Subscription About Us Contact Us


ਮਾਓਵਾਦੀਆਂ ਦੀ ਸੂਝਬੂਝ ਕਾਰਨ ਬ੍ਰਾਹਮਣਵਾਦੀਆਂ ਵਿਚ ਬੌਖਲਾਹਟ

- ਸਰਬਜੀਤ ਸਿੰਘ -

ਭਾਰਤ ਦੇ ਝਾਰਖੰਡ, ਉੜੀਸਾ ਆਦਿਕ ਸੂਬਿਆਂ ਵਿਚ ਮਾਓਵਾਦੀਆਂ ਦਾ ਪ੍ਰਭਾਵ, ਖੌਫ ਤੇ ਨਿਯੰਤਰਨ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਕੇਂਦਰੀ ਸਰਕਾਰ ਅਤੇ ਮੁੱਖ ਵਿਰੋਧੀ ਪਾਰਟੀ ਬੀਜੇਪੀ ਦੇ ਮਾਓਵਾਦੀਆਂ ਪ੍ਰਤੀ ਸਖ਼ਤ ਰੁਖ਼ ਦੇ ਬਾਵਜੂਦ ਨਿੱਤ ਦਿਨ ਆਪਣੀਆਂ ਸਰਗਰਮੀਆਂ ਵਿਚ ਤੇਜ਼ੀ ਲਿਆਂਦੇ ਜਾ ਰਹੇ ਹਨ। ਇਸ ਨਾਲ ਸਰਕਾਰ ਅਤੇ ਮੀਡੀਆ ਦਾ ਇਕ ਵੱਡਾ ਹਿੱਸਾ ਮਾਓਵਾਦੀਆਂ ਨੂੰ ‘ਕੁਚਲ’ ਕੇ ਇਸ ਲਹਿਰ ਨੂੰ ਖ਼ਤਮ ਕਰ ਦੇਣ ਦੀ ਵਕਾਲਤ ਕਰ ਰਿਹਾ ਹੈ। ਪਰ ਕੋਈ ਵੀ ਆਗੂ ਜਾਂ ਮੀਡੀਆ ਸੰਗਠਨ ਅੱਜ ‘ਮਾਓਵਾਦੀ’ ਕਹਿ ਕੇ ਅੱਤਵਾਦੀਆਂ ਦੀ ਸ਼੍ਰੇਣੀ ਵਿਚ ਮਿਲਾਏ ਜਾ ਰਹੇ ਆਦਿਵਾਸੀਆਂ/ਦਲਿਤਾਂ ਨਾਲ ਹੋਏ ਉਨ੍ਹਾਂ ਜ਼ੁਲਮਾਂ ਦੀ ਗੱਲ ਨਹੀਂ ਕਰ ਰਿਹਾ, ਜਿਨ੍ਹਾਂ ਕਰਕੇ ਉਨ੍ਹਾਂ ਨੂੰ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਹਥਿਆਰਬੰਦ ਮੁਹਿੰਮ ਅਰੰਭਣ ਲਈ ਮਜਬੂਰ ਹੋਣਾ ਪਿਆ ਹੈ।

ਝਾਰਖੰਡ ਦੇ ਇਕ ਜੰਗਲ ਵਿਚ ਆਪਣੇ ਹਥਿਆਰਾਂ ਅਤੇ ਜ਼ਰੂਰੀ ਸਾਜੋ-ਸਮਾਨ ਨਾਲ ਆਪਣੇ ਟਿਕਾਣੇ ਵੱਲ ਵਧਦੇ ਕੁਝ ‘ਮਾਓਵਾਦੀ’

ਸਮਾਜ ਸੇਵੀ ਸੰਗਠਨਾਂ ਵੱਲੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਮੁਤਾਬਿਕ, ਅਖੌਤੀ ‘ਅਜ਼ਾਦ’ ਭਾਰਤ ਵਿਚ ਢਾਈ ਕਰੋੜ ਤੋਂ ਵੱਧ ਆਦੀਵਾਸੀਆਂ ਨੂੰ ਜੰਗਲਾਂ ਵਿਚ ਕਈ ਸਦੀਆਂ ਤੋਂ ਬਣੀਆਂ ਉਨ੍ਹਾਂ ਦੀਆਂ ਰਿਹਾਇਸ਼ਾਂ ਤੋਂ ਕਥਿਤ ‘ਵਿਕਾਸ’ ਕਰਨ ਵਾਸਤੇ ਹਟਾਇਆ ਜਾ ਚੁੱਕਾ ਹੈ। 20ਵੀਂ ਸਦੀ ਦੇ 5 ਦਹਾਕੇ ਵਿਚ ਬਣਾਏ ਗਏ ਇੰਦਰਾਵਤੀ ਡੈਮ ਦੀ ਉਸਾਰੀ ਵਾਸਤੇ ਤਾਂ ਆਦੀਵਾਸੀਆਂ ਨੂੰ 5 ਵਾਰ ਉਨ੍ਹਾਂ ਦੀਆਂ ਪਨਾਹਗਾਹਾਂ ਤੋਂ ਤਬਦੀਲ ਕੀਤਾ ਗਿਆ। ਇਸ ਤੋਂ ਉਪਰੰਤ ਵੀ ‘ਉਦੋਗੀਕਰਨ’ ਦੀ ਦੌੜ ਵਿਚ ਹਮੇਸ਼ਾ ਸਮਾਜ ਦੇ ਇਸ ਅਤਿ ਪਛੜੇ ਅਤੇ ਦਬੇ-ਕੁਚਲੇ ਵਰਗ ਦਾ ਹੋਰ ਵਧੇਰੇ ਸ਼ੋਸ਼ਣ ਕੀਤਾ ਜਾਂਦਾ ਰਿਹਾ ਹੈ। ਖ਼ਾਸਕਰ ਮੌਜੂਦਾ ਦਹਾਕੇ ਦੌਰਾਨ ਸਰਕਾਰਾਂ ਵੱਲੋਂ ‘ਸੇਜ਼’ (ਸਪੈਸ਼ਲ ਇਕਨਾਮਿਕ ਜ਼ੋਨ) ਬਣਾ ਕੇ ਵੱਡੇ ਉਦਿਯੋਗਪਤੀਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਜਾਂ ਜੰਗਲਾਂ ਦੀਆਂ ਜ਼ਮੀਨਾਂ ਨੂੰ ਆਪਣੇ ਕਬਜ਼ੇ ਵਿਚ ਲੈਣ ਦੀ ਨੀਤੀ ਨੇ ਤਾਂ ਦੇਸ਼ ਭਰ ਦੇ ਲੋਕਾਂ ਨੂੰ ਬੇਚੈਨ ਕੀਤਾ ਹੋਇਆ ਹੈ। ਇਸ ਸਭ ਦੇ ਬਾਵਜੂਦ ‘ਵਿਕਾਸ’ ਦਾ ਲਾਭ ਤਾਂ ਵੱਡੀਆਂ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਅਤੇ ਟਾਟਾ-ਅੰਬਾਨੀਆਂ ਵਰਗੇ ਉਨ੍ਹਾਂ ਦੇ ਮਾਲਕ ਹੀ ਚੁੱਕ ਕੇ ਲੈ ਜਾਂਦੇ ਹਨ, ਜਦਕਿ ਆਦੀਵਾਸੀ ਲੋਕ ਸਿਰ ਤੋਂ ਛੱਤ ਅਤੇ ਰੋਟੀ ਕਮਾਉਣ ਦੇ ਸਾਧਨ ਵੀ ਗੁਆ ਬੈਠਦੇ ਹਨ ਕਿਉਂਕਿ ਉਨ੍ਹਾਂ ਨੂੰ ਬੇਘਰ ਹੋਣ ’ਤੇ ਕਿਸਾਨਾਂ ਦੀ ਤਰ੍ਹਾਂ ਕੋਈ ਮੁਆਵਜ਼ਾ ਨਹੀਂ ਮਿਲਦਾ (ਕਿਸਾਨਾਂ ਕੋਲ ਤਾਂ ਜ਼ਮੀਨ ਦੀ ਮਲਕੀਅਤ ਦੇ ਕਾਗਜ਼ਾਤ ਹੁੰਦੇ ਹਨ ਪਰ ਆਦੀਵਾਸੀਆਂ ਕੋਲ ਜੰਗਲ ’ਤੇ ਆਪਣਾ ਅਧਿਕਾਰ ਪ੍ਰਗਟਾਉਣ ਦਾ ਕੋਈ ਸਾਧਨ ਨਹੀਂ ਹੁੰਦਾ)।

ਇਹ ਵੀ ਗੌਰਤਲਬ ਹੈ ਕਿ ਦਲਿਤਾਂ ਦੀ ਸ਼੍ਰੇਣੀ ਵਿਚ ਆਉਣ ਕਾਰਨ ਆਦੀਵਾਸੀਆਂ ਨੂੰ ਭਾਰਤ ਦੇ ਫਿਰਕਾਪ੍ਰਸਤ ਉੱਚ-ਜਾਤੀਏ ਹਾਕਮਾਂ ਤੇ ਵਪਾਰੀਆਂ ਦੀ ਨਫ਼ਰਤ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਵਪਾਰੀ ਵਰਗ ਆਦੀਵਾਸੀਆਂ ਨੂੰ ਕਿਸੇ ਕਿਸਮ ਦੇ ਮੁਆਵਜ਼ੇ ਦਾ ਹੱਕਦਾਰ ਸਮਝਣ ਦੀ ਬਜਾਏ ਉਨ੍ਹਾਂ ਨੂੰ ਆਪਣੇ ਲਾਭ ਦੀ ਰਾਹ ਵਿਚ ਰੋੜਾ ਸਮਝ ਕੇ ਨਫ਼ਰਤ ਕਰਦਾ ਹੈ। ਇਸਲਈ ਜਿੰਦਾ ਰਹਿਣ ਅਤੇ ਰੋਜ਼ੀ-ਰੋਟੀ ਕਮਾਉਣ ਦਾ ਆਪਣਾ ਹੱਕ ਪ੍ਰਾਪਤ ਕਰਨ ਵਾਸਤੇ ਇਨ੍ਹਾਂ ‘ਆਦੀਵਾਸੀ’ ਕਹੇ ਜਾਂਦੇ ਲੋਕ ਕਾਫੀ ਸਮੇਂ ਤੋਂ ਧਰਨੇ ਪ੍ਰਦਰਸ਼ਨ ਕਰਦੇ ਰਹੇ ਹਨ। ਪਰ ਜਦ ਇਨ੍ਹਾਂ ਧਰਨਿਆਂ-ਪ੍ਰਦਰਸ਼ਨਾਂ ਨਾਲ ਕੋਈ ਨਤੀਜਾ ਸਾਹਮਣੇ ਨਹੀਂ ਆਇਆ, ਤਾਂ ਮਜਬੂਰਨ ਉਨ੍ਹਾਂ ਨੂੰ ਹਥਿਆਰ ਚੁੱਕਣੇ ਪਏ। ਅੱਜ ਸਰਕਾਰ ਅਤੇ ਮੀਡੀਆ ਮਾਓਵਾਦੀਆਂ ਨੂੰ ਉਨ੍ਹਾਂ ਦੀਆਂ ਹਿੰਸਕ ਕਾਰਵਾਈਆਂ ਲਈ ਤਾਂ ਕੋਸਦੇ ਪਏ ਹਨ ਪਰ ਉਨ੍ਹਾਂ ਨਾਲ ਹੋਈਆਂ ਤੇ ਹੋ ਰਹੀਆਂ ਬੇਇਨਸਾਫੀਆਂ ਬਾਰੇ ਕੋਈ ਚਰਚਾ ਨਹੀਂ ਕਰਦੇ।

ਸਿੱਖ ਇਤਿਹਾਸ ਦੇ ਸੰਦਰਭ ਵਿਚ ਜੇਕਰ ਮਾਓਵਾਦੀਆਂ ਦੀਆਂ ਕਾਰਵਾਈਆਂ ਦੀ ਸਮੀਖਿਆ ਕੀਤੀ ਜਾਵੇ, ਤਾਂ ਉਨ੍ਹਾਂ ਦੀਆਂ ਨੀਤੀਆਂ ਪੁਰਾਤਨ ਸਿੱਖਾਂ ਦੀਆਂ ਨੀਤੀਆਂ ਨਾਲ ਕਾਫੀ ਮਿਲਦੀਆਂ-ਜੁਲਦੀਆਂ ਹਨ। ਜਿਵੇਂ ਪੁਰਾਤਨ ਸਿੱਖਾਂ ਨੇ ਤਤਕਾਲੀ ਮੁਗਲ ਅਤੇ ਹਿੰਦੂ ਰਾਜਿਆਂ ਦੀਆਂ ਆਮ ਜਨਤਾ ਦਾ ਸ਼ੋਸ਼ਣ ਕਰਨ ਵਾਲੀਆਂ ਨੀਤੀਆਂ ਦੇ ਖਿਲਾਫ਼ ਪਹਿਲਾਂ ਸ਼ਾਂਤਮਈ ਅਤੇ ਫਿਰ ਹਥਿਆਰਬੰਦ ਸੰਘਰਸ਼ ਕੀਤਾ, ਉਵੇਂ ਹੀ ਪਹਿਲਾਂ ਮਾਓਵਾਦੀਆਂ ਨੇ ਮੌਜੂਦਾ ਸਮੇਂ ਦੀਆਂ ਸਰਕਾਰਾਂ ਅਤੇ ਵਪਾਰੀ ਵਰਗ ਦੀਆਂ ਲੁੱਟ-ਖਸੁੱਟ ਅਤੇ ਕੁਦਰਤੀ ਸੰਸਾਧਨਾਂ ਦਾ ਸ਼ੋਸ਼ਣ ਕਰਨ ਵਾਲੀਆਂ ਨੀਤੀਆਂ ਪਹਿਲਾਂ ਸ਼ਾਂਤਮਈ ਅਤੇ ਹੁਣ ਹਥਿਆਰਬੰਦ ਸੰਘਰਸ਼ ਅਰੰਭਿਆ ਹੋਇਆ ਹੈ।

ਸਿੱਖ ਮਿਸਲਾਂ ਦਾ ਸੰਘਰਸ਼ ਵਧੇਰੇ ਕਰਕੇ ਭੂਤਰੇ ਹੋਏ ਸਰਕਾਰੀ ਕਰਿੰਦਿਆਂ, ਸੂਹੀਏ ਅਤੇ ਸਰਕਾਰੀ ਸੈਨਿਕਾਂ ਖਿਲਾਫ਼ ਹੁੰਦਾ ਸੀ। ਮੁਗਲ ਜਾਂ ਹਿੰਦੂ ਸ਼ਾਸਕਾਂ ਦੇ ਇਨ੍ਹਾਂ ਏਜੰਟਾਂ ਵੱਲੋਂ ਲਗਾਨ ਵਸੂਲਣ, ਲੁੱਟ-ਖਸੁੱਟ ਕਰਕੇ ਆਪਣੀਆਂ ਜੇਬਾਂ ਭਰਨ ਜਾਂ ਆਪਣੀ ਧੌਂਸ ਜਮਾਉਣ ਲਈ ਲਾਚਾਰ ਲੋਕਾਂ ਦੀਆਂ ਧੀਆਂਭੈਣਾਂ ਦੀ ਬੇਪਤੀ ਕਰਨ ਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਸਨ। ਸਿੱਖ ਅਜਿਹੇ ਜ਼ਾਲਮਾਂ ਤੋਂ ਨਾ ਸਿਰਫ਼ ਜਨਤਾ ਨੂੰ ਮੁਕਤ ਕਰਵਾਉਂਦੇ ਸਨ ਬਲਕਿ ਇਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ, ਹੋਰਨਾਂ ਜ਼ਾਲਮਾਂ ਦੇ ਮਨਾਂ ਵਿਚ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣ ਦਾ ਖੌਫ ਪੈਦਾ ਕਰਦੇ ਸਨ। ਮੌਜੂਦਾ ਸਮੇਂ ਵਿਚ ਮਾਓਵਾਦੀ ਵੀ ਬਹੁਤ ਕੁਝ ਇਸੇ ਤਰ੍ਹਾਂ ਹੀ ਕਰ ਰਹੇ ਹਨ। ਉਹ ‘ਸਲਵਾ-ਜੁਦਮ’ ਦੇ ਨਾਂ ਹੇਠ ਚਲਾਈ ਜਾ ਰਹੀ ਸਰਕਾਰ ਸਰਪ੍ਰਸਤੀ ਵਾਲੀ ਲਹਿਰ - ਜਿਸ ਵਿਚ ਸ਼ਾਮਲ ਉੱਚ-ਜਾਤਾਂ ਦੇ ਲੋਕ, ਨੀਵੀਆਂ ਜਾਤਾਂ ਵਾਲੇ ਆਰਥਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਸਰਕਾਰ ਅਤੇ ਵਪਾਰੀਆਂ ਨੂੰ ਲਾਭ ਪਹੁੰਚਾਉਣ ਖਾਤਿਰ ਆਪਣੇ ਪੁਰਖਿਆਂ ਦੀਆਂ ਜ਼ਮੀਨਾਂ ਤੋਂ ਬੇਖਦਲ ਕਰਨ ਲਈ ਗੁੰਡਾਗਰਦੀ ਦਾ ਸਹਾਰਾ ਲੈਂਦੇ ਹਨ ਅਤੇ ਦਲਿਤਾਂ ਦਾ ਮਨੋਬਲ ਗਿਰਾਉਣ ਲਈ ਦੀਆਂ ਧੀਆਂਭੈਣਾਂ ਦੀ ਬੇਪਤੀ ਕਰਦੇ ਹਨ - ਦੇ ਉੱਚ ਜਾਤੀਏ ਗੁੰਡਿਆਂ ਨੂੰ ਸੋਧਣ ਦੇ ਇਲਾਵਾ, ਲੋੜ ਪੈਣ ’ਤੇ ਪੁਲਿਸ ਅਤੇ ਸੀ.ਆਰ.ਪੀ. ਦੇ ਮੁਲਾਜ਼ਮਾਂ ਨੂੰ ਵੀ ਨਹੀਂ ਬਖਸ਼ਦੇ।

ਪਰ ਇਹ ਸਭ ਕਰਨ ਲਈ ਮਾਓਵਾਦੀਆਂ ਨੂੰ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਉਨ੍ਹਾਂ ਨੂੰ ਪਹਾੜਾਂ ਅਤੇ ਜੰਗਲਾਂ ਵਿਚ ਉਸੇ ਤਰ੍ਹਾਂ ਛੁਪ ਕੇ ਰਹਿਣਾ ਪੈ ਰਿਹਾ ਹੈ, ਜਿਸ ਤਰ੍ਹਾਂ ਕਦੇ ਸਿੱਖ ਮੁਗਲਾਂ ਅਤੇ ਫਿਰਕੂ ਹਿੰਦੂ ਰਾਜਿਆਂ ਦੀ ਨਸਲਕੁਸ਼ੀ ਤੋਂ ਬਚਣ ਲਈ ਛੁੱਪ ਕੇ ਰਹਿੰਦੇ ਸਨ। ਉਦੋਂ ਸਿੱਖਾਂ ਨੂੰ ਆਪਣੀ ਲੋੜ ਦੇ ਕਪੜੇ, ਰਸਦ ਅਤੇ ਹਥਿਆਰ ਆਦਿ ਹਮੇਸ਼ਾ ਨਾਲ ਹੀ ਲੈ ਕੇ ਚਲਣੇ ਪੈਂਦੇ ਸਨ। ਅੱਜ ਇਹੀ ਸਥਿਤੀ ਮਾਓਵਾਦੀਆਂ ਦੀ ਹੈ। ਜ਼ਾਲਮਾਂ ਤੋਂ ਅਜ਼ਾਦੀ ਪਾਉਣ ਦੇ ਜਜ਼ਬੇ ਕਾਰਨ ਉਦੋਂ ਸਿੱਖਾਂ ਵਿਚ ਭਾਰੀ ਏਕਤਾ ਹੁੰਦੀ ਸੀ ਤੇ ਕੋਈ ਗੱਦਾਰੀ ਨਹੀਂ ਕਰਦਾ ਸੀ (ਹਾਲਾਂਕਿ ਮੌਜੂਦਾ ਸਮੇਂ ਸਿੱਖਾਂ ਵਿਚ ਗੱਦਾਰਾਂ ਏਨੇ ਜ਼ਿਆਦਾ ਹਨ ਕਿ ਉਨ੍ਹਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ)। ਇਹੀ ਸਥਿਤੀ ਮਾਓਵਾਦੀਆਂ ਵਿਚ ਹੈ ਤੇ ਉਹ ਆਪਣੀ ਏਕਤਾ ਕਾਰਨ ਹੀ ਵੱਡੀ ਹੱਦ ਤੱਕ ਪੁਲਿਸ ਤੇ ਨੀਮ-ਫੌਜੀ ਬਲਾਂ ਦੇ ਹਮਲਿਆਂ ਤੋਂ ਬਚੇ ਹੋਏ ਹਨ।

ਮਾਓਵਾਦੀਆਂ ਨੇ ਤਾਂ ਕਾਫੀ ਹੱਦ ਤੱਕ ਸਿੱਖਾਂ ਦੇ ਕ੍ਰਾਂਤੀਕਾਰੀ ਇਤਿਹਾਸ ਨੂੰ ਦੁਹਰਾ ਦਿੱਤਾ ਹੈ। ਵੇਖਣਾ ਹੁਣ ਇਹ ਹੈ ਕਿ ਕੀ ਸਿੱਖ ਆਪਣੇ ਹੀ ਪੁਰਖਿਆਂ ਵੱਲੋਂ ਰਚੇ ਗਏ ਇਤਿਹਾਸ ਨੂੰ ਦੁਹਰਾ ਸਕਣਗੇ ਜਾਂ ਬ੍ਰਾਹਮਣਵਾਦ ਤੇ ਪਦਾਰਥਵਾਦ ਦੀ ਦਲਦਲ ਵਿਚ ਫਸ ਕੇ ਖ਼ੁਦ ਹੀ ਗੁਲਾਮ ਹੋ ਜਾਣਗੇ।