

ਗੁਰਬਾਣੀ ਨੇ ਜਿਨ੍ਹਾਂ ਜਿਨ੍ਹਾਂ ਦੀਆਂ ਮਨੌਤਾਂ ’ਤੇ ਸਿਧਾਂਤਕ ਚੋਟ ਮਾਰੀ,
ਉਹ ਇਸ ਦੇ ਸਦੀਵੀ ਵਿਰੋਧੀ ਹੋ ਨਿਬੜੇ
- ਕਿਰਪਾਲ ਸਿੰਘ, ਬਠਿੰਡਾ -
ਮੋਬ: 09855480797
ਗੁਰੂ ਨਾਨਕ ਸਾਹਿਬ ਨੇ ਜਦੋਂ ਬਾਲ ਉਮਰ ’ਚ ਹੀ ਜਨੇਊ ਪਾਉਣ ਤੋਂ ਨਾਂਹ ਕਰਕੇ
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।।
ਏਹੁ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤੁ।।
(ਪੰਨਾ 471)
ਸਲੋਕ ਉਚਾਰ ਕੇ ਸੂਤ ਦੇ ਜਨੇਊ ਦੀ ਥਾਂ ਦਇਆ, ਸੰਤੋਖ, ਜਤ ਸਤ ਆਦਿਕ ਗੁਣਾਂ ਰੂਪੀ ਜਨੇਊ ਪਾਉਣ ਦੀ ਗੱਲ ਆਖੀ,
ਕਾਦੀ ਕੂੜੁ ਬੋਲਿ ਮਲੁ ਖਾਇ।।
ਬ੍ਰਾਹਮਣ ਨਾਵੈ ਜੀਆ ਘਾਇ।।
ਜੋਗੀ ਜੁਗਤਿ ਨਾ ਜਾਣੈ ਅੰਧੁ।।
ਤੀਨੇ ਓਜਾੜੇ ਕਾ ਬੰਧੁ।।
(ਪੰਨਾ 662)
ਸ਼ਬਦ ਉਚਾਰ ਕੇ ਪੁਜਾਰੀ ਬ੍ਰਹਮਣਾਂ, ਕਾਜੀਆਂ, ਜੋਗੀਆਂ ਦੇ ਝੂਠ ਅਤੇ ਪਾਖੰਡ ਦੀ ਪੋਲ ਖੋਲ੍ਹੀ ਅਤੇ
ਰਾਜੇ ਸੀਹ ਮੁਕਦਮ ਕੁਤੇ।।
ਜਾਇ ਜਗਾਇਨ੍ਰ ਬੈਠੇ ਸੁਤੇ।।
ਚਾਕਰ ਨਹਦਾ ਪਾਇਨ੍ਰਿ ਘਾਉ।।
ਰਤੁ ਪਿਤੁ ਕੁਤਿਹੋ ਚਟਿ ਜਾਹੁ।।
ਸਲੋਕ ਉਚਾਰ ਕੇ ਰਾਜਿਆਂ ਦੀ ਧੱਕੇਸ਼ਾਹੀ, ਅਹਿਲਕਾਰਾਂ ਅਤੇ ਮੁਲਾਜਮ ਚਾਕਰਾਂ ਦੀ ਭ੍ਰਿਸ਼ਟਾਚਾਰੀ ਨੀਤੀ ਦਾ ਪਾਜ ਉਘੇੜਦੇ ਹੋਏ ਉਨ੍ਹਾਂ ਨੂੰ ਖ਼ਰੀਆਂ ਖ਼ਰੀਆਂ ਸੁਣਾਈਆਂ ਤਾਂ ਉਸ ਸਮੇਂ ਤੋਂ ਹੀ ਇਹ ਸਾਰੇ ਧਾਰਮਿਕ ਪੁਜਾਰੀ, ਰਾਜੇ ਅਹਿਲਕਾਰ, ਇਹ ਸਮਝਣ ਲਗ ਪਏ ਸਨ ਕਿ ਨਾਨਕ ਵੀਚਾਰਧਾਰਾ
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ।।
(ਪੰਨਾ 469)
ਦੇ ਸੰਦੇਸ਼ ਰਾਹੀਂ ਗਿਆਨ ਵਿਹੂਣੀ ਅੰਧੀ ਰਿਆਇਆ ਨੂੰ ਜਾਗ੍ਰਤ ਕਰਕੇ ਉਨ੍ਹਾਂ ਵਿਰੁੱਧ ਬਗਾਵਤ ਲਈ ਖੜ੍ਹੀ ਕਰ ਸਕਦੀ ਹੈ, ਇਸ ਲਈ ਉਸੇ ਹੀ ਸਮੇਂ ਤੋਂ ਇਨ੍ਹਾਂ ਦੇ ਜਗਠੋੜ ਨੇ ਨਾਨਕ ਵੀਚਾਰਧਾਰਾ ਅਤੇ ਗੁਰਬਾਣੀ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ। ਗੁਰੂ ਨਾਨਕ ਸਾਹਿਬ ਵੀ ਇਨ੍ਹਾਂ ਦੀ ਸਾਜਿਸ਼ ਤੋਂ ਬੇਖ਼ਬਰ ਨਹੀਂ ਸਨ, ਇਸੇ ਲਈ ਜਿੰਨਾਂ ਧਿਆਨ ਗੁਰਬਾਣੀ ਦੀ ਸੰਭਾਲ ਅਤੇ ਇਸ ਨੂੰ ਰਲਾਵਟ ਤੋਂ ਬਚਾਉਣ ਲਈ ਇਨ੍ਹਾਂ ਨੇ ਕੀਤਾ, ਉਨ੍ਹਾਂ ਅੱਜ ਤੱਕ ਕਿਸੇ ਹੋਰ ਧਾਰਮਿਕ ਰਹਿਬਰ ਨੇ ਨਹੀਂ ਕੀਤਾ। ਕੁਦਰਤੀ ਅਸੂਲਾਂ ਮੁਤਾਬਿਕ ਜਦੋਂ ਇਹ ਸਰੀਰਕ ਚੋਏਲਾ ਛੱਡਣ ਦੀ ਲੋੜ ਪਈ ਤਾਂ ਉਸ ਤੋਂ ਪਹਿਲਾਂ ਹੀ
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਕਿ
ਕਿਓਨੁ।।
ਜਾ ਸੁਧੋਸੁ ਤਾਂ ਲਹਣਾ ਟਿਕਿਓਨ।।
(ਪੰਨਾ 967)
ਦੇ ਫੁਰਮਾਣ ਅਨੁਸਾਰ ਆਪਣੇ ਸਿੱਖਾਂ ਅਤੇ ਪੁੱਤਰਾਂ ਦੀ ਚੰਗੀ ਤਰ੍ਹਾਂ ਪਰਖ ਪੜਤਾਲ ਕਰਕੇ ਜਦੋਂ ਭਾਈ ਲਹਣਾ ਜੀ ਚੰਗੀ ਤਰ੍ਹਾਂ ਸੋਧੇ ਅਤੇ ਪਰਖੇ ਗਏ ਤਾਂ ਉਨ੍ਹਾਂ ਨੂੰ ਗੱਦੀ ਲਈ ਟਿੱਕਾ ਕੇ ਗੁਰੂ ਥਾਪਿਆ। ਇਹ ਲੜੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਤੱਕ ਪਹੁੰਚੀ ਤਾਂ ਉਸ ਸਮੇਂ ਦੌਰਾਨ ਤੱਕ ਸੰਗਤਾਂ ਨੂੰ ਗੁੰਮਰਾਹ ਕਰਨ ਹਿੱਤ ਗੁਰੂ ਪ੍ਰਵਾਰ ਵਿੱਚੋਂ ਕਈਆਂ ਨੇ ਨਾਨਕ ਪਦ ਵਰਤ ਕੇ ਆਪਣੀ ਕੱਚੀ ਰਚਨਾ ਵੀ ਰਚਣੀ ਸ਼ੁਰੂ ਕਰ ਦਿੱਤੀ ਸੀ। ਇਸ ਰਲਾਵਟੀ ਖੋਟ ਤੋਂ ਬਚਾਉਣ ਹਿੱਤ ਉਨ੍ਹਾਂ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਆਪਣੇ ਸਮੇਤ ਪੰਜੇ ਗੁਰੂਆਂ ਦੀ ਬਾਣੀ ਅਤੇ ਉਨ੍ਹਾਂ ਰਾਹੀਂ ਭਗਤਾਂ ਦੀ ਇਕੱਤਰ ਹੋਈ ਬਾਣੀ ਨੂੰ ਇੱਕ ਜਿਲਦ ਵਿੱਚ ਇਸ ਤਰ੍ਹਾਂ ਤਰਤੀਬ ਬੱਧ ਸੰਪਾਦਿਤ ਕੀਤਾ ਕਿ ਇਸ ਵਿੱਚ ਰਲਾਵਟ ਦੀ ਕੋਈ ਗੁੰਜਾਇਸ਼ ਨਾ ਰਹੀ। ਇਸ ਸੰਪਾਦਿਤ ਕੀਤੀ ਬੀੜ ਦਾ ਨਾਮ ‘ਪੋਥੀ ਪ੍ਰਮੇਸ਼ਰ ਕਾ ਥਾਨ’ ਕਹਿ ਕੇ ਸਤਿਕਾਰ ਦਿੱਤਾ ਅਤੇ ਆਪਣਾ ਆਸਨ ਹਮੇਸ਼ਾਂ ਇਸ ਪੋਥੀ ਸਾਹਿਬ ਤੋਂ ਨੀਵਾਂ ਰੱਖ ਕੇ ਇਹ ਸੰਦੇਸ਼ ਦਿੱਤਾ ਕਿ ਗੁਰਮਤਿ ਵਿੱਚ ਗੁਰੂ ਦੇ ਸਰੀਰ ਨਾਲੋਂ ਗੁਰੂ ਦੀ ਬਾਣੀ ਦੀ ਵੱਧ ਮਹਾਨਤਾ ਹੈ।
ਪੋਥੀ ਸਾਹਿਬ ਦੀ ਸੰਪਾਦਨਾ ਸਮੇਂ ਜਦੋਂ ਕਾਨ੍ਹਾ, ਪੀਲੂ, ਛੱਜੂ ਆਦਿਕ ਭਗਤ ਆਪਣੀ ਰਚਨਾ ਨੂੰ ਇਸ ਵਿੱਚ ਦਰਜ਼ ਕਰਵਾਉਣ ਦੀ ਮਨਸ਼ਾ ਲੈ ਕੇ ਆਏ ਤਾਂ ਗੁਰੂ ਅਰਜਨ ਦੇਵ ਜੀ ਨੇ ਜਦੋਂ ਉਨ੍ਹਾਂ ਦੀ ਰਚਨਾ ਪਰਖੀ ਕਿ ਇਸ ਵਿੱਚ ਰੱਬੀ ਸੰਦੇਸ਼ ਵਾਲੀ ਕੋਈ ਗੱਲ ਨਹੀਂ ਬਲਕਿ ਗੁਰਮਤਿ ਵਿਰੋਧੀ ਵਿਚਾਰ ਹਨ ਤਾਂ ਉਨ੍ਹਾਂ ਦੀ ਰਚਨਾ ਨੂੰ ਦਰਜ਼ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਉਹ ਵੀ ਗੁਰੂ ਸਾਹਿਬ ਦੀ ਵਿਰੋਧਤਾ ਕਰਦੇ ਹੋਏ ਪਹਿਲਾਂ ਤੋਂ ਉਨ੍ਹਾਂ ਵਿਰੁੱਧ ਕਾਜੀਆਂ, ਬ੍ਰਹਮਣਾ, ਨਕਸਬੰਦੀਆਂ ਵਲੋਂ ਸਮੇਂ ਦੇ ਰਾਜੇ ਨਾਲ ਮਿਲ ਕੇ ਰਚੀ ਜਾਂ ਰਹੀ ਸਾਜਿਸ਼ ਵਿੱਚ ਸ਼ਾਮਲ ਹੋ ਗਏ, ਜਿਸ ਦਾ ਸਿੱਟਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਿੱਚ ਨਿਕਲਿਆ। ਇਸ ਉਪ੍ਰੰਤ 6ਵੇਂ, 7ਵੇਂ ਅਤੇ 8ਵੇਂ ਪਾਤਸ਼ਾਹ ਨੇ ਕੋਈ ਗੁਰਬਾਣੀ ਨਹੀਂ ਰਚੀ ਪਰ ਗੁਰੂ ਅਰਜਨ ਸਾਹਿਬ ਵਲੋਂ ਸੰਪਾਦਿਤ ਕੀਤੀ ਬਾਣੀ ਦਾ ਪ੍ਰਚਾਰ ਹੀ ਦ੍ਰਿੜਤਾ ਨਾਲ ਕਰਕੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਨਾਲ ਜੋੜਨ ਦਾ ਕੰਮ ਨਿਰੰਤਰ ਜਾਰੀ ਰੱਖਿਆ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਬਾਣੀ ਦੀ ਰਚਨਾ ਕੀਤੀ ਅਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਪੋਥੀ ਸਾਹਿਬ ’ਚ ਦਰਜ਼ ਕਰਕੇ ਸੰਪੂਰਨ ਕੀਤੀ ਅਤੇ 1708 ਵਿੱਚ ਇਸ ਨੂੰ ਗੁਰਿਆਈ ਦੇ ਕੇ ‘‘ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨੀਓ ਗ੍ਰੰਥ।।’’ ਦਾ ਹੁਕਮ ਕਰਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਹਿਬ ਦੇ ਲੜ ਲਾਇਆ।
ਫਿਰ ਵੀ ਸਾਜਿਸ਼ਕਾਰਾਂ ਨੇ ਹਾਰ ਨਹੀਂ ਮੰਨੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਵੀਚਾਰਧਾਰਾ ਨਾਲੋਂ
ਤੋੜਨ ਲਈ ਗੁਰਬਿਲਾਸ ਪਾਤਸ਼ਾਹੀ ਛੇਵੀਂ ਅਤੇ ਬਚਿੱਤਰ ਨਾਟਕ ਆਦਿ ਪੁਸਤਕਾਂ ਦੀ ਸਿਰਫ ਰਚਨਾ ਹੀ ਨਹੀਂ
ਕੀਤੀ ਸਗੋਂ ਹੌਲੀ ਹੌਲੀ ਬਚਿੱਤਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਦੱਸ ਕੇ ਇਸ ਦਾ ਨਾਮ
‘ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ’ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਕਰਕੇ ਗੁਰੂ
ਗ੍ਰੰਥ ਸਾਹਿਬ ਦੀ ਸਰਵਉਚਤਾ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ।
ਇੰਤਹਾ ਉਸ ਸਮੇਂ ਹੋ ਗਈ ਜਦੋਂ ਸਿੱਖ ਧਰਮ ਵਿੱਚ ਹੀ ਪੁਜਾਰੀਆਂ ਦਾ ਰੂਪ ਲੈਂਦੇ ਹੋਏ ਅਖੌਤੀ ਜਥੇਦਾਰ
ਅਤੇ ਡੇਰੇਦਾਰਾਂ ਨੇ ‘‘ਪੁੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ।।’’ (ਪੰਨਾ 1412)
ਦੀ ਵਿਰੋਧਤਾ ਕਰਦਿਆਂ ਅਸਿੱਧੇ ਲਫ਼ਜਾਂ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਕਹਿਣਾ ਸ਼ੁਰੂ ਕਰ
ਦਿੱਤਾ ਕਿ ਦਸਮ ਗ੍ਰੰਥ ਤੋਂ ਵਗੈਰ ਸਾਡਾ ਅੰਮ੍ਰਿਤ ਸੰਚਾਰ ਅਤੇ ਨਿਤਨੇਮ ਪੂਰਾ ਨਹੀਂ ਹੋ ਸਕਦਾ।
ਗੁਰੂ ਗ੍ਰੰਥ ਸਹਿਬ ਸੰਤ ਬਣਾ ਸਕਦੇ ਹਨ ਸਿਪਾਹੀ ਨਹੀਂ, ਇਸ ਲਈ ਸੰਤ ਸਿਪਾਹੀ ਬਣਨ ਲਈ ਦਸਮ ਗ੍ਰੰਥ
ਨੂੰ ਗੁਰੂ ਵਜੋਂ ਮਾਣਤਾ ਦੇਣੀ ਲਾਜ਼ਮੀ ਹੈ। ਇਸ ਲਈ ਸਿੱਖਾਂ ਦੇ ਇੱਕ ਦੀ ਥਾਂ ਦੋ ਗੁਰੂ ਥਾਪ ਕੇ
‘ਇੱਕ’ ਦੇ ਸਿਧਾਂਤ ਨਾਲੋਂ ਤੋੜਨ ਦੀ ਗਹਿਰੀ ਚਾਲ ਚੱਲੀ ਜਾ ਰਹੀ ਹੈ।
ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਸਿੱਖ ਧਰਮ ਵਿੱਚ ਪੈਦਾ ਹੋਏ ਇਸ ਪੁਜਾਰੀਵਾਦ ਅਤੇ ਡੇਰੇਦਾਰਾਂ ਦਾ ਸਖ਼ਤ ਵਿਰੋਧ ਕਰਨ ਵਾਲਾ ਇੱਕ ਸੌਦਾ ਸੰਪਾਦਕ ਇਨ੍ਹਾਂ ਪੁਜਾਰੀਆਂ ਅਤੇ ਡੇਰੇਦਾਰਾਂ ਤੋਂ ਵੀ ਅੱਗੇ ਲੰਘਣ ਦੀ ਦੌੜ ਵਿੱਚ ਗੁਰੂ ਗ੍ਰੰਥ ਸਾਹਿਬ ’ਤੇ ਹੀ ਗੰਭੀਰ ਕਿਸਮ ਦੀਆਂ ਟਿੱਪਣੀਆਂ ਕਰਕੇ ਮੌਜ਼ੂਦਾ ਗੁਰੂ ਗ੍ਰੰਥ ਸਹਿਬ ਅਧੂਰਾ ਤੇ ਨਕਲੀ ਸਿੱਧ ਕਰਨ ’ਤੇ ਤੁਲਿਆ ਹੋਇਆ ਹੈ।
16 ਮਾਰਚ 2010 ਦੀ ਇੱਕ ਸੰਪਾਦਕੀ ਵਿੱਚ ਉਸ ਨੇ ਲਿੱਖ ਦਿੱਤਾ ਕਿ ਸ੍ਰੀ ਚੰਦੀਆਂ ਨੇ ਬਾਬਾ ਨਾਨਕ ਦੀ ਬਾਣੀ ਦੀ ਅਸਲ ਪੋਥੀ ਤਾਂ ਸਾੜ ਦਿੱਤੀ ਜਾਂ ਤਬਾਹ ਕਰ ਦਿੱਤੀ ਅਤੇ ਬਾਕੀ ਵਿੱਚ ਬੇਅੰਤ ਤਬਦੀਲੀਆਂ ਕੀਤੀਆਂ ਗਈਆਂ। ਜਿਸ ਦਾ ਭਾਵ ਇਹ ਹੈ ਕਿ ਮੌਜ਼ੂਦਾ ਗੁਰੂ ਗ੍ਰੰਥ ਸਾਹਿਬ ਵੀ ਅਸਲੀ ਨਹੀਂ ਬਲਕਿ ਨਕਲੀ ਹੈ। ਇਹ ਸੰਪਾਦਕੀ ਅਚਾਨਕ ਹੀ ਨਹੀਂ ਲਿਖੀ ਗਈ ਸਗੋਂ ਇਹ ਵੀ ਸਾਜਿਸ਼ ਅਧੀਨ ਗੁਰੂ ਗ੍ਰੰਥ ਸਾਹਿਬ ਨੂੰ ਨਕਲੀ ਅਤੇ ਅਧੂਰਾ ਦੱਸਣ ਦੀ ਸਾਜਿਸ਼ ਤਹਿਤ ਕੰਮ ਕਰ ਰਿਹਾ ਹੈ, ਜਿਸ ਦਾ ਸਬੂਤ ਇਹ ਹੈ ਕਿ 8 ਜੂਨ 2008 ਦੀ ਮੁੱਖ ਪੰਨੇ ਦੀ ਖ਼ਬਰ ’ਚ ਹੀ ਇਸ ਨੇ ‘ਏਕਸ ਕੇ ਬਾਰਕ’ ਜਥੇਬੰਦੀ ਦੀ ਸੰਥਾਪਨਾ ਦਾ ਐਲਾਨ ਕਰਦੇ ਹੋਏ ਇਹ ਵੀ ਐਲਾਨ ਕਰ ਦਿੱਤਾ ਸੀ ਕਿ ‘ਬਾਬੇ ਨਾਨਕ ਦੀ ਅਸਲ’ ਪੋਥੀ ਲੱਭ ਲਈ ਗਈ ਹੈ। ਉਸ ਨੂੰ ਪ੍ਰਗਟ ਕਰਨ ਲਈ 4 ਕਰੋੜ ਰੁਪਏ ਰਾਖਵੇਂ ਰੱਖੇ ਜਾਣਗੇ।
ਬੇਸ਼ੱਕ ਉਸ ਸਮੇਂ ਕੁਝ ਜਾਗਰੂਕ ਸਿੱਖਾਂ ਨੇ ਇਸ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅਜਿਹੇ ਐਲਾਨ ਸਿੱਖਾਂ ਵਿੱਚ ਦੁਬਿਧਾ ਪੈਦਾ ਕਰਨਗੇ ਕਿ ਮੌਜ਼ੁਦਾ ਗੁਰੂ ਗ੍ਰੰਥ ਸਾਹਿਬ ਨਕਲੀ ਹੈ, ਇਸ ਲਈ ਕਿਸੇ ਠੋਸ ਸਬੂਤ ਅਤੇ ਵਿਦਵਾਨਾਂ ਦੇ ਬੋਰਡ ਵਿੱਚ ਵੀਚਾਰੇ ਤੋਂ ਬਿਨਾਂ ਅਜਿਹੇ ਐਲਾਨ ਨਾ ਕੀਤੇ ਜਾਣ ਪਰ ਕਿਉਂਕਿ ਸਿੱਖ ਕੌਮ ਦੇ ਸੁੱਤੇ ਹੋਣ ਕਾਰਨ ਇਸ ਦਾ ਬਹੁਤਾ ਨੋਟਿਸ ਨਾ ਲਿਆ ਗਿਆ। ਪਰ 16 ਮਾਰਚ ਦੀ ਸੰਪਾਦਕੀ ਪਿੱਛੋਂ ਕੁਝ ਵਿਦਵਾਨਾਂ ਨੇ ਇਸ ਨੂੰ ਸਮਝਾਇਆ ਕਿ ਇਹ ਸੰਪਾਦਕੀ ਉਨ੍ਹਾਂ ਸਮੇਤ ਉਸ ਦੇ ਸਮਰਥਕਾਂ ਨੂੰ ਕਸੂਤੀ ਸਥਿੱਤੀ ਵਿੱਚ ਫਸਾ ਦੇਵੇਗੀ, ਇਸ ਲਈ ਬੇਸ਼ੱਕ ਉਸ ਨੇ ਇਹ ਸੰਪਾਦਕੀ ਤਾਂ ਵਾਪਿਸ ਲੈ ਲਈ ਅਤੇ ਸਿੱਖਾਂ ਪਾਸੋਂ ਖਿਮਾਂ ਜਾਚਨਾ ਮੰਗਣ ਦਾ ਨਾਟਕ ਰਚ ਦਿੱਤਾ ਪਰ ਆਪਣੇ ਨਾਪਾਕ ਇਰਾਦਿਆਂ ਤੋਂ ਹਾਲੀ ਤੀਕ ਬਾਜ਼ ਨਹੀਂ ਆਇਆ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਲਿਖਦਾ ਆ ਰਿਹਾ ਹੈ ਕਿ ਉਸ ਦੀ ਸੰਪਾਦਕੀ ਵਿੱਚ ਗਲਤ ਤਾਂ ਕੁਝ ਵੀ ਨਹੀਂ ਸੀ ਪਰ ਉਸ ਨੂੰ ਠੀਕ ਢੰਗ ਨਾਲ ਸਮਝਿਆ ਨਹੀਂ ਗਿਆ। ਇਸ ਲਈ ਉਨ੍ਹਾਂ ਵਿਦਵਾਨਾਂ ਜਿਨ੍ਹਾਂ ਨੇ ਠੀਕ ਤਰ੍ਹਾਂ ਸਮਝਿਆ ਨਹੀਂ, ਦੇ ਕਹਿਣ ਤੇ ਇਸ ਨੂੰ ਵਾਪਿਸ ਲੈ ਲਿਆ ਹੈ।
6 ਜੂਨ 2010 ਦੀ ਨਿਜੀ ਡਾਇਰੀ ਵਿੱਚ ਲਿਖ ਦਿੱਤਾ ‘‘ ਸ਼ਬਦ ਜਿਸ ਨੂੰ ਗੁਰੂ ਕਿਹਾ ਗਿਆ ਹੈ, ਅਕਾਲ ਪੁਰਖ ਦਾ ਉਹ ਸ਼ਬਦ ਹੈ, ਜੋ ਉਸ ਨੇ ਸ੍ਰਿਸ਼ਟੀ ਦੀ ਰਚਨਾ ਵੇਲੇ ਉਚਾਰਿਆ ਸੀ…..ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਅਕਾਲ ਪੁਰਖ ਦੇ ਉਸ ‘ਸ਼ਬਦ’ ਜਿਸ ਨੂੰ ਸ਼ਬਦ ਆਖਿਆ ਹੈ, ਉਸ ਦੇ ਅਰਥਾਂ ਬਾਰੇ ਤਾਂ ਮਨੁੱਖ ਅੰਦਾਜ਼ਾ ਹੀ ਨਹੀਂ ਲਗਾ ਸਕਦਾ ਕਿਉਂਕਿ ਉਸ ਵਿੱਚੋਂ ਤਾਂ ਸਾਰੀ ਸ੍ਰਿਸ਼ਟੀ ਤੇ ਇਸ ਦਾ ਸਮੁੱਚਾ ਗਿਆਨ ਨਿਕਲਿਆ ਹੈ, ਤੇ ਇਸੇ ਲਈ ਉਹ ਸਾਡਾ ਗੁਰੂ ਹੈ।’’
23 ਜੂਨ 2010 ਦੀ ਅਖ਼ਬਾਰ ਵਿੱਚ ਆਪਣੇ ਇਸ ਕਥਨ ਦੀ ਪ੍ਰੋੜਤਾ ਵਿੱਚ ਲੁਧਿਆਣੇ ਦੇ ਗੁਰਬਖਸ਼ ਸਿੰਘ ਦੇ ਨਾਮ ਹੇਠ ਇੱਕ ਲੇਖ ਛਾਪ ਦਿੱਤਾ ਗਿਆ, ਜਿਸ ਵਿੱਚ ਲਿਖਿਆ ਹੈ ‘‘ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ 5800 ਸ਼ਬਦ ਹਨ, ਪਰ ਇਹ ਸਬਦ ਗੁਰੂ ਗ੍ਰੰਥ ਦੀ ਸੰਪਾਦਨਾ ਤੋਂ ਪਹਿਲਾਂ ਤਾਂ ਨਹੀਂ ਸਨ ਹੁੰਦੇ। ਉਦੋਂ ਬਾਬਾ ਨਾਨਕ ਨੇ ਕਿਹੜੇ ਸ਼ਬਦ ਨੂੰ ‘ਗੁਰੂ’ ਕਿਹਾ ਸੀ? ਗੁਰੂ ਨਾਨਕ ਨੇ ਕਿਤੇ ਵੀ ਆਪਣੀ ਬਾਣੀ ਨੂੰ ਸ਼ਬਦ ਨਹੀਂ ਕਿਹਾ। ਸਤਿਗੁਰੂ ਅਕਾਲ ਪੁਰਖ ਦੇ ਸ਼ਬਦ ਨੂੰ ਹੀ ਗੁਰੂ ਕਿਹਾ।’’
ਗੁਰੂ ਅੰਗਦ ਦੇਵ ਜੀ ਨੂੰ ਸ਼ਬਦ ਗੁਰੂ ਦੇ ਪ੍ਰਚਾਰ ਹਿੱਤ ਗੁਰਗੱਦੀ ਸੌਂਪਣ ਨੂੰ ਤਾਂ ਇਹ ਕਾਫ਼ੀ ਸਮਾਂ ਪਹਿਲਾਂ ਤੋਂ ਹੀ ਰੱਦ ਕਰਦਾ ਆ ਰਿਹਾ ਹੈ ਪਰ ਹੁਣ ਗੁਰੂ ਗ੍ਰੰਥ ਸਾਹਿਬ ’ਤੇ ਵੀ ਅਜਿਹੀਆਂ ਗੰਭੀਰ ਟਿੱਪਣੀਆਂ ਕਰ ਰਿਹਾ ਹੈ, ਜਿਨ੍ਹਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਅਤੇ ਨਕਲੀ ਸਿੱਧ ਹੁੰਦੇ ਹਨ ਕਿਉਂਕਿ ਸੌਦਾ ਸੰਪਾਦਕ ਮੁਤਾਬਿਕ ‘ਸ਼ਬਦ ਗੁਰੂ’ ਇਸ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜ਼ੂਦ ਨਹੀਂ ਹੈ ਅਤੇ ਸ਼੍ਰੀਚੰਦੀਆਂ ਵਲੋਂ ਅਸਲੀ ਪੋਥੀ ਸਾੜੇ ਜਾਣ ਕਾਰਨ ਇਸ ਵਿੱਚ ਮੌਜ਼ੂਦ ਗੁਰਬਾਣੀ ਵੀ ਨਕਲੀ ਹੈ।
ਇਸ ਤਰ੍ਹਾਂ ਇਸ ਸੌਦਾ ਸੰਪਾਦਕ ਵਲੋਂ ਗੁਰੂ ਗ੍ਰੰਥ ਸਾਹਿਬ ’ਤੇ ਕੀਤਾ ਜਾ ਰਿਹਾ ਇਹ ਬੌਧਿਕ ਹਮਲਾ ਸਭ ਤੋਂ ਗੰਭੀਰ ਹੈ, ਕਿਉਂਕਿ ਬੇਸ਼ੱਕ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਦੀ ਵੀਚਾਰਧਾਰਾ ਨਾਲੋਂ ਤੋੜਨ ਲਈ ਗੁਰਬਿਲਾਸ ਪਾਤਸ਼ਾਹੀ ਛੇਵੀਂ ਅਤੇ ਅਖੌਤੀ ਦਸਮ ਗ੍ਰੰਥ ਆਦਿ ਨੂੰ ਮਾਨਤਾ ਦਿੱਤੀ ਜਾ ਰਹੀ ਹੈ, ਦੇਹਧਾਰੀ ਗੁਰੂਡੰਮ੍ਹ ਦਾ ਪਸਾਰਾ ਪਸਰ ਰਿਹਾ ਹੈ ਪਰ ਇਨ੍ਹਾਂ ਵਿੱਚੋਂ ਕਿਸੇ ਦੀ ਵੀ ਹਿੰਮਤ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨਾਂ ਨੂੰ ਨਕਲੀ ਅਤੇ ਅਧੂਰੇ ਕਹਿਣ ਦੀ ਨਹੀਂ ਪਈ। ਪਰ ਸੌਦਾ ਸੰਪਾਦਕ ਵੱਡੀ ਗਿਣਤੀ ਵਿੱਚ ਇਸ ਦੇ ਮੁੱਢਲੇ ਸਮਰਥਕਾਂ ਦੇ ਵਿਰੋਧ ਦੇ ਬਾਵਜ਼ੂਦ ਧੜੱਲੇ ਨਾਲ ਸਿੱਧੇ ਅਸਿੱਧੇ ਲਫ਼ਜਾਂ ਵਿੱਚ ਇਹ ਕੂੜ ਲਿਖ ਰਿਹਾ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸੌਦਾ ਸੰਪਾਦਕ ਵੀ ਇਕੱਲਾ ਨਹੀਂ ਇਸ ਪਿੱਛੇ ਜਰੂਰ ਕੋਈ ਸਿੱਖ ਵਿਰੋਧੀ ਲਾਬੀ ਲੁਕਵੇਂ ਰੂਪ ਵਿੱਚ ਦ੍ਰਿੜਤਾ ਨਾਲ ਖੜ੍ਹੀ ਹੈ।
ਦੁੱਖ ਇਸ ਗੱਲ ਦਾ ਹੈ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਦੇ ਮੌਕੇ ਸ਼ਬਦ ਗੁਰੂ ਦੇ ਪ੍ਰਚਾਰ ਨੂੰ ਧਾਰਮਿਕ ਅਤੇ ਰਾਜਨੀਤਕ ਆਗੂ ਆਪਣੇ ਵਿਰੁੱਧ ਬਗਾਵਤ ਦੇ ਰੂਪ ਵਿੱਚ ਲੈ ਰਹੇ ਸਨ, ਅੱਜ ਦੇ ਸਿੱਖ ਧਾਰਮਿਕ ਤੇ ਰਾਜਨੀਤਕ ਆਗੂ ਵੀ ਠੀਕ ਉਸੇ ਤਰ੍ਹਾਂ ਲੈ ਰਹੇ ਹਨ। ਉਨ੍ਹਾਂ ਨੂੰ ਪੂਰਾ ਡਰ ਹੈ ਕਿ ਜੇ ਕਰ ਸ਼ਬਦ ਗੁਰੂ ਦਾ ਪ੍ਰਚਾਰ ਸਹੀ ਢੰਗ ਨਾਲ ਹੋਣ ਲੱਗ ਪਿਆ ਅਤੇ ਸਿੱਖਾਂ ਨੂੰ ਇਸ ਦੀ ਸਮਝ ਆਉਣ ਲੱਗ ਪਈ ਤਾਂ ਉਨ੍ਹਾਂ ਦੀ ਇਜ਼ਾਰੇਦਾਰੀ ਖਤਮ ਹੋ ਸਕਦੀ ਹੈ। ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਧੜਾ ਇਹ ਸਮਝ ਗਿਆ ਹੈ ਕਿ ਜਿਹੜੇ ਜਿਹੜੇ ਸਿੱਖਾਂ ਨੂੰ ਗੁਰਮਤਿ ਦੀ ਸੋਝੀ ਆ ਰਹੀ ਹੈ, ਉਹ ਉਨ੍ਹਾਂ ਤੋਂ ਦੂਰ ਹੁੰਦੇ ਜਾ ਰਹੇ ਹਨ, ਇਸ ਲਈ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਬਣੇ ਰਹਿਣ ਲਈ ਜਰੂਰੀ ਹੈ ਕਿ ਸਿੱਖਾਂ ਨੂੰ ਗੁਰਮਤਿ ਦੀ ਸੂਝ ਤੋਂ ਕੋਰੇ ਰੱਖਿਆ ਜਾਵੇ।
ਸ਼੍ਰੋਮਣੀ ਕਮੇਟੀ, ਅਖੌਤੀ ਜਥੇਦਾਰਾਂ ਅਤੇ ਡੇਰੇਦਾਰਾਂ ਦੇ ਗਠਜੋੜ ਨੇ ਸ਼ਬਦ ਗੁਰੂ ਨਾਲੋਂ ਸਿੱਖਾਂ ਨੂੰ ਤੋੜਨ ਲਈ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਮੁੜ ਪ੍ਰਕਾਸ਼ਨਾ ਕਰਵਾਈ, ਦਸਮ ਗ੍ਰੰਥ ਨੂੰ ਮਾਨਤਾ ਦੇਣ ਲਈ ‘ਫ਼ਤਹਿ ਦਿਵਸ’ ਪਾਠ ਬੋਧ ਸਮਾਗਮ ਤੇ ਹੋਰ ਸੈਮੀਨਾਰ ਕਰਵਾਏ, ਆਪਣੇ ਹੀ ਵਲੋਂ ਪ੍ਰਕਾਸ਼ਤ ਕੀਤੀ ਜਾ ਰਹੀ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕਰਦੇ ਹੋਏ ਅਖੌਤੀ ਦਸਮ ਗ੍ਰੰਥ ਦੀ ਰਚਨਾ ਦਾ ਗਾਇਣ ਕਰਨਾ ਸਿਰਫ਼ ਸ਼ੁਰੂ ਹੀ ਨਹੀਂ ਕੀਤਾ ਸਗੋਂ ਦਰਬਾਰ ਸਾਹਿਬ ਵਿੱਚ ਇਸ ਦੀ ਸੂਚਨਾ ਲਈ ਵਿਸ਼ੇਸ਼ ਤੌਰ ’ਤੇ ਬੋਰਡ ਵੀ ਲਾ ਦਿੱਤੇ ਕਿ ਇੱਥੇ ਕੀਰਤਨ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦੀ ਬਾਣੀ ਅਤੇ ਇਸ ਦੀ ਵਿਆਖਿਆ ਸਰੂਪ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਰਚਨਾ ਦਾ ਕੀਤਾ ਜਾ ਸਕਦਾ ਹੈ।
ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਅਤੇ ਸਤਿਕਾਰ ਬਹਾਲੀ ਲਈ ਮੁਹਿੰਮ ਚਲਾ ਰਹੇ ਪ੍ਰੋ: ਦਰਸ਼ਨ ਸਿੰਘ ਨੂੰ ਝੂਠ ਦਾ ਸਹਾਰਾ ਲੈਂਦੇ ਹੋਏ ਪੰਥ ਵਿੱਚੋਂ ਛੇਕ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਨਿਰੋਲ ਵੀਚਾਰਧਾਰਾ ਦਾ ਪ੍ਰਚਾਰ ਕਰਨ ਦੀ ਥਾਂ ਇਸ ਨੂੰ ਬਿਪਰਵਾਦੀ ਵੀਚਾਰਾਧਾਰਾ ਦੀ ਪੁੱਠ ਦਿੱਤੀ ਜਾ ਰਹੀ ਹੈ। ਇਸ ਪੱਖੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ ਤੋਂ ਗੁਰਮਤਿ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀ.ਵੀ. ਤੋਂ ਹੋਣ ਕਾਰਨ ਪੰਜਾਬ ਅਤੇ ਦੇਸ਼ ਵਿਦੇਸ਼ ਦੇ ਹੋਰਨਾ ਭਾਗਾਂ ਵਿੱਚ ਇਸ ਪ੍ਰਚਾਰ ਦਾ ਚੰਗਾ ਅਸਰ ਵੇਖਣ ਨੂੰ ਮਿਲ ਰਿਹਾ ਹੈ।
ਪੰਜਾਬ ਦੇ ਹਾਕਮ ਧੜੇ ਨੂੰ ਗੁਰਮਤਿ ਦਾ ਪ੍ਰਚਾਰ ਵੀ ਵਿਦੇਸ਼ੀ ਅਤੇ Òੈਰ ਸਿੱਖ ਹਾਕਮਾਂ ਵਾਂਗ ਚੁੱਭਣ ਲੱਗ ਪਿਆ ਅਤੇ ਉਨ੍ਹਾਂ ਪਹਿਲਾਂ ਜਿੱਥੇ ਸਵੇਰੇ ਕਥਾ ਦੇ ਟਾਈਮ ਕਦੀ ਸਿਟੀ ਕੇਬਲ ਬੰਦ ਕਰਵਾ ਦੇਣੀ ਅਤੇ ਕਦੀ ਬਿਜਲੀ ਬੰਦ ਕਰਵਾ ਦੇਣੀ, ਉਥੇ ਹੁਣ ਪਿੱਛਲੇ ਤਿੰਨ ਹਫ਼ਤਿਆਂ ਤੋਂ ਚੜ੍ਹਦੀ ਕਲਾ ਟਾਈਮ ਟੀ.ਵੀ. ਚੈਨਲ ਹੀ ਪੂਰੀ ਤਰ੍ਹਾਂ ਕੇਬਲ ਤੋਂ ਕਟਾ ਦਿੱਤੀ ਕਿਉਂਕਿ ਪੰਜਾਬ ’ਚ ਕੇਬਲ ਟੀ.ਵੀ. ਦਾ ਕੰਟਰੋਲ ਸਿੱਧੇ ਤੌਰ ’ਤੇ ਉਹਨਾਂ ਆਪਣੇ ਹੱਥ ਵਿੱਚ ਲਿਆ ਹੋਇਆ। ਕੰਟਰੋਲ ਰੂਮ ਲੁਧਿਆਣਾ ਤੋਂ ਮੋਬਾਈਲ ਫੋਨ ਨੰ: 9814405714 ’ਤੇ ਪਤਾ ਕਰਨ ’ਤੇ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਉਪਰੋਂ ਹੁਕਮ ਹੈ ਕਿ ਚੜ੍ਹਦੀ ਕਲਾ ਟਾਈਮ ਟੀ.ਵੀ. ਅਗਲੇ ਹੁਕਮਾਂ ਤੱਕ ਬੰਦ ਰੱਖਿਆ ਜਾਵੇ, ਇਸ ਲਈ ਉਨ੍ਹਾਂ ਨੇ ਕੱਟ ਦਿੱਤਾ। ਮਿਲੀ ਸੂਚਨਾ ਅਨੁਸਾਰ ਸ਼੍ਰੋਮਣੀ ਕਮੇਟੀ ਚੋਣਾਂ ਤੱਕ ਇਹ ਚੈਨਲ ਚਾਲੂ ਨਹੀਂ ਕੀਤਾ ਜਾਵੇਗਾ।
8 ਜੁਲਾਈ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ ਮੁੱਖ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਵਿੱਚੋਂ ਬੜੇ ਸੋਹਣੇ ਪ੍ਰਮਾਣ ਦਿੰਦੇ ਹੋਏ ਕਿਹਾ ‘ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ’ਤੇ ਚੱਲ ਨਹੀਂ ਸਕਦੇ, ਉਹ ਗੁਰੂ ’ਤੇ ਕਿੰਤੂ ਕਰਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਗੁਰੂ ’ਤੇ ਕਿੰਤੂ ਕਰਨ ਵਾਲੇ ਨੂੰ ਇਹ ਇਹ ਨਹੀਂ ਪਤਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਪੁਜੀ ਸਾਹਿਬ ਵਿੱਚ ਹੀ ਫੁਰਮਾਇਆ ਹੈ : ‘‘ਕੀਤਾ ਪਸਾਉ, ਏਕੋ ਕਵਾਉ।।’’ ਭਾਵ ਇਹ ਸਾਰੀ ਸ੍ਰਿਸ਼ਟੀ ਦਾ ਪਸਾਰਾ ‘ਇੱਕ’ ਤੋਂ ਹੀ ਹੋਇਆ ਹੈ ਅਤੇ ਗੁਰੂ ਜੀ ਨੇ ਬਾਣੀ ਦੀ ਸ਼ੁਰੂਆਤ ਹੀ ਰੂ ਤੋਂ ਕੀਤੀ ਹੈ। ਓਅੰਕਾਰ ਦੀ ਵਿਆਖਿਆ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਲਿਖਿਆ ਹੈ :
ਓਅੰਕਾਰ ਬ੍ਰਹਮਾ ਉਤਪਤਿ।।
ਓਅੰਕਾਰਿ ਕੀਆ ਜਿਨਿ ਚਿਤਿ।।
ਓਅੰਕਾਰਿ ਬੇਦ ਨਿਰਮਏ।।
ਓਅੰਕਾਰਿ ਸ਼ਬਦਿ ਉਧਰੇ।।
ਓਅੰਕਾਰਿ ਗੁਰਮੁਖ ਤਰੇ।।
ਓਨਮ, ਅਖਰ ਸੁਣਹੂ ਵੀਚਾਰ।।
ਓਨਮ ਅਖਰ ਤ੍ਰਿਭਣ ਸਾਰੁ।।
ਜਿਸ ਦਾ ਭਾਵ ਹੈ ਕਿ ਓਅੰਕਾਰ ਉਹ ਸਰਬ ਵਿਆਪਕ ਪ੍ਰਮਾਤਮਾ ਹੈ, ਜਿਸ ਤੋਂ ਬ੍ਰਹਮਾ ਦਾ ਵੀ ਜਨਮ ਹੋਇਆ ਹੈ। ਉਸ ਬ੍ਰਹਮਾ ਨੇ ਵੀ ਉਸ ਸਰਬ ਵਿਆਪਕ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾਇਆ ਹੈ। ਇਹ ਸਾਰੀ ਸ੍ਰਿਸ਼ਟੀ ਤੇ ਸਮੇਂ ਦੀ ਵੰਡ ਉਸ ਸਰਬ ਵਿਆਪਕ ਪ੍ਰਮਾਤਮਾ ਤੋਂ ਹੀ ਹੋਏ, ਵੇਦ ਵੀ ਉਸ ਓਅੰਕਾਰ ਤੋਂ ਹੀ ਬਣੇ। ਜੀਵ ਗੁਰੂ ਦੇ ਸਬਦ ਵਿੱਚ ਜੁੜ ਕੇ ਉਸ ਸਰਬ ਵਿਆਪਕ ਪ੍ਰਮਾਤਮਾ ਦੀ ਸਹਾਇਤਾ ਨਾਲ ਹੀ ਸੰਸਾਰ ਦੇ ਵਿਕਾਰਾਂ ਤੋਂ ਬਚਦੇ ਹਨ, ਤੇ ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਦੇ ਹਨ।
ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ
ਅੰਮ੍ਰਿਤ ਸਾਰੇ।।
ਗੁਰ, ਬਾਣੀ ਕਹੈ ਸੇਵਕ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।।
ਦਾ ਹਵਾਲਾ ਦਿੰਦੇ ਹੋਏ ਗਿਆਨੀ ਸ਼ਿਵਤੇਗ ਸਿੰਘ ਨੇ ਅੱਗੇ ਕਿਹਾ ਕਿ ਗੁਰੂ ਦੀ ਬਾਣੀ ਹੀ ਸਿੱਖ ਦਾ ਗੁਰੂ ਹੈ ਅਤੇ ‘ਗੁਰੂ’ ਬਾਣੀ ਵਿੱਚ ਮੌਜ਼ੂਦ ਹੈ। ਗੁਰੂ ਦੀ ਬਾਣੀ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿੱਚ ਸਾਂਭ ਰੱਖਦਾ ਹੈ। ਗੁਰੂ ਬਾਣੀ ਉਚਾਰਦਾ ਹੈ, ਗੁਰੂ ਦਾ ਸੇਵਕ ਸਿੱਖ ਉਸ ਬਾਣੀ ਤੇ ਸ਼ਰਧਾ ਧਾਰਦਾ ਹੈ, ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ’ਤੇ ਸੰਸਾਰ ਸਮੁੰਦਰ ’ਚੋਂ ਪਾਰ ਲੰਘਾ ਲੈਂਦਾ ਹੈ। ਇਸ ਲਈ ਗੁਰੂ ਦੀ ਸਮੁੱਚੀ ਬਾਣੀ ਹੀ ਸਿੱਖਾਂ ਦਾ ਗੁਰੂ ਹੈ ਅਤੇ ਐਸਾ ਕੋਈ ਹੋਰ ‘ਸ਼ਬਦ ਗੁਰੂ’ ਨਹੀਂ, ਜਿਸ ਦੀ ਭਾਲ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜਾ ਕੇ ਕਰਨੀ ਪਵੇ ਪਰ ਜਿਹੜੇ ਖ਼ੁਦ ਗੁਰਬਾਣੀ ਦੀ ਸਿੱਖਿਆ ’ਤੇ ਚੱਲ ਨਹੀਂ ਸਕਦੇ, ਉਹ ਗੁਰੂ ਗ੍ਰੰਥ ਸਾਹਿਬ ’ਤੇ ਕਿੰਤੂ ਕਰਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦਾ ਇਸ਼ਾਰਾ ਸੌਦਾ ਸੰਪਾਦਕ ਵਲ ਸੀ, ਜਿਹੜੇ ਕਿ ਉਕਤ ਕਿਸਮ ਦੀਆਂ ਟਿਪਣੀਆਂ ਕਰ ਚੁੱਕੇ ਹਨ, ਜਿਸ ਦਾ ਵੇਰਵਾ ਇਸ ਲੇਖ ਵਿੱਚ ਪਹਿਲਾਂ ਦਿੱਤਾ ਹੋਇਆ ਹੈ।
13 ਜੁਲਾਈ ਨੂੰ ਕਥਾ ਕਰਦਿਆਂ ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ‘ਸਿੱਖ ਮਾਂ ਦੇ ਪੇਟੋਂ ਪੈਦਾ ਨਹੀਂ ਹੁੰਦਾ ਬਲਕਿ ਗੁਰਬਾਣੀ ਦੇ ਸਿਧਾਂਤ ਤੋਂ ਪ੍ਰਗਟ ਹੁੰਦਾ ਹੈ। ਜਦ ਤੱਕ ਸਿੱਖ ਗੁਰਬਾਣੀ ਨਾਲ ਜੁੜਿਆ ਰਹਿੰਦਾ ਹੈ, ਉਸ ਸਮੇਂ ਤੱਕ ਸਿੱਖਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਇਹੋ ਕਾਰਨ ਹੈ ਕਿ ਸਿੱਖਾਂ ਨੂੰ ਖਤਮ ਕਰਨ ਦੇ ਬੇਅੰਤ ਯਤਨ ਕੀਤੇ ਗਏ, ਸਿੱਖਾਂ ਨੂੰ ਚੁਣ ਚੁਣ ਕੇ ਮਾਰਿਆ ਗਿਆ, ਸਿੱਖਾਂ ਨੂੰ ਜਨਮ ਦੇਣ ਵਾਲੀਆਂ ਮਾਤਾਵਾਂ ਨੂੰ ਬੇਅੰਤ ਤਸੀਹੇ ਦਿੱਤੇ ਗਏ, ਉਨ੍ਹਾਂ ਦੇ ਬੱਚਿਆਂ ਦੀਆਂ ਆਂਦਰਾਂ ਦੇ ਹਾਰ ਉਨ੍ਹਾਂ ਦੇ ਗਏਾਂ ਵਿੱਚ ਪਾਏ ਗਏ ਤਾਂ ਕਿ ਭੈਭੀਤ ਹੋ ਕੇ ਸਿੱਖਾਂ ਨੂੰ ਜਨਮ ਦੇਣ ਤੋਂ ਤੌਬਾ ਕਰਨ ਲੱਗ ਪੈਣ ਪਰ ਸਿੱਖ ਫਿਰ ਵੀ ਖਤਮ ਨਾ ਹੋਏ ਕਿਉਂਕਿ ਸਿੱਖ ਮਾਂ ਦੇ ਪੇਟੋ ਨਹੀਂ ਬਲਕਿ ਗੁਰਬਾਣੀ ਦੇ ਸਿਧਾਂਤ ਤੋਂ ਪ੍ਰਗਟ ਹੁੰਦਾ ਹੈ। ਉਨ੍ਹਾਂ ਕਿਹਾ ਠੀਕ ਹੈ ਕਿ ਸਰੀਰ ਤਾਂ ਮਾਂ ਦੇ ਪੇਟ ਵਿੱਚੋਂ ਹੀ ਪੈਦਾ ਹੁੰਦਾ ਹੈ ਪਰ ਸਿੱਖ ਗੁਰਬਾਣੀ ਦੇ ਸਿਧਾਂਤ ਸਮਝਣ ਨਾਲ ਹੀ ਬਣ ਸਕਦਾ ਹੈ।
ਅਹਿਮਦ ਸ਼ਾਹ ਅਬਦਾਲੀ ਨੂੰ ਜਦ ਇਹ ਪਤਾ ਲੱਗਾ ਕਿ ਜਦ ਤੱਕ ਸਿੱਖ ਗੁਰਬਾਣੀ ਨਾਲ ਜੁੜਿਆ ਹੋਇਆ ਹੈ, ਉਸ ਸਮੇਂ ਤੱਕ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਉਸ ਨੂੰ ਇਹ ਵੀ ਪਤਾ ਲੱਗਾ ਕਿ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੀਆਂ ਤਰੰਗਾਂ ਉਠਦੀਆਂ ਹਨ ਜੋ ਗੁਰਸਿੱਖਾਂ ਤੱਕ ਪਹੁੰਚਦੀਆਂ ਹਨ। ਇਸ ਲਈ ਉਸ ਨੇ ਹਰਿਮੰਦਰ ਸਾਹਿਬ ਹੀ ਢਹਿ ਢੇਰੀ ਕਰ ਦਿੱਤਾ, ਦੋ ਘੱਲੂਘਾਰੇ ਵਰਤਾਏ ਪਰ ਸਿੱਖ ਖਤਮ ਨਾ ਹੋਏ।
ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਕੁਝ ਦਹਾਕੇ ਪਹਿਲਾਂ ਜਦ ਸੰਤ ਜਰਨੈਲ ਸਿੰਘ ਨੇ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਿੱਖਾਂ ਨੂੰ ਖਤਮ ਕਰਨ ਵਾਲੀ ਸੋਚ ਨੇ ਟੈਂਕਾਂ ਨਾਲ ਹਮਲਾ ਕਰਵਾ ਦਿੱਤਾ, ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ, ਦਿੱਲੀ ਵਿੱਚ ਸਿੱਖ ਕਤਲੇਆਮ ਕਰਵਾਇਆ ਪਰ ਸਿੱਖ ਫਿਰ ਵੀ ਖਤਮ ਨਹੀਂ ਹੋਏ ਕਿਉਂਕਿ ਗੁਰਬਾਣੀ ਤਾਂ ਸਿੱਖ ਦੇ ਹਿਰਦੇ ਵਿੱਚ ਵਸੀ ਹੋਈ ਹੈ।
ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਹੁਣ ਸਾਡੇ ਆਪਣੇ ਹੀ ਜਿਹੜੇ ਇਹ ਸਮਝ ਬੈਠੇ ਹਨ ਕਿ ਉਹ ਤਾਂ ਨਸ਼ੇ ਵੰਡ ਕੇ, ਭ੍ਰਿਸ਼ਟ ਢੰਗ ਤਰੀਕੇ ਵਰਤ ਕੇ ਵੋਟਾਂ ਪ੍ਰਾਪਤ ਕਰਕੇ ਗੱਦੀ ’ਤੇ ਟਿਕੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਚੜ੍ਹਦੀ ਕਲਾ ਟਾਈਮ ਟੀ.ਵੀ. ਰਾਹੀਂ ਗੁਰਬਾਣੀ ਦੇ ਹੋ ਰਹੇ ਪ੍ਰਚਾਰ ਨੂੰ ਘਰ-ਘਰ ਬੈਠ ਕੇ ਸੁਣਨ ਤੋਂ ਰੋਕਣ ਲਈ ਸਾਰੇ ਪੰਜਾਬ ’ਚ ਹੀ ਸਿਟੀ ਕੇਬਲ ਤੋਂ ਬੰਦ ਕਰਵਾ ਦਿੱਤਾ ਹੈ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਗੁਰਬਾਣੀ ਨੂੰ ਸਿੱਖਾਂ ਦੇ ਹਿਰਦਿਆਂ ਤੱਕ ਪਹੁੰਚਣ ਤੋਂ ਰੋਕਣ ਲਈ ਇਹ ਚੈਨਲ ਸਿਟੀ ਕੇਬਲ ਤੋਂ ਬੰਦ ਕਰਵਾ ਦਿੱਤਾ ਹੈ, ਕੀ ਉਹ ਅਹਿਮਦ ਸ਼ਾਹ ਅਬਦਾਲੀ ਤੋਂ ਘੱਟ ਹਨ?
ਉਨ੍ਹਾਂ ਅੱਗੇ ਕਿਹਾ ਕਿ ਸਿੱਖ ਕੇਵਲ ਉਹ ਹੈ, ਜਿਹੜਾ ਕੇਸਾਧਾਰੀ ਹੈ, ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨਾਂ ਨੂੰ ਪੂਰੀ ਸ਼ਰਧਾ ਸਹਿਤ ਮੰਨਦਾ ਹੈ ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ, ਜਿਹੜਾ ਨਸ਼ੇ ਅਤੇ ਤੰਬਾਕੂ ਦੀ ਵਰਤੋਂ ਨਹੀਂ ਕਰਦਾ ਅਤੇ ਚਾਰ ਬੱਜਰ ਕੁਰਹਿਤਾਂ ਤੋਂ ਬਚਿਆ ਹੋਇਆ ਹੈ, ਭਾਵ ਜਿਹੜਾ ਪਤਿੱਤ ਨਹੀਂ ਹੈ। ਪਰ ਜਿਨ੍ਹਾਂ ਗੈਰ-ਸਿੱਖਾਂ ਅਤੇ ਦੇਹਧਾਰੀਆਂ ਦੇ ਚੇਲਿਆਂ ਦੀਆਂ ਵੋਟਾਂ ਰਾਹੀਂ ਜਿੱਤ ਹਾਸਲ ਕਰਨੀ ਹੈ, ਉਨ੍ਹਾਂ ਬੜੀ ਹੁਸ਼ਿਆਰੀ ਨਾਲ ਇਹ ਸ਼ਰਤਾਂ, ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਨੂੰ ਮੰਨਣ ਵਾਲੀ ਸ਼ਰਤ ਵੋਟਰ ਫਾਰਮ ਵਿੱਚੋਂ ਉਡਾ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਖ ਦੀ ਵਿਆਖਿਆ/ਪ੍ਰੀਭਾਸ਼ਾ ਵੀ ਉਸੇ ਤਰ੍ਹਾਂ ਦਰਜ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ‘ਪਤਿੱਤ’ ਦੀ ਕੀਤੀ ਹੋਈ ਹੈ।
ਇਸ ਤੋਂ ਪਿੱਛੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਈ ਤਰਸੇਮ ਸਿੰਘ ਨੇ ਪੰਜਾਬ ਵਿੱਚ ਗੁਰਬਾਣੀ ਦੇ ਪ੍ਰਚਾਰ ਦੀ ਘਾਟ ਕਾਰਨ ਸਿੱਖ ਨੌਜਵਾਨਾਂ ਦੇ ਨਸ਼ਿਆਂ ਵਿੱਚ ਗਲਤਾਨ ਹੋਣ ਅਤੇ ਵਧ ਰਹੇ ਪਤਿੱਤਪੁਣੇ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਸਿੱਖੀ ਨਾਲੋਂ ਆਪਣੀ ਕੁਰਸੀ ਵੱਧ ਪਿਆਰੀ ਹੈ ਅਤੇ ਇਹ ਕੁਰਸੀ ਪ੍ਰਾਪਤ ਕਰਨ ਲਈ ਸਿੱਖ ਨੌਜਵਾਨਾਂ ਦਾ ਨਸ਼ਿਆਂ ਵਿੱਚ ਫਸੇ ਰਹਿਣ ਹੀ ਉਨ੍ਹਾਂ ਲਈ ਲਾਹੇਵੰਦ ਹੈ ਕਿਉਂਕਿ ਤਾਂ ਹੀ ਤਾਂ ਉਹ ਨਸ਼ੇ ਵੰਡ ਕੇ ਉਨ੍ਹਾਂ ਦੀਆਂ ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕਰ ਸਕਦੇ ਹਨ। ਉਨ੍ਹਾਂ ਨੇ ਗੁਰਬਾਣੀ ਦਾ ਪ੍ਰਚਾਰ ਰੋਕਣ ਲਈ ਸਿਟੀ ਕੇਬਲ ਤੋਂ ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਚੈਨਲ ਨੂੰ ਕਟ ਦਿੱਤਾ ਹੈ। ਭਾਈ ਤਰਸੇਮ ਸਿੰਘ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਪਿੰਡਾਂ ਦੇ ਗੁਰਦੁਆਰਿਆਂ ਅਤੇ ਪੰਚਾਇਤਾਂ ਨੂੰ ਫਰੀ ਡਿਸ਼ ਐਨਟੀਨੇ ਸਪਲਾਈ ਕਰੇਗੀ ਤਾਂ ਕਿ ਗੁਰਬਾਣੀ ਦਾ ਪ੍ਰਵਾਹ ਇਸੇ ਤਰ੍ਹਾਂ ਚੱਲਦਾ ਰਹੇ।
ਉਕਤ ਤੋਂ ਇਲਾਵਾ ਵੀ ਗਿਆਨੀ ਸ਼ਿਵਤੇਗ ਸਿੰਘ ਨੇ ਜਿਤਨੇ ਦਿਨ ਵੀ ਕਥਾ ਕੀਤੀ, ਉਨ੍ਹਾਂ ਗੁਰਬਾਣੀ ਦੇ ਹਰ ਸ਼ਬਦ ਦੀ ਗੁਰਮਤਿ ਦੀ ਰੌਸ਼ਨੀ ਵਿੱਚ ਬੜੇ ਸੋਹਣੇ ਢੰਗ ਨਾਲ ਵਿਆਖਿਆ ਕੀਤੀ। 11 ਜੁਲਾਈ ਨੂੰ ਕਥਾ ਕਰਦੇ ਹੋਏ ਉਨ੍ਹਾਂ ਮਨਘੜਤ ਸਾਖੀਆਂ ਰਾਹੀਂ ਗੁਰਮਤਿ ਸਿਧਾਂਤਾਂ ਅਤੇ ਸਿੱਖ ਇਤਿਹਾਸ ’ਚ ਰਲਾਵਟ ਕਰਨ ਵਾਲਿਆਂ ’ਤੇ ਚੋਟ ਕਰਦੇ ਹੋਏ ਕਿਹਾ ਕਿ ਜਿਸ ਮਾਲਕ ਦੀ ਬਖਸ਼ਿਸ਼ ਨਾਲ ਅਹੁਦੇ ਅਤੇ ਸ਼ੁਹਰਤ ਮਿਲੀ, ਸ਼ਬਦ ਗੁਰੂ ਨਾਲੋਂ ਟੁੱਟੇ ਮਨੁੱਖਾਂ ਨੇ ਉਸੇ ਮਾਲਕ ਦੇ ਸਿਧਾਂਤਾਂ ਨਾਲ ਖਿਲਵਾੜ ਕੀਤਾ ਅਤੇ ਸਿਧਾਂਤ ਨਾਲੋਂ ਤੋੜਨ ਲਈ ਵਿਰੋਧੀਆਂ ਨੇ ਚੋਟੀ ਦੇ ਸਿੱਖ ਕਿਰਦਾਰਾਂ ਨਾਲ ਮਨਘੜਤ ਕਹਾਣੀਆਂ ਜੋੜ ਕੇ ਇਤਿਹਾਸ ਨੂੰ ਕਲੰਕਿਤ ਕੀਤਾ।
ਉਨ੍ਹਾਂ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ, ਸ਼ਹੀਦ ਭਾਈ ਮਨੀ ਸਿੰਘ ਦੀਆਂ ਕੁਰਬਾਨੀਆਂ ਅਤੇ ਭਾਈ ਗੁਰਦਾਸ ਜੀ ਦੀ ਵਿਦਵਤਾ ਅਤੇ ਜੀਵਨ ਦਾ ਬੜੇ ਸੋਹਣੇ ਢੰਗ ਨਾਲ ਜਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਜੀਵਨ ਨੂੰ ਸਿੱਖ ਲਈ ਰੋਲ ਮਾਡਲ ਬਣਾਉਣ ਦੀ ਥਾਂ ਤਿੰਨਾਂ ਨਾਲ ਹੀ ਮਨਘੜਤ ਕਹਾਣੀਆਂ ਜੋੜ ਦਿੱਤੀਆਂ। ਬਾਬਾ ਬੰਦਾ ਸਿੰਘ ਬਹਾਦਰ ’ਤੇ ਦੋਸ਼ ਲਾਇਆ ਕਿ ਉਨ੍ਹਾਂ ਆਪਣੇ ਆਪ ਨੂੰ ਗੁਰੂ ਕਹਾਇਆ ਤੇ ਗੁਰੂ ਸਾਹਿਬ ਦੀ ਸਿੱਖਿਆਂ ਦੇ ਉਲਟ ਵਿਆਹ ਕਰਵਾਇਆ, ਜਿਸ ਕਾਰਨ ਉਨ੍ਹਾਂ ਨੂੰ ਸ਼ਹੀਦੀ ਦੇਣੀ ਪਈ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨਾਲ ਸਾਖੀ ਜੋੜ ਦਿੱਤੀ ਕਿ ਉਨ੍ਹਾਂ ਗੁਰਬਾਣੀ ਨੂੰ ਗੁਟਕਿਆਂ ਵਿੱਚ ਲਿਖਿਆ ਤਾਂ ਉਨ੍ਹਾਂ ਨੂੰ ਬੰਦ-ਬੰਦ ਕਟਵਾ ਕੇ ਸ਼ਹੀਦੀ ਦੇਣੀ ਪਈ। ਭਾਈ ਗੁਰਦਾਸ ਜੀ ਨਾਲ ਸਾਖੀ ਜੋੜ ਦਿੱਤੀ ਕਿ ਉਨ੍ਹਾਂ ਨੂੰ ਹੰਕਾਰ ਹੋ ਗਿਆ ਸੀ ਅਤੇ ਗੁਰੂ ਸਾਹਿਬ ਨੇ ਉਨ੍ਹਾਂ ਦਾ ਹੰਕਾਰ ਤੋੜਨ ਲਈ ਮੋਹਰਾਂ ਨੂੰ ਠੀਕਰੀਆਂ ਵਿੱਚ ਬਦਲਣ ਦਾ ਕੌਤਕ ਵਰਤਾਇਆ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਡੇਰੇਦਾਰਾਂ ਨੇ ਆਪਣੇ ਡੇਰੇ ਚਲਾਉਣ ਲਈ ਤਾਂ ਐਸੀਆਂ ਕਹਾਣੀਆਂ ਸੁਣਾਉਣੀਆਂ ਹੀ ਹਨ ਪਰ ਅਫਸੋਸ ਉਸ ਸਮੇਂ ਵੱਧ ਦੁੱਖ ਹੁੰਦਾ ਹੈ ਜਦੋਂ ਸ਼੍ਰੋਮਣੀ ਕਮੇਟੀ ਵੀ ਬਿਨਾਂ ਗੁਰਬਾਣੀ ਦੀ ਕਸਵੱਟੀ ‘ਤੇ ਪਰਖਿਆਂ ਐਸੀਆਂ ਮਨਘੜਤ ਸਾਖੀਆਂ ਛਾਪ ਕੇ ਵੰਡ ਰਹੀ ਹੈ ਤੇ ਇਸ ਦੇ ਪ੍ਰਚਾਰਕ ਸਟੇਜਾਂ ’ਤੇ ਸੁਣਾ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹਨ।
12 ਜੁਲਾਈ ਨੂੰ ਕਥਾ ਕਰਦੇ ਹੋਏ ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਸਾਡੀ ਦੁਰਗਤੀ ਦਾ ਮੁੱਖ ਕਾਰਨ ਹੈ ਅਸੀਂ ਗੁਰੂ ਨਾਲ ਵਫ਼ਾਤਾਰੀ ਨਹੀਂ ਨਿਭਾਈ। ਉਨ੍ਹਾਂ ਕਿਹਾ ਕਿ ਗੁਰਬਾਣੀ ਹੈ ਤਾਂ ਇਸ ਲਈ ਕਿ ਅਸੀਂ ਇਸ ਨੂੰ ਪੜ੍ਹ ਕੇ, ਇਸ ਤੋਂ ਸੇਧ ਲੈ ਕੇ ਆਪਣੀਆਂ ਕਾਮਨਾਵਾਂ ਤੇ ਵਾਸ਼ਨਾਵਾਂ ਨੂੰ ਕਾਬੂ ਕਰਕੇ ਮਨ ਨੂੰ ਟਿਕਾਉ ਵਿੱਚ ਲੈ ਕੇ ਆਈਏ ਤਾਂ ਕਿ ਸਦਾ ਲਈ ਆਨੰਦ ਬਣਿਆ ਰਹੇ ਪਰ ਅਸੀਂ ਇਹ ਤਾਂ ਕਰ ਰਹੀ ਨਹੀਂ ਸਕੇ ਸਗੋਂ ਉਲਟਾ ਮਨ ਦੀਆਂ ਵਾਸ਼ਨਾਵਾਂ ਪੂਰੀਆਂ ਕਰਨ ਲਈ ਵਰਤਣ ਲੱਗ ਪਏ ਹਾਂ ਅਤੇ ਪ੍ਰਚਾਰ ਕਰਨ ਲੱਗ ਪਏ ਤਾਂ ਕਿ ਫਲਾਣਾ ਸ਼ਬਦ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ ਇਤਨੀ ਵਾਰ ਪੜ੍ਹਿਆ ਜਾਵੇ ਤਾਂ ਤੁਹਾਡਾ ਇਹ ਕੰਮ ਸਫਲ ਹੋ ਜਾਵੇਗਾ। ਫਲਾਣਾ ਸ਼ਬਦ ਲਹਿੰਦੇ ਵਾਲੇ ਪਾਸੇ ਮੂੰਹ ਕਰਕੇ ਪੜ੍ਹਿਆ ਜਾਵੇ ਤਾਂ ਤੁਹਾਡਾ ਉਹ ਕੰਮ ਸਫਲ ਹੋ ਜਾਵੇਗਾ। ਫਲਾਣਾ ਸ਼ਬਦ ਉਤਰ ਵਲ ਮੂੰਹ ਕਰਕੇ ਪੜ੍ਹਿਆ ਜਾਵੇ ਤਾਂ ਪਤੀ ਵੱਸ ਵਿੱਚ ਆ ਜਾਵੇਗਾ। ਫਲਾਣਾ ਸ਼ਬਦ ਦੱਖਣ ਵਲ ਮੂੰਹ ਕਰਕੇ ਪੜ੍ਹਿਆ ਜਾਵੇ ਤਾਂ ਪਤਨੀ ਵੱਸ ਵਿੱਚ ਆ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਗੁਰਬਾਣੀ ਪੜ੍ਹ ਕੇ ਆਪਣੇ ਮਨ ਨੂੰ ਵਸ ਨਹੀਂ ਕਰ ਸਕਿਆ, ਉਹ ਦੂਜੇ ਨੂੰ ਖ਼ਾਕ ਵੱਸ ਵਿੱਚ ਕਰੇਗਾ।
ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਸਾਡੇ ਆਗੂ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਕੌਮ ਨੂੰ ਅਗਵਾਈ ਦਿੰਦੇ ਪਰ ਉਹ ਤਾਂ ਇੱਥੋਂ ਤੱਕ ਗਿਰ ਗਏ ਹਨ ਕਿ ਚੰਦ ਵੋਟਾਂ ਲੈਣ ਲਈ ਗੁਰੂ ਦਾ ਦਰ ਛੱਡ ਕੇ ਕਬਰਾਂ ’ਤੇ ਜਾ ਕੇ ਮੱਥੇ ਵੀ ਟੇਕਣਗੇ ਕਈ ਡੇਰਿਆਂ ’ਤੇ ਵੀ ਜਾਣਗੇ। ਕਈ ਮੱਥਿਆਂ ’ਤੇ ਟਿੱਕੇ ਲਗਵਾ ਕੇ ਹਵਨ ਤੇ ਜਗਰਾਤੇ ਵੀ ਕਰਵਾਉਣਗੇ, ਕਈ ਨਸ਼ੇ ਵੀ ਵੰਡਣਗੇ, ਗੈਰ-ਸਿੱਖ, ਮੋਨੇ ਅਤੇ ਡੇਰਿਆਂ ਦੇ ਸ਼ਰਧਾਲੂਆਂ ਦੀਆਂ ਵੋਟਾਂ ਵੀ ਬਣਾਉਣਗੇ ਤਾਂ ਕਿ ਉਨ੍ਹਾਂ ਦੀਆਂ ਵੋਟਾਂ ਰਾਹੀਂ ਉਹ ਜਿੱਤ ਹਾਸਲ ਕਰ ਸਕਣ ਅਤੇ ਇਹ ਸਾਰੇ ਗੁਰਮਤਿ ਵਿਰੋਧੀ ਕੰਮ ਕਰਨ ਪਿੱਛੋਂ ਲੋਕ ਵਿਖਾਵੇ ਲਈ ਸ਼ੁਕਰਾਨੇ ਵਜੋਂ ਅਖੰਡ ਪਾਠ ਕਰਵਾ ਕੇ ਅਰਦਾਸਾਂ ਵੀ ਕਰਾ ਲੈਂਦੇ ਹਨ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਤਾਂ ਹੈ
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ
ਦੇਹਿ।।
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।।
ਪਰ ਅਫਸੋਸ ਹੈ ਅੱਜ ਦੇ ਸਿੱਖ ਆਗੂ ਤਾਂ ਕਹਿੰਦੇ ਹਨ ਕਿ ਮੈਨੂੰ ਚੋਣਾਂ ਵਿੱਚ ਜਿੱਤ ਪ੍ਰਾਪਤ ਹੋ ਜਾਵੇ ਮੈਂ ਗੁਰੂ ਦਾ ਦਰ ਛੱਡ ਕੇ ਜਿੱਥੇ ਵੀ ਜਾਣਾ ਪਏ ਜਾਣ ਲਈ ਤਿਆਰ ਹਾਂ।
ਉਪ੍ਰੋਕਤ ਹਰ ਰੋਜ ਦੇ ਵਖਿਆਨ ਨੂੰ ਖ਼ਬਰਾਂ ਦਾ ਰੂਪ ਦੇ ਕੇ ਸੱਚ ਦੀ ਪਟਾਰੀ ਅਤੇ ਹੋਰ ਕਈ ਵੈਬਸਾਈਟਾਂ ਨੂੰ ਭੇਜਿਆ ਗਿਆ, ਜਿਨ੍ਹਾਂ ਨੇ ਇਹ ਖ਼ਬਰਾਂ ਪ੍ਰਮੁੱਖਤਾ ਨਾਲ ਛਾਪੀਆਂ। ਇਨ੍ਹਾਂ ਖ਼ਬਰਾਂ ਦਾ ਦੇਸ਼ ਵਿਦੇਸ਼ ਦੀਆਂ ਸੰਗਤਾਂ ’ਤੇ ਕਾਫ਼ੀ ਅਸਰ ਹੋਇਆ। ਖਾਸ ਕਰਕੇ ਨਿਊਜੀਲੈਂਡ ਦੇ ਸ: ਹਰਨੇਕ ਸਿੰਘ ਜਿਹੜੇ ਕਿ ਇਕ ਗੁਰਦੁਆਰੇ ਦੇ ਪ੍ਰਧਾਨ ਹੋਣ ਤੋਂ ਇਲਾਵਾ ਆਪਣਾ ‘ਰੇਡੀਓ ਸਪਾਈਸ ਨਿਊਜੀਲੈਂਡ’ ਚਲਾ ਰਹੇ ਹਨ, ਨੇ ਸ਼ਬਦ ਗੁਰੂ ’ਤੇ ਕਿੰਤੂ ਕਰਨ ਵਾਲੀ ਖ਼ਬਰ ਆਪਣੇ ਸਰੋਤਿਆਂ ਨੂੰ ਰੇਡੀਓ ਤੋਂ ਪੜ੍ਹ ਕੇ ਸੁਣਾਈ ਤੇ ਗਿਆਨੀ ਸ਼ਿਵਤੇਗ ਸਿੰਘ ਅਤੇ ਇਸ ਲੇਖਕ ਨੂੰ 14 ਜੁਲਾਈ ਨੂੰ ਔਨ-ਲਾਈਨ ਲਾਈਵ ਆਪਣੇ ਸਰੋਤਿਆਂ ਦੇ ਰੁਬਰੂ ਕੀਤਾ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਪੰਜਾਬ ’ਚ ਵਧ ਰਿਹਾ ਡੇਰਾਵਾਦ, ਪੁਜਾਰੀਵਾਦ, ਅਤੇ ਧਰਮ ਨੂੰ ਆਪਣੀ ਸਿਆਸਤ ਲਈ ਵਰਤਣ ਵਾਲੇ ਸਿਆਸਤਦਾਨ ਤਾਂ ਸਿੱਖੀ ਲਈ ਨੁਕਸਾਨਦਾਇਕ ਹੈ ਹੀ ਹਨ, ਸਪੋਕਸਮੈਨ ਦੇ ਸੰਪਾਦਕ ਜਿਨ੍ਹਾਂ ਤੋਂ ਪੰਥ ਨੂੰ ਕਾਫ਼ੀ ਆਸ ਸੀ, ਵੀ ਗਲਤ ਰਾਹੇ ਪੈ ਗਏ ਹਨ ਅਤੇ ਸ਼ਬਦ ਗੁਰੂ ’ਤੇ ਕਿੰਤੂ ਕਰਕੇ ਡੇਰੇਦਾਰ, ਪੁਜਾਰੀਵਾਦ, ਅਤੇ ਦਸਮ ਗ੍ਰੰਥ ਵਿਰੁੱਧ ਉਠ ਰਹੀ ਲਹਿਰ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ।
ਇਸ ਸਾਰੀ ਵੀਚਾਰ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਜਿਹੜੇ ਪੁਜਾਰੀ, ਰਾਜਨੀਤਕ ਅਤੇ ਚੌਧਰੀ ਖ਼ੁਦ ਗੁਰਬਾਣੀ ਦੇ ਸਿਧਾਂਤ ਅਨੁਸਾਰ ਚੱਲ ਨਹੀਂ ਸਕਦੇ, ਉਨ੍ਹਾਂ ਨੇ ਹੀ ਗੁਰਬਾਣੀ ਦਾ ਵਿਰੋਧ ਨਿਰੰਤਰ ਜਾਰੀ ਰੱਖਿਆ।