

ਸਿੱਖ ਕੌਮ ਨੂੰ ਸਵਾਲ : ਗੰਗੂਕਿਆਂ ਦੀ ਇਸ ਜੋੜੀ ਨੂੰ ਗੁਰਧਾਮਾਂ ਵਿੱਚ ਏਨੀ ਜ਼ਿਆਦਾ ਮਹੱਤਤਾ ਕਿਉਂ ਦਿੱਤੀ ਜਾ ਰਹੀ ਹੈ?
- ਇੰਡੀਆ ਅਵੇਅਰਨੈੱਸ ਬਿਉਰੋ -
![]() |
|
ਸ਼ੱਕੀ ਕਿਸਮ ਦੇ ਸਾਧਾਂ ਦੀ ਜੋੜੀ ਦਾ ਇਕ ਸਾਧ ਪਟਨਾ ਸਾਹਿਬ ਦੇ ਮੁੱਖ ਪੁਜਾਰੀ ਗਿ: ਇਕਬਾਲ ਸਿੰਘ ਨਾਲ ਕੋਈ ਨੁਕਤਾ ਸਾਂਝਾ ਕਰਦਾ ਹੋਇਆ |
![]() |
|
ਬੇਹੱਦ ਭੀੜ ਦੇ ਬਾਵਜੂਦ, ਹਜ਼ੂਰ ਸਾਹਿਬ ਵਿਖੇ ਕੀਰਤਨੀਆਂ ਦੇ ਪਿੱਛੇ ਲਿਆ ਕੇ ਖੜੇ ਕੀਤੇ ਗਏ ਉਹੀ ਹਿੰਦੂ ਸਾਧਾਂ ਦੀ ਜੋੜੀ |
![]() |
|
ਦਰਬਾਰ ਸਾਹਿਬ ਵਿਖੇ ਕੀਰਤਨੀਆਂ ਦੇ ਪਿੱਛੇ ਬੈਠੀ ਸ਼ੱਕੀ ਹਿੰਦੂ ਸਾਧਾਂ ਦੀ ਜੋੜੀ |
ਸਿੱਖ ਕੌਮ ਦਾ ਹਿੰਦੂਕਰਨ ਕਰਕੇ ਇਸਦਾ ਮਲੀਆਮੇਟ ਕਰਨ ਲਈ ਜਤਨਸ਼ੀਲ ਸੰਘ ਪਰਵਾਰ ਵਰਗੇ ਸੰਗਠਨਾਂ ਤੋਂ ਤਾਂ ਹਰ ਚੇਤੰਨ ਸਿੱਖ ਜਾਣੂ ਹੈ ਪਰ ਹੁਣ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਵੀ ਬੜੀ ਬੇਸ਼ਰਮੀ ਨਾਲ ਇਸ ਕਾਰਜ ਵਿੱਚ ਆਪਣਾ ‘ਯੋਗਦਾਨ’ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਤੱਥ ਦੀ ਮਿਸਾਲ, ਟੀ.ਵੀ. ’ਤੇ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਹੁੰਦਾ ਕੀਰਤਨ ਦੇਖਣ ਵਾਲੇ ਸੱਜਣ ਚੰਗੀ ਤਰ੍ਹਾਂ ਵਾਕਿਫ ਹੋਣਗੇ। ਦਰਬਾਰ ਸਾਹਿਬ ਵਿੱਚ, ਕੁਝ ਖ਼ਾਸ ਮੌਕਿਆਂ, ਵਿਸ਼ੇਸ਼ਕਰ ਹਿੰਦੂ ਤਿਉਹਾਰਾਂ ਵਾਲੇ ਦਿਨਾਂ ਵਿੱਚ, ਭਗਵੇ ਕਪੜੇ ਵਾਲੇ ਦੋ ਹਿੰਦੂ ਸਾਧਾਂ ਦੀ ਜੋੜੀ ਐਨ ਕੀਰਤਨੀ ਸਿੰਘਾਂ (ਜੋ ਅਜਿਹੇ ਮੌਕਿਆਂ ’ਤੇ ‘ਰਾਮ’ ਲਫਜ਼ ਦੀ ਸ਼ਮੂਲੀਅਤ ਵਾਲੇ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਨਾ ਭੁੱਲਦੇ ਨਹੀਂ) ਦੇ ਪਿੱਛੇ ਬੈਠੀ ਦਿਖਾਈ ਦਿੰਦੀ ਹੈ। ਕੀਰਤਨ ਦਾ ਇਹ ਪ੍ਰਸਾਰਨ ਕਈ ਵਾਰ (ਚੈਨਲ ਬਦਲਦਿਆਂ-ਬਦਲਦਿਆਂ) ਗੈਰ-ਸਿੱਖ ਲੋਕ ਵੀ ਵੇਖ ਲੈਂਦੇ ਹਨ। ਜਦ ਉਹ ਦੇਖਦੇ ਹਨ ਕਿ ‘ਹਰਿਮੰਦਰ ਸਾਹਿਬ’ ਵਿੱਚ ਹਿੰਦੂ ਸਾਧਾਂ ਦੀ ਹਾਜ਼ਰੀ ਵਿੱਚ ‘ਰਾਮ ਨਾਮ’ ਦਾ ਗੁਣਗਾਣ ਹੋ ਰਿਹਾ ਹੈ, ਤਾਂ ਉਹ ਵੀ ਆਰ.ਐਸ.ਐਸ. ਦੇ ਇਸ ਬਿਆਨ ਤੋਂ ਪ੍ਰਭਾਵਿਤ ਹੋ ਜਾਂਦੇ ਹਨ ਕਿ ਸਿੱਖ ਵੀ ਹਿੰਦੂ ਧਰਮ ਦਾ ਹੀ ਇਕ ਹਿੱਸਾ ਹਨ।
ਇਸੇ ਵਿਚਾਰਧਾਰਾ ਨੂੰ ਸ਼ੱਕੀ ਕਿਸਮ ਦੇ ਇਨ੍ਹਾਂ ਸਾਧਾਂ ਦੀ ਇਸ ਜੋੜੀ ਰਾਹੀਂ ਵੱਧ ਤੋਂ ਵੱਧ ਪ੍ਰਚਾਰਿਤ ਕਰਵਾਉਣ ਲਈ, ਇਨ੍ਹਾਂ ਨੂੰ ਦਰਬਾਰ ਸਾਹਿਬ ਪੁਜਦਿਆਂ ਹੀ, ਦੀਵਾਨ ਹਾਲ ਅੰਦਰ ਬੈਠੇ ਕੁਝ ਸਿੱਖਾਂ ਨੂੰ ਉਠਾ ਕੇ (ਜਦਕਿ ‘ਆਮ’ ਸਿੱਖਾਂ ਲਈ ਰਾਗੀਆਂ ਦੇ ਪਿੱਛੇ ਵਾਲੀ ਥਾਂ ’ਤੇ ਬੈਠਣਾ ਤਕਰੀਬਨ ਨਾਮੁਮਕਿਨ ਬਣਾਇਆ ਹੋਇਆ ਹੈ), ਇਨ੍ਹਾਂ ਸਾਧਾਂ ਨੂੰ ਉਚੇਚੇ ਤੌਰ ’ਤੇ ਕੀਰਤਨੀਆਂ ਪਿੱਛੇ ਬਿਠਾ ਦਿੱਤਾ ਜਾਂਦਾ ਹੈ। ਸੰਘ ਪਰਵਾਰ ਦੇ ਇਨ੍ਹਾਂ ਏਜੰਟਾਂ ਨੇ ਯਕੀਨੀ ਤੌਰ ’ਤੇ ਲੰਮਾਂ ਸਮਾਂ ਟਿਕ ਕੇ ਬੈਠੇ ਰਹਿਣ ਦਾ ਅਭਿਆਸ ਕੀਤਾ ਹੋਇਆ ਹੈ ਕਿਉਂਕਿ ਦੀਵਾਨ ਵਿੱਚ ਇਹ ਜੋੜੀ ਮੂਰਤੀਆਂ ਜਿਹੀ ਸਥਿਰਤਾ ਨਾਲ, ਕਾਫੀ ਲੰਬੇ ਸਮੇਂ ਤੱਕ, ਟੀ.ਵੀ. ਪ੍ਰਸਾਰਣ ਖ਼ਤਮ ਹੋਣ ਤੱਕ ਬੈਠੇ ਰਹਿੰਦੇ ਹਨ।
ਕੁਝ ਅਣਭੋਲ ਸਿੱਖ ਇਹ ਸਵਾਲ ਕਰ ਸਕਦੇ ਹਨ ਕਿ ਗੁਰੂ ਘਰ ਅੰਦਰ ਤਾਂ ਹਰ ਧਰਮ, ਜਾਤ, ਨਸਲ ਦੇ ਵਿਅਕਤੀ ਦੇ ਜਾਣ ਦੀ ਖੁੱਲ੍ਹ ਹੈ; ਇਸਲਈ ਜੇਕਰ ਹਿੰਦੂ ਸਾਧਾਂ ਦੀ ਇਹ ਜੋੜੀ ਵੀ ਦਰਬਾਰ ਸਾਹਿਬ ਚਲੀ ਜਾਂਦੀ ਹੈ, ਤਾਂ ਇਸ ਵਿੱਚ ਮਾੜਾ ਕੀ ਹੈ। ਪਰ ਸਾਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਕਿਸੇ ਧਰਮ ਅਸਥਾਨ ’ਤੇ ਜਾਂ ਤਾਂ ਉਸ ਧਰਮ ਦੇ ਸਿਧਾਂਤਾਂ ਨੂੰ ਮੰਨਣ ਵਾਲੇ ਲੋਕ ਜਾਂਦੇ ਹਨ ਜਾਂ ਫਿਰ ਸਿਰਫ਼ ਉਸ ਅਸਥਾਨ ਨੂੰ ‘ਟੂਰਿਸਟ’ ਦੇ ਤੌਰ ’ਤੇ ਦੇਖਣ ਜਾਣ ਵਾਲੇ ਲੋਕ। ਪਰ ਉਕਤ ਹਿੰਦੂ ਸਾਧਾਂ ਦੀ ਜੋੜੀ ਦੋਹਾਂ ਵਿੱਚੋਂ ਕਿਸੇ ਸ਼੍ਰੇਣੀ ਵਿੱਚ ਸ਼ਾਮਲ ਨਹੀਂ ਹੁੰਦੀ। ਜੇਕਰ ਉਹ ਟੂਰਿਸਟ ਹੁੰਦੇ, ਤਾਂ ਇਕ-ਦੋ ਯਾਤਰਾਵਾਂ ਵਿੱਚ ਹੀ ਦਰਬਾਰ ਸਾਹਿਬ ਕੰਪਲੈਕਸ ਦਾ ਸੰਪੂਰਨ ਅਧਿਐਨ ਕਰ ਸਕਦੇ ਸਨ। ਜੇਕਰ ਉਹ ਗੁਰੂ ਘਰ ਦੇ ਸ਼ਰਧਾਲੂ ਹੁੰਦੇ ਤਾਂ ਲੰਮੇਂ ਚਿਰ ਤੋਂ ਦਰਬਾਰ ਸਾਹਿਬ ਆਉਣ ਦੇ ਬਾਵਜੂਦ ਹਿੰਦੂ ਸਾਧਾਂ ਵਾਲਾ ਆਪਣਾ ਭੇਖ ਕਾਇਮ ਰੱਖਣ ਦੀ ਬਜਾਏ, ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਕੇ ਸਿੰਘ ਸਜ ਜਾਂਦੇ। ਪਰ ਇਨ੍ਹਾਂ ਦਿਖਾਵੇ ਵਾਲੇ ਸਾਧਾਂ ਦੀ ਇਸ ਜੋੜੀ ਵੱਲੋਂ ਅਜਿਹਾ ਨਾ ਕਰਨਾ ਸਪਸ਼ਟ ਸੰਕੇਤ ਦਿੰਦਾ ਹੈ ਕਿ ਇਨ੍ਹਾਂ ਦੀ ‘ਪ੍ਰਮੋਸ਼ਨ’ ਪਿੱਛੇ ਕੋਈ ਵੱਡੀ ਸੰਸਥਾ (ਜਿਵੇਂ ਸੰਘ ਪਰਵਾਰ) ਬੜੇ ਯੋਜਨਾਬੱਧ ਢੰਗ ਨਾਲ ਕੰਮ ਕਰ ਰਹੀ ਹੈ।
ਹਿੰਦੂ ਸਾਧਾਂ ਦੀ ਇਸ ਜੋੜੀ ਨੂੰ ਸਿੱਖਾਂ ਵਿੱਚ ਮਸ਼ਹੂਰੀ ਦਿਵਾਉਣ ਲਈ ਨਾ ਸਿਰਫ਼ ਦਰਬਾਰ ਸਾਹਿਬ ਬਲਕਿ ਹੋਰਨਾਂ ਗੁਰਦੁਆਰਿਆਂ/ਸਮਾਗਮਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਮਿਤੀ 28 ਅਕਤੂਬਰ (ਦੀਵਾਲੀ ਦੀ ਸ਼ਾਮ) ਨੂੰ ਸਾਧਾਂ ਦੀ ਇਹ ਜੋੜੀ ਦਰਬਾਰ ਵਿੱਚ ਰਾਗੀਆਂ ਪਿੱਛੇ ਬੈਠੀ ਸੀ ਤਾਂ ਅਗਲੇ ਦਿਨ 29 ਅਕਤੂਬਰ ਦੀ ਸ਼ਾਮ ਨੂੰ ਇਹੀ ਜੋੜੀ ਤਖ਼ਤ ਹਜ਼ੂਰ ਸਾਹਿਬ ਵਿਖੇ ਪਹੁੰਚੀ ਹੋਈ ਦਿਸੀ। ਹਜ਼ੂਰ ਸਾਹਿਬ ਦੇ ਦੀਵਾਨ ਹਾਲ ਅੰਦਰ ਉਸ ਸਮੇਂ ਤਿਲ ਰੱਖਣ ਜਿੰਨੀ ਵੀ ਥਾਂ ਨਹੀਂ ਸੀ ਅਤੇ ਸਾਰੇ ਸੇਵਾਦਾਰ ਲੋਕਾਂ ਨੂੰ ਅੰਦਰ ਆਉਣ ਤੋਂ ਰੋਕ ਰਹੇ ਸਨ। ਪਰ ਫਿਰ ਵੀ ਇਨ੍ਹਾਂ ਸਾਧਾਂ ਨਾ ਸਿਰਫ਼ ਅੰਦਰ ਸੱਦ ਲਿਆ ਗਿਆ ਬਲਕਿ ਉਨ੍ਹਾਂ ਨੂੰ ਐਨ ਰਾਗੀਆਂ ਦੇ ਪਿੱਛੇ ਖੜਾ ਕਰ ਦਿੱਤਾ ਗਿਆ, ਤਾਂ ਕਿ ਉਨ੍ਹਾਂ ਦੀ ਤਸਵੀਰਾਂ ਟੈਲੀਵੀਜ਼ਨ ਚੈਨਲਾਂ ਰਾਹੀਂ ਹੋ ਰਹੇ ਸਿੱਧੇ ਪ੍ਰਸਾਰਨ ਰਾਹੀਂ ਸਾਰੀ ਦੁਨੀਆ ਵਿੱਚ ਪ੍ਰਸਾਰਿਤ ਹੋ ਸਕਣ।
ਉਸੇ ਰਾਤ ਬਟਾਲੇ ਤੋਂ ਹਜ਼ੂਰ ਸਾਹਿਬ ਪਹੁੰਚੇ ਇਕ ਨਗਰ ਕੀਰਤਨ ਨੂੰ ਵੇਖਣ (ਜਾਂ ਆਪਣੇ ਦਰਸ਼ਨ ਦੇਣ) ਲਈ ਬਾਹਰ ਆਏ ਇਨ੍ਹਾਂ ਸਾਧਾਂ ਨੂੰ ਵੇਖ ਕੇ ਕਾਫੀ ਸਾਰੀ ਸ਼ਰਧਾਵਾਨ ‘ਸਿੱਖ’ ਬੀਬੀਆਂ ਨੇ ਇਨ੍ਹਾਂ ਨੂੰ ਮੱਥੇ ਟੇਕਣੇ ਅਤੇ ਇਨ੍ਹਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਸਤਰਾਂ ਦੇ ਲਿਖਾਰੀ ਨੇ ਸਾਧਾਂ ਦੀ ਇਸ ਜੋੜੀ ਨੂੰ ਪੁੱਛਿਆ, ‘‘ਬਾਬਾ ਜੀ, ਕਲ ਤੋ ਆਪ ਦਰਬਾਰ ਸਾਹਿਬ ਮੇਂ ਬੈਠੇ ਹੁਏ ਥੇ, ਆਜ ਹਜ਼ੂਰ ਸਾਹਿਬ ਆ ਗਏ ਹੈਂ। ਕਿਆ ਆਪ ਟ੍ਰੇਨ ਸੇ ਯਹਾਂ ਆਏ ਹੈਂ?’’ ਇਹ ਸਵਾਲ ਸੁਣ ਕੇ ਇਕ ਸਾਧ ਤਾਂ ਚੁੱਪ ਰਿਹਾ ਪਰ ਦੂਜੇ ਨੇ ਤੁਰੰਤ ਉੱਤਰ ਦਿੱਤਾ, ‘‘ਨਹੀਂ, ਹਵਾਈ ਜਹਾਜ਼ ਸੇ।’’ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਆਮ ਸਾਧ ਦੀ (ਬਲਕਿ ਮੱਧਮ ਵਰਗ ਦੇ ਵਿਅਕਤੀ ਦੀ ਵੀ) ਏਨੀ ਹੈਸੀਅਤ ਹੁੰਦੀ ਹੈ ਕਿ ਉਹ ਅੰਮ੍ਰਿਤਸਰ ਤੋਂ ਨਾਂਦੇੜ ਤੱਕ ਦੇ ਸਫਰ ਨੂੰ ਮਹਿੰਗੀ ਹਵਾਈ ਯਾਤਰਾ ਰਾਹੀਂ ਕਰਨ ਨੂੰ ਤਰਜ਼ੀਹ ਦੇਵੇ? ਫਿਰ ਇਨ੍ਹਾਂ ਸਾਧਾਂ ਨੂੰ ਏਨੀ ਕਿਹੜੀ ਆਫਤ ਆ ਰਹੀ ਸੀ ਕਿ ਜੇਕਰ ਉਹ ਇਕ ਦਿਨ ਦਰਬਾਰ ਸਾਹਿਬ ਮੌਜੂਦ ਸਨ ਤਾਂ ਦੂਜੇ ਹੀ ਦਿਨ ਉਨ੍ਹਾਂ ਨੇ ਹਜ਼ੂਰ ਸਾਹਿਬ ਵੀ ਜ਼ਰੂਰ ਜਾਣਾ ਸੀ? ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਆਯੋਜਿਤ ਕੀਤੇ ਗਏ ਮੁੱਖ ਪੰਡਾਲ ਦੀ ਸਟੇਜ ’ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਤਾਂ ਨਾ ਬੈਠਣ ਦਿੱਤਾ ਗਿਆ ਪਰ ਇਨ੍ਹਾਂ ਸਾਧਾਂ ਦੀ ਜੋੜੀ ਨੂੰ ਉਚੇਚੇ ਤੌਰ ’ਤੇ ਬਿਠਾਇਆ ਗਿਆ। ਪਟਨਾ ਸਾਹਿਬ ਦਾ ਵਿਵਾਦਿਤ ਮੁੱਖ ਸੇਵਾਦਾਰ ਗਿ: ਇਕਬਾਲ ਸਿੰਘ ਅਤੇ ਹੋਰ ਪੁਜਾਰੀ ਵੀ ਇਨ੍ਹਾਂ ਸਾਧਾਂ ਨਾਲ ਘੁਸਰ-ਮੁਸਰ ਕਰਦੇ ਵੇਖੇ ਗਏ।
ਸੋ ਸਪਸ਼ਟ ਹੈ ਕਿ ਸਿੱਖੀ-ਵਿਰੋਧੀ ਤਾਕਤਾਂ ਇਨ੍ਹਾਂ ਹਿੰਦੂ ਸਾਧਾਂ ਰਾਹੀਂ ਸਿੱਖ ਵਿਚਾਰਧਾਰਾ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਿੱਚ ਜੁਟੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਸਿੱਖਾਂ ਦੇ ਗੁਰਦੁਆਰਿਆਂ/ਤਖ਼ਤਾਂ ਦੇ ਪੁਜਾਰੀ ਵੀ ਵਧ-ਚੜ੍ਹ ਕੇ ਉਨ੍ਹਾਂ ਦਾ ਸਾਥ ਦੇ ਰਹੇ ਹਨ। ਅਜਿਹੇ ਹਾਲਾਤ ਵਿੱਚ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਅਤੇ ਤਖ਼ਤਾਂ ਦੇ ਪੁਜਾਰੀਆਂ ਤੋਂ ਇਹ ਸਿੱਖੀ ਵਿਰੋਧੀ ਨੀਤੀ ਅਪਣਾਉਣ ਲਈ ਸਪਸ਼ਟੀਕਰਨ ਮੰਗੇ।