

ਸਿੱਖ ਰਹਿਤ ਮਰਿਆਦਾ ਵਿੱਚ ਸੋਧ ਜ਼ਰੂਰੀ ਕਿਉਂ? (ਦੂਜਾ ਤੇ ਅੰਤਮ ਭਾਗ)
- ਤੱਤ ਗੁਰਮਤਿ ਪਰਵਾਰ -
ਇੰਡੀਆ ਅਵੇਅਰਨੈ¤ਸ ਦੇ ਪਾਠਕਾਂ ਨੂੰ ਪ੍ਰਚਲਿਤ ‘ਸਿੱਖ ਰਹਿਤ ਮਰਿਆਦਾ’ ਵਿਚਲੀਆਂ ਕੁਝ ਕਮੀਆਂ ਬਾਰੇ ਜੁਲਾਈ 2009 ਅੰਕ ਵਿੱਚ ਜਾਣਕਾਰੀ ਦਿੱਤੀ ਗਈ ਸੀ। ਇਸ ਮਰਿਆਦਾ ਵਿਚਲੀਆਂ ਹੋਰਨਾਂ ਕਮੀਆਂ ਬਾਰੇ ਇਸ ਲੇਖ ਦੇ ਹਥਲੇ ਅੰਤਮ ਭਾਗ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ। ਜੇਕਰ ਕੋਈ ਪਾਠਕਾਂ ਇਨ੍ਹਾਂ ਨੁਕਤਿਆਂ ਬਾਰੇ ਗੁਰਬਾਣੀ ’ਤੇ ਅਧਾਰਿਤ ਆਪਣੇ ਵਿਚਾਰ ਸਾਂਝੇ ਕਰਨਾ ਚਾਹੇ, ਤਾਂ ਉਹ ਇਸ ਬਾਬਤ ਤੱਤ ਗੁਰਮਤਿ ਪਰਵਾਰ ਦੇ ਵੀਰਾਂ ਨਾਲ ਫੋਨ ਨੰਬਰਾਂ 09419126791, 09815971601, 09417440779 ’ਤੇ ਵੀ ਗੱਲਬਾਤ ਕਰ ਸਕਦਾ ਹੈ। ਜਿਹੜੇ ਪਾਠਕਾਂ ਨੇ ਇਸ ਲੇਖ ਦਾ ਪਹਿਲਾ ਹਿੱਸਾ ਨਾ ਪੜ੍ਹਿਆ ਹੋਵੇ, ਉਹ ਇੰਡੀਆ ਅਵੇਅਰਨੈ¤ਸ ਦਾ ਜੁਲਾਈ 2009 ਅੰਕ ਪੜ੍ਹਨ ਦੀ ਖੇਚਲ ਕਰਨ।
(10) (ੳ) ਰਹਿਤ ਮਰਿਆਦਾ ਦੇ ਪੰਨਾ ਨੰ: 18 ਉੱਤੇ ‘ਭੋਗ’ ਸਿਰਲੇਖ ਅਧੀਨ ਦਰਜ ਹੈ :
‘‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ (ਸਾਧਾਰਨ ਜਾਂ ਅਖੰਡ ਪਾਠ) ਦਾ ਭੋਗ ਮੁੰਦਾਵਣੀ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ ਵਿੱਚ ਅਜੇ ਤੱਕ ਮੱਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)।’’
ਵਿਚਾਰ : ਪਹਿਲੀ ਗੱਲ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਰਸਮ ਪੂਰਤੀ ਵਾਲੇ (ਕਰਮਕਾਂਡਾਂ ਦੀ ਨਿਆਈਂ) ਪਾਠ ਬੰਦ ਕਰ ਦਿੱਤੇ ਜਾਣ ਤਾਂ ‘ਰਾਗਮਾਲਾ’ ਦਾ ਮਸਲਾ ਆਪੇ ਹੀ ਘੱਟ ਜਾਵੇਗਾ। ਗੁਰਬਾਣੀ ਸਿਰਫ ਸਮਝਣ ਵਿਚਾਰਨ ਤੇ ਅਮਲ ਕਰਨ ਲਈ ਹੀ ਪੜ੍ਹੀ ਜਾਣੀ ਚਾਹੀਦੀ ਹੈ। ਰਸਮ ਬਣਾਉਣ ਨਾਲ ਗੁਰਬਾਣੀ ਵਿੱਚੋਂ ‘ਵਿਚਾਰ’ ਦਾ ਅੰਸ਼ ਚਲਾ ਜਾਂਦਾ ਹੈ। ਬਾਕੀ ਰਹੀ ਗੱਲ ਰਾਗਮਾਲਾ ਦੀ, ਤਾਂ ਸੱਚ ਦੀ ਪਛਾਣ ਕਰਨ ਵਾਲਾ ਹਰ ਸਿੱਖ ਜਾਣਦਾ ਹੈ ਕਿ ਰਾਗਮਾਲਾ ਗੁਰਬਾਣੀ ਨਹੀਂ ਬਲਕਿ ਮਿਲਾਵਟ ਹੈ। ਗੁਰਮਤਿ ਸਾਹਿਤ ਦੇ ਖੇਤਰ ਵਿੱਚ ਹੋਈਆਂ ਖੋਜਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ‘ਰਾਗਮਾਲਾ’ ਅਕਬਰ ਦੇ ਸਮਕਾਲੀ ਕਵੀ ‘ਆਲਮ’ ਦੀ ਸ਼ਿੰਗਾਰ ਰਸੀ ਰਚਨਾ ‘ਕਾਮਕੰਦਲਾ’ ਦਾ ਹਿੱਸਾ ਹੈ। ਗਿਆਨੀ ਗੁਰਦਿੱਤ ਸਿੰਘ ਜੀ ਦੀ ਛਪੀ ਪੁਸਤਕ ‘ਮੁੰਦਾਵਣੀ’ ਇਸ ਮਾਮਲੇ ਵਿੱਚ ਇੱਕ ਨਿਰਨਾਇਕ ਪੁਸਤਕ ਹੈ। ਸੰਨ 1936 ਵਿੱਚ ਪ੍ਰਵਾਨ ਹੋਈ ਰਹਿਤ ਮਰਿਆਦਾ ਵਿੱਚ ਸਪਸ਼ਟ ਦਰਜ ਸੀ ਕਿ ‘ਰਾਗਮਾਲਾ’ ਗੁਰਬਾਣੀ ਨਹੀਂ, ਇਸ ਕਰ ਕੇ ਨਹੀਂ ਪੜ੍ਹਨੀ। ਪਰ 1945 ਤੱਕ ਸ਼੍ਰੋਮਣੀ ਕਮੇਟੀ ਧੜੇਬਾਜ਼ੀ ਅਤੇ ਸਵਾਰਥਾਂ ਦਾ ਸ਼ਿਕਾਰ ਹੋ ਚੁੱਕੀ ਸੀ ਤਾਂ ਹੀ 1945 ਵਿੱਚ ਰਾਗਮਾਲਾ ਪੱਖੀ ਕੁੱਝ ਸਿੱਖਾਂ ਦਾ ਪੱਖ ਪੂਰਨ ਕਾਰਨ ਸਾਰੀਆਂ ਦਲੀਲਾਂ ਨੂੰ ਪਾਸੇ ਛੱਡ ਕੇ ਇਸ ਮੱਦ ਵਿੱਚ ਫੇਰਬਦਲ ਕਰ ਦਿੱਤਾ ਗਿਆ। ਜੇ ਪਾਠਕ ਇਸ ਗਲਤ ਹਰਕਤ ਦੀ ਸਹੀ ਜਾਣਕਾਰੀ ਲੈਣੀ ਚਾਹੁੰਣ ਤਾਂ ਗਿਆਨੀ ਗੁਰਦਿੱਤ ਸਿੰਘ ਜੀ ਦੀ ਪੁਸਤਕ ‘ਮੁੰਦਾਵਣੀ’ ਪੜ੍ਹੀ ਜਾ ਸਕਦੀ ਹੈ। 60 ਸਾਲਾਂ ਤੋਂ ਹਾਲੇ ਤੱਕ ਮੱਤਭੇਦ ਹੀ ਖਤਮ ਨਹੀਂ ਹੋਏ ਅਤੇ ਨਾ ਹੀ ਹੋਣਗੇ ਕਿਉਂਕਿ ਹਰ ਚੰਗੇ ਕਦਮ ਦਾ ਵਿਰੋਧ ਕਰਨ ਵਾਲੇ ਪੰਥ ਦੋਖੀ ਕੌਮ ਵਿੱਚ ਹਮੇਸ਼ਾਂ ਰਹਿਣਗੇ। ਅਫਸੋਸ ਦੀ ਗੱਲ ਇਹ ਹੈ ਕਿ ਕੌਮ ਵਿੱਚ ਸਿਧਾਂਤਕ ਮਸਲਿਆਂ ਉੱਪਰ ਫੈਸਲੇ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਕਸਵੱਟੀ ਅਤੇ ਦਲੀਲ ਨਾਲ ਨਹੀਂ ਲਏ ਜਾਂਦੇ ਬਲਕਿ ਪਰਚੀਆਂ ਪਾਉਣ ਵਾਲੇ ਬੇਸਿਧਾਂਤਕ ਤਰੀਕੇ ਨਾਲ ਲਏ ਜਾਂਦੇ ਹਨ। ਦਸਮ ਗ੍ਰੰਥ ਬਾਰੇ ਸੁੱਖਾ ਸਿੰਘ ਦਾ ਘਟਨਾ ਕ੍ਰਮ ਅਤੇ ਰਾਗਮਾਲਾ ਬਾਰੇ ਵੀ ਇਸ ਤਰ੍ਹਾਂ ਹੀ ਕੀਤੇ ਗਏ ਫੈਸਲੇ ਸਨ ਜਿਨ੍ਹਾਂ ਵਿੱਚ ਬਾਜ਼ੀ ਮਾਰਨ ਵਾਲਿਆਂ (ਭਾਵ ਪੰਥ ਵਿੱਚ ਮੱਤਭੇਦ ਹਨ) ਨੂੰ ਤਾਂ ਮਾਨਤਾ ਦਿੱਤੀ ਗਈ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਰਿਹਾ।
ਇਸ ਸਮੇਂ ਕੌਮ ਦਾ ਕੋਈ ਵੀ ਸੁਹਿਰਦ ਵਿਦਵਾਨ ‘ਰਾਗਮਾਲਾ’ ਨੂੰ ਗੁਰਬਾਣੀ ਨਹੀਂ ਮੰਨਦਾ। ਸੋ ਜਲਦੀ ਤੋਂ ਜਲਦੀ ਰਾਗਮਾਲਾ ਤੋਂ ਬਗੈਰ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਛਾਪ ਕੇ ਇਸ ਮਿਲਾਵਟ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਹੈਰਾਨੀ ਹੈ ਕਿ ਸੁਹਿਰਦ ਖੋਜੀ ਹਿੰਦੂ ਵਿਦਵਾਨ ਵੀ ਇਹ ਦੇਖ ਕੇ ਹੈਰਾਨ ਹਨ ਕਿ ‘ਗੁਰੂ ਗ੍ਰੰਥ ਸਾਹਿਬ ਜੀ’ ਜੈਸੇ ਪਵਿਤੱਰ ਗ੍ਰੰਥ ਵਿੱਚ ਸ਼ਿੰਗਾਰ ਰਸੀ ਕਵਿਤਾ ਦਾ ਟੁਕੜਾ ਕਿਵੇਂ ਟਿਕਿਆ ਹੋਇਆ ਹੈ। ਪਰ ਸਾਡੇ (ਬ੍ਰਾਹਮਣੀ ਭੇਖ ਵਾਲੇ) ਸਿੱਖ ‘ਰਾਗਮਾਲਾ’ ਨੂੰ ਗੁਰਬਾਣੀ ਮੰਨਣ ਲਈ ਕਿਉਂ ਐਨੇ ਉਤਾਵਲੇ ਹਨ, ਉਨ੍ਹਾਂ ਦੀਆਂ ਐਸੀਆਂ ਗੱਲਾਂ ਦੇਖ ਸੁਣ ਕੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਸ਼ਾਇਦ ਉਨ੍ਹਾਂ ਦੀ ਨਿਯੁਕਤੀ ਹੀ ਕਿਸੇ (ਬ੍ਰਾਹਮਣਵਾਦੀ) ਏਜੰਡੇ ਨੂੰ ਪ੍ਰਚਾਰਣ ਲਈ ਹੀ ਕੀਤੀ ਗਈ ਹੋਵੇ।
(ਅ) ਭੋਗ ਸਿਰਲੇਖ ਹੇਠ ਹੀ ਭਾਗ (ਅ) ਵਿੱਚ ਦਰਜ ਹੈ :
‘‘ਭੋਗ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜ ਅਨੁਸਾਰ ਰੁਮਾਲਾ, ਚੌਰ, ਚਾਨਣੀ ਆਦਿ ਦੀ ਭੇਟਾ ਅਤੇ ਪੰਥਕ ਕਾਰਜਾਂ ਲਈ ਯਥਾ ਸ਼ਕਤੀ ‘ਅਰਦਾਸ’ ਕਰਾਈ ਜਾਵੇ।’’
ਵਿਚਾਰ : ‘ਗੁਰੂ ਗ੍ਰੰਥ ਸਾਹਿਬ ਜੀ’ ਗਿਆਨ ‘ਗੁਰੂ’ ਹਨ। ਉਨ੍ਹਾਂ ਦੀ ਆਪਣੀ ਕੋਈ ਲੋੜ ਨਹੀਂ ਹੈ। ਲੋੜ ਤਾਂ ਸਾਨੂੰ ਹੈ ਉਨ੍ਹਾਂ ਤੋਂ ਗਿਆਨ ਲੈਣ ਦੀ। ਰੁਮਾਲੇ ਆਦਿ ਅਸੀਂ ਸਤਿਕਾਰ ਵਾਸਤੇ ਵਰਤਦੇ ਹਾਂ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜ ਅਨੁਸਾਰ। ਇਸ ਮੱਦ ਨੇ ਰੁਮਾਲੇ ਚੜ੍ਹਾਉਣ ਦੀ ਐਸੀ ਪਿਰਤ ਸ਼ੁਰੂ ਕਰ ਦਿੱਤੀ ਹੈ ਕਿ ਕਈਂ ਗੁਰਦੁਆਰਿਆਂ ਵਿੱਚ ਰੂਮਾਲੇ ਸੰਭਾਲਣੇ ਮੁਸ਼ਕਿਲ ਹੋ ਗਏ ਹਨ। ਜਦੋਂ ਢੇਰਾਂ ਦੇ ਢੇਰ ਰੁਮਾਲੇ ਆਉਣੇ ਸ਼ੁਰੂ ਹੋ ਗਏ ਤਾਂ ਫਿਰ ਵੱਡੇ ਗੁਰਦੁਆਰਿਆਂ (ਦਰਬਾਰ ਸਾਹਿਬ ਅਤੇ ਹੋਰ) ਵਿੱਚ ਰੁਮਾਲਿਆਂ ਵਾਸਤੇ ਹੇਰਾਫੇਰੀਆਂ ਦੀ ਵੀ ਸ਼ੁਰੂਆਤ ਵੱਡੇ ਪਧੱਰ ਤੇ ਹੋਣੀ ਸ਼ੁਰੂ ਹੋ ਗਈ। ਰੁਮਾਲੇ ਪੈਕ ਕਰ ਕੇ ਵਾਪਸ ਦੁਕਾਨਦਾਰਾਂ ਕੋਲ ਪਹੁੰਚਣ ਲੱਗ ਪਏ। ਦੂਜੀ ਤਰਫ ਜੇ ਕਿਸੇ ਨੇ ਪੁਰਾਣੇ ਰੁਮਾਲੇ ਦੇ ਕਪੜੇ ਨਾਲ ਬੱਚਿਆਂ ਦੇ ਬਸਤਰ ਬਣਾ ਲਏ ਤਾਂ (ਅੰਨ੍ਹੀ) ਸ਼ਰਧਾ ਵਾਲਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਸ ਨਾਲ ਬੇਅਦਬੀ ਹੁੰਦੀ ਹੈ। ਉਨ੍ਹਾਂ ਰੁਮਾਲਿਆਂ ਨੂੰ ਚੂਹੇ ਕੁਤੱਰ ਜਾਣ ਤਾਂ ਕੋਈ ਬੇਅਦਬੀ ਨਹੀਂ। ਪਰ ਜੇ ਕੋਈ ਉਨ੍ਹਾਂ ਨੂੰ ਵਰਤ ਲੈਂਦਾ ਹੈ ਤਾਂ (ਅੰਨੀ) ਸ਼ਰਧਾ ਨੂੰ ਠੇਸ ਲੱਗਣ ਲੱਗ ਜਾਂਦੀ ਹੈ।
‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਤਿਕਾਰ ਲਈ ਰੁਮਾਲੇ ਜ਼ਰੂਰੀ ਹਨ ਪਰ ਇਹ ਸਿਰਫ ਲੋੜ ਮੁਤਾਬਿਕ ਅਤੇ ਸਾਦੇ, ਘੱਟ ਖਰਚੀਲੇ ਹੋਣੇ ਚਾਹੀਦੇ ਹਨ। ਸਭ ਤੋਂ ਜ਼ਰੂਰੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ‘ਪ੍ਰਕਾਸ਼’ ਅਤੇ ‘ਸੇਵਾ ਸੰਭਾਲ’ ਲਈ ਜ਼ਰੂਰੀ ਸਮਾਨ (ਰੁਮਾਲੇ ਆਦਿ) ਦਾ ਪ੍ਰਬੰਧ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੂੰ ਆਪ ਲੋੜ ਅਨੁਸਾਰ ਕਰਨਾ ਚਾਹੀਦਾ ਹੈ। ਆਮ ਸਿੱਖਾਂ ਵੱਲੋਂ ਭੇਡਚਾਲ ਵਿੱਚ (ਅੰਨੀ) ਸ਼ਰਧਾ ਅਧੀਨ ਇਨ੍ਹਾਂ ਵਸਤੂਆਂ ਦੇ ਚੜ੍ਹਾਵੇ ਨਾ ਚੜ੍ਹਾਏ ਜਾਣ। ਇਸ ਨਾਲ ਇੱਕ ਪਾਸੇ ਵਹਿਮ ਭਰਮ (ਪਰਦੇ ਢਕਣ ਦਾ) ਘਟੇਗਾ, ਕੌਮ ਦਾ ਪੈਸਾ ਫਾਲਤੂ ਬਰਬਾਦ ਨਹੀਂ ਹੋਵੇਗਾ ਅਤੇ ਹੇਰਾਫੇਰੀਆਂ ਨੂੰ ਠੱਲ੍ਹ ਪਵੇਗੀ। ਸੰਗਤਾਂ ਨੂੰ ਇਹ ਗੱਲ ਬਾਰ-ਬਾਰ ਦ੍ਰਿੜ ਕਰਾਉਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲੀ ‘ਸਤਿਕਾਰ’ ਉਨ੍ਹਾਂ ਦੇ ਉਪਦੇਸ਼ਾਂ ਨੂੰ ਮੰਨ ਲੈਣਾ ਹੀ ਹੈ। ਉਸ ਤੋਂ ਬਿਨਾ ਸਿਰਫ ਬਾਹਰੀ ਸਤਿਕਾਰ ਇੱਕ ਰਸਮ ਜਾਂ ਕਰਮਕਾਂਡ ਤੋਂ ਵੱਧ ਕੁੱਝ ਵੀ ਨਹੀਂ ਹੈ।
(11) (ੳ) ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰ: 18 ਉ¤ਤੇ ‘ਕੜਾਹ ਪ੍ਰਸ਼ਾਦਿ’ ਸਿਰਲੇਖ ਅਧੀਨ ਭਾਗ (ਅ) ਵਿੱਚ ਦਰਜ ਹੈ :
‘‘ਕੜਾਹ ਪ੍ਰਸ਼ਾਦਿ ਤਿਆਰ ਕਰਨ ਦੀ ਵਿਧੀ ਇਹ ਹੈ : ਸੁਅੱਛ ਭਾਂਡੇ ਵਿੱਚ ਤ੍ਰਭਾਵਲੀ (ਆਟਾ, ਉਤੱਮ ਮਿੱਠਾ ਅਤੇ ਘੀ ਇੱਕੋ ਜਿਹੇ ਪਾ ਕੇ) ਗੁਰਬਾਣੀ ਦਾ ਪਾਠ ਕਰਦੇ ਹੋਏ ਤਿਆਰ ਕੀਤਾ ਜਾਵੇ।’’
ਵਿਚਾਰ : ਅਸੀਂ ਪਤਾ ਨਹੀਂ ਕਿਉਂ ਗੁਰਬਾਣੀ ਨੂੰ ਇੱਕ ‘ਮੰਤਰ’ ਸਿੱਧ ਕਰਨ ਦੀ ਕੋਸ਼ਿਸ਼ ਵਿੱਚ ਜੁਟੇ ਰਹਿੰਦੇ ਹਾਂ। ਗੁਰਬਾਣੀ ਪੜ੍ਹਨਾ/ਸੁਣਨਾ ਚੰਗੀ ਗੱਲ ਹੈ ਪਰ ਇਸ ਨੂੰ ਪੜ੍ਹਨ/ਸੁਣਨ ਦਾ ਭਾਵ ਤੋਤਾ ਰਟਨੀ ਜਾਂ ਕੰਨ ਰਸ ਹੀ ਨਹੀਂ ਹੋਣਾ ਚਾਹੀਦਾ। ਗੁਰਬਾਣੀ ਨੂੰ ਸਮਝਣ ਵਿਚਾਰਨ ਵਾਸਤੇ ਪੜ੍ਹਨਾ/ਸੁਣਨਾ ਚਾਹੀਦਾ ਹੈ ਤਾਂ ਕਿ ਉਸ ਅਨੁਸਾਰ ਅਸੀਂ ਆਪਣਾ ਜੀਵਨ ਬਣਾ ਸਕੀਏ। ਮੰਦਰ ਦੇ ਪੁਜਾਰੀ ਵਾਂਗ ਅਸੀਂ ਵੀ ਗੁਰਬਾਣੀ ਦਾ ‘ਮੰਤਰ’ ਵਾਂਗ ਇਸਤੇਮਾਲ ਨਾ ਕਰੀਏ। ਮੰਦਰ ਵਿੱਚ ਪੁਜਾਰੀ ਟੱਲ ਖੜਕਾਉਂਦੇ ਹੋਏ, ਆਰਤੀ ਕਰਦੇ ਕਰਦੇ ਮੂੰਹ ਵਿੱਚੋਂ ਕੁੱਝ ਮੰਤਰ ਤੇਜ਼ੀ ਨਾਲ ਪੜ੍ਹਦਾ ਰਹਿੰਦਾ ਹੈ। ਉਸ ਨੂੰ ਤਾਂ ਸ਼ਾਇਦ ਪਤਾ ਹੋਵੇ ਪਰ ਆਮ ਬੰਦਿਆਂ (ਸੰਗਤ) ਵਿੱਚੋਂ ਵਿਰਲੇ ਨੂੰ ਹੀ ਕੁੱਝ ਪਤਾ ਚਲਦਾ ਹੋਵੇਗਾ। ਇਸੇ ਨਕਲ ਵਿੱਚ ਅਸੀਂ ਕੜ੍ਹਾਹ ਪ੍ਰਸ਼ਦਿ ਬਣਾਉਂਦੇ ਹੋਏ ਕੜਾਹੀ ਵਿੱਚ ਦੇਗਚਾ ਮਾਰਦੇ ਮਾਰਦੇ ਗੁਰਬਾਣੀ ਪੜ੍ਹੀ ਜਾਣ ਦਾ ਹੁਕਮ ਦੇ ਦਿੱਤਾ ਲਗਦਾ ਹੈ। ਕੀ ਇਸ ਨਾਲ ਇਹ ਪ੍ਰਭਾਵ ਨਹੀਂ ਪੈਂਦਾ ਕਿ ਗੁਰਬਾਣੀ ਪੜ੍ਹਨ ਸਦਕੇ ਕੜ੍ਹਾਹ ਪ੍ਰਸ਼ਾਦਿ ‘ਅੰਮ੍ਰਿਤ’ (ਪਵਿੱਤਰ) ਬਣ ਜਾਂਦਾ ਹੈ। ਇਸੇ ਤਰਜ਼ ਉੱਤੇ ਸਰੋਵਰ ਦੇ ਜਲ ਨੂੰ (ਬਾਣੀ ਪੜ੍ਹਨ ਕਰ ਕੇ) ਵੀ ਕਈਂ ਸਿੱਖ ਪ੍ਰਚਾਰਕ ‘ਅੰਮ੍ਰਿਤ’ ਪ੍ਰਚਾਰਦੇ ਹਨ। ਪਰ ਗੁਰਮਤਿ ਕਿਸੇ ਐਸੇ ਭਰਮ ਦੀ ਪ੍ਰੋੜਤਾ ਨਹੀਂ ਕਰਦੀ, ਬਲਕਿ ਖੰਡਨ ਹੀ ਕਰਦੀ ਹੈ। ਗੁਰਬਾਣੀ ਕਿਸੇ ਪਦਾਰਥ ਵਿਸ਼ੇਸ਼ ਦੇ ‘ਪਵਿੱਤਰ’ ਜਾਂ ‘ਅੰਮ੍ਰਿਤ’ ਹੋਣ ਦਾ ਖੰਡਨ ਕਰਦੀ ਹੈ। ਸੋ ਇੱਥੇ ਇਹ ਮੱਦ ‘ਮੰਤਰਵਾਦ’ ਦਾ ਭਰਮ ਪਾਉਂਦੀ ਨਜ਼ਰ ਆਉਂਦੀ ਹੈ ਸੋ ਤਿਆਗਣ ਯੋਗ ਹੈ।
(ਅ) ਸਿੱਖ ਰਹਿਤ ਮਰਿਆਦਾ ਦੇ ਪੰਨਾ 18 ਉ¤ਤੇ ਸਿਰਲੇਖ ‘ਕੜਾਹ ਪ੍ਰਸ਼ਾਦਿ’ ਦੇ ਭਾਗ (ਅ) ਵਿੱਚ ਹੀ ਦਰਜ ਹੈ :
‘‘ਪ੍ਰਵਾਨਗੀ ਲਈ ਕਿਰਪਾਨ ਭੇਟ ਹੋਵੇ।’’
ਵਿਚਾਰ : ਕਿਰਪਾਨ ਭੇਟ ਕਰਨਾ ਅਸਲ ਵਿੱਚ ਪੁਜਾਰੀਵਾਦ (ਬ੍ਰਾਹਮਣਵਾਦ) ਦੇ ਭੋਗ ਲਗਾਉਣ ਦੀ ਪ੍ਰਥਾ ਦੀ ਹੀ ਨਕਲ ਹੈ। ਇਸ ਦਾ ਸੱਭ ਤੋਂ ਵੱਡਾ ਸਬੂਤ ਹੈ ਕਿ ਇਸੇ ਭਾਵਨਾ ਕਰ ਕੇ ਸਿੱਖ ਸਮਾਜ ਵਿੱਚ ਲੰਗਰ ਦੇ ਪਦਾਰਥਾਂ (ਦਾਲ, ਸਬਜ਼ੀ ਆਦਿ) ਨੂੰ ਵੀ ਕਿਰਪਾਨ ਭੇਟਾ ਕੀਤੀ ਜਾ ਰਹੀ ਹੈ। ਸੰਪਰਦਾਈ ਸਿੱਖਾਂ ਵਲੋਂ ਛਪੀਆਂ ਕਈ ਕਿਤਾਬਾਂ ਵਿੱਚ ਐਸੀਆਂ ਮਨੋਕਲਪਿਤ ਸਾਖੀਆਂ ਵੀ ਮੋਜੂਦ ਹਨ ਜਿਨ੍ਹਾਂ ਅਨੁਸਾਰ ਕਿਰਪਾਨ ਭੇਟ ਕਰਨ ਤੋਂ ਬਾਅਦ ਕੜਾਹ ਪ੍ਰਸ਼ਾਦਿ ਦੀ ਮਾਤਰਾ ਘੱਟ ਗਈ ਭਾਵ ਕਿ ਉਸ ਨੂੰ ਭੋਗ ਲੱਗ ਗਿਆ। ਜੋ ਕਿ ਇਹ ਦਰਸਾਉਂਦਾ ਹੈ ਕਿ ਕਿਰਪਾਨ ਭੇਟ ਕਰਨ ਪਿੱਛੇ, ਭਾਵਨਾ ਬ੍ਰਾਹਮਣਵਾਦੀ (ਭੋਗ ਲਾਉਣ) ਦੀ ਹੀ ਹੈ।
ਸਿੱਖ ਕੌਮ ਵਿੱਚ ਕਾਫੀ ਪੁਰਾਣੇ ਸਮੇਂ ਤੋਂ ਪ੍ਰਚਲਿਤ ਹੋਣ ਕਰ ਕੇ ਕਈਂ ਜਾਗਰੂਕ ਸਮਝੇ ਜਾਂਦੇ ਸਿੱਖ ਇਸ ਨੂੰ ‘ਸ਼ਕਤੀ ਦ੍ਰਿੜ’ ਕਰਾਉਣ ਆਦਿ ਦਾ ਬਹਾਨਾ ਲਗਾ ਕੇ ਜਾਇਜ਼ ਕਰਾਰ ਦਿੰਦੇ ਹਨ। ਕਿਉਂਕਿ ਉਹ ਖੁੱਲ ਕੇ ਸੱਚ ਪੇਸ਼ ਕਰਨ ਦੀ ਹਿੰਮਤ ਨਹੀਂ ਜੁਟਾ ਪਾਉਂਦੇ। ਗੁਰਮਤਿ ਅਨੁਸਾਰ ਇਸ ਤਰ੍ਹਾਂ ਨਾਲ ‘ਸ਼ਕਤੀ’ ਦ੍ਰਿਦ੍ਰੜ ਕਰਾਉਣ ਦਾ ਸੰਕਲਪ ਸਹੀ ਸਾਬਿਤ ਨਹੀਂ ਹੁੰਦਾ। ਇਹ ਮੱਦ ਵੀ ਪੁਜਾਰੀਵਾਦ ਨੂੰ ਬੜ੍ਹਾਵਾ ਦਿੰਦੀ ਲਗਦੀ ਹੈ। ਸੋ ਇਸ ਮੱਦ ਨੂੰ ਤਿਆਗਣ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ।
(ੲ) ‘ਕੜਾਹ ਪ੍ਰਸ਼ਾਦਿ’ ਸਿਰਲੇਖ ਅਧੀਨ ਹੀ ਭਾਗ (ੲ) ਵਿੱਚ ਦਰਜ ਹੈ :
‘‘ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਕੜ੍ਹਾਹ ਪ੍ਰਸ਼ਾਦਿ ਵਿੱਚੋਂ ਪੰਜਾਂ ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਇਆ ਜਾਵੇ।’’
ਵਿਚਾਰ : ਇਸ ਮੱਦ ਵਿੱਚ ਵੀ ਦਰਜ ਕਰ ਦਿੱਤਾ ਗਿਆ ਕਿ ਸੰਗਤ ਨੂੰ ‘ਕੜਾਹ ਪ੍ਰਸ਼ਾਦਿ’ ਵਰਤਾਉਣ ਤੋਂ ਪਹਿਲਾਂ ਪੰਜ ਪਿਆਰਿਆਂ ਦਾ ਗੱਫਾ (ਹਿੱਸਾ) ਕੱਢ ਕੇ ਅੰਮ੍ਰਿਤਧਾਰੀ ਸਿੱਖਾਂ ਨੂੰ ਹੀ ਵਰਤਾਇਆ ਜਾ ਸਕਦਾ ਹੈ। ਪਹਿਲੀ ਗੱਲ ਜਦ ਇੱਕ ਵਾਰ ਅਰਦਾਸ ਹੋ ਗਈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ‘ਕੜਾਹ ਪ੍ਰਸ਼ਾਦਿ’ ਪ੍ਰਵਾਨ ਹੋ ਗਿਆ। ਫਿਰ ਪੰਜ ਪਿਆਰਿਆਂ ਦਾ ਗੱਫਾ ਕੱਢਣ ਦੀ ਸਮਝ ਨਹੀਂ ਆਉਂਦੀ। ਦੂਜੇ ਪਾਸੇ ਫਿਰ ਪੰਜ ਪਿਆਰਿਆਂ ਦਾ ਗੱਫਾ ਹੀ ਕਿਉਂ? ਨਾਨਕ ਜਾਮਿਆਂ ਦਾ ਕਿਉਂ ਨਹੀਂ? ਚਾਰ ਸਾਹਿਬਜ਼ਾਦਿਆਂ ਦਾ ਕਿਉਂ ਨਹੀਂ? ਹੋਰ ਸ਼ਹੀਦਾਂ ਦਾ ਕਿਉਂ ਨਹੀਂ? ਪੰਜ ਪਿਆਰਿਆਂ ਨੂੰ ਹੀ ਪਹਿਲ ਦੇਣਾ ਮੁਨਾਸਿਬ ਨਹੀਂ ਲਗਦਾ। ਮੰਨ ਲਉ ਜੇ ਪੰਜ ਪਿਆਰਿਆਂ ਦਾ ਗੱਫਾ ਦਿੰਦੇ ਹੋਏ ਸੰਗਤ ਵਿੱਚ ਪਹਿਲੇ ਸਥਾਨਾਂ ਉੱਪਰ ਕੋਈ ਗੈਰ ਅੰਮ੍ਰਿਤਧਾਰੀ ਜਾਂ ਗੈਰ ਸਿੱਖ ਹੀ ਬੈਠਾ ਹੋਵੇ ਅਤੇ ਉਸ ਨੂੰ ਛੱਡ ਕੇ ਕਿਸੇ ਹੋਰ ਨੂੰ (ਅੰਮ੍ਰਿਤਧਾਰੀ ਲੱਭ ਕੇ) ਪ੍ਰਸ਼ਾਦਿ ਦਿੱਤਾ ਜਾਵੇਗਾ ਤਾਂ ਉਸ (ਗੈਰ ਅੰਮ੍ਰਿਤਧਾਰੀ ਜਾਂ ਗੈਰ ਸਿੱਖ) ਨੂੰ ਵਿਤਕਰਾ ਮਹਿਸੂਸ ਹੋ ਸਕਦਾ ਹੈ। ਵੈਸੇ ਵੀ ਸਿੱਖਾਂ ਦੀਆਂ ਜ਼ਿਆਦਾਤਰ ਰਸਮਾਂ ਬ੍ਰਾਹਮਣੀ ਪ੍ਰਭਾਵ ਦੇ ਕਾਟ ਵਾਸਤੇ ਹੀ ਬਣਾਈਆਂ ਗਈਆਂ ਹਨ। ਜੋ ਕਿ ਗੁਰਮਤਿ ਨਹੀਂ ਜਾਪਦੀ। ਸੋ ਇਹ ਮੱਦ ਵਿਤਕਰੇ ਦਾ ਕਾਰਨ ਬਣ ਸਕਦੀ ਹੈ। ਸੋ ਇਹ ਤਿਆਗਣ ਯੋਗ ਹੈ।
(ਸ) ਪੰਨਾ 19 ਵਿੱਚ ‘ਕੜਾਹ ਪ੍ਰਸ਼ਾਦਿ’ ਸਿਰਲੇਖ ਅਧੀਨ ਹੀ ਭਾਗ (ਸ) ਵਿੱਚ ਦਰਜ ਹੈ :
‘‘ਕੜਾਹ ਪ੍ਰਸ਼ਾਦਿ ਦੀ ਭੇਟਾ ਕਰਨ ਵੇਲੇ ਘੱਟੋ ਘੱਟ ਇੱਕ ਟਕਾ ਨਗਦ ਅਰਦਾਸ ਵੀ ਹੋਵੇ।’’
ਵਿਚਾਰ : ਬ੍ਰਾਹਮਣਵਾਦ ਵਾਂਗ ਇਹ ਭੇਟਾਵਾਂ ਦੇ ਮਕੜ ਜਾਲ ਨੇ ਵੀ ਸਿੱਖਾਂ ਨੂੰ ਰਾਹ ਤੋਂ ਭਟਕਾ ਦਿੱਤਾ ਹੈ। ‘ਕੜਾਹ ਪ੍ਰਸ਼ਾਦਿ’ ਭੇਟਾ ਦੀ ਰਸਮ ਨੇ ਹੀ ਸੇਵਾਦਾਰਾਂ ਨੂੰ ‘ਕੜਾਹ ਪ੍ਰਸ਼ਾਦਿ’ ਦੀਆਂ ਪਰਚੀਆਂ ਵਿੱਚ ਹੀ ਘਪਲੇ ਕਰਨ ਦਾ ਮੌਕਾ ਦਿੱਤਾ ਹੈ। ਇਸੇ ਰਸਮ ਕਾਰਨ ਜ਼ਿਆਦਾਤਰ ਗੁਰਦੁਆਰਿਆਂ ਵਿੱਚ ਸਿੱਖਾਂ ਨਾਲ ਪੈਸੇ ਦੇ ਅਧਾਰ ੳੱਤੇ ਵਿਤਕਰਾ ਹੁੰਦਾ ਆਮ ਵੇਖਿਆ ਜਾ ਸਕਦਾ ਹੈ। ਪੰਜ ਰੁਪਏ ਵਿੱਚ ਘੱਟ ਪ੍ਰਸ਼ਾਦਿ, ਦਸ ਰੁਪਏ ਵਿੱਚ ਥੋੜਾ ਜ਼ਿਆਦਾ, ਸੋ ਰੁਪਏ ਵਿੱਚ ਉਸ ਤੋਂ ਵੀ ਜ਼ਿਆਦਾ ਆਦਿ। ਇਨ੍ਹਾਂ ਭੇਟਾਵਾਂ ਨੇ (ਅੰਨੀ) ਸ਼ਰਧਾ ਦੀ ਪਿਰਤ ਨੂੰ ਵੀ ਵਧਾਇਆ ਹੀ ਹੈ। ਪ੍ਰਬੰਧਕਾਂ ਨੂੰ ਸ਼ਾਇਦ ਸਿਰਫ ਗੋਲਕਾਂ ਵਧਾਉਣ ਵਿੱਚ ਹੀ ਦਿਲਚਸਪੀ ਹੁੰਦੀ ਹੋਵੇ। ਸਿੱਖ ਸੰਗਤ ਭਟਕਦੀ ਹੈ ਤਾਂ ਭਟਕਦੀ ਰਹੇ।
ਪ੍ਰਮਾਤਮਾ ਜਾਂ ਗੁਰੂ ਤਾਂ ਇੱਕ ਹੀ ਭੇਟਾ ਕਬੂਲ ਕਰਦਾ ਹੈ। ਉਹ ਇਹ ਕਿ ਆਪਣੀ ਮੱਤ ਦਾ ਤਿਆਗ ਕਰ ਕੇ ‘ਗੁਰੂ ਦੀ ਮੱਤ’ ਲੈ ਲਈ ਜਾਵੇ। ਬਾਕੀ ਸਭ ਭੇਟਾਵਾਂ (ਦਾਤਾਂ) ਤਾਂ ਉਸੇ ਦੀਆਂ ਹੀ ਦਿੱਤੀਆਂ ਹਨ, ਤਾਂ ਉਸ ਨੂੰ ਕਿਵੇਂ ਭੇਟਾ ਕਰ ਸਕਦੇ ਹਾਂ ? ਕਿੰਨਾ ਚੰਗਾ ਹੋਵੇ ਜੇ ਹਰ ਸਿੱਖ ਆਪਣੇ ਨਜ਼ਦੀਕੀ ਗੁਰਦੁਆਰੇ ਵਿੱਚ ਆਪਣਾ ਦਸਵੰਧ ਰਸੀਦ ਕਟਵਾ ਕੇ ਜਮ੍ਹਾ ਕਰਵਾ ਦੇਵੇ। ਬਾਕੀ ਗੁਰਦੁਆਰੇ ਵਿੱਚ ਲੋੜੀਂਦੀਆਂ ਸਾਰੀਆਂ ਵਸਤੂਆਂ (ਕੜਾਹ ਪ੍ਰਸ਼ਾਦਿ, ਲੰਗਰ ਆਦਿ) ਅਤੇ ਪੰਥਕ ਕਾਰਜਾਂ ਦਾ ਪ੍ਰਬੰਧ ਉਸੇ ਦਸਵੰਧ ਵਿੱਚੋਂ ਪ੍ਰਬੰਧਕ ਆਪ ਕਰਨ। ਇਸ ਤਰ੍ਹਾਂ ਨਾਲ ਗੋਲਕ ਦੀ ਪਿਰਤ ਤੋਂ ਵੀ ਖਹਿੜਾ ਛੁਡਾਇਆ ਜਾ ਸਕਦਾ ਹੈ ਅਤੇ ਭ੍ਰਿਸ਼ਟਾਚਾਰ ਤੋਂ ਵੀ। ਅੰਨੀ ਸ਼ਰਧਾ ਦਾ ਪ੍ਰਸਾਰਾ ਵੀ ਘੱਟ ਸਕਦਾ ਹੈ। ਇਸੇ ਮੱਦ ਵਿੱਚ ਘੱਟੋ ਘੱਟ ਇੱਕ ਟਕਾ ਨਗਦ ਅਰਦਾਸ ਕਰਾਉਣ ਦੀ ਸ਼ਰਤ ਵੀ ਪਹਿਲੀ ਨਜ਼ਰੇ ਗੁਰਮਤਿ ਅਨੁਸਾਰੀ ਨਹੀਂ ਲਗਦੀ। ਸੋ ਇਸ ਲਈ ਇਹ ਵੀ ਤਿਆਗਣ ਯੋਗ ਹੈ। ਭੇਟਾ ਕਰਨੀ ਹੈ ਤਾਂ ਸਭ ਤੋਂ ਪਹਿਲੇ ਆਪਣੀ ਮੱਤ ਭੇਟਾ ਕਰੀਏ ਅਤੇ ਗੁਰੂ ਦੀ ਮੱਤ ਲਈਏ। ਇਸ ਦੀ ਸਭ ਤੋਂ ਵੱਡੀ ਲੋੜ ਹੈ।
(12) (ੳ) ਸਿੱਖ ਰਹਿਤ ਮਰਿਆਦਾ ਦੇ ਪੰਨਾ 19 ਵਿੱਚ ‘ਗੁਰਬਾਣੀ ਦੀ ਕਥਾ’ ਸਿਰਲੇਖ ਅਧੀਨ ਭਾਗ (ੲ) ਵਿੱਚ ਦਰਜ ਹੈ :
‘‘ਥਾ ਦਸ ਗੁਰੂ ਸਾਹਿਬਾਨ ਦੀ ਬਾਣੀ ਜਾਂ ਭਾਈ ਗੁਰਦਾਸ, ਭਾਈ ਨੰਦ ਲਾਲ ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ (ਜੋ ਗੁਰਮਤਿ ਅਨੁਕੂਲ ਹੋਣ) ਦੀ ਹੋ ਸਕਦੀ ਹੈ ਪਰ ਅਨਮੱਤ ਦੀ ਕਿਸੇ ਪੁਸਤਕ ਦੀ ਨਹੀਂ ਹੋ ਸਕਦੀ। ਹਾਂ ਪ੍ਰਮਾਣ ਕਿਸੇ ਮਹਾਂਤਮਾ ਜਾਂ ਪੁਸਤਕ ਦੀ ਉ¤ਤਮ ਸਿੱਖਿਆ ਦਾ ਲਿਆ ਜਾ ਸਕਦਾ ਹੈ।’’
ਵਿਚਾਰ : ਰਹਿਤ ਮਰਿਆਦਾ ਦੀ ਸ਼ੁਰੂਆਤ ਵਿੱਚ ਦਿੱਤੀ ਸਿੱਖ ਦੀ ਪਰਿਭਾਸ਼ਾ ਵਾਂਗ ਇੱਥੇ ਸ਼ਬਦਾਵਲੀ ਨਾਲ ਭੁਲੇਖੇ ਹੀ ਖੜ੍ਹੇ ਹੋਣ ਦੀ ਸੰਭਾਵਨਾ ਵਧੇਰੇ ਲਗਦੀ ਹੈ। ਪਹਿਲਾਂ ਵਿਚਾਰ ਕੀਤੇ ਅਨੁਸਾਰ ‘ਗੁਰੂ’ ਸਿਰਫ ਇੱਕ ਹੀ ਹੈ, ਦਸ ਜਾਂ ਗਿਆਰਾਂ ਨਹੀਂ। ਦੂਜੀ ਗੱਲ, ਦੱਸੇ ਜਾਂਦੇ ਦਸ ਗੁਰੂਆਂ ਨੇ ਕਦੋਂ ਬਾਣੀ ਲਿਖੀ ? ਬਾਣੀ ਤਾਂ ਕੁੱਝ ਹੀ ਨਾਨਕ ਜਾਮਿਆਂ ਵੇਲੇ ਲਿਖੀ ਗਈ (ਛੇ ਨਾਨਕ ਜਾਮਿਆਂ ਵਿੱਚ)। ਸੋ ਲੋੜ ਹੈ ਇਸ ਭੁਲੇਖਾ ਪਾਊ ਸ਼ਬਦਾਵਲੀ ਨੂੰ ਬਦਲ ਕੇ ਕੁੱਝ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿ:
‘‘ਕਥਾ/ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਤੇ ਹੀ ਅਧਾਰਿਤ ਹੋਣੀ ਚਾਹੀਦੀ ਹੈ।’’
ਇਸ ਨਾਲ ਆਪੇ ਹੀ ਸਾਰੇ ਭੁਲੇਖੇ ਦੂਰ ਹੋ ਜਾਣਗੇ।
(ਅ) ‘ਗੁਰਬਾਣੀ ਦੀ ਕਥਾ’ ਸਿਰਲੇਖ ਅਧੀਨ ਹੀ ਭਾਗ (ਹ) ਵਿੱਚ ਦਰਜ ਹੈ :
‘‘ਗੁਰਦੁਆਰੇ ਵਿੱਚ ਸੰਗਤ ਦਾ ਪ੍ਰੋਗਰਾਮ ਆਮ ਤੌਰ ਤੇ ਇਉਂ ਹੁੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਕੀਰਤਨ, ਕਥਾ, ਵਿਖਿਆਨ, ਅਨੰਦ ਸਾਹਿਬ, ਅਰਦਾਸ, ਫਤਹਿ, ਸਤਿ ਸ਼੍ਰੀ ਅਕਾਲ ਦਾ ਜੈਕਾਰਾ ਅਤੇ ਹੁਕਮ।’’
ਵਿਚਾਰ : ਕਿੰਨ੍ਹੀ ਹੈਰਾਨੀ ਦੀ ਗੱਲ ਹੈ ਕਿ ਸ਼ਬਦ ਵਿਚਾਰ (ਵਿਖਿਆਨ) ਜਿਹੀ ਅਨਮੋਲ ਚੀਜ਼ ਨੂੰ ਮਹੱਤਤਾ ਦਿੰਦੀ ਇਸ ਤਰਤੀਬ ਦਾ ਪਾਲਣ ਸਿੱਖਾਂ ਦੇ ਕੇਂਦਰੀ ਸਥਾਨ ‘ਦਰਬਾਰ ਸਾਹਿਬ’ ਵਿੱਚ ਨਹੀਂ ਕੀਤਾ ਜਾਂਦਾ। ਉ¤ਥੇ ਪਤਾ ਨਹੀਂ ਨਿਰੋਲ ਕੀਰਤਨ ਦੀ ਮਰਿਆਦਾ ਕਿਸ ਨੇ ਸ਼ੁਰੂ ਕਰ ਦਿੱਤੀ। ਜਿਸ ਕੇਂਦਰੀ ਸਥਾਨ ਤੋਂ ਬਾਕੀ ਗੁਰਦੁਆਰਿਆਂ ਨੇ ਸੇਧ ਲੈਣੀ ਸੀ ਉਸ ਵਿੱਚ ਹੀ ਸ਼ਬਦ ਵਿਚਾਰ ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਇਸ ਬਾਰੇ ਵੀ ਵਿਚਾਰਨ ਦੀ ਬਹੁਤ ਲੋੜ ਹੈ।
(13) (ੳ) ਸਿੱਖ ਰਹਿਤ ਮਰਿਆਦਾ ਦੇ ਪੰਨਾ 20 ਉੱਪਰ ‘ਗੁਰਮਤਿ ਦੀ ਰਹਿਣੀ’ ਸਿਰਲੇਖ ਹੇਠ ਭਾਗ (ਅ) ਵਿਚ ਦਰਜ ਹੈ :
‘‘ਆਪਣੀ ਮੁਕਤੀ ਦਾ ਦਾਤਾ ਅਤੇ ਇਸ਼ਟ ਕੇਵਲ ਦਸ ਗੁਰੂ ਸਾਹਿਬਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ’’
ਵਿਚਾਰ : ਸਿੱਖ ਰਹਿਤ ਮਰਿਆਦਾ ਦੇ ਸ਼ੁਰੂ ਵਿਚ ਦਿੱਤੀ ਸਿੱਖ ਦੀ ਪਰਿਭਾਸ਼ਾ ਵਾਂਗੂ ਹੀ ਇੱਥੇ ਵੀ ਸ਼ਬਦਾਵਲੀ ਗੈਰ-ਸਿਧਾਂਤਕ ਅਤੇ ਭੁਲੇਖਾਪਾਊ ਹੈ। ਗੁਰੂ ਕੇਵਲ ਇੱਕ ਹੀ ਹੈ, ਦਸ ਜਾਂ ਗਿਆਰਾਂ ਗੁਰੂ ਦੱਸਣੇ ਗੈਰ-ਸਿਧਾਂਤਕ ਅਤੇ ਗਲਤ ਹੈ। ਅਸੀਂ ਇਸ ਬਾਰੇ ਪਹਿਲਾਂ ਵੀ ਵਿਚਾਰ ਆਏ ਹਾਂ। ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ਬਾਹਰ ਕਿਹੜੇ ‘ਦਸ ਗੁਰੂ ਸਾਹਿਬਾਨ’ ਦੀ ਬਾਣੀ ਹੈ, ਇਹ ਗੱਲ ਸਮਝ ਨਹੀਂ ਆਉਂਦੀ। ਇਹ ਭੁਲੇਖਾ ਪਾਉਣ ਵਾਲੀ ਗੱਲ ਲਗਦੀ ਹੈ। ਇੱਥੇ ਸਿਰਫ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਬਾਣੀ ਲਿਖਣਾ ਹੀ ਜਾਇਜ਼ ਹੈ। ਇਸ ਬਾਰੇ ਵਿਚਾਰ ਪਹਿਲਾਂ ਹੋ ਚੁੱਕੀ ਹੈ, ਸੋ ਦੁਹਰਾਉਣ ਦੀ ਲੋੜ ਨਹੀਂ।
(ਅ) ‘ਗੁਰਮਤਿ ਦੀ ਰਹਿਣੀ’ ਸਿਰਲੇਖ ਹੇਠ ਭਾਗ (ੲ) ਵਿਚ ਫਿਰ ‘ਦਸ ਗੁਰੂ ਸਾਹਿਬਾਨ’ ਲਫਜ਼ ਵਰਤਿਆ ਗਿਆ ਹੈ।
ਇਸ ਦੀ ਥਾਂ ‘ਨਾਨਕ ਵਿਚਾਰਧਾਰਕ ਜੋਤ ਦੇ ਦਸ ਜਾਮਿਆਂ’ ਸ਼ਬਦ ਵਰਤਿਆ ਜਾ ਸਕਦਾ ਹੈ। ਗੁਰੂ ਇੱਕ ਹੀ ਹੈ, ਦਸ-ਗਿਆਰਾਂ ਨਹੀਂ।
(ੲ) ‘ਗੁਰਮਤਿ ਦੀ ਰਹਿਣੀ’ ਸਿਰਲੇਖ ਹੇਠ ਹੀ ਪੰਨਾ 20 ਉੱਪਰ ਭਾਗ (ਹ) ਵਿਚ ਦਰਜ ਹੈ :
‘‘ਖਾਲਸਾ ਸਾਰੇ ਮੱਤਾਂ ਤੋਂ ਨਿਆਰਾ ਰਹੇ ਪਰ ਕਿਸੇ ਅਨਧਰਮੀ ਦਾ ਦਿਲ ਨਾ ਦੁਖਾਵੇ’’
ਵਿਚਾਰ : ਇਹ ਮੱਦ ਪ੍ਰੈਕਟੀਕਲ ਨਹੀਂ ਲਗਦੀ। ਜਿਹੜੇ (ਸਿੱਖ ਜਾਂ ਗੈਰ ਸਿੱਖ) ਲੋਕ ਗਲਤ ਪ੍ਰੰਪਰਾਵਾਂ ਅਤੇ ਰਸਮਾਂ ਦਾ ‘ਅੰਨ੍ਹੀ ਸ਼ਰਧਾ’ ਅਧੀਨ ਪਾਲਣ ਕਰੀ ਜਾ ਰਹੇ ਹਨ, ਸੱਚ ਸੁਣਨ ਨਾਲ ਉਨ੍ਹਾਂ ਦਾ ਦਿਲ ਤਾਂ ਦੁਖੇਗਾ ਹੀ। ਉਦਾਹਰਣ ਲਈ, ਜੋ ਮਨੁੱਖ ਕਿਸੇ (ਅੰਨ੍ਹੀ) ਸ਼ਰਧਾ ਅਧੀਨ ਕਸ਼ਟ ਸਹਿ ਕੇ ਵਰਤ ਰੱਖਦੇ ਹਨ, ਜੇ ਉਨ੍ਹਾਂ ਨੂੰ ਸੱਚ ਦੱਸਿਆ ਜਾਵੇ ਕਿ ਇਹ ਕਰਮ ਤਾਂ ਨਿਸਫਲ ਹੈ, ਭੁਲੇਖਾ ਹੈ ਤਾਂ ਉਸ ਦੇ ਮਨ ਨੂੰ ਅੰਨ੍ਹੀ ਸ਼ਰਧਾ, ਅਗਿਆਨਤਾ ਕਾਰਨ ਠੇਸ ਜ਼ਰੂਰ ਲੱਗੇਗੀ। ਅਨਧਰਮੀਆਂ ਦੀ ਤਾਂ ਛੱਡੋ, ਜਿਹੜੇ ਆਪਣੇ ਆਪ ਨੂੰ ਸਿੱਖ ਕਹਿਲਾਉਂਦੇ ਹਨ, ਉਨ੍ਹਾਂ ਨੂੰ ਵੀ ਜਦ ਦਸਮ ਗ੍ਰੰਥ ਅਤੇ ਪ੍ਰਚਲਿਤ ਸਿੱਖ ਰਹਿਤ ਮਰਿਆਦਾ ਵਿਚ ਦਰਜ ਕਮਜ਼ੋਰੀਆਂ ਬਾਰੇ ਸੱਚ ਦੱਸਿਆ ਜਾਂਦਾ ਹੈ ਤਾਂ ਉਹ ਵੀ ਰੌਲਾ ਪਾਉਣ ਲੱਗ ਜਾਂਦੇ ਹਨ ਕਿ ਇਸ ਨਾਲ ਆਮ ਸਿੱਖਾਂ ਦੀ ਸ਼ਰਧਾ ਨੂੰ ਠੇਸ ਪਹੁੰਚਦੀ ਹੈ, ਮਨ ਦੁਖਦਾ ਹੈ। ਇਸ ਤਰ੍ਹਾਂ ਤਾਂ ਸੱਚ ਦਾ ਪ੍ਰਚਾਰ ਸੰਭਵ ਹੋ ਹੀ ਨਹੀਂ ਸਕਦਾ। ਜਿਹੜੇ ਮਨੁੱਖ (ਅਗਿਆਨਤਾ, ਅੰਨ੍ਹੀ ਸ਼ਰਧਾ) ਵਿਚ ਫਸੇ ਹੋਏ ਹਨ, ਸੱਚ ਸੁਣ ਕੇ ਉਨ੍ਹਾਂ ਦਾ ਦਿਲ ਤਾਂ ਦੁਖੇਗਾ ਹੀ। ਪਰ ਵਾਰ-ਵਾਰ ਸੱਚ ਸੁਣਨ ਕਰ ਕੇ ਸ਼ਾਇਦ ਉਨ੍ਹਾਂ ਅੱਗੋਂ ‘ਅਗਿਆਨਤਾ’ ਦਾ ਪਰਦਾ ਹਟ ਜਾਵੇ।
ਇਹ ਮੱਦ ਪ੍ਰੈਕਟੀਕਲ ਨਹੀਂ ਜਾਪਦੀ, ਸੋ ਤਿਆਗਣਯੋਗ ਹੈ। ਹਾਂ ਇਹ ਜ਼ਰੂਰ ਯਾਦ ਰਖਿਆ ਜਾਵੇ ਕਿ ਕਿਸੇ ਸਿੱਖ ਦਾ ਮਕਸਦ, ਜਾਣ ਬੁੱਝ ਕੇ ਕਿਸੇ ਦਾ ਵੀ ਦਿਲ ਦੁਖਾਉਣਾ ਨਾ ਹੋਵੇ।
(ਸ) ‘ਗੁਰਮਤਿ ਦੀ ਰਹਿਣੀ’ ਸਿਰਲੇਖ ਅਧੀਨ ਹੀ ਭਾਗ (ਖ) ਵਿਚ ਦਰਜ ਹੈ :
‘‘ਸਿੱਖ ਲਈ ਗੁਰਮੁਖੀ ਵਿਦਿਆ ਪੜ੍ਹਨੀ ਜ਼ਰੂਰੀ ਹੈ’’
ਵਿਚਾਰ : ‘ਗੁਰਮੁਖੀ’ ਦੀ ਵਿਦਿਆ ਨੂੰ ਜ਼ਰੂਰੀ ਕਰਨਾ ਸਿੱਖ ਮੱਤ ਨੂੰ ਇੱਕ ਖਾਸ ਖਿੱਤੇ ਤੱਕ ਹੀ ਸੀਮਿਤ ਕਰਦਾ ਹੈ। ਅਸਲੀ ਗੱਲ ਤਾਂ ਗੁਰੂ ਦਾ ਸੁਨੇਹਾ ਲੈ ਕੇ ਉਸ ਅਨੁਸਾਰ ਜੀਵਨ ਬਣਾਉਣਾ ਹੈ, ਇਹੀ ਸਿੱਖੀ ਹੈ। ਉਹ ਸੁਨੇਹਾ ਭਾਵੇਂ ਕਿਸੇ ਵੀ ਭਾਸ਼ਾ ਵਿਚ ਲਿਆ ਜਾਵੇ। ਇਸਾਈ ਪ੍ਰਚਾਰਕ ਵੀ ਇਸਾਈ ਹੋਣ ਲਈ ਅੰਗਰੇਜ਼ੀ ਦੀ ਸਿੱਖਿਆ ਨੂੰ ਲਾਜ਼ਮੀ ਕਰਾਰ ਦਿੰਦੇ ਤਾਂ ਸ਼ਾਇਦ ਇੰਨਾਂ ਜ਼ਿਆਦਾ ਪ੍ਰਚਾਰ ਨਾ ਕਰ ਸਕਦੇ। ਬਲਕਿ ਉਨ੍ਹਾਂ ਨੇ ਤਾਂ ਹਰ ਭਾਸ਼ਾ ਵਿਚ ‘ਬਾਈਬਲ’ ਛਾਪ ਕੇ ਪੂਰੇ ਸੰਸਾਰ ਵਿਚ ਵੰਡੀ। ਅਸੀਂ ਗੁਰਮਤਿ ਦਾ ਸੁਨੇਹਾ ਸਾਰੀਆਂ ਭਾਸ਼ਾਵਾਂ ਵਿਚ ਨਹੀਂ ਪਹੁੰਚਾ ਸਕੇ ਤਾਂ ਇਹ ਸਾਡੀ (ਪ੍ਰਚਾਰਕ) ਕਮਜ਼ੋਰੀ ਹੈ। ਇਸ ਸ਼ਰਤ ਨਾਲ ਸਿੱਖੀ ਨੂੰ ਜਾਨਣ ਲਈ ਉਤਸੁਕ ਗੈਰ ਪੰਜਾਬੀ ਵੀ ਨਿਰ-ਉਤਸ਼ਾਹਿਤ ਹੋ ਸਕਦੇ ਹਨ। ਤਾਂ ਇੱਥੇ ਸ਼ਬਦਾਵਲੀ ਬਦਲ ਕੇ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ :
‘‘ਸਿੱਖ ਲਈ ਗੁਰਮੁਖੀ ਸਿੱਖਿਆ ਲੈਣੀ ਲਾਹੇਵੰਦ ਹੈ’’
(14) (ੳ) ਸਿੱਖ ਰਹਿਤ ਮਰਿਆਦਾ ਦੇ ਪੰਨਾ 21 ੳੁੱਪਰ ‘ਜਨਮ ਅਤੇ ਨਾਮ ਸੰਸਕਾਰ’ ਦੇ ਭਾਗ (ੳ) ਵਿਚ ਦਰਜ ਹੈ :
‘‘ਗੁਰੂ ਜੀ ਦੇ ਹਜ਼ੂਰ ‘ਪਰਮੇਸ਼ਰ ਦਿਤਾ ਬੰਨਾ’ (ਸੋਰਠਿ ਮ: 5), ‘ਸਤਿਗੁਰ ਸਾਚੈ ਦੀਆ ਭੇਜਿ’ (ਆਸਾ ਮ: 5), ਆਦਿ ਖੁਸ਼ੀ ਤੇ ਧੰਨਵਾਦ ਵਾਲੇ ਸ਼ਬਦ ਪੜ੍ਹੇ ਜਾਣ।’’
ਵਿਚਾਰ : ਕੀ ਗੁਰਬਾਣੀ ਵਿਚ ਗਮੀ ਵਾਲੇ ਸ਼ਬਦ ਵੀ ਹਨ ਜਾਂ ਖਿਲਾਫਤ (ਧੰਨਵਾਦ ਦੇ ਉਲਟ) ਵਾਲੇ ਸ਼ਬਦ ਵੀ ਹਨ ? ਇਹ ਗੁਰਬਾਣੀ ਦੇ ਸ਼ਬਦਾਂ ਨੂੰ ਖੁਸ਼ੀ-ਗਮੀ ਦੇ ਸ਼ਬਦਾਂ ਵਿਚ ਵੰਡਣਾ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਹੈ। ਗੁਰਬਾਣੀ ਇਕਸਾਰ ਹੈ, ਇਸ ਦਾ ਮਕਸਦ ਚੰਗੇ ਮਨੁੱਖ ਦੀ ਸਿਰਜਣਾ ਰਾਹੀਂ ਆਦਰਸ਼ ਸਮਾਜ ਦੀ ਸਥਾਪਨਾ ਹੈ। ਇਨ੍ਹਾਂ ਸ਼ਬਦਾਂ ਦੇ ਤਾਂ ਭਾਵ ਅਰਥ ਹੀ ਉਹ ਨਹੀਂ ਹਨ ਜਿਹੜੇ ਇੱਥੇ ਦਰਸਾਏ ਜਾ ਰਹੇ ਹਨ। ਗੁਰਬਾਣੀ ਦੇ ਸ਼ਬਦਾਂ ਨੂੰ ਖੁਸ਼ੀ-ਗਮੀ ਆਦਿ ਦੇ ਗਲਤ ਭਾਗਾਂ ਵਿਚ ਵੰਡ ਕੇ ਪੁਜਾਰੀ (ਗ੍ਰੰਥੀ, ਪਾਠੀ, ਰਾਗੀ ਆਦਿ) ਸੰਗਤ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਦੇ ਸਹੀ ਭਾਵ ਅਰਥ ਨਹੀਂ ਦੱਸੇ ਜਾ ਰਹੇ। ਗੁਰਬਾਣੀ ਤਾਂ ਹਰਖ-ਸੋਗ ਤੋਂ ਉ¤ਪਰ ਉ¤ਠਣ ਦੀ ਗੱਲ ਕਰਦੀ ਹੈ। ਇੱਥੇ ਇਹ ‘ਮਰਿਆਦਾ’, ਗੁਰਬਾਣੀ ਨੂੰ ਹੀ ਹਰਖ-ਸੋਗ ਨਾਲ ਜੋੜ ਰਹੀ ਹੈ। ਇਸ ਮੱਦ ਦੀ ਸ਼ਬਦਾਵਲੀ ਬਹੁਤ ਹੀ ਗੈਰ-ਸਿਧਾਂਤਕ ਜਾਪਦੀ ਹੈ, ਸੋ ਬਦਲਣ ਯੋਗ ਹੈ।
(ਅ) ‘ਜਨਮ ਅਤੇ ਨਾਮ ਸੰਸਕਾਰ’ ਸਿਰਲੇਖ ਹੇਠ ਹੀ ਭਾਗ (ੳ) ਵਿਚ ਹੀ ਨਾਮ ਰਖਣ ਬਾਰੇ ਦਰਜ ਹੈ :
‘‘ਵਾਕ ਦੇ ਆਰੰਭ ਦੇ ਸ਼ਬਦ ਦਾ ਜੋ ਪਹਿਲਾ ਅੱਖਰ ਹੋਵੇ ਉਸ ਤੋਂ ਗ੍ਰੰਥੀ ਸਿੰਘ ਬੱਚੇ ਦਾ ਨਾਮ ਤਜ਼ਵੀਜ਼ ਕਰੇ ਅਤੇ ਸੰਗਤ ਦੀ ਪ੍ਰਵਾਨਗੀ ਲੈ ਕੇ ਨਾਮ ਪ੍ਰਗਟ ਕਰੇ।’’
ਵਿਚਾਰ : ਨਾ ਜਾਣੇ ਕਿਉਂ ਅਸੀਂ ਗੁਰਬਾਣੀ ਨੂੰ ਬ੍ਰਾਹਮਣਵਾਦੀ ਰੰਗਤ ਦੇਣ ਲਈ ਤੱਤਪਰ ਹਾਂ। ਸਾਨੂੰ ਲੋੜ ਸੀ ਗੁਰਬਾਣੀ ਨੂੰ ਸਮਝਣ ਅਤੇ ਵਿਚਾਰਨ ਦੀ, ਅਸੀਂ ਉਹ ਤਾਂ ਨਹੀਂ ਕਰ ਸਕੇ। ਬਸ ਬਾਣੀ ਨੂੰ ਮੰਤਰ ਬਣਾ ਕੇ ਕਰਮਕਾਂਡ ਵਾਂਗ ਵਰਤਣਾ ਸ਼ੁਰੂ ਕਰ ਲਿਆ ਹੈ। ਬ੍ਰਾਹਮਣੀ ਸਮਾਜ ਵਿਚ ਬੱਚੇ ਦੇ ਜਨਮ ‘ਤੇ ਬ੍ਰਾਹਮਣ, ‘ਕੁੰਡਲੀ’ ਆਦਿ ਬਣਾ ਕੇ ਬੱਚੇ ਦੇ ਨਾਂ ਦਾ ਅੱਖਰ ਤਜ਼ਵੀਜ਼ ਕਰਦਾ ਹੈ, ਇਹ ਤਾਂ ਬ੍ਰਾਹਮਣੀ ਮੱਤ ਹੈ। ਸਿੱਖਾਂ ਨੇ ਵੀ ਬ੍ਰਾਹਮਣੀ ਅਸਰ ਕਬੂਲਦੇ ਹੋਏ (ਨਕਲ ਕਰਦੇ ਹੋਏ) ਬ੍ਰਾਹਮਣ ਦੀ ਥਾਂ ਭਾਈ, ਗ੍ਰੰਥੀ ਬਿਠਾ ਲਏ ਹਨ ਅਤੇ ਬ੍ਰਾਹਮਣੀ ਮੰਤਰਾਂ ਦੀ ਤਰ੍ਹਾਂ ‘ਗੁਰਬਾਣੀ’ ਨੂੰ ਵਰਤਣਾ ਸ਼ੁਰੂ ਕਰ ਲਿਆ ਹੈ। ਨਾਮ ਤਾਂ ਸਿਰਫ ਪਹਿਚਾਣ ਦਾ ਇੱਕ ਸਾਧਨ ਹੈ, ਪਰ ਨਾਮ ਵਾਲੇ ਗੁਣ ਸਿਰਫ ਚੰਗਾ ਨਾਮ ਰੱਖਣ ਨਾਲ ਨਹੀਂ ਆ ਜਾਂਦੇ। ਕੋਈ ਵੀ ਚੰਗਾ ਲਗਦਾ ਨਾਮ ਰੱਖਿਆ ਜਾਵੇ, ਚੰਗੀ ਗੱਲ ਹੈ, ਪਰ ਉਸ ਨਾਲ ਬਾਣੀ ਦੇ ਅੱਖਰ (ਹੁਕਮਨਾਮੇ) ਨੂੰ ਜੋੜਨਾ ਬ੍ਰਾਹਮਣਵਾਦੀ ਨਕਲ ਹੀ ਜਾਪਦੀ ਹੈ। ਜੇ ਅਸੀਂ ਸੱਚੇ ਸਿੱਖ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਗੁਰਬਾਣੀ ਦੀ ਹਰ ਤਰ੍ਹਾਂ ਦੀ ਕਰਮਕਾਂਡੀ ਵਰਤੋਂ ਛੱਡ ਕੇ ਉਸ ਦੇ ਸਮਝਣ, ਵਿਚਾਰਨ ਦੀ ਇੱਕ ਲਹਿਰ ਚਲਾਉਣੀ ਪਵੇਗੀ। ਅੱਛਾ ਇਹੀ ਹੋਵੇਗਾ ਕਿ ਬੱਚੇ ਦਾ ਘਰ ਵਾਲੇ ਮਨ-ਭਾਂਉਂਦਾ ਨਾਮ ਰੱਖ ਲੈਣ। ਬੱਸ ਕੌਮੀ ਪਹਿਚਾਣ ਵੱਜੋਂ ਲੜਕੇ ਦੇ ਨਾਮ ਦੇ ਪਿੱਛੇ ‘ਸਿੰਘ’ ਅਤੇ ਲੜਕੀ ਦੇ ਨਾਮ ਪਿੱਛੇ ‘ਕੌਰ’ ਜੋੜ ਲਿਆ ਜਾ ਸਕਦਾ ਹੈ।
(15) (ੳ) ਸਿੱਖ ਰਹਿਤ ਮਰਿਆਦਾ ਦੇ ਪੰਨਾ 22 ੳੁੱਪਰ ‘ਅਨੰਦ ਸੰਸਕਾਰ’ ਸਿਰਲੇਖ ਹੇਠ ਭਾਗ (ਅ) ਵਿਚ ਸਰਜ ਹੈ :
‘‘ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੋਵੇ।’’
ਵਿਚਾਰ : ਕੀ ਸਿੱਖ ਦੇ ਪੁੱਤਰ ਦਾ ਵਿਆਹ ਕਿਸੇ ਗੈਰ-ਸਿੱਖ ਲੜਕੀ ਨਾਲ ਕਰਨਾ ਵਾਜਿਬ ਹੈ? ਇਹ ਇੱਕਤਰਫਾ ਅਤੇ ਵਿਤਕਰੇ ਵਾਲੀ ਗੱਲ ਹੈ। ਇਸ ਮੱਦ ਪਿੱਛੇ ਕੀ ਕਾਰਨ ਹੋ ਸਕਦੇ ਹਨ? ਸਿੱਖ ਦਾ ਵਿਆਹ ਸਿੱਖ ਨਾਲ ਕਰਨ ਪਿੱਛੇ ਇਹ ਕਾਰਨ ਹੈ ਕਿ ਜੇ ਦੋਨਾਂ ਦੇ ਵਿਚਾਰ, ਸੰਸਕਾਰ ਮਿਲਦੇ ਹੋਣ ਤਾਂ ਜੀਵਨ (ਕਾਫੀ ਹੱਦ ਤੱਕ ਕਲੇਸ਼ ਰਹਿਤ) ਸੁਖਾਲਾ ਹੋ ਜਾਂਦਾ ਹੈ। ਨਹੀਂ ਤਾਂ ਵਿਚਾਰਾਂ ਦੇ ਮਤਭੇਦਾਂ ਕਾਰਨ ਹੀ ਗ੍ਰਹਿਸਤੀ ਵਿਚ ਕਲੇਸ਼ ਪਿਆ ਰਹਿੰਦਾ ਹੈ। ਇਸ ਮੱਦ ਨੂੰ ਬਦਲ ਕੇ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ:
‘‘ਸਿੱਖ ਦਾ ਵਿਆਹ ਸਿੱਖ ਨਾਲ ਹੀ ਹੋਵੇ।’’
(ਅ) ‘ਅਨੰਦ ਸੰਸਕਾਰ’ ਦੇ ਭਾਗ (ਕ) ਵਿਚ ਦਰਜ ਹੈ :
‘‘ਅਨੰਦ ਤੋਂ ਪਹਿਲਾਂ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ, ਪਰ ਜੇ ਕਰਨੀ ਹੋਵੇ ਤਾਂ …’’
ਵਿਚਾਰ : ਇਹ ਭੰਬਲਭੂਸਾ ਕਿਉਂ ?ਦੋਹਾਂ ਬੇੜ੍ਹੀਆਂ ਵਿਚ ਪੈਰ ਕਿਉਂ? ਜੇ ਗੁਰਮਤਿ ਅਨੁਸਾਰ ਕੁੜਮਾਈ ਦੀ ਰਸਮ ਠੀਕ ਲਗਦੀ ਹੈ ਤਾਂ ਕਰਨੀ ਚਾਹੀਦੀ ਹੈ। ਜੇ ਇਹ ਗੁਰਮਤਿ ਅਨੁਸਾਰ ਨਹੀਂ ਹੈ ਤਾਂ ਇਸ ਨੂੰ ਤਿਆਗਣ ਦੀ ਹਿਦਾਇਤ ਕੀਤੀ ਜਾ ਸਕਦੀ ਹੈ। ‘ਰਾਗਮਾਲਾ’ ਵਾਂਗ ਇੱਥੇ ਵੀ ਦੁਵਿਧਾ ਵਾਲਾ ਵਿਚਾਰ ਨਹੀਂ ਹੋਣਾ ਚਾਹੀਦਾ।
ਗੁਰਮਤਿ ਅਨੁਸਾਰ ਕੁੜਮਾਈ ਦੀ ਰਸਮ ਠੀਕ ਨਹੀਂ ਲਗਦੀ। ਅਨੰਦ ਕਾਰਜ ਤੋਂ ਪਹਿਲਾਂ ਦੋਹਾਂ ਧਿਰਾਂ ਦੇ ਰਿਸ਼ਤੇਦਾਰ ਤਾਂ ਆਪਸ ਵਿਚ ਜਾਣ ਪਹਿਚਾਣ ਵਧਾਉਣ ਲਈ ਹੀ ਮਿਲਦੇ ਹਨ। ਇਸ ਵਿਚ ਕੋਈ ਹਰਜ਼ ਨਹੀਂ ਪਰ ਇਸ ਨੂੰ ਕਿਸੇ ਰਸਮ ਦਾ ਨਾਂ ਦੇ ਕੇ, ਲੈਣ-ਦੇਣ ਦਾ (ਭਾਵੇਂ ਕੁੱਝ ਵੀ ਕਿਉਂ ਨਾ ਹੋਵੇ) ਵਿਖਾਵਾ ਕਰਨਾ ਗੁਰਮਤਿ ਅਨੁਸਾਰ ਠੀਕ ਨਹੀਂ ਲਗਦਾ। ਵੈਸੇ ਵੀ ਕ੍ਰਿਪਾਨ, ਕੜਾ, ਮਿੱਠਾ ਆਦਿ ਲੜਕੇ ਦੇ ਪੱਲੇ ਵਿਚ ਹੀ ਕਿਉਂ ਪਾਇਆ ਜਾਵੇ, ਲੜਕੀ ਦੇ ਪੱਲੇ ਵਿਚ ਕਿਉਂ ਨਹੀਂ ਪਾਇਆ ਜਾ ਸਕਦਾ? ਇਹ ਲਿੰਗ ਵਿਤਕਰੇ ਵਾਲੀ ਗੱਲ ਜਾਪਦੀ ਹੈ। ਇਸ ਲਈ ਮੱਦ ਗੁਰਮਤਿ ਅਨੁਸਾਰ ਨਹੀਂ ਲਗਦੀ। ਬਲਕਿ ਇਸ ਮੱਦ ਵਿਚ ਇਹ ਸਪਸ਼ਟ ਹਿਦਾਇਤ ਲਿਖੀ ਜਾ ਸਕਦੀ ਹੈ ਕਿ:
‘‘ਅਨੰਦ ਕਾਰਜ ਤੋਂ ਪਹਿਲਾਂ ਕਿਸੇ ਵੀ ਰਸਮ ਦੀ ਲੋੜ ਨਹੀਂ (ਸਮੇਤ ਕੁੜਮਾਈ ਦੇ), ਅਨੰਦ ਕਾਰਜ ਦੀ ਪੂਰੀ ਪ੍ਰਕਿਰਿਆ ਦੌਰਾਨ ਕੁੱਝ ਵੀ ਲੈਣ-ਦੇਣ ਨਾ ਕੀਤਾ ਜਾਵੇ। ਜੇ ਅਨੰਦ ਕਾਰਜ ਦੌਰਾਨ ਕੁੱਝ ਖਰਚਾ ਹੁੰਦਾ ਵੀ ਹੈ ਤਾਂ ਦੋਵੇਂ ਧਿਰਾਂ ਮਿਲ ਕੇ ਕਰਨ। ਅਨੰਦ ਕਾਰਜ ਵੱਧ ਤੋਂ ਵੱਧ ਸਾਦਾ ਅਤੇ ਘੱਟ ਤੋਂ ਘੱਟ ਖਰਚੀਲਾ ਹੋਵੇ।’’
ਤਾਂ ਹੀ ਅਸੀਂ ਆਦਰਸ਼ ਸਮਾਜ (ਬੇਗਮਪੁਰਾ) ਦੀ ਸਥਾਪਨਾ ਵੱਲ ਅੱਗੇ ਵੱਧ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਬੇਟੀਆਂ ਨੂੰ ਮਾਪੇ ਬੋਝ ਨਹੀਂ ਸਮਝਣਗੇ। ਇਹੋ ਜਿਹੀਆਂ ਦੁਬਿਧਾਪੂਰਨ ਲੱਗਦੀਆਂ ਮੱਦਾਂ ਸਿੱਖ ਰਹਿਤ ਮਰਿਆਦਾ ਦੇ ਗੁਰਮਤਿ ਅਨੁਸਾਰੀ ਸਰੂਪ ਨੂੰ ਕਮਜ਼ੋਰ ਕਰ ਰਹੀਆਂ ਹਨ ਅਤੇ ਇਸ ਤਰ੍ਹਾਂ ਦੀਆਂ ਮੱਦਾਂ ਨਾਲ ਇਹ ਵੀ ਸਪਸ਼ਟ ਸੰਕੇਤ ਮਿਲਦਾ ਹੈ ਕਿ ਸਿੱਖ ਰਹਿਤ ਮਰਿਆਦਾ ਬਣਾਉਣ ਸਮੇਂ ਸਿਧਾਂਤਕ ਦ੍ਰਿਦ੍ਰੜਤਾ ਦੀ ਥਾਂ ਸਮਝੋਤਾਵਾਦੀ ਅਤੇ ਸੰਤੁਸ਼ਟੀ ਕਰਨ ਦੀ ਨੀਤੀ ਨੂੰ ਹੀ ਸਾਹਮਣੇ ਰੱਖਿਆ ਗਿਆ ਹੈ।
(ੲ) ‘ਅਨੰਦ ਸੰਸਕਾਰ’ ਸਿਰਲੇਖ ਹੇਠ ਹੀ ਪੰਨਾ 23 ੳੁੱਪਰ ਭਾਗ (ਸ) ਵਿਚ ਦਰਜ ਹੈ :
‘‘ਲੜਕੀ ਲੜਕੇ ਦੇ ਖੱਬੇ ਪਾਸੇ ਬੈਠੇ’’
ਵਿਚਾਰ : ਇੱਥੇ ਵੀ ਸੱਜੇ-ਖੱਬੇ ਦਾ ਗੁਰਮਤਿ ਵਿਰੋਧੀ ਭਰਮ ਨਹੀਂ ਹੋਣਾ ਚਾਹੀਦਾ। ਕਿਉਂ ਅਸੀਂ ਹਰ ਚੀਜ਼ ਨੂੰ ਕਰਮਕਾਂਡ ਬਣਾਉਣ ਲਈ ਉਤਾਵਲੇ ਹਾਂ। ਲੜਕੇ ਨੂੰ ਸੱਜੇ ਪਾਸੇ ਬਿਠਾਉਣਾ, ਸਪਸ਼ਟ ਲਿੰਗ ਵਿਤਕਰੇ ਦਾ ਹੀ ਸੰਕੇਤ ਮਿਲਦਾ ਹੈ। ਕਿਉਂਕਿ ਸਿੱਖਾਂ ਦੇ ਜ਼ਿਆਦਾਤਰ ਪ੍ਰਚਾਰਕ ਸੱਜੇ ਪਾਸੇ ਨੂੰ ਪਵਿੱਤਰ ਮੰਨਦੇ ਹਨ (ਭਾਵੇਂ ਗੁਰਮਤਿ ਐਸਾ ਕੋਈ ਸਿਧਾਂਤ ਨਹੀਂ ਬਖਸ਼ਦੀ) ਉਦਾਹਰਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਰਮਾ ਵਾਸਤੇ ਵੀ ਪ੍ਰਚਾਰਿਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸੱਜੇ ਪਾਸੇ ਵੱਲ ਰੱਖ ਕੇ ਪ੍ਰਕਰਮਾ ਕਰਨੀ ਚਾਹੀਦੀ ਹੈ (ਵੈਸੇ ਪ੍ਰਕਰਮਾ ਦਾ ਸਿਧਾਂਤ ਹੀ ਬ੍ਰਾਹਮਣਵਾਦ ਦੀ ਹੀ ਦੇਣ ਹੈ)। ਸਪਸ਼ਟ ਹੈ ਕਿ ਲੜਕੀ ਨੂੰ ਖੱਬੇ ਪਾਸੇ ਬਿਠਾ ਕੇ ਸਿੱਖ (ਆਪਣੀ ਸੋਚ ਅਨੁਸਾਰ) ਉਸ ਨੂੰ ਨੀਵਾਂ ਦਰਸਾਉਣ ਦੀ (ਅਨਜਾਣੇ ਹੀ) ਭੁੱਲ ਕਰ ਰਹੇ ਜਾਪਦੇ ਹਨ। ਜੋ ਕਿ ਗੁਰਮਤਿ ਸਿਧਾਂਤਾਂ ਦੀ ਸਪਸ਼ਟ ਉਲੰਘਣਾ ਹੈ। ਗੁਰਮਤਿ ਸੱਜੇ-ਖੱਬੇ ਦਾ ਭਰਮ ਨਹੀਂ ਪਾਉਂਦੀ। ਇਸ ਲਈ ਜ਼ਰੂਰੀ ਹੈ ਕਿ ਇੱਥੇ ਸ਼ਬਦਾਵਲੀ ਬਦਲ ਕੇ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ :
‘‘ਅਨੰਦ ਕਾਰਜ (ਅਨੰਦ ਵਿਆਹ) ਸ਼ੁਰੂ ਹੋਣ ਵੇਲੇ ਲੜਕਾ ਲੜਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਾਲ-ਨਾਲ ਬੈਠ ਜਾਣ।’’
(ਸ) ‘ਅਨੰਦ ਸੰਸਕਾਰ’ ਸਿਰਲੇਖ ਹੇਠ ਹੀ ਪੰਨਾ 24 ਉੱਪਰ ਭਾਗ (ਸ) ਵਿਚ ਹੀ ਲਿਖਿਆ ਹੈ ਕਿ :
‘‘ਫਿਰ ਲੜਕੀ ਦਾ ਪਿਤਾ ਜਾਂ ਮੁਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ’’
ਵਿਚਾਰ : ਇਸੇ ਪਿਰਤ ਵੱਜੋਂ ਪੱਲਾ ਫੜਾਉਣ ਦੀ ਰਸਮ, ਦੀ ਵੀ ਕੋਈ ਲੋੜ ਨਹੀਂ ਭਾਸਦੀ। ਇਹ ਪੁਰਾਣੇ ਜ਼ਮਾਨੇ ਦੀਆਂ ਰੂੜੀਵਾਦੀ ਅਤੇ ਬ੍ਰਾਹਮਣਵਾਦੀ ਰੀਤਾਂ ਹਨ। ਸੋ ਇਹ ਵੀ ਤਿਆਗਣਯੋਗ ਹਨ। ਪੱਲਾ ਫੜਾਉਂਦੇ ਹੀ ਗੁਰਮਤਿ ਤੋਂ ਅਨਜਾਣ ਰਾਗੀ ‘ਪੱਲੇ ਤੈਂਡੇ ਲਾਗੀ’ ਵਾਲਾ ਸ਼ਬਦ ਪੜ੍ਹ ਕੇ, ਇਸ ਸ਼ਬਦ ਦੇ ਭਾਵ ਅਰਥ ਨੂੰ ਹੀ ਬਦਲ ਕੇ ਰੱਖ ਦਿੰਦੇ ਹਨ।
(ਹ) ‘ਅਨੰਦ ਸੰਸਕਾਰ’ ਦੇ ਸਿਰਲੇਖ ਹੇਠ ਹੀ ਪੰਨਾ 24 ਉੱਪਰ ਭਾਗ (ਸ) ਵਿਚ ਹੀ ਦਰਜ ਹੈ :
‘‘ਹਰੇਕ ਲਾਂਵ ਦੇ ਪਾਠ ਮਗਰੋਂ ਅੱਗੇ ਵਰ ਅਤੇ ਪਿੱਛੇ ਕੰਨਿਆ, ਵਰ ਦਾ ਪੱਲਾ ਫੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕਰਨ।’’
ਵਿਚਾਰ : ਮੌਜੂਦਾ ਅਨੰਦ ਕਾਰਜ ਦਾ ਜ਼ਿਆਦਾ ਸਿਸਟਮ ਨਿਰੰਕਾਰੀ ਲਹਿਰ ਦੇ ਮੁੱਖੀ ‘ਬਾਬਾ ਦਿਆਲ ਜੀ’ ਦਾ ਸ਼ੁਰੂ ਕੀਤਾ ਹੋਇਆ ਹੈ। ਉਸ ਸਮੇਂ ਤੱਕ ਸਿੱਖ ਬ੍ਰਾਹਮਣਵਾਦੀਆਂ, ਪੁਜਾਰੀਆਂ ਦੇ ਪ੍ਰਭਾਵ ਹੇਠ ਪੱਕੇ ਬ੍ਰਾਹਮਣਵਾਦੀ ਬਣ ਚੁੱਕੇ ਸਨ। ਉਨ੍ਹਾਂ ਦਾ ਵਿਆਹ ਵੀ ‘ਵੇਦੀ’ (ਅੱਗ) ਦੇ ਫੇਰੇ ਲੈ ਕੇ ਹੁੰਦਾ ਸੀ। ਇਸ ਬ੍ਰਾਹਮਣਵਾਦੀ ਮਨਮੱਤ ਤੋਂ ਛੁਟਕਾਰਾ ਪਾਉਣ ਦੀ ਚੰਗੀ ਭਾਵਨਾ ਅਧੀਨ ਹੀ ਬਾਬਾ ਦਿਆਲ ਜੀ ਨੇ ਮੌਜੂਦਾ ਅਨੰਦ ਕਾਰਜ ਸਿਸਟਮ ਦੀ ਸ਼ੁਰੂਆਤ ਕੀਤੀ। ਉਸ ਸਮੇਂ ਦੇ ਸਿੱਖ ਸਮਾਜ ਵਿਚ ਬ੍ਰਾਹਮਣਵਾਦ ਇੰਨਾਂ ਭਾਰੂ ਸੀ ਕਿ ਬਾਬਾ ਦਿਆਲ ਜੀ ਨੇ ਰੱਖਿਆਤਮਕ ਪੈਂਤੜਾ ਧਾਰਨ ਕਰ ਕੇ ‘ਅਨੰਦ ਵਿਆਹ’ ਦਾ ਸਿਸਟਮ ਸ਼ੁਰੂ ਕੀਤਾ ਸੀ। ਵੇਦੀ ਦੇ ਫੇਰਿਆਂ ਦੀ ਤਰਜ਼ ‘ਤੇ ਹੀ ਲਾਵਾਂ (ਫੇਰੇ) ਚਾਲੂ ਰੱਖੇ ਗਏ। ਫੇਰਿਆ ਵਿਚ ਪੜ੍ਹੇ ਜਾਂਦੇ ਮੰਤਰਾਂ ਦੀ ਥਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਲਾਵਾਂ ਲੈ ਲਈਆਂ ਗਈਆਂ। ਕਿਉਂਕਿ ਲਾਵਾਂ ਲਫਜ਼ ਆਮ ਤੌਰ ਤੇ ਸਮਾਜਿਕ ਵਿਆਹ ਨਾਲ ਸਬੰਧਤ ਹੁੰਦਾ ਸੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਾਵਾਂ ਦੇ ਸ਼ਬਦਾਂ ਦੀ ਗਿਣਤੀ ਚਾਰ ਹੈ, ਇਸ ਕਰ ਕੇ ਲਾਵਾਂ ਫੇਰਿਆਂ ਜਾਂ ਪ੍ਰਕਰਮਾਂ ਦੀ ਗਿਣਤੀ ਵੀ ਚਾਰ ਰੱਖ ਦਿੱਤੀ ਗਈ।
ਪਰ ਸਿੱਖਾਂ ਨੇ ਗੁਰਬਾਣੀ ਦੇ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਬਹੁਤ ਘੱਟ ਕੀਤੀ ਹੈ। ਗੁਰਬਾਣੀ ਦੇ ਰਚਣਹਾਰਿਆ ਨੇ ਆਮ ਲੋਕਾਈ ਨੂੰ ਸਮਝਾਉਣ ਖਾਤਰ ਦੁਨੀਆਵੀ ਬਿੰਬਾਂ (ਉਦਾਹਰਣਾਂ) ਦੀ ਅਤੇ ਕਾਵਿ ਰੂਪਾਂ ਦੀ ਵਰਤੋਂ ਕੀਤੀ । ਉਹ ਬਿੰਬ ਜਾਂ ਕਾਵਿ ਰੂਪ ਸਿਰਫ ਗੱਲ ਸਮਝਾਉਣ ਦੀ ਖਾਤਰ ਵਰਤੇ ਗਏ ਕਿਉਂਕਿ ਉਸ ਨਾਲ ਆਮ ਆਦਮੀ ਜਲਦੀ ਸਮਝਦਾ ਸੀ। ਉਦਾਹਰਣ ਲਈ ਕਿਸਾਨੀ (ਫਸਲ) ਦਾ ਬਿੰਬ ਵਰਤਿਆ, ਸ਼ਰਾਬ ਬਣਾਉਣ ਦਾ ਬਿੰਬ ਵਰਤਿਆ, ਕੱਪੜਾ ਬੁਨਣ ਦਾ ਬਿੰਬ ਵਰਤਿਆ ਆਦਿ। ਇਸੇ ਤਰ੍ਹਾਂ ਪ੍ਰਚਲਿਤ ਕਾਵਿ-ਰੂਪ ਬਾਰਹਮਾਹ, ਪੱਟੀ, ਸਪਤਹਾਰੇ, ਆਦਿ ਵਰਤੇ ਗਏ। ਮਕਸਦ ਸਿਰਫ ਗੱਲ ਸਮਝਾਉਣ ਦਾ ਹੀ ਸੀ ਨਾ ਕਿ ਉਨ੍ਹਾਂ ਬਿੰਬਾਂ ਨੂੰ ਪ੍ਰਮਾਣਿਕ ਜਾਂ ਅਪ੍ਰਮਾਣਿਕ ਸਿੱਧ ਕਰਨ ਦਾ। ਪਰ ਬ੍ਰਾਹਮਣਵਾਦ ਦੇ ਪ੍ਰਭਾਵ ਹੇਠ ਆਉਣ ਕਰਕੇ ਸਿੱਖਾਂ ਨੇ ਉਨ੍ਹਾਂ ਵਿਚੋਂ ਕੁੱਝ ਬਿੰਬਾਂ ਅਤੇ ਕਾਵਿ ਰੂਪਾਂ ਨੂੰ ਗਲਤ ਵਰਤਣਾ ਸ਼ੁਰੂ ਕਰ ਦਿੱਤਾ। ‘ਸੰਗਰਾਂਦ’ ਇਸੇ ਦੀ ਹੀ ਇੱਕ ਉਦਾਹਰਣ ਹੈ। ਉਸ ਦਿਨ ਨੂੰ ਪ੍ਰਚਲਿਤ ਮਹੀਨੇ ਨਾਲ ਜੋੜ ਕੇ ਲਗਭਗ ਸਾਰੇ ਗੁਰਦੁਆਰਿਆਂ ਵਿਚ ‘ਬਾਰਹਮਾਹ’ ਵਿਚੋਂ ਉਸ ਮਹੀਨੇ ਵਾਲੇ ਸ਼ਬਦ ਦਾ ਪਾਠ ਕੀਤਾ ਜਾਂਦਾ ਹੈ। ਉਸ ਸ਼ਬਦ ਵਿਚ ਕੀ ਸੁਨੇਹਾ ਹੈ ਕਿਸੇ ਨੂੰ ਕੋਈ ਮਤਲਬ ਨਹੀਂ, ਬਸ ਸਿਰਫ ਕਰਮ-ਕਾਂਡ ਵਾਂਗੂ ‘ਮਹੀਨਾ’ ਸੁਣਨਾ ਹੁੰਦਾ ਹੈ। ਜੇ ਇਸ ਤਰ੍ਹਾਂ ਹੈ ਤਾਂ ‘ਸਪਤਹਾਰੇ’ ਦੇ ਆਧਾਰ ‘ਤੇ ਸੋਮਵਾਰ, ਮੰਗਲਵਾਰ, ਆਦਿ ਦਿਨ ਵੀ ਉਹ ਸ਼ਬਦ ਪੜ੍ਹਨੇ ਚਾਹੀਦੇ ਸੀ। ਪਰ ਉਸ ਵਾਸਤੇ ਰੋਜ਼ ਗੁਰਦੁਆਰੇ ਜਾਣਾ ਪੈਣਾ ਸੀ। ਇੰਨੀ ਮਿਹਨਤ (ਭਾਵੇਂ ਕਰਮ-ਕਾਂਡ ਬਣਾ ਕੇ ਹੀ ਸਹੀ) ਮੁਸ਼ਕਿਲ ਸੀ।
ਇਸੇ ਤਰਜ਼ ਉ¤ਪਰ ਬਾਣੀ ਰਚਣਹਾਰਾਂ ਨੇ ਦੁਨੀਆਵੀ ਰਸਮਾਂ ਕੁੜਮਾਈ, ਲਾਵਾਂ, ਘੋੜੀਆਂ ਆਦਿ ਦਾ ਬਿੰਬ
ਵਰਤ ਕੇ ਸੱਚ ਦਾ ਸੁਨੇਹਾ ਬਖਸ਼ਿਆ ਹੈ ਪਰ ਅਸੀਂ (ਬ੍ਰਾਹਮਣਵਾਦੀ ਪ੍ਰਭਾਵ ਹੇਠ) ਉਨ੍ਹਾਂ ਵਿਚੋਂ ਕੁੱਝ
ਨੂੰ ਫਿਰ ਦੁਨੀਆਵੀ ਰਸਮਾਂ ਨਾਲ ਜੋੜ ਲਿਆ ਹੈ। ਲਾਵਾਂ ਦੇ ਸ਼ਬਦਾਂ ਦੀ ਵਰਤੋਂ ਇਸੇ ਤਰ੍ਹਾਂ ਦੀ ਇੱਕ
ਭੁੱਲ ਹੀ ਜਾਪਦੀ ਹੈ (ਭਾਵੇਂ ਭਾਵਨਾ ਚੰਗੀ ਨਾਲ ਹੀ ਕੀਤੀ ਗਈ ਹੋਵੇ)।
ਉ¤ਪਰ ਅਤੇ ਪਹਿਲਾਂ ਵਿਚਾਰੇ ਅਨੁਸਾਰ ਸਪਸ਼ਟ ਹੈ ਕਿ ਪ੍ਰਕਰਮਾਂ ਜਾਂ ਲਾਵਾਂ ਆਦਿ ਬ੍ਰਾਹਮਣਵਾਦੀ
ਸਿਧਾਂਤ ਹਨ, ਗਰਿਮਤਿ ਸਿਧਾਂਤ ਨਹੀਂ। ਗੁਰਮਤਿ ਤਾਂ ਸਿਰਫ ‘ਗੁਰੂ’ ਦੀ ਮੱਤ ਲੈਣ ਦੀ ਗੱਲ ਕਰਦੀ ਹੈ।
ਪ੍ਰਕਰਮਾਂ ਆਦਿ ਹੋਰ ਕਿਸੇ ਤਰ੍ਹਾਂ ਦਾ ਕਰਮਕਾਂਡ ਨਹੀਂ ਦਸਦੀ। ਦੂਜੀ ਤਰਫ ਲਾਵਾਂ ਵਾਲੇ ਸ਼ਬਦ ਵੀ
ਦੁਨੀਆਵੀ ਰਸਮ ਲਈ ਵਰਤਣੇ ਅਯੋਗ ਹਨ।
ਇਸ ਕਰਕੇ ਇਸ ਮੱਦ ਵਿੱਚ ਫੇਰ-ਬਦਲ ਕਰਕੇ ਕੁੱਝ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ :
‘‘ਅਨੰਦ ਕਾਰਜ ਵੇਲੇ ਲੜਕਾ ਅਤੇ ਲੜਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬੈਠ ਜਾਣ। ਇੱਕ ਗੁਰਸਿੱਖ ਵਿਦਵਾਨ ਉਨ੍ਹਾਂ ਨੂੰ ਚੰਗੇ ਗ੍ਰਹਿਸਥੀ ਜੀਵਨ ਵਾਲੇ ਉਪਦੇਸ਼ ਦੱਸੇ, ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਪ੍ਰਵਾਨ ਕਰਨ ਦੀ ਸਹਿਮਤੀ ਦੇ ਤੌਰ ‘ਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਵਾਪਿਸ ਬੈਠ ਜਾਣ। ਇਸ ਸਮੇਂ ਗੁਰਮਤਿ ਵਿਚਾਰਾਂ ਅਤੇ (ਗੁਰਮਤਿ ਅਨੁਸਾਰੀ) ਕੀਰਤਨ ਵੀ ਕੀਤਾ ਜਾ ਸਕਦਾ ਹੈ (ਉਪਲਭਧ ਸਮੇਂ ਦੇ ਹਿਸਾਬ ਨਾਲ)। ਉਸ ਤੋਂ ਬਆਦ ਅਨੰਦ ਕਾਰਜ ਸੰਪੂਰਨ ਹੋਣ ਦੀ (ਗੁਰਮਤਿ ਅਨੁਸਾਰੀ, ਪ੍ਰਚਲਿਤ ਨਹੀਂ) ਅਰਦਾਸ ਕੀਤੀ ਜਾਵੇ ਅਤੇ ਹੁਕਮਨਾਮਾ ਲਿਆ/ਵਿਚਾਰਿਆ ਜਾਵੇ। ਫਿਰ ਕੜਾਹ ਪ੍ਰਸ਼ਾਦਿ ਜਾਂ ਲੰਗਰ (ਜੋ ਵੀ ਪ੍ਰਬੰਧ ਹੋਵੇ) ਵਰਤਾਇਆ ਜਾਵੇ।’’
ਲੜਕਾ ਲੜਕੀ ਨੂੰ ਗ੍ਰਹਿਸਥੀ ਸਮਝਾਉਣ ਲਈ ਇੱਕ ਸ਼ਬਦਾਵਲੀ ਨਿਯਤ ਕੀਤੀ ਜਾ ਸਕਦੀ ਹੈ। ਪ੍ਰਚਲਿਤ ਮਰਿਆਦਾ ਵਿਚ ਦਿੱਤੀ ਸ਼ਬਦਾਵਲੀ ਵੀ ਠੀਕ ਹੈ। ਇਸ ਤਰੀਕੇ ਨਾਲ ਲਾਵਾਂ ਵੇਲੇ ਲੜਕੀ ਪਿੱਛੇ ਰੱਖਣ ਦੇ ਵਿਤਕਰੇ ਦੇ ਵਿਵਾਦ ਤੋਂ ਵੀ ਖਹਿੜਾ ਛੁਡਵਾਇਆ ਜਾ ਸਕਦਾ ਹੈ।
(ਕ) ‘ਅਨੰਦ ਸੰਸਕਾਰ’ ਸਿਰਲੇਖ ਹੇਠ ਭਾਗ (ਟ) ਵਿਚ ਦਰਜ ਹੈ :
‘‘ਆਮ ਹਾਲਤਾਂ ਵਿਚ ਸਿੱਖ ਨੂੰ ਇੱਕ ਇਸਤਰੀ ਦੇ ਹੁੰਦਿਆਂ ਦੂਜਾ ਵਿਆਹ ਨਹੀਂ ਕਰਨਾ ਚਾਹੀਦਾ’’
ਵਿਚਾਰ : ਇੱਥੇ ਫਿਰ ਇੱਕ ਤਰਫਾ ਵਿਚਾਰ ਦੇ ਕੇ ਵਿਤਕਰਾ ਕੀਤਾ ਜਾਪਦਾ ਹੈ। ਕੀ ਸਿੱਖ ਇਸਤਰੀ ਵਾਸਤੇ (ਆਮ ਜਾਂ ਖਾਸ) ਹਾਲਤਾਂ ਵਿਚ ਇੱਕ ਪਤੀ ਦੇ ਹੁੰਦਿਆਂ ਦੂਜਾ ਵਿਆਹ ਕਰਨ ਸਬੰਧੀ ਕੋਈ ਦਿਸ਼ਾ ਨਿਰਦੇਸ਼ ਨਹੀਂ ਹੈ? ਜਾਂ ਫਿਰ ਇਹ ਸੁਵਿਧਾ (ਖਾਸ ਹਾਲਤਾਂ ਵਾਲੀ) ਸਿਰਫ ਮਰਦ ਨੂੰ ਹੀ ਪ੍ਰਾਪਤ ਹੈ? ਇਸ ਨੂੰ ਇੱਕ ਤਰ੍ਹਾਂ ਨਾਲ ਵਿਤਕਰਾ ਹੀ ਕਿਹਾ ਜਾ ਸਕਦਾ ਹੈ। ਦੂਜੀ ਤਰਫ ਸਿੱਖ ਇਸਤਰੀਆਂ ਇਸ ਮੱਦ ਦਾ ਨਾਜ਼ਾਇਜ਼ ਫਾਇਦਾ ਉਠਾਉਂਦੇ ਹੋਏ ਇੱਕ ਤੋਂ ਜ਼ਿਆਦਾ ਵਿਆਹ ਵੀ ਕਰਵਾ ਸਕਦੀਆਂ ਹਨ ਕਿਉਂਕਿ ਉਨ੍ਹਾਂ ਲਈ (ਆਮ ਜਾਂ ਖਾਸ ਹਾਲਤਾਂ ਵਿਚ) ਕੋਈ ਬੰਦਿਸ਼ ਨਹੀਂ ਲਾਈ ਗਈ।
ਇਸ ਕਰਕੇ ਇਸ ਮੱਦ ਨੂੰ ਬਦਲ ਕੇ ਸਿਰਫ ਸਾਦੇ ਲਫਜ਼ਾਂ ਵਿਚ ਕੁੱਝ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ:
‘‘ਆਮ ਹਾਲਤਾਂ ਵਿਚ ਸਿੱਖ ਨੂੰ ਇੱਕ ਪਤੀ ਜਾਂ ਪਤਨੀ ਦੇ ਹੁੰਦੇ ਹੋਏ ਦੂਜਾ ਵਿਆਹ ਨਹੀਂ ਕਰਾਉਣਾ ਚਾਹੀਦਾ।’’
ਨਾਲ ਹੀ ਉਹ ਕੁੱਝ ‘ਖਾਸ’ ਹਾਲਤ ਵਿਚ ਵੀ ਨੋਟ ਦੇ ਕੇ ਦੱਸਿਆ ਜਾ ਸਕਦਾ ਹੈ ਜਿਸ ਵਿਚ ਇੱਕ ਪਤੀ ਜਾਂ ਪਤਨੀ ਦੇ ਹੁੰਦੇ ਹੋਏ ਦੂਜਾ ਵਿਆਹ ਕਰਵਾਇਆ ਜਾ ਸਕਦਾ ਹੈ।
(ਖ) ‘ਅਨੰਦ ਸੰਸਕਾਰ’ ਸਿਰਲੇਖ ਅਧੀਨ ਹੀ ਭਾਗ (ਠ) ਵਿਚ ਦਰਜ ਹੈ :
‘‘ਅੰਮ੍ਰਿਤਧਾਰੀ ਸਿੰਘ ਨੂੰ ਚਾਹੀਦਾ ਹੈ ਕਿ ਆਪਣੀ ਸਿੰਘਣੀ ਨੂੰ ਵੀ ਅੰਮ੍ਰਿਤ ਛਕਾ ਲਵੇ।’’
ਵਿਚਾਰ : ਇਸ ਮੱਦ ਵਿਚ ਕਈਂ ਨੁਕਤੇ ਵਿਚਾਰਨ ਯੋਗ ਹਨ।
1.ਦੁਬਾਰਾ ਫਿਰ ਇਸ ਤੋਂ ਪਹਿਲੇ ਭਾਗ ਵਾਂਗੂ ਹੀ ਇੱਕ ਤਰਫਾ ਅਤੇ ਅਧੂਰੀ ਗੱਲ ਕੀਤੀ ਗਈ ਜਾਪਦੀ ਹੈ। ਕੀ ਇਸ ਬਾਬਤ ਅੰਮ੍ਰਿਤਧਾਰੀ ਸਿੰਘਣੀ ਲਈ ਕੋਈ ਦਿਸ਼ਾ ਨਿਰਦੇਸ਼ ਨਹੀਂ ਹਨ? ਕਿਉਂ ਅਸੀਂ ਆਪਣੀ ਉਸ ‘ਮਰਦ ਪ੍ਰਧਾਨ ਸਮਾਜ’ ਵਾਲੀ ਗੁਰਮਤਿ ਵਿਰੋਧੀ ਸੋਚ ਤਿਆਗਣਾ ਨਹੀਂ ਚਾਹੁੰਦੇ? ਇੰਨਾਂ ਸਮਾਂ (ਮਿਸ਼ਨਰੀ ਕਾਲਜਾਂ ਅਨੁਸਾਰ ਲਗਭਗ 13 ਸਾਲ ਦਾ) ਅਤੇ ਇੰਨੇ ਹੀ ਚੰਗੇ ਵਿਦਵਾਨਾਂ ਦੀ ਅਣਥੱਕ ਘਾਲਣਾ ਦੇ ਬਾਵਜੂਦ ਵੀ ਛੋਟੀ ਜਿਹੀ (ਕਰੀਬ 30 ਪੰਨੇ) ਸਿੱਖ ਰਹਿਤ ਮਰਿਆਦਾ ਵਿਚ ਇੰਂਨਾਂ ਅਧੂਰਾਪਨ ਕਿਸ ਕਾਰਨ ਰਹਿ ਗਿਆ?
2. ਪਹਿਲੇ ਵਿਚਾਰੇ ਮੁਤਾਬਿਕ ਗੁਰਮਤਿ ਅਨੁਸਾਰ ‘ਅੰਮ੍ਰਿਤ’ ਸ਼ਬਦ ਸੱਚ ਦੇ ਗਿਆਨ (ਨਾਮ) ਲਈ ਹੀ ਰਾਖਵਾਂ ਹੈ। ‘ਖੰਡੇ ਦੀ ਪਾਹੁਲ’ ਲਈ ‘ਅੰਮ੍ਰਿਤ’ ਲਫਜ਼ ਗਲਤ ਪ੍ਰਚਲਿਤ ਹੋ ਗਿਆ ਹੈ। ਸੋ ਇੱਥੇ ਅੰਮ੍ਰਿਤਧਾਰੀ ਲਫਜ਼ ਬਦਲ ਕੇ ‘ਖੰਡੇ ਦਾ ਪਾਹੁਲਧਾਰੀ’ ਲਫਜ਼ ਵਰਤਿਆ ਜਾ ਸਕਦਾ ਹੈ।
3. ਇੱਕ ਤਰਫ ਤਾਂ ਅਸੀਂ ਇਹ ਪ੍ਰਚਾਰ ਕਰਦੇ ਹਾਂ ਕਿ ਹਰ ਸਿੱਖ ਲਈ ‘ਖੰਡੇ ਦੀ ਪਾਹੁਲ’ (ਗਲਤ ਪ੍ਰਚਲਿਤ ਨਾਂ ਅੰਮ੍ਰਿਤ) ਲੈਣੀ ਲਾਜ਼ਮੀ ਹੈ। ਭਾਵੇਂ ‘ਖੰਡੇ ਦੀ ਪਾਹੁਲ’ ਤੋਂ ਬਿਨਾਂ ‘ਸਿੱਖ’ ਨਹੀਂ ਹੋ ਸਕਦਾ। ਫਿਰ ਸਿੱਖਾਂ ਦਾ ‘ਅਨੰਦ ਕਾਰਜ’ ਹੋਣ ਦਾ ਸਪਸ਼ਟ ਮਤਲਬ ਇਹੀ ਹੈ ਕਿ ਉਹ ਪਹਿਲਾਂ ਹੀ (ਖੰਡੇ ਦੇ) ਪਾਹੁਲਧਾਰੀ ਹੋਣਗੇ। ਇਸ ਕਰਕੇ ਇਸ ਮੱਦ ਦੀ ਲੋੜ ਨਹੀਂ ਜਾਪਦੀ, ਸੋ ਤਿਆਗਣ ਯੋਗ ਹੈ।
(16) (ੳ) ਸਿੱਖ ਰਹਿਤ ਮਰਿਆਦਾ ਦੇ ਪੰਨਾ 25 ਉ¤ਪਰ ‘ਮਿਰਤਕ ਸੰਸਕਾਰ’ ਸਿਰਲੇਖ ਹੇਠ ਭਾਗ (ੳ) ਵਿਚ ਦਰਜ ਹੈ :
‘‘ਪ੍ਰਾਣੀ ਨੂੰ ਮਰਨ ਵੇਲੇ, ਜੇ ਮੰਜੇ ‘ਤੇ ਹੋਵੇ ਤਾਂ ਹੇਠ ਨਹੀਂ ਉਤਾਰਨਾ।’’
ਵਿਚਾਰ : ਇਹ ਕਿੰਨੀ ਗੈਰ-ਪ੍ਰੈਕਟੀਕਲ ਮੱਦ ਹੈ। ਕੀ ਮ੍ਰਿਤਕ ਨੂੰ ਮੰਜੇ ਦੇ ਨਾਲ ਹੀ ਸੰਸਕਾਰ ਕਰ ਸਕਦੇ ਹਾਂ? ਨਾਲ ਹੀ ਅੱਗੇ ਲਿਖਿਆ ਹੈ ਕਿ :
‘‘ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਵਾ ਕੇ ਸਵੱਛ ਬਸਤਰ ਪਹਿਨਾਏ ਜਾਣ’’
ਵਿਚਾਰ : ਕੀ ਮ੍ਰਿਤਕ ਨੂੰ ਮੰਜੇ ‘ਤੇ ਪਏ ਨੂੰ ਹੀ ਇਸ਼ਨਾਨ ਕਰਵਾ ਸਕਦੇ ਹਾਂ ? (ਕਿਉਂਕਿ ਮੱਦ ਇਹੀ ਹੈ ਕਿ ਮ੍ਰਿਤਕ ਨੂੰ ਮੰਜੇ ਤੋਂ ਹੇਠਾਂ ਨਹੀਂ ਉਤਾਰਨਾ)। ਪਹਿਲਾਂ ਤਾਂ ਮੰਜੇ ਬਾਣ ਵਾਲੇ ਅਤੇ ਸਸਤੇ ਹੁੰਦੇ ਸਨ। ਇਸ ਕਰਕੇ ਮੰਜੇ ਸਮੇਤ ਜਲਾਇਆ ਜਾ ਸਕਦਾ ਸੀ। ਗਰੀਬਾਂ ਵਾਸਤੇ ਤਾਂ ਉਹ ਵੀ ਮੁਸ਼ਕਿਲ ਸੀ। ਪਰ ਜੇ ਕੋਈ ਬੰਦਾ 15,000 ਤੋਂ 20,000 ਜਾਂ ਇਸ ਤੋਂ ਵੀ ਜ਼ਿਆਦਾ ਰੁਪਏ ਦੇ ਬੈੱਡ ‘ਤੇ ਲੇਟਿਆ ਮਰ ਜਾਵੇ ਤਾਂ ਕੀ ਇੰਨਾਂ ਮਹਿੰਗਾ ਬੈੱਡ ਵੀ ਮ੍ਰਿਤਕ ਦੇ ਨਾਲ ਹੀ ਜਲਾ ਸਕਦੇ ਹਾਂ ? ਇਹ ਮੱਦ ਬੜੀ ਅਸਪਸ਼ਟ ਅਤੇ ਗੈਰ-ਵਿਵਹਾਰਕ ਜਾਪਦੀ ਹੈ, ਸੋ ਤਿਆਗਣ ਯੋਗ ਹੈ।
(ਅ) ਮ੍ਰਿਤਕ ਸਰੀਰ ਬਾਰੇ ਸਿਧਾਂਤਕ ਸੋਝੀ ਦਿੰਦਾ ਗੁਰਵਾਕ ਹੈ:
ਜੇ ਮਿਰਤਕ ਕਉ ਚੰਦਨੁ ਚੜਾਵੈ॥
ਉਸ ਤੇ ਕਹਹੁ ਕਵਨ ਫਲ ਪਾਵੈ॥
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥
ਤਾਂ ਮਿਰਤਕ ਕਾ ਕਿਆ ਘਟਿ ਜਾਈ॥
(ਪੰਨਾ 1160)
ਭਾਵ: ਮਰਨ ਤੋਂ ਬਾਅਦ ਸਰੀਰ ਤਾਂ ਮਿੱਟੀ ਦੀ ਢੇਰੀ ਵਾਂਗ ਹੈ। ਉਸ ਨਾਲ ਕੈਸਾ ਵੀ ਵਿਉਹਾਰ ਕੀਤਾ ਜਾਵੇ, ਉਸ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਤਾਂ ਨਿਰਜੀਵ ਹੈ। ਇਸ ਗੁਰਵਾਕ ਦਾ ਵੀ ਇਹੀ ਭਾਵ ਹੈ ਕਿ ਜੇ ਮ੍ਰਿਤਕ ਨੂੰ ਚੰਦਨ ਵੀ ਚੜ੍ਹਾਇਆ ਜਾਵੇ ਤਾਂ ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਦੂਜੀ ਤਰਫ ਜੇ ਮ੍ਰਿਤਕ ਸਰੀਰ ਨੂੰ ਮਿੱਟੀ ਘੱਟੇ ਵਿਚ ਰੋਲ ਦਿੱਤਾ ਜਾਵੇ ਜਾਂ ਜਾਨਵਰਾਂ ਆਦਿ ਨੂੰ ਖੁਆ ਦਿੱਤਾ ਜਾਵੇ ਤਾਂ ਵੀ ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਬਸ ਮ੍ਰਿਤਕ ਸਰੀਰ ਨੂੰ ਜਿੰਨੇ ਸਾਦੇ ਅਤੇ ਘੱਟ ਖਰਚੀਲੇ ਢੰਗ ਨਾਲ ਹੋ ਸਕੇ, ਸਸਕਾਰ ਕਰ ਦੇਣਾ ਚਾਹੀਦਾ ਹੈ। ਆਡੰਬਰ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ। ਕਿੰਨੀ ਵਧੀਆ ਗੱਲ ਹੋਵੇ ਜੇ ਮ੍ਰਿਤਕ ਸਰੀਰ ਦੇ ਕੰਮ ਆਉਣ ਯੋਗ ਅੰਗ (ਅੱਖਾਂ, ਗੁਰਦੇ ਆਦਿ) ਦਾਨ ਕਰ ਦੇਈਏ, ਉਸ ਤੋਂ ਵੀ ਵਧੀਆ ਹੋਰ ਗੱਲ ਹੋਵੇ ਜੇ ਅਸੀਂ ਆਪਣੇ ਸਰੀਰ ਨੂੰ ਮੈਡੀਕਲ ਖੋਜ ਕਾਰਜਾਂ ਲਈ ਦੇ ਸਕੀਏ। ਜੋ ਵੀ ਹੋਵੇ ਵਿਖਾਵਾ, ਅਡੰਬਰ ਅਤੇ ਕਰਮ-ਕਾਂਡ ਨਹੀਂ ਹੋਣੇ ਚਾਹੀਦੇ।
ਹੁਣ ਮ੍ਰਿਤਕ ਸਰੀਰ ਬਾਰੇ ਗੁਰਮਤਿ ਸਿਧਾਂਤ ਸਮਝਣ ਤੋਂ ਬਾਅਦ ਪ੍ਰਚਲਿਤ ਸਿੱਖ ਰਹਿਤ ਮਰਿਆਦਾ ਦੀ ਇਸ ਪੱਖੋਂ ਰਹਿ ਗਈਆਂ ਕਮਜ਼ੋਰੀਆਂ ਸਾਂਝੀਆਂ ਕਰ ਲਈਏ। ਸਿੱਖ ਰਹਿਤ ਮਰਿਆਦਾ ਦੇ ‘ਮ੍ਰਿਤਕ ਸੰਸਕਾਰ’ ਸਿਰਲੇਖ ਹੇਠ ਭਾਗ (ਹ) ਵਿਚ ਦਰਜ ਹੈ :
‘‘ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਵਾ ਕੇ ਸਵੱਛ ਬਸਤਰ ਪਾਏ ਜਾਣ ਅਤੇ ਕਕਾਰ ਜੁਦਾ ਨਾ ਕੀਤੇ ਜਾਣ।’’
ਵਿਚਾਰ : ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਉਣਾ ਤਾਂ ਸਫਾਈ ਦੇ ਹਿਸਾਬ ਨਾਲ ਠੀਕ ਮੰਨਿਆ ਜਾ ਸਕਦਾ ਹੈ। ਪਰ ਬਸਤਰ ਪੁਰਾਣੇ ਹੀ ਪਾਉਣੇ (ਜੇ ਮਲ-ਮੂਤਰ ਆਦਿ ਨਾਲ ਜ਼ਿਆਦਾ ਖਰਾਬ ਨਾ ਹੋਣ ਤਾਂ) ਹੀ ਯੋਗ ਹਨ, ਨਵੇਂ ਕਿਉਂ ਖਰੀਦ ਕੇ ਪਾਏ ਜਾਣ? ਉਸ ਤੋਂ ਚੰਗਾ ਹੋਵੇ ਜੇ ਕਿਸੇ ਲੋੜਵੰਦ ਨੂੰ ਦੇ ਦਿੱਤੇ ਜਾਣ। ਮੰਨ ਲਓ ਕੋਈ ਵਿਖਾਵੇ ਲਈ ਮਹਿੰਗੇ ਬਸਤਰ ਪਵਾਉਣਾ ਵੀ ਚਾਹੇ ਤਾਂ ਉਸ ਦੀ ਮਰਜ਼ੀ ਹੈ। ਪਰ ਐਸੇ ਨੁਕਤੇ ਨੂੰ ਮਰਿਆਦਾ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ। ਇਸ ਮੱਦ ਦਾ ਸਭ ਤੋਂ ਇਤਰਾਜ਼ਯੋਗ ਜਾਪਦਾ ਨੁਕਤਾ ਇਹ ਹੈ ਕਿ ‘ਕਕਾਰ ਮ੍ਰਿਤਕ ਸਰੀਰ ਤੋਂ ਜੁਦਾ ਨਾ ਕੀਤੇ ਜਾਣ’ ਇਹ ਨਿਰੋਲ ਬ੍ਰਾਹਮਣਵਾਦੀ ਵਿਚਾਰਧਾਰਾ ਹੀ ਹੈ। ਕਕਾਰ ਕੋਈ ਚਿੰਨ੍ਹ ਨਹੀਂ ਹਨ (ਬ੍ਰਾਹਮਣ ਦੇ ਜਨੇਊ, ਤਿਲਕ ਆਦਿ ਵਾਂਗ) ਬਲਕਿ ਵਰਤੀਆਂ ਜਾ ਸਕਣ ਵਾਲੀਆਂ ਵਸਤੂਆਂ ਹਨ। ਕੀ ਮ੍ਰਿਤਕ ਸਰੀਰ ਨੇ ਕ੍ਰਿਪਾਨ ਨਾਲ ਲੜਾਈ ਕਰਨੀ ਹੈ ਜਾਂ ਕੰਘੇ ਨਾਲ ਕੇਸ ਵਾਹੁਣੇ ਹਨ? ਕੇਸ ਤਾਂ ਕੁਦਰਤੀ ਹਨ। ਕਛਿਹਰਾ ਵੀ ਮ੍ਰਿਤਕ ਸਰੀਰ ਦਾ ਨੰਗੇਜ਼ ਢਕਣ (ਲੋਕਾਂ ਵੱਲੋਂ) ਲਈ ਠੀਕ ਹੈ। ਪਤਾ ਨਹੀਂ ਅਸੀਂ ਕਿਉਂ ਕਕਾਰਾਂ ਨੂੰ ਬ੍ਰਾਹਮਣਵਾਦੀ ਤਰਜ਼ ‘ਤੇ ਚਿੰਨ ਬਣਾਉਣ ਲਈ ਇੰਨੇ ਤੱਤਪਰ ਹਾਂ?
ਇਸ ਮੱਦ ਦਾ ਕਕਾਰਾਂ ਵਾਲਾ ਹਿੱਸਾ ਬ੍ਰਾਹਮਣਵਾਦ ਦੀ ਨਿਸ਼ਾਨੀ ਹੈ, ਸੋ ਇਸ ਨੂੰ ਤਿਆਗ ਦੇਣਾ ਲਾਹੇਵੰਦ ਰਹੇਗਾ।
(ੲ) ‘ਮ੍ਰਿਤਕ ਸੰਸਕਾਰ ਹੇਠ ਹੀ ਭਾਗ (ਹ) ਵਿਚ ਦਰਜ ਹੈ :
‘‘ਸੰਗਤ ਕੁੱਝ ਵਿੱਥ ‘ਤੇ ਬੈਠ ਕੇ ਕੀਰਤਨ ਕਰੇ ਜਾਂ ਵੈਰਾਗਮਈ ਸ਼ਬਦ ਪੜ੍ਹੇ।’’
ਵਿਚਾਰ : ਪਹਿਲਾਂ ਦੱਸੀ ਵਿਚਾਰ ਅਨੁਸਾਰ ਸਾਰੀ ਗੁਰਬਾਣੀ ਇੱਕ-ਸਾਰ ਹੈ। ਇਸ ਦਾ ਮਕਸਦ ਇੱਕ ਚੰਗੇ (ਆਦਰਸ਼) ਮਨੁੱਖ ਦੀ ਸਿਰਜਣਾ ਕਰਨਾ ਹੈ ਨਾ ਕਿ ਭਾਵ ਅਰਥਾਂ ਨੂੰ ਸਮਝੇ ਬਿਨਾਂ, ਸ਼ਬਦਾਂ ਨੂੰ ਦੁਨੀਆਵੀ ਖੁਸ਼ੀ ਜਾਂ ਗਮੀ ਨਾਲ ਜੋੜਨਾ, ਇਹ ਨਿਰੋਲ ਬ੍ਰਾਹਮਣਵਾਦ ਅਤੇ ਮਨਮੱਤ ਹੈ। ਗੁਰਬਾਣੀ ਨੇ ਸਾਨੂੰ ਸੋਗ, ਹਰਖ ਤੋਂ ਨਿਆਰਾ ਬਣਾਉਣਾ ਹੈ। ਅਸੀਂ ‘ਮਨਮਤੀਆਂ’ ਨੇ ਗੁਰਬਾਣੀ ਸ਼ਬਦਾਂ ਨੂੰ ਹੀ ਹਰਖ (ਖੁਸ਼ੀ) ਅਤੇ ਸੋਗ (ਵੈਰਾਗ) ਦੇ ਹਿਸਾਬ ਨਾਲ ਵੰਡ ਲਿਆ ਹੈ। ਇਸ ਮੱਦ ਦੀ ਇਹ ਸ਼ਬਦਾਵਲੀ ਬ੍ਰਾਹਮਣਵਾਦੀ ਪ੍ਰਭਾਵ ਪਾਉਂਦੀ ਹੈ। ਇਸ ਕਰਕੇ ਇਸ ਮੱਦ ਨੂੰ ਜ਼ਰੂਰ ਸੋਧ ਲੈਣਾ ਚਾਹੀਦਾ ਹੈ।
(ਸ) ‘ਮ੍ਰਿਤਕ ਸੰਸਕਾਰ’ ਦੇ ਸਿਰਲੇਖ ਹੇਠ ਹੀ ਭਾਗ (ਹ) ਵਿਚ ਅੱਗੇ ਦਰਜ ਹੈ :
‘‘ਜਦ ਅੰਗੀਠਾ ਪੂਰੀ ਤਰ੍ਹਾਂ ਬਲ ਉੱਠੇ ਤਾਂ ਕੀਰਤਨ ਸੋਹਿਲੇ ਦਾ ਪਾਠ ਕਰਕੇ ਅਤੇ ਅਰਦਾਸਾ ਸੋਧ ਕੇ ਸੰਗਤ ਮੁੜ ਆਵੇ’’
ਵਿਚਾਰ : ਬ੍ਰਾਹਮਣਵਾਦ ਸਾਡੇ ਐਸਾ ਖਹਿੜੇ ਪਿਆ ਹੈ ਕਿ ਛੱਡਣ ਦਾ ਨਾਮ ਹੀ ਨਹੀਂ ਲੈਂਦਾ। ਪਤਾ ਨਹੀਂ ਕਿਉਂ ਅਸੀਂ ਗੁਰਬਾਣੀ ਨੂੰ ਸਮਝਣ ਵਿਚਾਰਨ ਦੀ ਥਾਂ ਉਸ ਦਾ ਕਰਮਕਾਂਡੀ (ਮੰਤਰਾਂ ਵਾਂਗ) ਇਸਤੇਮਾਲ ਕਰਨ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਾਂ। ਸੋਹਿਲਾ ਸਾਹਿਬ (ਕੀਰਤਨ ਸੋਹਿਲਾ ਨਾਂ ਹੀ ਗਲਤ ਹੈ) ਦੀ ਬਾਣੀ ਦਾ ਮ੍ਰਿਤਕ ਦੇ ਅੰਗੀਠੇ ਨਾਲ ਕੀ ਸਬੰਧ ? ਇੱਥੇ ਵੀ ਸਿਰਫ ਪਾਠ ਕਰਨ ਦੀ ਹੀ ਗੱਲ ਕੀਤੀ ਗਈ ਹੈ ਵਿਚਾਰਨ ਦੀ ਨਹੀਂ। ਇਸੇ ਕਰਮਕਾਂਡੀ ਪਾਠ ਨੂੰ ਸੁਣ-ਸੁਣ ਕੇ ਕਈ ਮਨਚਲਿਆਂ ਨੇ ਧਮਕੀ ਦੇਣ ਖਾਤਿਰ ਮੁਹਾਵਰਾ ਹੀ ਬਣਾ ਲਿਆ ਹੈ ਜਿਵੇਂ- ‘ਹੁਣੇ ਪੜ੍ਹ ਦਿਆਂਗਾ ਮੈਂ ਤੇਰਾ ਕੀਰਤਨ ਸੋਹਿਲਾ’ ਭਾਵ, ਹੁਣੇ ਤੈਨੂੰ ਮਾਰ ਦੇਵਾਂਗਾ।
ਇਹ ਗੁਰਬਾਣੀ ਦੀ ਗੈਰ-ਸਿਧਾਂਤਕ ਵਰਤੋਂ ਜਾਪਦੀ ਹੈ। ਸੋ ਮੱਦ ਦਾ ਇਹ ਹਿੱਸਾ ਵੀ ਤਿਆਗਣਾ ਲਾਹੇਵੰਦ ਰਹੇਗਾ।
(ਹ) ‘ਮ੍ਰਿਤਕ ਸੰਸਕਾਰ’ ਹੇਠ ਭਾਗ (ਹ) ਵਿਚ ਅੱਗੇ ਦਰਜ ਹੈ :
‘‘ਘਰ ਆ ਕੇ ਜਾਂ ਨਜ਼ਦੀਕ ਦੇ ਗੁਦੁਆਰੇ ਵਿਚ (ਮ੍ਰਿਤਕ) ਪ੍ਰਾਣੀ ਨਮਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਜਾਵੇ।’’
ਵਿਚਾਰ : ਪਹਿਲਾਂ ਹੀ ਅਸੀਂ ਗੁਰਮਤਿ ਦਾ ਸਿਧਾਂਤ ਸਮਝ ਆਏ ਹਾਂ ਕਿ ਮ੍ਰਿਤਕ ਪ੍ਰਾਣੀ ਨਮਿੱਤ ਕੀਤਾ ਗਿਆ ਕੋਈ ਵੀ ਕਰਮ (ਪਾਠ, ਦਾਨ ਆਦਿ) ਉਸ ਮ੍ਰਿਤਕ ਦਾ ਕੁੱਝ ਨਹੀਂ ਸੰਵਾਰ ਸਕਦਾ। ਪਰ ਇੱਧਰ ਇਹ ਮਰਿਆਦਾ ਧੜੱਲੇ ਨਾਲ ‘ਬ੍ਰਾਹਮਣਵਾਦ’ ਪ੍ਰਚਾਰ ਕਰਦੀ ਸੇਧ ਦੇ ਰਹੀ ਹੈ ਕਿ ‘ਮ੍ਰਿਤਕ ਪ੍ਰਾਣੀ ਨਮਿੱਤ ਪਾਠ ਰਖਵਾਇਆ ਜਾਵੇ। ਕਈ ਵੀਰ ਕਹਿ ਦਿੰਦੇ ਹਨ ਕਿ ਗਲਤੀ ਨਾਲ ‘ਮ੍ਰਿਤਕ ਪ੍ਰਾਣੀ ਨਮਿੱਤ’ ਛੱਪ ਗਿਆ ਹੈ। ਵੈਸੇ ਉਹ ਤਾਂ ਪਿੱਛੇ ਰਹਿ ਗਏ ਲੋਕਾਂ ਵਾਸਤੇ ਰੱਖਦੇ ਹਨ। ਇਹ ਬਹਾਨਾ ਵੀ ਫਿਜ਼ੂਲ ਹੈ ਕਿਉਂਕਿ ਉਸ ਸਮੇਂ ਮਾਹੌਲ ਹੀ ਇਹੋ ਜਿਹਾ ਨਹੀਂ ਹੁੰਦਾ ਕਿ ਉਸ ਪਾਠ ਨੂੰ ਸੁਣਿਆ (ਵਿਚਾਰਿਆ ਜਾਵੇ)। ਇਸ ਤਰ੍ਹਾਂ ਦੇ 99% ਪਾਠ ਸਿਰਫ ਰਸਮੀ ਹੁੰਦੇ ਹਨ। ਵੈਸੇ ਵੀ ਰਹਿਤ ਮਰਿਆਦਾ ਦੀ ਇਸ ਮੱਦ ਨੇ ਇਸ ਨੂੰ ਮ੍ਰਿਤਕ ਪ੍ਰਾਣੀ ਨਮਿੱਤ ਗਰਦਾਨ ਕੇ ਇੱਕ ਕਰਮ-ਕਾਂਡ ਹੀ ਬਣਾ ਲਿਆ ਹੈ। ਇਹ ਪਾਠ ਵਾਲੀ ਮੱਦ ਵੀ ਤਿਆਗਣੀ ਲਾਹੇਵੰਦ ਰਹੇਗੀ।
ਗੁਰਬਾਣੀ ਸਿਰਫ ਸਮਝਣ ਵਿਚਾਰਨ ਦੇ ਲਹਿਜੇ ਨਾਲ ਪੜ੍ਹਨਾ ਹੀ ਯੋਗ ਹੈ। ਰਸਮੀ ਤੌਰ ‘ਤੇ ਤੋਤਾ ਰਟਨੀ ਪਾਠ (ਗੁਰਮਤਿ ਵਿਰੋਧੀ) ਕਰਮਕਾਂਡ ਤੋਂ ਵੱਧ ਕੁੱਝ ਨਹੀਂ।
(ਕ) ‘ਮ੍ਰਿਤਕ ਸੰਸਕਾਰ’ ਸਿਰਲੇਖ ਹੇਠ ਹੀ ਭਾਗ (ਹ) ਵਿਚ ਅੱਗੇ ਲਿਖਿਆ ਹੈ :
‘‘ਅਨੰਦ ਸਾਹਿਬ ਜੀ (ਛੇ ਪਉੜੀਆਂ) ਦਾ ਪਾਠ ਕਰਕੇ ਅਰਦਾਸਾ ਦਸਵੇਂ ਦਿਨ ਹੋਵੇ। ਜੇ ਦਸਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸਬੰਧੀਆਂ ਦੀ ਸੌਖ ਨੂੰ ਮੁੱਖ ਰੱਖ ਕੇ ਨੀਅਤ ਕੀਤਾ ਜਾਵੇ’’
ਵਿਚਾਰ : ਜਿੱਥੇ ਇੱਕ ਪਾਸੇ ‘ਗੁਰਬਾਣੀ’ ਨੇ ਸਿੱਖ ਨੂੰ ਦੁਬਿਧਾ ਵਿਚੋਂ ਬਾਹਰ ਕੱਢਦੀ ਹੈ। ਦੂਜੇ ਪਾਸੇ ਮਰਿਆਦਾ ਦੀ ਇਹ ਮੱਦ ਵਾਰ-ਵਾਰ ਸਿੱਖ ਨੂੰ ਦੁਬਿਧਾ ਵਿਚ ਫਸਾਈ ਜਾਂਦੀ ਜਾਪਦੀ ਹੈ। ਕਦੇ ‘ਰਾਗਮਾਲਾ’, ਕਦੇ ਕੁੜਮਾਈ ਦੀ ਦੁਬਿਧਾ ਅਤੇ ਹੁਣ ‘ਦਸਵੇਂ’ ਦੀ ਦੁਬਿਧਾ। ਕਾਰਨ ਸਿਰਫ ਇੱਕ ਹੈ, ਮੱਦਾਂ ਨੂੰ ਲਿਖਣ ਵੇਲੇ ਨਿਰੋਲ ਸਿਧਾਂਤਕ ਦ੍ਰਿਦ੍ਰੜਤਾ ਨੂੰ ਸਾਹਮਣੇ ਰੱਖਣ ਦੀ ਥਾਂ ਆਪਣੇ-ਆਪਣੇ ਜੱਥਿਆਂ ਦੇ ਪ੍ਰਚਲਿਤ ਵਿਚਾਰਾਂ ਅਧੀਨ ਸਮਝੋਤਾਵਾਦੀ ਹੋਣ ਅਤੇ ਲੈਣ-ਦੇਣ ਦੀ ਨੀਤੀ ਅਪਣਾਈ ਗਈ ਸਪਸ਼ਟ ਝਲਕਦੀ ਹੈ।
ਹੁਣ ਇਸ ਮੱਦ ਦੇ ‘ਦਸਵੇਂ’ ਦਿਨ ਭੋਗ ਪਾਉਣ (ਸਿਧਾਤਕ ਲਫਜ਼ ‘ਸਮਾਪਤੀ’) ਦੀ ਗੱਲ ਪੜ੍ਹ ਕੇ ਹਰ ਇੱਕ ਦੇ ਮਨ ਵਿਚ ਇਹ ਭਰਮ ਬੈਠ ਸਕਦਾ ਹੈ ਕਿ ‘ਦਸਵੇਂ’ ਦਿਨ ਦਾ ਕੋਈ ਖਾਸ ਮਹਤੱਵ ਹੈ। ਬਾਕੀੇ ਗੱਲ ਰਹੀ ਸਬੰਧੀਆਂ ਦੀ ਤਾਂ ਸਹੂਲਤ ਵੇਖ ਕੇ ਦਿਨ ਮੁਕਰਰ ਕਰਨ ਦੀ। ਤਾਂ ਫਿਰ ਪਹਿਲਾਂ ਦਸਵੇਂ ਦਿਨ ਦਾ ਜ਼ਿਕਰ ਕਿਸ ਲਈ ਰੱਖਿਆ ਗਿਆ? ਸਪਸ਼ਟ ਹੈ ਕਿ ਇਹ ਦੁਬਿਧਾ ਸਿਧਾਂਤਾਂ ਤੋਂ ਥਿੜਕਾਉਂਦੀ ਹੈ। ਸੋ ਮੱਦ ਦਾ ਇਹ ਹਿੱਸਾ ਵੀ ਤਿਆਗਣ ਵਿਚ ਕੌਮੀ ਭਲਾਈ ਹੀ ਹੋਵੇਗੀ।
ਉਪਰੋਕਤ ਵਿਚਾਰ ਤੋਂ ਬਾਅਦ ਜੇ ਗੁਰਮਤਿ ਅਨੁਸਾਰੀ ਮ੍ਰਿਤਕ ਸਬੰਧੀ ਪ੍ਰੋਗਰਾਮ ਦੀ ਕੋਈ ਰੂਪ ਰੇਖਾ ਬਣਾਈਏ ਤਾਂ ਉਹ ਕੁੱਝ ਇਸ ਤਰ੍ਹਾਂ ਹੋਵੇਗੀ :
‘‘ਕੋਸ਼ਿਸ਼ ਕੀਤੀ ਜਾਵੇ ਕਿ ਪੂਰਾ ਮ੍ਰਿਤਕ ਸਰੀਰ ਜਾਂ ਕੰਮ ਆਉਣ ਯੋਗ ਅੰਗ ਦਾਨ ਕਰ ਦਿੱਤੇ ਜਾਣ। ਮ੍ਰਿਤਕ ਸਰੀਰ ਦਾ ਜੇ ਸਸਕਾਰ ਕਰਨਾ ਹੈ ਤਾਂ ਹੋ ਸਕੇ ਬਿਜਲੀ ਦੀ ਮਸ਼ੀਨ ਰਾਹੀਂ ਸਸਕਾਰ ਕੀਤਾ ਜਾਵੇ ਤਾਂ ਕਿ ਪ੍ਰਦੂਸ਼ਣ ਘੱਟ ਹੋਵੇ, ਜੇ ਬਿਜਲੀ ਦੀ ਮਸ਼ੀਨ ਉਪਲਭਧ ਨਾ ਹੋਵੇ ਤਾਂ ਮ੍ਰਿਤਕ ਸਰੀਰ ਦੀ ਸਫਾਈ ਉਪਰੰਤ ਸਾਦੇ (ਪੁਰਾਣੇ ਵੀ ਹੋ ਸਕਦੇ) ਕਪੜਿਆਂ ਵਿਚ ਸ਼ਮਸ਼ਾਨ ਘਾਟ ਲਿਜਾ ਕੇ ਜਲਾ ਦਿੱਤਾ ਜਾਵੇ। ਉੱਥੇ ਹੀ ਅੰਤਿਮ ਅਰਦਾਸ ਕਰ ਦਿੱਤੀ ਜਾਵੇ। (ਯਾਦ ਰਹੇ ਅਰਦਾਸ ਵੀ ਗੁਰਮਤਿ ਅਨੁਸਾਰੀ ਹੋਵੇ )। ਚਿੱਖਾ ਠੰਡੀ ਹੋਣ ਤੋਂ ਬਾਅਦ ਸਾਰੀ ਰਾਖ (ਅਸਥੀਆਂ ਸਮੇਤ) ਇਕੱਠੀ ਕਰ ਕੇ ਨਾਲ ਵਗਦੇ ਦਰਿਆ ਆਦਿ ਵਿਚ ਬਹਾ ਦਿੱਤੀ ਜਾਵੇ। ਇਸ ਤੋਂ ਬਗੈਰ ਕੋਈ ਵੀ ਬ੍ਰਾਹਮਣੀ ਰੀਤ ਦਾ ਕਰਮਕਾਂਡ ਜਾਂ ਸਿਆਪਾ ਆਦਿ ਨਾ ਕੀਤਾ ਜਾਵੇ। ਹਾਂ ਮੌਕੇ ਦਾ ਲਾਭ ਉਠਾਉਂਦੇ ਹੋਏ ਪੰਥ ਵਿਚ ਜਾਗ੍ਰਿਤੀ ਲਿਆਉਣ ਖਾਤਰ ਕੁੱਝ ਦਿਨ ਤੱਕ ਕੁੱਝ ਸਮਾਂ ਗੁਰਮਤਿ ਵਿਚਾਰਾਂ ਕੀਤੀਆਂ ਜਾ ਸਕਦੀਆਂ ਹਨ। ਜੇ ਕਰਨਾ ਚਾਹੀਏ ਤਾਂ ਜਾਗ੍ਰਿਤੀ ਸਿਲਸਿਲੇ ਵਿਚ ਕੁੱਝ ਦਿਨਾਂ ਬਾਅਦ ਗੁਰਮਤਿ ਸਮਾਗਮ ਕਰਵਾਇਆ ਜਾ ਸਕਦਾ ਹੈ। ਪਰ ਇਹ ਸ਼ਰਧਾਂਜਲੀ ਸਮਾਗਮ ਨਹੀਂ ਹੋਣਾ ਚਾਹੀਦਾ। ਸੰਖੇਪ ਵਿਚ ਇਹ ਸਾਰੇ ਕੰਮ ਸਾਦੇ, ਘੱਟ ਖਰਚੀਲੇ ਅਤੇ ਕਰਮਕਾਂਡ ਰਹਿਤ ਹੋਣ।’’
(17) (ੳ) ‘ਸੇਵਾ’ ਸਿਰਲੇਖ ਹੇਠ ਪੰਨਾ 26 ਉੱਪਰ ਭਾਗ (ਅ) ਵਿਚ ਦਰਜ ਹੈ :
‘‘ਹਾਂ, ਇੱਕ ਥਾਲੀ ਵਿਚ ਕੇਵਲ ਅੰਮ੍ਰਿਤਧਾਰੀ ਸਿੱਖ ਹੀ ਛਕ ਸਕਦੇ ਹਨ।’’
ਵਿਚਾਰ : ਮੈਡੀਕਲ ਸਾਇੰਸ ਦੇ ਨਜ਼ਰੀਏ ਤੋਂ ਵਿਚਾਰੀਏ ਤਾਂ ਇੱਕ ਥਾਲੀ ਵਿਚ ਖਾਣਾ ਜਾਂ ਇੱਕੋ ਗਿਲਾਸ ਰਾਹੀਂ ਪਾਣੀ (ਭਾਵ ਜੂਠਾ ਖਾਣਾ ਜਾਂ ਪੀਣਾ) ਪੀਣਾ ਸਿਹਤ ਲਈ ਹਾਨੀਕਾਰਕ ਹੈ। ਕਿਉਂਕਿ ਇਸ ਰਾਹੀਂ ਕਈ ਬਿਮਾਰੀਆਂ ਦੇ ਕਿਟਾਣੂ ਇੱਕ ਤੋਂ ਦੂਜੇ ਵਿਚ ਪਹੁੰਚ ਸਕਦੇ ਹਨ। ਇਹ ਸੱਭ ‘ਅੰਮ੍ਰਿਤਧਾਰੀਆਂ’ ਵਿਚ ਵੀ ਹੋ ਸਕਦਾ ਹੈ। ਇਸ ਕਰਕੇ ਇੱਕ ਥਾਲੀ ਵਿਚ ਖਾਣਾ ਜਾਂ ਇੱਕ ਗਿਲਾਸ ਵਿਚ ਹੀ ਇਕੱਠੇ ਪਾਣੀ ਪੀਣਾ ਠੀਕ ਨਹੀਂ ਜਾਪਦਾ। ਇਸ ਵਿਚ ਕੋਈ ਵਹਿਮ-ਭਰਮ, ਛੂਆ-ਛਾਤ ਜਾਂ ਵਿਤਕਰੇ ਵਾਲੀ ਗੱਲ ਨਹੀਂ ਹੈ, ਇਹ ਤਾਂ ਸਿਰਫ ਸਿਹਤ ਪ੍ਰਤੀ ਜਾਗਰੂਕਤਾ ਹੈ।
ਪਰ ਜਿਸ ਤਰ੍ਹਾਂ ਇਸ ਮੱਦ ਵਿਚ ਲਿਖਿਆ ਗਿਆ ਹੈ, ਉਹ ਸਪਸ਼ਟ ਵਿਤਕਰਾ ਮਹਿਸੂਸ ਹੁੰਦਾ ਹੈ। ਕੀ ਗੈਰ-‘ਅੰਮ੍ਰਿਤਧਾਰੀ’ ਅਪਵਿੱਤਰ ਹੁੰਦੇ ਹਨ? ਕੀ ਇਹ ਸਪਸ਼ਟ ਬ੍ਰਾਹਮਣਵਾਦ ਨਹੀਂ ਜਾਪਦਾ? ਕਿਸੇ ਤਰ੍ਹਾਂ ਦਾ ਵੀ ਵਿਤਕਰਾ ਗੁਰਮਤਿ ਸਿਧਾਤਾਂ ਦੇ ਉਲਟ ਹੈ। ਸਿੱਧੇ/ਅਸਿੱਧੇ ਇਸ ਨਾਲ ‘ਅੰਮ੍ਰਿਤਧਾਰੀਆਂ’ ਵਿਚ (ਆਪਣੇ ਧਰਮੀ ਜਾਂ ਪਵਿੱਤਰ ਹੋਣ ਦੀ) ਹਉਮੈ ਵੀ ਆ ਸਕਦੀ ਹੈ। ਅੱਜ ਸਿੱਖ ਸਮਾਜ ਵਿਚ ‘ਅੰਮ੍ਰਿਤਧਾਰੀਆਂ’ ਵੱਲੋਂ ਗੈਰ-‘ਅੰਮ੍ਰਿਤਧਾਰੀਆਂ’ ਪ੍ਰਤੀ ਨੀਵੇਂਪਨ ਦੀ ਭਾਵਨਾ ਸਾਫ ਦੇਖੀ ਜਾ ਸਕਦੀ ਹੈ।
ਸੋ ਸਪਸ਼ਟ ਹੈ ਕਿ ਇਹ ਮੱਦ ਵਿਤਕਰਾ ਫੈਲਾਉਂਦੀ ਜਾਪਦੀ ਹੈ। ਇਸ ਕਰਕੇ ਇਸ ਮੱਦ ਦੀ ਸ਼ਬਦਾਵਲੀ ਬਦਲ ਕੇ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ :
‘‘ਕੋਈ ਵੀ ਸਿੱਖ ਕਿਸੇ ਦੂਸਰੇ ਮਨੁੱਖ ਨਾਲ ਇੱਕ ਥਾਲੀ ਵਿਚ ਇਕੱਠੇ ਖਾਣ ਤੋਂ ਪਰਹੇਜ਼ ਕਰੇ।’’
(18) (ੳ) ਸਿੱਖ ਰਹਿਤ ਮਰਿਆਦਾ ਦੇ ਪੰਨਾ 27 ਉ¤ਪਰ ‘ਗੁਰੂ ਪੰਥ’ ਸਿਰਲੇਖ ਹੇਠ ਕੁੱਝ ਮੱਦਾਂ ਦਰਜ ਹਨ।
ਵਿਚਾਰ : ਗੁਰਬਾਣੀ ਸਾਰੇ ਸੰਸਾਰ ਨੂੰ ਸੱਚ ਸਮਝਾ ਰਹੀ ਹੈ ਕਿ ‘ਗੁਰੂ’ ਸਿਰਫ ਤੇ ਸਿਰਫ ਇੱਕ ਹੈ, ਉਹ ਹੈ ‘ਸੱਚ ਦਾ ਗਿਆਨ’। ਪਰ ਆਪਣੇ ਆਪ ਨੂੰ ‘ਗੁਰਬਾਣੀ’ ਦੇ ਸਿੱਖ ਅਖਵਾਉਣ ਦਾ ਦਾਅਵਾ ਕਰਨ ਵਾਲੇ ਹੀ ਆਪਣੇ ਅਨੇਕਾਂ ‘ਗੁਰੂ’ ਬਣਾਈ ਬੈਠੇ ਨਜ਼ਰ ਆਉਂਦੇ ਹਾਂ। ਦੁਨੀਆਂ ਨੂੰ ਸੱਚ ਕੀ ਦੱਸਣਾ ਸੀ ਆਪ ਹੀ ਉਸ ਸੱਚ ਤੋਂ ਭਟਕੇ ਪਏ ਨਜ਼ਰ ਆਉਂਦੇ ਹਾਂ। ਪਹਿਲਾਂ ਤਾਂ ਨਾਨਕ ਵਿਚਾਰਧਾਰਕ ਜੋਤ ਦੇ ਜਾਮਿਆਂ ਨੂੰ ਹੀ ‘ਦਸ’ ਗੁਰੂ ਪ੍ਰਚਾਰ ਰਹੇ ਹਾਂ। ਨਾਲ ਹੀ ਦੇਹਧਾਰੀ ਗੁਰੂਡੰਮ ਨੂੰ ਰੱਦ ਕਰਨ ਲਈ ਵਾਰ-ਵਾਰ ਪ੍ਰਚਾਰ ਕਰ ਰਹੇ ਹਾਂ ਕਿ ਸਰੀਰ ‘ਗੁਰੂ’ ਨਹੀਂ ਹੋ ਸਕਦਾ। ਗਿਆਰਵਾਂ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦੇ ਹਾਂ (ਅਸਲ ਵਿਚ ਤਾਂ ਇਹੀ ਇੱਕੋ-ਇੱਕ ਗੁਰੂ ਹਨ)। ਬਾਹਰਵਾਂ ‘ਗੁਰੂ’ ਇਹ ਪ੍ਰਚਾਰ ਰਹੇ ਹਾਂ ਕਿ ਜਿੱਥੇ ‘ਪੰਜ ਅੰਮ੍ਰਿਤਧਾਰੀ ਸਿੰਘ’ ਇਕੱਠੇ ਹੋ ਜਾਣ, ਉਨ੍ਹਾਂ ਵਿਚ ਗੁਰੂ ਹੈ। ਤੇਰਵ੍ਹਾਂ ‘ਗੁਰੂ’ ਪੰਥ ਗੁਰੂ ਬਣਾਈ ਬੈਠੇ ਹਾਂ। ‘ਦੂਜੇ ਭਾਈ ਗੁਰਦਾਸ’ ਦੀ ਇੱਕ ਗੁਰਮਤਿ ਵਿਰੋਧੀ ਵਾਰ ਨੂੰ ਸੱਚ ਮੰਨ ਕੇ ਹਰ ‘ਅੰਮ੍ਰਿਤਧਾਰੀ’ ਆਪਣੇ ਆਪ ਨੂੰ ਹੀ ‘ਗੁਰੂ’ ਸਮਝੀ ਜਾ ਰਿਹਾ ਹੈ। ਉਹ ਵਾਰ ਹੈ ‘ਆਪੇ ਗੁਰੂ ਚੇਲਾ’ ਵਾਲੀ। ਐਸੇ ਹੀ ਸਾਡੇ ਟੀਕਾਕਾਰ ਹਨ, ਇਹ ਵੀ ਇਸ ਭੁਲੇਖੇ ਨੂੰ ਵਧਾਉਣ ਲਈ ਭਾਈ ‘ਗੁਰਦਾਸ ਜੀ ਪਹਿਲੇ’ ਦੀਆ 40 ਵਾਰਾਂ ਨਾਲ ਇਸ ਵਾਰ ਨੂੰ ਵੀ ਛਾਪੀ ਜਾ ਰਹੇ ਹਨ। ਇਹ ਜਾਣਦੇ-ਬੁੱਝਦੇ ਵੀ ਕਿ ਦੋਵੇਂ ਭਾਈ ਗੁਰਦਾਸ ਅਲੱਗ-ਅਲੱਗ ਹਨ। ਪਤਾ ਨਹੀਂ ਇਹ ‘ਗੁਰੂ’ ਵਧਾਉਂਦੇ ਜਾਣ ਦੀ ਵਾਦੀ ਸਾਡੇ ਵਿਚੋਂ ਕਦੋਂ ਖਤਮ ਹੋਵੇਗੀ?
ਗੱਲ ਚੱਲ ਰਹੀ ਸੀ ‘ਗੁਰੂ ਪੰਥ’ ਲਫਜ਼ ਦੀ, ਪ੍ਰਚਾਰਿਆ ਜਾ ਰਿਹਾ ਹੈ ਕਿ ਦਸ਼ਮੇਸ਼ ਜੀ ਨੇ ਕਿਹਾ ਸੀ, ੱਆਤਮਾ ਗ੍ਰੰਥ ਵਿਚ, ਸਰੀਰ ਪੰਥ ਵਿਚ-। ਭਾਵ ਕਿ ਗੁਰੂ ਗ੍ਰੰਥ ਸਾਹਿਬ ਜੀ ਆਤਮਿਕ ਗੁਰੂ ਹਨ ਅਤੇ ਪੰਥ ਸਰੀਰਕ ਗੁਰੂ ਹੈ, ਨਾਲ ਆਪ ਹੀ ਪ੍ਰਚਾਰ ਕਰ ਰਹੇ ਹਨ ਕਿ ਸਰੀਰ ਗੁਰੂ ਨਹੀਂ ਹੋ ਸਕਦਾ। ਹੁਣ ‘ਸਰੀਰਕ ਗੁਰੂ’ (ਪੰਥ) ਤਾਂ ਆਪਣੇ ਸਿਧਾਂਤ ਤੋਂ ਭਟਕ ਚੁੱਕਿਆ ਨਜ਼ਰ ਆ ਰਿਹਾ ਹੈ।
ਅਸਲ ਵਿਚ ‘ਗੁਰੂ’ ਸਿਰਫ ਇੱਕ ਹੀ ਹੈ, ‘ਸੱਚ ਦਾ ਗਿਆਨ’ (ਗੁਰੂ ਗ੍ਰੰਥ ਸਾਹਿਬ ਜੀ)। ਇਸ ਬਾਰੇ ਪਹਿਲਾਂ ਵੀ ਵਿਚਾਰ ਹੋ ਚੁੱਕੀ ਹੈ। ‘ਗੁਰੂ ਦਾ ਪੰਥ’ ਲਫਜ਼ ਜ਼ਿਆਦਾ ਢੁੱਕਵਾਂ ਹੈ, ਜਿਸ ਦਾ ਭਾਵ ਹੈ ਕਿ ਗੁਰੂ ਦੇ ਦੱਸੇ ਰਾਹ (ਪੰਥ) ਉ¤ਤੇ ਤੁਰਨ ਵਾਲੇ ਮਨੁੱਖਾਂ ਦਾ ਸਮੂਹ। ਸਮੇਂ ਨਾਲ ਕਿਸੇ ਨੇ ਚੰਗੀ ਜਾਂ ਮੰਦੀ ਭਾਵਨਾ ਹੇਠ ‘ਗੁਰੂ ਦਾ ਪੰਥ’ ਵਿਚੋਂ ‘ਦਾ’ ਲਫਜ਼ ਹਟਾ ਦਿੱਤਾ, ਬਸ ਰਹਿ ਗਿਆ ‘ਗੁਰੂ ਪੰਥ’। ਬਸ ਫਿਰ ਕੀ ਹੁਣ ਤਾਂ ਹੈ ਚੱਲ ਸੋ ਚੱਲ। ‘ਗੁਰੂ ਪੰਥ’ ਦੇ ਮਾਇਨੇ ਵੀ ਗੁਰੂ ਦੇ ਸਰੀਰ ਦੇ ਤੌਰ ਤੇ ਹੋਣ ਲੱਗ ਪਏ। ਪਰ ਅਸੀਂ ਇਤਿਹਾਸ ‘ਤੇ ਪੜਚੋਲਵੀਂ ਨਜ਼ਰ ਮਾਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ‘ਪੰਥ’ ਨੇ ਕਈ ਵਾਰ ਫੈਸਲੇ ਗੁਰਮਤਿ ਸਿਧਾਂਤਾਂ ਤੋਂ ਉਲਟ ਲਏ ਹਨ। ਵਿਚਾਰੀ ਜਾ ਰਹੀ ਸਿੱਖ ਰਹਿਤ ਮਰਿਆਦਾ ਹੀ ਇਸ ਦਾ ਸਪਸ਼ਟ ਉਦਾਹਰਣ ਹੈ, ਜਿਸ ਨੂੰ ਪੰਥ ਪ੍ਰਵਾਨਿਤ ਕਿਹਾ ਜਾਂਦਾ ਹੈ। ਕਈ ਵਾਰ ਦਲੀਲ ਦੀ ਥਾਂ ‘ਪਰਚੀਆਂ’ ਪਾ ਕੇ ਫੈਸਲੇ ਲੈਣ ਦਾ ਜ਼ਿਕਰ ਵੀ ਇਤਿਹਾਸ ਵਿਚ ਮਿਲਦਾ ਹੈ। ਕੀ ‘ਗੁਰੂ’ ਗਲਤੀ ਕਰ ਸਕਦਾ ਹੈ?ਗੁਰਬਾਣੀ ਤਾਂ ਕਹਿੰਦੀ ਹੈ ਕਿ ੱਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰÒ-(61) ਪਰ ਅਸੀਂ ਤਾਂ ਕਈ ਵਾਰ ਦੇਖ ਚੁੱਕੇ ਹਾਂ ਕਿ ਪੰਥ ਕਈਂ ਵਾਰ ਗਲਤ ਫੈਸਲੇ ਲੈ ਚੁੱਕਿਆ ਹੈ। ਫਿਰ ਇਹ (ਗਲਤੀਆਂ ਕਰਨ ਵਾਲਾ) ‘ਪੰਥ’ ਗੁਰੂ ਕਿਵੇਂ ਹੋ ਸਕਦਾ ਹੈ? ਕੀ ਇਸ ਗੱਲ ਦਾ ਕੋਈ ਜਵਾਬ ਦਿੱਤਾ ਜਾ ਸਕਦਾ ਹੈ? ਸਿਰਫ ਅਰਧ ਨਾਸਤਿਕ, ਅਸ਼ਰਧਕ, ਪ੍ਰਭੂ ਪ੍ਰੀਤ ਤੋਂ ਸੱਖਣੇ, ਪੰਥ ਦੋਖੀ ਆਦਿ ਫਤਵੇ ਹੀ ਇਸ ਦਾ ਜਵਾਬ ਨਹੀਂ ਹੋ ਸਕਦੇ।
ਵਿਚਾਰ ਉਪਰੰਤ ਸਪਸ਼ਟ ਹੈ ਕਿ ‘ਗੁਰੂ’ ਸਿਰਫ ਤੇ ਸਿਰਫ ਇੱਕ ਹੀ ਹੈ, ਉਹ ਹੈ ‘ਸੱਚ ਦਾ ਗਿਆਨ’ ਜੋ
‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ਦਰਜ ਹੈ। ਉਸ ਗੁਰੂ ਦੇ ਰਾਹ ਉੱਤੇ ਤੁਰਨ ਵਾਲੇ ਮਨੁੱਖਾਂ ਦਾ ਸਮੂਹ
‘ਗੁਰੂ ਦਾ ਪੰਥ’ ਕਹਿਲਾਉਂਦਾ ਹੈ। ਇਸ ਕਰਕੇ ‘ਗੁਰੂ ਪੰਥ’ ਲਫਜ਼ ਗੈਰ-ਸਿਧਾਂਤਕ ਜਾਪਦਾ ਹੈ। ਸੋ ਇਸ
ਵਿਚ ਸੋਧ ਕਰਕੇ ‘ਗੁਰੂ ਦਾ ਪੰਥ’ ਕਰ ਲੈਣਾ ਚਾਹਿਦਾ ਹੈ।
(19) (ੳ) ਸਿੱਖ ਰਹਿਤ ਮਰਿਆਦਾ ਦੇ ਪੰਨਾ 27 ਉੱਪਰ ਹੀ ‘ਅੰਮ੍ਰਿਤ ਸੰਸਕਾਰ’ ਸਿਰਲੇਖ ਹੇਠ ਭਾਗ (ਅ)
ਵਿਚ ਦਰਜ ਹੈ ਕਿ:
‘‘ਇਨ੍ਹਾਂ ਸਾਰਿਆਂ ਨੇ ਕੇਸ਼ੀ ਇਸ਼ਨਾਨ ਕੀਤਾ ਹੋਵੇ।’’
ਵਿਚਾਰ : ‘ਅੰਮ੍ਰਿਤ ਸੰਸਕਾਰ’ ਬਾਰੇ ਪਹਿਲਾਂ ਵਿਚਾਰ ਆਏ ਹਾਂ ਕਿ ਇੱਥੇ ‘ਅੰਮ੍ਰਿਤ’ ਲਫਜ਼ ਗਲਤ
ਪ੍ਰਚਲਿਤ ਹੋ ਚੁੱਕਾ ਹੈ। ਇੱਥੇ ਲਫਜ਼ ‘ਖੰਡੇ ਦੀ ਪਾਹੁਲ’ ਵਰਤਣਾ ਯੋਗ ਹੈ।
ਕੀ ਕੇਸੀਂ ਇਸ਼ਨਾਨ ਨਾਲ ਜ਼ਿਆਦਾ ਪਵਿੱਤਰਤਾ (ਸੁਚੱਮ) ਆ ਜਾਂਦੀ ਹੈ? ਐਸਾ ਸੋਚਣਾ ਗੁਰਮਤਿ ਸਿਧਾਂਤਾਂ
ਦੀ ਵਿਰੋਧਤਾ ਹੋ ਨਿਬੜਦੀ ਹੈ ਅਤੇ ਇਹ ਬ੍ਰਾਹਮਣਵਾਦ ਦਾ ਸਪਸ਼ਟ ਚਿੰਨ੍ਹ ਹੈ। ਕਿਸੇ ਤਰ੍ਹਾਂ ਦੇ
ਇਸ਼ਨਾਨ ਦਾ ਸਿਰਫ ਸਰੀਰ ਦੀ ਸਫਾਈ ਹੀ ਮਕਸਦ ਹੈ, ਇਸ ਨਾਲ ਧਰਮ ਦਾ ਕੋਈ ਲੈਣਾ-ਦੇਣਾ ਨਹੀਂ। ਸਰੀਰਕ
ਸਫਾਈ ਹਰ ਇੱਕ ਨੂੰ ਰੱਖਣੀ ਚਾਹੀਦੀ ਹੈ। ਪਰ ਕਿਸੇ ਤਰ੍ਹਾਂ ਦੇ ਵੀ ਇਸ਼ਨਾਨ ਨੂੰ ਪਵਿੱਤਰਤਾ (ਸੁਚੱਮ)
ਨਾਲ ਜੋੜਨਾ ਸਿਰਫ ਭਰਮ ਹੈ। ਕਈ ਜੱਥੇ ਚਮੜੇ ਦੇ ਵੈਰੀ ਬਣੇ ਨਜ਼ਰ ਆਉਂਦੇ ਹਨ, ਕਈਂ ਕਹਿੰਦੇ ਹਨ ਕਿ
ਗੁਰਦੁਆਰੇ ਵਿਚ ਚਮੜੇ ਦੀ ਬੈਲਟ ਨਾ ਪਾ ਕੇ ਆਓ ਆਦਿ। ਦੂਜੇ ਪਾਸੇ ਚਮੜੇ ਦਾ ਬਣਿਆ ਤਬਲਾ, ਢੋਲਕ ਆਦਿ
ਵਜਾਉਣ ਦੀ ਕੋਈ ਮਨਾਹੀ ਨਹੀਂ। ਇਸ ਮੱਦ ਵਿਚੋਂ ਬ੍ਰਾਹਮਣਵਾਦ ਦੀ ਸਪਸ਼ਟ ਝਲਕ ਪੈਂਦੀ ਹੈ। ਇਸਲਈ ਇਹ
ਤਿਆਗਣ ਯੋਗ ਹੈ।
(ਅ) ਅੰਮ੍ਰਿਤ ਸੰਸਕਾਰ ਦੇ ਸਿਰਲੇਖ ਹੇਠ ਹੀ ਪੰਨਾ 28 ਉੱਪਰ ਭਾਗ (ਸ) ਵਿਚ ਫਿਰ ਪਹਿਲੇ ਵਾਲੀ (ਗੁਰਮਤਿ ਤੋਂ ਉਲਟ) ਸ਼ਰਤ ਦਰਜ ਹੈ ਕਿ :
‘‘ਅੰਮ੍ਰਿਤ ਛਕਣ ਵਾਲੇ ਹਰ ਪ੍ਰਾਣੀ ਨੇ ਕੇਸ਼ੀ ਇਸ਼ਨਾਨ ਕੀਤਾ ਹੋਵੇ’’
ਵਿਚਾਰ : ਪਹਿਲਾਂ ਵਿਚਾਰੇ ਅਨੁਸਾਰ ਇਹ ਸ਼ਰਤ ਬ੍ਰਾਹਮਣੀ ਸੰਸਕਾਰਾਂ ਦੀ ਰਹਿਨੁਮਾਈ ਕਰਦੀ ਜਾਪਦੀ ਹੈ ਅਤੇ ਗੁਰਮਤਿ ਸਿਧਾਂਤਾਂ ਤੋਂ ਵੀ ਉਲਟ ਜਾਪਦੀ ਹੈ, ਸੋ ਇਹ ਮੱਦ ਵੀ ਤਿਆਗਣ ਯੋਗ ਹੈ।
(ੲ) ਅੰਮ੍ਰਿਤ ਸੰਸਕਾਰ ਸਿਰਲੇਖ ਹੇਠ ਭਾਗ (ਘ) ਵਿਚ ਦਰਜ ਹੈ :
‘‘ਬਾਟੇ ਵਿਚ ਸਵੱਛ ਜਲ ਅਤੇ ਪਤਾਸੇ ਪਾਏ ਜਾਣ’’
ਵਿਚਾਰ : ਇਸ ਮੱਦ ਵਿਚ ਜਲ ਨੂੰ ਪਤਾਸੇ ਪਾ ਕੇ ਮਿੱਠਾ ਬਣਾਉਣ ਵਾਸਤੇ ਦੱਸਿਆ ਗਿਆ ਹੈ। ਇਹ ਮੱਦ ਵੀ
ਵਿਚਾਰਨ ਯੋਗ ਹੈ। ਕਿਉਂਕਿ ਖੰਡੇ ਦੀ ਪਾਹੁਲ ਲੈਣ ਵਾਲੇ ਕਿਸੇ ਮਨੁੱਖ ਨੂੰ ਕੋਈ ਸ਼ੂਗਰ ਜਿਹੀ ਬਿਮਾਰੀ
ਵੀ ਹੋ ਸਕਦੀ ਹੈ। ਜੋ ਕਿ ਅੱਜ ਇਹ ਬਿਮਾਰੀ ਕਾਫੀ ਜ਼ਿਆਦਾ ਫੈਲ ਚੁੱਕੀ ਹੈ। ਉਸ ਮਨੁੱਖ ਲਈ ਮਿੱਠਾ
(ਕਿਸੇ ਵੀ ਰੂਪ ਵਿਚ) ਜ਼ਹਿਰ ਵਾਂਗੂ ਹੈ। ਸਾਦਾ ਜਲ ਵੀ ਵਰਤਾਇਆ ਜਾ ਸਕਦਾ ਹੈ। ਐਸੀ ਚੀਜ਼ ਕਿਉਂ
ਵਰਤਾਣੀ ਜਿਸ ਨਾਲ ਕਿਸੇ ਦੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੋਵੇ?ਇਸ ਬਾਰੇ ਕੌਮ ਨੂੰ ਗੰਭੀਰਤਾ
ਨਾਲ ਸੋਚਣ ਦੀ ਲੋੜ ਹੈ।
(ਸ) ‘ਅੰਮ੍ਰਿਤ ਸੰਸਕਾਰ’ ਸਿਰਲੇਖ ਹੇਠ ਹੀ ਪੰਨਾ 29 ਉੱਪਰ ਭਾਗ (ਸ) ਵਿਚ ਇਸ ਵੇਲੇ ਪੜ੍ਹੀਆਂ ਜਾਣ
ਵਾਲੀਆਂ ਬਾਣੀਆਂ ਦੇ ਨਾਂ ਦਰਜ ਹਨ।
‘‘ਜਪੁ, ਜਾਪੁ, 10 ਸਵੱਯੇ (ਸ੍ਰਾਵਗ ਸੁਧ ਵਾਲੇ), ਬੇਨਤੀ ਚੌਪਈ (‘ਹਮਰੀ ਕਰੋ ਹਾਥ ਦੈ ਰੱਛਾ ਤੋਂ ਦੁਸਟ ਦੋਖ ਤੇ ਲੇਹੁ ਬਚਾਈ’ ਤੱਕ), ਅਨੰਦ ਸਾਹਿਬ।’’
ਵਿਚਾਰ : ਨਿਤਨੇਮ ਦੀ ਵਿਚਾਰ ਹੇਠ ਦਲੀਲਾਂ ਨਾਲ ਸਪਸ਼ਟ ਵਿਚਾਰ ਆਏ ਹਾਂ ਕਿ (ਅਖੌਤੀ) ਦਸਮ ਗ੍ਰੰਥ ਵਿਚ ਕੋਈ ਰਚਨਾ ਦਸ਼ਮੇਸ਼ ਪਾਤਸ਼ਾਹ ਜੀ ਦੀ ਨਹੀਂ ਹੈ। ਇਸ ਕਰਕੇ ਇਸ ਗ੍ਰੰਥ ਦੀਆਂ ਰਚਨਾਵਾਂ ਦਾ, ਨਿਤਨੇਮ ਜਾਂ ਖੰਡੇ ਦੀ ਪਾਹੁਲ ਵੇਲੇ ਪੜ੍ਹਿਆ ਜਾਣਾ ਸਿਧਾਂਤਕ ਤੌਰ ‘ਤੇ ਗਲਤ ਹੋ ਰਿਹਾ ਹੈ। ਕੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਸਿਰਫ ਦੋ ਬਾਣੀਆਂ ਅਤੇ ਅਖੌਤੀ ਦਸਮ ਗ੍ਰੰਥ ਵਿਚੋਂ ਤਿੰਨ ਰਚਨਾਵਾਂ ਲਈਆਂ ਗਈਆਂ? ਵੈਸੇ ਵੀ ਉਸ ਸਮੇਂ ਦੇ ਜ਼ਿਆਦਾਤਰ ਸਰੋਤ ਇਸ ਬਾਰੇ ਇੱਕ ਮੱਤ ਨਹੀਂ ਸਨ ਕਿ ‘ਖੰਡੇ ਦੀ ਪਾਹੁਲ’ ਵੇਲੇ ਦਸ਼ਮੇਸ਼ ਜੀ ਨੇ ਕਿਹੜੀਆਂ ਬਾਣੀਆਂ ਪੜ੍ਹੀਆਂ ਸਨ। ਕੋਈ ਸ੍ਰੋਤ ਕਹਿੰਦਾ ਹੈ ਕਿ ਸਿਰਫ ਜਪੁ ਜੀ ਦੀ ਬਾਣੀ ਪੜ੍ਹੀ, ਕੋਈ ਕਹਿੰਦਾ ਹੈ ਕਿ ਦੋ ਬਾਣੀਆਂ ਪੜ੍ਹੀਆਂ ਸਨ, ਕੋਈ ਕਹਿੰਦਾ ਹੈ ਕਿ ਮੂੰਹ ਵਿਚ ਬਾਣੀਆਂ ਪੜ੍ਹੀਆਂ ਸਨ ਆਦਿ-ਆਦਿ। ਵੈਸੇ ਵੀ ਦਸ਼ਮੇਸ਼ ਪਾਤਸ਼ਾਹ ਜੀ ਦੇ ਸਮੇਂ (1708) ਤੱਕ ਦਸਮ ਗ੍ਰੰਥ ਜਾਂ ਬਚਿੱਤਰ ਨਾਟਕ ਦੀ ਹੋਂਦ ਹੀ ਨਹੀਂ ਸੀ। ਸੋ ਇਸ ਮੱਦ ਵਿਚੋਂ ਕੱਚੀਆਂ ਰਚਨਾਵਾਂ ਕੱਢ ਦੇਣੀਆਂ ਚਾਹੀਦੀਆਂ ਹਨ। ਜੋ ਵੀ ਬਾਣੀਆਂ ਲਈਆਂ ਜਾਣ, ਉਹ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ (ਰਾਗਮਾਲਾ ਤੋਂ ਬਗੈਰ) ਵਿਚੋਂ ਹੀ ਲਈਆਂ ਜਾ ਸਕਦੀਆਂ ਹਨ।
(ਹ) ‘ਅੰਮ੍ਰਿਤ ਸੰਸਕਾਰ’ ਸਿਰਲੇਖ ਹੇਠ ਹੀ ਭਾਗ (ਚ) ਵਿਚ ਦਰਜ ਹੈ :
‘‘ਹਰ ਇੱਕ ਬਾਣੀ ਪੜ੍ਹਨ ਵਾਲਾ ਖੱਬਾ ਹੱਥ ਬਾਟੇ ਦੇ ਕੰਢੇ ‘ਤੇ ਧਰੇ ਅਤੇ ਸੱਜੇ ਹੱਥ ਨਾਲ ਖੰਡਾ ਜਲ ਵਿਚ ਫੇਰੀ ਜਾਵੇ। ਸੁਰਤ ਇਕਾਗਰ ਹੋਵੇ। ਬਾਕੀ ਦਿਆਂ (ਪਿਆਰਿਆਂ) ਦੇ ਦੋਵੇਂ ਹੱਥ ਬਾਟੇ ਦੇ ਕੰਢੇ ‘ਤੇ ਅਤੇ ਧਿਆਨ ਅੰਮ੍ਰਿਤ ਵੱਲ ਹੋਵੇ।’’
ਵਿਚਾਰ : ਗੁਰਬਾਣੀ ਕੋਈ ‘ਮੰਤਰ’ ਜੈਸਾ ਅੰਧਵਿਸ਼ਵਾਸ਼ ਨਹੀਂ ਹੈ ਕਿ ਇਹ ਭਰਮ ਪਾਲਿਆ ਜਾਵੇ ਕਿ ਇਸ ਦੇ ਪੜ੍ਹਨ ਨਾਲ ਕੋਈ ਜਲ ‘ਅੰਮ੍ਰਿਤ’ ਬਣ ਜਾਂਦਾ ਹੈ। ਐਸਾ ਮੰਨਣਾ ਬ੍ਰਾਹਮਣਵਾਦ ਹੀ ਹੋ ਸਕਦਾ ਹੈ ਜੋ ਕਿ ਗੁਰਮਤਿ ਸਿਧਾਂਤਾਂ ਦੀ ਖਿਲਾਫਤ ਹੈ। ਗੁਰਬਾਣੀ ਸਮਝਣ ਵਿਚਾਰਨ ਲਈ ਹੈ ਤਾਂ ਕਿ ਗੁਣ ਧਾਰਨ ਕੀਤੇ ਜਾ ਸਕਣ। ਸਮਝਣ ਵਿਚਾਰਨ ਲਈ ਜ਼ਰੂਰੀ ਹੈ ਕਿ ਗੁਰਬਾਣੀ ਨੂੰ ਧਿਆਨ ਲਾ ਕੇ ਪੜ੍ਹਿਆ/ਸੁਣਿਆ ਜਾਵੇ। ਪਰ ਇ¤ਥੇ ਤਾਂ ਗੰਗਾ ਉਲਟੀ ਹੀ ਵੱਗ ਰਹੀ ਹੈ। ਪੜ੍ਹੀ ਜਾ ਰਹੀ ਹੈ ਗੁਰਬਾਣੀ , ਪਰ ਧਿਆਨ ਜਲ (ਅੰਮ੍ਰਿਤ) ਵਿਚ ਲਗਾਉਣ ਦੀ ਹਿਦਾਇਤ ਕੀਤੀ ਗਈ ਹੈ। ਧਿਆਨ ਪੜ੍ਹੀ ਜਾ ਰਹੀ ਬਾਣੀ ਵਿਚ ਕਿਉਂ ਨਾ ਹੋਵੇ?ਪਰ ਜੇ ਧਿਆਨ ਗੁਰਬਾਣੀ (ਦੇ ਸਮਝਣ) ਵਿਚ ਲਾ ਦਿੱਤਾ ਤਾਂ ਖਤਰਾ ਹੈ (ਸੱਚ ਸਮਝਣ ਵਾਲਿਆਂ) ਨੂੰ ਪਤਾ ਲੱਗ ਸਕਦਾ ਹੈ ਕਿ ਪੜ੍ਹੀਆਂ ਜਾ ਰਹੀਆਂ ਬਾਣੀਆਂ ਸਿਧਾਂਤਕ ਤੌਰ ਉੱਤੇ ਦੋਗਲੇਪਨ ਵਾਲੀਆਂ ਸਾਬਿਤ ਹੋ ਜਾਣਗੀਆਂ। ਕਿਉਂਕਿ ਇਸ ਵਿਚ ਕੁੱਝ ਰਚਨਾਵਾਂ ਕੱਚੀਆਂ (ਗੁਰਮਤਿ ਤੋਂ ਉਲਟ) ਹਨ। ਸ਼ਾਇਦ ਇਸੇ ਕਰਕੇ ਹਿਦਾਇਤ ਹੈ ਕਿ ਧਿਆਨ ਜਲ ਵਿਚ ਹੋਵੇ ਅਤੇ ਤੋਤਾ ਰਟਨੀ ਵਾਂਗੂ (ਬਿਨਾ ਸਮਝੇ ਵਿਚਾਰੇ) ਪੜ੍ਹੀ/ਸੁਣੀ ਜਾਵੇ।
ਇਸ ਮੱਦ ਵਿਚ ਬਦਲਾਅ ਕਰ ਕੇ ਲਿਖਿਆ ਜਾ ਸਕਦਾ ਹੈ ਕਿ :
‘‘ਧਿਆਨ ਪੜ੍ਹੀ ਜਾ ਰਹੀ ਗੁਰਬਾਣੀ ਵਿਚ ਹੋਵੇ।’’
(ਕ) ‘ਅੰਮ੍ਰਿਤ ਸੰਸਕਾਰ’ ਸਿਰਲੇਖ ਹੇਠ ਹੀ ਭਾਗ (ਝ) ਵਿਚ ਦਰਜ ਹੈ :
‘‘ਹੁਣ ਸ਼੍ਰੀ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ ਧਿਆਨ ਧਰ ਕੇ ਹਰ ਇੱਕ ਅੰਮ੍ਰਿਤ ਛਕਣ ਵਾਲੇ ਨੂੰ...’’
ਵਿਚਾਰ : ਪਹਿਲੇ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਦਸਵੇਂ ਨਾਨਕ (ਜਾਮੇ) ਵਿਚੋਂ ਕਿਸੇ ਨੇ ਵੀ ਸਾਨੂੰ ਆਪਣੇ ਨਾਲ ਨਹੀਂ ਜੋੜਿਆ। ਫੇਰ ਧਿਆਨ ‘ਅਕਾਲ ਪੁਰਖ’ ਦਾ ਕਿਉਂ ਨਾ ਕੀਤਾ ਜਾਵੇ? ਇਸਾਈ ਕਹਿੰਦੇ ਹਨ ਕਿ ਜੇ ਈਸਾ ਜੀ ‘ਤੇ ਇਮਾਨ ਲਿਆਉਗੇ ਤਾਂ ਹੀ ਮੁਕਤਿ ਹੋਵੋਗੇ। ਇਸਲਾਮ ਕਹਿੰਦਾ ਹੈ ਕਿ ਜੇ ਮੁਹੰਮਦ ਸਾਹਿਬ ਵਿਚ ਵਿਸ਼ਵਾਸ਼ ਲਿਆਉਗੇ ਤਾਂ ਹੀ ਮੁਕਤਿ ਹੋਵੋਗੇ। ਇਸੇ ਨਕਲ ਉੱਤੇ ਅਸੀਂ ਦਸ਼ਮੇਸ਼ ਜੀ ਦਾ ਧਿਆਨ ਧਰਨ ਦੀ ਗੱਲ ਕਰ ਰਹੇ ਹਾਂ। ਅਸੀਂ ਉਸ ਦੇ ਲੜ ਲਗੀਏ ਜਿਸ ਦੇ ਲੜ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਲਗਾਇਆ ਸੀ, ਉਹ ਹੈ ਇੱਕ ਅਕਾਲ ਪੁਰਖ (ਸੱਚ)। ਜੇ ਅਸੀਂ ਵੀ ਬਾਕੀ ਮਤਾਂ ਵਾਂਗੂੰ ਹੀ ਕਰਨਾ ਹੈ ਤਾਂ ਸਾਡੀ ਵਿਲੱਖਣਤਾ ਕਿਵੇਂ ਰਹਿ ਸਕਦੀ ਹੈ ? ਸੋ ਲੋੜ ਹੈ ਇਸ ਮੱਦ ਦੀ ਸ਼ਬਦਾਵਲੀ ਬਦਲ ਕੇ ਕੁੱਝ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ:
‘‘ਅਕਾਲ ਪੁਰਖ ਦਾ ਧਿਆਨ ਧਰ ਕੇ ਹਰ ਇੱਕ ਖੰਡੇ ਦੀ ਪਾਹੁਲ ਲੈਣ ਵਾਲੇ ਨੂੰ...’’
(ਖ) ‘ਅੰਮ੍ਰਿਤ ਸੰਸਕਾਰ’ ਦੇ ਭਾਗ (ਝ) ਵਿਚ ਹੀ ਦਰਜ ਹੈ :
‘‘ਫੇਰ ਪੰਜ ਛਿੱਟੇ ਅੰਮ੍ਰਿਤ ਦੇ ਨੇਤਰਾਂ ‘ਪਰ ਲਾਏ ਜਾਣ। ਫੇਰ ਪੰਜ ਛਿੱਟੇ ਕੇਸਾਂ ਵਿਚ ਪਾਏ ਜਾਣ।’’
ਵਿਚਾਰ : ਜੇ ਨੇਤਰ ਅਤੇ ਕੇਸ ਸਰੀਰ ਦੇ ਬਾਕੀ ਅੰਗਾਂ ਨਾਲੋਂ ਕੁੱਝ ਜ਼ਿਆਦਾ ਮਹੱਤਵ ਰੱਖਦੇ ਹਨ ਤਾਂ ਗੁਰਮਤਿ ਐਸਾ ਨਹੀਂ ਮੰਨਦੀ। ਸਰੀਰ ਦੇ ਹਰ ਅੰਗ ਦਾ ਆਪਣਾ ਇੱਕ ਮਕਸਦ ਹੈ। ਜਾਂ ਫਿਰ ਨੇਤਰ ਜਾਂ ਕੇਸ ਹੀ ‘ਅਪਵਿੱਤਰ’ ਹੁੰਦੇ ਹਨ, ਜਿਨ੍ਹਾਂ ਨੂੰ ‘ਅੰਮ੍ਰਿਤ’ ਪਾ ਕੇ ‘ਪਵਿੱਤਰ’ ਕਰਨ ਦੀ ਲੋੜ ਹੈ? ਇਨ੍ਹਾਂ ਪਿੱਛੇ ਕੋਈ ਦਲੀਲ ਨਹੀਂ ਦਿੱਤੀ ਦਾ ਸਕਦੀ, ਕੋਈ ਕਾਰਨ ਨਹੀਂ ਦੱਸਿਆ ਜਾ ਸਕਦਾ। ਬੱਸ ਇੱਕ ਵਾਰ ਸ਼ੁਰੂ ਕਰ ਦਿੱਤਾ ਅਤੇ ਹੁਣ ਚੱਲ ਸੋ ਚੱਲ ਹੀ ਹੈ। ਵੈਸੇ ਵੀ ਮਿੱਠਾ ਜਲ ਕੇਸਾਂ ਆਦਿ ਉ¤ਪਰ ਪਾ ਕੇ ਚਿੱਪ-ਚਿੱਪ ਕਰਦਾ ਹੈ, ਜਿਸ ਨਾਲ ਅਸਹਿਜ ਮਹਿਸੂਸ ਹੁੰਦਾ ਹੈ।
ਇਸ ਮੱਦ ਦਾ ਵੀ ਕੋਈ ਗੁਰਮਤਿ ਸਿਧਾਂਤ ਨਹੀਂ ਜਾਪਦਾ। ਸੋ ਇਸ ਵਿਚ ਸੋਧ ਕਰਕੇ ਇੰਨਾ ਲਿਖਿਆ ਜਾ ਸਕਦਾ ਹੈ :
‘‘ਹਰ ਸਿੱਖ (ਜੋ ਉੱਥੇ ਖੰਡੇ ਦੀ ਪਾਹੁਲ ਲੈਣ ਆਇਆ ਹੈ) ਨੂੰ ਖੰਡੇ ਦੀ ਪਾਹੁਲ ਦੇ ਚੁੱਲੇ ਛਕਾਏ ਜਾਣ’’
(ਗ) ‘ਅੰਮ੍ਰਿਤ ਸੰਸਕਾਰ’ ਦੇ ਸਿਰਲੇਖ ਹੇਠ ਹੀ ਭਾਗ (ਞ) ਵਿਚ ਦਰਜ ਹੈ :
‘‘ਉਪਰੰਤ ਪੰਜ ਪਿਆਰੇ ਰਲ ਕੇ ਇੱਕੋ ਆਵਾਜ਼ ਨਾਲ ‘ਅੰਮ੍ਰਿਤ’ ਛਕਣ ਵਾਲਿਆਂ ਨੂੰ ‘ਵਾਹਿਗੁਰੂ’ ਦਾ ਨਾਮ ਦੱਸ ਕੇ ‘ਮੂਲ ਮੰਤ੍ਰ’ ਸੁਣਾੳਣ ਤੇ ਉਨ੍ਹਾਂ ਪਾਸੋਂ ਇਸ ਦਾ ਰਟਨ ਕਰਾਉਣ’’
ਵਿਚਾਰ : ਜਿਵੇਂ ‘ਸੰਸਕਾਰ’ ਲਫਜ਼ ਵਿਚੋਂ ਬ੍ਰਾਹਮਣਵਾਦ ਦੀ ਸਪਸ਼ਟ ਝਲਕ ਪੈਂਦੀ ਹੈ, ਇਵੇਂ ਹੀ ‘ਮੰਤਰ’ ਲਫਜ਼ ਵੀ ਬ੍ਰਾਹਮਣੀ ਵਿਚਾਰਧਾਰਾ ਦਾ ਹੀ ਲਿਖਾਇਕ ਹੈ। ਪਰ ਸਿੱਖਾਂ ਵਿਚ ਬ੍ਰਾਹਮਣਵਾਦੀ ਪ੍ਰਭਾਵ ਹੇਠ ਇਹ ਗਲਤ ਧਾਰਨਾਵਾਂ ਪ੍ਰਚਲਿਤ ਹੋ ਗਈਆਂ ਹਨ। ਅਕਾਲ ਪੁਰਖ ਦੇ ਇੱਕ ਨਾਂ ‘ਵਾਹਿਗੁਰੂ’ ਨੂੰ ‘ਗੁਰਮੰਤਰ’ ਪ੍ਰਚਾਰਿਆ ਜਾ ਰਿਹਾ ਹੈ। ਇਸੇ ਤਰ੍ਹਾਂ ‘ਮੰਗਲਾਚਰਣ’ ਨੂੰ ਗਲਤ ਨਾਂ ਦੇ ਕੇ ‘ਮੂਲ ਮੰਤਰ’ ਦੱਸਿਆ ਜਾ ਰਿਹਾ ਹੈ। ਪਰ ਗੁਰਬਾਣੀ ਜਿਸ ‘ਨਾਮ’ ਦੀ ਵਾਰ-ਵਾਰ ਪ੍ਰੋੜਤਾ ਕਰਦੀ ਹੈ, ਉਸ ਦਾ ਭਾਵ ਹੈ ‘ਸੱਚ ਦਾ ਗਿਆਨ’, ਨਾ ਕਿ ਪ੍ਰਮਾਤਮਾ ਦੇ ਕਿਸੇ ਨਾਂ ਦਾ ਲਫਜ਼। ਗੁਰਬਾਣੀ ਵਿਚ ਤਾਂ ਪ੍ਰਮਾਤਮਾ ਨੂੰ ਮੁਰਾਰੀ, ਗੋਪਾਲ, ਹਰੀ, ਅੱਲਾ, ਰਹੀਮ, ਰਾਮ, ਬੀਠਲ, ਠਾਕੁਰ ਆਦਿ ਕਈ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ। ਤਾਂ ਫਿਰ ਕਿਸ ਕਿਸ ਅੱਖਰ ਦਾ ਰਟਨ ਕੀਤਾ ਜਾਵੇ? ‘ਨਾਮ’ ਦੇ ਗੁਰਮਤਿ ਅਨੁਸਾਰੀ ਭਾਵ ਨੂੰ ਸਮਝਣ ਦੀ ਲੋੜ ਹੈ। ਇਸ ਮੱਦ ਵਿਚ ਅੱਗੇ ਫਿਰ ‘ਸਮਝਣ-ਵਿਚਾਰਨ’ ਕੋਈ ਵੀ ਸੇਧ ਨਹੀਂ ਦਿੱਤੀ ਗਈ। ਬਲਕਿ ਸਿਰਫ ਰਟਨ ਦੀ ਹੀ ਸੇਧ ਦਿੱਤੀ ਗਈ ਹੈ। ਫਿਰ ਫਤਵੇ ਜਾਰੀ ਕੀਤੇ ਜਾ ਰਹੇ ਹਨ ਕਿ ਇਸ ‘ਸਿੱਖ ਰਹਿਤ ਮਰਿਆਦਾ’ ਦੇ ਖਿਲਾਫ ਜੋ ਵੀ ਬੋਲੇਗਾ ਉਸ ਨੂੰ ਨਾਸਤਿਕ ਅਤੇ ਅਸ਼ਰਧਕ ਐਲਾਨ ਦਿੱਤਾ ਜਾਵੇਗਾ।
ਇਸ ਮੱਦ ਦੀ ਸ਼ਬਦਾਵਲੀ ਬਹੁਤ ਹੀ ਗੈਰ-ਸਿਧਾਂਤਕ ਜਾਪਦੀ ਹੈ। ਇਸ ਲਈ ਇਸ ਵਿਚ ਸੋਧ ਕਰਕੇ ਹੇਠ ਲਿਖੇ ਅਨੁਸਾਰ ਕੀਤੀ ਜਾ ਸਕਦੀ ਹੈ।
‘‘ਉਪਰੰਤ ਪੰਜ ਪਿਆਰੇ ‘ਪਾਹੁਲਧਾਰੀਆਂ’ ਕੋਲੋਂ ਗੁਰਬਾਣੀ ਗਿਆਨ ਅਨੁਸਾਰ ਜੀਵਨ ਬਣਾਉਣ ਦਾ ਪ੍ਰਣ ਲੈਣ’’
(ਸ) ‘ਅੰਮ੍ਰਿਤ ਸੰਸਕਾਰ’ ਸਿਰਲੇਖ ਹੇਠ ਹੀ ਭਾਗ (ਟ) ਵਿਚ ਦਰਜ ਹੈ :
‘‘ਤੁਹਾਡਾ ਧਾਰਮਿਕ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ’’
ਵਿਚਾਰ : ਬਚਿੱਤਰ ਨਾਟਕ (ਸਾਜਸ਼ੀ ਨਾਂ ਦਸਮ ਗ੍ਰੰਥ) ਵਾਂਗੂੰ ਇਸ ਮੱਦ ਦਾ ਵੀ ਇੱਕ ਵੱਡਾ ਕਾਰਨ ਦਸਮੇਸ਼ ਪਾਤਸ਼ਾਹ ਜੀ ਨੂੰ ਨਾਨਕ ਵਿਚਾਰਧਾਰਕ ਜੋਤ ਤੋਂ ਅਲੱਗ ਜੋਤ ਵਿਖਾਉਣਾ ਜਾਂ ਪ੍ਰਚਾਰਨਾ ਹੀ ਲਗਦਾ ਹੈ। ਸੱਭ ਦੇ ਦੁਨਿਆਵੀ ਮਾਤਾ-ਪਿਤਾ ਹੁੰਦੇ ਹਨ, ਜਿਸ ਦੀ ਅਸੀਂ ‘ਬਿੰਦੀ’ ਸੰਤਾਨ ਹੁੰਦੇ ਹਾਂ। ਆਤਮਿਕ ਮਾਤਾ-ਪਿਤਾ ਬਾਰੇ ਗੁਰਬਾਣੀ ‘ਪ੍ਰਮਾਤਮਾ’ ਨੂੰ ਸੰਬੋਧਨ ਕਰਦੇ ਹੋਏ ਸਮਝਾਉਂਦੀ ਹੈ :
‘‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’’
ਵੈਸੇ ਵੀ ਸਿੱਖ ਧਰਮ ਦੀ ਸ਼ੁਰੂਆਤ ਨਾਨਕ ਪਾਤਸ਼ਾਹ ਜੀ ਤੋਂ ਹੋਈ ਸੀ। ਜੇ ਉਸ ਨਜ਼ਰੀਏ ਤੋਂ ਵੀ ਵੇਖੀਏ ਤਾਂ ਸਾਡੇ ਧਾਰਮਿਕ ਪਿਤਾ ‘ਨਾਨਕ ਪਾਤਸ਼ਾਹ ਜੀ’ ਅਤੇ ਧਾਰਮਿਕ ਮਾਤਾ ‘ਮਾਤਾ ਤ੍ਰਿਪਤਾ ਜੀ’ ਹੀ ਹੋ ਸਕਦੇ ਹਨ।
ਦਸਮੇਸ਼ ਪਾਤਸ਼ਾਹ ਜੀ ਅਤੇ ਸਾਹਿਬ ਕੌਰ ਜੀ ਨੂੰ ਧਾਰਮਿਕ ਮਾਤਾ-ਪਿਤਾ ਪ੍ਰਚਾਰਨਾ ਕਿਸੇ ਤਰ੍ਹਾਂ ਵੀ ਸਿਧਾਤਕ ਅਤੇ ਦਲੀਲ ਯੁਕਤ ਨਹੀਂ ਜਾਪਦਾ। ਬਲਕਿ ਇੱਕ ਤਰੀਕੇ ਨਾਲ ਦਸਮੇਸ਼ ਜੀ ਨੂੰ ਨਾਨਕ (ਵਿਚਾਰਧਾਰਕ) ਜੋਤ ਤੋਂ ਅਲੱਗ ਸਮਝਣ ਵਾਲਾ ਇੱਕ ਕੌਝਾ ਯਤਨ ਹੈ। ਸੋ ਇਸ ਮੱਦ ਵਿਚ ਦਲੀਲ ਯੁਕਤ ਸਿਧਾਂਤਕ ਸੋਧ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਅੱਗੇ ਇਸੇ ਮੱਦ ਵਿਚ ‘ਨਿਤਨੇਮ ਦੀਆਂ ਬਾਣੀਆਂ’ ਦਾ ਜ਼ਿਕਰ ਹੈ, ਜਿਸ ਬਾਰੇ ਅਸੀਂ ਪਹਿਲਾਂ ਹੀ ਵਿਚਾਰ ਚੁੱਕੇ ਹਾਂ।
(ਚ) ‘ਅੰਮ੍ਰਿਤ ਸੰਸਕਾਰ’ ਦੇ ਸਿਰਲੇਖ ਹੇਠ ਹੀ ਭਾਗ (ਟ) ਵਿਚ ਹੀ ਦਰਜ ਕੀਤੀਆਂ ‘ਚਾਰ ਕੁਰਹਿਤਾਂ’ ਹਨ। ਉਨ੍ਹਾਂ ਦੀ ਵੀ ਕੁੱਝ ਵਿਚਾਰ ਕਰਨੀ ਲਾਹੇਵੰਦ ਰਹੇਗੀ।
(1) ਪਹਿਲੀ ਬਜਰ ਕੁਰਹਿਤ ਹੈ : ਕੇਸਾਂ ਦੀ ਬੇਅਦਬੀ।
ਇੱਥੇ ਕੇਸਾਂ ਦੀ ਬੇਅਦਬੀ ਦਾ ਭਾਵ ਜ਼ਰੂਰ ਸਪਸ਼ਟ ਹੋਣਾ ਚਾਹੀਦਾ ਹੈ। ਦੂਜੀ ਤਰਫ ਜੇ ਬੀਮਾਰੀ ਕਾਰਨ (ਓਪਰੇਸ਼ਨ ਆਦਿ) ਵੇਲੇ ਕੇਸ ਕਟਾਉਣੇ ਜ਼ਰੂਰੀ ਹੋ ਜਾਣ ਤਾਂ ਉਸ ਹਾਲਤ ਵਿਚ ਕੀ ਹਿਦਾਇਤ ਹੈ, ਇਹ ਵੀ ਸਪਸ਼ਟ ਕਰਨਾ ਬਹੁਤ ਜ਼ਰੂਰੀ ਹੈ।
(2) ਦੂਜੀ ਬਜਰ ਕੁਰਹਿਤ ਹੈ : ਕੁੱਠਾ ਖਾਣਾ।
ਇਸ ਦੀ ਵਿਆਖਿਆ ਵਿਚ ਲਿਖਿਆ ਹੈ ਕਿ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਮਾਸ (ਹਲਾਲ) ਜੋ ਕਲਮਾਂ ਆਦਿ ਪੜ੍ਹ ਕੇ ਕੀਤਾ ਜਾਂਦਾ ਹੈ। ਮੁਗਲਾਂ ਦੇ ਸਮੇਂ ਸਾਰਿਆਂ ਨੂੰ ਜ਼ਬਰਦਸਤੀ ਸਿਰਫ ਕੁੱਠਾ (ਹਲਾਲ ਮਾਸ) ਖਾਣ ਲਈ ਮਜਬੂਰ ਕੀਤਾ ਜਾਂਦਾ ਸੀ ਤਾਂ ਕਿ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਸਕੇ। ਕੁੱਠੇ ਮਾਸ ਨੂੰ ਵਰਜਿਤ ਕਰਕੇ ਦਸਮੇਸ਼ ਜੀ ਨੇ ਇਹ ਸੁਨੇਹਾ ਦਿੱਤਾ ਸੀ ਕਿ ਅਸੀਂ ਆਜ਼ਾਦ ਹਾਂ, ਕਿਸੇ ਦੇ ਗੁਲਾਮ ਨਹੀਂ। ਪਰ ਅੱਜ ਦੇ ਜ਼ਮਾਨੇ ਵਿਚ ਵੈਸੇ ਵੀ ਕੋਈ ਜ਼ਬਰਦਸਤੀ ਵਾਲੇ ਹਾਲਾਤ ਨਹੀਂ ਹਨ। ਦੂਜੇ ਪਾਸੇ ਬ੍ਰਾਹਮਣੀ ਮੱਤ ਵਿਚ ਵੀ ਜਾਨਵਰਾਂ ਨੂੰ ਧਰਮ ਦੇ ਨਾਂ ਉ¤ਤੇ (ਬਲੀ) ਮਾਰਿਆ ਜਾਂਦਾ ਹੈ। ਇਸੇ ਤਰਜ਼ ਉ¤ਤੇ ਕੁੱਝ ਮਨਮਤੀ ਸਿੱਖ ਵੀ ਇੱਕ ਦੋ ਥਾਂਵਾਂ ‘ਤੇ ਇਹੋ ਜਿਹੀਆਂ ਮਨਮਤਾਂ ਕਰ ਰਹੇ ਹਨ ਜਿਵੇਂ ਹਜ਼ੂਰ ਸਾਹਿਬ ਵਿਖੇ ਆਦਿ। ਸੋ ਸਮੇਂ ਦੀ ਲੋੜ ਅਨੁਸਾਰ ਕੁੱਠੇ ਦੀ ਪਰਿਭਾਸ਼ਾ ਦਾ ਥੋੜਾ ਹੋਰ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ। ਜੋ ਕਿ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ :
‘‘ਕੁੱਠਾ ਮਾਸ ਤੋਂ ਭਾਵ ਉਸ ਮਾਸ ਤੋਂ ਹੈ ਜੋ ਜੀਵ ਨੂੰ ਧਰਮ ਦੇ ਨਾਂ ਉ¤ਤੇ ਜਾਂ ਧਾਰਮਿਕ ਰਸਮਾਂ ਨਾਲ ਮਾਰ ਕੇ ਤਿਆਰ ਕੀਤਾ ਜਾਂਦਾ ਹੈ।’’
ਇਸ ਵਿਚ ਬ੍ਰਾਹਮਣੀ ਮੱਤ ਦੀ ਬਲੀ ਆਦਿ ਵੀ ਆ ਜਾਂਦੇ ਹਨ।
(3) ਤੀਜੀ ਬਜਰ ਕੁਰਹਿਤ ਹੈ : ਪਰ-ਇਸਤ੍ਰੀ ਜਾਂ ਪਰ-ਪੁਰਸ਼ ਦਾ ਗਮਨ (ਭੋਗਣਾ)। ਇਹ ਤੀਜੀ ਕੁਰਹਿਤ ਵਾਲੀ ਮੱਦ ਸਪਸ਼ਟ ਸੇਧ ਦਿੰਦੀ ਹੈ।
(4) ਚੌਥੀ ਬਜਰ ਕੁਰਹਿਤ ਹੈ : ਤਮਾਕੂ ਦਾ ਵਰਤਣਾ। ਇਸ ਬਜਰ ਕੁਰਹਿਤ ਦਾ ਵੀ ਦਾਇਰਾ ਵਧਾ ਕੇ ਕੁੱਝ ਇਸ ਤਰ੍ਹਾਂ ਲਿਖਣਾ ਚਾਹੀਦਾ ਹੈ :
‘‘ਤਮਾਕੂ ਸਮੇਤ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਕਰਨਾ।’’
ਨਹੀਂ ਤਾਂ ਅੱਜ ਕੁੱਝ ਮਨਮਤੀ ਸੰਪਰਦਾਵਾਂ ਇੱਕ ਨਸ਼ੇ ‘ਭੰਗ ਅਤੇ ਸੁੱਖਾ’ ਨੂੰ ਸਿੱਖ ਧਰਮ ਦਾ ਹਿੱਸਾ ਦੱਸ ਰਹੇ ਹਨ।
(ਛ) ‘ਅੰਮ੍ਰਿਤ ਸੰਸਕਾਰ’ ਸਿਰਲੇਖ ਹੇਠ ਹੀ ਭਾਗ (ਢ) ਵਿਚ ਦਰਜ ਹੈ :
‘‘ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਉਨ੍ਹਾਂ ਵਿਚੋਂ ਜੇ ਕਿਸੇ ਦਾ ਨਾਮ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਰੱਖਿਆ ਹੋਇਆ ਤਾਂ ਉਸ ਦਾ ਨਾਮ ਹੁਣ ਬਦਲ ਕੇ ਰੱਖਿਆ ਜਾਵੇ’’
ਵਿਚਾਰ : ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੇ ਪਹਿਲੇ ਅੱਖਰ ਤੋਂ ਨਾਮ ਰੱਖਣ ਦੀ ਰਸਮ ਬਾਰੇ ਪਹਿਲਾਂ
ਵਿਚਾਰ ਚੁੱਕੇ ਹਾਂ, ਉਹੀ ਸਿਧਾਂਤ ਇੱਥੇ ਵੀ ਲਾਗੂ ਹੋਣਾ ਚਾਹੀਦਾ ਹੈ। ਭਾਵ ਨਾਮ ਪਿੱਛੇ ‘ਸਿੰਘ ਜਾਂ
ਕੌਰ’ ਹੋਣਾ ਹੀ ਜ਼ਰੂਰੀ ਹੈ। ਬਾਕੀ ਨਾਮ ਬਦਲਣ ਦੀ ਲੋੜ ਨਹੀਂ। ਇਸ ਨਾਲ ਕਾਨੂੰਨੀ ਕਠਿਨਾਈਆਂ ਵੀ
ਖੜੀਆਂ ਹੋ ਸਕਦੀਆਂ ਹਨ।
ਹਾਂ, ਇਹ ਜ਼ਰੂਰ ਪ੍ਰਣ ਲਿਆ ਜਾਵੇ ਕਿ ਕੋਈ ਵੀ ਨਾਮ ਪਿੱਛੇ ਜਾਤ, ਬਿਰਾਦਰੀ, ਗੋਤ ਆਦਿਕ ਸੂਚਕ ਸ਼ਬਦ
ਨਹੀਂ ਲਗਾਏਗਾ।
(20) (ੳ) ‘ਤਨਖਾਹ ਲਾਉਣ ਦੀ ਵਿਧੀ’ ਸਿਰਲੇਖ ਹੇਠ ਭਾਗ (ੳ) ਅਤੇ (ਅ) ਵਿਚ ‘ਗੁਰ ਸੰਗਤ’ ਲਫਜ਼ ਵਰਤੇ ਗਏ ਹਨ।
ਵਿਚਾਰ : ‘ਗੁਰੂ ਪੰਥ’ ਲਫਜ਼ ਦੀ ਵਿਚਾਰ ਵਿਚ ਅਸੀਂ ਸਿਧਾਂਤ ਸਮਝਿਆ ਸੀ ਕਿ ਗੁਰੂ ਸਿਰਫ ਇੱਕ ਹੀ ਹੈ,
ਉਹ ਹੈ ‘ਸੱਚ ਦਾ ਗਿਆਨ’ (ਗੁਰੂ ਗ੍ਰੰਥ ਸਾਹਿਬ ਜੀ)। ਪਰ ਇੱਥੇ ਇੱਕ ਹੋਰ ਗੁਰੂ ਦੇ ਦਰਸ਼ਨ ‘ਗੁਰ
ਸੰਗਤ’ ਦੇ ਰੂਪ ਵਿਚ ਹੋ ਰਹੇ ਹਨ। ਜ਼ਿਆਦਾ ਪ੍ਰਚਾਰਕ ਵੀ ਇਹੀ ਦੁਹਰਾਈ ਜਾ ਰਹੇ ਹਨ ਕਿ ‘ਗੁਰੂ ਰੂਪ
ਸੰਗਤ ਜੀ’। ਇਹ ਸਿਧਾਂਤਕ ਤੌਰ ‘ਤੇ ਠੀਕ ਨਹੀਂ ਹੈ। ਐਸੀ ਸੰਗਤ (ਜਿਸ ਸੰਗਤ ਨੂੰ ਕੁੱਝ ਦੇਰ ਪਹਿਲਾਂ
ਪ੍ਰਚਾਰਕ ‘ਗੁਰੂ’ ਹੋਣ ਦਾ ਦਰਜਾ ਦੇ ਰਹੇ ਸਨ) ਆਪਸ ਵਿਚ ਇੱਕ-ਦੂਜੇ ਦੀਆਂ ਦਸਤਾਰਾਂ ਲਾਹੁੰਦੇ,
ਗਾਲੀ-ਗਲੌਚ
ਕਰਦੇ, ਕ੍ਰਿਪਾਨਾ ਧੂੰਹਦੇ ਅਸੀਂ ਆਮ ਵੇਖ ਸਕਦੇ ਹਾਂ। ਅਸੀਂ ਸਾਰੇ ਭੁੱਲਣਹਾਰ ਹਾਂ (ਸਮੇਤ ਸੰਗਤ
ਦੇ)। ਇਸ ਕਰਕੇ ‘ਗੁਰੂ’ ਨਹੀਂ ਹੋ ਸਕਦੇ। ਇਹ ਸਿਰਫ ਆਪਣੀ ਹਉਮੈ ਨੂੰ ਹੀ ਵਧਾਉਣ ਵਾਲੀ ਗੱਲ ਹੈ।
ਇੱਥੇ ਸਪਸ਼ਟ ‘ਗੁਰੂ ਦੀ ਸੰਗਤ’ ਜਾਂ ਸਿਰਫ ‘ਸੰਗਤ’ ਲਫਜ਼ ਹੀ ਵਰਤਣੇ ਯੋਗ ਹੋ ਸਕਦੇ ਹਨ। ਸੋ ਇੱਥੇ ਸੋਧ ਕਰਨੀ ਜ਼ਰੂਰੀ ਹੈ। ਪਰ ਅਸੀਂ ਤਾਂ ਦਸਮੇਸ਼ ਪਾਤਸ਼ਾਹ ਜੀ ਨੂੰ ਆਪਣਾ ਚੇਲਾ (ਆਪੇ ਗੁਰ ਚੇਲਾ) ਦਰਸਾਉਣ ਲਈ ਤੱਤਪਰ ਰਹਿੰਦੇ ਹਾਂ। ਪ੍ਰਮਾਤਮਾ ਸੱਭ ਨੂੰ ਸੁਮੱਤ ਬਖਸ਼ੇ।
(21) (ੳ) ‘ਗੁਰਮਤਾ ਕਰਨ ਦੀ ਵਿਧੀ’ ਸਿਰਲੇਖ ਹੇਠ ਭਾਗ (ਅ) ਵਿਚ ‘ਗੁਰੂ ਪੰਥ’ ਲਫਜ਼ ਵਰਤਿਆ ਗਿਆ
ਹੈ। ਪਹਿਲਾਂ ਕੀਤੀ ਵਿਚਾਰ ਅਨੁਸਾਰ ਇਸ ਵਿਚ ਵੀ ਸੋਧ ਹੋਣੀ ਚਾਹੀਦੀ ਹੈ।
ਇੰਨਾਂ ਵਿਸਥਾਰ ਸਹਿਤ ਵਿਚਾਰ ਕਰਨ ਉਪਰੰਤ ਸੱਚ ਨੂੰ ਸਮਝਣ ਦੀ ਚਾਹ ਰੱਖਣ ਵਾਲੇ (ਗੁਰੂ ਦੇ) ਸਿੱਖਾਂ
ਨੂੰ ਸਪਸ਼ਟ ਹੋ ਗਿਆ ਹੋਵੇਗਾ ਕਿ ‘ਪੰਥ’ ਪ੍ਰਵਾਣਿਤ (ਮੋਜੂਦਾ) ਸਿੱਖ ਰਹਿਤ ਮਰਿਆਦਾ ਵਿਚ ਕਈਂ
ਸਿਧਾਂਤਕ ਕਮਜ਼ੋਰੀਆਂ ਹਨ। ਘੱਟੋ-ਘੱਟ 70 ਨੁਕਤੇ (ਕਮੀਆਂ) ਤਾਂ ਅਸੀਂ ਗੁਰਮਤਿ ਅਨੁਸਾਰ ਦਲੀਲਾਂ ਨਾਲ
ਵਿਚਾਰ ਚੁੱਕੇ ਹਾਂ। ਜੇ ਅਸੀਂ ਆਪਣੇ ਆਪ ਨੂੰ ਨਿਰੋਲ ਨਾਨਕਵਾਦ (ਬ੍ਰਾਹਮਣਵਾਦ ਦੇ ਪ੍ਰਭਾਵ ਤੋਂ
ਪੂਰੀ ਤਰ੍ਹਾਂ ਮੁਕਤਿ) ਦਾ ਸਿੱਖ ਮੰਨਦੇ ਹਾਂ ਤਾਂ ਸਾਨੂੰ ਆਪਣੀ ਰਹਿਤ ਮਰਿਆਦਾ ਵਿਚ ਰਹਿ ਚੁੱਕੀਆਂ
ਗਲਤੀਆਂ ਨੂੰ ਸੁਧਾਰਨ ਵਿਚ ਤੱਤਪਰ ਹੋ ਜਾਣਾ ਚਾਹੀਦਾ ਹੈ। ਗਲਤੀ ਹੋਣਾ ਕੋਈ ਵੱਡੀ ਗੱਲ ਨਹੀਂ ਹੈ,
ਉਸ ਨੂੰ ‘ਸਹੀ’ ਨਾ ਕਰਨ ਉੱਤੇ ਅੜੇ ਰਹਿਣਾ ਕੋਈ ਸਿਆਣਪ ਵਾਲੀ ਗੱਲ ਨਹੀਂ। ਜੇ ਅਸੀਂ ਸਿੱਖ ਧਰਮ ਨੂੰ
ਪੂਰੀ ਮਾਨਵਤਾ ਦੇ ਭਲੇ ਲਈ ਪ੍ਰਚਾਰਨਾ ਚਾਹੁੰਦੇ ਹਾਂ ਤਾਂ ਸਾਡੀ ਵਿਚਾਰਧਾਰਾ ਪੂਰੀ ਤਰ੍ਹਾਂ ‘ਨਿਰੋਲ
ਨਾਨਕਵਾਦ’ ‘ਤੇ ਆਧਾਰਿਤ ਹੋਣੀ ਚਾਹੀਦੀ ਹੈ। ਕਿਉਂਕਿ ਇਹੀ ਵਿਚਾਰਧਾਰਾ ਹੀ ‘ਸੱਚ ਦਾ ਗਿਆਨ’ ਹੈ। ਇਸ
ਲਈ ਮਾਨਵਤਾ ਅਤੇ ਕੌਮ ਦਾ ਭਲਾ ਚਾਹੁਣ ਵਾਲੇ (ਨਾਨਕਵਾਦ ਦੇ ਆਸ਼ਿਕਾਂ) ਦੇ ਚਰਨਾਂ ਵਿਚ ਬੇਨਤੀ ਹੈ ਕਿ
ਆਓ ਅਸੀਂ ‘ਸਿੱਖ ਜੀਵਨ ਜਾਚ’(ਪ੍ਰਚਲਿਤ ਨਾਮ ‘ਸਿੱਖ ਰਹਿਤ ਮਰਿਆਦਾ’) ਨੂੰ ਨਿਰੋਲ ‘ਗੁਰੂ ਗ੍ਰੰਥ
ਸਾਹਿਬ ਜੀ’ ‘ਤੇ ਆਧਾਰਿਤ ਬਣਾਉਣ ਲਈ ਉਪਰਾਲੇ ਕਰੀਏ। ਸਭ ਤੋਂ ਪਹਿਲਾਂ ਇਸ ਦਾ ਨਾਮ ਬਦਲ ਕੇ ‘ਸਿੱਖ
ਰਹਿਤ ਮਰਿਆਦਾ’ ਤੋਂ ‘ਸਿੱਖ ਜੀਵਨ ਜਾਚ’ ਕਰ ਸਕੀਏ। ਕਿਉਂਕਿ ‘ਮਰਿਆਦਾ’ ਲਫਜ਼ ਵਿਚੋਂ ਬ੍ਰਾਹਮਣਵਾਦ,
ਪੁਜਾਰੀਵਾਦ (ਗੁਰਮਤਿ ਵਿਰੋਧੀ ਵਿਚਾਰਧਾਰਾਵਾਂ) ਦਾ ਪ੍ਰਭਾਵ ਪੈਂਦਾ ਹੈ। ਇਸੇ ਤਰ੍ਹਾਂ ‘ਸੰਸਕਾਰ’
ਲਫਜ਼ ਵੀ ਬਦਲ ਕੇ ਕੁੱਝ ਹੋਰ ਲਫਜ਼ ਵਰਤਿਆ ਜਾ ਸਕਦਾ ਹੈ। ‘ਸੰਸਕਾਰ’ ਲਫਜ਼ ਕਾਰਨ ਹੀ ਕਈਂ ਸਿੱਖ
ਵਿਦਵਾਨ ਇਨ੍ਹਾਂ ਸੰਸਕਾਰਾਂ ਦੀ ਤੁਲਨਾ ਬ੍ਰਾਹਮਣੀ ਸੰਸਕਾਰਾਂ ਨਾਲ ਹੀ ਕਰੀ ਜਾ ਰਹੇ ਹਨ।
ਮੌਜੂਦਾ ਸਿੱਖ ਰਹਿਤ ਮਰਿਆਦਾ ਦੀ ਪੜਚੋਲ ਦੌਰਾਨ ਇੱਕ ਹੈਰਾਨੀਜਨਕ ਗੱਲ ਜੋ ਸਾਹਮਣੇ ਆਈ ਹੈ ਉਹ ਦੱਸਣੀ ਗੈਰ-ਵਾਜਿਬ ਨਹੀਂ ਹੋਵੇਗੀ। ਸਿੱਖ ਰਹਿਤ ਮਰਿਆਦਾ ਵਿਚ ਪੂਰੇ ਵਿਸਥਾਰ ਨਾਲ ਦਰਜ ਹੈ ਕਿ ਗੁਰਦੁਆਰੇ ਵਿਚ ਕੀ ਹੋਣਾ ਚਾਹੀਦਾ ਹੈ ਅਤੇ ਕੀ ਨਹੀਂ ਹੋਣਾ ਚਾਹੀਦਾ। ਵਾਰ-ਵਾਰ ਇਹ ਵੀ ਦੁਹਰਾਇਆ ਗਿਆ ਹੈ ਕਿ ਸਿੱਖ ਦੇ ਜੀਵਨ ਦਾ ਮੁੱਖ ਆਧਾਰ ਗੁਰਬਾਣੀ ਦਾ ਪਾਠ ਅਤੇ ਅਰਦਾਸ ਹੈ।
ਪਰ ਗੁਰਬਾਣੀ ਸੰਦੇਸ਼ ‘ਸਭਸੈ ਊਪਰਿ ਗੁਰ ਸਬਦਿ ਬੀਚਾਰੁ’ ਵਾਂਗ ਕਿਧਰੇ ਵੀ ਇਹ ਨਹੀਂ ਲਿਖਿਆ ਮਿਲਦਾ ਕਿ ਸਿੱਖ ਲਈ ਸੱਭ ਤੋਂ ਜ਼ਰੂਰੀ ਗੁਰਬਾਣੀ (ਗੁਰੂ ਗ੍ਰੰਥ ਸਾਹਿਬ ਜੀ) ਨੂੰ ਸਮਝ ਵਿਚਾਰ ਕੇ ਉਸ ਅਨੁਸਾਰ ਜੀਵਨ ਬਣਾਉਣਾ ਹੈ। ਇਹੀ ਗੱਲ ਸਭ ਤੋਂ ਜ਼ਰੂਰੀ ਹੋਣੀ ਚਾਹੀਦੀ ਸੀ। ਵੈਸੇ ਤਾਂ ਇਸ ਸਮੇਂ ਸਿੱਖ ਸਮਾਜ ਵਿਚ ਗੁਰਬਾਣੀ ਦੇ ਜਿੰਨੇ ਨਿਤਨੇਮ, ਪਾਠ ਅਤੇ ਅਰਦਾਸੇ ਹੋ ਰਹੇ ਹਨ ਓਨੇ ਸ਼ਾਇਦ ਕਦੀ ਵੀ ਨਹੀਂ ਹੋਏ। ਪਰ ਸਿਧਾਂਤਕ ਪਕੜ/ਦ੍ਰਿਦ੍ਰੜਤਾ ਸਿੱਖ ਸਮਾਜ ਵਿਚੋਂ ਖਤਮ ਹੁੰਦੀ ਜਾ ਰਹੀ ਹੈ। ਕਾਰਨ ਕਿ 99× (ਜ਼ਿਆਦਾਤਰ) ਨਿਤਨੇਮ, ਪਾਠ, ਅਰਦਾਸੇ ਆਦਿ ਤੋਤਾ-ਰਟਨੀ ਵਾਂਗ ਕਰਮਕਾਂਡੀ ਤੌਰ ‘ਤੇ ਹੀ ਹੋ ਰਹੇ ਹਨ। ਜਿਸ ਵਿਚੋਂ ਵਿਚਾਰ ਦਾ ਤਾਂ ਅੰਸ਼ ਹੀ ਗਾਇਬ ਹੋ ਚੁੱਕਾ ਹੈ।
ਇਸ ਕਰਕੇ ਲੋੜ ਹੈ ਕਿ ਅਸੀਂ ਆਪਣੇ ਨਿਜੀ ਸਵਾਰਥ , ਨਿਜੀ ਵਿਚਾਰ ਤਿਆਗ ਕੇ ਨਿਰੋਲ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਆਧਾਰ ‘ਤੇ ‘ਸਿੱਖ ਜੀਵਨ ਜਾਚ’ ਮੌਜੂਦਾ (ਸਿੱਖ ਰਹਿਤ ਮਰਿਆਦਾ ਨੂੰ ਸੋਧ ਕੇ) ਬਣਾਉਣ ਦੇ ਲਈ ਉਪਰਾਲੇ ਅਤੇ ਉਦੱਮ ਕਰੀਏ। ਸੱਚ ਦਾ ਹੋਕਾ ਦੇਣ ਵਾਲਿਆਂ (ਤੱਤ ਗੁਰਮਤਿ ਵਾਲੇ) ਨੂੰ ਨਾਸਤਿਕ, ਅਸ਼ਰਧਕ, ਪੰਥ ਤੋਂ ਬਾਗੀ, ਪ੍ਰਭੂ ਪ੍ਰੀਤ ਤੋਂ ਸੱਖਣੇ ਆਦਿ ਫਤਵੇ ਬਖਸ਼ ਕੇ ਕੌਮੀ ਨੁਕਸਾਨ ਤੋਂ ਬਿਨਾਂ ਕੁੱਝ ਨਹੀਂ ਹੋਣਾ।
ਜੇ ਅਸੀਂ ਨਾਨਕ ਵਿਚਾਰਧਾਰਾ ਨਾਲ ਜੁੜ ਗਏ ਤਾਂ ਕਹਿ ਸਕਾਂਗੇ ਕਿ ਸਾਡੇ ਜੀਵਨ ਦਾ ਆਧਾਰ ‘ਗੁਰੂ
ਗ੍ਰੰਥ ਸਾਹਿਬ ਜੀ’ ਹਨ ਨਾ ਕਿ ਅਕਾਲ ਤਖ਼ਤ ਉੱਤੇ ਕਾਬਿਜ਼ ਪੁਜਾਰੀਆਂ ਦਾ ਉਹ ਨਿੱਜਨਾਮਾ, ਕੂੜਨਾਮਾ,
(ਕਹਿਲਾਉਂਦਾ ਹੁਕਮਨਾਮਾ) ਵੀ (ਅਕਲ, ਗਿਆਨ ਦੀਆਂ) ਅੱਖਾਂ ਬੰਦ ਕਰਕੇ ਮੰਨਦੇ ਰਹਾਂਗੇ ਜੋ ਸਿਰਫ ਕੂੜ
ਦਾ ਹੀ ਫਤਵਾ ਦਿੰਦਾ ਹੈ ਕਿ :
‘‘ਬੇਨਤੀ ਚੌਪਈ ਅਤੇ ਪ੍ਰਚਲਿਤ ਅਰਦਾਸ ਦਾ ਭਗੌਤੀ ਵਾਲਾ ਬੰਦ ਸਿੱਖ ਜੀਵਨ ਦੇ ਆਧਾਰ (ਥੰਮ) ਹਨ’’
ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ੇ ਕਿ ਅਸੀਂ ਨਿਰੋਲ ‘ਗੁਰੂ ਗ੍ਰੰਥ ਸਾਹਿਬ ਜੀ’ ਦੀ ਵਿਚਾਰਧਾਰਾ ਨਾਲ ਜੁੜ ਸਕੀਏ, ਨਹੀਂ ਤਾਂ ਕਬੀਰ ਸਾਹਿਬ ਜੀ ਦਾ ਇਹ ਗੁਰਵਾਕ ਸਾਡੇ ‘ਤੇ ਪੂਰੀ ਤਰ੍ਹਾਂ ਲਾਗੂ ਹੁੰਦਾ ਹੈ।
ਕਬੀਰ ਸਾਚਾ ਸਤਿਗੁਰੁ ਕਿਆ ਕਰੈ
ਜੋ ਸਿਖਾ ਮਹਿ ਚੂਕ।।
ਅੰਧੇ ਏਕ ਨਾ ਲਾਗਈ
ਜਿਉ ਬਾਂਸੁ ਬਜਾਈਐ ਫੂਕ।।
-ਨਿਮਰਤਾ ਸਹਿਤ
ਤੱਤ ਗੁਰਮਤਿ ਪਰਵਾਰ,
ਫਿਊਚਰ ਪੈਕ ਹਾਇਰ ਸੈਕੰਡਰੀ ਸਕੂਲ,
ਅਪਰ ਗਾਦੀਗੜ੍ਹ (ਏਅਰਪੋਰਟ ਨੇੜੇ),
ਜੰਮੂ-181101, ਜੰਮੂ-ਕਸ਼ਮੀਰ।
ਈ-ਮੇਲ :
tatgurmat@gmail.com