

ਹਿੰਦੂ ਅੱਤਵਾਦੀਆਂ ਦੀਆਂ ਕਰਤੂਤਾਂ ਜਗ-ਜਾਹਿਰ ਹੋਈਆਂ
- ਅਸਗਰ ਅਲੀ ਇੰਜੀਨੀਅਰ -
‘ਇਸਲਾਮਿਕ ਅੱਤਵਾਦੀ’ ਲਫ਼ਜ਼ ਦਾ ਉਪਯੋਗ ਕੀਤੇ ਜਾਣ ’ਤੇ ਮੁਸਲਮਾਨ ਪਿਛਲੇ ਲੰਬੇ ਸਮੇਂ ਤੋਂ ਇਤਰਾਜ਼ ਕਰ ਰਹੇ ਸਨ ਅਤੇ ਹੁਣ ਜਦ ਮੀਡੀਆ ਦੇ ਇਕ ਹਿੱਸੇ ਵਿੱਚ ‘ਹਿੰਦੂ ਅੱਤਵਾਦੀ’ ਲਫ਼ਜ਼ ਦਾ ਉਪਯੋਗ ਕੀਤਾ ਗਿਆ ਹੈ ਤਾਂ ਸੰਘ ਪਰਵਾਰ ਦੇ ਮੈਂਬਰਾਂ ਨੇ ਇਸ ਲਫ਼ਜ਼ ਨੂੰ ਵਰਤਣ ’ਤੇ ਇਤਰਾਜ਼ ਜਤਾਇਆ ਹੈ। ਇਸ ਲਫ਼ਜ਼ ਬਾਰੇ ਸਭ ਤੋਂ ਪਹਿਲਾਂ ਇਤਰਾਜ਼ ਕਰਨ ਵਾਲਾ ਵਿਅਕਤੀ ਸੀ ਆਰ.ਐਸ.ਐਸ. ਆਗੂ ਰਾਮ ਮਾਧਵ, ਜਿਸਨੇ ‘ਏਸ਼ੀਅਨ ਏਜ’ ਨੂੰ ਕਿਹਾ, ‘‘ਹਿੰਦੂ ਆਤੰਕ ਵਰਗੀ ਕੋਈ ਚੀਜ਼ ਹੈ ਹੀ ਨਹੀਂ। ਇਹ ਅਸਲੀ ਅੱਤਵਾਦੀਆਂ ਨੂੰ ਬਚਾਉਣ ਲਈ ਚਲਾਈ ਗਈ ਯੋਜਨਾਬੱਧ ਮੁਹਿੰਮ ਹੈ।’’ ਜਦ ਰਾਮ ਮਾਧਵ ਨੂੰ ਸਾਧਵੀ ਪ੍ਰਗਿਆ ਦੀ ਗ੍ਰਿਫ਼ਤਾਰੀ ਬਾਰੇ ਪੁੱਛਿਆ ਗਿਆ ਤਾਂ ਉਸਨੇ ਆਰ.ਐਸ.ਐਸ. ਨੂੰ ਤੁਰੰਤ ਸਾਧਵੀ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ, ‘‘(ਬੰਮ ਧਮਾਕੇ ਦੀ ਘਟਨਾ ਵਿੱਚ) ਨਿਜੀ ਤੌਰ ’ਤੇ ਸ਼ਾਮਲ ਲੋਕਾਂ ਨਾਲ ਕਿਸੇ ਹਿੰਦੂ ਸੰਗਠਨ ਦਾ ਕੋਈ ਵਾਸਤਾ ਨਹੀਂ।’’
|
|
|
ਹਿੰਦੂ ਲੜਕੀਆਂ ਨੂੰ ਬੰਦੂਕਾਂ ਚਲਾਉਣ ਦੀ ਸਿਖਲਾਈ ਦਿੰਦਿਆਂ ਇਕ ਹਿੰਦੁਤਵ-ਪੱਖੀ ਜੱਥੇਬੰਦੀ ਦਾ ਕੈਂਪ |
|
|
|
ਮਾਲੇਗਾਉਂ ਵਿੱਚ ਬੰਬ ਧਮਾਕੇ ਕਰਵਾ ਕੇ ਨਿਰਦੋਸ਼ ਲੋਕਾਂ ਨੂੰ ਮਾਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਹਿੰਦੂ ਸਾਧਵੀ ਪ੍ਰਗਿਆ ਸਿੰਘ |
|
|
|
ਫੌਜੀ ਸਿਖਲਾਈ ਦਾ ਗਲਤ ਉਪਯੋਗ ਕਰਕੇ ਹਿੰਦੂ ਅੱਤਵਾਦੀਆਂ ਦੀ ਮਦਦ ਕਰਨ ਦਾ ਆਰੋਪੀ ਲੈਫ. ਕਰਨਲ ਪੁਰੋਹਿਤ |
|
|
|
ਬੀਜੇਪੀ ਦੇ ਕੌਮੀ ਪ੍ਰਧਾਨ ਰਾਜਨਾਥ ਸਿੰਘ ਅਤੇ ਹੋਰ ਆਗੂਆਂ ਨਾਲ ਬੈਠੀ ਵਿਵਾਦਿਤ ਸਾਧਵੀ ਪ੍ਰਗਿਆ ਸਿੰਘ |
|
|
|
ਹਿੰਦੂ ਲੜਕੀਆਂ ਨੂੰ ਤਲਵਾਰਾਂ ਚਲਾਉਣ ਲਈ ਪ੍ਰੇਰਿਤ ਕਰਦੀ ਇਕ ਹਿੰਦੁਤਵ-ਪੱਖੀ ਜੱਥੇਬੰਦੀ |
ਇਸੇ ਤਰ੍ਹਾਂ ਵਿਰੋਧੀ ਧਿਰ ਦੇ ਆਗੂ ਸ੍ਰੀ ਐਲ. ਕੇ. ਅਡਵਾਨੀ ਨੇ ਵੀ ਬੀਜੇਪੀ ਤੇ ਆਰ.ਐਸ.ਐਸ. ਨੂੰ ਸਾਧਵੀ ਤੋਂ ਦੂਰ ਕਰ ਦਿੱਤਾ। ਅਡਵਾਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਹਾਲਾਂ ਤੱਕ ਇਹ ਜਾਣਕਾਰੀ ਨਹੀਂ ਸੀ ਕਿ ਪ੍ਰਗਿਆ ਸਿੰਘ ਕੌਣ ਹੈ? ਅਡਵਾਨੀ ਨੇ ਟਾਈਮਜ਼ ਆਫ਼ ਇੰਡੀਆ ਨੂੰ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਹ (ਸਾਧਵੀ) ਸੰਘ ਪਰਵਾਰ ਦੇ ਸੰਗਠਨਾਂ ਤੋਂ ਇਸ ਵਾਸਤੇ ਦੂਰ ਹੋ ਗਈ ਸੀ ਕਿਉਂਕਿ ਉਸਦੇ ਵਿਚਾਰ ਅਤੇ ਤਰੀਕੇ ਉਨ੍ਹਾਂ ਸੰਗਠਨਾਂ ਨਾਲ ਮੇਲ ਨਹੀਂ ਖਾਂਦੇ ਸਨ, ਜਿਨ੍ਹਾਂ ਨਾਲ ਉਹ ਸਬੰਧਿਤ ਸੀ। ਇਨ੍ਹਾਂ ਸੰਗਠਨਾਂ ’ਚੋਂ ਨਿਕਲਣ ਵਾਸਤੇ ਇਹੀ ਕਾਰਨ ਕਾਫੀ ਸੀ।’’
ਅਡਵਾਨੀ ਨੇ 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਦਾ ਕਤਲ ਕਰਨ ਵਾਲੇ ਨੱਥੂ ਰਾਮ ਗੋਡਸੇ ਦੀ ਮਿਸਾਲ ਦਿੰਦਿਆ ਕਿਹਾ ਕਿ ‘‘ਗੋਡਸੇ ਆਪਣੇ ਜੀਵਨ ਦੇ ਅਰੰਭਕ ਪੜਾਅ ਵਿੱਚ ਆਰ.ਐਸ.ਐਸ. ਨਾਲ ਸਬੰਧਿਤ ਸੀ ਪਰ ਉਸਨੇ 1934 ਵਿੱਚ ਹੀ ਸੰਘ ਨੂੰ ਛੱਡ ਦਿੱਤਾ ਸੀ ਕਿਉਂਕਿ ਉਹ ਸੰਘ ਦੀ ਕਾਰਜ-ਪ੍ਰਣਾਲੀ ਨਾਲ ਸਹਿਮਤ ਨਹੀਂ ਸੀ।’’ ਇਸ ਤਰ੍ਹਾਂ, ਸ੍ਰੀ ਅਡਵਾਨੀ ਨੇ ਘੱਟੋ-ਘੱਟ ਇਹ ਇਕਬਾਲ ਤਾਂ ਕਰ ਲਿਆ ਕਿ ਨੱਥੂ ਰਾਮ ਗੋਡਸੇ ਆਰ.ਐਸ.ਐਸ. ਨਾਲ ਸਬੰਧਿਤ ਸੀ, ਜਦਕਿ ਸੰਘ ਪਰਵਾਰ ਪਹਿਲਾ ਇਸ ਤੱਥ ਨੂੰ ਮੰਨਣ ਤੋਂ ਇਨਕਾਰੀ ਰਿਹਾ ਹੈ।
ਸ੍ਰੀ ਅਡਵਾਨੀ ਦਾ ਵਿਚਾਰ ਹੈ ਕਿ ਆਰ.ਐਸ.ਐਸ. ਹਿੰਸਾ ਵਿੱਚ ਵਿਸ਼ਵਾਸ ਨਹੀਂ ਕਰਦੀ। ਅਡਵਾਨੀ ਖੁਦ ਲੰਬੇ ਸਮੇਂ ਤੱਕ ਆਰ.ਐਸ.ਐਸ. ਵਿੱਚ ਰਿਹਾ ਹੈ ਅਤੇ ਉਸ ਤੋਂ ਵੱਧ ਕੌਣ ਜਾਣਦਾ ਹੈ ਕਿ ਆਰ.ਐਸ.ਐਸ. ਦੀ ਸਥਾਪਨਾ ਹੀ ਹਿੰਦੂਆਂ ਨੂੰ ਮੁਸਲਿਮ ਦੁਸ਼ਮਣਾਂ ਦਾ ਮੁਕਾਬਲਾ ਕਰਨ ਦੀ ਸਿਖਲਾਈ ਦੇਣ ਲਈ ਕੀਤੀ ਗਈ ਸੀ ਅਤੇ ਆਰ.ਐਸ.ਐਸ. ਦੀਆਂ ਸਾਰੀਆਂ ਬ੍ਰਾਂਚਾਂ ਲਾਠੀਆਂ ਚਲਾਉਣ ਦੀ ਸਿਖਲਾਈ ਦਿੰਦੀਆਂ ਹਨ। ਇਸ ਉਪਰੰਤ ਸੰਘ ਨੇ ਹਿੰਦੂਆਂ ਨੂੰ ਬੰਦੂਕ ਆਦਿ ਘਾਤਕ ਹਥਿਆਰ ਚਲਾਉਣ ਦੀ ਸਿਖਲਾਈ ਦੇਣ ਲਈ ਹੋਰਨਾਂ ਸੰਗਠਨਾਂ (ਜਿਵੇਂ ਬਜਰੰਗ ਦਲ ਆਦਿਕ) ਦੀ ਸਥਾਪਨਾ ਕਰ ਦਿੱਤੀ। ਇਸੇ ਕਿਸਮ ਦਾ ਇਕ ਸੰਗਠਨ ‘ਦੁਰਗਾ ਵਾਹਿਨੀ’ ਆਪਣੀ ਮਹਿਲਾ ਮੈਂਬਰਾਂ ਨੂੰ ਬੰਦੂਕਾਂ ਚਲਾਉਣ ਦੀ ਸਿਖਲਾਈ ਦਿੰਦਾ ਹੈ।
ਸ੍ਰੀ ਅਡਵਾਨੀ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਆਰ.ਐਸ.ਐਸ. ਹਿਟਲਰ ਦੀ ਬਹੁਤ ਤਾਰੀਫ ਕਰਦੀ ਹੈ ਅਤੇ ਅੱਜ ਵੀ ਬੀਜੇਪੀ-ਸ਼ਾਸਿਤ ਕਈ ਸੂਬਿਆਂ ਵਿੱਚ ਹਿਟਲਰ ਅਤੇ ਨਾਜ਼ੀਵਾਦ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਨਾਜ਼ੀਵਾਦ (ਘੱਟ-ਗਿਣਤੀ ਕੌਮਾਂ ਦੀ ਨਸਲਕੁਸ਼ੀ) ਨੂੰ ਦੇਸ਼ ਦੀ ਖੁਸ਼ਹਾਲੀ ਲਈ ਇਕ-ਮਾਤਰ ਹੱਲ ਮੰਨਿਆ ਜਾਂਦਾ ਹੈ ਕਿਉਂਕਿ ‘‘ਦੇਸ਼ ਨੂੰ ਸਹੀ ਸਮੇਂ ’ਤੇ ਸਹੀ ਨਿਰਣੇ ਲੈਣ ਲਈ ਇਕ ਮਜਬੂਤ ਆਗੂ ਦੀ ਲੋੜ ਹੈ।’’ ਅਤੇ ਹਿਟਲਰ ਆਪਣੇ ਵਿਰੋਧੀਆਂ ਨਾਲ ਨਿਬੜਨ ਲਈ ਸਿਰਫ ਸ਼ਾਂਤੀਪੂਰਨ ਤਰੀਕਿਆਂ ਤੱਕ ਸੀਮਤ ਰਹਿਣ ਵਿੱਚ ਵਿਸ਼ਵਾਸ ਨਹੀਂ ਕਰਦਾ ਸੀ। ਇਹ ਦਾਅਵਾ ਕਰਨਾ ਕਿ ਹਿੰਦੁਤਵ-ਪੱਖੀ ਸੰਗਠਨ (ਸੰਘ ਪਰਵਾਰ) ਹਿੰਸਾ ਵਿੱਚ ਵਿਸ਼ਵਾਸ ਨਹੀਂ ਕਰਦਾ, ਓਨਾ ਹੀ ਝੂਠਾ ਬਿਆਨ ਹੈ ਜਿੰਨਾ ਇਹ ਕਹਿਣਾ ਕਿ ਅੱਗ ਮਨੁੱਖ ਨੂੰ ਸਾੜਦੀ ਨਹੀਂ ਬਲਕਿ ਠੰਡਕ ਦਿੰਦੀ ਹੈ।
ਹਰ ਕੋਈ ਜਾਣਦਾ ਹੈ ਕਿ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਨੇ 2002 ਵਿੱਚ ਗੁਜਰਾਤ ਵਿੱਚ ਵਾਪਰੇ ਮੁਸਲਮਾਨਾਂ ਦੇ ਕਤਲੇਆਮ ਵਿੱਚ ਕੀ ਭੂਮਿਕਾ ਨਿਭਾਈ ਸੀ। ਇਹ ਵਿਸ਼ਵ ਹਿੰਦੂ ਪਰਿਸ਼ਦ ਅਤੇ ਬੀਜੇਪੀ ਆਗੂ ਹੀ ਸਨ ਜਿਨ੍ਹਾਂ ਵੱਲੋਂ ਹਿੰਦੂਆਂ ਨੂੰ ਭੜਕਾਉਣ ਕਾਰਨ 2000 ਤੋਂ ਵੱਧ ਮੁਸਲਮਾਨਾਂ ਨੂੰ ਬੜੇ ਬੇਰਹਿਮ ਤਰੀਕਿਆਂ ਨਾਲ ਕਤਲ ਕਰ ਦਿੱਤਾ ਗਿਆ। ਕੀ ਉਹ ਹਿੰਸਾ ਨਹੀਂ ਸੀ? ਜਾਂ ਕੀ ਇਹ ਕਾਰਾ ਕਰਨ ਵਾਲੇ ਹਿੰਸਾ ਵਿੱਚ ਵਿਸ਼ਵਾਸ ਨਹੀਂ ਕਰਦੇ ਸਨ?
ਬੀਜੇਪੀ ਦੇ ਮੀਤ-ਪ੍ਰਧਾਨ ਮੁਖ਼ਤਾਰ ਅੱਬਾਸ ਨਕਵੀ ਨੇ ਸਾਧਵੀ ਅਤੇ ਉਸਦੇ ਸਾਥੀਆਂ ਦੀ ਗ੍ਰਿਫ਼ਤਾਰੀ ਦੇ ਬਾਅਦ ਤੋਂ ਬਾਅਦ ਇਹ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਕਿ ‘‘ਅਸਲ ਅੱਤਵਾਦੀਆਂ ਨੂੰ ਬਚਾਉਣ ਲਈ, ਨਕਲੀ ਅੱਤਵਾਦੀਆਂ ਨੂੰ ਪੇਸ਼ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਦਾ ਸਪਸ਼ਟ ਅਰਥ ਸੀ ਕਿ ਸਾਧਵੀ ਅਤੇ ਉਸਦੇ ਸਾਥੀ ਅਸਲ ਅੱਤਵਾਦੀ ਨਹੀਂ ਹਨ ਅਤੇ ਪੁਲਿਸ ਨੇ ਸਿਰਫ਼ ਅਸਲ ਅੱਤਵਾਦੀਆਂ ਨੂੰ ਬਚਾਉਣ ਵਾਸਤੇ ਹੀ ਸਾਧਵੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕੀ ਸ੍ਰੀ ਨਕਵੀ ਦਾ ਵਿਚਾਰ ਹੈ ਕਿ ਅਸਲੀ ਅੱਤਵਾਦੀ ਸਿਰਫ਼ ਮੁਸਲਮਾਨ ਹੋ ਸਕਦੇ ਹਨ? ਪਰ ਉਨ੍ਹਾਂ ਇਹ ਵੀ ਕਿਹਾ ਕਿ ‘‘ਮੁਸਲਿਮ ਜਾਂ ਹਿੰਦੂ ਅੱਤਵਾਦ ਵਰਗੀ ਵੰਡ ਨਹੀਂ ਕੀਤੀ ਜਾ ਸਕਦੀ।’’
ਕੀ ਇਹ ਉਹੀ ਗੱਲ ਨਹੀਂ ਸੀ, ਜਿਹੜੇ ਸਾਰੇ ਧਰਮ-ਨਿਰਪੱਖ ਕਾਰਕੁੰਨ ਅਤੇ ਮੁਸਲਮਾਨ ਅਤੇ ਹੋਰ ਘੱਟ-ਗਿਣਤੀ ਕੌਮਾਂ ਦੇ ਲੋਕ ਹਾਲਾਂ ਤੱਕ ਕਹਿੰਦੇ ਆ ਰਹੇ ਹਨ। ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਪਰ ਸੰਘ ਪਰਵਾਰ ਅਤੇ ਮੀਡੀਆ ਹਮੇਸ਼ਾ ਇਸਲਾਮਿਕ ਅੱਤਵਾਦੀ ਜਾਂ ਮੁਸਲਿਮ ਅੱਤਵਾਦੀ ਜਾਂ ਸਿੱਖ ਅੱਤਵਾਦੀ ਜਿਹੇ ਲਫ਼ਜ਼ਾਂ ਦਾ ਉਪਯੋਗ ਕਰਦੇ ਰਹੇ ਹਨ। ਪੁਲਿਸ ਵੀ ਜਦ ਕਦੇ ਮੁਸਲਿਮ ਜਾਂ ਸਿੱਖ ਨੌਜੁਆਨਾਂ ਨੂੰ ਗ੍ਰਿਫ਼ਤਾਰ ਕਰਦੀ ਹੈ ਤਾਂ ਉਨ੍ਹਾਂ ਖਿਲਾਫ਼ ਕੋਈ ਸਬੂਤ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ‘ਅੱਤਵਾਦੀਆਂ’ ਵਜੋਂ ਪੇਸ਼ ਕਰਦੀ ਹੈ। (ਪੰਜਾਬ ਵਿੱਚ ਹਰ ਹਫ਼ਤੇ, ਦੋ-ਹਫਤੇ ਬਾਅਦ ਕੁਝ ਨੌਜੁਆਨਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਵੱਲੋਂ ਦਾਅਵਾ ਕਰ ਦਿੱਤਾ ਜਾਂਦਾ ਹੈ ਕਿ ਉਹ ਸੌਦਾ ਸਾਧ/ਆਸ਼ੂਤੋਸ਼/ਭਨਿਆਰੇ ਵਾਲੇ ਆਦਿਕ ਕਿਸੇ ਵਿਵਾਦਿਤ ਸਾਧ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ।) ਜੇਕਰ ਇਨ੍ਹਾਂ ਵਿੱਚੋਂ ਕੁਝ ਨੌਜੁਆਨ ਵਾਕਈ ਹਿੰਸਕ ਕਾਰਵਾਈਆਂ ਵਿੱਚ ਸ਼ਾਮਲ ਰਹੇ ਵੀ ਹੋਣ, ਤਾਂ ਵੀ ਇਸਦਾ ਇਹ ਅਰਥ ਨਹੀਂ ਬਣਦਾ ਕਿ ਇਸਲਾਮ ਜਾਂ ਸਿੱਖੀ ਅੱਤਵਾਦ ਦੀ ਸਿੱਖਿਆ ਦਿੰਦੇ ਹਨ ਜਾਂ ਨਿਰਦੋਸ਼ ਲੋਕਾਂ ਨੂੰ ਕਤਲ ਕਰਨ ’ਤੇ ਵਿਸ਼ਵਾਸ ਕਰਦੇ ਹਨ।
ਇਸ ਸਭ ਦੇ ਬਾਵਜੂਦ, ਆਰ.ਐਸ.ਐਸ. ਉਸ ਸੰਦੇਸ਼ ਨੂੰ ਪ੍ਰਚਾਰਿਤ ਕਰਦੀ ਰਹੀ, ਜੋ ਹੁਣ ਲਗਭਗ ਇਕ ਕਹਾਵਤ ਹੀ ਬਣ ਗਿਆ ਹੈ ਕਿ ‘‘ਸਾਰੇ ਮੁਸਲਮਾਨ ਅੱਤਵਾਦੀ ਨਹੀਂ ਹੁੰਦੇ ਪਰ ਸਾਰੇ ਅੱਤਵਾਦੀ ਮੁਸਲਮਾਨ ਹੁੰਦੇ ਹਨ।’’ ਹੁਣ ਜਦ ਉਨ੍ਹਾਂ ਦੇ ਆਪਣੇ ਲੋਕ ਮਾਲੇਗਾਉਂ ਬੰਬ ਧਮਾਕਿਆਂ ਵਿੱਚ ਸ਼ਾਮਲ ਪਾਏ ਗਏ ਹਨ ਤਾਂ ਸਾਰੇ ਹਿੰਦੁਤਵ ਸੰਗਠਨ ਅਤੇ ਉਨ੍ਹਾਂ ਦੇ ਆਗੂ ਇਹੀ ਗੱਲ ਦੁਹਰਾ ਰਹੇ ਹਨ ਕਿ ਹਿੰਦੂ ਅੱਤਵਾਦੀ ਨਹੀਂ ਹੋ ਸਕਦੇ ਅਤੇ ਹਿੰਦੂ ਸਭਿਅਤਾ ਹਿੰਸਾ ਵਿੱਚ ਵਿਸ਼ਵਾਸ ਨਹੀਂ ਕਰਦੀ। ਜਦ ਤੱਕ ਮੁਸਲਮਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਸੀ, ਤਦ ਤੱਕ ਇਹ ਕਹਿਣਾ ਠੀਕ ਸੀ ਕਿ ਇਸਲਾਮ ਅਤੇ ਮੁਸਲਿਮ ਸਭਿਅਤਾ ਅੱਤਵਾਦੀ ਪੈਦਾ ਕਰਦੇ ਹਨ !!
ਅਸਲ ਤੱਥ ਇਹ ਹੈ ਕਿ ਨਾ ਤਾਂ ਹਿੰਦੂਵਾਦ, ਨਾ ਇਸਲਾਮ ਅਤੇ ਨਾ ਹੀ ਕੋਈ ਹੋਰ ਧਰਮ ਅੱਤਵਾਦ ਨੂੰ ਪ੍ਰਚਾਰਦਾ ਹੈ। ਅਜਿਹਾ ਸੰਭਵ ਹੋ ਸਕਦਾ ਹੈ ਕਿ ਕੁਝ ਲੋਕ ਜਾਂ ਸਮੂਹ ਜਾਂ ਸੰਗਠਨ ਆਪਣੀਆਂ ਨਿੰਦਣਯੋਗ ਕਾਰਵਾਈਆਂ ਨੂੰ ਜਾਇਜ਼ ਠਹਿਰਾਉਣ ਲਈ ਇਨ੍ਹਾਂ ਪ੍ਰਤੀ ਧਾਰਮਕ ਸ਼ਬਦਾਵਲੀ ਜਾਂ ਕੱਟੜਪੁਣੇ ਦਾ ਸਹਾਰਾ ਲੈ ਸਕਦੇ ਹਨ ਪਰ ਇਸਦਾ ਇਹ ਅਰਥ ਨਹੀਂ ਕਿ ਉਸ ਸਮੁੱਚੇ ਧਰਮ ਜਾਂ ਧਾਰਮਕ ਬਿਰਾਦਰੀ ਨੂੰ ਅੱਤਵਾਦੀ ਕਾਰਵਾਈ ਲਈ ਜ਼ਿੰਮਵਾਰ ਠਹਿਰਾਇਆ ਜਾਏ। ਸਿਰਫ਼ ਉਹ ਸਮੂਹ ਜਾਂ ਸੰਗਠਨ ਹੀ ਆਪਣੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ - ਉਹ ਧਰਮ ਨਹੀਂ ਜਿਸ ਨਾਲ ਉਹ ਸੰਗਠਨ ਸਬੰਧਿਤ ਹੈ।
ਅੱਜ ਸੰਘ ਪਰਵਾਰ ਦੇ ਲੀਡਰ ਚਲਾਕੀ ਨਾਲ ਕਹਿ ਰਹੇ ਹਨ ਕਿ ‘‘ਹਿੰਦੂਆਂ ਜਾਂ ਹਿੰਦੂ ਸਭਿਅਤਾ ਨੂੰ ਇਸ ਤਰ੍ਹਾਂ ਦੀ ਹਿੰਸਾ ਵਾਸਤੇ ਕਿਵੇਂ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਕੁਝ ਹਿੰਦੂ ਵਿਅਕਤੀ ਜਾਂ ਹਿੰਦੂ ਸੰਗਠਨ ਨਿਸ਼ਚਿਤ ਤੌਰ ’ਤੇ ਜ਼ਿੰਮੇਵਾਰ ਹੋ ਸਕਦੇ ਹਨ ਪਰ ਹਿੰਦੂ ਧਰਮ ਨਹੀਂ। ਹਿੰਦੂਵਾਦ ਉਸੇ ਤਰ੍ਹਾਂ ਇਕ ਅਹਿੰਸਾਵਾਦੀ ਧਰਮ ਜਿਵੇਂ ਇਸਲਾਮ ਵੀ ਸ਼ਾਂਤੀ ਅਤੇ ਅਹਿੰਸਾ ਵਾਲਾ ਧਰਮ ਹੈ ਪਰ ਕੁਝ ਹਿੰਦੂ ਜਾਂ ਮੁਸਲਮਾਨ ਵਿਅਕਤੀ ਜਾਂ ਫਿਰ ਇਨ੍ਹਾਂ ਬਿਰਾਦਰੀਆਂ ਦੇ ਕੁਝ ਲੋਕਾਂ ਦੀ ਸ਼ਮੂਲੀਅਤ ਵਾਲੇ ਸੰਗਠਨ ਨਿਸ਼ਚਿਤ ਤੌਰ ’ਤੇ ਅੱਤਵਾਦੀ ਹਿੰਸਾ ਲਈ ਜ਼ਿੰਮੇਵਾਰ ਠਹਿਰਾਏ ਜਾ ਸਕਦੇ ਹਨ।
ਸਾਧਵੀ ਪ੍ਰਗਨਿਆ ਸਿੰਘ, ਲੈਟ. ਕਰਨਲ ਪੁਰੋਹਿਤ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਗ੍ਰਿਫਤਾਰੀਆਂ ਨੇ ਚੇਤੰਨ ਵਰਗ ਵਿੱਚ ਪਹਿਲਾਂ ਹੀ ਚਰਚਿਤ ਇਸ ਤੱਥ ਨੂੰ ਜੱਗ-ਜਾਹਿਰ ਕਰ ਦਿੱਤਾ ਹੈ ਕਿ ਹਿੰਦੁਤਵ-ਪੱਖੀ ਸੰਗਠਨ (ਪਿਛਲੇ ਕਾਫੀ ਅਰਸੇ ਤੋਂ) ਬੰਬ ਬਣਾ ਰਹੇ ਸਨ ਅਤੇ ਮਹਾਂਰਾਸ਼ਟਰ ਦੀ ਮਾਲੇਗਾਉਂ, ਹੈਦਰਾਬਾਦ ਦੀ ਮੱਕਾ ਮਸਜਿਦ ਨੇੜੇ ਅਤੇ ਅਜਿਹੇ ਕਈ ਹੋਰਨਾਂ ਅੱਤਵਾਦੀ ਹਮਲਿਆਂ ਵਿੱਚ ਇਨ੍ਹਾਂ ਸੰਗਠਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਪੁਲਿਸ ਨੇ ਇਸ ਮੰਗ ਪ੍ਰਤੀ ਅੱਖਾਂ ਹੀ ਮੀਟ ਲਈਆਂ ਸਨ ਅਤੇ ਆਪਣੀ ਮਨ-ਮਰਜ਼ੀ ਨਾਲ ਮੁਸਲਮਾਨਾਂ ਨੂੰ ਹੀ ਗ੍ਰਿਫ਼ਤਾਰ ਕਰਦੀ ਰਹੀ।
ਹੁਣ ਪ੍ਰਗਨਿਆ ਸਿੰਘ ਤੇ ਉਸਦੇ ਸਾਥੀਆਂ ਦੀ ਗ੍ਰਿਫ਼ਤਾਰੀ ਉਪਰੰਤ ਜਾਗ੍ਰਿਤ ਮੁਸਲਮਾਨ ਇਹ ਮਹਿਸੂਸ ਕਰਦੇ ਹਨ ਕਿ ਯੂ.ਪੀ.ਏ. ਸਰਕਾਰ ਨੇ ਇਨ੍ਹਾਂ ਵਿਅਕਤੀਆਂ ਨੂੰ ਨੇੜਲੇ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਗ੍ਰਿਫਤਾਰ ਕੀਤਾ ਹੈ, ਤਾਂ ਜੋ ਮੁਸਲਮਾਨਾਂ ਦੀ ਬੇਚੈਨੀ ਨੂੰ ਕੁਝ ਘਟਾਇਆ ਜਾ ਸਕੇ (ਖ਼ਾਸਕਰ ‘ਬਾਟਲਾ ਹਾਊਸ’ ਮੁਠਭੇੜ ਤੋਂ ਬਹੁਤ ਸਾਰੇ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਮੁਸਲਮਾਨਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਸਨ)। ਇਸ ਤਰ੍ਹਾਂ, ਮੁਸਲਮਾਨ ਅਤੇ ਦੇਸ਼ ਦੀਆਂ ਧਰਮ-ਨਿਰਪੱਖ ਤਾਕਤਾਂ ਮਹਿਸੂਸ ਕਰਦੀਆਂ ਹਨ ਕਿ ਇਨ੍ਹਾਂ ਕੁਝ ਹਿੰਦੁਤਵ-ਪੱਖੀ ਕਾਰਕੁੰਨਾਂ ਦੀ ਗ੍ਰਿਫਤਾਰੀ ਸਿਰਫ਼ ਇਸ ਵਰਗ ਨੂੰ ਸ਼ਾਂਤ ਕਰਨ ਲਈ ਕੀਤੀ ਗਈ ਹੈ ਅਤੇ ਚੋਣਾਂ ਉਪਰੰਤ ਪੁਲਿਸ ਮੁੜ ਤੋਂ ਮੁਸਲਮਾਨਾਂ ਨੂੰ ਤੰਗ ਕਰਨਾ ਅਰੰਭ ਕਰ ਦੇਵੇਗੀ।
ਇਸਦੇ ਇਲਾਵਾ, 29 ਸਤੰਬਰ 2008 ਨੂੰ ਮਾਲੇਗਾਉਂ ਵਿੱਚ ਹੋਏ ਧਮਾਕੇ ਉਪਰੰਤ ਪੁਲਿਸ ਲਈ ਮੁਸਲਮਾਨਾਂ ਨੂੰ ਗ੍ਰਿਫ਼ਤਾਰ ਕਰਨਾ ਤਕਰੀਬਨ ਨਾਮੁਮਕਿਨ ਸੀ ਕਿਉਂਕਿ ‘ਸਿਮੀ’ ਦੇ ਲਗਭਗ ਸਾਰੇ ਕਾਰਕੁੰਨ ਪਹਿਲਾਂ ਹੀ ਜੇਲ੍ਹਾਂ ਵਿੱਚ ਸਨ ਅਤੇ ਜੇਕਰ ਇਸ ਵਾਰ ਵੀ ਮੁਸਲਮਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ, ਤਾਂ ਮੁਸਲਮਾਨਾਂ ਨੇ ਇਸਦਾ ਤਿੱਖਾ ਵਿਰੋਧ ਕਰਨਾ ਸੀ ਅਤੇ ਚੋਣਾਂ ਤੋਂ ਐਨ ਪਹਿਲਾਂ ਯੂ.ਪੀ.ਏ. ਸਰਕਾਰ ਨੂੰ ਭਾਰੀ ਸਿਆਸੀ ਨੁਕਸਾਨ ਹੋ ਸਕਦਾ ਸੀ।
ਮੈਂ 2006 ਦੇ ਮਾਲੇਗਾਉਂ ਧਮਾਕਿਆਂ ਦੀ ਜਾਂਚ ਕੀਤੀ ਸੀ। ਇਸ ਦੌਰਾਨ ਮੈਂ ਸਾਰੀਆਂ ਪਾਰਟੀਆਂ ਦੇ ਆਗੂਆਂ, ਆਮ ਲੋਕਾਂ ਅਤੇ ਬੁੱਧੀਜੀਵੀਆਂ ਨੂੰ ਮਿਲਿਆ ਸੀ ਅਤੇ ਕੋਈ ਵੀ ਵਿਅਕਤੀ ਇਸ ਗੱਲ ਤੋਂ ਸਹਿਮਤ ਨਹੀਂ ਸੀ ਕਿ 2006 ਦੇ ਇਨ੍ਹਾਂ ਧਮਾਕਿਆਂ, ਜਿਨ੍ਹਾਂ ਵਿੱਚ 50 ਤੋਂ ਵੱਧ ਵਿਅਕਤੀ ਮਾਰੇ ਗਏ ਸਨ, ਲਈ ਉਹ ਵਿਅਕਤੀ (ਮੁਸਲਮਾਨ) ਜ਼ਿੰਮੇਵਾਰ ਹੋ ਸਕਦੇ ਹਨ, ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ਦਿਨ ਮੁਸਲਮਾਨਾਂ ਦਾ ਇਕ ਅਹਿਮ ਤਿਉਹਾਰ ਤੇ ਸ਼ੁਕਰਵਾਰ ਸੀ ਅਤੇ ਬੰਬ ਉਸ ਸਮੇਂ ਫਟੇ ਜਦ ਸ਼ੁਕਰਵਾਰ ਦੀ ਨਮਾਜ਼ ਖ਼ਤਮ ਹੀ ਹੋਈ ਸੀ। ਕੋਈ ਵੀ ਮੁਸਲਮਾਨ ਬੰਬ ਧਮਾਕੇ ਕਰਨ ਲਈ ਅਜਿਹੀ ਥਾਂ ਅਤੇ ਮੌਕੇ ਦੀ ਵਰਤੋਂ ਨਹੀਂ ਕਰ ਸਕਦਾ ਸੀ।
ਫਿਰ ਵੀ ਪੁਲਿਸ ਇਨ੍ਹਾਂ ਧਮਾਕਿਆਂ ਲਈ ਸਿਰਫ਼ ਸਿਮੀ ਦੇ ਕੁਝ ਸਾਬਕਾ ਮੈਂਬਰਾਂ ਨੂੰ ਆਰੋਪੀ ਠਹਿਰਾਉਣ ਅਤੇ ਕੋਈ ਵੀ ਦਲੀਲ ਨਾ ਸੁਣਨ ਲਈ ਹੀ ਬਜ਼ਿੱਦ ਸੀ। 2006 ਦੇ ਬੰਬ ਧਮਾਕਿਆਂ ਦੀ ਵੀ ਮੁੜ ਤੋਂ ਜਾਂਚ ਹੋਣੀ ਚਾਹੀਦੀ ਹੈ ਅਤੇ ਮੈਨੂੰ ਯਕੀਨ ਹੈ ਕਿ ਇਸ ਵਾਰ ਕੁਝ ਨਵੇਂ ਨਤੀਜੇ ਸਾਹਮਣੇ ਆਉਣਗੇ। ਮੈਂ ਏ.ਟੀ.ਐਸ. ਵੱਲੋਂ 2006 ਦੇ ਮਾਲੇਗਾਉਂ ਧਮਾਕਿਆਂ ਦੇ ਸਬੰਧ ਵਿੱਚ ਦਾਇਰ ਕੀਤੀਆਂ ਗਈਆਂ ਚਾਰਜ-ਸ਼ੀਟਾਂ ਨੂੰ ਦੇਖਿਆ ਹੈ। ਇਹ ਚਾਰਜ-ਸ਼ੀਟਾਂ ਪੂਰੀ ਤਰ੍ਹਾਂ ਪੁਲਿਸ ਹਿਰਾਸਤ ਵਿੱਚ ਪ੍ਰਾਪਤ ਕੀਤੇ ਗਏ ਇਕਬਾਲੀਆ ਬਿਆਨਾਂ ’ਤੇ ਅਧਾਰਿਤ ਹੈ ਅਤੇ ਕਿਸੇ ਵੀ ਕਾਨੂੰਨੀ ਕੋਰਟ ਵਿੱਚ ਰੱਦ ਹੋ ਜਾਣ ਲਾਇਕ ਹੈ। ਅਸਲੀ ਅਪਰਾਧੀ ਨਿਸ਼ਚਿਤ ਤੌਰ ’ਤੇ ਬਚ ਨਿਕਲਣਗੇ।
ਨਾਂਦੇੜ ਦੇ ਬੰਬ ਧਮਾਕੇ, ਜਿਨ੍ਹਾਂ ਵਿੱਚ ਬਜਰੰਗ ਦਲ ਦੇ ਦੋ ਕਾਰਕੁੰਨ (ਅੱਤਵਾਦੀ) ਮਾਰੇ ਗਏ ਸਨ, 2006 ਦੇ ਮਾਲੇਗਾਓਂ ਧਮਾਕਿਆਂ ਤੋਂ ਕੁਝ ਪਹਿਲਾਂ ਹੀ ਵਾਪਰੇ ਸਨ ਅਤੇ ਇਨ੍ਹਾਂ ਵਿੱਚੋਂ ਕੁਝ ਲੋਕਾਂ ਦੇ ਮਾਲੇਗਾਓਂ ਧਮਾਕਿਆਂ ਵਿੱਚ ਸ਼ਾਮਲ ਹੋਣ ਦੀ ਪੂਰੀ ਸੰਭਾਵਨਾ ਸੀ। ਇਸੇ ਤਰ੍ਹਾਂ, ਹੈਦਰਾਬਾਦ ਦੀ ਮੱਕਾ ਮਸਜਿਦ ਧਮਾਕਿਆਂ ਦੀ ਵੀ ਤਫਸੀਲ ਨਾਲ ਮੁੜ ਤੋਂ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਵੀ ਸ਼ੁਕਰਵਾਰ ਨੂੰ, ਦੁਪਹਿਰ ਦੀ ਨਮਾਜ਼ ਦੇ ਤੁਰੰਤ ਬਾਅਦ ਹੀ ਵਾਪਰੇ, ਜਦ ਹਜ਼ਾਰਾਂ ਮੁਸਲਮਾਨ ਮਸਜਿਦ ਤੋਂ ਬਾਹਰ ਆ ਰਹੇ ਸਨ।
ਮੱਕਾ ਮਸਜਿਦ ਧਮਾਕਿਆਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀ ਵੀ ਵਧੇਰੇ ਕਰਕੇ ਨਿਰਦੋਸ਼ ਹੀ ਸਨ। ਮੈਂ ਹੈਦਰਾਬਾਦ ਵਿਖੇ ਇਕ ਜਨਤਕ ਸੁਣਵਾਈ ਦੌਰਾਨ ਉਨ੍ਹਾਂ ਦੇ ਬਿਆਨ ਸੁਣੇ ਸਨ। ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਨਾਗਰਿਕ ਅਧਿਕਾਰ ਸਮੂਹਾਂ ਨੇ ਇਨ੍ਹਾਂ ਨੂੰ ਜ਼ਮਾਨਤ ’ਤੇ ਛੁਡਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿਉਂਕਿ ਇਨ੍ਹਾਂ ਆਰੋਪੀਆਂ ਦੇ ਖਿਲਾਫ਼ ਕੋਈ ਵੀ ਵਿਸ਼ਵਾਸਯੋਗ ਸਬੂਤ ਨਹੀਂ ਸੀ। ਅਦਾਲਤ ਨੂੰ ਉਨ੍ਹਾਂ ਨੂੰ ਜ਼ਮਾਨਤ ਦੇਣੀ ਹੀ ਪੈਣੀ ਸੀ। ਹੈਦਰਾਬਾਦ ਪੁਲਿਸ ਅਸਲ ਅਪਰਾਧੀਆਂ ਨੂੰ ਫੜਨ ਲਈ ਕੁਝ ਨਾ ਕਰ ਸਕੀ ਜਾਂ ਕੁਝ ਨਾ ਕੀਤਾ।
ਬੰਬ ਧਮਾਕਿਆਂ ਦੀਆਂ ਇਨ੍ਹਾਂ ਸਾਜਿਸ਼ਾਂ ਵਿੱਚ ਕੁਝ ਫੌਜੀ ਅਫਸਰਾਂ, ਜਿਨ੍ਹਾਂ ਵਿੱਚ ਮੇਜਰ ਦੇ ਅਹੁਦੇ ਤੱਕ ਦੇ ਅਫਸਰ ਵੀ ਸ਼ਾਮਲ ਹਨ, ਕੋਈ ਹੈਰਾਨੀਜਨਕ ਤੱਥ ਨਹੀਂ ਕਿਉਂਕਿ ਫੌਜ ਵਿੱਚ ਆਰ.ਐਸ.ਐਸ. ਦੇ ਹਮਦਰਦਾਂ ਨੂੰ ਨੇਮਬੱਧ ਤਰੀਕੇ ਨਾਲ ਭਰਤੀ ਕਰਵਾਇਆ ਜਾਂਦਾ ਹੈ ਅਤੇ ਰਿਟਾਇਰਮੈਂਟ ਉਪਰੰਤ ਇਹ ਲੋਕ ਹਿੰਦੁਤਵ ਸੰਗਠਨਾਂ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਹੋ ਜਾਂਦੇ ਹਨ। ਫੌਜ ਆਮ ਤੌਰ ’ਤੇ ਪੂਰੀ ਤਰ੍ਹਾਂ ਧਰਮ-ਨਿਰਪੱਖ ਹੋਣ ਦਾ ਦਾਅਵਾ ਕਰਦੀ ਹੈ ਅਤੇ ਕਾਫੀ ਹੱਦ ਤਕ ਅਜਿਹਾ ਹੈ ਵੀ ਪਰ ਫਿਰ ਵੀ ਇਸਨੂੰ ਸਿਪਾਹੀਆਂ ਅਤੇ ਅਫਸਰਾਂ ਦੀ ਭਰਤੀ ਵੇਲੇ ਬਹੁਤ ਵੱਧ ਚੌਕਸ ਰਹਿਣਾ ਚਾਹੀਦਾ ਹੈ। ਫਿਰਕੂ ਪਿਛੋਕੜ ਵਾਲੇ ਕਿਸੇ ਵੀ ਵਿਅਕਤੀ ਨੂੰ ਫੌਜ ਵਿੱਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਪਰ ਫੌਜ ਵਿੱਚ ਭਰਤੀ ਵੇਲੇ ਇਸ ਨੇਮ ਦੀ ਸਖ਼ਤੀ ਨਾਲ ਪਾਲਨਾ ਨਹੀਂ ਕੀਤੀ ਜਾ ਰਹੀ। ਬਹੁਤ ਸਾਰੇ ਲੋਕ, ਜਿਹੜੇ ਆਰ.ਐਸ.ਐਸ. ਦੇ ਨਿਯੰਤਰਨ ਵਾਲੇ ਸਕੂਲਾਂ ਅਤੇ ਕਾਲਜਾਂ ’ਚੋਂ ਆਉਂਦੇ ਹਨ, ਆਰਮੀ ਵਿੱਚ ਭਰਤੀ ਹੋ ਜਾਂਦੇ ਹਨ।
ਮੇਰੇ ਖ਼ਿਆਲ ਮੁਤਾਬਿਕ ਇਹ ਬਿਹਤਰ ਹੋਵੇਗਾ ਕਿ ਅੱਤਵਾਦੀ ਧਮਾਕਿਆਂ ਨਾਲ ਸਬੰਧਿਤ ਸਾਰੀਆਂ ਘਟਨਾਵਾਂ ਦੀ ਜਾਂਚ ਵਿਸ਼ਸਨੀਕ ਮਰਿਆਦਾ ਵਾਲੀ ਪੁਲਿਸ ਵੱਲੋਂ ਹਾਈ ਕੋਰਟ ਦੇ ਰਿਟਾਇਰਡ ਜੱਜਾਂ ਦੀ ਨਿਗਰਾਨੀ ਵਿੱਚ ਹੋਵੇ। ਇਸ ਨਾਲ ਪੱਖਪਾਤੀ ਜਾਂਚ ਦੀ ਸੰਭਾਵਨਾ ਖ਼ਤਮ ਤਾਂ ਨਹੀਂ ਪਰ ਕਾਫੀ ਘੱਟ ਹੋ ਜਾਏਗੀ। ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਹਿੱਤ ਵਿੱਚ ਇਹੀ ਗੱਲ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਫਿਰਕੂ ਦੰਗਿਆਂ ਦੀ ਥਾਂ ਬੰਬ ਧਮਾਕੇ ਲੈਂਦੇ ਜਾ ਰਹੇ ਹਨ ਅਤੇ ਕੁਝ ਲੋਕਾਂ ਨੂੰ ਸ਼ੱਕ ਹੈ ਕਿ ਇਹ (ਬ੍ਰਾਹਮਣਵਾਦੀ) ਫਿਰਕੂ ਤਾਕਤਾਂ ਦੀ ਨਵੀਂ ਨੀਤੀ ਹੈ। ਕਿਉਂਕਿ ਵੱਡੇ ਫਿਰਕੂ ਦੰਗਿਆਂ ਦਾ ਆਯੋਜਨ ਕਰਵਾਉਣਾ ਲਗਾਤਾਰ ਔਖਾ ਹੁੰਦਾ ਜਾ ਰਿਹਾ ਹੈ।
ਨਾਗਰਿਕ ਸਮਾਜ ਨੂੰ ਵੀ ਹਰ ਤਰ੍ਹਾਂ ਦੀਆਂ ਅੱਤਵਾਦੀ ਗਤੀਵਿਧੀਆਂ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ, ਭਾਵੇਂ ਉਹ ਕਿਸੇ ਵੀ ਧਰਮ ਜਾਂ ਸਮੂਹ ਨਾਲ ਸਬੰਧਿਤ ਹੋਣ। ਜਿਵੇਂ 20ਵੀਂ ਸ਼ਤਾਬਦੀ ਵਿੱਚ ਫਿਰਕੂ ਦੰਗੇ ਵੱਡਾ ਖ਼ਤਰਾ ਸਨ, 21ਵੀਂ ਸਦੀ ’ਚ ਉਨ੍ਹਾਂ ਦੀ ਥਾਂ ਬੰਬ ਧਮਾਕਿਆਂ ਨੇ ਲੈ ਲਈ ਹੈ।