

ਸਿੱਖਾਂ ਦੀ ਨਸਲਕੁਸ਼ੀ ਵਿੱਚ ਗੱਦਾਰ ਸਿੱਖ ਆਗੂਆਂ ਦੀ ਭੂਮਿਕਾ
- ਪ੍ਰੋ: ਇੰਦਰ ਸਿੰਘ ਘੱਗਾ -
ਸਤਿਗੁਰੂ ਸਾਹਿਬਾਨ ਜੀ ਨੇ ਸਰਬ ਸਾਂਝੇ ਮਨੁੱਖੀ ਭਾਈਚਾਰੇ ਦੀ ਜੋ ਰੂਪਰੇਖਾ ਗੁਰਬਾਣੀ ਵਿੱਚ ਉਲੀਕ ਦਿੱਤੀ ਹੈ, ਉਹ ਕੋਈ ਲੁਕਵੀਂ ਚੀਜ਼ ਨਹੀਂ। ਜਿਸ ਨੂੰ ਰਤਾ-ਮਾਸਾ ਸ਼ੱਕ ਹੋਵੇ, ਜਦੋਂ ਦਿਲ ਚਾਹੇ ਗੁਰਬਾਣੀ ਵਿੱਚੋਂ ਪਰਮਾਣ ਪੜ੍ਹ ਕੇ ਤਸੱਲੀ ਕਰ ਸਕਦਾ ਹੈ। ਪਰਵਾਰ ਅਤੇ ਆਪਣਾ ਆਪਾ ਤੱਕ ਗੁਰੂ ਸਾਹਿਬਾਨ ਨੇ ਕੁਰਬਾਨ ਕਰ ਦਿੱਤਾ, ਜੋ ਇਤਿਹਾਸ ਵਿੱਚੋਂ ਪੜ੍ਹਿਆ ਜਾ ਸਕਦਾ ਹੈ। ਅਹਿਮਦ ਸ਼ਾਹ ਅਬਦਾਲੀ ਵਰਗਿਆਂ ਕਈ ਸਦੀਆਂ ਤੱਕ ਭਾਰਤ ਨੂੰ ਘੋੜਿਆਂ ਦੇ ਸੁੰਮਾਂ ਹੇਠ ਮਧੋਲਿਆ, ਇੱਜ਼ਤ ਨੀਲਾਮ ਕੀਤੀ - ਸਭ ਨੂੰ ਅਹਿਸਾਸ ਹੋਵੇਗਾ। ਗੁਰੂ ਕੇ ਵਰੋਸਾਏ ਯੋਧਿਆਂ ਨੇ ਖੂਨ ਡੋਹਲਵੀਂ ਲੰਮੀਂ ਜੰਗ ਲੜ ਕੇ, ਜਿਵੇਂ ਭਾਰਤ ਨੂੰ ਮੁੜ ਤੋਂ ਗੁਲਾਮੀ ਵਿਚੋਂ ਕੱਢਿਆ, ਇਹ ਭੀ ਅਜੇ ਕਲ੍ਹ ਦੀਆਂ ਗੱਲਾਂ ਹਨ। ਸਤਲੁਜ ਤੱਕ ਦਾ ਭਾਰਤ ਅਬਦਾਲੀ ਨੇ, ਅਫ਼ਗਾਨਿਸਤਾਨ ਨਾਲ ਮਿਲਾ ਲਿਆ ਸੀ। ਇਸਦਾ ਸਾਰਾ ਪ੍ਰਬੰਧ ਤੇ ਟੈਕਸ, ਸਿੱਧਾ ਅਫਗਾਨਿਸਤਾਨ ਨੂੰ ਜਾਣ ਲੱਗ ਪਿਆ ਸੀ। ਸਿੰਘਾਂ ਸੂਰਮਿਆਂ ਨੇ ਭਾਰਤ ਦੀ ਇਸ ਵਿਸ਼ਾਲ ਵਸੋਂ ਵਾਲੇ ਤੇ ਜ਼ਰਖੇਜ਼ ਖਿੱਤੇ ਨੂੰ, ਅਫਗਾਨਾਂ ਦੇ ਖੂਨੀ ਪੰਜੇ ਵਿੱਚੋਂ ਵਾਪਸ ਲਿਆਂਦਾ। ਮੁਕਤ ਕਰਾ ਕੇ ਭਾਰਤ ਨਾਲ ਜੋੜਿਆ। ਇਸ ਬਦਲੇ ਜੋ ਕੀਮਤ ਉਤਾਰਨੀ ਪਈ, ਉਹ ਕਦੇ ਭੀ ਬਿਆਨ ਨਹੀਂ ਕੀਤੀ ਜਾ ਸਕਦੀ। ਇਸ ਮਹਾਨ ਪਰਉਪਕਾਰ ਅਤੇ ਬਹਾਦਰੀ ਵੱਟੇ ਸਿੱਖਾਂ ਨੂੰ ਵਿਸ਼ੇਸ਼ ਸਹੂਲਤਾਂ ਭਾਰਤ ਵੱਲੋਂ ਮਿਲਣੀਆਂ ਚਾਹੀਦੀਆਂ ਸਨ। ਪਰ ਚਾਣਕਿਆ ਦੇ ਪਦ ਚਿੰਨ੍ਹਾਂ ’ਤੇ ਚੱਲਣ ਵਾਲੇ ਉਸ ਦੇ ਪੈਰੋਕਾਰਾਂ ਨੇ ਸਮੂਹਕ ਤੌਰ ’ਤੇ ਸਿੱਖ ਕੌਮ ਦਾ ਬਾਰ-ਬਾਰ ਅਪਮਾਨ ਕੀਤਾ। ਆਪਣੇ ਖੂਨ ਨਾਲ ਸਿੰਜੇ ਦੇਸ਼ ਨੂੰ ਛੱਡ ਕੇ, ਸਭ ਕੁਝ ਬਰਬਾਦ ਕਰਵਾ ਕੇ ਤੇ ਆਪਣੇ ਪਰਵਾਰਕ ਜੀਆਂ ਨੂੰ ਅੱਖਾਂ ਸਾਹਮਣੇ ਕਤਲ ਕਰਵਾ ਕੇ, ਸ਼ਰਨਾਰਥੀ ਬਣ ਕੇ ਭਾਰਤ ਵਿੱਚ ਆਉਣਾ ਪਿਆ।
ਇਸ ਉਜਾੜੇ ਤੇ ਕਤਲੇਆਮ ਨੂੰ ਰੋਕਿਆ ਜਾ ਸਕਦਾ ਸੀ। ਪਰ ਭਾਰਤੀ ਹਾਕਮ ਇਹ ਰੋਕਣਾ ਨਹੀਂ ਚਾਹੁੰਦੇ ਸਨ। ਉਹ ਸਿੱਖਾਂ ਦੀ ਬਹਾਦਰੀ ਤੋਂ ਚੰਗੀ ਤਰ੍ਹਾਂ ਵਾਕਫ਼ ਸਨ। ਜੇ ਸਿੱਖ ਤਾਕਤਵਰ ਬਣੇ ਰਹੇ, ਤਾਂ ਕਿਸੇ ਵਕਤ ਭੀ ਭਾਰਤ ਦੀ ਸਰਕਾਰ ਲਈ ਖ਼ਤਰਾ ਬਣ ਸਕਦੇ ਹਨ। ਇਸਲਈ ਉਨ੍ਹਾਂ ਨੂੰ ਹਰ ਸਾਜਿਸ਼ੀ ਚਾਲ ਚਲਕੇ, ਸ਼ਕਤੀਹੀਣ ਕੀਤਾ ਜਾਵੇ। ਭਾਰਤ-ਪਾਕ ਵੰਡ ਸਮੇਂ ਫੌਜ ਦੀ ਨਿਗਰਾਨ ਵਿੱਚ ਬਿਨਾਂ ਖੂਨ-ਖਰਾਬੇ ਤੋਂ ਅਬਾਦੀ ਦਾ ਤਬਾਦਲਾ ਕੀਤਾ ਜਾ ਸਕਦਾ ਸੀ। 10 ਲੱਖ ਇਨਸਾਨਾਂ ਨੂੰ ਕੋਹੇ ਜਾਣ ਤੋਂ ਬਚਾਇਆ ਜਾ ਸਕਦਾ ਸੀ। ਖ਼ਰਬਾਂ ਦੀ ਜਾਇਦਾਦ ਬਰਬਾਰ ਹੋਣ ਤੋਂ ਬਚ ਸਕਦੀ ਸੀ। ਪਰ ਭਾਰਤੀ ਹਾਕਮਾਂ ਨੇ, ਇਕ ਸੋਚੀ-ਸਮਝੀ ਸਾਜਿਸ਼ ਤਹਿਤ, ਜਾਣ-ਬੁੱਝ ਕੇ, ਇਹ ਤਬਾਹੀ ਹੋਣ ਦਿੱਤੀ। ਤਾਂਕਿ ਸਿੱਖਾਂ ਦੀ ਤਾਕਤ ਨੂੰ ਕਰਾਰੀ ਸੱਟ ਮਾਰੀ ਜਾ ਸਕੇ। ਸਗੋਂ ਬਚੇ ਹੋਏ ਲੋਕ, ਰੋਜ਼ੀ-ਰੋਟੀ ਤੋਂ ਭੀ ਵਾਂਝੇ ਹੋ ਜਾਣ। ਅਣਖ ਤੇ ਸਵੈਮਾਨ ਗਵਾ ਕੇ, ਸਿਰਫ਼ ਪੇਟ ਪੂਰਤੀ ਦੇ ਫਿਕਰ ਵਿੱਚ ਦਬ ਜਾਣ, ਉਜੜਿਆਂ ਨੂੰ ਵਸਾਉਂਦੇ ਰਹਿਣ, ਮਰ ਚੁੱਕਿਆਂ ਨੂੰ ਯਾਦ ਕਰਕੇ ਬੁੱਕੀਂ ਹੰਝੂ ਕੇਰਦੇ ਰਹਿਣ...।
ਉੱਪਰ ਵਰਣਿਤ ਵਾਕਿਆਤ ਕੋਈ ਮਨਘੜਤ ਨਹੀਂ ਹਨ ਸਗੋਂ ਇਨ੍ਹਾਂ ਸਾਜਿਸ਼ਾਂ ਦੇ ਪੁਖ਼ਤਾ ਸਬੂਤ ਮੌਜੂਦ ਹਨ। ਇਕ ਨੇਕ ਬਖ਼ਤ ਮਹਿੰਦਰ ਸਿੰਘ ਰੰਧਾਵਾ ਜੀ ਬਹੁਤ ਵੱਡੀਆਂ ਪੋਸਟਾਂ ’ਤੇ ਰਹਿ ਕੇ ਪਿਆਨਾ ਕਰ ਗਏ ਹਨ। ਉਹ ਆਪਣੀ ਸਵੈ-ਜੀਵਨੀ ਵਿੱਚ ਲਿਖਦੇ ਹਨ - ‘‘ਜਦੋਂ ਪਾਕਿਸਤਾਨ ਵਿੱਚੋਂ ਸਭ ਕੁਝ ਗਵਾ ਕੇ, ਤਨ ਦੇ ਦੋ ਕਪੜਿਆਂ ਵਿੱਚ ਥੱਕੇ-ਹਾਰੇ, ਬਿਮਾਰ ਤੇ ਭੁਖਣ-ਭਾਣੇ ਸਿੱਖਾਂ ਦੇ ਕਾਫ਼ਲੇ ਦਿੱਲੀ ਦੇ ਗੁਰਦੁਆਰਿਆਂ ਵਿੱਚ ਆਣ ਟਿਕੇ ਤਾਂ ਮੈਂ ਉਨ੍ਹਾਂ ਦਿਨਾਂ ਵਿੱਚ ਦਿੱਲੀ ਦਾ ਡਿਪਟੀ ਕਮਿਸ਼ਨਰ ਸਾਂ। ਮੈਂ ਇਨ੍ਹਾਂ ਦੀਆਂ ਲੋੜਾ ਸਰਕਾਰ ਵੱਲੋਂ ਦਿੱਤੇ ਗਏ ਸਾਧਨਾਂ ਨਾਲ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ। ਲਗਾਤਾਰ ਸ਼ਰਨਾਰਥੀਆਂ ਦੇ ਆਉਣ ਕਾਰਨ ਹਾਲਾਤ ਵਿਗੜਦੇ ਹੀ ਜਾ ਰਹੇ ਸਨ। (ਆਪਣੀ ਨਿਜੀ ਕਮਜ਼ੋਰੀ ਕਾਰਨ ਰੰਧਾਵਾ ਜੀ ਕੇਸ ਰਹਿਤ ਸਨ)। ਮੈਂ ਮਨ ਕਰਕੇ ਉਮਰ ਭਰ ਗੁਰੂ ਅਤੇ ਸਿੱਖ ਪੰਥ ਨਾਲ ਇਕ ਸੁਰ ਰਿਹਾ ਹਾਂ। ਜਿੱਥੇ ਕਿਤੇ ਕਰ ਸਕਿਆ, ਆਪਣੇ ਭੈਣਾਂ-ਭਰਾਵਾਂ ਦਾ ਭਲਾ ਕਰਨ ਵਿੱਚ ਹਿੱਸਾ ਪਾਉਂਦਾ ਰਿਹਾ ਹਾਂ। ਦਿੱਲੀ ਵਿੱਚ ਲਗਾਤਾਰ ਸਿੱਖਾਂ ਨੂੰ ਮੁਸੀਬਤਾਂ ਵਿੱਚ ਘਿਰੇ ਹੋਏ ਵੇਖਦਿਆਂ ਮੈਂ (ਮਹਿੰਦਰ ਸਿੰਘ ਰੰਧਾਵਾ) ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਮਿਲਕੇ ਬੇਨਤੀ ਕੀਤੀ ਕਿ ਅਗਰ ਸਰਕਾਰ ਇਜਾਜ਼ਤ ਦੇਵੇ ਤਾਂ ਸ਼ਾਮਲਾਟ ਥਾਵਾਂ ’ਤੇ ਸਸਤੇ ਜਿਹੇ ਮਕਾਨ ਬਣਵਾ ਕੇ ਸਿੱਖ ਸ਼ਰਨਾਰਥੀਆਂ ਲਈ ਸਿਰ ਲੁਕਾਉਣ ਜੋਗ ਬਸਤੀਆਂ ਬਣਾ ਕੇ ਦੇ ਦੇਈਏ। ਜਵਾਹਰ ਲਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਵਾਬ ਸੁਣ ਕੇ ਮੈਂ ਕੰਬ ਗਿਆ। ਉਸ ਨੇ ਕਿਹਾ ਸੀ, ‘‘ਮੈਂ ਸਿੱਖਾਂ ਨੂੰ ਕੋਈ ਰਿਆਇਤ ਨਹੀਂ ਦੇਣਾ ਚਾਹੁੰਦਾ। ਉਨ੍ਹਾਂ ਦੀ ਭਲਾਈ ਵਾਸਤੇ ਮੇਰੇ ਨਾਲ ਕੋਈ ਗੱਲ ਨਾ ਕੀਤੀ ਜਾਵੇ। ਮੈਂ ਇਨ੍ਹਾਂ ਨੂੰ ਵੱਸਦੇ ਨਹੀਂ ਵੇਖਣਾ ਚਾਹੁੰਦਾ, ਸਮਝਿਆ?’’ ਇਹ ਵਿਚਾਰ ਕੋਈ ਬਨਾਵਟੀ ਨਹੀਂ ਹਨ, ਸਗੋਂ ਵਿਸ਼ਵਾਸਯੋਗ ਵਿਅਕਤੀਆਂ ਵੱਲੋਂ ਕਿਤੇ ਨਾ ਕਿਤੇ ਲਿਖੇ ਹੋਏ ਮਿਲ ਜਾਂਦੇ ਹਨ।
ਸ੍ਰ: ਕਪੂਰ ਸਿੰਘ ’47 ਦੇ ਉਜਾੜੇ ਵਕਤ ਜਲੰਧਰ ਦਾ ਡਿਪਟੀ ਕਮਿਸ਼ਨਰ ਸੀ। ਉਨ੍ਹਾਂ ਦੀ ਪ੍ਰਸਿੱਧ ਰਚਨਾ ‘‘ਸਾਚੀ ਸਾਖੀ’’ ਵਿੱਚ ਜਿੱਥੇ ਹੋਰ ਬਹੁਤ ਸਾਰੀਆਂ ਸਿੱਖ ਦੁਸ਼ਮਣੀ ਦੀਆਂ ਮਿਸਾਲਾਂ ਪੇਸ਼ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਇਕ ਇਹ ਭੀ ਸੀ। ਸ੍ਰ: ਕਪੂਰ ਸਿੰਘ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਸਿੱਖਾਂ ਨੂੰ ਲਾਭ ਪਹੁੰਚਾ ਰਿਹਾ ਹੈ। ਉਜੜ ਕੇ ਆਏ ਸਿੱਖਾਂ ਨੂੰ ਨੌਕਰੀ ਦੇਣ ਵਿੱਚ ਪਹਿਲ ਕਰਦਾ ਹੈ। ਹਿਸਾਬ ਤੋਂ ਬਗੈਰ ਹੀ ਸਿੱਖਾਂ ਨੂੰ ਲਾਭ ਪੁਚਾ ਰਿਹਾ ਹੈ...। ਹਿੰਦੂਆਂ ਦਾ ਮੁਖੀ ਸਰਗਣਾ, ਪੰਜਾਬ ਵਿੱਚ ਲਾਲ ਜਗਤ ਨਰਾਇਣ ਸੀ। ਜੋਕਿ ਜਨਮ ਤੋਂ ਸਿੱਖ ਵਿਰੋਧੀ ਨਫ਼ਰਤ ਨਾਲ ਲਬਰੇਜ਼ ਹਿੰਦੂਆਂ ਦਾ ਲੰਬੜਦਾਰ ਸੀ। ਇਸਨੇ ਆਪਣੇ ਅਖ਼ਬਾਰ ਵਿੱਚ ਸੱਚਾਈ ਤੋਂ ਕੋਹਾਂ ਦੂਰ, ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ, ਕਪੂਰ ਸਿੰਘ ’ਤੇ ਗਬਨ ਦੇ ਇਲਜ਼ਾਮ ਭੀ ਛਾਪ ਦਿੱਤੇ। ਕਪੂਰ ਸਿੰਘ ਭੀ ਕੋਈ ਡਰਪੋਕ ਇਨਸਾਨ ਨਹੀਂ ਸੀ। ਉਸ ਨੇ ਇੱਜ਼ਤ ਹੱਤਕ ਦਾ ਕੇਸ ਤਿਆਰ ਕਰਵਾ ਕੇ, ਲਾਲਾ ਜਗਤ ਨਰਾਇਣ ਨੂੰ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ। ਕੁਝ ਦਿਨਾਂ ਤੋਂ ਮਗਰੋਂ, ਮੁਆਫੀ ਮੰਗਵਾ ਕੇ ਲਾਲੇ ਦੀ ਰਿਹਾਈ ਤਾਂ ਕਰ ਦਿੱਤੀ। ਪਰ ਇਹ ਘਟਨਾ ਅਜ਼ਾਦ ਦੇਸ਼ ਦੇ ਸਰਬ-ਸ਼ਕਤੀਵਾਨ ਹਿੰਦੂਆਂ ਲਈ ਅਸਹਿ ਸੀ। ਅੱਗੇ ਜਾ ਕੇ ਇਸ ਹਿੰਦੂ ਰੰਗ ਵਿੱਚ ਰੰਗੇ ਲਾਲਾ ਜਗਤ ਨਰਾਇਣ ਨੇ 9 ਸਤੰਬਰ 1982 ਤਕ ਸਿੱਖ ਦੁਸ਼ਮਣੀ ਨੂੰ ‘ਆਖ਼ਰੀ ਸੁਆਸਾਂ’ ਨਾਲ ਨਿਭਾਇਆ।
ਕੋਲਕੱਤੇ ਦੇ ਇਕ ਬਜ਼ੁਰਗ ਸ੍ਰ: ਖ਼ਜਾਨ ਸਿੰਘ, ਜਿਨ੍ਹਾਂ ਨੇ ਅੰਗਰੇਜ਼ੀ ਰਸਾਲੇ ‘ਸਿੱਖ ਰਿਵੀਊ’ ਸਥਾਪਿਤ ਕਰਨ ਵਿੱਚ ਮੋਹਰੀ ਰੋਲ ਅਦਾ ਕੀਤਾ ਸੀ। 6 ਤੋਂ 12 ਅਕਤੂਬਰ 2005 ਤੱਕ ਰਾਂਚੀ (ਝਾਰਖੰਡ) ਵਿਖੇ ਗੁਰਮਤਿ ਕੈਂਪ ਦੌਰਾਨ ਉਨ੍ਹਾਂ ਨਾਲ ਬਹੁਤ ਸਾਰੀਆਂ ਗੁਰਮਤਿ ਵਿਚਾਰਾਂ ਹੁੰਦੀਆਂ ਰਹੀਆਂ। 47 ਦੇ ਉਜਾੜੇ ਵਕਤ ਸ੍ਰ: ਖ਼ਜ਼ਾਨ ਸਿੰਘ ਦੀ ਉਮਰ ਲਗਭਗ 26 ਕੁ ਸਾਲ ਸੀ। ਲੇਖਕ ਨੇ ਇਨ੍ਹਾਂ ਨੂੰ ਦੱਸਿਆ ਕਿ ‘‘ਮੇਰੇ ਪਿਤਾ ਜੀ ਇਕ ਸਧਾਰਨ ਜਿਹੇ ਸਿੱਖ ਸਨ। ਉਨ੍ਹਾਂ ਨੂੰ ਕਨਸੋਅ ਮਿਲੀ ਕਿ ਹਿੰਦ-ਪਾਕਿ ਦੋ ਹਿੱਸਿਆਂ ਵਿੱਚ ਵੰਡਿਆ ਜਾਣ ਵਾਲਾ ਹੈ। ਅਬਾਦੀ ਦੇ ਤਬਾਦਲੇ ਹੋਣ ਦੀ ਸੰਭਾਵਨਾ ਹੈ। ਇਸ ਹਫੜਾ-ਦਫੜੀ ਵਿੱਚ ਕਿਸੇ ਜੀਅ ਦਾ ਜਾਨੀ ਨੁਕਸਾਨ ਨਾ ਹੋ ਜਾਵੇ, ਇਸਲਈ ਉਨ੍ਹਾਂ ਮੈਨੂੰ (ਖ਼ਜ਼ਾਨ ਸਿੰਘ ਨੂੰ) ਦਿੱਲੀ ਤੋਂ ਪਿਸ਼ਾਵਰ ਭੇਜਦਿਆਂ ਕਿਹਾ ਕਿ ‘‘ਰੇਲਗੱਡੀ ਰਾਹੀਂ ਜਿੰਨੀ ਛੇਤੀ ਹੋ ਸਕੇ, ਘੱਟ ਤੋਂ ਘੱਟ ਸਮਾਨ ਲੈ ਕੇ, ਦਿੱਲੀ ਆ ਜਾਉ। ਜੇ ਬਚ ਗਏ, ਅਮਨ ਹੋ ਗਿਆ, ਤਾਂ ਸਮਾਨ ਸਾਂਭ ਲਵਾਂਗੇ। ਹਾਲੀ ਜਾਨਾਂ ਬਚਾਓ...।’’
ਮੈਂ ਤੁਰੰਤ ਉੱਧਰ ਚਲਾ ਗਿਆ। ਆਪਣੇ ਜਾਣ-ਪਛਾਣ ਵਾਲਿਆਂ ਨੂੰ ਭੀ ਪਿਤਾ ਜੀ ਵੱਲੋਂ ਦੱਸੇ ਗਏ ਖ਼ਤਰੇ ਬਾਰੇ ਜਾਣੂੰ ਕਰਵਾਇਆ। ਦੋ ਦਿਨਾਂ ਦੇ ਥੋੜ੍ਹੇ ਜਿੰਨੇ ਸਮੇਂ ਵਿੱਚ ਅਸੀਂ ਦਸ ਕੁ ਪਰਵਾਰਾਂ ਦੇ ਕੋਈ 60 ਮੈਂਬਰ ਰੇਲ ਰਾਹੀਂ ਵਾਹੋ-ਦਾਹੀ ਦਿੱਲੀ ਪਹੁੰਚ ਗਏ। ਹਾਲੀਂ ਕਿਧਰੇ ਸਿਰ ਲੁਕਾਉਣ ਨੂੰ ਜਗ੍ਹਾ ਭੀ ਨਹੀਂ ਮਿਲੀ ਸੀ ਕਿ ਫਸਾਦ ਸ਼ੁਰੂ ਹੋ ਗਏ। ਇਧਰੋਂਉਧਰ ਤੇ ਉਧਰੋਂ-ਇਧਰ, ਲੋਕੀਂ ਵਿਲਕਦੇ-ਤੜਫਦੇ, ਸਭ ਕੁਝ ਲੁਟਾ ਕੇ, ਸ਼ਰਨਾਰਥੀ ਬਣ ਕੇ, ਸੜਕਾਂ ’ਤੇ ਆ ਬੈਠੇ। ਬਿਨਾਂ ਕਿਸੇ ਸਹਾਰੇ ਤੋਂ। ਜੋ ਸਿੱਖ ਸਰਦਾਰ ਕੱਲ੍ਹ ਲੱਖਾਂ ਵਿੱਚ ਖੇਡਦੇ ਸਨ, ਉਹ ਅੱਜ ਰੋਟੀ ਤੋਂ ਭੀ ਆਤੁਰ ਹੋ ਗਏ, ਨਿਰੇ ਭਿਖਾਰੀਆਂ ਵਰਗੇ। ਸਗੋਂ ਆਪਣੇ ਪਰਵਾਰ ਦੇ ਕਈ-ਕਈ ਜੀਆਂ ਨੂੰ ਅੱਖਾਂ ਸਾਹਵੇਂ ਮਰਦੇ ਵਢੀਂਦੇ ਵੇਖਦਿਆਂ, ਦਿਲ ’ਤੇ ਪੱਥਰ ਰੱਖ ਕੇ, ਮੂੰਹ ਦੂਜੇ ਪਾਸੇ ਭੰਵਾ ਕੇ ਦੌੜ ਪਏ। ਆਪਣੀਆਂ ਜਵਾਨ ਧੀਆਂ-ਭੈਣਾਂ ਨੂੰ ਭੀ ਬੇਪੱਤ ਹੋਣੋਂ ਨਾ ਬਚਾ ਸਕੇ। ਵੱਡੇ-ਵੱਡੇ ਕਾਰੋਬਾਰ, ਉਪਜਾਊ ਜ਼ਮੀਨਾਂ, ਮਹਿਲ ਕੋਠੀਆਂ, ਪਲਾਂ ਵਿੱਚ ਖੁੱਸ ਗਈਆਂ। ਸਭ ਕੁਝ ਲੁਟਾ ਕੇ ਜਿੰਨੇ ਕੁ ਵਿਅਕਤੀ ਬਚੇ, ਉਹ ਕੇਵਲ ਤਨ ਦੇ ਕਪੜਿਆਂ ਵਿੱਚ ਦੌੜ ਪੈਣ ਲਈ ਮਜਬੂਰ ਹੋ ਗਏ...।
ਇੱਥੇ ਖ਼ਾਸ ਵਿਚਾਰਨ ਯੋਗ ਨੁਕਤਾ ਇਹ ਹੈ ਕਿ ਮੇਰਾ ਪਿਤਾ (ਸ੍ਰ: ਖ਼ਜ਼ਾਨ ਸਿੰਘ) ਇਕ ਆਮ ਸਮਝ ਵਾਲਾ ਸਿੱਖ ਸੀ। ਨਾ ਕੋਈ ਸਰਕਾਰੀ ਅਫਸਰ ਸੀ, ਨਾ ਹੀ ਰਾਜਸੀ ਨੇਤਾ। ਫਿਰ ਭੀ ਉਸਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਕੋਈ ਵੱਡਾ ਤੂਫਾਨ ਉਠਣ ਵਾਲਾ ਹੈ। ਜੋ ਹੋਰ ਨਹੀਂ ਤਾਂ ਆਪਣੇ ਪਰਵਾਰ ਦੇ ਜੀਆਂ ਨੂੰ ਸੁਰੱਖਿਅਤ ਲਿਆਂਦਾ ਹੋਵੇ। ਇਸੇ ਸੋਚ ਵਿੱਚ ਉਨ੍ਹਾਂ ਮੈਨੂੰ ਭੇਜਿਆ। ਮੈਂ 60 ਕੁ ਵਿਅਕਤੀਆਂ ਨੂੰ ਪ੍ਰੇਰ ਕੇ ਇੱਧਰ ਲਿਆਉਣ ਵਿੱਚ ਕਾਮਯਾਬ ਹੋ ਗਿਆ। ਸੋਚਣਾ ਇਹ ਬਣਦਾ ਹੈ ਕਿ ਦੇਸ਼ ਦੇ ਮੁਖੀ ਲੀਡਰਾਂ ਨੂੰ ਇਸ ਉਜਾੜੇ ਅਤੇ ਕਤਲੋਗਾਰਤ ਦਾ ਪਹਿਲਾਂ ਹੀ ਕਿਉਂ ਇਲਮ ਨਾ ਹੋਇਆ? ਫੌਜ ਦੀ ਸਹਾਇਤਾ ਲੈ ਕੇ ਦੋਵੇਂ ਬੰਨ੍ਹਿਓਂ ਅਬਾਦੀਆਂ ਦਾ ਤਬਾਦਲਾ ਸ਼ਾਂਤਮਈ ਤਰੀਕੇ ਯਕੀਨੀ ਕਿਉਂ ਨਾ ਬਣਾਇਆ ਗਿਆ? ਦੇਸ਼ ਦੇ ਲੀਡਰਾਂ ਨੂੰ ਇਹ ਵਿਚਾਰ ਕਿਉਂ ਨ ਫੁਰੇ? ਜੇ ਲੀਡਰਾਂ ਦਾ ਅਨਾੜੀਪੁਣਾ ਭੀ ਮੰਨ ਲਈਏ ਤਾਂ ਫੌਜੀ ਜਰਨੈਲ ਤਾਂ ਅਨਜਾਣ ਨਹੀਂ ਹੋ ਸਕਦੇ। ਉਹ ਆਪਣੇ ਤਰੀਕਿਆਂ ਦੀ ਸਲਾਹ ਦੇ ਸਕਦੇ ਸਨ। ਉਨ੍ਹਾਂ ਸਿੱਖ ਜਰਨੈਲਾਂ ਨੇ ਜ਼ਿੰਮੇਵਾਰੀ ਕਿਉਂ ਨਾ ਨਿਭਾਈ?
ਮਾਸਟਰ ਤਾਰਾ ਸਿੰਘ, ਜੋ ਉਸ ਵਕਤ ਪੰਜਾਬ ਅਤੇ ਸਿੱਖਾਂ ਦਾ ਤਾਕਤਵਰ ਨੇਤਾ ਸੀ, ਉਸਨੂੰ ਇਸ ਖ਼ਤਰੇ ਦਾ ਅਹਿਸਾਸ ਕਿਉਂ ਨਾ ਹੋਇਆ? ਉਸ ਵਕਤ ਫੌਜ ਵਿੱਚ ਸਿੱਖਾਂ ਦੀ ਗਿਣਤੀ 30 ਫੀਸਦੀ ਦੇ ਨੇੜੇ ਸੀ। ਸਿੱਖ ਇਕ ਵੱਡੀ ਤਾਕਤ ਰੱਖਦੇ ਸਨ। ਫਿਰ ਮਾਸਟਰ ਜੀ ਨੇ ਸਿੱਖ ਫੌਜੀ ਜਰਨੈਲਾਂ ਨੂੰ ਅਪੀਲ ਕਿਉਂ ਨਾ ਕੀਤੀ ਕਿ ਆਪਣੇ ਸਿੱਖ ਪੰਥ ਦੀ ਰਾਖੀ ਦਾ ਪ੍ਰਬੰਧ ਕਰੋ? ਉਸ ਸਮੇਂ ਮਾ: ਤਾਰਾ ਸਿੰਘ ਦੀ ਕਾਰਜਕਾਰਣੀ ਦਾ ਇਕ ਮੈਂਬਰ ਸੀ ਸ੍ਰ: ਹਰੀ ਸਿੰਘ। ਜਦੋਂ ਮਾ: ਦੀਆਂ ਸਿੱਖ-ਮਾਰੂ ਚਾਲਾਂ ਦਾ ਹਰੀ ਸਿੰਘ ਨੂੰ ਅਹਿਸਾਸ ਹੋਇਆ ਤਾਂ ਉਸ ਨੇ ਕੁਝ ਹੋਰ ਸੰਗੀਆਂ ਨਾਲ ਇਸ ਸਾਜਿਸ਼ ਬਾਰੇ ਗੱਲ ਕੀਤੀ। ਉਡਦੀ-ਉਡਦੀ ਇਹ ਗੱਲ ਮਾ: ਤਾਰਾ ਸਿੰਘ ਤੱਕ ਪਹੁੰਚ ਗਈ। ਬੱਸ ਕੁਝ ਹੀ ਦਿਨਾਂ ਅੰਦਰ ਸ੍ਰ: ਹਰੀ ਸਿੰਘ ਦਾ ਵਸਦਾ-ਰਸਦਾ ਘਰ, ਸਪੁਰਦ-ਏ-ਖ਼ਾਕ ਸੀ। ਗੁੰਡਿਆਂ ਨੇ ਅਚਨਚੇਤੀ ਹਮਲਾ ਕੀਤਾ, ਘਰ ਦੇ ਜੀਆਂ ਨੂੰ ਕਤਲ ਕਰ ਦਿੱਤਾ ਗਿਆ। ਘਰ ਨੂੰ ਅੱਗ ਲਾ ਦਿੱਤੀ ਗਈ। ਘਰ ਦੇ ਦੋ ਮੈਂਬਰ ਫਿਰ ਭੀ ਬਚ ਗਏ - ਹਰੀ ਸਿੰਘ ਤੇ ਉਸਦੀ ਇਕ ਭਰਜਾਈ, ਜੋ ਇਕ ਤਾਕੀ ਵਿੱਚੋਂ ਨਿਕਲ ਕੇ ਦੌੜਨ ਵਿੱਚ ਕਾਮਯਾਬ ਹੋ ਗਏ। ਨਹੀਂ ਤਾਂ, ਇਸ ਸਾਜਿਸ਼ ’ਤੇ ਭੀ ਸਦਾ ਪੜਦਾ ਪਿਆ ਰਹਿਣਾ ਸੀ। ਜਿਵੇਂ ਹੋਰ ਸਿੱਖ-ਮਾਰੂ ਦਸਤਾਵੇਜ਼ਾਂ ਅਤੇ ਸਬੂਤਾਂ ’ਤੇ ਪੜਦਾ ਪਿਆ ਹੋਇਆ ਹੈ। ਸਿੱਖਾਂ ਦੇ ਬਾਹਰੀ ਦੁਸ਼ਮਣਾਂ ਤਾਂ ਇਨ੍ਹਾਂ ਨੂੰ ਹਰ ਹਰਬਾ ਵਰਤ ਕੇ ਮਾਰਿਆ ਹੀ ਹੈ। ਆਪਣੇ ਆਖੇ ਜਾਣ ਵਾਲਿਆਂ ਨੇ ਜੋ ਬੁੱਕੀਂ ਰੱਤ ਪੀਤਾ ਹੈ, ਉਸਦਾ ਖੁਰਾ ਲੱਭਣਾ ਅਜੇ ਬਾਕੀ ਹੈ।
ਬੰਗਾਲੀ ਲੋਕ ਵਿਦਿਆ ਵਿੱਚ ਕਾਫੀ ਅੱਗੇ ਸਨ। ਭਾਵੇਂ ਅੰਗਰੇਜ਼ਾਂ ਨੇ ਆਪਣੀ ਲੋੜ ਵਾਸਤੇ ਸਕੂਲ ਖੋਲ੍ਹੇ ਸਨ। ਪਰ ਸਮਾਂ ਪਾ ਕੇ ਇਨ੍ਹਾਂ ਸਕੂਲਾਂ ਨੇ ਅਜ਼ਾਦੀ ਅਤੇ ਗੁਲਾਮੀ ਦਾ ਫਰਕ ਸਮਝਣ ਵਾਸਤੇ ਨਿੱਗਰ ਯੋਗਦਾਨ ਪਾਇਆ। ਅਜ਼ਾਦ ਭਾਰਤ ਵਿੱਚ ਬੰਗਾਲੀ ਲੋਕ ਆਪਣੀ ਸੁਤੰਤਰਤਾ ਲਈ ਕਦੇ ਭੀ ਅੰਦੋਲਣ ਛੇੜ ਸਕਦੇ ਸਨ। ਅੱਜ ਦੇ ਬੰਗਲਾ ਦੇਸ਼ ਅਤੇ ਬੰਗਾਲ ਨੂੰ ਮਿਲਾ ਕੇ, ਇਨ੍ਹਾਂ ਦੀ ਅਬਾਦੀ ਕੋਈ 20 ਕਰੋੜ ਦੇ ਨੇੜੇ ਬਣਦੀ ਹੈ। ਇਤਿਹਾਸ ਗਵਾਹ ਹੈ ਕਿ ਸ਼ੇਖ਼ ਮੁਜੀਬ ਰਹਿਮਾਨ ਦੀ ਅਗਵਾਈ ਵਿੱਚ ਭਾਰਤ ਸਰਕਾਰ ਦੀ ਮਦਦ ਨਾਲ ਖੂਨੀ ਜੰਗ ਲੜੀ ਤੇ 1971 ਵਿੱਚ ਨਵਾਂ ਬੰਗਲਾਦੇਸ਼ ਹੋਂਦ ਵਿੱਚ ਆ ਗਿਆ। ਜੇ ਉਹ ਭਾਰਤ ਵਿੱਚ ਹੁੰਦੇ ਤਾਂ ਭੀ ਉਨ੍ਹਾਂ ਨੇ ਅਜ਼ਾਦੀ ਲਈ ਕੋਈ ਜੱਦੋ-ਜਹਿਦ ਜ਼ਰੂਰ ਛੇੜਨੀ ਸੀ। ਉਹ ਵੱਖਰੇ ਹੋ ਗਏ। ਭਾਰਤੀ ਬੰਗਾਲੀ ਕਮਜ਼ੋਰ ਹੋ ਗਏ। ਭਾਰਤ ਨਾਲੋਂ ਵੱਖ ਹੋਣ ਵਾਲੀ ਕੋਈ ਸ਼ਕਤੀਸ਼ਾਲੀ ਲਹਿਰ ਉਠਣ ਦੀ ਸੰਭਾਵਨਾ ਲਗਭਗ ਖ਼ਤਮ ਹੋ ਗਈ। ਭਾਰਤ ਦੀ ਅਖੰਡਤਾ ਅਤੇ ਏਕਤਾ ਪੱਕੀ ਅਤੇ ਬ੍ਰਾਹਮਣੀ ਨਿਜ਼ਾਮ ਲਈ ਸੱਤੇ ਖੈਰਾਂ।
ਪੰਜਾਬ ਵਿੱਚ ਸਿੱਖਾਂ ਨੇ ਗੌਰਵਮਈ ਇਤਿਹਾਸ ਦੀ ਸਿਰਜਣਾ ਕੀਤੀ ਹੈ। ਪੰਜਾਬ ਅਤੇ ਭਾਰਤੀ ਲੋਕਾਂ ਦੀ ਗੁਲਾਮੀ ਨੂੰ ਗਲੋਂ ਲਾਹੁਣ ਲਈ ਖੂਨ ਦੇ ਦਰਿਆ ਭਰੇ ਹਨ, ਸਿਰਾਂ ਦੇ ਗੰਜ ਉਸਾਰੇ ਹਨ। ਆਪਣਾ ਆਪ ਆਰਿਆਂ ਨਾਲ ਚਿਰਵਾਇਆ ਹੈ। ਜੰਗਲੀਂ ਵਾਸ ਕੀਤਾ ਹੈ, ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ ਵਿੱਚ ਹਾਰ ਪੁਆਏ ਹਨ। ਇਸ ਨੱਬੇ ਸਾਲਾ ਲੰਮੀ ਅਜਿੱਤ ਜੰਗ ਨੂੰ ਜਿੱਤ ਕੇ, ਸਿੱਖ ਰਾਜ ਕਾਇਮ ਕੀਤਾ। ਜਦੋਂ ਸਾਰਾ ਹਿੰਦੁਤਸਾਨ ਅੰਗਰੇਜ਼ਾਂ ਦਾ ਗੁਲਾਮ ਹੋ ਗਿਆ ਸੀ। ਵਿਸ਼ਾਲ ਪੰਜਾਬ ਦੇ ਹਿੰਦੂ, ਮੁਸਲਮਾਨ ਤੇ ਸਿੱਖ ਅਜ਼ਾਦ ਸਨ। ਅਹਿਸਾਨ-ਫਰਾਮੋਸ਼ੀ ਦਾ ਸਿਖਰ ਵੇਖੋ ਕਿ ਸਾਰੇ ਹਿੰਦੁਸਤਾਨ ਵਿੱਚੋਂ ਫੌਜੀ, ਅੰਗਰੇਜ਼ੀ ਰਾਜ ਨੂੰ ਵਧਾਉਣ ਤੇ ਮਜਬੂਤ ਕਰਨ ਲਈ ਭਰਤੀ ਹੋ ਕੇ ਪੰਜਾਬ ’ਤੇ ਚੜ੍ਹ ਆਏ। ਵਿਸ਼ਾਲ ਸਿੱਖ ਰਾਜ ਨੂੰ ਖ਼ਤਮ ਕਰਨ ਲਈ ਗੋਰੀ ਸਰਕਾਰ ਦੇ ਹੱਥ-ਠੋਕੇ ਬਣ ਗਏ। ਰਾਜ ਭਾਗ ਦੇ ਅੰਦਰ ਬੈਠੇ ਹਿੰਦੂ ਡੋਗਰੇ ਤੇ ਬ੍ਰਾਹਮਣ ਪਹਿਲਾਂ ਹੀ ਅੰਗਰੇਜ਼ਾਂ ਨਾਲ ਸੌਦੇਬਾਜ਼ੀਆਂ ਕਰ ਚੁੱਕੇ ਸਨ। ਇਸ ਤਰ੍ਹਾਂ, 30 ਮਾਰਚ 1849 ਨੂੰ ਪੰਜਾਬ ਵਿੱਚੋਂ ਸਿੱਖ ਰਾਜ ਦਾ ਖ਼ਾਤਮਾ ਕੀਤਾ ਗਿਆ।
ਇਸ ਤੋਂ 98 ਸਾਲ ਮਗਰੋਂ ਸਿੱਖਾਂ ’ਤੇ ਉਹੀ ਘੱਲੂਘਾਰਾ ਦੁਹਾਰਾਹਿਆ ਗਿਆ, ਦੇਸ਼ ਦੀ ਅਖੌਤੀ ਅਜ਼ਾਦੀ ਸੰਨ 1947 ਦੌਰਾਨ। ਦੁਬਾਰਾ ਫਿਰ ਪੂਰੀ ਪਲਾਨਿੰਗ ਨਾਲ ਸਿੱਖਾਂ ਨੂੰ ਮਰਨ ਅਤੇ ਉਜੜਨ ਦੇ ਸਾਰੇ ਪ੍ਰਬੰਧ ਕੀਤੇ ਗਏ। ਜੇ ਇਹ ਰੋਟੀ ਖਾਣ ਜੋਗੇ ਰਹਿ ਗਏ, ਇਨ੍ਹਾਂ ਦਾ ਆਤਮ-ਸਨਮਾਨ ਨਾ ਕੁਚਲਿਆ ਗਿਆ ਤਾਂ ਕਿਸੇ ਸਮੇਂ ਭੀ ਇਹ ‘ਸਿਰ-ਫਿਰੇ ਲੋਕ’ ਭਾਰਤ ਦੀ ‘ਏਕਤਾ ਔਰ ਅਖੰਡਤਾ’ ਲਈ ਖਤਰਾ ਬਣ ਸਕਦੇ ਹਨ। ਇਸੇ ਸੋਚ ਤਹਿਤ 47 ਦੀ ਦੇਸ਼ ਵੰਡ ਸਮੇਂ, ਸਿੱਖਾਂ ਨੂੰ ਖੂਨ ਪੀਣੀਆਂ ਧਾੜਾਂ ਦੇ ਅੱਗੇ ਨਿਹੱਥੇ ਕਰਕੇ ਸੁੱਟ ਦਿੱਤਾ ਗਿਆ। ਸਿੱਖਾਂ ਦੀ 25 ਪ੍ਰਤੀਸ਼ਤ ਅਬਾਦੀ ਦਾ ਘਾਣ ਹੋ ਗਿਆ। ਜ਼ਖ਼ਮੀ, ਨਕਾਰਾ ਤੇ ਪਾਗਲ ਹੋਣ ਵਾਲੇ ਹੋਰ ਅਣਗਿਣਤ। ਆਰਥਕ ਨੁਕਸਾਨ ਖ਼ਰਬਾਂ ਦਾ। ਉਸਦਾ ਕਿਸੇ ਨੂੰ ਕੋਈ ਮੁਆਵਜ਼ਾ ਨਾ ਦਿੱਤਾ ਗਿਆ। ਸਗੋਂ ਜ਼ਮੀਨਾਂ ਵਿੱਚੋਂ 25 ਤੋਂ 40 ਫੀਸਦੀ ਤੱਕ ਕਟੌਤੀ ਕਰ ਲਈ ਗਈ। (ਇਸ ਬਾਬਤ ਪੂਰੇ ਵਿਸਥਾਰ ਨਾਲ ਪੜ੍ਹਨਾ ਚਾਹੋ, ਤਾਂ ਸ੍ਰ: ਕੁਲਬੀਰ ਸਿੰਘ ਕੌੜਾ ਦੀ ਪੁਸਤਕ - ’ਤੇ ਸਿੱਖ ਭੀ ਨਿਗਲਿਆ ਗਿਆ - ਪੜ੍ਹ ਸਕਦੇ ਹੋ।)
ਪ੍ਰਸਿੱਧ ਲੇਖਕ ਸ੍ਰ: ਜਸਵੰਤ ਸਿੰਘ ‘ਕੰਵਲ’ ਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਦਾ ਰਿਹਾ ਹੈ। ਉਨ੍ਹਾਂ ਬੜੀ ਬੇਬਾਕੀ ਨਾਲ ਇਸ ਸੱਚਾਈ ਨੂੰ ਬਿਆਨ ਕੀਤਾ ਕਿ ਅਗਰ ਮਾ: ਤਾਰਾ ਸਿੰਘ ਮਨੋਂ ਇਮਾਨਦਾਰ ਹੁੰਦਾ ਤਾਂ ਸਿੱਖਾਂ ਵਾਸਤੇ ਰਾਜ ਤਾਂ ਭਾਵੇਂ ਨਾ ਲੈ ਸਕਦਾ ਪਰ ਸਿੱਖ ਕੌਮ ਨੂੰ ਕਤਲ ਅਤੇ ਬਰਬਾਦ ਹੋਣੋਂ ਬਚਾ ਸਕਦਾ ਸੀ। ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਮਾਸਟਰ ਜੀ ਨੇ ਕਦੀ ਗੋਲਕ ਦਾ ਪੈਸਾ ਨਹੀਂ ਖਾਧਾ। ਘਰ ਜਾਣ ਲਈ ਘੰਟਿਆਂ ਬੱਧੀ ਮੀਂਹ ਰੁਕਣ ਦੀ ਉਡੀਕ ਕਰਦੇ ਰਹੇ। ਪਰ ਸ਼੍ਰੋਮਣੀ ਕਮੇਟੀ ਦੀ ਜੀਪ ਨਿਜੀ ਕੰਮ ਲਈ ਵਰਤਣੀ ਮੁਨਾਸਿਬ ਨਾ ਸਮਝੀ। ਇਸੇ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਮਾਸਟਰ ਦੇ ਕੋਟ ਨੂੰ ਦੋ ਜੇਬਾਂ ਹੁੰਦੀਆਂ ਸਨ। ਇਕ ਵਾਰੀ ਇਸ ਦੀ ਬੇਟੀ ਰਜਿੰਦਰ ਕੌਰ ਬਿਮਾਰ ਹੋ ਗਈ। ਪਤਨੀ ਨੇ ਇਲਾਜ ਲਈ ਪੈਸੇ ਮੰਗੇ। ਮਾਸਟਰ ਨੇ ਕਿਹਾ ਕਿ ਮੇਰੇ ਕੋਲ ਇਸ ਵਕਤ ਪੈਸੇ ਨਹੀਂ ਹਨ। ਪਤਨੀ ਨੇ ਫੁਰਤੀ ਨਾਲ ਕੋਟ ਦੀਆਂ ਜੇਬਾਂ ਫਰੋਲੀਆਂ। ਉਨ੍ਹਾਂ ਵਿੱਚੋਂ ਕਾਫੀ ਵੱਡੀ ਰਕਮ ਮਿਲੀ। ਪੁੱਛਣ ’ਤੇ ਮਾਸਟਰ ਨੇ ਦੱਸਿਆ, ‘‘ਮੇਰੀ ਨਿਜੀ ਜੇਬ ਵਿੱਚ ਕੁਝ ਆਨੇ ਹੀ ਹਨ। ਜੋ ਵੱਡੀ ਰਕਮ ਤੂੰ ਜੇਬ ਵਿੱਚ ਵੇਖ ਰਹੀਂ ਹੈ, ਇਹ ਦੂਜੀ ਜੇਬ ਪੰਥ ਦੀ ਹੈ। ਬੇਟੀ ਦੇ ਇਲਾਜ ਤੇ ਇਸ ਵਿੱਚੋਂ ਕੋਈ ਪੈਸਾ ਨਹੀਂ ਵਰਤਿਆ ਜਾ ਸਕਦਾ।’’ ਵਾਹ ! ਕਿਆ ਇਮਾਨਦਾਰੀ ਦੀਆਂ ਕਿਆ ਜਜ਼ਬਾਤੀ ਸਾਖੀਆਂ ਹਨ।
ਪਰ ਸਵਾਲ ਪੈਦਾ ਹੁੰਦਾ ਹੈ ਕਿ ਮਾਸਟਰ ਤਾਰਾ ਸਿੰਘ ਹਰ ਰੋਜ਼ ਲੰਮੇ ਸਫ਼ਰ ਤੈਅ ਕਰਕੇ, ਮੀਟਿੰਗਾਂ ਅਤੇ ਕਾਨਫਰੰਸਾਂ ਨੂੰ ਸੰਬੋਧਨ ਕਰਨ ਜਾਇਆ ਕਰਦਾ ਸੀ। ਇਸ ਨਿੱਤ ਦੇ ਲੰਮੇਂ ਸਫਰਾਂ ’ਤੇ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੋਵੇਗਾ - ਉਹ ਕਿੱਥੋਂ ਆਉਂਦਾ ਸੀ। ਮਾਸਟਰ ਦੇ ਘਰੇਲੂ ਖਰਚੇ ਭੀ ਘੱਟ ਨਹੀਂ ਮੰਨੇ ਜਾ ਸਕਦੇ। ਅਜਿਹੇ ਲੀਡਰਾਂ ਦੇ ਘਰ ਨਿੱਤ ਦਿਨ ਮਿਲਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਇਨ੍ਹਾਂ ਸਾਰੇ ਸੱਜਣਾਂ-ਸਨੇਹੀਆਂ ਨੂੰ ਲੱਸੀ, ਚਾਹ ਤੇ ਪਰਸ਼ਾਦਾ ਛਕਾਉਣਾ ਜ਼ਰੂਰੀ ਸੀ। ਪਰਵਾਰਕ ਮੈਂਬਰਾਂ ਦੀਆਂ ਕਪੜਾ, ਦਵਾ-ਦਾਰੂ, ਖਾਣ-ਪੀਣ ਦੀਆਂ ਜਰੂਰਤਾਂ ਸਨ। ਫਿਰ ਜਦੋਂ ਮਾਸਟਰ ਕੋਈ ਨੌਕਰੀ, ਦੁਕਾਨ ਜਾਂ ਵਪਾਰ ਨਹੀਂ ਕਰਦਾ ਸੀ; ਕੁਲ-ਵਕਤੀ ਸਿਆਸੀ ਕੰਮਾਂ ਵਿੱਚ ਉਲਝਿਆ ਹੋਇਆ ਸੀ; ਤਾਂ ਇਨ੍ਹਾਂ ਸਾਰੀਆਂ ਵੱਡੀਆਂ ਲੋਡਾਂ ਵਾਸਤੇ ਪੈਸਾ ਕਿਥੋਂ ਆਉਂਦਾ ਸੀ? ਕਮਾਈ ਦੇ ਕੀ ਸਾਧਨ ਸਨ ਮਾਸਟਰ ਕੋਲ? ਜੇ ਉਹ ਸਚਮੁਚ ਹੀ ਇਮਾਨਦਾਰ ਸਨ, ਤਾਂ ਸਾਰੀਆਂ ਘਰੇਲੂ ਤੇ ਬਾਹਰੀ ਲੋੜਾਂ ਵਾਸਤੇ ਮਾਇਆ ਕਿਥੋਂ ਆਉਂਦੀ ਸੀ?
ਇਕ ਮਿਨਟ ਲਈ ਫਰਜ਼ ਕਰ ਲੈਂਦੇ ਹਾਂ ਕਿ ਮਾਸਟਰ ਜੀ ਨਿਜੀ ਜ਼ਿੰਦਗੀ ਵਿੱਚ ‘ਦੁੱਧ ਧੋਤੇ’ ਸਨ। ਪਰ ਉਨ੍ਹਾਂ ਬੇਈਮਾਨੀ ਦੀ ਡੂੰਘੀ ਦਲਦਲ ਵਿੱਚ ਧਸੇ ਹੋਏ ਸਾਥੀ ਸਿੱਖ ਲੀਡਰਾਂ ਨੂੰ ਆਪਣੇ ਨਾਲ ਕਿਉਂ ਰੱਖਿਆ? ਆਪਣੀ ਕਾਰਜ-ਕਾਰਣੀ ਰਾਹੀਂ ਕਿਉਂ ਬਾਹਰ ਨਾ ਕੱਢ ਮਾਰਿਆ? ਕੋਈ ਤਾੜਨਾ ਪੱਤਰ ਕਿਉਂ ਨਾ ਲਿਖਿਆ? ਗੁਪਤ ਸ੍ਰੋਤ ਦੱਸਦੇ ਹਨ ਕਿ ਮਾਸਟਰ ਦੀ ਸੱਜੀ ਬਾਂਹ ਬਲਦੇਵ ਸਿੰਘ ਵਰਗੇ ਨੂੰ ਕਿਉਂ ਨਾ ਭੰਨਿਆ? ਗੁਪਤ ਸ੍ਰੋਤ ਦੱਸਦੇ ਹਨ ਕਿ ਮਾਸਟਰ ਜੀ ਦੀ ਸੱਜੀ ਬਾਂਹ ਬਲਦੇਵ ਸਿੰਘ ਵਰਗੇ ਵਿਅਕਤੀ ਉਸ ਦੀਆਂ ਸਾਰੀਆਂ ਲੋੜਾਂ ‘ਆਪਣੇ ਸਾਧਨਾਂ ਨਾਲ’ ਪੂਰੀਆਂ ਕਰਦੇ ਸਨ। ਇਨ੍ਹਾਂ ਸਤਰਾਂ ਦੇ ਲੇਖਕ ਨੂੰ ਟਾਟਾ ਨਗਰ ਵਿਖੇ 10 ਦਿਨ ਧਰਮ ਪ੍ਰਚਾਰ ਲਈ ਜਾਣ ਦਾ ਮੌਕਾ ਮਿਲਿਆ ਸੀ। ਅਕਤੂਬਰ 05 ਵਿੱਚ ਉੱਥੇ ਰਹਿ ਰਹੇ ਸਿੱਖਾਂ ਨੇ ਸਾਰੇ ਥਾਂ ਵਿਖਾਏ, ਜਿੱਥੇ ਬਲਦੇਵ ਸਿੰਘ ਦੀਆਂ ਬਹੁਤ ਵੱਡੀਆਂ ਫੈਕਟਰੀਆਂ ਲੱਗੀਆਂ ਹੋਈਆਂ ਸਨ। ਇਨ੍ਹਾਂ ਕਾਰਖਾਨਿਆਂ ਲਈ ਸਰਕਾਰ ਨੇ ਬੈਂਕਾ ਦੇ ਦਰਵਾਜੇ ਖੋਲ੍ਹ ਦਿੱਤੇ। ਸਿੱਖਾਂ ਹੱਕਾਂ ਨੂੰ ਵੇਚਣ ਬਦਲੇ ਬਲਦੇਵ ਸਿੰਘ ਨੂੰ ਮਾਲਾ-ਮਾਲ ਕਰ ਦਿੱਤਾ ਗਿਆ। ਉਸੇ ਮਾਲ ਵਿੱਚੋਂ ਕਥਿਤ ‘ਇਮਾਨਦਾਰ ਲੀਡਰ’ ਮਾਸਟਰ ਤਾਰਾ ਸਿੰਘ ਦਾ ਪਰਵਾਰ ਆਪਣੀਆਂ ਲੋੜਾਂ ਪੂਰੀਆਂ ਕਰ ਰਿਹਾ ਸੀ। ਸਿੱਖ ਹੱਕਾਂ ਤੇ ਅਰਮਾਨਾਂ ਦਾ ਘਾਣ ਕਰਕੇ ਵਿਰਸੇ ਵਿੱਚ ਮਿਲੀ ਅਮੀਰੀ ਨੂੰ ਬਦਲੇਵ ਦਾ ਪਰਵਾਰ ਸੰਭਾਲ ਨਾ ਸਕਿਆ। ਸਿੱਟੇ ਵਜੋਂ, ਉੱਥੇ ਦੇ ਕਾਰਖਾਨੇ ਮਸ਼ੀਨਾਂ ਕੋਠੀਆਂ ਤੇ ਜ਼ਮੀਨ ਟਾਟਾ ਕੰਪਨੀ ਵਾਲਿਆਂ ਨੇ ਖਰੀਦ ਲਈ। ਇਨ੍ਹਾਂ ਅਕ੍ਰਿਤਘਣਾਂ ਨੇ ਦੇਸ਼-ਵਿਦੇਸ਼ ਵਿੱਚ ਹੋਰ ਥਾਈਂ ਆਪਣੇ ਕਾਰੋਬਾਰ ਸਥਾਪਿਤ ਕਰ ਲਏ। ਪੰਜਾਬ ਵਿੱਚ ਆਪਣੀ ਰਿਹਾਇਸ਼ ਰੱਖ ਲਈ ਤਾਂ ਕਿ ‘ਲੱਛਮੀ ਦੇਵੀ’ ਦੀ ਸਹਾਇਤਾ ਨਾਲ, ਪੰਜਾਬ ਦੀ ਅਕਾਲੀ ਰਾਜਨੀਤੀ ਤੇ ਪਕੜ ਬਣਾ ਕੇ ਰੱਖੀ ਜਾ ਸਕੇ। ਰਾਜਸੀ ਤਾਕਤ ਦੁਆਰਾ ਆਪਣੀ ‘ਨੇਕ ਕਿਰਤ ਕਮਾਈ’ ਦੀ ਰਾਖੀ ਕੀਤੀ ਜਾ ਸਕੇ। ਇਨ੍ਹਾਂ ਲੋਕਾਂ ਦੇ ਸਰਪ੍ਰਸਤ ਸਨ ‘ਬੇਦਾਗ’ ਸਿੱਖ ਆਗੂ ਮਾ: ਤਾਰਾ ਸਿੰਘ ਜੀ।
ਇਸੇ ਤਰਜ਼ ’ਤੇ ਇਕ ਹੋਰ ਲੀਡਰ, ਸਿੱਖਾਂ ਦੇ ਚਾਣਕਿਆ, ਸ਼੍ਰੋਮਣੀ ਕਮੇਟੀ ਦੇ 27 ਸਾਲ ਰਹੇ ਪ੍ਰਧਾਨ, ਕਈ ਵਾਰ ਲੋਕ ਸਭਾ ਤੇ ਰਾਜ ਸਭਾ ਦੇ ਰਹੇ ਮੈਂਬਰ ਸਨ, ਸ੍ਰ: ਗੁਰਚਰਨ ਸਿੰਘ ਟੌਹੜਾ। ਉਨ੍ਹਾਂ ਦੇ ਚਾਟੜਿਆਂ ਵੱਲੋਂ ਸਟੇਜਾਂ ’ਤੇ ਬਾਹਵਾਂ ਉਲਾਰ-ਉਲਾਰ ਕੇ, ਸੰਘ ਪਾੜ-ਪਾੜ ਕੇ ਸਿੱਖ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ‘ਨਿਰੋਲ ਸੱਚ’ ਸੁਣਾਇਆ ਜਾਂਦਾ ਰਿਹਾ ਹੈ ਕਿ ਪ੍ਰਧਾਨ ਜੀ ਕੋਲ ਦਾਦੇ ਲਾਹੀ ਦਸ ਕਿਲ੍ਹੇ ਜ਼ਮੀਨ ਹੈ। ਟੌਹੜਾ ਪਿੰਡ ਵਿੱਚ ਸਾਦਾ ਜਿਹਾ ਮਕਾਨ ਹੈ। ਆਮ ਲੀਡਰਾਂ ਵਾਂਗ ਇਨ੍ਹਾਂ ਕੋਈ ਜ਼ਮੀਨ ਜਾਇਦਾਦ ਨਹੀਂ ਬਣਾਈ। ਸ਼ਹਿਰ ਵਿੱਚ ਮਕਾਨ ਤੱਕ ਨਹੀਂ ਬਣਾਇਆ। ਬੜਾ ਸੰਤੋਖੀ ਜੀਵਨ ਹੈ, ਪੁਰਾਤਨ ਟਕਸਾਲੀ ਸਿੰਘਾਂ ਵਾਲਾ...। ਕੀ ਸਿੱਖ ਪੰਥ ਇਹ ਪੁੱਛਣ ਦਾ ਅਧਿਕਾਰ ਨਹੀਂ ਰੱਖਦਾ ਕਿ ਅਗਰ ਗੁਰਚਰਨ ਸਿੰਘ ਟੌਹੜਾ ਦਾ ਕੋਈ ਵਪਾਰ ਨਹੀਂ ਸੀ, ਫੈਕਟਰੀ ਨਹੀਂ ਸੀ, ਸ਼੍ਰੋਮਣੀ ਕਮੇਟੀ ਵੱਲੋਂ ਤਨਖ਼ਾਹ ਨਹੀਂ ਮਿਲਦੀ ਸੀ - ਤਾਂ ਕੋਈ ਅੰਦਰ ਦਾ ਭੇਤ ਦੱਸਣ ਦੀ ਦਲੇਰੀ ਕਰ ਸਕੇਗਾ ਕਿ ਪ੍ਰਧਾਨ ਦੇ ਘਰ ਦੀਆਂ ਲੋੜਾਂ ਕਿਵੇਂ ਪੂਰੀਆਂ ਹੁੰਦੀਆਂ ਸਨ?
ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਪ੍ਰਧਾਨ ਜੀ ਦੇ ਘਰ ਮਿਲਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਸੀ। ਉਨ੍ਹਾਂ ਨੂੰ ਦੁੱਧ, ਚਾਹ ਤੇ ਲੰਗਰ ਦੀ ਤੋਟ ਨਹੀਂ ਆਉਣ ਦਿੱਤੀ ਜਾਂਦੀ ਸੀ। ਆਪਣੀਆਂ ਨਿਜੀ ਲੋੜਾਂ ਅਲੱਗ ਸਨ। ਹਰ ਛੇ ਮਹੀਨਿਆਂ ਮਗਰੋਂ ਪ੍ਰਧਾਨ ਜੀ ਦੀ ਕਾਰ ਬਦਲ ਜਾਂਦੀ ਸੀ। ਪੁਰਾਣੀ ਕਾਰ ਕਿਸੇ ਛੋਟੇ ਸੇਵਕ ਨੂੰ ਬਖਸ਼ ਦਿੱਤੀ ਜਾਂਦੀ ਸੀ ਤੇ ਚੰਮ-ਚੰਮ ਕਰਦੀ, ਲਿਸ਼ਕਾਂ ਮਾਰਦੀ ਲੰਮੀ ਮਹਿੰਗੀ ਕਾਰ ਪ੍ਰਧਾਨ ਦੀ ਸੇਵਾ ਵਿੱਚ ਹਾਜ਼ਰ ਹੁੰਦੀ ਸੀ। ਹਰ ਦਿਨ ਲਗਭਗ ਪੰਜ ਸੌ ਕਿਲੋਮੀਟਰ ਸਫ਼ਰ ਉਨ੍ਹਾਂ ਨੇ ਕਰਨਾ ਹੀ ਹੁੰਦਾ ਸੀ। ਫਿਰ ਤੇਲ-ਪੈਟਰੋਲ ਦੇ ਖਰਚੇ ਲਈ ਵੱਡੀਆਂ ਰਕਮਾਂ ਕੌਣ ਦਿੰਦਾ ਸੀ? ਕਿਵੇਂ ਪੂਰੇ ਹੁੰਦੇ ਸਨ ਇਹ ਸਾਰੇ ਖਰਚੇ? ਘਰ ਵਿੱਚ ਅਜਿਹੀ ਕਿਹੜੀ ਨੋਟ ਬਣਾਉਣ ਦੀ ਮਸ਼ੀਨ ਲੱਗੀ ਹੋਈ ਸੀ ਕਿ ਜਦੋਂ ਦਿਲ ਚਾਹੇ ਨੋਟਾਂ ਦੀਆਂ ਗੁੱਥੀਆਂ ਛਾਪ ਲਈਆਂ ਜਾਣ? ਲੋਕ ਸਭਾ, ਰਾਜ ਸਭਾ, ਸ਼੍ਰੋਮਣੀ ਕਮੇਟੀ ਆਦਿ ਦੀਆਂ ਅਨੇਕਾਂ ਹੀ ਚੋਣਾਂ ਭਾਈ ਗੁਰਚਰਨ ਸਿੰਘ ਨੇ ਲੜੀਆਂ ਸਨ। ਚੋਣਾ ’ਤੇ ਜੋ ਅਥਾਹ ਪੈਸਾ ਖਰਚ ਆਉਂਦਾ ਹੈ, ਉਹ ਤਾਂ ਲੱਖਾਂ ਵਿੱਚ ਨਹੀਂ, ਕਰੋੜਾਂ ਤੱਕ ਪਹੁੰਚ ਜਾਂਦਾ ਹੈ। ਏਨਾ ਧਨ ਖਰਚਣ ਲਈ ਕਿਹੜੀ ਗਿੱਦੜ ਸਿੰਗੀ ਸੀ ਉਸ ਕੋਲ? ਝੂਠੀ ਤਾਰੀਫ ਦੇ ਪੁੱਲ ਬੰਨ੍ਹਣ ਵਾਲੇ ਲੇਖਕਾਂ ਤੇ ਖੋਜੀ ਵਿਦਵਾਨਾਂ ਨੇ ਕੁਝ ਟੁਕੜਿਆਂ ਖਾਤਰ, ਆਪਣੀ ਜ਼ਮੀਰ ਵੇਚ ਦਿੱਤੀ, ਕਲਮਾਂ ਕਲੰਕਤ ਕਰ ਲਈਆਂ, ਜਿਨ੍ਹਾਂ ਇਸ ਕੂੜ ਪ੍ਰਚਾਰ ਤੋਂ ਕਦੀ ਪੜਦਾ ਚੁੱਕਣ ਦੀ ਹਿੰਮਤ ਨਾ ਕੀਤੀ।
ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਚੋਰੀ ਹੁੰਦੀਆਂ ਰਹੀਆਂ, ਇਕ ਗਿਣੀ-ਮਿੱਥੀ ਯੋਜਨਾ ਤਹਿਤ। ਕਮੇਟੀ ਵਿੱਚ ਮੁਲਾਜ਼ਮ ਭਰਤੀ ਕਰਨੇ, ਤਰੱਕੀਆਂ ਦੇਣੀਆਂ, ਬਦਲੀਆਂ ਕਰਨੀਆਂ - ਕਮਾਈ ਦੇ ਚੰਗੇ ਸਾਧਨ ਸਨ। ਸ਼੍ਰੋਮਣੀ ਕਮੇਟੀ ਵੱਲੋਂ ਜੋ ਸਾਹਿਤ ਛਾਪਿਆ ਜਾਂਦਾ ਹੈ, ਉਸ ਵਿੱਚ ਕਰੋੜਾਂ ਦੇ ਗਬਨ ਹਨ। ਲੰਗਰ ਦੀ ਰਸਦ ਖਰੀਦਣ ਤੋਂ ਲੈ ਕੇ ਸਿਰੋਪਿਆਂ ਤੱਕ, ਚੌਰ/ਚਾਂਦਨੀ ਤੋਂ ਲੈ ਕੇ ਰੁਮਾਲਿਆਂ ਤੱਕ, ਸਭ ਕਿਤੇ ਸੰਨ੍ਹ ਲਗਦੇ ਆ ਰਹੇ ਹਨ। ਇਤਿਹਾਸ ਦੀਆਂ ਸ਼ਾਨਦਾਰ ਸਾਂਭਣਯੋਗ ਨਿਸ਼ਾਨੀਆਂ ਮਿਟਾ ਕੇ, ਸੰਗਮਰਮਰ ਦੀਆਂ ਬੇਜਾਨ ਜਿਹੀਆਂ ਗੁਰਦੁਆਰਾ ਇਮਾਰਤਾਂ ਬਣਾਉਣ ਦੇ ਠੇਕੇ ਤਾਂ ਕਾਰ ਸੇਵਾ ਵਾਲੇ ਸਾਧਾਂ ਨੂੰ ਸ਼ਰੇਆਮ ਬੋਲੀਆਂ ਲਾ ਕੇ ਨੀਲਾਮ ਕੀਤੇ ਜਾਂਦੇ ਰਹੇ ਹਨ।
ਹੁਣ ਇਨ੍ਹਾਂ ਕਾਰ ਸੇਵਾ ਵਾਲੇ ‘ਮਹਾਂਪੁਰਖਾਂ’ ਦਾ ਅੰਦਰਲਾ ਕੋਹੜ ਸੌ ਪੜਦੇ ਪਾੜ ਕੇ ਜਗ-ਜਹਿਰ ਹੋ ਗਿਆ ਹੈ। ਸ੍ਰੀਮਾਨ ਸੰਤ ਬਾਬਾ ਹਰਬੰਸ ਸਿੰਘ ਜੀ ਦੇ ਪ੍ਰਮੁੱਖ ਸੇਵਾਦਾਰ ਸੰਤ ਬਾਬਾ ਜਗਤਾਰ ਸਿੰਘ ਜੀ। ਅੱਗੋਂ ਇਨ੍ਹਾਂ ਦੇ ਵਿਸ਼ਵਾਸਪਾਤਰ ਸੇਵਾਦਾਰ ਯਾਨੀ ਬ੍ਰਹਮਗਿਆਨੀ ਸੰਤ ਬਾਬਾ ਅਮਰੀਕ ਸਿੰਘ ਜੀ। ਇਹੀ ਬਾਬਾ ਅਮਰੀਕ ਸਿੰਘ ਜੀ। ਇਹੀ ਬਾਬਾ ਅਮਰੀਕ ਸਿੰਘ ਆਪਣਾ ਬਣਦਾ-ਸਰਦਾ ਹਿੱਸਾ ਯਾਨੀ ਸਿਰਫ਼ 2 ਕਰੋੜ ਰੁਪਏ, ਬੜੇ ‘ਸਬਰ-ਸੰਤੋਖ’ ਨਾਲ ਲੈ ਕੇ ਫਰਾਰ ਹੋ ਗਿਆ। ਸੱਤ ਮਹੀਨੇ ਰੂਪੋਸ਼ ਰਹਿ ਕੇ ਪੁਲਿਸ ਅਤੇ ਸਾਥੀ ਸੰਤਾਂ ਨਾਲ ਬਚਣ ਦੇ ਸਮਝੌਤੇ ਕਰਕੇ ਜਨਵਰੀ 2007 ਦੇ ਪਹਿਲੇ ਹਫ਼ਤੇ ਗ੍ਰਿਫਤਾਰ ਹੋ ਗਿਆ। ਕਾਰ ਸੇਵਕ ਜਗਤਾਰ ਸਿੰਘ ਦਾ ਜੁਲਾਈ 06 ਦੀਆਂ ਅਖ਼ਬਾਰਾਂ ’ਚ ਬਿਆਨ ਛਪਿਆ ਕਿ ‘‘2 ਕਰੋੜ ਰੁਪਏ ਦੇ ਗਬਨ ਦਾ ਪਤਾ ਲੱਗ ਗਿਆ ਹੈ। ਉਂਞ ਇਹ ਲੁੱਟ 4 ਕਰੋੜ ਰੁਪਏ ਤੱਕ ਹੋ ਸਕਦੀ ਹੈ।’’
ਸ਼੍ਰੋਮਣੀ ਕਮੇਟੀ ਦੀ ਹਜ਼ਾਰਾਂ ਏਕੜ ਜ਼ਮੀਨ ਵਿੱਚੋਂ ਜੋ ਫਸਲ ਪੈਦਾ ਹੁੰਦੀ ਹੈ, ਜ਼ਮੀਨਾਂ ਦਾ ਠੇਕਾ ਆਉਂਦਾ ਹੈ, ਦੁਕਾਨਾਂ ਦੇ ਕਿਰਾਏ ਆਉਂਦੇ ਹਨ - ਜੇ ਕਿਤੇ ਇਨ੍ਹਾਂ ਦੀ ਕਿਸੇ ਵਿਸ਼ਵਾਸ ਯੋਗ ਏਜੰਸੀ ਤੋਂ ਪੜਤਾਲ ਕਰਵਾ ਲਈ ਜਾਵੇ ਤਾਂ ਸਿੱਖ ਚੌਧਰੀ, ਸੰਗਤਾਂ ਵਿੱਚ ਮੂੰਹ ਵਿਖਾਉਣ ਜੋਗੇ ਨਹੀਂ ਰਹਿਣਗੇ। ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਕਿੰਨੇ ਸਾਰੇ ਸਿੱਖ ਲੀਡਰਾਂ ਦੇ ਧੀਆਂ-ਪੁੱਤਰ ਸਾਰੇ ਨੇਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ, ਕਰੋੜਾਂ ਰੁਪਏ ਕਮੇਟੀ ਨੂੰ ਚੂਨਾ ਲਾਉਂਦੇ ਹੋਏ, ‘ਸ਼ਾਨਦਾਰ ਪੰਥਕ ਰਵਾਇਤਾਂ’ ਉੱਤੇ ਪਹਿਰਾ ਦੇ ਰਹੇ ਹਨ। ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਫੌਜੀ ਹਮਲੇ ਵਕਤ ਜੋ ਗੋਲੀਆਂ ਦੇ ਨਿਸ਼ਾਨ ਸਨ, ਉਨ੍ਹਾਂ ਨੂੰ ਮਿਟਾਉਣ ਵਾਸਤੇ ਨਿਸ਼ਕਾਮ ਸੇਵਕ ਜੱਥਾ, ਬਰਮਿੰਘਮ, ਯੂ.ਕੇ., ਸ਼੍ਰੋਮਣੀ ਕਮੇਟੀ ਦੇ ਕਈ ਅਧਿਕਾਰੀਆਂ ਸਮੇਤ, ਵਿਵਾਦਾਂ ਵਿੱਚ ਘਿਰੇ ਰਹੇ ਹਨ। ਹੁਣ ਤਾਂ ਜਗ-ਜਾਹਿਰ ਹੋ ਗਿਆ ਹੈ ਕਿ ਤਾਂਬੇ ਦੀਆਂ ਪਲੇਟਾਂ ’ਤੇ ਸੋਨੇ ਦਾ ਪਾਣੀ ਫੇਰਕੇ, ਦਰਬਾਰ ਸਾਹਿਬ ’ਤੇ ਪੱਤਰੇ ਚੜ੍ਹਾਏ ਗਏ ਹਨ। ਵੀਹ ਕੁ ਸਾਲਾਂ ਦੇ ਥੋੜੇ ਜਿਹੇ ਸਮੇਂ ਵਿੱਚ ਸੋਨਾ ‘ਸਚਖੰਡ’ ਪਿਆਨਾ ਕਰ ਗਿਆ ਹੈ। ਤਾਂਬੇ ਦੀਆਂ ਪੱਤਰੀਆਂ ਸਾਫ਼ ਨਜ਼ਰ ਆਉਣ ਲੱਗ ਪਈਆਂ ਹਨ। ਕਿਸੇ ਹੋਰ ਕਾਰ ਸੇਵਾ ਦੀ ਉਡੀਕ ਵਿੱਚ, ਹੋਰ ਲੀਡਰਾਂ ਦੀਆਂ ਜੇਬਾਂ ਭਰਨ ਲਈ, ਹੋਰ ‘ਮਹਾਂਪੁਰਖਾਂ’ ਦੇ ਵਿਸ਼ਵਾਸ ਨੂੰ ਪਰਖਣ ਲਈ, ਸ਼ਰਧਾਵਾਨ ਸੰਗਤ ਪੱਬਾਂ ਭਾਰ ਹੋਈ ਉਡੀਕ ਕਰ ਰਹੀ ਹੈ - ਆਪਣੀ ਮਿਹਨਤ ਨੂੰ ਬੇਈਮਾਨਾਂ ਦੇ ਢਿੱਡਾਂ ਵਿੱਚ ਪਾਉਣ ਲਈ।
ਗੋਰਿਆਂ ਨੇ ਜਦੋਂ ਭਾਰਤਵਾਸੀਆਂ ਨੂੰ ਅਜ਼ਾਦੀ ਦਿੱਤੀ, ਉਹ ਸਾਰਾ ਰਿਕਾਰਡ ‘ਸੱਤਾ ਦਾ ਪਰਿਵਰਤਨ’ ਸਿਰਲੇਖ ਅਧੀਨ ਦਸਤਾਵੇਜ਼ਾਂ ਵਿੱਚ ਇੰਗਲੈਂਡ ਵਿੱਚ ਸਾਂਭਿਆ ਹੋਇਆ ਮੌਜੂਦ ਹੈ। ਆਮ ਜਨਤਾ ਦੀ ਪਹੁੰਚ ਤੋਂ ਪਰ੍ਹੇ ਰੱਖਣ ਲਈ, ਇਸਨੂੰ 50 ਸਾਲ ਵਾਸਤੇ ਸੀਲਬੰਦ ਕਰ ਦਿੱਤਾ ਗਿਆ ਸੀ। ਲੇਖਕਾਂ, ਪੱਤਰਕਾਰਾਂ ਤੇ ਇਤਿਹਾਸਕਾਰਾਂ ਨੇ ਅਦਾਲਤਾਂ ਰਾਹੀਂ ਲੰਮੀਂ ਕਾਨੂੰਨੀ ਲੜਾਈ ਲੜ ਕੇ ਇਸ ਰਿਕਾਰਡ ਨੂੰ ਆਮ ਵਿਅਕਤੀ ਦੀ ਪਹੁੰਚ ਵਿੱਚ ਲੈ ਆਂਦਾ, ਸਨ 1970 ਵਿੱਚ। ਮਾਸਟਰ ਤਾਰਾ ਸਿੰਘ ਨਾਲ ਲੰਮਾਂ ਸਮਾਂ ਰਾਜਸੀ ਖੇਤਰ ਵਿੱਚ ਸਾਥੀ ਰਹੇ ਸ੍ਰ: ਰਾਮ ਸਿੰਘ ਨੇ ਅਜਿਹੇ ਗੁਪਤ ਰਿਕਾਰਡ ਖੋਜ ਕੇ, ਅਖ਼ਬਾਰਾਂ ਵਿੱਚੋਂ ਹਵਾਲੇ ਦੇ ਕੇ ਅਤੇ ਆਪਣੀ ਨਿਜੀ ਜਾਣਕਾਰੀ ਦੇ ਅਧਾਰ ’ਤੇ ਇਕ ਰੋਂਗਟੇ ਖੜੇ ਕਰ ਦੇਣ ਵਾਲੀ ਪੁਸਤਕ ਲਿਖੀ ਸੀ, ‘‘ਮਾਸਟਰ ਤਾਰਾ ਸਿੰਘ ਦਾ ਸਿੱਖ ਕੌਮ ਨਾ ਵਿਸ਼ਵਾਸਘਾਤ।’’ ਬਜ਼ੁਰਗ ਲੇਖਕ ਨੇ ਸਬੂਤਾਂ ਸਮੇਤ ਮਾਸਟਰ ਦੀਆਂ ਗੱਦਾਰੀਆਂ ਨੰਗੀਆਂ ਕੀਤੀਆਂ ਹਨ।
ਚਰਚਿਤ ਕਿਤਾਬ ‘ਸਾਚੀ ਸਾਖੀ’ ਵਿੱਚ ਸ੍ਰ: ਕਪੂਰ ਸਿੰਘ ਨੇ ਸੰਨ 1947 ਵਿੱਚ ਸਿੱਖਾਂ ’ਤੇ ਵਾਪਰੇ ਤੀਜੇ ਘੱਲੂਘਾਰੇ ਦੇ ਨਸਲਘਾਤੀ ਅਤੇ ਸਿੱਖ ਕੌਮ ਦੇ ਗੱਦਾਰ ਅਕਾਲੀ ਲੀਡਰਾਂ ਦੀ ਨਿਸ਼ਾਨਦੇਹੀ ਕੀਤੀ ਹੈ। ‘ਸਾਚੀ ਸਾਖੀ’ 1968 ਵਿੱਚ ਛਪੀ ਹੋਣ ਕਰਕੇ, ਇੰਗਲੈਂਡ ਵਿੱਚ ਰੱਖੇ ਗਏ ਗੁਪਤ ਦਸਤਾਵੇਜ਼ਾਂ ਤੱਕ ਸ੍ਰ: ਕਪੂਰ ਸਿੰਘ ਦੀ ਪਹੁੰਚ ਨਹੀਂ ਹੋ ਸਕੀ। ਕਿਉਂਕਿ ਆਮ ਲੋਕਾਂ ਲਈ ਇਹ 47 ਦੀ ਵੰਡ ਨਾਲ ਸਬੰਧਤ ਕਾਗਜ਼ਾਤ ਸਨ 1970 ਤੋਂ ਬਾਅਦ ਵੇਖਣ ਯੋਗ ਪਹੁੰਚ ਵਿੱਚ ਆ ਸਕੇ ਹਨ। ਜਿਨ੍ਹਾਂ ਲੇਖਕਾਂ ਨੇ ਸ੍ਰ: ਕਪੂਰ ਸਿੰਘ ’ਤੇ ਇਹ ਇਲਜ਼ਾਮ ਲਗਾਏ ਹਨ ਕਿ ‘‘ਕਪੂਰ ਸਿੰਘ ਖ਼ਾਲਿਸਤਾਨ ਨੂੰ ਯਾਦ ਕਰਕੇ ਇਸਲਈ ਹੰਝੂ ਵਹਾਉਂਦਾ ਰਹਿੰਦਾ ਹੈ ਕਿਉਂਕਿ ਖ਼ਾਲਿਸਤਾਨ ਬਣ ਜਾਣ ਦੀ ਸੂਰਤ ਵਿੱਚ ਸ੍ਰ: ਕਪੂਰ ਸਿੰਘ ਨੇ ਰਾਸ਼ਟਰਪਤੀ ਬਣ ਜਾਣਾ ਸੀ। ਇਸ ਸ਼ਖ਼ਸ ਦੇ ਸਾਰੇ ਸੁਪਨੇ ਚੂਰ-ਚੂਰ ਹੋ ਜਾਣ ਕਰਕੇ ਇਹ ਹਉਕੇ ਭਰਦਾ ਹੈ ਤੇ ਅਕਾਲੀ ਲੀਡਰਾਂ ਨੂੰ ਪਾਣੀ ਪੀ-ਪੀ ਕੋਸਦਾ ਰਹਿੰਦਾ ਹੈ। ਉਂਞ ਇਸ ਦੀਆਂ ਲਿਖਤਾਂ ਦੀ ਕੋਈ ਇਤਿਹਾਸਕ ਮਹੱਤਤਾ ਨਹੀਂ।’’ ਹੋਰ ਅਨੇਕ ਲੇਖਕਾਂ ਵਾਂਗ ਇਸ ਸੋਚ ਵਾਲੇ ਲੋਕਾਂ ਵਿੱਚੋਂ ਸਿਰ ਕੱਢਵਾਂ ਇਕ ਨਾਮ ਸੀ ਡਾ: ਕਿਰਪਾਲ ਸਿੰਘ ਨਾਰੰਗ, ਸਾਬਕਾ ਉਪ-ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮਗਰੋਂ ਜਾ ਕੇ ਇਹ ਵਿਅਕਤੀ ਬਹੁਤ ਸਾਰੀਆਂ ਸਹੂਲਤਾਂ ਪ੍ਰਾਪਤ ਕਰਕੇ ਰਾਧਾ ਸੁਆਮੀ ਡੇਰੇ, ਬਿਆਸ ਵਾਲਿਆਂ ਦਾ ਸੇਵਕ ਬਣ ਗਿਆ ਸੀ। ਦਿੱਲੀ ਤੋਂ ਛਪਣ ਵਾਲੇ ਇਕ ਮੈਗਜ਼ੀਨ ‘ਕੌਮੀ ਰਾਜਨੀਤੀ’ (1976) ਵਿੱਚ ਡਾ: ਨਾਰੰਗ ਦਾ ਲੰਮਾਂ ਲੇਖ ਸ੍ਰ: ਕਪੂਰ ਸਿੰਘ ਦੇ ਵਿਰੁੱਧ ਛਪਿਆ। ਉਸ ਤੋਂ ਅਗਲੇ ਅੰਕ ਵਿੱਚ ਸ੍ਰ: ਕਪੂਰ ਸਿੰਘ ਨੇ ਬੜਾ ਭਾਵਪੂਰਤ, ਬੋਲਤੀ ਬੰਦ ਕਰਨ ਵਾਲਾ ਜੁਆਬ ਲਿਖਿਆ। ਲੇਖਕ ਨੇ ਅਖ਼ੀਰ ਵਿੱਚ ਇਸ ਤਰ੍ਹਾਂ ਨਿਚੋੜ ਪੇਸ਼ ਕੀਤਾ ਸੀ -
‘‘ਮੈਂ ਅਗਰ ਸਿੱਖ ਰਾਜ ਦੀ ਵਕਾਲਤ ਕਰਦਾ ਹਾਂ ਤਾਂ ਇਸਲਈ ਕਿ ਅੰਗਰੇਜ਼ਾਂ ਨੇ ਵੰਡ ਤੋਂ ਪਹਿਲਾਂ ਹਿੰਦੂ, ਮੁਸਲਮਾਨ ਤੇ ਸਿੱਖ, ਤਿੰਨਾਂ ਧਿਰਾਂ ਨੂੰ ਬਰਾਬਰ ਸਵੀਕਾਰ ਕੀਤਾ ਸੀ। ਸਾਰੇ ਹਿੰਦੁਸਤਾਨ ਨੂੰ ਬਹੁਤ ਸਮਾਂ ਪਹਿਲਾਂ ਹੀ ਗੁਲਾਮ ਬਣਾ ਲਿਆ ਸੀ। ਸਿੱਖ ਆਪਣੀ ਰਾਜਸੀ ਤਾਕਤ ਦੇ ਬਲਬੂਤੇ ਫਿਰ ਭੀ ਅਜ਼ਾਦ ਦੇਸ਼ ਦੇ ਬਸ਼ਿੰਦੇ ਸਨ। ਬਹੁਤ ਖੂਨੀ ਜੰਗਾਂ ਲੜ ਕੇ 1849 ਵਿੱਚ ਸਿੱਖ ਰਾਜ ’ਤੇ ਕਬਜ਼ਾ ਕੀਤਾ ਜਾ ਸਕਿਆ ਸੀ। ਸਾਰੇ ਹਿੰਦ ਵਿੱਚੋਂ ਹਿੰਦੂ ਫੌਜੀ, ਅੰਗਰੇਜ਼ੀ ਫੌਜ ਵਿੱਚ ਭਰਤੀ ਹੋ ਕੇ, ਸਿੱਖ ਰਾਜ ਨੂੰ ਤਬਾਹ ਕਰਨ ਵਾਸਤੇ ਗੋਰੀ ਹਕੂਮਤ ਦੇ ਹੱਥ-ਠੋਕੇ ਬਣੇ ਹੋਏ ਸਨ।
ਖ਼ਾਲਿਸਤਾਨ ਬਣ ਜਾਣ ਦੀ ਸੂਰਤ ਵਿੱਚ, ਮੇਰੇ (ਕਪੂਰ ਸਿੰਘ) ਨਾਲੋਂ ਬਹੁਤ ਸਾਰੇ ਸੀਨੀਅਰ ਅਕਾਲੀ ਮੌਜੂਦ ਸਨ। ਚੰਗੇ ਵੱਡੇ ਰੁਤਬੇ ਉਨ੍ਹਾਂ ਨੂੰ ਹੀ ਮਿਲਣੇ ਸਨ। ਪਰ ਡਾ: ਨਾਰੰਗ ਦੇ ਕਥਨ ਨੂੰ ਜੇ ਸੱਚ ਮੰਨ ਲਿਆ ਜਾਵੇ ਕਿ ਮੈਂ ਰਾਸ਼ਟਰਪਤੀ ਬਣ ਭੀ ਜਾਂਦਾ, ਤਾਂ ਇਸ ਵਿੱਚ ਕੀ ਬੁਰਾਈ ਸੀ? ਆਖਿਰ ਕਿਸੇ ਸਿੱਖ ਨੇ ਤਾਂ ਰਾਸ਼ਟਰਪਤੀ ਬਣਨਾ ਹੀ ਸੀ? ਜਿਵੇਂ ਮੁਹੰਮਦ ਅਲੀ ਜਿਨਾਹ ਨੇ ਬੜੀ ਸਿਆਣਪ ਅਤੇ ਦ੍ਰਿੜਤਾ ਨਾਲ ਪਾਕਿਸਤਾਨ ਬਣਵਾ ਲਿਆ। ਭਾਰਤ ਵਿੱਚ ਮਹਾਤਮਾ ਗਾਂਧੀ ਦਾ ਜੋ ਸਤਿਕਾਰ ਹੈ, ਉਧਰ ਪਾਕਿਸਤਾਨ ਵਿੱਚ ਉਤਨਾ ਹੀ ਮਾਣ ਜਿੰਨਾਹ ਦਾ ਹੈ। ਕੁਝ ਲੋਕਾ ਨੂੰ ਜਿੰਨਾਹ ਦੀਆਂ ਨੀਤੀਆਂ ਪਸੰਦ ਨਾ ਆਈਆਂ। ਇਸੇਲਈ 11 ਸਤੰਬਰ 1948 ਨੂੰ ਜਿੰਨਾਹ ਦੇ ਸੀਨੇ ਵਿੱਚ ਗੋਲੀ ਮਾਰ ਕੇ ਹਮੇਸ਼ਾ ਦੀ ਨੀਂਦ ਸੁਲਾ ਦਿੱਤਾ। ਉਸਦੀ ਥਾਂ ਰਾਸ਼ਟਰਪਤੀ ਕੋਈ ਹੋਰ ਯੋਗ ਮੁਸਲਮਾਨ ਬਣ ਗਿਆ। ਉਨ੍ਹਾਂ ਦਾ ਪਾਕਿਸਤਾਨ ਉਸੇ ਤਰ੍ਹਾਂ ਕਾਇਮ ਹੈ ਤੇ ਰਹੇਗਾ। ਮੈਂ ਅਗਰ ਖ਼ਾਲਿਸਤਾਨ ਦਾ ਰਾਸ਼ਟਰਪਤੀ ਬਣ ਜਾਂਦਾ; ਆਪਣੇ ਲੋਕਾਂ ਨੂੰ ਪਸੰਦ ਨਾ ਹੁੰਦਾ ਤਾਂ ਗੱਦੀ ਤੋਂ ਉਤਾਰਿਆ ਜਾ ਸਕਦਾ ਸੀ, ਗੋਲੀ ਮਾਰੀ ਜਾ ਸਕਦੀ ਸੀ...। ਪਰ ਖ਼ਾਲਿਸਤਾਨ ਸਦਾ ਸਲਾਤਮ ਰਹਿਣਾ ਸੀ। ਡਾ: ਕਿਰਪਾਲ ਸਿੰਘ ਨਾਰੰਗ ਵਰਗੇ ਲੋਕਾਂ ਨੇ ਸਾਂਝੀ ਕੌਮੀ ਸੋਚ ਨੂੰ ਇਕ ਵਿਅਕਤੀਗਤ ਸੋਚ ਬਣਾ ਕੇ ਭੰਡਣ ਦਾ ਕੁਕਰਮ ਕੀਤਾ ਹੈ। ਜੋ ਇਕ ਇਤਿਹਾਸਕਾਰ ਨੂੰ ਸੋਭਦਾ ਨਹੀਂ। ਅਜਿਹੇ ਲੋਕਾਂ ਦੀ ਮਾਰੂ ਸੋਚ ਕਾਰਨ, ਸਾਰਾ ਪੰਜਾਬ ਤੇ ਪੂਰੀ ਸਿੱਖ ਕੌਮ, ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੀ ਜਾ ਚੁੱਕੀ ਹੈ।’’
sikh genocide, role, sikh leaders, traitors, stoogs, partition, india, pakistan, mahinder singh randhawa, nehru, refugees, kapur singh, sachi sakhi, khazan singh, jaswant singh kanwal, master tara singh, gurcharan singh tohra, sgpc, babas, kar sewa, auction, author, inder singh ghagga