀ ਅਸਹਿਮਤੀ ਤੋਂ ਪ੍ਰੇਰਿਤ ਹੁੰਦੀਆਂ
ਹਨ। ਪਰਮਾਤਮਾ ਰਚਿਤ ਕੁਦਰਤ ਵਿੱਚ ਜੋ ਕੁਝ ਵੀ ਸਾਨੂੰ ਮਿਲਿਆ ਹੈ, ਅਸੀਂ ਉਸ ਤੋਂ ਸਹਿਮਤ ਨਹੀਂ
ਹੁੰਦੇ ਅਤੇ ਜਦੋਂ ਅਸੀਂ ਸਹਿਮਤ ਨਹੀਂ ਹੁੰਦੇ ਤਾਂ ਅਸੀਂ ਅਰਦਾਸ ਕਰਦੇ ਹਾਂ। ਇਸ ਸੰਦਰਭ ਵਿੱਚ
ਮੰਗਣਾ, ਸਹਿਮਤ ਨਾ ਹੋਣਾ ਹੈ। ਹਾਂ, ਜੇਕਰ ਕੋਈ ਮੰਦ ਚਰਿੱਤਰ ਮਨੁੱਖ ਅਗਰ ਪਰਮਾਤਮਾ ਤੋਂ ਚੰਗਾ ਅਤੇ
ਚਰਿੱਤਰਵਾਨ ਬਨਣ ਦੀ ਇੱਛਾ-ਸ਼ਕਤੀ ਮੰਗਦਾ ਹੈ ਤਾਂ ਐਸੀ ਅਸਹਿਮਤੀ ਵਾਜਿਬ ਹੈ ਪਰ ਅਜਿਹਾ ਹੁੰਦਾ ਬੜਾ
ਘੱਟ ਹੈ।
ਮਨੁੱਖ ਮੌਤ ਤੋਂ ਡਰਦਾ ਹੈ। ਉਹ ਮੌਤ ਤੋਂ ਸਹਿਮਤ ਨਹੀਂ। ਉਹ ਬਿਮਾਰੀ/ਕਮਜ਼ੋਰੀ ਤੋਂ ਵੀ ਸਹਿਮਤ
ਨਹੀਂ। ਇਸ ਵਾਸਤੇ ਉਹ ਮੌਤ ਅਤੇ ਸਰੀਰਕ ਕਮਜ਼ੋਰੀ ਤੋਂ ਬਚਣ ਦੀ ਅਰਦਾਸ ਕਰਦਾ ਹੈ।
ਅਰਦਾਸ ਆਪਣੇ ਇਸ ਸਰੂਪ ਵਿੱਚ ਪਰਮਾਤਮਾ ਦੇ ਹੁਕਮ ਵਿਰੁੱਧ ਹੈ ਅਤੇ ਵਿਅਰਥ ਹੈ। ਮੌਤ ਅਤੇ ਸਰੀਰਕ ਕਮਜ਼ੋਰੀ ਅਟੱਲ ਹੈ। ਸਾਡੇ ਵਿੱਚੋਂ ਅਨੇਕਾਂ ਲੋਕ ਲੜਕੀ ਦੇ ਜਨਮ ਤੋਂ ਸਹਿਮਤ ਨਹੀਂ। ਇਸਲਈ ਉਹ ਇਸਤ੍ਰੀ ਦੇ ਗਰਭਵਤੀ ਹੋਣ ਸਮੇਂ ਲੜਕੇ ਦੇ ਜਨਮ ਲਈ ਅਰਦਾਸ ਕਰਦੇ ਹਨ। ਕਈ ਲੋਕ ਲੜਕੇ ਦੇ ਜਨਮ ਦੀ ਦਾਤ ਦੀ ਅਰਦਾਸ ਵਿੱਚ ਨਾਕਾਮਯਾਬੀ ਦੇ ਚਲਦੇ ਮਾਤਾ ਦੇ ਗਰਭ ਵਿੱਚ ਹੀ ਲੜਕੀ ਦੇ ਭਰੂਣ ਦੀ ਹੱਤਿਆ ਦਾ ਆਧੁਨਿਕ ਹਥਕੰਡਾ ਇਸਤੇਮਾਲ ਕਰਦੇ ਹਨ। ਦੋ-ਤਿੰਨ ਭਰੂਣ ਹੱਤਿਆਵਾਂ ਤੋਂ ਬਾਅਦ ਹੋਣ ਵਾਲੇ ਲੜਕੇ ਦੇ ਜਨਮ ਤੇ ਆਪਦੀ ਅਰਦਾਸ ਨੂੰ ਪੂਰਾ ਮੰਨਦੇ ਹੋਏ ਫੁੱਲੇ ਨਹੀਂ ਸਮਾਉਂਦੇ।
ਦਰਅਸਲ ਅਰਦਾਸ ਦੀ ਪ੍ਰਕ੍ਰਿਆ ਮਹੱਤਵਪੂਰਨ ਨਹੀਂ ਹੈ। ਮਹੱਤਵਪੂਰਨ ਹੈ ਉਹ ਭਾਵ, ਜਿਸਨੂੰ ਲੈ ਕੇ ਅਰਦਾਸ ਕੀਤੀ ਜਾਂਦੀ ਹੈ। ਅਸੀਂ ਜਾਣਦੇ ਹਾਂ ਕਿ ਚੰਬਲ ਘਾਟੀ ਦੇ ਡਕੈਤ ਕਾਲੀ ਦੇਵੀ ਦੇ ਭਗਤ ਹੁੰਦੇ ਹਨ। ਉਹ ਹਰ ਡਾਕੇ/ਕਤਲ ਵਾਸਤੇ ਨਿਕਲਣ ਤੋਂ ਪਹਿਲਾਂ ਕਾਲੀ ਦੇਵੀ ਅੱਗੇ ਆਪਣੇ ਡਾਕੇ/ਕਤਲ ਦੀ ਕੋਸ਼ਿਸ਼ ਦੀ ਸਫਲਤਾ ਦੀ ਕਾਮਨਾ ਕਰਦੇ ਹੋਏ ਅਰਦਾਸ ਕਰਦੇ ਹਨ। ਅਰਦਾਸ ਉਹ ਬੇਈਮਾਨ ਅਤੇ ਭ੍ਰਿਸ਼ਟ ਲੋਕ ਵੀ ਕਰਦੇ ਹਨ, ਜਿਹੜੇ ਆਪਣੇ ਗਲਤ ਧੰਧਿਆਂ ਵਿੱਚ ਤਰੱਕੀ ਚਾਹੁੰਦੇ ਹਨ। ਚੰਗੀ ਪੋਸਟ (ਜਿਥੇ ਉਪਰ ਦੀ ਕਮਾਈ ਜ਼ਿਆਦਾ ਹੋਵੇ) ਦੀ ਇੱਛਾ ਨੂੰ ਲੈ ਕੇ ਅਰਦਾਸਾਂ ਕੀਤੀਆਂ ਜਾਂਦੀਆਂ ਹਨ।
ਸ਼ਹਿਰਾਂ ਦੀ ਆਧੁਨਿਕਤਾ ਵਿੱਚ ਜੀ ਰਹੇ ਲੱਖਾਂ ਭੁੱਖੇ ਨੰਗੇ ਲੋਕ ਵੀ ਆਪਣੇ ਬਿਹਤਰ ਮੁਸਤਕਬਿਲ ਦੀ ਅਰਦਾਸ ਕਰਦੇ ਹਨ ਜੋ ਕਿ ਲਗਭਗ ਕਦੇ ਨਹੀਂ ਬਦਲਦਾ। ਸਮਝ ਵਿੱਚ ਨਹੀਂ ਆਉਂਦਾ ਕਿ ਐਸੇ ਗਰੀਬ ਅਤੇ ਮਜਬੂਰ ਲੋਕਾਂ ਦੀ ਅਰਦਾਸ ਕਿਉਂ ਕਬੂਲ ਨਹੀਂ ਹੁੰਦੀ? ਕੁਝ ਕਹਿਣਗੇ - ‘‘ਹੇ ਭਾਈ, ਇਹ ਤਾਂ ਉਨ੍ਹਾਂ ਦੇ ਕਰਮਾਂ ਦਾ ਫਲ ਹੈ।’’ ਅਗਰ ਸਚਮੁਚ ਅਜਿਹਾ ਹੈ ਤਾਂ ਫਿਰ ਅਰਦਾਸ ਦਾ ਮਤਲਬ ਹੀ ਕੀ ਹੈ? ਕੁਝ ਕਹਿਣਗੇ - ਅਰਦਾਸ ਤਾਂ ਸੱਚੇ ਭਾਵ ਦੀ ਹੀ ਕਬੂਲ ਹੁੰਦੀ ਹੈ।’’ ਅਗਰ ਸਚਮੁਚ ਐਸਾ ਹੈ ਤਾਂ ਫਿਰ ਅਰਦਾਸ ਦਾ ਮਤਲਬ ਹੀ ਕੀ ਹੈ? ਕੁਝ ਕਹਿਣਗੇ - ‘‘ਅਰਦਾਸ ਤਾਂ ਸੱਚੇ ਭਾਵ ਦੀ ਹੀ ਕਬੂਲ ਹੁੰਦੀ ਹੈ।’’ ਮੌਤ ਦੇ ਕਿਨਾਰੇ ਖੜੇ ਕਿਸੇ ਬੱਚੇ ਦੇ ਮਾਪੇ ਬਿਨਾਂ ਸ਼ੱਕ ਸੱਚੇ ਭਾਵ ਨਾਲ ਹੀ ਪਰਮਾਤਮਾ ਤੋਂ ਆਪਣੇ ਬੱਚੇ ਦੇ ਜੀਵਨ ਲਈ ਅਰਦਾਸ ਕਰਦੇ ਹਨ। ਲੇਕਿਨ ਫਿਰ ਵੀ ਬੱਚਾ ਬਚਦਾ ਨਹੀਂ। ਹੁਣ ਸੱਚੇ ਭਾਵ ਭਰੀ ਮਾਪਿਆਂ ਦੀ ਅਰਦਾਸ ਦੀ ਇਸ ਨਾਕਾਮੀ ਤੇ ਕੀ ਕਹਾਂਗੇ?
ਅੱਜਕਲ ਅਰਦਾਸ ਕਰਨ ਵਾਲਿਆ ਦਾ ਇਕ ਨਵਾਂ ਗਰੁੱਪ ਵੀ ਹੈ। ਇਹ ਇਕ ਨਿਰਾਲਾ ਗਰੁੱਪ ਹੈ। ਇਸ ਗਰੁੱਪ
ਨਾਲ ਸਬੰਧ ਰੱਖਣ ਵਾਲੇ ਲੋਕ ਗੁਰਦੁਆਰਿਆਂ ਵਿੱਚ ਕੀਤੀਆਂ ਜਾਣ ਵਾਲੀਆਂ ਅਰਦਾਸਾਂ ਵਿੱਚ ਆਪਣੇ ‘ਦਾਨ’
ਦਾ ‘ਬਖਾਨ’ ਬੁਲੰਦ ਅਵਾਜ਼ ਵਿੱਚ ਸੁਣਨਾ ਅਤੇ ਸੁਣਾਉਣਾ ਚਾਹੁੰਦੇ ਹਨ। ਇਹ ਹਸਰਤ ਜਦ ਵਧ ਜਾਵੇ ਤਾਂ
ਗੁਰਦੁਆਰੇ ਵਿੱਚ ਲਗੀਆਂ ਸੰਗਮਰਮਰ ਦੀਆ ਸਿੱਲਾਂ ਜਾਂ ਛਤ ਤੇ ਟੰਗੇ ਹੋਏ ਪੱਖਿਆਂ ਦੇ ਪਰਾਂ ‘ਤੇ
ਝਲਕਦੀ ਹੈ। ਗਰੀਬ ਅਤੇ ਮਜ਼ਲੂਮ ਦੀ ਅਰਦਾਸ ਉਸ ਦੀ ਮਜਬੂਰੀ ਕਹੀ ਜਾ ਸਕਦੀ ਹੈ। ਕਿਸੇ ਮੁਸੀਬਤ ਵਿੱਚ
ਫਸੇ ਕਿਸੇ ਵੀ ਮਨੁੱਖ ਦੀ ਅਰਦਾਸ ਵਾਜਿਬ ਕਹੀ ਜਾ ਸਕਦੀ ਹੈ ਪਰ ਉ¤ਪਰ ਦਿੱਤੀ ਮਿਸਾਲ ਨਾਲ ਸਬੰਧਿਤ
ਸਾਰੀਆਂ ਅਰਦਾਸਾਂ ਅਗਿਆਨਤਾ ਹਨ।
ਸਪਸ਼ਟ ਹੁੰਦਾ ਹੈ ਕਿ ਅਰਦਾਸ ਦਾ ਮਹੱਤਵ ਭਾਵ ਦੇ ਨਾਲ ਹੈ। ਹੁਣ ਸਵਾਲ ਉਠਦਾ ਹੈ ਕਿ ਕੀ ਭਾਵ ਹੀ ਸਭ
ਕੁਝ ਹੈ?
ਇਤਿਹਾਸ ਦੇ ਪੰਨਿਆਂ ਵਿੱਚ ਦਰਜ਼ ਹੈ ਕਿ ਗਜ਼ਨਵੀ ਤੇ ਬਾਬਰ ਦੇ ਹਮਲਿਆਂ ਸਮੇਂ ਕਈ ਪੂਜਾ ਘਰਾਂ ਵਿੱਚ ਹਮਲਾਵਰਾਂ ਦੀ ਨਾਕਾਮੀ ਦੀਆਂ ਅਰਦਾਸਾਂ ਕੀਤੀਆਂ ਗਈਆਂ। ਸਿੱਟੇ ਵਿੱਚ ਸ਼ੱਕ ਨਹੀਂ ਕਿ ਹਮਲੇ ਦੇ ਡਰ ਦੇ ਚੱਲਦੇ ਹੋਏ ਉਹ ਅਰਦਾਸਾ ਕਈਆਂ ਨੇ ਸੱਚੇ ਦਿਲੋਂ ਹੀ ਕੀਤੀਆਂ ਹੋਣਗੀਆਂ। ਪਰ ਉਹ ਸਾਰੀਆਂ ਅਰਦਾਸਾਂ ਨਾਕਾਮ ਰਹੀਆਂ। ਕਾਰਨ? ਕਾਰਨ ਇਹ ਕਿ ਉਹ ਅਰਦਾਸਾਂ ਸੱਚੇ ਮਨ ਤੋਂ ਕੀਤੀਆਂ ਗਈਆਂ ਪਰ ਉਨ੍ਹਾਂ ਵਿੱਚੋਂ ਵਿਵਹਾਰ ਗਾਇਬ ਸੀ। ਅਰਦਾਸ ਦਾ ਅਰਥ ਵਿਵਾਹ ਹੈ - ਕੇਵਲ ਭਾਵ ਨਹੀਂ।
ਆਓ, ਇਕ ਮਿਸਾਲ ਤੋਂ ਸਮਝੀਏ :
ਕੜਾਕੇ ਦੀ ਸਰਦੀ ਵਿੱਚ ਇਕ ਪਿੰਡ ਦੀ ਚੌਪਾਲ ’ਤੇ ਬੈਠੀ ਇਕ ਬੁੱਢੀ ਰਾਤ ਨੂੰ ਕੰਬ ਰਹੀ ਸੀ। ਕੁਝ ਦੂਰੀ ਤੋਂ ਘਰ ਦੀ ਥੋਡੀ ਜਿਹੀ ਖੁਲ੍ਹੀ ਖਿੜਤੀ ਤੋਂ ਇਕ ਆਦਮੀ ਤੇ ਉਸ ਦੀ ਪਤਨੀ ਨੇ ਉਸ ਕੰਬਦੀ ਹੋਈ ਬੁੱਢੀ ਨੂੰ ਵੇਖਿਆ। ਰਾਤ ਘਿਰਦੀ ਗਈ ਅਤੇ ਠੰਢ ਵਧਦੀ ਗਈ। ਕੁਝ ਹੋਰ ਦੇਰ ਬਾਅਦ ਅਸਮਾਨ ’ਤੇ ਬੱਦਲ ਵੀ ਘਿਰ ਆਏ। ਠੰਢ ਹੱਡ-ਚੀਰਵੀਂ ਸੀ।
ਆਪਣੇ ਬਿਸਤਰੇ ’ਤੇ ਲੇਟੇ ਹੋਏ ਪਤੀ-ਪਤਨੀ ਪਰੇਸ਼ਾਨ ਹੋ ਉਠੇ। ਸੋਚਣ ਲੱਗੇ ਚੌਪਾਲ ’ਤੇ ਪਈ ਉਸ ਬੁੱਢੀ ਦੀ ਅੱਜ ਦੀ ਰਾਤ ਕਿਵੇਂ ਬੀਤੇਗੀ? ਦੇਰ ਰਾਤ ਤੱਕ ਦੋਹਾਂ ਨੇ ਭਾਵੁਕ ਹੋ ਕੇ ਸੱਚੇ ਮਨ ਨਾਲ ਪਰਮਾਤਮਾ ਸਨਮੁਖ ਬੁੱਢੀ ਦੀ ਸਲਾਮਤੀ ਦੀ ਅਰਦਾਸ ਕੀਤੀ। ਅਰਦਾਸ ਕਰਦੇ-ਕਰਦੇ ਉਹ ਸੌਂ ਗਏ। ਸਵੇਰੇ ਸ਼ੋਰਗੁਲ ਨਾਲ ਅੱਖ ਖੁੱਲੀ ਤੇ ਪਤਨੀ ਨੇ ਝਟ ਪਤੀ ਨੂੰ ਜਗਾਇਆ ਅਤੇ ਦੱਸਿਆ ਕਿ ਚੌਪਾਲ ’ਤੇ ਪਈ ਬੁੱਢੀ ਰਾਤ ਨੂੰ ਮਰ ਗਈ ਹੈ। ਪਤੀ ਚੌਂਕ ਉਠਿਆ। ਦੋਹਾਂ ਦੀਆਂ ਅੱਖਾਂ ਨਮ ਹੋ ਗਈਆਂ। ਪਤਨੀ ਨੇ ਭਰੇ ਹੋਏ ਗਲੇ ਨਾਲ ਪਤੀ ਨੂੰ ਪੁੱਛਿਆ - ‘‘ਰਾਤ ਭਰ ਕੀਤੀਆਂ ਗਈਆਂ ਸਾਡੀਆਂ ਅਰਦਾਸਾਂ ਕਿਉਂ ਵਿਅਰਥ ਗਈਆਂ? ਕੀ ਸਾਡੇ ਭਾਵ ਸੱਚੇ ਨਹੀਂ ਸਨ?’’ ਪਤੀ ਕੁਝ ਦੇਰ ਚੁਪਚਾਪ ਰਿਹਾ ਅਤੇ ਫਿਰ ਬੋਲਿਆ, ‘‘ਸਾਡੇ ਭਾਵ ਤਾਂ ਸੱਚੇ ਸਨ ਪਰ ਉਨ੍ਹਾਂ ਭਾਵਾਂ ਦਾ ਵਿਵਹਾਰ ਨਹੀਂ ਸੀ। ਜੇਕਰ ਅਸੀਂ ਸੱਚੇ ਭਾਵ ਨਾਲ ਭਰੀ ਕੇਵਲ ਅਰਦਾਸ ਤੱਕ ਸੀਮਤ ਰਹਿਣ ਦੀ ਬਜਾਏ ਚੌਪਾਲ ’ਤੇ ਪਈ ਕੰਬਦੀ ਬੁੱਢੀ ਨੂੰ ਆਪ ਕੰਬਲ ਦੇ ਕੇ ਸਰਦੀ ਤੋਂ ਬਚਾਉਂਦੇ, ਤਾਂ ਇਹ ਸਾਡੀ ਅਸਲ ਅਰਦਾਸ ਹੁੰਦੀ।’’
ਸਾਨੂੰ ਸਭ ਨੂੰ ਪਤਾ ਹੈ ਕਿ ਗੁਰੂ ਸਾਹਿਬ ਨੇ ਪੰਜ ਵਕਤ ਦੀ ਅਰਦਾਸ (ਮੁਸਲਿਮ ਨਿਮਾਜ਼ਾਂ) ਦੇ ਨਾਲ ਆਪਣੀ ਅਸਹਿਮਤੀ ਪਗਟ ਕਰਦੇ ਹੋਏ ਉਨ੍ਹਾਂ ਨੂੰ ਅਮਲੀ ਕਿਰਦਾਰ ਨਾਲ ਜੋੜਿਆ :
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ।।
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ।।
ਚਉਥੀ ਨੀਅਤ ਰਾਸਿ ਮਨੁ ਪੰਜਵੀ ਸਿਫਤਿ ਸਨਾਇ।।
(141)
ਅਸੀਂ ਇਹ ਵੀ ਜਾਣਦੇ ਹਾਂ ਕਿ ਉਨ੍ਹਾਂ ਨੇ ਆਰਤੀ (ਹਿੰਦੂ ਅਰਦਾਸ) ਪੱਧਤੀ ਨਾਲ ਵੀ ਅਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਨੂੰ ਅਜਿਹੀਾਂ ਅਰਦਾਸਾਂ ਤੋਂ ਪਰਹੇਜ਼ ਸੀ। ਆਪਣੇ ਇਸ ਪਰਹੇਜ਼ ਦੇ ਪਿੱਛੇ ਉਨ੍ਹਾਂ ਦੀ ਗਹਿਰੀ ਸੋਚ ਸੀ। ਉਹ ਜਾਣਦੇ ਸਨ ਕਿ ਮੰਗਣ ਦੇ ਮਕਸਦ ਨੂੰ ਲੈ ਕੇ ਕੀਤੀਆਂ ਜਾਣ ਵਾਲੀਅ ਅਰਦਾਸਾਂ ਵਿਅਰਥ ਹਨ। ਉਹ ਜਾਣਦੇ ਸਨ ਕਿ ਪਰਮਾਤਮਾ ਨੂੰ ਸੁਣਾਉਣ ਵਾਸਤੇ ਕੀਤੀਆਂ ਜਾਣ ਵਾਲੀਆਂ ਅਰਦਾਸਾਂ ਵਿਅਰਥ ਹਨ। ਉਹ ਜਾਣਦੇ ਸਨ ਕਿ ਰੱਬੀ ਨੇਮ ਵਿੱਚ ਤਬਦੀਲੀ ਲਿਆਉਣ ਲਈ ਕੀਤੀਆਂ ਜਾਂਦੀਆਂ ਅਰਦਾਸਾਂ ਵਿਅਰਥ ਹਨ ਕਿਉਂਕਿ ਕੁਦਰਤੀ ਨੇਮ ਅਟੱਲ ਹਨ। ਇਸਲਈ ਗੁਰੂ ਸਾਹਿਬ ਦੀ ਅਰਦਾਸ ਦਾ ਮੂਲ ਭਾਵ ‘ਮੰਗਣਾ’ ਨਹੀਂ ਬਲਕਿ ‘ਮੰਨਣਾ’ ਸੀ।
ਸੁਣਿਆ ਮੰਨਿਆ ਮਨਿ ਕੀਤਾ ਭਾਉ।।
ਅੰਤਰਿ ਗਤਿ ਤੀਰਥ ਮਲ ਨਾਉ।।
(ਜਪੁ)
(ਤੀਰਥ ਇਸ਼ਨਾਨ - ਇਕ ਹਿੰਦੂ ਅਰਦਾਸ ਪੱਧਤੀ)
ਜੋ ਤੁਮ ਕਰਹੁ ਸੋਈ ਭਲਾ ਮਨਿ ਲੇਤਾ ਮੁਕਤਾ।।
ਸਗਲ ਸਮਗ੍ਰੀ ਤੇਰੀਆ ਸਭ ਤੇਰੀ ਜੁਗਤਾ।।
(809)
ਅਰਥ : ਜੋ ਕੁਝ ਤੂੰ ਕਰਦਾ ਹੈਂ, ਉਸਨੂੰ ਜਿਹੜਾ ਮਨੁੱਖ (ਆਪਣੇ) ਭਲੇ ਵਾਸਤੇ (ਹੁੰਦਾ) ਮੰਨ ਲੈਂਦਾ
ਹੈ, ਉਹ (ਦੁੱਖ ਕਲੇਸ਼ਾਂ ਦੀ ਮਾਰ ਤੋਂ) ਬਚ ਜਾਂਦਾ ਹੈ।
ਉਨ੍ਹਾਂ ਦੀ ਪ੍ਰਾਰਥਨਾ ਦਾ ਭਾਵ ਪਰਮਾਤਮਾ ਨੂੰ ਕੁਝ ਕਹਿਣਾ ਨਹੀਂ ਬਲਕਿ ਪਰਮਾਤਮਾ ਨੂੰ ਸੁਣਨਾ ਸੀ।
ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ।।
(749)
ਉਨ੍ਹਾਂ ਦੀ ਅਰਦਾਸ ਦਾ ਭਾਵ ਰੱਬੀ ਹੁਕਮ/ਨੇਮ ਨੂੰ ਬਦਲਾਉਣਾ ਨਹੀਂ ਬਲਕਿ ਖ਼ੁਦ ਨੂੰ ਪਰਮਾਤਮਾ ਦੀ ਰਜ਼ਾ ਮੁਤਾਬਿਕ ਬਦਲਣਾ ਸੀ :
ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ।।
(ਜਪੁ)
ਕੁਝ ਨੁਕਤਿਆਂ ਨੂੰ ਜੇਕਰ ਵਿਸਥਾਰ ਨਾਲ ਸਮਝੀਏ ਤਾਂ ਅਰਦਾਸ ਦਾ ਮੂਲ ਮਤਲਬ ਸਮਝਿਆ ਜਾ ਸਕਦਾ ਹੈ।
ਪਹਿਲਾ - ਅਰਦਾਸ ਕਹਿਣਾ ਨਹੀਂ, ਸੁਣਨਾ ਹੈ। ਜਿਹੜੇ ਲੋਕ ਅਰਦਾਸ ਦੀ ਮਾਰਫ਼ਤ ਪਰਮਾਤਮਾ ਨੂੰ ਸਿਰਫ਼ ਆਪਣੀ ਗੱਲ ਹੀ ਕਹਿਣ ਦੀ ਕੋਸ਼ਿਸ਼ ਕਰਦੇ ਹਨ, ਉਹ ਭੁੱਲ ਅਤੇ ਅਗਿਆਨਤਾ ਵਿੱਚ ਅਰਦਾਸ ਕਰਦੇ ਹਨ। ਉਹ ਸਾਰਾ ਜੀਵਨ ਪਰਮਾਤਮਾ ਨੂੰ ਸਿਰਫ਼ ਅਪਣੀ ਗੱਲ ਕਹਿਣ ਵਿੱਚ ਲੱਗੇ ਰਹਿਦੇ ਹਨ - ਸੁਣਦੇ ਕੁਝ ਵੀ ਨਹੀਂ। ਇਕ ਮਿਸਾਲ ਤੋਂ ਸਮਝੀਏ :
ਦੋ ਦੋਸਤ ਸਨ। ਉਨ੍ਹਾਂ ਨੇ ਸੁਣਿਆ ਕਿ ਨਾਲ ਦੇ ਪਿੰਡ ਵਿੱਚ ਇਕ ਮਾਹਿਰ ਉਸਤਾਦ ਰਹਿੰਦਾ ਹੈ। ਮਨ ਵਿੱਚ ਸਫ਼ਲਤਾ ਦੀ ਤਾਂਘ ਸੀ। ਸੋਚਿਆ ਕਿ ਚੱਲ ਕੇ ਉਸ ਉਸਤਾਦ ਕੋਲੋਂ ਸਿੱਖਿਆ ਪ੍ਰਾਪਤੀ ਦੀ ਬੇਨਤੀ ਕੀਤੀ ਜਾਵੇ। ਦੋਵੇਂ ਚੱਲ ਪਏ। ਉਸਤਾਦ ਦੇ ਘਰ ਪੁੱਜੇ ਤਾਂ ਪਤਾ ਚੱਲਿਆ ਕਿ ਉਸਤਾਦ ਕਮਰੇ ਦੇ ਅੰਦਰ ਹੈ। ਸਤਿਕਾਰ ਵਜੋਂ ਬੰਦ ਦਰਵਾਜੇ ਦੇ ਬਾਹਰ ਖੜੇ ਹੋ ਕੇ ਦੋਹਾਂ ਨੇ ਬੇਨਤੀ ਕੀਤੀ ਕਿ ਉਹ ਆਪਣੀ ਸਿੱਖਿਆ ਰਾਹੀਂ ਉਨ੍ਹਾਂ ਨੂੰ ਸਫ਼ਲ ਬਣਾਉਣ ਦੀ ਕ੍ਰਿਪਾਲਤਾ ਕਰਨ। ਬੇਨਤੀ ਉਪਰੰਤ ਦੋਵੇਂ ਘਰ ਵਾਪਸ ਆ ਗਏ। ਐਸਾ ਦੋ-ਚਾਰ ਵਾਰੀ ਹੋਇਆ ਅਤੇ ਪੂਰਾ ਸਾਲ ਬੀਤ ਗਿਆ। ਇਮਤਿਹਾਨ ਹੋਇਆ ਤੇ ਦੋਵੇਂ ਦੋਸਤ ਫੇਲ ਹੋ ਗਏ। ਉਦਾਸ ਮਨ ਦੇ ਨਾਲ ਸੋਚਣ ਲੱਗੇ ਕਿ ਉਸਤਾਦ ਜੀ ਦੇ ਸਾਹਮਣੇ ਸਾਰੀਆਂ ਬੇਨਤੀਆਂ ਬੇਕਾਰ ਗਈਆਂ। ਫੇਰ ਸੋਚਣ ਲੱਗੇ ਕਿ ਅੱਜ ਚਲ ਕੇ ਪੁੱਛਿਆ ਜਾਵੇ ਕਿ ਉਸ ਨੇ ਉਨ੍ਹਾਂ ਦੀਆਂ ਬੇਨਤੀਆਂ ਨੂੰ ਨਜ਼ਰਅੰਦਾਜ ਕਿਉਂ ਕਰ ਦਿੱਤਾ ਸੀ? ਤੇਜ਼ ਕਦਮਾਂ ਨਾਲ ਉਹ ਫੇਰ ਉਸਤਾਦ ਦੇ ਘਰ ਜਾ ਪੁੱਜੇ। ਇਸ ਵਾਰ ਦਰਵਾਜਾ ਖੋਲ੍ਹ ਕੇ ਸਿੱਧੇ ਕਮਰੇ ਵਿੱਚ ਜਾ ਵੜੇ।
ਅੰਦਰ ਦਾ ਨਜ਼ਾਰਾ ਕੁਝ ਵੱਖਰਾ ਹੀ ਸੀ। ਦੇਖਿਆ ਕਿ ਉਸਤਾਦ ਪੜ੍ਹਾ ਰਿਹਾ ਹੈ। ਅਤੇ ਕੁਝ ਬੱਚੇ ਚੁਪਚਾਪ ਇਕਾਗਰ ਚਿੱਤ ਹੋ ਕੇ ਉਸ ਦਾ ਲੈਕਚਰ ਸੁਣ ਰਹੇ ਹਨ। ਦੋਹਾਂ ਨੇ ਸੋਚਿਆ ਕਿ ਲੈਕਚਰ ਦੇ ਬਾਅਦ ਉਸਤਾਦ ਜੀ ਤੋਂ ਜਵਾਬ-ਤਲਬੀ ਕਰਾਂਗੇ। ਇਹ ਸੋਚ ਕੇ ਉਹ ਉ¤ਥੇ ਹੀ ਬੈਠ ਗਏ ਅਤੇ ਸੁਣਨ ਲੱਗੇ। ਉਸਤਾਦ ਦਾ ਲੈਕਚਰ ਬੜਾ ਪ੍ਰਭਾਵਸ਼ਾਲੀ ਸੀ। ਘੰਟਾ ਭਰ ਬੈਠਣ ਤੋਂ ਬਾਅਦ ਪਹਿਲੇ ਦੋਸਤ ਨੇ ਦੂਜੇ ਦੋਸਤ ਨੂੰ ਉਠਾਇਆ ਅਤੇ ਬਾਹਰ ਚੱਲ ਪਿਆ। ਦੂਜਾ ਦੋਸਤ ਗੁੱਸੇ ਨਾਲ ਹੈਰਾਨ ਹੋ ਕੇ ਬੋਲਿਆ, ‘‘ਓਏ, ਬਾਹਰ ਕਿਉਂ ਆ ਗਿਆ ਹੈਂ? ਉਸਤਾਦ ਨੂੰ ਕੁਝ ਕਹਿਣਾ ਨਹੀਂ?’’ ਪਹਿਲਾ ਦੋਸਤ ਸ਼ਾਂਤ ਸੁਭਾਅ ਨਾਲ ਬੋਲਿਆ, ‘‘ਨਹੀਂ, ਹੁਣ ਕੁਝ ਨਹੀਂ ਕਹਿਣਾ। ਹੁਣ ਸਿਰਫ਼ ਸੁਣਨਾ ਹੈ। ਜੇਕਰ ਅਸੀਂ ਸਿਰਫ਼ ਆਪਣੀ ਗੱਲ ਕਹਿਣ ਦੀ ਬਜਾਏ ਅੰਦਰ ਜਾ ਕੇ ਉਸਤਾਦ ਨੂੰ ਸੁਣਿਆ ਹੁੰਦਾ ਤਾਂ ਅਸੀਂ ਫੇਲ੍ਹ ਨਾ ਹੁੰਦੇ। ਪਰ ਅਸੀਂ ਸਿਰਫ਼ ਬੇਨਤੀਆਂ ਹੀ ਕੀਤੀਆਂ ਪਰ ਸੁਣਿਆ ਕੁਝ ਵੀ ਨਹੀਂ।’’
ਅਰਦਾਸ ਦੇ ਪਿੱਛੇ ਦੀ ਮਨਸ਼ਾ ਜੇਕਰ ਸਿਰਫ਼ ਪਰਮਾਤਮਾ ਨੂੰ ਅਪਣੀ ਗੱਲ ਹੀ ਸੁਣਾਉਣਾ ਹੈ ਤਾਂ ਐਸੀ
ਅਰਦਾਸ ਤੋਂ ਅਸੀਂ ਕੁਝ ਵੀ ਸਿੱਖ ਨਹੀਂ ਸਕਦੇ। ਸਿੱਖਣ ਵਾਸਤੇ ਕਹਿਣਾ ਨਹੀਂ, ਬਲਕਿ ਸੁਣਨਾ ਜ਼ਰੂਰੀ
ਹੈ ਅਤੇ ਇਹੀ ਅਰਦਾਸ ਦਾ ਮੂਲ ਭਾਵ ਹੈ। ਅਰਦਾਸ ਦਾ ਅਰਥ ਰਟਣਾ, ਦੁਹਰਾਉਾ, ਕੂਕਣਾ ਅਤੇ ਚੀਕਣਾ ਨਹੀਂ
ਬਲਕਿ ਚੁੱਪ ਹੋ ਜਾਣਾ ਹੈ। ਤਾਂ ਕਿ ਪਰਮਾਤਮਾ ਨੂੰ ਸੰਜਮ ਨਾਲ ਸੁਣਿਅ ਜਾ ਸਕੇ। ਇਹ ਸੁਣਨਾ ਖੜਾ ਹੋ
ਜਾਣਾ ਨਹੀਂ ਬਲਕਿ ਗਤੀਸ਼ੀਲ ਹੋ ਜਾਣਾ ਹੈ। ਇਥੇ ਚੁੱਪ ਹੋ ਜਾਣ ਦਾ ਅਰਥ ਮੋਨ ਧਾਰਨ ਕਰਨ ਦਾ ਨਹੀਂ
ਬਲਕਿ ਆਪਣੇ ਸਾਫ਼ ਸੁਥਰੇ ਕਿਰਦਾਰ ਰਾਹੀਂ ਪਰਮਾਤਮਾ ਦਾ ਗਾਇਨ ਕਰਨਾ ਹੈ। ਇਹੀ ਪਰਮਾਤਮਾ ਅੱਗੇ ਅਰਦਾਸ
ਹੈ ਅਤੇ ਪਰਮਾਤਮਾ ਦਾ ਗਾਇਨ (ਸਿਫ਼ਤ-ਸਲਾਹ) ਹੈ। ਕੇਵਲ ਸਰੀਰਕ ਤੌਰ ’ਤੇ ਹੱਥ ਜੋੜ, ਬੇਨਤੀਆਂ ਵਿੱਚ
ਝੁਕਿਆ ਮਨੁੱਖ ਅਰਦਾਸੀਆ ਨਹੀਂ ਬਲਕਿ ਜੀਵਨ ਖੇਤਰ ਵਿੱਚ, ਸਰਬਤ ਦੇ ਭਲੇ ਲਈ, ਸਮਾਜਕ ਅਤੇ ਵਿਅਕਤੀਗਤ
ਬੁਰਾਈਆਂ ਨਾਲ ਜੂਝ ਰਿਹਾ ਮਨੁੱਖ ਹੀ ਅਸਲੀ ਅਰਦਾਸੀਆ ਹੈ।
ਦੂਜਾ, ਅਰਦਾਸ ਮੰਗਣ ਨਹੀਂ ਬਲਕਿ ਸਮਰਪਿਤ ਕਰਨਾ ਹੈ।
ਅਰਦਾਸ ਦਾ ਭਾਵ ਮੰਗਣਾ ਨਹੀਂ ਬਲਕਿ ਮੰਨਣਾ ਹੈ। ਇਹ ਮੰਨਣਾ ਆਪਣੇ ਆਪ ਨੂੰ ਸਰਮਪਿਤ ਕਰਨਾ ਹੈ। ਇਹ ਸਮਰਪਣ ਹੈ ਉਨ੍ਹਾਂ ਜੀਵਨ ਮੁੱਲਾਂ ਦੇ ਪ੍ਰਤੀ ਜੋ ਕਿ ਪਰਮਾਤਮਾ ਦੇ ਹੁਕਮ ਅਤੇ ਗੁਰੂ ਦੀ ਸਿੱਖਿਆ ਮੁਤਾਬਿਕ ਹਨ। ਇਹ ਸਰਮਣ ਹੈ ਆਪਣੀ ਮਤਿ ਦਾ ਗੁਰੂ ਅਤੇ ਪਰਮਾਤਮਾ ਦੇ ਹਜ਼ੂਰ ਵਿੱਚ।
ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ।।
(1412)
ਸਿਰਫ਼ ਮੰਗਣਾ ਅਸੰਤੋਖ ਦਾ ਪ੍ਰਤੀਕ ਹੈ, ਮਾਤਰ ਸੇਵਾ ਕਰਾਉਣ ਦਾ ਭਾਵ ਹੈ। ਪਰ ਸਰਮਪਣ ਕਰਨਾ ਜਾਂ ਮੰਨਣਾ ਸੰਤੁਸ਼ਟ ਮਾਨਸਿਕਤਾ ਦਾ ਪ੍ਰਤੀਕ ਹੈ। ਇਹ ਸੇਵਾ ਕਰਨ ਦਾ ਭਾਵ ਹੈ। ਤੀਜਾ, ਅਰਦਾਸ ਕੋਈ ਕੁਦਰਤੀ ਨੇਮ ਬਦਲਵਾਉਣਾ ਨਹੀਂ ਬਲਕਿ ਆਪਣੇ ਆਪੇ ਨੂੰ ਬਦਲਣਾ ਹੈ।
ਅਸੀਂ ਅਰਦਾਸ ਨਾਲ ਰੱਬੀ ਹੁਕਮ/ਨੇਮ ਨਹੀਂ ਬਦਲ ਸਕਦੇ। ਬਲਕਿ ਅਰਦਾਸ ਰਾਹੀਂ ਆਪਣੇ ਆਪ ਨੂੰ ਹੁਕਮ ਦੀ ਰਜ਼ਾ ਮੁਤਾਬਿਕ ਬਦਲਣ ਦੀ ਤਾਕਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਜੇਕਰ ਮਨੁੱਖ ਅਰਦਾਸ ਰਾਹੀਂ ਪਰਮਾਤਮਾ ਦੇ ਹੁਕਮ ਨੂੰ ਬਦਲ ਸਕਦਾ ਤਾਂ ਮੌਤ ਤੋਂ ਬਚਣ ਲਈ ਅਰਦਾਸਾਂ ਕਰਨ ਵਾਲੇ ਲੋਕ ਅੱਜ ਵੀ ਜ਼ਿੰਦਾ ਘੁੰਮ ਰਹੇ ਹੁੰਦੇ। ਅਸੀਂ ਅਰਦਾਸ ਦੇ ਜੋਰ ’ਤੇ ਹਮੇਸ਼ਾ ਲਈ ਜਵਾਨ ਰਹਿੰਦੇ ਤੇ ਕਦੇ ਬਜ਼ੁਰਗ ਨਾ ਹੁੰਦੇ। ਚੌਥਾ, ਅਰਦਾਸ ਕੁਝ ਮਿਨਟਾਂ ਦੀ ਨਹੀਂ ਬਲਕਿ ਸਮੁੱਚੀ ਜ਼ਿੰਦਗੀ ਦੀ ਕ੍ਰਿਆ ਹੈ।
ਅਰਦਾਸ ਕੁਝ ਪਲਾਂ ਜਾਂ ਮਿਨਟਾਂ ਵਿੱਚ ਕੀਤੇ ਜਾਣ ਵਾਲਾ ਕਰਮ-ਕਾਂਡ ਨਹੀਂ। ਅਗਰ ਅਜਿਹਾ ਹੁੰਦਾ ਤਾਂ ਗੁਰੂ ਸਾਹਿਬ ਪੰਜਾਂ ਵਖ਼ਤ ਦੀ ਨਮਾਜ਼ ਅਤੇ ਆਰਤੀ ਨਾਲੋਂ ਆਪਣੀ ਅਸਹਿਮਤੀ ਕਿਉਂ ਜਤਾਉਂਦੇ? ਗੁਰੂ ਸਾਹਿਬ ਦੀ ਅਰਦਾਸ ਦਾ ਭਾਵ ਪੂਰੇ ਜੀਵਨ ਨਾਲ ਹੈ। ਅਸੀਂ ਹਰ ਪਲ ਆਪਣੇ ਸਾਫ਼-ਸੁਥਰੇ ਕੰਮਾਂ ਰਾਹੀਂ ਉਸ ਈਸ਼ਵਰ ਦਾ ਗਾਇਨ ਕਰਨਾ ਹੈ। ਇਹੀ ਸਾਡੀ ਅਸਲ ਅਰਦਾਸ ਹੈ। ਇਸ ਅਰਦਾਸ ਦਾ ਕੋਈ ਨਿਸ਼ਚਿਤ ਸਮਾਂ ਨਹੀਂ। ਇਹ ਨਿਰੰਤਰ ਹੈ। ਇਹ ਕਾਰਜਸ਼ੀਲ ਅਰਦਾਸ ਹੲੈ। ਜਿਸ ਲਈ ਸਿਰਫ਼ ਲਫ਼ਜ਼ਾਂ ਦੀ ਚੋਣ ਬੇਕਾਰ ਹੈ। ਇਹ ਅਰਦਾਸ ਚੰਗੇ ਅਤੇ ਬੁਰੇ ਵਿੱਚੋਂ ਚੰਗੇ ਨੂੰ ਚੁਣ ਲੈਣਾ ਹੈ।
ਇਸ ਸੱਚੀ ਅਰਦਾਸ ਤੋਂ ਹਟ ਕੇ ਬਾਕੀ ਸਭ ਅਰਦਾਸਾਂ ਅਧੂਰੀਆਂ ਹਨ। ਹਾਂ, ਜੇਕਰ ਰੋਜ਼ ਪਰਮਾਤਮਾ ਪ੍ਰਤੀ ਆਪਣੇ ਸ਼ੁਕਰਾਨੇ ਦਾ ਭਾਵ ਪ੍ਰਗਟ ਕਰੀਏ ਤਾਂ ਸਾਡੇ ਸ਼ਬਦ ਇਸ ਰੂਪ ਵਿੱਚ ਸਹੀ ਅਰਦਾਸ ਹਨ। ਅਸੀਂ ਆਪਣੇ ਭ੍ਰਿਸ਼ਟ ਮਨ ਤੋਂ ਅਸਹਿਮਤ ਹੋ ਕੇ ਪਰਮਾਤਮਾ ਤੇ ਗੁਰੂ ਪਾਸੋਂ ਸਹੀ ਮਾਰਗ-ਦਰਸ਼ਨ ਮੰਗ ਸਕਦੇ ਹਾਂ। ਪਰ ਸਭ ਤੋਂ ਪਹਿਲਾਂ ਸਾਨੂੰ ਆਪਣੇ ਗੁਰੂ ਨੂੰ ਸੁਣਨਾ ਅਤੇ ਪਰਮਾਤਮਾ ਨੂੰ ਸਮਝਦਾ ਪਵੇਗਾ।
- - - - -
(ਧੰਨਵਾਦ ਸਹਿਤ ਪੁਸਤਕ ‘ਸਿੱਖੀ ਦਾ ਦਰਸ਼ਨ’ ਵਿੱਚੋਂ)
ਇਸ ਤਰ੍ਹਾਂ ਦੇ ਹੋਰ ਗਿਆਨ-ਭਰਪੂਰ ਲੇਖ ਪੜ੍ਹਨ ਵਾਸਤੇ ਪਾਠਕ ਖ਼ੁਦ ਇਸ ਪੁਸਤਕ ਨੂੰ ਪੜ੍ਹਨ ਦੀ ਖੇਚਲ ਕਰਨ। ਪੁਸਤਕ ਮੰਗਵਾਉਣ ਦਾ ਪਤਾ:
ਸ੍ਰ: ਹਰਦੇਵ ਸਿੰਘ, ਮਕਾਨ ਨੰਬਰ 283/84, ਬਖਸ਼ੀ ਨਗਰ, ਜੰਮੂ. ਫੋਨ : 9419184990