

ਪੰਜਾਬ ਦੀਆਂ ਬੱਸਾਂ ਵਿੱਚ ਗੰਦੇ ਗੀਤਾਂ ਰਾਹੀਂ ਕੰਜਰਵਾਦ ਦਾ ਪ੍ਰਚਾਰ
- ਵਰਿੰਦਰ ਪਾਲ ਸਿੰਘ -
ਬਠਿੰਡਾ-ਜਲੰਧਰ ਰੂਟ ’ਤੇ ਚੱਲਦੀਆਂ ਵਿਸ਼ੇਸ਼ ਘਰਾਣਿਆਂ ਦੀਆਂ ਬੱਸਾਂ ਵਿੱਚ ਅਕਸਰ ਇੱਧਰ-ਉੱਧਰ ਜਾਣਾ-ਆਉਣਾ ਪੈਂਦਾ ਹੈ। ਸਵਾਰੀਆਂ ਨੂੰ ਇਕ-ਦੂਜੇ ਤੋਂ ਵਧ ਕੇ ਚੁੱਕਣ ਦੇ ਲਾਲਚ ਅਧੀਨ ਮਾਲਕਾਂ ਵੱਲੋਂ ਡ੍ਰਾਈਵਰਾਂ-ਕੰਡਕਟਰਾਂ ਤੇ ਸਹਾਇਕਾਂ ਨੂੰ ਦਬਕੇ ਮਾਰਨ, ਪ੍ਰਾਈਵੇਟ ਖੇਤਰ ਦੀ ਅਸਥਾਈ ਨੌਕਰੀ ਅਤੇ ਅਨੇਕਾਂ ਹੋਰ ਦਬਾਵਾਂ ਦੇ ਨਾਲ ਸਵੇਰ ਤੋਂ ਰਾਤ ਤੱਕ ਦੀ ਮੁਸ਼ੱਕਤ ਤੋਂ ਮੁਕਤੀ ਲਈ ਡ੍ਰਾਈਵਰਾਂ ਪਾਸ ਮਨ ਪਰਚਾਉਣ ਲਈ ਸੰਗੀਤ ਹੀ ਇਕ-ਮਾਤਰ ਸਹਾਰਾ ਬਚਦਾ ਹੈ। ਸਵਾਰੀਆਂ ਨਾਲ ਤਲਖ-ਕਲਾਮੀਆਂ ਜਾਂ ਹਾਸਾ-ਠੱਠਾ ਵੀ ਨਿੱਤ ਦਾ ਵਰਤਾਰਾ ਹੈ। ਕਿਰਤ ਕਾਨੂੰਨਾਂ ਅਨੁਸਾਰ ਨਿਸ਼ਚਿਤ ਕੰਮ ਘੰਟਿਆਂ ਤੇ ਘੱਟੋ-ਘੱਟ ਉਜਰਤਾ ’ਤੇ ਵੀ ਬੇਰੋਜ਼ਗਾਰੀ ਨੇ ਪੋਚਾ ਫੇਰ ਦਿੱਤਾ ਹੈ। ਇਸ ਤਰ੍ਹਾਂ, ਇਹ ਡ੍ਰਾਈਵਰ-ਕੰਡਕਟਰ ਤੇ ਸਹਾਇਕ ਖਲਾਸੀ ਪੂਰੀ ਤਰ੍ਹਾਂ ਮਾਲਕਾਂ ਦੀ ਜਗੀਰੂ ਧੌਂਸ, ਸ਼ੋਸ਼ਣ ਤੇ ਜਲਾਲਤ ਭੋਗਣ ਲਈ ਮਜਬੂਰ ਹਨ। ਮਾਲਕਾਂ ਵੱਲੋਂ ਕੀਤੀ ਜਾਂਦੀ ਲਾਹ-ਪਾਹ ਤੇ ਬੇਇਜ਼ਤੀ ਦਾ ਬਦਲਾ ਇਹ ਵਿਰੋਧੀ ਕੰਪਨੀਆਂ ਦੇ ਕਾਮਿਆਂ ਤੋਂ ਟਾਈਮ ਦੇ ਮਿੰਟਾਂ-ਸਕਿੰਟਾਂ ਦੀ ਲੜਾਈ ਦੌਰਾਨ ਗਾਲ੍ਹੀ-ਗਲੌਚ ਤੇ ਮਾਰ-ਕੁੱਟ ਕਰਕੇ ਲੈਂਦੇ ਹਨ।
ਬੱਸਾਂ ਦੇ ਡ੍ਰਾਈਵਰ ਤੇ ਕੰਡਕਟਰ ਜਾਣੇ ਜਾਂ ਅਨਜਾਣੇ ਤੌਰ ’ਤੇ ਵਿਦਿਆਰਥੀ ਵਰਗ ਨਾਲ ਬੱਸ ਪਾਸਾਂ ਦੇ ਮੁੱਦੇ ’ਤੇ ਮਾਲਕਾਂ ਦੇ ਲੱਠਮਾਰ ਗੁੰਡਿਆਂ ਦੇ ਤੌਰ ’ਤੇ ਵੀ ਵਰਤੇ ਜਾ ਰਹੇ ਹਨ। ਪੰਜਾਬ ਦਾ ਵਿਦਿਆਰਥੀ ਵਰਗ, ਵਿਦਿਆਰਥੀ ਲਹਿਰ ਦੇ ਆਪਣੇ ਸ਼ਹੀਦਾਂ ਵੱਲੋਂ ਲਹੂ ਡੋਲ੍ਹ ਕੇ ਰਿਆਇਤੀ ਬੱਸ ਪਾਸਾਂ ਦੀ ਪ੍ਰਾਪਤ ਕੀਤੀ ਸਹੂਲਤ ਨੂੰ ਕਿਸੇ ਵੀ ਰੂਪ ਵਿੱਚ ਛਡਣਾ ਨਹੀਂ ਚਾਹੁੰਦਾ ਪਰ ਪ੍ਰਾਈਵੇਟ ਟ੍ਰਾਂਸਪੋਰਟਰ ਇਹ ਸਹੂਲਤ ਕਿਸੇ ਵੀ ਸੂਰਤ ਵਿੱਚ ਦੇਣਾ ਨਹੀਂ ਚਾਹੁੰਦੇ। ਸੱਤਾ ’ਤੇ ਕਾਬਜ਼ ਲੋਕਾਂ ਨੇ ਸਰਕਾਰੀ ਬੱਸ ਸੇਵਾ ਦਾ ਮੁਕੰਮਲ ਭੋਗ ਪਾ ਕੇ ਆਪਣੀਆਂ ਟ੍ਰਾਂਸਪੋਰਟ ਕੰਪਨੀਆਂ ਮਜਬੂਤ ਕਰ ਲਈਆਂ ਹਨ। ਇਸ ਤੋਂ ਇਲਾਵਾ ਬਾਕੀ ਰਹਿੰਦੀ ਸਰਕਾਰੀ ਬੱਸ ਸੇਵਾ ਨੂੰ ‘ਕਿਲੋਮੀਟਰ’ ਸਕੀਮ ਅਧੀਨ ਹਥਿਆ ਲਿਆ ਹੈ। ਜਦੋਂ ਸਾਰੀ ਬੱਸ ਸੇਵਾ ’ਤੇ ਪ੍ਰਾਈਵੇਟ ਏਕਾਧਿਕਾਰ ਹੈ ਤਾਂ ਬੱਸ ਪਾਸਾਂ ਵਾਲੇ ਬੱਚਿਆਂ ਨੂੰ ਪ੍ਰਾਈਵੇਟ ਟ੍ਰਾਂਸਪੋਰਟਰਾਂ ਦੇ ਕਿਰਤੀਆਂ ਤੇ ਭਾੜੇ ਦੇ ਟੱਟੂਆਂ ਵੱਲੋਂ ਲਗਾਤਾਰ ਬੇਪੱਤ ਕੀਤਾ ਜਾਂਦਾ ਹੈ। ਸਿੱਟੇ ਵਜੋਂ, ਵਿਦਿਆਰਥੀਆਂ ਦੇ ਜਥੇਬੰਦਕ ਵਿਰੋਧ ਕਈ ਵਾਰ ਹਿੰਸਕ ਟਕਰਾਅ ਵਿੱਚ ਬਦਲ ਜਾਂਦੇ ਹਨ।
ਮੁਨਾਫੇ ਦੀ ਸਿਰ-ਵਢਵੀਂ ਦੌੜ ਵਿੱਚੋਂ ਹੀ ਟ੍ਰਾਂਸਪੋਰਟ ਖੇਤਰ ਵਿੱਚ ਸੰਗੀਤ ਨੂੰ ਵੀ ਇਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਡ੍ਰਾਈਵਰਾਂ-ਕੰਡਕਟਰਾਂ ਦੇ ਉਕਤ ਸੰਕਟ ਤੇ ਖਤਰਿਆਂ ਭਰੇ ਸਫਰ ਨੂੰ ਸੁਖਾਵਾਂ ਤੇ ਤਣਾਅ-ਮੁਕਤ ਕਰਨ ਲਈ ਸੰਗੀਤ ਦੀ ਲੋੜ ਤਾਂ ਸਮਝ ਆਉਂਦੀ ਹੈ ਪਰ ਇਸ ਸੰਗੀਤ ਨੂੰ ਰੂਹ ਦੀ ਖੁਰਾਕ ਦੀ ਥਾਂ ’ਤੇ ਲੁੱਚਪੁਣ ਪਰੋਸਣਾ ਸਮਝ ਤੋਂ ਬਾਹਰ ਹੈ। ਵੱਡੀਆਂ ਕੰਪਨੀਆਂ ਨੇ ਸਵਾਰੀਆਂ ਨੂੰ ਖਿੱਚਣ ਲਈ ਆਪਣੀਆਂ ਬੱਸਾਂ ਵਿੱਚ ਆਡੀਓ ਤੇ ਵੀਡੀਓ ਯੰਤਰ ਫਿਟ ਕੀਤੇ ਹੋਏ ਹਨ। ਸੰਗੀਤ ਦਾ ਖੇਤਰ ਵੀ ਅੱਜ ਦੇ ਪੈਸੇ ਦੇ ਦੌਰ ਵਿੱਚ ‘ਮੰਡੀ’ ਦਾ ਰੂਪ ਧਾਰ ਚੁੱਕਾ ਹੈ ਤੇ ਅਨੇਕਾਂ ਬੇਰੋਜ਼ਗਾਰ ਨੌਜੁਆਨ ਤੇ ਮੁਟਿਆਰਾਂ ਇਸ ਖੇਤਰ ਵਿੱਚ ਆਪਣਾ ਗੁਆਚਿਆ ਭਵਿੱਖ ਲੱਭਣ ਲਈ ਹੱਥ-ਪੈਰ ਮਾਰ ਰਹੇ ਹਨ। ਜਿੱਥੇ ਕੁਝ ਦਹਾਕੇ ਪਹਿਲਾਂ ਸਾਡੇ ਲੋਕ-ਗੀਤ ‘ਘੋੜੀਆਂ ਤੇ ਸੁਹਾਗ’ ਦੇ ਰੂਪ ਵਿੱਚ ਸਾਡੇ ਸਮਾਜ ਵਿੱਚ ਮਨੁੱਖ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਸ਼ਰਮ ਤੇ ਹਯਾ ਦੇ ਪਰਦੇ ਵਿੱਚ ਪ੍ਰਗਟਾਉਂਦੇ ਸਨ, ਉੱਥੇ ਅੱਜ ਇਹ ਸ਼ਰਮ-ਹਯਾ ਖ਼ੁਦ ਸ਼ਰਮਸਾਰ ਹੋ ਕੇ ਸਿਰ ਲੁਕਾਉਂਦੀ ਫਿਰਦੀ ਹੈ। ਪਰਦੇਸੀਂ ਗਏ ਕੰਤ ਤੇ ਦਿਓਰ-ਭਾਬੀ ਦੇ ਰਿਸ਼ਤੇ ਦੀ ਪਵਿੱਤਰਤਾ ਤੋਂ ਬਿਨਾਂ ਛੜੇ ਜੇਠਾਂ ਅਤੇ ਛੋਟੀਆਂ ਭਰਜਾਈਆਂ ਦੀਆਂ ਨੋਕਾਂਝੋਕਾਂ ਤੇ ਹਾਸਿਆਂ-ਠੱਠਿਆਂ ਨੂੰ ਗੀਤਾਂ ਦੇ ਵਿਸ਼ੇ ਬਣਾ ਕੇ ਮਨਪ੍ਰਚਾਵਾ ਕੀਤਾ ਜਾਂਦਾ ਸੀ। ਇਸ ਤੋਂ ਬਿਨਾਂ ਕਿਰਸਾਨੀ ਸਮਾਜ ਦੀਆਂ ਉਮੰਗਾਂ, ਚਾਵਾਂ ਤੇ ਤੋਟਾਂ-ਘਾਟਾਂ ਨੂੰ ਲੋਕ ਗੀਤਾਂ ਰਾਹੀਂ ਪ੍ਰਗਟਾਇਆ ਜਾਂਦਾ ਸੀ। ਉਹ ਵਿਸ਼ੇ ਸਮਾਜ ਦੇ ਸਮੂਹਕ ਦੁੱਖਾਂ, ਸੁੱਖਾਂ ਤੇ ਚਾਵਾਂ ਨੂੰ ਪ੍ਰਗਟ ਕਰਦੇ ਸਨ, ਜਿੱਥੇ ਨਿਜੀ ਭਾਵਾਂ ਨੂੰ ਵਿਸ਼ੇਸ਼ ਮਹੱਤਤਾ ਨਹੀਂ ਸੀ। ਸ਼ਰੀਕੇ-ਕਬੀਲੇ ਦੀ ਹੀ ਨਹੀਂ, ਸਗੋਂ ਸਾਰੇ ਪਿੰਡ ਦੀ ਧੀ ਸਭ ਦੀ ਸਾਂਝੀ ਧੀ ਮੰਨੀ ਜਾਂਦੀ ਸੀ। ਧੀ-ਭੈਣ ਦੀ ਗਾਲ੍ਹ ਪਿੱਛੇ ਕਤਲ ਤੱਕ ਹੋ ਜਾਂਦੇ ਸਨ ਪਰ ਅੱਜ ਕੇ ਭੋਗਵਾਦੀ ਸਭਿਆਚਾਰ ਵਿੱਚ ਧੀਆਂਭੈਣਾਂ ਸਕਿਆਂ ਤੋਂ ਵੀ ਮਹਿਫੂਜ ਨਹੀਂ ਹਨ।
ਬੱਸਾਂ ਵਿੱਚ ਤੇ ਮੈਰਿਜ ਪੈਲੇਸਾਂ ਵਿੱਚ ਹੋ ਰਹੇ ਨੰਗੇ ਨਾਚ ਸਾਡਾ ਵਿਰਸਾ ਨਹੀਂ ਹਨ। ਬੱਸਾਂ ਵਿੱਚ ਪਿਓ-ਧੀ, ਭੈਣ-ਭਰਾ ਜਾਂ ਮਾਂ-ਪੁੱਤ ਜਦੋਂ ਇਕੱਠੇ ਸਫਲ ਕਰ ਰਹੇ ਹੁੰਦੇ ਹਨ ਤਾਂ ਨੰਗੇ ਜਿਸਮਾਂ ਤੇ ਅਸ਼ਲੀਲ ਜੱਫੀਆਂ ਪਾਉਂਦੇ ਮਾਡਲਾਂ ਨਾਲ ਲੁੱਚੇ ਗੀਤ ਇਨ੍ਹਾਂ ਪਾਕਿ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦਿੰਦੇ ਹਨ। ਪਰ ਬੱਸਾਂ ਦਾ ਗੁੰਡਾ ਸਕੁਐਡ ਕਿਸੇ ਨੂੰ ਇਸ ‘ਚੀਰ ਹਰਨ’ ਵਿਰੁੱਧ ਕੁਸਕਣ ਵੀ ਨਹੀਂ ਦਿੰਦਾ।
ਅਕਸਰ ਦੇਖਿਆ ਜਾਂਦਾ ਹੈ ਕਿ ਅੱਜ ਸਮਾਜ ਦੇ ਹਰ ਖੇਤਰ ਵਿੱਚ ਲੜਕੀਆਂ ਨੇ ਲੜਕਿਆਂ ਨੂੰ ਪਛਾੜ ਦਿੱਤਾ ਹੈ। ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਨ ਜਾਂਦੀਆਂ ਕੁੜੀਆਂ ਬੱਸਾਂ ’ਚ ਸਫਲ ਦੌਰਾਨ ਵੀ ਪੜ੍ਹਦੀਆਂ ਨਜ਼ਰ ਆਉਂਦੀਆਂ ਹਨ ਪਰ ਮੁੰਡਿਆਂ ਦੇ ਹੋਸਟਲ ਵਿੱਚ ਸਾਡੀਆਂ ਧੀਆਂ ਦੇ ਨਾਂ ’ਤੇ ਮੁਸ਼ਟੰਡੇ ਤਾਂ ਜਿਹੜੇ ਲਲਕਾਰੇ ਮਾਰਦੇ ਹਨ, ਸੋ ਮਾਰਦੇ ਹਨ ਪਰ ਕੋਈ ਮਾਨਸਿਕ ਰੋਗੀ ਗਾਇਕ/ਲੇਖਕ ਥਾਂ-ਥਾਂ ‘ਲਲਕਾਰੇ’ ਮਾਰ ਕੇ ਸਾਡੀਆਂ ਪੜ੍ਹਨ ਗਈਆਂ ਬੇਟੀਆਂ ਨੂੰ ਸ਼ਰਮਸਾਰ ਕਰਦਾ ਹੈ ਤੇ ਪੰਜਾਬੀ ਸਰੋਤਾ ਤੇ ਸਮਾਜ ਦੇ ਕਰਨਧਾਰ ਇਸ ਨੂੰ ਮਾਣ ਨਾਲ ਮਾਣਦੇ ਹਨ। ਕੋਈ ਗੀਤਕਾਰ ਸਾਫ ਆਖਦਾ ਹੈ ‘ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ, ਡਾਕਾ ਤਾਂ ਨੀ ਮਾਰਿਆ (ਹੋਰ ਕਸਰ ਵੀ ਕਿਹੜੀ ਛੱਡ ਦਿੱਤੀ)?’ ਕੋਈ ਲੇਖਕ ਸਾਡੀਆਂ ਧੀਆਂ ਨੂੰ ਬੜੀ ਬੇਸ਼ਰਮੀ ਨਾਲ ਆਖਦਾ ਹੈ ਕਿ ਜਿਵੇਂ ਉਸਨੇ ਕਿਾਤਬਾਂ ‘ਹਿੱਕ’ ਨਾਲ ਲਾਈਆਂ ਹਨ, ਓਵੇਂ ਹੀ ਉਹ ਉਸ ਗੰਦੀ ਸੋਚ ਵਾਲੇ ਨੂੰ ‘ਹਿੱਕ’ ਨਾਲ ਲਾ ਲਵੇ। ਕੋਈ ਹੋਰ ਮਾਨਸਿਕ ਰੋਗੀ ਸ਼ਰ੍ਹੇਆਮ ਆਖਦਾ ਹੈ ਕਿ ‘‘ਕਿਹਾ ਮੈਡਮ ਨੇ ਲੈਸਨ ਸੁਣਾਉਣ ਨੂੰ, ਮੈਂ ਤੇਰਾ ਲਵ-ਲੈਟਰ ਸੁਣਾਤਾ ਪੜ੍ਹ ਕੇ’’। ਕੀ ਸਕੂਲ ਤੇ ਕਾਲਜ ਅਜਿਹੀ ‘ਸਿੱਖਿਆ’ ਦੇ ਕੇਂਦਰ ਬਣ ਗਏ ਹਨ? ਇਕ ਹੋਰ ਮਾਨਸਿਕ ਰੋਗੀ ਲੇਖਕ ਸਾਡੀਆਂ ਪੰਜਾਬ ਦੀਆਂ ਅਣਖੀ ਧੀਆਂ ਦੀ ਇੱਜ਼ਤ ਨਾਲ ਖਿਲਵਾੜ ਕਰਦਾ ਲਿਖਦਾ ਹੈ ਕਿ ਚੰਡੀਗੜ੍ਹ ਤੋਂ ਪੜ੍ਹ ਕੇ ਆਉਂਦੀ ਕੁੜੀ ਜਦੋਂ ਸੰਗਰੂਰ ਉਤਰ ਜਾਂਦੀ ਹੈ ਤਾਂ ਬੱਸ ਕੰਡਕਟਰ ਰੂਪੀ ਭੂੰਡ ਆਸ਼ਕ ਨੂੰ ਬਠਿੰਡਾ, ਬੀਕਾਨੇਰ ਜਾਪਣ ਲੱਗ ਪੈਂਦਾ ਹੈ।
ਸਾਡੇ ਪੇਂਡੂ ਤੇ ਅਣਖੀ ਲੋਕ ਤਾਂ ਪਹਿਲਾਂ ਹੀ ਧੀਆਂ ਨੂੰ ਪੜ੍ਹਾਉਣ ਤੋਂ ਗੁਰੇਜ਼ ਕਰਦੇ ਹਨ। ਅਜਿਹੇ ਘਟੀਆ ਗੀਤ ਸੁਣ ਕੇ ਤੇ ਗੰਦੀਆਂ ਵੀਡੀਓਜ਼ ਦੇਖ ਕੇ ਕਿਵੇਂ ਧੀਆਂ ਨੂੰ ਸਕੂਲਾਂ-ਕਾਲਜਾਂ ਵਿੱਚ ਭੇਜਣਗੇ? ਅਜਿਹਾ ਵਰਤਾਰਾ ਹੀ ‘ਮਾਦਾ ਭਰੂਣ ਹੱਤਿਆ’ ਰਾਹੀਂ ਧੀਆਂ ਨੂੰ ਗਰਭ ਵਿੱਚ ਮਾਰ ਕੇ ਮਰਦ-ਔਰਤ ਅਨੁਪਾਤ ਵਿੱਚ ਅਸੰਤੁਲਨ ਪੈਦਾ ਕਰ ਰਿਹਾ ਹੈ। ਨੌਜੁਆਨ ਵਰਗ ਨੂੰ ਕੁਰਾਹੇ ਪਾ ਰਹੀ ਸਰਕਾਰ ਤੋਂ ਤਾਂ ਇਸ ਰੁਝਾਨ ਨੂੰ ਰੋਕਣ ਦੀ ਕੋਈ ਉਮੀਦ ਨਹੀਂ ਪਰ ਕੀ ਪੰਜਾਬ ਦੇ ਅਣਖੀ ਲੋਕ ਤੇ ਗੁਰੂਆਂ ਦੇ ਸੱਚੇ ਵਾਰਸ ਇਸ ਲੁੱਚਪੁਣੇ ਨੂੰ ਇਵੇਂ ਹੀ ਬਰਦਾਸ਼ਤ ਕਰੀ ਜਾਣਗੇ?