

ਸਿੱਖ ਕੌਮ ’ਤੇ ਹੋ ਰਹੇ ਮਨੋਵਿਗਿਆਨਕ ਹਮਲੇ
- ਸਰਬਜੀਤ ਸਿੰਘ -
ਇੱਕੀਵੀਂ ਸ਼ਤਾਬਦੀ ‘ਦਿਮਾਗ’ ਦੀ ਵਰਤੋਂ ਦੀ ਸ਼ਤਾਬਦੀ ਮੰਨੀ ਜਾਂਦੀ ਹੈ। ਇਨਸਾਨ ਦੇ ਦਿਮਾਗ ਨੇ ਸੰਸਾਰ ਦੇ ਹਰ ਪੱਖ, ਭਾਵੇਂ ਉਹ ਵਿਗਿਆਨ ਹੋਵੇ, ਤਕਨਾਲਜੀ ਹੋਵੇ ਜਾਂ ਭਾਵੇਂ ਕਲਾ ਹੀ ਕਿਉਂ ਨਾ ਹੋਵੇ, ਵਿੱਚ ਇੱਕ ਕ੍ਰਾਂਤੀ ਲਿਆਉਂਦੀ ਹੈ। ਇਨਸਾਨੀ ਦਿਮਾਗ ਦੇ ਵਿਕਸਿਤ ਹੋਣ ਦੇ ਕਾਰਨ ਹੀ ਸਾਡੀ ਜ਼ਿੰਦਗੀ ਵਿੱਚ ਸਾਡੇ ਬਜ਼ੁਰਗਾਂ ਨਾਲੋਂ ਬਹੁਤ ਫ਼ਰਕ ਆ ਗਿਆ ਹੈ। ਮਨੁੱਖ ਦੇ ਕੰਮ ਕਰਣ ਦੇ ਢੰਗ, ਖਾਣ-ਪੀਣ ਦੇ ਢੰਗ, ਪੜ੍ਹਨ-ਲਿਖਣ ਦੇ ਢੰਗ ਤੇ ਇੱਥੋਂ ਤਕ ਕਿ ਜੰਗ ਕਰਣ ਦੇ ਢੰਗ ਵਿੱਚ ਵੀ ਅੱਜ ਬੜਾ ਫ਼ਰਕ ਆ ਗਿਆ ਹੈ।
ਪਹਿਲੇ ਜ਼ਮਾਨੇ ਵਿੱਚ ਜੰਗਾਂ ਹੱਥ ਵਿੱਚ ਫੜੇ ਹਥਿਆਰਾਂ ਨਾਲ ਹੁੰਦੀ ਸੀ ਜਿਸ ਵਿੱਚ ਲੜਨ ਵਾਲਿਆਂ ਨੂੰ ਹਮੇਸ਼ਾਂ ਜਾਨੀ ਨੁਕਸਾਨ ਹੋਣ ਦਾ ਡਰ ਰਹਿੰਦਾ ਸੀ। ਫਿਰ ਹੌਲੀ-ਹੌਲੀ ਤੋਪਖਾਨੇ ਤੇ ਬੰਦੂਕਾਂ ਦੇ ਵਿਕਾਸ ਨਾਲ ਲੜਨ ਵਾਲਿਆਂ ਵਿੱਚ ਦੂਰੀ ਵੱਧ ਗਈ ਤੇ ਆਪਣਾ ਬਚਾਅ ਕਰਦੇ ਹੋਏ ਦੂਸਰੇ ਤੇ ਹਮਲਾ ਕਰਨ ਦੀ ਰੀਤੀ ਦਾ ਵਿਕਾਸ ਹੋਇਆ। ਵਿਗਿਆਨ ਦੀ ਤਰੱਕੀ ਨਾਲ ਤੇਜ਼-ਤਰਾਰ ਸਮੁੰਦਰੀ ਜਹਾਜ਼ਾਂ, ਪਨਡੁੱਬੀਆਂ, ਹਵਾਈ ਜਹਾਜ਼ਾਂ ਆਦਿ ਦਾ ਵਿਕਾਸ ਹੋਇਆ ਜਿਸਨੇ ਜ਼ਮੀਨ ਤੋਂ ਲੜ ਰਹੇ ਮਨੁੱਖ ਨੂੰ ਬਿਲਕੁਲ ਹੀ ਬੇਬਸ ਤੇ ਕਮਜ਼ੋਰ ਕਰ ਦਿੱਤਾ। ਉਪਰੰਤ ਹੋਏ ਪਰਮਾਣੂ ਬੰਮਾਂ ਦੇ ਵਿਕਾਸ ਅਤੇ ਉਨ੍ਹਾਂ ਦੇ ਲੰਬੀ ਦੂਰੀ ਦੀਆਂ ਮਿਸਾਈਲਾਂ ਵਿੱਚ ਜੁੜਨ ਤੋਂ ਬਾਦ ਤਾਂ ਰਿਵਾਇਤੀ ਹਥਿਆਰਾਂ ਵਾਲੀ ਲੜਾਈ ਨੂੰ ਬਿਲਕੁਲ ਹੀ ਕਮਜ਼ੋਰ ਬਣਾ ਦਿੱਤਾ ਜਾਂਦਾ ਹੈ। ਹੁਣ ਤਾਂ ਮਿਲਟਰੀ ਦਾ ਇਸਤੇਮਾਲ ਸਿਰਫ਼ ਕਬਜ਼ਾ ਕਰਨ ਲਈ ਕੀਤਾ ਜਾਂਦਾ ਹੈ, ਲੜਾਈ ਲੜਨ ਲਈ ਨਹੀਂ। ਪਰ ਲੜਾਈ ਲੜਨ ਦਾ ਇਕ ਹੋਰ ਢੰਗ ਹੈ ਜੋ ਬਹੁਤ ਪ੍ਰਭਾਵੀ ਹੈ - ਦਿਮਾਗੀ ਲੜਾਈ। ਇਸ ਲੜਾਈ ਵਿੱਚ ਆਪਣੇ ਦੁਸ਼ਮਣ ਨੂੰ ਸਿਰਫ਼ ਦਿਮਾਗੀ ਚਾਲਾਂ ਚਲਕੇ ਸ਼ਿਕਸਤ ਦਿੱਤੀ ਜਾਂਦੀ ਹੈ।
ਸਿੱਖ ਧਰਮ ਦੇ ਉੱਚੇ-ਸੁੱਚੇ ਸਿੱਧਾਂਤਾਂ ਦੇ ਕਾਰਣ ਹਜ਼ਾਰਾਂ ਸਾਲਾਂ ਤੋਂ ਹਿੰਦੁਸਤਾਨ ਦੀ ਭੋਲੀ ਜਨਤਾ ਨੂੰ ਭਰਮਾਉਣ ਵਾਲੀ ਬ੍ਰਾਹਮਣ ਜਾਤੀ ਨੂੰ ਖ਼ਤਰਾ ਪੈਦਾ ਹੋ ਗਿਆ। ਨਤੀਜੇ ਵਜੋਂ ਉਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸਿੱਖ ਕੌਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ਾਂ ਕਰਦੇ ਰਹੇ ਹਨ। ਕਿਉਂਕਿ ਸਿੱਖ ਕੌਮ ਬੜੀ ਦਲੇਰ ਕੌਮ ਹੈ ਤੇ ਹਥਿਆਰਾਂ ਨਾਲ ਲੜੀ ਜਾਣ ਵਾਲੀ ਕਿਸੇ ਲੜਾਈ ਵਿੱਚ ਇਨ੍ਹਾਂ ਨੂੰ ਹਰਾਉਣਾ ਬੜਾ ਮੁਸ਼ਕਿਲ ਹੈ (ਖਾਸਕਰ ਬ੍ਰਾਹਮਣਾਂ ਵਰਗੇ ਕਾਇਰ ਵਰਗ ਦੁਆਰਾ)। ਇਸ ਲਈ ਜਦੋਂ ਤੋਂ ਅੰਗਰੇਜ਼ ਹਿੰਦੁਸਤਾਨ ਨੂੰ ਛੱਡਕੇ ਚਲੇ ਗਏ, ਬ੍ਰਾਹਮਣ ਵਰਗ ਫਿਰ ਹਰਕਤ ਵਿੱਚ ਆ ਗਿਆ ਤੇ ਸਿੱਖਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਇਹ ਨੁਕਸਾਨ ਕਿਹੜੇ-ਕਿਹੜੇ ਤਰੀਕਿਆਂ ਨਾਲ ਪਹੁੰਚਾਇਆ ਗਿਆ, ਮਨੋਵਿਗਿਆਨ ਦੁਆਰਾ ਇਸਦਾ ਬੜੀ ਅਸਾਨੀ ਨਾਲ ਅਧਿਐਨ ਕੀਤਾ ਜਾ ਸਕਦਾ ਹੈ :
1) ਸੁਝਾਉ : ਸੁਝਾਉ ਇਕ ਪ੍ਰਕਾਰ ਦਾ ਕਥਨ ਜਾਂ ਬਿਆਨ ਹੁੰਦਾ ਹੈ ਜਿਸ ਦੁਆਰਾ ਕਿਸੇ ਵਿਅਕਤੀ ਜਾਂ ਸਮੂਹ ਨੂੰ ਕਿਸੇ ਕਾਰਜ ਵਿਸ਼ੇਸ਼ ਨੂੰ ਕਰਨ ਜਾਂ ਵਿਚਾਰਧਾਰਾ ਨੂੰ ਮੰਨਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਟੀ.ਵੀ. ਵਿੱਚ ਆਉਣ ਵਾਲੇ ਬਹੁਤੇ ਇਸ਼ਤਿਹਾਰ ਸੁਝਾਉ ਦੀ ਸ਼੍ਰੇਣੀ ਵਿੱਚ ਹੀ ਆਂਦੇ ਹਨ। ਮਿਸਾਲ ਦੇ ਤੌਰ ਤੇ, ਕਿਸੇ ਇਸ਼ਤਿਹਾਰ ਵਿੱਚ ਕਿਸੇ ਖਾਸ ਕੰਪਨੀ ਦਾ ਟੂਥਪੇਸਟ ਹੀ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜਾਂ ਚੋਣਾਂ ਦੇ ਦਿਨਾਂ ਵਿੱਚ ਕਿਸੇ ਪਾਰਟੀ ਵਿਸ਼ੇਸ਼ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਜਾਂਦੀ ਹੈ। ਮਨੋਵਿਗਿਆਨਿਕ ਨਜ਼ਰੀਏ ਨਾਲ ਦੋਵੇਂ ਮਿਸਾਲਾਂ ਇਕ ਤਰ੍ਹਾਂ ਦੇ ਸੁਝਾਉ ਹੀ ਹਨ।
ਸੁਝਾਉ ਹਾਂ-ਪੱਖੀ ਜਾਂ ਨਾਂਹ-ਪੱਖੀ ਹੋ ਸਕਦੇ ਹਨ। ਜਦ ਕਿਸੇ ਕੰਮ ਨੂੰ ਕਰਨ ਲਈ ਸਿੱਧੇ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਉਹ ਹਾਂ-ਪੱਖੀ ਸੁਝਾਉ ਕਹਿਲਾਉਂਦਾ ਹੈ। ਜਿਵੇਂ ਕਿਸੀ ਆਈਸ-ਕਰੀਮ ਦੇ ਇਸ਼ਤਿਹਾਰ ਵਿੱਚ ਉਸ ਦੀਆਂ ਖੂਬੀਆਂ ਦੱਸ ਕੇ ਸਰੋਤਿਆਂ ਨੂੰ ਆਈਮ-ਕਰੀਮ ਖਾਉਣ ਲਈ ਪ੍ਰੇਰਿਆ ਜਾਂਦਾ ਹੈ। ਪਰ ਨਾਂਹ-ਪੱਖੀ ਸੁਝਾਉ ਮਨੁੱਖ ਨੂੰ ਕੋਈ ਖਾਸ ਕੰਮ ਕਰਨ ਤੋਂ ਰੋਕਦੇ ਹਨ। ਜਿਵੇਂ ਕਿਸੇ ਸ਼ੈਂਪੂ ਦੇ ਇਸ਼ਤਿਹਾਰ ਵਿੱਚ ਡਰਾਵਾ ਦਿੱਤਾ ਜਾਂਦਾ ਹੈ ਕਿ ਸਾਬੁਣ ਨਾਲ ਬਾਲ ਧੋਣ ਨਾਲ ਕੀ-ਕੀ ਨੁਕਸਾਨ ਹੋ ਜਾਂਦੇ ਹਨ।
ਸਿੱਖ ਕੌਮ ਨੂੰ ਢਾਹ ਲਾਉਣ ਲਈ ਬ੍ਰਾਹਮਣ ਵਰਗ ਨੇ ਵੱਡੀ ਪੱਧਰ ’ਤੇ ਸੁਝਾਉ ਪ੍ਰਣਾਲੀ ਦਾ ਉਪਯੋਗ ਕੀਤਾ ਹੈ। ਜਿੱਥੇ ਕਿਤੇ ਵੀ ਕੋਈ ਸਮਾਜਕ ਇਕੱਠ ਹੁੰਦਾ ਹੈ, ਬ੍ਰਾਮਹਣ ਵਰਗ ਦੇ ਮੈਂਬਰਾਂ ਵੱਲੋਂ ਸਿੱਖੀ ਤੇ ਸਿੱਖਾਂ ਵਿਰੁੱਧ ਬੜੇ ਸੁਝਾਉ ਪੇਸ਼ ਕੀਤੇ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਸਿੱਖ ਬੜੇ ਨੀਵੇਂ ਚਰਿੱਤਰ ਦੇ ਹੁੰਦੇ ਹਨ, ਸਿੱਖਾਂ ਦੇ ਦਿਮਾਗ ਵਿੱਚ ਬਾਰ੍ਹਾਂ ਵਜੇ ਕੁਝ ਫਰਕ ਆ ਜਾਂਦਾ ਹੈ, ਸਿੱਖਾਂ ਨੂੰ ਹੁਣ ਕ੍ਰਿਪਾਣਾਂ ਪਾਉਣ ਦੀ ਲੋੜ ਨਹੀਂ, ਸਿੱਖ ਹਿੰਦੂ ਧਰਮ ਦਾ ਹੀ ਅੰਗ ਹਨ ਇਤਿਆਦਿ। ਬਾਰ-ਬਾਰ ਇਕ ਸੁਝਾਉ ਨੂੰ ਦੁਹਰਾਉਣ ਨਾਲ ਜਾਂ ਕਿਸੇ ਮੰਨੇ-ਪ੍ਰਮੰਨੇ ਵਿਅਕਤੀ ਵੱਲੋਂ ਇਸ ਤਰ੍ਹਾਂ ਦੇ ਸੁਝਾਉ ਪੇਸ਼ ਕਰਨ ਨਾਲ ਲੋਕਾਂ ਦੇ ਵਿਚਾਰ ਹੌਲੀ-ਹੌਲੀ ਬਦਲ ਜਾਂਦੇ ਹਨ। ਫਿਰ ਜਦ ਉਹ ਲੋਕ ਮਨ ਵਿੱਚ ਧਾਰ ਹੀ ਲੈਂਦੇ ਹਨ ਕਿ ਸਿੱਖਾਂ ਦਾ ਚੱਰਿੱਤਰ ਨੀਂਵਾ ਹੁੰਦਾ ਹੈ ਤਾਂ ਫਿਰ ਉਨ੍ਹਾਂ ਦਾ ਸਿੱਖਾਂ ਨਾਲ ਵਿਵਹਾਰ ਵੀ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ। ਉਹ ਜ਼ਰਾ-ਜ਼ਰਾ ਜਿਹੀ ਗੱਲ ਤੇ ਸਿੱਖਾਂ ਨਾਲ ਲੜ ਪੈਂਦੇ ਹਨ ਜਾਂ ਉਨ੍ਹਾਂ ਨੂੰ ਨੀਂਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ।
2) ਨਕਲ : ਕਿਸੇ ਵਿਅਕਤੀ ਵਿਸ਼ੇਸ਼ ਦੀ ਕਿਸੇ ਕ੍ਰਿਆ ਨੂੰ ਵੇਖਕੇ ਕਿਸੇ ਹੋਰ ਵਿਅਕਦੀ ਦੁਆਰਾ ਉਹੀ ਕ੍ਰਿਆ ਕਰਣ ਲੱਗ ਪੈਣਾ ਨਕਲ ਕਹਿਲਾਂਦਾ ਹੈ। ਆਮ ਵੇਖਣ ਵਿੱਚ ਆਉਂਦਾ ਹੈ ਕਿ ਜਦ ਕੋਈ ਫਿਲਮੀ ਸਿਤਾਰਾ ਕਿਸੀ ਪ੍ਰਸਿੱਧ ਫਿਲਮ ਵਿੱਚ ਕਿਸੇ ਵਿਸ਼ੇਸ਼ ਪ੍ਰਕਾਰ ਦੇ ਕਪੜੇ ਪਾਉਂਦਾ ਹੈ ਤਾਂ ਆਮ ਲੋਕ ਵੀ ਉਵੇਂ ਦੇ ਹੀ ਕਪੜੇ ਪਹਿਨਣਾ ਸ਼ੁਰੂ ਕਰ ਦਿੰਦੇ ਹਨ। ਇਸੇ ਲਈ ਕਦੀ ਸਮਾਜ ਵਿੱਚ ਖੁਲੀ ਬੈਗੀ ਪੈਂਟਾਂ ਦਾ ਰਿਵਾਜ ਆ ਜਾਂਦਾ ਹੈ ਤਾਂ ਕਦੀ ਤੰਗ ਜੀਂਸ ਦਾ। ਨਕਲ ਦੇ ਕਾਰਨ ਹੀ ਖਾਸ ਤੌਰ ਤੇ ਬੀਬੀਆਂ ਵਿੱਚ ਕਿਸੇ ਵਿਸ਼ੇਸ਼ ਪ੍ਰਕਾਰ ਦੇ ਸੂਟਾਂ ਦਾ ਪ੍ਰਚਲਨ ਬੜੀ ਤੇਜ਼ੀ ਨਾਲ ਜੋਰ ਪਕੜਦਾ ਹੈ।
ਧਾਰਮਕ ਰਿਵਾਜਾਂ ਦੇ ਸੰਬੰਧ ਵਿੱਚ ਹੀ ਇਹੀ ਗੱਲ ਲਾਗੂ ਹੁੰਦੀ ਹੈ। ਜਦ ਕੁਝ ਮੰਨੇ-ਪ੍ਰਮੰਨੇ ਧਾਰਮਕ ਆਗੂ ਕਿਸੇ ਵਿਸ਼ੇਸ਼ ਤਰ੍ਹਾਂ ਦੀ ਪਿਰਤ ਨੂੰ ਤੋਰ ਦਿੰਦੇ ਹਨ ਤਾਂ ਉਨ੍ਹਾਂ ਦੇ ਪਿੱਛੇ-ਪਿੱਛੇ ਬਹੁਤ ਸਾਰੀ ਲੁਕਾਈ ਵੀ ਉਨ੍ਹਾਂ ਰਿਵਾਜ਼ਾਂ ਨੂੰ ਅਪਣਾ ਲੈਂਦੀ ਹੈ। ਮਿਸਾਲ ਵਜੋਂ, ਕੁਝ ਧਾਰਮਿਕ ਜੱਥੇਬੰਦੀਆਂ ਵਲੋਂ ਗੁਰਬਾਣੀ ਨੂੰ ਆਮ ਲੋਕਾਂ ਤੱਕ ਪੁਚਾਉਣ ਲਈ ਕੀਰਤਨ ਦਰਬਾਰ ਦਾ ਢੰਗ ਅਪਣਾਇਆ ਜਾਂਦਾ ਸੀ। ਪਰ ਉਨ੍ਹਾਂ ਦੀ ਨਕਲ ਨਾਲ ਅੱਜ ਸਿੱਖ ਕੌਮ ਵਿੱਚ ਇੰਨੇ ਕੀਰਤਨ ਦਰਬਾਰ ਹੋਣ ਲੱਗ ਪਏ ਹਨ ਕਿ ਹੁਣ ਕੀਰਤਨ ਜ਼ਿਆਦਾ ਹੋ ਰਿਹਾ ਹੈ ਤੇ ਸੁਣਨ ਵਾਲੇ ਘੱਟ ਹਨ।
ਸਿੱਖ ਪੰਥ ਦੇ ਵੈਰੀਆਂ ਨੇ ਵੀ ‘ਨਕਲ’ ਦੇ ਇਨਸਾਨੀ ਸੁਭਾਅ ਨੂੰ ਚੰਗੀ ਤਰ੍ਹਾਂ ਸਮਝਿਆ ਹੋਇਆ ਹੈ। ਇਸ ਲਈ ਉਹ ਸਾਡੇ ਧਾਰਮਿਕ ਇਕੱਠਾਂ ਵਿੱਚ ਆਪਣੇ ਕੁਝ ਏਜੰਟ ਸ਼ਾਮਿਲ ਦਰ ਦਿੰਦੇ ਹਨ। ਸਿੱਖੀ ਵੇਸ ਵਾਲੇ ਇਹ ਦੋਖੀ ਸਿੱਖ ਧਰਮ ਤੋਂ ਵਿਪਰੀਤ ਹਰਕਤਾਂ ਕਰਦੇ ਹਨ ਜੋ ਹੌਲੀ-ਹੌਲੀ ਆਮ ਸਿੱਖਾਂ ਦੁਆਰਾ ਅਪਣਾ ਲਈਆਂ ਜਾਂਦੀਆਂ ਹਨ। ਜਿਵੇਂ ਸ਼ਹਿਰਾਂ ਦੇ ਨਗਰ ਕੀਰਤਨਾਂ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਮੋਟਰ-ਸਾਈਕਲਾਂ ਰਾਹੀਂ ਖਰੂਦ ਮਚਾਉਣਾ, ਗੁਰਦੁਆਰਿਆਂ ਵਿੱਚ ਗੁਰੂ ਸਾਹਿਬਾਨ ਦੀਆਂ ਕਾਲਪਨਿਕ ਤਸਵੀਰਾਂ ਲਗਾਉਣੀਆਂ ਅਤੇ ਉਨ੍ਹਾਂ ਅੱਗੇ ਜੋਤਿ ਜਗਾਉਣ ਦੀ ਜ਼ਿੱਦ ਕਰਨੀ, ਸਿਮਰਨ ਕਰਨ ਲਈ ਮਾਲਾ ਫੇਰਨ ਦਾ ਰਿਵਾਜ, ਕੀਰਤਨ ਦੌਰਾਨ ਜੋਰ-ਜੋਰ ਦੀ ਵਾਹਿਗੁਰੂ-ਵਾਹਿਗੁਰੂ ਕੂਕਣਾ ਆਦਿ। ਸਿੱਖਾਂ ਵਲੋਂ ਇੰਨ੍ਹਾਂ ਰਿਵਾਜਾਂ ਦੀ ਅੰਨ੍ਹੇਵਾਹ ਨਕਲ ਕਾਰਣ ਕੋਈ ਹੁਣ ਸੋਚਦਾ ਹੀ ਨਹੀਂ ਕਿ ਇਹ ਸਭ ਕੰਮ ਗੁਰਮਤਿ ਅਨੁਸਾਰ ਠੀਕ ਵੀ ਹਨ ਜਾਂ ਨਹੀਂ।
ਬ੍ਰਾਹਮਣਵਾਦੀਆਂ ਵੱਲੋਂ ਬਣਾਈਆਂ ਜਾਂਦੀਆਂ ਫਿਲਮਾਂ ਜਿਵੇਂ ‘ਗਦਰ’ ਆਦਿ ਵਿੱਚ ਵੀ ਜਾਣ-ਬੁੱਝ ਕੇ ਸਿੱਖੀ ਵਿਰੋਧੀ ਪਿਰਤਾਂ ਜਿਵੇਂ ਕੇਸ ਕਤਲ ਕਰਾਉਣਾ, ਸਿੱਖ ਬੀਬੀਆਂ ਦੁਆਰਾ ਸਿੰਧੂਰ ਲਗਾਉਣਾ ਜਾਂ ਮੰਗਲ-ਸੂਤਰ ਪਹਿਨਣਾ ਆਦਿ ਨੂੰ ਸਿੱਖੀ ਸਮਾਜ ਦਾ ਅਨਿਖੜਵਾਂ ਹਿੱਸਾ ਦਰਸਾਇਆ ਜਾਂਦਾ ਹੈ। ਇਸ ਨਾਲ ਕਈ ਵਾਰ ਭੁੱਲੜ ਸਿੱਖ ਵੀ ਇਨ੍ਹਾਂ ਰਿਵਾਜਾਂ ਨੂੰ ਅਪਣਾ ਲੈਂਦੇ ਹਨ ਤੇ ਖੁਦ ਸਿੱਖੀ ਦਾ ਘਾਣ ਕਰਦੇ ਹਨ। ਮੌਜੂਦਾ ਸਮੇਂ ਵਿੱਚ ਬਣ ਰਹੀਆਂ ਫਿਲਮਾਂ ਅਤੇ ਸੀਰੀਅਲਾਂ ਵਿੱਚ ਤਾਂ ਏਨੀ ਅੱਤ ਚੁੱਕ ਦਿੱਤੀ ਗਈ ਹੈ ਕਿ ਸਿੱਖ ਪਰਵਾਰ ਦੇ ਮੁਖੀ (ਪਿਤਾ ਜਾਂ ਦਾਦਾ) ਨੂੰ ਅੰਮ੍ਰਿਤਧਾਰੀ ਗੁਰਸਿੱਖ ਦਿਖਾਇਆ ਜਾਂਦਾ ਹੈ ਅਤੇ ਉਸਦੇ ਪੁੱਤਰ-ਪੋਤਰੇ ਨੂੰ ਮੋਨੇ ਤੇ ਹਿੰਦੂ ਦੇਵਤਿਆਂ ਦੀ ਪੂਜਾ ਕਰਨ ਵਾਲੇ। ਅਜਿਹੇ ਸੀਰੀਅਲਾਂ ਅਤੇ ਫਿਲਮਾਂ ਵਿੱਚ ਸਿੱਖ ਪਰਵਾਰਾਂ ਦੀਆਂ ਬੱਚੀਆਂ ਨੂੰ ਹਿੰਦੂ ਲੜਕਿਆਂ ਨਾਲ ਮਾਪਿਆਂ ਦੀ ਮਰਜ਼ੀ ਨਾਲ ਜਾਂ ਪ੍ਰੇਮ-ਵਿਆਹ ਕਰਵਾਉਂਦਾ ਦਿਖਾਇਆ ਜਾਣਾ ਵੀ ਆਮ ਜਿਹੀ ਗੱਲ ਬਣ ਗਿਆ ਹੈ। (ਬਹੁਤ ਸਾਰੀਆਂ ਫਿਲਮਾਂ ਵਿੱਚ ਮੁਸਲਿਮ ਲੜਕੀਆਂ ਨੂੰ ਵੀ ਹਿੰਦੂ ਲੜਕਿਆਂ ਨਾਲ ਵਿਆਹ ਕਰਦਿਆਂ ਦਿਖਾਇਆ ਜਾਂਦਾ ਹੈ ਪਰ ਪਿੱਛੇ ਜਿਹੇ ਜਦ ਮੁਸਲਿਮ ਰਾਜੇ ਅਕਬਰ ਵੱਲੋਂ ਹਿੰਦੂ ਰਾਜਪੂਤ ਲੜਕੀ ਜੋਧਾਂਬਾਈ ਨਾਲ ਵਿਆਹ ਕਰਵਾਉਣ ਵਾਲੀ ਇਤਿਹਾਸਕ ਘਟਨਾ ’ਤੇ ਅਧਾਰਿਤ ਫਿਲਮ ਪ੍ਰਦਰਸ਼ਿਤ ਹੋਈ ਤਾਂ ਸਾਰੇ ਦੇਸ਼ ਦੇ ਕੱਟੜਪੰਥੀ ਹਿੰਦੂਆਂ ਨੇ ਆਨੇ-ਬਹਾਨੇ ਫਿਲਮ ਦਾ ਤਿੱਖਾ ਵਿਰੋਧ ਕੀਤਾ।)
3) ਪੱਖਪਾਤ : ਪੂਰਵ ਨਿਰਣੇ ਨਾਲ ਕਿਸੇ ਦੂਜੇ ਨਾਲ ਕਿਸੇ ਵਿਸ਼ੇਸ਼ ਪ੍ਰਕਾਰ ਦਾ ਨਕਾਰਾਤਮਕ ਵਤੀਰਾ ਕਰਨਾ ਜਾਂ ਉਸਦੇ ਹਕਾਂ ਨੂੰ ਖੋਹਣਾ ਪੱਖਪਾਤ ਅਖਵਾਂਦਾ ਹੈ। ਬ੍ਰਾਹਮਣਵਾਦ ਨਾਲ ਪ੍ਰੇਰਿਤ ਲੋਕਾਂ ਦੁਆਰਾ ਸਿੱਖ ਕੌਮ ਨਾਲ ਹਮੇਸ਼ਾ ਹੀ ਪੱਖਪਾਤ ਕੀਤਾ ਗਿਆ ਹੈ। ਜਿਵੇਂ 1978 ਵਿੱਚ ਅੰਮ੍ਰਿਤਸਰ ਵਿੱਚ ਨਕਲੀ ਨਿਰੰਕਾਰੀ ਦੇ ਗੁੰਡਿਆਂ ਦੁਆਰਾ ਨਿਹੱਥੇ ਸਿੱਖਾਂ ਨੂੰ ਕਤਲ ਕਰ ਦੇਣ ਤੇ ਵੀ ਉਨ੍ਹਾਂ ਨੂੰ ਬਚਾ ਕੇ ਲੈ ਜਾਇਆ ਗਿਆ। ਪਰ ਜਦ ਖੁੱਲ੍ਹੇ ਤੋੌਰ ਤੇ ਸਿੱਖ ਧਰਮ ਦੀ ਨਿੰਦਾ ਕਰਨ ਵਾਲੇ ਲਾਲਾ ਜਗਤ ਨਾਰਾਇਣ ਨੂੰ ਕਿਸੇ ਸਿੰਘ ਦੁਆਰਾ ਮਾਰ ਦਿੱਤਾ ਗਿਆ ਤਾਂ ਬਿਨ੍ਹਾਂ ਕਿਸੇ ਸਬੂਤ ਦੇ, ਉਸ ਦਾ ਦੋਸ਼ ਭਾਈ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਸਿਰ ਮੜ੍ਹ ਕੇ ਉਨ੍ਹਾਂ ਤੇ ਮੁਕੱਦਮਾ ਦਾਇਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫੌਜੀ ਹਮਲੇ ਦੌਰਾਨ ਆਮ ਲੋਕਾਂ ਨੂੰ ਵੀ ਬਾਹਰ ਨਿਕਲਣ ਦਾ ਮੌਕਾ ਨਾ ਦਿੱਤਾ ਗਿਆ ਤੇ ਅਕਾਤ ਤਖ਼ਤ ਸਾਹਿਬ ਨੂੰ ਤੋਪਾਂ ਦੇ ਗੋਲਿਆਂ ਨਾਲ ਢਾਹ-ਢੇਰੀ ਕਰ ਦਿੱਤਾ ਗਿਅ। ਪਰ ਜਦੋਂ ਕਸ਼ਮੀਰ ਦੀ ਹਜ਼ਰਤ-ਬਲ ਦਰਗਾਹ ਵਿੱਚ ਕੁਝ ਖਾੜਕੂ ਘੁਸ ਗਏ ਸਨ ਤਾਂ ਫੌਜ ਨੇ ਕਈ ਦਿਨਾਂ ਤੱਕ ਦਰਗਾਹ ਨੂੰ ਘੇਰਾ ਪਾਈ ਰੱਖਿਆ (ਤੇ ਖਾੜਕੂਆਂ ਦੇ ‘ਮਨੁੱਖੀ ਅਧਿਕਾਰ’ ਕਾਇਮ ਰੱਖਣ ਲਈ ਉਨ੍ਹਾਂ ਦੇ ਖਾਣ ਲਈ ਰੋਟੀ ਵੀ ਭੇਜੀ!!)। ਪੰਜਾਬ ਵਿੱਚ ਦਹਿਸ਼ਤਵਾਦ ਦੇ ਸਮੇਂ ਦੌਰਾਨ ਹਜ਼ਾਰਾਂ ਸਿੰਘਾਂ ਨੂੰ ਟਾਡਾ ਦੇ ਕਾਲੇ ਕਾਨੂੰਨ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਜਦੋਂ ਇਸ ਕਾਨੂੰਨ ਅਧੀਨ ਕਾਂਗਰਸੀ ਲੀਡਰ ਸੁਨੀਲ ਦੱਤ ਦਾ ਪੁੱਤਰ ਗਿਰਫ਼ਤਾਰ ਹੋ ਗਿਆ ਤਾਂ ਸਾਰੇ ਹਿੰਦੁਸਤਾਨ ਵਿੱਚ ਹਾਏ-ਤੌਬਾ ਮਚਾ ਦਿੱਤੀ ਗਈ ਤੇ ਅੰਤ ਵਿੱਚ ਉਸ ਕਾਨੂੰਨ ਨੂੰ ਖ਼ਤਮ ਹੀ ਕਰਕੇ ਨਵਾਂ ਕਾਨੂੰਨ ਬਣਾ ਦਿੱਤਾ ਗਿਆ।
ਸਿੱਖ ਨੌਜੁਆਨ ਤਾਂ ਵਿਸ਼ੇਸ਼ ਤੌਰ ਤੇ ਪੱਖਪਾਤ ਦਾ ਸ਼ਿਕਾਰ ਹਨ। ਦਿੱਲੀ ਵਿੱਚ ਲਗਭਗ ਸਾਰੀ ਸਰਕਾਰੀ ਨੌਕਰੀਆਂ ਤੇ ਇਨ੍ਹਾਂ ਗੰਗੂਆਂ ਦੀ ਕੌਮ ਦਾ ਹੀ ਕਬਜ਼ਾ ਹੈ। ਦਿੱਲੀ ਪੁਲਿਸ, ਦਿੱਲੀ ਨਗਰ ਨਿਗਮ, ਡੀ.ਟੀ.ਸੀ., ਡੀ.ਡੀ.ਏ. ਅਤੇ ਇਥੋਂ ਤੱਕ ਕਿ ਨਵੀਂ ਬਣੀ ਦਿੱਲੀ ਮੈਟਰੋ ਕਾਰਪੋਰੇਸ਼ਨ ਵਿੱਚ ਵੀ ਕਿਸੇ ਸਿੱਖ ਦੇ ਦਰਸ਼ਨ ਪਾਉਣੇ ਹੀ ਦੁਰਲਭ ਹਨ। ਜੇ ਕਿਧਰੇ ਗਲਤੀ ਨਾਲ ਕੋਈ ਸਿੱਖ ਇਨ੍ਹਾਂ ਥਾਂਵਾਂ ’ਤੇ ਪਹੁੰਚ ਵੀ ਜਾਏ ਤਾਂ ਉਸਦੀ ਪੋਸਟਿੰਗ ਐਸੀ ਥਾਂ ’ਤੇ ਕੀਤੀ ਜਾਂਦੀ ਹੈ ਕਿ ਉਹ ਕਿਸੇ ਸਿੱਖ ਦੀ ਮਦਦ ਨਾ ਕਰ ਸਕੇ। ਇਸੇ ਤਰ੍ਹਾਂ ਜੇ ਕਿਸੇ ਥਾਂ ’ਤੇ ਇਕ ਹਿੰਦੂ ਤੇ ਸਿੱਖ ਧਿਰ ਦੀ ਲੜਾਈ ਹੋ ਜਾਵੇ ਤਾਂ ਪੁਲਿਸ ਅਤੇ ਮੀਡੀਆ ਵਲੋਂ ਵੀ ਪੱਖਪਾਤ ਕਰਦੇ ਹੋਏ ਹਿੰਦੂਆਂ ਦਾ ਹੀ ਪੱਖ ਲਿਆ ਜਾਂਦਾ ਹੈ। ਤਿੰਨ ਕੁ ਸਾਲ ਪਹਿਲਾਂ ਦਿੱਲੀ ਦੇ ਇੰਦਰਲੋਕ ਇਲਾਕੇ ਦੇ ਇਕੋ ਪਰਵਾਰ ਦੇ ਚਾਰ-ਪੰਜ ਮੈਂਬਰਾਂ ਨੂੰ ਰਾਤ ਨੂੰ ਕਿਸੇ ਨੇ ਕਤਲ ਕਰ ਦਿੱਤਾ ਤਾਂ ਹਿੰਦੂਆਂ ਦੀ ਭੀੜ ਨੇ ਪੀੜ੍ਹਤ ਪਰਵਾਰ ਦੇ ਗੁਆਂਢ ਵਿੱਚ ਰਹਿਣ ਵਾਲੇ ਇਕ ਸਿੱਖ ਪਰਵਾਰ ਦੇ ਸਾਰੇ ਜੀਆਂ ਨੂੰ ਬੇਹਰਿਮੀ ਨਾਲ ਮਾਰਿਆ-ਕੁੱਟਿਆ ਅਤੇ ਫਿਰ ਉਨ੍ਹਾਂ ਦੇ ਘਰ ਦਾ ਸਾਰਾ ਸਮਾਨ ਤੋੜ-ਭੰਨ ਦਿੱਤਾ ਕਿਉਂਕਿ ਇਸ ਸਿੱਖ ਪਰਵਾਰ ਦੀ, ਕਤਲ ਹੋਏ ਪਰਵਾਰ ਨਾਲ ਦੋ ਕੁ ਦਿਨ ਪਹਿਲਾਂ ਮਾੜੀ-ਮੋਟੀ ਤਕਰਾਰ (ਗਲੀ ਵਿੱਚ ਕੂੜਾ ਸੁੱਟਣ ਜਿਹੇ ਮੁੱਦੇ ਨੂੰ ਲੈਕੇ) ਹੋਈ ਸੀ। ਹਾਲਾਂਕਿ ਪੁਲਿਸ ਦੀ ਜਾਂਚ ਨਾਲ ਦੋ-ਤਿੰਨ ਦਿਨਾਂ ਵਿੱਚ ਹੀ ਇਹ ਪਤਾ ਲਗ ਗਿਆ ਕਿ ਉਕਤ ਪਰਵਾਰ ਦਾ ਕਾਤਲ, ਉਸੇ ਕਲੋਨੀ ਵਿੱਚ ਰਹਿਣ ਵਾਲਾ, ਉਨ੍ਹਾਂ ਦਾ ਹੀ ਇਕ ਨੌਜੁਆਨ ਰਿਸ਼ਤੇਦਾਰ ਸੀ। ਪਰ ਫਿਰ ਵੀ ਨਿਰਦੋਸ਼ ਸਿੱਖ ਪਰਵਾਰ ਨਾਲ ਕੀਤੀ ਗਈ ਜ਼ਿਆਦਤੀ ਬਦਲੇ ਉਸਨੂੰ ਕਿਸੇ ਸਰਕਾਰੀ ਵਿਭਾਗ ਜਾਂ ਤੋੜ-ਭੰਨ ਕਰਨ ਵਾਲੇ ਹਿੰਦੂ ਗੁਆਂਢੀਆਂ ਵੱਲੋਂ ਕਿਸੇ ਤਰ੍ਹਾਂ ਦਾ ਮੁਆਵਜ਼ਾ ਨਾ ਦਿੱਤਾ ਗਿਆ।
4) ਅਫ਼ਵਾਹ : ਕੋਈ ਝੂਠਾ ਵਿਚਾਰ ਜਾਂ ਕਥਨ, ਜਦ ਬਿਨ੍ਹਾਂ ਉਸਦੀ ਪੜਚੋਲ ਕੀਤਿਆਂ ਹੀ ਜਨ-ਸਾਧਾਰਣ ਵਿੱਚ ਫੈਲ ਜਾਏ ਤਾਂ ਉਸ ਕਥਨ ਨੂੰ ਅਫ਼ਵਾਹ ਕਹਿੰਦੇ ਹਨ। ਬ੍ਰਾਮਹਣਵਾਦ ਦੇ ਪ੍ਰਚਾਰ ਦੀ ਮੁੱਖ ਏਜੰਸੀ ਆਰ.ਐਸ.ਐਸ. ਅਫ਼ਵਾਹ ਫੈਲਾਉਣ ਦੀ ਮਾਸਟਰ ਹੈ ਜਿਸ ਕਰਕੇ ਅਕਸਰ ਇਸਨੂੰ Rumors Spreading Society ਵੀ ਕਿਹਾ ਜਾਂਦਾ ਹੈ।
ਸਿੱਖ ਕੌਮ ਨੂੰ ਨੁਕਸਾਨ ਪਹੁੰਚਾਉਣ ਲਈ ਸਮੇਂ-ਸਮੇਂ ਤੇ ਅਫ਼ਵਾਹਾਂ ਦਾ ਸਹਾਰਾ ਲੀਤਾ ਜਾਂਦਾ ਰਿਹਾ ਹੈ। ਮਿਸਾਲ ਵਜੋਂ, ਆਪਰੇਸ਼ਨ ਬਲੂ ਸਟਾਰ ਦੀ ਫੌਜੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਇਹ ਅਫ਼ਵਾਹ ਫੈਲਾ ਦਿੱਤੀ ਗਈ ਕਿ ਫੌਜੀ ਕਾਰਵਾਈ ਦੌਰਾਨ ਅਕਾਲ ਤਖ਼ਤ ਸਾਹਿਬ ਤੋਂ ਗਰਭਵਤੀ ਔਰਤਾਂ ਨੂੰ ਵੀ ਖਾੜਕੂਆਂ ਦੇ ਕਬਜ਼ੇ ਤੋਂ ਛੁੜਵਾਇਆ ਗਿਆ। ਇਸੇ ਤਰ੍ਹਾਂ ਨੰਵਬਰ 84 ‘ਚ ਵੀ ਦਿੱਲੀ ਵਿੱਚ ਇਹ ਅਫ਼ਵਾਹ ਫੈਲਾ ਦਿੱਤੀ ਗਈ ਕਿ ਸਿੱਖਾਂ ਨੇ ਦਿੱਲੀ ਦੇ ਪਾਣੀ ਵਿੱਚ ਜ਼ਹਿਰ ਮਿਲਾ ਦਿੱਤਾ ਹੈ ਅਤੇ ਪੰਜਾਬ ਤੋਂ ਹਿੰਦੂਆਂ ਦੀਆਂ ਲਾਸ਼ਾਂ ਨਾਲ ਭਰੀਆਂ ਹੋਈਆਂ ਰੇਲਗੱਡੀਆਂ ਨਵੀਂ ਦਿੱਲੀ ਸਟੇਸ਼ਨ ਤੇ ਪਰਤੀਆਂ ਹਨ। ਅਜਿਹੀ ਅਫ਼ਵਾਹਾਂ ਫੈਲਣ ਕਾਰਨ ਸਿੱਖਾਂ ਦਾ ਵੱਡੀ ਪੱਧਰ ‘ਤੇ ਜਾਨੀ ‘ਤੇ ਮਾਲੀ ਨੁਕਸਾਨ ਹੋਇਆ।
5) ਨਕਾਰਾਤਾਮਕ ਪ੍ਰਚਾਰ (ਪ੍ਰਾਪੇਗੰਡਾ) : ਕਿਸੇ ਵਿਅਕਤੀ ਜਾਂ ਸਮੂਹ ਦੇ ਰਵੱਈਏ ਨੂੰ, ਨਕਾਰਾਤਾਮਕ ਸੁਝਾਵਾਂ ਦੁਆਰਾ ਕੁਝ ਹੋਰ ਬਿਆਨ ਕਰਨਾ ਤਾਂਕਿ ਉਸ ਵਿਅਕਤੀ ਜਾਂ ਸਮੂਹ ਦੇ ਰਵੱਈਏ ਨੂੰ ਬਦਲਿਆ ਜਾ ਸਕੇ, ਪ੍ਰਾਪੇਗੰਡਾ ਕਹਿਲਾਉਂਦਾ ਹੈ। ਸਿੱਖ ਕੌਮ ਦੇ ਰੀਤੀ-ਰਿਵਾਜਾਂ ਅਤੇ ਮੰਗਾਂ ਬਾਰੇ ਬ੍ਰਾਹਮਣਵਾਦੀ ਤਾਕਤਾਂ ਵਲੋਂ ਇੰਨਾ ਪ੍ਰਾਪੇਗੰਡਾ ਕੀਤਾ ਗਿਆ ਹੈ ਕਿ ਲੋਕ-ਰਾਏ ਸਿੱਖਾਂ ਦੇ ਖਿਲਾਫ਼ ਹੋ ਗਈ ਹੈ।
ਮਿਸਾਲ ਵਜੋਂ, ਜਦੋਂ ਸਿੱਖ ਕੋਮ ਨੇ ਭਾਰਤੀ ਸੰਵਿਧਾਨ ਦੇ ਨਿਯਮਾਂ ਦੇ ਅੰਦਰ ਰਹਿੰਦਿਆਂ ਹੋਇਆਂ ਹੀ ਕੁਝ ਮੰਗਾਂ ਸਰਕਾਰ ਦੇ ਸਾਹਮਣੇ ‘ਅਨੰਦਪੁਰ ਸਾਹਿਬ ਦਾ ਮਤਾ’ ਦੇ ਨਾਂ ਨਾਲ ਰੱਖੀਆਂ, ਤਾਂ ਬ੍ਰਾਹਮਣਵਾਦੀ ਪ੍ਰੈਸ ਵਲੋਂ ਇਨ੍ਹਾਂ ਮੰਗਾਂ ਦੇ ਖਿਲਾਫ਼ ਇੰਨ੍ਹਾਂ ਪ੍ਰਚਾਰ ਕੀਤਾ ਗਿਆ ਕਿ ਕਿਸੇ ਸਮੇਂ ਸਿੱਖਾਂ ਦਾ ਸਾਥ ਦੇ ਰਹੀ ਮਾਰਕਸਵਾਦੀ ਪਾਰਟੀ ਵੀ ਪਿੱਛੇ ਹਟ ਗਈ ਤੇ ਸਿੱਖ ਆਗੂਆਂ ਨੇ ਵੀ ਇਸ ਮਤੇ ਦਾ ਨਾਂ ਹੀ ਲੈਣਾ ਬੰਦ ਕਰ ਦਿੱਤਾ ਗਿਆ। ਖਾਲਿਸਤਾਨ ਬਾਰੇ ਵੀ ਕਿਹਾ ਗਿਆ ਕਿ ਇਸਦੀ ਮੰਗ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਕੀਤੀ ਗਈ ਸੀ ਜਦਕਿ ਖਾਲਿਸਤਾਨ ਦਾ ਪ੍ਰਸਤਾਵ ਤਾਂ ਅੰਗਰੇਜ਼ਾਂ ਦੇ ਕਾਲ ਵਿੱਚ ਹੀ (ਲਾਹੌਰ ਦੀ ਆਰਿਯਾ ਸਮਾਜੀ ਪ੍ਰੈਸ ਦੀ ਬਦੌਲਤ) ਹੋਂਦ ਵਿੱਚ ਆ ਗਿਆ ਸੀ।
ਇਸੇ ਤਰ੍ਹਾਂ ਸਿੱਖਾਂ ਵੱਲੋਂ ਕ੍ਰਿਪਾਨ ਰੱਖਣ ਦੇ ਰਿਵਾਜ ਦੇ ਖਿਲਾਫ਼ ਵੀ ਸਮੇਂ-ਸਮੇਂ ਬ੍ਰਾਹਮਣਵਾਦੀ ਮੀਡੀਆ ਦੁਆਰਾ ਪ੍ਰਾਪੇਗੰਡਾ ਕੀਤਾ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਨੂੰ ਹੁਣ ਕ੍ਰਿਪਾਨ ਰੱਖਣ ਦੀ ਕੋਈ ਲੋੜ ਨਹੀਂ ਕਿਉਂਕਿ ਹੁਣ ‘ਸ਼ਾਂਤੀ’ ਦਾ ਸਮਾਂ ਹੈ ਪਰ ਖ਼ੁਦ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪਰਿਸ਼ਦ ਵਲੋਂ ਭਾਰਤ ਵਿੱਚ ਵੱਖ-ਵੱਖ ਥਾਂਵਾਂ ਤੇ ਹਿੰਦੂਆਂ ਨੂੰ ਵੱਖ-ਵੱਖ ਹਥਿਆਰ (ਬੰਦੂਕ ਵੀ) ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।
6) ਸਥਿਤੀ ਦੀ ਅਸਪਸ਼ਟਤਾ : ਲੋਕ ਜਦੋਂ ਆਪਣੀ ਸਥਿਤੀ ਤੋਂ ਭਲੀ ਪ੍ਰਕਾਰ ਜਾਣੂ ਨਹੀਂ ਹੁੰਦੇ ਤਾਂ ਉਹ ਛੇਤੀ ਸੁਝਾਉ/ਪ੍ਰਾਪੇਗੰਡਾ ਨੂੰ ਮੰਨ ਲੈਂਦੇ ਹਨ। ਇਸਲਈ ਸਿੱਖੀ ਵਿਰੁੱਧ ਪ੍ਰਚਾਰ ਕਰਨ ਵਾਲੀਆਂ ਤਾਕਤਾਂ ਦੁਆਰਾ ਸਿੱਖੀ ਦੇ ਸਿੱਧਾਂਤਾਂ ਵਿਰੁੱਧ ਵਿਵਾਦ ਪੈਦਾ ਕਰ ਦਿੱਤੇ ਜਾਂਦੇ ਹਨ। ਜਦ ਸਿੱਖ ਮਹਿਸੂਸ ਕਰਦਾ ਹੈ ਕਿ ਗੁਰਬਾਣੀ ਦਾ ਸੰਦੇਸ਼ ਤਾਂ ਕੁਝ ਹੋਰ ਹੈ ਪਰ ਗੁਰਦੁਆਰਿਆਂ ਵਿੱਚ ਕੁਝ ਹੋਰ ਹੀ ਕਿਹਾ ਤੇ ਕੀਤਾ ਜਾ ਰਿਹਾ ਹੈ ਤਾਂ ਉਸ ਲਈ ਸਥਿਤੀ ਅਸਪਸ਼ਟ ਹੋ ਜਾਂਦੀ ਹੈ। ਐਸੇ ਸਮੇਂ ਵਿੱਚ ਜੋ ਵੀ ਪ੍ਰਚਾਰਕ ਵਧੀਆ ਢੰਗ ਨਾਲ ਜੋ ਵੀ ਕਹਿ ਜਾਂਦਾ ਹੈ, ਉਹ ਉਸਨੂੰ ਹੀ ਸੱਚ ਮੰਨ ਲੈਂਦਾ ਹੈ।
ਮਿਸਾਲ ਵਜੋਂ, ਨਿੱਤਨੇਮ (ਰੋਜ਼ਾਨਾ ਪੜ੍ਹਨ-ਵਿਚਾਰਨ) ਵਾਲੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀ ਅਰੰਭਤਾ ਵਿੱਚ ਹੀ ਦਰਜ ਹਨ। ਪਰ ਵੱਖ-ਵੱਖ ਡੇਰਿਆਂ ਵੱਲੋਂ ਇਨ੍ਹਾਂ ਬਾਣੀਆਂ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀਆਂ ਕੁਝ ਹੋਰ ਰਚਨਾਵਾਂ ਅਤੇ ਵਿਵਾਦਿਤ ਬਚਿੱਤਰ ਨਾਟਕ ਦੀਆਂ ਰਚਨਾਵਾਂ ਨੂੰ ਵੀ ਨਿੱਤਨੇਮ ਦੀਆਂ ‘ਬਾਣੀਆਂ’ ਦੱਸਿਆ ਜਾਂਦਾ ਹੈ। ਇਸਲਈ ਆਮ ਸਿੱਖ ਦੀ ਸਮਝ ਨਹੀਂ ਆਉਂਦਾ ਕਿ ਅਸਲ ਵਿੱਚ ਨਿੱਤਨੇਮ ਦੀਆਂ ਬਾਣੀਆਂ ਕਿਹੜੀਆਂ ਹਨ। ਉਹ ਤਾਂ ਇਹੀ ਸਮਝ ਲੈਂਦਾ ਹੈ ਕਿ ‘ਜ਼ਿਆਦਾ’ ਬਾਣੀਆਂ ਦਾ ਪਾਠ ਕਰਨ ਦੀ ਸਿਫਾਰਸ਼ ਕਰਨ ਵਾਲੀ ਮਰਯਾਦਾ ਹੀ ਅਸਲ ਮਰਯਾਦਾ ਹੋਵੇਗੀ।
ਇਸੇ ਤਰ੍ਹਾਂ, ਗੁਰਦੁਆਰਿਆਂ ਵਿੱਚ ਗੁਰੂ ਗੰ੍ਰਥ ਸਾਹਿਬ ਦੀ ਬਾਣੀ ਦੀ ਬਜਾਏ ਹੋਰ-ਹੋਰ ਵਿਵਾਦਿਤ ਪੁਸਤਕਾਂ (ਜਿਵੇਂ ਸੂਰਜ ਪ੍ਰਕਾਸ਼, ਗੁਰਬਿਲਾਸ ਪਾ: 6ਵੀਂ ਆਦਿ) ਤੋਂ ਕਥਾ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਸਿੱਖੀ ਵਿਰੋਧੀ ਗੱਲਾਂ ਲਿਖੀਆਂ ਹੁੰਦੀਆਂ ਹਨ। ਉਹ ਗੱਲਾਂ ਸੁਣਨ ਤੋਂ ਬਾਦ ਜਦ ਸਿੱਖ ਗੁਰਬਾਣੀ ਸੁਣਦਾ ਹੈ ਤਾਂ ਉਹ ਗੁਰਬਾਣੀ ਦੇ ਵੀ ਗਲਤ ਅਰਥ ਕਰ ਬੈਠਦਾ ਹੈ ਅਤੇ ਨਤੀਜੇ ਵਜੋਂ ਸਿੱਖੀ ਵਿਚੋਂ ਵਰਜੇ ਗਏ ਕਰਮ-ਕਾਂਡਾਂ ਨੂੰ ਹੀ ਕਰਣ ਲੱਗ ਪੈਂਦਾ ਹੈ। ਸੋ, ਸਥਿਤੀ ਦੀ ਅਸਪਸ਼ਤਾ ਕਾਰਨ ਸਿੱਖ ਸ਼ਰਧਾਲੂ ਬੜੇ ਗੁਮਰਾਹ ਹੋ ਚੁੱਕੇ ਹਨ।
7) ਮਨੋਬਲ ਵਿੱਚ ਗਿਰਾਵਟ : ਵਿਅਕਤੀ ਦਾ ਮਨੋਬਲ ਗਿਰਿਆ ਹੋਣ ਤੇ ਵੀ ਉਹ ਛੇਤੀ ਸੁਝਾਉ/ਪ੍ਰਚਾਰ ਨੂੰ ਮੰਨ ਲੈਂਦਾ ਹੈ। ਇਸ ਗੱਲ ਨੂੰ ਬ੍ਰਾਹਮਣਵਾਦੀਆਂ ਨੇ ਬੜੀ ਚੰਗੀ ਤਰ੍ਹਾਂ ਸਮਝਿਆ ਹੋਇਆ ਹੈ। ਇਸਲਈ ਸਿੱਖਾਂ ਦਾ ਮਨੋਬਲ ਗਿਰਾਉਣ ਲਈ ਗੰਗੂਆਂ ਦੀ ਕੌਮ ਦਾ ਬੱਚਾ-ਬੱਚਾ ਪੂਰਾ ਯੋਗਦਾਨ ਦੇ ਰਿਹਾ ਹੈ।
ਇਸਦੇ ਲਈ ਅਕਸਰ ਅਤੀ-ਪ੍ਰਤਿਕ੍ਰਿਆ (over-reaction) ਦੇ ਤਰੀਕੇ ਦਾ ਉਪਯੋਗ ਕੀਤਾ ਜਾਂਦਾ ਹੈ। ਜਿਵੇਂ, ਜੇਕਰ ਕਿਸੇ ਸਿੱਖ ਕਰਮਚਾਰੀ ਵਲੋਂ ਕੰਮ ਕਰਦਿਆਂ ਕੋਈ ਗਲਤੀ ਹੋ ਜਾਵੇ ਤਾਂ ਅਕਸਰ ਬ੍ਰਾਹਮਣਵਾਦੀ ਸਾਥੀਆਂ ਵਲੋਂ ਕਿਹਾ ਜਾਂਦਾ ਹੈ, ‘‘ਰਿਹਾ ਨਾ ਫੇਰ ਸਰਦਾਰ ਦਾ ਸਰਦਾਰ’’ ਜਾਂ ਫਿਰ, ‘‘ਹਾਲੇ ਤਾਂ ਬਾਰ੍ਹਾਂ ਵਜੇ ਈ ਨਹੀਂ, ਹੁਣੇ ਤੇਰਾ ਦਿਮਾਗ ਫਿਰ ਗਿਆ ਹੈ।’’ ਨਵੰਬਰ 84 ਦੇ ਕਤਲੇਆਮ ਤੋਂ ਬਾਅਦ ਇੱਕ ਸਿੱਖ ਬੱਚਾ ਜਦ ਸਕੂਲ ਪੁੱਜਾ ਤਾਂ ਗੰਗੂਆਂ ਦੀਆਂ ਔਲਾਦਾਂ ਵਲੋਂ ਉਸਨੂੰ ਤਾਣੇ ਮਾਰੇ ਗਏ, ‘‘ਓਏ ਜੂੜੀ ਵਾਲੇ, ਤੂੰ ਕੈਸੇ ਬਚ ਕਰ ਆ ਗਿਆ? ਜ਼ਰੂਰ ਤੂੰ ਅਪਣੇ ਬਾਲ ਖੋਲਕਰ ਲੜਕੀ ਬਣ ਗਿਆ ਹੋਗਾ।’’ ਇਸ ਤਰ੍ਹਾਂ ਦੀਆਂ ਟਿਚਕਰਾਂ ਦੇ ਨਤੀਜੇ ਵਜੋਂ ਉਸ ਬੱਚੇ ਦਾ ਮਨੋਬਲ ਇੰਨਾ ਡਿਗ ਗਿਆ ਕਿ ਉਸਨੇ ਆਪਣੇ ਕੇਸ ਹੀ ਕਤਲ ਕਰਵਾ ਲਏ।
ਸਿੱਖਾਂ ਦਾ ਮਨੋਬਲ ਡਿਗਾਉਣ ਦੀ ਨੀਤੀ ਅਧੀਨ ਹੀ ਚੁਟਕਲਿਆਂ ਵਿੱਚ ਵੀ ਹਮੇਸ਼ਾ ਸਿੱਖਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਬ੍ਰਾਹਮਣਵਾਦੀ ਪ੍ਰੈਸ ਅਤੇ ਇਲੈਕਟ੍ਰਾਨਿਕ ਮੀਡੀਆ ਵੀ ਫਿਲਮਾਂ ਅਤੇ ਟੀ.ਵੀ. ਸੀਰੀਅਲਾਂ ਵਿੱਚ ਸਿੱਖਾਂ ਦਾ ਮਜ਼ਾਕ ਉਡਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਇਹੀ ਨਹੀਂ, ਸਿੱਖਾਂ ਦਾ ਮਜ਼ਾਕ ਉਡਾਉਣ ਦੀ ਪਿਰਤ ਨੂੰ ਜਾਇਜ਼ ਠਹਿਰਾਉਣ ਲਈ ਅਕਸਰ ਸਿੱਖ ਦਿਖਣ ਵਾਲੇ ਚਰਿੱਤਰਾਂ (ਜਿਵੇਂ ਨਵਜੋਤ ਸਿੱਧੂ, ਪ੍ਰਤਾਪ ਫੌਜਦਾਰ ਆਦਿਕ) ਦੀ ਹੀ ਵਰਤੋਂ ਕੀਤੀ ਜਾਂਦੀ ਹੈ।
ਸੋ ਸਿੱਖ ਕੌਮ ਦੇ ਹਰ ਹਿਤੈਸ਼ੀ ਨੂੰ ਚਾਹੀਦਾ ਹੈ ਕਿ ਉਹ ਬ੍ਰਾਹਮਣਵਾਦੀ ਤਾਕਤਾਂ ਦੁਆਰਾ ਅਪਣਾਏ ਜਾ ਰਹੇ ਇਨ੍ਹਾਂ ਮਨੋਵਿਗਿਆਨਿਕ ਹਥਿਆਰਾਂ ਤੋਂ ਸੁਚੇਤ ਰਹੇ ਅਤੇ ਹੋਰ ਸਿੱਖਾਂ ਨੂੰ ਵੀ ਸੁਚੇਤ ਕਰੇ। ਗੁਰਦੁਆਰਿਆਂ ਵਿੱਚ ਝਾੜੂ-ਪੋਚੇ ਲਗਾਉਣ, ਲੰਗਰ ਬਣਾਉਣ, ਜੋੜੇ ਸੰਭਾਲਣ ਜਾਂ ਸ਼ਬਦ-ਚੌਕੀਆਂ ਦਾ ਗਠਨ ਕਰਨ ਵਾਲੇ ਸਿੱਖ ਵੀਰਾਂ-ਭੈਣਾਂ ਨੂੰ ਵੀ ਸਥਿਤੀ ਦੀ ਗੰਭੀਰਤਾ ਪ੍ਰਤੀ ਵਿਚਾਰਸ਼ੀਲ ਹੋਣਾ ਚਾਹੀਦਾ ਹੈ ਅਤੇ ਸਿੱਖਾਂ ਕੌਮ ’ਤੇ ਹੋਰ ਰਹੇ ਮਨੋਵਿਗਿਆਨਕ ਹਮਲਿਆਂ ਦਾ ਟਾਕਰਾ ਕਰਨ ਲਈ ਇਕਜੁਟ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ। ਮੌਜੂਦਾ ਸਮੇਂ ਵਿੱਚ ਇਹੀ ਸਿੱਖ ਕੌਮ ਲਈ ਸਭ ਤੋਂ ਵੱਡੀ ‘ਸੇਵਾ’ ਹੋਵੇਗੀ।