

ਅਖੌਤੀ ‘ਅਜ਼ਾਦ’ ਭਾਰਤ ਦੀਆਂ ਸਮੂਹ ਸਮੱਸਿਆਵਾਂ ਲਈ ਬ੍ਰਾਹਮਣਵਾਦ ਹੀ ਜ਼ਿੰਮੇਵਾਰ ਹੈ
- ਸਰਬਜੀਤ ਸਿੰਘ -
ਭਾਰਤ ਨੂੰ ਅੰਗਰੇਜ਼ੀ ਰਾਜ ਤੋਂ ਮੁਕਤੀ ਮਿਲਿਆਂ 63 ਸਾਲ ਹੋਣ ਵਾਲੇ ਹਨ। ਅੰਗਰੇਜ਼ਾਂ ਵੱਲੋਂ ਭਾਰਤੀ ਸਰਕਾਰ ਦਾ ਪ੍ਰਬੰਧ ਪੰਡਤ ਜਵਾਹਰ ਲਾਲ ਨਹਿਰੂ ਅਤੇ ਹੋਰ ਕਾਂਗਰਸੀਆਂ ਨੂੰ ਸੌਂਪ ਦੇਣ ਦੀ ਕਵਾਇਦ ਨੂੰ, ਇਤਿਹਾਸ ਦੀਆਂ ਸਰਕਾਰੀ ਪੁਸਤਕਾਂ ਮੁਤਾਬਿਕ, ‘ਅਜ਼ਾਦੀ’ ਦਾ ਨਾਮ ਦਿੱਤਾ ਜਾਂਦਾ ਹੈ। ਪਰ ਸੱਚ ਇਹੀ ਹੈ ਕਿ ਭਾਰਤ ਦੀ ਸੱਤਾ ਬ੍ਰਾਹਮਣਾਂ ਦੇ ਹੱਥ ਆਉਣ ਨਾਲ ਭਾਰਤ ਦੇ ਬਹੁਜਨਾਂ (ਮੁਸਲਮਾਨ, ਸਿੱਖ, ਇਸਾਈ, ਬੋਧੀ, ਜੈਨੀ ਅਤੇ ਦਲਿਤ) ਨੂੰ ਕਿਸੇ ਕਿਸਮ ਦੀ ਅਜ਼ਾਦੀ ਨਸੀਬ ਨਹੀਂ ਹੋਈ - ਇਹ ਸਾਰੇ ਵਰਗ ਅੱਜ ਵੀ ਭਾਰਤੀ ਸਰਕਾਰ ਅਤੇ ਪ੍ਰਸ਼ਾਸਨ ’ਤੇ ਕਾਬਿਜ਼ ਬ੍ਰਾਹਮਣਵਾਦੀਆਂ ਦੀਆਂ ਫਿਰਕੂ ਨੀਤੀਆਂ ਕਾਰਨ ਆਰਥਕ, ਸਮਾਜਕ ਅਤੇ ਸਿਆਸੀ ਸ਼ੋਸ਼ਣ ਦੇ ਸ਼ਿਕਾਰ ਹਨ।
ਫਿਰ ਵੀ, ਜੇਕਰ ਬ੍ਰਾਹਮਣਵਾਦੀਆਂ ਦੀ ਗੱਲ ਨੂੰ ਸਹੀ ਸਮਝਦਿਆਂ ਇਹ ਮੰਨ ਹੀ ਲਿਆ ਜਾਏ ਕਿ ਭਾਰਤ ‘ਅਜ਼ਾਦ’ ਹੋ ਚੁੱਕਾ ਹੈ ਤਾਂ ਸਵਾਲ ਉੱਠਦੇ ਹਨ ਕਿ ਇਸ ਕਥਿਤ ਅਜ਼ਾਦੀ ਦੇ 60 ਸਾਲਾਂ ਬਾਅਦ ਦੇਸ਼ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ; ਆਪਣੇ ਨਾਲ ਹੀ ਅਜ਼ਾਦ ਹੋਣ ਵਾਲੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਜਨਤਾ ਦੀ ਆਰਥਕ ਤੇ ਸਮਾਜਕ ਸਥਿਤੀ ਕਿਹੋ ਜਿਹੀ ਹੈ; ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ‘ਅਜ਼ਾਦ’ ਸਰਕਾਰ ਦੇ ਆਗੂ ਕਿੰਨੇ ਕੁ ਸਰਗਰਮ ਹਨ ਆਦਿਕ। ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਭਾਰਤ ਦਾ ਵਸਨੀਕ ਇਕ ਛੋਟਾ ਜਿਹਾ ਬੱਚਾ ਵੀ ਦੇ ਸਕਦਾ ਹੈ - ਅਜ਼ਾਦੀ ਤੋਂ ਬਾਅਦ ਤੋਂ ਹੁਣ ਤੱਕ ਭਾਰਤ ਵਿਕਾਸ ਦੀ ਥਾਂ ਬਰਬਾਦੀ ਵੱਲ ਹੀ ਵਧਿਆ ਹੈ। ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਹੀ ਅਬਾਦੀ, ਸਰਕਾਰੀ ਅਦਾਰਿਆਂ ਵਿੱਚ ਵਿਆਪਕ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ, ਤਕਨੀਕ ਅਤੇ ਵਿਗਿਆਨ ਦੇ ਖੇਤਰਾਂ ਵਿੱਚ ਪਿਛੜਾਪਨ, ਬਿਜਲੀ-ਪਾਣੀ-ਸੜਕਾਂ ਜਿਹੀ ਮੂਲਭੂਤ ਸੁਵਿਧਾਵਾਂ ਦੀ ਕਮੀ, ਨਿੱਤ ਦਿਨ ਹੁੰਦੇ ਫਿਰਕੂ ਦੰਗੇ-ਫਸਾਦ, ਨਕਸਲਵਾਦ ਅਤੇ ਕਥਿਤ ਅੱਤਵਾਦ ਆਦਿ ਸਮੱਸਿਆਵਾਂ ਕਾਰਨ ਭਾਰਤੀ ਜਨਤਾ ਦਾ ਵੱਡਾ ਹਿੱਸਾ ਆਪਣੇ ਦੇਸ਼ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਤੋਂ ਗੰਭੀਰ ਰੂਪ ਵਿੱਚ ਖਫ਼ਾ ਹੈ। (ਇਸਲਈ ਜਿਸ ਕਿਸੇ ਨੂੰ ਮੌਕਾ ਮਿਲਦਾ ਹੈ, ਉਹ ਤੁਰੰਤ ਦੂਜੇ ਦੇਸ਼ਾਂ ਵਿੱਚ ਪਨਾਹ ਜਾਂ ਉਨ੍ਹਾਂ ਦੀ ਨਾਗਰਿਕਤਾ ਲੈ ਲੈਂਦਾ ਹੈ)। ਦੂਜੇ ਪਾਸੇ, ਭਾਰਤ ਦੇ ਨਾਲ ਹੀ ਅਜ਼ਾਦ ਹੋਇਆ ਗੁਆਂਢੀ ਮੁਲਕ ਚੀਨ ਤਰੱਕੀ ਕਰਦਾ ਹੋਇਆ ਦੁਨੀਆ ਦਾ ਦੂਜਾ ਸਭ ਤੋਂ ਤਾਕਤਵਰ ਮੁਲਕ ਬਣ ਗਿਆ ਹੈ ਅਤੇ ਅਮਰੀਕਾ ਜਿਹੇ ਹੈਂਕੜਬਾਜ਼ ਮੁਲਕ ਨੂੰ ਵੀ ਅੱਖਾਂ ਦਿਖਾ ਰਿਹਾ ਹੈ। ਇਸਲਈ ਕਥਿਤ ਅਜ਼ਾਦੀ ਦੀ ਵਰ੍ਹੇਗੰਢ ਮੌਕੇ ਹਰ ਭਾਰਤਵਾਸੀ ਨੂੰ ਇਹ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ ਕਿ ਭਾਰਤ ਵਿੱਚ ਵਿਆਪਕ ਸਮੱਸਿਆਵਾਂ ਲਈ ਕੌਣ ਜ਼ਿੰਮੇਵਾਰ ਹੈ। ਇਸਲਈ ਹੱਥਲੇ ਲੇਖ ਵਿੱਚ ਅਸੀਂ ਭਾਰਤ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਕਾਰਨਾਂ ਬਾਰੇ ਸੰਖੇਪ ਚਰਚਾ ਕਰਾਂਗੇ।
ਭਾਰਤ ਵਿੱਚ ਇਕ ਵੱਡੀ ਸਮੱਸਿਆ ਭ੍ਰਿਸ਼ਟਾਚਾਰ ਦੀ ਹੈ। ਕੇਂਦਰੀ ਜਾਂ ਰਾਜ ਸਰਕਾਰਾਂ ਦਾ ਕੋਈ ਵੀ ਵਿਭਾਗ ਹੋਵੇ, ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਆਪਣੇ ਵਿਭਾਗ ਨੂੰ ਨੁਕਸਾਨ ਪਹੁੰਚਾ ਕੇ ਨਿਜੀ ਲਾਭ ਉਠਾਇਆ ਜਾਂਦਾ ਹੈ। ਮਿਸਾਲ ਵਜੋਂ, ਬਿਜਲੀ ਬੋਰਡ ਦੇ ਕਰਮਚਾਰੀ ਜਦ ਘਰਾਂ ਵਿੱਚ ਮੀਟਰ ਦੀ ਰੀਡਿੰਗ ਕਰਨ ਜਾਂਦੇ ਹਨ ਤਾਂ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਕਿ ਜੇਕਰ ਉਹ ਚਾਹੁਣ ਤਾਂ ਆਪਣੇ ਮੀਟਰ ਵਿੱਚ ‘ਐਡਜਸਟਮੈਂਟ’ ਕਰਵਾ ਸਕਦੇ ਹਨ, ਜਿਸ ਨਾਲ ਉਨ੍ਹਾਂ ਦਾ ਬਿੱਲ ਘੱਟ ਆਏਗਾ। ਜੇਕਰ ਕੋਈ ਵਿਅਕਤੀ ਪਹਿਲਾਂ ਹੀ ਬਿਜਲੀ ਚੋਰੀ ਕਰਦਾ ਫੜਿਆ ਜਾਵੇ ਤਾਂ ਵੀ ਆਮ ਤੌਰ ’ਤੇ ਉਸ ਉੱਪਰ ਬਣਦਾ ਜ਼ੁਰਮਾਨਾ ਕਰਨ ਦੀ ਬਜਾਏ, ਦੋਸ਼ੀ ਵਿਅਕਤੀ ਕੋਲੋਂ ਰਿਸ਼ਵਤ ਲੈਕੇ ਨਾਂ-ਮਾਤਰ ਜਾਂ ਬਿਲਕੁਲ ਵੀ ਜ਼ੁਰਮਾਨਾ ਨਹੀਂ ਕੀਤਾ ਜਾਂਦਾ। ਨਤੀਜਾ ਇਹ ਨਿਕਲਦਾ ਹੈ ਕਿ ਬੇਈਮਾਨੀ ਕਰਨ ਵਾਲੇ ਲੋਕ ਲੋੜ ਤੋਂ ਵੱਧ ਬਿਜਲੀ ਦੀ ਵਰਤੋਂ ਕਰਦੇ ਹਨ, ਜਿਸ ਕਰਕੇ ਬਿਜਲੀ ਦੀ ਘਾਟ ਪੈਦਾ ਹੁੰਦੀ ਹੈ ਅਤੇ ਸਾਰੀ ਜਨਤਾ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ।
ਇਹੀ ਕੁਝ ਸ਼ਹਿਰਾਂ ਦੀਆਂ ਮਿਊਂਸਪਲ ਕਾਰਪੋਰੇਸ਼ਨਾਂ ਦੇ ਕਰਮਚਾਰੀ ਕਰਦੇ ਹਨ। ਉਹ ਮਕਾਨ ਦੀ ਉਸਾਰੀ ਕਰਨ ਵਾਲੇ ਲੋਕਾਂ ਤੋਂ ਰਿਸ਼ਵਤਾਂ ਖਾ ਕੇ, ਉਨ੍ਹਾਂ ਦੇ ਗਲਤ ਕਿਸਮ ਦੇ ਨਕਸ਼ਿਆਂ ਨੂੰ ਮਾਨਤਾ ਦੇ ਦਿੰਦੇ ਹਨ, ਜਿਸ ਨਾਲ ਨਾ ਸਿਰਫ਼ ਮਕਾਨ ਉਸਾਰੀ ਦੇ ਕਾਨੂੰਨਾਂ ਦੀ ਉਲੰਘਣਾ ਹੁੰਦੀ ਹੈ ਬਲਕਿ ਸ਼ਹਿਰਾਂ ਦੇ ਸੰਸਾਧਨਾਂ ’ਤੇ ਬੋਝ ਪੈਂਦਾ ਹੈ। ਭ੍ਰਿਸ਼ਟ ਅਧਿਕਾਰੀਆਂ ਦੀ ਸ਼ਹਿ ਕਾਰਨ ਹੀ ਲੋਕ ਆਪਣੇ ਮਕਾਨਾਂ ਦਾ ਘੇਰਾ ਵਧਾ ਕੇ ਗਲੀਆਂਸੜਕਾਂ-ਪਟੜੀਆਂ ’ਤੇ ਉਸਾਰੀਆਂ ਕਰ ਲੈਂਦੇ ਹਨ, ਜਿਸ ਨਾਲ ਟ੍ਰੈਫ਼ਿਕ ਅਤੇ ਪੈਦਲ ਆਣ-ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰਾਂ ਵਿੱਚ ਸਾਫ਼ ਪਾਣੀ ਮੁਹੱਈਆ ਕਰਵਾਉਣਾ ਵੀ ਕਾਰਪੋਰੇਸ਼ਨ ਦਾ ਫਰਜ਼ ਹੁੰਦਾ ਹੈ ਪਰ ਭ੍ਰਿਸ਼ਟਾਚਾਰ ਕਾਰਨ ਜਲ ਵਿਭਾਗ ਏਨਾ ਨਿਕੰਮਾ ਹੋ ਜਾਂਦਾ ਹੈ ਕਿ ਲੱਖਾਂ ਸ਼ਿਕਾਇਤਾਂ ਦੇ ਬਾਵਜੂਦ ਆਮ ਲੋਕਾਂ ਦੀਆਂ ਕਲੋਨੀਆਂ ਵਿੱਚ ਸਾਫ਼ ਪਾਣੀ ਉਪਲਬਧ ਨਹੀਂ ਹੁੰਦਾ (ਅਤੇ ਲੋਕਾਂ ਨੂੰ ਵਾਟਰ ਫਿਲਟਰ ਆਦਿਕ ਲਗਾ ਕੇ ਆਪਣਾ ਕੰਮ ਚਲਾਉਣਾ ਪੈਂਦਾ ਹੈ)। ਕਾਰਪੋਰੇਸ਼ਨਾਂ ਵਿੱਚ ਵਿਆਪਤ ਭ੍ਰਿਸ਼ਟਾਚਾਰ ਕਾਰਨ, ਟੈਂਡਰ ਪ੍ਰਾਪਤ ਕਰਨ ਲਈ ਠੇਕੇਦਾਰਾਂ ਨੂੰ ਮੋਟੀਆਂ ਰਿਸ਼ਵਤਾਂ ਦੇਣੀਆਂ ਪੈਂਦੀਆਂ ਹਨ, ਜਿਸ ਕਰਕੇ ਉਹ ਸੜਕਾਂ ਅਤੇ ਨਾਲੀਆਂ ਆਦਿਕ ਦੀ ਉਸਾਰੀ ਲਈ ਏਨੀ ਘਟੀਆ ਸਮੱਗਰੀ ਦਾ ਉਪਯੋਗ ਕਰਦੇ ਹਨ ਕਿ ਇਕ ਬਾਰਿਸ਼ ਪੈਂਦਿਆਂ ਹੀ ਸੜਕਾਂ ਵਿੱਚ ਵੱਡੇ-ਵੱਡੇ ਟੋਏ ਬਣ ਜਾਂਦੇ ਹਨ ਅਤੇ ਟ੍ਰੈਫ਼ਿਕ ਲੰਘਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਕੁਝ ਅਜਿਹਾ ਹੀ ਹਾਲ ਪੁਲਿਸ ਵਿਭਾਗ ਦਾ ਹੈ। ਪੁਲਿਸ ਅਧਿਕਾਰੀ ਅਮੀਰ ਅਤੇ ਸਿਆਸੀ ਰਸੂਖ ਵਾਲੇ ਲੋਕਾਂ ਤੋਂ ਰਿਸ਼ਵਤਾਂ ਖਾ ਕੇ, ਉਨ੍ਹਾਂ ਦੇ ਹਰ ਅਪਰਾਧ ਨੂੰ ਅੱਖੋਂ ਓਹਲੇ ਕਰ ਦਿੰਦੇ ਹਨ। ਜੇਕਰ ਸਬੰਧਿਤ ਵਿਅਕਤੀ ਹਿੰਦੂਆਂ ਦੀ ਕਿਸੇ ਉੱਚ ਜਾਤੀ ਨਾਲ ਸਬੰਧਿਤ ਹੋਵੇ, ਉਸ ਕੋਲ ਚੰਗਾ-ਚੋਖਾ ਪੈਸਾ ਹੋਵੇ ਅਤੇ ਦੇਸ਼ ਦੀ ਕਿਸੇ ਵੱਡੀ ਸਿਆਸੀ ਪਾਰਟੀ ਦੇ ਆਗੂਆਂ ਨਾਲ ਸਬੰਧ ਹੋਣ ਤਾਂ ਉਹ ਗੁੰਡਾਗਰਦੀ, ਕਤਲ, ਠੱਗੀ, ਬਲਾਤਕਾਰ ਆਦਿਕ ਗੰਭੀਰ ਅਪਰਾਧ ਕਰਕੇ ਵੀ ਕਾਨੂੰਨ ਦੇ ਸ਼ਿਕੰਜਿਆਂ ਤੋਂ ਬਚਿਆ ਰਹਿ ਸਕਦਾ ਹੈ। ਪਰ ਜਿਹੜਾ ਸ਼ਰੀਫ਼ ਅਤੇ ਆਰਥਿਤ ਪੱਖੋਂ ਕਮਜ਼ੋਰ ਵਿਅਕਤੀ ਕਿਸੇ ਕਾਰਨ ਪੁਲਿਸ ਦੇ ਅੜਿੱਕੇ ਆ ਜਾਏ, ਉਸ ਦੀ ਚੰਗੀ ਭੁਗਤ ਸਵਾਰੀ ਜਾਂਦੀ ਹੈ। ਜੇ ਤਾਂ ਪੀੜਤ ਵਿਅਕਤੀ ਕਿਸੇ ਤਰ੍ਹਾਂ ਪੁਲਿਸ ਅਧਿਕਾਰੀਆਂ ਦੀ ਮੁੱਠੀ ਗਰਮ ਕਰ ਦੇਵੇ ਤਾਂ ਉਸ ਖਿਲਾਫ਼ ਨਰਮ ਧਾਰਾਵਾਂ ਦਾ ਮੁਕੱਦਮਾ ਦਰਜ ਕੀਤਾ ਹੈ; ਨਹੀਂ ਤਾਂ ਕਈ ਪਿਛਲੇ ਅਣਸੁਲਝੇ ਮਾਮਲਿਆਂ ਵਿੱਚ ਵੀ ਉਸੇ ਨੂੰ ਹੀ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ।
ਪੁਲਿਸ ਵਿਭਾਗ ਤਾਂ ਆਪਣੇ ਭ੍ਰਿਸ਼ਟਾਚਾਰ ਲਈ ਚਰਚਿਤ ਰਹਿੰਦਾ ਹੀ ਸੀ ਪਰ ਹੁਣ ਭਾਰਤੀ ਫੌਜ ਦੇ ਵੱਖ-ਵੱਖ ਹਿੱਸੇ ਵੀ ਭ੍ਰਿਸ਼ਟਾਚਾਰ ਨਾਲ ਲਿਪਤ ਹੋ ਗਏ ਹਨ। ਸੀਮਾ ਤੇ ਤਾਇਨਾਤ ਸੈਨਿਕਾਂ ਦੇ ਵਾਹਨਾਂ ਲਈ ਭੇਜੇ ਜਾਣ ਵਾਲੇ ਪੈਟਰੋਲ ਦੇ ਵੱਡੇ ਹਿੱਸੇ ਨੂੰ ਫੌਜ ਅਧਿਕਾਰੀਆਂ ਵੱਲੋਂ ਨਿਜੀ ਵਪਾਰੀਆਂ ਨੂੰ ਵੇਚੇ ਜਾਣ ਦੀਆਂ ਰਿਪੋਰਟਾਂ ਨੂੰ ਚੈਨਲਾਂ ਦੀਆਂ ਸੁਰਖੀਆਂ ਬਣੇ ਹਾਲਾਂ ਜ਼ਿਆਦਾ ਸਮਾਂ ਨਹੀਂ ਹੋਇਆ। ਫੌਜ ਦੇ ਹਸਪਤਾਲਾਂ ਦੇ ਕਮਰਚਾਰੀਆਂ ਵੱਲੋਂ ਮਹੰਗੀਆਂ ਦਵਾਈਆਂ ਨੂੰ ਖੁਲ੍ਹੇ ਬਜ਼ਾਰ ਵਿੱਚ ਪਹੁੰਚਾ ਦੇਣਾ ਵੀ ਆਮ ਗੱਲ ਹੈ। ਫੌਜ ’ਤੇ ਨਿਯੰਤਰਨ ਕਰਨ ਵਾਲੇ ਸੁਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਤਾਂ ਕਾਰਗਿਲ ਲੜਾਈ ਦੌਰਾਨ ਮਾਰੇ ਗਏ ਫੌਜੀਆਂ ਦੇ ਸਸਕਾਰ ਲਈ ਖਰੀਦੇ ਗਏ ਕਫ਼ਨਾਂ ਦੀ ਰਕਮ ਵਿੱਚੋਂ ਵੀ ਕਮਿਸ਼ਨ ਖਾਧਾ ਸੀ। ਇਹੀ ਨਹੀਂ, ਮਰਹੂਮ ਭਾਰਤੀ ਪ੍ਰਧਾਨ ਮੰਤਰੀ ਰਜੀਵ ਗਾਂਧੀ ਉੱਤੇ ਆਪਣੇ ਸ਼ਾਸਨ ਕਾਲ ਦੌਰਾਨ ਖਰੀਦੀਆਂ ਗਈਆਂ ਬੋਫ਼ੋਰਜ਼ ਤੋਪਾਂ ਦੇ ਸੌਦੇ ਵਿੱਚ ਕਮਿਸ਼ਨ ਖਾਣ ਦਾ ਮਾਮਲਾ ਤਾਂ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ।
ਇਹ ਸਭ ਮਿਸਾਲਾਂ ਦੇਣ ਦਾ ਮੰਤਵ ਸਿਰਫ਼ ਇਹ ਜ਼ਾਹਿਰ ਕਰਨਾ ਹੈ ਕਿ ਜਿਸ ਦੇਸ਼ ਨੂੰ ਸਾਡੇ ਨੇਤਾ ‘ਦੁਨੀਆ ਦਾ ਸਭ ਤੋਂ ਮਹਾਨ ਦੇਸ਼’ ਦੱਸਦੇ ਹਨ, ਉਸਦੀ ਸਰਕਾਰ ਅਤੇ ਪ੍ਰਸ਼ਾਸਨ ਦਾ ਹਰ ਵਰਗ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਲਿਪਤ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਦੁਨੀਆ ਦੇ ਹੋਰ ਬਹੁਤ ਸਾਰੇ ਮੁਲਕਾਂ ਦੀ ਬਜਾਏ ਭਾਰਤ ਵਿੱਚ ਹੀ ਭ੍ਰਿਸ਼ਟਾਚਾਰ ਵਧੇਰੇ ਕਿਉਂ ਹੈ। ਇਸਦਾ ਕਾਰਨ ਇਹ ਹੈ ਕਿ ਭਾਰਤੀ ਸਮਾਜ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਬ੍ਰਾਹਮਣਵਾਦ ਪੂਰੀ ਤਰ੍ਹਾਂ ਰਚ-ਮਿਚ ਚੁੱਕਾ ਹੈ ਅਤੇ ਉਹ ਭਾਰੀ ਜ਼ਿੰਮੇਵਾਰੀ ਵਾਲੇ ਅਹੁਦਿਆਂ ’ਤੇ ਬੈਠ ਕੇ ਵੀ ਉਸੇ ਬ੍ਰਾਹਮਣਵਾਦੀ ਫਲਸਫ਼ੇ ਨੂੰ ਹੀ ਅਪਣਾਉਂਦੇ ਹਨ, ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ‘ਭਗਵਾਨ’ ਰਾਮ ਨੇ ਆਪਣੇ ਮਕਸਦ ਦੀ ਪੂਰਤੀ ਵਾਸਤੇ ਛੁਪ ਕੇ ਰਾਜਾ ਬਾਲੀ ਨੂੰ ਕਤਲ ਕੀਤਾ ਜਾਂ ਕ੍ਰਿਸ਼ਨ ਨੇ ਧੋਖੇ ਨਾਲ ਦਰੋਣਾਚਾਰਿਆ ਨੂੰ ਜੰਗ ਤੋਂ ਬਾਹਰ ਕਰਵਾਇਆ। ਹਿੰਦੂ ਮਿਥਿਹਾਸ ਵਿੱਚ ਇਸ ਤਰ੍ਹਾਂ ਦੀਆਂ ਹਜ਼ਾਰਾਂ ਕਹਾਣੀਆਂ ਪ੍ਰਚਲਿਤ ਹਨ, ਜਿਨ੍ਹਾਂ ਨੂੰ ਸੁਣ-ਸੁਣ ਕੇ ਚੰਗੇ ਭਲੇ ਵਿਅਕਤੀ ਦੇ ਮਨ ਵਿੱਚ ਮੱਕਾਰੀ ਵਾਲੀ ਭਾਵਨਾ ਪੈਦਾ ਹੋ ਜਾਂਦੀ ਹੈ। ਹਿੰਦੂਆਂ ਦੇ ਧਾਰਮਕ ਗ੍ਰੰਥਾਂ ਵੱਲੋਂ ਮੱਕਾਰੀ ਨੂੰ ਜਾਇਜ਼ ਠਹਿਰਾਉਣ ਕਰਕੇ ਲੋਕ ਅਜਿਹੇ ਮਾੜੇ ਕਾਰੇ ਕਰਕੇ ਸ਼ਰਮਿੰਦਾ ਵੀ ਨਹੀਂ ਹੁੰਦੇ (ਨੋਟ : ਗੁਰੂ ਨਾਨਕ ਸਾਹਿਬ ਨੇ ‘ਹਕੁ ਪਰਾਇਆ ਨਾਨਕਾ ਉਸ ਸੂਅਰੁ ਉਸ ਗਾਇ’ ਦਾ ਨਾਅਰਾ ਜ਼ਰੂਰ ਮਾਰਿਆ ਸੀ ਪਰ ਗੁਰੂ ਸਾਹਿਬ ਦੇ ਉਪਦੇਸ਼ ਤਾਂ ਕਦੇ ਸਿੱਖਾਂ ਨੇ ਨਹੀਂ ਵਿਚਾਰੇ - ਬਾਕੀ ਭਾਰਤਵਾਸੀਆਂ ਨੇ ਤਾਂ ਇਨ੍ਹਾਂ ਤੋਂ ਕੀ ਪ੍ਰੇਰਣਾ ਲੈਣੀ ਹੈ)।
ਇਹੀ ਕਾਰਨ ਹੈ ਕਿ ਭਾਰਤ ਵਿੱਚ ਭ੍ਰਿਸ਼ਟਾਚਾਰ ਏਨਾ ਫੈਲ ਗਿਆ ਹੈ ਕਿ ਲੋਕਾਂ ਨੇ ਇਸਨੂੰ ਜ਼ਿੰਦਗੀ ਦਾ ਲਾਜ਼ਮੀ ਹਿੱਸਾ ਮੰਨ ਲਿਆ ਹੈ। ਹੁਣ ਜੇਕਰ ਕਿਸੇ ਵਿਅਕਤੀ ਤੋਂ ਕੋਈ ਸਰਕਾਰੀ ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸਨੂੰ ਕੋਈ ਹੈਰਾਨੀ ਜਾਂ ਰੋਹ ਪ੍ਰਤੀਤ ਨਹੀਂ ਹੁੰਦਾ ਬਲਕਿ ਉਹ ਰਿਸ਼ਵਤ ਦੀ ਰਕਮ ਘੱਟ ਕਰਨ ਲਈ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ !! ਇਹ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਬ੍ਰਾਹਮਣਵਾਦ ਦੇ ਪ੍ਰਭਾਵ ਕਾਰਨ ਏਥੇ ਭ੍ਰਿਸ਼ਟਾਚਾਰ ਨੂੰ ਲੋਕਾਂ ਸਮਾਜਕ ਮਾਨਤਾ ਮਿਲ ਗਈ ਹੈ। ਅਜਿਹੇ ਵਿੱਚ ਜੇਕਰ ਦੇਸ਼ ਹਰ ਪੱਖੋਂ ਬਰਬਾਦੀ ਦੇ ਕੰਢੇ ਨਾ ਹੋਵੇ ਤਾਂ ਹੋਰ ਹੋ ਵੀ ਕੀ ਹੋ ਸਕਦਾ ਹੈ। ਚਾਹੀਦਾ ਤਾਂ ਇਹ ਸੀ ਕਿ ਦੇਸ਼ ਦੀ ਅਜ਼ਾਦੀ ਦਾ ਲਾਭ ਉਠਾ ਕੇ, ਸਮੁੱਚੀ ਜਨਤਾ ਨੂੰ ਸਿੱਖਿਅਤ ਅਤੇ ਜਾਗਰੁਕ ਕੀਤਾ ਜਾਂਦਾ ਪਰ ਭਾਰਤੀ ਸੱਤਾ ’ਤੇ ਕਾਬਿਜ਼ ਬ੍ਰਾਹਮਣਵਾਦੀਆਂ ਨੇ ਆਪਣੀ ਫਿਤਰਤ ਮੁਤਾਬਿਕ ਸਰਕਾਰਾਂ ਰਾਹੀਂ ਖ਼ੁਦਭ੍ਰਿਸ਼ਟਾਚਾਰ ਫੈਲਾਉਣ ਵਿੱਚ ਮਗਨ ਹੋ ਗਏ - ਆਮ ਲੋਕਾਂ ਨੂੰ ਇਮਾਨਦਾਰੀ ਵੱਲ ਕਿਸਨੇ ਪ੍ਰੇਰਨਾ ਸੀ?
ਭਾਰਤ ਦੀ ਇਕ ਹੋਰ ਵੱਡੀ ਸਮੱਸਿਆ ਵਿਗਿਆਨਕ ਅਤੇ ਤਕਨੀਕੀ ਖੇਤਰ ਵਿੱਚ ਪਿਛੜੇਪਨ ਦੀ ਹੈ। ਮੌਜੂਦਾ ਸਮੇਂ ਵਿੱਚ ਭਾਰਤੀ ਸਰਕਾਰ ਉਦਯੋਗੀਕਰਨ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਤਾਂ ਕਰ ਰਹੀ ਹੈ ਪਰ ਭਾਰਤੀ ਸਮਾਜ ’ਤੇ ਕਾਬਿਜ਼ ਬ੍ਰਾਹਮਣਵਾਦੀਆਂ ਨੇ ਕਈ ਸਦੀਆਂ ਤੱਕ ਭਾਰਤ ਦੇ ਲੋਕਾਂ ਨੂੰ ਤਕਨੀਕੀ ਖੇਤਰ ਵਿੱਚ ਖੋਜ ਕਰਨ ਤੋਂ ਰੋਕੀ ਰੱਖਿਆ। ਉਨ੍ਹਾਂ ਦਾ ਕਹਿਣਾ ਸੀ ਕਿ ਵਿਦਿਆ ਪੜ੍ਹਨ ਦਾ ਅਧਿਕਾਰ ਸਿਰਫ਼ ਬ੍ਰਾਹਮਣਾਂ ਨੂੰ ਹੈ। ਨਤੀਜੇ ਵਜੋਂ, ਭਾਰਤ ਦੇ ਲੋਕ ਤਕਨੀਦੀ ਤੌਰ ਤੇ ਏਨਾ ਪਿਛੜ ਗਏ ਕਿ ਉਨ੍ਹਾਂ ਦੇ ਦਿਮਾਗ ਵਿੱਚ ਏਨੀ ਗੱਲ ਵੀ ਨਹੀਂ ਆਉਂਦੀ ਸੀ ਕਿ ਜੰਗ ਦੌਰਾਨ ਹਾਥੀ ਵਰਗਾ ਭਾਰੀ ਜਾਨਵਰ ਸੈਨਿਕਾਂ ਦੀ ਕੋਈ ਖ਼ਾਸ ਮਦਦ ਨਹੀਂ ਕਰ ਸਕਦਾ ਬਲਕਿ ਘੋੜੇ ਵਰਗਾ ਫੁਰਤੀਲਾ ਜਾਨਵਰ ਹੀ ਲਾਭਵੰਦ ਹੋ ਸਕਦਾ ਹੈ। ਤਕਨੀਕੀ ਖੋਜ ਉੱਤੇ ਲਗੀ ਲਗਭਗ ਪਾਬੰਦੀ ਕਾਰਨ ਹੀ ਜਦ ਵਿਦੇਸ਼ੀ ਹਮਲਾਵਰਾਂ ਨੇ ਭਾਰਤ ’ਤੇ ਬੰਦੂਕਾਂ ਨਾਲ ਹਮਲਾ ਕੀਤਾ ਤਾਂ ਭਾਰਤੀ ਸੈਨਿਕ ਤਲਵਾਰਾਂ ਨਾਲ ਲੜੇ ਅਤੇ ਜਦ ਤੋਪਾਂ ਨਾਲ ਹਮਲੇ ਹੋਏ ਤਾਂ ਭਾਰਤੀ ਸੈਨਿਕ ਬੰਦੂਕਾਂ ਨਾਲ ਲੜੇ। ਇਸੇ ਕਾਰਨ ਭਾਰਤੀ ਰਾਜਿਆਂ ਨੂੰ ਬਾਰ-ਬਾਰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਭਾਰਤ ਲਗਭਗ 2000 ਸਾਲ ਵੱਖ-ਵੱਖ ਦੇਸ਼ਾਂ/ਨਸਲਾਂ ਦੇ ਰਾਜਿਆਂ ਦਾ ਗੁਲਾਮ ਬਣਿਆ ਰਿਹਾ।
ਪੁਰਾਤਨ ਸਮੇਂ ਵਿੱਚ ਜੋ ਹੋਇਆ ਸੋ ਹੋਇਆ, ਪਰ ਅਖੌਤੀ ਅਜ਼ਾਦ ਭਾਰਤ ਵਿੱਚ ਵੀ ਭਾਰਤ ਦੀ ਦਸ਼ਾ ਬਿਹਤਰ ਨਹੀਂ ਹੋਈ। ਹਿੰਦੂ ਸਮਾਜ ਵਿੱਚ ਪ੍ਰਚਲਿਤ ਅੰਧਵਿਸ਼ਵਾਸੀ ਰਵਾਇਤਾਂ ਅਤੇ ਧਾਰਨਾਵਾਂ ਕਾਰਨ ਬਹੁਤੇ ਲੋਕ ਭੂਤ-ਪ੍ਰੇਤ, ਪੁਨਰਜਨਮ, ਜੋਤਿਸ਼, ਵਾਸਤੂ ਆਦਿ ਪਖੰਡਾਂ ਵਿੱਚ ਫਸੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਮਨਾਂ ਵਿੱਚ ਵਿਗਿਆਨਕ ਪੱਖੋਂ ਸੋਚਣ ਦੀ ਬਿਰਤੀ ਲਗਭਗ ਖ਼ਤਮ ਹੋ ਜਾਂਦੀ ਹੈ। ਦੁਨੀਆ ਭਰ ਦੇ ਲੋਕ ਆਪਣੇ ਕਾਰੋਬਾਰ ਦੀ ਸਫ਼ਲਤਾ ਲਈ ਪ੍ਰਬੰਧਕੀ ਵਿਗਿਆਨ ਦੀਆਂ ਆਧੁਨਿਕ ਖੋਜਾਂ ਨੂੰ ਅਪਣਾਉਂਦੇ ਹਨ ਪਰ ਭਾਰਤੀ ਲੋਕ ਆਪਣੇ ਕਾਰੋਬਾਰ ਦੇ ਵਾਧੇ ਲਈ ਜੋਤਸ਼ੀਆਂ/ਤਾਂਤਰਿਕਾਂ ਕੋਲ ਮੱਥੇ ਰਗੜਦੇ ਫਿਰਦੇ ਹਨ। ਉੱਚ ਜਾਤੀ ਹਿੰਦੂਆਂ ਵੱਲੋਂ ਖ਼ੁਦ ਸਿੱਖਿਆ ਦੇ ਸੰਸਾਧਨਾਂ ’ਤੇ ਕਾਬਿਜ਼ ਰਹਿਣਾ ਅਤੇ ਹੋਰਨਾਂ ਲੋਕਾਂ ਨੂੰ ਸਿੱਖਿਆ ਤੋਂ ਦੂਰ ਰੱਖਣ ਦੇ ਜਤਨਾਂ (ਜਿਵੇਂ ਵਿਦਿਅਕ ਅਦਾਰਿਆਂ ਵਿੱਚ ਪਛੜੇ ਵਰਗਾਂ ਲਈ ਰਾਖਵੇਂਕਰਨ ਦਾ ਵਿਰੋਧ) ਕਾਰਨ ਭਾਰਤ ਦੇ ਬਹੁਤੇ ਲੋਕ ਸਿੱਖਿਆ ਤੋਂ ਵੀ ਵਾਂਝੇ ਹਨ, ਜੋ ਵਿਗਿਆਨਕ ਅਤੇ ਤਕਨੀਕੀ ਤਰੱਕੀ ਦੀ ਰਾਹ ਵਿੱਚ ਰੁਕਾਵਟ ਬਣਦਾ ਹੈ।
ਇਸ ਦੇ ਇਲਾਵਾ, ਸਰਕਾਰੀ ਤੌਰ ’ਤੇ ਵੀ ਭਾਰਤ ਵਿੱਚ ਤਕਨੀਕੀ ਤਰੱਕੀ ਵਾਸਤੇ ਕੋਈ ਖ਼ਾਸ ਕਦਮ ਨਹੀਂ ਪੁੱਟੇ ਗਏ। ਸਾਰੇ ਭਾਰਤ ਵਿੱਚ ਵਿਦਿਆਰਥੀਆਂ ਨੂੰ ਉਚੇਰੀ ਤਕਨੀਕੀ ਸਿੱਖਿਆ ਦੇਣ ਵਾਲੀ ਸੰਸਥਾ ‘ਆਈ.ਆਈ.ਟੀ.’ ਦੀਆਂ ਸਿਰਫ਼ ਪੰਜ ਬ੍ਰਾਂਚਾਂ ਹੀ ਸਥਾਪਿਤ ਕੀਤੀਆਂ ਗਈਆਂ। ਇਨ੍ਹਾਂ ਦੇ ਵਿਦਿਆਰਥੀ ਅਕਸਰ ਨਵੀਆਂ-ਨਵੀਆਂ ਕਾਢਾਂ ਕੱਢਦੇ ਰਹਿੰਦੇ ਹਨ ਪਰ ਇਹ ਕਾਢਾਂ ਸਿਰਫ਼ ਅਖਬਾਰਾਂ ਜਾਂ ਟੀ.ਵੀ. ਦੀਆਂ ਖਬਰਾਂ ਹੀ ਬਣ ਕੇ ਰਹਿ ਜਾਂਦੀਆਂ ਹਨ - ਸਰਕਾਰ ਜਾਂ ਨਿਜੀ ਅਦਾਰਿਆਂ ਵੱਲੋਂ ਇਨ੍ਹਾਂ ਕਾਢਾਂ ਨੂੰ ਅਮਲੀ ਤੌਰ ’ਤੇ ਅਪਣਾ ਕੇ ਬਜ਼ਾਰ ਵਿੱਚ ਉਤਾਰਨ ਦਾ ਕੋਈ ਯਤਨ ਨਹੀਂ ਕੀਤਾ ਜਾਂਦਾ। ਇਸਦੇ ਉਲਟ, ਖੋਜੀਆਂ ਨੂੰ ਆਪਣੀ ਖੋਜ ਤੋਂ ਰੋਕਣ ਵਾਸਤੇ ਅਕਸਰ ਉਨ੍ਹਾਂ ਨੂੰ ਤੰਗ-ਪਰੇਸ਼ਾਨ ਜ਼ਰੂਰ ਕੀਤਾ ਜਾਂਦਾ ਹੈ। ਮਿਸਾਲ ਵਜੋਂ, ਕੁਝ ਸਾਲ ਪਹਿਲਾਂ ਦਿੱਲੀ ਦੇ ਨੇੜੇ, ਹਰਿਆਣਾ ਦੇ ਇਕ ਪਿੰਡ ਦੇ ਇਕ ਮੁਸਲਮਾਨ ਨੌਜੁਆਨ ਨੇ ਸਕੂਟਰ ਦੇ ਇੰਜਨ ਦੀ ਮਦਦ ਨਾਲ ਉਡਣ ਵਾਲਾ ਛੋਟਾ ਜਿਹਾ ਹੈਲੀਕਾਪਟਰ ਬਣਾ ਲਿਆ ਤਾਂ ਪੁਲਿਸ ਨੇ ਉਸਨੂੰ ਹਵਾਈ ਨੇਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ !
ਬ੍ਰਾਹਮਣਵਾਦੀਆਂ ਦੇ ਅਜਿਹੇ ਰਵਈਏ ਕਾਰਨ ਭਾਰਤ ਤਕਨੀਕੀ ਖੇਤਰ ਵਿੱਚ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਤੋਂ ਪਿਛੜਿਆ ਹੋਇਆ ਹੈ। ਪਰ ਬ੍ਰਾਹਮਣਵਾਦੀਆਂ ਨੂੰ ਇਸਦੀ ਕੋਈ ਪਰਵਾਹ ਨਹੀਂ। ਉਹ ਇਲੈਕਟ੍ਰਾਨਿਕ ਵਸਤੂਆਂ ਦੀਆਂ ਛੋਟੀਆਂ-ਛੋਟੀਆਂ ‘ਚਿਪਾਂ’ (ਫੀਜਬ) ਤੋਂ ਲੈ ਕੇ ਫੌਜ ਵਾਸਤੇ ਵਰਤੀ ਜਾਣ ਵਾਲੀਆਂ ਮਿਜ਼ਾਇਲਾਂ ਵੀ ਵਿਦੇਸ਼ਾਂ ਤੋਂ ਦਰਾਮਦ (ਜਠਬਰਗਵ) ਕਰਕੇ ਖੁਸ਼ ਹੋ ਜਾਂਦੇ ਹਨ। ਇਸ ਨਾਲ, ਉਨ੍ਹਾਂ ਨੂੰ ਵਿਦੇਸ਼ੀ ਕੰਪਨਿਆਂ ਨਾਲ ਸੌਦੇ ਦੌਰਾਨ ਦਲਾਲੀ ਦਾ ਕਮਿਸ਼ਨ ਖਾਣ ਦਾ ਮੌਕਾ ਵੀ ਮਿਲ ਜਾਂਦਾ ਹੈ ਅਤੇ ਵਿਦੇਸ਼ੀ ਵਸਤੂਆਂ ਉੱਤੇ ‘ਮੇਡ ਇਨ ਇੰਡੀਆ’ ਦਾ ਲੇਬਲ ਲਗਾਉਣ ਵਿੱਚ ਵੀ ਸਫ਼ਲਤਾ ਮਿਲ ਜਾਂਦੀ ਹੈ (ਮਿਸਾਲ ਵਜੋਂ, ਰੂਸੀ ਤਕਨੀਕ ਤੇ ਅਧਾਰਿਤ ਮਿਜ਼ਾਇਲਾਂ ਦੇ ਨਾਮ ਅਗਨੀ, ਪ੍ਰਿਥਵੀ ਆਦਿਕ ਰੱਖਕੇ ਉਨ੍ਹਾਂ ਦੇ ਭਾਰਤੀ ਵਿਗਿਆਨੀਆਂ ਦੀ ਖੋਜ ਤੇ ਅਧਾਰਿਤ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ, ਜੋ ਸੱਚ ਤੋਂ ਕੋਹਾਂ ਦੂਰ ਹੈ)। ਇਹ ਸਭ ਲਿਖਣ ਦਾ ਮਕਸਦ ਇਹੀ ਦੱਸਣਾ ਹੈ ਕਿ ਵਿਗਿਆਨ ਅਤੇ ਤਕਨੀਕੀ ਤੌਰ ’ਤੇ ਭਾਰਤ ਦੇ ਪਿਛੜੇ ਹੋਣ ਲਈ ਬ੍ਰਾਹਮਣਵਾਦੀ ਸੋਚ ਵਾਲੇ ਲੋਕ ਹੀ ਜ਼ਿੰਮੇਵਾਰ ਹਨ।
ਭਾਰਤ ਵਿੱਚ ਉਦਿਯੋਗਾਂ ਦੀ ਸਥਿਤੀ ਬੜੀ ਮਾੜੀ ਹੈ। ਬ੍ਰਾਹਮਣਵਾਦੀਆਂ ਵਿੱਚ ਵਿਆਪਤ ਭ੍ਰਿਸ਼ਟਾਚਾਰ ਅਤੇ ਸਵਾਰਥੀ ਭਾਵਨਾਵਾਂ ਕਾਰਨ ਇੱਥੇ ਉਦਿਯੋਗਾਂ ਲਈ ਲੋੜਵੰਦ ਸੰਸਾਧਨਾਂ ਦੀ ਬਹੁਤ ਕਮੀ ਹੈ। ਫੈਕਟਰੀਆਂ ਚਲਾਉਣ ਵਾਸਤੇ ਨਾ ਤਾਂ ਲੋੜ ਅਨੁਸਾਰ ਬਿਜਲੀ ਮਿਲਦੀ ਹੈ, ਨਾ ਉਦਿਯੋਗਕ ਸਤਰ ’ਤੇ ਕੱਚਾ ਪਾਣੀ ਮਿਲ ਪਾਂਦਾ ਹੈ ਅਤੇ ਨਾ ਹੀ ਮਾਲ ਦੀ ਢੋਅ-ਢੁਆਈ ਵਾਸਤੇ ਚੌੜੀਆਂ ਸੜਕਾਂ ਜਾਂ ਮਾਲਗੱਡੀਆਂ ਦਾ ਸੁਚੱਜਾ ਪ੍ਰਬੰਧ ਹੁੰਦਾ ਹੈ। ਨਤੀਜੇ ਵਜੋਂ, ਫੈਕਟਰੀ ਮਾਲਕਾਂ ਨੂੰ ਲਗਾਤਾਰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ, ਉਨ੍ਹਾਂ ਨੂੰ ਹੋਰ ਤੰਗ-ਪਰੇਸ਼ਾਨ ਕਰਦੇ ਹਨ। ਪ੍ਰਸ਼ਾਸਨਿਕ ਨੇਮਾਂ ਦੀ ਕਥਿਤ ਉਲੰਘਣਾ ਦੇ ਦੋਸ਼ ਵਿੱਚ ਕਾਰਪੋਰੇਸ਼ਨ ਕਰਮਚਾਰੀ, ਪੁਲਿਸਕਰਮੀ, ਪ੍ਰਦੂਸ਼ਣ ਕੰਟਰੋਲ ਵਿਭਾਗ, ਬਿਜਲੀ ਵਿਭਾਗ, ਜਲ ਬੋਰਡ, ਸੇਲਸ ਟੈਕਸ, ਐਕਸਾਈਜ਼ ਆਦਿਕ ਵਿਭਾਗਾਂ ਦੇ ਕਰਮਚਾਰੀ ਫੈਕਟਰੀ ਮਾਲਕਾਂ ਤੋਂ ਬਾਰ-ਬਾਰ ਮੋਟੀਆ ਰਕਮਾਂ ਵਸੂਲਦੇ ਹਨ। ਅਜਿਹੇ ਹਾਲਾਤ ਕਾਰਨ, ਛੋਟੇ ਉਦਿਯੋਗਪਤੀਆਂ ਲਈ ਆਪਣਾ ਉਦਿਯੋਗ ਚਲਾਉਣਾ ਬੜਾ ਔਖਾ ਹੋਇਆ ਰਹਿੰਦਾ ਹੈ (ਵੱਡੇ ਉਦਿਯੋਗਪਤੀਆਂ ਨੂੰ ਤਾਂ ਸਰਕਾਰ ਖ਼ੁਦ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਾਬਿਜ਼ ਹੋਣ ਵਿੱਚ ਮਦਦ ਕਰਦੀ ਹੈ) ਅਤੇ ਤਕਨੀਕੀ ਖੋਜਾਂ ਕਰਨ ਵੱਲ ਧਿਆਨ ਨਹੀਂ ਦੇ ਪਾਉਂਦੇ। ਇਹੀ ਕਾਰਨ ਹੈ ਕਿ ਭਾਰਤ ਉਦਿਯੋਗਿਕ ਸਤਰ ’ਤੇ ਹੋਰਨਾਂ ਬਹੁਤ ਸਾਰੇ ਮੁਲਕਾਂ ਤੋਂ ਕਾਫ਼ੀ ਪਿਛੜਿਆ ਹੋਇਆ ਹੈ। ਪਰ ਬ੍ਰਾਹਮਣਵਾਦੀਆਂ ਦੇ ਸੁਆਰਥੀ ਸੁਭਾਅ ਅਤੇ ਉਨ੍ਹਾਂ ਦੀ ਬਹੁਤਾਤ ਵੱਲੋਂ ਸਰਕਾਰੀ ਨੌਕਰੀਆਂ ਅਤੇ ਲਾਭਦਾਇਕ ਵਪਾਰਾਂ ਵਿੱਚ ਕਾਰਜਰਤ ਹੋਣ ਕਾਰਨ, ਭਾਰਤ ਵਿੱਚ ਉਦਿਯੋਗ ਦੀ ਸਥਿਤੀ ਮਾੜੀ ਹੀ ਬਣੀ ਹੋਈ ਹੈ ਅਤੇ ਇਸਨੂੰ ਸੁਧਾਰਨ ਲਈ ਅਮਲੀ ਤੌਰ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਤਕਨੀਕੀ ਅਤੇ ਉਦਿਯੋਗਕ ਸਤਰ ’ਤੇ ਭਾਰਤ ਦੇ ਪਿਛੜੇ ਹੋਣ ਕਾਰਨ ਬਹੁ-ਦੇਸ਼ੀ ਕੰਪਨੀਆਂ ਵੱਲੋਂ ਭਾਰਤ ਵਿੱਚ ਵੀ ਉਤਪਾਦਨ ਕੇਂਦਰ ਸਥਾਪਿਤ ਕਰਵਾਉਣਾ ਭਾਰਤ ਦੀ ਮਜਬੂਰੀ ਬਣ ਗਿਆ ਹੈ ਕਿਉਂਕਿ ਇਸ ਤਰ੍ਹਾਂ ਭਾਰਤ ਵਿੱਚ ਨਵੇਂ ਉਦਿਯੋਗ ਖੋਲ੍ਹਣ ਵਾਸਤੇ ਪੈਸਾ ਵੀ ਮਿਲ ਜਾਂਦਾ ਹੈ ਅਤੇ ਨਵੀਆਂ ਤਕਨੀਕਾਂ ਦੀ ਭਾਰਤ ਆਮਦ ਹੋ ਜਾਂਦੀ ਹੈ, ਜਿਸ ਦੇ ਅਧਿਐਨ ਨਾਲ ਭਾਰਤੀ ਉਦਿਯੋਗਪਤੀ ਵੀ ਲਾਭ ਉਠਾ ਸਕਦੇ ਹਨ। ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ ਵੀ ਭਾਰਤ ਜਿਹੇ ਵੱਡੇ ਦੇਸ਼ ਵਿੱਚ ਆਪਣੀਆਂ ਸਰਗਰਮੀਆਂ ਵਧਾਉਣਾ ਚਾਹੁੰਦੀਆਂ ਹਨ। ਪਰ ਜਦ ਭਾਰਤੀ ਸਰਕਾਰ ਅਤੇ ਪ੍ਰਸ਼ਾਸਨ ਵਿੱਚ ਵਿਆਪਤ ਭ੍ਰਿਸ਼ਟਾਚਾਰ ਉਨ੍ਹਾਂ ਨੂੰ ਭਾਰਤ ਵਿੱਚ ਫੈਕਟਰੀਆਂ ਖੋਲ੍ਹਣ ਤੋਂ ਰੋਕਦਾ ਹੈ। ਜਦ ਵਿਦੇਸ਼ੀ ਉਦਿਯੋਗਪਤੀ ਵੇਖਦੇ ਹਨ ਕਿ ਭਾਰਤ ਵਿੱਚ ਕਾਨੂੰਨੀ ਤੌਰ ’ਤੇ ਜਾਇਜ਼ ਕੰਮ ਪੂਰਾ ਕਰਵਾਉਣ ਲਈ ਵੀ ਰਿਸ਼ਵਤਾਂ ਦੇਣੀਆਂ ਪੈਦੀਆਂ ਹਨ ਅਤੇ ਸਰਕਾਰੀ ਬਾਬੂਆਂ ਅੱਗੇ ਤਰਲੇ ਕਰਨੇ ਪੈਂਦੇ ਹਨ, ਤਾਂ ਉਨ੍ਹਾਂ ਦਾ ਮਨ ਉਚਾਟ ਹੋ ਜਾਂਦਾ ਹੈ ਅਤੇ ਉਹ ਬਹੁਤ ਸਾਰੇ ਪ੍ਰਾਜੈਕਟਾਂ ਨੂੰ ਰੱਦ ਕਰ ਦਿੰਦੇ ਹਨ। ਇਸ ਤਰ੍ਹਾਂ, ਬ੍ਰਾਹਮਣਵਾਦੀਆਂ ਵੱਲੋਂ ਭਾਰਤ ਵਿੱਚ ਕਾਇਮ ਕੀਤੇ ਗਏ ਭ੍ਰਿਸ਼ਟਾਚਾਰ ਅਤੇ ਦੇਸ਼-ਵਿਰੋਧੀ ਵਤੀਰੇ ਦੇ ਮਾਹੌਲ ਕਾਰਨ ਭਾਰਤ ਦੀ ਤਰੱਕੀ ਵਿੱਚ ਬੜੀਆਂ ਅੜਚਨਾਂ ਖੜੀਆਂ ਹੋ ਰਹੀਆਂ ਹਨ। ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਬ੍ਰਾਹਮਣਵਾਦੀਆਂ ਦੇ ਅਜਿਹੇ ਵਤੀਰੇ ਕਾਰਨ ਹੀ ਬਹੁ-ਕੌਮੀ ਕੰਪਨੀਆਂ ਭਾਰਤ ਵਿੱਚ ਆਪਣਾ ਉਤਪਾਦਨ ਅਰੰਭ ਕਰਨ ਦੀ ਬਜਾਏ, ਵੱਡੀ ਅਬਾਦੀ ਵਾਲੇ ਇਸ ਦੇਸ਼ ਨੂੰ ਸਿਰਫ਼ ਆਪਣੀ ਮੰਡੀ ਵਜੋਂ ਵਰਤਣ ਦੀ ਨੀਤੀ ਅਪਣਾ ਲੈਂਦੀਆਂ ਹਨ।
ਇਹ ਤਾਂ ਭਾਰਤ ਦੀਆਂ ਆਰਥਿਕ ਸਮੱਸਿਆਵਾਂ ਦੀ ਗੱਲ ਸੀ। ਭਾਰਤ ਦੀ ਰਾਜਨੀਤਕ ਸਮੱਸਿਆਵਾਂ ਲਈ ਵੀ ਬ੍ਰਾਹਮਣਵਾਦ ਹੀ ਜ਼ਿੰਮੇਵਾਰ ਹੈ। ਬ੍ਰਾਹਮਣਵਾਦ ਕਾਰਨ ਭਾਰਤ ਵਿੱਚ ਜਾਤ-ਪਾਤ ਵਿਵਸਥਾ ਦਾ ਬਹੁਤ ਬੋਲਬਾਲਾ ਹੈ। ਇਸਲਈ ਬਹੁਤੇ ਲੋਕ ਚੋਣਾਂ ਦੌਰਾਨ ਉਮੀਦਵਾਰਾਂ ਦੀ ਯੋਗਤਾ ਘੱਟ ਦੇਖਦੇ ਹਨ ਅਤੇ ਉਨ੍ਹਾਂ ਦੀ ਜਾਤ-ਪਾਤ ਦਾ ਜ਼ਿਆਦਾ ਧਿਆਨ ਕਰਦੇ ਹਨ। ਇਸਲਈ ਸੰਸਦ ਜਾਂ ਵਿਧਾਨ ਸਭਾ ਵਿੱਚ ਪਹੁੰਚਣ ਵਾਲੇ ਜ਼ਿਆਦਾਤਰ ਸਾਂਸਦ ਜਾਂ ਵਿਧਾਇਕ ਅਜਿਹੇ ਹੁੰਦੇ ਹਨ ਜੋ ਦੇਸ਼ ਜਾਂ ਸੂਬੇ ਦੀ ਸਰਕਾਰ ਨੂੰ ਸਹੀ ਢੰਗ ਨਾਲ ਚਲਾ ਪਾਉਣ ਤੋਂ ਅਸਮਰੱਥ ਹੁੰਦੇ ਹਨ। ਅਜਿਹੇ ਲੋਕ ਸੰਸਦ ਜਾਂ ਵਿਧਾਨ ਸਭਾ ਵਿੱਚ ਸਮੁੱਚੇ ਦੇਸ਼/ਸੂਬੇ ਦੇ ਨਾਗਰਿਕਾਂ ਦੀ ਭਲਾਈ ਵਾਸਤੇ ਸਰਗਰਮ ਹੋਣ ਦੀ ਬਜਾਏ ਆਪਣੀ ਜਾਤਿ-ਬਿਰਾਦਰੀ ਦੇ ਲੋਕਾਂ ਨੂੰ ਖੁਸ਼ ਕਰਨ ਵਾਲੇ ਕੰਮ ਹੀ ਕਰਦੇ ਹਨ। ਇਸ ਤਰ੍ਹਾਂ, ਦੇਸ਼/ਸੂਬੇ ਦਾ ਸਰਬ-ਪੱਖੀ ਵਿਕਾਸ ਨਹੀਂ ਹੋ ਪਾਂਦਾ। ਜਾਤ-ਪਾਤ ਦੇ ਪ੍ਰਭਾਵ ਕਾਰਨ ਹੀ ਹੁਣ ਸਮੁੱਚੇ ਦੇਸ਼ ਵਿੱਚ ਕਿਸੇ ਇਕ ਪਾਰਟੀ ਦਾ ਪ੍ਰਭਾਵ ਨਹੀਂ ਰਿਹਾ ਬਲਕਿ ਵੱਖ-ਵੱਖ ਸੂਬਿਆਂ ਵਿੱਚ ਲੋਕ ਵੱਖ-ਵੱਖ ਪਾਰਟੀਆਂ ਨੂੰ ਵੋਟਾਂ ਦਿੰਦੇ ਹਨ। ਇਸ ਸਥਿਤੀ ਕਾਰਨ ਕੇਂਦਰ ਵਿੱਚ ਗਠਜੋੜ ਸਰਕਾਰ ਹੀ ਹੋਂਦ ਵਿੱਚ ਆਉਂਦੀ ਹੈ ਅਤੇ ਮਜ਼ਬੂਤ ਸਰਕਾਰ ਕਾਇਮ ਨਹੀਂ ਹੋ ਪਾਂਦੀ। ਜ਼ਾਹਿਰ ਹੈ ਕਿ ਇਨ੍ਹਾਂ ਸਭ ਸਮੱਸਿਆਵਾਂ ਲਈ ਬ੍ਰਾਹਮਣਵਾਦੀ ਵਿਚਾਰਧਾਰਾ ਹੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ।
ਬ੍ਰਾਹਮਣਵਾਦ ਕਾਰਨ ਭਾਰਤ ਵਿੱਚ ਬਹੁਤ ਸਾਰੀਆਂ ਸਮਾਜਕ ਸਮੱਸਿਆਵਾਂ ਵੀ ਪ੍ਰਚਲਿਤ ਹਨ। ਮਿਸਾਲ ਵਜੋਂ, ਦਹੇਜ ਪ੍ਰਥਾ ਕਾਰਨ ਹਰ ਸਾਲ ਹਜ਼ਾਰਾਂ ਔਰਤਾਂ ਨੂੰ ਵੱਖ-ਵੱਖ ਢੰਗਾਂ ਨਾਲ ਕਤਲ ਕਰ ਦਿੱਤਾ ਜਾਂਦਾ ਹੈ। ਇਸੇ ਪ੍ਰਥਾ ਕਾਰਨ ਲੱਖਾਂ ਹੀ ਔਰਤਾਂ ਨਿੱਤ ਦਿਨ ਦੇ ਕਲੇਸ਼ ਵਿੱਚ ਖਪਦੀਆਂ ਰਹਿੰਦੀਆਂ ਹਨ। ਇਸੇ ਪ੍ਰਥਾ ਕਾਰਨ ਗਰਭਵਤੀ ਔਰਤ ਦੇ ਪੇਟ ਵਿੱਚ ਪਲ ਰਹੀ ਬੱਚੀਆਂ ਨੂੰ ਗਰਭਪਾਤ ਰਾਹੀਂ ਕਤਲ ਕਰ ਦੇਣ ਦੀ ਸਮਾਜਕ ਸਮੱਸਿਆ (ਭਰੂਣ ਹੱਤਿਆ) ਨੇ ਵੀ ਗੰਭੀਰ ਰੂਪ ਧਾਰਨ ਕਰ ਲਿਆ ਹੈ। ਭਾਵੇਂ ਅੱਜ ਦਹੇਜ ਪ੍ਰਥਾ ਭਾਰਤ ਦੇ ਲਗਭਗ ਹਰ ਧਰਮ ਦੇ ਪੈਰੋਕਾਰਾਂ ਵਿੱਚ ਫੈਲ ਗਈ ਹੈ ਪਰ ਅਸਲ ਰੂਪ ਵਿੱਚ ਇਹ ਬ੍ਰਾਹਮਣਵਾਦ ਦੀ ਹੀ ਦੇਣ ਹੈ। ਹਿੰਦੂ ਧਰਮ ਗ੍ਰੰਥਾ ਵਿੱਚ ਇਸ ਤਰ੍ਹਾਂ ਦੇ ਬੇਅੰਤ ਕਿੱਸੇ ਸ਼ਾਮਲ ਹਨ, ਜਿਨ੍ਹਾਂ ਵਿੱਚ ਦੱਸਿਆ ਜਾਂਦਾ ਹੈ ਕਿ ਫਲਾਣੇ ਦੇਵਤੇ ਦੇ ਵਿਆਹ ਵਿੱਚ ਲੱਖਾਂ ਘੋੜੇ, ਗਾਵਾਂ, ਰਥ, ਹਾਥੀ, ਕਪੜੇ, ਸੋਨਾ, ਹੀਰੇ-ਜਵਾਹਰਾਤ ਆਦਿਕ ਦਹੇਜ ਵਿੱਚ ਦਿੱਤੇ ਗਏ। ਇਨ੍ਹਾਂ ਗ੍ਰੰਥਾਂ ਦੇ ਪ੍ਰਭਾਵ ਕਾਰਨ ਹੀ ਸਰਕਾਰ ਵੱਲੋਂ (ਅਧੂਰੇ ਮਨ ਨਾਲ) ਚਲਾਈਆਂ ਜਾਂਦੀਆਂ ਦਹੇਜ ਵਿਰੋਧੀ ਮੁਹਿੰਮਾਂ ਵੀ ਅਸਰਹੀਨ ਹੀ ਰਹਿੰਦੀਆਂ ਹਨ।
ਇਸੇ ਤਰ੍ਹਾਂ, ਹਿੰਦੂ ਸਮਾਜ ਵਿੱਚ ਪ੍ਰਚਲਿਤ ‘ਦੇਵਦਾਸੀ’ ਪ੍ਰਥਾ ਨੇ ਭਾਰਤ ਵਿੱਚ ਵੇਸਵਾਪੁਣੇ ਦੇ ਰੁਝਾਨ ਨੂੰ ਸਮਾਜਕ ਮਾਨਤਾ ਦਿਵਾਈ। ਹਿੰਦੂਆਂ ਦੀਆਂ ਕਈ ਬਿਰਾਦਰੀਆਂ ਵਿੱਚ ਹਾਲਾਂ ਵੀ ਬਾਲ ਵਿਆਹ ਕਰਵਾਉਣਾ ਬੜਾ ਜ਼ਰੂਰੀ ਸਮਝਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਕਰਕੇ ਸ਼ਰੇਆਮ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ। ਵਿਹਲੜਪਨ, ਆਲਸ ਅਤੇ ਦਲਿੱਦਰ ਵੀ ਬ੍ਰਾਹਮਣਵਾਦੀ ਸਮਾਜ ਦੀ ਹੀ ਦੇਣ ਹਨ ਕਿਉਂਕਿ ਬ੍ਰਾਹਮਣਵੀ ਗੰ੍ਰਥਾਂ ਵਿੱਚ ਬਾਰ-ਬਾਰ ਇਹ ਜ਼ਿਕਰ ਆਉਂਦਾ ਹੈ ਕਿ ਰੱਬ ਦੀ ਖੁਸ਼ੀ ਪ੍ਰਾਪਤ ਕਰਨ ਲਈ ਬ੍ਰਾਹਮਣ ਨੂੰ ਵੀ ਦਾਨ ਦੇਣਾ ਬੜਾ ਜ਼ਰੂਰੀ ਹੈ। ਜਿਸ ਵਿਅਕਤੀ ਨੂੰ ਬਿਨ੍ਹਾਂ ਕੰਮ ਕੀਤਿਆਂ ਧਨ ਅਤੇ ਸ਼ੋਹਰਤ ਮਿਲੇ, ਉਸਨੂੰ ਕੰਮ ਕਰਨ ਦੀ ਕੀ ਲੋੜ ਹੈ? ਇਸਲਈ ਭਾਰਤ ਵਿੱਚ ਕਰੋੜਾਂ ਨਹੀਂ ਤਾਂ ਲੱਖਾਂ ਲੋਕ ਤਾਂ ਜ਼ਰੂਰ ਹੀ ਸਾਧੂ, ਜੋਤਸ਼ੀ, ਤਾਂਤ੍ਰਿਕ ਆਦਿ ਦਾ ਵੇਸ ਧਾਰ ਕੇ ਨਾ ਸਿਰਫ਼ ਲੋਕਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰਦੇ ਹਨ ਬਲਕਿ ਸ਼ਰਧਾਲੂਆਂ ਦੇ ਪਰਵਾਰ ਦੀਆਂ ਔਰਤਾਂ ਨਾਲ ਬਦਫੈਲੀਆਂ ਵੀ ਕਰਦੇ ਹਨ। ਹਿੰਦੂ ਸਮਾਜ ਵਿੱਚ ਭੀਖਮੰਗਿਆਂ ਦੀ ਵੱਡੀ ਗਿਣਤੀ ਵੀ ਮੁਫ਼ਤਖੋਰੀ ਦੀ ਭਾਵਨਾ ਦਾ ਹੀ ਨਤੀਜਾ ਹੈ।
ਬ੍ਰਾਹਮਣਵਾਦ ਨੇ ਭਾਰਤੀ ਸਮਾਜ ਵਿੱਚ ਬੇਅੰਤ ਅੰਧਵਿਸ਼ਵਾਸ ਵੀ ਫੈਲਾਏ ਹੋਏ ਹਨ। ਜੇਕਰ ਅਸਮਾਨ ਵਿੱਚ ਕੋਈ ਗ੍ਰਹਿਣ ਲੱਗੇ ਜਾਂ ਗ੍ਰਹਿਆਂ ਦੀ ਸਥਿਤੀ ਵਿੱਚ ਕੋਈ ਖਾਸ ਤਬਦੀਲੀ ਆ ਜਾਏ ਤਾਂ ਲੋਕ ਝੱਟ ਨਦੀਆਂ ਵਿੱਚ ਇਸ਼ਨਾਨ ਕਰਨ, ਮੰਦਰਾਂ ਵਿੱਚ ਚੜ੍ਹਾਵਾ ਚੜ੍ਹਾਉਣ ਅਤੇ ਪੰਡਤਾਂ ਨੂੰ ਦਾਨ ਦੇਣਾ ਅਰੰਭ ਕਰ ਦਿੰਦੇ ਹਨ ਜਦਕਿ ਇਹ ਸਭ ਕੁਦਰਤੀ ਵਰਤਾਰੇ ਹਨ। ਬ੍ਰਾਹਮਣਵਾਦੀ ਵਿਚਾਰਧਾਰਾ ਕਾਰਨ ਹੀ ਮੀਡੀਆ ਵੀ ਅੰਧ-ਵਿਸ਼ਵਾਸ ਫੈਲਾਉਣ ਵਿੱਚ ਵੱਧ ਚੜ੍ਹ ਕੇ ਸਰਗਰਮ ਹੋ ਜਾਂਦਾ ਹੈ। ਗੱਲ ਭਾਵੇਂ ਮੂਰਤੀਆਂ ਵੱਲੋਂ ਕਥਿਤ ਤੌਰ ’ਤੇ ਦੁੱਧ ਪੀਣ ਦੀ ਹੋਵੇ, ਪਪੀਤੇ ਵਿੱਚ ਗਣੇਸ਼ ਦਾ ਅਕਾਰ ਦਿੱਸਣ ਦੀ ਜਾਂ ਫਿਰ ਕਿਸੇ ਬੱਚੇ ਵਿੱਚ ਕਿਸੇ ਮ੍ਰਿਤਕ ਦੀ ਰੂਹ ਵੜ ਆਉਣ ਦੀ, ਭਾਰਤੀ ਮੀਡੀਆ ਅਜਿਹੀਆਂ ਖਬਰਾਂ ਦੀ ਵਿਗਿਆਨਕ ਪੱਖੋਂ ਜਾਂਚ ਕੀਤੇ ਬਿਨ੍ਹਾਂ ਹੀ ਨੂੰ ਵੱਡੀ ਪੱਧਰ ’ਤੇ ਪ੍ਰਚਾਰਨਾ ਸ਼ੁਰੂ ਕਰ ਦਿੰਦਾ ਹੈ।
ਬ੍ਰਾਹਮਣਵਾਦ ਕਾਰਨ ਹੀ ਭਾਰਤ ਦੇ ਲੋਕ ਆਪਸ ਵਿੱਚ ਸ਼ਾਂਤੀ ਨਾਲ ਮਿਲ ਕੇ ਨਹੀਂ ਰਹਿ ਪਾਂਦੇ। ਬ੍ਰਾਹਮਣਵਾਦੀਆਂ ਦੀ ਆਦਤ ਹੁੰਦੀ ਹੈ ਕਿ ਉਹ ਆਪਣੇ ਧਰਮ (ਜੋਕਿ ਅਸਲ ਵਿੱਚ ਧਰਮ ਹੈ ਹੀ ਨਹੀਂ) ਨੂੰ ਸਭ ਤੋਂ ਉੱਚਾ ਅਤੇ ਮਹਾਨ ਤਾਂ ਦੱਸਦੇ ਹੀ ਹਨ, ਦੂਜੇ ਧਰਮਾਂ ਦੇ ਪੈਗੰਬਰਾਂ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਵੀ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਇਸਦੇ ਇਲਾਵਾ, ਉਹ ਘੱਟ-ਗਿਣਤੀ ਕੌਮਾਂ ਨਾਲ ਗੁਲਾਮਾਂ ਜਿਹਾ ਵਤੀਰਾ ਕਰਦੇ ਹਨ ਅਤੇ ਉਨ੍ਹਾਂ ਦੇ ਹੱਕ ਕੁਚਲਣ ਲਈ ਨਿੱਤ ਨਵੇਂ ਹਥਕੰਡੇ ਅਪਣਾਉਂਦੇ ਹਨ। ਨਤੀਜੇ ਵਜੋਂ, ਭਾਰਤ ਵਿੱਚ ਅਕਸਰ ਫਿਰਕੂ ਦੰਗੇ-ਫਸਾਦ ਹੁੰਦੇ ਰਹਿੰਦੇ ਹਨ, ਜਿਨ੍ਹਾਂ ਵਿੱਚ ਹਜ਼ਾਰਾਂ ਨਿਰਦੋਸ਼ ਇਨਸਾਨ ਆਪਣੀਆਂ ਜਾਨਾਂ ਗੁਆ ਬੈਠਦੇ ਹਨ।
ਉਪਰੋਕਤ ਚਰਚਾ ਤੋਂ ਸਪਸ਼ਟ ਹੈ ਕਿ ਭਾਰਤ ਅੰਗਰੇਜ਼ਾ ਤੋਂ ਭਾਵੇਂ ਅਜ਼ਾਦ ਹੋ ਗਿਆ ਹੋਵੇ ਪਰ ਇਥੋਂ ਦੀ ਸਰਕਾਰ ’ਤੇ ਕਾਬਿਜ਼ ਬ੍ਰਾਹਮਣਵਾਦੀ ਤੱਤਾਂ ਨੇ ਭਾਰਤੀ ਜਨਤਾ ਨੂੰ ਕਦੀ ਅਜ਼ਾਦੀ ਦਾ ਸੁੱਖ ਮਾਣਨ ਨਹੀਂ ਦਿੱਤਾ ਅਤੇ ਦੇਸ਼ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਦੇਸ਼ ਨੂੰ ਚੁਣੌਤੀ ਦੇ ਰਹੀਆਂ ਸਮੂਹ ਸਿਆਸੀ, ਆਰਥਿਕ ਅਤੇ ਸਮਾਜਕ ਸਮੱਸਿਆਵਾਂ ਲਈ ਵੀ ਬ੍ਰਾਹਮਣਵਾਦ ਹੀ ਜ਼ਿੰਮੇਵਾਰ ਹੈ। ਪਰ ਮੁੱਦਾ ਇਹ ਹੈ ਕਿ ਕੀ ਬ੍ਰਿਟਿਸ਼ ਕਾਲ ਦੌਰਾਨ ਕ੍ਰਾਂਤੀਕਾਰੀਆਂ ਨੇ ਸ਼ਹੀਦੀਆਂ ਇਸ ਵਾਸਤੇ ਦਿੱਤੀਆਂ ਸਨ ਕਿ ਅਜ਼ਾਦ ਹੋਣ ਉਪਰੰਤ ਦੇਸ਼ ਵਿੱਚ ਬ੍ਰਾਹਮਣਵਾਦ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਜਾਏ? ਜੇਕਰ ਨਹੀਂ, ਤਾਂ ਫਿਰ ਭਾਰਤ ਦੇ ਹਰ ਨਾਗਰਿਕ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਸ ਦੇਸ਼ ਨੂੰ ਬ੍ਰਾਹਮਣਵਾਦੀ ਤੱਤਾਂ ਤੋਂ ਮੁਕਤ ਕਰਵਾਕੇ ਇਸਨੂੰ ਅਸਲ ਅਰਥਾਂ ਵਿੱਚ ਅਜ਼ਾਦ ਕਰਵਾਏ, ਤਾਂ ਜੋ ਭਾਰਤ ਦੇ ਵਿਕਾਸ ਨੂੰ ਚੁਣੌਤੀ ਦੇ ਰਹੀਆਂ ਤਮਾਮ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ।