

ਹਜ਼ੂਰ ਸਾਹਿਬ ਵਿਖੇ ‘ਸ਼ਤਾਬਦੀ ਸਮਾਗਮ’ ਦੇ ਨਾਂ ਉੱਤੇ ਆਯੋਜਿਤ ਕੀਤੇ ਗਏ ਮੇਲੇ ਦੌਰਾਨ ਮਨਮਤਿ, ਬ੍ਰਾਹਮਣਵਾਦ ਤੇ ਰੰਗ-ਬਿਰੰਗੇ ਲੰਗਰਾਂ ਦਾ ਬੋਲਬਾਲਾਂ
- ਸਰਬਜੀਤ ਸਿੰਘ -
|
|
|
ਹਜ਼ੂਰ ਸਾਹਿਬ ਵਿਖੇ ਮੁੱਖ ਸਮਾਗਮ ਦੇ ਪੰਡਾਲ ਵਿੱਚ ਬੈਠੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਹੋਰ ‘ਵੀ.ਆਈ.ਪੀ.’ |
|
|
|
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਸਟੇਜ ਤੋਂ ਹੇਠਾਂ ਜਾਣ ਦਾ ਨਿਰਦੇਸ਼ ਦਿੰਦਾ ਹੋਇਆ ਇਕ ਸੁਰੱਖਿਆਕਰਮੀ |
|
|
|
ਸੁਰੱਖਿਆਕਰਮੀ ਦੇ ਦਬਾਅ ਕਾਰਨ
ਸਟੇਜ ਤੋਂ ਹੇਠਾਂ ਉਤਰਦਿਆਂ |
|
|
|
ਗੋਦਾਵਰੀ ਨਦੀ ਵਿੱਚ ਇਸ਼ਨਾਨ ਕਰਕੇ ‘ਪੁੰਨ’ ਖੱਟਦੇ ਸਿੱਖ ਤੀਰਥ-ਯਾਤਰੀ |
|
|
|
ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਸਾਹਮਣੇ ਦੀਵੇ ਜਗਾਉਣ ਦੀ ਮਨਮਤਿ |
|
|
|
ਮਨਮਾੜ ਰੇਲਵੇ ਸਟੇਸ਼ਨ ’ਤੇ ਲੰਗਰ ਪ੍ਰਾਪਤ ਕਰਨ ਲਈ ਜਤਨਸ਼ੀਲ ਰੇਲ-ਯਾਤਰੀ |
|
|
|
ਗੁ: ਬੰਦਾ ਘਾਟ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਦਸਮ ਗ੍ਰੰਥ ਦੇ ਪ੍ਰਕਾਸ਼ ਦਾ ਦ੍ਰਿਸ਼ |
|
|
|
ਕਥਿਤ ਤੌਰ ’ਤੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੇ ਵੰਸ਼ ਨਾਲ ਸਬੰਧਿਤ ਘੋੜੇ ਦੀ ਸੇਵਾ ਕਰਦਿਆਂ ਸਿੱਖ ਸ਼ਰਧਾਲੂ |
|
|
|
ਨਾਂਦੇੜ ਵਿਖੇ ਆਯੋਜਿਤ ਇਕ ਨਗਰ ਕੀਰਤਨ ਦੌਰਾਨ ਕੀਰਤਨ ਕਰਨ ਦੀ ਬਜਾਏ ਨੱਚਦੇ ਹੋਏ ਕੁਝ ਸਥਾਨਕ ਸਿੱਖ |
![]() |
|
ਗੁ: ਬੰਦਾ ਘਾਟ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਗੁਰਵਾਕ ਵਾਲੇ ਬੋਰਡ ’ਤੇ ਹੀ ਲਿਖਿਆ ਵਿਵਾਦਿਤ ਦਸਮ ਗ੍ਰੰਥ ਦੇ ‘ਗੁਰਵਾਕ’ |
![]() |
|
ਗੁ: ਨਗੀਨਾ ਘਾਟ ਵਿਖੇ ਦਸਮ ਗ੍ਰੰਥ ਦੇ ਅਖੰਡ ਪਾਠ ਦੀ ‘ਭੇਟਾ’ ਬਾਰੇ ਜਾਣਕਾਰੀ ਦਿੰਦਾ ਬੋਰਡ। ਗੌਰਤਲਬ ਹੈ ਕਿ ਨਾਂਦੇੜ ਦੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੀ ਭੇਟਾ 1800 ਰੁਪਏ ਰੱਖੀ ਗਈ ਹੈ ਜਦਕਿ ਦਸਮ ਗ੍ਰੰਥ ਦੇ ਅਖੰਡ ਪਾਠ ਦੀ ਭੇਟਾ 3100 ਰੁਪਏ ਰੱਖ ਕੇ ਇਸਨੂੰ ਜ਼ਿਆਦਾ ਮਹੱਤਵਪੂਰ ਦਰਸਾਇਆ ਗਿਆ ਹੈ। |
ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਪ੍ਰਚਾਰਕਾਂ, ਵਿਦਵਾਨਾਂ, ਬੁੱਧੀਜੀਵੀਆਂ ਅਤੇ ਲੇਖਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਦੇ 300 ਸਾਲਾ ਪੁਰਬ ਅਰੰਭ ਹੋਣ ਤੋਂ ਬਹੁਤ ਪਹਿਲਾਂ ਹੀ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਇਨ੍ਹਾਂ ਸਮਾਗਮਾਂ ਦੌਰਾਨ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਅਸਿੱਧੇ ਤਰੀਕੇ ਨਾਲ ਅਪਮਾਨਿਤ ਕਰਨ ਅਤੇ ਸਿੱਖ ਕੌਮ ਨੂੰ ਹਿੰਦੂਆਂ ਦਾ ਹੀ ਇਕ ਅੰਗ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਅਤੇ ਨਾਂਦੇੜ ਵਿਖੇ ਆਯੋਜਿਤ ਕੀਤੇ ਗਏ ਇਨ੍ਹਾਂ ਸਮਾਗਮਾਂ (ਮੇਲਿਆਂ) ਨੇ ਉਕਤ ਖਦਸ਼ੇ ਨੂੰ ਬਹੁਤ ਹੱਦ ਤਕ ਸੱਚ ਹੀ ਸਾਬਿਤ ਕਰ ਦਿਖਾਇਆ। ਤੱਤ ਗੁਰਮਤਿ ਪ੍ਰਚਾਰਕਾਂ ਨੇ ਅਗਾਊਂ ਅਪੀਲ ਕੀਤੀ ਸੀ ਕਿ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਦੀ ਹਿੰਦੂਵਾਦੀ ਬਿਰਤੀ ਦੇ ਮੱਦੇਨਜ਼ਰ ਸਿੱਖ ਇਨ੍ਹਾਂ ਸਮਾਗਮਾਂ ਵਿੱਚ ਨਾ ਹੀ ਸ਼ਾਮਲ ਹੋਣ ਤਾਂ ਜ਼ਿਆਦਾ ਚੰਗਾ ਹੋਵੇਗਾ ਪਰ ਪੱਤਰਕਾਰਾਂ ਨੂੰ ਹਰ ਕਿਸਮ ਦੀ ਥਾਂ ’ਤੇ (ਭਾਵੇਂ ਉਥੇ ਗੁਰਮਤਿ ਵਿਰੋਧੀ ਕਾਰਵਾਈ ਵੀ ਕਿਉਂ ਨਾ ਹੋ ਰਹੀ ਹੋਵੇ) ਪਹੁੰਚਣਾ ਹੀ ਪੈਂਦਾ ਹੈ। ਇਸਲਈ ਇੰਡੀਆ ਅਵੇਅਰਨੈੱਸ ਦੀ ਇਕ ਵਿਸ਼ੇਸ਼ ਟੀਮ ਵੀ ਇਨ੍ਹਾਂ ਅਖੌਤੀ ਸ਼ਤਾਬਦੀ ਸਮਾਗਮਾਂ ਦਾ ਜਾਇਜ਼ਾ ਲੈਣ ਲਈ ਹਜ਼ੂਰ ਸਾਹਿਬ ਵਿਖੇ ਗਈ, ਜਿਸਦੀ ਸੰਖੇਪ ਰਿਪੋਰਟ ਪਾਠਕਾਂ ਦੀ ਜਾਣਕਾਰੀ ਹਿੱਤ ਪੇਸ਼ ਕੀਤੀ ਜਾ ਰਹੀ ਹੈ।
ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਨੇ ਸਿੱਖ ਕੌਮ ਦਾ ਸਿਰ ਨੀਵਾਂ ਕਰਵਾਉਣ ਦੀ ਸ਼ੁਰੂਆਤ ਉਸੇ ਸਮੇਂ ਕਰ ਦਿੱਤੀ ਸੀ, ਜਦ ਉਨ੍ਹਾਂ ਨੇ ਗੁਰਤਾਗੱਦੀ ਪੁਰਬ ਨੂੰ ਸਿੱਖ ਕੌਮ ਦੀ ਨਿਵੇਕਲੀ ਹੋਂਦ ਦਰਸਾਉਣ ਵਾਲੇ ਨਾਨਕਸ਼ਾਹੀ ਕੈਲੰਡਰ ਮੁਤਾਬਿਕ 20 ਅਕਤੂਬਰ ਨੂੰ ਮਨਾਉਣ ਦੀ ਬਜਾਏ, ਬ੍ਰਾਹਮਣਵਾਦੀ (ਬਿਕਰਮੀ) ਕੈਲੰਡਰ ਮੁਤਾਬਿਕ 30 ਅਕਤੂਬਰ ਨੂੰ ਮਨਾਉਣ ਦਾ ਫੈਸਲਾ ਲਿਆ। ਇਕੋ ਇਤਿਹਾਸਕ ਦਿਹਾੜੇ ਨੂੰ ਦੋ ਵੱਖ-ਵੱਖ ਦਿਨ ਮਨਾਉਣ ਕਾਰਨ ਨਾ ਸਿਰਫ਼ ਸਿੱਖ ਕੌਮ ਵਿਅੰਗ ਦਾ ਪਾਤਰ ਬਣੀ ਬਲਕਿ ਸਿੱਖ ਸਮਾਜ ਵਿਚਕਾਰ ਪਈਆਂ ਵੰਡੀਆਂ ਵੀ ਜੱਗ-ਜਾਹਿਰ ਹੋ ਗਈਆਂ। ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਤਖ਼ਤਾਂ ਦੇ ਅਖੌਤੀ ਜਥੇਦਾਰਾਂ ਨੇ ਹਜ਼ੂਰ ਸਾਹਿਬ ਵਿਖੇ ਇਹ ਪੁਰਬ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਨਾ ਮਨਾਉਣ ਦਾ ਮਾੜਾ-ਮੋਟਾ (ਰਸਮ ਪੂਰਤੀ ਲਈ) ਵਿਰੋਧ ਕੀਤਾ ਪਰ ਅਮਲੀ ਤੌਰ ’ਤੇ ਉਨ੍ਹਾਂ 300 ਸਾਲਾ ਪੁਰਬ ਨੂੰ ਬਿਕਰਮੀ ਕੈਲੰਡਰ ਮੁਤਾਬਿਕ ਮਨਾਏ ਜਾਣ ਤੋਂ ਰੋਕਣ ਲਈ ਕੋਈ ਕਦਮ ਨਾ ਚੁੱਕਿਆ। (ਹਜ਼ੂਰ ਸਾਹਿਬ ਵਿਖੇ ਮੁੱਖ ਸਮਾਗਮਾਂ ਦੇ ਆਯੋਜਨ ਬਾਰੇ ਇਜਾਜ਼ਤ/ਸਹਿਮਤੀ ਦੇਣ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਨੂੰ ਇਹ ਸ਼ਰਤ ਰੱਖਣੀ ਚਾਹੀਦੀ ਸੀ ਕਿ ਇਹ ਸਮਾਗਮ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹੀ ਮਨਾਏ ਜਾਣਗੇ। ਜੇਕਰ ਕਿਸੇ ਕਾਰਨ ਅਜਿਹਾ ਨਹੀਂ ਵੀ ਕੀਤਾ ਗਿਆ ਸੀ, ਤਾਂ ਸਿੱਖ ਵਿਦਵਾਨਾਂ ਖਿਲਾਫ ਤੁਰਤ-ਫੁਰਤ ਵਿੱਚ ਹੁਕਮਨਾਮੇ (ਨਿਜਨਾਮੇ) ਜਾਰੀ ਕਰਨ ਵਾਲੇ ਅਖੌਤੀ ਜੱਥੇਦਾਰਾਂ ਵੱਲੋਂ ਇਕਾਧ ‘ਹੁਕਮਨਾਮੇ’ ਦੀ ਵਰਤੋਂ ਦੀ ਕੋਸ਼ਿਸ਼ ਵੀ ਕਰ ਲੈਣੀ ਚਾਹੀਦੀ ਸੀ। ਪਰ ਕਿਉਂਕਿ ਇਹ ਸਾਰੇ ਪ੍ਰਬੰਧਕ/ਪੁਜਾਰੀ ਆਰ.ਐਸ.ਐਸ. ਦੀਆਂ ਕਠਪੁਤਲੀਆਂ ਹੋਣ ਕਾਰਨ ਇਕੋ ਥੈਲੀ ਦੇ ਚੱਟੇ-ਬੱਟੇ ਹਨ, ਇਸਲਈ ਉਨ੍ਹਾਂ ਨੇ ‘‘ਸ਼ਤਾਬਦੀ ਸਮਾਗਮਾਂ ਦੌਰਾਨ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਚਾਹੀਦਾ’’ ਦਾ ਬਹਾਨਾ ਬਣਾ ਕੇ, ਇਕੋ ਇਤਿਹਾਸਕ ਪੁਰਬ ਨੂੰ ਦੋ ਵੱਖ-ਵੱਖ ਦਿਨਾਂ ਨੂੰ ਮਨਾਉਣ ਦੀ ਗਲਤ ਨੀਤੀ ਨੂੰ ਅਸਿੱਧੀ ਸਹਿਮਤੀ ਦੇ ਦਿੱਤੀ।
ਪਰ ਹਜ਼ੂਰ ਸਾਹਿਬ ਦੇ ਪ੍ਰਬੰਧਕ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵੱਲੋਂ 300 ਸਾਲਾ ਪੁਰਬ ਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਮਨਾਏ ਜਾਣ ਦੀ ਨੀਤੀ ਨੂੰ ਬਰਦਾਸ਼ਤ ਨਾ ਕਰ ਸਕੇ। ਇਸਲਈ ਹਜ਼ੂਰ ਸਾਹਿਬ ਵਿਖੇ 30 ਅਕਤੂਬਰ ਨੂੰ ਕਰਵਾਏ ਗਏ ਸਮਾਗਮਾਂ ਵਿੱਚ ਪਹੁੰਚੇ ਪੰਜਾਬ ਅਤੇ ਦਿੱਲੀ ਦੇ ਸਿੱਖ ਆਗੂਆਂ/ਪੁਜਾਰੀਆਂ ਨੂੰ ਕਾਫੀ ਜ਼ਲੀਲ ਕੀਤਾ। ਜਿਵੇਂ ਮੁੱਖ ਪੰਡਾਲ ਦੀ ਸਟੇਜ ’ਤੇ ਬੈਠੇ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਜਾਂ ਦਿੱਲੀ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਨਾਂ ਵੀ ਨਹੀਂ ਲਿਆ ਗਿਆ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਬਾਰੇ ਵੀ ਸਿਰਫ਼ ‘ਪੰਜਾਬ ਦੇ ਸੀ.ਐਮ.’ ਕਹਿ ਕੇ ਜਾਣਕਾਰੀ ਦਿੱਤੀ ਗਈ। ਸਰਨਾ ਨਾਲ ਤਾਂ ਕੁਝ ਜ਼ਿਆਦਾ ਹੀ ਸਖ਼ਤੀ ਵਰਤੀ ਗਈ ਅਤੇ ਉਨ੍ਹਾਂ ਨੂੰ ਸਟੇਜ ’ਤੇ ਪ੍ਰਧਾਨਮੰਤਰੀ ਦੇ ਬੈਠੇ ਹੋਣ ਕਾਰਨ, ਸੁਰੱਖਿਆ ਪ੍ਰਬੰਧ ਕਾਇਮ ਰੱਖਣ ਦੇ ਬਹਾਨੇ ਹੇਠਾਂ ਹੀ ਉਤਾਰ ਦਿੱਤਾ ਗਿਆ।
ਲੀਡਰਾਂ ਦੀ ਆਪਸੀ ਖਿੱਚੋਤਾਣ ਤਾਂ ਬਹੁਤੇ ਮਾਇਨੇ ਨਹੀਂ ਰੱਖਦੀ, ਪਰ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਤੋਂ ਵੀ ਕੋਈ ਗੁਰੇਜ਼ ਨਹੀਂ ਕੀਤਾ। ਚਾਹੀਦਾ ਤਾਂ ਇਹ ਸੀ ਕਿ ਘੱਟੋ-ਘੱਟ ਗੁਰੂ ਗ੍ਰੰਥ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਦੌਰਾਨ, ਤਖ਼ਤ ਸਾਹਿਬ ਅਤੇ ਨਾਂਦੇੜ ਦੇ ਹੋਰ ਗੁਰਦੁਆਰਿਆ ਤੋਂ ਦਸਮ ਗ੍ਰੰਥ ਦਾ ਪ੍ਰਕਾਸ਼ (ਅੰਧਕਾਰ) ਹਟਾ ਕੇ ਗੁਰਬਾਣੀ ਗੁਰੂ ਨੂੰ ਬਣਦਾ ਸਨਮਾਨ ਦਿੱਤਾ ਜਾਂਦਾ। ਇਸਦੇ ਉਲਟ, ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਦਮਦਮੀ ਟਕਸਾਲ ਦੇ ਇਕ ਧੜੇ ਵੱਲੋਂ ਇਨ੍ਹਾਂ ਹੀ ਦਿਨਾਂ ਵਿੱਚ ‘ਦਸਮ ਗ੍ਰੰਥ ਦੀ ਮਹੱਤਤਾ’ ਬਾਰੇ ਤਿੰਨ ਦਿਨਾ ਸੈਮੀਨਾਰ ਆਯੋਜਿਤ ਕਰਵਾ ਦਿੱਤਾ ਗਿਆ। ਨਾਂਦੇੜ ਦੇ ਸਾਰੇ ਗੁਰਦੁਆਰਿਆਂ (ਤਖ਼ਤ ਹਜ਼ੂਰ ਸਾਹਿਬ ਸਮੇਤ) ‘ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ’ ਸਮਾਗਮਾਂ ਦੌਰਾਨ ਵੀ ਦਸਮ ਗ੍ਰੰਥ ਦੀਆਂ ਗੱਦੀਆਂ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੀ ਸਜੀਆਂ ਰਹੀਆਂ ਅਤੇ ਦਸਮ ਗ੍ਰੰਥ ਦੀ ਅਸਲੀਅਤ ਤੋਂ ਅਨਜਾਣ ਲੋਕ ਇਸ ਵਿਵਾਦਿਤ ਪੁਸਤਕ ਨੂੰ ਵੀ ਮੱਥੇ ਟੇਕਦੇ ਰਹੇ ਅਤੇ ਇਸਦੇ ‘ਗੁਰਵਾਕ’ ਪੜ੍ਹਦੇ ਰਹੇ।
ਹਜ਼ੂਰ ਸਾਹਿਬ ਆਏ ਸ਼ਰਧਾਲੂਆਂ ਨੂੰ ‘‘ਸ੍ਰੀ ਗੰਗਾ-ਗੋਦਾਵਰੀ ਜੀ ਕੇ ਦਰਸ਼ਨ-ਇਸ਼ਨਾਨ’’ ਕਰਨ ਲਈ ਜ਼ਰੂਰ ਪ੍ਰੇਰਿਆ ਗਿਆ। ਨਤੀਜੇ ਵਜੋਂ, ਬਹੁਤ ਸਾਰੇ ‘ਸਿੱਖ’ ਮਰਦ ਤੇ ਇਸਤਰੀਆਂ ਉਚੇਚੇ ਤੌਰ ’ਤੇ ਗੋਦਾਵਰੀ ਨਦੀ ਵਿੱਚ ਸ਼ਰਧਾ ਨਾਲ ਇਸ਼ਨਾਨ ਕਰਦੇ ਵੇਖੇ ਗਏ। (ਕੋਈ ਵੱਡੀ ਗੱਲ ਨਹੀਂ ਹੋਵੇਗੀ ਜੇਕਰ ਇਹ ‘ਸ਼ਰਧਾਲੂ’ ਹਜ਼ੂਰ ਸਾਹਿਬ ਦੀ ਯਾਤਰਾ ਉਪਰੰਤ ਗੰਗਾ ਮਈਆ ਦੇ ਇਸ਼ਨਾਨ ਵਾਸਤੇ ਵੀ ਤੁਰ ਪੈਣ !!)
ਹਜ਼ੂਰ ਸਾਹਿਬ ਵਿਖੇ ਗਏ ਸਿੱਖਾਂ ਦੀ (ਅੰਨ੍ਹੀ) ਸ਼ਰਧਾ ਦਾ ਅੰਦਾਜ਼ਾ ਹੋਰ ਵੀ ਕਈ ਗੱਲਾਂ ਤੋਂ ਪ੍ਰਤੱਖ ਹੋ ਰਿਹਾ ਸੀ। ਬਹੁਤ ਸਾਰੇ ‘ਸਿੱਖ’ ਇਕ ਵਿਸ਼ੇਸ਼ ਘੋੜੇ, ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦਾ ਵੰਸ਼ਜ ਦੱਸਿਆ ਜਾਂਦਾ ਹੈ, ਨੂੰ ਨਮਸਕਾਰਾਂ ਕਰਦੇ ਅਤੇ ਮਾਇਆ ਭੇਟ ਕਰਦੇ ਵੇਖੇ ਗਏ। ਬੀਬੀਆਂ ਤਾਂ ਆਪਣੀਆਂ ਚੁੰਨੀਆਂ ਰਾਹੀਂ ਇਸ ਘੋੜੇ ਨੂੰ ਪੱਖੀ ਕਰਦੀਆਂ ਵੇਖੀਆਂ ਗਈਆਂ। ਸਿੱਖਾਂ ਦੀ ਅਜਿਹੀ ਸ਼ਰਧਾ ਤੋਂ ਜਾਣੂ ਪੰਜਾਬ ਤੋਂ ਆਏ ਕੁਝ ਮਾਹਿਰਾਂ ਨੇ ਸੰਗਤਾਂ ਤੋਂ ਚੜ੍ਹਾਵਾ ਇਕੱਤਰ ਕਰਨ ਦੇ ਉਦੇਸ਼ ਨਾਲ ਛੋਟੀਆਂਮੋਟੀਆਂ ‘ਪ੍ਰਦਰਸ਼ਨੀਆਂ’ ਦਾ ਆਯੋਜਨ ਕਰ ਲਿਆ। ਅਜਿਹੀਆਂ ਪ੍ਰਦਰਸ਼ਨੀਆਂ ਵਿੱਚ ਵੱਖ-ਵੱਖ ਕਿਸਮ ਦੇ ਹਥਿਆਰ ਰੱਖ ਕੇ ਦਾਅਵੇ ਕੀਤੇ ਗਏ ਕਿ ਇਹ ਹਥਿਆਰ ਗੁਰੂ ਗੋਬਿੰਦ ਸਿੰਘ ਜੀ ਦੇ ਸਾਥੀ ਸਿੱਖਾਂ ਨਾਲ ਸਬੰਧਿਤ ‘ਇਤਿਹਾਸਕ’ ਹਥਿਆਰ ਸਨ, ਹਾਲਾਂਕਿ ਹਥਿਆਰਾਂ ਦੀ ਬਣਤਰ ਅਤੇ ਚਮਕ ਤੋਂ ਸਾਫ ਜ਼ਾਹਿਰ ਹੋ ਰਿਹਾ ਸੀ ਕਿ ਇਹ ਜ਼ਿਆਦਾ ਪੁਰਾਣੇ ਨਹੀਂ ਸਨ।
ਹਜ਼ੂਰ ਸਾਹਿਬ ਵਿਖੇ ਤਕਰੀਬਨ ਰੋਜ਼ ਨਿਕਲਦੇ ਜਾਂ ਪਹੁੰਚਦੇ ਨਗਰ ਕੀਰਤਨਾਂ ਦੌਰਾਨ ਸਥਾਨਕ ਸਿੱਖਾਂ ਦਾ ਵਰਤਾਰਾ ਕਾਫੀ ਅਜੀਬ ਪ੍ਰਤੀਤ ਹੋਇਆ। ਜਿੱਥੇ ਉੱਤਰੀ ਭਾਰਤ ਦੇ ਸਿੱਖ ਵਸੋਂ ਵਾਲੇ ਇਲਾਕਿਆਂ ਵਿੱਚ ਨਿਕਲਣ ਵਾਲੇ ਨਗਰ ਕੀਰਤਨਾਂ ਵਿੱਚ ਕੁਝ ਸ਼ਰਾਰਤੀ ਨੌਜੁਆਨਾਂ ਵੱਲੋਂ ਮੋਟਰ-ਸਾਈਕਲਾਂ ’ਤੇ ਕੀਤੀ ਜਾਂਦੀ ਹੁੱਲੜਬਾਜ਼ੀ ਦੇ ਇਲਾਵਾ, ਬਾਕੀ ਸੰਗਤਾਂ ਵੱਲੋਂ ਕਿਸੇ ਕਿਸਮ ਦਾ ਇਤਰਾਜ਼ਯੋਗ ਵਤੀਰਾ ਨਹੀਂ ਅਪਣਾਇਆ ਜਾਂਦਾ, ਉੱਥੇ ਹਜ਼ੂਰ ਸਾਹਿਬ ਦੇ ਨਗਰ ਕੀਰਤਨਾਂ ਵਿੱਚ ਸਥਾਨਕ ਸਿੱਖਾਂ ਵੱਲੋਂ ਕੀਰਤਨ ਕਰਨ ਦੀ ਬਜਾਏ ਭੰਗੜੇ ਪਾਉਣ ਦੀ ਰਵਾਇਤ ਬੜੀ ਅਫਸੋਸਜਨਕ ਅਤੇ ਕਾਫੀ ਹੱਦ ਤਕ ਹਾਸੋਹੀਣੀ ਪ੍ਰਤੀਤ ਹੋਈ। ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ਼ਸਤਰਾਂ ਦੀ ਪੂਜਾ ਅਤੇ ਇਸ ਪੂਜਾ ਵਾਸਤੇ ਬਕਰੇ ਦੀ ਬਲੀ ਦੇਣ ਦੀ ਰਵਾਇਤ ਬਾਰੇ ਕੌਮਾਂਤਰੀ ਪੱਧਰ ’ਤੇ ਜਾਣਕਾਰੀ ਫੈਲਣ ਨਾਲ ਵੀ ਸਿੱਖ ਕੌਮ ਦੇ ਅਕਸ ’ਤੇ ਨਾਂਹ-ਪੱਖੀ ਅਸਰ ਹੀ ਪਿਆ।
ਹਜ਼ੂਰ ਸਾਹਿਬ ਵਿਖੇ ਮਨਾਏ ਗਏ ਸਮਾਗਮਾਂ ਦੀ ਵਿਅਰਥਤਾ, ਬਲਕਿ ਇਨ੍ਹਾਂ ਸਮਾਗਮਾਂ ਦੌਰਾਨ ਮਨਮਤਿ ਦੇ ਹਾਵੀ ਹੋਣ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਤਕਰੀਬਨ ਇਕ ਮਹੀਨਾ (9 ਅਕਤੂਬਰ ਤੋਂ 3 ਨਵੰਬਰ 08 ਤੱਕ) ਚਲੇ ਇਨ੍ਹਾਂ ਸਮਾਗਮਾਂ ਦੌਰਾਨ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਪਵਿੱਤਰ ਗੁਰਬਾਣੀ ਦੀ ਸੰਪਾਦਨਾ ਜਾਂ ਇਸਦੇ ਮੌਲਿਕ ਸਿਧਾਂਤਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਕੋਈ ਵੀ ਸੈਮੀਨਾਰ ਆਯੋਜਿਤ ਨਹੀਂ ਕੀਤਾ ਗਿਆ। ਨਾ ਹੀ ਇਸ ਬਾਬਤ ਸਥਾਨਕ ਭਾਸ਼ਾਵਾਂ ਵਿੱਚ (ਪੰਜਾਬੀ ਵਿੱਚ ਵੀ ਨਹੀਂ) ਕੋਈ ਸਾਹਿਤ ਪ੍ਰਕਾਸ਼ਿਤ ਕਰਵਾ ਕੇ ਜਾਂ ਦਸਤਾਵੇਜ਼ੀ ਫਿਲਮਾਂ ਤਿਆਰ ਕਰਕੇ ਵੰਡੀਆਂ ਗਈਆਂ। ਇਸਦੇ ਉਲਟ, ਸ਼ਤਾਬਦੀ ਸਮਾਗਮਾਂ ਦੌਰਾਨ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਅਤੇ ਹੋਰ ਡੇਰੇਦਾਰ ਸਾਧਾਂ ਦਾ ਜ਼ੋਰ ਵੱਖ-ਵੱਖ ਕਿਸਮ ਦੇ ਲੰਗਰ ਤਿਆਰ ਕਰਨ ਦਾ ਮੁਕਾਬਲਾ ਕਰਨ ਵਿੱਚ ਹੀ ਲੱਗਾ ਰਿਹਾ। ਲੰਗਰਾਂ ਦਾ ਇਹ ਵਿਸ਼ਾ ਹਜ਼ੂਰ ਸਾਹਿਬ ਦੇ ਸ਼ਤਾਬਦੀ ਸਮਾਗਮਾਂ ’ਤੇ ਏਨਾ ਜ਼ਿਆਦਾ ਹਾਵੀ ਰਿਹਾ ਕਿ ਨਾਂਦੇੜ ਜਾ ਰਹੀਆਂ ਟ੍ਰੇਨਾਂ ਵਿੱਚ ਬੈਠੇ ‘ਸ਼ਰਧਾਲੂ’ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਵਿਚਾਰਾਂ ਕਰਨ ਦੀ ਬਜਾਏ, ਨਾਂਦੇੜ ਵਿਖੇ ਇਕ ਡੇਰੇਦਾਰ ਵੱਲੋਂ 300 ਕਿਸਮ ਦੇ ਪਕਵਾਨਾਂ ਦਾ ਲੰਗਰ ਤਿਆਰ ਕਰਨ ਆਦਿਕ ਵਿਸ਼ਿਆਂ ’ਤੇ ਗੱਲਬਾਤ ਕਰਦੇ ਹੀ ਦਿਸੇ। ਹਜ਼ੂਰ ਸਾਹਿਬ ਦੇ ਆਸ-ਪਾਸ ਹਰ ਗਲੀ ਮੁਹੱਲੇ ਵਿੱਚ ਲੱਗੇ ਦਰਜਨਾਂ ਲੰਗਰਾਂ ਅਤੇ ਇਨ੍ਹਾਂ ਵਿੱਚ ‘ਦੇਸੀ ਘਿਓ’ ਨਾਲ ਤਿਆਰ ਕੀਤੇ ਗਏ ਪਕਵਾਨਾਂ ਬਾਰੇ ਹੋ ਰਹੇ ਐਲਾਨਾਂ ਕਾਰਨ, ਸ਼ਤਾਬਦੀ ਸਮਾਗਮਾਂ ਵਿੱਚ ਸ਼ਿਰਕਤ ਕਰਨ ਦੇ ਦਾਅਵੇ ਨਾਲ ਨਾਂਦੇੜ ਪਹੁੰਚੇ ਬਹੁਤੇ ਲੋਕ ਵੱਖ-ਵੱਖ ਲੰਗਰਾਂ ਦਾ ਸੁਆਦ ਲੈਣ ਤੱਕ ਹੀ ਸੀਮਤ ਰਹਿ ਗਏ। ਲੰਗਰਾਂ ਦੇ ਇਨ੍ਹਾਂ ਬੇਲੋੜੇ ਆਯੋਜਨਾਂ ਦਾ ਸ਼ਤਾਬਦੀ ਸਮਾਗਮਾਂ ’ਤੇ ਏਨਾ ਨਾਂਹ-ਪੱਖੀ ਅਸਰ ਪਿਆ ਕਿ 30 ਅਕਤੂਬਰ ਦੇ ਮੁੱਖ ਪ੍ਰੋਗਰਾਮ ਲਈ ਤਿਆਰ ਕੀਤਾ ਗਿਆ ਪੰਡਾਲ ਅੱਧੇ ਤੋਂ ਵੀ ਘੱਟ ਹੀ ਭਰਿਆ। (ਇਸੇ ਪੰਡਾਲ ਵਿੱਚ ਬਾਦਲ ਧੜੇ ਦੇ ਕੀਤੇ ਗਏ ਅਪਮਾਨ ਕਾਰਨ ਬਾਦਲ ਪਰਵਾਰ ਦੇ ਨਿਯੰਤਰਨ ਵਾਲੇ ਟੀ.ਵੀ. ਚੈਨਲਾਂ ਨੇ ਪੰਡਾਲ ਦੇ ਖਾਲੀ ਰਹਿਣ ਦੀ ਖ਼ਬਰ ਨੂੰ ਅਧਾਰ ਬਣਾ ਕੇ ਦਾਅਵਾ ਕੀਤਾ ਕਿ ਹਜ਼ੂਰ ਸਾਹਿਬ ਵਿਖੇ ਸ਼ਤਾਬਦੀ ਸਮਾਗਮਾਂ ਵਿੱਚ ਬਹੁਤ ਘੱਟ ਸਿੱਖਾਂ ਨੇ ਸ਼ਿਰਕਤ ਕੀਤੀ। ਜਦਕਿ ਸੱਚਾਈ ਇਹ ਸੀ ਕਿ ਇਹ ਸਮਾਗਮ ਇਕ ਮਹੀਨੇ ਤੋਂ ਅਰੰਭ ਹੋਣ ਕਾਰਨ ਬਹੁਤ ਸਾਰੇ ਲੋਕ ਵਾਪਸ ਜਾ ਚੁੱਕੇ ਸਨ ਅਤੇ ਬਾਕੀ ਦੇ ਲੰਗਰਾਂ ਦਾ ਸੁਆਦ ਲੈਣ, ਗੋਦਾਵਰੀ ਦੇ ਇਸ਼ਨਾਨ ਜਾਂ ਮਾਰਕੀਟ ਵਿੱਚ ਖਰੀਦਦਾਰੀ ਕਰਨ ਵਿੱਚ ਹੀ ਰੁੱਝੇ ਰਹੇ।)
- - - - -
ਹਜ਼ੂਰ ਸਾਹਿਬ ਵਿਖੇ ਸਮਾਗਮਾਂ ਵਿਚਲੇ ਉਪਰੋਕਤ ਨਾਂ-ਪੱਖੀ ਨੁਕਤਿਆਂ ਦੇ ਬਾਵਜੂਦ, ਇਨ੍ਹਾਂ ਸਮਾਗਮਾਂ ਦੌਰਾਨ ਇੱਕਾ-ਦੁੱਕਾ ਹਾਂ-ਪੱਖੀ ਕਾਰਜ ਵੀ ਵੇਖਣ ਨੂੰ ਮਿਲੇ। ਜਿਵੇਂ, ਆਮ ਤੌਰ ’ਤੇ ਨਗਰ ਕੀਰਤਨਾਂ ਜਾਂ ਵੱਡੇ ਕੀਰਤਨ ਦਰਬਾਰਾਂ ਦੌਰਾਨ ਸੜਕਾਂ ’ਤੇ ਵਰਤਾਏ ਜਾਣ ਵਾਲੇ ‘ਲੰਗਰਾਂ’ ਕਾਰਨ ਆਸ-ਪਾਸ ਵਾਲੇ ਥਾਂ ’ਤੇ ਜੂਠਨ ਦੇ ਢੇਰ ਲਗ ਜਾਂਦੇ ਹਨ। ਸ਼ਾਇਦ ਇਸੇਲਈ ਨਾਂਦੇੜ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਗੁਰਮੁਖੀ ਵਿੱਚ ਬਹੁਤ ਸਾਰੇ ਇਸ਼ਤਿਹਾਰ ਲਗਾ ਕੇ ਵਿਸ਼ੇਸ਼ ਤੌਰ ’ਤੇ ਬੇਨਤੀਆਂ ਕੀਤੀਆਂ ਕਿ ਨਾਂਦੇੜ ਆਏ ਯਾਤਰੀ ਸ਼ਹਿਰ ਵਿੱਚ ਗੰਦਗੀ ਨਾ ਫੈਲਾਉਣ। ਇਸਦੇ ਇਲਾਵਾ, ਪ੍ਰਸ਼ਾਸਨ ਵੱਲੋਂ ਹਰ ਸੰਭਾਵਿਤ ਥਾਂ ’ਤੇ ਸਫਾਈ ਕਰਮਚਾਰੀਆਂ ਦਾ ਇੰਤਜ਼ਾਮ ਵੀ ਕੀਤਾ ਗਿਆ, ਜੋ ਲਾਪਰਵਾਹ ਲੋਕਾਂ ਵੱਲੋਂ ਸੜਕਾਂ ’ਤੇ ਸੁੱਟੀਆਂ ਗਈਆਂ ਪੇਪਰ ਪਲੇਟਾਂ ਆਦਿਕ ਨੂੰ ਤੁਰੰਤ ਕੂੜ ਦੇ ਵੱਡੇ ਲਿਫਾਫਿਆਂ ਵਿੱਚ ਪਾ ਕੇ ਅਤੇ ਝਾੜੂ ਲਗਾ ਕੇ ਥਾਂ ਸਾਫ ਕਰ ਦਿੰਦੇ ਸਨ।
ਨਾਂਦੇੜ ਵਿਖੇ ਆਉਣ ਵਾਲੇ ਜ਼ਿਆਦਾਤਰ ਯਾਤਰੀ ਪੰਜਾਬ, ਹਰਿਆਣਾ, ਦਿੱਲੀ ਆਦਿਕ ਸਥਾਨਾਂ ਤੋਂ ਆਏ ਸਨ। ਇਸਲਈ ਉਹ ਨਾ ਸਿਰਫ਼ ਨਾਂਦੇੜ ਸ਼ਹਿਰ ਵਿਖੇ ਉਨ੍ਹਾਂ ਲਈ ਕੀਤੇ ਗਏ ਇੰਤਜ਼ਾਮਾਤ ਤੋਂ ਨਾਵਾਕਿਫ ਸਨ ਬਲਕਿ ਉਹ ਮਰਾਠੀ ਅਤੇ ਕਾਫੀ ਸਾਰੇ ਮਾਮਲਿਆਂ ਵਿੱਚ ਹਿੰਦੀ (ਦੇਵਨਾਗਰੀ) ਵੀ ਪੜ੍ਹ ਸਕਣ ਤੋਂ ਅਸਮਰਥ ਸਨ। ਇਸਲਈ ਨਾਂਦੇੜ ਸਟੇਸ਼ਨ ਦੇ ਬਾਹਰ ਨਿਕਲਦਿਆਂ ਹੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਾਂਦੇੜ ਦੇ ਗੁਰਦੁਆਰਿਆਂ ਅਤੇ ਇਨ੍ਹਾਂ ਵਿੱਚ ਆਯੋਜਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਬਾਰੇ ਗੁਰਮੁਖੀ ਵਿੱਚ ਜਾਣਕਾਰੀ ਦਿੰਦੀਆਂ ਪ੍ਰਕਾਸ਼ਨਾਵਾਂ ਵੰਡ ਦਿੱਤੀਆਂ ਜਾਂਦੀਆਂ। (ਗੁਰਮੁਖੀ ਦੀ ਮਹੱਤਤਾ ਬਾਰੇ ਪੰਜਾਬ ਜਾਂ ਦਿੱਲੀ ਦੇ ਸਿੱਖ ਭਾਵੇਂ ਅਨਜਾਣ ਹੋਣ, ਪਰ ਮਹਾਂਰਾਸ਼ਟਰ ਦਾ ਪ੍ਰਸ਼ਾਸਨ ਜਾਂ ਹੋਰ ਸੰਗਠਨ ਨਹੀਂ ਸਨ। ਇਸਲਈ ਕਈ ਰੇਲਵੇ ਸਟੇਸ਼ਨਾਂ ’ਤੇ ਇਕ ਮੁਸਲਿਮ ਜੱਥੇਬੰਦੀ ਵੱਲੋਂ ਗੁਰਤਾਗੱਦੀ ਦਿਵਸ ਦੀ ਵਧਾਈ ਦੇਣ ਵਾਲੇ ਬੈਨਰ ਵੀ ਗੁਰਮੁਖੀ ਵਿੱਚ ਹੀ ਲਗਾਏ ਗਏ ਸਨ।) ਇਸਦੇ ਇਲਾਵਾ, ਯਾਤਰੀਆਂ ਨੂੰ ਕੈਂਪਾਂ ਵਿੱਚ ਭੇਜਣ ਲਈ ਮੁਫਤ ਸਰਕਾਰੀ ਬੱਸਾਂ ਦਾ ਪ੍ਰਬੰਧ ਵੀ ਸਟੇਸ਼ਨ ’ਤੇ ਹੀ ਕਰ ਦਿੱਤਾ ਗਿਆ ਸੀ। ਯਾਤਰੀਆਂ ਦੇ ਰਹਿਣ ਲਈ ਬਣਾਏ ਗਏ ਕੈਂਪ ਬਹੁਤੇ ਉੱਚ-ਪੱਧਰੀ ਤਾਂ ਨਹੀਂ ਸਨ ਪਰ ਉਨ੍ਹਾਂ ਵਿੱਚ ਯਾਤਰੀਆਂ ਲਈ ਲੋੜੀਂਦੀਆਂ ਸਭ ਮੂਲਭੂਤ ਸੁਵਿਧਾਵਾਂ ਮੌਜੂਦ ਸਨ।
ਪ੍ਰਸ਼ਾਸਨਿਕ ਪੱਖ ਦੇ ਇਲਾਵਾ, ਪੰਜਾਬ ਤੋਂ ਮਹਾਂਰਾਸ਼ਟਰ ਤੱਕ ਰੇਲ ਰੂਟ ਦੇ ਰਸਤੇ ਵਿੱਚ ਪੈਂਦੇ ਸਿੱਖ ਅਬਾਦੀ ਵਾਲੇ ਸਾਰੇ ਸ਼ਹਿਰਾਂ ਦੇ ਸਿੱਖਾਂ ਵੱਲੋਂ ਵੀ ਯਾਤਰੀਆਂ ਲਈ ਲੰਗਰ ਦਾ ਭਰਪੂਰ ਇੰਤਜ਼ਾਮ ਕੀਤਾ ਗਿਆ। ਗਵਾਲੀਅਰ, ਮਨਮਾੜ, ਔਰੰਗਾਬਾਦ ਆਦਿਕ ਸ਼ਹਿਰਾਂ ਵਿੱਚ ਰੇਲ ਯਾਤਰੀਆਂ ਨੂੰ ਸਟੇਸ਼ਨ ’ਤੇ ਹੀ, ਬਲਕਿ ਰੇਲ ਵਿੱਚ ਬੈਠਿਆਂ-ਬੈਠਿਆਂ ਹੀ ਲੰਗਰ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਗਿਆ ਸੀ। ਫਰੀਦਾਬਾਦ ਦੇ ਕੁਝ ਜਾਗ੍ਰਿਤ ਸਿੱਖ, ਇੱਥੇ (ਬਹੁਤ ਥੋੜਾ ਸਮਾਂ ਵੀ) ਰੁਕਣ ਵਾਲੀਆਂ ਗੱਡੀਆਂ ਵਿੱਚ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਅਤੇ ਦਸਮ ਗ੍ਰੰਥ ਦੀ ਅਸਲੀਅਤ ਬਾਰੇ ਜਾਣਕਾਰੀ ਦਿੰਦਾ ਲਿਟਰੇਚਰ ਵੰਡ ਦਿੰਦੇ ਸਨ। ਰੇਲ-ਯਾਤਰੀ ਇਹ ਲਿਟਰੇਚਰ ਪੜ੍ਹ ਕੇ ਦਸਮ ਗ੍ਰੰਥ ਦੀ ਪ੍ਰਮਾਣਿਕਤਾ ਬਾਰੇ ਆਪਸ ਵਿੱਚ ਵਿਚਾਰ-ਵਟਾਂਦਰੇ ਕਰਦੇ ਵੇਖੇ ਗਏ। ਜੇਕਰ ਅਜਿਹਾ ਉਪਰਾਲਾ ਕਿਸੇ ਸਥਾਨਕ ਜੱਥੇਬੰਦੀ ਦੀ ਬਜਾਏ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਹਮੇਸ਼ਾ ਜ਼ਾਹਿਰੀ ਤੌਰ ’ਤੇ ਪ੍ਰੋ: ਦਰਸ਼ਨ ਸਿੰਘ ਦੇ ਵਿਚਾਰਾਂ ਨਾਲ ਸਹਿਮਤੀ ਜਤਾਉਂਦੇ ਹਨ, ਵੱਲੋਂ ਕੀਤਾ ਜਾਂਦਾ, ਤਾਂ ਸੰਗਤਾਂ ਵਿੱਚ ਦਸਮ ਗ੍ਰੰਥ ਦੇ ਮਸਲੇ ਅਤੇ ਗੁਰਬਾਣੀ ਦੇ ਸਿਧਾਂਤਾਂ ਬਾਰੇ ਹੋਰ ਵਧੇਰੇ ਜਾਗ੍ਰਿਤੀ ਆ ਸਕਦੀ ਸੀ।