

ਨਾਂਅ ਦਲਿਤਾਂ ਦਾ, ਮਹਿਮਾ ਮਾਇਆਵਤੀ ਦੀ
- ਜਤਿੰਦਰ ਸਿੰਘ -
ਮੇਰੇ ਸਾਹਮਣੇ ਉਹ ਰਿਪੋਰਟ ਪਈ ਹੈ, ਜਿਸ ਵਿੱਚ ਸੁਪਰੀਮ ਕੋਰਟ ਵੱਲੋਂ ਉ¤ਤਰ ਪ੍ਰਦੇਸ਼ ਦੀ ਮੁੱਖ
ਮੰਤਰੀ ਮਾਇਆਵਤੀ ਦੀ ‘ਬੁੱਤਬਾਜ਼ੀ’ ਵਿਰੁੱਧ ਚਾਰ ਹਫ਼ਤਿਆਂ ਦਾ ਨੋਟਿਸ ਜਾਰੀ ਕਰਨ ਦਾ ਵੇਰਵਾ ਹੈ।
ਨੋਟਿਸ ਇਕ ਵਕੀਲ ਦੀ ਉਸ ਪਟੀਸ਼ਨ ਉ¤ਤੇ ਜਾਰੀ ਹੋਇਆ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਮਾਇਆਵਤੀ
ਆਪਣੇ ਰਾਜ ਦਾ ਖ਼ਜ਼ਾਨਾ ਆਪਣੇ ਬੁੱਤਾਂ ਅਤੇ ਆਪਣੀ ਮਰਜ਼ੀ ਦੇ ਬੁੱਤਾਂ ਉ¤ਤੇ ਅੰਨ੍ਹੇਵਾਹ ਖ਼ਰਚ ਕਰੀ ਜਾ
ਰਹੀ ਹੈ। ਪਟੀਸ਼ਨ ਦੀ ਸੁਣਵਾਈ ਜੁਲਾਈ ਵਿੱਚ ਹੋਣੀ ਸੀ ਕਿਉਂਕਿ ਅਦਾਲਤ ਵਿੱਚ ਗਰਮੀਆਂ ਦੀਆਂ ਛੁੱਟੀਆਂ
ਸਨ। ਬੀਬੀ ਮਾਇਆਵਤੀ ਨੇ ਉਹ ਤਰੀਕ ਆਉਣ ਤੋਂ ਪਹਿਲਾਂ 3 ਜੁਲਾਈ ਨੂੰ ਹੀ ਇਨ੍ਹਾਂ ਬੁੱਤਾਂ ਦੇ ਪਰਦੇ
ਹਟਾਉਣ ਦੀ ਤਰੀਕ ਮਿੱਥ ਦਿੱਤੀ। ਪਟੀਸ਼ਨਰ ਨੇ ਛੁੱਟੀਆਂ ਦੌਰਾਨ ਬੈਠਣ ਵਾਲੇ ਮਾਣਯੋਗ ਜਜ ਸਾਹਿਬਾਨ
ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾ ਕੇ ਪਹਿਲਾਂ ਸੁਣਵਾਈ ਦੀ ਬੇਨਤੀ ਕੀਤੀ ਤਾਂ ਉਨ੍ਹਾਂ ਨੇ 3
ਜੁਲਾਈ ਦੀ ਪਰਦੇ ਹਟਾਉਣ ਦੀ ਤਰੀਕ ਤੋਂ ਚਾਰ ਦਿਨ ਪਹਿਲਾਂ 29 ਜੂਨ ਨੂੰ ਸੁਣਵਾਈ ਕਰਨ ਦੀ ਨਵੀਂ
ਤਰੀਕ ਮਿੱਥ ਦਿੱਤੀ। ਮਾਇਆਵਤੀ ਦੀ ਮਾਇਆ-ਮਹਿਮਾ ਏਨੀ ਨਿਰਾਲੀ ਹੈ ਕਿ ਉਸ ਨੇ ਜਿਹੜੇ ਬੁੱਤਾਂ ਤੋਂ 3
ਜੁਲਾਈ ਲਿਖੀ ਹੋਈ ਸੀ, ਉਨ੍ਹਾਂ ਤੋਂ ਪਰਦਾ 9 ਦਿਨ ਅਗਾਊਂ ਯਾਨਿ 25 ਜੂਨ ਨੂੰ ਹੀ ਚੁੱਕ ਦਿੱਤਾ। ਇਹ
ਸਿੱਧੇ ਤੌਰ ’ਤੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੂੰ ਝਕਾਨੀ ਦੇਣ ਦੀ ਕਾਰਵਾਈ ਸੀ।
ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਓਨੀ ਹੀ ਸਖ਼ਤੀ ਵਿਖਾਈ ਹੈ, ਜਿੰਨੀ ਵਿਖਾਈ ਜਾਣੀ ਬਣਦੀ ਸੀ। ਬੜੇ ਕਰੜੇ ਸ਼ਬਦਾਂ ਵਿੱਚ ਬੀਬੀ ਮਾਇਆਵਤੀ ਤੇ ਉਸਦੀ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ। ਪਹਿਲਾਂ ਹੀ ਕਈ ਝਮੇਲਿਆਂ ਦਾ ਸਾਹਮਣਾ ਕਰ ਰਹੀ ਬੀਬੀ ਮਾਇਆਵਤੀ ਲਈ ਇਹ ਪਟੀਸ਼ਨ ਇਕ ਹੋਰ ਵੱਡੀ ਉਲਝਣ ਸਾਬਤ ਹੋ ਸਕਦੀ ਹੈ। ਬਾਹਰੋਂ ਭਾਵੇਂ ਕੋਈ ਪਰਵਾਹ ਕਰਦੀ ਉਹ ਨਜ਼ਰ ਨਾ ਆਵੇ, ਅੰਦਰੋਂ ਬੀਬੀ ਏਨੀ ਸੁਖੀ ਨਹੀਂ ਹੋ ਸਕਦੀ।
ਇਸ ਬੁੱਤਬਾਜ਼ੀ ਬਾਰੇ ਦਰਜ ਕਰਵਾਈ ਗਈ ਪਟੀਸ਼ਨ ਵਿੱਚ ਵੱਡਾ ਦੋਸ਼ ਇਹ ਲਾਇਆ ਗਿਆ ਹੈ ਕਿ ਮੁੱਖ ਮੰਤਰੀ ਮਾਇਆਵਤੀ ਨੇ ਉ¤ਤਰ ਪ੍ਰਦੇਸ਼ ਦੀ ਸਰਕਾਰ ਦੇ ਸੱਭਿਆਚਾਰਕ ਵਿਭਾਗ ਦੇ 2100 ਕਰੋੜ ਰੁਪਏ ਦੇ ਬਜਟ ਵਿੱਚੋਂ 1940 ਕਰੋੜ ਰੁਪਏ ਇਸ ਕੰਮ ਉ¤ਤੇ ਫੂਕ ਦਿੱਤੇ ਹਨ। ਜਿਹੜੇ ਬੁੱਤ ਬਣਾਏ ਗਏ, ਉਨ੍ਹਾਂ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਵੀ ਸ਼ਾਮਲ ਹਨ, ਜਿਨ੍ਹਾਂ ਦੇ ਬੁੱਤ ਪਹਿਲਾਂ ਵੀ ਸਾਰੇ ਭਾਰਤ ਦੇ ਹਰ ਪ੍ਰਮੁੱਖ ਸ਼ਹਿਰ ਅੰਦਰ ਕਿਤੇ ਇੱਕ ਤੇ ਕਿਤੇ ਚਾਰ-ਪੰਜ ਤੱਕ ਲੱਗੇ ਹੋਏ ਹਨ। ਫਿਰ ਵੀ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਮੱਦੇਨਜ਼ਰ ਰਖਦੇ ਹੋਏ ਇਹੋ ਜਿਹੇ ਕੁਝ ਹੋਰ ਬੁੱਤ ਬਣਾਏ ਜਾਂਦੇ, ਤਾਂ ਸ਼ਾਇਦ ਬਾਹਲੀ ਨੁਕਤਾਚੀਨੀ ਨਾ ਹੁੰਦੀ, ਪਰ ਸਰਕਾਰੀ ਖ਼ਰਚ ਉ¤ਤੇ ਬਹੁਤ ਸਾਰੇ ਬੁੱਤ ਬਹੁਜਨ ਸਮਾਜ ਪਾਰਟੀ ਦੇ ਮੋਢੀ ਬਾਬੂ ਕਾਂਸ਼ੀ ਰਾਮ ਦੇ ਵੀ ਬਣਾ ਦਿੱਤੇ ਗਏ ਹਨ। ਬਾਬੂ ਕਾਂਸ਼ੀ ਰਾਮ ਇੱਕ ਵੱਡੇ ਲੀਡਰ ਸਨ, ਇਸ ਬਾਰੇ ਦੋ ਰਾਏ ਨਹੀਂ ਹੋ ਸਕਦੀਆਂ, ਪਰ ਉਹ ਡਾ: ਅੰਬੇਡਕਰ ਵਾਂਗ ਦੇਸ਼ ਦੇ ਸਮੁੱਚੇ ਲੋਕਾਂ ਦੇ ਨਹੀਂ, ਬਲਕਿ ਇਕ ਰਾਜਨੀਤਕ ਪਾਰਟੀ ਦੇ ਲੀਡਰ ਸਨ। ਜੇ ਉਨ੍ਹਾਂ ਦੀ ਪਾਰਟੀ ਉਨ੍ਹਾਂ ਦੇ ਬੁੱਤ ਲਗਵਾਉਣਾ ਚਾਹੁੰਦੀ ਹੈ, ਲਗਵਾਉਂਦੀ ਰਹੇ ਪਰ ਇਸ ਕੰਮ ਲਈ ਸਰਕਾਰੀ ਪੈਸਾ ਇਕ-ਦੋ ਬੁੱਤਾਂ ਤੱਕ ਖਰਚਣਾ ਤਾਂ ਕੁਝ ਜਾਇਜ਼ ਮੰਨਿਆ ਜਾ ਸਕਦਾ ਹੈ - ਬਾਕੀ ਦਾ ਖ਼ਰਚਾ ਸੰਬੰਧਤ ਪਾਰਟੀ ਨੂੰ ਖ਼ੁਦ ਕਰਨਾ ਚਾਹੀਦਾ ਹੈ। ਅੱਜ ਦੀ ਬਹੁਜਨ ਸਮਾਜ ਪਾਰਟੀ, ਜਿਸ ਦੀ ਮੁਖੀ ਬੀਬੀ ਨੂੰ ਜਨਮ ਦਿਨ ਉ¤ਤੇ ਕਰੋੜਾਂ ਰੁਪਏ ਦੀ ਮਾਇਆ ਦੇ ਤੋਹਫ਼ੇ ਮਿਲ ਜਾਂਦੇ ਹਨ, ਏਨੀ ਨਿਤਾਣੀ ਨਹੀਂ ਰਹੀ ਕਿ ਉਹ ਏਨਾ ਖ਼ਰਚਾ ਵੀ ਨਾ ਕਰ ਸਕੇ।
ਗੱਲ ਸਿਰਫ਼ ਏਥੋਂ ਤੱਕ ਵੀ ਸੀਮਤ ਨਹੀਂ, ਹੋਰ ਅੱਗੇ ਜਾਂਦੀ ਹੈ। ਡਾ: ਅੰਬੇਡਕਰ ਅਤੇ ਬਾਬੂ ਕਾਂਸ਼ੀ ਰਾਮ ਦੇ ਬੁੱਤਾਂ ਦੇ ਨਾਲ-ਨਾਲ ਬੀਬੀ ਮਾਇਆਵਤੀ ਨੇ ਆਪਣੇ ਬਹੁਤ ਮਹਿੰਗੇ ਬੁੱਤ ਵੀ ਸਰਕਾਰੀ ਖ਼ਰਚੇ ਉ¤ਤੇ ਬਣਵਾ ਕੇ ਲਾਉਣੇ ਸ਼ੁਰੂ ਕਰ ਦਿੱਤੇ। ਦਲੀਲ ਉਸ ਦੀ ਇਹ ਹੈ ਕਿ ਕਾਂਸ਼ੀ ਰਾਮ ਜੀ ਕਿਹਾ ਕਰਦੇ ਸਨ ਕਿ ਜਿੱਥੇ ਵੀ ਕਿਧਰੇ ਮੇਰਾ ਬੁੱਤ ਲੱਗੇ, ਮੇਰੀ ਇੱਛਾ ਹੈ ਕਿ ਮਾਇਆਵਤੀ ਦਾ ਬੁੱਤ ਵੀ ਮੇਰੇ ਨਾਲ ਹੀ ਲੱਗਾ ਹੋਵੇ ਤੇ ਜਿਹੜਾ ਵੀ ਵਿਅਕਤੀ ਮੈਨੂੰ ਸਨਮਾਨ ਭੇਟ ਕਰਨ ਆਵੇ, ਉਹ ਦੋਵਾਂ ਦੇ ਬੁੱਤਾਂ ਉ¤ਤੇ ਹਾਰ ਪਾ ਕੇ ਜਾਵੇ। ਅਗਲੀ ਗੱਲ ਇਹ ਕਿ ਬੁੱਤਾਂ ਤੋਂ ਪਰਦਾ ਹਟਾਉਦ ਮਗਰੋਂ ਫੁੱਲਾਂ ਦੇ ਬੁੱਕ ਭਰ-ਭਰ ਕੇ ਮਾਇਆਵਤੀ ਦੂਜੇ ਦੋਵਾਂ ਦੇ ਬੁੱਤਾਂ ਉ¤ਤੇ ਹੀ ਨਹੀਂ, ਟੀ.ਵੀ. ਕੈਮਰੇ ਵੱਲ ਵੇਖ ਕੇ ਆਪਣੇ ਬੁੱਤ ਉ¤ਤੇ ਵੀ ਪੂਰੇ ਜੋਸ਼ ਨਾਲ ਸੁੱਟਦੀ ਹੈ। ਪਿਛਲੇ ਦੋ ਕੁ ਸਾਲਾਂ ਤੋਂ ਤਾਂ ਉਸ ਨੇ ਕਈ ਥਾਂ ਭਾਸ਼ਣ ਦੇਂਦਿਆਂ ਇਹ ਵੀ ਕਿਹਾ ਹੈ ਕਿ ‘‘ਪੁਰਾਣੀਆਂ ਦੇਵੀਆਂ ਦੀ ਥਾਂ ਦਲਿਤਾਂ ਨੂੰ ਹੁਣ ਮੇਰੀ ਪੂਜਾ ਕਰਨੀ ਚਾਹੀਦੀ ਹੈ, ਮੈਂ ਉਨ੍ਹਾਂ ਤੋਂ ਦੂਰ ਨਹੀਂ - ਉਨ੍ਹਾਂ ਦੇ ਵਿਚਾਲੇ ਖੜੀ ‘ਦਲਿਤਾਂ ਦੀ ਦੇਵੀ’ ਹਾਂ।’’
ਇਹ ਸਾਰਾ ਕੁਝ ਜਾਣ ਕੇ ਕੋਈ ਵੀ ਬੰਦਾ ‘ਕਮਾਲ ਹੈ’ ਕਹਿ ਸਕਦਾ ਹੈ, ਪਰ ਬੀਬੀ ਮਾਇਆਵਤੀ ਨੇ ਤਾਂ ਇਸ ਤੋਂ ਵੀ ਅਗਲੀ ਕਮਾਲ ਕਰ ਛੱਡੀ ਹੈ। ਉਸ ਦੀ ਬਹੁਜਨ ਸਮਾਜ ਪਾਰਟੀ ਦਾ ਚੋਣ ਨਿਸ਼ਾਨ ‘ਹਾਥੀ’ ਹੈ। ਬੀਬੀ ਨੇ ਸਰਕਾਰੀ ਖ਼ਜ਼ਾਨਾ ਖਰਚ ਕੇ 52 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਚਿੱਟੇ ਸੰਗਮਰਮਰ ਦੇ ਹਾਥੀ ਦੇ 60 ਬੁੱਤ ਹੀ ਬਣਵਾ ਦਿੱਤੇ ਹਨ, ਜਿਹੜੇ ਦਿੱਲੀ ਤੋਂ ਨਿਕਲਦੇ ਸਾਰ ਯੂ.ਪੀ. ਦੇ ਪਹਿਲੇ ਕਸਬੇ ਨੌਇਡਾ ਤੋਂ ਲੈ ਕੇ ਉਸ ਰਾਜ ਦੀ ਰਾਜਧਾਨੀ ਲਖਨਊ ਤੱਕ ਵੱਖ-ਵੱਖ ਥਾਂਈਂ ਲਗਾਏ ਜਾਣਗੇ। ‘ਚਿੱਟਾ ਹਾਥੀ’ ਫਿਜ਼ੂਲ-ਖਰਚੀ ਦਾ ਪ੍ਰਤੀਕ ਗਿਣਿਆ ਜਾਂਦਾ ਹੈ, ਜਿਸ ਉ¤ਤੇ ਸਿਰਫ਼ ਸਾਬਣ ਮਲਣ ਦਾ ਤੇ ਖ਼ੁਰਾਕ ਦਾ ਖ਼ਰਚਾ ਹੁੰਦਾ ਹੈ। ਉਸ ਹਾਥੀ ਤੋਂ ਕੰਮ ਕੋਈ ਨਹੀਂ ਲਿਆ ਜਾਂਦਾ। ਹੁਣ ਤੱਕ ਇਹ ਮੁਹਾਵਰਾ ਵੀ ਬੀਬੀ ਮਾਇਆਵਤੀ ਨੇ ਸਵਾ ਬਵੰਜਾ ਕਰੋੜ ਰੁਪਏ ਫੂਕ ਕੇ ਸੱਚਾ ਸਾਬਤ ਕਰ ਵਿਖਾਇਆ ਹੈ।
ਬੀਬੀ ਮਾਇਆਵਤੀ ਦੀਆਂ ਆਪਣੀਆਂ ਦਲੀਲਾਂ ਹਨ। ਉਹ ਉਲਟਾ ਸਵਾਲ ਕਰਦੀ ਹੈ ਕਿ ਮਹਾਤਮਾ ਗਾਧੀ ਤੇ ਪੰਡਤ ਜਵਾਹਰ ਲਾਲ ਨਹਿਰੂ ਦੇ ਬੁੱਤਾਂ ਅਤੇ ਸਮਾਧੀਆਂ ਉ¤ਤੇ ਖ਼ਰਚ ਹੋ ਸਕਦਾ ਹੈ ਤਾਂ ਸਾਡੀ ਵਾਰੀ ਇਤਰਾਜ਼ ਕਿਉਂ? ਇੰਜ ਕਹਿਣ ਵੇਲੇ ਉਹ ਭੁੱਲ ਜਾਂਦੀ ਹੈ ਕਿ ਮਹਾਤਮਾ ਗਾਂਧੀ ਤੇ ਪੰਡਤ ਨਹਿਰੂ ਨੇ ਆਪਣੇ ਬੁੱਤ ਆਪ ਨਹੀਂ ਸਨ ਲਗਵਾਏ - ਉਨ੍ਹਾਂ ਤੋਂ ਪਿੱਛੋਂ ਦੀਆਂ ਸਰਕਾਰਾਂ ਤੇ ਪੈਰੋਕਾਰਾਂ ਨੇ ਬਣਵਾਏ ਸਨ। ਉਨ੍ਹਾਂ ਦੋਵਾਂ ਵਿੱਚੋਂ ਕਿਸੇ ਨੇ ਵੀ ਆਪਣੇ ਆਪ ਨੂੰ ‘ਦੇਵਤਾ’ ਬਣਾ ਕੇ ਪੇਸ਼ ਨਹੀਂ ਸੀ ਕੀਤਾ। ਖ਼ਰਚੇ ਪੱਖੋਂ ਵੀ ਉਨ੍ਹਾਂ ਦੇ ਬੁੱਤਾਂ ਤੇ ਸਮਾਧੀਆਂ ਉ¤ਤੇ ਹੁਣ ਤੱਕ ਏਨਾ ਪੈਸਾ ਨਹੀਂ ਲੱਗਾ, ਜਿੰਨਾ ਬੀਬੀ ਨੇ ਇੱਕੋ ਵਾਰੀ ਰੋੜ੍ਹ ਦਿੱਤਾ ਹੈ। ਮਹਾਤਮਾ ਗਾਂਧੀ ਹੋਵੇ ਜਾਂ ਪੰਡਤ ਨਹਿਰੂ, ਇੰਦਰਾ ਗਾਂਧੀ ਹੋਵੇ, ਰਾਜੀਵ ਗਾਂਧੀ ਜਾਂ ਫਿਰ ਹੁਣ ਵਾਲੇ ਕਾਂਗਰਸੀਏ ਤੇ ਭਾਜਪਾਈਏ, ਜੇ ਕਿਸੇ ਨੇ ਬੁੱਤ ਬਣਵਾਏ ਵੀ ਹੋਣਗੇ ਤਾਂ ਲੀਡਰਾਂ ਦੇ - ਕਦੇ ਕਿਸੇ ਨੇ ਚੋਣ ਨਿਸ਼ਾਨ ਦਾ ਬੁੱਤ ਨਹੀਂ ਬਣਵਾਇਆ। ਕਾਂਗਰਸ ਦਾ ਪਹਿਲਾ ਚੋਣ ਨਿਸ਼ਾਨ ‘ਦੋ ਬਲਦਾਂ ਦੀ ਜੋੜੀ’ ਹੁੰਦੀ ਸੀ, ਫਿਰ ਉਸ ਨੂੰ ‘ਗਾਂ ਤੇ ਵੱਛਾ’ ਮਿਲ ਗਏ ਤੇ ਹੁਣ ਉਸ ਕੋਲ ਹੱਥ ਜਾਂ ਪੰਜਾ ਹੈ, ਪਰ ਉਸ ਨੇ ਕਿਸੇ ਵੀ ਥਾਂ ਇਹ ਬੁੱਤ ਨਹੀਂ ਲਾਏ। ਇਹ ਨਵੀਂ ਪਿਰਤ ਸਿਰਫ਼ ‘ਦਲਿਤਾਂ ਦੀ ਦੇਵੀ’ ਬਣਨ ਵਾਲੀ ਬੀਬੀ ਮਾਇਆਵਤੀ ਹੀ ਪਾਉਣ ਲੱਗੀ ਹੈ ਕਿ ਉਸ ਦੇ ਮਰਹੂਮ ਲੀਡਰਾਂ ਦੇ ਨਾਲ-ਨਾਲ ਉਸ ਦੇ ਆਪਣੇ ਬੁੱਤ ਵੀ ਤੇ ਆਪਣੇ ਚੋਣ ਨਿਸ਼ਾਨ ਦੇ ਬੁੱਤ ਵੀ ਸਰਕਾਰੀ ਖ਼ਰਚ ਉ¤ਤੇ ਲਾਏ ਜਾਣਗੇ। ‘ਆਪੇ ਮੈਂ ਰੱਜੀ-ਪੁੱਜੀ, ਆਪੇ ਮੇਰੇ ਬੱਚੇ ਜਿਊਣ’ ਦਾ ਮੁਹਾਵਰਾ ਐਨ ਪੂਰਾ ਢੁਕਦਾ ਹੈ।
ਆਓ ਹੁਣ ਇਕ ਹੋਰ ਪੱਖ ਤੋਂ ਇਸ ਮਾਮਲੇ ਨੂੰ ਵਿਚਾਰ ਕੇ ਵੇਖੀਏ। ਅੰਤਾਂ ਦੀ ਗਰੀਬੀ ਹੰਢਾ ਰਹੇ ਉ¤ਤਰ ਪ੍ਰਦੇਸ਼ ਦੀ ਉਹ ਮੁੱਖ ਮੰਤਰੀ ਹੈ। ਕਿਸੇ ਵੀ ਸੂਬੇ ਵਿੱਚ ਹੁਨਰ ਤੋਂ ਸੱਖਣੇ ਮਜ਼ਦੂਰਾਂ ਦੀ ਲੋੜ ਇਸ ਉ¤ਤਰ ਪ੍ਰਦੇਸ਼ ਤੋਂ ਪੂਰੀ ਹੁੰਦੀ ਹੈ, ਜਿੱਥੇ ‘ਦਲਿਤਾਂ ਦੀ ਦੇਵੀ’ ਦੇ ਬੁੱਤ ਲੱਗ ਰਹੇ ਹਨ। ਪੜ੍ਹਾਈ, ਸੜਕਾਂ, ਹਸਪਤਾਲਾਂ ਆਦਿ ਸਭਨਾਂ ਦੇ ਪੱਖੋਂ ਉਸ ਰਾਜ ਦਾ ਮੰਦਾ ਹਾਲ ਹੈ। ਅੰਤਾਂ ਦੀ ਬਦ-ਅਮਨੀ ਵੀ ਉਸੇ ਰਾਜ ਵਿੱਚ ਹੈ। ਰਾਜ ਦੇ ਸਭਿਆਚਾਰਕ ਵਿਭਾਗ ਦੇ 2100 ਕਰੋੜ ਰੁਪਏ ਵਿੱਚੋਂ ਜਿਹੜੇ 1940 ਕਰੋੜ ਰੁਪਏ ਇਸ ਸ਼ੁਗਲ ਦੀ ਪੂਰਤੀ ਉ¤ਤੇ ਖ਼ਰਚੇ ਗਏ ਹਨ, ਉਹ ਲੋਕਾਂ ਦੇ ਭਲੇ ਲਈ ਖ਼ਰਚੇ ਜਾ ਸਕਦੇ ਹਨ। ਭਾਰਤ ਸਰਕਾਰ ਨੇ ਚੰਦਰਮਾ ਵੱਲ ਨੂੰ ਉ¤ਪ-ਗ੍ਰਹਿ ਭੇਜਿਆ ਹੈ, ਉਸ ਉ¤ਤੇ 386 ਕਰੋੜ ਰੁਪਏ ਖ਼ਰਚ ਆਏ ਦੱਸੇ ਜਾ ਰਹੇ ਹਨ। 1940 ਕਰੋੜ ਨਾਲ ਇਹੋ ਜਿਹੇ ਪੰਜ ਉਪਗ੍ਰਹਿ ਪੁਲਾੜ ਵਿੱਚ ਭੇਜੇ ਜਾ ਸਕਦੇ ਸਨ, ਪਰ ਉਨ੍ਹਾਂ ਨਾਲ ਮਾਇਆਵਤੀ ਦੀ ਬਹਿਜਾ-ਬਹਿਜਾ ਨਹੀਂ ਹੋਣੀ ਸੀ।
ਆਪਣੀ ‘ਮੈਂ’ ਨੂੰ ਉਭਾਰਨ ਵਾਲੀ ਬੀਬੀ ਮਾਇਆਵਤੀ ਦਾ ਇਹ ਕੋਈ ਪਹਿਲਾ ਚਰਚਿਤ ਮਾਮਲਾ ਵੀ ਨਹੀਂ। ਤੁਰੀ ਤਾਂ ਸੀ ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਗਰੀਬੀ ਤੇ ਕੰਗਾਲੀ ਦੇ ਕੂੜੇ ’ਚੋਂ ਚੁੱਕ ਕੇ ਬਾਹਰ ਕੱਢਣ ਲਈ, ਪਰ ਮੁੱਖ ਮੰਤਰੀ ਬਣ ਕੇ ਫਸ ਗਈ ਸੀ ਤਾਜ ਮਹੱਲ ਲਈ, ਪਰ ਮੁੱਖ ਮੰਤਰੀ ਬਣ ਕੇ ਫਸ ਗਈ ਸੀ ਤਾਜ ਮਹੱਲ ਦੀ ਗਲਿਆਰਾ ਯੋਜਨਾ ਦੇ ਸਕੈਂਡਲ ਵਿੱਚ। ਕਈ ਕਰੋੜ ਰੁਪਏ ਦੀ ਉਸ ਹੇਰਾਫੇਰੀ ਵਿੱਚ ਬੀਬੀ ਦਾ ਨਾਂਅ ਆਇਆ ਤਾਂ ਕਹਿਣ ਲੱਗੀ ਕਿ ਤਾਜ ਮਹੱਲ ਦੀ ਖੂਬਸੂਰਤੀ ਲਈ ਹੀ ਪੈਸੇ ਖ਼ਰਚੇ ਹਨ, ਗਲਤ ਕੀ ਕੀਤਾ ਹੈ? ਹੁਣ ਉਸ ਹੇਰਾਫੇਰੀ ਦਾ ਮਾਮਲਾ ਤਾਂ ਅਦਾਲਤ ਵਿੱਚ ਹੈ, ਪਰ ਸਵਾਲ ਇਹ ਪੁੱਛਣਾ ਬਣਦਾ ਹੈ ਕਿ ਤਾਜ ਮਹੱਲ ਦੀ ਖੂਬਸੂਰਤੀ ਵਧਣ ਨਾਲ ਦਲਿਤਾਂ ਦੀ ਕੰਗਾਲੀ ਕਿਵੇਂ ਦੂਰ ਹੋ ਜਾਵੇਗੀ? ਤਾਜ ਮਹੱਲ ਤਾਂ ਦਲਿਤਾਂ ਤੇ ਕੰਗਾਲਾਂ ਤੋਂ ਦਾਸਾਂ ਅਤੇ ਗੁਲਾਮਾਂ ਵਾਂਗ ਕੰਮ ਕਰਵਾ ਕੇ ਉਸਾਰਿਆ ਗਿਆ ਮਕਬਰਾ ਹੈ, ਇਸ ਨੂੰ ਚਮਕਾਉਣ ਤੁਰੀ ਹੋਈ ਬੀਬੀ ਨੂੰ ਵੋਟਾਂ ਪਾ ਕੇ ਤਖ਼ਤ ’ਤੇ ਬਿਠਾਉਣ ਵਾਲਿਆਂ ਦਾ ਚੇਤਾ ਹੀ ਨਾ ਆਇਆ।
ਇਸੇ ਬੀਬੀ ਦਾ ਇਕ ਹੋਰ ‘ਕਾਰਨਾਮਾ’ ਵੀ ਚਰਚਾ ਦਾ ਕੇਂਦਰ ਰਹਿ ਚੁੱਕਾ ਹੈ। ਬੀਬੀ ਦੇ ਜਨਮ ਦਿਨ
ਮਨਾਉਣ ਮੌਕੇ ਉਸ ਨੂੰ ਨਕਦ-ਨਰਾਇਣ ਦੇ ਲਿਫਾਫੇ ਭੇਟ ਕਰਨ ਦਾ ਰਿਵਾਜ ਪੈ ਚੁੱਕਾ ਹੈ। ਪਿਛਲੇ ਸਾਲ ਇਕ
ਬਸਪਾ ਵਿਧਾਇਕ ਨੇ ਬੀਬੀ ਦੇ ਜਨਮ ਦਿਨ ਮੌਕੇ ਭੇਟ ਕਰਨ ਵਾਲੀ ਮਾਇਆ ਇਕੱਤਰ ਕਰਨ ਦੇ ਚੱਕਰ ਵਿੱਚ ਇੱਕ
ਇੰਜੀਨੀਅਰ ਨੂੰ ਉਸ ਸਰਕਾਰੀ ਘਰ ’ਚੋਂ ਚੁੱਕ ਕੇ ਲਿਆਂਦਾ ਤੇ ਕੁੱਟ-ਕੁੱਟ ਕੇ ਮਾਰ ਦਿੱਤਾ। ਕਾਰਨ ਇਹ
ਸੀ ਕਿ ਵਿਧਾਇਕ ਦਾ ਆਪਣੇ ਜ਼ਿੰਮੇ ਲੱਗਾ ਨਕਦ-ਨਰਾਇਣ ਦਾ ‘ਕੋਟਾ’ ਪੂਰਾ ਨਹੀਂ ਸੀ ਹੋ ਰਿਹਾ ਤੇ
ਇੰਜੀਨੀਅਰ ਮੂੰਹੋਂਮੰਗੀ ਮਾਇਆ ਭੇਟ ਕਰਨ ਜੋਗਾ ਨਹੀਂ ਸੀ। ਪਹਿਲਾਂ ਵਿਧਾਇਕ ਦੇ ਇਸ ਕਾਰੇ ਤੋਂ ਬੀਬੀ
ਨੇ ਨਿਰਲੇਪਤਾ ਦੱਸੀ, ਫੇਰ ਮੰਨਿਆ ਕਿ ਜਨਮ ਦਿਨ ਮੌਕੇ ਮਾਇਆ ਭੇਟ ਕਰਨ ਦੀ ਇਹ ਰੀਤ ਨਿਭਾਈ ਜਾਂਦੀ
ਹੈ, ਪਰ ਕੋਟੇ ਨਹੀਂ ਲਾਏ ਜਾਂਦੇ। ਅੰਤ ਨੂੰ ਜਦੋਂ ਚੁਫੇਰੇ ਦੁਹਾਈ ਮੱਚ ਗਈ, ਵਿਧਾਇਕ ਹਵਾਲਾਤ ਵਿੱਚ
ਪੁੱਜ ਗਿਆ ਤਾਂ ਬੀਬੀ ਨੇ ਉਸ ਸਮਾਗਮ ਤੋਂ ਪਾਸਾ ਵੱਟਣ ਦਾ ਐਲਾਨ ਕਰ ਦਿੱਤਾ।
ਇੰਜ ਹੀ ਇਕ ਵਾਰੀ ਬੀਬੀ ਮਾਇਆਵਤੀ ਨੇ ਆਪਣੇ ਵਿਧਾਇਕਾਂ ਦੀ ਮੀਟਿੰਗ ਵਿੱਚ ਸਿੱਧੇ ਤੌਰ ’ਤੇ ਸਰਕਾਰੀ
ਫੰਡਾਂ ਬਦਲੇ ਪੈਸੇ ਮੰਗ ਕੇ ਬਖੇੜਾ ਖੜਾ ਕਰ ਲਿਆ ਸੀ। ਮੀਟਿੰਗ ਦੀ ਸੀ.ਡੀ. ਬਾਹਰ ਆ ਗਈ ਸੀ। ਲੋਕਾਂ
ਨੇ ਟੀ.ਵੀ. ਉ¤ਤੇ ਸੁਣਿਆ, ਬੀਬੀ ਕਹਿ ਰਹੀ ਸੀ ਕਿ ਤੁਹਾਨੂੰ ਵਿਕਾਸ ਦੇ ਨਾਂਅ ’ਤੇ ਕਰੋੜਾਂ ਰੁਪਏ
ਮਿਲ ਰਹੇ ਹਨ, ਪਾਰਟੀ ਨੂੰ ਵੀ ਕੁਝ ਨਾ ਕੁਝ ਦਿਓ। ਮਤਲਬ ਅਸਲ ਵਿੱਚ ਪਾਰਟੀ ਦਾ ਸੀ ਜਾਂ ਆਪਣੇ ਨਿਜੀ
ਖ਼ਾਤੇ ਦਾ, ਇਹਦੇ ਬਾਰੇ ਲੋਕ ਖ਼ੁਦ ਵੀ ਅੰਦਾਜ਼ੇ ਲਾ ਸਕਦੇ ਸਨ। ਸੀ.ਡੀ. ਜ਼ਾਹਰ ਹੋਣ ਮਗਰੋਂ ਬੀਬੀ ਨੇ
ਇਸ ਨੂੰ ‘ਵਿਰੋਧੀਆਂ ਦੀ ਰਾਜਨੀਤਕ ਸਾਜਿਸ਼’ ਕਹਿ ਕੇ ਗੱਲ ਟਾਲ ਦਿੱਤੀ ਸੀ।
ਅਗਲੀ ਗੱਲ ਇਹ ਕਿ ਮਾਇਆਵਤੀ ਦੀ ਬੇਹਿਸਾਬੀ ਜਾਇਦਾਦ ਦੀ ਪੜਤਾਲ ਵਿੱਚ ਵੀ ਬੜੇ ਨਿਰਾਲੇ ਕਿੱਸੇ ਸਾਹਮਣੇ ਆਏ ਸਨ। ਬੀਬੀ ਨੇ ਕਿਹਾ ਸੀ ਕਿ ਉਸ ਕੋਲ ਏਨਾ ਪੈਸਾ ਉਸ ਦੇ ਪ੍ਰਸ਼ੰਸਕਾਂ ਦਾ ਦਿੱਤਾ ਹੋਇਆ ਹੈ। ਪ੍ਰਸ਼ੰਸਕਾਂ ਦੀ ਜਾਂਚ ਹੋਣ ਲੱਗੀ ਤਾਂ 1000, 2000 ਜਾਂ ਲੱਖਾਂ ਰੁਪਏ ਦੇਣ ਵਾਲੇ ਛੱਡ ਕੇ ਸਭ ਤੋਂ ਪਹਿਲਾਂ ਕਰੋੜਾਂ ਦੀ ਭੇਟਾ ਦੇਣ ਵਾਲਿਆਂ ਦਾ ਅੱਗਾ-ਪਿੱਛਾ ਫੋਲਿਆ ਗਿਆ। ਦੰਗ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਕਿ ਇਕ ਕਰੋੜ ਰੁਪਏ ਬੀਬੀ ਨੂੰ ਭੇਟ ਕਰਨ ਵਾਲੇ ਵਜੋਂ ਇਕ ਉਸ ਆਦਮੀ ਦਾ ਨਾਂਅ ਲਿਖਿਆ ਪਿਆ ਸੀ, ਜਿਹੜਾ ਖ਼ੁਦ ਝੌਂਪੜੀ ਵਿੱਚ ਰਹਿੰਦਾ ਸੀ। ਮਜ਼ਦੂਰੀ ਕਰਕੇ ਦੋ ਡੰਗ ਦੀ ਜੂਨ ਹੰਢਾਉਣ ਵਾਲੇ ਉਸ ਬੰਦੇ ਤੋਂ ਇਹ ਅਖਵਾਇਆ ਗਿਆ ਕਿ ਉਹ ਖ਼ੁਦ ਤਾਂ ਝੁੱਗੀ ਵਿੱਚ ਰਹਿੰਦਾ ਹੈ ਪਰ ਆਪਣੀ ਆਗੂ ਮਾਇਆਵਤੀ ਦਾ ਜਨਮ ਦਿਨ ਮਨਾਉਣ ਲਈ 1 ਕਰੋੜ ਰੁਪਏ ਉਸ ਨੇ ਲੋਕਾਂ ਤੋਂ ਚੰਦਾ ਇਕੱਠਾ ਕਰਕੇ ਦਿੱਤਾ ਹੈ। ਝੁੱਗੀ ਵਿੱਚ ਰਹਿਣ ਵਾਲੇ ਗਰੀਬ ਦੀ ਏਨੀ ਸਮਰੱਥਾ? ਦਲਿਤਾਂ ਦੀ ਦੇਵੀ : ਜਿੰਦਾਬਾਦ।
ਪਿਛਲੀਆਂ ਪਾਰਲੀਆਮੈਂਟ ਚੋਣਾਂ ਦੌਰਾਨ ਆਪੇ ਬਣੀ ਹੋਈ ‘ਦਲਿਤਾਂ ਦੀ ਦੇਵੀ’ ਦੀ ਅੱਖ ਦੇਸ਼ ਦੇ ਵੱਡੇ ਤਖ਼ਤ ਉ¤ਤੇ ਸੀ। ਉਹ ਇਹ ਗੋਂਦਾਂ ਗੁੰਦ ਰਹੀ ਸੀ ਕਿ ਜਦੋਂ ਕਿਸੇ ਵੀ ਵੱਡੀ ਧਿਰ ਕੋਲ ਬਹੁ-ਸੰਮਤੀ ਨਾ ਆਈ, ਪਾਸਕੂ ਬਹੁਜਨ ਸਮਾਜ ਪਾਰਟੀ ਦੇ ਹੱਥ ਹੋਣ ਕਰਕੇ ਨੌਂਗਾ ਆਪਣਾ ਹੀ ਪੈਣਾ ਹੈ। ਸਾਰੀ ਚੋਣ ਮੁਹਿੰਮ ਉਸ ਨੇ ਇਹੋ ਨੀਤੀ ਧਾਰ ਕੇ ਚਲਾਈ। ਗਿਣਤੀ ਦੇ ਦਿਨ ਤੱਕ ਉਹ ਆਪਣੇ ਲਈ ਦਿੱਲੀ ਦਾ ਰੱਥ ਸ਼ਿੰਗਾਰਿਆ ਹੋਇਆ ਸਮਝ ਰਹੀ ਸੀ ਪਰ ਜਦੋਂ ਗੱਲ ਨਾ ਬਣੀ ਤਾਂ ਉਸ ਨੇ ‘ਅੰਗੂਰ ਖੱਟੇ’ ਕਹਿ ਕੇ ਗੱਲ ਨਹੀਂ ਸੀ ਟਾਲੀ - ਇਸ ਨਤੀਜੇ ਨੂੰ ‘ਦਲਿਤ ਸਮਾਜ ਵਿਰੁੱਧ ਸਾਜਿਸ਼’ ਆਖ ਦਿੱਤਾ ਸੀ !!
ਭੋਖੜੇ ਕੱਟ ਰਹੇ ਰਾਜ ਦੇ ਖ਼ਜ਼ਾਨੇ ਨੂੰ ਚਿੱਟੇ ਹਾਥੀਆਂ ਤੇ ‘ਮੈਂ ਹੀ ਮੈਂ’ ਦਾ ਪ੍ਰਭਾਵ ਦਿੰਦੇ ਬੁੱਤਾਂ ਉ¤ਤੇ ਅਰਬਾਂ ਰੁਪਏ ਲੁਟਾਉਣ ਵਾਲੀ ਬੀਬੀ ਮਾਇਆਵਤੀ ਜੇ ਕਿਧਰੇ ਦਿੱਲੀ ਦੇ ਤਖ਼ਤ ਤੱਕ ਪੁੱਜ ਜਾਂਦੀ, ਤਾਂ ਓਥੇ ਵੀ ਉਸ ਨੇ ਧੰਨ-ਧੰਨ ਕਰਵਾ ਦੇਣੀ ਸੀ। ਉਸ ਹਾਲਤ ਵਿੱਚ ਸਾਨੂੰ ਜਾਂ ਤਾਂ ਯੂ.ਪੀ. ਫੈਲ ਗਈ ਜਾਪਣੀ ਸੀ ਜਾਂ ਸਾਰਾ ਦੇਸ਼ ਹਾਥੀ ਦੀ ਸੁੰਡ ਉ¤ਤੇ ਟੰਗਿਆ ਹੋਇਆ ਨਜ਼ਰ ਆਉਣਾ ਸੀ। ਜਿਹੜੇ ਦਲਿਤਾਂ ਦੀ ਭਲਾਈ ਦਾ ਫੋਕਾ ਨਾਅਰਾ ਉਸ ਨੇ ਓਥੇ ਜਾ ਕੇ ਲਾਉਣਾ ਸੀ, ਉਨ੍ਹਾਂ ਨੂੰ ਇਹ ਵੀ ਸਮਝ ਨਹੀਂ ਸੀ ਆਉਣਾ ਕਿ ਹੁਣ ਹੱਸਣਾ ਚਾਹੀਦਾ ਹੈ ਕਿ ਰੋਣਾ ਚਾਹੀਦਾ ਹੈ?