

ਕੌਮ ਦੀਆਂ ਭਾਵਨਾਵਾਂ ਦਾ ਤਰਜ਼ਮਾਨ ਕਰਦੀ ਅਖ਼ਬਾਰ ਦੀ ਲੋੜ
- ਜਸਵੰਤ ਸਿੰਘ ‘ਕੰਵਲ’ -
ਸਹੀ ਸੇਧ ਦਣ ਵਾਲਾ, ਕੌਮ ਦਾ ਵਫਾਦਾਰ ਤੇ ਸੁਰੱਖਿਅਤ ਕੌਮੀ ਘਰ ਪੈਦਾ ਕਰਨ ਵਾਲਾ ਅਖਬਾਰ ਕੋਈ ਨਹੀਂ। ਅਖਬਾਰ ਹਨ, ਨਿੱਜੀ ਪੈਸਾ ਬਣਾਉਣ ਵਾਲੇ ਇਸ਼ਤਿਹਾਰਾਂ ਦੇ ਭੁੱਖੇ। ਇਸ਼ਤਿਹਾਰ ਸਰਕਾਰ ਦੀ ਝੋਲੀ ਚੁੱਕਿਆਂ ਮਿਲਦੇ ਹਨ। ਸਰਕਾਰਾਂ ਜੇ ਲੋਕਾਂ ਦੀਆਂ ਸਹੀ ਤਰਜਮਾਨ ਹੋਣ, ਸਿਆਪੇ ਹੀ ਕਿਉਂ ਪੈਣ। ਸਰਕਾਰ ਦੀ ਕਾਰਗੁਜ਼ਾਰੀ ਦੇ ਨਤੀਜੇ ਹੁਣ ਤੱਕ ਸਾਨੂੰ ਥੱਲੇ ਹੀ ਥੱਲੇ ਲਾਹੀ ਜਾ ਰਹੇ ਹਨ। ਸਾਡੀ ਅਮੀਰ, ਬਹਾਦਰ ਅਤੇ ਅਣਖੀਲੀ ਕੌਮੀਅਤ ਖੋਰ-ਖੋਰ ਇਸ ਸਰਕਾਰ ਨੇ ਖੋਟਾ ਪੈਸਾ ਬਣਾ ਕੇ ਰੱਖ ਦਿਤੀ ਹੈ। ਆਰਥਿਕ ਅਤੇ ਸਭਿਆਚਾਰਕ ਪੱਖਾਂ ਤੋਂ ਖੁਸ਼ਹਾਲ ਇਕ ਨੰਬਰ ਤਨੋਂ, ਮਨੋਂ ਤੇ ਧਨੋਂ ਕੰਗਾਲ ਕਰ ਮਾਰਿਆ ਹੈ। ਗਵਾਚੇ ਸਵੈਮਾਨ ਨਾਲ ਸਿਰੋਂ ਲੱਥੀ ਪੱਗ ਹੱਥ ਵਿਚ ਫੜੀ ਡੈਂਬਰ ਖਲੋਤੇ ਆਂ। ਚਾਣਕੀਏ ਦੀਆਂ ਕੁਟਲ ਚਾਲਾਂ ਸਾਨੂੰ ਖਾ ਜਾਣਗੀਆਂ। ਅਸੀਂ ਇਨ੍ਹਾਂ ਦੀਆਂ ਚੁਸਤੀਆਂ ਤੋਂ ਬਚਣ ਲਈ ਵੱਖਰਾ ਇਕ ਮਜਬੂਤ ਘਰ ਚਾਹੁੰਦੇ ਹਾਂ। ਸਾਡੇ ਕੋਲ ਨਿਸ਼ਾਨ-ਬਧ ਗੁਰੂ ਸਿਧਾਂਤ ਹੈ। ਲਹੂ ਭਿੱਜੀਆਂ ਕੁਰਬਾਨੀਆਂ ਵਾਲਾ ਸੱਜਰਾ ਇਤਿਹਾਸ ਹੈ। ਬ੍ਰਾਹਮਣਵਾਦ ਕੋਲ ਕਲਪਨਾ ਮਾਰੀਆਂ ਪੁਰਾਣੀਆਂ ਕੀਮਤਾਂ, ਜਿੰਨ੍ਹਾਂ ਹਜ਼ਾਰ ਵਰ੍ਹੇ ਦੀ ਗੁਲਾਮੀ ਦਿਤੀ, ਉਹੀ ਪੁਰਾਣਾ ਜੰਜਾਲ ਸਾਡੇ ਗਲ ਪਾਉਣ ਲਈ ਕਾਹਲ ਹਨ। ਬਾਬੇ ਨਾਨਕ ਦੀ ਕ੍ਰਿਪਾ ਨਾਲ ਪੁਰਾਣੇ ਚੀਥੜੇ ਸਦੀਆਂ ਪਹਿਲਾਂ ਅਸੀਂ ਵਗਾਹ ਆਏ ਹਾਂ। ਉਧਰ ਪੂਰਨਾ ਤੋਂ ਬਿਨਾਂ ਆਪਣੀਆਂ ਸ਼ਖਸੀਅਤਾਂ ਉਭਾਰਨ ਵਾਲੇ ਵੀ ਅਖਬਾਰ ਹਨ। ਸਾਨੂੰ ਨਿੱਜ ਲੈ ਕੇ ਬਹਿ ਗਿਆ ਹੈ। ਗੁਰਮੁਖਤਾ ਦਾ ਗਲਾ ਘੁੱਟ ਮਨਮੁੱਖਤਾ ਭਾਰੂ ਹੋ ਗਈ ਹੈ। ਸਹੀ ਸੇਧ ਤੇ ਕੌਮੀ ਮਨੋਬਲ ਉੱਚਾ-ਸੁੱਚਾ ਰੱਖਣ ਵਾਲੀ ਕੋਈ ਅਖਬਾਰ ਨਹੀਂ। ਕਮਿਉਨਿਸਟਾਂ ਆਪਣੀ ਟਿੰਡ ਵਿਚੋਂ ਕਾਨਾ ਕੱਢ ਲਿਆ ਹੈ। ਟਿੰਡ ਖੜਕਾ-ਖੜਕਾ ਤੇ ਵਜਾ-ਵਜਾ ਬਥੇਰੀ ਦੇਖ ਲਈ ਹੈ, ਨਤੀਜੇ ਇਕ ਫੀਸਦੀ ਤੋਂ ਅਗਾਂਹ ਨਹੀਂ ਟੱਪੇ। ਉਹਨਾਂ ਪੜਚੋਲ ਕਰਕ ਪੈਂਤੜੇ ਬਦਲਣੇ ਸ਼ੁਰੂ ਕਰ ਦਿਤੇ ਹਨ। ਖੁਆਰ ਹੋਏ ਸਭ ਮਿਲੇਂਗੇ, ਬਚਣਗੇ ਗੁਰੂ ਦੀ ਸ਼ਰਨ ਆਉਣ ਵਾਲੇ। ਪੰਜਾਬੀਅਤ ਨੂੰ ਗੁਰੂ ਸਿਧਾਂਤ ਨਾਲ ਸਾਇੰਸੀ ਵਿਚਾਰਧਾਰਾ ਨਾਲ ਜੋੜਨ ਦੀ ਲੋੜ ਹੈ। ਬਾਹਰਲਾ ਕਲਚਰ ਤੇ ਇਤਿਹਾਸ ਸਾਨੂੰ ਕਿਵੇਂ ਵੀ ਵਾਰਾ ਨਹੀਂ ਖਾ ਸਕਦਾ। ਸਾਇਬੇਰੀਆ ਦੇ ਰੁੱਖ ਪੰਜਾਬ ਵਿਚ ਨਹੀਂ ਪਲਰ ਸਕਦੇ। ਕੌਮ ਨੂੰ ਪਹਿਲੀ ਮਜ਼ਬੂਤੀ ਉਸਦਾ ਇਤਿਹਾਸ ਦਿੰਦਾ ਹੈ। ਇਤਿਹਾਸ ਸੁਚੱਜੀ ਜਦੋ-ਜਹਿਦ ਹੀ ਪ੍ਰਵਾਨ ਕਰਦਾ ਹੈ। ਨਫੀ ਦੇ ਨਤੀਜੇ ਕੂੜ-ਕਵਾੜ ਵਿਚ ਧੱਕ ਦਿੱਤੇ ਜਾਂਦੇ ਹਨ। ਗਦਰ ਦੀ ਗੂੰਜ ਅਖਬਾਰ ਤੇ ਸੁੱਤੇ ਪਏ ਪੰਜਾਬ ਨੂੰ ਝੂਣ ਕੇ ਜਗਾ ਦਿਤਾ ਸੀ। ਗਦਰੀ ਬਾਬਿਆਂ ਦੇ ਇਤਿਹਾਸ ਨੇ ਦੁਸ਼ਮਣ ਅੰਗਰੇਜ ਨੂੰ ਵਖਤ ਪਾ ਛੱਡਿਆ ਸੀ। ਸਾਡੀ ਅਣਖ ਤੇ ਗੈਰਤ ਮਾਰਨ ਲਈ ਟੀ. ਵੀ. ਉਤੇ ਗੀਤਕਾਰ ਮੁੰਡੇ ਆਪਣੀਆਂ ਹੀ ਧੀਆਂ-ਭੈਣਾਂ ਨੂੰ ਅੱਧ-ਨੰਗੀਆਂ ਨਚਾ ਰਹੇ ਹਨ। ਕੀ ਇਹ ਪੰਜਾਬ ਦਾ ਕਲਚਰ ਹੈ ? ਸ਼ਰਮ ਦੀ ਲਾਹੀ ਲੋਈ, ਕੀ ਕਰਗਾ ਕੋਈ ? ਪੰਜਾਬ ਦੀ ਗੈਰਤ ਨੂੰ ਜਾਣ ਬੁੱਝ ਕੇ ਮਾਰਨਾ ਮਿੱਥਿਆ ਹੈ। ਪੰਜਾਬ ਨੂੰ ਹੀਜੜਾ ਕਰੇ ਬਿਨਾਂ ਗੁਲਾਮ ਨਹੀਂ ਰੱਖਿਆ ਜਾ ਸਕਦਾ। ਕਿਉਂਕਿ ਦੁਸ਼ਮਨਾਂ ਨੂੰ ਪੰਜਾਬ ਦੇ ਕੌਮੀ ਇਤਿਹਾਸ ਤੋਂ ਡਰ ਲੱਗਦਾ ਹੈ, ਕਿਉਂਕਿ ਇਹਦੀਆਂ ਪ੍ਰੰਪਰਾਵਾਂ ਇਨਕਲਾਬੀ ਹਨ। ਗਾਂਧੀ ਦਾ ਅਹਿੰਸਾਵਾਦ ਘੱਟ-ਗਿਣਤੀਆਂ ਦੇ ਤਾਂ ਹੱਥ ਬੰਨ੍ਹ ਰਿਹਾ ਹੈ, ਪਰ ਬਹੁ-ਗਿਣਤੀ ਦੀ ਫਿਰਕੂ-ਧਾੜ ਨੂੰ ਘਲੂਘਾਰੇ ਵਰਤਾਉਣ ਦੀ ਖੁੱਲ੍ਹੀ ਛੁੱਟੀ ਦਿੰਦਾ ਹੈ, ਅਕਾਲ ਤਖ਼ਤ, ਬਾਬਰੀ ਮਸਜਿਦ ਤੇ ਗਿਰਜੇ ਢਾਹੁਣ ਅਤੇ ਢਹਾਉਣ ਵਾਲੇ ਸਾਨੂੰ ਤਾਂ ਅਹਿੰਸਾ ਦਾ ਸਬਕ ਦਿੰਦੇ ਹਨ ਤੇ ਆਪੂੰ ਘੱਟ-ਗਿਣਤੀਆਂ ਦੇ ਆਹੂ ਲਾਹੁਣ ਵਾਲੇ ਹਿੰਸਾਧਾਰੀ ਬਣੇ ਹੋਏ ਹਨ। ਘੱਟ-ਗਿਣਤੀਆਂ ਨੂੰ ਬਚਾਉਣ ਤੇ ਏਕਤਾ ਦਾ ਕਿਲ੍ਹਾ ਖੜਾ ਕਰਨ ਵਾਲਾ ਕੋਈ ਅਖਬਾਰ ਨਹੀਂ। ਘੱਟ-ਗਿਣਤੀਆਂ ਦੇ ਐਡੀਟਰ ਕਤਲ ਕੀਤੇ ਗਏ ਹਨ। ਘੱਟ-ਗਿਣਤੀਆਂ ਦਾ ਭਵਿੱਖ ਸੁਰੱਖਿਅਤ ਨਹੀਂ। ਅੱਗੋਂ-ਪਿਛੋਂ ਮਜ਼ਲੂਮ ਘੱਟ-ਗਿਣਤੀਆਂ ਦੀ ਸੁਰੱਖਿਆ ਗੁਰੂ ਫਰਮਾਨ ਅਨੁਸਾਰ ਸਿੱਖਾਂ ਨੂੰ ਹੀ ਚੁੱਕਣੀ ਪੈਣੀ ਹੈ। ਜੁਲਮ ਤੇ ਬੇਇਨਸਾਫੀਆਂ ਵਿਰੁੱਧ ਖਲੋਣ ਤੇ ਲੜਨ ਦੀ ਗੁਰੂ ਹਦਾਇਤ ਕਰ ਗਿਆ ਹੈ। ਆਪ ਸਮਰੱਥ ਹੋਵਾਂਗੇ ਤਾਂ ਮਜਲੂਮਾਂ ਦੀ ਸਹਾਇਤਾ ਕਰ ਸਕਾਂਗੇ। ਫਿਰਕੂ ਬਹੁ-ਗਿਣਤੀ ਦੇ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਸਾਰੀਆਂ ਘੱਟ-ਗਿਣਤੀਆਂ ਦੀ ਮਜਬੂਤ ਏਕਤਾ ਦਾ ਪੈਂਤੜਾ ਦਰੁਸਤ ਹੈ। ਇਸ ਪੈਂਤੜੇ ਦਾ ਸਹੀ ਤਰਜਮਾਨ ਅਖਬਾਰ ਕੋਈ ਨਹੀਂ। ਪੰਜਾਬ ਵਿਚ 27 ਫੀਸਦੀ ਮਿਹਨਤੀ ਦਲਿਤ ਵਰਗ ਨੂੰ ਛੱਡ ਕੇ ਪੰਦਰਾਂ ਫੀਸਦੀ ਫਿਰਕੂ ਹਿੰਦੂ (ਲੁਟੇਰੇ ਵਪਾਰੀ) ਨਾਲ ਯਾਰੀ, ਮੌਤ ਦੇ ਘਰ ਚਲ ਕੇ ਜਾਣ ਵਾਲੀ ਤਾਰੀਖ਼ੀ ਗਲਤੀ ਹੈ। ਮਿਹਨਤੀ ਦਲਿਤ ਵਰਗ ਜ਼ੁਲਮਾਂ ਦੇ ਖਿਲਾਫ ਗੁਰੂਕਿਆਂ ਨਾਲ ਜੁੜਕੇ ਬਰਾਬਰ ਲੜਿਆ, ਮਰਿਆ ਤੇ ਸ਼ਹੀਦ ਹੋਇਆ ਹੈ। ਸਿੱਖ ਇਤਿਹਾਸ ਸੱਜਰਾ ਗਵਾਹ ਹੈ। ਬ੍ਰਾਹਮਣਵਾਦ ਨਾਲ ਅਕਾਲੀਆਂ ਦਾ ਜੁੜਨਾ ਤੇ ਘੱਟ-ਗਿਣਤੀ ਮੁਸਲਮਾਨਾਂ, ਦਲਿਤਾਂ ਤੇ ਈਸਾਈਆਂ ਨੂੰ ਮਰਵਾਉਣਾ ਸਿੱਖੀ ਅਸੂਲਾਂ ਦੇ ਅਸਲੋਂ ਵਿਰੁੱਧ ਹੈ। ਕਾਤਲਾਂ ਦਾ ਨੰਗਾ ਚਿੱਟਾ ਸਾਥ ਦੇਣਾ ਸਿੱਖ ਅਸੂਲਾਂ ਦਾ ਘਾਤ ਨਹੀਂ? ਇਹੋ ਕਾਰਨ ਹੈ ਕਿ ਅਕਾਲੀ ਰਾਜਨੀਤੀ ਖੁਆਰ ਹੀ ਖੁਆਰ ਹੋਈ ਹੈ। ਪ੍ਰਾਪਤੀ ਕੋਈ ਨਹੀਂ, ਨਲਾਇਕੀ ਤੇ ਲਾਹਨਤ ਹੀ ਲਾਹਨਤ ਪੱਲੇ। ਦਲਿਤ ਹੀ ਪੰਜਾਬ ਵਿਚ ਅਜਿਹੀ ਜਮਾਤ ਹੈ ਜਿਹੜੀ ਪੰਜਾਬੀਅਤ ਦੀ ਡੱਟ ਕੇ ਹਮਾਇਤ ਕਰਦੀ ਹੈ। ਇਸਦੇ ਉਲਟ ਅਕਾਲੀਆਂ ਦੇ ਯਾਰ ਵਾਜਪਾਈ, ਆਰੀਆ ਸਮਾਜੀਆਂ ਤੇ ਦਿਆਨੰਦੀਆਂ ਨਾਲ ਰਲਕੇ ਪੰਜਾਬੀ ਸੂਬੇ ਦਾ ਬੇੜਾ ਗਰਕ ਕਰਨ ਵਾਲੇ ਦੁਸ਼ਮਨ ਹਨ। ਬੌਂਦਲੇ ਅਕਾਲੀਆਂ ਨੂੰ ਇਹ ਵੀ ਸੁਰਤ ਨਹੀਂ ਰਹੀ, ਬੁਰਕੀ ਮੂੰਹ ਵਿਚ ਪਾਉਣੀ ਹੈ ਜਾਂ ਕੰਨ ਵਿੱਚ। ਉਏ ਸੁੱਤਿਆ ਲਾਣਿਆ, ਇਹਨਾਂ ਦੀ ਗਲਤ ਸਿਆਸਤ, ਗਲਤ ਪੈਂਤੜੇ ਕੌਮੀਅਤ ਨੂੰ ਕਿੱਥੇ ਲੈ ਕੇ ਜਾਣਗੇ ? ਸਾਨੂੰ ਘੱਟ-ਗਿਣਤੀਆਂ ਨੂੰ ਜੋੜਨ ਵਾਲਾ ਸੁਚੇਤ ਅਖਬਾਰ ਚਾਹੀਦਾ ਹੈ।
ਅਸਾਂ ਦੋ ਪੈਂਤੜੇ ਅਪਣਾਉਣੇ ਹਨ। ਪਹਿਲਾਂ ਘੱਟ-ਗਿਣਤੀਆਂ ਦੀ ਮਜ਼ਬੂਤ ਏਕਤਾ ਸਾਰੇ ਹਿੰਦੁਸਤਾਨ ਵਾਸਤੇ ਅਤੇ ਬਹੁਗਿਣਤੀ ਦੇ ਵਿਚਲੀ ਵਿਰੋਧਤਾਈ ਦਾ ਲਾਭ ਲੈਣਾ ਹੈ। ਦੂਜਾ ਪੈਂਤੜਾ ਪੰਜਾਬ ਪੱਧਰ ਦਾ, ਸਿੱਖਾਂ ਅਤੇ ਦਲਿਤਾਂ ਦਾ ਬਣਦਾ ਹੈ। ਜੇ ਸਿੱਖ ਅਤੇ ਦਲਿਤ ਪੰਜਾਬ ਵਿੱਚ ਮਜਬੂਤੀ ਨਾਲ ਜੁੜਦੇ ਹਨ, ਕਾਂਗਰਸ ਅਤੇ ਭਾਜਪਾ ਦੇ ਅੱਗ ਆਉਣ ਦਾ ਸਦਾ ਲਈ ਸਵਾਲ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਪੰਜਾਬ ਘੱਟ-ਗਿਣਤੀਆਂ ਦਾ ਫਿਰਕੂ ਬਹੁਗਿਣਤੀ ਵਿਰੁਧ ਕਿਲਾ ਖੜਾ ਹੋ ਜਾਂਦਾ ਹੈ। ਇਸ ਪੈਂਤੜੇ ਦੀ ਸ਼ੁਰੂਆਤ ਨਾ ਕਾਂਸ਼ੀ ਰਾਮ ਨੇ ਕੀਤੀ ਹੈ ਅਤੇ ਨਾ ਹੀ ਅਕਾਲੀਆਂ ਹੱਥ ਵਧਾਇਆ ਹੈ। ਅਕਾਲੀਆਂ ਦੀ ਵਾਗਡੋਰ ਰੱਜ ਨਹੀਂ, ਆਫਰ ਚੰਦ ਇਕ ਆਗੂ ਦੇ ਹੱਥ ਵਿਚ ਹੈ।
ਜੇ ਅਕਾਲੀ ਵਰਕਰ ਸਕੂਲਿੰਗ ਲੈ ਕੇ ਸੱਚ ਤੇ ਇਮਾਨਦਾਰੀ ਦਾ ਲੜ ਫੜ ਲੈਣ ਤੇ ਦਲਿਤ ਅਕਾਲੀ ਮਜ਼ਬੂਤੀ ਨਾਲ ਸਜੋੜ ਕਰ ਲੈਣ, ਮੈਂ ਦਾਅਵੇ ਨਾਲ ਆਖਦਾਂ ਹਾਂ, ਦੋ ਇਲੈਕਸ਼ਨਾਂ ਵਿੱਚ ਹੀ ਕਾਂਗਰਸ ਦਾ ਸਦਾ ਲਈ ਭੋਗ ਪੈ ਜਾਵੇਗਾ। ਕਾਂਗਰਸ ਦੀਆਂ ਜੜ੍ਹਾਂ ਹੈ ਹੀ ਨਹੀਂ, ਨਹਿਰੂ ਖਾਨਦਾਨ ਦੇ ਬੋਹੜ ਦੀ ਛਾਂ ਜਰੂਰ ਹੈ, ਜਿਸ ਦੀਆਂ ਬੁਨਿਆਦੀ ਜੜ੍ਹਾਂ ਸੜ ਗਲ ਗਈਆਂ ਹਨ। ਨਹਿਰੂ ਦੀ ਆਜਾਦ ਖਿਆਲੀ ਨੂੰ ਨੰਗੀ ਕਰੀਏ ਤਾਂ ਵਿਚੋਂ ਪੱਕਾ ਹਿੰਦੂ ਹੀ ਨਿਕਲਦਾ ਹੈ। ਇਹੋ ਹਾਲ ਗਾਂਧੀ ਦੇ ਸਤਿ ਅਹਿੰਸਾਂ ਦਾ ਹੋਇਆ ਹੈ। ਗਾਂਧੀ ਦੇ ਅੰਦਰਲੇ ਐਬਾਂ ਨੂੰ ਉਹਦੀ ਮਹਾਤਮਤਾਈ ਦੇ ਪਰਦੇ ਢੱਕਦੇ ਰਹੇ ਹਨ। ਗਾਂਧੀ ਦੀਆਂ ਸਿਫਤਾਂ ਕਰਨ ਵਾਲੇ ਉਹਦੇ ਨਾਂ ਉੱਤੇ ਟੁੱਕੜ ਖਾਣ ਵਾਲੇ ਹਨ। ਨਹਿਰੂ ਨੇ ਜੋ ਨੁਕਸਾਨ ਦੇਸ਼ ਦੇ ਕੀਤੇ ਹਨ, ਉਹਦੇ ਖਿਲਾਰੇ ਕੰਡੇ ਹੁਣ ਤੱਕ ਚੁਗੇ ਹੀ ਨਹੀਂ ਗਏ। ਵਿਧਾਨ ਵਿਚ ਫੈਡਰਲ ਢਾਂਚੇ ਨੂੰ ਮੁੱਖ ਰੱਖਿਆ ਗਿਆ, ਪਰ ਲਾਗੂ ਨਹੀਂ ਕੀਤਾ। ਉਸ ਸੂਬਿਆਂ ਨੂੰ ਦਿੱਤੇ ਅਧਿਕਾਰ ਤਾਕਤ ਦੇ ਜੋਰ ਖੋਹਣੇ ਸ਼ੁਰੂ ਕਰ ਦਿੱਤੇ। ਰਾਜ ਮਿਉਂਸਪੈਲਟੀਆਂ ਬਣਕੇ ਰਹਿ ਗਏ। ਸ਼ੇਖ ਅਬਦੁਲੇ ਨਾਲ ਅੰਦਰੂਨੀ ਖੁਦ-ਮੁਖਤਾਰੀ ਦਾ ਕਸ਼ਮੀਰ ਬਾਰੇ ਕੀਤਾ ਸਮਝੋਤਾ ਰੱਦੀ ਟੋਕਰੀ ਵਿਚ ਵਗਾਹ ਮਾਰਿਆ। ਯੂ. ਐਨ. ਉ. ਨੂੰ ਕਸ਼ਮੀਰ ਵਿਚ ਰਾਇਸ਼ੁਮਾਰੀ ਦਾ ਮਤਾ ਲਿਖ ਕੇ ਦੇ ਦਿਤਾ, ਉਸ ਤੋਂ ਮੁਕਰਿਆ ਕਿ ਹੁਣ ਤਾਂ ਹਾਲਾਤ ਹੀ ਬਦਲ ਗਏ ਹਨ। ਕਸ਼ਮੀਰ ਹੁਣ ਤੱਕ ਖੂਨੋ-ਖੂਨ ਹੋਇਆ ਨਹਿਰੂ ਦੀ ਜਾਨ ਨੂੰ ਰੋ ਰਿਹਾ ਹੈ। ਚੀਨ ਨਾਲ ਯਾਰੀ ਪਾਈ ਤੇ ਬਾਹਠ ਦੀ ਜੰਗ ਵਿਚ ਮੂੰਹ ਦੀ ਖਾਧੀ। ਨਮੋਸ਼ੀ ਉਸਦਾ ਜਨਾਜ਼ਾ ਹੀ ਲੈ ਗਈ, ਹੋਰ ਅਯਾਸ਼ੀਆਂ ਦੇ ਪੋਤੜੇ ਫਰੋਲਿਆਂ ਦੁਰਗੰਧ ਨਾਲ ਸ਼ਰਮ ਹੀ ਆਉਂਦੀ ਹੈ। ਚੜ੍ਹੀ ਆ ਰਹੀ ਮਾਰੂ ਯਲਗਾਰ ਤੋਂ ਬਚਾਅ ਦਾ ਇਕੋ ਹੀ ਰਾਹ ਹੈ, ਘੱਟ ਗਿਣਤੀਆਂ ਦੀ ਮਜ਼ਬੂਤ ਏਕਤਾ। ਪੰਜਾਬ ਵਿਚ ਫਿਰਕੂ ਬ੍ਰਾਹਮਣਵਾਦ ਤੋਂ ਛੁਟਕਾਰਾ ਅਤੇ ਅਕਾਲੀਆਂ ਨੂੰ ਰਾਹੋਂ ਕੁਰਾਹੇ ਪਿਆਂ ਨੂੰ ਮੋੜਨਾ। ਨਾ ਮੁੜਨ ਤਾਂ ਸਖਤੀ ਨਾਲ ਘਰੀਂ ਬਿਠਾਉਣਾ। ਘਰੀਂ ਬਿਠਾਏਗੀ ਯੂਥ, ਜਿਸ ਦੇ ਸਿਰ ਛਾਲਾਂ ਮਾਰਦੇ ਹਨ। ਇਹ ਲਾਈਨ ਘਰ ਘਰ ਪੁਚਾਣ ਲਈ ਨਿਧੜਕ ਅਖਬਾਰ ਚਾਹੀਦਾ ਹੈ।
ਪੜ੍ਹੀ ਲਿਖੀ ਯੂਥ ਦਲੀਲ ਨਾਲ ਅਕਾਲੀਆ ਤੋਂ ਹਿਸਾਬ ਪੁੱਛ ਸਕਦੀ ਹੈ। ਗੁਰਦਵਾਰਿਆਂ ਦੀ ਆਜ਼ਾਦੀ ਤੋਂ ਬਿਨ੍ਹਾਂ ਤੁਹਾਡੀ ਪ੍ਰਾਪਤੀ ਕੀ ਹੈ ? ਉਹ ਵੀ ਪੁਰਾਣੇ ਸਿਦਕੀ ਤੇ ਇਮਾਨਦਾਰ ਸਿੰਘ ਮਾਰਾਂ ਖਾ ਕੇ ਆਜ਼ਾਦ ਕਰਵਾ ਗਏ। ਪੌਣੀ ਸਦੀ ਗੁਜ਼ਰੀ ਦਾ ਪੰਥ ਤੇ ਪੰਜਾਬ ਹਿਸਾਬ ਮੰਗਣਾ ਹੈ ? ਮੈਂ ਅਕਾਲੀਆਂ ਦਾ ਨਹੀਂ, ਕੇਵਲ ਉਨ੍ਹਾਂ ਦੀਆਂ ਖੁਦਗਰਜ਼ੀਆਂ ਦਾ ਵਿਰੋਧ ਕਰਦਾਂ ਹਾਂ। ਅਕਾਲੀ ਵਰਕਰੋ, ਇਸ ਤਰ੍ਹਾਂ ਦੇ ਨਿਕੰਮੇ ਆਗੂਆਂ ਨੂੰ ਯੂਰਪ ਵਿਚ ਛੇ ਮਹੀਨ ਪਿਛੋਂ ਅਨ-ਫਿਟ ਸਮਝ ਕੇ ਲਾਹ ਮਾਰਿਆ ਜਾਂਦਾ ਹੈ। ਤੁਸਾਂ ਪੰਜਾਹ-ਸੱਠ ਤੋਂ ਲੁੱਟੀਦੇ ਪੰਜਾਬ ਤੇ ਖੁਆਰ ਹੁੰਦੇ ਪੰਥ ਬਾਰੇ ਸੋਚਿਆ ਤੱਕ ਨਹੀਂ। ਇਸ ਮਾਮਲੇ ਵਿਚ ਹਰ ਹੋਸ਼ਮੰਦ ਅਕਾਲੀ ਦੋਸ਼ੀ ਨਹੀਂ ? ਕਪਤਾਨ ਜਹਾਜ਼ ਡੋਬ ਕੇ ਬੱਚ ਆਵੇ, ਉਸਨੂੰ ਸਿੱਧੀ ਫਾਂਸੀ। ਤੁਸੀਂ ਸੰਤਾਲੀ ਦੀ ਆਜ਼ਾਦੀ ਸਮੇਂ ਪੰਥ ਤੇ ਪੰਜਾਬ ਦਾ ਬੜਾ ਡੋਬਣ ਵਾਲਿਆਂ ਨੂੰ ਅੱਜ ਵੀ ਸਿਰ ਤੇ ਚੁੱਕੀ ਬੈਠ ਹੋ, ਹੈਰਾਨੀ ! ਅੰਗਰੇਜ਼ ਖੁਦ ਤੁਹਾਡਾ ਕੁਝ ਬਣਾਉਣਾ ਚਾਹੁੰਦਾ ਸੀ, ਤੁਹਾਡਾ ਡਫਰ ਬਲਦੇਵ ਸਿੰਘ ਮਰ ਗਿਆ ਨਹਿਰੂ ਪਿੱਛੇ। ਮਾਸਟਰ ਤਾਰਾ ਸਿੰਘ ਦਾ ਘਰ ਹਰਿਆਲ ਪਿੰਡ ਵਿਚ ਫਸਾਦੀਆਂ ਸਾੜਿਆ ਸੀ, ਗੁੱਸੇ ਵਿਚ ਜਿਨਾਹ ਨਾਲ ਗੱਲ ਕਰਨੋਂ ਵੀ ਪਟਿਆਲਿਉਂ ਵਾਪਸ ਆ ਗਿਆ। ਸ੍ਰ ਹਰੀ ਸਿੰਘ ਮਿਸਟਰ ਜਿਨਾਹ ਤੋਂ ਰਿਆਇਤਾਂ ਲੈ ਕੇ ਆਇਆ, ਉਸ ਦਾ ਪਰਿਵਾਰ ਹੀ ਕਤਲ ਕਰਵਾ ਮਾਰਿਆ। ਮੇਰੀ ਖੁਦ ਹਰੀ ਸਿੰਘ ਨਾਲ ਡੇਹਰਾ ਸਾਹਿਬ ਲਾਹੌਰ ਗੁਰਦਵਾਰੇ ਮੁਲਾਕਾਤ ਹੋਈ ਸੀ। ਗਿਆਨੀ ਕਰਤਾਰ ਸਿੰਘ ਲਾਇਲਪੁਰੀ ਸਮੁੰਦਰੀ ਹਾਲ ਦੀ ਮੀਟਿੰਗ ਵਿਚ ਮੇਰੇ ਸਾਹਮਣੇ ਸਾਰੇ ਅਕਾਲੀ ਧੜਿਆਂ ਨੂੰ ਪਿੱਟ ਰਿਹਾ, ‘‘ਜਿਹੜੀਆਂ ਰਿਆਇਤਾਂ ਮਿਸਟਰ ਜਿਨਾਹ ਸਾਨੂੰ ਪਾਕਿਸਤਾਨ ਵਿਚ ਦਿੰਦਾ ਹੈ, ਉਹ ਰਿਆਇਤਾਂ ਲੈ ਕੇ ਹਿੰਦੁਸਤਾਨ ਵਿਚ ਚਲੋ, ਮੈਂ ਤੁਹਾਡੇ ਨਾਲ ਹਾਂ।’’ ਕੋਣ ਆਖੇ ਰਾਣੀ ਅੱਗਾ ਢੱਕ। ਪ੍ਰਤਾਪ ਸਿੰਘ ਕੈਰੋਂ ਦੇ ਚੁੱਕੇ ਜਥੇਦਾਰ ਊਧਮ ਸਿੰਘ ਨਾਗੋਕੇ ਸਿੱਧੇ ਹੀ ਬਿਨ੍ਹਾਂ ਕਿਸੇ ਸ਼ਰਤ, ਬਿਨਾਂ ਸੁਰੱਖਿਆ ਮੁਆਵਜੇ ਕਾਂਗਰਸ ਦੀ ਦਲਦਲ ਵਿਚ ਜਾ ਡਿੱਗੇ। ਹੁਣ ਨਿੱਕੀਆਂ-ਨਿੱਕੀਆਂ ਵਜ਼ੀਰੀਆਂ ਖਾਤਿਰ ਈਮਾਨ ਵੇਚਦੇ ਤੁਰੇ ਫਿਰਦੇ ਹਨ।
ਅਖਬਾਰ ਤੇ ਟੀ.ਵੀ. ਘਰ-ਘਰ ਖਬਰਾਂ ਪੁਚਾਉਣ ਵਾਲੇ ਸਾਧਨ ਹਨ। ਦੋਵਾਂ ਪੱਖਾਂ ਦਾ ਮੀਡੀਆ ਸਾਡੇ ਖਿਲਾਫ ਭੁਗਤ ਰਿਹਾ ਹੈ। ਟੀ.ਵੀ. ਸਾਡਾ ਬਾਹਰੋਂ ਹੀ ਚੱਲ ਸਕਦਾ, ਦੁਸ਼ਮਣ ਅੰਦਰੋਂ ਕਦੋਂ ਚੱਲਣ ਦਿਤਾ? ਇਸ ਤੋਂ ਚੰਗਾ ਹੈ ਰੋਜਾਨਾ ਅਖਬਾਰ ਕੌਮੀ ਘਰ ਦੀ ਬੁਲੰਦ ਆਵਾਜ਼ ਬਣ ਕੇ ਸਾਡੀਆਂ ਸਮੱਸਿਆਵਾਂ ਦੀ ਤਰਜਮਾਨੀ ਕਰੇ। ਇਹ ਔਖਾ ਕੰਮ ਨਹੀਂ ਪਰਦੇਸੀ ਭਰਾਵੋ, ਤੁਹਾਡੇ ਵਿਚ ਅਜਿਹੀਆਂ ਸ਼ਖ਼ਸੀਅਤਾਂ ਹਨ, ਜਿਹਨਾਂ ਲਈ ਰੋਜ਼ਾਨਾ ਅਖਬਾਰ ਕੱਢਣਾ ਰੂੰਗਾ ਹੀ ਹੈ। ਅਖਬਾਰ ਦੀ ਇਕ ਐਡੀਸ਼ਨ ਪੰਜਾਬ ਵਿਚੋਂ ਅਤੇ ਦੂਜੀ ਅਮਰੀਕਾ, ਕੈਨੇਡਾ ਅਥਵਾ ਇੰਗਲੈਂਡ ਵਿਚੋਂ ਛਪਵਾਈ ਜਾਵੇ। ਅੰਦਰਲੇ ਤੇ ਬਾਹਰਲੇ ਮੋਰਚੇ ਠੋਸ ਦਲੀਲਾਂ ਨਾਲ ਸੰਭਾਲ ਜਾਣ। ਸਾਰੀ ਦੁਨੀਆਂ ਵਿਚ ਇਹ ਅਖਬਾਰ ਹੱਕ-ਸੱਚ ਦਾ ਢੰਡੋਰਾ ਦੇ ਕੇ, ਹਰ ਪੰਜਾਬੀ, ਹਰ ਸਿੱਖ, ਹਰ ਮਜ਼੍ਹਬੀ, ਰਵਿਦਾਸੀਏ ਸਿੱਖ ਨੂੰ ਲੋਹ ਦੀ ਲੱਠ ਬਣਾ ਦੇਣ। ਇਕੋ ਨਾਅਰਾ ‘‘ਹਿੰਦੁਸਤਾਨ ਵਿਚ ਕੌਮੀ ਘਰ।’’ ਆਪਣੀ ਸਭਿਆਚਾਰਕ ਵਿਰਾਸਤ ਨੂੰ ਕਾਇਮ ਰੱਖਣ ਲਈ ਕੌਮੀ ਘਰ ਤੋਂ ਉਰ੍ਹੇ ਕੋਈ ਗੱਲ ਨਹੀਂ।
ਬੁਨਿਆਦੀ ਗੱਲ, ਅਸਾਂ ਆਪਣੀ ਇਤਿਹਾਸਕ ਵਿਰਾਸਤ ਤੇ ਗੁਰੂ ਸਿਧਾਂਤ ਕਾਇਮ ਦਾਇਮ ਰਖਣਾ ਹੈ ਜਾਂ ਨਹੀਂ ? ਇਸ ਸਵਾਲ ਵਿਚ ਸਾਡਾ ਅਗਲਾ ਪਿਛਲਾ ਕੌਮੀ ਵਕਾਰ ਵੀ ਆ ਜਾਂਦਾ ਹੈ। ਸਭ ਤੋ ਪਹਿਲਾਂ ਅਸੀਂ ਦਲੀਲ ਤੇ ਹੱਕ ਸੱਚ ਦੀ ਲੜਾਈ ਸ਼ੁਰੂ ਕਰਾਂਗੇ। ਇਸ ਤਰਾਂ ਸਾਡੀ ਕੌਮੀ ਮੰਗ ਹਰ ਪੰਜਾਬੀ ਦੇ ਦਿਲ ਘਰ ਕਰ ਜਾਵੇਗੀ। ਦੁਸ਼ਮਣ ਨੂੰ ਕਦੇ ਵੀ ਕਮਜੋਰ ਸਮਝ ਕੇ ਜਦੋ-ਜਹਿਦ ਨਹੀਂ ਛੇੜਨੀ ਚਾਹੀਦੀ। ਇੱਕ ਖਤਰਨਾਕ ਮੋੜ, ਦੁਸ਼ਮਣ ਆਪਣਾ ਰਾਜ ਸਮਝ ਕੇ ਭੂਤਰ ਚੁੱਕਾ ਹੈ। ਉਸ ਪੁਰਾਣੇ ਬਦਲੇ ਲੈਣ ਲਈ ਤਰਸ਼ੂਲ ਚੁੱਕ ਲਿਆ ਹੈ। ਜਿਹਨਾਂ ਬੇ-ਗੁਨਾਹਾਂ ਉਤੇ ਭਵਕਾਰ ਰਿਹਾ ਹੈ, ਪਿਛਲੀਆਂ ਦੋ-ਤਿੰਨ ਸਦੀਆਂ ਵਿਚ ਹਿੰਦੂਆਂ ਵਿਚੋਂ ਨਿਕਲ ਕੇ ਉਹ ਮੁਸਲਮਾਨ ਬਣਿਆ ਹੈ। ਉਹ ਅਰਬ ਇਰਾਨ ਵਿਚੋਂ ਨਹੀਂ ਆਇਆ। ਮੁਸਲਮਾਨਾਂ ਦੀ ਮਾਰ-ਮਰਾਈ ਵਿਚ ਉਹ ਸਾਨੂੰ ਬਰਾਬਰ ਸ਼ਾਮਲ ਕਰਨਾ ਚਾਹੁੰਦਾ ਏ। ਬ੍ਰਾਹਮਣ, ਨਾਈ, ਮਿਰਾਸੀ ਤ ਛੀਬੇਂ ਨੇ ਜੱਟ ਦੇ ਗੰਨੇ ਪੁੱਟ ਲਏ ਜੱਟ ਨੇ ਰਾਰਾਂ ਨੂੰ ਨਿਖੇੜ ਕੇ ਸਾਰਿਆਂ ਦਾ ਕੁੱਟਾਪਾ ਚਾੜਿਆ। ਉਹੀ ਗੱਲ ਅੱਜ ਤ੍ਰਿਸ਼ੂਲਧਾਰੀਆਂ ਘੱਟ-ਗਿਣਤੀਆਂ ਨੂੰ ਕੁੱਟਣ ਲਈ ਅੱਗ ਲੈ ਆਂਦੀ ਹੈ। ਸਿੱਖਾਂ ਲਈ ਸੋਚਣ ਵਾਲੀ ਗੱਲ ਹੈ ਕਿ ਜਾਬਰ ਤੇ ਜ਼ਾਲਮ ਮੁਗਲ ਰਾਜ ਵਿਚ ਅਸੀਂ ਹਿੰਦੂ ਮਜ਼ਲੂਮ ਨਾਲ ਖਲੋਤੇ ਸੀ । ਇਸ ਲਈ ਸਾਨੂੰ ਗੁਰੂ ਸਿਧਾਂਤ ਉਦੇਸ਼ ਸੀ। ਅੱਜ ਮਜ਼ਲੂਮ ਕੋਣ ਹੈ ? ਘੱਟ-ਗਿਣਤੀਆਂ ਜਿੰਨ੍ਹਾਂ ਵਿਚ ਅਸੀਂ ਵੀ ਕੁੱਟ ਖਾ ਕੇ ਪੱਤ ਲੁਹਾ ਚੁੱਕੇ ਹਾਂ।
ਤ੍ਰਿਸ਼ੂਲਧਾਰੀ ਵਾਰੀ-ਵਾਰੀ ਸਭ ਨੂੰ ਝਟਕ ਰਹੇ ਐ। ਕੁੱਟ ਖਾ ਕੇ ਸਭ ਨੂੰ ਅਕਲ ਆ ਜਾਂਦੀ ਹੈ, ਸ਼ਾਇਦ ਸਿੱਖਾਂ ਨੂੰ ਨਹੀਂ ਆਈ। ਅੱਧੇ ਮੂਰਖ ਭਾਜਪਾ ਨਾਲ ਜੱਫੀ ਪਾਈ ਬੈਠੇ ਐ, ਅੱਧੇ ਕਾਂਗਰਸ ਨਾਲ। ਜੇ ਇਹ ਝੂਠ ਹੈ ਤਾਂ ਦੱਸੋ ? ਕੀ ਇਹ ਗੀਦੀਪੁਣਾ ਨਹੀਂ? ਗੁਰੂ ਸਿਧਾਂਤ ਨਾਲ ਗਦਾਰੀ ਨਹੀਂ ? ਤ੍ਰਿਸ਼ੂਲਧਾਰੀਆਂ ਤੋਂ ਬਚਾਅ ਕਰਨ ਲਈ, ਸਾਰੀਆਂ ਘੱਟ-ਗਿਣਤੀਆਂ ਨੂੰ ਏਕਤਾ ਦੇ ਮੁਹਾਜ਼ ਉਤੇ ਲਿਆਉਣ ਦੀ ਪਹਿਲ ਸਿੱਖਾਂ ਨੂੰ ਹੀ ਕਰਨੀਂ ਪੈਣੀ ਹੈ। ਸਾਰੇ ਦੇਸ਼ ਦੀਆਂ ਘੱਟ-ਗਿਣਤੀਆਂ ਨੂੰ ਏਕਤਾ ’ਚ ਕਿਲੇਬੰਦ ਕਰਨ ਲਈ ਜੈਕਾਰਾ ਦਿਉ। ਪਹਿਲ ਪੰਜਾਬ ਤੋਂ ਕੀਤੀ ਜਾਵੇ। ਪੰਜਾਬ ਵਿਚ ਫਿਰਕੂ ਦੁਸ਼ਮਣ ਕੁਝ ਸੋਚ ਕੇ ਅਫਰਾ-ਤਫਰੀ ਤੇ
ਆਉਣਗੇ। ਪੰਜਾਬ ਦਾ ਬਚਾਓ ਪੈਂਤੜਾ ਹਿੰਦੋਸਤਾਨ ਉਤੇ ਸੁਖਾਲਿਆਂ ਹੀ ਲਾਗੂ ਹੋ ਜਾਵੇਗਾ। ਦਲਿਤ ਵਰਗ ਦਸ਼ਮੇਸ਼ ਪਿਤਾ ਦੀ ਜੰਗ ਅਤੇ ਅੱਜ ਤੱਕ ਖੇਤਾਂ ਵਿਚ ਬਰਾਬਰ ਸਾਡੇ ਨਾਲ ਠਰਦਾ-ਸੜਦਾ ਰਿਹਾ ਹੈ। ਖੇਤੀਬਾੜੀ ਦੀ ਸਾਂਝ ਨਾਲ ਇਤਿਹਾਸਕ ਜੰਗਾਂ ਵੀ ਜੁੜੀਆਂ ਹੋਈਆਂ ਹਨ। ਇਹ ਜੋੜ ਜੋੜਣ ਤੇ ਸਮੁੱਚੀ ਏਕਤਾ ਬਣਾਉਣ ਲਈ ਅਖਬਾਰ, ਬੁਨਿਆਦੀ ਲੋੜ ਹੈ। ਭਾਂਵੇ ਮਹਿੰਗਾਈ ਲੱਕ ਤੋੜੀ ਆ ਰਹੀ ਹੈ, ਫਿਰ ਵੀ ਪਰਚਾ ਅੱਧੀ ਕੀਮਤ ਉਤੇ ਵੰਡਿਆ ਜਾਵੇ। ਘਾਟੇ ਨੂੰ ਅਮਰੀਕਾ ਕੈਨੇਡਾ ਵਾਲੇ ਮਿਸ਼ਨਰੀ ਸਪਿਰਟ ਨਾਲ ਹੱਸ ਕੇ ਬਰਦਾਸ਼ਤ ਕਰਨ।
ਅਖਬਾਰ ਚਲਾਉਣ ਲਈ ਵੱਡੀ ਮੁਸ਼ਕਲ ਆਰਥਕ ਪੱਖ ਦੀ ਆਵੇਗੀ। ਸਿੱਖ ਹਸਤੀ ਨਾਲ ਘੱਟ ਗਿਣਤੀਆਂ ਦੀ ਰੱਖਿਆ ਵੀ ਸਾਡੇ ਨਾਲ ਜੁੜੀ ਹੋਈ ਹੈ। ਅਸੀਂ ਕਿਸੇ ਦਾ ਕੁਝ ਖੋਹ ਨਹੀਂ ਰਹੇ, ਆਪਣੇ ਹੱਕ ਸੱਚ ਨੂੰ ਬਚਾਉਣ ਵਾਸਤੇ ਏਕਤਾ ਸ਼ਕਤੀ ਵਿਚ ਜੁੜ ਰਹੇ ਹਾਂ। ਏਕਤਾ ਸਾਰੀਆਂ ਘੱਟ-ਗਿਣਤੀਆਂ ਦੀ ਕਲਿਆਣ ਹੈ। ਸੋ ਅਖਬਾਰ ਵਿਚ ਘੱਟ-ਗਿਣਤੀ ਦੇ ਸੂਝਵਾਨ ਜਰੂਰ ਰੱਖੇ ਜਾਣ। ਯਾਦ ਰੱਖੋ ਜਦੋਂ ਹੱਕ ਸੱਚ ਦੀ ਹਨੇਰੀ ਉਠਦੀ ਐ, ਗੰਦ ਧਰਾਤਲ ਸੁੱਕੇ ਪੱਤਿਆਂ ਵਾਂਗ ਅੱਗੇ ਉਡੇ ਤੁਰਦੇ ਹਨ। ਅਖਬਾਰ ਚਾਲੂ ਕਰਨਾ ਤੇ ਪੈਰਾਂ ਸਿਰ ਰੱਖਣਾਂ ਪਹਿਲੀ ਕੌਮੀ ਜਿੱਤ ਐ। ਅਗਲੀ ਗੱਲ ਪ੍ਰਦੇਸੀ ਸਿੱਖ ਸਰਮਾਏਦਾਰਾਂ ਨਾਲ ਕਰ ਰਿਹਾ ਹਾਂ। ਸਾਹਸ ਨੂੰ ਲੰਮਾ ਕਰਕੇ ਚਲਣਾ ਹੋਵੇਗਾ। ਮੁਸ਼ਕਿਲਾਂ ਜਰੂਰ ਆਉਣਗੀਆਂ, ਪਰ ਕੌਮੀ ਘਰ ਦੀ ਜਿੱਤ ਯਕੀਨੀ ਹੈ। ਇਸ ਮੰਗ ਨੂੰ ਸਾਰੇ ਦੇਸ਼ ਤੇ ਯੂ.ਐਨ.ਓ. ਤੱਕ ਸਿੱਧੀ ਸਹਾਇਤਾ ਨਿਸ਼ੰਗ ਨਾ ਦੇਣ, ਪਰ ਹੱਕ ਸੱਚ ਦੇ ਕੌਮੀ ਘਰ ਨੂੰ ਦਿਲੀ ਸਮਰਥਣ ਜਰੂਰ ਦੇਣਗੇ। ਦੇਸ਼ਾਂ-ਪ੍ਰਦੇਸ਼ਾਂ ਦੀਆਂ ਸਰਕਾਰਾਂ ਆਪਣੇ-ਆਪਣੇ ਹਿੱਤਾਂ ਨੂੰ ਮੁੱਖ ਰੱਖਕੇ ਚਲਦੀਆਂ ਹਨ। ਤੁਹਾਨੂੰ ਭਰਾਓ ਸਾਡੇ ਸ਼ਰੀਕ ਤੇ ਵਿਰੋਧੀ ਸਹਾਇਤਾ ਦੇਣ ਤੋਂ ਉਖੇੜ ਪਾਉਣਗੇ, ਪਰ ਤੁਸੀਂ ਅਕਾਲੀ ਸੂਰਮੇਂ ਫੂਲਾ ਸਿੰਘ ਵਾਂਗ ਆਪਣੇ ਫੈਸਲੇ ਤੇ ਲੋਹੇ ਦੀ ਲੱਠ ਵਾਂਗ ਖਲੋਤੇ ਰਹਿਣਾ ਹੈ। ਤੁਸੀਂ ਸ਼ਾਇਦ ਕਿਆਸ ਹੀ ਨਾ ਕਰ ਸਕੋ, ਕੌਮੀ ਘਰ ਦੀ ਕਾਇਮੀ ਤੁਹਾਨੂੰ ਤਾਰੀਖੀ ਤੌਰ ਤੇ ਕਿੰਨਾਂ ਵੱਡਾ ਕਰੈਡਿਟ ਦੇਣ ਵਾਲੀ ਹੈ। ਤੁਸੀਂ ਘਰ ਬੈਠ ਹੀ ਮੈਦਾਨੇ ਜੰਗ ਦੇ ਸੂਰਮੇ ਸਮਝੇ ਜਾਵੋਗੇ। ਕੌਮ ਦੀ ਡੁੱਬਦੀ ਬੇੜੀ ਨੂੰ ਕਿਨਾਰੇ ਲੈ ਆਉਣ ਵਾਲਿਆਂ ਨੂੰ ਕਿੰਨੀਂ ਵੱਡੀ ਇਤਿਹਾਸਕ ਸ਼ਾਬਾਸ਼ ਮਿਲਦੀ ਹੈ, ਤੁਸੀਂ ਅਨੁਮਾਨ ਨਹੀਂ ਲਾ ਸਕੋਗੇ। ਇਹ ਸਰਮਾਇਆ, ਤੁਹਾਨੂੰ ਗੁਰੂ ਦੀ ਦੇਣ ਹੈ। ਗੁਰੂ ਦਾ ਆਦੇਸ਼ ਹੈ, ਇਸ ਨੂੰ ਭਲੇ ਕਾਰਜਾਂ ਲਈ ਖਰਚ ਕਰੋ। ਕੌਮੀ ਘਰ ਪੈਦਾ ਕਰਨ ਵਰਗਾ ਭਲੇ ਦਾ ਕੰਮ ਅੱਜ ਦੇ ਹਾਲਾਤ ਵਿਚ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਜਿਸ ਮਿੱਟੀ ਵਿਚੋਂ ਅਸੀਂ ਚੜ੍ਹਦੀ ਕਲਾ ਵਿੱਚ ਆਏ ਹਾਂ। ਉਹ ਮਿੱਟੀ ਤ੍ਰਿਸ਼ੂਲ ਚੁੱਕ ਕੇ ਸਾਡੇ ਉਤੇ ਹੀ ਨਹੀਂ, ਸਾਰੀਆਂ ਮਜ਼ਲੂਮ ਜਮਾਤਾਂ ਉਤੇ ਬਿਫਰ ਖਲੌਤੀ ਹੈ। ਅਤੀ ਸਾਵਧਾਨ ਰਹਿਣ ਦੀ ਸਥਿਤੀ ਪੈਦਾ ਹੋ ਚੁੱਕੀ ਹੈ। ਅਸੀਂ ਹਥਿਆਰ ਨਹੀਂ ਚੁੱਕਣੇ। ਸਾਡੇ ਹਥਿਆਰ ਸੱਚ ਤੇ ਦਲੀਲ ਹਨ, ਜਿਸ ਨਾਲ ਸਾਨੂੰ ਕੋਈ ਜ਼ੋਰਾਵਰ, ਹੈਂਕੜੀ ਹਰਾ ਨਹੀਂ ਸਕਦਾ। ਕੋਈ ਸਾਨੂੰ ਘਰ ਮਾਰਨ ਆਵੇ, ਅਸੀਂ ਪੂਰੀ ਤਾਕਤ ਨਾਲ, ਬਹਾਦਰੀ ਨਾਲ ਹਥਿਆਰ ਵਰਤਾਂਗੇ।
ਪਿਆਰਿਉ ! ਕੋਈ ਆਪਣਾ ਸਿਰ ਆਪ ਨਹੀਂ ਗੁੰਦ ਸਕਦਾ। ਤੇ ਪੰਜਾਬ ਦੇ ਆਗੂ ਕੌਮੀ ਬੇੜੇ ਨੂੰ ਖਾਰ ਸਮੁੰਦਰ ਡੋਬ ਨਸ਼ੰਗ ਦੇਣ, ਕਿਨਾਰੇ ਨਹੀਂ ਲਾ ਸਕਦੇ। ਖੁਦਗਰਜ਼ੀ ਨੇ ਅਕਲ ਮਾਰ ਦਿਤੀ ਤੇ ਗਦਾਰੀਆਂ ਨੇ ਤਿੰਨ ਕਾਣੇ ਕਰ ਦਿਤੇ ਹਨ। ਤੁਹਾਡਾ ਦਿਤਾ ਲੱਖਾਂ ਕਰੋੜਾਂ ਦਾ ਫੰਡ ਬੜਵਾਬੋਰ ਨਿਘਾਰ ਦਿਤਾ। ਇਹਨਾਂ ਦੇ ਨਖਿੱਧ ਨਤੀਜਿਆਂ ਤਾਂ ਸਾਨੂੰ ਉੱਠਣ ਜੋਗਾ ਨਹੀਂ ਛੱਡਿਆ। ਅਸੀਂ ਸ਼ਰਮ ਮੰਨਦੇ ਹਾਂ, ਪਰ ਇਹਨਾਂ ਤਾਂ ਘੋਲ ਕੇ ਪੀ ਲਈ। ਲੋਕ ਚਲੰਤ ਲੀਡਰਾਂ ਤੋਂ ਔਖੇ ਹੀ ਨਹੀਂ ਸਤੇ ਪਏ ਐ। ਜਿਹੜੇ ਦੁਸ਼ਮਣਾਂ ਦੀਆਂ ਬੁੱਕਲਾਂ ਵਿਚ ਐਸ਼ ਕਰ ਰਹੇ ਐ, ਉਹ ਸਾਡਾ ਬਚਦਾ ਭੋਰਾ ਲਹੂ ਨਿਸ਼ੰਗ ਵੇਚ ਦੇਣ, ਸਾਨੂੰ ਲੈ ਕੇ ਕੀ ਦੇ ਸਕਦੇ ਐ ?
ਗਦਰੀ ਬਾਬੇ ਪਹਿਲਾਂ ਤੁਹਾਡੇ ਪੁਰਖੇ ਸਨ। ਉਨਾਂ ਦੀ ਗੈਰਤ ਨੇ ਝੰਡਾ ਚੁੱਕਿਆ, ਆਜ਼ਾਦੀ ਦੀ ਜੰਗ ਦੇ ਹੀਰੋ ਬਣ ਗਏ। ਗਾਂਧੀ ਨਹਿਰੂ ਤਾਂ ਉਨਾਂ ਦੇ ਸਿਰਾਂ ਦੇ ਸੌਦੇ ਕਰਨ ਵਾਲੇ ਦਲਾਲ ਸਨ। ਹੁਣ ਜਦੋ-ਜਹਿਦ ਦੇ ਪੈਂਤੜ ਅਸਲੋਂ ਬਦਲ ਗਏ ਹਨ। ਤੁਸੀਂ ਬੰਧਨਤੌੜ ਅਖਬਾਰ ਵਿਚ ਹੱਕ-ਸੱਚ ਦਾ ਖੰਡਾਂ ਖੜਕਾਓ, ਪੰਜਾਬ ਦੀ ਨਸ਼ਿਆਂ ਮਾਰੀ ਜਵਾਨੀ ਅੰਗੜਾਈ ਭਰ ਜੋਸ਼ ਨੂੰ ਸਹੀ ਸੇਧ ਮਿਲੇ, ਅਸੀਂ ਫਖਰ ਨਾਲ ਸਿਰ ਉਚਾ ਕਰਕੇ ਤੁਰਨ ਵਾਲ ਬਣੀਏ। ਗੱਡੀ ਚਾਲ੍ਹ ਵਿਚ ਖੁੱਭੀ ਖੜੀ ਹੈ, ਤੁਹਾਡ ਧੱਕੇ ਬਿਨਾਂ ਬਾਹਰ ਨਹੀਂ ਨਿਕਲਦੀ, ਕਿਉਂਕਿ ਤੁਸੀਂ ਸਰਮਾਏ ਤੇ ਸਿਆਣਪ ਦੇ ਸਮਰੱਥ ਹੋ। ਥੋੜਾ ਲੰਮੀ ਸੋਚ ਕੇ ਦੱਸੋ, ਮੁਰਦਾਗਣ ਹੋ ਜਾਣ ਨਾਲ ਤੁਹਾਡੀ ਸਿਆਣਪ ਤੇ ਸਰਮਾਏ ਦੀ ਕੀ ਅਹਿਮੀਅਤ ਰਹਿ ਜਾਵਗੀ ? ਯਾਦ ਰਹੇ, ਇਜ਼ਰਾਈਲੀਆਂ ਦਾ ਕੌਮੀ ਘਰ ਬਾਹਰਲੇ ਸਰਮਾਏ ਤੇ ਸਿਆਣਪ ਨੇ ਹੀ ਸਿਰ ਚਾੜਿਆ ਹੈ। ਨਹਿਰੂ ਦੀ ਲਾਡਲੀ ਨੇ ਨੀਲਾ ਤਾਰਾ ਦੀ ਕਤਲਾਮ ਨਾਲ ਚੰਦ ਚਾੜਣ ਵਾਲਾ ਰਿਕਾਰਡ ਹੀ ਸਿਰ ਲਾ ਦਿਤਾ। ਇਤਿਹਾਸਕ ਹੈਰਾਨੀ, ਕਾਂਗਰਸੀ ਤੇ ਕਮਿਊਨਿਸਟ ਸਿੱਖਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਹਮਲੇ ਦੀ ਵਧਾਈ ਦਿੰਦਿਆਂ ਇੰਦਰਾ ਨੂੰ ਆਖਿਆ: ‘‘ਇਹ ਹਮਲਾ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ।’’
ਅਕਾਲੀ ਸਿਆਸਤ ਭਾਜਪਾ ਦੀ ਬੁੱਕਲ ਵਿਚ ਦਮ ਘੁੱਟ ਕ ਮਰੇਗੀ। ਭਾਜਪਾ ਵਾਲੇ ਜਥੇਦਾਰਾਂ ਨੂੰ ਇਉਂ ਪਲੋਸ ਰਹੇ ਹੈ, ਜਿਵੇਂ ਕੁਰਬਾਨੀ ਵਾਲੇ ਬੱਕਰੇ ਨੂੰ ਸਾਂਭਿਆਂ ਜਾਦਾਂ ਹੈ, ਅਕਾਲੀਆਂ ਦੀ ਅਕਲ ਦੇ ਗੋਡ ਈ ਖੜੇ ਨਹੀਂ ਹੁੰਦੇ, ਛਾਲ ਕਿਥੋਂ ਮਾਰਨਗੇ ? ਤੁਸੀਂ ਇਹਨਾਂ ਦੀ ਸੰਤਾਲੀ ਤੋਂ ਲੈ ਕੇ ਹੁਣ ਤੱਕ ਦੀ ਕਾਰਗੁਜ਼ਾਰੀ ਦੇ ਨਤੀਜ ਵੇਖ ਕੇ ਹੀ ਅਨੁਮਾਨ ਲਾ ਲਵੋ। ਅਗਵਾਈ, ਦਲਰੀ, ਗੈਰਤ ਅਤ ਸੂਝ ਢੱਠ ਖੂਹ ਪੈ ਗਈਆਂ। ਇਹਨਾਂ ਨੂੰ ਜੁੰਮਵਾਰੀ ਦੇ ਕੇ ਹੋਰ ਅੱਗੇ ਲਾਉਗੇ, ਨਤੀਜੇ ਸਿਫਰਾਂ ਨੂੰ ਵੀ ਸ਼ਰਮਸ਼ਾਰ ਕਰ ਜਾਣਗ। ਵਾਸਤਾ ਏ ਗੁਰੂ ਦਾ, ਠੰਡੀ ਸੁਆਹ ਵਿਚ ਕੋਈ ਦਮ ਦਾ ਚੰਗਿਆੜਾ ਨਹੀਂ, ਕੌਮ ਦੀ ਵਾਗਡੋਰ ਸੰਭਾਲ ਲਵੋ। ਹਾਲੇ ਵਸਦੇ ਰਹਿ ਜਾਵਾਂਗ। ਗੁਰੂ ਸਿਧਾਂਤ ਬਚਾ ਲਿਆ, ਸਮਝੋ ਕੌਮ ਬਚ ਗਈ।
ਮੇਰੀ ਬੇਨਤੀ ਹੈ ਕਿ ਹਥਿਆਰਬੰਦ ਇਨਕਲਾਬ ਨੂੰ ਦਿਮਾਗ ਵਿਚੋਂ ਛਾਣ ਸੁੱਟੋ। ਆਰਥਿਕ ਕਮਜ਼ੋਰੀਆਂ ਮਨੁੱਖ ਨੂੰ ਸਬੂਤਾ ਬੰਦਾ ਨਹੀਂ ਰਹਿਣ ਦਿੰਦੀਆਂ। ਕਈ ਵਾਰ ਰੱਜਿਆਂ ਦੀ ਲਾਲਸਾ ਵੀ ਅਸਮਾਨ ਨੂੰ ਪਹੁੰਚੀ ਹੁੰਦੀ ਐ। ਦੇਸ਼ਭਗਤੀ ਨੂੰ ਦਾਗ ਲੱਗਿਆ ਨਹੀਂ ਤੇ ਤਹਿਰੀਕ ਦਾ ਬੇੜਾ ਗਰਕ ਹੋਇਆ ਨਹੀਂ। ਐਗਜ਼ੈਕਟਿਵ ਦੇ ਸਾਰੇ ਮੈਂਬਰ ਸ੍ਰੀ ਅਕਾਲ ਤਖਤ ਦੇ ਪਾਸ ਕੀਤੇ ਸਪੁੱਤਰ ਹੋਣ। ਮੈਨੂੰ ਵਿਸ਼ਵਾਸ਼ ਹੈ, ਭਰੋਸਾ ਹੈ, ਲਹੂ ਵਹਾਏ ਬਿਨਾਂ ਵੀ ਅਸੀਂ ਕੌਮੀ ਘਰ ਉਸਾਰ ਸਕਦੇ ਹਾਂ। ਬੱਸ ਸਾਡੇ ਕੋਲ ਸੂਝ, ਸੰਜਮ ਅਥਾਹ ਚਾਹੀਦਾ ਹੈ। ਸਾਨੂੰ ਏਕਤਾ ਸ਼ਕਤੀ ਦੀ ਸੁਜੋਗ ਵਰਤੋਂ ਵੀ ਚਾਹੀਦੀ ਹੈ। ਮਸ਼ੀਨੀ ਸ਼ਕਤੀ ਨੂੰ ਚਲਾਉਣ ਵਾਲੇ ਕਿੰਨੇ ਹੀ ਕਲ-ਪੁਰਜ਼ੇ ਹੁੰਦੇ ਹਨ। ਉਹਨਾਂ ਨੂੰ ਸਾਰਥਕ ਤਰਤੀਬ ਦੇਣ ਦਾ ਵੀ ਗਿਆਨ ਬਰਾਬਰ ਚਾਹੀਦਾ ਹੈ। ਸਾਡਾ ਜ਼ਜ਼ਬਾਤੀ ਜ਼ੋਰ, ਹੁਣ ਤੱਕ ਦਾਅ-ਪੇਚਾਂ ਬਿਨਾਂ ਮਾਰ ਖਾਦਾਂ ਰਿਹਾ ਹੈ, ਲਹੂ ਦਾ ਦਬਾਅ ਘਟ, ਤਦ ਵੀ ਮੋਤ ਜੇ ਵੱਧ ਜਾਵੇ ਫਿਰ ਵੀ ਸਿਆਪਾ। ਕੌਮੀ ਘਰ ਤੁਸੀਂ ਤਹਿਰੀਕ ਚਾਲੂ ਕਰਨੀ ਹੈ ਤੇ ਤਾਰੀਕ ਦੀਆਂ ਪਾਸਵਾਨੀਆਂ ਨੂੰ ਬਰਾਬਰ ਦੀ ਤਰਤੀਬ ਦੇਣੀ ਪਵਗੀ। ਇਹ ਚਲਤ ਦਬਾਅ ਬਰਾਬਰ ਰੱਖਣ ਲਈ ਮਾਹਰ ਡਾਕਟਰਾਂ, ਇੰਜਨੀਅਰਾਂ ਤ ਡਰਾਈਵਰਾਂ ਦੀ ਲੋੜ ਹੈ।
‘‘ਕੌਮੀ ਘਰ ਦੀ ਲੋੜ ਲਈ ਮੈਂ ਕਈ ਅਵਾਜਾਂ ਮਾਰ ਰਿਹਾਂ, ਬਾਪੂ ਪੰਜਾਬ, ਹਾਲ ਦੁਹਾਈ ਪਾ ਰਿਹਾ ਹੈ ਤੁਸੀਂ ਕਿਹੜੇ ਨਸ਼ਿਆਂ ਦੇ ਲਾਹਨਤੀ ਵਹਿਣਾਂ ਵਿਚ ਪੈ ਗਏ। ਪੰਜਾਬ ਛੱਡ ਜਾਣ ਵਾਲਿਉ, ਡਾਲਰਾਂ ਨਾਲ ਵਿਆਹ ਕਰਵਾ ਕੇ ਵੀ ਰੰਡੇ ਹੀ ਰਹੋਗੇ। ਮੈਂ ਮਰ ਰਿਹਾ ਹਾਂ, ਮੂੰਹ ਵੀ ਨਹੀਂ ਦਿਖਾਉਗੇ ?’’ ਖੁਰਦਾ ਮਰਦਾ ਪੰਜਾਬ।
ਸਾਡੇ ਕੋਲ ਸੂਝ, ਕੁਰਬਾਨੀ, ਦਲੇਰੀ ਤੇ ਹੋਂਸਲੇ ਆਦਿ ਦੀ ਘਾਟ ਨਹੀਂ। ਤੁਸੀਂ ਜੇ ਹੱਥ ਮਿਲਾ ਲਵੋ, ਡੁੱਬਦੇ ਨਹੀਂ, ਛੱਤੀ ਪਤਨਾਂ ਦੇ ਤਾਰੂ ਬਣ ਸਕਦੇ ਹਾਂ। ਤੁਹਾਡੇ ਨਾਲ ਸੋਨਾ, ਉਂਜ ਮਿੱਟੀ ਵੀ ਨਹੀਂ। ਗੁਰੂ ਦੇ ਇਤਿਹਾਸ, ਸਭਿੱਆਚਾਰ ਅਤੇ ਆਪਣੀਆਂ ਰਵਾਇਤਾਂ ਨੂੰ ਸਾਲਮ ਜਿਉਂਦੀਆਂ ਰੱਖ ਸਕਦੇ ਹਾਂ। ਜੇ ਅਸੀਂ ਜੁੜ ਕੇ ਇਕ ਤੋਂ ਗਿਆਰਾਂ ਹੋ ਜਾਈਏ। ਮੀਟਿੰਗਾਂ ਵਿਚ ਛਾਨਣੀ ਹਲਾਓ, ਬੂਰ ਪਾਸੇ, ਤੱਤ ਪਾਸੇ। ਇਸ ਤੱਤ ਨੂੰ ਜੋੜ ਕੇ ਸ੍ਰੀ ਅਕਾਲ ਤਖਤ ਲਿਆਓ। ਪ੍ਰਤਿਗਿਆ ਕਰੋ, ‘‘ਗੁਰੂ! ਸਾਨੂੰ ਅਸ਼ੀਰਵਾਦ ਦੇ, ਅਸੀਂ ਕੌਮੀ ਘਰ ਹਾਸਲ ਕਰਨ ਵਿਚ ਸਫਲ
ਹੋਈਏ। ਗੁਰੂ ਸਿਧਾਂਤ ਨਾਲ ਸ਼ਹੀਦ ਪੁਰਖਿਆਂ ਦੇ ਇਤਿਹਾਸ ਨੂੰ ਭਗਵਾਂਕਰਨ ਤੋਂ ਬਚਾਅ ਸਕੀਏ। ਦੁਰਗੰਧ ਨੂੰ ਮਿਟਾ ਕੇ ਸਰਬੱਤ ਦੇ ਭਲੇ ਦੀ ਸੁਗੰਧ ਸਾਰੇ ਸੰਸਾਰ ਨੂੰ ਦੇ ਸਕੀਏ।’’
ਬੱਸ ਕੌਮੀ ਘਰ ਦਾ ਮੁੱਢ ਨਿਆਰਾ ਅਖਬਾਰ ਹੀ ਬੰਨ੍ਹ ਸਕਦਾ ਹੈ, ਤੇ ਇਹ ਅਖਬਾਰ ਬਾਹਰਲਿਓ, ਤੁਹਾਡੀ ਹਿੰਮਤ ਤੇ ਦਲਰੀ ਨਾਲ ਹੀ ਚਾਲੂ ਹੋ ਸਕਦਾ ਹੈ, ਇਸਦੇ ਚਾਲੂ ਹੋਣ ਨਾਲ ਹੀ ਕੌਮੀ ਘਰ ਦੀ ਬੁਨਿਆਦ ਰੱਖੀ ਜਾਣੀ ਹੈ। ਇਹ ਤਾਰੀਖੀ ਸਿਹਰਾ ਬਾਹਰਲਿਓ ਆਪਣ ਸਿਰ ਬੰਨ੍ਹ ਲਓ। ਪੰਜਾਬ ਦੇ ਜਿਉਂਦੇ ਰਹਿਣ ਦੀਆਂ ਅਸੀਸਾਂ ਲੈ ਲਓ। ਵਰਨਾਂ ਸਾਰਾ ਵਿਰਸਾ ਫਨਾਹ ਹੋਣ ਜਾ ਰਿਹਾ ਹੈ।
‘‘ਕੌਮੀ ਵਸੀਹਤ’’ ਵਿਚੋਂ ਧੰਨਵਾਦ ਸਹਿਤ
ਪੇਸ਼ਕਸ਼-ਗੁਰਿੰਦਰ ਸਿੰਘ ਮਹਿੰਦੀਰੱਤਾ
ਫੋਨ : 98728-10153