Subscription About Us Contact Us


ਪ੍ਰਦੂਸ਼ਣ-ਵਿਰੋਧੀ ਮੁਹਿੰਮ ਵਿੱਚ ਸਿੱਖ ਕਿਵੇਂ ਯੋਗਦਾਨ ਦੇ ਸਕਦੇ ਹਨ

- ਸਵਰਣ ਸਿੰਘ -

ਸਿੱਖ ਅਕਸਰ ਖ਼ੁਦ ਦੇ ਸਭ ਤੋਂ ‘ਵਿਗਿਆਨਕ’ ਤੇ ਆਧੁਨਿਕ ਧਰਮ ਨਾਲ ਸਬੰਧਿਤ ਹੋਣ ਦਾ ਦਾਅਵਾ ਕਰਦੇ ਹਨ। ਭਾਵੇਂ ਸਿੱਖੀ ਦਾ ਫਲਸਫਾ ਤਾਂ ਪੂਰੀ ਤਰ੍ਹਾਂ ਵਿਗਿਆਨਕ ਹੈ ਪਰ ਸਿੱਖ ਸਮਾਜ ਵੱਲੋਂ ਅਮਲੀ ਤੌਰ ’ਤੇ ਵਿਗਿਆਨਕ ਤੌਰ-ਤਰੀਕੇ ਅਪਣਾ ਕੇ ਸਮਾਜ ਦੀ ਬਿਹਤਰੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਜਥੇਬੰਦਕ ਤੌਰ ’ਤੇ ਕੋਈ ਖ਼ਾਸ ਉਪਰਾਲਾ ਨਹੀਂ ਕੀਤਾ ਜਾ ਰਿਹਾ (ਹਾਲਾਂਕਿ ਨਿਜੀ ਤੌਰ ’ਤੇ ਕਈ ਸੱਜਣ ਕੁਝ ਸਮਾਜਕ ਸੇਵਾਵਾਂ ਕਰਦੇ ਰਹਿੰਦੇ ਹਨ)। ਇਸੇ ਪੱਖ ਬਾਰੇ ਸਿੱਖਾਂ ਨੂੰ ਚੇਤੰਨ ਕਰਨ ਲਈ ‘ਈਕੋ-ਸਿੱਖ’ ਨਾਂ ਦੀ ਸੰਸਥਾ ਵੱਲੋਂ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (United Nations Development Programme) ਦੇ ਸਹਿਯੋਗ ਨਾਲ ਪਿਛਲੇ ਦਿਨੀਂ ਦਿੱਲੀ ਦੇ ‘ਇੰਡੀਆ ਹੈਬੀਟੇਟ ਸੈਂਟਰ’ ਵਿੱਚ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕਰਵਾਇਆ ਗਿਆ। ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਆਏ ਸਿੱਖ ਵਿਦਵਾਨਾਂ ਅਤੇ ਯੂ.ਐਨ.ਡੀ.ਪੀ. ਦੇ ਅਧਿਕਾਰੀਆਂ ਨੇ ਸ੍ਰੋਤਿਆਂ ਨੂੰ ਦੱਸਿਆ ਕਿ ਦੁਨੀਆ ਭਰ ਲਈ
ਤੇਜ਼ੀ ਨਾਲ ਇਕ ਵੱਡੀ ਚੁਣੌਤੀ ਬਣਦੀ ਜਾ ਰਹੀ ਸਮੱਸਿਆ ‘ਪ੍ਰਦੂਸ਼ਣ’ ’ਤੇ ਕਾਬੂ ਪਾਉਣ ਲਈ ਹਰ ਦੇਸ਼/ਸੂਬੇ ਦੀ ਸਰਕਾਰ ਵੱਲੋਂ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ ਪਰ ਇਸ ਸਮੱਸਿਆ ਦੇ ਸਮਾਧਾਨਾਂ ਨੂੰ ਧਾਰਮਕ ਸਤਰ ’ਤੇ ਅਪਣਾਉਣ ਨਾਲ ਇਸ ਉ¤ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਧਾਰਮਕ ਸਤਰ ’ਤੇ ਪ੍ਰਦੂਸ਼ਣ-ਨਿਯੰਤਰਨ ਦਾ ਅਰਥ ਇਹ ਹੈ ਕਿ ਸਿੱਖਾਂ ਦੇ ਧਾਰਮਕ ਅਸਥਾਨਾਂ (ਗੁਰਦੁਆਰਿਆਂ) ਅਤੇ ਸਿੱਖ ਵਿਅਕਤੀਆਂ ਵੱਲੋਂ ਆਪੋ-ਆਪਣੀ ਪੱਧਰ ’ਤੇ ਪ੍ਰਦੂਸ਼ਣ ਘਟਾਉਣ ਵਾਲੇ ਸਾਧਨਾਂ/ਵਸੀਲਿਆਂ ਦੀ ਵਰਤੋਂ ਕਰਨਾ।

ਉਕਤ ਸਮਾਗਮ ਵਿੱਚ ਭਾਗ ਲੈਣ ਵਾਲੇ ਬੁਲਾਰਿਆਂ ਨੇ ਇਸ ਬਾਬਤ ਹੇਠ ਲਿਖੇ ਅਮਲੀ ਸੁਝਾਅ ਪੇਸ਼ ਕੀਤੇ :

ਗੁਰਦੁਆਰਿਆਂ ਲਈ ਸੁਝਾਅ

• ਗੁਰਦੁਆਰਿਆਂ ਦੀਆਂ ਛੱਤਾਂ ’ਤੇ ਸੋਲਰ ਪੈਨਲ ਲਗਾ ਕੇ ਬਿਜਲੀ ਬਣਾਈ ਜਾਵੇ (ਤਾਂ ਜੋ ਬਿਜਲੀ ਬਣਾਉਣ ਦੇ ਪਰੰਪਰਾਗਤ ਸ੍ਰੋਤ ਕੋਲੇ ਰਾਹੀਂ ਹੁੰਦੇ ਪ੍ਰਦੂਸ਼ਣ ਵਿੱਚ ਕਮੀ ਆ ਸਕੇ)।
• ਜੇਕਰ ਸੰਭਵ ਹੋਵੇ ਤਾਂ ਗੁਰਦੁਆਰਿਆਂ ਦੀ ਰਸੋਈ ਵਿੱਚ ਵਰਤੋਂ ਵਾਸਤੇ ਬਾਇਓ-ਗੈਸ ਦੇ ਪਲਾਂਟ ਲਗਵਾ ਲਏ ਜਾਣ।
• ਜ਼ਿਆਦਾਤਰ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਦਾ ਖੇਤਰਫਲ ਕਾਫੀ ਵੱਡਾ ਹੁੰਦਾ ਹੈ। ਇਸਲਈ ਗੁਰਦੁਆਰਿਆਂ ਵਿੱਚ ਬਾਰਿਸ਼ ਦਾ ਪਾਣੀ ਇਕੱਠਾ ਕਰਨ ਦਾ ਪ੍ਰਾਜੈਕਟ ਅਰੰਭਿਆ ਜਾਵੇ।
• ਪਾਣੀ ਦਾ ਸ਼ੁੱਧੀਕਰਨ ਕਰਨ ਵਾਸਤੇ ਤਾਂਬੇ ਦੇ ਬਰਤਨਾਂ ਦੇ ਉਪਯੋਗ ਨੂੰ ਪਹਿਲ ਦਿੱਤੀ ਜਾਵੇ।
• ਗੁਰਦੁਆਰਿਆਂ ਦੀ ਇਮਾਰਤ ਦੀ ਉਸਾਰੀ ਤੋਂ ਪਹਿਲਾਂ ਵਾਤਾਵਰਨ ਪ੍ਰਤੀ ਦੋਸਤਾਨਾ ਡਿਜ਼ਾਈਨ ਵਾਲਾ ਨਕਸ਼ਾ ਤਿਆਰ ਕਰਵਾ ਲਿਆ ਜਾਵੇ।
• ਲੰਗਰ ਵਾਸਤੇ (ਜੇਕਰ ਸਟੀਲ ਦੇ ਬਰਤਨ ਉਪਯੋਗ ਨਾ ਹੋਣ ਤਾਂ) ਮੁੜ ਵਰਤਣਯੋਗ ਪਦਾਰਥਾਂ ਵਾਲੀਆਂ ਪਲੇਟਾਂ ਤੇ ਗਿਲਾਸ ਵਰਤੇ ਜਾਣ।
• ਗੁਰਦੁਆਰਿਆਂ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਸਾਹਿਤ/ਟੇਸ਼ਨਰੀ ਮੁੜ-ਵਰਤੇ (ਗਕਫਖਫ;ਕਦ) ਕਾਗਜ਼ ’ਤੇ ਛਾਪੇ ਜਾਣ।
• ਸੰਗਤਾਂ ਨੂੰ ਜਾਗਰੁਕ ਕਰਨ ਲਈ ਗੁਰਦੁਆਰਿਆਂ ਵਿੱਚ ਗਾਰਡਨਿੰਗ, ਖਾਦ ਦੀ ਵਰਤੋਂ ਅਤੇ ਊਰਜਾ ਬਚਾਉਣ ਦੇ ਢੰਗਾਂ ਦੀ ਜਾਣਕਾਰੀ ਦੇਣ ਵਾਲੇ ਸੈਮੀਨਾਰ ਆਯੋਜਿਤ ਕਰਵਾਏ ਜਾਣ।
• ਗੁਰਦੁਆਰਿਆਂ ਵਿੱਚ ਵੱਧ ਤੋਂ ਵੱਧ ਫੁੱਲ-ਪੌਧੇ ਲਗਾਏ ਜਾਣ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਵਿੱਚ ਪੌਧੇ ਦੇਣ ਦਾ ਪ੍ਰਬੰਧ ਕੀਤਾ ਜਾਵੇ।
• ਰਾਗੀ ਸਿੰਘਾਂ ਨੂੰ ਕੁਦਰਤ ਦਾ ਬਖਾਨ ਕਰਨ ਵਾਲੇ ਜ਼ਿਆਦਾ ਤੋਂ ਜ਼ਿਆਦਾ ਸ਼ਬਦਾਂ ਦਾ ਗਾਇਨ ਕਰਨ ਦੀ ਤਾਕੀਦ ਕੀਤੀ ਜਾਏ।

ਸਿੱਖ ਵਿਅਕਤੀਆਂ ਲਈ ਸੁਝਾਅ

• ਸਥਾਨਕ ਪ੍ਰਦੂਸ਼ਣ-ਵਿਰੋਧੀ ਮੁਹਿੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਜਾਏ।
• ਸਥਾਨਕ ਪਾਰਕਾਂ ਦੇ ਰਖ-ਰਖਾਉ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਏ।
• ਜੇਕਰ ਸੰਭਵ ਹੋਵੇ ਅਤੇ ਇਸ ਬਾਬਤ ਜਾਣਕਾਰੀ ਹੋਵੇ ਤਾਂ, ਸਥਾਨਕ ਖੇਤਰ ਵਿੱਚ ‘ਆਰਗੈਨਿਕ’ (ਖਾਦਾਂ ਦੀ ਘੱਟ ਤੋ ਘੱਟ ਵਰਤੋਂ ਵਾਲੇ ਢੰਗ) ਨਾਲ ਤਿਆਰ ਕੀਤੀਆਂ ਗਈਆਂ ਸਬਜ਼ੀਆਂ/ਫਲ ਖਰੀਦੇ ਜਾਣ।
• ਘਰ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਬਜ਼ੀਆਂ ਦੇ ਪੌਧੇ ਲਗਾਏ ਜਾਣ ਅਤੇ ਇਨ੍ਹਾਂ ਪੌਧਿਆਂ ਵਿੱਚ ਉਗਣ ਵਾਲੀਆਂ ਸਬਜ਼ੀਆਂ ਨੂੰ ਘਰ ਦੀ ਰਸੋਈ ਵਿੱਚ ਵਰਤਿਆ ਵੀ ਜਾਵੇ।
• ਭੋਜਨ ਨੂੰ ਲੋੜ ਅਨੁਸਾਰ ਹੀ ਤਿਆਰ ਕੀਤਾ ਜਾਏ, ਤਾਂ ਜੋ ਪਕਾਏ ਜਾ ਚੁੱਕੇ ਭੋਜਨ ਨੂੰ ਸੁੱਟਣ ਦੀ ਨੌਬਤ ਨਾ ਆ ਸਕੇ।
• ਟ੍ਰਾਂਸਪੋਰਟ ਦੇ ਉਨ੍ਹਾਂ ਸਾਧਨਾਂ ਦੀ ਵਰਤੋਂ ਕੀਤੀ ਜਾਵੇ, ਜਿਨ੍ਹਾਂ ਰਾਹੀਂ ਘੱਟ ਤੋਂ ਘੱਟ ਪ੍ਰਦੂਸ਼ਣ ਹੁੰਦਾ ਹੈ।
• ਘਰ ਅਤੇ ਦਫ਼ਤਰ ਵਿੱਚ ਬਿਜਲੀ ਬਚਾਏ ਜਾ ਸਕਣ ਦੇ ਹਰ ਸੰਭਾਵਿਤ ਤਰੀਕੇ ਨੂੰ ਅਪਣਾਇਆ ਜਾਵੇ।
• ਘਰ ਜਾਂ ਘਰ ਦੇ ਨੇੜੇ-ਤੇੜੇ ਕਿਸੇ ਢੁਕਵੀਂ ਥਾਂ ’ਤੇ ਕੋਈ ਇਕ ਜਾਂ ਵੱਧ ਪੇੜ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇ।

- - - - -

ਵੈਸੇ ਤਾਂ ਗੁਰਦੁਆਰਿਆਂ ਦੇ ਪ੍ਰਬੰਧਕ ਸਿਰਫ਼ ਉਹੀ ਕੰਮ ਕਰਦੇ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਸਸਤੀ ਸ਼ੋਹਰਤ ਪ੍ਰਾਪਤ ਹੋਵੇ ਅਤੇ ਗੋਲਕ ਦੀ ਚੜ੍ਹਤ ਵਿੱਚ ਇਜ਼ਾਫਾ ਹੋਵੇ ਪਰ ਪਦੂਸ਼ਣ ਵਰਗੀ ਵਿਸ਼ਵ-ਪੱਧਰੀ ਸਮੱਸਿਆ ’ਤੇ ਕਾਬੂ ਪਾਉਣ ਲਈ ਹਰ ਗੁਰਦੁਆਰੇ/ਡੇਰੇ ਦੇ ਪ੍ਰਬੰਧਕਾਂ ਨੂੰ ਹਾਲਾਤ ਦੀ ਗੰਭੀਰਤਾ ਨੂੰ ਸਮਝਦਿਆਂ ਤੁਰੰਤ ਸੰਗਤਾਂ ਦੇ ਸਹਿਯੋਗ ਨਾਲ ਉਕਤ ਸੁਝਾਵਾਂ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ’ਤੇ ਅਮਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਕਤ ਸੁਝਾਵਾਂ ਨੂੰ ਅਮਲੀ ਰੂਪ ਦੇਣ ਲਈ ਵਧੇਰੇ ਜਾਣਕਾਰੀ ‘ਈਕੋ-ਸਿੱਖ’ ਸੰਸਥਾ ਦੀ ਵੈਬਸਾਈਟ www.ecosikh.org ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।