Subscription About Us Contact Us


ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਉਪਰ ਕੋਈ ਸਮਝੌਤਾ ਨਹੀਂ

ਦਸਮ ਗ੍ਰੰਥ ਰਸਤੇ ਗੁਰਬਾਣੀ ’ਤੇ ਪ੍ਰਿਥੀਆ ਵਾਰ

- ਪ੍ਰਿੰ: ਗਿਆਨੀ ਸੁਰਜੀਤ ਸਿੰਘ -

ਕੂੜਿ ਕਮਾਣੈ ਕੂੜੋ ਹੋਵੈ- ਅਕਤੂਬਰ 2008 ਤੀਜੀ ਸ਼ਤਾਬਦੀ ਸੀ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਕਿਉਂਕਿ ਅਕਤੂਬਰ ਸੰਨ 1708 ਸੰਪੂਰਣਤਾ ਦਿਵਸ ਤੇ ਗੁਰਤਾ-ਗਦੀ ਦਿਵਸ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਦਾ। ਉਸ ਦਿਨ ਦਸਮੇਸ਼ ਪਿਤਾ ਨੇ ਦਖਣ ਸ੍ਰੀ ਨਾਂਦੇੜ ਸਾਹਿਬ ਦੇ ਸਥਾਨ ‘ਤੇ ਗੁਰਬਾਣੀ ਦੇ ਸੰਪੂਰਣਤਾ ਪ੍ਰਾਪਤ ਕਰ ਚੁਕੇ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਅੱਗੇ ਮੱਥਾ ਟੇਕਿਆ ਅਤੇ ਇਨ੍ਹਾਂ ਨੂੰ ਪੰਥ ਦਾ ਸਦੀਵੀ ਗੁਰੂ ਐਲਾਣਿਆ।

ਪਰ ਅੱਜ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਦਸਮ ਗ੍ਰੰਥ ਨਾਲ ਜੋੜਨ ਦਾ ਕਿੰਨਾ ਵਧੀਆ ਤਰੀਕਾ ਲੱਭਿਆ ਗਿਆ ਹੈ। ਉਹ ਸੰਗਤਾਂ ਜਿਨ੍ਹਾਂ ਦਾ ਲਗਭਗ 98% ਹਿੱਸਾ ਤਾਂ ਇਹ ਵੀ ਨਹੀਂ ਜਾਣਦਾ ਕਿ ‘ਦਸਮ ਗ੍ਰੰਥ’ ਹੈ ਕੀ ਅਤੇ ਅਚਾਨਕ ਆਇਆ ਕਿਥੋਂ? ਅਤੇ ਉਹ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਬਣ ਕੇ, ਅਤੇ ਉਸੇ ਹੀ ਸਾਲ ‘ਚ ਬਹੁਤੀਆਂ ਸੰਗਤਾਂ ਤਾਂ ਇਕ ਦੂਜੇ ਕੋਲੋਂ ਇਹੀ ਪੁੱਛ ਰਹੀਆਂ ਹਨ।

ਉਹ ‘ਦਸਮ ਗ੍ਰੰਥ’ ਜਿਸਦਾ ਸੰਨ 1870 ਤੋਂ ਪਹਿਲਾਂ ਇਤਿਹਾਸ ‘ਚ ਨਾਂ-ਪਤਾ ਵੀ ਨਹੀਂ ਸੀ ਪਰ ਅਚਾਨਕ ਹੀ ਆ ਗਈ ਉਸਦੀ ਵੀ ‘ਤੀਜੀ ਸ਼ਤਾਬਦੀ’ ਭਾਵ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ‘ਤੀਜੀ ਸ਼ਤਾਬਦੀ’ ਦੇ ਨਾਲ ਨਾਲ ਕਿਸੇ ‘ਦਸਮ ਗ੍ਰੰਥ’ ਦੀ ਤੀਜੀ ਸ਼ਤਾਬਦੀ ਦਾ ਸ਼ੋਸ਼ਾ ਵੀ ਛੇੜ ਦਿੱਤਾ ਗਿਆ। ਉਹ ਦਸਮ ਗ੍ਰੰਥ ਜਿਸਨੂੰ ਕਿ ਚੋਰ ਦਰਵਾਜ਼ੇ ਤੋਂ ਪੈਦਾ ਹੀ ਕੀਤਾ ਗਿਆ ਸੰਨ 1870 ਦੇ ਆਸਪਾਸ। ਇਸ ‘ਦਸਮਗ੍ਰੰਥ’ ‘ਤੇ ਬੜੇ ਨਿਯਮਬਧ ਤਰੀਕੇ ਚਰਚਾ ਇੰਨੀ ਤੇਜ਼ ਚਲਾ ਦਿੱਤੀ ਕਿ 98% ਉਹ ਸੰਗਤਾਂ ਜਿਨ੍ਹਾਂ ਨੇ ਇਸਦਾ ਨਾਮ ਹੀ ਪਹਿਲੀ ਵਾਰੀ ਸੁਣਿਆ, ਹੈਰਾਨ ਹਨ ਕਿ ਇਹ ‘ਦਸਮ ਗ੍ਰੰਥ’ ਹੈ ਕਿਹੜੀ ਚੀਜ਼? ਇਸੇ ਕਾਰਣ ਜਦੋਂ ਆਪਸ ‘ਚ ਇਸ ਬਾਰੇ ਇਕ-ਦੂਜੇ ਕੋਲੋਂ ਪੁਛਦੇ ਹਨ ਤਾਂ ਤਸਲੀ ਬਖ਼ਸ਼ ਉਤਰ ਮਿਲਦਾ ਵੀ ਕਿਸੇ ਕੋਲੋ ਨਹੀਂ। ਵਾਹ ਰੇ ‘ਦਸਮਗ੍ਰੰਥ’! ਜਿਸਦੀ ਕਿ ਪੈਦਾ ਹੁੰਦੇ ਹੀ ਉਮਰ ਵੀ ਬਣ ਗਈ ਤਿੰਨ ਸੌ ਸਾਲ, ਭਾਵ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਦੇ ਬਰਾਬਰ ਅਤੇ ਇਸਦਾ ਅਖੌਤੀ ‘ਫ਼ਤਿਹ ਦਿਵਸ’ ਮਨਾ ਵੀ ਲਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸੌ ਸਾਲਾ ਦਿਵਸ ਤੋਂ ਪਹਿਲਾਂ ਹੀ।

ਨਾਂਦੇੜ ਦੇ ਗੁ: ਬੰਦਾ ਘਾਟ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਦਸਮ ਗ੍ਰੰਥ ਦੇ ਪ੍ਰਕਾਸ਼ ਦਾ ਦ੍ਰਿਸ਼

ਸਾਧ ਸੰਗਤ ਜੀ ਸਾਵਧਾਨ! ਨਵਾਂ ਸ਼ੋਸ਼ਾ ਉਠਿਆ ਹੈ, ਜਿਸਦਾ ਨਾਮ ਹੈ ‘ਦਸਮ ਗ੍ਰੰਥ’। ਇਹ ਗ੍ਰੰਥ ਕਤੇਈ ਦਸਮੇਸ਼ ਪਿਤਾ ਦੀ ਰਚਨਾ ਨਹੀਂ ਜਿਵੇਂ ਕਿ ਬਹੁਤੀਆਂ ਸੰਗਤਾਂ ਇਸਦੇ ਨਾਮ ਤੋਂ ਅਜੇਹਾ ਭੁਲੇਖਾ ਖਾ ਰਹੀਆਂ ਹਨ। ਇਸ ਗ੍ਰੰਥ ਦੇ 1428 ਪੰਨੇ ਹਨ, ਉਹ ਵੀ ‘ਗੁਰੂ ਗ੍ਰੰਥ ਸਾਹਿਬ ਜੀ’ ਦਾ ਭੁਲੇਖਾ ਦੇਣ ਲਈ, ਲਗਭਗ ਉਸੇ ਗਿਣਤੀ ‘ਚ। ਫ਼ਿਰ ਇਨ੍ਹਾਂ 1428 ਪੰਨਿਆਂ ਵਿਚ ਹੀ ਕੇਵਲ 25-30 ਪੰਨੇ ਜਾਣਬੁਝ ਕੇ ਉਹ ਵੀ ਜੋੜ ਰਖੇ ਹਨ ਜਿਥੋਂ ਕਿ ਕੌਮ ਨੂੰ ਸੌਖਾ ਧੋਖਾ ਦਿੱਤਾ ਜਾ ਸਕੇ। ਕਿਉਂਕਿ ਇਨ੍ਹਾਂ 25-30 ਪੰਨਿਆਂ ‘ਚ ਹੀ ‘ਜਾਪੁ ਸਾਹਿਬ’ ਆਦਿ ਪੰਥਕ ਨਿਤਨੇਮ ਦੀਆਂ ਬਾਣੀਆਂ ਵੀ ਹਨ। ਇਸ ਤੋਂ ਇਲਾਵਾ ਬਾਕੀ ਸਾਰੇ ਗ੍ਰੰਥ ਦਾ ਆਧਾਰ ਹਨ ਮਾਰਕੰਡੇ ਪੁਰਾਨ, ਸ਼ਿਵ ਪੁਰਾਨ, ਸ੍ਰੀਮਦ ਭਾਗਵਤ ਪੁਰਾਣ, ਵਾਮਮਾਰਗੀਏ-ਸਾਕਤ ਮਤੀਏ ਆਦਿ। ਇਹੀ ਗ੍ਰੰਥ ਹੈ ਜਿਸਨੂੰ ਤਿਆਰ ਵੀ ਇਸੇ ਲਈ ਕੀਤਾ ਗਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚਤਾ ਨੂੰ ਵੰਗਾਰਿਆ ਜਾ ਸਕੇ ਅਤੇ ਵਰਤਿਆ ਵੀ ਇਸੇ ਕੰਮ ਲਈ ਹੀ ਜਾ ਰਿਹਾ ਹੈ। ਇਤਨਾ ਹੀ ਨਹੀਂ ਓਪਰੀ ਨਜ਼ਰੇ ਵੀ ਦੇਖੋ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਬਨਾ ਕੇ ਉਨ੍ਹਾਂ ਦੀ ਬਰਾਬਰੀ ‘ਤੇ-ਸੰਗਤਾਂ ਨੂੰ ਧੋਖਾ ਦੇਣ ਲਈ ਸਾਰੇ ਹੀਲੇ ਵਰਤੇ ਵੀ ਜਾ ਰਹੇ ਹਨ। ਵਿਰੋਧੀਆਂ ਦਾ ਮਕਸਦ ਸਪਸ਼ਟ ਹੈ ਕਿ ਸੰਗਤਾਂ ਦੇ ਮਨਾ ਵਿਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਡਗਮਗਾ ਜਾਵੇ। ਇਸ ਤਰ੍ਹਾਂ ਜੇਕਰ ਧੋਖਾ ਵੀ ਦਿੱਤਾ ਜਾ ਰਿਹਾ ਹੈ ਤਾਂ ਜਾਪੁ ਸਾਹਿਬ ਆਦਿਕ ਨਿਤਨੇਮ ਦੀਆਂ ਬਾਣੀਆਂ ਦੇ ਪੜਦੇ ‘ਚ ਉਨ੍ਹਾਂ ਦੇ ਨਾਮ ਵਰਤ ਕੇ। ਕਾਸ਼ ! ਅੱਜ ਗੁਰਬਾਣੀ ਅਨੁਸਾਰ ਸੰਗਤਾਂ ਨੂੰ ‘ਗੁਰੂ’ ਦੇ ਅਰਥ ਸਪਸ਼ਟ ਹੋਣ ਤਾਂ ਵਿਰੋਧੀਆਂ ਵਲੋਂ ਅਜਿਹੀਆਂ ਲੂਮੜ ਚਾਲਾਂ ਅੱਗੇ ਹੀ ਨਾ ਟੁਰ ਸਕਣ।

ਗੁਰਬਾਣੀ ਅਤੇ ਇਹ ਦਸਮ ਗ੍ਰੰਥ-ਦਰਅਸਲ ਦਸਮ ਗ੍ਰੰਥ ਦੇ ਕੁਲ 1428 ਪੰਨਿਆਂ ਵਿਚੋਂ ਉਨ੍ਹਾਂ 25-30 ਪੰਨਿਆਂ ਨੂੰ ਛੱਡ ਕੇ, ਇਹ ਇਕ ਅਜੇਹਾ ਗ੍ਰੰਥ ਹੈ ਜਿਸ ਦੀਆਂ ਲਿਖਤਾਂ ਨੂੰ ਬਾਣੀ ਤੁੱਲ ਸੋਚਣਾ ਤਾਂ ਦੂਰ, ਇਥੇ ਅਜੇਹੀਆਂ ਲਿਖਤਾਂ ਹਨ ਜਿਨ੍ਹਾਂ ਸਾਹਮਣੇ ਗੰਦੇ ਤੋਂ ਗੰਦੇ ਕੋਕ ਸ਼ਾਸਤ੍ਰ ਵੀ ਮਾਤ ਪੈ ਜਾਣ। ਸਮਝਣ ਦਾ ਵਿਸ਼ਾ ਹੈ, ਜਿੱਥੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਮਹਾਨ ਹਸਤੀ ਪੰਥ ਨੂੰ ਇਕੋ-ਇਕ ਅਕਾਲਪੁਰਖ ਨਾਲ ਜੋੜਣ ਵਾਲੀ, ਮੋਹ-ਮਾਇਆ-ਨਸ਼ੇ ਵਿਭਚਾਰਾਂ-ਵਿਕਾਰਾਂ ‘ਚੋਂ ਕਢ ਕੇ ਜੀਵਨ ਨੂੰ ਵਿਕਾਰ ਰਹਿਤ, ਸਾਫ਼-ਸੁਥਰਾ ਬਨਾਉਣ ਵਾਲੀ, ਇਸਤ੍ਰੀ-ਪੁਰਖ ਵਾਲੇ ਵਿਤਕਰੇ ਤੇ ਦੇਵੀ- ਦੇਵਤਾ-ਅਵਤਾਰਵਾਦ ਦੀ ਪੂਜਾ-ਅਰਚਾ ਵਿਚੋਂ ਆਜ਼ਾਦ ਕਰਣ ਵਾਲੀ, ਪ੍ਰਭੂ ਬਖਸ਼ੇ ਕੇਸਾਂ ਵਾਲੇ ਸੋਹਣੇ ਸਰੂਪ ਦਾ ਸਤਿਕਾਰ ਕਰਵਾਉਣ ਵਾਲੀ, ਕਰਮਕਾਂਡੀ ਅਤੇ ਬਨਾਵਟੀ ਜੀਵਨ ਚੋਂ ਸੁਰਖਰੂ ਕਰਕੇ ਮਨੁੱਖ ਨੂੰ ਇਲਾਹੀ ਗੁਣਾਂ ਦਾ ਵਾਰਿਸ ਬਨਾਉਣ ਵਾਲੀ, ਜੀਵਨ ਨੂੰ ਰਜ਼ਾ-ਭਾਨੇ ਵਲ ਮੋੜ ਕੇ ਸਦਾਚਾਰਕ ਬੁਲੰਦੀਆਂ ਤੀਕ ਪਹੁੰਚਾ, ਸਚਿਆਰਾ-ਆਨੰਦਮਈ-ਟਿਕਾਅ ਵਾਲਾ ਜੀਵਨ ਪ੍ਰਦਾਣ ਕਰਣ ਵਾਲੀ ਹੈ।

ਦੂਜੇ ਪਾਸੇ - ਮੌਜੂਦਾ ‘ਦਸਮ ਗ੍ਰੰਥ’ ਮਨੁੱਖ ਨੂੰ ਅਸ਼ਲੀਲਤਾ ਤੇ ਨੰਗੇਜਵਾਦ ਵਲ ਧਕੱਣ ਵਾਲਾ; ਨਸ਼ੇ-ਵਿਭਚਾਰਾਂ ’ਚ ਡੁਬੋਣ ਵਾਲਾ, ਕੇਸਾਂ-ਰੋਮਾਂ ਦੀ ਕੱਟ-ਵੱਢ ਦਾ ਉਪਦੇਸ਼ਕ, ਇਸਤ੍ਰੀ ਵਰਗ ਦੀ ਬੇਇਜ਼ਤੀ ਨਾਲ ਭਰਪੂਰ, ਦੇਵੀ-ਦੇਵਤਾ-ਅਵਤਾਰ ਵਾਦ; ਫੋਕਟ ਤੀਰਥਾਂ, ਜਪਾਂ-ਤਪਾਂ, ਦਾਨ-ਪੁੰਨ, ਸਗਨਾਂ-ਮਹੂਰਤਾਂ ਵਾਲੇ ਬ੍ਰਾਹਮਣੀ ਕਰਮਕਾਂਡਾਂ ਰਸਤੇ ਪਾਉਣ ਵਾਲਾ ਹੈ। ਹੋਰ ਤਾਂ ਹੋਰ, ਦਸਵੇਂ ਨਾਨਕ ਨੂੰ ਬਾਕੀ ਨੌ ਗੁਰੂ ਜਾਮਿਆਂ ਤੋਂ ਨਿਖੇੜ ਕੇ ਪੇਸ਼ ਕਰਣ ਵਾਲਾ ਤੇ ਕਲਗੀਧਰ ਜੀ ਨੂੰ ਦੇਵੀ-ਪੂਜਕ ਸਾਬਤ ਕਰਣ ਵਾਲਾ ਬਜਰ ਗੁਣਾਹਾਂ ਦਾ ਪੁਤਲਾ ਹੈ, ਇਹ ‘ਦਸਮਗ੍ਰੰਥ’।

ਤੀਜੀ ਸ਼ਤਾਬਦੀ ਅਤੇ ‘ਦਸਮਗ੍ਰੰਥ’-ਸ਼ੋਸ਼ਾ ਛੱਡਿਆ ਵੀ ਗਿਆ ਤਾਂ ਕਦੋਂ? ਉਸ ਵੇਲੇ, ਜਦੋਂ ਸਾਰੀ ਕੌਮ ਅਕਤੂਬਰ ਸੰਨ 2008 ਕਾਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਸੰਪੂਰਣਤਾ ਅਤੇ ਗੁਰਤਾ-ਗਦੀ ਦਿਵਸ ਦੀ ਤੀਜੀ ਸ਼ਤਾਬਦੀ’ ਮਨਾ ਰਹੀ ਸੀ। ਸੰਗਤਾਂ ‘ਚ ਸਾਰੇ ਪਾਸੇ ਇਸ ਤੀਜੀ ਸ਼ਤਾਬਦੀ ਲਈ ਭਰਪੂਰ ਉਤਸਾਹ ਵੀ ਠਾ-ਠਾ ਮਾਰ ਰਿਹਾ ਸੀ। ਸ਼ਰਾਰਤੀਆਂ-ਵਿਰੋਧੀਆਂ ਦੇ ਦਿਮਾਗ ਦੀ ਵੀ ਦਾਦ ਦੇਣੀ ਬਣਦੀ ਹੈ ਕਿ ਸ਼ੋਸ਼ਾ ਚੁੱਕਿਆ ਵੀ ਤਾਂ ਠੀਕ ਉਸ ਵੇਲੇ, ਜਦੋਂ ਸੰਗਤਾਂ ਦੇ ਉਤਸਾਹ ਦਾ ਵੱਧ ਤੋਂ ਵੱਧ ਨਾਜਾਇਜ਼ ਲਾਭ ਲਿਆ ਜਾ ਸਕਦਾ ਹੋਵੇ। ਵਿਰੋਧੀ ਚੰਗੀ ਤਰ੍ਹਾਂ ਜਾਣਦੇ ਹਨ (ੳ) ਅੱਜ ਸੰਗਤਾਂ ਵਿਚਕਾਰ ਗੁਰਬਾਣੀ ਜੀਵਨ ਬਾਰੇ ਭਰਵੀਂ ਅਗਿਆਣਤਾ ਹੈ, ਇਸ ਲਈ ਸੰਗਤਾਂ ਨੂੰ ਇਸ ਪਖੋਂ ਰਜਵਾਂ ਧੋਖਾ ਵੀ ਦਿੱਤਾ ਜਾ ਸਕਦਾ ਹੈ। (ਅ) ਇਹ ਦਸਮ ਪਾਤਸ਼ਾਹ ਦਾ ਨਹੀਂ, ਬਲਕਿ ਇਹ ਬਚਿਤ੍ਰ ਨਾਟਕ ਦੇ ਨਾਮ ਦਾ ਉਹ ਗ੍ਰੰਥ ਹੈ, ਜਿਸਨੂੰ ਦਸਮੇਸ਼ ਜੀ ਦੇ ਜੋਤੀ ਜੋਤ ਸਮਾਉਣ ਤੋਂ ਲਗਭਗ 28-30 ਸਾਲ ਬਾਅਦ ਚੋਰ ਦਰਵਾਜ਼ੇ ਤੋਂ ਪੈਦਾ ਕੀਤਾ ਗਿਆ। (ੲ) ਸੰਨ 1870 ਦੇ ਆਸਪਾਸ ਇਕ ਗ੍ਰੰਥ ਨੂੰ ਨਾਮ ਦਿੱਤਾ ਗਿਆ ‘ਦਸਮ ਗ੍ਰੰਥ’ ਤਾਂ ਉਹ ਗ੍ਰੰਥ ਕਿਹੜਾ ਸੀ? (ਸ) ਉਸੇ ਬਚਿਤ੍ਰ ਨਾਟਕ ਦਾ ਨਾਂ ਬਦਲ ਕੇ ਕੀਤਾ ਗਿਆ ‘ਦਸਮਗ੍ਰੰਥ’, ਕਿਉਂਕਿ ਇਸ ਅੰਦਰ ‘ਸ੍ਰੀ ਮਦ ਭਾਗਵਤ ਪੁਰਾਣ’ ਦਾ ਦਸਵਾਂ ਸਕੰਧ (ਅਧਿਆਇ) ਵੀ ਹੈ। ਇਥੋਂ ਦਸਮ ਸਕੰਧ ‘ਚੋਂ ਹੀ ‘ਦਸਮ’ ਲਫ਼ਜ਼ ਨੂੰ ਚੁਕਿਆ, ਨਾ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ। (ਹ) ਏਨਾ ਹੀ ਨਹੀਂ ਜਦੋਂ ੱਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਦੀ ਤੀਜੀ ਸ਼ਤਾਬਦੀ ਮਨਾਉਣ ਦੀਆਂ ਅਜੇ ਤਿਆਰੀਆਂ ਹੀ ਚਲੀਆਂ ਸਨ ਉਸ ਤੋਂ ਪਹਿਲਾਂ ਹੀ ਸੰਗਤਾਂ ਨੂੰ ਭਮਲ-ਭੁਸੇ ‘ਚ ਪਾਉਣ ਲਈ ਇਸ ਅਖੌਤੀ ‘ਦਸਮ ਗ੍ਰੰਥ’ ਦੇ ਵੀ ‘ਤੀਜੀ ਸ਼ਤਾਬਦੀ ਸੰਪੂਰਣਤਾ ਦਿਵਸ’ ਦੇ ਨਾਮ ‘ਤੇ ਅਚਾਨਕ ਹੀ ‘ਫ਼ਤਿਹ ਦਿਵਸ’ ਵਾਲਾ ਡਰਾਮਾ ਖੜਾ ਕਰ ਦਿੱਤਾ ਗਿਆ।

ਅੰਤ ਇਹ ਡਰਾਮਾ ਕੀਤਾ ਗਿਆ 13 ਨਵੰਬਰ 2006 ਨੂੰ, ‘ਗੁਰਦੁਆਰਾ ਮੰਜੀ ਸਹਿਬ, ਪਿੰਡ ਦਿਆਲਪੁਰਾ, ਭਾਈਕੇ ਅੰਬਾਲਾ ਵਿਖੇ ਇਸ ਬਨਾਵਟੀ ‘ਫ਼ਤਿਹ ਦਿਵਸ’ ਦੇ ਨਾਂ ‘ਤੇ। ਇਹ ਸੀ ਫ਼ਤਿਹ ਦਿਵਸ ਦੇ ਨਾਮ ਹੇਠ ਪੰਥ ਦਾ ਉਹ ‘ਕਾਲਾ ਦਿਵਸ’; ਜਿਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਇਥੋਂ ਤੀਕ ਕਿ ਅਜੇਹਾ ਕਰਮ, ਗੁਰਬਾਣੀ ਦੀ ਘੋਰ ਬੇਅਦਬੀ ਵਾਲਾ ਕਾਲਾ ਕਾਰਨਾਮਾ ਤਾਂ ਸੀ ਹੀ, ਪੰਥਕ ਰਹਿਤ ਮਰਿਆਦਾ ਦਾ ਵੀ ਉਲੰਘਣ ਸੀ; ਫ਼ਿਰ ਇਸਦੇ ਪ੍ਰਚਾਰ ਲਈ ਵਰਤੇ ਗਏ ਵੱਡੇ-ਵੱਡੇ ਹੋਰਡਿੰਗ, ਇਸ਼ਤਿਹਾਰ, ਟੀ.ਵੀ. ਚੈਨਲ ਅਤੇ ਅਖਬਾਰਾਂ ਆਦਿ। ਉਪਰੰਤ ਇਥੇ ਵੀ ਬੱਸ ਨਹੀਂ, ਵਿਰੋਧੀਆਂ ਕੋਲ ਸਾਧਨਾਂ ਦੀ ਇੰਤਹਾ ਦਾ ਅੰਦਾਜ਼ਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ, ਕਿ ‘ਫ਼ਤਿਹ ਦਿਵਸ’ ਦੇ ਨਾਮ ਹੇਠ ਇਸ ‘ਕਾਲੇ ਦਿਵਸ’ ‘ਚ ਵਰਤਿਆ ਵੀ ਗਏ ਤਾਂ ਸਿੱਖਾਂ ਦੇ ਹੀ ਉਸ ਸਮੇਂ ਦੇ ਬਹੁਤੇ ਧਾਰਮਿਕ ਆਗੂ। ਇਸ ਤਰ੍ਹਾਂ ਅਜੇਹੇ ਸਿੱਖ ਧਾਰਮਿਕ ਆਗੂਆਂ ਨੇ ਆਪ ਇਸ ‘ਕਾਲੇ ਦਿਵਸ’ ‘ਚ ਸ਼ਾਮਿਲ ਹੋ ਕੇ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਸਰਬ-ਉਚਤਾ ਨੂੰ ਵੰਗਾਰਣ ਵਾਲਾ ਇਹ ਕੁਕਰਮ ਆਪ ਅੱਗੇ ਹੋ ਕੇ ਕੀਤਾ। ਬੇਅਦਬੀ ਵੀ ਕੀਤੀ ਪਰ ਅੱਜ ਤੀਕ ਉਨ੍ਹਾਂ ਵਲੋਂ ਇਸ ਹਰਕਤ ਲਈ, ਪੰਥਕ ਤੌਰ ਤੇ ਮੁਆਫ਼ੀ ਤੀਕ ਵੀ ਨਹੀਂ ਮੰਗੀ ਗਈ।

ਇਸ ਤੋਂ ਵੱਧ ਕੀ ਹੋ ਸਕਦਾ ਹੈ?-ਹੋਰ ਤਾਂ ਹੋਰ, ਅੱਜ ਤਾਂ ਤਖਤ ਪਟਨਾ ਸਾਹਿਬ ਤੇ ਇਸਦੇ ਨਾਲ ਹੀ ਤਖਤ ਹਜ਼ੂਰ ਸਾਹਿਬ ਅਥਵਾ ਉਹ ਤਖ਼ਤ, ਜਿੱਥੇ ਦਸਮੇਸ਼ ਜੀ ਨੇ ਕੇਵਲ ਅਤੇ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਨੂੰ ਗੁਰਤਾਗੱਦੀ ਅਤੇ ਸੰਪੂਰਣਤਾ ਬਖਸ਼ੀ ਉਸਦੇ ਨਾਲ ਕਿਸੇ ਵੀ ਹੋਰ ਰਚਨਾ ਨੂੰ ਨਹੀਂ। ਫ਼ਿਰ ਵੀ ਇਨ੍ਹਾਂ ਦੋਹਾਂ ਤਖਤਾਂ ਦੇ ਪ੍ਰਬੰਧਕਾਂ ਦੀ ਢੀਠਤਾਈ ਕਿ, ਉਥੇ ਤਖ਼ਤਾਂ ‘ਤੇ ਵੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਬਰਾਬਰੀ ‘ਤੇ ਇਸ ਅਖੋਤੀ ‘ਦਸਮਗ੍ਰੰਥ’ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਉਸਨੂੰ ਵੀ ਚੌਰਾਂ ਅਤੇ ਬਾਕੀ ਸਾਰੇ ਕਾਰਜ ਵੀ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਸਤਿਕਾਰ ਤੁੱਲ। ਬਲਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਅਖੰਡ ਪਾਠ ਨਾਲੋਂ ਵੱਧ ਭੇਟਾ ਇਸ ਅਖੌਤੀ ਦਸਮ ਗ੍ਰੰਥ’ ਦੀ ਅਖੰਡ ਪਾਠ ਦੀ ਲਈ ਜਾ ਰਹੀ ਹੈ। ਇਸ ਲਈ ਕਿ ਅਜੋਕੇ ਸਮੇਂ ਗੁਰਬਾਣੀ ਜੀਵਨ ਤੋਂ ਦੂਰ ਬੈਠੀਆਂ ਗੁਰੂ ਕੀਆਂ ਸੰਗਤਾਂ ਦੇ ਮਨਾਂ ‘ਚ ਅਖੌਤੀ ਦਸਮਗ੍ਰੰਥ ਦਾ ਪ੍ਰਭਾਵ ਭਾਰੂ ਕੀਤਾ ਜਾ ਸਕੇ। ਇਸ ਸਾਰੇ ਦਾ ਨਤੀਜਾ ‘ਚਲਤੇ ਪਾਛੇ ਜਗ ਚਲੇ’ ਅਨੁਸਾਰ ਉਨ੍ਹਾਂ ਦੀ ਦੇਖਾ-ਦੇਖੀ ਕੁਝ ਹੋਰ ਗੁਰਦੁਆਰਿਆ ‘ਚ ਵੀ ਇਹੀ ਕੁਝ ਹੋਣ ਲਗ ਪਿਆ ਹੈ ਜੋ ਕਿ ਸਿੱਖੀ ਦੇ ਭਵਿੱਖ ਲਈ ਜ਼ਬਰਦਸਤ ਖਤਰੇ ਦੀ ਘੰਟੀ ਹੈ।

ਵਾਹ ਰੇ ਤਖਤ ਹਜ਼ੂਰ ਸਾਹਿਬ ਦੇ ਪ੍ਰਬੰਧਕ ਸੱਜਨੋ ! - ਏਨਾ ਹੀ ਨਹੀਂ, ਅੱਜ ੱਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਦੇ ਨਾਲ-ਨਾਲ ਗੁਰਦੁਆਰਿਆਂ ‘ਚ ਬਰਾਬਰੀ ‘ਤੇ ਇਸ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਕਰਵਾਉਣ ਲਈ ਘਿਨਾਉਣੀਆਂ ਕੋਸ਼ਿਸ਼ਾਂ ਤਾਂ ਸ਼ਿਖਰਾਂ ‘ਤੇ ਹੈਣ ਹੀ। ਸਪਸ਼ਟ ਕਰ ਚੁਕੇ ਹਾਂ ਕਿ ਸਾਡੇ ਹੀ ਪੰਜਾਂ ਤਖਤਾਂ ਵਿਚੋਂ ਦੋ ਤਖ਼ਤ ਹਜ਼ੂਰ ਸਾਹਿਬ ਅਤੇ ਤਖ਼ਤ ਪਟਨਾ ਸਾਹਿਬ, ਅੱਜ ਵਿਰੋਧੀਆਂ ਰਾਹੀਂ, ਇਸ ਘਿਨਾਉਣੀ ਖੇਡ ਲਈ ਖੁੱਲੇਆਮ ਵਰਤੇ ਜਾ ਰਹੇ ਹਨ। ਛੁਪੀ ਗੁੱਝੀ ਗੱਲ ਨਹੀਂ ਰਹਿ ਗਈ, ਜਦੋਂ ਪਿਛਲੇ ਨਵੰਬਰ ‘ਚ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਸਾਲ ਭਰ ਲਈ, ‘ਗੁਰੂ ਮਾਨਿਉ ਗ੍ਰੰਥ’ ਦੇ ਹੀ ਨਾਮ ਅਤੇ ਭਾਰਤ ਪੱਧਰ ਦੀ ‘ਵਿਸ਼ਾਲ ਜਾਗ੍ਰਿਤੀ ਯਾਤਰਾ’ ਦਾ ਆਯੋਜਣ ਵੀ ਕੀਤਾ ਗਿਆ। ਜਦਕਿ ਹੁਣ ਤੀਕ ਤਾਂ ਇਸ ਜਾਗ੍ਰਿਤੀ ਯਾਤਰਾ ਦਾ ਮਕਸਦ ਵੀ ਨਿੱਖਰ ਕੇ ਸਾਹਮਣੇ ਆ ਚੁਕਾ ਹੈ ਅਤੇ ਉਹ ਮਕਸਦ ਸੀ ਸੰਪੂਰਣ ਭਾਰਤ ਦੇ ਨਾਮ ‘ਤੇ ਸੰਸਾਰ ਭਰ ਦੀਆਂ ਸੰਗਤਾਂ ਨੂੰ ਧੋਖੇ ਨਾਲ ਪ੍ਰੇਰ ਕੇ ਹਜ਼ੂਰ ਸਾਹਿਬ ਲਿਜਾਇਆ ਜਾਵੇ। ਉਪਰੰਤ ਉਥੇ ਉਨ੍ਹਾਂ ਕੋਲੋਂ ੱਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਜੀ ਦੀ ਬਰਾਬਰੀ ‘ਤੇ, ਬਲਕਿ ਧੋਖੇ ਨਾਲ, ਇਸ ਅਖੌਤੀ ਦਸਮ ਗ੍ਰੰਥ ਅੱਗੇ ਵੀ ਮੱਥੇ ਟਿਕਵਾਏ ਜਾਣ। ਜਦਕਿ ਅਜਿਹਾ ਕਰਨਾ ਸਿੱਖ ਧਰਮ ਦੇ ਵਿਰੁਧ ਇਕ ਨੀਚਤਾ-ਪੂਰਨ ਕਰਮ ਤਾਂ ਹੈ ਹੀ ਸੀ ਨਾਲ ਨਾਲ ਸਿੱਖ ਰਹਿਤ ਮਰਿਆਦਾ-1945 ਦੀ ਖੁਲਮ-ਖੁਲਾ ਉਲੰਘਣਾ ਸੀ। ਇਸ ਤੋਂ ਵੱਡੀ ਗਲ ੱਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਅਥਵਾ ਗੁਰੂ-ਗੁਰਬਾਣੀ ਦੀ ਘੋਰ ਬੇਅਦਬੀ ਵਾਲਾ ਬਜਰ ਗੁਣਾਹ ਵੀ ਹੈ। ਆਖਿਰ ਕਿੰਨਾ ਵਧੀਆ ਤਰੀਕਾ ਚੁਣਿਆ ਸਾਡੇ ਇਨ੍ਹਾਂ ‘ਮਹਾਪੁਰਸ਼ਾਂ’ ਨੇ ‘ਦਸਮਗ੍ਰੰਥ’ ਦੇ ਨਾਲ, ਦਸਮ ਪਿਤਾ ਦਾ ਨਾਂ ਵਰਤ ਕੇ ਭੋਲੀਆਂ ਭਾਲੀਆਂ ਸੰਗਤਾਂ ਨੂੰ ਗੁਮਰਾਹ ਕਰਣ ਤੇ ਧੋਖਾ ਦੇਣ ਦਾ; ਸੰਗਤਾਂ ਨੂੰ ਭੁਲੇਖਿਆਂ ‘ਚ ਪਾਉਣ ਤੇ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡਣ ਦਾ। ਜਦਕਿ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਅਜੋਕੇ ਸਮਂੇ ਲਗਭਗ 98× ਸੰਗਤਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ‘ਦਸਮਗ੍ਰੰਥ’ ਹੈ ਕੀ?

ਕੀ ਇਤਿਹਾਸ ਆਪਣੇ ਆਪ ਨੂੰ ਦੋਹਰਾ ਰਿਹਾ ਹੈ? ਜਦੋਂ ਆਦਿ ਬੀੜ ਦੀ ਸੰਪਾਦਨਾ ਹੋਈ ਸੀ ਤਾਂ ਸੰਪਾਦਨਾ ਸੰਬੰਧੀ ਵੱਧ ਤੋਂ ਵੱਧ ਭੁਲੇਖੇ-ਸ਼ੰਕੇ ਪੈਦਾ ਕੀਤੇ ਗਏ। ਪ੍ਰੀਥੀਏ, ਮੇਹਰਬਾਨ ਅਤੇ ਹੋਰ ਦੋਖੀਆਂ ਵਲੋਂ ਕਚੀ ਬਾਣੀ ਦੇ ਹੜ ਲਿਆਂਦੇ ਗਏ। ਬਾਣੀ ਵੀ ਉਹ ਰਚੀ ਗਈ ਜਿਸ ‘ਚ ਨਾਨਕ ਪਦ ਅਤੇ ਪ੍ਰਵਾਣਤ ਭਗਤਾਂ ਦੇ ਨਾਵਾਂ ਦਾ ਵੀ, ਬੜੀ ਬੇਸ਼ਰਮੀ ਨਾਲ ਖੁੱਲ ਕੇ ਇਸਤੇਮਾਲ ਹੋਇਆ। ਗੁਰਦੇਵ ਨੂੰ ਬਾਣੀ ‘ਚ ਹੀ ਸਲਾ ਦੇਣ ਦੀ ਲੋੜ ਵੀ ਪੈ ਗਈ ਕਿ "ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।। ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।। ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ।।" (ਪੰ: 920) ਭਾਵ ਬਾਣੀ ਕੇਵਲ ਉਹੀ ਹੈ ਜੋ ਸਤਿਗੁਰਾਂ ਨੇ ਆਪ ਰਚੀ ਜਾਂ ਪ੍ਰਵਾਣ ਕਰਕੇ ਗੁਰਬਾਣੀ ਖਜ਼ਾਨੇ ‘ਚ ਦਰਜ ਕੀਤੀ ਹੈ। ਇਥੋਂ ਤੀਕ ਕਿ ਉਹ ਭਗਤ, ਜਿਨ੍ਹਾਂ ਦੀ ਬਾਣੀ ਪਾਤਸ਼ਾਹ ਨੇ ਪ੍ਰਵਾਨ ਕੀਤੀ; ਲਗਭਗ ਹਰੇਕ ਭਗਤ ਦੇ ਜੀਵਨ ਬਾਰੇ ਵੀ ਊਲ-ਜਲੂਲ ਕਹਾਣੀਆਂ ਪ੍ਰਚਲਤ ਕੀਤੀਆਂ ਗਈਆਂ। ਹਰੇਕ ਭਗਤ ਨੂੰ ਹੀ ਮੂਰਤੀ-ਪੱਥਰ ਪੂਜਕ ਅਤੇ ਬ੍ਰਾਹਮਣ ਦਾ ਪਿਛਲਗ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਸਲ ਗੱਲ ਉਦੋਂ ਹੀ ਸਮਝ ‘ਚ ਆਉਂਦੀ ਹੈ ਜਦੋ ਬਾਣੀ ਵਿਚੋਂ ਇਨ੍ਹਾਂ ਭਗਤਾਂ ਦੀਆਂ ਆਪਣੀਆਂ ਰਚਨਾਵਾਂ ਨੂੰ ਸਮਝੀਏ ਤਾਂ। ਸੰਪਾਦਨਾ ਸਮੇਂ ਛੱਜੂ-ਕਾਹਨਾ-ਸ਼ਾਹ ਹੁਸੈਨ ਵਰਗੇ ਫ਼ਰਜ਼ੀ ਭਗਤ ਚੁਕ-ਚੁਕਾ ਕੇ ਕੇਵਲ ਇਸ ਲਈ ਅੱਗੇ ਲਿਆਂਦੇ ਗਏ ਤਾਕਿ ਬਾਣੀ ਦੇ ਇਲਾਹੀ ਖਜ਼ਾਨੇ ‘ਚ ਮਿਲਾਵਟ ਕਰਵਾਈ ਜਾ ਸਕੇ ਅਤੇ ਇਸਦੀ ਵਿਸ਼ੁਧਤਾ ਨੂੰ ਖੌਰਾ ਲਾਇਆ ਜਾ ਸਕੇ।

ਬਾਣੀ ਨੂੰ ਇਕਤ੍ਰ ਕਰਣ ਸੰਬੰਧੀ ਵੀ ਅਜੇਹੀਆਂ ਊਲ ਜਲੀਲ ਕਹਾਣੀਆਂ ਜਿਵੇਂ ਪੋਥੀਆਂ ਬਾਬਾ ਮੋਹਨ ਜੀ ਦੇ ਚੁਬਾਰੇ ਤੋਂ, ਸੰਗਲਾ ਦੀਪ ਤੋਂ, ਸ੍ਰੀਚੰਦ ਤੋਂ, ਬਖ਼ਤੇ ਅਰੋਰੇ ਤੋਂ, ਬਾਣੀ ਭਾਈ ਬਨੋ ਤੋਂ, ਲੰਕਾ ਤੋਂ--ਜਦਕਿ ਸਾਰੀ ਬਾਣੀ ਦਰਜਾ-ਬਦਰਜਾ ਪੰਜਵੇਂ ਪਾਤਸ਼ਾਹ ਕੋਲ ਬੜੇ ਨਿਯਮ ਬੱਧ ਤਰੀਕੇ ਪੁੱਜੀ ਹੋਈ ਸੀ। ਵੱਡਾ ਕੰਮ ਸੀ ਤਾਂ ਗੁਰਬਾਣੀ ਨੂੰ ਤਰਤੀਬ ਦੇਣ ਦਾ ਜਿਹੜਾ ਕਿ ਆਪਣੇ ਆਪ ‘ਚ ਬੇਅੰਤ ਦੂਰ- ਅੰਦੇਸ਼ੀ ਦਾ ਕੰਮ ਸੀ ਅਤੇ ਪੰਜਵੇਂ ਪਾਤਸ਼ਾਹ ਨੇ ਉਸਨੂੰ ਇਸ ਤਰ੍ਹਾਂ ਨਿਭਾਇਆ ਵਿਰੋਧੀ ਕਿ ਅੱਜ ਤੀਕ ਬਾਣੀ ‘ਚ ਨਾ ਹੀ ਮਿਲਾਵਟ ਕਰ ਸਕੇ ਹਨ ਅਤੇ ਨਾ ਕਦੇ ਕਰ ਸਕਣਗੇ। ਇਸ ਲਈ ਬਾਣੀਆਂ ਨੂੰ ਇਕਤ੍ਰ ਕਰਣਾ ਤਾਂ ਮਸਲਾ ਹੈ ਹੀ ਨਹੀਂ ਸੀ। ਇਸ ਦੇ ਲਈ ਸਾਰੀਆ ਗਵਾਹੀਆ ਬਾਣੀ ‘ਚ ਹੀ ਮੌਜੂਦ ਹਨ, ਗੁਰਦੇਵ ਨੂੰ ਇਕ ਵੀ ਪੰਕਤੀ ਬਾਹਰੋਂ ਇਕੱਤਰ ਕਰਨ ਦੀ ਲੋੜ ਨਹੀਂ ਸੀ। ਬਲਕਿ ਤਰਤੀਬ ਤੋਂ ਇਲਾਵਾ, ਗੁਰਦੇਵ ਨੇ ਬੇਅੰਤ ਬਾਣੀ ਆਪ ਵੀ ਰਚੀ। ਇਸ ਤਰ੍ਹਾਂ ਬੇ-ਸਿਰਪੈਰ ਕਹਾਣੀਆਂ ਦਾ ਮਕਸਦ, ਸੰਗਤਾਂ ‘ਚ ਭੁਲੇਖੇ ਪੈਦਾ ਕਰਨਾ ਹੀ ਸੀ ਕਿ ‘ਅਦਿ ਬੀੜ’ ਅਧੂਰੀ ਹੈ ‘ਤੇ ਹੋ ਸਕਦਾ ਹੈ ਕਿ ਕੁਝ ਬਾਣੀ ਬਾਹਰ ਛੁਟ ਗਈ ਹੋਵੇ ਅਤੇ ਕੁਝ ਫ਼ਾਲਤੂ ਵੀ ਚੜ੍ਹ ਗਈ ਹੋਵੇ। ਇਹੀ ਇਕ ਤਰੀਕਾ ਰਹਿ ਗਿਆ ਸੀ ਕਿ ਵਿਰੋਧੀਆਂ ਦੇ ਵਾਰ ਵੀ ਚਲਦੇ ਰਹਿਣ ਅਤੇ ਸੁਆਰਥੀਆਂ-ਦੋਖੀਆਂ ਦੀਆਂ ਦੁਕਾਨਾ ਵੀ ਚਲਦੀਆਂ ਰਹਿਣ। ਇਹੀ ਕਾਰਣ ਹਨ ਕਿ ਉਨ੍ਹਾਂ ਗੁੰਮਰਾਹਕੁਣ ਹਰਕਤਾਂ ਦੇ ਅਸਰ ਅੱਜ ਵੀ ਦਿਖਾਈ ਦੇ ਰਹੇ ਹਨ।

ਇਸੇ ਤਰ੍ਹਾਂ ਅੱਜ ਦਸਮ ਗ੍ਰੰਥ-ਪੰਥ ਨਾਲ ਜੋ ਅੱਜ ਅਖੌਤੀ ਦਸਮ ਗ੍ਰੰਥ ਰਸਤੇ ਹੋ ਰਿਹਾ ਹੈ, ਸਪਸ਼ਟ ਹੈ ਇਕ ਵਾਰੀ ਪੰਥ ਲਈ ਫ਼ਿਰ ਤੋਂ ਹੋਰ ਪ੍ਰਿਥੀਏ ਜਨਮ ਲੈ ਚੁਕੇ ਹਨ ਅਤੇ ਇਤਿਹਾਸ ਨੂੰ ਦੁਹਰਾਇਆ ਜਾ ਰਿਹਾ ਹੈ। ਉਦੋਂ ਤਾਂ ਦੋਖੀਆਂ ਦਾ ਨਿਸ਼ਾਨਾ ਸੀ, ਗੁਰਬਾਣੀ ‘ਚ ਮਿਲਾਵਟ ਕਰਵਾਈ ਜਾ ਸਕੇ ਜਦਕਿ ਅੱਜ ਇਨ੍ਹਾਂ ਦੀ ਸੋਚ ਹੈ ੱਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਦੇ ਇਕੋ-ਇਕ ਗੁਰੂ ਹੋਣ ਬਾਰੇ ਹੀ ਭੁਲੇਖੇ ਪਾ ਦਿੱਤੇ ਜਾਣ ਅਤੇ ੱਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਦੀ ਅਜ਼ਮਤ ਨੂੰ ਵੰਗਾਰਿਆ ਜਾਵੇ। ਸਮਝਣ ਦਾ ਵਿਸ਼ਾ ਹੈ, ਅੱਜ ਕੇਵਲ ਸਮੇਂ ਅਨੁਸਾਰ ਸਾਜ਼ਿਸ਼ਾਂ ਦੇ ਰੰਗ-ਰੂਪ ਹੀ ਬਦਲੇ ਹਨ ਜਦਕਿ ਵਿਰੋਧੀਆਂ ਦਾ ਨਿਸ਼ਾਨਾ ਉਸ ਤੋਂ ਵੀ ਕੁਝ ਅੱਗੇ ਹੈ। ਅੱਜ ਤਾਂ ਇਹ ਲੋਕ ਅਜੇਹੇ ਸੁਪਨੇ ਲੈ ਰਹੇ ਹਨ ਕਿ ੱਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਦੇ ਹੀ ਸ਼ਰੀਕ ਵੀ ਪੈਦਾ ਕਰ ਦਿੱਤੇ ਜਾਣ, ਜਿਸ ਤੋਂ ੱਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਦਾ ਮਹਤਵ ਹੀ ਨਾ ਰਵੇ; ਕੇਵਲ ਢੰਗ ਹੀ ਬਦਲੇ ਹਨ ਜਦਕਿ ਬਾਕੀ ਸਭ ਕੁਝ ਉਹੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ੁੱਧਤਾ- ਸਮੇਂ ਨਾਲ, ਗੱਲਾਂ ਉਘੜ ਕੇ ਸਾਹਮਣੇ ਆ ਹੀ ਚੁਕੀਆਂ ਹਨ ਕਿ ਪੰਜਵੇਂ ਪਾਤਸ਼ਾਹ ਦੀ ਤਸੀਹੇ ਭਰਪੂਰ ਸ਼ਹਾਦਤ ਦਾ ਮੁੱਖ ਕਾਰਨ ਕੁਝ ਹੋਰ ਸਨ ਅਤੇ ਚੰਦੂ-ਖੁਸਰੋ ਕੇਵਲ ਵੱਕਤੀ ਤੇ ਹਕੂਮਤੀ ਸ਼ੋਸ਼ੇ ਸਨ। ਚੰਦੂ ਤਾਂ ਚੰਡਾਲ ਚੌਕੜੀ ਦਾ ਕਰਿੰਦਾ ਹੈ ਹੀ ਸੀ ਜਿਸ ਦਾ ਕਿ ਪਾਤਸ਼ਾਹ ਦੀ ਸ਼ਹਾਦਤ ਨਾਲ ਗੂੜ੍ਹਾ ਸੰਬੰਧ ਹੈ ਤੇ ਹਕੂਮਤ ਨੇ ਵੀ ਉਸ ਚੰਦਰੇ ਚੰਡਾਲ ਚੰਦੂ ਦਾ ਆਪਣੇ ਲਈ ਵੱਧ ਤੌਂ ਵੱਧ ਲਾਭ ਲਿਆ। ਜਦਕਿ ਖੁਸਰੋ ਨਾਲ ਗੁਰਦੇਵ ਦਾ ਕਦੇ ਮਿਲਾਪ ਹੋਇਆ ਹੀ ਨਹੀਂ ਸੀ। ਦੂਜੇ ਪਾਸੇ, ਪਾਤਸ਼ਾਹ ਨੇ ਆਪਣੀ ਸ਼ਹਾਦਤ ਰਾਹੀਂ ਸਾਬਤ ਕਰ ਦਿੱਤਾ ਕਿ ਗੁਰਬਾਣੀ ਹੀ ਸਰਬ-ਉੱਤਮ ਤੇ ਸਦੀਵੀ ਹੈ। ਗੁਰਦੇਵ ਨੇ ਆਪਣੀ ਸ਼ਹਾਦਤ ਦੇ ਕੇ ਫ਼ੈਸਲਾ ਵੀ ਦੇ ਦਿੱਤਾ ਕਿ ਗੁਰਬਾਣੀ ਦੀ ਵਿਸ਼ੁੱਧਤਾ ਨੂੰ ਕਾਇਮ ਰਖਣ ਲਈ, ਗੁਰੂ ਦਾ ਆਪਣਾ ਪਰਮ ਪਵਿਤ੍ਰ, ਸਤਿਕਾਰ ਜੋਗ ਸਰੀਰ ਵੀ ਵਾਰਿਆ ਜਾ ਸਕਦਾ ਹੈ ਪਰ ਗੁਰਬਾਣੀ ‘ਚ ਰੱਤੀ ਭਰ ਵੀ ਮਿਲਾਵਟ ਮਨਜ਼ੂਰ ਨਹੀਂ ਕੀਤੀ ਜਾ ਸਕਦੀ। ਸਮਝਣ ਦੀ ਲੋੜ ਹੈ ਉਨ੍ਹਾਂ ਗੁਰਮਖਾਂ ਨੂੰ ਜਿਹੜੇ ਅੱਜ ਅਣਜਾਣੇ ਜਾਂ ਕਿਸੀ ਕਾਰਨ ਵਿਰੋਧੀਆਂ ਦੀ ਹੀ ਤਾਕਤ ਬਣੇ ਹੋਏ ਹਨ।

ਦਰਅਸਲ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਜਿਸ ਸੱਚ ਦੀ ਪਤਾਕਾ ਨੂੰ ਮਜ਼ਬੂਤੀ ਨਾਲ ਚੁਕਿਆ ਗਿਆ ਸੀ, ਜਨੂੰਨੀਆਂ ਵਲੋਂ ਇਸਦਾ ਵਿਰੋਧ ਅਰੰਭ ਤੋਂ ਹੀ ਹੋ ਰਿਹਾ ਸੀ। ਕਦੇ ਲੰਗਰਾਂ ‘ਚ ਵਿਘਨ, ਕਦੇ ਗੁਰੂ ਪ੍ਰਵਾਰਾਂ ‘ਚ ਘੁਸਪੈਠ, ਕਦੇ ਨਕਲੀ ਬਾਣੀਆਂ ਰਚ ਕੇ ਸੰਗਤਾਂ ਨੂੰ ਭਰਮਾਉਣ ਦੇ ਜਤਣ, ਕਦੇ ਹਕੂਮਤ ਨੂੰ ਇਕ ਜਾਂ ਦੂਜੇ ਢੰਗ ਭੜਕਾਉਣਾ ਅਤੇ ਹੋਰ ਅਨੇਕਾਂ ਕੁ-ਰਸਤੇ। ਕਾਰਨ ਇਕੋ ਸੀ, ਗੁਰਬਾਣੀ ਸਿਧਾਂਤਾਂ ਰਾਹੀਂ ਮਨੁੱਖ ਸਮਾਜ’ ਚ ਨਿੱਤ ਵੱਧ ਰਿਹਾ ਗਿਆਨ ਦਾ ਚਾਨਣ, ਇਨ੍ਹਾਂ ਜਨੂੰਨੀਆਂ, ਜਾਤ ਅਭਿਮਾਨੀਆਂ, ਧਾਰਮਕ ‘ਤੇ ਰਾਜਸੀ ਠੱਗਾਂ ਦੇ ਢਿੱਡਾਂ ‘ਚ ਨਿੱਤ ਮਰੋੜ ਪੈਦਾ ਕਰ ਰਿਹਾ ਸੀ। ਪੰਜਵੇਂ ਪਾਤਸ਼ਾਹ ਦੇ ਸਮੇਂ ਤੀਕ, ਵਿਰੋਧੀ ਕਰਤੂਤਾਂ ਤੇ ਜਮਾਵੜੇ ਕੇਂਦ੍ਰਤ ਹੋ ਕੇ ਆਪਣੀ ਚਰਮਸੀਮਾਂ ਤੀਕ ਪੁੱਜ ਕੇ ਲਾਮਬੰਦ ਹੋ ਚੁਕੇ ਸਨ ਅਤੇ ਅੱਜ ਵੀ ਨਕਸ਼ਾ ਉਹੀ ਹੈ।

ਵਿਰੋਧੀਆਂ ਸਾਹਮਣੇ ਇਕੋ ਹੀ ਨਿਸ਼ਾਨਾ ਸੀ-ਕਿਸੇ ਵੀ ਢੰਗ, ਸਿੱਖ ਧਰਮ ਦੇ ਵਿਸਤਾਰ ਨੂੰ ਰੋਕਣਾ। ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸੰਪਾਦਨਾ ‘ਚ ਰੁਕਾਵਟਾਂ ਪਾਉਣੀਆਂ ਜਾਂ ਗੁਰਬਾਣੀ ‘ਚ ਮਨ-ਮਰਜ਼ੀ ਦੀ ਅਦਲਾ ਬਦਲੀ ਤੇ ਮਿਲਾਵਟ ਕਰਵਾ ਕੇ ਇਸ ਦੀ ਅਜ਼ਮਤ ਅਤੇ ਵਿਸ਼ੁੱਧਤਾ ਨੂੰ ਖੋਰਾ ਲਾਉਣਾ। ਇਹ ਸਾਰੇ ਹੋਛੇ ਹੱਥਕੰਡੇ ਜਦੋਂ ਇੱਕ ਤੋਂ ਬਾਅਦ ਇੱਕ, ਅਸਫ਼ਲ ਹੁੰਂਦੇ ਗਏ ਤਾਂ ਵਿਰੋਧੀਆਂ, ਜਨੂੰਨੀਆਂ, ਧਾਰਮਕ, ਰਾਜਸੀ ਠੱਗਾਂ ਦੇ ਸਾਂਝੇ ਜਮਾਵੜੇ ਨੇ ਪੰਜਵੇਂ ਪਾਤਸ਼ਾਹ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਇਸ ਸੱਚ ਦੀ ਲਹਿਰ ਨੂੰ ਖ਼ਤਮ ਕਰਨ ਲਈ ਉਨ੍ਹਾਂ ਦੁਸ਼ਟਾਂ ਨੇ ਜਿਹੜਾ ਕੋਝਾ ਜੱਤਨ ਕੀਤਾ, ਉਲਟਾ ਵਿਰੋਧੀਆਂ ਨੂੰ ਹੋਰ ਵੀ ਕਰਾਰੀ ਮਾਰ ਖਾਣੀ ਪਈ। ਸੱਚਮੁਚ ਜੇ ਪਾਤਸ਼ਾਹ ਮਾਮੂਲੀ ਜਿੰਨ੍ਹਾਂ ਵੀ ਝੁੱਕ ਜਾਂਦੇ ਤਾਂ ਸੰਸਾਰ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਰਗੇ ਸਦੀਵੀ ਜੁੱਗੋ ਜੁਗ ਅਟਲ, ਰਹਿਬਰ-ਸਤਿਗੁਰੂ ‘ਗੁਰੂ ਗ੍ਰੰਥ ਸਾਹਿਬ ਜੀ’ ਪ੍ਰਾਪਤ ਨਹੀਂ ਸਨ ਹੋ ਸਕਦੇ। ਪਾਤਸ਼ਾਹ ਨੇ ਤਸੀਹੇ ਭਰਪੂਰ ਸ਼ਹਾਦਤ ਤਾਂ ਕਬੂਲ ਕਰ ਲਈ ਪਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਵਿਸ਼ੁੱਧਤਾ ‘ਤੇ ਆਂਚ ਨਹੀਂ ਆਉਣ ਦਿੱਤੀ।

‘ਗਰੁਗੱਦੀ’ ਕੇਵਲ ‘ਗੁਰੂ ਗ੍ਰੰਥ ਸਾਹਿਬ’ ਨੂੰ-ਇਤਿਹਾਸਕਾਰ ਇਕ ਮੱਤ ਹਨ ਕਿ ਗੁਰਗੱਦੀ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਪ੍ਰਾਪਤ ਹੋਈ ਸੀ। ਦਰਅਸਲ ੱਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਨੂੰ ਗੁਰਗੱਦੀ ਸੌਪਣਾ ਹੀ ਆਪਣੇ ਆਪ ‘ਚ ਗੁਰਬਾਣੀ ਸਰੂਪ ਦੀ ਸੰਪੂਰਣਤਾ ਦਾ ਵੀ ਐਲਾਨ ਸੀ; ਨਹੀਂ ਤਾਂ ਗੁਰਬਾਣੀ ਦੇ ‘ਗੁਰੂ’ ਹੋਣ ਵਾਲਾ ਫ਼ੈਸਲਾ ਪਹਿਲੇ ਜਾਮੇ ਤੋਂ ਹੀ ਗੁਰਬਾਣੀ ‘ਚ ਸੈਂਕੜੇ ਵਾਰੀ ਮੌਜੂਦ ਸੀ। ਚੂੰਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰਗੱਦੀ ‘ਤੇ ਸੰਪੂਣਤਾ ਬਖਸ਼ੀ ਵੀ ਦਸਮੇਸ਼ ਜੀ ਨੇ ਆਪ ਹੀ ਸੀ। ਦਸਮ ਪਿਤਾ ਵੀ ਕੋਈ ਹੋਰ ਨਹੀਂ, ਬਲਕਿ ‘ਨਾਨਕ ਜੋਤ’ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਹੀ ਦਸਵਾਂ ਸਰੂਪ ਸਨ। ਇਸ ਲਈ (ੳ) ਜੇ ਉਸ ਵੱਕਤ ਅਜੇਹੇ ਕਿਸੇ ‘ਦਸਮ ਗ੍ਰੰਥ’ ਦਾ ਕੋਈ ਵਜੂਦ ਹੁੰਦਾ ਜਾਂ ਕਿਸੇ ਹੋਰ ਰਚਨਾ ਨੂੰ ਗੁਰੂ ਵਾਲੀ ਮਹਾਨਤਾ ਦੇਣੀ ਹੁੰਦੀ ਤਾਂ ਉਨ੍ਹਾਂ ਨੂੰ ਕੋਈ ਰੋਕ ਨਹੀਂ ਸੀ। (ਅ) ਹੋਰ ਨਹੀਂ ਤਾਂ ਆਪਣੀਆਂ ਰਚਨਾਵਾਂ ਨੂੰ ਵੀ ‘ਨਾਨਕ’ ਪਦ ਵਰਤ ਕੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਦਰਜ ਕਰ ਸਕਦੇ ਸਨ। (ੲ) ਨੌਵੇਂ ਪਾਤਸ਼ਾਹ ਦੀ ਬਾਣੀ ਵੀ ਦਸਮੇਸ਼ ਜੀ ਨੇ ਹੀ ੱਗੁਰੂ ਗ੍ਰੰਥ ਸਾਹਿਬ’ ਅੰਦਰ ਆਪ ਦਰਜ ਕਰਵਾਈ ਸੀ, ਉਪਰੰਤ ਆਪਣੀ ਵੀ ਦਰਜ ਕਰਵਾ ਸਕਦੇ ਸਨ। ਪਰ ਇਹ ਸਭ ਨਹੀਂ ਹੋਇਆ। ਬਾਕੀ ਤਾਂ ਛੱਡੋ ! ਇਨ੍ਹਾਂ ਕੜਵੀਆਂ ਸਚਾਈਆਂ ਦਾ ਕਿਸੇ ਵਿਰੋਧੀ ਜਾਂ ਮੌਜੂਦਾ ‘ਦਸਮ ਗ੍ਰੰਥ’ ਦੇ ਸ਼ੈਦਾਈਆਂ ਕੋਲ ਵੀ ਕੋਈ ਉਤਰ ਨਹੀਂ।

ਕੇਵਲ ਇਕ ਦਿਨ ਪਹਿਲਾਂ ਹੀ- ਗੁਰਦੇਵ ਨੇ ਤਾਂ ਹੋਰ ਵੱਡੀ ਕਮਾਲ ਦੀ ਦੂਰ-ਅੰਦੇਸ਼ੀ ਵਰਤੀ। ਆਪ ਨੇ ਸੰਪੂਰਣਤਾ ਅਤੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਗੁਰਗੱਦੀ ਵੀ ਸੋਂਪੀ ਤਾਂ ਜੋਤੀ-ਜੋਤ ਸਮਾਉਣ ਤੋਂ ਕੇਵਲ ਇਕ ਦਿਨ ਪਹਿਲਾਂ। ਜੇਕਰ ਇਹ ਗੱਲ ਨਾ ਹੋਈ ਹੁੰਦੀ ਤਾਂ ਇਨ੍ਹਾਂ ਸ਼ਰਾਰਤੀ ਲੋਕਾਂ ਨੂੰ ਇਹ ਬਹਾਨਾ ਵੀ ਮਿਲ ਜਾਣਾ ਸੀ ‘ਹੋ ਸਕਦਾ ਹੈ ਦਸਮੇਸ਼ ਜੀ ਨੇ ਆਪਣੀਆਂ ਰਚਨਾਵਾਂ, ਸੰਪੂਰਣਤਾ ਅਤੇ ਗੁਰਗੱਦੀ ਤੋਂ ਬਾਅਦ ਕੀਤੀਆਂ ਹੋਵਣ, ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਨਹੀਂ ਹੋਈਂਆਂ। ਕੁਰਬਾਣ ਜਾਈਏ ਗੁਰਦੇਵ ਸੁਆਮੀ ਤੋਂ ਕਿ ਉਨ੍ਹਾਂ ਨੇ ਅਜੋਕੇ ਪ੍ਰੀਥੀਆਂ ਲਈ ਇਸ ਦੀ ਨੌਬਤ ਵੀ ਨਹੀਂ ਆਉਣ ਦਿੱਤੀ।

ਸੰਸਾਰ ਭਰ ਦੇ ਇਕੋ ਇਕ ਗੁਰੂ ਹਨ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’- ਅੰਤ ‘ਚ ਇਤਨਾ ਜ਼ਰੂਰ ਕਹਿਣਾ ਚਾਹਵਾਂਗੇ ਕਿ ਜੁਗੋ-ਜੁਗ ਅਟੱਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਤੁੱਲ ਕਚੀਆਂ ਲਿਖਤਾਂ ਖੜੀਆਂ ਕਰਣ ਦਾ ਜੱਤਨ ਕਰਨ ਵਾਲੇ ਸਜਣੋ! ਆਪਣੀਆਂ ਨੀਚ ਹਰਕਤਾਂ ਤੋਂ ਪਹਿਲਾਂ ਤੁਸਾਂ ਗੁਰਬਾਣੀ ਖਜ਼ਾਨੇ ‘ਚੋਂ ਇਸੇ ਗਲ ਨੂੰ ਹੀ ਸਮਝਣ ਦਾ ਜੱਤਨ ਕਰ ਲਿਆ ਹੁੰਦਾ ਕਿ ‘ਗੁਰਬਾਣੀ’ ਅਨੁਸਾਰ ‘ਗੁਰੂ’ ਦਾ ਦਰਜਾ ਕੀ ਹੈ? ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੇ ਘਰ ‘ਚ ਗੁਰੂ ਕੇਵਲ ਅਕਾਲਪੁਰਖੀ ਗੁਰੂ-ਆਤਮਕ ਗਿਆਨ ਹੀ ਹੈ ਜਿਸਤੋਂ ਮਨੁੱਖੀ ਮਨ ਦਾ ਹਨੇਰਾ ਕਟਿਆ ਜਾਣਾ ਹੈ, ਮਨੁੱਖਾ ਜੀਵਨ ਦੀ ਸੰਭਾਲ ਹੋਣੀ ਹੈ। ਇਥੇ ‘ਗੁਰੂ’ ਪਦ ਦੇ ਅਰਥ ਹਜ਼ਾਰਾਂ ਸਾਲਾਂ ਤੋਂ ਚਲਦੇ ਆ ਰਹੇ ਅਰਥ ਲਾਗੂ ਨਹੀਂ ਹੁੰਦੇ। ਇਥੇ ‘ਗੁਰੂ’ ਪਦ ਦੇ ਅਰਥ ਵੀ ਬਿਲਕੁਲ ਨਿਵੇਕਲੇ ਹੀ ਹਨ ਜੋ ਗੁਰਬਾਣੀ ਤੋਂ ਬਾਹਰ ਕਿਧਰੇ ਲਾਗੂ ਹੋ ਹੀ ਨਹੀਂ ਸਕਦੇ। ਜੇਕਰ ਇਕ ਵਾਰੀ ‘ਗੁਰਬਾਣੀ’ ਦੀ ਥੋੜੀ ਜਹੀ ਵੀ ਗਹਿਰਾਈ ‘ਚ ਚਲੇ ਜਾਵੇਗੋ ਤਾਂ ਸਮਝ ਆਉਂਦੇ ਦੇਰ ਨਹੀਂ ਲਗੇਗੀ ਕਿ ਇਸ ਇਲਾਹੀ ਰਚਨਾ ਦੇ ਤੁੱਲ ਕੋਈ ਰਚਨਾ ਤਾਂ ਦੂਰ, ਲਗ-ਮਾਤ੍ਰਾ ਦਾ ਵਾਧਾ-ਘਾਟਾ ਵੀ ਨਹੀਂ ਕੀਤਾ ਜਾ ਸਕਦਾ। ਸ਼ਾਇਦ ਅੱਜ ਤੁਹਾਨੂੰ ਰਾਮਰਾਏ ਵਾਲੀ ਸਾਖੀ ਹੀ ਵਿਸਰ ਚੁੱਕੀ ਹੈ ਜਦੋਂ ਕੇਵਲ ਇੱਕ ਲਫ਼ਜ਼ ਦੇ ਵਾਧੇ-ਘਾਟੇ ਕਾਰਣ, ਗੁਰਦੇਵ ਨੇ ਆਪਣੇ ਪੁਤ੍ਰ ਦਾ ਵੀ ਸਦਾ ਲਈ ਤਿਆਗ ਕਰ ਦਿੱਤਾ ਤਾਂ ਗੁਰੂ ਦੀ ਦਰਗਾਹ ‘ਚ ਤੁਸੀਂ ਕਿਸ ਦੇ ਵਿਚਾਰੇ ਹੋ?

ਸਮਝਣ ਦੀ ਗਲ ਹੈ, ਜਿਥੇ ਕੇਵਲ ਇਕ ਲਫ਼ਜ਼ ਦੇ ਵਾਧੇ-ਘਾਟੇ ਨਾਲ ਅਰਥਾਂ ਦੇ ਅਨਰਥ ਹੋ ਰਹੇ ਸਨ, ਦੂਜਾ ਅਚਣਚੇਤ ਹੀ ਗੁਰਬਾਣੀ ਸਿਧਾਂਤ ਤੇ ਚੋਟ ਆ ਰਹੀ ਸੀ, ਤੀਜਾ ਵੱਡੀ ਗੱਲ, ਇਹ ਕਰਮ ਗੁਰਬਾਣੀ ਦੀ ਵਿਸ਼ੁਧਤਾ ਨੂੰ ਵੀ ਵੰਗਾਰ ਸੀ। ਇਹ ਤਾਂ ਹੈ ਕੇਵਲ ਇਕ ਲਫ਼ਜ਼ ਦੀ ਅਦਲਾ-ਬਦਲੀ ਦਾ ਸੁਆਲ ਪਰ ਤੁਸੀਂ ਕੀ ਚਾਹੁੰਦੇ ਹੋ ਕਿ ਇਲਾਹੀ ਕਲਾਮ ੱਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਦੀ ਬਰਾਬਰੀ ‘ਤੇ ਉਸ ਗ੍ਰੰਥ ਦਾ ਪ੍ਰਕਾਸ਼ ਕਰ ਦਿੱਤਾ ਜਾਵੇ ਜਿਸ ‘ਚ ਲੱਚਰ, ਅਸ਼ਲੀਲ, ਇਸਤ੍ਰੀ ਵਰਗ ਨੂੰ ਨੀਵਾਂ ਤੇ ਘਟੀਆ ਦਸਣ ਵਾਲਾ, ਨਸ਼ੇ ਪ੍ਰੇਰਕ, ਕੇਸਾਂ ਦੀ ਖੁਲੇਆਮ ਬੇਅਦਬੀ ਕਰਨ ਵਾਲਾ ਅਤੇ ਗੁਰਬਾਣੀ ਦੀਆਂ ਸਚਾਈਆਂ ‘ਤੇ ਹੂੰਝਾ ਫ਼ੇਰਣ ਦਾ ਕੋਝਾ ਜੱਤਨ ਕਰਣ ਵਾਲਾ ਹੀ ਮਸਾਲਾ ਭਰਿਆ ਪਿਆ ਹੈ ਅਤੇ ਉਥੇ ਹੋਰ ਕੁਝ ਹੈ ਹੀ ਨਹੀਂ। ਕੁਝ ਤਾਂ ਅਕਾਲਪੁਰਖੁ ਦਾ ਭੈਅ ਆਪਣੇ ਅੰਦਰ ਕਾਇਮ ਰਖ ਲਵੋ! ਸ਼ਾਇਦ ਇਸ ਘਟੀਆ ਸੋਚਣੀ ਲਈ, ਤੁਹਾਡੀ ਆਪਣੀ ਆਤਮਾ ਹੀ ਤੁਹਾਨੂੰ ਲਾਹਨਤਾਂ ਪਾ ਦੇਵੇ ਅਤੇ ਇਥੋਂ ਹੀ ਵਾਪਸ ਹੋ ਜਾਵੋ।

ਅਜੇ ਵੀ ਸਮਾਂ ਹੈ, ਦਸਮੇਸ਼ ਜੀ ਦੇ ਚਰਣਾਂ ‘ਚ ਸਿਰ ਝੁਕਾ ਸਕੋ- ਚੇਤੇ ਰਖੋ! ਜਦੋਂ ਦਸਮੇਸ਼ ਜੀ ਨੇ ਆਪ ਪੰਜ ਪਿਆਰਿਆਂ ਨੂੰ ਤਾਬਿਆ ਖੜਾ ਕਰਕੇ ੱਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਉਪਰ ਸੰਪੂਰਣਤਾ ਦੀ ਮੋਹਰ ਲਗਾਈ ਅਤੇ ਸਾਨੂੰ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਤਾਂ ਉਸਤੋਂ ਬਾਅਦ ਇਨ੍ਹਾਂ ਲੂਮੜ ਚਾਲਾਂ ਤੋਂ ਸਾਨੂੰ ਬਹੁਤ ਹੁਸ਼ਿਆਰ ਰਹਿਣ ਦੀ ਲੋੜ ਸੀ। ਆਖਿਰ, ਸੰਪੂਰਣਤਾ ਦੇ ਐਲਾਨ ਦਾ ਮੱਤਲਬ ਕੀ ਹੈ? ਇਹ ਕਿ ੱਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਵਾਲੀ ਰਚਨਾ ‘ਚ ਕੋਈ ਵਾਧਾ-ਘਾਟਾ ਨਹੀਂ ਹੋ ਸਕਦਾ। ਖੂਬੀ ਇਹ ਕਿ ਲਫ਼ਜ਼, ਪੰਕਤੀ ਜਾਂ ਸ਼ਬਦ ਦੇ ਵਾਧੇ-ਘਾਟੇ ਦੀ ਤਾਂ ਗਲ ਹੀ ਪਿਛੇ ਰਹਿ ਜਾਂਦੀ ਹੈ, ਸ਼ਰਾਰਤੀ ਦਿਮਾਗ ਤਾਂ ਅੱਜ ੱਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਦੇ ਮੁਕਾਬਲੇ ਤੇ ਬਰਾਬਰੀ ਤੇ ਪੂਰਾ ਗ੍ਰੰਥ ਹੀ ਖੜਾ ਕਰਣ ਲਈ ਉਤਾਵਲੇ ਹੋਏ ਦਿਨ ਰਾਤ ਇਕ ਕਰ ਰਹੇ ਹਨ।

ਸਮਝਣ ਦੀ ਲੋੜ ਹੈ ਕਿ ਕਿ ਅੱਜ ਅਸੀਂ ਕਿਸ ਹਦ ਤੀਕ ਨੀਵੇਂ ਡਿੱਗ ਚੁਕੇ ਹਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਲਗ ਮਾਤ੍ਰਾ ਤਾਂ ਅਸੀਂ ਬਦਲ ਨਹੀਂ ਸਕਦੇ ਪਰ ਕੀ ਅੱਜ ਸਾਨੂੰ ਇਹ ਹੱਕ ਵੀ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲੇ ‘ਤੇ ਪੂਰਾ ਗ੍ਰੰਥ ਹੀ ਖੜਾ ਕਰ ਦੇਵੀਏ। ਇਤਨਾ ਹੀ ਨਹੀਂ ਬਲਕਿ ਉਹ ਵੀ ਅਜੇਹਾ ਗ੍ਰੰਥ, ਜਿਸਨੂੰ ਮਾਤਾਵਾਂ, ਬੀਬੀਆਂ-ਬੱਚੀਆਂ ਪੜ੍ਹ ਵੀ ਨਾ ਸਕਣ। ਕਿਸੇ ਅਜੇਹੀ ਰਚਨਾ ਨੂੰ ੱਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਦੀ ਬਰਾਬਰੀ ਤੇ ਲਿਆਉਣ ਵਾਲੀ ਆਖਿਰ ਤੁਸੀਂ ਕਿਹੜੀ ਹਿਮਾਕਤ ਕਰ ਰਹੇ ਹੋ?

ਕੀ ਅੱਜ ਅਸੀਂ ਦਸਮੇਸ਼ ਜੀ ਤੋਂ ਵੀ ਵੱਧ ਸਿਆਣੇ ਹੋ ਗਏ ਹਾਂ? ਕੀ ਸਚਮੁਚ ਅੱਜ ਅਸੀਂ ਕਲਗੀਧਰ ਪਾਤਸ਼ਾਹ ਤੋਂ ਵੀ ਵੱਧ ਸਿਆਣੇ ਹੋ ਗਏ ਹਾਂ? ਕੀ ਆਪਣੀ ਕਰਤੂਤ ਨਾਲ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਆਪਣੇ ਗੁਰੂ ਤੋਂ ਵੀ ਵੱਧ ਸਿਆਣੇ ਤੇ ਸਮਝਦਾਰ ਹਾਂ? ਇਹ ਠੀਕ ਹੈ ਕਿ ਮੋਜੂਦਾ ‘ਦਸਮ ਗ੍ਰੰਥ’ ‘ਚ ਜਾਪੁ ਸਾਹਿਬ, ਸਵੇਯੇ ਆਦਿ ਕੁਝ ਰਚਨਾਵਾਂ ਉਹ ਵੀ ਜੋੜ ਰਖੀਆਂ ਹਨ, ਜੋ ਸੰਨ 1945 ਦੀ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਤਨੇਮ ਦੀਆਂ ਬਾਣੀਆਂ ਹਨ, ਫ਼ਿਰ ਵੀ (1) ਪਹਿਲੀ ਗੱਲ ਕਿ ਇਹ ਵਿਸ਼ਾ ਬਿਲਕੁਲ ਵੱਖਰਾ ਤੇ ਸਰਬ ਖਾਲਸਾ ਪੱਧਰ ਦਾ ਹੈ (2) ਮੌਜੂਦਾ ਦਸਮਗ੍ਰੰਥ ਦੇ ਕੁਲ 1428 ਪੰਨਿਆਂ ਵਿਚੋਂ ਉਹ ਬਾਣੀਆਂ ਵੀ ਕੇਵਲ 25-30 ਪੰਨੇ ਹੀ ਹਨ, ਤਾਂ ਫ਼ਿਰ ਬਾਕੀ ਲਗਭਗ 1400 ਪੰਨੇ ਦੀਆਂ ਗੁਰਮੱਤ ਵਿਰੋਧੀ ਲਿਖਤਾਂ ਕਿਉ? ਫ਼ਿਰ ਵੀ ਗੱਲ ਤਾਂ ਹੈ 1428 ਪੰਨੇ ਦੇ ਉਸ ‘ਦਸਮ ਗ੍ਰੰਥ’ ਦੀ ਹੈ ਜਿਸਦਾ ਕਿ ਜਨਮ ਹੀ ਸੰਨ 1870 ਦੇ ਆਸ ਪਾਸ ਹੋਇਆ ਅਤੇ ਉਸਤੋਂ ਪਹਿਲਾਂ ਦਸਮਗ੍ਰੰਥ ਨਾਂ ਦਾ ਕੋਈ ਗ੍ਰੰਥ ਹੈ ਹੀ ਨਹੀਂ ਸੀ। ਦੂਜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਥੇ ਹੈ ਹੀ ਨਹੀਂ। ਤੀਜਾ-ਕਮਾਲ ਇਹ ਕਿ, ਇਸ ਨਵੇਂ ਜਨਮੇ ਸੰਨ 1870 ਦੇ ਆਸ ਪਾਸ ਪੈਦਾ ਕੀਤੇ ‘ਦਸਮ ਗ੍ਰੰਥ’ ਪਰ ਅਸਲੋਂ ‘ਬਚਿਤ੍ਰ ਨਾਟਕ’ ਦੇ ਸੰਪੂਰਣਤਾ ਦਿਵਸ ਦੀ ਤੀਜੀ ਸ਼ਤਾਬਦੀ ਵੀ ਆ ਗਈ; ਉਹ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ। ਵਾਹ ਰੇ ਹਿਸਾਬ ਕਿਤਾਬ ਦੇ ਮਾਹਿਰੋ!

ਐਲਾਨ ਕੀਤੇ ਜਾ ਰਹੇ ਹਨ ਗੁਰਦੁਆਰਿਆਂ ‘ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਇਸ ‘ਦਸਮ ਗ੍ਰੰਥ’ ਦੇ ਪ੍ਰਕਾਸ਼ ਕਰਨ ਦੇ। ਸੰਸਾਰ ਭਰ ਦੇ ਦੌਰੇ ਕੀਤੇ ਜਾ ਰਹੇ ਹਨ ਇਸ ‘ਵਧੀਆ’ ਕਾਰਜ ਲਈ। ਦਸਮਗ੍ਰੰਥ ਵਾਲਾ ਅਜੇਹਾ ਬੇ-ਸਿਰਪੈਰ ਵਾਵੇਲਾ ਕਰਣ ਵਾਲਿਆਂ ਨੂੰ ਇਹ ਨਹੀਂ ਭੁਲਣਾ ਚਾਹੀਦਾ ਸੀ ਕਿ ਅਕਤੂਬਰ ਸੰਨ 2008 ਤੀਜੀ ਸ਼ਤਾਬਦੀ ਸੰਪੂਰਣਤਾ ਦਿਵਸ ਤੇ ਗੁਰਤਾ-ਗਦੀ ਦਿਵਸ ਸੀ ਕੇਵਲ ਤੇ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਦਾ, ਕਿਸੇ ਹੋਰ ਦਾ ਨਹੀਂ। ਕਿੰਨਾ ਵਧੀਆ ਤਰੀਕਾ ਸੀ ਤੁਹਾਡਾ ਭੋਲੀਆਂ ਭਾਲੀਆਂ ਸੰਗਤਾਂ ਨੂੰ ਗੁਮਰਾਹ ਕਰਣ ਦਾ। ਉਹ ਸੰਗਤਾਂ ਜਿਨ੍ਹਾਂ ਦਾ ਲਗਭਗ 98% ਹਿੱਸਾ ਤਾਂ ਇਹ ਵੀ ਨਹੀਂ ਜਾਣਦਾ ਕਿ ਇਹ ‘ਦਸਮ ਗ੍ਰੰਥ’ ਹੈ ਕੀ? ਜੇਕਰ ਤੁਹਾਡੇ ਅੰਦਰ ਰਤੀ ਭਰ ਵੀ ਸਚਾਈ ਹੈ ਤਾਂ (1) ਪਹਿਲਾਂ ਆਪਣੇ ਘਰਾਂ ‘ਚ ਬੈਠ ਕੇ ਇਹ ਦਸਮ ਗ੍ਰੰਥ ਆਪਣੀਆਂ ਬੱਚੀਆਂ, ਭੈਨਾਂ, ਮਾਤਾਵਾਂ ਬੀਬੀਆਂ ਨੂੰ ਅਰਥਾਂ ਸਹਿਤ ਪੜ੍ਹ ਕੇ ਸੁਨਾਵੋ।(2) ਲਾਉਡ ਸਪੀਕਰ ਲਗਾ ਕੇ ਇਸ ਦਸਮ ਗ੍ਰੰਥ ਦਾ ਉਚਾ-ਉਚਾ ਪਾਠ ਸੰਗਤਾਂ ‘ਚ ਕਰੋ ਜਿਵੇਂ ੱਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਦਾ ਕੀਤਾ ਜਾਂਦਾ ਹੈ।(3) ਇਸ ਗ੍ਰੰਥ ਨਾਲ ਬਦੋ-ਬਦੀ ਜੋੜੀਆਂ ਨਿਤਨੇਮ ਆਦਿ ਦੀਆਂ ਰਚਨਾਵਾਂ ਨੂੰ ਛੱਡ ਕੇ ਬਾਕੀ ਰਚਨਾਵਾਂ ਦੀ ਕਥਾ ਗੁਰਦੁਆਰਿਆਂ ‘ਚ ਕਰਕੇ ਦਿਖਾਵੋ ਜਿਵੇਂ ਕਿ ਜਗ੍ਹਾ-ਜਗ੍ਹਾ ‘ਤੇ ੱਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ- ਦੀ ਬਾਣੀ ਦੀ ਕੀਤੀ ਜਾਂਦੀ ਹੈ। (4) ਜਿਸ ਘਿਨਾਉਣੇ ਢੰਗ ਨਾਲ ਇਸ ਅਖੌਤੀ ਦਸਮ ਗ੍ਰੰਥ ‘ਚ ਇਸਤ੍ਰੀ ਵਰਗ ਨੂੰ ਖਾਸ ਕਰ ਅਤੇ ਪ੍ਰਵਾਰਿਕ ਜੀਵਨ ਨੂੰ ਪੇਸ਼ ਕੀਤਾ ਗਿਆ ਹੈ ਉਸ ਅਵਸਥਾ ‘ਚ ਆਪਣੇ ਪਰਵਾਰਕ ਜੀਵਨ ਦਾ ਕੇਵਲ ਅੰਦਾਜ਼ਾ ਹੀ ਲਗਾ ਕੇ ਸੋਚੋ, ਜਿਨ੍ਹਾਂ ਪਰਵਾਰਾਂ ਦਾ ਤੁਸੀਂ ਅਨੰਦ ਮਾਨ ਰਹੇ ਹੋ, ਸੱਚਾਈ ਦੀ ਸਮਝ ਆ ਜਾਵੇਗੀ।