Subscription About Us Contact Us


ਖ਼ਬਰਾਂ ਦੇ ਆਰ-ਪਾਰ

- ਇੰਡੀਆ ਅਵੇਅਰਨੈੱਸ ਬਿਉਰੋ -

ਮਰਹੱਟਿਆਂ ਅਤੇ ਬਿਹਾਰੀਆਂ ਦਾ ਆਪਸੀ ਟਕਰਾਅ ਵਧਿਆ

ਕਿਸੇ ਦੇਸ਼/ਸੂਬੇ/ਖਿੱਤੇ ਵਿੱਚ ਬਹੁਗਿਣਤੀ ਵਰਗ ਵੱਲੋਂ ਉਥੋਂ ਦੇ ਸੰਸਾਧਨਾਂ ਨੂੰ ਸਿਰਫ਼ ਆਪਣੇ ਲਾਭ ਤੱਕ ਸੀਮਤ ਰੱਖਣ ਅਤੇ ਸਥਾਨਕ ਵਸੋਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਸੋਚ ਸਾਰੀ ਦੁਨੀਆ ਵਿੱਚ ਪ੍ਰਚਲਿਤ ਹੈ। ਦੂਜੇ ਦੇਸ਼ਾਂ ਦੇ ਕਾਬਿਲ ਲੋਕਾਂ ਨੂੰ ਆਪਣੇ ਦੇਸ਼ ਵਿੱਚ ਸਥਾਪਿਤ ਨਾ ਹੋਣ ਦੇਣ ਜਾਂ ਆਪਣੇ ਦੇਸ਼ ਦੇ ਲਾਭ ਵਾਲੀਆਂ ਸ਼ਰਤਾਂ ’ਤੇ ਹੀ ਦਾਖ਼ਲ ਹੋਣ ਦੇਣ ਲਈ ਵੱਖ-ਵੱਖ ਦੇਸ਼ਾਂ ਨੇ ਆਪਣੇ ਮੁਲਕ ਵਿੱਚ ਦਾਖ਼ਲੇ/ਰੋਜ਼ਗਾਰ ਦੇ ਵੀਜ਼ੇ ਵਾਸਤੇ ਵੱਖ-ਵੱਖ ਤਰ੍ਹਾਂ ਦੀਆਂ ਸ਼ਰਤਾਂ ਰੱਖੀਆਂ ਹੋਈਆਂ ਹਨ। ਜੇਕਰ ‘ਬਾਹਰੀ’ ਲੋਕਾਂ ਦੀ ਆਮਦ ਕਾਰਨ ਸਥਾਨਕ ਲੋਕਾਂ ਦੇ ਰੋਜ਼ਗਾਰ/ਵਪਾਰ ਨੂੰ ਕੋਈ ਨੁਕਸਾਨ ਪਹੁੰਚਦਾ ਪ੍ਰਤੀਤ ਹੋਵੇ ਤਾਂ ਇਹ ਸ਼ਰਤਾਂ ਏਨੀਆਂ ਕਰੜੀਆਂ ਕਰ ਦਿੱਤੀਆਂ ਜਾਂਦੀਆਂ ਹਨ ਕਿ ‘ਬਾਹਰਲੇ’ ਵਿਅਕਤੀ ਦਾ ਉਸ ਦੇਸ਼ ਵਿੱਚ ਜਾ ਕੇ ਕਿਸੇ ਕਿਸਮ ਦਾ ਆਰਥਕ ਲਾਭ ਚੁਕਣਾ ਤਕਰੀਬਨ ਨਾਮੁਮਕਿਨ ਹੋ ਜਾਂਦਾ ਹੈ।

ਮੁੰਬਈ ਦੇ ਇਕ ਰੇਲਵੇ ਸਟੇਸ਼ਨ ’ਤੇ ਬਿਹਾਰੀ ਨੌਜੁਆਨਾਂ ਦੀ ਕੁੱਟਮਾਰ ਕਰਦੇ ਹੋਏ ਕੁਝ ਮਰਹੱਟੇ

ਪਟਨਾ ਰੇਲਵੇ ਸਟੇਸ਼ਨ ’ਤੇ ਰਾਜ ਠਾਕਰੇ ਖਿਲਾਫ਼ ਰੋਹ ਪ੍ਰਦਰਸ਼ਨ ਕਰਦੇ ਬਿਹਾਰੀ ਨੌਜੁਆਨ

ਸਥਾਨਕ ਲੋਕਾਂ ਦੇ ਅਣ-ਐਲਾਨੇ ‘ਰਾਖਵੇਂਕਰਨ’ ਦੀ ਇਹ ਮਾਨਸਿਕਤਾ ਸਿਰਫ਼ ਹੁਣ ਕੌਮਾਂਤਰੀ ਪੱਧਰ ’ਤੇ ਹੀ ਨਹੀਂ ਰਹਿ ਗਈ ਬਲਕਿ ਇਕੋ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲੋਕ ਵੀ ਆਪਣੇ ਸੰਸਾਧਨ ਦੂਜੇ ਸੂਬਿਆਂ ਦੇ ਲੋਕਾਂ ਨੂੰ ਵਰਤਣ ਨਹੀਂ ਦੇਣਾ ਚਾਹੁੰਦੇ। ਇਸ ਨੀਤੀ ਦੀਆਂ ਸਭ ਤੋਂ ਵੱਧ ਮਿਸਾਲਾਂ ਭਾਰਤ ਵਿੱਚ ਹੀ ਮਿਲਦੀਆਂ ਹਨ, ਜਿੱਥੇ ਵੱਖ-ਵੱਖ ਸੂਬਿਆਂ ਦੇ ਲੋਕ ਆਪਸ ਵਿੱਚ ਲੜਦੇ ਵੇਖੇ ਜਾਂਦੇ ਹਨ। ਜਿੱਥੇ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਜਿਹੇ ਸੂਬਿਆਂ ਨੇ ਬਾਹਰੀ ਲੋਕਾਂ ਦੇ ਆਪਣੇ ਸੂਬਿਆਂ ਵਿੱਚ ਜ਼ਮੀਨ ਖਰੀਦਣ ’ਤੇ ਪਾਬੰਦੀ ਲਗਾਈ ਹੋਈ ਹੈ, ਉੱਥੇ ਅਸਾਮ ਅਤੇ ਕਈ ਹੋਰ ਉੱਤਰ-ਪੂਰਬੀ ਸੂਬਿਆਂ ਵਿੱਚ ‘ਬਾਹਰਲੇ’ ਲੋਕਾਂ ਖਿਲਾਫ਼ ਹਿੰਸਕ ਵਾਰਦਾਤਾਂ ਵੀ ਵਧਦੀਆਂ ਜਾ ਰਹੀਆਂ ਹਨ। ਇਸ ਕੜੀ ਵਿੱਚ ਤਾਜ਼ਾਤਰੀਨ ਮਿਸਾਲ ਮਹਾਂਰਾਸ਼ਟਰ ਸੂਬੇ ਦੀ ਹੈ, ਜਿੱਥੋਂ ਦੀ ਰਾਜਧਾਨੀ ਮੁੰਬਈ ਵਿੱਚ ਬਿਹਾਰ/ਛੱਤੀਸਗੜ੍ਹ/ ਉੱਤਰ ਪ੍ਰਦੇਸ਼ ਆਦਿਕ ਸੂਬਿਆਂ ਦੇ ਲੋਕਾਂ ਦੀ ਅਨੇਕਾਂ ਵਾਰ ਕੁੱਟਮਾਰ ਕੀਤੀ ਜਾ ਚੁੱਕੀ ਹੈ। ਇਨ੍ਹਾਂ ਹਿੰਸਕ ਘਟਨਾਵਾਂ ਨੂੰ ਆਯੋਜਿਤ ਕਰਨ ਵਾਲੇ ਸੰਗਠਨ ‘ਮਹਾਂਰਾਸ਼ਟਰ ਨਵ-ਨਿਰਮਾਣ ਸੈਨਾ’ ਦੇ ਮੁਖੀ ਰਾਜ ਠਾਕਰੇ ਨੇ ਮੁੰਬਈ ਦੀਆਂ ਸਾਰੀਆਂ ਵੱਡੀਆਂ ਦੁਕਾਨਾਂ ਦੇ ਬੋਰਡ ਮਰਾਠੀ ਵਿੱਚ ਲਿਖੇ ਜਾਣ ਦਾ ‘ਹੁਕਮਨਾਮਾ’ ਵੀ ਜਾਰੀ ਕੀਤਾ ਹੋਇਆ ਹੈ। ਮੀਡੀਆ ਅਤੇ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਰਾਜ ਠਾਕਰੇ ਅਜਿਹੀਆਂ ਕਾਰਵਾਈਆਂ ਸਿਰਫ਼ ਸਿਆਸੀ ਲਾਭ ਲੈਣ ਲਈ ਕਰ ਰਿਹਾ ਹੈ ਪਰ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਮਹਾਂਰਾਸ਼ਟਰ ਦੇ ਲੋਕਾਂ ਨੇ ਰਾਜ ਠਾਕਰੇ ਪ੍ਰਤੀ ਕੋਈ ਵਿਰੋਧ ਨਹੀਂ ਪ੍ਰਗਟਾਇਆ (ਅੰਗਰੇਜ਼ੀ ਵਿੱਚ ਕਹਾਵਤ ਹੈ ਕਿ ‘ਚੁੱਪੀ ਵੀ ਅੱਧੀ ਮਨਜ਼ੂਰੀ ਹੁੰਦੀ ਹੈ’)। ਬਲਕਿ ਪਿਛਲੇ ਕਾਫੀ ਸਮੇਂ ਤੋਂ ਇਸ ਨੀਤੀ ਪ੍ਰਤੀ ਢਿਲਮੱਠ ਅਪਣਾਉਣ ਵਾਲੀ ਪਾਰਟੀ ‘ਸ਼ਿਵ ਸੈਨਾ’ ਦੇ ਮੁਖੀ ਨੇ ਵੀ ਹੁਣ ਬਿਹਾਰੀਆਂ ਦੇ ਖਿਲਾਫ਼ ਭੜਕਾਊ ਬਿਆਨ ਦੇਣੇ ਅਰੰਭ ਕਰ ਦਿੱਤੇ ਹਨ। ਦੂਜੇ ਪਾਸੇ, ਬਿਹਾਰ ਦੇ ਸਾਰੇ ਆਗੂਆਂ, ਭਾਵੇਂ ਉਹ ਕਿਸੇ ਵੀ ਪਾਰਟੀ/ਗਠਜੋੜ ਨਾਲ ਸਬੰਧਿਤ ਹੋਣ, ਵੱਲੋਂ ਮਰਹੱਟੇ ਆਗੂਆਂ ਦੀਆਂ ਇਨ੍ਹਾਂ ਨੀਤੀਆਂ ਦਾ ਇਕਜੁਟ ਹੋ ਕੇ ਵਿਰੋਧ ਕੀਤਾ ਜਾ ਰਿਹਾ ਹੈ (ਇਹ ਵੀ ਧਿਆਨ ਦੇਣ ਯੋਗ ਤੱਥ ਹੈ ਕਿ ਬਿਹਾਰ ਦੇ ਇਕ ਨੌਜੁਆਨ ਨੂੰ ਮਹਾਂਰਾਸ਼ਟਰ ਪੁਲਿਸ ਵੱਲੋਂ ‘ਮੁਠਭੇੜ’ ਵਿੱਚ ਮਾਰ ਗਿਰਾਉਣ ਦਾ ਸਾਰੇ ਬਿਹਾਰੀ ਆਗੂਆਂ ਨੇ ਸੰਸਦ ਵਿੱਚ ਭਰਪੂਰ ਵਿਰੋਧ ਕੀਤਾ ਪਰ ਪੰਜਾਬ ਵਿੱਚ ਲੱਖਾਂ ਨੌਜੁਆਨਾਂ ਨੂੰ ਪੁਲਿਸ ਵੱਲੋਂ ਕਤਲ ਕਰ ਦਿੱਤਾ ਗਿਆ; ਤਾਂ ਵੀ ਪੰਜਾਬ ਦੇ ਕਿਸੇ ਵੀ ਸਿਆਸੀ/ਧਾਰਮਕ ਆਗੂ ਜਾਂ ਅਖੌਤੀ ਜੱਥੇਦਾਰਾਂ ਤੱਕ ਨੇ ਇਸ ਬਾਬਤ ਆਪਣੀ ਅਵਾਜ਼ ਨਹੀਂ ਚੁੱਕੀ)।

ਇਸ ਸਾਰੇ ਘਟਨਾਕ੍ਰਮ ਤੋਂ ਕਈ ਅਹਿਮ ਨੁਕਤੇ ਵਿਚਾਰ ਵਿੱਚ ਆਉਂਦੇ ਹਨ। ਜਿਵੇਂ, ਕੀ ਕਿਸੇ ਖ਼ਾਸ ਵਰਗ/ਸੂਬੇ ਦੇ ਲੋਕਾਂ ਨੂੰ ਕਿਸੇ ਹੋਰ ਸੂਬੇ ਵਿੱਚ ਜਾ ਕੇ ਰੋਜ਼ਗਾਰ ਪ੍ਰਾਪਤ ਕਰਨ ਤੋਂ ਵਾਂਝਾ ਕਰਨਾ ਇਨਸਾਨੀਅਤ ਹੈ? ਦੂਜੇ ਪੱਖ ਤੋਂ ਦੇਖਿਆਂ, ਇਹ ਵੀ ਧਿਆਨ ਦੇਣਾ ਪੈਂਦਾ ਹੈ ਕਿ ਕਿਸੇ ਸੂਬੇ ਵਿੱਚ ਉਪਲਬਧ ਰੋਜ਼ਗਾਰ/ਸੰਸਾਧਨਾਂ ’ਤੇ ਕੁਦਰਤੀ ਤੌਰ ’ਤੇ ਉਥੋਂ ਦੇ ਵਸਨੀਕਾਂ ਦਾ ਹੀ ਹੱਕ ਬਣਦਾ ਹੈ। ਬਿਹਾਰ ਜਾਂ ਯੂ.ਪੀ. ਵਰਗੇ ਸੂਬਿਆਂ ਦੇ ਪਛੜੇਪਨ ਦਾ ਕਾਰਨ ਉਥੋਂ ਦੇ ਲੋਕਾਂ ਵਿੱਚ ਅਨਪੜ੍ਹਤਾ ਅਤੇ ਉਥੋਂ ਦੀ ਬਹੁਤ ਵੱਧ ਅਬਾਦੀ ਹੈ। ਪਰ ਕੀ ਦੂਜੇ ਸੂਬਿਆਂ ਦੇ ਲੋਕ, ਆਪਣੇ ਹੱਕ ਦੀ ਕੁਰਬਾਨੀ ਦੇ ਕੇ ਇਨ੍ਹਾਂ ਸੂਬਿਆਂ ਦੇ ਲੋਕਾਂ ਦਾ ਵਿਕਾਸ ਹੁੰਦਾ ਵੇਖਣਾ ਬਰਦਾਸ਼ਤ ਕਰ ਲੈਣਗੇ?

ਮਹਾਂਰਾਸ਼ਟਰ ਵਰਗੀ ਸਥਿਤੀ ਪੰਜਾਬ ਵਿੱਚ ਵੀ ਹੈ ਕਿਉਂਕਿ ਇੱਥੇ ਵੀ ਯੂ.ਪੀ.-ਬਿਹਾਰ ਦੇ ਲੋਕਾਂ ਦੇ ਬਹੁਤ ਵੱਡੀ ਗਿਣਤੀ ਵਿੱਚ ਸਥਾਈ ਤੌਰ ’ਤੇ ਰਹਿਣ ਲੱਗ ਪੈਣ ਕਾਰਨ, ਸਥਾਨਕ ਲੋਕਾਂ ਦੀ ਬੇਰੋਜ਼ਗਾਰੀ ਦਰ ਕਾਫੀ ਵੱਧ ਗਈ ਹੈ। ਹਾਲਾਂਕਿ ਪੰਜਾਬ ਦੀ ਕਿਸੇ ਸਿਆਸੀ ਪਾਰਟੀ ਨੇ ਠਾਕਰੇ ਪਰਵਾਰ ਵਰਗਾ ਸਟੈਂਡ ਲੈਣ ਦੀ ਗੱਲ ਨਹੀਂ ਕੀਤੀ ਪਰ ਪੰਜਾਬ ਦੇ ਬੁੱਧੀਜੀਵੀ ਵਰਗ ਵਿੱਚ ਬਿਹਾਰੀਆਂ ਦੀ ਸਥਾਈ ਰਿਹਾਇਸ਼ ਨੂੰ ਲੈਕੇ ਕਾਫੀ ਚਿੰਤਾਵਾਂ ਪ੍ਰਗਟਾਈਆਂ ਜਾ ਚੁੱਕੀਆਂ ਹਨ। ਸਵਾਲ ਫਿਰ ਉਹੀ ਉਠਦਾ ਹੈ ਕਿ ਕੀ ਪੰਜਾਬ ਦੇ ਲੋਕਾਂ ਨੂੰ ਵੀ ਬਿਹਾਰੀਆਂ ਖਿਲਾਫ਼ ਹਿੰਸਾ ’ਤੇ ਉਤਰ ਆਉਣਾ ਚਾਹੀਦਾ ਹੈ ਜਾਂ ਫਿਰ ਬਿਹਾਰੀਆਂ ਨੂੰ ਪੰਜਾਬ ਦੇ ਸੰਸਾਧਨਾਂ ’ਤੇ ਪੂਰੀ ਤਰ੍ਹਾਂ ਕਾਬਿਜ਼ ਹੁੰਦੇ ਵੇਖਦਾ ਰਹਿਣਾ ਚਾਹੀਦਾ ਹੈ?

ਅਸਲ ਵਿੱਚ, ਇਹ ਸਮੱਸਿਆ ਦੀ ਜੜ੍ਹ ਭਾਰਤੀ ਸੰਵਿਧਾਨ ਤੋਂ ਅਰੰਭ ਹੁੰਦੀ ਹੈ, ਜਿਸ ਵਿੱਚ ਜ਼ਿਕਰ ਹੈ ਕਿ ਦੇਸ਼ ਦੇ ਕਿਸੇ ਵੀ ਸੂਬੇ ਦਾ ਕੋਈ ਵੀ ਨਾਗਰਿਕ ਦੂਜੇ ਸੂਬੇ ਵਿੱਚ ਜਾ ਕੇ ਰਹਿ/ਕੰਮ ਕਰ ਸਕਦਾ ਹੈ। ਇਹ ਨਿਰਦੇਸ਼ ਠੀਕ ਵੀ ਹੈ ਤੇ ਗਲਤ ਵੀ। ਠੀਕ ਇਸਲਈ ਕਿ ਅਜ਼ਾਦ ਦੇਸ਼ ਵਿੱਚ ਹਰ ਨਾਗਰਿਕ ਨੂੰ ਆਪਣੇ ਵਿਕਾਸ ਦੀ ਪੂਰੀ ਖੁੱਲ੍ਹ ਹੋਣੀ ਚਾਹੀਦੀ ਹੈ। ਗਲਤ ਇਸਲਈ ਕਿ ਇਕ ਤਾਂ ਹਿਮਾਚਲ, ਰਾਜਸਥਾਨ, ਜੰਮੂ-ਕਸ਼ਮੀਰ ਆਦਿਕ ਸੂਬਿਆਂ ਵਿੱਚ, ਦੂਜੇ ਸੂਬਿਆਂ ਦੇ ਲੋਕਾਂ ਵੱਲੋਂ ਜ਼ਮੀਨ ਖਰੀਦਣ ’ਤੇ ਪਾਬੰਦੀ ਲਗੀ ਹੋਈ ਹੈ। ਇਸਦੇ ਇਲਾਵਾ, ਪਛੜੇ ਸੂਬਿਆਂ ਦੇ ਲੋਕਾਂ, ਮੁਕਾਬਲਤਨ ਬਿਹਤਰ ਸੂਬਿਆਂ (ਜਿਵੇਂ ਪੰਜਾਬ) ਵਿੱਚ ਬੇਰੋਕ-ਟੋਕ ਆਮਦ ਨਾਲ ਇਨ੍ਹਾਂ ਸੂਬਿਆਂ ਦੇ ਆਰਥਕ ਅਤੇ ਸਮਾਜਕ ਢਾਂਚੇ ’ਤੇ ਨਾਂਹ-ਪੱਖੀ ਪ੍ਰਭਾਵ ਪੈਂਦਾ ਹੀ ਹੈ। ਅਜਿਹੇ ਹਾਲਾਤ ਵਿੱਚ ਚੰਗਾ ਤਾਂ ਇਹੀ ਹੋਵੇਗਾ ਕਿ ਵੱਖ-ਵੱਖ ਸੂਬਿਆਂ ਵਿੱਚ ਵਸੇਬੇ ਜਾਂ ਰੋਜ਼ਗਾਰ ’ਤੇ ਪੂਰੀ ਤਰ੍ਹਾਂ ਖੁੱਲ੍ਹ ਜਾਂ ਪਾਬੰਦੀ ਲਗਾਉਣ ਦੀ ਬਜਾਏ, ਸਾਰੇ ਦੇਸ਼ ਵਿੱਚ ਇਕਸਾਰ ‘ਕੋਟਾ’ ਸਥਾਪਿਤ ਕਰ ਦਿੱਤਾ ਜਾਏ, ਜਿਸ ਰਾਹੀਂ ਸੂਬੇ ਦੀ ਦੋ-ਤਿਹਾਈ ਨੌਕਰੀਆਂ ਸਥਾਨਕ ਲੋਕਾਂ ਲਈ ਰਾਖਵੀਆਂ ਹੋ ਜਾਣ ਅਤੇ ਬਾਕੀ ਦੀਆਂ ਸਾਰੇ ਭਾਰਤ ਦੇ ਲੋਕਾਂ ਲਈ ਖੁੱਲੀਆਂ ਰਹਿਣ।

ਜਿਥੋਂ ਤੱਕ ਸਥਾਨਕ ਭਾਸ਼ਾਵਾਂ ਨੂੰ ਹਿੰਦੀ ਬੋਲਣ ਵਾਲਿਆਂ ਕਾਰਨ ਪਹੁੰਚ ਰਹੇ ਨੁਕਸਾਨ ਦੀ ਗੱਲ ਹੈ, ਉਸਨੂੰ ਨਿਯੰਤਰਿਤ ਕਰਨ ਲਈ ਤਾਲੀਬਾਨੀ ਕਾਰਜਸ਼ੈਲੀ ਅਪਣਾਉਣ ਦੀ ਬਜਾਏ, ਆਪੋ-ਆਪਣੇ ਸਮਾਜ ਵਿੱਚ ਆਪਣੀ ਮਾਂ-ਬੋਲੀ ਦੀ ਮਹੱਤਤਾ ਪ੍ਰਤੀ ਜਾਗ੍ਰਿਤੀ ਅਤੇ ਸਤਿਕਾਰ ਪੈਦਾ ਕਰਨ ਦੀ ਲੋੜ ਹੈ। ਜੇਕਰ ਪੰਜਾਬ ਵਿੱਚ ਜੋਰ-ਜ਼ਬਰਦਸਤੀ ਨਾਲ ਸਾਰੇ ਬੋਰਡ ਗੁਰਮੁਖੀ ਵਿੱਚ ਲਿਖਵਾ ਵੀ ਦਿੱਤੇ ਜਾਣ, ਤਾਂ ਵੀ ਉਸ ਨਾਲ ਪੰਜਾਬੀ ਬੋਲੀ ਨੂੰ ਕੋਈ ਲਾਭ ਨਹੀਂ ਹੋਏਗਾ ਕਿਉਂਕਿ ਬਹੁਤ ਸਾਰੇ ਪੰਜਾਬੀ, ਖ਼ਾਸਕਰ ਸ਼ਹਿਰਾਂ ਵਿੱਚ ਰਹਿਣ ਵਾਲੇ, ਆਪਣੇ ਬੱਚਿਆਂ ਨਾਲ ਹਿੰਦੀ ਵਿੱਚ ਹੀ ਗੱਲਬਾਤ ਕਰਦੇ ਹਨ। ਦੂਜੇ ਪਾਸੇ, ਦ੍ਰਵਿੜ ਸਮਾਜ (ਤਮਿਲ, ਤੇਲਗੂ, ਕੰਨੜ, ਮਲਯਾਲਮ ਬੋਲਣ ਵਾਲੇ ਦੱਖਣ ਭਾਰਤੀ) ਜੋ ਹਿੰਦੀ ਮੀਡੀਆ ਦੇ ਪ੍ਰਭਾਵ ਕਾਰਨ ਆਪਣੀ ਬੋਲੀਆਂ ਨੂੰ ਹੋ ਸਕਦੇ ਸੰਭਾਵਿਤ ਨੁਕਸਾਨ ਪ੍ਰਤੀ ਪੂਰੀ ਤਰ੍ਹਾਂ ਚੇਤੰਨ ਹੈ, ਦੇ ਲੋਕ ਨਾ ਸਿਰਫ਼ ਆਪਸ ਵਿੱਚ ਹਮੇਸ਼ਾ ਆਪੋ-ਆਪਣੀ ਮਾਂ-ਬੋਲੀ ਵਿੱਚ ਹੀ ਗੱਲਬਾਤ ਕਰਦੇ ਹਨ ਬਲਕਿ ਹੋਰਨਾਂ ਲੋਕਾਂ ਨਾਲ ਵੀ ਹਿੰਦੀ ਬੋਲਣ ਤੋਂ ਸੰਕੋਚ ਕਰਦੇ ਹਨ। ਮਰਾਠੀ (ਜਾਂ ਪੰਜਾਬੀ ਜਾਂ ਕਿਸੇ ਵੀ ਹੋਰ) ਸਮਾਜ ਨੂੰ ਵੀ ਆਪਣਾ ਸਭਿਆਚਾਰ ਬਚਾਉਣ ਲਈ ਇਹੀ ਨੀਤੀ ਅਪਣਾਉਣ ਦੀ ਲੋੜ ਹੈ, ਨਾ ਕਿ ਹਿੰਸਕ ਕਾਰਵਾਈਆਂ ਕਰਨ ਦੀ।

ਖੁਸ਼ਵੰਤ ਸਿੰਘ ਦਾ ਪਰਦਾਫਾਸ਼

ਆਪਣੇ ਨਾਂ ਪਿੱਛੇ ‘ਸਿੰਘ’ ਲਿਖਣ ਅਤੇ ਸਿਰ ’ਤੇ ਮਾੜ੍ਹੀ-ਮੋਟੀ ਦਸਤਾਰ ਸਜਾਉਣ ਵਾਲੇ ਲੋਕਾਂ ਨੂੰ ‘ਸਿੱਖ’ ਸਮਝਣ ਵਾਲੇ ਲੋਕ ਪੱਤਰਕਾਰ ਤੇ ਲੇਖਕ ਖੁਸ਼ਵੰਤ ਸਿੰਘ ਨੂੰ ਵੀ ਇਕ ਸਿੱਖ ਸਮਝਦੇ ਹਨ। ਹਾਲਾਂਕਿ ਖੁਸ਼ਵੰਤ ਸਿੰਘ ਖੁਦ ਆਪਣੀਆਂ ਲਿਖਤਾਂ ਵਿੱਚ ਕਬੂਲ ਕਰਦਾ ਰਿਹਾ ਹੈ ਕਿ ਉਨਾ ਸਿਰਫ਼ ਨਾਸਤਿਕ ਅਤੇ ਸ਼ਰਾਬੀ ਹੈ ਬਲਕਿ ਪੈਰ ਕਬਰ ਵਿੱਚ ਲਟਕ ਰਹੇ ਹੋਣ ਦੇ ਬਾਵਜੂਦ ‘ਸ਼ਬਾਬ’ ਪ੍ਰਤੀ ਉਸਦਾ ਸ਼ੌਕ ਘਟਿਆ ਨਹੀਂ। ਸਿੱਖ-ਦਿੱਖ ਵਾਲਾ ਹੋਣ ਅਤੇ ਸਿੱਖ ਚਰਿੱਤਰਾਂ ਵਾਲੇ ਚੁਟਕੁਲੇ ਲਿਖਣ ਦੀ ਪਿਰਤ ਪਾਉਣ ਕਾਰਨ ਖੁਸ਼ਵੰਤ ਸਿੰਘ ਨੂੰ ਸਿੱਖ ਕੌਮ ਦੇ ਅਕਸ ਨੂੰ ਢਾਹ ਲਾਉਣ ਵਾਲੇ ਵਿਦਵਾਨਾਂ(?) ’ਚੋਂ ਮੋਹਰੀ ਸਮਝਿਆ ਜਾ ਸਕਦਾ ਹੈ। ਕਲਕੱਤੇ ਤੋਂ ਪ੍ਰਕਾਸ਼ਿਤ ਹੁੰਦੀ ਅਖ਼ਬਾਰ ‘ਦ ਟੈਲੀਗ੍ਰਾਫ’ ਦੇ 15 ਨਵੰਬਰ 2008 ਕੇ ਅੰਕ ਵਿੱਚ ਪ੍ਰਕਾਸ਼ਿਤ ਖੁਸ਼ਵੰਤ ਸਿੰਘ ਇਕ ਤਾਜ਼ਾਤਰੀਨ ਲਿਖਤ ਨੇ ਖੁਸ਼ਵੰਤ ਸਿੰਘ ਦਾ ਸਿੱਖੀ-ਵਿਰੋਧੀ ਚਿਹਰਾ ਇਕ ਵਾਰ ਫਿਰ ਬੇਨਕਾਬ ਕਰ ਦਿੱਤਾ ਹੈ। ਆਪਣੇ ਇਸ ਲਿਖਤ ਵਿੱਚ ਖੁਸ਼ਵੰਤ ਸਿੰਘ ਜ਼ਿਕਰ ਕਰਦਾ ਹੈ :

‘‘ਮੇਰੇ ਘਰ ਵਿੱਚ ਦੀਵਾਲੀ ਆਪਣੇ ਹੀ ਢੰਗ ਨਾਲ ਮਨਾਈ ਜਾਂਦੀ ਹੈ : ਹੋਰਨਾਂ ਦੀ ਤਰ੍ਹਾਂ, ਅਸੀਂ ਵੀ ਘਰ ਦੇ ਦਾਖਲੇ ਵਾਲੇ ਦਰਵਾਜੇ ਦੇ ਕੋਲ ਪਈ ਪੁਰਾਤਨ ਪੱਥਰ ਵਾਲੀ ਗਣੇਸ਼ ਦੀ ਮੂਰਤੀ ਦੁਆਲੇ ਦੀਵੇ ਜਗਾਉਂਦੇ ਹਾਂ ਅਤੇ ਗਣੇਸ਼ ਦੀ ਗਰਦਨ ਦੁਆਲੇ ਗੇਂਦੇ ਦੇ ਫੁੱਲਾਂ ਦੇ ਹਾਰ ਪਾਉਂਦੇ ਹਾਂ। ਮੈਨੂੰ ਗਣੇਸ਼ ਨਾਲ ਬਹੁਤ ਲਗਾਵ ਹੈ। ਮੇਰੇ ਘਰ ਵਿੱਚ ਛੇ ਗਣੇਸ਼ (ਦੀਆਂ ਮੂਰਤੀਆਂ) ਹਨ - ਇਕ ਬਦਰੀ ਦਾ ਅਸਲੀ, ਦੋ ਅਸ਼ਟਧਾਤੂ ਦੇ, ਦੋ ਪੱਥਰ ਦੇ ਅਤੇ ਇਕ ਚੀਨੀ ਮਿੱਟੀ ਦਾ। ਕਿਉਂਕਿ ਮੈਂ ਰੱਬ ਵਿੱਚ ਵਿਸ਼ਵਾਸ ਨਹੀਂ ਕਰਦਾ, ਇਸਲਈ ਗਣੇਸ਼ ਪ੍ਰਤੀ ਮੇਰੀ ਸ਼ਰਧਾ ਇਕ ਦੇਵਤਾ ਦੀ ਬਜਾਏ ਇਕ ਦੋਸਤ ਜਿਹੀ ਵਧੇਰੇ ਹੈ।

ਮੇਰਾ ਜਨਮ ਇਕ ਸਿੱਖ ਪਰਵਾਰ ਵਿੱਚ ਹੋਇਆ ਸੀ ਅਤੇ ਖ਼ਾਲਸੇ ਦੀ ਬਾਹਰੀ ਦਿੱਖ ਪੱਖੋਂ ਮੈਂ ਅਜੇ ਵੀ ਸਿੱਖ ਹੀ ਹਾਂ। ਪਰ ਕੈਂਬਰਿਜ ਯੂਨਿਵਰਸਿਟੀ ਵਿੱਚ ਪੜ੍ਹਿਆ ਮੇਰਾ ਪੁੱਤਰ, ਕਿਸੇ ਮਦਰਸੇ ਦੇ ਮੌਲਵੀ ਜਿਹਾ ਲਗਦਾ ਹੈ। ਉਹ ਆਪਣੇ ਆਪ ਨੂੰ ਕਿਸੇ ਧਰਮ ਨਾਲ ਸਬੰਧਿਤ ਨਹੀਂ ਕਰਦਾ। ਮੇਰੀ ਬੇਟੀ ਨੇ ਇਕ ਹਿੰਦੂ ਨਾਲ ਵਿਆਹ ਕੀਤਾ ਪਰ ਉਹ ਹਾਲਾਂ ਵੀ ਗੁਰਦੁਆਰੇ ਜਾਂਦੀ ਹੈ। ਉਸ ਦੀ ਧੀ (ਮੇਰੀ ਦੋਹਤੀ) ਹਿੰਦੂ-ਸਿੱਖਾਂ ਦਾ ਮਿਲਗੋਭਾ ਹੈ। ਉਸਦਾ ਨਿਜੀ ਪੂਜਾ-ਅਸਥਾਨ ਹਿੰਦੂ ਦੇਵਤਿਆਂ ਅਤੇ ਦੇਵੀਆਂ (ਦੀਆਂ ਮੂਰਤੀਆਂ/ਤਸਵੀਰਾਂ) ਨਾਲ ਸ਼ਿੰਗਾਰਿਆ ਹੋਇਆ ਹੈ, ਜਿਨ੍ਹਾਂ ਨੂੰ ਉਹ ਰੋਜ਼ ਸਵੇਰੇ ਧੂਫ-ਬੱਤੀ ਕਰਦੀ ਹੈ ਅਤੇ ਫੁੱਲ ਚੜ੍ਹਾਉਂਦੀ ਹੈ। ਮਾਂਵਾਂ-ਧੀਆਂ ਦੋਵੇਂ ਗੁਰਦੁਆਰੇ, ਮੰਦਰਾਂ, ਦਰਗਾਹਾਂ ਅਤੇ ਚਰਚਾਂ ਵਿੱਚ ਜਾਂਦੀਆਂ ਹਨ।...’’

ਉਕਤ ਲਿਖਤ ਵਿੱਚ ਖੁਸ਼ਵੰਤ ਸਿੰਘ ਨੇ ਖ਼ੁਦ ਇਕਬਾਲ ਕੀਤਾ ਹੈ ਕਿ ਉਹ ਵਿਚਾਰਧਾਰਕ ਤੌਰ ’ਤੇ ਨਹੀਂ ਬਲਕਿ ਸਿਰਫ਼ ਦਿੱਖ ਪੱਖੋਂ ਸਿੱਖ ਹੈ। ਮੂਰਤੀ-ਪੂਜਾ ਖਿਲਾਫ਼ ਸਿੱਖੀ ਸਿਧਾਂਤਾਂ ਤੋਂ ਜਾਣੂ ਹੋਣ ਅਤੇ ‘ਨਾਸਤਿਕ’ ਹੋਣ ਦੇ ਦਾਅਵੇ ਕਰਨ ਦੇ ਬਾਵਜੂਦ ਅਖ਼ਬਾਰਾਂ ਵਿੱਚ ਲੇਖ ਲਿਖ ਕੇ ਹਿੰਦੂ ਦੇਵਤਿਆਂ ਪ੍ਰਤੀ ਆਪਣੀ ਅਤੇ ਆਪਣੇ ਪਰਵਾਰ ਦੀ ਸ਼ਰਧਾ ਪ੍ਰਗਟਾਉਣੀ ਖੁਸ਼ਵੰਤ ਸਿੰਘ ਦੀ ਮੱਕਾਰੀ ਭਰੀ ਨੀਤੀ ਮਿਸਾਲ ਹੈ, ਜਿਸਨੇ ਆਰ.ਐਸ.ਐਸ. ਦੀਆਂ ਕਾਰਵਾਈਆਂ ਨੂੰ ਵੀ ਕਈ ਕਦਮ ਪਿੱਛੇ ਛੱਡ ਦਿੱਤਾ ਹੈ। ਜਿਹੜਾ ਵਿਅਕਤੀ ਆਪਣੀ ਧੀ ਦੇ ਕਿਸੇ ਗੈਰ-ਸਿੱਖ ਨਾਲ ਵਿਆਹ ਕਰਵਾਉਣ ਦੀ ਘਟਨਾ ਨੂੰ ਫਖ਼ਰ ਨਾਲ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕਰਵਾਉਂਦਾ ਹੋਵੇ, ਉਹ ਨਿਸ਼ਚਿਤ ਤੌਰ ’ਤੇ ਸਿੱਖੀ ਦੇ ਨਾਮ ’ਤੇ ਇਕ ਕਲੰਕ ਹੀ ਕਿਹਾ ਜਾ ਸਕਦਾ ਹੈ।

ਖੈਰ, ਖੁਸ਼ਵੰਤ ਸਿੰਘ ਦੀ ਇਸ ਸੋਚ/ਨੀਤੀ ਦਾ ਪ੍ਰਗਟਾਵਾ ਕੋਈ ਅਚਾਨਕ ਨਹੀਂ ਹੋਇਆ ਬਲਕਿ ਇਹ ਅਖੌਤੀ ਮਹਾਨ ਲੇਖਕ ਆਪਣੀਆਂ ਲਿਖਤਾਂ ਵਿੱਚ ਸਿੱਖ ਵਿਚਾਰਧਾਰਾ ਅਤੇ ਇਤਿਹਾਸ ਨੂੰ ਹਮੇਸ਼ਾ ਹੀ ਗਲਤ ਪਰਿਪੇਖ ਵਿੱਚ ਪੇਸ਼ ਕਰਦਾ ਰਿਹਾ ਹੈ। ਇਸਦੇ ਬਾਵਜੂਦ ‘ਰੋਜ਼ਾਨਾ ਸਪੋਕਸਮੈਨ’ ਵਰਗੀ ਅਖ਼ਬਾਰ ਦੇ ਪ੍ਰਬੰਧਕਾਂ ਵੱਲੋਂ ਸਥਾਪਿਤ ਕੀਤੀ ਗਈ ‘ਏਕਸ ਕੇ ਬਾਰਕ’ ਸੰਸਥਾ, ਜਿਸਦਾ ਮਕਸਦ ਸਿੱਖੀ ਨੂੰ ਬ੍ਰਾਹਮਣਵਾਦ/ਮਨਮਤਿ ਤੋਂ ਨਿਖੇੜ ਕੇ ਨਿਵੇਕਲੇ ਰੂਪ ਵਿੱਚ ਪੇਸ਼ ਕਰਨਾ ਦੱਸਿਆ ਜਾਂਦਾ ਹੈ, ਦੇ ਮੋਢੀ ਵਿਦਵਾਨ ਦੇ ਰੂਪ ਵਿੱਚ ਖੁਸ਼ਵੰਤ ਸਿੰਘ ਵਰਗੇ ਸ਼ਖ਼ਸ ਦੀ ਚੋਣ ਕਰਨਾ, ਪ੍ਰਬੰਧਕਾਂ ਦੀਆਂ ਨੀਤੀਆਂ ਪ੍ਰਤੀ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਦਾ ਹੈ। ਕਿਉਂਕਿ ਮੌਜੂਦਾ ਸਮੇਂ ਵਿੱਚ ਤੱਤ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਵਿਦਵਾਨਾਂ/ਪ੍ਰਚਾਰਕਾਂ ਦੀ ਕੋਈ ਐਨੀ ਘਾਟ ਨਹੀਂ ਕਿ ਸੰਸਥਾ ਦੇ ਪ੍ਰਬੰਧਕਾਂ ਨੂੰ ਖੁਸ਼ਵੰਤ ਸਿੰਘ ਵਰਗੇ ਸ਼ਰਾਬੀ ਤੇ ਅਇਯਾਸ਼ ਵਿਅਕਤੀ ਤੋਂ ਸਿੱਖੀ ਦਾ ਪ੍ਰਚਾਰ ਕਰਵਾਉਣਾ ਪਏ। ਇਹ ਵੀ ਗੌਰਤਲਬ ਹੈ ਕਿ ਸਪੋਕਸਮੈਨ ਦੇ ਪ੍ਰਬੰਧਕਾਂ ਵੱਲੋਂ ਅਖ਼ਬਾਰ ਦੀ ਚੌਥੀ ਵਰ੍ਹੇਗੰਢ ਮੌਕੇ ਸਿੱਖਾਂ, ਪੰਜਾਬੀਆਂ ਜਾਂ ਭਾਰਤਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਕੋਈ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਉਣ (ਜਿਵੇਂ ਹਿੰਦੁਸਤਾਨ ਟਾਈਮਜ਼ ਜਾਂ ਹੋਰ ਅਖ਼ਬਾਰਾਂ ਵੱਲੋਂ ਕਰਵਾਏ ਜਾਂਦੇ ਹਨ) ਦੀ ਬਜਾਏ ਦਲੇਰ ਮਹਿੰਦੀ ਵਰਗੇ ਦਾੜ੍ਹੀ-ਕਤਰੇ ਗਾਇਕ ਤੋਂ ਗਾਣੇ ਗਵਾਉਣ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਸਪੋਕਸਮੈਨ ਦੇ ਪ੍ਰਬੰਧਕਾਂ ਦੀਆਂ ਅਜਿਹੀਆਂ ਤਰਕਹੀਣ ਨੀਤੀਆਂ ਨਿਸ਼ਚਿਤ ਤੌਰ ’ਤੇ ਉਨ੍ਹਾਂ ਦੀ ਅਖ਼ਬਾਰ ਅਤੇ ਇਸ ਦੇ ਅਧੀਨ ਸਥਾਪਿਤ ਕੀਤੀਆਂ ਗਈਆਂ ਜੱਥੇਬੰਦੀਆਂ (‘ਏਕਸ ਕੇ ਬਾਰਕ’ ਸੰਸਥਾ ਵੀ ਕੋਈ ਸੁਤੰਤਰ ਸੰਗਠਨ ਨਹੀਂ ਕਿਉਂਕਿ ਇਸ ਸੰਸਥਾ ਦੇ ਨਾਮ ਤੋਂ ਇਕੱਤਰ ਕੀਤਾ ਜਾਂਦਾ ਪੈਸਾ ਵੀ ‘ਸਪੋਕਸਮੈਨ ਟਰੱਸਟ’ ਦੇ ਨਾਂ ’ਤੇ ਹੀ ਪ੍ਰਾਪਤ ਕੀਤਾ ਜਾਂਦਾ ਹੈ) ਦੀ ਵਿਸ਼ਵਸਨੀਕਤਾ ਘਟਾ ਦੇਣਗੀਆਂ, ਜੋ ਤੱਤ ਗੁਰਮਤਿ ਲਹਿਰ ਲਈ ਅਤਿ ਮੰਦਭਾਗੀ ਸਥਿਤੀ ਹੋਵੇਗੀ।