


ਸੌਦਾ ਸੰਪਾਦਕ ਦੇ ਸਮਰਥਕ ਹੁਣ ਵੀ ਚੁੱਪ ਕਿਉਂ?
- ਇੰਦਰਜੀਤ ਸਿੰਘ, ਕਾਨਪੁਰ -
ਜਦੋਂ ਇਕ ਪੰਥਕ ਸੰਸਥਾ ਦੇ ਵਿਦਵਾਨ ਵੀਰਾਂ ਨੇ ਇਸ ਅਖਬਾਰ ਦੇ ‘ਅੰਧੇ ਸਮਰਥਕ’ ਲਿਖ ਕੇ ਕੁਝ
ਵੀਰਾਂ ਦੀ ਅਲੋਚਨਾ ਕੀਤੀ ਸੀ ਉਸ ਵੇਲੇ ਉਨਾਂ ਲੋਕਾਂ ਨੂੰ ਬਹੁਤ ਤਕਲੀਫ ਹੋਈ ਸੀ। ਉਨ੍ਹਾਂ
‘ਸਮਰਥਕਾਂ’ ਨੇ ਅੱਜ ਵੀ ਦੋਗਲੀ ਨੀਤੀ ਅਖਤਿਆਰ ਕੀਤੀ ਹੋਈ ਹੈ। ਇਕ ਪਾਸੇ ਤੇ ਉਹ ਪ੍ਰੋਫੇਸਰ ਦਰਸ਼ਨ
ਸਿੰਘ ਹੋਰਾਂ ਦੇ ਨਾਲ ਚਲਣ ਦੀ ਗੱਲ ਕਰਦੇ ਹਨ ਦੂਜੇ ਪਾਸੇ ਜਦੋਂ ਇਹ ਅਖਬਾਰ ਪ੍ਰੋਫੇਸਰ ਸਾਹਿਬ ਦੀ
ਅਧਾਰ ਹੀਣ ਤੇ ਬੇਸਿਰ-ਪੈਰ ਦੀ ਬੁਰਾਈ ਕਰਨ ਦੀ ਹੋਛੀ ਹਰਕਤ ਕਰਦਾ ਹੈ ਤੇ ਇਨਾਂ ਦੀਆਂ ਅੱਖਾਂ,
ਕੰਨਾਂ ਤੇ ਮੂੰਹ ਦੇ ਦਰਵਾਜੇ ਬੰਦ ਹੋ ਜਾਂਦੇ ਹਨ। ਏਨਾ ਹੀ ਨਹੀਂ, ਇਨ੍ਹਾਂ ਦੀ ਕਲਮ ਦੀ ਸਿਆਹੀ ਵੀ
ਮੁੱਕ ਜਾਂਦੀ ਹੈ। ‘ਸਿੱਖ ਲਹਿਰ’ ਨੂੰ ਤਹਿਸ-ਨਹਿਸ ਕਰਨ ਵਾਲੇ ਇਸ ਅਖ਼ਬਾਰ ਨਾਲ ਬਹੁਤ ਦੂਰ ਤਕ ਚਲਣਾ
ਸਾਡੇ ਲਈ ਹੁਣ ਮੁਮਕਿਨ ਨਹੀਂ ਹੈ। ਇਸ ਅਖਬਾਰ ਤੋਂ ਜੋ ਉਮੀਦਾਂ ਸਨ, ਉਹ ਪ੍ਰੋਫੈਸਰ ਸਾਹਿਬ ਦੇ
ਖਿਲਾਫ਼ ਵਾਰ-ਵਾਰ ਕੂੜ ਪ੍ਰਚਾਰ ਕਰਕੇ ਜ਼ਹਿਰ ਉਗਲਣ ਦੇ ਕਾਰਨ ਅਤੇ ਇਸ ਦੀਆਂ ਸਿਰਫਿਰੀਆਂ ਹਰਕਤਾਂ
ਕਰਕੇ ਖਤਮ ਹੋ ਚੁਕੀਆਂ ਹਨ। ਕਿਸੇ ਵੀ ਮਨੁੱਖ ਦੀ ਪੱਤ ਦਾ ਘਾਣ ਕਰਨਾ ਉਹ ਵੀ ਬੇਤੁਕੇ ਅਤੇ ਅਧਾਰ
ਹੀਨ ਤਰੀਕੇ ਨਾਲ ਕਿਸੇ ਵੀ ਪੱਖੋਂ ਜਾਇਜ ਨਹੀ ਹੋ ਸਕਦਾ। ਅਸੀਂ ਇਸ ਅਖਬਾਰ ਦਾ ਦਿੱਤਾ ‘ਪੁਜਾਰੀ’
ਸ਼ਬਦ ‘ਐਡਾਪਟ’ ਕਰ ਲਿਆ ਸੀ ਕਿਉਂਕਿ ਉਹ ਜਾਇਜ਼ ਸੀ। ਇਸਨੇ ਉਨ੍ਹਾਂ ਪੁਜਾਰੀਆਂ ਨੂੰ ਰਾਤੋ-ਰਾਤ
‘ਬਾਦਸ਼ਾਹ’ ਕਹਿਨਾ ਸ਼ੁਰੂ ਕਰ ਦਿਤਾ ਹੈ। ਜਿਸ ਦੀ ਜ਼ਮੀਰ ਮਰ ਚੁਕੀ ਹੈ, ਉਹ ਹੀ ਇਨਾਂ ‘ਪੁਜਾਰੀਆਂ’
ਨੂੰ ‘ਬਾਦਸ਼ਾਹ’ ਕਹੇਗਾ। ‘ਖੁਸ਼ਾਮਦ’ ਗੁਰਮਤ ਦਾ ਸਿਧਾਂਤ ਨਹੀ ਹੈ। ਇਨ੍ਹਾਂ ਦੇ… ਸਮਰਥਕਾਂ ਦਾ ਕੀ
ਕਹਿਣਾ ਹੈ? ਉਹ ਚੁੱਪ ਕਿਉਂ ਹਨ?
ਕਈ ਵਾਰ ਪ੍ਰੋਫੈਸਰ ਦਰਸ਼ਨ ਸਿੰਘ ਪ੍ਰਤੀ ਸਾਡੇ ਮਨ ਵਿਚ ਮੌਜੂਦ ਸਤਕਾਰ, ਜਦੋਂ ਸਾਡੀ ਕਲਮ ਰਾਹੀ
ਕਾਗਜ ਤੇ ਉਤਰਦਾ ਹੈ ਤੇ ਅਸੀ ਉਨ੍ਹਾਂ ਨੂੰ ‘ਰਾਗੀ’ ਦਰਸ਼ਨ ਸਿੰਘ ਜਾਂ ਦਰਸ਼ਨ ਸਿੰਘ ‘ਰਾਗੀ’ ਕਹਿ ਕੇ
ਸੰਬੋਧਿਤ ਕਰਨ ਵਾਲਿਆ ਦੀ ਅਲੋਚਨਾਂ ਦਾ ਸ਼ਿਕਾਰ ਹੋ ਜਾਂਦੇ ਹਾਂ। ਲੇਕਿਨ ਇਹ ਅਲੋਚਨਾਂ ਸਾਨੂੰ ਚੰਗੀ
ਵੀ ਲਗਦੀ ਹੈ। ਅਸੀਂ ਉਨ੍ਹਾਂ ਦੇ ਪਿਛਲੱਗੂ ਜਾਂ ਅੰਨ੍ਹੇ ਸਮਰਥਕ ਨਹੀਂ ਹਾਂ। ਉਨਾਂ ਦਾ ‘ਸਮਰਥਨ’
ਅਤੇ ‘ਸਤਕਾਰ’ ਅਧਾਰਹੀਨ ਨਹੀਂ ਹੈ। ਅਸੀਂ ਉਨ੍ਹਾਂ ਅਲੋਚਕਾਂ ਕੋਲੋਂ ਕੁਝ ਸਵਾਲ ਕਰਦੇ ਹਾਂ ਕਿ
ਪ੍ਰੋਫੈਸਰ ਸਾਹਿਬ ਜੇ ਕੇਵਲ ਇਕ ‘ਰਾਗੀ’ ਮਾਤਰ ਹੀ ਹਨ ਤਾਂ:
- ਕੌਮ ਦਾ ਉਹ ਕਿਹੜਾ ਰਾਗੀ ਹੈ ਜੋ ਪੰਥ ਲਈ ਇਕ ਸਾਲ ਜੇਲ ਦੀ ਕਾਲ-ਕੋਠੜੀ ਵਿਚ ਡੱਕਿਆ ਰਹਿਆ
ਹੋਵੇ ਤੇ ਉਸ ਉਪਰ ਕਈ ਮੁਕੱਦਮੇ ਠੋਕ ਦਿਤੇ ਗਏ ਹੋਣ?
- ਪੰਥ ਦਾ ਉਹ ਕਿਹੜਾ ਰਾਗੀ ਜਾਂ ਪ੍ਰਚਾਰਕ ਹੈ ਜੋ ਅਕਾਲ ਤਖਤ ਦੇ ਅਖੌਤੀ ਸੇਵਾਦਾਰਾਂ ਦੇ
ਨਾਲ ‘ਗੁਰਮਤ ਸਿਧਾਂਤਾਂ’ ਲਈ ਲੜਿਆ ਹੋਵੇ?
- ਪੰਥ ਦਾ ਉਹ ਕਿਹੜਾ ਰਾਗੀ ਹੈ ਜੋ ਪ੍ਰਬੰਧਕਾਂ ਅਤੇ ਪ੍ਰਧਾਨਾਂ ਦੀ ਮਰਜ਼ੀ ਤੋਂ ਛੁਟ ਇਕ
ਅੱਖਰ ਵੀ ਸਟੇਜ ’ਤੇ ਬੋਲਣ ਦੀ ਤਾਕਤ ਰਖਦਾ ਹੋਵੇ?
- ਅਕਾਲ ਤਖ਼ਤ ਦਾ ਉਹ ਕਿਹੜਾ ਸੇਵਾਦਾਰ ਹੈ ਜਿਸਨੇ ‘ਸਰਬਤ ਖਾਲਸਾ’ ਬੁਲਾਉਣ ਲਈ ਸੱਦਾ ਦਿਤਾ
ਹੋਵੇ? (ਭਾਵੇਂ ਇਸ ਦੇ ‘ਇੰਪਲੀਮੈਂਟ’ ਹੋਣ ਤੋ ਪਹਿਲਾਂ ਹੀ ਉਨ੍ਹਾਂ ਨੂੰ ਅਸਤੀਫਾ ਦੇਣਾ ਪਇਆ।)
- ਅਕਾਲ ਤਖ਼ਤ ਦਾ ਉਹ ਕਿਹੜਾ ਸੇਵਾਦਾਰ ਹੈ ਜਿਸਨੇ ‘ਆਲ ਇੰਡੀਆ ਗੁਰਦਵਾਰਾ ਐਕਟ’ ਲਾਗੂ ਕਰਵਾਨ
ਲਈ ਪੁਰਜੋਰ ਪੈਰਵੀ ਕੀਤੀ?
- ਅਕਾਲ ਤਖਤ ਦਾ ਉਹ ਕਿਹੜਾ ਸੇਵਾਦਾਰ ਹੈ ਜਿਸਨੇ ਬਿਨਾ ਤਨਖਾਹ ਲਏ ਅਕਾਲ ਤਖ਼ਤ ਅਤੇ ਪੰਥ ਦੀ
ਸੇਵਾ ਕੀਤੀ ਹੋਵੇ?
- ਅਕਾਲ ਤਖ਼ਤ ਦਾ ਉਹ ਕਿਹੜਾ ਜਥੇਦਾਰ ਹੈ ਜਿਸਨੇ ਉਸ ਵੇਲੇ ਦੀ ਜ਼ਾਲਮ ਸਰਕਾਰ ਨਾਲ ਟਾਕਰਾ ਲੈ
ਕੇ ‘ਨਵੀਂ ਸਿੱਖ ਪਨੀਰੀ’ ਨੂੰ ਝੂਠਿਆਂ ਮੁਕਾਬਲਿਆਂ ਵਿਚ ਕਤਲ ਕਰਨ ਦੀ ਗਲ ਦੇ ਵਿਰੋਧ ਵਿਚ
ਅਵਾਜ ਚੁੱਕੀ?
- ਕਿਹੜਾ ਰਾਗੀ ਹੈ ਜਿਸਨੇ ਸਟੇਜ ਤੇ ‘ਪਸਰੀਚੇ’ ਵਰਗੇ ਡੀ.ਆਈ.ਜੀ. ਕੋਲੋ ‘ਸਿਰੋਪਾਉ’ ਲੈਣ
ਤੋਂ ਸਾਰੀ ਸੰਗਤ ਵਿਚ ਇਨਕਾਰ ਕਰ ਦਿਤਾ ਹੋਵੇ? ਕਿਉਂਕਿ ਉਸ ਨੇ ਦਾਹੜਾ ਕਾਲਾ ਕੀਤਾ ਹੋਇਆ ਸੀ ।
(ਯੂ-ਟਿਉਬ ਡਾਟ ਕਾਮ ਤੇ ਆਪ ਇਸ ਦੀ ਵੀਡੀਉ ਵੇਖ ਸਕਦੇ ਹੋ)।
- ਕਿਹੜਾ ਰਾਗੀ ਹੈ ਜਿਸਨੇ ਹਜ਼ੂਰ ਸਾਹਿਬ ਤੇ ਦਸਮ ਗ੍ਰੰਥ ਨਾਮ ਦੀ ਉਸ ‘ਕੂੜ ਕਿਤਾਬ’ ਅੱਗੇ
ਮੱਥਾ ਟੇਕਨ ਅਤੇ ਉਸ ਸਾਹਮਣੇ ਕੀਰਤਨ ਕਰਨ ਤੋਂ ਇਨਕਾਰ ਕਰ ਦਿੱਤਾ ਹੋਵੇ?
- ਕਿਹੜਾ ਪਹਿਲਾ ਰਾਗੀ ਸੀ ਜਿਸਨੇ ਕੀਰਤਨ ਦੀ ਇਕ ਨਵੀਂ ਤੇ ਪ੍ਰਭਾਵਸ਼ਾਲੀ ਸ਼ੈਲੀ ਤਿਆਰ ਕੀਤੀ,
ਜਿਸ ਵਿਚ ਇਕ ਵਿਸ਼ੈ ’ਤੇ ਕੀਰਤਨ ਕਰਦਿਆਂ ਅਤੇ ਉਸ ਦੀ ਵਿਆਖਿਆ ਕਰਦਿਆਂ ਗੁਰਬਾਣੀ ਦੇ ਕਈ
ਪ੍ਰਮਾਣਾਂ ਨੂੰ ਇਕੱਠਿਆਂ ਜੋੜਿਆ ਅਤੇ ਗਾਇਆ ਜਾਂਦਾ ਹੈ?
- ਕਿਹੜਾ ਰਾਗੀ ਹੈ ਜੋ ‘ਸੱਚ’ ਅਤੇ ‘ਗੁਰਮਤਿ’ ਸਿਧਾਂਤ ਦੀ ਗੱਲ ਕਰਨ ਦੇ ਇਲਜਾਮ ਵਿਚ ਪੰਥ
ਤੋਂ ਛੇਕ ਦਿੱਤਾ ਗਇਆ ਹੋਵੇ?
- ਅਕਾਲ ਤਖ਼ਤ ਦਾ ਉਹ ਕਿਹੜਾ ਸੇਵਾਦਾਰ ਹੈ ਜੋ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਖਾਤਿਰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਕ ਮਿਨਟ ਵਿਚ ਅਸਤੀਫਾ ਲਿਖ ਕੇ ਫੜਾ ਆਇਆ ਹੋਵੇ?
- ਕਿਹੜਾ ਰਾਗੀ ਹੈ ਜੋ ਅਪਣਾ ਨਿਜੀ ਪੈਸਾ ਲਾ ਕੇ, ਹਰ ਸਾਲ ‘ਨਾਨਕਸ਼ਾਹੀ ਕੈਲੰਡਰ’ ਅਤੇ ਫ੍ਰੀ
ਲਿਟਰੇਚਰ ਛਪਵਾ ਕੇ ਵੰਡਦਾ ਹੋਵੇ?
- ਪ੍ਰੋਫੈਸਰ ਸਾਹਿਬ ਨੂੰ ਕਰੋੜਪਤੀ ਰਾਗੀ ਕਹਿਨ ਵਾਲੇ ਵੀਰੋ, ਕੀ ਸੰਤ ਸਿੰਘ ਮਸਕੀਨ
ਕਰੋੜਪਤੀ ਨਹੀ ਸਨ? ਉਨ੍ਹਾਂ ਨੂੰ ਤਾਂ ਕੌਮ ਨੇ ‘ਪੰਥ ਰਤਨ’ ਅਤੇ ‘ਬ੍ਰਹਮ ਗਿਆਨੀ’ ਦੀ ਉਪਾਧੀ
ਦਿੱਤੀ, ਜਦਕਿ ਉਹ ‘ਦਸਮ ਗ੍ਰੰਥ ਦੇ ਪ੍ਰਚਾਰਕ’ ਤੇ ‘ਨਾਨਕਸ਼ਾਹੀ ਕੈਲੰਡਰ’ ਦੇ ਕਟੱਰ ਵਿਰੋਧੀ
ਰਹੇ। ਪੰਥ ਨੂੰ ਜਾਗਰੂਕ ਕਰਨ ਵਿਚ ਅਪਣਾ ਸਾਰਾ ਜੀਵਨ ਲੇਖੇ ਲਾ ਦੇਣ ਵਾਲੇ ਪ੍ਰੋਫੈਸਰ ਸਾਹਿਬ
ਨੂੰ ਕੌਮ ਕੋਲੋਂ ਕੀ ਮਿਲਿਆ? ਸਿਰਫ ਇਕ ‘ਰਾਗੀ’ ਦੀ ਉਪਾਧੀ?
- ਕਿਹੜਾ ਰਾਗੀ ਹੈ ਜੋ ਡਾਂਗਾਂ, ਸੋਟੇ ਅਤੇ ਕਿਰਪਾਣਾ ਦਾ ਸ੍ਹਾਮਣਾ ਕਰਦਿਆਂ, ਅਪਨੀ ਜਾਨ ਤੇ
ਖੇਡ ਕੇ ਕੌਮ ਨੂੰ ‘ਸੁਚੇਤ’ ਕਰਨ ਵਿਚ ਜੁਟਿਆ ਹੋਵੇ?
- ਕਿਹੜਾ ਰਾਗੀ ਹੈ ਜਿਸਨੇ ਕੌਮ ਦੇ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੂੰ ਇਕ ਛੱਤ ਹੇਠਾਂ
ਇਕੱਠਾ ਕਰਨ ਲਈ ਕਈ ਵਾਰ ਕੋਸ਼ਿਸ਼ ਕੀਤੀ ਹੋਵੇ? ਇਸ ਉਮਰ ਵਿਚ ਵੀ ਉਹ ਨਿਡਰਤਾ ਅਤੇ ਹਿੰਮਤ ਨਾਲ
‘ਸੱਚ ਦੀ ਗਲ’ ਕਹਿਨ ਤੋ ਡਰਦਾ ਨਾਂ ਹੋਵੇ?
ਮੇਰੇ ਵੀਰੋ! ਜੇ ਤੁਹਾਡੇ ਦਿਲ ਦੀ ਭੜਾਸ ਉਨ੍ਹਾਂ ਨੂੰ ‘ਰਾਗੀ’ ਕਹਿ ਕੇ ਹੀ ਨਿਕਲਦੀ ਹੈ ਤੇ
ਬੇਸ਼ਕ ਕਹੋ। ‘ਰਾਗੀ’ ਸ਼ਬਦ ਕੋਈ ਮਾੜਾ ਨਹੀਂ। ਲੇਕਿਨ ਇਹ ਵੀ ਸੱਚ ਹੈ ਕਿ ਅਜ ਦੇ ਦੌਰ ਵਿਚ ਉਨਾਂ ਦੀ
ਜਗ੍ਹਾ ਲੈਣ ਵਾਲਾ ਕੋਈ ਨਿਡਰ ਪ੍ਰਚਾਰਕ, ਪੰਥ-ਦਰਦੀ, ਗੁਰਮਤ ਦਾ ਧਾਰਨੀ ਅਤੇ ਕੌਮ ਦਾ ਹਿਤੈਸ਼ੀ ਕੋਈ
ਦੂਜਾ ਬੰਦਾ ਕੌਮ ਕੋਲ ਹੈ ਨਹੀਂ। ਜੇ ਹੈ, ਤਾਂ ਉਸ ਨੂੰ ਅੱਗੇ ਲਿਆਉ, ਅਸੀਂ ਉਸ ਦਾ ਵੀ ਓਨਾ ਹੀ
ਸਤਿਕਾਰ ਕਰਾਂਗੇ, ਜਿੰਨਾ ਅਸੀਂ ਪ੍ਰੋਫੇਸਰ ਦਰਸ਼ਨ ਸਿੰਘ ਦਾ ਕਰਦੇ ਹਾਂ। ਜੇ ਛੋਟੀਆਂ ਛੋਟੀਆਂ ਨਿਜੀ
ਗੱਲਾਂ ਨੂੰ ਲੈ ਕੇ ਉਂਗਲੀ ਚੁਕੀ ਜਾਵੇ, ਤਾਂ ਦੁਨੀਆਂ ਦਾ ਕੋਈ ਵੱਡੇ ਤੋਂ ਵੱਡਾ ਬੰਦਾ ਵੀ ਪਾਕ ਸਾਫ
ਨਹੀਂ ਨਿਕਲੇਗਾ। ਕਿਸੇ ’ਤੇ ਦੋਸ਼ ਲਾਉਣ ਵਾਲਾ ਵੀ ਕਈ ਵਿਕਾਰਾਂ ਦਾ ਪੁਤਲਾ ਹੋ ਸਕਦਾ ਹੈ। ਜੇ ਅਸੀਂ
ਅਪਣੇ ਘਰ, ਅਪਣੇ ਨਿਜੀ ਪਰਵਾਰਕ ਜੀਵਨ ਵੱਲ ਝਾਤ ਮਾਰ ਕੇ ਵੇਖੀਏ, ਤਾਂ ਕੀ ਸਾਡੇ ਘਰ ਸਭ ਕੁਝ ਠੀਕ
ਠਾਕ ਚਲ ਰਿਹਾ ਹੈ? ਨਹੀ ਨਾਂ। ਫਿਰ ਦੂਜੇ ’ਤੇ ਚਿੱਕੜ ਉਛਾਲਣਾ ਕਿਉਂ?