

ਦਰਬਾਰ ਸਾਹਿਬ ਦੀ ਦੁੱਧ ਅਤੇ ਲੱਸੀ ਨਾਲ ਹੁੰਦੀ ਸਫ਼ਾਈ
- ਕੰਵਲਦੀਪ ਸਿੰਘ -
ਦਰਬਾਰ ਸਾਹਿਬ ਵਿਚ ਹੁੰਦੀ ਦੁੱਧ ਨਾਲ ਸਫ਼ਾਈ ਦੀ ਸੇਵਾ ਨੂੰ ਕਈਆਂ ਨੇ ਅੱਖੀਂ ਦੇਖਿਆ ਹੈ ਤੇ ਕਈਆਂ ਨੇ ਏਸ ਵਿਚ ਬੜੀ ਹੀ ਸ਼ਰਧਾ ਤੇ ਸਤਿਕਾਰ ਨਾਲ ਹਿੱਸਾ ਵੀ ਪਾਇਆ ਹੈ। ਕੁਝ ਵੀਰ ਇਸ ਨੂੰ ਵੇਖ ਕੇ ਅਸ਼-ਅਸ਼ ਕਰ ਉੱਠਦੇ ਹਨ ਤੇ ਧੰਨ ਗੁਰੂ-ਧੰਨ ਗੁਰੂ ਪੁਕਾਰਦੇ ਹਨ। ਪਰ ਮੇਰਾ ਮਨ ਸਿੱਖੀ ’ਚ ਘੁੱਸ ਆਈ ਇਸ ਅੰਨ੍ਹੀ ਸ਼ਰਧਾ ਤੇ ਬ੍ਰਾਹਮਣਵਾਦ ਨੂੰ ਦੇਖ ਕੇ ਦੁੱਖੀ ਵੀ ਹੁੰਦਾ ਹੈ ਤੇ ਹੰਝੂ ਵੀ ਕੇਰਦਾ ਹੈ।
ਦੁਨੀਆਂ ਦੇ ਸਭ ਤੋਂ ਵੱਡੇ ਵਿਗਿਆਨਿਕ ਧਰਮ ’ਚ ਘੁੱਸ ਆਏ ਪਾਖੰਡ ਤੇ ਕਰਮਕਾਂਡਾਂ ਨੇ ਇਸ ਧਰਮ ਦੀ
ਮੁੱਢਲੀ ਵਿਚਾਰਧਾਰਾ ਨੂੰ ਹੀ ਜੜ੍ਹੋਂ ਹਿਲਾ ਕੇ ਰੱਖ ਦਿੱਤਾ ਹੈ। ਅੱਜ ਸਾਡੇ ਲਈ ਸਭ ਤੋਂ ਵੱਡਾ
ਸੋਚਣ ਦਾ ਵਿਸ਼ਾ ਇਹ ਹੈ ਕਿ ‘ਕਰਮ ਧਰਮ ਪਾਖੰਡ ਜੋ ਦੀਸਹਿ’ ਦਾ
ਨਾਰਾ ਦੇਣ ਵਾਲੇ ਸਿੱਖ ਧਰਮ ’ਚ ਉਹਨਾਂ ਹੀ ਪਾਖੰਡਾਂ ਨੂੰ ਚੋਰ ਦਰਵਾਜ਼ੇ ’ਚੋਂ ਸਿੱਖੀ ’ਚ ਮੁੜ੍ਹ
ਵਾੜ ਦਿੱਤਾ ਗਿਆ ਹੈ, ਜਿਹਨਾਂ ਨੇ ਇਸ ਧਰਮ ਦੀ ਨਿਆਰੀ ਹੋਂਦ ਨੂੰ ਖ਼ਤਮ ਕਰਨ ਦਾ ਬੀੜ੍ਹਾ ਹੀ ਚੁੱਕ
ਲਿਆ ਹੈ।
ਕੁਝ ਵੀਰ ਇਸ ਅੰਨ੍ਹੀ ਸ਼ਰਧਾ ਤੇ ਕਰਮਕਾਂਡ ਨੂੰ ਸੁੱਚਮਤਾ ਦਾ ਨਾਮ ਦੇ ਕੇ ਰਤਾ ਕੁ ਤਾਰਕਿਕ ਗੱਲ ਕਰਨ
ਵਾਲਿਆਂ ਦੇ ਗਲ ਬੇਮੁੱਖ ਦੀ ਤਖ਼ਤੀ ਪਾਣ ਦਾ ਯਤਨ ਕਰਦੇ ਹਨ। ਜੇਕਰ ਤਰਕ ਦੀ ਗੱਲ ਕਰਨ ਵਾਲਾ ਬੇਮੁੱਖ
ਹੈ ਤਾਂ ਸਭ ਤੋਂ ਵੱਡਾ ਬੇਮੁੱਖ ਮੇਰਾ ਬਾਬਾ ਗੁਰੂ ਨਾਨਕ ਹੈ, ਕਿਉਂ ਜੋ ਗੁਰੂ ਨਾਨਕ ਤੋਂ ਵੱਡਾ
ਤਰਕਵਾਦੀ ਨਾ ਤਾਂ ਕਦੀ ਇਸ ਸੰਸਾਰ ਤੇ ਹੋਇਆ ਸੀ ਤੇ ਨਾ ਹੀ ਸ਼ਾਇਦ ਕਦੀ ਹੋਵੇ। ਜਿੰਨੀ ਕਰਮਕਾਂਡਾਂ
ਦੀ ਵਿਰੋਧਤਾ ਗੁਰੂ ਨਾਨਕ ਨੇ ਕੀਤੀ ਹੈ ਓਨਾ ਸੱਚ ਕਹਿਣ ਬਾਰੇ ਤਾਂ ਸ਼ਾਇਦ ਹੀ ਕਦੇ ਕੋਈ ਸੋਚ ਸਕਦਾ
ਹੋਵੇਗਾ। ਪੁਰੀ ਦੇ ਪਾਂਡਿਆਂ ਤੋਂ ਲੈ ਕੇ ਹਰਿਦੁਆਰ ਦੇ ਭੇਖੀਆਂ ਤਕ, ਮੱਕੇ ਦੇ ਕੁਝ ਭੁੱਲੜਾਂ ਤੋਂ
ਲੈ ਕੇ ਮੁਲਤਾਨ ਦੇ ਲਿਬਾਸੀ ਪੀਰਾਂ ਤਕ, ਟਿੱਲੇ ਵਾਲੇ ਕੰਨਪਾਟਿਆਂ ਤੋਂ ਲੈ ਕੇ ਵਹਿਮ ਦੇ ਭਰੇ
ਸਰੇਵੜਿਆਂ ਤਕ, ਸਭ ਨੂੰ ਗੁਰੂ ਨਾਨਕ ਨੇ ਤਰਕ ਦੇ ਨਾਲ ਹੀ ਮਾਤ ਦਿੱਤੀ; ਕਿਉਂ ਜੋ ਕਿਸੇ ਕੋਲ ਉਸ ਦਾ
ਕੋਈ ਉੱਤਰ ਨਹੀਂ ਸੀ ਤੇ ਗੁਰੂ ਨਾਨਕ ਨੇ ਆਪਣੀ ਉਮੱਤ ਅੱਗੇ ਵੀ ਇੱਕੋ ਸਿਧਾਂਤ ਰਖਿਆ ‘ਰੋਸ ਨਾ ਕੀਜੈ
ਉੱਤਰ ਦੀਜੈ’। ਪਰ ਅੱਜ ਬਾਬੇ ਗੁਰੂ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ ਹਰ ਤਰਕ ਦੀ ਗੱਲ ਕਰਨ ਵਾਲੇ
ਦੇ ਮਗਰ ਤਲਵਾਰਾਂ ਲੈ ਕੇ ਪੈ ਜਾਂਦੇ ਹਨ। ਅਸਲ ਵਿਚ ਇਹੋ ਲੋਕ ਬਾਬਾ ਗੁਰੂ ਦੀ ਅਸਲੀ ਸਿੱਖਿਆ ਤੋਂ
ਬੇਮੁੱਖ ਵੀ ਹਨ ਤੇ ਉਸ ਦੇ ਸਭ ਤੋਂ ਵੱਡੇ ਵਿਰੋਧੀ ਵੀ।
ਦੂਜੇ ਜਿਹੜ੍ਹੀ ਰਹੀ ਸੁੱਚਮਤਾ ਦੀ ਗੱਲ, ਤਾਂ ਦੁੱਧ ਨਾਲ ਧੋਣ ਨਾਲ ਸੁੱਚਮਤਾ ਨਹੀਂ ਕੀਟਾਣੂ ਹੀ ਫੈਲਣਗੇ। ਦੁੱਧ, ਕਿਉਂ ਜੋ ਜੈਵਿਕ ਪਦਾਰਥ ਹੈ, ਸੋ ਇਸ ਦੇ ਕਣ ਬੰਦਿਆਂ ਤੇ ਵਾਤਾਵਰਣ ਦੀ ਗਰਮੀ ਦੇ ਚਲਦੇ ਜੈਵਿਕ-ਘਟਣ ਦੀ ਪ੍ਰਕਿਰਿਆ ਦੇ ਕਾਰਨ ਖਰਾਬ ਹੋ ਕੇ ਹਜ਼ਾਰਾਂ ਕੀਟਾਣੂਆਂ ਨੂੰ ਜਨਮ ਦੇਣਗੇ। ਇਹੋ ਕੀਟਾਣੂ ਹਰਿਮੰਦਰ ਸਾਹਿਬ ਤੇ ਉੱਥੇ ਆਣ ਵਾਲੇ ਸ਼ਰਧਾਲੂਆਂ ਲਈ ਫਿਰ ਸੁੱਚਮਤਾ ਤਾਂ ਛੱਡੋ ਬਲਕਿ ਬਿਮਾਰੀਆਂ ਦੀ ਸੌਗਾਤ ਬਣਨਗੇ।

ਦਰਬਾਰ ਸਾਹਿਬ ਵਰਗੇ ਮਹਾਨ ਅਸਥਾਨ ’ਤੇ, ਜਿੱਥੇ ਕਰੋੜਾਂ ਲੋਕਾਂ ਦੀ ਸ਼ਰਧਾ ਜੁੜੀ ਹੋਵੇ ਤੇ ਲੱਖਾਂ ਲੋਕ ਰੋਜ਼ਾਨਾ ਦਰਸ਼ਨਾਂ ਵਾਸਤੇ ਆਂਦੇ ਹੋਣ, ਉੱਥੇ ਤਾਂ ਸੁੱਚਮਤਾ ਰੱਖਣ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਸੁੱਚਤਮ ਚਾਹੀਦੀ ਹੈ, ਸਫ਼ਾਈ ਚਾਹੀਦੀ ਹੈ, ਪਰ ਉਹ ਵੀ ਅਕਲ ਦੇ ਨਾਲ। ਦੁੱਧ ਕੁਦਰਤ ਨੇ ਖਾਣ-ਪੀਣ ਵਾਲੀ ਚੀਜ਼ ਬਣਾਈ ਹੈ, ਸਫ਼ਾਈ ਕਰਨ ਵਾਸਤੇ ਨਹੀਂ। ਕਿਸੇ ਚੰਗੇ ਕੀਟਾਣੂ-ਨਾਸ਼ਕ ਨਾਲ ਸਫ਼ਾਈ ਕੀਤੀ ਜਾਵੇ ਤਾਂ ਉਹ ਸਹੀ ਮਾਇਨਿਆਂ ’ਚ ਜ਼ਿਆਦਾ ਸੁੱਚਮਤਾ ਲਿਆਵੇਗੀ।
ਪਰਦੇ ਤੇ ਸਤੀ ਵਰਗੀਆਂ ਲਾਹਨਤਾਂ ਨੂੰ ਬੰਦ ਕਰਕੇ ਕੀ ਪੁਰਾਤਨ (ਕੁ)ਰੀਤਾਂ ਦਾ ਖ਼ਾਤਮਾ ਨਹੀਂ ਸੀ ਕੀਤਾ? ਤੇ ਚੌਥੇ ਗੁਰੂ ਨਾਨਕ, ਦਰਬਾਰ ਸਾਹਿਬ ਜਿਨ੍ਹਾਂ ਦਾ ਸਥਾਨ ਹੈ, ਨੇ ਫੇਰਿਆਂ ਦੀ ਪੁਰਾਤਨ ਰੀਤ ਨੂੰ ਬੰਦ ਕਰਕੇ ਲਾਵਾਂ ਦੇ ਨਾਲ ਵਿਆਹ ਕਰਨ ਦੀ ਨਵੀਂ ਰੀਤ ਚਲਾਈ ਸੀ। ਪੁਰਾਤਨ (ਕੁ)ਰੀਤਾਂ ਬੰਦ ਕਰਨ ਵਾਲੇ ਕੀ ਸਾਡੇ ਗੁਰੂ ਭੁੱਲੜ ਸਨ ਜਾਂ ਅਸੀਂ ਭੁੱਲੜ ਹਾਂ ਜੋ ਉਹਨਾਂ ਦੀ ਅਸਲੀ ਸਿੱਖਿਆ ਨੂੰ ਸਮਝ ਹੀ ਨਹੀਂ ਪਾਏ?
ਸਫ਼ਾਈ ਦੇ ਨਾਮ ਤੇ ਫ਼ਰਸ਼ਾਂ ਤੇ ਡੋਲ੍ਹੇ ਜਾਣ ਵਾਲੇ ਦੁੱਧ ਨੂੰ ਜੇਕਰ 8-10 ਕਿਲੋਮੀਟਰ ਦੂਰ ਮਾਨਾਂਵਾਲਾ ਵਿੱਚਲੀ ਪਿੰਗਲਵਾੜੇ ਦੀ ਇਮਾਰਤ ’ਚ ਪੁੱਜਦਾ ਕਰ ਦਿੱਤਾ ਜਾਵੇ ਤਾਂ ਜ਼ਿਆਦਾ ਵਧੀਆ ਨਹੀਂ ਹੋਵੇਗਾ? ਇਹੋ ਦੁੱਧ ਜਦ ਉਥੇ ਵਸਦੇ ਛੋਟੇ ਬੱਚਿਆਂ, ਮਰੀਜ਼ਾਂ ਤੇ ਬਜ਼ੁਰਗਾਂ ਦੇ ਮੂੰਹ ਦੀ ਖ਼ੁਰਾਕ ਬਣੇਗਾ ਤਾਂ ਸਿੱਖੀ ਦੀ ਦਿਨ-ਬ-ਦਿਨ ਪਤਿਤ ਹੋ ਰਹੀ ਪਨੀਰੀ ਦੇ ਹਿਰਦੇ ਵਿਚ ਆਪਣੇ ਧਰਮ ਦੇ ਲਈ ਮੁੜ੍ਹ ਤੋਂ ਪਿਆਰ ਤੇ ਸਤਿਕਾਰ ਪੈਦਾ ਕਰਨ ਦਾ ਕੰਮ ਕਰੇਗਾ।
ਇਸ ਤੋਂ ਇਲਾਵਾ ਕੀ ਅਸੀਂ ਦਰਬਾਰ ਸਾਹਿਬ ਅਤੇ ਹੋਰਨਾਂ ਸਭਨਾਂ ਗੁਰਦੁਆਰਿਆਂ ਦੀ ਸੇਵਾ ਵਾਤਾਵਰਣ-ਪੱਖੀ ਨਹੀਂ ਬਣਾ ਸਕਦੇ? ਹਜ਼ਾਰਾਂ ਮਣ ਪਾਣੀ ਸਿਰਫ਼ ਫ਼ਰਸ਼ਾਂ ਨੂੰ ਸਾਫ਼ ਕਰਨ ’ਚ ਰੋੜ੍ਹ ਦਿੱਤਾ ਜਾਂਦਾ ਹੈ ਤੇ ਉਹ ਵੀ ਉਦੋਂ ਜਦੋਂ ਤਾਜ਼ਾ ਖ਼ੋਜ ਕਹਿੰਦੀ ਹੈ ਕਿ ਸੰਨ 2030 ਤਕ ਇਸ ਧਰਤੀ ਦੇ ਲੋਕਾਂ ਨੂੰ ਪੀਣ ਦੇ ਪਾਣੀ ਦੀ 40% ਤਕ ਘਾਟ ਹੋ ਜਾਵੇਗੀ। ਜ਼ਰਾ ਸੋਚੋ ਉਸ ਵਕਤ ਤੁਹਾਡੀ ਤੇ ਤੁਹਾਡੇ ਬੱਚਿਆਂ ਦੀ ਉਮਰ ਕਿੰਨੀ ਹੋਵੇਗੀ? ਜਿਹੜੀ ਵਾਤਾਵਰਣ ਨੂੰ ਸੰਭਾਲਣ ਦੀਆਂ ਗੱਲਾਂ ਪੂਰੀ ਦੁਨੀਆਂ ਅੱਜ ਕਰਦੀ ਪਈ ਹੈ, ਉਸ ਨੂੰ ਸਤਿਕਾਰ ਦੇਣ ਦੀ ਗੱਲ ਤਾਂ ਸਾਡਾ ਗੁਰੂ ਕੋਈ 600 ਸਾਲ ਪਹਿਲਾਂ ਕਰ ਗਿਆ ਹੈ, ਜਦੋਂ ਵਾਤਾਵਰਣ ਕੀ ਹੁੰਦਾ ਹੈ ਇਹ ਕਿਸੇ ਦੇ ਫ਼ਰਿਸ਼ਤਿਆਂ ਨੇ ਵੀ ਨਹੀਂ ਸੀ ਸੋਚਿਆ।
ਜਪੁਜੀ ਸਾਹਿਬ ਰੋਜ਼ ਪੜ੍ਹਨ ਵਾਲੇ ਤੇ ਪੂਰੇ ਧਿਆਨ ਨਾਲ ਪੜ੍ਹਨ ਵਾਲਿਆਂ ਨੇ ਅੰਤਲਾ ਸਲੋਕ ਤਾਂ ਜ਼ਰੂਰ ਧਿਆਨ ਨਾਲ ਵਿਚਾਰਿਆ ਹੀ ਹੋਵੇਗਾ।
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਪਾਣੀ ਨੂੰ ਪਿਤਾ, ਪਵਨ ਨੂੰ ਗੁਰੂ ਤੇ ਧਰਤੀ ਨੂੰ ਮਾਂ ਦਾ ਦਰਜ਼ਾ ਦੇਣ ਵਾਲੇ ਗੁਰੂ ਦੇ ਸਿੱਖ ਹੋ ਕੇ ਵੀ ਅਸੀਂ ਕੁਦਰਤ ਦੇ ਇਨ੍ਹਾਂ ਅਨਮੋਲ ਅੰਗਾਂ ਦਾ ਇਤਨਾ ਘਾਣ ਕਿਵੇਂ ਕਰ ਸਕਦੇ ਹਾਂ?
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣ ਵਾਲਿਓ! ਜਦ ਤਕ ਇਹ ਮਹਾਨ ਇਲਹਾਮ ਨੂੰ ਅਸੀਂ ਸਿਰਫ਼ ਰੁਮਾਲਿਆਂ ’ਚ ਬੰਦ ਕਰਕੇ ਉੱਤੇ ਫੁੱਲਾਂ ਦੇ ਹਾਰ ਹੀ ਚੜ੍ਹਾਈ ਗਏ, ਤਦ ਤਕ ਕਿਸੇ ਨੇ ਸਾਡੀ ਮੱਤ ਨੂੰ ਅਕਲ ਨਹੀਂ ਜੇ ਕਹਿਣਾ। ਆਓ! ਇਸ ਗਿਆਨ ਨੂੰ ਉੱਚੀ-ਉੱਚੀ ਕੂਕ ਕੇ, ਯਾਨੀ ਕਿ ਆਪਣੇ ਆਚਰਣ ਵਿਚ ਢਾਲ ਕੇ, ਵਿਸ਼ਵ ਦੇ ਪਰਤੱਖ ਕਰੀਏ। ਕੁਝ ਦੋ-ਚਾਰ ਅੱਖਰਾਂ ’ਤੇ ਹੀ ਚੱਲ ਵਿਖਾਈਏ, ਦੁਨੀਆ ਮਗਰ ਲੱਗ ਤੁਰੇਗੀ, 1430 ਪੰਨੇ ਤਾਂ ਬਹੁਤ ਨੇ!!
ਬਾਬਾ ਗੁਰੂ ਆਪ ਹੀ ਸਾਡੇ ਮਨਮੱਤੀਆਂ ਦੇ ਤੇ ਉਸਦੇ ਅਸਲੀ ਇਲਹਾਮ ਤੋਂ ਬੇਮੁੱਖ ਹੋ ਕੇ ਵਿਹਲੜਾਂ ਦੇ ਟੋਲੇ ਮਗਰ ਲੱਗ ਤਰੇ ਇਸ ਵੱਖਰੇ ਹੀ ਬਿਪਰਨ ਦੇ ਪੰਥ ਨੂੰ ਸੁਮੱਤ ਬਖਸ਼ੇ।