Subscription About Us Contact Us


ਤੱਤ ਗੁਰਮਤਿ ਦੇ ਖੇਤਰ ਵਿੱਚ ਮੁੜ ਤੋਂ ਜਗੀ ਆਸ ਦੀ ਕਿਰਨ

- ਸਰਬਜੀਤ ਸਿੰਘ -

ਇੰਡੀਆ ਅਵੇਅਰਨੈ¤ਸ ਦੇ ਮਾਰਚ 2009 ਅੰਕ ਦੇ ‘‘ਖਿੰਡਦੀ-ਪੁੰਡਦੀ ਤੱਤ ਗੁਰਮਤਿ ਲਹਿਰ’’ ਸਿਰਲੇਖ ਵਾਲੇ ਸੰਪਾਦਕੀ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਗੁਰਮਤਿ ਨੂੰ ਵਿਗਿਆਨਕ ਢੰਗ ਨਾਲ ਅਪਣਾਉਣ ਅਤੇ ਪ੍ਰਚਾਰਨ ਦਾ ਦਾਅਵਾ ਕਰਨ ਵਾਲੇ ਬਹੁਤ ਸਾਰੇ ਵਿਦਵਾਨ/ਪ੍ਰਚਾਰਕ/ਸੰਸਥਾਵਾਂ ਵੱਖ-ਵੱਖ ਕਾਰਨਾਂ ਕਰਕੇ ਗੁਟਬੰਦੀ/ਨਿਜੀ ਹਉਮੈ ਦਾ ਸ਼ਿਕਾਰ ਹੋ ਗਏ ਹਨ, ਜਿਸ ਕਾਰਨ ‘ਤੱਤ ਗੁਰਮਤਿ ਲਹਿਰ’ ਕਈ ਪੱਖਾਂ ਤੋਂ ਖਿੰਡਦੀ-ਪੁੰਡਦੀ ਜਾ ਰਹੀ ਹੈ। ਜਦਕਿ ਸਿੱਖਾਂ ਦਾ ਹਿੰਦੂਕਰਨ ਅਤੇ ਸਿੱਖਾਂ ਵਿੱਚ ਨਿੱਤ ਨਵੇਂ ਵਿਵਾਦ ਪੈਦਾ ਕਰਨ ਲਈ ਸਰਗਰਮ ਡੇਰੇਦਾਰਾਂ/
ਜੱਥੇਬੰਦੀਆਂ/ਟਕਸਾਲਾਂ/ਸੰਸਥਾਵਾਂ ਦੀਆਂ ਸਿੱਖੀ-ਵਿਰੋਧੀ ਸਰਗਰਮੀਆਂ ਵਿੱਚ ਨਿੱਤ ਦਿਨ ਤੇਜ਼ੀ ਆਉਂਦੀ ਜਾ ਰਹੀ ਹੈ ਅਤੇ ਇਹ ਧਿਰ ਬੜੇ ਯੋਜਨਾਬੱਧ ਤੇ ਸੰਗਠਿਤ ਢੰਗ ਨਾਲ ਸਿੱਖੀ ਸਿਧਾਂਤਾਂ ਦਾ ਖ਼ਾਤਮਾ ਕਰ ਰਹੀ ਹੈ। ਸੰਗਤਾਂ ਨੂੰ ਦਿੱਤੇ ਉਕਤ ਹੋਕੇ ਦਾ ਕੁਝ ਅਸਰ ਇਹ ਹੋਇਆ ਕਿ ਤੱਤ ਗੁਰਮਤਿ ਦਾ ਪ੍ਰਚਾਰ ਕਰ ਰਹੀਆਂ ਜਥੇਬੰਦੀਆਂ ਵਿਚਕਾਰ ਇਕਸਾਰਤਾ ਪੈਦਾ ਕਰਨ ਅਤੇ ਤੱਤ ਗੁਰਮਤਿ ਲਹਿਰ ਨੂੰ ਮੁੜ ਤੋਂ ਸੰਗਠਿਤ ਕਰਨ ਲਈ ‘ਤੱਤ ਗੁਰਮਤਿ ਪਰਵਾਰ’ ਵੱਲੋਂ ਅਜਿਹੀਆਂ ਸਮੂਹ ਜਥੇਬੰਦੀਆਂ ਦੀ ਅਕਤੂਬਰ ਵਿੱਚ ਇਕ ਮੀਟਿੰਗ ਕਰਵਾਉਣ ਦਾ ਉਪਰਾਲਾ ਮਿੱਥਿਆ ਗਿਆ ਸੀ, ਜੋ ਬਹੁਤ ਹੱਦ ਤੱਕ ਆਪਣੇ ਸੰਭਾਵਿਤ ਪ੍ਰੋਗਰਾਮ ਮੁਤਾਬਿਕ ਹੀ ਹੋਵੇਗੀ।

ਪਰ ਖੁਸ਼ੀ ਦੀ ਗੱਲ ਹੈ ਕਿ ਇਸ ਤੋਂ ਪਹਿਲਾਂ ਹੀ ਕੁਝ ਹੋਰ ਵਿਦਵਾਨਾਂ ਦੇ ਨਿਜੀ ਉਪਰਾਲੇ ਨਾਲ ਇਸੇ ਮਕਸਦ ਦੀ ਇਕ ਵੱਖਰੀ ਮੀਟਿੰਗ ਪਿਛਲੇ ਦਿਨੀਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਕਾਫੀ ਸਫਲਤਾ ਨਾਲ ਆਯੋਜਿਤ ਹੋ ਸਕੀ (ਨੋਟ : ਸਿੱਖੀ ਦੇ ਲਾਭ ਹਿੱਤ ਕੋਈ ਉਪਰਾਲਾ ਕਰਨ ਵਾਲਾ ਹਰ ਵਿਅਕਤੀ/ਸੰਸਥਾ ਤੁਰੰਤ ਖੁਫੀਆ ਏਜੰਸੀਆਂ ਤੇ ਜਨਸੰਘੀ ਮਾਨਸਿਕਤਾ ਵਾਲੇ ਸੰਗਠਨਾਂ ਦੀ ਨਿਗਾਹ ਵਿੱਚ ਆ ਜਾਂਦਾ ਹੈ ਅਤੇ ਅਜਿਹੀਆਂ ਸੰਸਥਾਵਾਂ/ਏਜੰਸੀਆਂ ਦੇ ਏਜੰਟ ਤੁਰੰਤ ਉਸ ਲਹਿਰ ਦੇ ਆਗੂਆਂ ਦੇ ਜਤਨਾਂ ਨੂੰ ਫੇਲ੍ਹ ਕਰਨ ਲਈ ਸਰਗਰਮ ਹੋ ਜਾਂਦੇ ਹਨ। ਇਸ ਕਰਕੇ ਸਿੱਖਾਂ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ/ਮੁਹਿੰਮਾਂ ਕਿਸੇ ਮੰਜ਼ਿਲ ’ਤੇ ਪਹੁੰਚਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੀਆਂ ਹਨ। ਇਸ ਤੱਥ ਦੇ ਮੱਦੇਨਜ਼ਰ ਹਾਲਾਂ ਉਕਤ ਮੀਟਿੰਗ ਕਰਵਾਉਣ ਵਾਲੇ ਵਿਦਵਾਨਾਂ/ਸੰਸਥਾਵਾਂ ਬਾਰੇ ਜਾਣਕਾਰੀ ਨੂੰ ਜਨਤੱਕ ਕਰਨਾ ਸ਼ਾਇਦ ਠੀਕ ਨਹੀਂ ਹੋਵੇਗਾ)। ਪਰ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ ਹੋਈ ਇਸ ਹਾਂ-ਪੱਖੀ ਪਹਿਲ ਦੌਰਾਨ ਸਾਹਮਣੇ ਆਏ ਮੁੱਦਿਆਂ ਨੂੰ ਪਾਠਕਾਂ ਨਾਲ ਸਾਂਝਾ ਕਰਨ ਨਾਲ ਪੰਥ-ਦਰਦੀਆਂ ਦੇ ਮਨੋਬਲ ਵਿੱਚ ਵਾਧਾ ਹੀ ਹੋਵੇਗਾ। (ਇੰਡੀਆ ਅਵੇਅਰਨੈ¤ਸ ਦੇ ਕਈ ਪਾਠਕਾਂ ਨੂੰ ਤਾਂ ਪਹਿਲਾਂ ਹੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਅਸੀਂ ਸਿੱਖ ਸਮਾਜ ਨਾਲ ਵਾਪਰ ਰਹੀਆਂ ਸਿਰਫ਼ ਨਾਂਹ-ਪੱਖੀ ਘਟਨਾਵਾਂ ਜਾਂ ਵਿਵਾਦਾਂ ਬਾਰੇ ਹੀ ਚਰਚਾ ਕਰਦੇ ਹਾਂ ਪਰ ਜਿਹੜੇ ‘ਚੰਗੇ ਕੰਮ’ ਹੋ ਰਹੇ ਹਨ ਉਨ੍ਹਾਂ ਬਾਰੇ ਕੋਈ ਚਰਚਾ ਨਹੀਂ ਕਰਦੇ।)

ਪਾਠਕਾਂ ਨੂੰ ਇਹ ਦੱਸਣਾ ਲਾਭਵੰਦ ਹੋਵੇਗਾ ਕਿ ਮੀਟਿੰਗ ਦੌਰਾਨ ਇਸ ਗੱਲ ’ਤੇ ਗਹਿਰੀ ਚਿੰਤਾ ਦਰਸਾਈ ਗਈ ਕਿ ਸਿੱਖ-ਵਿਰੋਧੀ ਤਾਕਤਾਂ ਸੰਚਾਰ ਦੇ ਸਾਰੇ ਮਾਧਿਅਮਾਂ ਜਿਵੇਂ ਅਖ਼ਬਾਰ, ਟੀ.ਵੀ., ਰੇਡੀਓ, ਇੰਟਰਨੈ¤ਟ ਆਦਿਕ ਰਾਹੀਂ ਸਿੱਖੀ-ਵਿਰੋਧੀ ਪ੍ਰਚਾਰ ਕਰ ਰਹੇ ਹਨ। ਪਰ ਤੱਤ ਗੁਰਮਤਿ ਦੇ ਪ੍ਰਚਾਰਕਾਂ ਨੂੰ ਗੁਰਦੁਆਰਿਆਂ ਵਿੱਚ ਵੀ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਮਿਲਦੀ। ਵਿਦਵਾਨਾਂ ਨੇ ਇਕ-ਮਤ ਨਾਲ ਰਾਏ ਪ੍ਰਗਟਾਈ ਕਿ ਸਿੱਖ ਕੌਮ ਅਤੇ ਸਿੱਖੀ ਸਿਧਾਂਤਾਂ ਦੀ ਹੋਂਦ ਬਚਾਉਣ ਲਈ ਹੁਣ ਜੰਗ-ਸਤਰ ’ਤੇ ਉਪਰਾਲੇ ਕਰਨੇ ਪੈਣਗੇ। ਇਸ ਮਕਸਦ ਵਾਸਤੇ ਤੱਤ ਗੁਰਮਤਿ ਦੇ ਪ੍ਰਚਾਰ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ ਨੂੰ ਇਕ ‘ਫੈਡਰੇਸ਼ਨ’ ਜਾਂ ‘ਛਤਰੀ ਸੰਸਥਾ’ ਦੇ ਨਿਰਦੇਸ਼ ਅਪਣਾਉਣ ਦਾ ਸੱਦਾ ਦਿੱਤਾ, ਜਿਸ ਬਾਬਤ ਹਾਜ਼ਰ ਸਾਰੀਆਂ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਤੁਰੰਤ ਆਪਣੀ ਪ੍ਰਵਾਨਗੀ ਦੇ ਦਿੱਤੀ। ਹਾਜ਼ਰ ਵਿਦਵਾਵਾਨਾਂ ਦੇ ਰਾਏ ਅਨੁਸਾਰ, ਸਾਧਨਾਂ ਅਤੇ ਮਾਇਆ ਦੀ ਘਾਟ ਹੋਣ ਕਾਰਨ ਤੱਤ ਗੁਰਮਤਿ ਦੇ ਪ੍ਰਚਾਰ ਵਾਸਤੇ ਸ਼ੁਰੂਆਤੀ ਤੌਰ ’ਤੇ ਜਿਹੜੇ ਕਾਰਜ ਕੀਤੇ ਜਾ ਸਕਦੇ ਹਨ, ਉਹ ਕੁਝ ਇਸ ਤਰ੍ਹਾਂ ਹਨ।

ਸਭ ਤੋਂ ਪਹਿਲਾਂ ਤਾਂ ਸਿੱਖ ਸੰਗਤਾਂ ਦਾ ਧਿਆਨ ਕਥਿਤ ‘ਪੰਥ-ਪ੍ਰਵਾਨਿਤ’ ਰਹਿਤ ਮਰਿਆਦਾ ਵਿਚਲੀਆਂ ਕਮੀਆਂ ਅਤੇ ਇਸ ਰਾਹੀਂ ਅਸਿੱਧੇ ਤੌਰ ’ਤੇ ਹੋ ਰਹੇ ਬ੍ਰਾਹਮਣਵਾਦ/ਪੁਜਾਰੀਵਾਦ ਦੇ ਪ੍ਰਚਾਰ ਵੱਲ ਦਿਵਾਉਣ ਦੀ ਲੋੜ ਹੈ। (ਮੌਜੂਦਾ ਰਹਿਤ ਮਰਿਆਦਾ ਵਿਚਲੀਆਂ ਕਮੀਆਂ ਬਾਰੇ ਇੰਡੀਆ ਅਵੇਅਰਨੈ¤ਸ ਦੇ ਜੁਲਾਈ ਅਤੇ ਹੱਥਲੇ ਅੰਕ ਵਿੱਚ ਦੋ ਹਿੱਸਿਆਂ ਵਿੱਚ ਪ੍ਰਕਾਸ਼ਿਤ ਹੋਏ ਲੇਖ ‘ਸਿੱਖ ਰਹਿਤ ਮਰਿਆਦਾ ਵਿੱਚ ਸੋਧ ਜ਼ਰੂਰੀ ਕਿਉਂ?’ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ।) ਇਹੀ ਨਹੀਂ, ਨਾਨਕਵਾਦ ਦੇ ਸੱਚੇ ਰਾਹ ਨੂੰ ਅਪਣਾਉਣ ਦੇ ਇਛੁੱਕ ਗੁਰਮੁਖਾਂ ਨੂੰ ਨਿਰੋਲ ਸਿੱਖੀ ਸਿਧਾਂਤਾਂ ਵਾਲੀ ਜ਼ਿੰਦਗੀ ਦੇ ਸੰਸਕਾਰਾਂ ਤੋਂ ਜਾਣੂ ਕਰਵਾਉਣ ਲਈ ਇਕ ਬਿਲਕੁਲ ਨਵੀਂ ਸਿੱਖ ਰਹਿਤ ਮਰਿਆਦਾ ਤਿਆਰ ਕਰਕੇ ਪ੍ਰਕਾਸ਼ਿਤ ਕਰਵਾਏ ਜਾਣ ਦਾ ਨਿਰਣਾ ਵੀ ਲਿਆ ਗਿਆ ਹੈ। ਇਸ ਰਹਿਤ ਮਰਿਆਦਾ ਦਾ ਖਰੜਾ ਬਹੁਤ ਹੱਦ ਤਕ ਤਿਆਰ ਹੋ ਵੀ ਚੁੱਕਾ ਹੈ ਅਤੇ ਛੇਤੀ ਹੀ ਉਕਤ ‘ਫੈਡਰੇਸ਼ਨ’ ਦੀ ਲਿਟਰੇਰੀ ਸਬ-ਕਮੇਟੀ ਦੇ ਵਿਦਵਾਨਾਂ ਨੂੰ ਇਸ ’ਤੇ ਨਜ਼ਰਸਾਨੀ ਕਰਕੇ ਅਤੇ ਨਵੇਂ ਸੁਝਾਵਾਂ ਨੂੰ ਸ਼ਾਮਲ ਕਰਕੇ ਅੰਤਮ ਰੂਪ ਦੇ ਦਿੱਤਾ ਜਾਏਗਾ। (ਹਾਲਾਂਕਿ ਅੰਤਮ ਦਾ ਅਰਥ ਇਹ ਨਹੀਂ ਹੋਵੇਗਾ ਕਿ ਕਥਿਤ ‘ਪੰਥ-ਪ੍ਰਵਾਨਿਤ’ ਰਹਿਤ ਮਰਿਆਦਾ ਦੀ ਤਰ੍ਹਾਂ ਇਸ ਮਰਿਆਦਾ ਵਿੱਚ ਭਵਿੱਖ ਵਿੱਚ ਕਦੇ ਕੋਈ ਸੋਧ ਹੋ ਹੀ ਨਹੀਂ ਸਕੇਗੀ, ਬਲਕਿ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੀ ਰੌਸ਼ਨੀ ਵਿੱਚ ਪੰਥ-ਦਰਦੀਆਂ ਵੱਲੋਂ ਸਮੇਂ-ਸਮੇਂ ’ਤੇ ਪੇਸ਼ ਕੀਤੇ ਜਾਂਦੇ ਸੁਝਾਵਾਂ ਨੂੰ ਮਰਿਆਦਾ ਦੇ ਭਵਿੱਖ ਦੇ ਸੰਸਕਰਨਾਂ ਵਿੱਚ ਸ਼ਾਮਲ ਕੀਤਾ ਜਾਂਦਾ ਰਹੇਗਾ।)

ਕੁਝ ਇਸੇ ਤਰ੍ਹਾਂ, ਨਵੀਂ ਪਨੀਰੀ ਜਾਂ ਸਿੱਖੀ ਸਿਧਾਂਤਾਂ ਪ੍ਰਤੀ ਅਵੇਸਲੇ ਲੋਕਾਂ ਵਿੱਚ ਚੇਤੰਨਤਾ ਲਿਆਉਣ ਲਈ ‘ਨਿੱਤਨੇਮ’ ਦੀਆਂ ਬਾਣੀਆਂ ਦੀ ਨਵੀਂ ਪੋਥੀ (ਗੁਟਕਾ) ਪ੍ਰਕਾਸ਼ਿਤ ਕੀਤੀ ਜਾਏਗੀ, ਜਿਸ ਵਿੱਚ ਸਿਰਫ਼ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਿੱਤਨੇਮ ਦੀਆਂ ਬਾਣੀਆਂ (ਅਸਲ ਵਿੱਚ ਗੁਰਮਤਿ ਸਿਧਾਂਤ ਪੇਸ਼ ਕਰਨ ਵਾਲੀਆਂ ਮੁਢਲੀਆਂ ਬਾਣੀਆਂ) ਨੂੰ ਹੀ ਸ਼ਾਮਲ ਕੀਤਾ ਜਾਏਗਾ। ਇਸਦੇ ਇਲਾਵਾ, ਅਰਦਾਸ ਦਾ ਬਿਲਕੁਲ ਨਵਾਂ ਤੇ ਨਿਵੇਕਲਾ ਖਰੜਾ ਵੀ ਇਸ ਪੋਥੀ ਵਿੱਚ ਸ਼ਾਮਲ ਕੀਤਾ ਜਾਏਗਾ। ਕੁਝ ਇਸੇ ਤਰ੍ਹਾਂ, ਤੱਤ ਗੁਰਮਤਿ ਪ੍ਰਚਾਰਕ ਵਿਦਵਾਨਾਂ ਦੀਆਂ ਪੁਸਤਕਾਂ ਬਾਬਤ ਜਾਣਕਾਰੀ ਦੇਣ ਵਾਲੀ ਬਿਲਕੁਲ ਨਿਵੇਕਲੀ ਨਾਨਕਸ਼ਾਹੀ ਜੰਤਰੀ (ਜੋ ਸੰਗਰਾਂਦ, ਮੱਸਿਆ, ਪੂਰਨਮਾਸ਼ੀ ਆਦਿ ਭੰਬਲ-ਭੂਸਿਆਂ ਤੋਂ ਪੂਰੀ ਤਰ੍ਹਾਂ ਮੁਕਤ ਹੋਵੇਗੀ) ਵੀ ਛੇਤੀ ਹੀ ਪ੍ਰਕਾਸ਼ਿਤ ਕੀਤੀ ਜਾਵੇਗੀ।

ਸਤਿਗੁਰੂ ਮਿਹਰ ਕਰਨ ਕਿ ਪੰਥ-ਵਿਰੋਧੀ, ਖ਼ਾਸਕਰ ਗੁਰਮਤਿ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲੇ ਬਹਿਰੂਪੀਏ ਬੁੱਧੀਜੀਵੀ, ਜਿਨ੍ਹਾਂ ਦਾ ਮਕਸਦ ਸਿੱਖਾਂ ਦਾ ਜਜ਼ਬਾਤੀ ਸ਼ੋਸ਼ਣ ਕਰਕੇ ਉਨ੍ਹਾਂ ਤੋਂ ਮਾਇਆ ਉਗਰਾਹੁਣਾ ਅਤੇ ਸਿੱਖਾਂ ਨੂੰ ਆਪਣਾ ਲਾਈ-ਲੱਗ ਬਣਾ ਕੇ ਗੁੰਮਰਾਹ ਕਰਨਾ ਹੈ, ਇਸ ਚੰਗੇ ਉਪਰਾਲੇ ਵਿੱਚ ਕੋਈ ਅੜਿੱਕਾ ਨਾ ਪਾ ਸਕਣ।