

ਕਿਧਰੇ ਓਬਾਮਾ ਵੀ ਮਾਇਆਵਤੀ ਜਾਂ ਬਾਦਲ ਦੀ ਰਾਹ ’ਤੇ ਤਾਂ ਨਹੀਂ ਤੁਰ ਪਏਗਾ?
- ਸਰਬਜੀਤ ਸਿੰਘ -
ਦੁਨੀਆ ਦੇ ਸਭ ਤੋਂ ਤਾਕਤਵਰ ਸਮਝੇ ਜਾਂਦੇ ਦੇਸ਼ ਅਮਰੀਕਾ ਵਿੱਚ ਹੋਈਆਂ ਚੋਣਾਂ ਵਿੱਚ ‘ਬਾਰਕ ਹੁਸੈਨ ਓਬਾਮਾ’ ਨਾਂ ਦੇ ਇਕ ਅਫਰੀਕੀ-ਅਮਰੀਕੀ ਮੂਲ ਦੇ ਨੀਗ੍ਰੋ ਦੀ ਰਾਸ਼ਟਰਪਤੀ ਦੇ ਅਹੁਦੇ ਲਈ ਜਿੱਤ ਹੋ ਜਾਣ ਉਪਰੰਤ ਅਮਰੀਕੀ ਜ਼ੁਲਮਾਂ ਦੇ ਸਿੱਧੇ-ਅਸਿੱਧੇ ਢੰਗ ਨਾਲ ਸ਼ਿਕਾਰ ਦੇਸ਼ਾਂ ਵਿੱਚ ਕਾਫੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅਮਰੀਕਾ ਵਿੱਚ ਕਦੇ ਕੋਈ ਨੀਗ੍ਰੋ ਨਸਲ ਦਾ ਵਿਅਕਤੀ ਰਾਸ਼ਟਰਪਤੀ ਨਹੀਂ ਬਣ ਸਕਿਆ ਸੀ। ਪਰ ‘ਗੋਰੇ’ ਰਾਸ਼ਟਰਪਤੀਆਂ ਵੱਲੋਂ ਲਗਾਤਾਰ ਅਪਣਾਈਆਂ ਜਾਂਦੀਆਂ ਰਹੀਆਂ ਨਾਂ-ਪੱਖੀ ਨੀਤੀਆਂ ਕਾਰਨ ਅਮਰੀਕੀ ਲੋਕ ਦੇਸ਼ ਨੂੰ ਨਵੀਂ ਕਿਸਮ ਦੀ ਲੀਡਰਸ਼ਿਪ ਹੱਥ ਸੌਂਪਣ ਲਈ ਬੇਚੈਨ ਹੋਏ ਪਏ ਸਨ ਤੇ ਓਬਾਮਾ ਦੀ ਜਿੱਤ ਆਮ ਲੋਕਾਂ ਦੀਆਂ ਭਾਵਨਾਵਾਂ ਦੀ ਪ੍ਰਤੀਕ ਹੀ ਹੈ। ਅਮਰੀਕਾ ਵਿੱਚ ਵਸਣ ਵਾਲੇ ਨੀਗਰੋ ਲੋਕਾਂ ਵਿੱਚ ਵੀ ਹੁਣ ਆਸ ਬੱਝੀ ਹੈ ਕਿ ਓਬਾਮਾ ਦੇ ਰਾਸ਼ਟਰਪਤੀ ਬਣਨ ਨਾਲ ਉਨ੍ਹਾਂ ਦੇ ਮਾਨ-ਸਨਮਾਨ ਵਿੱਚ ਭਾਰੀ ਵਾਧਾ ਹੋਵੇਗਾ।
|
|
||
|
ਬਾਰਕ ਓਬਾਮਾ |
ਮਾਇਆਵਤੀ |
ਪ੍ਰਕਾਸ਼ ਸਿੰਘ ਬਾਦਲ |
ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਓਬਾਮਾ ਦੀ ਮਾਤਾ ਭਾਵੇਂ ਇਸਾਈ ਸੀ ਅਤੇ ਓਬਾਮਾ ਵੀ ਆਪਣੀ ਪਛਾਣ ਇਕ ਇਸਾਈ ਦੇ ਤੌਰ ’ਤੇ ਹੀ ਕਰਵਾਉਂਦਾ ਹੈ। ਪਰ ਓਬਾਮਾ ਦਾ ਪਿਤਾ ਮੁਸਲਿਮ ਪਿਛੋਕੜ ਨਾਲ ਸਬੰਧਿਤ ਹੋਣ ਕਾਰਨ, ਓਬਾਮਾ ਨੂੰ ਮੁਸਲਿਮ ਨਜ਼ਰੀਏ/ਫਲਸਫੇ ਦੀ ਸਮਝ ਜ਼ਰੂਰੀ ਹੋਵੇਗੀ। ਸ਼ਾਇਦ ਇਸੇਲਈ ਇਰਾਕ, ਇਰਾਨ, ਸੀਰੀਆ ਵਰਗੇ ਦੇਸ਼ਾਂ ਦੇ ਲੋਕਾਂ ਨੂੰ ਆਸ ਬੱਝੀ ਹੈ ਕਿ ਓਬਾਮਾ ਦੇ ਰਾਸ਼ਟਰਪਤੀ ਬਣਨ ਉਪਰੰਤ ਅਮਰੀਕੀ ਸਰਕਾਰ ਇਨ੍ਹਾਂ ਦੇਸ਼ਾਂ ਪ੍ਰਤੀ ਅਪਣਾਇਆ ਹੋਇਆ ਹਮਲਾਵਰ ਰੁਖ਼ ਛੱਡ ਕੇ ਨਰਮ ਰਵਈਆ ਅਪਣਾਏਗੀ।
ਹੋ ਸਕਦਾ ਹੈ ਕਿ ਨੀਗ੍ਰੋ ਅਤੇ ਮੁਸਲਿਮ ਸਮਾਜ ਦੀਆਂ ਇਨ੍ਹਾਂ ਆਸਾਂ ਨੂੰ ਬੂਰ ਪੈ ਵੀ ਜਾਏ। ਪਰ ਸਿਆਸੀ ਲੋਕਾਂ ਦੇ ਦੋਗਲੇ ਕਿਰਦਾਰਾਂ ਦੇ ਮੱਦੇਨਜ਼ਰ, ਅਮਰੀਕੀ ਸਰਕਾਰ ਦੀਆਂ ਨੀਤੀਆਂ ਵਿੱਚ ਕਿਸੇ ਕਿਸਮ ਦੀਆਂ ਤਬਦੀਲੀਆਂ ਆਉਣੀਆਂ ਤਕਰੀਬਨ ਨਾਮੁਮਕਿਨ ਹੀ ਪ੍ਰਤੀਤ ਹੁੰਦਾ ਹੈ। ਪਹਿਲੀ ਗੱਲ, ਕਿਸੇ ਵਿਅਕਤੀ ਦੇ ਧਾਰਮਕ ਜਾਂ ਭੂਗੌਲਕ ਪਿਛੋਕੜ ਨਾਲ ਸਰਕਾਰ ਨੂੰ ਏਨਾ ਫਰਕ ਨਹੀਂ ਪੈਂਦਾ, ਜਿੰਨਾ ਉਸ ਦੇਸ਼ ਦੇ ਸਿਆਸੀ/ਪ੍ਰਸ਼ਾਸਨਿਕ ਢਾਂਚੇ ਨਾਲ। ਭਾਰਤ ਦੇ ਮੌਜੂਦਾ ਪ੍ਰਧਾਨਮੰਤਰੀ ਡਾ: ਮਨਮੋਹਨ ਸਿੰਘ ਦਾ ਜਨਮ ਪਾਕਿਸਤਾਨ ਦੇ ਇਕ ਪਿੰਡ ਵਿੱਚ ਹੋਇਆ ਸੀ। ਜਦਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ੱਰਫ ਦਾ ਜਨਮ ਦਿੱਲੀ ਵਿੱਚ ਹੋਇਆ ਸੀ। ਇਸ ਦੇ ਬਾਵਜੂਦ, ਮੁਸ਼ੱਰਫ ਅਤੇ ਮਨਮੋਹਨ ਸਿੰਘ ਦੇ ਕਾਰਜ-ਕਾਲ ਦੌਰਾਨ ਵੀ ਭਾਰਤ-ਪਾਕਿਸਤਾਨ ਦੇ ਆਪਸੀ ਸਬੰਧਾਂ ਵਿੱਚ ਕਾਇਮ ਕੁੱੜਤਨ ਵਿੱਚ ਕਿਸੇ ਤਰ੍ਹਾਂ ਦੀ ਘਾਟ ਨਹੀਂ ਆਈ ਸੀ।
ਸਭ ਤੋਂ ਵੱਡੀ ਗੱਲ, ਸਰਕਾਰ ਜਾਂ ਪ੍ਰਸ਼ਾਸਨ ਨੂੰ ਸਿਆਸਤਦਾਨ ਦੀ ਜ਼ਾਹਿਰੀ ਸ਼ਖ਼ਸੀਅਤ ਜਾਂ ਵਿਚਾਰਧਾਰਾ ਪ੍ਰਭਾਵਿਤ ਨਹੀਂ ਕਰਦੀ ਬਲਕਿ ਉਸਦੀ ਅਸਲ (ਛੁਪੀ ਹੋਈ) ਮਾਨਸਿਕਤਾ/ਨੀਤੀਆਂ ਹੀ ਪ੍ਰਭਾਵਿਤ ਕਰਦੀਆਂ ਹਨ। ਜਿਵੇਂ, ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਭਾਰਤ ਦੇ ਦਲਿਤਾਂ ਦੀ ਸਭ ਤੋਂ ਤਾਕਤਵਰ ਲੀਡਰ ਹੈ। ਮਰਹੂਮ ਕਾਂਸ਼ੀਰਾਮ ਵੱਲੋਂ ਸਥਾਪਿਤ ਕੀਤੀ ਗਈ ਬਹੁਜਨ ਸਮਾਜ ਪਾਰਟੀ ਦੇ ਵਿਕਾਸ ਦੇ ਦੌਰ ਵਿੱਚ, ਮਾਇਆਵਤੀ ਵੀ ‘‘ਬ੍ਰਾਹਮਣ, ਬਾਨੀਆ ਔਰ ਸੁਨਾਰ - ਇਨ ਕੋ ਮਾਰੋ ਜੂਤੇ ਚਾਰ’’ ਦੇ ਨਾਅਰੇ ਲਗਾਉਂਦੀ ਰਹੀ ਹੈ। ਪਰ ਕਾਂਸ਼ੀਰਾਮ ਦੇ ਕਤਲ (ਜਿਸਨੂੰ ਬਿਮਾਰੀ ਨਾਲ ਹੋਈ ਮੌਤ ਵਜੋਂ ਪ੍ਰਚਾਰਿਆ ਜਾਂਦਾ ਹੈ) ਉਪਰੰਤ ਮਾਇਆਵਤੀ ਪੂਰੀ ਤਰ੍ਹਾਂ ਬ੍ਰਾਹਮਣਵਾਦੀ ਵਰਗ ਦੀ ਕਠਪੁਤਲੀ ਬਣ ਕੇ ਵਿਚਰ ਰਹੀ ਹੈ। ਹੁਣ ਉਹ ਚੋਣ ਰੈਲੀਆਂ ਦੌਰਾਨ ਉਕਤ ਨਾਅਰੇ ਦੀ ਬਜਾਏ ‘‘ਹਾਥੀ ਨਹੀਂ ਗਣੇਸ਼ ਹੈ - ਬ੍ਰਹਮਾ, ਵਿਸ਼ਨੂੰ, ਮਹੇਸ਼ ਹੈ’’ ਦੇ ਨਾਅਰੇ ਲਗਾਉਣ ਲੱਗ ਪਈ ਹੈ। ਉਹ ਨਿੱਤ ਦਿਨ ਮੀਡੀਆ ਵਿੱਚ ਇਹ ਬਿਆਨ ਵੀ ਦੇ ਰਹੀ ਹੈ ਕਿ ਉਸਦੀ ਪਾਰਟੀ ਉੱਚ ਜਾਤਾਂ ਦੇ ਲੋਕਾਂ ਦੇ ਹਿੱਤਾਂ ਦੀ ਵੀ ਪੂਰੀ ਰਾਖੀ ਕਰੇਗੀ। ਬਲਕਿ ਹੁਣ ਤਾਂ ਮਾਇਆਵਤੀ ਅਸਿੱਧੇ ਢੰਗ ਨਾਲ ਦਲਿਤਾਂ ਨੂੰ ਵੀ ਜ਼ਲੀਲ ਕਰਨ ਲੱਗ ਪਈ ਹੈ (ਦਿੱਲੀ ਵਿਧਾਨਸਭਾ ਚੋਣਾਂ ਦੌਰਾਨ ਪਿਛਲੇ ਦਿਨੀਂ ਇਕ ਰੈਲੀ ਵਿੱਚ ਮਾਇਆਵਤੀ ਨੇ ਇਥੋਂ ਤੱਕ ਕਿਹਾ ਕਿ ‘‘ਜਿਹੜਾ ਦਲਿਤ ਬ.ਸ.ਪਾ. ਕੋ ਵੋਟ ਨਹੀਂ ਦੇਗਾ, ਮੈਂ ਸਮਝੂੰਗੀ ਉਸਨੇ ਅਪਣੀ ਮਾਂ-ਬੇਟੀ ਕੀ ਇੱਜ਼ਤ ਬੇਚ ਦੀ ਹੈ।’’) ਜ਼ਾਹਿਰ ਹੈ ਕਿ ਖ਼ੁਦ ਇਕ ਦਲਿਤ ਪਰਵਾਰ ਨਾਲ ਸਬੰਧਿਤ ਹੋਣ ਦੇ ਬਾਵਜੂਦ ਮਾਇਆਵਤੀ ਵੀ ਦਲਿਤਾਂ ਦੇ ਖਿਲਾਫ ਹੀ ਸਰਗਰਮ ਹੈ।
ਸਿੱਖ ਕੌਮ ਨਾਲ ਵੀ ਕੁਝ ਇਸੇ ਤਰ੍ਹਾਂ ਦਾ ਵਰਤਾਰਾ ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਨੇ ਕੀਤਾ ਹੈ। ਸਿੱਖ ਕੌਮ ਦੇ ਠੇਕੇਦਾਰ ਬਣੇ ਇਨ੍ਹਾਂ ਲੋਕਾਂ ਨੇ ਆਪਣੀ ਚੌਧਰ ਸਥਾਪਿਤ ਕਰਨ ਵਾਸਤੇ ਨਾ ਸਿਰਫ ਪੰਜਾਬ ਦੇ ਟੋਟੇ-ਟੋਟੇ ਕਰਵਾ ਦਿੱਤੇ, ਪੰਜਾਬ ਦੀਆਂ ਨਦੀਆਂ ਦੇ ਪਾਣੀ ਨੂੰ ਦੂਜੇ ਸੂਬਿਆਂ ਨੂੰ ਮੁਫਤੋ-ਮੁਫਤੀ ਵੰਡਿਆ (ਪਰ ਇਸਦਾ ਦੋਸ਼ ਕਾਂਗਰਸ ਸਿਰ ਮੜ੍ਹ ਦਿੱਤਾ), ਪੰਜਾਬ ਦੀ ਰਾਜਧਾਨੀ ਅਤੇ ਨਹਿਰਾਂ ਦਾ ਨਿਯੰਤਰਨ ਕੇਂਦਰ ਸਰਕਾਰ ਨੂੰ ਦੇ ਦਿੱਤਾ, ਕੇਂਦਰ ਸਰਕਾਰ ਨੂੰ ਦਰਬਾਰ ਸਾਹਿਬ ’ਤੇ ਫੌਜੀ ਹਮਲੇ ਕਰਨ ਲਈ ਚਿੱਠੀਆਂ ਲਿਖੀਆਂ ਅਤੇ ਲੱਖਾਂ ਸਿੱਖ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕਤਲ ਕਰਵਾ ਦਿੱਤਾ। ਬਾਦਲ ਜੁੰਡਲੀ ਨੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਸਿਆਸੀ ਪਾਰਟੀ ਦੀ ਬਜਾਏ ਪੰਜਾਬੀਆਂ ਦੀ ਸਿਆਸੀ ਪਾਰਟੀ ਐਲਾਨ ਦਿੱਤਾ। ਪੰਜਾਬ ਵਿੱਚ ਅੱਜ ਵੀ ਬਾਦਲ ਪਰਵਾਰ ਦਾ ਹੀ ਰਾਜ ਹੈ ਪਰ ਫਿਰ ਵੀ ਸੂਬੇ ਵਿੱਚ ਸਿੱਖਾਂ ਦੀ ਭਲਾਈ ਲਈ ਡੱਕਾ ਵੀ ਭੰਨ ਕੇ ਦੂਹਰਾ ਨਹੀਂ ਕੀਤਾ ਗਿਆ। (ਨੋਟ: ਬਾਦਲ ਵਾਂਗ ਹੀ ਗਿ: ਜ਼ੈਲ ਸਿੰਘ ਨੇ ਵੀ ਸਿੱਖਾਂ ਦਾ ਨੁਕਸਾਨ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ, ਜਿਸਨੇ ਰਾਸ਼ਟਰਪਤੀ ਹੋਣ ਦੇ ਬਾਵਜੂਦ ਇੰਦਰਾ ਗਾਂਧੀ ਦੇ ਕਤਲ ਉਪਰੰਤ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੇ ਕਤਲੇਆਮ ਨੂੰ ਤੁਰੰਤ ਰੁਕਵਾਉਣ ਲਈ ਫੌਜ ਤੈਨਾਤ ਨਾ ਕਰਵਾਈ।)
ਅਜਿਹੀਆਂ ਮਿਸਾਲਾਂ ਦੇ ਸੰਦਰਭ ਵਿੱਚ ਇਹ ਸ਼ੰਕਾ ਹੁੰਦੀ ਹੈ ਕਿ ਓਬਾਮਾ ਦਾ ਨੀਗ੍ਰੋ ਤੇ ਮੁਸਲਿਮ ਪਰਵਾਰ ਨਾਲ ਸਬੰਧਤ ਹੋਣ ਨਾਲ ਅਮਰੀਕੀ ਸਰਕਾਰ ਦੀਆਂ ਨੀਤੀਆਂ ਵਿੱਚ ਸਚਮੁਚ ਕੋਈ ਤਬਦੀਲੀ ਆਏਗੀ (ਹਾਲਾਂ ਵੀ ਅਮਰੀਕਾ ਦੀ ਵਿਦੇਸ਼ ਮੰਤਰੀ ਇਕ ਨੀਗ੍ਰੋ ਇਸਤਰੀ ਕੌਂਡੋਲੀਜ਼ਾ ਰਾਈਸ ਹੀ ਹੈ ਪਰ ਇਸ ਨਾਲ ਅਮਰੀਕਾ ਦੀ ਦੂਜੇ ਦੇਸ਼ਾਂ ਪ੍ਰਤੀ ਹਮਲਾਵਰ ਨੀਤੀ ਜਾਂ ਨੀਗ੍ਰੋਆਂ ਦੇ ਰੁਤਬੇ ਵਿੱਚ ਕੋਈ ਤਬਦੀਲੀ ਨਹੀਂ ਆਈ)। ਇਹ ਵੀ ਗੌਰਤਲਬ ਹੈ ਕਿ ਜਿਵੇਂ ਭਾਰਤ ਦੇ ਪ੍ਰਸ਼ਾਸਨ / ਸਮਾਜਕ ਢਾਂਚੇ ’ਤੇ ਬ੍ਰਾਹਮਣ ਵਰਗ ਦਾ ਕਬਜ਼ਾ ਹੈ, ਉਵੇਂ ਹੀ ਅਮਰੀਕੀ ਸਰਕਾਰ ਵੀ ਯਹੂਦੀਆਂ ਦੇ ਇਸ਼ਾਰਿਆਂ ’ਤੇ ਹੀ ਚਲਦੀ ਹੈ, ਜੋ ਅਮਰੀਕਾ ਦੇ ਮੁਸਲਿਮ ਦੇਸ਼ਾਂ ਨਾਲ ਸਬੰਧ ਕਦੇ ਵੀ ਸੁਖਾਲੇ ਨਹੀਂ ਹੋਣ ਦੇਣਗੇ। ਅਜਿਹੇ ਹਾਲਾਤ ਵਿੱਚ, ਓਬਾਮਾ ਨੂੰ ਆਪਣੇ ਮੁਲਕ ਅਤੇ ਸਾਰੀ ਦੁਨੀਆ ਦੀ ਭਲਾਈ ਵਾਸਤੇ ਬਹੁਤ ਹੀ ਫੂਕ-ਫੂਕ ਕੇ ਕਦਮ ਰੱਖਣੇ ਪੈਣਗੇ। ਦੇਖਣਾ ਹੁਣ ਇਹ ਹੈ ਕਿ ਉਹ ਦੁਨੀਆ ਭਰ ਦੇ ਲੋਕਾਂ ਦੀਆਂ ਆਸਾਂ ’ਤੇ ਕਿੰਨਾ ਕੁ ਖਰਾ ਉਤਰਦਾ ਹੈ।