Subscription About Us Contact Us


ਹਿੰਦੂ ਸੰਗਠਨਾਂ ਵੱਲੋਂ ਨਾਂਦੇੜ ਵਿੱਚ ਬੰਬ ਬਣਾਉਣ ਅਤੇ ਸਿੱਖਾਂ-ਮੁਸਲਮਾਨਾਂ ਵਿਚਕਾਰ ਫਸਾਦ ਕਰਵਾਉਣ ਦੀ ਸਾਜਿਸ਼ ਦਾ ਪਰਦਾਫਾਸ਼

- ਪੀ.ਯੂ.ਸੀ.ਐਲ. ਰਿਪੋਰਟ -

ਮਹਾਂਰਾਸ਼ਟਰ ਸੂਬੇ ਦੇ ਅੱਤਵਾਦ-ਵਿਰੋਧੀ ਦਸਤੇ (ਏ.ਟੀ.ਐਸ.) ਵੱਲੋਂ ਮਾਲੇਗਾਉਂ ਬੰਬ ਧਮਾਕਿਆਂ ਦੇ ਸਿਲਸਿਲੇ ਵਿੱਚ ਕੁਝ ਹਿੰਦੂ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਉਪਰੰਤ ਸਾਰੇ ਦੇਸ਼ ਵਿੱਚ ਹਾਹਾਕਾਰ ਮਚੀ ਹੋਈ ਹੈ। ਜਿੱਥੇ ਹਿੰਦੂਵਾਦੀ ਮੀਡੀਆ ਇਸ ਘਟਨਾਕ੍ਰਮ ਨੂੰ ਇਕ ‘ਹੈਰਾਨੀਜਨਕ ਤੱਥ’ ਵਜੋਂ ਪੇਸ਼ ਕਰ ਰਿਹਾ ਹੈ, ਉੱਥੇ ਸੰਘ ਪਰਵਾਰ ਦੇ ਸੰਗਠਨ ਇਸ ਸਭ ਲਈ ‘ਕੁਝ ਵਿਅਕਤੀਆਂ ਦੀ ਨਿਜੀ ਕਾਰਵਾਈ, ਜਿਨ੍ਹਾਂ ਲਈ ਹਿੰਦੂ ਸਮਾਜ ਦੋਸ਼ੀ ਨਹੀਂ’ ਦੀ ਸਫਾਈ ਪੇਸ਼ ਕਰ ਰਹੇ ਹਨ। ਪਰ ਹਿੰਦੂ ਸੰਗਠਨਾਂ ਦੇ ਕਾਰਕੁੰਨਾਂ ਵੱਲੋਂ ਘੱਟ-ਗਿਣਤੀ ਕੌਮਾਂ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਨੀਤੀ ਕੋਈ ਅਚਾਨਕ ਹੀ ਸਾਹਮਣੇ ਨਹੀਂ ਆਈ ਹੈ। ਅਦਾਰਾ ਇੰਡੀਆ ਅਵੇਅਰਨੈੱਸ ਨੇ ਨਿਰਪੱਖ ਖੋਜੀ ਪੱਤਰਕਾਰਤਾ ਦੀਆਂ ਲੀਹਾਂ ’ਤੇ ਚਲਦਿਆਂ ਭਾਰਤ ਦੇ ਮੰਨੇ-ਪ੍ਰਮੰਨੇ ਮਨੁੱਖੀ ਅਧਿਕਾਰ ਸੰਗਠਨ ‘ਪੀਪਲਜ਼ ਯੂਨੀਅਨ ਫਾਰ ਸਿਵਿਲ ਲਿਬਰਟੀਜ਼’ (ਪੀ.ਯੂ.ਸੀ.ਐਲ.) ਦੇ ਸਹਿਯੋਗ ਨਾਲ, ਹਿੰਦੂ ਅੱਤਵਾਦੀਆਂ ਵੱਲੋਂ ਬੰਬ ਬਣਾਏ ਜਾਣ ਦੀਆਂ ਕਾਰਵਾਈਆਂ ਦਾ ਦੋ ਸਾਲ ਤੋਂ ਵੀ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਸੀ। ਪਾਠਕਾਂ ਦੀ ਜਾਣਕਾਰੀ ਵਾਸਤੇ ਅਗਸਤ 2006 ਪ੍ਰਕਾਸ਼ਿਤ ਕੀਤੇ ਗਏ ਇਸ ਲੇਖ ਦਾ ਮੁੜ ਤੋਂ ਪ੍ਰਕਾਸ਼ਨ ਕੀਤਾ ਜਾ ਰਿਹਾ ਹੈ, ਤਾਂ ਜੋ ਪਾਠਕ ਹਿੰਦੂ ਅੱਤਵਾਦੀਆਂ ਦੀਆਂ ਯੋਜਨਾਬੱਧ ਅੱਤਵਾਦੀ ਸਾਜਿਸ਼ਾਂ ਬਾਰੇ ਖ਼ੁਦ ਜਾਣਕਾਰੀ ਗ੍ਰਹਿਣ ਕਰ ਸਕਣ।

ਨਾਂਦੇੜ (ਮਹਾਂਰਾਸ਼ਟਰ) ਦੇ ਇਕ ਆਰ.ਐਸ.ਐਸ. ਕਾਰਕੁੰਨ ਦੇ ਘਰ ਵਿਖੇ ਹੋਏ ਬੰਬ ਧਮਾਕੇ ਦੀ ਖ਼ਬਰ, ਨਾਂਦੇੜ ਤੋਂ ਬਾਹਰ ਦੇ ਕਿਸੇ ਅਖ਼ਬਾਰ ਨੇ ਪ੍ਰਕਾਸ਼ਿਤ ਨਹੀਂ ਕੀਤੀ। ਸਾਨੂੰ ਨਾਗਪੁਰ ਵਿੱਚ ਇਸ ਧਮਾਕੇ ਦੀ ਖ਼ਬਰ ਮੁੰਬਈ ਦੇ ਫਿਰਕਾਪ੍ਰਸਤੀ-ਵਿਰੋਧੀ ਕਾਰਕੁੰਨ ਰਾਮ ਪੁਨਿਆਣੀ ਤੋਂ ਮਿਲੀ, ਜਿਨ੍ਹਾਂ ਨੇ ਸਾਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਸੁਝਾਅ ਦਿੱਤਾ ਕਿ ਤੱਥਾਂ ਨੂੰ ਜਾਣਨ ਲਈ ਇਕ ‘ਤੱਥ-ਪੜਚੋਲ ਕਮੇਟੀ’ ਨੂੰ ਤੁਰੰਤ ਨਾਂਦੇੜ ਜਾਣਾ ਚਾਹੀਦਾ ਹੈ।

ਅਸੀਂ ਧਰਮ ਨਿਰਪੱਖ ਨਾਗਰਿਕ ਮੰਚ, ਨਾਗਪੁਰ ਦੇ ਤਿੰਨ ਕਾਰਕੁੰਨ - ਡਾ: ਸੁਰੇਸ਼ ਖੈਰਨਾਰ, ਅਹਿਮਦ ਕਾਦਿਰ ਅਤੇ ਅਰਵਿੰਦਰ ਘੋਸ਼ 22 ਅਪ੍ਰੈਲ 06 ਨੂੰ ਸਵੇਰੇ 10 ਵਜੇ ਨਾਂਦੇੜ ਲਈ ਨਿਕਲੇ ਅਤੇ ਸ਼ਾਮ 6 ਵਜੇ ਤੱਕ ਉੱਥੇ ਪਹੁੰਚ ਗਏ। ਅਸੀਂ ਨਾਂਦੇੜ ਪਹੁੰਚਣ ਦੇ ਥੋੜੀ ਦੇਰ ਬਾਅਦ ਹੀ ਬੰਬ ਧਮਾਕੇ ਵਾਲੀ ਥਾਂ ’ਤੇ ਪਹੁੰਚ ਗਏ।

ਇਹ ਘਰ ਨਾਂਦੇੜ ਦੀ ਸੰਘਣੀ ਅਬਾਦੀ ਵਾਲੇ ਖੇਤਰ ‘ਤਰੋਦਾ ਬੁਦਰੁਕ ਊਪਾਨਗਰ’ ਖੇਤਰ ਦੇ ਪਟਬੰਧਾਰੇ ਨਗਰ ਵਿੱਚ ਸਥਿਤ ਹੈ। ਇਹ 3000 ਵਰਗ ਫੁੱਟ ਖੇਤਰ ਵਿੱਚ ਬਣਿਆ ਦੋ-ਮੰਜ਼ਿਲੀ ਆਲੀਸ਼ਾਨ ਮਕਾਨ ਹੈ, ਜਿਸਨੂੰ ਧਮਾਕੇ ਵਾਲੇ ਦਿਨ ਤੋਂ ਪੁਲਿਸ ਨੇ ਬਾਹਰੋਂ ਤਾਲਾ ਲਗਾਇਆ ਹੋਇਆ ਹੈ। ਘਰ ਦੀ ਨੇਮ-ਪਲੇਟ ’ਤੇ ਮਕਾਨ ਮਾਲਕ ਦਾ ਨਾਂ ਲਕਸ਼ਮਣ ਰਾਜਕੋਂਡਵਾਰ, ਸਿੰਚਾਈ ਵਿਭਾਗ ਵਿੱਚ ਸਾਬਕਾ ਐਗਜ਼ੈਕਟਿਵ ਇੰਜੀਨੀਅਰ ਵਜੋਂ ਲਿਖਿਆ ਹੋਇਆ ਸੀ। ਇਹ ਵਿਅਕਤੀ ਆਰ.ਐਸ.ਐਸ. ਦੇ ਕਾਰਕੁੰਨ ਵਜੋਂ ਸ਼ਹਿਰ ਵਿੱਚ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ। ਘਰ ਦੀਆਂ ਦੀਵਾਰਾਂ ’ਤੇ ਦੋ ਵੱਡੀਆਂ ਤਸਵੀਰਾਂ ਬਣੀਆਂ ਹੋਈਆਂ ਹਨ - ਇਕ ਭਗਵਾਨ ਰਾਮ ਦੀ ਅਤੇ ਦੂਜੀ ਹਨੂੰਮਾਨ ਦੀ। ਘਰ ਦੀ ਛੱਤ ’ਤੇ ਬਜਰੰਗ ਦਲ ਦਾ ਝੰਡਾ ਲਹਿਰਾ ਰਿਹਾ ਸੀ।

(ਘਰ ਨੂੰ ਵੇਖਕੇ) ਮਨ ਵਿੱਚ ਪਹਿਲਾ ਸਵਾਲ ਇਹੀ ਪੈਦਾ ਹੁੰਦਾ ਹੈ ਕਿ ਬੰਬ ਬਣਾਉਣ ਜਿਹੀ ਕੁਟਿਲ ਅਤੇ ਖੁਫੀਆ ਕਾਰਵਾਈ ਲਈ ਕੋਈ ਵਿਅਕਤੀ ਅਜਿਹੇ ਮੰਨੇ-ਪ੍ਰਮੰਨੇ ਘਰ ਦਾ ਉਪਯੋਗ ਕਿਉਂ ਕਰੇਗਾ, ਜਿਹੜਾ ਸੰਘ ਪਰਿਵਾਰ ਦੇ ਵਿਅਕਤੀ ਦੇ ਘਰ ਵਜੋਂ ਦੂਰੋਂ ਹੀ ਪਛਾਣਿਆ ਜਾ ਸਕਦਾ ਹੈ। ਇਸ ਸਵਾਲ ਦੀ ਇਕ-ਮਾਤਰ ਪ੍ਰਸ਼ੰਸਾਯੋਗ ਜਵਾਬ ਇਹੀ ਹੋ ਸਕਦਾ ਹੈ ਕਿ ਇਕ ਇੱਜ਼ਤਦਾਰ ਵਿਅਕਤੀ ਦਾ ਪ੍ਰਸਿੱਧ ਘਰ ਅਜਿਹੀਆਂ ਕਾਰਵਾਈਆਂ ’ਤੇ ਪਰਦਾ ਪਾਉਣ ਲਈ ਬੜਾ ਲਾਭਕਾਰੀ ਸਿੱਧ ਹੋ ਸਕਦਾ ਹੈ। ਪੁੱਤਰ ਦਾ ਪਟਾਖੇ ਵੇਚਣ ਦਾ ਵਪਾਰ, ਬੰਬ ਬਣਾਉਣ ਦੀ ਗਤੀਵਿਧੀ ਨੂੰ ਦੁਹਰਾ ਨਕਾਬ ਪ੍ਰਦਾਨ ਕਰਦਾ ਸੀ।

ਨਾਂਦੇੜ ਦੇ ਇਕ ਹਿੰਦੂ ਅੱਤਵਾਦੀ ਦੇ ਘਰ ਬੰਬ ਬਣਾਉਂਦਿਆਂ ਸਮੇਂ ਗਲਤੀ ਨਾਲ ਹੋਏ ਵਿਸਫੋਟ ਕਾਰਨ ਹੋਈ ਤਬਾਹੀ ਦੀ ਇਕ ਫਾਈਲ ਤਸਵੀਰ

ਜਿਨ੍ਹਾਂ ਗੁਆਂਢੀਆਂ ਨੂੰ ਅਸੀਂ ਮਿਲੇ, ਉਨ੍ਹਾਂ ਨੇ ਘਟਨਾ ਬਾਰੇ ਚੁੱਪ ਧਾਰੀ ਹੋਈ ਸੀ ਅਤੇ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੇ ਸਨ, ਸਿਵਾਏ ਇਸਦੇ ਕਿ 6 ਅਪ੍ਰੈਲ ਦੇ ਸਵੇਰੇ 1.30 ਵਜੇ ਉਹ ਬਹੁਤ ਤੇਜ਼ ਧਮਾਕੇ ਦੀ ਅਵਾਜ਼ ਨਾਲ ਜਾਗ ਗਏ ਸਨ ਅਤੇ ਇਸ ਧਮਾਕੇ ਦੇ ਪ੍ਰਭਾਵ ਕਾਰਨ ਉਨ੍ਹਾਂ ਦੇ ਘਰਾਂ ਦੀਆਂ ਖਿੜਕੀਆਂ ਖੁਦ-ਬ-ਖੁਦ ਖੁੱਲ੍ਹ ਗਈਆਂ ਸਨ। ਜਦੋਂ ਅਸੀਂ ਪੁੱਛਿਆ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਪੜੋਸੀ ਨੂੰ ਸਾਹਮਣੇ ਵਾਲੇ ਘਰ ਦੀਆਂ ਗਤੀਵਿਧੀਆਂ ਬਾਰੇ ਬਿਲਕੁਲ ਭਿਣਕ ਨਾ ਹੋਵੇ ਤਾਂ ਉਸਨੇ ਕਿਹਾ ਕਿ ਤੁਸੀਂ ਇਕ ਪੜੋਸੀ ਦੇ ਸਾਹਮਣੇ ਸਾਰੀ ਜ਼ਿੰਦਗੀ ਰਹਿ ਸਕਦੇ ਹੋ ਪਰ ਫਿਰ ਵੀ ਜ਼ਰੂਰੀ ਨਹੀਂ ਕਿ ਤੁਸੀਂ ਉਸਦੇ ਬਾਰੇ ਇਕ ਗੱਲ ਵੀ ਜਾਣ ਸਕੋ। ਪਰ ਉਸਨੇ ਇਹ ਜ਼ਰੂਰ ਕਿਹਾ ਕਿ ਉਸਦੇ ਪੜੋਸੀ ਬਹੁਤ ਸੱਭਿਅ, ਧਾਰਮਿਕ ਅਤੇ ਇੱਜ਼ਤਦਾਰ ਵਿਅਕਤੀ ਸਨ। ਉਸਨੇ ਸਾਨੂੰ ਇਹ ਵੀ ਦੱਸਿਆ ਕਿ ਉਸਦੇ ਘਰ ਤੋਂ ਅਗਲੇ ਘਰ ਵਿੱਚ ਇਕ ਪੁਲਿਸ ਕਾਂਸਟੇਬਲ ਰਹਿੰਦਾ ਸੀ, ਜਿਸਨੇ ਧਮਾਕੇ ਬਾਰੇ ‘ਭਾਗਯ ਨਗਰ’ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਕੀਤੀ ਸੀ।

ਇਸ ਤੋਂ ਬਾਅਦ ਅਸੀਂ ਭਾਗਯ ਨਗਰ ਦੇ ਪੁਲਿਸ ਸਟੇਸ਼ਨ ਗਏ, ਜੋ ਰਾਜਕੋਂਡਵਾਰ ਦੇ ਘਰ ਤੋਂ ਮਾਮੂਲੀ ਜਿਹੀ ਦੂਰੀ ’ਤੇ ਸਥਿਤ ਹੈ। ਪਰ ਪੁਲਿਸਕਰਮੀਆਂ ਨੇ ਇਹ ਕਹਿਕੇ ਸਾਡੇ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਸਬ-ਇੰਸਪੈਕਟਰ ਸ੍ਰੀਕਾਂਤ ਮਹਾਜਨ, ਜੋ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਪੁਲਿਸ ਸਟੇਸ਼ਨ ਵਿੱਚ ਮੌਜੂਦ ਨਹੀਂ ਸਨ। ਉਨ੍ਹਾਂ ਦੇ ਮੋਬਾਇਲ ਫੋਨ ਰਾਹੀਂ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਜਿਹੜੇ ਪੁਲਿਸਕਰਮੀ ਥਾਣੇ ਵਿੱਚ ਮੌਜੂਦ ਸਨ, ਉਨ੍ਹਾਂ ਨੇ ਘਟਨਾ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਪੁਲਿਸ ਸਟੇਸ਼ਨ ਤੋਂ ਅਸੀਂ ‘ਰਾਸ਼ਟਰ ਸੇਵਾ ਦਲ’ ਦੇ ਕਾਰਜਕਾਰੀ ਪ੍ਰਧਾਨ ਰਾਜਾਰਾਮ ਵੱਤਰਾਮ ਦੇ ਘਰ ਗਏ, ਜੋ ਸਮਾਜਿਕ ਪਿੱਠਭੂਮੀ ਵਾਲੇ ਇਕ ਰਿਟਾਇਰਡ ਪ੍ਰੋਫੈਸਰ ਹਨ। ਉਨ੍ਹਾਂ ਨੇ ਸਾਡੀ ਟੀਮ ਨੂੰ ਪਹਿਲਾ ਸਵਾਲ ਇਹ ਪੁੱਛਿਆ ਕਿ ਸਾਡਾ ਉਦੇਸ਼ ਕੀ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਘਟਨਾ ਵਿੱਚ ਨਿਰਦੋਸ਼ ਲੋਕਾਂ ਨੂੰ ਨਹੀਂ ਫਸਾਇਆ ਜਾਣਾ ਚਾਹੀਦਾ ਅਤੇ ਆਸ ਕੀਤੀ ਕਿ ਅਸੀਂ ਇਸੇ ਉਦੇਸ਼ ਨਾਲ ਨਾਂਦੇੜ ਆਏ ਸੀ। ਰਾਜਾਰਾਮ ਮੁਤਾਬਿਕ ਲਛਮਣ ਰਾਜਕੋਂਡਵਰ ਇਕ ਚੰਗਾ, ਬਹੁਤ ਧਾਰਮਿਕ ਅਤੇ ਇੱਜ਼ਤਦਾਰ ਵਿਅਕਤੀ ਸੀ। ਉਹ (ਰਾਜਕੋਂਡਵਰ) ਆਪਣੀ ਪਤਨੀ, ਨੁੰਹ ਅਤੇ ਪੋਤਰੀ ਨਾਲ ਸ਼ਿਰਡੀ ਗਿਆ ਹੋਇਆ ਸੀ, ਜਦ ਉਸਦੇ ਘਰ ਵਿੱਚ ਇਹ ਧਮਾਕਾ ਹੋਇਆ। ਇਹ ਜ਼ਰੂਰ ਕੋਈ ਦੁਰਘਟਨਾ ਹੋਏਗੀ... ਆਦਿ।

ਬੰਬ ਧਮਾਕੇ ਦੀ ਘਟਨਾ ਬਾਰੇ ਰਾਜਾਰਾਮ ਵੱਤਰਾਮ, ਜੋ ਕਥਿਤ ਤੌਰ ’ਤੇ ਸੰਘ ਪਰਿਵਾਰ ਦਾ ਪਰਦਾਫਾਸ਼ ਕਰਨ ਵਾਲੇ ਸੰਗਠਨ ਦਾ ਪ੍ਰਧਾਨ ਵੀ ਹੈ, ਦੇ ਵਿਚਾਰ ਹਿੰਦੂ ਬਿਰਾਦਰੀ ਦਾ ਫਿਰਕਾਪ੍ਰਸਤ ਪੱਖਪਾਤ ਦਰਸਾਉਂਦੇ ਹਨ। ਪਰ ਉਹ ਏਨਾ ਚੰਗਾ ਜ਼ਰੂਰ ਸੀ ਕਿ ਉਸਨੇ ਸਾਨੂੰ ਬੰਬ ਧਮਾਕੇ ਦੇ ਅਗਲੇ ਕੁਝ ਦਿਨਾਂ ਦੀਆਂ ਸਥਾਨਕ ਅਖਬਾਰਾਂ ਦੀਆਂ ਪ੍ਰਤੀਆਂ ਦੇ ਦਿੱਤੀਆਂ। ਉਸਨੇ ਸਾਨੂੰ ਇਕ ਸਥਾਨਕ ਅਖਬਾਰ ਦੇ ਸੰਪਾਦਕ ਨਾਲ ਸੰਪਰਕ ਕਰਨ ਵਿੱਚ ਵੀ ਮਦਦ ਕਰ ਦਿੱਤੀ। ਇਨ੍ਹਾਂ (ਛੋਟੀਆਂ) ਸਥਾਨਕ ਅਖ਼ਬਾਰਾਂ ਅਤੇ ਸਥਾਨਕ ਪ੍ਰਸਿੱਧ ਅਖ਼ਬਾਰ ‘ਪ੍ਰਜਾ ਵਾਣੀ’, ਅਤੇ ਇਸਦੇ ਸੰਪਾਦਕ ਅਤੇ ਪੱਤਰਕਾਰ ਨਾਲ ਗੱਲਬਾਤ ਰਾਹੀਂ ਅਸੀਂ ਬੰਬ ਧਮਾਕੇ ਦੀ ਘਟਨਾ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰ ਸਕੇ।

ਘਟਨਾ ਵਾਲੀ ਸਵੇਰ ਦੇ 1.30 ਵਜੇ, ਇੱਕ ਵੱਡੇ ਧਮਾਕੇ ਦੀ ਅਵਾਜ਼ ਸੁਣਕੇ ਅਤੇ ਇਸ ਨਾਲ ਹੋਏ ਭਾਰੀ ਕੰਪਨ (ਜਿਸਨੂੰ ਕਈਆਂ ਨੇ ਗਲਤੀ ਨਾਲ ਭੁਚਾਲ ਸਮਝ ਲਿਆ) ਤੋਂ ਬਾਅਦ ਲੋਕ ਰਾਜਕੋਂਡਵਰ ਦੇ ਘਰ ਵੱਲ ਦੌੜੇ ਅਤੇ ਉਸਦੇ ਘਰ ਤੋਂ ਧੂੰਆਂ ਨਿਕਲਦਾ ਵੇਖਿਆ। ਧਮਾਕੇ ਦਾ ਪ੍ਰਭਾਵ ਏਨਾ ਜ਼ਿਆਦਾ ਸੀ ਕਿ ਘਰ ਦੇ ਕੁਝ ਦਰਵਾਜ਼ੇ ਅਤੇ ਖਿੜਕੀਆਂ 50 ਫੁੱਟ ਦੂਰ ਤੱਕ ਜਾ ਡਿਗੇ। ਮੌਕੇ ਤੇ ਦੋ ਮੁੰਡਿਆਂ ਦੀਆਂ ਲਾਸ਼ਾ ਪਾਈਆਂ ਗਈਆਂ ਜਦਕਿ ਤਿੰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਮਾਰੇ ਗਏ ਮੁੰਡਿਆਂ ਵਿਚੋਂ ਇਕ ਨਰੇਸ਼ ਰਾਜਕੋਂਡਰ (ਉਮਰ 29 ਸਾਲ) ਸੀ, ਜੋ ਲੱਛਮਣ ਰਾਜਕੋਂਡਰ ਦਾ ਪੁੱਤਰ ਅਤੇ ਘਰ ਦਾ ਮਾਲਕ ਸੀ। ਦੂਜੇ ਮੁੰਡੇ ਦਾ ਨਾਂ ਹਿਮਾਂਸ਼ੂ ਵੇਂਕਟੇਸ਼ ਪਾਣਸੇ (ਉਮਰ 31 ਸਾਲ) ਸੀ। ਗੰਭੀਰ ਰੂਪ ਵਿੱਚ ਜ਼ਖ਼ਮੀ ਤਿੰਨ ਵਿਅਕਤੀ ਸਨ : 1) ਯੋਗੇਸ਼ ਰਵਿੰਦਰ ਦੇਸ਼ਪਾਂਡੇ 2) ਮਾਰੂਤੀ ਕਿਸ਼ੋਰ ਵਾਘ 3) ਗੁਰੂਰਾਜ ਜੈਰਾਮ ਤੁਪਤੇਵਰ। ਛੇਵਾਂ ਵਿਅਕਤੀ, ਜੋ ਆਪਣੇ ਜ਼ਖ਼ਮਾਂ ਦੇ ਬਾਵਜੂਦ ਘਟਨਾ-ਸਥਲ ਤੋਂ ਦੌੜ ਗਿਆ, ਦਾ ਨਾਂ ਰਾਹੁਲ ਪਾਂਡੇ ਸੀ। ਪਹਿਲਾਂ-ਪਹਿਲ ਪੁਲਿਸ ਅਤੇ ਪ੍ਰੈੱਸ ਨੇ ਇਹੀ ਐਲਾਨ ਕੀਤਾ ਸੀ ਕਿ ਘਟਨਾ ਦੇ ਸਮੇਂ ਸਿਰਫ਼ 5 ਵਿਅਕਤੀ ਘਰ ਵਿੱਚ ਮੌਜੂਦ ਸਨ। ਅਜਿਹਾ ਜਾਪਦਾ ਹੈ ਕਿ ਜ਼ਖ਼ਮੀ ਤਿੰਨ ਵਿਅਕਤੀਆਂ ਦੀ ਪੁੱਛ-ਪੜਤਾਲ ਦੇ ਬਾਅਦ ਹੀ ਉਨ੍ਹਾਂ ਨੂੰ ਰਾਹੁਲ ਪਾਂਡੇ ਬਾਰੇ ਪਤਾ ਚੱਲਿਆ, ਜੋ ਆਪਣੇ ਜ਼ਖ਼ਮਾਂ ਦੇ ਇਲਾਜ ਵਾਸਤੇ ਘਟਨਾ-ਸਥਲ ਤੋਂ ਮੋਟਰ-ਸਾਈਕਲ ਉੱਤੇ, ਪਹਿਲਾਂ ਉਮਰਖੇੜ ਅਤੇ ਫਿਰ ਪੁਸਾਡ ਗਿਆ। ਉਸਨੇ ਡਾਕਟਰਾਂ ਨੂੰ ਦੱਸਿਆ ਕਿ ਉਸਦੇ ਸਰੀਰ ’ਤੇ ਜ਼ਖ਼ਮ (ਰਸੋਈ ਗੈਸ) ਸਿਲੈਂਡਰ ਫਟਣ ਨਾਲ ਹੋਏ ਸਨ। ਉਸਨੂੰ ਬਾਅਦ ਵਿੱਚ ਪੁਸਾਡ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ।

ਅਗਲੀ ਸਵੇਰ ਦੀਆਂ ਅਖ਼ਬਾਰਾਂ ਵਿੱਚ ਜੋ ਖ਼ਬਰ ਛਪੀ ਉਹ ਇਹ ਸੀ ਕਿ ਪਟਾਖਿਆਂ ਦੇ ਪਰਿਵਾਰਿਕ ਵਪਾਰ ਕਾਰਨ ਘਰ ਵਿੱਚ ਸਟੋਰ ਕੀਤੇ ਗਏ ਪਟਾਖਿਆਂ ਵਿੱਚ ਅਚਾਨਕ ਅੱਗ ਲੱਗ ਜਾਣ ਨਾਲ ਇਹ ਧਮਾਕਾ ਹੋਇਆ ਸੀ। ਪਰ ਇਸ ਮਾਮਲੇ ਵਿੱਚ ਸ਼ੱਕ ਬਣਿਆ ਰਿਹਾ ਕਿਉਂਕਿ ਜੇਕਰ ਪਟਾਖਿਆਂ ਨੂੰ ਅੱਗ ਲੱਗਦੀ ਤਾਂ ਘੱਟ ਤਾਕਤ ਦੇ ਲੜੀਵਾਰ ਧਮਾਕੇ ਹੁੰਦੇ - ਵੱਡੀ ਤਾਕਤ ਵਾਲਾ ਇਕ ਇਕੱਲਾ ਧਮਾਕਾ ਨਹੀਂ। ਇਸਦੇ ਇਲਾਵਾ, ਘਰ ਨੂੰ ਅੱਗ ਵੀ ਨਹੀਂ ਲੱਗੀ, ਜਿਵੇਂ ਕਿ ਪਟਾਖਿਆਂ ਨਾਲ ਸਬੰਧਿਤ ਦੁਰਘਟਨਾਵਾਂ ਵਿੱਚ ਹੁੰਦਾ ਹੈ। ਪਟਾਖਿਆਂ ਵਾਲੀ ਕਹਾਣੀ ਦਾ 7 ਅਪ੍ਰੈਲ ਦੀ ਸ਼ਾਮ 4 ਵਜੇ ਪੋਸਟ-ਮਾਰਟਮ ਦੀ ਰਿਪੋਰਟ ਸਾਹਮਣੇ ਆਉਣ ਨਾਲ ਭੋਗ ਪੈ ਗਿਆ। ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਮਾਰੇ ਗਏ ਵਿਅਕਤੀਆਂ ਦੇ ਸਰੀਰ ਵਿਚੋਂ ਬੰਬ ਦੇ ਪੁਰਜੇ ਪਾਏ ਅਤੇ ਕੱਢੇ ਗਏ ਸਨ। ਇਹ ਸ਼ੱਕ ਕਿ ਇਹ ਪੁਰਜੇ ਵਾਕਈ ਇਕ ਬੰਬ ਦੇ ਪੁਰਜੇ ਸਨ, 7 ਅਪ੍ਰੈਲ ਦੀ ਰਾਤ ਨੂੰ ਬਿਲਕੁਲ ਪੱਕੀ ਤਰ੍ਹਾਂ ਸਹੀ ਸਾਬਿਤ ਹੋ ਗਿਆ।

ਪੁਲਿਸ ਵੱਲੋਂ ਘਰ ਦੀ ਤਲਾਸ਼ੀ ਅਗਲੇ ਦਿਨ ਵੀ ਜਾਰੀ ਸੀ ਅਤੇ ਰਾਤ ਨੂੰ ਇਕ ਸੋਫੇ ਦੇ ਨੀਚੇ ਇਕ ਜ਼ਿੰਦਾ ‘ਪਾਈਪ-ਬੰਬ’ ਅਤੇ ਬੰਬ ਬਣਾਉਣ ਦਾ ਸਮਾਨ ਬਰਾਮਦ ਹੋਇਆ। ਰਿਪੋਰਟਾਂ ਦੇ ਮੁਤਾਬਿਕ ਇਹ ਬੰਬ, ਸ਼ਹਿਰ ਦੀ ਇਕ ਖੁੱਲੀ ਥਾਂ ’ਤੇ ਲਿਜਾਇਆ ਗਿਆ ਅਤੇ ਬੰਬ-ਵਿਰੋਧੀ ਦਸਤੇ ਦੀ ਮਦਦ ਨਾਲ ਇਸਨੂੰ ਬੇਕਾਰ ਕਰ ਦਿੱਤਾ ਗਿਆ। ਦੂਜੇ ਬੰਬ ਦੀ ਬਰਾਮਦਗੀ ਅਤੇ ਹੋਰ ਅਰੰਭਿਕ ਜਾਂਚ-ਪੜਤਾਲ ਇਹ ਸਪੱਸ਼ਟ ਰੂਪ ਵਿੱਚ ਦਰਸਾਉਂਦੀਆਂ ਹਨ ਕਿ ਘਰ ਵਿੱਚ ਮੌਜੂਦ ਲੋਕ ਇਕ ਹੋਰ ਬੰਬ ਬਣਾ ਰਹੇ ਸਨ, ਜਦ ਪਹਿਲਾ ਬੰਬ ਫੱਟ ਗਿਆ।

ਇਕ ਪੁਲਿਸ ਅਧਿਕਾਰੀ ਨੇ ਕਿਹਾ, ‘‘ਅਸੀਂ ਇਸ ਬਾਰੇ ਜ਼ਿਆਦਾ ਤਦ ਹੀ ਜਾਣ ਪਾਵਾਂਗੇ ਜਦ ਅਸੀਂ ਫੱਟੜਾਂ ਨਾਲ ਗੱਲਬਾਤ ਕਰ ਲਵਾਂਗੇ।’’ ਅਜਿਹੀਆਂ ਰਿਪੋਰਟਾਂ ਮਿਲੀਆਂ ਹਨ ਕਿ ਜ਼ਿੰਦਾ ਬੰਬ ਦੀ ਬਰਾਮਦਗੀ ਤੋਂ ਬਾਅਦ ਘਾਇਲ ਵਿਅਕਤੀਆਂ ਤੇ ਆਰ.ਐਸ.ਐਸ. ਅਤੇ ਬਜਰੰਗ ਦਲ ਦੇ ਕੁਝ ਅਹੁਦੇਦਾਰਾਂ ਦੇ ਘਰਾਂ ’ਤੇ ਛਾਪੇ ਮਾਰੇ ਗਏ ਅਤੇ ਕੁਝ ਦਸਤਾਵੇਜ਼ਾਂ ਨੂੰ ਜ਼ਬਤ ਕਰ ਲਿਆ ਗਿਆ, ਭਾਵੇਂ ਪੁਲਿਸ ਨੇ ਇਨ੍ਹਾਂ ਦਸਤਾਵੇਜਾਂ ਬਾਰੇ ਪ੍ਰੈਸ ਜਾਂ ਜਨਤਾ ਨੂੰ ਹਾਲਾਂ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਹ ਰਿਪੋਰਟ ਵੀ ਮਿਲੀ ਹੈ ਕਿ ਪੁਲਿਸ ਨੇ ਰਾਹੁਲ ਪਾਂਡੇ ਸਮੇਤ ਚਾਰੋਂ ਵਿਅਕਤੀਆਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸਾਰਾ ਪ੍ਰਾਜੈਕਟ ਹਿਮਾਂਸ਼ੂ ਪਾਂਡੇ ਦੇ ਦਿਮਾਗ ਦੀ ਉਪਜ ਸੀ, ਜਦਕਿ ਰਾਹੁਲ ਪਾਂਡੇ ਤਕਨੀਕੀ ਮਾਹਿਰ ਵਜੋਂ ਕੰਮ ਕਰ ਰਿਹਾ ਸੀ।

ਪੁਲਿਸ ਸੁਪਰਿਟੈਂਡੈਂਟ ਐਫ.ਐਸ. ਪਾਟਿਲ ਦੀ ਅਗਵਾਈ ਵਿੱਚ ਇਕ ਜਾਂਚ ਟੀਮ ਮਾਮਲੇ ਦੀ ਪੜਤਾਲ ਕਰ ਰਹੀ ਹੈ। ਅਜਿਹੀ ਜਾਣਕਾਰੀ ਮਿਲੀ ਹੈ ਕਿ ਸ਼ਹਿਰ ਵਿੱਚ ਕਾਰਜਸ਼ੀਲ ਕਈ ਹਿੰਦੁਤਵਵਾਦੀ ਸੰਗਠਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਨਾਂਦੇੜ ਦੇ ਇੰਸਪੈਕਟਰ ਜਨਰਲ ਸੂਰਯ ਪ੍ਰਤਾਪ ਗੁਪਤਾ ਨੇ ਇਹ ਇੰਕਸ਼ਾਫ ਕੀਤਾ ਹੈ ਕਿ ਲੱਛਮਣ ਰਾਜਕੋਂਡਵਰ ਦੇ ਘਰੋਂ ਇਕ ਜ਼ਿੰਦਾ ਬੰਬ ਮਿਲਿਆ ਸੀ ਅਤੇ ਸਾਰੇ ਆਰੋਪੀ ਬਜਰੰਗ ਦਲ ਨਾਲ ਸਬੰਧਿਤ ਹਨ। ਉਨ੍ਹਾਂ ਨੇ ਅਧਿਕਾਰਿਕ ਤੌਰ ’ਤੇ ਇਹ ਵੀ ਕਿਹਾ ਹੈ ਕਿ ਰਾਜਕੋਂਡਵਰ ਦਾ ਘਰ ਬੰਬ ਬਣਾਉਣ ਦਾ ਕੇਂਦਰ ਬਣਿਆ ਹੋਇਆ ਸੀ। ਪਰ ਰਾਜਕੋਂਡਵਰ ਦੇ ਘਰ ਬੰਬ ਬਣਾਉਣ ਦਾ ਉਦੇਸ਼, ਉਨ੍ਹਾਂ ਨੇ ਬੰਬ ਬਣਾਉਣ ਦੀ ਸਮੱਗਰੀ ਕਿਥੋਂ ਪ੍ਰਾਪਤ ਕੀਤੀ ਅਤੇ ਕੀ ਇਨ੍ਹਾਂ ਲੋਕਾਂ ਦੇ ਸੰਪਰਕ ਸਾਰੇ ਭਾਰਤ ਵਿੱਚ ਫੈਲੇ ਹੋਏ ਸਨ, ਆਦਿਕ ਮੁੱਦਿਆਂ ’ਤੇ ਪੁਲਿਸ ਨੇ ਚੁੱਪੀ ਧਾਰੀ ਹੋਈ ਹੈ।

ਇਕ ਆਰੋਪੀ ਰਾਹੁਲ ਪਾਂਡੇ ਨੇ ਕਥਿਤ ਤੌਰ ’ਤੇ ਇਹ ਇੰਕਸ਼ਾਫ ਕੀਤਾ ਹੈ ਕਿ ਬੰਬ ਦੀ ਟਾਈਮਿੰਗ ਸੈੱਟ ਕਰਨ ਵਿੱਚ ਹੋਈ ਗਲਤੀ ਕਾਰਨ ਇਹ ਦੁਰਘਟਨਾ ਘਟੀ। ਪਰ ਪੁਲਿਸ ਨੇ ਹਾਲਾਂ ਅਧਿਕਾਰਕ ਤੌਰ ’ਤੇ ਇਹ ਤਸਦੀਕ ਕਰਨਾ ਹੈ ਕਿ ਆਰੋਪੀ ਸੱਚਮੁਚ ਹੀ ਉਸ ਸਮੇਂ ਇਕ ਬੰਬ ਬਣਾ ਰਹੇ ਸਨ, ਜਦ ਇਹ ਫੱਟ ਗਿਆ। ਪੁਲਿਸ ਦੀ ਐਫ.ਆਈ.ਆਰ. ਰਿਹਾਇਸ਼ੀ ਮਕਾਨ ਵਿੱਚ ਗੈਰ-ਕਾਨੂੰਨੀ ਅਤੇ ਗੈਰ-ਜ਼ਿੰਮੇਦਾਰਾਨਾ ਤਰੀਕੇ ਨਾਲ ਪਟਾਖੇ ਸਟੋਰ ਕਰਨ ਲਈ ਘਰ ਦੇ ਮਾਲਿਕ ਲੱਛਮਣ ਰਾਜਕੋਂਡਵਰ ਦੇ ਖਿਲਾਫ਼ ਦਾਇਰ ਕੀਤੀ ਗਈ ਹੈ। ਪਰ ਸਭ ਤੋਂ ਵੱਧ ਚਿੰਤਾ ਵਾਲਾ ਤੱਥ ਇਹ ਹੈ ਕਿ ਸੋਫੇ ਦੇ ਥੱਲਿਓਂ ਬਰਾਮਦ ਕੀਤਾ ਗਿਆ ਜ਼ਿੰਦਾ ਬੰਬ, ਆੲੀ.ਈ.ਡੀ. ਟਾਈਪ ਟਾਈਮਰ ਵਾਲਾ ਜਟਿਲ ਬੰਬ ਸੀ ਅਤੇ ਇਸਨੂੰ ਰਿਮੋਟ ਕੰਟਰੋਲ ਰਾਹੀਂ ਸੰਚਾਲਿਤ ਕੀਤਾ ਜਾ ਸਕਦਾ ਸੀ। ਇਸ ਸਬੰਧ ਵਿੱਚ ਕਾਲਜਾਂ ਨੂੰ ਰਸਾਇਣਕ ਪਦਾਰਥ ਸਪਲਾਈ ਕਰਨ ਵਾਲੇ ਇਕ ਵਪਾਰੀ ਦੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਅਜਿਹੀ ਜਾਣਕਾਰੀ ਮਿਲੀ ਹੈ ਕਿ ਉਸ ਨੂੰ ਅਯੋਧਿਆ ਵਿੱਚ ਰਾਮ ਮੰਦਰ ਕਾਂਡ ਦੌਰਾਨ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਰੰਭਿਕ ਜਾਣਕਾਰੀਆਂ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਚੁੱਪੀ ਧਾਰ ਲਈ ਹੈ ਅਤੇ ਹੁਣ ਸਥਾਨਕ ਪ੍ਰੈੱਸ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੇ ਪ੍ਰੈੱਸ ਨੂੰ ਨਿਰਦੇਸ਼ ਦਿੱਤਾ ਹੈ ਕਿ ਇਸ ਘਟਨਾ ਬਾਰੇ ਜ਼ਿਆਦਾ ਕੁਝ ਨਾ ਲਿਖਿਆ ਜਾਏ ਕਿਉਂਕਿ ਇਸ ਨਾਲ ਪੁਲਿਸ ਦੀ ਪੜਤਾਲ ‘ਪ੍ਰਭਾਵਿਤ’ ਹੋ ਸਕਦੀ ਹੈ। ਇਹੀ ਕਾਰਨ ਹੈ ਕਿ ਘਟਨਾ ਦੇ ਦੋ ਦਿਨਾਂ ਤੋਂ ਬਾਅਦ, ਸਥਾਨਕ ਅਖ਼ਬਾਰਾਂ ਵਿੱਚ ਇਸ ਮਾਮਲੇ ਬਾਰੇ ਲਗਭਗ ਕੁਝ ਵੀ ਨਹੀਂ ਲਿਖਿਆ ਗਿਆ। ਕਿਸੇ ਵੀ ਸਥਾਨਕ ਅਖ਼ਬਾਰ ਨੇ ਇਸ ਬਾਰੇ ਸੰਪਾਦਕੀ ਟਿੱਪਣੀ ਵੀ ਨਹੀਂ ਕੀਤੀ। ਬੀਜੇਪੀ ਦੇ ਸਥਾਨਕ ਸੰਸਦ ਮੈਂਬਰ ਸ੍ਰੀ ਡੀ.ਬੀ. ਪਾਟਿਲ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਘਟਨਾ ਨੂੰ ਲੈ ਕੇ ਸੰਘ ਪਰਿਵਾਰ ਦੇ ਕਾਰਕੁੰਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਏ। ਸਥਾਨਕ ਸ਼ਿਵ ਸੈਨਾ ਦੇ ਐਮ.ਐਲ.ਏ. ਅਨੂਸੁਤਾਈ ਖੇਡੇਕਰ ਨੇ ਵੀ ਅਜਿਹੀ ਚੇਤਾਵਨੀ ਜਾਰੀ ਕੀਤੀ ਹੈ। ਬਿਵਾਗੀਆ ਦੇ ਸੰਘ-ਚਾਲਕ ਸ਼ਾਮ ਰਾਓ ਜਾਗੀਰਦਾਰ ਨੇ ਪ੍ਰੈੱਸ ਬਿਆਨ ਰਾਹੀਂ ਕਿਹਾ ਹੈ ਕਿ ਰਾਜਕੋਂਡਵਰ ਦੇ ਘਰ ਵਿੱਚ ਬੰਬ ਬਣਾਉਣ ਵਿੱਚ ਰੁੱਝੇ ਨੌਜੁਆਨਾਂ ਦਾ ਆਰ.ਐਸ.ਐਸ. ਨਾਲ ਕੋਈ ਤਾਲੁੱਕ ਨਹੀਂ ਸੀ।

ਬਜਰੰਗ ਦਲ ਦੇ ਪ੍ਰਦੇਸ਼ ਪ੍ਰਧਾਨ ਸ਼ੰਕਰ ਗਾਇਕਵਾੜ ਨੇ ਕਿਹਾ, ‘‘ਮੇਰੇ ਸਥਾਨਕ ਕਾਰਕੁੰਨਾਂ ਨੇ ਮੈਨੂੰ ਦੱਸਿਆ ਹੈ ਕਿ ਇਹ ਕੋਈ ਬੰਬ ਧਮਾਕਾ ਨਹੀਂ ਸੀ। ਕੁਝ ਪਟਾਖਿਆਂ ਨੇ ਅੱਗ ਫੜ ਲਈ, ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪਰ ਮਾਰੇ ਗਏ ਵਿਅਕਤੀਆਂ ਵਿਚੋਂ ਕੋਈ ਵੀ ਬਜਰੰਗ ਦਲ ਨਾਲ ਸਬੰਧਿਤ ਨਹੀਂ ਸੀ।’’ ਬੀਜੇਪੀ ਦੇ ਪ੍ਰਦੇਸ਼ ਪ੍ਰਵਕਤਾ ਵਿਨੋਦ ਤਾਵੜੇ ਨੇ ਕਿਹਾ, ‘‘ਸਾਨੂੰ ਪੁਲਿਸ ਕੋਲੋਂ ਹਾਲਾਂ ਤੱਕ ਕੁਝ ਪਤਾ ਨਹੀਂ ਲੱਗਿਆ। ਕੁਝ ਵੀ ਹੋਏ, ਜੇਕਰ ਇਸ ਮਾਮਲੇ ਵਿੱਚ ਬਜਰੰਗ ਦਲ ਦੀ ਕੋਈ ਸ਼ਮੂਲੀਅਤ ਹੈ ਵੀ ਤਾਂ ਸਾਨੂੰ ਉਸ ਨਾਲ ਕੀ ਵਾਸਤਾ? ਸਾਡੀ ਇਕ ਸੁਤੰਤਰ ਸਿਆਸੀ ਵਿਚਾਰਧਾਰਾ ਵਾਲੀ ਸੁਤੰਤਰ ਸਿਆਸੀ ਪਾਰਟੀ ਹੈ।’’

ਆਰ.ਐਸ.ਐਸ. ਦੇ ਇਕ ਕਾਰਕੁੰਨ, ਜਿਸਦਾ ਪੁੱਤਰ ਅਤੇ ਉਸਦੇ ਦੋਸਤ ਬਜਰੰਗ ਦਲ ਨਾਲ ਸਬੰਧਿਤ ਹੋਣ ਅਤੇ ਬੰਬ ਬਣਾਉਣ ਵਿੱਚ ਜੁਟੇ ਹੋਣ, ਦੇ ਘਰ ਹੋਏ ਧਮਾਕੇ ਦੀ ਘਟਨਾ ਬਾਰੇ ਹੋਰ ਚੰਗੀ ਤਰ੍ਹਾਂ ਜਾਣਨ ਲਈ ਨਾਂਦੇੜ ਵਿੱਚ ਵੱਖ-ਵੱਖ ਬਿਰਾਦਰੀਆਂ ਦੇ ਲੋਕਾਂ ਦੀ ਵਸੋਂ ਅਤੇ ਉਨ੍ਹਾਂ ਦੇ ਆਪਸੀ ਸਬੰਧਾਂ ਬਾਰੇ ਸੰਖੇਪ ਜਾਣਕਾਰੀ ਪ੍ਰਾਪਤ ਕਰਨਾ ਲਾਜ਼ਮੀ ਹੈ। ਨਾਂਦੇੜ ਦੀ ਅਬਾਦੀ 8 ਲੱਖ ਦੀ ਹੈ, ਜਿਸ ਵਿਚੋਂ 1 ਲੱਖ ਸਿੱਖ, 2 ਲੱਖ ਮੁਸਲਮਾਨ ਅਤੇ ਬਾਕੀ ਹਿੰਦੂ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਦੇ ਇਤਿਹਾਸ ਨਾਲ ਸਬੰਧਿਤ ਗੁਰਦੁਆਰਾ ਇੱਥੇ ਸਥਿਤ ਹੋਣ ਕਾਰਨ ਇਹ ਸਿੱਖਾਂ ਲਈ ਇਤਿਹਾਸਕ ਅਸਥਾਨ ਵੀ ਹੈ। ਨਾਂਦੇੜ, ਮਰਾਠਵਾੜਾ ਖੇਤਰ ਵਿੱਚ ਪੈਂਦਾ ਹੈ, ਜੋ 1957 ਤੱਕ ਨਿਜ਼ਾਮ ਦੇ ਰਾਜ ਅਧੀਨ ਰਿਹਾ ਸੀ ਅਤੇ ਇਸ ਕਾਰਨ ਇੱਥੇ ਹਿੰਦੂ-ਮੁਸਲਿਮ ਤਨਾਅ ਦਾ ਇਤਿਹਾਸ ਮੌਜੂਦ ਹੈ। ਲੰਬੇ ਸਮੇਂ ਤੋਂ ਨਾਂਦੇੜ ਧਾਰਮਿਕ ਪੱਖੋਂ ਇਕ ਸੰਵੇਦਨਸ਼ੀਲ ਖੇਤਰ ਰਿਹਾ ਹੈ। ਇਹ ਮੁੱਖ ਤੌਰ ’ਤੇ ਖੇਤੀ ਅਧਾਰਿਤ ਸ਼ਹਿਰ ਹੈ, ਜਿੱਥੇ ਬਹੁਤ ਘੱਟ ਉਦਯੋਗੀਕਰਨ ਹੋਇਆ ਹੈ ਅਤੇ ਬਹੁਤ ਸਾਰੀਆਂ ਬੰਦ ਹੋਈਆਂ ਚੀਨੀ ਦੀਆਂ ਮਿਲਾਂ ਮੌਜੂਦ ਹਨ।

ਸ਼ਹਿਰ ਵਿੱਚ ਇਹ ਅਫਵਾਹ ਆਮ ਫੈਲੀ ਹੋਈ ਹੈ ਕਿ ਬੰਬ ਬਣਾ ਰਹੇ ਲੋਕਾਂ ਦੀ ਯੋਜਨਾ ਸਿੱਖਾਂ ਦੇ ਵੇਸ ਵਿੱਚ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ’ਤੇ ਹਮਲਾ ਕਰਨ ਦੀ ਸੀ ਅਤੇ ਇਕ ਆਰੋਪੀ ਦੇ ਘਰ ਤਲਾਸ਼ੀ ਦੌਰਾਨ ਪੱਗਾਂ ਅਤੇ (ਨਕਲੀ) ਦਾੜ੍ਹੀ-ਮੁੱਛਾਂ ਵੀ ਬਰਾਮਦ ਹੋਏ ਸਨ। ਪਰ ਸਾਨੂੰ ਪੁਲਿਸ ਸ੍ਰੋਤਾਂ ਤੋਂ ਇਹੀ ਪਤਾ ਲੱਗਾ ਕਿ ਪੁਲਿਸ ਨੇ ਆਰੋਪੀ ਦੇ ਘਰੋਂ ਨੇੜਲੇ ਜ਼ਿਲਿਆਂ ਦੀਆਂ ਮਸਜਿਦਾਂ ਦੇ ਕੁਝ ਨਕਸ਼ੇ ਬਰਾਮਦ ਕੀਤੇ ਸਨ, ਜਿਸ ਨਾਲ ਉਪਰੋਕਤ ਅਫ਼ਵਾਹਾਂ ਨੂੰ ਮਜ਼ਬੂਤ ਅਧਾਰ ਮਿਲਦਾ ਹੈ।

ਅਧਿਕਾਰਿਕ ਸ੍ਰੋਤਾਂ ਤੋਂ ਕੋਈ ਜਾਣਕਾਰੀ ਨਾ ਮਿਲ ਪਾਉਣ ਕਾਰਨ ਇਹ ਰਿਪੋਰਟ ਕਿਸੇ ਵਿਸ਼ੇਸ਼ ਨਤੀਜੇ ’ਤੇ ਨਹੀਂ ਪਹੁੰਚ ਸਕਦੀ ਪਰ ਏਨਾ ਜ਼ਰੂਰ ਹੈ ਕਿ ਹਿੰਦੁਤਵਾਦੀ ਤਾਕਤਾਂ ਵੱਲੋਂ ਨਾਂਦੇੜ ਸ਼ਹਿਰ ਵਿੱਚ ਗੰਭੀਰ ਫਿਰਕੂ ਸਾਜਿਸ਼ਾਂ ਰਚਨ ਦੇ ਮਜ਼ਬੂਤ ਸੰਕੇਤ ਮੌਜੂਦ ਹਨ। ਸ਼ਹਿਰ ਦੇ ਇਕ ਪ੍ਰਮੁੱਖ ਆਰ.ਐਸ.ਐਸ. ਕਾਰਕੁੰਨ ਦੇ ਘਰ ਬਣਾਏ ਜਾ ਰਹੇ ਬੰਬ ਦੇ ਗਲਤੀ ਨਾਲ ਹੋਏ ਵਿਸਫੋਟ ਦੇ ਕਾਰਨ ਇਨ੍ਹਾਂ ਸਾਜਿਸ਼ਾਂ ਨੂੰ ਅਮਲ ਵਿੱਚ ਲਿਆਉਣ ਦਾ ਕਾਰਜ ਆਰਜ਼ੀ ਤੌਰ ’ਤੇ ਕੁਝ ਸਮੇਂ ਲਈ ਰੁਕ ਗਿਆ ਹੈ।