Subscription About Us Contact Us


ਆਰ.ਐਸ.ਐਸ. ਦੇ ਹਿੰਦੂ ਅੱਤਵਾਦੀਆਂ ਦੀ ਬੌਖਲਾਹਟ : ਜੇ ਸਾਡੀਆਂ ਕਰਤੂਤਾਂ ਦਾ ਪਾਜ ਉਘਾੜਿਆ...., ਤਾਂ ਵੇਖ ਲਵਾਂਗੇ

- ਭਾਰਤ ਬਚਾਓ ਅੰਦੋਲਨ -

ਹੈਡਲਾਈਨਜ਼ ਟੂਡੇ ਨਿਊਜ਼ ਚੈਨਲ ਵੱਲੋਂ ਆਰ.ਐਸ.ਐਸ. ਦੀ ਸਾਹਮਣੇ ਲਿਆਂਦੀ ਗਈ ਸੱਚਾਈ, ਦੀਰਘ-ਕਾਲ ਵਿਚ ਭਾਰਤ ਦੀ ਸੁਰੱਖਿਆ ਲਈ ਗੰਭੀਰ ਚਿੰਤਾ ਪੈਦਾ ਕਰਨ ਦਾ ਕਾਰਨ ਹੈ। ਇਹ ਤਾਂ ਕਿਸੇ ਵੀ ਕਿਸਮ ਦੇ ਸ਼ੰਕੇ ਤੋਂ ਪਰ੍ਹਾਂ, ਬਿਲਕੁਲ ਸਪਸ਼ਟ ਹੈ ਕਿ ਆਰ.ਐਸ.ਐਸ. ਦੇ ਮੈਂਬਰ ਖ਼ੁਦ ਹੀ ਅੱਤਵਾਦੀ ਗਤੀਵਿਧੀਆਂ ਵਿਚ ਲਿਪਤ ਹਨ।

ਹੈਡਲਾਈਨਜ਼ ਟੂਡੇ ਵੱਲੋਂ ਜਿਹੜੀ ਵੀਡੀਓਜ਼ ਦਿਖਾਈਆਂ ਗਈਆਂ, ਉਹ ਬੀਜੇਪੀ ਦੇ ਸਾਬਕਾ ਐਮ.ਪੀ., ਬੀ.ਐਲ. ਸ਼ਰਮਾ ਪ੍ਰੇਮ ਉਰਫ਼ ਪ੍ਰੇਮ ਸਿੰਘ ਸ਼ੇਰ ਦੀ ਅੱਤਵਾਦੀ ਸਰਗਰਮੀਆਂ ਵਿਚ ਸ਼ਮੂਲੀਅਤ ਨੂੰ ਸਪਸ਼ਟਤਾ ਨਾਲ ਸਾਬਿਤ ਕਰਦੀਆਂ ਹਨ। ਉਹ ਕੈਮਰੇ ਮੂਹਰੇ ਲੈਫਟੀਨੈਂਟ ਕਰਨਲ ਪੁਰੋਹਿਤ ਅਤੇ ਮਹਾਂਰਾਸ਼ਟਰ ਦੇ ਭਾਈ ਡਾਲਵੀ ਨਾਲ ਅੱਤਵਾਦੀ ਸਗਰਰਮੀਾਂ ਬਾਰੇ ਚਰਚਾ ਕਰਦਾ ਨਜ਼ਰ ਆਉਂਦਾ ਹੈ। ਉਨ੍ਹਾਂ ਦੀ ਯੋਜਨਾ ‘ਅਭਿਨਵ ਭਾਰਤ’ ਦੇ ਨਾਂ ਵਾਲਾ ਇਕ ਗੁਪਤ ਅੱਤਵਾਦੀ ਸੰਗਠਨ ਬਣਾਉਣ ਦੀ ਹੈ, ਜਿਸ ਨੂੰ ਉਨ੍ਹਾਂ ਨੇ ਬਣਾਇਆ ਵੀ। ਉਨ੍ਹਾਂ ਦੀ ਨਾਪਾਕ ਸਾਜਿਸ਼ ਇਹ ਸੀ ਕਿ ਉਹ ਭਾਰਤ ਦੇ ਹਰ ਹਿੱਸੇ ਵਿਚ ਜੁੰਮੇ ਦੀਆਂ ਨਮਾਜ਼ਾਂ ਦੌਰਾਨ ਯੋਜਨਾਬੱਧ ਢੰਗ ਨਾਲ ਲੜੀਵਾਰ ਬੰਬ ਧਮਾਕੇ ਕਰਵਾਉਣ, ਜਿਸ ਨਾਲ ਹਜ਼ਾਰਾਂ ਅਤੇ ਜੇਕਰ ਹੋ ਸਕੇ ਤਾਂ ਲੱਖਾਂ ਮੁਸਲਮਾਨ ਮਾਰੇ ਜਾ ਸਕਣ। ਇਸ ਯੋਜਨਾ ਦਾ ਮਕਸਦ ਮੁਸਲਮਾਨਾਂ ਦੇ ਮਨਾਂ ਵਿਚ ਗਹਿਰਾ ਡਰ ਪੈਦਾ ਕਰਕੇ, ਉਨ੍ਹਾਂ ਨੂੰ ਵੱਡੀ ਪੱਧਰ ’ਤੇ ਵਾਪਸ ਹਿੰਦੂਵਾਦ ਵਿਚ ਆਉਣ ਲਈ ਉਕਸਾਉਣਾ ਸੀ। ਕਰਨਲ ਪੁਰੋਹਿਤ ਸਾਫ਼ ਕਹਿੰਦਾ ਹੈ ਕਿ ਉਹ ਭਾਰਤੀ ਸੰਵਿਧਾਨ ਦਾ ਵਿਰੋਧ ਕਰਦਾ ਹੈ। ਬੀ.ਐਲ. ਸ਼ਰਮਾ ਭਾਰਤੀ ਮੁਸਲਿਮ ਬਿਰਾਦਰੀ ’ਤੇ ਪੂਰਨ ਪੱਧਰ ਦੀ ਲੜਾਈ ਛੇੜਨ ਦੀ ਅਪੀਲ ਕਰਦਾ ਹੈ। ਇਸ ਤਰ੍ਹਾਂ, ਇਹ ਸਭ ਧਰਮ-ਨਿਰਪੱਖਤਾ, ਬਰਾਬਰੀ ਅਤੇ ਸਮਾਜਕ ਇਨਸਾਫ਼ ਦੇ ਅਸੂਲਾਂ ਵਾਲੇ ਭਾਰਤੀ ਲੋਕਤੰਤਰ ਦੀਆਂ ਨੀਹਾਂ ਨੂੰ ਕਮਜ਼ੋਰ ਕਰਕੇ ਇਸ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੀ ਇਕ ਅਤਿ ਜਟਿਲ ਅਤੇ ਨਾਪਾਕ ਸਾਜਿਸ਼ ਹੈ।

ਹੁਣ ਤੱਕ ਸੰਘ ਪਰਵਾਰ, ਜਿਸ ਵਿਚ ਬੀਜੇਪੀ ਅਤੇ ਆਰ.ਐਸ.ਐਸ. ਦੋਵੇਂ ਆਉਂਦੇ ਹਨ, ਅਜਮੇਰ, ਮਾਲੇਗਾਓਂ ਅਤੇ ਹੈਦਰਾਬਾਦ ਦੀ ਮੱਕਾ ਮਸਜਿਦ ਵਿਖੇ ਹੋਏ ਅੱਤਵਾਦੀ ਹਮਲਿਆਂ ਵਿਚ ਆਪਣੀ ਸ਼ਮੂਲੀਅਤ ਬਾਰੇ ਮਿਲੇ ਸਬੂਤਾਂ ਨੂੰ ਨਜ਼ਰ-ਅੰਦਾਜ ਜਿਹਾ ਕਰਕੇ, ਮਾਮਲੇ ਨੂੰ ਚਰਚਾ ਵਿਚ ਆਉਣ ਤੋਂ ਰੋਕਦਾ ਰਿਹਾ ਹੈ। ਪਰ ਹੈਡਲਾਈਨਜ਼ ਟੂਡੇ ਵੱਲੋਂ ਦਿਖਾਈਆਂ ਗਈਆਂ ਉਨ੍ਹਾਂ ਮੀਟਿੰਗਾਂ ਦੀਆਂ ਰਿਕਾਰਡਿੰਗਾਂ ਹਨ, ਜਿਨ੍ਹਾਂ ਦੇ ਵੀਡੀਓਜ਼ ਦਇਆਨੰਦ ਪਾਂਡੇ ਨਾਂ ਦੇ ਆਰੋਪੀ ਦੇ ਲੈਪਟਾਪ, ਜੋ ਸੀ.ਬੀ.ਆਈ. ਕੋਲ ਜ਼ਬਤ ਹੈ, ਵਿਚੋਂ ਮਿਲੀਆਂ ਹਨ। ਸਾਨੂੰ ਫ਼ਿਕਰ ਇਹ ਹੈ ਕਿ ਹਾਲਾਂ ਵੀ ਕਾਂਗਰਸ ਸਰਕਾਰ ਆਰ.ਐਸ.ਐਸ. ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ? ਅੱਤਵਾਦੀ ਹਮਲਿਆਂ ਦੀਆਂ ਸਾਜਿਸ਼ਾਂ ਰਚਨ ਵਾਲੇ ਮੁੱਖ ਆਰੋਪੀਆਂ ਅਤੇ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੀ ਜਾਂਚ, ਪੁੱਛ-ਪੜਤਾਲ ਅਤੇ ਗ੍ਰਿਫ਼ਤਾਰੀਆਂ ਕਰ ਰਹੀਆਂ ਜਾਂਚ ਏਜੰਸੀਆਂ ਪੱਖਪਾਤੀ ਰਵੱਈਆ ਕਿਉਂ ਅਖ਼ਤਿਆਰ ਕਰ ਰਹੀਆਂ ਹਨ?

ਐਨ.ਆਈ.ਏ., ਸੀ.ਬੀ.ਆਈ., ਇੰਟੈਲੀਜੈਂਸ ਬਿਉਰੋ ਅਤੇ ਏ.ਟੀ.ਐਸ. (ਪੁਲਿਸ ਦੀ ਅੱਤਵਾਦ ਵਿਰੋਧੀ ਟੀਮ) - ਸਭ ਇਕ-ਦੂਜੇ ਨੂੰ ਕੱਟਣ ਵਾਲੇ ਮੰਤਵ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੇ ਟੀਚਿਆਂ ਵਿਚ ਕੋਈ ਸਾਂਝ ਨਹੀਂ ਅਤੇ ਨਾ ਹੀ ਮਾਮਲੇ ਨੂੰ ਕਿਸੇ ਸਾਰਥਕ ਨਤੀਜੇ ਤੱਕ ਪਹੁੰਚਾਉਣ ਦੀ ਕੋਈ ਕੋਸ਼ਿਸ਼ ਹੈ।

ਇਸ ਤੱਥ ਦਾ ਪ੍ਰਗਟ ਹੋਣਾ ਹੀ ਕਿ ਘਰੇਲੂ ਹਿੰਦੂਤਵੀ ਅੱਤਵਾਦੀ ਦੇਸ਼ ਦੇ ਉਪ-ਰਾਸ਼ਟਰਪਤੀ ਡਾ: ਹਾਮਿਦ ਅੰਸਾਰੀ ਨੂੰ ਨਿਸ਼ਾਨਾ ਬਣਾਈ ਬੈਠੇ ਸਨ, ਸਾਡੇ ਸਿਆਸੀ ਆਗੂਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਫਿਰ ਵੀ ਦਿੱਲੀ ਦਾ ਡਾਕਟਰ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਹੈ - ਭਾਵੇਂ ਕਿ ਉਸਨੇ ਅਜਿਹਾ ਰਿਕਾਰਡ ਕੀਤੇ ਗਏ ਵੀਡੀਓ ’ਤੇ ਕਿਹਾ ਹੈ।

ਨਾਂਦੇੜ, ਪਬਭਾਨੀ, ਬੀਡ, ਜਾਲਨਾ, ਮਾਲੇਗਾਓਂ (ਸਭ ਮਹਾਂਰਾਸ਼ਟਰ) ਤੋਂ ਲੈ ਕੇ ਮੱਕਾ ਮਸਜਿਦ ਹੈਦਰਾਬਾਦ (ਆਂਧਰਾ ਪ੍ਰਦੇਸ਼), ਅਜੇਮਰ (ਰਾਜਸਥਾਨ), ਤੀਨਕਾਸੀ (ਤਮਿਲਨਾਡੂ), ਕਾਨਪੁਰ (ਯੂ.ਪੀ.), ਭੋਪਾਲ (ਐਮ.ਪੀ.), ਮੋਦਾਸਾ (ਗੁਜਰਾਤ), ਮਾਰਮਾਗਾਓ ਤੇ ਸੈਨਕੋਅਲ (ਗੋਆ) ਅਤੇ ਸਮਝੌਤਾ ਐਕਸਪ੍ਰੈਸ ਤੱਕ - ਹਰ ਅੱਤਵਾਦੀ ਘਟਨਾ ਵਿਚ ਸੰਘ ਦੇ ਅੱਤਵਾਦੀਆਂ ਦੀ ਸ਼ਮੂਲੀਅਤ ਹੋਣ ਦੇ ਸੁਰਾਗ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਹੀ ਅੱਤਵਾਦੀਆਂ ਦਾ ਜੈਪੁਰ ਦੇ ਲੜੀਵਾਰ ਧਮਾਕਿਆਂ, ਮਾਲੇਗਾਓਂ ਦੇ ਦੋਹਾਂ ਧਮਾਕਿਆਂ ਅਤੇ ਪਿਛੇ ਜਿਹੇ ਵਾਪਰੇ ਪੂਨੇ ਬੰਬ ਧਮਾਕੇ ਵਿਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਹ ਲਿਸਟ ਬੜੀ ਲੰਬੀ ਹੈ ਅਤੇ ਅੱਤਵਾਦ ਦੀ ਸਾਜਿਸ਼ ਬਹੁਤ-ਬਹੁਤ ਲੰਮੀ-ਚੌੜੀ ਹੈ, ਜਿਸ ਦਾ ਜਾਲ ਕੌਮਾਂਤਰੀ ਪੱਧਰ ਤੱਕ ਫੈਲਿਆ ਹੋਇਆ ਹੈ। ਇਸਲਈ ਇਨ੍ਹਾਂ ਅੱਤਵਾਦੀ ਸੰਗਠਨਾਂ ਦੇ ਵਿਦੇਸ਼ਾਂ ਤੋਂ ਮਾਇਕ ਮਦਦ ਦੇਣ ਵਾਲੇ ਸ੍ਰੋਤਾਂ ਦੀ ਜਾਂਚ ਵੀ ਕੀਤੀ ਜਾਣੀ ਚਾਹੀਦੀ ਹੈ।

ਇੰਦਰੇਸ਼ ਕੁਮਾਰ ਵਰਗਾ ਆਰ.ਐਸ.ਐਸ. ਕਾਰਕੁੰਨ, ਜੋ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੇ ਨਜ਼ਦੀਕੀ ਸਹਾਇਕ ਹੈ, ਖ਼ੁਦ ਇਹ ਇਸ਼ਾਰਾ ਦਿੰਦਾ ਹੈ ਕਿ ਅਜਿਹੀ ਗਹਿਰੀ ਸਾਜਿਸ਼ ਵਾਕਈ ਹੋਂਦ ਵਿਚ ਹੈ। ਹੇਮੰਤ ਕਰਕਰੇ ਨੇ ਵੀ ਇਹ ਤੱਥ ਪ੍ਰਗਟ ਕੀਤਾ ਸੀ ਕਿ ਇੰਦਰੇਸ਼ ਕੁਮਾਰ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਤੋਂ 3 ਕਰੋੜ ਰੁਪਏ ਪ੍ਰਾਪਤ ਕੀਤੇ ਸਨ ਅਤੇ ਮੋਹਨ ਭਾਗਵਤ ਤੇ ਪ੍ਰਵੀਨ ਤੋਗੜੀਆ - ਦੋਵੇਂ ਇਸ ਤੱਥ ਤੋਂ ਵਾਕਿਫ਼ ਸਨ। ਇਸ ਦੇ ਬਾਵਜੂਦ, ਆਰ.ਐਸ.ਐਸ. ਦਾ ਬੁਲਾਰਾ ਰਾਮ ਮਾਧਵ ਹਾਲਾਂ ਵੀ ਇੰਦਰੇਸ਼ ਕੁਮਾਰ ਦਾ ਬਚਾਅ ਕਰ ਰਿਹਾ ਹੈ।

ਪ੍ਰਵੀਨ ਤੋਗੜੀਆ ‘ਅਭਿਨਵ ਭਾਰਤ’ ਦੇ ਸੰਸਥਾਪਕ ਮੈਂਬਰਾਂ ਵਿਚੋਂ ਇਕ ਸੀ। ਇਹ ਤੱਥ ਖ਼ੁਦ ਕਰਨਲ ਪੁਰੋਹਿਤ ਨੇ ਪ੍ਰਗਟ ਕੀਤਾ ਹੈ। ਫਿਰ ਵੀ ਤੋਗੜੀਆ ਹਾਲਾਂ ਵੀ ਅਜ਼ਾਦ ਘੁੰਮ ਰਿਹਾ ਹੈ ਬਲਕਿ ਉਸ ਨੂੰ ਇਕ ਕਿਸਮ ਦੀ ਕਲੀਨ-ਚਿੱਟ ਹੀ ਦੇ ਦਿੱਤੀ ਗਈ ਹੈ। ਮਾਲੇਗਾਓਂ ਧਮਾਕਿਆਂ ਵਿਚ ਸਾਧਵੀ ਪ੍ਰਗਿਆ ਦੀ ਭੂਮਿਕਾ ਦਾ ਵੀ ਪਰਦਾਫਾਸ਼ ਹੋ ਚੁੱਕਾ ਹੈ। ਅਜਮੇਰ ਧਮਾਕੇ ਵਿਚ ਦੇਵੇਂਦਰ ਗੁਪਤਾ ਅਤੇ ਲੋਕੇਸ਼ ਸ਼ਰਮਾ ਦੇ ਨਾਮ ਉਭਰ ਕੇ ਸਾਹਮਣੇ ਆਏ ਹਨ। ਸਮਝੌਤਾ ਐਕਸਪ੍ਰੈਸ ’ਤੇ ਹੋਏ ਅੱਤਵਾਦੀ ਹਮਲੇ ਵਿਚ ਸੰਦੀਪ ਡਾਂਗੇ ਅਤੇ ਰਾਮਚੰਦਰ ਕਾਲਸੰਗਰਾ ਦੇ ਨਾਮ ਮੁੱਖ ਆਰੋਪੀਆਂ ਵਜੋਂ ਸਾਹਮਣੇ ਆਏ ਸਨ। ਫਿਰ ਵੀ ਉਨ੍ਹਾਂ ਨੂੰ ਮਾਮੂਲੀ ਪੁੱਛ-ਪੜਤਾਲ ਉਪਰੰਤ ਅਜ਼ਾਦ ਛੱਡ ਦਿੱਤਾ ਗਿਆ ਅਤੇ ਅੱਜ ਉਨ੍ਹਾਂ ਦੀ ਗ੍ਰਿਫ਼ਤਾਰੀ ਵਾਸਤੇ ਮੁੜ ਤੋਂ ਇਨਾਮ ਰੱਖ ਦਿੱਤਾ ਗਿਆ ਹੈ। ਅੱਤਵਾਦ ਵਿਰੋਧੀ ਦਸਤੇ ਦੇ ਉਹ ਕਿਹੜੇ ਅਧਿਕਾਰੀ ਸਨ, ਜਿਨ੍ਹਾਂ ਨੇ ਇਨ੍ਹਾਂ ਆਰੋਪੀਆਂ ਨੂੰ ਅਜ਼ਾਦ ਵਾਪਸ ਜਾਣ ਦਿੱਤਾ? ਇਸ ਸਵਾਲ ਬਾਬਤ ਚੁੱਪੀ ਕਿਉਂ ਹੈ?

ਦੂਜਾ ਮੁੱਖ ਆਰੋਪੀ ਸੁਨੀਲ ਜੋਸ਼ੀ ਸੀ, ਜਿਸ ਨੂੰ 2007 ਵਿਚ ਕਤਲ ਕਰ ਦਿੱਤਾ ਗਿਆ। ਕੀ ਉਹ ਸੰਘ ਦੀਆਂ ਸਾਜਿਸ਼ਾਂ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਰੱਖਦਾ ਸੀ? ਕੀ ਉਸ ਨੂੰ ਆਰ.ਐਸ.ਐਸ. ਦੇ ਨੈਟਵਰਕ ਨੂੰ ਛੁਪਾਈ ਰੱਖਣ ਲਈ ਮਾਰ ਦਿੱਤਾ ਗਿਆ? ਇਸ ਤੱਥ ਦੀ ਜਾਂਚ ਕੀਤੇ ਜਾਣ ਦੀ ਲੋੜ ਹੈ। ਹੈਦਰਾਬਾਦ ਦੀ ਮੱਕਾ ਮਸਜਿਦ ਧਮਾਕੇ ਦੀ ਜਾਂਚ ਦੌਰਾਨ ਯੂ.ਪੀ. ਦੇ ਦੋ ਆਰ.ਐਸ.ਐਸ. ਆਗੂਆਂ ਅਸ਼ੋਕ ਬੇਰੀ ਅਤੇ ਅਸ਼ੋਕ ਵਾਰਨੇ ਤੋਂ ਪੁੱਛ-ਪੜਤਾਲ ਤਾਂ ਕੀਤੀ ਗਈ, ਪਰ ਇਸ ਤੋਂ ਬਾਅਦ ਕੀ ਹੋਇਆ, ਇਸਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

26 ਦਸੰਬਰ 08 ਨੂੰ ਹੋਏ ਕਾਨਪੁਰ ਧਮਾਕੇ ਦੇ ਮਾਮਲੇ ਵਿਚ ਸੀ.ਬੀ.ਆਈ. ਨੇ ਵਿਸ਼ਵ ਹਿੰਦੂ ਪਰਿਸ਼ ਦੇ ਕਾਨਪੁਰ ਦੇ ਜਨਰਲ ਸਕੱਤਰ ਅਵਧ ਬਿਹਾਰੀ ਮਿਸ਼ਰਾ ਅਤੇ ਆਈ.ਆਈ.ਟੀ. ਦੇ ਇਕ ਪ੍ਰੋਫੈਸਰ ਤੋਂ ਪੁੱਛਗਿੱਛ ਕੀਤੀ ਸੀ। ਇਸ ਮਾਮਲੇ ਵਿਚ ਵੀ ਅੱਗੋਂ ਦੀ ਜਾਂਚ ਬਾਰੇ ਕੋਈ ਖ਼ਬਰ ਸਾਹਮਣੇ ਨਹੀਂ ਆਈ।

ਸਮਝੌਤਾ ਐਕਸਪ੍ਰੈਸ ਧਮਾਕੇ ਦੇ ਮਾਮਲੇ ਵਿਚ ਜਾਂਚ ਕਰ ਰਹੀ ਸੀ.ਬੀ.ਆਈ. ਦੀ ਸ਼ਿਕਾਇਤ ਹੈ ਕਿ ਮੱਧ ਪ੍ਰਦੇਸ਼ ਪੁਲਿਸ ਉਸ ਨਾਲ ਸਹਿਯੋਗ ਨਹੀਂ ਕਰ ਰਹੀ। ਬਿਨ੍ਹਾਂ ਸ਼ੱਕ ਮੱਧ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕ ਵਰਗੇ ਸੂਬੇ, ਜਿਥੇ ਬੀਜੇਪੀ ਦੀਆਂ ਸਰਕਾਰਾਂ ਹਨ, ਆਰ.ਐਸ.ਐਸ. ਦੀਆਂ ਅੱਤਵਾਦੀ ਸਰਗਰਮੀਆਂ ਦੇ ਮੁੱਖ ਕੇਂਦਰਾਂ ਵਜੋਂ ਉਭਰ ਰਹੇ ਹਨ। ਪਰ ਇਨ੍ਹਾਂ ਦੇ ਇਲਾਵਾ ਮਹਾਂਰਾਸ਼ਟਰ ਅਤੇ ਯੂ.ਪੀ. ਵਿਚ ਵੀ ਆਰ.ਐਸ.ਐਸ. ਦੀਆਂ ਅੱਤਵਾਦੀ ਸਰਗਰਮੀਆਂ ਵਿਚ ਤੇਜ਼ੀ ਆ ਰਹੀ ਹੈ।

ਪਿੱਛੇ ਜਿਹੇ ‘ਆਊਟਲੁੱਕ’ ਰਸਾਲੇ ਵਿਚ ਪ੍ਰਕਾਸ਼ਿਤ ਇਕ ਲੇਖ ਵਿਚ ਦੱਸਿਆ ਗਿਆ ਸੀ ਕਿ ਸਰਕਾਰ, ਜਾਂਚ ਏਜੰਸੀਆਂ ਅਤੇ ਮੀਡੀਆ ਜਾਂ ਤਾਂ ਹਿੰਦੂ ਅੱਤਵਾਦ ਦੀਆਂ ਸਰਗਰਮੀਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਜਾਂ ਫਿਰ ਜਾਂਚ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਕਤ ਧਿਰਾਂ ਦੀ ਇਹ ਨੀਤੀ ਉਸ ਹਊਆ ਖੜਾ ਕਰਨ ਅਤੇ ਅਸਮਾਨ ਸਿਰ ’ਤੇ ਚੁੱਕ ਲੈਣ ਵਾਲੀ ਨੀਤੀ ਦੇ ਐਨ ਉਲਟ ਹੈ, ਜੋ ਕਿਸੇ ਮੁਸਲਮਾਨ ਜਾਂ ਸਿੱਖ ‘ਅੱਤਵਾਦੀ’ ਦੇ ਫੜੇ ਜਾਣ ’ਤੇ ਅੰਜਾਮ ਦਿੱਤੀ ਜਾਂਦੀ ਹੈ।

ਅੱਤਵਾਦ ਦੀ ਲਗਾਤਾਰ ਉੱਚੀ ਉਠਦੀ ਜਾ ਰਹੀ ਇਹ ਲਹਿਰ ਅਤੇ ਇਨ੍ਹਾਂ ਦੇ ਪਿੱਛੇ ਕੰਮ ਕਰ ਰਹੀਆਂ ਸਿਆਸੀ ਤਾਕਤਾਂ ਸਾਡੇ ਦੇਸ਼ ਵਾਸਤੇ ਇਕ ਵੱਡਾ ਖ਼ਤਰਾ ਹਨ। ਇਨ੍ਹਾਂ ਤਾਕਤਾਂ ਦਾ ਮਕਸਦ ਧਾਰਮਕ ਲੀਹਾਂ ’ਤੇ ਫਿਰਕਾਪ੍ਰਸਤੀ ਫੈਲਾਉਣਾ ਅਤੇ ਖੌਫ਼ ਤੇ ਅਫਰਾ-ਤਫਰੀ ਵਾਲਾ ਮਾਹੌਲ ਪੈਦਾ ਕਰਨਾ ਹੈ। ਇਹ ਸਾਡੇ ਦੇਸ਼ ਦੀ ਪ੍ਰਭੂਸੱਤਾ ਅਤੇ ਅੰਦਰੂਨੀ ਸੁਰੱਖਿਆ ਨੂੰ ਦਰਪੇਸ਼ ਇਕ ਸਪਸ਼ਟ ਤੇ ਨਿਸ਼ਚਿਤ ਖ਼ਤਰਾ ਹੈ। ਇਸ ਕਰਕੇ ਸਾਨੂੰ ਕਾਂਰਗਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਇਸ ਸਾਰੇ ਮਸਲੇ ’ਤੇ ਧਾਰੀ ਗਈ ਚੁੱਪੀ ਅਤੇ ਕੋਈ ਕਾਰਵਾਈ ਨਾ ਕਰਨ ਵਾਲੀ ਨੀਤੀ ਤੋਂ ਭਾਰੀ ਨਰਾਜ਼ਗੀ ਹੈ।

ਜਿਸ ਤਰ੍ਹਾਂ ਜਾਂਚ ਏਜੰਸੀਆਂ ਜਿਵੇਂ ਰਾੱ, ਆਈ.ਬੀ. ਅਤੇ ਪੁਲਿਸ ਜਾਂ ਤਾਂ ਇਸ ਸਮੱਸਿਆ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ ਜਾਂ ਫਿਰ ਦਿਖਾਵੇ ਦੀ ਜਾਂਚ ਕਰਕੇ ਅਸਲ ਦੋਸ਼ੀਆਂ ਨੂੰ ਕਾਨੂੰਨ ਦੇ ਸ਼ਿਕੰਜੇ ਤੋਂ ਬਚਣ ਦਾ ਮੌਕਾ ਦਿੰਦੇ ਹਨ, ਉਸ ਨਾਲ ਸਾਡੇ ਮਨਾਂ ਵਿਚ ਅਥਾਹ ਪੀੜਾ ਪੈਦਾ ਹੁੰਦੀ ਹੈ।

ਇਹ ਸਪਸ਼ਟ ਹੈ ਕਿ ਸੰਘ ਪਰਵਾਰ, ਜਿਸ ਵਿਚ ਆਰ.ਐਸ.ਐਸ., ਬੀਜੇਪੀ ਅਤੇ ਵਿਸ਼ਵ ਹਿੰਦੂ ਪਰਿਸ਼ਦ ਆਦਿਕ ਸਾਰੇ ਸੰਗਠਨ ਸ਼ਾਮਲ ਹਨ, ਦੇ ਸੀਨੀਅਰ ਆਗੂ ਅੱਤਵਾਦ ਫੈਲਾਏ ਜਾਣ ਦੀ ਇਸ ਸਾਜਿਸ਼ ਤੋਂ ਚੰਗੀ ਤਰ੍ਹਾਂ ਵਾਕਿਫ਼ ਸਨ। ਇਸ ਵਾਸਤੇ ਅਸੀਂ ਮੰਗ ਕਰਦੇ ਹਾਂ ਕਿ ਆਰ.ਐਸ.ਐਸ. ਅਧਾਰਿਤ ਅੱਤਵਾਦੀ ਨੈਟਵਰਕ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਏ ਅਤੇ ਇਸਨੂੰ ਦੋਸ਼ੀ ਪਾਉਂਦਿਆਂ ਹੀ ਇਸ ’ਤੇ ਹਮੇਸ਼ਾ ਵਾਸਤੇ ਪ੍ਰਤੀਬੰਧ ਲਗਾ ਦਿੱਤਾ ਜਾਵੇ ਕਿਉਂਕਿ ਆਰ.ਐਸ.ਐਸ. ਦੀ ਹੋਂਦ ਵੀ ਸਪਸ਼ਟ ਤੌਰ ’ਤੇ ਸਾਡੇ ਦੇਸ਼ ਵਾਸਤੇ ਬਹੁਤ ਵੱਡਾ ਖ਼ਤਰਾ ਹੈ। ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਭਾਰਤੀ ਸੰਵਿਧਾਨ ਅਤੇ ਸਾਡੇ ਰਾਸ਼ਟਰ ਦੀ ਪ੍ਰਭੂਸੱਤਾ ਨੂੰ ਬਚਾਉਣ ਲਈ ਆਪਣੇ ਵੱਲੋਂ ਚੁੱਕੀ ਗਈ ਸਹੁੰ ਦੀ ਪਾਲਨਾ ਕਰੇ ਅਤੇ ਹਿੰਦੂ ਅੱਤਵਾਦ ਤੋਂ ਭਾਰਤ ਨੂੰ ਬਚਾਏ।

ਫਾਸਿਸਟਵਾਦ, ਫਿਰਕਾਪ੍ਰਸਤੀ ਅਤੇ ਅੱਤਵਾਦ ਦੇ ਖਿਲਾਫ਼ ਭਾਰਤੀ ਲੋਕਾਂ ਦੀ ਲੜਾਈ ਦੇ ਸਮਰਥਕ
ਭਾਰਤ ਬਚਾਓ ਅੰਦੋਲਨ ਦੇ ਕਾਰਕੁੰਨ

- - - - -

ਸੰਪਾਦਕੀ ਟਿੱਪਣੀ : ਭਾਰਤ ਵਿਚ ਕਾਨੂੰਨ ਸਿਰਫ਼ ਸਿੱਖਾਂ, ਮੁਸਲਮਾਨਾਂ ਤੇ ਦਲਿਤਾਂ ਆਦਿ ਘੱਟ-ਗਿਣਤੀ ਜਾਂ ਕਮਜ਼ੋਰ ਵਰਗਾਂ ਨੂੰ ਉਨ੍ਹਾਂ ਦੀ ਹੈਸੀਅਤ ਮੁਤਾਬਿਕ ਦਬਾ ਕੇ ਰੱਖਣ ਲਈ ਬਣਾਏ ਜਾਂਦੇ ਹਨ - ਬ੍ਰਾਹਮਣਵਾਦੀਆਂ ’ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਇਸਲਈ ਜੇਕਰ ਸਿੱਖ ਜਾਂ ਮੁਸਲਮਾਨ ਆਪਣੇ ਨਾਲ ਹੁੰਦੀ ਬੇਇਨਸਾਫ਼ੀ ਪ੍ਰਤੀ ਵਿਰੋਧ ਵੀ ਜਤਾ ਦੇਣ ਤਾਂ ਉਨ੍ਹਾਂ ਨੂੰ ਵੱਖਵਾਦੀ ਤੇ ਅੱਤਵਾਦੀ ਦਾ ਗਰਦਾਨ ਦਿੱਤਾ ਜਾਂਦਾ ਹੈ ਜਦਕਿ ਬ੍ਰਾਹਮਣਵਾਦੀ ਅੱਤਵਾਦੀ ਸੰਗਠਨਾਂ ਭਾਵੇਂ ਰੇਲਗੱਡੀਆਂ ਵਿਚ, ਭਾਵੇਂ ਮਸਜਿਦਾਂ ਤੇ ਭਾਵੇਂ ਹੋਰ ਜਨਤੱਕ ਥਾਵਾਂ ’ਤੇ ਬੰਬ ਧਮਾਕੇ ਕਰਦੇ ਰਹਿਣ, ਨਾ ਤਾਂ ਮੀਡੀਆ ‘‘ਦੇਸ਼ ਨੂੰ ਖ਼ਤਰਾ’’ ਵਾਲਾ ਰਾਗ ਅਪਣਾਉਂਦਾ ਹੈ ਅਤੇ ਨਾ ਹੀ ਪੁਲਿਸ ਜਾਂ ਹੋਰ ਸੁਰੱਖਿਆ ਏਜੰਸੀਆਂ ਹਿੰਦੂ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਵਿਚ ਸਿੱਖਾਂ ਜਾਂ ਮੁਸਲਮਾਨਾਂ ਦੀ ਗ੍ਰਿਫ਼ਤਾਰੀ ਵੇਲੇ ਦਿਖਾਈ ਜਾਂਦੀ ਫੁਰਤੀ ਦੀ 10 ਫੀ ਸਦੀ ਸਰਗਰਮੀ ਵੀ ਦਿਖਾਉਂਦੀਆਂ ਹਨ। ਇਸਲਈ ਬ੍ਰਾਹਮਣਵਾਦੀ ਅੱਤਵਾਦੀ ਆਮ ਤੌਰ ’ਤੇ ਬੜੇ ਨਿਸ਼ਚਿੰਤ ਰਹਿੰਦੇ ਹਨ ਪਰ ਕਦੇ-ਕਦਾਈਂ ਆਪਣਾ ਪਾਜ ਉਘੜ ਜਾਣ ’ਤੇ ਤੁਰੰਤ ਬੌਖਲਾ ਵੀ ਜਾਂਦੇ ਹਨ ਕਿ ਉਨ੍ਹਾਂ ਦੇ ਪੱਖ ਵਿਚ ਚਲਦੀ ਵਿਵਸਥਾ ਨੂੰ ਭੰਗ ਕਰਨ ਦੀ ਜ਼ੁਰਅਤ ਕਿਸਨੇ ਕਰ ਦਿੱਤੀ ਹੈ। ਹੈਡਲਾਈਨਜ਼ ਟੂਡੇ ਦੇ ਦਫ਼ਤਰ ’ਤੇ ਕੀਤੇ ਗਏ ਹਮਲੇ ਪਿਛੇ ਵੀ ਇਹੀ ਬੌਖਲਾਹਟ ਕੰਮ ਕਰਦੀ ਨਜ਼ਰ ਆਉਂਦੀ ਹੈ।