

ਗੱਦਾਰ ਸਿੱਖ ਲੀਡਰਾਂ ਦੀਆਂ ਕਰਤੂਤਾਂ ਬਨਾਮ ਗੈਰ-ਸਿੱਖ ਲੀਡਰਾਂ ਦਾ ਜਜ਼ਬਾ
- ਕਰਮਜੀਤ ਸਿੰਘ ‘ਔਜਲਾ’ -
ਦਸੰਬਰ ਵੀਹ ਸੌ ਤਿੰਨ ਨੂੰ ਤੇਜ਼ ਤਰਾਰ ਸਾਧਵੀ ਊਮਾ ਭਾਰਤੀ, ਮੱਧ ਪ੍ਰਦੇਸ਼ ਦੀ ਮੁੱਖ ਮੰਤਰੀ ਬਣੀ। ਦੱਖਣ ਦੇ ਪ੍ਰਸਿੱਧ ਹਿੰਦੂ ਤੀਰਥ ’ਤੇ ਮੱਥਾ ਟੇਕ ਉੱਥੇ ਪ੍ਰਚਾਲਤ ਹਿੰਦੂ ਪੂਜਾ ਵਿਧੀ ਅਨੁਸਾਰ ਸਿਰ ਐਨ ਰਗੜ ਕੇ, ਮੁਨਾ ਕੇ ਆਪਣੇ ਦਫ਼ਤਰ ਭੁਪਾਲ ਪਹੁੰਚੀ। ਉਹਦੇ ਦਫ਼ਤਰ ਆਉਣ ਤੋਂ ਪਹਿਲਾਂ, ਉਹਦੇ ਹੁਕਮ ਅਨੁਸਾਰ, ਉਹਦੇ ਦਫ਼ਤਰ ਵਿੱਚ ਹਨੁੂੰਮਾਨ ਦੀ ਮੂਰਤੀ ਸਥਾਪਿਤ ਕਰ ਦਿੱਤੀ ਗਈ ਸੀ। ਉਹ ਦਫ਼ਤਰ ਵਿੱਚ ਆਈ, ਉਸਨੇ ਆਪਣੇ ਦੇਵਤੇ ਹਨੂੰਮਾਨ ਦੀ ਪੂਜਾ ਕੀਤੀ ਤੇ ਫਿਰ ਆਪਣੀ ਕੁਰਸੀ ’ਤੇ ਬੈਠੀ। ਕੁਰਸੀ ਤੇ ਬਹਿੰਦਿਆਂ ਹੀ, ਉਸ ਨੇ ਪਹਿਲਾਂ ਹੁਕਮ ਇਹ ਕੀਤਾ ਕਿ ਮੱਧ ਪ੍ਰਦੇਸ਼ ਵਿੱਚ ਗਉ ਹੱਤਿਆ ’ਤੇ ਪਾਬੰਦੀ।
ਊਮਾ ਭਾਰਤੀ ਨੇ ਕਦੇ ਵੀ ਇਹ ਗੱਲ ਲੁਕਾਈ ਨਹੀਂ ਕਿ ਉਹ ਹਿੰਦੂਆਂ ਦੀ ਹੀ ਸੁਪਰਮੇਸੀ ਚਾਹੁੰਦੀ ਹੈ। ਉਸ ਦਾ ਮੁਸਲਮਾਨਾਂ ਪ੍ਰਤੀ ਵਿਰੋਧ ਉਸ ਨੇ ਕਦੇ ਵੀ ਨਹੀਂ ਲੁਕਾਇਆ। ਆਪਣੀਆਂ ਚੋਣਾਂ ਦੇ ਪ੍ਰਚਾਰ ਵਿੱਚ ਜੋ ਉਸ ਨੇ ਗੱਜ-ਵੱਜ ਕੇ ਕਿਹਾ, ਉਹੋਂ ਹੀ ਉਸ ਨੇ ਡੱਟ ਦੇ ਪੂਰਾ ਕੀਤਾ ਹੈ। ਉਸ ਨੂੰ ਪਤਾ ਹੈ ਕਿ ਸੈਕੂਲਰ ਭਾਰਤ ਕਹੇ ਜਾਣ ਵਾਲੇ ਇਸ ਦੇਸ਼ ਵਿੱਚ ਧਰਮ ਨਿਰਪੇਖਤਾ ਦੇ ਕਈ ਪਖੰਡ ਕਰਨੇ ਪੈਂਦੇ ਹਨ ਪਰ ਉਹ ਤਾਂ ਸਦਾ ਹੀ ਹਿੰਦੂ-ਹਿੱਤਾਂ ਦਾ ਹੀ ਅੱਗਾ ਪਾਲਦੀ ਆਈ ਹੈ ਅਤੇ ਕਦੀ ਵੀ ਉਹ ਮੁਸਲਮਾਨਾਂ ਉੱਤੇ ਕਰੜੀਆਂ ਟਿੱਪੜੀਆਂ ਕਰਨੋਂ ਨਹੀਂ ਝਕੀ। ਉਸ ਦੀ ਪਾਰਟੀ ਬੀ.ਜੇ.ਪੀ. ਕਈ ਮੁਸਲਮਾਨਾਂ ਨੂੰ ਟਿਕਟ ਦੇ ਕੇ ਸੈਕੂਲਰ ਹੋਣ ਦਾ ਸਰਟੀਫ਼ਿਕੇਟ ਲੈਂਦੀ ਰਹੀ ਹੈ ਪਰ ਊਮਾ ਭਾਰਤੀ ਨੇ ਕੇਵਲ ਹਿੰਦੂਆਂ ਕੋਲੋਂ ਹਿੰਦੂ-ਪੱਖੀ ਅਤੇ ਮੁਸਲਿਮ ਵਿਰੋਧੀ ਹੋਣ ਦਾ ਸਰਟੀਫ਼ਿਕੇਟ ਲੈ ਕੇ ਸੂਬੇ ਦੀ ਚੀਫ਼ ਮਨਿਸਟਰੀ ਦੀ ਕੁਰਸੀ ’ਤੇ ਕਬਜ਼ਾ ਕੀਤਾ ਹੈ। ਇਹ ਹੌਸਲੇ ਅਤੇ ਖ਼ਤਰੇ ਵਾਲੀ ਗੱਲ ਹੈ ਪਰ ਉਹ ਕਹਿੰਦੀ ਹੈ ਕਿ ਮੇਰੇ ਵਿੱਚ ਹੌਸਲਾ ਹੈ, ਤਾਂ ਹੀ ਤਾਂ ਮੈਂ ਕਿਸੇ ਖ਼ਤਰੇ ਦੀ ਪ੍ਰਵਾਹ ਨਹੀਂ ਕਰਦੀ। ਉਸ ਅਨੁਸਾਰ ਉਹਨੂੰ ਪ੍ਰਵਾਹ ਸਿਰਫ਼ ਹਿੰਦੂ ਹਿੱਤਾਂ ਦੀ ਹੀ ਹੈ।
ਦੂਜੇ ਪਾਸੇ ਦੀ ਤਸਵੀਰ ਵੀ ਵੇਖ ਲਓ। ਪੰਜਾਬ ਵਿੱਚ ਜਦੋਂ ਦਾ ਪੰਜਾਬੀ ਸੂਬਾ ਬਣਿਆ ਹੈ, ਪੰਜਾਬ ਦਾ ਹਰ ਇਕ ਚੀਫ਼ ਮਨਿਸਟਰ ਸਿੱਖ ਹੀ ਬਣਿਆ ਹੈ। ਇਨ੍ਹਾਂ ਵਿੱਚ ਬਹੁਤੇ ਚੀਫ਼ ਮਨਿਸਟਰ ਅੰਮ੍ਰਿਤਧਾਰੀ ਸਨ। ਬਾਕੀ ਦੇ ਵੀ ਜਿਵਂੇ ਕਿ ਬੇਅੰਤ ਸਿੰਘ ਅਤੇ ਹਰਚਰਨ ਸਿੰਘ ਬਰਾੜ ਆਦਿ ਵੀ ਆਪਣੇ ਆਪ ਨੂੰ ਪੱਕਾ ਸਿੱਖ ਹੀ ਦੱਸਦੇ ਸਨ ਪਰ ਇਨ੍ਹਾਂ ਸਿੱਖਾਂ ਦੇ ਰਾਜ ਭਾਗ ਦੌਰਾਨ ਜੋ ਸਿੱਖ ਕਲਚਰ ਅਤੇ ਸਿੱਖ ਵੈਲਯੂ ਦੀ ਬਰਬਾਦੀ ਹੋਈ, ਉਸ ਤੋਂ ਤਾਂ ਨਕਸ਼ਬੰਦੀ ਫ਼ਿਰਕਾ, ਮੀਰ ਮੰਨੂੰ, ਲੱਖੂ ਅਤੇ ਅਬਦਾਲੀ ਆਦਿ ਵੀ ਛੋਟੇ ਨਜ਼ਰ ਆਉਣ ਲੱਗ ਪੈਂਦੇ ਹਨ।
ਸਾਕਾ ਨੀਲਾ ਤਾਰਾ ਤੋਂ ਪਹਿਲਾਂ ਵੀ ਹਰਿਮੰਦਰ ਸਾਹਿਬ ਦੇ ਅੰਦਰ ਮੱਥਾ ਟੇਕਣ ਜਾਣ ਲਈ ਸਿੱਖਾਂ ਨੂੰ ਪਹਿਲਾਂ ਵਿਧਰਮੀ ਭਾਰਤੀ ਫ਼ੌਜੀਆਂ ਨੂੰ ਤਲਾਸ਼ੀ ਦੇਣੀ ਪਹਿੰਦੀ ਸੀ। ਦਰਸ਼ਨ ਅਭਿਲਾਖੀ ਸਿੱਖ ਵੀਰਾਂ, ਭੈਣਾਂ ਤੇ ਕਿਵੇਂ ਤੀਖਣ ਨਜ਼ਰਾਂ ਰੱਖੀਆਂ ਜਾਂਦੀਆਂ ਸਨ, ਜਿਵੇਂ ਕਿ ਸਾਰੇ ਹੀ ਸਿੱਖ ਕਿਸੇ ਭਿਅੰਕਰ ਦਰਜੇ ਦੇ ਅਪਰਾਧੀ ਹੋਣ। ਜਿਵੇਂ ਕਿ ਸਿੱਖ ਹੋਣਾ ਹੀ ਅਪਰਾਧ ਹੋਵੇ। ਇਸ ਸਭ ਨਾਲ ਸਿੱਖ ਮਨਾਂ ਵਿੱਚ ਰੋਸ ਤਾਂ ਵੱਧਣਾ ਹੀ ਸੀ। ਸੋ ਵਧਿਆ। ਵਧੇ ਹੋਏ ਰੋਸ ਦੀ ਪ੍ਰਤੀਕ੍ਰਿਆ ਇਹ ਹੋਈ ਕਿ ਲੋਕਾਂ ਨੇ ਸਿੱਖਾਂ ਦੀ ਪਾਰਟੀ ਕਹੀ ਜਾਣ ਵਾਲੀ ਅਕਾਲੀ ਪਾਰਟੀ ਨੂੰ ਵੋਟਾਂ ਪਾਕੇ ਪੂਰਾ ਬਹੁਮਤ ਦਿੱਤਾ।
ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣਿਆ। ਸਿੱਖਾਂ ਨੇ ਇਕ ਛੋਟੀ ਜਿਹੀ ਉਮੀਦ ਰੱਖੀ ਸੀ ਉਸ ਕੋਲੋਂ ਕਿ ਪੁਲਿਸ ਅਤੇ ਪੈਰਾ-ਮਿਲਟਰੀ ਦਸਤਿਆਂ ਵੱਲੋਂ ਕੀਤਾ ਜਾ ਰਿਹਾ ਸਿੱਖਾਂ ਦਾ ਅਪਮਾਨ ਬੰਦ ਕਰਵਾ ਦੇਵੇ। ਪਰ ਸੁਰਜੀਤ ਸਿੰਘ ਬਰਨਾਲਾ ਕੋਈ ਉਮਾ ਭਾਰਤੀ ਸੀ? ਉਹ ਤਾਂ ਪੁਲਿਸ ਦੇ ਆਪ ਹੁਦਰੇ ਬੇਖ਼ੌਫ਼ ਜਰਨੈਲ ਰੀਬੈਰੋ ਕੋਲੋਂ ਆਪਣੇ ਮਨਿਸਟਰ ਸੰਧੂ ਦਾ ਅਪਮਾਨ ਨਾ ਰੁਕਵਾ ਸਕਿਆ। ਰੀਬੈਰੋ ਨੇ ਖੁਲ੍ਹੀ ਸਟੇਟਮੈਂਟ ਦਿੱਤੀ ਸੀ ਕਿ ਉਹ ਤਾਂ ਸੰਧੂ ਨੂੰ ਗ੍ਰਿਫਤਾਰ ਕਰਨ ਲਈ ਬੇਚੈਨ ਹੈ। ਪੁਲਿਸ ਮੁਕਾਬਲੇ ਇਸ ਦੌਰਾਨ ਵੀ ਚੱਲਦੇ ਸਨ। ਅਨੇਕਾਂ ਬੇਕਸੂਰ ਸਿੱਖ ਅਜੇ ਵੀ ਜੇਲ੍ਹਾਂ ਵਿੱਚ ਸਨ। ਬਰਨਾਲਾ ਦੀ ਪੂਰੀ ਕੋਸ਼ਿਸ਼ ਸੀ ਕਿ ਉਹ ਮੌਕੇ ਦੇ ਪ੍ਰਧਾਨ ਮੰਤਰੀ, ਇੰਦਰਾ ਗਾਂਧੀ ਦੇ ਬਰਖ਼ੁਰਦਾਰ ਰਾਜੀਵ ਗਾਂਧੀ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਜਾਏ।
ਇਸ ਸਮੇਂ ਤੱਕ ਰੀਬੈਰੋ ਦੇ ਥਾਂ ਕੇ.ਪੀ.ਐੱਸ ਗਿੱਲ ਆ ਚੁੱਕਾ ਸੀ। ਹਰਿਮੰਦਰ ਸਾਹਿਬ ’ਤੇ ਫਿਰ ਕੁਝ ਖਾੜਕੂ ਨੌਜੁਆਨਾਂ ਦੀ ਮੌਜੂਦਗੀ ਹੋ ਗਈ ਸੀ। ਪਤਾ ਨਹੀਂ ਇਹ ਖਾੜਕੂ ਕਿਵੇਂ ਹਥਿਆਰਾਂ ਸਮੇਤ ਉਥੇ ਪਹੁੰਚ ਗਏ ਜਿੱਥੇ ਸਾਕਾ ਨੀਲਾ ਤਾਰਾ ਥੋੜ੍ਹਾ ਚਿਰ ਪਹਿਲਾਂ ਹੋ ਚੁੱਕਾ ਸੀ ਅਤੇ ਪੰਜਾਬ ਵਿੱਚ ਚੱਪੇ ਚੱਪੇ ’ਤੇ ਫੌਜ, ਪੁਲੀਸ, ਸੀ.ਆਰ.ਪੀ. ਹੋਮ ਗਾਰਡਜ਼ ਤੇ ਪਤਾ ਨਹੀਂ ਹੋਰ ਕੌਣ-ਕੌਣ ਚੌਕਸੀ ਕਰ ਰਹੇ ਸਨ। ਬਰਨਾਲੇ ਦੀ ਮਰਜ਼ੀ ਨਾਲ ਅਤੇ ਹੁਕਮ ਨਾਲ, ਰਾਜੀਵ ਦੀ ਨਜ਼ਰ ਸਵੱਲੜੀ ਰਖਾਉਣ ਵਾਸਤੇ, ਉਪਰੇਸ਼ਨ ਕਾਲੀ ਗਰਜ਼ ਸਿਰੇ ਚਾਹੜਿਆ ਗਿਆ। ਅਕਾਲੀ ਪਾਰਟੀ ਦੇ ਅੰਮ੍ਰਿਤਧਾਰੀ ਚੀਫ਼ ਮਨਿਸਟਰ ਨੇ ਇਹ ਕਾਰਨਾਮਾ ਵੀ ਕਰ ਵਿਖਾਇਆ। ਇਸ ਤਰ੍ਹਾਂ ਰਾਜੀਵ ਨੇ ਕੁਝ ਮਹੀਨੇ ਹੋਰ ਉਹਦੀ ਹਕੂਮਤ ਚੱਲਣ ਦਿੱਤੀ ਪਰ ਜਦੋਂ ਹਰਿਆਣੇ ਵਿੱਚ ਚੋਣਾਂ ਹੋਣ ਵਾਲੀ ਸੀ ਤਾਂ ਬਰਨਾਲਾ ਜੀ ਦੀ ਕੁਰਸੀ ਉਲਟਾ ਕੇ ਮੁੱਧੀ ਕਰ ਦਿੱਤੀ। ਫਿਰ ਕੁਝ ਸਮਾਂ ਬੀਤਿਆ। ਬਰਨਾਲਾ ਜੀ ਨੇ ਆਪਣੇ ਇਸ ਅਪਰਾਧ ਦੀ ਮੁਆਫ਼ੀ ਲਈ ਅਕਾਲ ਤਖ਼ਤ ਤੇ ਪੇਸ਼ ਹੋ ਕੇ ਤਨਖ਼ਾਹ ਲਵਾਈ ਤੇ ਬਖ਼ਸ਼ੇ ਵੀ ਗਏ। ਪਰ ਕੀ ਸਿੱਖ ਇਤਿਹਾਸ ਦੀਆਂ ਕਿਤਾਬਾਂ ਵਿੱਚ ਉਪਰੇਸ਼ਨ ਬਲੈਕ ਥੰਡਰ (ਕਾਲੀ ਗਰਜ) ਦੇ ਵਰਕੇ ਸਦਾ ਲਈ ਪਾੜੇ ਜਾ ਚੁੱਕੇ ਹਨ? ਇਸ ਤਰ੍ਹਾਂ ਹਰਿਮੰਦਰ ਸਾਹਿਬ ’ਤੇ ਸਾਕਾ ਕਾਲੀ ਗਰਜ ਲਈ ਪੁਲੀਸ ਚਾੜ੍ਹਨ ਦੀ ਕਾਲਖ ਧੋਤੀ ਗਈ। ਕਾਲਖ ਧੋਤੀ ਜਾਣ ਤੋਂ ਬਾਅਦ ਜੋ ਸਫੈਦੀ ਮਿਲੀ ਜੇ ਤਾਂ ਉਹ ਕਿਸੇ ਗੁਰਮਤਿ ਦਾ ਭਲਾ ਹੈ ਪਰ ਜੇ ਬਗਲਾ ਪ੍ਰਵਿਰਤੀ ਅੱਜੇ ਵੀ ਕਾਇਮ ਰਹੀ ਤਾਂ ਦੋਹਾਂ ਦਾ ਹੀ ਨੁਕਸਾਨ ਹੈ।
ਖ਼ੈਰ, ਬਖ਼ਸ਼ੇ ਜਾਣ ਤੋਂ ਬਾਅਦ ਬਰਨਾਲਾ, ਕੇਂਦਰ ਵਿੱਚ ਮੰਤਰੀ ਅਤੇ ਸੰਗਰੂਰ ਤੋਂ ਪਾਰਲੀਮੈਂਟ ਦੀ ਸੀਟ ਹਾਰਨ ਬਾਅਦ ਗਵਰਨਰ ਦੀ ਗੱਦੀ ’ਤੇ ਵੀ ਸੁਸ਼ੋਭਿਤ ਹੋਇਆ। ਇਥੇ ਸੋਚਣ ਦੀ ਗੱਲ ਹੈ ਕਿ ਇਹ ਕੁਰਸੀਆਂ ਕਿਸ ਨੂੰ ਦਿੱਤੀਆਂ ਗਈਆਂ? ਕੀ ਬਰਨਾਲੇ ਦੀ ਯੋਗਤਾ ਜਾਂ ਕਿਸੇ ਹੋਰ ਗੁਣ ਨੂੰ? ਨਹੀਂ ਬਿਲਕੁਲ ਨਹੀਂ। ਇਹ ਕੁਰਸੀ ਦਿੱਤੀ ਗਈ ਸਿੱਖ ਭਾਈਚਾਰੇ ਦੇ ਇਕ ਨੁਮਾਇੰਦੇ ਨੂੰ ਜਿਸ ਦਾ ਨਾਂ ਸਿੱਖਾਂ ਦੀ ਪ੍ਰਮੁੱਖ ਰਾਜਨੀਤਿਕ ਪਾਰਟੀ ਵੱਲੋਂ ਪੇਸ਼ ਕੀਤਾ ਗਿਆ। ਫਿਰ ਤਾਂ ਇਹ ਸਪਸ਼ਟ ਹੈ ਕਿ ਕਿਸੇ ਨੂੰ ਨਿਜੀ ਰੂਪ ਵਿੱਚ ਮਿਲਣ ਵਾਲੇ ਇਹ ਅਹੁਦੇ ਸਿੱਖ ਭਾਈਚਾਰੇ ਦੀ ਹੀ ਅਮਾਨਤ ਹਨ। ਜੇ ਬਰਨਾਲਾ ਕੇਂਦਰੀ ਮੰਤਰੀ, ਗਵਰਨਰ ਤੇ ਜਾਂ ਬਾਦਲ ਆਦਿ ਚੀਫ਼ ਮਨਿਸਟਰ ਹੁੰਦਾ ਹੈ ਤਾਂ ਉਹ ਰੁਤਬਾ ਜੋ ਉਹਨਾਂ ਨੂੰ ਮਿਲਦਾ ਹੈ ਅਸਲ ਵਿੱਚ ਸਿੱਖ ਭਾਈਚਾਰੇ ਦਾ ਹੈ ਅਤੇ ਸਿੱਖਾਂ ਕਰਕੇ ਹੀ ਪ੍ਰਾਪਤ ਹੋਇਆ ਹੈ। ਜੇ ਇਸ ਵਿੱਚ ਕੋਈ ਸ਼ੰਕਾ ਹੈ ਤਾਂ ਉਹ ਵੱਡੇ-ਵੱਡੇ ਲੀਡਰ ਸਿੱਖ ਸਮਾਜ ਨਾਲੋਂ ਟੁੱਟ ਕੇ, ਚੋਣਾਂ ਲੜਨ ਅਤੇ ਆਪਣੀ ਜ਼ਮਾਨਤ ਹੀ ਬਚਾ ਕੇ ਵਿਖਾਉਣ।
ਜਸਟਿਸ ਗੁਰਨਾਮ ਸਿੰਘ ਦੀ ਮਿਸਾਲ ਸਿੱਖ ਭਾਈਚਾਰੇ ਨਾਲੋਂ ਟੁੱਟਣ ਦੀ ਸਭ ਦੇ ਸਾਹਮਣੇ ਹੈ। ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ, ਕਾਮਰੇਡੀ ਦਾ ਵੱਡਾ ਅਲਮਬਰਦਾਰ ਹੋਕੇ, ਪੰਜਾਬ ਤੋਂ ਬਾਹਰ ਬੜਾ ਸਿਧਾਂਤਵੇਤਾ ਮੰਨਿਆ ਜਾਂਦਾ ਹੈ ਪਰ ਉਹ ਕਾਮਰੇਡ ਹੁੰਦਿਆਂ ਹੋਇਆਂ ਵੀ ਪੰਜਾਬ ਜਾਂ ਪੰਜਾਬ ਤੋਂ ਬਾਹਰ ਕੋਈ ਇਲੈਕਸ਼ਨ ਨਹੀਂ ਲੜ ਸਕਦਾ ਕਿਉਂਕਿ ਪੰਜਾਬ ਵਿੱਚ ਉਹ ਸਿੱਖੀ ਤੇ ਟੁੱਟਾ ਹੋਣ ਕਰਕੇ ਪ੍ਰਵਾਨ ਨਹੀਂ ਅਤੇ ਪੰਜਾਬ ਤੋਂ ਬਾਹਰ ਸਿੱਖ ਪਿਛੋਕੜ ਕਰਕੇ ਚੋਣਾਂ ਲਈ ਢੁੱਕਵਾ ਨਹੀਂ ਹੈ। ਸੋ ਜੇ ਬਰਨਾਲਾ ਅਤੇ ਬਾਦਲ ਜਾਂ ਕੋਈ ਹੋਰ ਸਿੱਖ ਲੀਡਰ ਇਹ ਸੋਚੇ ਕਿ ਰਾਜਸੀ ਅਹੁਦਾ ਉਹਦੀ ਕਾਬਲੀਅਤ ਕਰਕੇ ਹੈ ਤਾਂ ਉਹ ਝੂਠਾ ਅਤੇ ਅਕ੍ਰਿਤਘਣ ਹੈ। ਇਹ ਗੱਲ ਅਕਾਲੀਆਂ ’ਤੇ ਹੀ ਨਹੀਂ ਲਾਗੂ ਹੁੰਦੀ ਸਗੋਂ ਕਾਂਗਰਸੀਆਂ, ਕਮਿਊਨਿਸਟਾਂ, ਬੀ.ਐਸ.ਪੀ ਤੇ ਹੋਰ ਸਾਰਿਆਂ ’ਤੇ ਵੀ ਢੁੱਕਦੀ ਹੈ।
ਇਸ ਸੱਚਾਈ ਕਾਰਨ ਪੰਜਾਬ ਦਾ ਬਣਨ ਵਾਲਾ ਹਰ ਇਕ ਚੀਫ਼ ਮਨਿਸਟਰ, ਕੇਂਦਰ ਵਿੱਚ ਸਿੱਖ ਮੰਤਰੀ ਜਾਂ ਕਿਸੇ ਸੂਬੇ ਦਾ ਬਣਾਇਆ ਗਿਆ ਸਿੱਖ ਗਵਰਨਰ ਆਪਣੇ ਅਹੁਦੇ ਦਾ ਦਾਤਾ ਸਿੱਖ ਭਾਈਚਾਰੇ ਨੂੰ ਸਮਝੇ। ਜੇ ਰਾਜਨੀਤਕ ਅਹੁਦੇ ਦੇਣ ਵਾਲਾ ਸਿੱਖ ਭਾਈਚਾਰਾ ਹੈ ਨਾਕਿ ਗੱਠਜੋੜ ਸਰਕਾਰ ਦਾ ਮੁੱਖੀ ਜਾਂ ਵੱਡੀ ਪਾਰਟੀ ਦਾ ਬਣਾਇਆ ਪ੍ਰਧਾਨ ਮੰਤਰੀ ਤਾਂ ਤੇ ਸਿੱਖ ਭਾਈਚਾਰੇ ਦਾ ਇਨ੍ਹਾਂ ਰਾਜਸੀ ਅਹੁਦੇਦਾਰਾਂ ਉੱਤੇ ਕੋਈ ਹੱਕ ਅਤੇ ਊਮੀਦ ਵੀ ਜ਼ਰੂਰ ਹੈ। ਇਸ ਉੱਤੇ ਕਿਸੇ ਨੂੰ ਵੀ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ।
ਇਹ ਹੱਕ ਅਤੇ ਉਮੀਦਾਂ ਕੀ ਹਨ? ਸਿਰਫ ਇਹ ਕਿ ਜਿਨ੍ਹਾਂ ਕਰਕੇ ਕੋਈ ਕੁਝ ਬਣਿਆ ਹੈ ਉਸ ਨਾਲ ਗੱਦਾਰੀ ਨਾ ਕੀਤੀ ਜਾਵੇ। ਕੌਮ ਨੂੰ ਭੇਡਾਂ ਬਣਾ ਕੇ ਬਘਿਆੜਾਂ ਕੋਲ ਥੋੜ-ਚਿਰੀ ਮਿਲੀ ਕੁਰਸੀ ਦੇ ਇਵਜ਼ਾਨੇ ਬਦਲੇ ਵੇਚ ਨਾ ਦਿੱਤਾ ਜਾਵੇ। ਪਰ ਦੁੱਖ ਦੀ ਗੱਲ ਹੈ ਕਿ ਇਹੋ ਜਿਹੇ ਕੌਮ-ਡੋਬੂ ਕਾਰਜ ਹੁੰਦੇ ਆਏ ਹਨ। ਸਿੱਖ ਲੀਡਰਾਂ ਨੇ ਆਪਣੀ ਅਹਿਮੀਅਤ ਸਮਝੀ ਹੀ ਨਹੀਂ। ਸਿਰ ਨੀਵਾਂ ਕਰਨ ਵਾਲੀਆਂ ਮਿਸਾਲਾਂ ਨਾਲ ਕੌਮ ਦਾ ਇਤਿਹਾਸ ਭਰਿਆ ਹੋਇਆ ਹੈ। ਸਰਦਾਰ ਬਲਦੇਵ ਸਿੰਘ ਦੇਸ਼ ਨੂੰ ਅਗਰੇਜ਼ਾਂ ਤੋਂ ਆਜ਼ਾਦੀ ਮਿਲਣ ਸਮੇਂ ਨਹਿਰੂ ਅਤੇ ਜਿਨਾਹ ਦੇ ਨਾਲ ਸਿੱਖਾਂ ਦਾ ਨੁਮਾਇੰਦਾ ਸੀ। ਤੁਸੀਂ ਯਾਦ ਕਰੋ ਕਿ ਉਸ ਵਕਤ ਬਲਦੇਵ ਸਿੰਘ ਨੇ ਇਕ ਵੀ ਗੱਲ ਸਿੱਖ ਭਾਈਚਾਰੇ ਲਈ ਕੀਤੀ ਹੋਵੇ? ਜਿਨਾਹ ਨੇ ਮੁਸਲਮਾਨ ਕੌਮ ਨੂੰ ਹਕੂਮਤ ਲੈ ਦਿੱਤੀ ਪਰ ਬਲਦੇਵ ਸਿੰਘ ਨੇ ਕੌਮ ਦੀ ਹਕੂਮਤ ਦੀ ਉਮੀਦ ਦਾ ਸਾਹ ਘੁੱਟ ਕੇ ਇਨ੍ਹਾਂ ਡੂੰਘਾ ਦਫਨ ਕਰ ਦਿੱਤਾ ਕਿ ਸਦਾ ਲਈ ਹੀ ਆਸਾਂ ਮੁੱਕ ਗਈਆਂ। ਬਲਦੇਵ ਸਿੰਘ ਤਾਂ ਨਹਿਰੂ ਦੇ ਨਿਜੀ ਅਨਪੜ੍ਹ ਨੌਕਰ ਵਾਂਗ ਕਾਗਜ਼ਾਂ ’ਤੇ ਅੰਗੂਠਾ ਲਾਈ ਜਾਂਦਾ ਸੀ, ਜਿੱਥੇ ਵੀ ਦਸਤਖ਼ਤ ਕਰਨ ਲਈ ਉਹਨੂੰ ਨਹਿਰੁੂ ਦਾ ਹੁਕਮ ਹੁੰਦਾ। ਸਾਡੀ ਕੌਮ ਦੇ ਲੀਡਰ ਬਿਗਾਨੀਆਂ ਕੌਮਾਂ ਦੇ ਲੀਡਰਾਂ ਦੀ ਚਾਕਰੀ ਕਿਉਂ ਕਰਨ ਲਗ ਪੈਂਦੇ ਹਨ?
ਪ੍ਰਤਾਪ ਸਿੰਘ ਕੈਰੋਂ ਨੇ ਵੀ ਨਹਿਰੂ ਦੀ ਜੀ ਹਜ਼ੂਰੀ ਕਰਨ ਵਿੱਚ ਕੋਈ ਕਸਰ ਨਹੀਂ ਰੱਖੀ ਅਤੇ ਪੰਜਾਬ ਅਤੇ ਪੰਜਾਬੀ ਪ੍ਰਤੀ ਫ਼ਰਜ਼ ਅਦਾ ਨਹੀਂ ਕੀਤਾ। ਬਾਅਦ ਵਿੱਚ ਤਾਂ ਕਾਂਗਰਸੀ ਮੁੱਖ ਮੰਤਰੀਆਂ ਦਾ ਕਾਮਯਾਬੀ ਫਾਰਮੂਲਾ ਹੀ ਇਹ ਬਣ ਗਿਆ ਕਿ ਪੰਜਾਬ ਦੇ ਲੋਕਾਂ ਨੂੰ ਆਪਣੀ ਜੁੱਤੀ ਹੇਠਾਂ ਰੱਖੋ ਅਤੇ ਆਪਣਾ ਸਿਰ ਦਿੱਲੀ ਦੇ ਆਕਾ ਦੇ ਪੈਰਾਂ ਤੇ ਰੱਖੀ ਰੱਖੋ। ਬਸ ਫਿਰ ਚੀਫ਼ ਮਨਿਸਟਰ ਦੀ ਨੌਕਰੀ ਪੱਕੀ। ਖੂਹ ਵਿੱਚ ਪੈਣ ਪੰਜਾਬ ਦੇ ਲੋਕ ਅਤੇ ਉਹਨਾਂ ਦੇ ਹੱਕ। ਭੇਡਾਂ ਦੇ ਲੈਵਲ ’ਤੇ ਪਹੁੰਚਾ ਦਿੱਤੇ ਗਏ ਭੇਡਾਂ ਨੂੰ ਹੱਕ ਨਹੀਂ ਦਿੱਤੇ ਜਾਂਦੇ, ਉਹਨਾਂ ਦੀ ਤਾਂ ਉੱਨ ਮੁੰਨੀ ਜਾਂਦੀ ਹੈ। ਜੇ ਕੋਈ ਭੇਡ ਚੂੰ ਚਪੜ ਕਰੇ ਤਾਂ ਉੱਨ ਦੇ ਨਾਲ ਨਾਲ ਉਹਦੀ ਖਾਲ ਵੀ ਲਾ ਦਿਓ। ਆਪੇ ਉਹ ਭੇਡ ਚੁੱਪ ਹੋ ਜਾਵੇਗੀ ਅਤੇ ਦੂਜੀਆਂ ਭੇਡਾਂ ਨੂੰ ਅਕਲ ਆ ਜਾਵੇਗੀ। ਆਖ਼ਰ ਰੀਬੈਰੋ ਅਤੇ ਗਿੱਲ ਨੇ ਪੰਜਾਬੀਆਂ ਦੀ ਖ਼ਾਸ ਕਰਕੇ ਸਿੱਖਾਂ ਦੀ ਖੱਲ ਹੀ ਤਾਂ ਲਾਹੀ ਸੀ, ਜਿਸ ਦਾ ਨਤੀਜਾ ਇਹ ਹੈ ਕਿ ਅੱਜ ਚੰਡੀਗੜ੍ਹ, ਭਾਖੜਾ ਅਤੇ ਦਰਿਆਵਾਂ ਦੇ ਪਾਣੀਆਂ ਦੀ ਕੋਈ ਗੱਲ ਨਹੀਂ ਕਰਦਾ।
ਲੀਡਰ ਸਿੱਖ ਕੌਮ ਦੇ, ਪਰ ਗੁਲਾਮ ਜਾਂ ਚਾਕਰ ਜਾਂ ਕਹਿ ਲੳ ਆਗਿਆਕਾਰ, ਬਿਗਾਨੀਆਂ ਕੌਮਾਂ ਦੇ ਲੀਡਰਾਂ ਦੇ ਇਸ ਦੁਖਾਂਤ ਦੀ ਮਿਸਾਲ ਇਕਲਾ ਬੇੜੀ ਡੋਬ ਬਲਦੇਵ ਸਿੰਘ ਹੀ ਨਹੀਂ ਹੋਰ ਵੀ ਬਹੁਤ ਹਨ। ਬਾਬਾ ਖੜਕ ਸਿੰਘ ਦਾ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਿੱਚ ਕੀ ਰੁਤਬਾ ਸੀ ਅਤੇ ਇਸਦੇ ਨਾਲ ਹੀ ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਦੀ ਹੈਸੀਅਤ ਵਿੱਚ ਉਹਦੀ ਕੁਲ-ਹਿੰਦ ਕਾਂਗਰਸ ਪ੍ਰਧਾਨ ਸਾਹਮਣੇ ਕੀ ਮਾਤਹਿਤੀ ਬਣਦੀ ਸੀ? ਕੀ ਇਸ ਤਰ੍ਹਾਂ ਨਾਲ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵੀ ਕਾਂਗਰਸ ਦੀ ਮਾਤਹਿਤੀ ਦਾ ਜਾਮਾ ਨਹੀ ਪਹਿਨ ਲੈਂਦੇ ਸਨ? ਆਪਣੀ ਪਾਰਟੀ ਦੇ ਪ੍ਰਧਾਨ ਹੋ ਕੇ ਕਿਸੇ ਦੂਸਰੀ ਪਾਰਟੀ ਦੇ ਪ੍ਰਧਾਨ ਨਾਲ ਬਰਾਬਰੀ ਦੀ ਰਾਜਨੀਤੀ ਜਾਂ ਡਿਪਲੋਮੈਸੀ ਕਰਨੀ ਤਾਂ ਸਮਝ ਵਿੱਚ ਆਉਂਦੀ ਹੈ ਪਰ ਆਪ ਦੁੂਜੀ ਪਾਰਟੀ ਦੇ ਵੀ ਮੈਂਬਰ ਬਣ ਕੇ, ਉਹਦੇ ਬਾਈ-ਲਾਜ਼ ਅਤੇ ਉਦੇਸ਼ਾਂ ਅੱਗੇ ਸਿਰ ਝੁਕਾ ਦੇਣਾ ਕੀ ਅਕਾਲੀ ਦਲ ਦਾ ਅਪਮਾਨ ਅਤੇ ਅਧੋਗਤੀ ਨਹੀਂ ਸੀ। ਅਕਾਲੀ ਦਲ ਦਾ ਬੂਟਾ ਤਾਂ ਸਿੱਖਾਂ ਦੇ ਲਹੂ ਨਾਲ ਸਿੰਜ ਕੇ ਪਲਿਆ ਵਧਿਆ ਸੀ। ਇਹੋ ਜਿਹੇ ਪਾਲੇ ਗਏ ਬੂਟੇ ਉੱਤੇ ਬਿਗਾਨਾ ਵੱਗ ਛੱਡ ਦੇਣ ਦੀ ਕੌਮ ਦੀ ਹਿਫ਼ਾਜਤ ਸੀ ਜਾਂ ਤਬਾਹੀ? ਜੇ ਅਕਾਲੀ ਲੀਡਰ ਹੀ ਇਸ ਤਰ੍ਹਾਂ ਕਰ ਸਕਦੇ ਸਨ ਤਾਂ ਕਾਂਗਰਸੀ ਸਿੱਖ ਲੀਡਰਾਂ ਨੂੰ ਕੋਈ ਕੀ ਉਲਾਹਮਾ ਦੇਵੇ? ਜੇ ਦਰਬਾਰਾ ਸਿੰਘ ਅਤੇ ਬੇਅੰਤ ਸਿੰਘ ਵੇਲੇ ‘‘ਮੀਰ ਮੰਨੂਈਆਂ’’ ਹੋਈਆਂ ਤਾਂ ਕਾਹਦੀ ਹੈਰਾਨੀ?
ਆਮ ਸਿੱਖ ਹਰ ਪ੍ਰਕਾਰ ਨਾਲ ਯੋਗ, ਬਹਾਦਰ ਅਤੇ ਕੁਸ਼ਲ ਹੈ ਪਰ ਅੱਜ ਦੀ ਡੈਮੋਕਰੇਸੀ ਦੇ ਅੰਦਾਜ਼ ਕਾਰਣ ਸਿੱਖ ਭਾਈਚਾਰੇ ਨੂੰ ਆਪਣੇ ਆਪ ਲੀਡਰਾਂ ਨੂੰ ਸੌਂਪਣਾ ਹੀ ਪੈਂਦਾ ਹੈ। ਉੱਧਰ ਲੀਡਰਾਂ ਨੂੰ ਆਪਣੀਆਂ ਦੀ ਸੇਵਾ ਦੇ ਥਾਂ ਆਪਣੀਆਂ ਉੱਤੇ ਹਕੂਮਤ ਕਰਨ ਦਾ ਚਸਕਾ ਪੈ ਜਾਂਦਾ ਹੈ। ਇਸ ਚਸਕੇ ਕਰਕੇ ਉਹ ਆਪਣੇ ਦੂਜੇ ਗੁਰੂ ਭਾਈਆਂ ਨੂੰ ਕੁਰਸੀ ਮਿਲਣ ਦੀ ਸੰਭਾਵਨਾ ਤੋਂ ਦੂਰ ਹੀ ਰੱਖਣਾ ਚਾਹੁੰਦੇ ਹਨ। ਇਹਦੇ ਲਈ ਸਭ ਕੁਝ - ਸਾਰੇ ਫਰੇਬ, ਪਖੰਡ, ਚਾਣਿਕਆ ਨੀਤੀ, ਸਾਮ, ਦਾਮ, ਦੰਡ, ਭੇਦ ਵਰਤੇ ਜਾਂਦੇ ਹਨ। ਆਪਣਿਆਂ ਨੂੰ ਨਕਾਰ ਕੇ ਬਿਗਾਨਿਆਂ ਅਤੇ ਕੌਮ-ਦੋਖੀਆਂ ਉੱਤੇ ਨਿਰਭਰ ਹੋਇਆ ਜਾਂਦਾ ਹੈ। ਇਸ ਦੀ ਸਜਰੀ ਮਿਸਾਲ ਬਾਦਲ ਅਤੇ ਟੌਹੜੇ ਵਿੱਚ ਪਾਟਕ ਪੈਣਾ ਹੈ। ਜਦੋਂ ਟੌਹੜਾ ਗਰੁੱਪ ਨਰਾਜ਼ ਹੋਣ ਲੱਗਾ ਤਾਂ ਉਹਨਾਂ ਨੂੰ ਮਨਾਇਆ ਨਹੀਂ ਗਿਆ ਕਿਉਂਕਿ ਬਾਦਲ ਗਰੁੱਪ ਨੂੰ ਪਤਾ ਅਤੇ ਭਰੋਸਾ ਸੀ ਕਿ ਉਹ ਬੀ.ਜੇ.ਪੀ. ਦੇ ਸਿਰ ਆਪਣੀ ਮਨਿਸਟਰੀ ਕਾਇਮ ਰੱਖ ਸਕਣਗੇ। ਮਨਿਸਟਰੀ ਪੂਰੇ ਪੰਜ ਸਾਲ ਚੱਲੀ ਵੀ ਪਰ ਬੀ.ਜੇ.ਪੀ ਕਾਰਨ ਮਨਿਸਟਰੀ ਤਾਂ ਚੱਲ ਸਕਦੀ ਸੀ, ਬੀ.ਜੇ.ਪੀ ਸਿੱਖਾਂ ਦੀਆਂ ਵੋਟਾਂ ਤਾਂ ਨਹੀਂ ਸੀ ਦਿਵਾ ਸਕਦੀ। ਸੋ ਅਗਲੀਆਂ ਚੋਣਾਂ ਵਿੱਚ ਬਾਦਲ ਸਾਹਿਬ ਦੀ ਕੁਰਸੀ ਖੁੱਸ ਗਈ ਅਤੇ ਅਖ਼ੀਰ ਟੌਹੜਾ ਸਾਹਿਬ ਨਾਲ ਸੁਲਾਹ ਕਰਨੀ ਪਈ।
ਇਕ ਜੱਟ ਹਲ ਵਾਹ ਰਿਹਾ ਸੀ। ਇਕ ਬਲਦ ਲਾਖਾ ਸੀ ਤੇ ਦੂਸਰਾ ਲੰਡਾ। ਲੰਡਾ ਕੁਝ ਬਨੀਤ ਮਾਰਨ ਲੱਗ ਪਿਆ। ਜੱਟ ਨੇ ਪਰੈਣੀ ਹਵਾ ਵਿੱਚ ਲਹਿਰਾਂ ਕੇ ਕਿਹਾ, ‘‘ਲੰਡਿਆ ਤੈਨੂੰ ਚੋਰ ਲੈ ਜਾਣ’’ ਅੱਗਿਉਂ ਲੰਡਾ ਬਲਦ ਕਹਿਣ ਲੱਗਾ ‘‘ਕੋਈ ਲੈ ਜਾਏ, ਯਾਰਾਂ ਨੇ ਤਾਂ ਵਗਣਾ ਤੇ ਪੱਠੇ ਖਾਣੇ ਆਂ।’’ ਸਿੱਖ ਭਾਈਚਾਰੇ ਰੂਪੀ ਲੰਡੇ ਬਲਦ ਨੂੰ ਭਾਵੇਂ ਚਿੱਟਾ ਚੋਰ ਲੈ ਜਾਵੇ ਭਾਵੇਂ ਕਾਲਾ ਚੋਰ, ਸਿੱਖਾਂ ਨੇ ਤਾਂ ਵਗਣਾ ਹੀ ਵਗਣਾ ਹੈ। ਫ਼ਰਕ ਸਿਰਫ਼ ਇਹ ਹੈ ਕਿ ਕਦੀ ਜੋਤਣ ਵਾਲਾ ਕੋਈ ਹੋਵੇਗਾ ਅਤੇ ਕੋਈ ਹੋਰ। ਕਦੇ ਕੋਈ ਰਾਜਸੀ ਪਾਰਟੀ ਤੇ ਕਦੇ ਕੋਈ।
ਗੁਰਨਾਮ ਸਿੰਘ ਪੰਜਾਬੀ ਸੂਬੇ ਦਾ ਪਹਿਲਾ ਮੁੱਖ ਮੰਤਰੀ, ਕੀ ਕੀਤਾ ਉਹਨੇ ਪੰਜਾਬ ਅਤੇ ਪੰਜਾਬੀ ਲਈ? ਪੰਜਾਬੀ ਭਾਸ਼ਾ ਅਧਾਰਿਤ ਪੰਜਾਬੀ ਸੂਬਾ ਬਣਵਾਇਆ ਲੱਖਾਂ ਸਿੱਖਾਂ ਨੂੰ ਜੇਲ੍ਹਾਂ ਵਿੱਚ ਤੂਸੜ-ਤੂਸੜ ਕੇ, ਕੀ ਮਿਲਿਆ ਪੰਜਾਬੀ ਭਾਸ਼ਾ ਨੂੰ? ਪਿਛੋਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਰਜੀਤ ਸਿੰਘ ਬਰਨਾਲਾ ਵੀ ਮੁੱਖ ਮੰਤਰੀ ਬਣੇ। ਵਿਚਾਰੀ ਪੰਜਾਬੀ ਬੋਲੀ ਸਰਕਾਰੀ ਭਾਸ਼ਾ ਬਣ ਹੀ ਨਾ ਸਕੀ। ਪੰਜਾਬੀ ਤਾਂ ਪੰਜਾਬ ਦੀਆਂ ਗਲੀਆਂ ਦੀ ਫਕੀਰਨੀ ਬਣ ਗਈ ਇਨ੍ਹਾਂ ਦੇ ਰਾਜ ਭਾਗ ਵਿੱਚ। ਸ਼ਹਿਰਾਂ (ਪਿੰਡਾਂ ਵਿੱਚ ਵੀ) ਵਿੱਚ ਪਬਲਿਕ ਸਕੂਲ ਜਿਹੜੇ ਸੀ.ਬੀ.ਐਸ.ਈ. ਹੇਠ ਹਨ। ਕੀ ਹਾਲ ਹੈ ਉਥੇ ਪੰਜਾਬੀ ਵਿਦਿਆ ਦਾ? ਮਾਧਿਅਮ ਅੰਗਰੇਜ਼ੀ ਜਾਂ ਹਿੰਦੀ। ਪੰਜਾਬੀ ਵਿੱਚ ਗੱਲ ਕਰਨ ਵਾਲੇ ਵਿਦਿਆਰਥੀ ਨੂੰ ਜੁਰਮਾਨਾ ਜਾਂ ਝਿੜਕਾਂ। ਕੀ ਕੀਤਾ ਇਨ੍ਹਾਂ ਨੇ ਜਿਹੜੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਭੇਜ ਕੇ ਅਤੇ ਮਰਵਾ ਕੇ ਪੰਜਾਬੀ ਸੂਬੇ ਦੇ ਹਾਕਮ ਬਣੇ? ਪੰਜਾਬ ਵਿੱਚ ਹਿੰਦੀ ਦਾ ਹੀ ਬੋਲਬਾਲਾ ਹੋ ਗਿਆ। ਰਹਿੰਦੀ ਕਸਰ ਪਰਵਾਸੀ ਮਜ਼ਦੂਰਾਂ ਲੇ ਪੂਰੀ ਕਰ ਦਿੱਤੀ। ਉਹ ਪੰਜਾਬੀ ਸਭਿਆਚਾਰ ਅਤੇ ਬੋਲੀ ਦਾ ਰੰਗ-ਰੂਪ ਵਿਗਾੜਕੇ ਹਿੰਦੀ ਦੇ ਢਿੱਡ ਵਿੱਚ ਪਾ ਰਹੇ ਹਨ। ਨਸ਼ੇ, ਬਿਮਾਰੀਆਂ, ਇਥੋਂ ਦੀਆਂ ਕੁੜੀਆਂ ਉਠਾਲਣੀਆਂ, ਕਤਲ ਕਰਨੇ, ਡਾਕੇ, ਚੋਰੀਆਂ ਆਦਿ ਹਨ ਕੁਝ ਕੁ ਤੋਹਫੇ ਜੋ ਕਿਰਤ ਤਜ ਕੇ ਨਿਕੰਮੇ ਹੋਏ ਪੰਜਾਬੀਆਂ ਨੂੰ ਮਿਲੇ ਪ੍ਰਵਾਸੀ ਮਜ਼ਦੂਰਾਂ ਤੋਂ।
ਪੰਜਾਬ ਦੇ ਚੀਫ਼ ਮਨਿਸਟਰਾਂ ਤੋਂ ਤਾਂ ਮਸ਼ਹੂਰ ਡਾਕੂ ਅਤੇ ਤਸਕਰ ਵੀਰਅਪਨ ਹੀ ਮਾਂ ਦਾ ਚੰਗੇਰਾ ਪੁੱਤ ਨਿਕਲਿਆ। ਵੀਰਅਪਨ ਜੋ ਦੱਖਣੀ ਭਾਰਤ ਦਾ ਪ੍ਰਸਿੱਧ ਡਾਕੂ ਸੀ, ਇਸ ਨੇ ਕਈਆਂ ਸਾਲਾਂ ਤੋਂ ਤਮਿਲਨਾਡੂ ਅਤੇ ਕਰਨਾਟਕ ਦੀਆਂ ਸਰਕਾਰਾਂ ਨੂੰ ਵਖਤ ਪਾਈ ਰੱਖਿਆ। ਜਿਸ ਬੰਦੇ ਨੂੰ ਚਾਹੇ ਉਸ ਨੂੰ ਚੁੱਕ ਕੇ ਲੈ ਜਾਂਦਾ ਹੈ। ਕੇਂਦਰੀ ਸਰਕਾਰ ਦੀ ਮਦਦ ਨਾਲ ਵੀ ਨਹੀਂ ਫੜਿਆ ਜਾ ਸਕਿਆ। ਇਕ ਵਾਰ ਉਸਨੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਨ ਲਈ ਸ਼ਰਤਾਂ ਰੱਖੀਆਂ। ਕਈ ਸ਼ਰਤਾਂ ਵਿੱਚੋਂ ਇਕ ਸ਼ਰਤ ਇਹ ਵੀ ਸੀ ਕਿ ਕਰਨਾਟਕ ਦੀ ਰਾਜਧਾਨੀ ਬੰਗਲੌਰ ਦੀ ਇਕ ਮੁੱਖ ਥਾਂ ’ਤੇ ਇਕ ਪ੍ਰਸਿੱਧ ਤਮਿਲ ਕਵੀ ਦੀ ਮੂਰਤੀ ਲਾਈ ਜਾਵੇ। ਇਕ ਡਾਕੂ ਨੂੰ ਵੀ ਆਪਣੀ ਮਾਤਭਾਸ਼ਾ ਦੀ ਸੋਝੀ ਅਤੇ ਪਿਆਰ ਹੈ।
ਡਾਕੂ ਅਤੇ ਤਸਕਰ ਜ਼ਿੰਦਾ ਜਾਂ ਮੁਰਦਾ ਸਰਕਾਰ ਨੂੰ ਲੁੜੀਂਦਾ ਆਪਦੀ ਮਾਤਭਾਸ਼ਾ ਦੇ ਕਵੀ ਦੀ ਮੂਰਤੀ ਦੂਜੇ ਸੂਬੇ ਵਿੱਚ ਲਵਾਉਣੀ ਚਾਹੁੰਦਾ ਹੈ ਪਰ ਸਾਡਾ ਪੰਜਾਬੀ ਸੂਬੇ ਦੇ ਮੁੱਖ ਮੰਤਰੀ ਪਦ ਦਾ ਦਾਅਵੇਦਾਰ ਸ. ਪ੍ਰਕਾਸ਼ ਸਿੰਘ ਬਾਦਲ ਖੁਦ ਪੰਜਾਬ ਪ੍ਰਾਂਤ ਵਿੱਚ ਪੰਜਾਬੀ ਦੇ ਹਿੱਤਾਂ ਲਈ ਕਿੰਨੇ ਕੁ ਸਜੱਗ ਅਤੇ ਫ਼ਿਕਰਮੰਦ ਹੈ? ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਤਾਂ ਹਿੰਦੀ ਅੱਗ ਲੈਣ ਆਈ ਘਰ ਵਾਲੀ ਬਣ ਕੇ ਬਹਿ ਗਈ? ਆਪਣੇ ਹਿੰਦੂ ਵੀਰਾਂ ਨੇ ਤਾਂ ਪੰਜਾਬੀ ਹੁੰਦਿਆਂ ਹੋਇਆਂ ਵੀ ਹਿੰਦੀ ਭਾਸ਼ਾ ਨੂੰ ਹੀ ਪ੍ਰਮੁੱਖਤਾ ਦੇ ਕੇ ਪੰਜਾਬੀ ਦੇ ਖ਼ਾਤਮੇ ਲਈ ਤਕੜਾ ਉੱਦਮ ਕੀਤਾ ਹੈ। ਜੇ ਕੋਈ ਬੰਦਾ ਜ਼ਰਾ ਕੁ ਚਾਰ ਪੈਸਿਆਂ ਵਾਲਾ ਹੋ ਜਾਂਦਾ ਹੈ ਤਾਂ ਆਪਣੇ ਧੀਆਂ ਪੁੱਤਰਾਂ ਨੂੰ ਪਬਲਿਕ ਸਕੂਲਾਂ ਵਿੱਚ ਪੜ੍ਹਾਉਂਦਾ ਹੈ ਜਿੱਥੋਂ ਪੰਜਾਬੀ ਨੂੰ ਧੱਕੇ ਮਾਰ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਹੈ। ਸਰਕਾਰੀ ਸਕੂਲ ਵਿੱਚ ਜਿੱਥੇ ਬੱਚਿਆਂ ਦੇ ਬਹਿਣ ਲਈ ਤੱਪੜ ਜਾਂ ਬਲੈਕ ਬੋਰਡ ਕੀ ਹੋਣੇ ਹਨ, ਕਈ ਵਾਰ ਕਮਰੇ ਵੀ ਨਹੀਂ ਹੁੰਦੇ। ਇਨ੍ਹਾਂ ਸਕੂਲਾਂ ਵਿੱਚ ਸਿਰਫ਼ ਉਹ ਹੀ ਬੱਚੇ ਪੜ੍ਹਦੇ ਹਨ ਜਿਨ੍ਹਾਂ ਨੂੰ ਪਬਲਿਕ ਸਕੂਲਾਂ ਵਿੱਚ ਪੜਾਉਣ ਦੀ ਸਮਰੱਥਾ ਉਹਨਾਂ ਦੇ ਮਾਪਿਆਂ ਵਿੱਚ ਨਹੀਂ ਹੈ।
ਪ੍ਰਕਾਸ਼ ਸਿੰਘ ਬਾਦਲ ਦੇ ਪੰਜਾਬੀ ਪਿਆਰ ਦੀ ਇਕ ਮਿਸਾਲ ਪੇਸ਼ ਕਰਨੀ ਚਾਹੁੰਦਾ ਹਾਂ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਿੱਚ ਬਾਦਲ ਸਾਹਿਬ ਸਾਡੇ ਅਤੇ ਹੋਰ ਲੋਖਕਾਂ ਦੇ ਮਹਿਮਾਨ ਸਨ। ਮੈਂ ਵੀ ਅਕੈਡਮੀ ਦੀ ਐਗਜ਼ੈਕਟਿਵ ਦਾ ਮੈਂਬਰ ਸੀ। ਮੌਕਾ ਧਾਲੀਵਾਲ ਸਨਮਾਨ ਸਮਾਰੋਹ ਦਾ ਸੀ। ਦਰਸ਼ਨ ਸਿੰਘ ਧਾਲੀਵਾਲ ਵੱਲੋਂ ਇੱਕ ਲੱਖ ਰੁਪਏ ਦਾ ਇਕ ਅਤੇ ਇੱਕੀ ਹਜ਼ਾਰ ਰੁਪਏ ਦੇ ਪੰਜ ਇਨਾਮ ਹਰ ਸਾਲ ਲੇਖਕਾਂ ਨੂੰ ਦਿੱਤੇ ਜਾਂਦੇ ਹਨ। ਇਹ ਇਨਾਮ ਦੇਣ ਲਈ ਪੰਜਾਬੀ ਸੂਬੇ ਦੇ ਮੁੱਖ ਮੰਤਰੀ ਤੋਂ ਛੁੱਟ ਹੋਰ ਕੌਣ ਢੁਕਵਾਂ ਹੋ ਸਕਦਾ ਸੀ? ਸੋ ਬਾਦਲ ਸਾਹਿਬ ਨੂੰ ਬੇਨਤੀ ਕੀਤੀ ਗਈ ਤੇ ਉਹ ਆ ਗਏ। ਅਸੀਂ ਪੰਜਾਬੀ ਦੇ ਕਲਿਆਣ ਦੀ ਉਮੀਦ ਵਿੱਚ, ਪੰਜਾਬੀ ਸੂਬੇ ਦੇ ਇਸ ਮੁੱਖ ਮੰਤਰੀ ਦੇ ਗੱਲ ਖੂਬ ਹਾਰ ਪਾਏ। ਇਨਾਮ ਵੰਡੇ ਗਏ ਤੇ ਡਾ. ਪ੍ਰਮਿੰਦਰ ਸਿੰਘ ਨੇ ਇਕ ਦੁੱਖ ਵੀ ਬਾਦਲ ਸਾਹਿਬ ਨੂੰ ਦੱਸਿਆ। ਉਹ ਇਹ ਸੀ ਕਿ ਬੇਅੰਤ ਸਿੰਘ ਅਤੇ ਹਰਚਰਨ ਸਿੰਘ ਨੇ ਪੰਜਾਬੀ ਭਵਨ ਨੂੰ ਵਾਇਆ ਕੀਤਾ ਸੀ ਕਿ ਪੰਜਾਬ ਸਰਕਾਰ ਵੱਲੋਂ ਸੱਤ ਲੱਖ ਰੁਪਏ ਦਿੱਤੇ ਜਾਣਗੇ। ਇਹ ਰਕਮ ਬੇਅੰਤ ਸਿੰਘ ਅਤੇ ਹਰਚਰਨ ਸਿੰਘ ਦੇ ਜਾਣ ਤੋਂ ਬਾਅਦ ਵੀ ਨਹੀਂ ਮਿਲੀ। ਇਹ ਦਿਵਾਈ ਜਾਵੇ। ਬਾਦਲ ਸਾਹਿਬ ਨੇ ਜਵਾਬ ਵਿੱਚ ਕਿਹਾ ਕਿ ਜਨਰਲ ਸਕੱਤਰ ਡਾ. ਪ੍ਰਮਿੰਦਰ ਸਿੰਘ ਵੱਡੀ ਬੋਰੀ ਲੈਕੇ ਆ ਜਾਣ ਚੰਡੀਗੜ੍ਹ ਤੇ ਉਹ ਉਸ ਬੋਰੀ ਨੂੰ ਨੋਟਾਂ ਨਾਲ ਭਰ ਦੇਣਗੇ ਅਤੇ ਪਿਛਲੇ ਮੁੱਖ ਮੰਤਰੀਆਂ ਵੱਲੋਂ ਵਾਹਿਦਾ ਕੀਤੀ ਰਕਮ ਵੀ ਦੇ ਦਿੱਤੀ ਜਾਵੇਗੀ। ਅਖੇ ਮੈਂ ਪੰਜਾਬੀ ਦੇ ਲੇਖਕਾਂ ਲਈ ਅਤੇ ਪੰਜਾਬੀ ਲਈ ਬਹੁਤ ਕੁਝ ਕਰਨਾ ਚਾਹੁੰਦਾ ਹਾਂ। ਤੁਸੀਂ ਮੈਨੂੰ ਦੱਸੀ ਜਾਉ ਅਤੇ ਕਰਵਾਈ ਜਾਉ....।
ਬਾਦਲ ਸਾਹਿਬ ਆਏ, ਕੁਰਸੀਓਂ ਲਹਿ ਗਏ। ਕੀ ਪੰਜਾਬੀ, ਕੀ ਪੰਜਾਬੀ ਭਵਨ ਤੇ ਕੀ ਪੰਜਾਬੀ ਲੇਖਕ, ਬਸ ਉਹੋ ਗੋਦੜੀ ਦੀਆਂ ਲੀਰਾਂ ਤੇ ਉਹੋ ਲੰਗੋਟੀ। ਕੀ ਇਹੋ ਜਹੇ ਵੇਲੇ ਡਾਕੂ ਵੀਰਅੱਪਨ ਦਾ ਖ਼ਿਆਲ ਆਕ ਮੂੰਹੋਂ ਇਹ ਨਾ ਨਿਕਲੇ ਕਿ ਸਾਡੇ ਮੁੱਖ ਮੰਤਰੀਆਂ ਨਾਲੋਂ ਤਾਮਿਲ ਨਾਡੂ ਦੇ ਡਾਕੂ ਨੂੰ ਹੀ ਆਪਣੇ ਸਭਿਆਚਾਰ ਨਾਲ ਵੱਧ ਪਿਆਰ ਸੀ। ਕੀ ਆਪਾਂ ਵੀ ਰੱਬ ਕੋਲੋਂ ਪੰਜਾਬੀ ਨੂੰ ਪਿਆਰ ਕਰਨ ਵਾਲਾ ਵੀਰਅੱਪਨ ਵਰਗਾ ਕੋਈ ਡਾਕੂ ਮੰਗੀਏ?
ਸਾਡੀ ਅਗਲੀ ਨਸਲ ਵਿੱਚ ਪਤਿਤਾਂ ਦੀ ਗਿਣਤੀ ਵਧੇਰੇ ਹੇ ਅਤੇ ਕੇਸਧਾਰੀਆਂ ਦੀ ਘੱਟ। ਨਸ਼ਿਆਂ ਦੀ ਲਾਹਨਤ ਅੱਜਕਲ ਪਿਛਲੇ ਸਭ ਜ਼ਮਾਨੀਆਂ ਤੋਂ ਵੱਧ ਹੈ। ਗੁਰਧਾਮਾਂ ਦੀ ਢਾਹ-ਢਵਾਈ, ਅਪਮਾਨ ਅਤੇ ਸਿੱਖ ਕਤਲੇਆਮ ਜਿਨ੍ਹਾਂ ਵਰਤਮਾਨ ਵਿੱਚ, ਵੀਹਵੀਂ ਸਦੀ ਦੇ ਅਖ਼ੀਰ ਵਿੱਚ ਹੋਇਆ। ਪਹਿਲਾਂ ਕਦੇ ਵੀ ਨਹੀਂ ਹੋਇਆ। ਕੁਝ ਸਾਲ ਹੋਏ ਫ਼ਿਲਸਤੀਨੀਆਂ ਨੇ ਇਜ਼ਰਾਈਲੀਆਂ ਦੇ ਵੀਹ ਬੰਦੇ ਮਾਰ ਦਿੱਤੇ ਸਨ ਅਤੇ ਯੂ.ਐੱਨ.ਓ. ਨੇ ਅਫ਼ਸੋਸ ਦਾ ਮੱਤਾ ਪਾਸ ਕਰ ਦਿੱਤਾ। 1984 ਦੇ ਸਿੱਖ ਕਤਲੇਆਮ ਵਿੱਚ ਕਿੰਨੇ ਹਜ਼ਾਰ ਸਿੱਖ ਮਾਰੇ ਗਏ ਸਨ? ਕਿਸੇ ਯੜੇ ਯੂ.ਐੱਨ.ਓ ਤਾਂ ਦੂਰ, ਸਾਡੇ ਮਹਾਨ ਭਾਰਤ ਦੀ ਪਾਰਲੀਮੈਂਟ ਨੇ ਇਕ ਅੱਥਰੂ ਵਗਾਉਣਾ ਤਾਂ ਕੀ, ਇਕ ਲਫ਼ਜ ਵੀ ਅਫ਼ਸੋਸ ਦੇ ਮੱਤੇ ਦਾ ਨਹੀਂ ਸੀ ਆਖਿਆ। ਕੀ ਸਿੱਖ ਵੀ ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕਰੇਸੀ ਦੇ ਭਾਈਵਾਲ ਨਹੀਂ ਹਨ? ਕੀ ਬਲਦੇਵ ਸਿੰਘ ਦੀ ਰੂਹ ਸ਼ਾਂਤੀ ਵਿੱਚ ਹੋਵੇਗੀ। ਇਹ ਸਭ ਪ੍ਰਾਪਤੀਆਂ ਸਾਡੇ ਲੀਡਰਾਂ ਦੀਆਂ ਹਨ। ਇਨ੍ਹਾਂ ਲੀਡਰਾਂ ਨਾਲ ਗੱਲ ਕਰਕੇ ਵੇਖੋ, ਇਹ ਨੱਕ ’ਤੇ ਮੱਖੀ ਨਹੀਂ ਬਹਿਣ ਦਿੰਦੇ। ਕਹਿੰਦੇ ਹਨ ਉਹ ਕੌਮ ਨੂੰ ਠੀਕ ਅਗਵਾਈ ਦੇ ਰਹੇ ਹਨ। ਕੌਮ ਵਿੱਚ ਸਭ ਤੋਂ ਵੱਧ ਪਤਿਤਪਣਾ ਅਤੇ ਨਸ਼ੇ ਇਨ੍ਹਾਂ ਦੀ ਅਗਵਾਈ ਦੌਰਾਨ ਹੀ ਆਏ। ਇਹ ਹੈ ਇਨ੍ਹਾਂ ਦੀ ਠੀਕ ਅਗਵਾਈ ਦੀਆਂ ਪ੍ਰਾਪਤੀਆਂ।
ਸ਼੍ਰੋਮਣੀ ਕਮੇਟੀ ਦਾ ਕਰੋੜਾਂ ਰੁਪਏ ਸਲਾਨਾ ਦਾ ਬਜਟ ਹੈ। ਭਲਾ ਸ਼੍ਰੋਮਣੀ ਕਮੇਟੀ ਦੱਸੇ ਕਿ ਕਿੰਨੇ ਕੁ ਵਿਧਰਮੀਆਂ ਨੂੰ ਇਨ੍ਹਾਂ ਨੇ ਸਿੱਖ ਧਰਮ ਵਿੱਚ ਪ੍ਰਵੇਸ਼ ਕਰਵਾਇਆ। ਸ਼੍ਰੋਮਣੀ ਕਮੇਟੀ ਅਤੇ ਸਾਰੇ ਹੀ ਸਿੱਖ ਕਹਿੰਦੇ ਹਨ ਅਤੇ ਠੀਕ ਕਹਿੰਦੇ ਹਨ ਕਿ ਸਿੱਖ ਧਰਮ ਦੁਨੀਆਂ ਦਾ ਸਰੇਸ਼ਟ ਧਰਮ ਹੈ। ਇਕ ਤਾਂ ਸਿੱਖ ਧਰਮ ਸਰੇਸ਼ਟ ਧਰਮ ਹੈ, ਦੂਜਾ ਤੁਸੀਂ ਵੀ ਬਹੁਤ ਸਿਆਣੇ ਅਤੇ ਇਮਾਨਦਾਰ ਹੋ। ਗੁਰੂ ਘਰ ਦੇ ਇਕ ਵੀ ਪੈਸੇ ਦੀ ਹੇਰਾਫੇਰੀ ਨਾਂ ਤੁਸੀਂ ਕਰਦੇ ਹੋ ਅਤੇ ਨਾਂ ਹੀ ਕਿਸੇ ਨੂੰ ਕਰਨ ਦਿੰਦੇ ਹੋ। ਮਿਹਨਤ ਅਤੇ ਘਾਲਣਾ ਸਦਕਾ ਹੀ ਤੁਸੀਂ ਸਿੱਖ ਦੀਆ ਵੋਟਾਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਦੇ ਹੋ ਨਾ। ਫਿਰ ਦੱਸੋ ਖਾਂ ਸਿੱਖ ਧਰਮ, ਸਰੇਸ਼ਟ ਧਰਮ ਅਤੇ ਤੁਸੀਂ ਪਾਕ ਪੁਨੀਤ, ਸੱਚੇ ਸੁੱਚੇ, ਦੁੱਧ ਧੌਤੇ, ਫਿਰ ਮੂਰਤੀ ਪੂਜਕ, ਪਿੱਪਲ ਪੂਜਕ, ਨਾਰੀ ਦਾ ਅਪਮਾਨ ਕਰਨ ਵਾਲੇ, ਇਨਸਾਨਾਂ ਨੂੰ ਦਲਿਤ ਅਤੇ ਸ਼ੂਦਰ ਬਣਾਉਣ ਵਾਲੇ ਅਤੇ ਬਣਨ ਵਾਲੇ ਤੁਹਾਡੀ ਧਰਮ ਪ੍ਰਚਾਰ ਦੀ ਕਮੇਟੀ ਦੇ ਅਣਥਕ ਯਤਨਾਂ ਨਾਲ ਸਿੱਖ ਕਿਉਂ ਨਾ ਬਣ ਗਏ? ਇਸਾਈਆਂ ਨੇ ਤਾਂ ਬਥੇਰੇ ਦਲਿਤਾਂ ਅਤੇ ਹੋਰ ਹਿੰਦੂਆਂ ਦਾ ਧਰਮ-ਪਰਿਵਰਤਨ ਕਰਵਾਇਆ ਹੈ। ਇਸੇ ਤੋਂ ਹੀ ਤਾਂ ਵਿਸ਼ਵ ਹਿਦੂ ਪਰਿਸ਼ਦ ਅਤੇ ਹੋਰ ਹਿੰਦੂ ਸਗਠਨ ਭੜਕ ਉੱਠੇ। ਕੋਹੜੀਆਂ ਦੀ ਸੇਵਾ ਕਰਨ ਵਾਲੇ ਡਾ. ਸਟੇਨਜ਼ ਤੇ ਉਹਦੇ ਦੇ ਬੱਚਿਆਂ ਨੂੰ ਜੀਊਂਦਾ ਹੀ ਸਾੜ ਦਿੱਤਾ ਗਿਆ। ਕੀ ਤੁਹਾਡੇ ਧਰਮ ਪ੍ਰਚਾਰਕ ਸਿਰਫ਼ ਯਾਤਰਾ-ਖਰਚਾ ਟੀ.ਏ. ਹੀ ਵਸੂਲ ਕਰਦੇ ਹਨ ਜਾਂ ਡਾ. ਸਟੇਨਜ਼ ਵਰਗੀ ਸੇਵਾ ਕਰਦੇ ਹੋਏ ਆਪਣੀ ਜਾਨ ਵੀ ਵਾਰ ਜਾਂਦੇ ਹਨ? ਕਦੀ ਦੱਸਣ ਦੀ ਖੇਚਲ ਤਾਂ ਕਰੋ...।
ਕੀ ਦੱਸੋਗੇ ਤੁਸੀਂ? ਤੁਸੀਂ ਤਾਂ ਵਣਜਾਰਿਆਂ ਅਤੇ ਸਿਕਲੀਗਰਾਂ ਨੂੰ ਵੀ ਸਿੱਖ ਨਾਂ ਰੱਖ ਸਕੇ। ਕੀ ਸੁਰਤ ਲਈ ਜਾ ਰਹੀ ਹੈ ਉਨ੍ਹਾਂ ਦੀ ? ਉਹ ਤਾਂ ਹੈ ਹੀ ਸਿੱਖ ਹਨ। ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਨੂੰ ਪਹਿਲ ਦਿੰਦੀ ਤਾਂ ਉਹ ਨਿਰੰਕਾਰੀ ਜਾਂ ਕੁਝ ਹੋਰ ਬਣਨ ਦੇ ਖ਼ਤਰੇ ਵਿੱਚ ਨਾ ਪੈਂਦੇ। ਸ਼੍ਰੋਮਣੀ ਕਮੇਟੀ ਤੋਂ ਕੀ ਆਸਾਂ? ਇਸ ਦੀ ਛੱਤਰ ਛਾਇਆ ਹੇਠ ਤਾਂ ਲੋਕ ਗੁਰਧਾਮਾਂ ਤੋਂ ਟੁੱਟ ਕੇ ਡੇਰਿਆਂ ਨਾਲ ਜੁੜਦੇ ਜਾ ਰਹੇ ਹਨ। ਸਿੱਖ ਗੁਰ-ਸ਼ਬਦ ਦਾ ਸੇਵਨ ਕਰਨ ਦੇ ਥਾਂ ਢਿੱਡਲ ਬਾਬਿਆਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਤਿਆਰ ਬਰ ਤਿਆਰ, ਭਰਮ ਮੁਕਤ ਸਿੰਘ ਬਣਨ ਦੇ ਥਾਂ ਕਿਸੇ ਡੇਰੇਦਾਰ ਬਾਬੇ ਦੇ ਸੇਵਕ ਬਣ ਕੇ ਉਹਦੇ ਗਿੱਟੇ ਗੋਡੇ ਘੁੱਟ-ਘੁੱਟ ਕੇ ਸੰਸਾਰ ਅਤੇ ਪਰਲੋਕ ਵਿਗਾੜਨ ਵਿੱਚ ਰੁੱਝ ਗਏ ਹਨ। ਇਸ ਸਭ ਲਈ ਕਿਹੜੇ-ਕਿਹੜੇ ਨੂੰ ਲਾਹਨਤ ਪਾਈ ਜਾਵੇ?
ਜੇ ਜਹਾਜ ਕਿਸੇ ਗਲਤ ਥਾਂ ਜਾ ਪਹੁੰਚਾ ਹੈ ਤਾਂ ਜਾਂ ਤਾਂ ਜਹਾਜ ਚਲਾਉਣ ਵਾਲਾ ਅਯੋਗ ਸੀ ਅਤੇ ਉਸ ਨੂੰ ਨਕਸ਼ਾ ਗਲਤ ਦਿੱਤਾ ਗਿਆ ਹੋਵੇਗਾ। ਮੈਨੂੰ ਲਗਦਾ ਹੈ ਕਿ ਸਿੱਖ ਕੌਮ ਦੇ ਜਹਾਜ ਦੇ ਕਪਤਾਨ ਵੀ ਅਯੋਗ ਹਨ ਅਤੇ ਉਹਨਾਂ ਕੋਲ ਨਕਸ਼ਾ ਵੀ ਗਲਤ ਹੈ। ਫਿਰ ਬੇੜਾ ਡੁੱਬਣੋਂ ਕੌਣ ਬਚਾਵੇਗਾ? ਕੁਝ ਕਰਨ ਦੀ ਇਕ ਦਮ ਜ਼ਰੂਰਤ ਹੈ।
ਜੋ ਕਰਨਾ ਹੈ, ਸੱਚ ਸਮਝ ਕੇ ਕਰਨਾ ਹੈ। ਵਿਗੜੀ ਬਣਾਉਣ ਲਈ ਕਰਨਾ ਹੈ। ਠੀਕ ਹੈ ਬਥੇਰਿਆਂ ਨੇ ਗਲਤੀਆਂ ਕੀਤੀਆਂ ਹਨ। ਗਲਤੀ ਜਾਂ ਭੁੱਲ ਨੁਕਸਾਨ ਤਾਂ ਜ਼ਰੂਰ ਕਰਦੀ ਹੈ ਪਰ ਗਲਤੀ ਲਈ ਸਜਾ ਜ਼ਰੂਰੀ ਨਹੀਂ। ਭੁੱਲ ਮੁਆਫ ਕਰਨੀ ਚਾਹੀਦੀ ਹੈ ਅਤੇ ਭੁੱਲੜ ਵਿੱਚ ਸੁਧਾਰ ਦਾ ਇਰਾਦਾ ਹੋਣਾ ਚਾਹੀਦਾ ਹੈ। ਵੱਡੀ ਤੋਂ ਵੱਡੀ ਭੁੱਲ ਨੂੰ ਵੀ ਕਾਰਨ ਜਾਂ ਬਹਾਨਾਂ ਬਣਾ ਕੇ ਖੂਨ ਖਰਾਬਾ ਕਦੇ ਵੀ ਨਹੀਂ ਹੋਣਾ ਚਾਹੀਦਾ। ਸਿੱਖ ਕੌਮ ਨੂੰ ਭਰਾ-ਮਾਰੂ ਜੰਗਾਂ ਨੇ ਬਹੁਤ ਹੀ ਰੋਲਿਆ ਹੈ। ਸ਼ੁਕਰਚੱਕੀਏ ਅਤੇ ਸੰਧਾਵਾਲੀਆਂ ਦਾ ਕੀ ਹਸ਼ਰ ਹੋਇਆ? ਸਾਰੇ ਅਕਾਲੀ ਦਲ ਹੈਨ ਤਾਂ ਸਿੱਖ ਸਮਾਜ ਦੇ ਹੀ ਖੈਰ-ਖਵਾਹ ਪਰ ਚੌਧਰ ਦੀ ਭੁੱਖ ਨੇ ਸਾਂਝੀਵਾਲਤਾ ਹੀ ਮਿਟਾ ਦਿੱਤੀ। ਹੋਣਾ ਤਾਂ ਇਹ ਚਾਹੀਦਾ ਹੈ ਕਿ ਕੁਰਸੀ ਕਿਸੇ ਨੂੰ ਵੀ ਮਿਲੇ ਪਰ ਪੰਥ ਦੀ ਸ਼ਾਨ ਵਿੱਚ ਕਸਰ ਨਹੀਂ ਆਉਣੀ ਚਾਹਦੀ।
ਸਿੱਖਾਂ ਨੂੰ ਪਾਰਸੀਆਂ ਅਤੇ ਯਹੂਦੀਆਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਇਨ੍ਹਾਂ ਦੋਵਾਂ ਕੌਮ ਨੂੰ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬੜੇ ਦੁੱਖ ਉਠਾਏ ਇਨ੍ਹਾਂ ਦੋਹਾਂ ਕੌਮਾਂ ਨੇ। ਪਰ ਪਾਰਸੀ ਬੱਚ ਗਏ ਰੁਪਏ ਦੀ ਕਮਾਈ ਕਰਕੇ ਅਤੇ ਯਹੂਦੀ ਬਚ ਗਏ ਵਿਦਿਆ ਦੀ ਕਮਾਈ ਕਰਕੇ। ਉਹਨਾਂ ਨੂੰ ਸੂਝਵਾਨ ਕੌਮ-ਬਚਾਊ ਲੀਡਰ ਮਿਲ ਗਏ ਸਨ। ਸਾਨੂੰ ਇਹੋ ਜਿਹੇ ਲੀਡਰ ਅਜੇ ਮਿਲਣੇ ਹਨ। ਇਹ ਕੋਈ ਅਸੰਭਵ ਕੰਮ ਨਹੀਂ ਬਲਕਿ ਬਹੁਤ ਹੀ ਸੌਖਾ ਕੰਮ ਹੈ। ਕੌਮ ਇਹ ਇੱਛਾ ਕਰ ਲਵੇ ਕਿ ਉਸ ਨੂੰ ਚੰਗੇ ਲੀਡਰ ਚਾਹੀਦੇ ਹਨ ਤਾਂ ਦਿਨਾਂ ਵਿੱਚ ਹੀ (ਮਹੀਨਿਆਂ ਜਾਂ ਹਫਤਿਆਂ ਵਿੱਚ ਨਹੀਂ) ਈਮਾਨਦਾਰ ਕੌਮ-ਹਿਤੈਸ਼ੀ ਲੀਡਰ ਮਿਲ ਜਾਣਗੇ। ਦੋਖੀ ਲੀਡਰ, ਵਿਕੇ ਹੋਏ ਲੀਡਰ ਭੱਜ ਜਾਣਗੇ। ਤੁਸੀਂ ਹੀ ਕਰਨਾ ਹੈ ਇਹ ਕੰਮ ਲਿਆਉਣ ਅਤੇ ਭਜਾਉਣ ਦਾ।
ਮੈਨੂੰ ਮੇਰੇ ਨਵੇਂ ਬਣੇ ਮਿੱਤਰ ਤਰਲੋਚਨ ਸਿੰਘ ਜੀ ਨੇ ਮੁਹੰਮਦ ਅਲੀ ਜਿਨਾਂਹ ਦੀ ਗੱਲ ਟੈਲੀਫੋਨ ਤੇ ਦੱਸੀ ਸੀ। ਜਿਨਾਂਹ ਦਾ ਨਿਜੀ ਨੌਕਰ ਜਿਨ੍ਹਾਂ ਦੇ ਨਿੱਤਨੇਮ ਤੋਂ ਬੜਾ ਫਿਕਰਮੰਦ ਸੀ ਤੇ ਉਹਨੂੰ ਕਹਿਣ ਲੱਗਾ ਕਿ ਕੁਝ ਹਿੰਦੂ ਲੀਡਰਾਂ ਦੀ ਵੀ ਨੌਕਰੀ ਕਰ ਚੁੱਕਾ ਹੈ ਅਤੇ ਉਸ ਨੇ ਵੇਖਿਆ ਸੀ ਕੀ ਉਹ ਵਕਤ ਸਿਰ ਰੋਟੀ ਖਾਂਦੇ ਸਨ ਅਤੇ ਵਕਤ ਸਿਰ ਸੋ ਜਾਂਦੇ ਸਨ ਪਰ ਜਿਨਾਂਹ ਦਾ ਖਾਣ-ਪੀਣ, ਸੌਣ ਦਾ ਕੋਈ ਵਕਤ ਨਹੀਂ ਸੀ। ਉਹ ਤਾਂ ਰਾਤ ਦੇ ਦੋ ਵੱਜੇ ਤੱਕ ਜਾਗਦਾ ਰਹਿੰਦਾ ਸੀ। ਕਿਉਂ? ਜਿਨਾਂਹ ਨੇ ਆਪਣੇ ਸੇਵਕ ਨੂੰ ਜਵਾਬ ਦਿੱਤਾ ਕਿ ਹਿੰਦੂ ਕੌਮ ਦੇ ਲੀਡਰ ਵਕਤ ਸਿਰ ਖਾ-ਪੀ ਅਤੇ ਸੌਂ ਸਕਦੇ ਹਨ ਕਿਉਂਕਿ ਉਨ੍ਹਾਂ ਦੀ ਕੌਮ ਜਾਗਦੀ ਹੈ। ਮੈਂ ਕਿਵੇਂ ਸੌ ਸਕਦਾ ਹਾਂ ਮੇਰੀ ਕੌਮ ਤਾਂ ਸੁੱਤੀ ਹੋਈ ਹੈ। ਜੇ ਮੈਂ ਜਾਗਾਂਗਾ ਤਾਂ ਸੁੱਤੀ ਹੋਈ ਕੌਮ ਨੂੰ ਜਗਾ ਸਕਾਂਗਾ।
ਕਾਸ਼ ਸਿੱਖ ਕੌਮ ਦੇ ਲੀਡਰ ਵੀ ਜਾਗ ਪੈਣ। ਨੌਜੁਆਨਾਂ ਵਿੱਚ ਵੱਧ ਰਿਹਾ ਪਤਿਤਪੁਣਾ ਨਸ਼ੇ ਅਤੇ ਕੌਮ ਦਾ ਪਿਛੜਾਪਨ ਉਨ੍ਹਾਂ ਦੀ ਨੀਂਦ ਹਰਾਮ ਕਰ ਦੇਵੇ। ਉਹ ਸੌਂ ਹੀ ਨਾ ਸਕਣ। ਆਪ ਜਗਾ ਕੇ ਕੌਮ ਨੂੰ ਵੀ ਜਗਾ ਦੇਣ। ਫਿਰ ਕੌਮ ਰਹਿਤ ਦੀ ਧਾਰਨੀ, ਸ਼ਾਨ ਸ਼ੌਕਤ ਵਾਲੀ ਖੁਸ਼ਹਾਲ, ਸਾਂਝੀਵਾਲਤਾ ਵਿੱਚ ਪਰੋਤੀ ਹੋਈ ਸੁਖੀ ਵਸੇ।