Subscription About Us Contact Us


ਕੀ ਸਿੱਖ ਵਾਕਈ ਗੁਰੂ ਗੰ੍ਰਥ ਸਾਹਿਬ ਨੂੰ ‘ਗੁਰੂ’ ਮੰਨਦੇ ਹਨ?

- ਸਰਬਜੀਤ ਸਿੰਘ -

ਸਿੱਖਾਂ ਵੱਲੋਂ ਅਕਸਰ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਸਿੱਖਾਂ ਦੇ ਗੁਰੂ ‘ਗੁਰੂ ਗੰ੍ਰਥ ਸਾਹਿਬ ਜੀ’ ਹਨ। ਸਿੱਖ ਧਰਮ ਦੇ ਪ੍ਰਚਾਰਕਾਂ ਵੱਲੋਂ ਧਾਰਮਿਕ ਸਟੇਜਾਂ ਤੇ ਦੱਸਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖੀ ਗੁਰੂ ਦੀ ਰੀਤਿ ਖ਼ਤਮ ਕਰਦਿਆਂ ਆਦਿ ਗੰ੍ਰਥ ਨੂੰ ਗੁਰਿਆਈ ਸੌਂਪ ਕੇ ਗੁਰੂ ਗੰ੍ਰਥ ਸਾਹਿਬ ਜੀ ਦਾ ਦਰਜਾ ਦਿੱਤਾ। ਆਮ ਸਿੱਖ ਨੂੰ ਵੀ ਸਿੱਖ ਇਤਿਹਾਸ ਜਾਂ ਸਿੱਖੀ ਸਿਧਾਂਤਾਂ ਬਾਰੇ ਹੋਰ ਕੋਈ ਜਾਣਕਾਰੀ ਹੋਵੇ ਜਾਂ ਨਾ ਹੋਵੇ, ਉਹ ਇਤਨਾ ਦਾਅਵਾ ਜ਼ਰੂਰ ਕਰ ਦਿੰਦਾ ਹੈ ਕਿ ਸਿੱਖਾਂ ਦੇ ਗੁਰੂ ‘ਗੁਰੂ ਗੰ੍ਰਥ ਸਾਹਿਬ ਜੀ’ ਹਨ।

ਇਸ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦਾ ਗੁਰੂ ‘ਗੁਰੂ ਗੰ੍ਰਥ ਸਾਹਿਬ’ ਨੂੰ ਬਣਾਇਆ। ਪਰ ਵਿਚਾਰ ਦਾ ਵਿਸ਼ਾ ਇਹ ਹੈ ਕਿ ਕੀ ਅੱਜ ਦੇ ਸਿੱਖ ਵਾਕਈ ਗੁਰੂ ਗੰ੍ਰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ? ਅਜੋਕੇ ਸਿੱਖ ਸਮਾਜ ਦੀ ਪੜਚੋਲ ਤੋਂ ਤਾਂ ਅਜਿਹਾ ਬਿਲਕੁਲ ਨਹੀਂ ਜਾਪਦਾ।

ਸਿੱਖਾਂ ਦੇ ਵਰਤਾਰੇ ਤੋਂ ਤਾਂ ਅਜਿਹਾ ਜਾਪਦਾ ਹੈ ਕਿ ਉਹ ਗੁਰੂ ਗੰ੍ਰਥ ਸਾਹਿਬ ਨੂੰ ਗੁਰੂਆਂ ਦੀ ਗਿਣਤੀ ਵਿੱਚ ਰੱਖਣਾ ਵੀ ਪਸੰਦ ਨਹੀਂ ਕਰਦੇ। ਸਿੱਖਾਂ ਦੀਆਂ ਜਿੰਨੀਆਂ ਵੀ ਧਾਰਮਿਕ ਪੁਸਤਕਾਂ ਵੇਖਣ ਨੂੰ ਮਿਲਦੀਆਂ ਹਨ, ਭਾਵੇਂ ਉਹ ਮਿਸ਼ਨਰੀ ਕਾਲਜਾਂ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ‘ਪ੍ਰਮਾਣਿਕ ਇਤਿਹਾਸ’ ਦੀਆਂ ਪੁਸਤਕਾਂ ਹੀ ਕਿਉਂ ਨਾ ਹੋਣ, ਉਨ੍ਹਾਂ ਵਿੱਚ ਇਹੀ ਦੱਸਿਆ ਜਾਂਦਾ ਹੈ ਕਿ ਸਿੱਖਾਂ ਦੇ ਦਸ ਗੁਰੂ ਹਨ। ਦਸ ਗੁਰੂਆਂ ਤੋਂ ਭਾਵ ਹੁੰਦਾ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ। ਜ਼ਾਹਿਰ ਹੈ ਕਿ ਗੁਰੂ ਗੰ੍ਰਥ ਸਾਹਿਬ ਜੀ ਨੂੰ ਗਿਣਤੀ ਵਿੱਚ ਸ਼ਾਮਿਲ ਕਰਨ ਦੀ ਲੋੜ ਹੀ ਨਹੀਂ ਸਮਝਦੀ ਜਾਂਦੀ ਕਿਉਂਕਿ ਅਸਲ ਅਰਥਾਂ ਵਿੱਚ ਅਸੀਂ ਉਨ੍ਹਾਂ ਨੂੰ ਗੁਰੂ ਮੰਨਦੇ ਹੀ ਨਹੀਂ।

ਕਈ ਪੁਸਤਕਾਂ ਵਿੱਚ ਸਿੱਖਾਂ ਦੇ ਗੁਰੂਆਂ ਦੇ ਨਾਂਵਾਂ ਬਾਰੇ ਜਾਣਕਾਰੀ ਦਿੰਦਿਆਂ ਪਹਿਲੇ ਦਸ ਗੁਰੂਆਂ ਦੇ ਨਾਮ ਇਕੱਠੇ ਲਿਖਕੇ ਜਾਣਕਾਰੀ ਖ਼ਤਮ ਕਰ ਦਿੱਤੀ ਜਾਂਦੀ ਹੈ। ਉਪਰੰਤ ਅਲੱਗ ਤੋਂ ਇਹ ਲਿਖਿਆ ਜਾਂਦਾ ਹੈ ਕਿ ਸਿੱਖਾਂ ਦੇ ਵਰਤਮਾਨ ਗੁਰੂ ‘ਗੁਰੂ ਗੰ੍ਰਥ ਸਾਹਿਬ’ ਜੀ ਹਨ। ਇਸ ਨਾਲ ਪੜ੍ਹਨ ਵਾਲੇ ਤੇ ਅਜਿਹਾ ਪ੍ਰਭਾਵ ਪੈਂਦਾ ਹੈ ਕਿ ਗੁਰੂ ਗੰ੍ਰਥ ਸਾਹਿਬ ਗੁਰੂ ਨਾਨਕ ਸਾਹਿਬ ਦੀ ਜੋਤਿ ਨਹੀਂ ਹਨ ਬਲਕਿ ਦੂਜੇ ਦਰਜੇ ਦੇ ਗੁਰੂ ਹਨ। ਕੀ ਗੁਰੂ ਗੰ੍ਰਥ ਸਾਹਿਬ ਨਾਲ ਅਜਿਹਾ ਵਿਤਕਰਾ ਕਰਕੇ ਉਨ੍ਹਾਂ ਦਾ ਅਪਮਾਨ ਨਹੀਂ ਕੀਤਾ ਜਾਂਦਾ?

ਮਿਸਾਲ ਵਜੋਂ, ਅਸੀਂ ਵਿਚਾਰੀਏ ਕਿ ਜੇਕਰ ਸਿੱਖਾਂ ਦੇ ਗੁਰੂ ‘ਗੰ੍ਰਥ ਸਾਹਿਬ’ ਹੋਣ, ਤਾਂ ਹਰ ਸਿੱਖ ਵਿੱਚ ਇਹ ਚਾਅ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਗੁਰੂ ਵਿੱਚ ਲਿਖੀ ਬਾਣੀ ਨੂੰ ਪੜ੍ਹੇ। ਪਰ ਅਜੋਕੀ ਪੀੜ੍ਹੀ ਦੇ ਬਹੁਤ ਘੱਟ ਸਿੱਖ ਹੀ ਅਜਿਹੇ ਹਨ, ਜਿਨ੍ਹਾਂ ਨੇ ਕਦੇ ਵੀ ਗੁਰੂ ਗੰ੍ਰਥ ਸਾਹਿਬ ਨੂੰ ਪੜ੍ਹਿਆ ਹੋਵੇ। ਪੰਜਾਬ ਤੋਂ ਬਾਹਰ ਦੇ ਬਹੁਤੇ ਸਿੱਖਾਂ ਨੂੰ ਤਾਂ ਗੁਰਮੁਖੀ ਪੜ੍ਹਨੀ ਹੀ ਨਹੀਂ ਆਉਂਦੀ। ਨਾ ਹੀ ਉਨ੍ਹਾਂ ਨੂੰ ਗੁਰਮੁਖੀ ਸਿੱਖਣ ਵਿੱਚ ਕੋਈ ਦਿਲਚਸਪੀ ਹੁੰਦੀ ਹੈ - ਉਹ ਤਾਂ ਨਿੱਤਨੇਮ ਦੀਆਂ ਬਾਣੀਆਂ ਦਾ ਪਾਠ ਵੀ ਹਿੰਦੀ ਦੇ ਗੁਟਕਿਆਂ ਤੋਂ ਕਰਦੇ ਹਨ। ਜਿਹੜੇ ਸਿੱਖ ਗੁਰਮੁਖੀ ਪੜ੍ਹ ਵੀ ਸਕਦੇ ਹਨ, ਉਨ੍ਹਾਂ ਦੇ ਮਨਾਂ ਵਿੱਚ ਇਹ ਵਿਸ਼ਵਾਸ ਬਿਠਾ ਦਿੱਤਾ ਗਿਆ ਹੈ ਕਿ ਗੁਰੂ ਗੰ੍ਰਥ ਸਾਹਿਬ ਦਾ ਪਾਠ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੇ ‘ਚਰਨੀਂ ਲੱਗਣਾ’ ਪੈਂਦਾ ਹੈ ਜਾਂ ‘ਸੰਥਿਆ’ ਲੈਣੀ ਪੈਂਦੀ ਹੈ। ਭਾਵੇਂ ਗੁਰੂ ਸਾਹਿਬ ਨੇ ਅਜਿਹਾ ਕੋਈ ਨਿਰਦੇਸ਼ ਨਹੀਂ ਦਿੱਤਾ ਅਤੇ ਸਿੱਖ ਰਹਿਤ ਮਰਿਆਦਾ ਵਿੱਚ ਵੀ ਅਜਿਹਾ ਕੋਈ ਜ਼ਿਕਰ ਨਹੀਂ ਹੈ ਪਰ ਸਿੱਖਾਂ ਦੇ ਮਨ ਤੇ ਇਨ੍ਹਾਂ ਰਸਮਾਂ ਦਾ ਵੀ ਹਊਆ ਬੈਠਾ ਹੋਇਆ ਹੈ ਅਤੇ ਉਹ ਇਨ੍ਹਾਂ ਰਸਮਾਂ ਤੋਂ ਨਾ ਗੁਜ਼ਰੇ ਹੋਣ ਦਾ ਬਹਾਨਾ ਕਰਕੇ ਗੁਰੂ ਗੰ੍ਰਥ ਸਾਹਿਬ ਦੀ ਬਾਣੀ ਪੜ੍ਹਨ ਤੋਂ ਟਾਲ-ਮਟੋਲ ਕਰ ਜਾਂਦੇ ਹਨ। ਇਸ ਕਾਰਨ ਬਹੁਤੇ ਸਿੱਖ ਤਾਂ ਸਾਰੀ ਜ਼ਿੰਦਗੀ ਹੀ ਗੁਰੂ ਗੰ੍ਰਥ ਸਾਹਿਬ ਦੀ ਬਾਣੀ ਨਹੀਂ ਪੜ੍ਹਦੇ ਅਤੇ ਗੁਰੂ ਸਾਹਿਬ ਦੇ ਅਮੋਲਕ ਉਪਦੇਸ਼ਾਂ ਤੋਂ ਜਾਣੂ ਹੋਇਆਂ ਬਗੈਰ ਆਪਣੀ ਜ਼ਿੰਦਗੀ ਸਮਾਪਤ ਕਰਕੇ ਇਸ ਦੁਨੀਆ ਤੋਂ ਕੂਚ ਕਰ ਜਾਂਦੇ ਹਨ। ਜੇਕਰ ਸਿੱਖ ਵਾਕਈ ਗੁਰੂ ਗੰ੍ਰਥ ਸਾਹਿਬ ਨੂੰ ਗੁਰੁ ਮੰਨਦੇ ਹੋਣ, ਤਾਂ ਕਿ ਉਹ ਆਪਣੇ ਗੁਰੂ ਦੀ ਬਾਣੀ ਨੂੰ ਪੜ੍ਹਨਾ ਪਸੰਦ ਕਰਨਗੇ ਜਾਂ ਉਸਨੂੰ ਪੜ੍ਹਨ ਤੋਂ ਬਚਣ ਲਈ ਟਾਲ-ਮਟੋਲ ਕਰਨਗੇ?

ਹਰ ਧਰਮ ਦੇ ਪੈਰੋਕਾਰ ਸਿਰਫ਼ ਆਪਣੇ ਧਰਮ-ਗੁਰੂਆਂ ਨੂੰ ਹੀ ਮੱਥਾ ਟੇਕਦੇ ਹਨ। ਸਿੱਖ ਧਰਮ ਵਿੱਚ ਵੀ ਸਿਰਫ਼ ਗੁਰੂ ਗੰ੍ਰਥ ਸਾਹਿਬ ਜੀ ਨੂੰ ਮੱਥਾ ਟੇਕਣ ਦੀ ਸਪਸ਼ਟ ਹਿਦਾਇਤ ਹੈ। ਪਰ ਸਿੱਖ ਸਮਾਜ ਦੇ ਵੱਡੇ ਵਰਗ ਵੱਲੋਂ ਗੁਰੂ ਗੰ੍ਰਥ ਸਾਹਿਬ ਦੇ ਇਲਾਵਾ ਅਖੌਤੀ ਸੰਤਾਂ-ਮਹੰਤਾਂ-ਬਾਬਿਆਂ-ਸਾਧਾਂ ਨੂੰ ਵੀ ਮੱਥੇ ਟੇਕੇ ਜਾਂਦੇ ਹਨ। ਅਕਸਰ ਇਹ ਕੁਕਰਮ ਗੁਰੂ ਗੰ੍ਰਥ ਸਾਹਿਬ ਦੀ ਹਾਜ਼ਰੀ ਵਿੱਚ ਹੀ ਹੁੰਦਾ ਹੈ, ਜਿੱਥੇ ਸੰਤ ਜੀ ਮਹਾਰਾਜ ਆਪਣਾ ਆਸਨ ਲਗਾ ਕੇ ਬੈਠੇ ਹੁੰਦੇ ਹਨ। ਸੰਗਤਾਂ, ਜਿਨ੍ਹਾਂ ਵਿੱਚ ਬਹੁਤੇ ਅਕਸਰ ਕ੍ਰਿਪਾਨਧਾਰੀ (‘ਅੰਮ੍ਰਿਤਧਾਰੀ’ ਕਹਿਲਾਉਣ ਦੇ ਲਾਇਕ ਨਹੀਂ) ਹੁੰਦੇ ਹਨ, ਸੰਤ ਜੀ ਦੇ ‘ਦਰਸ਼ਨ’ ਨੂੰ ਆਉਂਦਿਆਂ ਹਨ, ਉਨ੍ਹਾਂ ਸਾਹਮਣੇ ਲੱਗੇ ਪੈਸੇ ਦੇ ਢੇਰ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਹਨ (ਕੁਝ ਪ੍ਰੇਮੀ ਸੰਤ ਜੀ ਲਈ ਕੁਝ ‘ਗਿਫ਼ਟ’ ਵੀ ਲਿਆਉਂਦੇ ਹਨ) ਤੇ ਸੰਤ ਜੀ ਦੇ ਚਰਨਾਂ ਵਿੱਚ ਝੁਕ ਕੇ ਠੀਕ ਉਸੇ ਤਰ੍ਹਾਂ ਮੱਥਾ ਟੇਕਦੇ ਹਨ, ਜਿਵੇਂ ਗੁਰੂ ਗੰ੍ਰਥ ਸਾਹਿਬ ਜੀ ਨੂੰ ਮੱਥਾ ਟੇਕਿਆ ਜਾਂਦਾ ਹੈ। ਸੰਤ ਜੀ ਵੀ ਸ਼ਰਧਾਲੂਆਂ ਦੇ ਸਿਰ ਤੇ ਹੱਥ ਫੇਰ ਕੇ ਉਨ੍ਹਾਂ ਦਾ ਜਨਮ ਸਫ਼ਲ ਕਰ ਦਿੰਦੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਗੁਰੂ ਦੇ ਸਿੱਖਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਨੇ ਆਪਣੇ ਗੁਰੂ ਤੋਂ ਇਲਾਵਾ ਕਿਸੇ ਹੋਰ ਨੂੰ ਮੱਥਾ ਨਹੀਂ ਟੇਕਣਾ। ਜ਼ਾਹਿਰ ਹੈ ਕਿ ਅਜਿਹਾ ਨਹੀਂ ਹੈ ਅਤੇ ਸਿੱਖ ਇਸ ਸਿਧਾਂਤ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ। ਪਰ ਫਿਰ ਵੀ ਸਿੱਖਾਂ ਵੱਲੋਂ ਸ਼ਰੇਆਮ ਇਸ ਅਸੂਲ ਦੀਆਂ ਧੱਜੀਆਂ ਉਡਾ ਦੇਣਾ ਇਹੀ ਸਾਬਿਤ ਕਰਦਾ ਹੈ ਕਿ ਅਜਿਹੇ ਸਿੱਖ ਗੁਰੂ ਗੰ੍ਰਥ ਸਾਹਿਬ ਨੂੰ ਆਪਣਾ ਗੁਰੂ ਨਹੀਂ ਮੰਨਦੇ। ਉਹ ਮੂੰਹੋਂ ਭਾਵੇਂ ਅਜਿਹਾ ਨਾ ਮੰਨਣ, ਪਰ ਉਨ੍ਹਾਂ ਦੇ ਵਿਵਹਾਰ ਤੋਂ ਇਹੀ ਸਾਬਿਤ ਹੁੰਦਾ ਹੈ ਕਿ ਉਨ੍ਹਾਂ ਦੇ ਹਿਰਦੇ ਵਿੱਚ ਪਹਿਲਾ ਸਥਾਨ ਆਪਣੇ ਸੰਤਾਂ-ਮਹੰਤਾਂ ਦਾ ਹੈ ਅਤੇ ਗੰ੍ਰਥ ਸਾਹਿਬ (ਉਨ੍ਹਾਂ ਦਾ ਗੁਰੂ ਨਹੀਂ) ਦਾ ਸਥਾਨ ਬਾਅਦ ਵਿੱਚ ਹੈ।

ਜੇਕਰ ਸਿੱਖ ਗੁਰੂ ਗੰ੍ਰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹੋਣ ਤਾਂ ਆਪਣੇ ਹਰ ਕਾਰਜ ਦੀ ਪੂਰਤੀ ਲਈ ਉਹ ਗੁਰੂ ਗੰ੍ਰਥ ਸਾਹਿਬ ਅੱਗੇ ਹੀ ਅਰਦਾਸ ਕਰਨ। ਪਰ ਅਜੋਕੇ ਸਿੱਖ, ਵਿਸ਼ੇਸ਼ਕਰ ਬੀਬੀਆਂ, ਜ਼ਰਾ ਜਿਹੀ ਤਕਲੀਫ਼ ਸਮੇਂ ਅਖੌਤੀ ਸੰਤਾਂ-ਬਾਬਿਆਂ ਕੋਲ ਪਹੁੰਚ ਜਾਂਦੇ ਹਨ। ਉਹ ਸੰਤਾਂ-ਬਾਬਿਆਂ ਅੱਗੇ ਮੱਥੇ ਰਗੜਦੇ ਹਨ ਤਾਂ ਜੋ ਬਾਬਿਆਂ ਦੀ ‘ਕ੍ਰਿਪਾ ਨਾਲ’ ਉਨ੍ਹਾਂ ਦੀ ਤਕਲੀਫ਼ ਦੂਰ ਹੋ ਸਕੇ। ਅਕਸਰ ਉਹ ਅਜਿਹੇ ਡੇਰਿਆਂ ਵਿੱਚ ਆਪਣੇ ਮਨੋਰਥ ਦੀ ਪੂਰਤੀ ਲਈ ਚਲੇ ਜਾਂਦੇ ਹਨ, ਜਿਨ੍ਹਾਂ ਨਾਲ ਗੁਰੂ ਸਾਹਿਬਾਨ ਨੇ ਮਿਲਵਰਤਣ ਰੱਖਣ ਦੀ ਮਨਾਹੀ ਕੀਤੀ ਸੀ। ਨਾ ਸਿਰਫ਼ ਚਲੇ ਜਾਂਦੇ ਹਨ ਬਲਕਿ ਉੱਥੇ ਸੁਖਣਾ ਵੀ ਸੁੱਖ ਕੇ ਆਉਂਦੇ ਹਨ।

ਕੁਝ ਹੋਰ ਪ੍ਰੇਮੀਆਂ ਦੀ ਪੁੱਛਾਂ ਦੇਣ ਵਾਲੇ ਬਾਬਿਆਂ ਜਾਂ ਤਾਂਤ੍ਰਿਕਾਂ ਤੇ ਬੜੀ ਸ਼ਰਧਾ ਹੁੰਦੀ ਹੈ। ਘਰ ਵਿੱਚ ਕੋਈ ਬੀਮਾਰ ਹੋਵੇ, ਕੰਮ-ਕਾਰ ਮੰਦਾ ਚੱਲ ਰਿਹਾ ਹੋਵੇ ਜਾਂ ਕਿਸੇ ਪੜੋਸੀ ਦੇ ਰਵੱਈਏ ਤੇ ਸ਼ੱਕ ਹੋਵੇ, ਉਹ ਅਜਿਹੇ ਨਿਸ਼ਚੇ ਨਾਲ ਤਾਂਤ੍ਰਿਕਾਂ ਕੋਲ ਜਾਂਦੇ ਹਨ, ਜਿਵੇਂ ਉਹ ਰੱਬ ਤੋਂ ਵੀ ਵੱਡੇ ਹੋਣ ਅਤੇ ਕਿਸੇ ਨੂੰ ਮਾਰਨ-ਜੀਵਾਲਨ ਦੀ ਤਾਕਤ ਉਨ੍ਹਾਂ ਕੋਲ ਹੋਵੇ। ਇਸੇ ਤਰ੍ਹਾਂ ਕੁਝ ਹੋਰ ਪ੍ਰੇਮੀਆਂ ਦੀ ਜੋਤਿਸ਼ੀਆਂ ਤੇ ਬੜੀ ਸ਼ਰਧਾ ਹੁੰਦੀ ਹੈ। ਭਾਵੇਂ ਕੋਈ ਕੀਮਤੀ ਵਸਤੂ ਖਰੀਦਣੀ ਹੋਵੇ, ਕਿਸੇ ਦਾ ਰਿਸ਼ਤਾ ਕਰਨਾ ਹੋਵੇ ਜਾਂ ਕੋਈ ਹੋਰ ਨੀਤੀਗਤ ਕੰਮ ਕਰਨਾ ਹੋਵੇ, ਪਹਿਲਾਂ ਪੰਡਿਤ ਜੀ ਕੋਲੋਂ ‘ਸਲਾਹ’ ਜ਼ਰੂਰ ਲਈ ਜਾਂਦੀ ਹੈ। ਜੇਕਰ ਪੰਡਿਤ ਜੀ ਕੋਈ ਔਕੜ ਦੱਸਣ ਤਾਂ ਉਨ੍ਹਾਂ ਤੋਂ ਹੀ ਉਸਦਾ ‘ਉਪਾਅ’ ਵੀ ਕਰਵਾ ਲਿਆ ਜਾਂਦਾ ਹੈ। ਸਿੱਖਾਂ ਦੇ ਅਜਿਹੇ ਵਰਤਾਰੇ ਤੋਂ ਸਪਸ਼ਟ ਜ਼ਾਹਿਰ ਹੁੰਦਾ ਹੈ ਕਿ ਉਹ ਸਿਰਫ਼ ਉਪਰੀ ਤੌਰ ਤੇ ਹੀ ਗੁਰੂ ਗੰ੍ਰਥ ਸਾਹਿਬ ਨੂੰ ‘ਸਭ ਥਾਂਈ ਹੋਇ ਸਹਾਈ’ ਕਹਿੰਦੇ ਹਨ, ਅਸਲ ਵਿੱਚ ਉਨ੍ਹਾਂ ਦਾ ਗੁਰੂ ਗੰ੍ਰਥ ਸਾਹਿਬ ਤੇ ਕੋਈ ਵਿਸ਼ਵਾਸ ਨਹੀਂ।

ਸਿੱਖਾਂ ਦੇ ਰਮਮੋ-ਰਿਵਾਜਾਂ ਦੀ ਪੜਚੋਲ ਤੋਂ ਵੀ ਕਈ ਸ਼ੰਕੇ ਪੈਦਾ ਹੁੰਦੇ ਹਨ। ਮਿਸਾਲ ਵਜੋਂ, ਬੱਚੇ ਦੇ ਨਾਮ ਰੱਖਣ ਦੀ ਰੀਤ ਨੂੰ ਲਵੋ। ਸਿੱਖ ਰਹਿਤ ਮਰਿਆਦਾ ਮੁਤਾਬਿਤ ਸਿੱਖ ਬੱਚੇ ਦਾ ਨਾਮ ਗੁਰੂ ਗੰ੍ਰਥ ਸਾਹਿਬ ਦੇ ਲਏ ਗਏ ਗੁਰਵਾਕ ਦੇ ਪਹਿਲੇ ਅੱਖਰ ਤੋਂ ਰੱਖਿਆ ਜਾਣਾ ਚਾਹੀਦਾ ਹੈ। ਬਹੁਤੇ ਸਿੱਖ ਆਪਣੇ ਬੱਚਿਆਂ ਦੇ ਨਾਮ ਰਖਾਉਣ ਲਈ ਉਨ੍ਹਾਂ ਨੂੰ ਗੁਰਦੁਆਰੇ ਲੈ ਜਾਂਦੇ ਹਨ ਅਤੇ ਉਨ੍ਹਾਂ ਦਾ ਨਾਮ ਗੁਰਵਾਕ ਦੇ ਪਹਿਲੇ ਅੱਖਰ ਤੋਂ ਹੀ ਰੱਖਦੇ ਹਨ। ਪਰ ਆਮ ਵੇਖਣ ਵਿੱਚ ਆਉਂਦਾ ਹੈ ਕਿ ਜਿਹੜਾ ਨਾਮ ਗੁਰੂ ਗੰ੍ਰਥ ਸਾਹਿਬ ਦੀ ਹਾਜ਼ਰੀ ਵਿੱਚ ਰੱਖ ਕੇ ਜੈਕਾਰੇ ਲਗਾਏ ਜਾਂਦੇ ਹਨ, ਘਰ ਆਉਂਦਿਆਂ ਹੀ ਉਸ ਨਾਮ ਨੂੰ ਭੁਲਾ ਦਿੱਤਾ ਜਾਂਦਾ ਹੈ। ‘ਸਿੰਘ’ ਜਾਂ ‘ਕੌਰ’ ਵਾਲੇ ਸੁਹਣੇ ਨਾਂਵਾਂ ਦੀ ਬਜਾਏ ਮਾਪੇ ਉਨ੍ਹਾਂ ਨੂੰ ਵਿੰਪੀ, ਰਿੰਪੀ, ਮੋਨਿਕਾ, ਸੋਨਿਕਾ, ਟਿੰਕੂ, ਬਿੱਲੂ, ਲੱਲੂ, ਝੱਲੂ ਆਦਿ ਨਾਂਵਾਂ ਨਾਲ ਹੀ ਪੁਕਾਰਦੇ ਹਨ। ਹੌਲੀ-ਹੌਲੀ ਬੱਚਿਆਂ ਦੇ ਇਹੀ ਨਾਮ ਪ੍ਰਚਲਿਤ ਹੋ ਜਾਂਦੇ ਹਨ ਅਤੇ ਸਾਰੇ ਮਿੱਤਰ-ਰਿਸ਼ਤੇਦਾਰ ਉਨ੍ਹਾਂ ਨੂੰ ‘ਘਰ ਦੇ’ ਨਾਮ ਨਾਲ ਹੀ ਸੰਬੋਧਨ ਕਰਦੇ ਹਨ। ਬੱਚੇ ਵੀ ‘ਛੋਟੇ’ ਨਾਮ ਸੁਣਨ ਦੀ ਆਦਤ ਪੈ ਜਾਣ ਕਾਰਨ ਨਵੇਂ ਮਿਲਣ ਵਾਲਿਆਂ ਨੂੰ ਇਨ੍ਹਾਂ ਹੀ ਨਾਂਵਾਂ ਨਾਲ ਹੀ ਆਪਣੇ-ਆਪ ਨੂੰ ਜਾਣੂ ਕਰਵਾਉਂਦੇ ਹਨ। ਇਸ ਤਰ੍ਹਾਂ ‘ਹਾਥੀ ਦੇ ਦੰਦ ਖਾਣ ਵਾਲੇ ਹੋਰ, ਤੇ ਵਿਖਾਣ ਵਾਲੇ ਹੋਰ’ ਦੀ ਕਹਾਵਤ ਸੱਚ ਸਾਬਿਤ ਹੁੰਦੀ ਹੈ। ਪਰ ਹੈਰਾਨੀ ਉਨ੍ਹਾਂ ਸਿੱਖਾਂ ਤੇ ਹੁੰਦੀ ਹੈ ਜੋ ਆਪਣੇ ਆਪ ਨੂੰ ਗੁਰੂ ਗੰ੍ਹਥ ਸਾਹਿਬ ਜੀ ਦਾ ਪਰਮ ਸਿੱਖ ਮੰਨਦੇ ਹਨ ਪਰ ਫਿਰ ਵੀ ਆਪਣੇ ਬੱਚਿਆਂ ਨੂੰ ਗੁਰੂ ਗੰ੍ਰਥ ਸਾਹਿਬ ਦੀ ਹਜ਼ੂਰੀ ਵਿੱਚ ਰੱਖੇ ਗਏ ਨਾਂਵਾਂ ਨਾਲ ਬੁਲਾਉਣ ਤੋਂ ਇਨਕਾਰ ਕਰ ਦਿੰਦੇ ਹਨ।

ਇਸੇ ਤਰ੍ਹਾਂ ਸਿੱਖਾਂ ਦੇ ਵਿਆਹਾਂ (ਜਿਸਨੂੰ ਕੁਝ ਲੋਕ ਹਾਲਾਂ ਵੀ ਅਨੰਦ ਕਾਰਜ ਕਹਿੰਦੇ ਹਨ) ਦੇ ਰਿਵਾਜ ਦੌਰਾਨ ਵੀ ਗੁਰੂ ਗੰ੍ਰਥ ਸਾਹਿਬ ਦੀ ਭਾਰੀ ਬੇਅਦਬੀ ਕੀਤੀ ਜਾਂਦੀ ਹੈ। ਵੱਧ ਤੋਂ ਵੱਧ ਬੈਂਕ ਬੈਲੇਂਸ ਇਕੱਤਰ ਕਰਨ ਦੀ ਹੋੜ ਵਿੱਚ ਬਹੁਤ ਸਾਰੀ ਗੁਰਦੁਆਰਾ ਕਮੇਟੀਆਂ ਨੇ ਆਪਣੇ ਗੁਰਦੁਆਰਿਆਂ ਵਿੱਚ ਮੈਰਿਜ-ਹਾਲਾਂ ਦੀ ਉਸਾਰੀ ਕਰ ਦਿੱਤੀ ਹੈ। ਜਿਨ੍ਹਾਂ ਥਾਵਾਂ ਤੇ ਗੁਰਦੁਆਰਿਆਂ ਵਿੱਚ ਮੈਰਿਜ ਹਾਲ ਨਹੀਂ ਬਣੇ ਹੁੰਦੇ, ਉੱਥੇ ਸਿੱਖਾਂ ਵੱਲੋਂ ਗੁਰੂ ਗੰ੍ਰਥ ਸਾਹਿਬ ਨੂੰ ਹੋਟਲ ਜਾਂ ਬੈਨਕੁਏਟ ਵਿੱਚ ਲੈ ਜਾਇਆ ਜਾਂਦਾ ਹੈ ਤੇ ਇਹੀ ਕੁਝ ਹੁੰਦਾ ਹੈ। ਜਦੋਂ ਇਨ੍ਹਾਂ ਮੈਰਿਜ ਹਾਲਾਂ ਵਿੱਚ ਵਿਆਹ ਹੁੰਦੇ ਹਨ ਤਾਂ ਡੀ.ਜੇ. ਤੇ ਉੱਚੀ ਅਵਾਜ਼ ਵਿੱਚ ਅਤਿ ਦਰਜੇ ਦੇ ਅਸ਼ਲੀਲ ਗਾਣੇ ਚਲਾਏ ਜਾਂਦੇ ਹਨ, ਜਿਨ੍ਹਾਂ ਤੇ ਸਿੱਖਾਂ ਦੀਆਂ ਧੀਆਂ-ਭੈਣਾਂ ਆਪਣੇ ਬਜ਼ੁਰਗਾਂ ਸਾਹਮਣੇ ਨਾਚ ਕਰਦੀਆਂ ਹਨ। ਮੁੰਡੇ ਵੀ ਸ਼ਰਾਬ ਦੇ ਘੁੱਟ ਅੰਦਰ ਲੰਘਾਉਣ ਉਪਰੰਤ ਜੋਸ਼ ਵਿੱਚ ਆ ਜਾਂਦੇ ਹਨ ਅਤੇ ਇਕ ਤਰ੍ਹਾਂ ਦਾ ਨਾਚ ਕੰਪੀਟੀਸ਼ਨ ਸ਼ੁਰੂ ਹੋ ਜਾਂਦਾ ਹੈ। ਮੁੰਡੇ-ਕੁੜੀਆਂ ਦੀ ਇਸ ਖਰਮਸਤੀ ਦੌਰਾਨ ਕੀ-ਕੀ ਹੁੰਦਾ ਹੈ, ਇਸ ਤੋਂ ਕੋਈ ਵੀ ਵਿਅਕਤੀ ਅਨਜਾਣ ਨਹੀਂ ਹੋਵੇਗਾ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਉਸ ਦੀ ਹਜ਼ੂਰੀ ਵਿੱਚ ਹੁੰਦਾ ਹੈ, ਜਿਸਨੂੰ ਸਿੱਖ ਆਪਣਾ ਗੁਰੂ ਕਹਿੰਦੇ ਹਨ। ਸਿੱਖਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਇਸ ਗੱਲ ਤੋਂ ਹੁੰਦਾ ਹੈ ਕਿ ਵਿਆਹ ਦੌਰਾਨ ਬਹੁਤੇ ਮਹਿਮਾਨ ਪੰਡਾਲ ਵਿੱਚ ਭੁੱਖੜਪਨ ਦਾ ਪ੍ਰਦਰਸ਼ਨ ਕਰਨ ਜਾਂ ਨਾਚ-ਗਾਣਿਆਂ ਵਿੱਚ ਮਸਤ ਰਹਿੰਦੇ ਹਨ, ਪਰ ਲਾਵਾਂ-ਫੇਰਿਆਂ ਦੌਰਾਨ ਗੁਰੂ ਗੰ੍ਰਥ ਸਾਹਿਬ ਦੀ ਹਜ਼ੂਰੀ ਵਿੱਚ ਜਾ ਕੇ ਕੀਰਤਨ ਸੁਣਨ ਵੇਲੇ ਸਿਰਫ਼ ਲਾੜਾ-ਲਾੜੀ ਦੇ ਘਰ ਦੇ ਕੁਝ ਮੈਂਬਰ ਹੀ ਦੀਵਾਨ ਵਿੱਚ ਹਾਜ਼ਰੀ ਭਰਦੇ ਹਨ (ਉਨ੍ਹਾਂ ਦੀ ਤਾਂ ਮਜਬੂਰੀ ਹੁੰਦੀ ਹੈ, ਨਹੀਂ ਤਾਂ...)।

ਕੋਈ ਵੀ ਸਿੱਖ ਆਪਣੇ ਗੁਰੂ ਦੀ ਹਾਜ਼ਰੀ ਵਿੱਚ ਅਸੱਭਿਅਕ ਵਿਵਹਾਰ ਨਹੀਂ ਕਜ ਸਕਦਾ। ਪਰ ਸਿੱਖ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਵੀ ਹਰ ਕਿਸਮ ਦਾ ਗਲਤ ਵਿਵਹਾਰ ਕਰ ਲੈਂਦੇ ਹਨ। ਗੁਰਦੁਆਰਿਆਂ ਵਿੱਚ ਹੁੰਦੀਆਂ ਚੋਣਾਂ ਦੌਰਾਨ ਮੈਂਬਰ ਗੁਰਦੁਆਰਾ ਸਾਹਿਬ ਵਿੱਚ ਹੀ ਇਕ-ਦੂਜੇ ’ਤੇ ਝੂਠੇ-ਸੱਚੇ ਇਲਜ਼ਾਮ ਲਗਾਉਂਦੇ ਹਨ। ਇਨ੍ਹਾਂ ਇਲਜ਼ਾਮਾਂ ਤੇ ਬਹਿਸ ਕਰਦਿਆਂ ਅਕਸਰ ਆਪਸ ਵਿੱਚ ਗਾਲੀ-ਗਲੌਚ ਵੀ ਹੋ ਜਾਂਦੀ ਹੈ ਅਤੇ ਕਈ ਵਾਰ ਤਾਂ ਇਕ-ਦੂਜੇ ਦੀਆਂ ਪੱਗਾਂ ਵੀ ਲਾਹ ਦਿੱਤੀਆਂ ਜਾਂਦੀਆਂ ਹਨ। ਜੇਕਰ ਸਿੱਖ ਵਾਕਈ ਗੁਰੂ ਗੰ੍ਰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹੋਣ ਤਾਂ ਕੀ ਉਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਜਿਹਾ ਵਰਤਾਰਾ ਕਰ ਸਕਣ ਦੀ ਸੋਚ ਵੀ ਸਕਦੇ ਹਨ?

ਹਰ ਧਰਮ ਦੇ ਪੈਰੋਕਾਰ ਆਪਣੇ ਗੁਰੂਆਂ ਦਾ ਸਦਾ ਸਤਿਕਾਰ ਕਰਦੇ ਹਨ। ਸਿੱਖਾਂ ਵੱਲੋਂ ਵੀ ਅਜਿਹਾ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਗੁਰੂ ਗੰ੍ਰਥ ਸਾਹਿਬ ਦਾ ਸਤਿਕਾਰ ਕਰਦੇ ਹਨ ਪਰ ਅਮਲੀ ਰੂਪ ਵਿੱਚ ਅਜਿਹਾ ਹੁੰਦਾ ਨਹੀਂ। ਆਪਣੀ ਸੁਵਿਧਾ ਲਈ ਸਿੱਖ ਕਿਤੇ ਵੀ ਗੁਰੂ ਗੰ੍ਰਥ ਸਾਹਿਬ ਦਾ ਪ੍ਰਕਾਸ਼ ਕਰ ਲੈਂਦੇ ਹਨ, ਭਾਵੇਂ ਉਹ ਪਾਰਕਾਂ ਹੋਣ, ਹੋਟਲ ਹੋਣ ਜਾਂ ਮੈਰਿਜ ਪੈਲੇਸ ਹੋਣ। ਵਪਾਰਕ ਸਥਾਨਾਂ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ ਉਨ੍ਹਾਂ ਦੀ ਭਾਰੀ ਬੇਅਦਬੀ ਹੈ। ਇਸੇ ਤਰ੍ਹਾਂ ਪਾਰਕਾਂ ਵਿੱਚ ਪ੍ਰਕਾਸ਼ ਹੋਣ ਦੌਰਾਨ ਵੀ ਆਪਸ ਦਾ ਮਿੱਟੀ-ਘੱਟਾ ਗੁਰੂ ਸਾਹਿਬ ਤੇ ਪੈਂਦਾ ਰਹਿੰਦਾ ਹੈ ਅਤੇ ਭਾਰੀ ਅਪਮਾਨ ਹੁੰਦਾ ਹੈ।

ਇਸ ਤੋਂ ਇਲਾਵਾ, ਅੱਜ ਕਲ ਗੁਰੂ ਗੰ੍ਰਥ ਸਾਹਿਬ ਨੂੰ ਇਕ ਨੁਮਾਇਸ਼ ਦੀ ਵਸਤੂ ਬਣਾ ਦਿੱਤਾ ਗਿਆ ਹੈ। ਪਿੰਡਾਂ ਤੇ ਸ਼ਹਿਰਾਂ ਵਿੱਚ ਆਯੋਜਿਤ ਕੀਤੇ ਜਾਂਦੇ ਨਗਰ ਕੀਰਤਨਾਂ ਦੌਰਾਨ ਗੁਰੂ ਗੰ੍ਰਥ ਸਾਹਿਬ ਦੀ ਪਾਲਕੀ ਨੂੰ ਕੱਚੀਆਂ-ਪੱਕੀਆਂ, ਟੁੱਟੀਆਂ-ਫੁੱਟੀਆਂ ਅਤੇ ਗੰਦੀਆਂ-ਮੰਦੀਆਂ ਸੜਕਾਂ ਤੇ ਲਿਜਾਇਆ ਜਾਂਦਾ ਹੈ। ਸ਼ਹਿਰਾਂ ਦੀਆਂ ਗਲੀਆਂ ਵਿੱਚ ਕਈ ਵਾਰ ਪਾਲਕੀ ਸਾਹਿਬ ਕੇਬਲ ਜਾਂ ਟੈਲੀਫੋਨ ਦੀਆਂ ਤਾਰਾਂ ਵਿੱਚ ਉਲਝ ਜਾਂਦੀ ਹੈ ਪਰ ਪ੍ਰਬੰਧਕ ਸੱਜਣ ਜਿੰਨਾਂ ਖੇਤਰਾਂ ਤੋਂ ਵੱਧ ਤੋਂ ਵੱਧ ਮਾਇਆ ਚੜ੍ਹਨ ਦੀ ਆਸ ਹੋਵੇ, ਉਨ੍ਹਾਂ ਖੇਤਰਾਂ ਵਿੱਚ ਪਾਲਕੀ ਸਾਹਿਬ ਨੂੰ ਜ਼ਰੂਰ ਲੈ ਜਾਂਦੇ ਹਨ। ਮਾਇਆ ਦੀ ਖਾਤਿਰ ਹੀ ਗੁਰਦੁਆਰਾ ਸਾਹਿਬ ਵਿਖੇ ਪਾਲਕੀ ਸਾਹਿਬ ਪਹੁੰਚਣ ਦੇ ਸਮੇਂ ਵਿੱਚ ਵੱਧ ਤੋਂ ਵੱਧ ਦੇਰ ਕਰ ਦਿੱਤੀ ਜਾਂਦੀ ਹੈ ਕਿਉਂਕਿ ਜਿੰਨ੍ਹਾ ਸਮਾਂ ਪਾਲਕੀ ਸਾਹਿਬ ਰਸਤੇ ਵਿੱਚ ਰਹਿੰਦੀ ਹੈ, ਵੱਧ ਤੋਂ ਵੱਧ ਸੰਗਤ ਮਾਇਆ ਭੇਟ ਕਰਦੀ ਰਹਿੰਦੀ ਹੈ। ਜੇਕਰ ਪ੍ਰਬੰਧਕ ਸੱਜਣ ਗੁਰੂ ਗੰ੍ਰਥ ਸਾਹਿਬ ਨੂੰ ਅਸਲ ਅਰਥਾਂ ਵਿੱਚ ਗੁਰੂ ਮੰਨਦੇ ਹੋਣ, ਤਾਂ ਵੀ ਕੀ ਉਨ੍ਹਾਂ ਦਾ ਵਿਵਹਾਰ ਅਜਿਹਾ ਹੀ ਹੋਵੇਗਾ?

ਜੇਕਰ ਗੁਰੂ ਗੰ੍ਰਥ ਸਾਹਿਬ ਜੀ ਦੇ ਉਪਦੇਸ਼ਾਂ ਤੇ ਅਮਲ ਕਰਨ ਨੂੰ ਤਾਂ ਫਿਰ ਤਾਂ ਰੋਣਾ ਹੀ ਆਉਂਦਾ ਹੈ। ਜਦ ਸਿੱਖਾਂ ਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਪੜ੍ਹਨ ਤੋਂ ਹੀ ਇਨਕਾਰ ਕਰ ਦਿੱਤਾ ਹੋਵੇ, ਤਾਂ ਫਿਰ ਉਨ੍ਹਾਂ ਉਪਦੇਸ਼ਾਂ ਨੂੰ ਵਿਚਾਰਨ ਤੇ ਉਨ੍ਹਾਂ ਤੇ ਅਮਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸੇ ਲਈ ਅੱਜ ਦੇ ਸਿੱਖ ਹਰ ਉਹ ਕੰਮ ਕਰਦੇ ਹਨ, ਜਿਸਦੀ ਗੁਰੂ ਗੰ੍ਰਥ ਸਾਹਿਬ ਵਿੱਚ ਮਨਾਹੀ ਹੈ। ਗੁਰੂ ਗੰ੍ਰਥ ਵਿੱਚ ਜਾਤਿ ਪ੍ਰਥਾ ਨੂੰ ਨਾ ਮੰਨਣ ਦਾ ਹੁਕਮ ਹੈ ਪਰ ਬਹੁਤੇ ਸਿੱਖ ਆਪਣੇ ਨਾਂਵਾਂ ਨਾਲ ਆਪਣੀ ਜਾਤਿ ਜ਼ਰੂਰ ਲਿਖਦੇ ਹਨ (ਜਿਹੜੇ ਨਹੀਂ ਵੀ ਲਿਖਦੇ, ਉਹ ਆਪਣੇ ਸਮਾਜਿਕ ਕਾਰਜਾਂ, ਜਿਵੇਂ ਵਿਆਹ-ਸ਼ਾਦੀਆਂ ਵਿੱਚ, ਜਾਤਿ-ਪਾਤਿ ਦਾ ਪੂਰਾ ਧਿਆਨ ਰੱਖਦਿਆਂ ਹੀ ਕੋਈ ਕਦਮ ਚੁੱਕਦੇ ਹਨ)। ਗੁਰੂ ਗੰ੍ਰਥ ਸਾਹਿਬ ਵਿੱਚ ਸਿਰਫ਼ ਪਰਮਾਤਮਾ ਦੀ ਉਸਤਤਿ ਕਰਨ ਦਾ ਉਪਦੇਸ਼ ਹੈ ਪਰ ਸਿੱਖ ਅੱਜ ਵੀ ਦੇਵੀ-ਦੇਵਤਿਆਂ ਦੀ ਪੂਜਾ ਵਿੱਚ ਰੁੱਝੇ ਹੋਏ ਹਨ। ਗੁਰੂ ਗੰ੍ਰਥ ਸਾਹਿਬ ਵਿੱਚ ਗੁਰੂ ਨੂੰ ਮਨ ਵਿੱਚ ਧਿਆਉਣ ਦਾ ਉਪਦੇਸ਼ ਹੈ ਪਰ ਸਿੱਖ ਗੁਰੂ ਸਾਹਿਬ ਦੀਆਂ ਤਸਵੀਰਾਂ ਦੀ ਪੂਜਾ ਕਰਦੇ ਹਨ। ਗੁਰੂ ਗੰ੍ਰਥ ਸਾਹਿਬ ਵਿੱਚ ਮਨੁੱਖ ਨੂੰ ਸਾਦੀ ਜ਼ਿੰਦਗੀ ਬਤੀਤ ਕਰਨ ਦੇ ਉਪਦੇਸ਼ ਮਿਲਦੇ ਹਨ ਪਰ ਜਿੰਨਾ ਦਿਖਾਵਾ ਅੱਜ ਸਿੱਖਾਂ ਵੱਲੋਂ ਕੀਤਾ ਜਾਂਦਾ ਹੈ, ਉਤਨਾ ਹਿੰਦੁਸਤਾਨ (ਸ਼ਾਇਦ ਦੁਨੀਆ ਵੀ) ਦੇ ਕਿਸੇ ਹੋਰ ਧਰਮ ਦੇ ਪੈਰੋਕਾਰਾਂ ਵੱਲੋਂ ਨਹੀਂ ਕੀਤਾ ਜਾਂਦਾ।

ਇਸ ਤਰ੍ਹਾਂ ਦੀਆਂ ਹੋਰ ਸੈਂਕੜੇ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸਿੱਖ ਨਾ ਤਾਂ ਗੁਰੂ ਗੰ੍ਰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਉਪਦੇਸ਼ਾਂ ਤੇ ਅਮਲ ਕਰਨ ਦੀ ਕੋਈ ਕੋਸ਼ਿਸ਼ ਕਰਦੇ ਹਨ। ਇਸ ਦੇ ਬਾਵਜੂਦ ਸਿੱਖ ਕੌਮ ਗੁਰੂ ਗੰ੍ਰਥ ਸਾਹਿਬ ਦੀ ਸੰਪੂਰਣਤਾ ਦੀ ਚੌਥੀ ਸ਼ਤਾਬਦੀ ਦੇ ਮੌਕੇ ਤੇ ਅਰਬਾਂ ਰੁਪਏ ਨਗਰ ਕੀਰਤਨਾਂ ਅਤੇ ਕੀਰਤਨ ਦਰਬਾਰਾਂ ਤੇ ਖਰਚ ਕਰ ਦਿੰਦੀ ਹੈ। ਭਾਵ, ਮੂਹੋਂ ਹਾਲਾਂ ਵੀ ਇਹੀ ਦੁਹਰਾਇਆ ਜਾ ਰਿਹਾ ਹੈ ਕਿ ਗੁਰੂ ਗੰ੍ਰਥ ਸਾਹਿਬ ਸਾਡੇ ਗੁਰੂ ਹਨ ਜਦਕਿ ਸਾਡੀ ਕਰਨੀ ਤੋਂ ਐਨ ਇਸਦੇ ਉਲਟ ਸੰਕੇਤ ਮਿਲਦੇ ਹਨ? ਕੀ ਸਿੱਖ ਕੌਮ ਸਾਹਮਣੇ ਨਿੱਤ ਦਿਨ ਵੱਧ ਰਹੀਆਂ ਚੁਣੌਤੀਆਂ ਦਾ ਇੱਕ ਵੱਡਾ ਕਾਰਣ ਇਹੀ ਤਾਂ ਨਹੀਂ ਕਿ ਅਸੀਂ ਗੁਰੂ ਗੰ੍ਰਥ ਸਾਹਿਬ ਨੂੰ ਗੁਰੂ ਮੰਨਣ ਤੋਂ ਇਨਕਾਰੀ ਹੁੰਦੇ ਜਾ ਰਹੇ ਹਾਂ। ਆਉ, ਨਿਰਪੱਖਤਾ ਨਾਲ ਵਿਚਾਰ ਕਰੀਏ।