

ਪ੍ਰਚਲਿਤ ਸਿੱਖ ਆਰਤੀ : ਕੁਝ ਹੋਰ ਵਿਚਾਰ
- ਰਵਿੰਦਰ ਸਿੰਘ ਪਿੰਜੌਰ -
ਪ੍ਰਚਲਿਤ ਸਿੱਖ ਆਰਤੀ ਦੇ ਸਿਧਾਂਤਕ ਮਿਲਗੋਭੇਪਨ ਨੂੰ ਪ੍ਰਗਟ ਕਰਦਾ ਦਾਸ ਦਾ ਇਕ ਲੇਖ ਇੰਡੀਆ ਅਵੇਅਰਨੈਸ ਵਿਚ ਛਪਿਆ। ਇਹ ਲੇਖ ਇਸ ਮੈਗਜ਼ੀਨ ਦੇ ਜੂਨ 08 ਅਤੇ ਜੁਲਾਈ 08 ਦੇ ਅੰਕਾਂ ਵਿਚ ਦੋ ਕਿਸ਼ਤਾਂ ਵਿਚ ਛਪਿਆ ਸੀ। ਇਸ ਲੇਖ ਵਿਚ ਦਾਸ ਨੇ ਅਕਾਲ ਪੁਰਖ ਦੀ ਮਿਹਰ ਸਦਕਾ, ਗੁਰਮਤਿ ਦੀ ਰੋਸ਼ਨੀ ਵਿਚ ਭਗਤ ਧੰਨਾ ਜੀ ਦੇ ਇਕ ਸ਼ਬਦ ‘ਗੋਪਾਲ ਤੇਰਾ ਆਰਤਾ’ ਦੇ ਭਾਵ ਅਰਥ ਪ੍ਰਚਲਿਤ ਦੀ ਥਾਂ ਨਿਵੇਕਲੇ ਤਰੀਕੇ ਨਾਲ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਸੀ। ਇਸ ਸ਼ਬਦ ਦੇ ਪ੍ਰਚਲਿਤ ਅਰਥ ਜਾਗਰੂਕ ਸਿੱਖਾਂ ਦੇ ਮਨ ਵਿਚ ਕਈ ਸ਼ੰਕੇ ਪੈਦਾ ਕਰਦੇ ਹਨ ਜਿਨ੍ਹਾਂ ਬਾਰੇ ਵਿਚਾਰ ਲੇਖ ਵਿਚ ਹੋ ਚੁਕੀ ਹੈ। ਇਹਨਾਂ ਨਿਵੇਕਲੇ ਭਾਵ ਅਰਥਾਂ ਨੂੰ ਪੜ੍ਹ ਕੇ ਕੁਝ ਸੁਹਿਰਦ ਪਾਠਕਾਂ ਦੇ ਫੋਨ ਆਏ। ਉਹਨਾਂ ਦਾ ਕਹਿਣਾ ਸੀ ਕਿ ਇਹ ਅਰਥ ਤਾਂ ਗੁਰਮਤਿ ਅਨੁਸਾਰੀ ਢੁਕਵੇਂ ਲਗਦੇ ਹਨ ਪਰ ਕੁਝ ਇਸੇ ਨਾਲ ਮਿਲਦਾ ਜੁਲਦਾ ਇਕ ਸ਼ਬਦ ਸੋਰਠਿ ਰਾਗ ਵਿਚ ਭਗਤ ਕਬੀਰ ਜੀ ਦਾ ਵੀ ਹੈ। ਉਹ ਸ਼ਬਦ ਹੈ ‘ਭੂਖੇ ਭਗਤ ਨ ਕੀਜੈ….’ ਵਾਲਾ। ਇਸ ਸ਼ਬਦ ਦੇ ਵੀ ਭਾਵ ਅਰਥ ਗੁਰਮਤਿ ਅਨੁਸਾਰੀ ਕਰਨ ਦੀ ਮੰਗ ਉਨਾਂ ਵੀਰਾਂ ਨੇ ਕੀਤੀ। ਕਈ ਪਾਠਕਾਂ ਦਾ ਇਹ ਇਤਰਾਜ਼ ਵੀ ਸੁਨਣ ਵਿਚ ਆਇਆ ਕਿ ਕੀ ਹੁਣ ਤਕ ਦੇ ਸਾਰੇ ਵਿਆਖਿਆਕਾਰ/ਵਿਦਵਾਨ ਗਲਤ ਸਨ? ਇਹ ਨਵਾਂ ਵਿਦਵਾੜ ਕਿਥੋਂ ਪੈਦਾ ਹੋ ਗਿਆ? ਉਪਰੋਕਤ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਐਸੇ ਇਤਰਾਜ਼ ਉਠਾਉਣ ਵਾਲੇ ਪਾਠਕਾਂ ਨਾਲ ਇਕ ਨਿਮਾਣੇ ਸਿਖ ਵਾਂਗੂ ਕੁਝ ਵਿਚਾਰ ਸਾਂਝੇ ਕਰਨਾ ਜ਼ਰੂਰੀ ਸਮਝਦਾ ਹਾਂ।
ਹਰ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਉਹ ਲਕੀਰ ਦਾ ਫਕੀਰ ਬਣੇ ਰਹਿਣ ਦੀ ਬਜਾਏ ਗੁਰਮਤਿ (ਸੱਚ) ਅਤੇ ਦਲੀਲ ਦੀ ਕਸਵੱਟੀ ਦਾ ਸਹਾਰਾ ਲਵੇ। ਜਿਹੜੇ ਲੋਕ ਪਰੰਪਰਾ, ਮਰਿਯਾਦਾ ਆਦਿ ਦੀ ਦੁਹਾਈ ਦੇ ਕੇ ਸੱਚ ਅਤੇ ਦਲੀਲ ਦਾ ਵਿਰੋਧ ਕਰਦੇ ਹਨ, ਉਹ ਵਿਕਾਸ ਦੇ ਵਿਰੋਧੀ ਹੁੰਦੇ ਹਨ। ਵਿਕਾਸ ਇਕ ਹਮੇਸ਼ਾ ਚਲਣ ਵਾਲੀ ਪ੍ਰਕ੍ਰਿਆ ਹੈ। ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ। ਜੇ ਕੋਈ ਮਨੁਖ ਪ੍ਰਚਲਿਤ ਵਸਤੂ ਜਾਂ ਥਿਉਰੀ ਵਿਚ ‘ਹਾਂ-ਪੱਖੀ’ ਸੁਧਾਰ ਕਰਦਾ ਹੈ ਤਾਂ ਇਸਦਾ ਇਹ ਮਤਲਬ ਬਿਲਕੁਲ ਨਹੀਂ ਨਿਕਲਦਾ ਕਿ ਉਹ ਪਹਿਲੇ ਵਾਲੇ ਖੋਜੀਆਂ ਜਾਂ ਵਿਦਵਾਨਾਂ ਨੂੰ ਨਿੰਦ ਰਿਹਾ ਹੈ ਜਾਂ ਨੀਵਾਂ ਵਿਖਾ ਰਿਹਾ ਹੈ। ਬਲਕਿ ਉਸ ਦੇ ਸੁਧਾਰ ਦਾ ਆਧਾਰ ਹੀ ਪਹਿਲੇ ਖੋਜੀਆਂ ਜਾਂ ਵਿਦਵਾਨਾਂ ਦੀ ਮਿਹਨਤ ਜਾਂ ਖੋਜ ਹੈ। ਉਦਾਹਰਨ ਵਾਸਤੇ ‘ਰਾਈਟ ਭਰਾਵਾਂ’ ਨੇ ਮੁਢਲਾ ਜ਼ਹਾਜ (ਗਲਾਈਡਰ) ਬਣਾਇਆ। ਉਸ ਤੋਂ ਪ੍ਰੇਰਣਾ ਅਤੇ ਸੇਧ ਲੈ ਕੇ ਅੱਜ ਅਤਿਆਧੁਨਿਕ ਜ਼ਹਾਜ਼ ਬਣ ਰਹੇ ਹਨ। ਕੀ ਇਹ ਕਹਿਣਾ ਕਿਸੇ ਤਰਾਂ ਵੀ ਜਾਇਜ ਹੈ ਕਿ ਇਹ ਸੁਧਾਰ ਕਰਕੇ ਆਧੁਨਿਕ ਜਹਾਜ਼ ਬਣਾਉਣ ਵਾਲੇ ਵਿਗਿਆਨਿਕ ਰਾਈਟ ਭਰਾਵਾਂ ਨੂੰ ਨਿੰਦ ਰਹੇ ਹਨ ਜਾਂ ਨੀਵਾਂ ਵਿਖਾ ਰਹੇ ਹਨ?
ਬਿਲਕੁਲ ਇਹੀ ਦਲੀਲ ਗੁਰਬਾਣੀ ਦੀ ਵਿਆਖਿਆ ਉਪਰ ਵੀ ਢੁੱਕਦੀ ਹੈ। ਗੁਰਬਾਣੀ ਦੀ ਵਿਆਖਿਆ (ਟੀਕੇ) ਪੁਰਾਤਨ ਸਮੇਂ ਤੋਂ ਹੀ ਹੋ ਰਹੇ ਹਨ। 18 ਵੀਂ ਅਤੇ 19 ਵੀਂ ਸਦੀ ਵਿਚ ਬ੍ਰਾਹਮਣੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਆਉਣ ਕਰਕੇ ਗੁਰਬਾਣੀ ਦੀ ਵਿਆਖਿਆ ਵੀ ਸੱਚ ਦੇ ਰਾਹ ਤੋਂ ਭਟਕ ਗਈ। ਸਿੰਘ ਸਭਾ ਲਹਿਰ ਨਾਲ ਇਸ ਵਿਚ ਸੁਧਾਰ ਹੋਣਾ ਸ਼ੁਰੂ ਹੋਇਆ। ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਕਾਫੀ ਹੱਦ ਤੱਕ ਸਹੀ ਤੇ ਦਲੀਲ ਆਧਾਰਿਤ ਵਿਆਖਿਆ ਕਰਨ ਦਾ ਸਿਹਰਾ ਪ੍ਰੋ. ਸਾਹਿਬ ਸਿੰਘ ਜੀ ਨੂੰ ਜਾਂਦਾ ਹੈ। ਉਹਨਾਂ ਨੇ ਇਹ ਕਾਰਜ ਅਨੇਕਾਂ ਮੁਸ਼ਕਿਲਾਂ ਅਤੇ ਵਿਰੋਧ ਦੇ ਬਾਵਜੂਦ ਸਿਰੇ ਚਾੜਿਆ। ਉਹਨਾਂ ਦਾ ਇਹ ਕਾਰਜ (ਗੁਰੂ ਗ੍ਰੰਥ ਸਾਹਿਬ ਦਰਪਨ) ਮਹਾਨ ਸੀ। ਪਰ ਉਹ ਵੀ ਇਕ ਮਨੁੱਖ ਹੀ ਸਨ। ਉਹਨਾਂ ਦੀਆਂ ਵੀ ਅਪਣੀ ਹੱਦਾਂ ਸਨ। ਪਰ ਫੇਰ ਵੀ ਅਪਣੇ ਸਮੇਂ ਦੇ ਹਿਸਾਬ ਨਾਲ ਇਹ ਕੰਮ ਬੇਜੋੜ ਸੀ।
ਪਰ ਹੁਣ ਜੇ ਕੋਈ ਵਿਦਵਾਨ ਗੁਰਮਤਿ ਅਤੇ ਦਲੀਲ ਦਾ ਆਸਰਾ ਲੈ ਕੇ ਉਹਨਾਂ ਵਲੋਂ ਕੀਤੀ ਵਿਆਖਿਆ ਵਿਚ ਕੁਝ ਸੁਧਾਰ ਕਰਣ ਦੀ ਸਲਾਹ ਦਿੰਦਾ ਹੈ ਤਾਂ ਕੀ ਉਹ ਪ੍ਰੋ: ਸਾਹਿਬ ਸਿੰਘ ਨੂੰ ਨੀਵਾਂ ਵਿਖਾ ਰਿਹਾ ਸਮਝਣਾ ਚਾਹੀਦਾ ਹੈ? ਬਿਲਕੁਲ ਨਹੀਂ। ਐਸੀ ਸੋਚ ਰਖਣ ਵਾਲਾ ਜਾਂ ਤਾਂ ਮੂਰਖ ਹੈ ਜਾਂ ਬੇਈਮਾਨ। ਤੱਤ ਗੁਰਮਤਿ ਸੋਚ ਵਾਲੇ ਜ਼ਿਆਦਾਤਰ ਜਾਗਰੂਕ ਵਿਦਵਾਨ ‘ਗੁਰੂ ਗ੍ਰੰਥ ਸਾਹਿਬ ਦਰਪਨ’ ਦਾ ਆਸਰਾ ਲੈ ਕੇ ਹੀ ਅੱਗੇ ਵੱਧ ਰਹੇ ਹਨ। ਪਰ ਜੇ ਉਹ ਗੁਰਮਤਿ ਅਤੇ ਦਲੀਲ ਦਾ ਆਸਰਾ ਲੈ ਕੇ ਇਸ ਵਿਚ ਕੁਝ ਸੁਧਾਰ ਕਰਨ ਦੀ ਗੱਲ ਕਰਦੇ ਹਨ ਤਾਂ ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣਾ ਸਿਧਾਂਤਕ ਬੇਈਮਾਨੀ ਹੈ, ਸੁਹਿਰਦਤਾ ਨਹੀਂ। ਨਾਲ ਹੀ ਇਹ ਸੋਚ ਦਰਸਾਉਂਦੀ ਹੈ ਕਿ ਅਸੀਂ ਗੁਰਮਤਿ ਸਿਧਾਂਤ ਅਤੇ ਦਲੀਲ ਦੀ ਥਾਂ ਵਿਅਕਤੀ ਵਿਸ਼ੇਸ਼ ਨਾਲ ਜ਼ਿਆਦਾ ਜੁੜੇ ਹੋਏ ਹਾਂ। ਇਸੇ ਤਰਜ਼ ਉਤੇ ਟਕਸਾਲੀ, ਨਾਨਕਸਰ ਵਾਲੇ, ਅਖੰਡ ਕੀਰਤਨੀ ਜਥੇ ਵਾਲੇ ਆਦਿਕ ਅਪਣੇ ਧੜੇ/ਡੇਰੇ ਦੇ ਸਾਬਕਾ ਮੁਖੀਆਂ ਦੇ ਗਲਤ ਵਿਚਾਰਾਂ (ਜੋ ਗੁਰਮਤਿ ਦੀ ਕਸਵੱਟੀ ਤੇ ਗਲਤ ਸਾਬਿਤ ਹੁੰਦੇ ਹਨ) ਨੂੰ ਸਿਰਮੱਥੇ ਮੰਨੀ ਜਾ ਰਹੇ ਹਨ। ਉਹਨਾਂ ਦੇ ਗਲਤ ਵਿਚਾਰਾਂ ਬਾਰੇ ਸੱਚ ਕਹਿਣ ਵਾਲੇ ਵਿਦਵਾਨਾਂ ਨੂੰ ਇਹ ਲੱਠਮਾਰੀ ਪਹੁੰਚ ਰਾਹੀਂ ਚੁਪ ਕਰਵਾਉਣਾ ਚਾਹੁੰਦੇ ਹਨ। ਅਸੀਂ ਸਿਧਾਂਤ ਦੀ ਥਾਂ ਵਿਅਕਤੀ ਵਿਸ਼ੇਸ਼ ਜਾਂ ਧੜੇ ਨੂੰ ਜ਼ਿਆਦਾ ਮਹੱਤਵ ਦਿੰਦੇ ਹਾਂ। ਤਾਂ ਹੀ ਅੱਜ ਪੰਥ ਖੇਰੂੰ-ਖੇਰੂੰ ਹੋਇਆ ਪਿਆ ਹੈ। ਸਾਡੇ ਉਤੇ ਭਾਈ ਗੁਰਦਾਸ ਜੀ ਦੀ ਇਹ ਤੁਕ ਪੂਰੀ ਢੁਕਦੀ ਹੈ :
ਸਤਿਗੁਰ ਸਾਹਿਬ ਛਾਡਿ ਕੇ ਮਨਮੁਖ ਹੋਇ ਬੰਦੇ ਦਾ ਬੰਦਾ।।
ਆਉ ਹੁਣ ਚਰਚਾ ਅਧੀਨ ਸ਼ਬਦ ਦੀ ਵਿਚਾਰ ਸਾਂਝੀ ਕਰੀਏ। ਪਹਿਲਾਂ ਪੂਰਾ ਸ਼ਬਦ ਪੜ ਲੈਂਦੇ ਹਾਂ :
।। ਰਾਗੁ ਸੋਰਠਿ ।।
ਭੂਖੇ ਭਗਤਿ ਨ ਕੀਜੈ।। ਯਹ ਮਾਲਾ ਅਪਨੀ ਲੀਜੈ।।
ਹਉ ਮਾਂਗਉ ਸੰਤਨ ਰੇਨਾ।। ਮੈ ਨਾਹੀ ਕਿਸੀ ਕਾ ਦੇਨਾ।।1।।
ਮਾਧੋ ਕੈਸੀ ਬਨੈ ਤੁਮ ਸੰਗੇ।। ਆਪਿ ਨ ਦੇਹੁ ਤ ਲੇਵਉ ਮੰਗੇ।। ਰਹਾਉ ।।
ਦੁਇ ਸੇਰ ਮਾਂਗਉ ਚੂਨਾ।। ਪਾਉ ਘੀਉ ਸੰਗਿ ਲੂਨਾ।।
ਅਧ ਸੇਰੁ ਮਾਂਗਉ ਦਾਲੇ।। ਮੋ ਕਉ ਦੋਨਉ ਵਖਤ ਜਿਵਾਲੇ।।2।।
ਖਾਟ ਮਾਂਗਉ ਚਉਪਾਈ।। ਸਿਰਹਾਨਾ ਅਵਰ ਤੁਲਾਈ।।
ਊਪਰ ਕਉ ਮਾਂਗਉ ਖੀਂਧਾ।। ਤੇਰੀ ਭਗਤਿ ਕਰੈ ਜਨੁ ਥੀਧਾ।।3।।
ਮੈ ਨਾਹੀ ਕੀਤਾ ਲਬੋ।। ਇਕੁ ਨਾਉ ਤੇਰਾ ਮੈ ਫਬੋ।।
ਕਹਿ ਕਬੀਰ ਮਨੁ ਮਾਨਿਆ।। ਮਨੁ ਮਾਨਿਆ ਤਉ ਹਰਿ ਜਾਨਿਆ।।4।।
ਇਸ ਸ਼ਬਦ ਦੇ ਪ੍ਰਚਲਤ ਅਰਥ ਕੀਤੇ ਜਾਂਦੇ ਹਨ ਕਿ ਕਬੀਰ ਸਾਹਿਬ ਰੱਬ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਕਿ ਭੁਖੇ ਪੇਟ ਭਗਤੀ ਨਹੀਂ ਹੋ ਸਕਦੀ। ਇਹ ਤੁਸੀਂ ਅਪਣੀ ਮਾਲਾ ਵਾਪਸ ਲੈ ਲਵੋ। ਪਹਿਲਾ ਸ਼ੰਕਾ ਤਾਂ ਇਹ ਉਠਦਾ ਹੈ ਕਿ ਕੀ ਗੁਰਮਤਿ ਮਾਲਾ (ਸਿਮਰਨੀ) ਨਾਲ ਭਗਤੀ ਕਰਨ ਦੇ ਪ੍ਰਚਲਿਤ ਢੰਗ ਨੂੰ ਪ੍ਰਵਾਨ ਕਰਦੀ ਹੈ? ਬਿਲਕੁਲ ਨਹੀਂ। ਇਸ ਪੱਖੋਂ ਗੁਰਮਤਿ (ਸੱਚ) ਸਮਝਾਉਂਦੇ ਹੋਏ ਭਗਤ ਕਬੀਰ ਜੀ ਹੀ ਇਕ ਸਬਦ ਵਿਚ ਦਸਦੇ ਹਨ :
ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ।।
ਭਾਵ ਮੇਰੇ ਹਿਰਦੇ (ਰਸਨਾ) ਵਿਚ ਪ੍ਰਭੂ ਦਾ ਵਾਸਾ (ਸੱਚ ਦੀ ਸੋਝੀ) ਹੀ ਮੇਰੀ ਮਾਲਾ (ਸਿਮਰਨੀ) ਹੈ, ਮੈਨੂੰ ਬਾਹਰੀ ਮਾਲਾ ਦੀ ਲੋੜ ਨਹੀਂ। ਇਸ ਤੁਕ ਦੇ ਅਰਥ ਕਰਦੇ ਸਮੇਂ ਜ਼ਿਆਦਾਤਰ ਵਿਦਵਾਨਾਂ (ਸਮੇਤ ਪ੍ਰੋ: ਸਾਹਿਬ ਸਿੰਘ ਜੀ) ਨੇ ਲਿਖਿਆ ਹੈ ਕਿ ਕਬੀਰ ਸਾਹਿਬ ਜੀਭ (ਰਸਨਾ) ਉਪਰ ਪ੍ਰਭੂ ਦੇ ਨਾਂ ਨੂੰ ਹੀ ਮਾਲਾ ਸਮਝਦੇ ਹਨ। ਪਰ ਕੀ ਸਿਰਫ ਜੀਭ ’ਤੇ ਪ੍ਰਭੂ ਦਾ ਨਾਂ (ਮੂਹੋਂ ਪ੍ਰਭੂ ਦਾ ਨਾਂ ਲੈਂਦੇ ਰਹਿਣਾ) ਹੋਣ ਨੂੰ ਹੀ ਗੁਰਮਤਿ ਪ੍ਰਵਾਨ ਕਰਦੀ ਹੈ? ਬਿਲਕੁਲ ਨਹੀਂ। ਗੁਰਬਾਣੀ ਤਾਂ ਸਗੋਂ ਸਮਝਾਉਂਦੀ ਹੈ :
ਮੁਖਹੁ ਹਰਿ ਹਰਿ ਸਭ ਕੋ ਕਰੈ ਵਿਰਲੈ ਹਿਰਦੈ
ਵਸਾਇਆ।।
(ਗੁ:ਗ੍ਰ: ਸਾਹਿਬ, ਪੰਨਾ 565)
ਵੈਸੇ ਵੀ ਜਿਹੜਾ ਇਨਸਾਨ ਗੂੰਗਾ ਹੈ, ਉਹ ਮੁਖ ਤੋਂ ਪ੍ਰਭੂ ਦਾ ਨਾਂ ਕਿਵੇਂ ਉਚਾਰੇਗਾ? ਗੁਰਮਤਿ ਤਾਂ ਪ੍ਰਭੂ ਦਾ ਕੋਈ ਨਾਂ ਮਿੱਥ ਕੇ (ਭਾਵੇਂ ਉਹ ‘ਵਾਹਿਗੁਰੂ’ ਹੀ ਕਿਉਂ ਨਾ ਹੋਵੇ) ਸਿਰਫ ਉਸਦੇ ਰਟਨ ਨੂੰ (ਸਿਮਰਨ ਆਦਿ ਦੇ ਨਾਂ ਹੇਠ) ਭਗਤੀ ਜਾਂ ਸਿਮਰਨ ਨਹੀਂ ਮੰਨਦੀ। ਗੁਰਮਤਿ ਅਨੁਸਾਰੀ ਸਿਮਰਨ ਜਾਂ ਭਗਤੀ ਦਾ ਮਤਲਬ ‘ਚੰਗੇ ਗੁਣ’ ਧਾਰਨ ਕਰਨਾ ਹੈ। ਜਪੁਜੀ ਸਾਹਿਬ ਵਿਚ ਇਹੀ ਸੱਚ ਸਮਝਾਉਂਦੇ ਲਿਖਿਆ ਹੈ :
ਵਿਣੁ ਗੁਣ ਕੀਤੇ ਭਗਤਿ ਨ ਹੋਇ।।
ਮਤਲਬ ਚੰਗੇ ਗੁਣਾਂ ਨੂੰ ਧਾਰਨ ਕੀਤੇ ਬਿਨਾ ਭਗਤੀ ਨਹੀ ਹੋ ਸਕਦੀ। ਬਲਕਿ ਚੰਗੇ ਗੁਣਾਂ ਨੂੰ ਧਾਰਨ ਕਰਨਾ ਹੀ ਭਗਤੀ ਹੈ, ਸਿਮਰਨ ਹੈ, ਨਾਮ ਜਪਨਾ ਹੈ, ਕੀਰਤਨ ਹੈ।
ਆਉ ਸ਼ਬਦ ਦੀ ਵਿਚਾਰ ਵੱਲ ਪਰਤੀਏ। ਸਪਸ਼ਟ ਹੋ ਗਿਆ ਕਿ ਭਗਤ ਕਬੀਰ ਜੀ ਮਾਲਾ ਆਦਿ ਰਾਹੀਂ ਪ੍ਰਚਲਿਤ ਭਗਤੀ ਨੂੰ ਨਹੀਂ ਮੰਨਦੇ ਸਨ। ਸੋ ਮਾਲਾ ਨੂੰ ਵਾਪਿਸ ਕਰਨ ਦਾ ਸਵਾਲ ਹੀ ਉਠਦਾ। ਪਹਿਲੇ ਬੰਦ ਵਿਚ ਭਗਤ ਕਬੀਰ ਜੀ ਲੋਕਾਈ ਨੂੰ ਸਮਝਾ ਰਹੇ ਹਨ :
ਭੂਖੇ ਭਗਤਿ ਨ ਕੀਜੈ।।
ਭਾਵ ਜਦ ਤੱਕ ਮਨੁਖ ‘ਸੱਚ ਦੇ ਗਿਆਨ’ ਦੀ ਖੁਰਾਕ ਤੋਂ ਵਾਂਝਾ ਹੈ (ਉਸ ਪੱਖੋਂ ਭੁੱਖਾ ਹੈ) ਤਦੋਂ ਤਕ ਭਗਤੀ ਨਹੀਂ ਹੋ ਸਕਦੀ। ਅੱਗੇ ਭਗਤੀ ਦੇ ਨਾਂ ਹੇਠ ਪ੍ਰਚਲਿਤ ਕਰਮ-ਕਾਂਡਾਂ ਦਾ ਖੰਡਨ ਕਰਦੇ ਹੋਏ ਸਮਝਾ ਰਹੇ ਹਨ :
ਯਹ ਮਾਲਾ ਅਪਨੀ ਲੀਜੈ।।
ਭਾਵ ਮਾਲਾ ਫੇਰਨ ਆਦਿਕ ਕਰਮਕਾਂਡਾਂ ਨੂੰ ਭਗਤੀ ਸਮਝਣ ਵਾਲਿਉ ! ਅਪਨੀ ਮਾਲਾ ਅਪਨੇ ਕੌਲ ਹੀ ਰੱਖੋ। ਮੈਨੂੰ ਇਸ ਦੀ ਲੋੜ ਨਹੀਂ। ਭਾਵ ਮੇਰਾ ਇਨ੍ਹਾਂ ਕਰਮ-ਕਾਂਡਾਂ ਵਿਚ ਵਿਸ਼ਵਾਸ ਨਹੀਂ। ਇਹ ਕਰਮਕਾਂਡ ਤਾਂ ਸੱਚ ਦੇ ਰਾਹ ਤੋਂ ਭਟਕਾਉਂਦੇ ਹਨ। ਅਗਲੀ ਤੁਕ ਵਿਚ ਕਬੀਰ ਜੀ ਦਸਦੇ ਹਨ ਕਿ ਅਸਲੀ ਭਗਤੀ ਵਾਸਤੇ ਕੀ ਚਾਹੀਦਾ ਹੈ? ਤੁੱਕ ਹੈ :
ਹਉ ਮਾਂਗਉ ਸੰਤਨ ਰੇਨਾ।।
ਮੈ ਨਾਹੀ ਕਿਸੀ ਕਾ ਦੇਨਾ।।
ਕਬੀਰ ਜੀ ਦੱਸਦੇ ਹਨ ਕਿ ਮੈਂ ਤਾਂ ਸੱਚ ਦੀ ਵਿਚਾਰ ਵਿਚ ਜੁੜੇ ਮਨੁੱਖਾਂ (ਸੰਤਨ) ਦੀ ਸੰਗਤ (ਰੇਨਾ) ਹੀ ਚਾਹੁੰਦਾ ਹੈ। ਇਸ ਸਤਸੰਗਤ ਰਾਹੀਂ ਹੀ ਸੱਚ ਦਾ ਗਿਆਨ (ਨਾਮ) ਪ੍ਰਾਪਤ ਹੋ ਸਕਦਾ ਹੈ। ਇਥੇ ‘ਰੇਨਾ’ ਲਫਜ਼ ਦਾ ਅਖਰੀਂ ਅਰਥ ਤਾਂ ਚਰਨਧੂੜ ਹੈ ਪਰ ਭਾਵ ਅਰਥ ਸੰਗਤ ਹੀ ਬਣਦਾ ਹੈ। ਰੇਨਾ ਲਫਜ਼ ਨਿਮਰਤਾ ਵਾਸਤੇ ਵਰਤਿਆ ਗਿਆ ਹੈ। ਅਗੇ ਕਬੀਰ ਸਾਹਿਬ ਸਮਝਾਊਂਦੇ ਹਨ ਕਿ ਮੈਨੂੰ ਇਸ ਸਤਸੰਗਤ ਤੋਂ ਸਿਵਾ ਕਿਸੇ ਦੀ ਮੁਹਤਾਜੀ ਨਹੀ ਹੈ। ਭਾਵ ਹੋਰ ਕਿਸੇ ਕਰਮਕਾਂਡ, ਵਿਖਾਵੇ ਦੀ ਲੋੜ ਨਹੀਂ।
ਇਸ ਸ਼ਬਦ ਦੀ ‘ਰਹਾਉ’ ਵਾਲੀ ਤੁਕ ਹੈ :
ਮਾਧੋ ਕੈਸੀ ਬਨੈ ਤੁਮ ਸੰਗੇ।।
ਆਪਿ ਨ ਦੇਹੁ ਤ ਲੇਵਉ ਮੰਗੇ।।ਰਹਾਉ।।
ਇਸ ਤੁਕ ਦੇ ਪ੍ਰਚਲਿਤ ਅਰਥ ਕੀਤੇ ਜਾਂਦੇ ਹਨ ਕਿ ਰੱਬ ਜੀ ਮੇਰੀ ਤੁਹਾਡੇ ਨਾਲ ਐਸੀ ਬਣ ਗਈ ਹੈ ਕਿ ਜੇ ਤੁਸੀ ਨਹੀਂ ਦੇਵੋਗੇ ਤਾਂ ਮੈਂ ਮੰਗ ਕੇ ਲੈ ਲਵਾਂਗਾ। ਇਹ ਅਰਥ ਤਾਂ ਗੁਰਮਤਿ ਤੋਂ ਉਲਟ ਹਨ। ਗੁਰਮਤਿ ਤਾਂ ਸਮਝਾਉਂਦੀ ਹੈ :
ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਂਗਨਾ।।
ਅਤੇ
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ।।
ਪਰ ਇਥੇ ਤਾਂ ਉਲਟਾ ਦੁਨੀਆਵੀ ਵਸਤਾਂ ਮੰਗਨ ਦੀ ਪ੍ਰੋੜਤਾ ਕਰਦੇ ਅਰਥ ਕੀਤੇ ਜਾ ਰਹੇ ਹਨ। ਸ਼ੰਕਾ ਪੈਦਾ ਹੁੰਦਾ ਹੈ ਕਿ ਕੀ ਰੱਬ ਬਿਨਾ ਮੰਗਿਆਂ ਸਾਰਿਆਂ ਨੂੰ ਇਹ ਦੁਨਿਆਵੀ ਦਾਤਾਂ ਨਹੀਂ ਦੇ ਰਿਹਾ? ਉਹ ਤਾਂ ਬਲਕਿ ਉਹਨਾਂ ਨੂੰ ਵੀ ਬਿਨਾ ਵਿਤਕਰੇ ਦੇ ਦੇ ਰਿਹਾ ਹੈ (ਅਪਨੇ ਬਣਾਏ ਨਿਯਮਾਂ ਅਧੀਨ) ਜੋ ਉਸਦੀ ਹੋਂਦ ਤੋਂ ਹੀ ਮੁਨਕਰ ਨੇ। ਅਸਲ ਵਿਚ ਇਸ ਤੁਕ ਦੇ ਅਰਥ ਬਿਲਕੁਲ ਉਲਟੇ ਪ੍ਰਚਾਰੇ ਗਏ। ਇਸ ਤੁਕ ਦੇ ਦੁਜੇ ਅੱਧ (ਆਪਿ ਨ ਦੇਵਹੁ ਤ ਲੇਵਉ ਮੰਗੇ) ਨੂੰ ਠੀਕ ਤਰ੍ਹਾਂ ਨਹੀਂ ਸਮਝਿਆ ਗਿਆ ਤਾਂ ਹੀ ਭੁਲੇਖੇ ਪੈਦਾ ਹੋਏ। ਤੁੱਕ ਦਾ ਇਹ ਹਿੱਸਾ ਪ੍ਰਸ਼ਨਵਾਚਕ ਹੈ। ਅਰਥ ਬਣਦੇ ਹਨ ਕਿ ਮੈਂ ਇਹ ਦਾਤਾਂ ਮੰਗ ਕੇ ਤਾਂ ਲਵਾਂ ਜੇ ਤੁੰ ਆਪ ਨਾ ਦਿੰਦਾ ਹੋਵੇਂ ? ਇਹ ਸਭ ਤਾਂ ਤੂੰ ਆਪ ਹੀ (ਅਪਨੇ ਬਣਾਏ ਨਿਯਮਾਂ ਅਧੀਨ) ਬਿਨਾ ਮੰਗਿਆਂ ਸਾਰਿਆਂ ਨੂੰ ਦੇ ਰਿਹਾ ਹੈਂ। ਰਹਾਉ ਵਾਲੀ ਤੁਕ ਦੇ ਸਮੁੱਚੇ ਭਾਵ ਅਰਥ ਬਣਦੇ ਹਨ ੱਹੇ ਪ੍ਰਭੂ ! ਮੇਰੀ ਤਾਂ ਤੇਰੇ ਨਾਲ ਬਣ ਗਈ ਹੈ, ਨਿਭ ਗਈ ਹੈ। ਭਾਵ ਮੈਂ ਤੇਰੇ ਨਾਲ ਹੀ ਜੁੜਿਆ ਹੋਇਆ ਹਾਂ। ਇਸ ਜੁੜਨ ਕਰਕੇ ਹੀ ਮੈਨੂੰ ਇਹ ਸੱਚ ਸਮਝ ਆਇਆ ਹੈ ਕਿ ਇਹ ਦੁਨੀਆਵੀ ਦਾਤਾਂ ਤਾਂ ਮੈਂ ਤਦ ਮੰਗਾਂ ਜੇ ਤੂੰ ਆਪ ਨਾ ਦਿੰਦਾ ਹੋਵੇ। ਇਹ ਸਭ ਤਾਂ ਤੂੰ ਆਪ ਬਿਨਾਂ ਮੰਗੇ ਦੇਈ ਜਾ ਰਿਹਾ ਹੈਂ।
ਸ਼ਬਦ ਦੀ ਅਗਲੀਆਂ ਤੁੱਕਾਂ ਵਿਚ ਮਨੁੱਖ ਦੀਆਂ ਬੁਨੀਆਦੀ ਲੋੜਾਂ ਦਾ ਜ਼ਿਕਰ ਹੈ। ਭਾਵ ਅਰਥ ਹਨ ਕਿ ਇਕ ਮਨੁੱਖ ਨੂੰ ਜੀਵਨ ਵਾਸਤੇ ਵੱਧ ਤੋਂ ਵੱਧ ਕੀ ਚਾਹੀਦਾ ਹੈ? ਦੋ ਸੇਰ ਆਟਾ, ਅੱਧ ਪਾ ਘਿਉ, ਥੋੜਾ ਲੂਨ, ਅੱਧ ਸੇਰ ਦਾਲ। ਇਕ ਦਿਨ ਦੇ ਭੋਜਨ ਵਾਸਤੇ ਇਹ ਬਹੁਤ ਹੈ। ਗੁਜ਼ਾਰੇ ਵਾਸਤੇ ਹੋਰ ਕੀ ਚਾਹੀਦਾ ਹੈ? ਇਕ ਮੰਜਾ (ਖਾਟ), ਸਿਰਹਾਨਾ ਅਤੇ ਤਲਾਈ। ਸਰਦੀ ਵਿਚ ਉਪਰ ਲੈਣ ਵਾਸਤੇ ਰਜਾਈ। ਭਾਵ ਮਨੁੱਖ ਦੀ ਬੁਨਿਆਦੀ ਲੋੜਾਂ ਬਹੁਤ ਘੱਟ ਨੇ। ਪਰ ਮਨੁੱਖ ਇਹਨਾਂ ਨਾਲ ਹੀ ਸੰਤੁਸ਼ਟ ਨਹੀਂ ਹੁੰਦਾ। ਬਲਕਿ ਪਦਾਰਥਾਂ ਦੇ ਢੇਰ ਇਕੱਠੇ ਕਰਨ ਦੀ ਅੰਨ੍ਹੀ ਦੋੜ ਵਿਚ ਫਸਕੇ ‘ਸੱਚ ਦੇ ਰਾਹ’ ਤੋਂ ਭਟਕ ਜਾਂਦਾ ਹੈ। ਜਿਹੜੇ ਮਨੁੱਖ ਸੱਚ ਦੇ ਗਿਆਨ ਰਾਹੀ ਪ੍ਰਭੂ ਨਾਲ ਜੁੜੇ ਹੁੰਦੇ ਹਨ (ਜਨ) ਉਹ ਬੇਲੋੜੇ ਪਦਾਰਥ ਇਕੱਠੇ ਕਰਨ ਲਈ ਸੱਚ ਦੀ ਰਾਹ ਤੋਂ ਨਹੀਂ ਭਟਕਦੇ, ਗਲਤ (ਨਜ਼ਾਇਜ਼) ਕੰਮ ਨਹੀਂ ਕਰਦੇ। ਇਥੇ ਇਹ ਸਪਸ਼ਟ ਹੋਣਾ ਜਰੂਰੀ ਹੈ ਕਿ ਗੁਰਮਤਿ ਅਮੀਰ ਹੋਣ ਜਾਂ ਦੁਨੀਆਵੀ ਸੁਖ ਦੇ ਸਾਧਨ ਪ੍ਰਾਪਤ ਕਰਨ ਦੇ ਖਿਲਾਫ ਨਹੀਂ। ਪਰ ਸਿਰਫ ਇਹਨਾਂ ਵਿਚ ਹੀ ਖੱਚਤ ਰਹਿਨ ਜਾਂ ਇਹਨਾਂ ਦੀ ਪ੍ਰਾਪਤੀ ਵਾਸਤੇ ਨਜ਼ਾਇਜ ਤਰੀਕੇ ਅਪਨਾਉਣ ਦਾ ਗੁਰਮੱਤਿ ਖੰਡਨ ਕਰਦੀ ਹੈ।
ਸ਼ਬਦ ਦਾ ਅੰਤਮ ਬੰਦ ਹੈ :
ਮੈ ਨਾਹੀ ਕੀਤਾ ਲਬੋ।। ਇਕ ਨਾਮ ਤੇਰਾ ਮੈ ਫਬੋ।।
ਕਹਿ ਕਬੀਰ ਮਨ ਮਾਨਿਆ।। ਮਨ ਮਾਨਿਆ ਤਉ ਹਰਿ ਜਾਨਿਆ।।
ਕਬੀਰ ਸਾਹਿਬ ਕਹਿੰਦੇ ਹਨ ਕਿ ਮੈਨੂੰ ਬੇਲੋੜੇ ਦੁਨੀਆਵੀ ਪਦਾਰਥਾਂ ਦਾ ਲੋਭ ਨਹੀਂ ਹੈ। ਮੈਨੂੰ ਤਾਂ ਤੇਰਾ ਬਖਸ਼ਿਆ ਸੱਚ ਦਾ ਗਿਆਨ (ਨਾਮ) ਹੀ ਭਾਉਂਦਾ ਹੈ, ਚੰਗਾ ਲਗਦਾ ਹੈ। ਅੰਤਮ ਤੁੱਕ ਵਿਚ ਕਬੀਰ ਸਾਹਿਬ ਸਮਝਾਉਂਦੇ ਹਨ ਕਿ ਜਦ ਮਨ ‘ਸੱਚ ਦੇ ਗਿਆਨ’ ਨੂੰ ਦ੍ਰਅਪਣਾ ਲੈਂਦਾ ਹੈ ਤਾਂ ਪ੍ਰਭੂ (ਦੇ ਰਾਹ) ਦੀ ਸੋਝੀ ਹੋ ਜਾਂਦੀ ਹੈ।
ਆਸ ਹੈ ਪਾਠਕ ਇਸ ਨਵੇਂ ਭਾਵ ਅਰਥਾਂ ਨੂੰ ਸੁਹਿਰਦਤਾ ਨਾਲ ਵਿਚਾਰਨਗੇ। ਜੇ ਕੋਈ ਪਾਠਕ ਦਾਸ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਤਾਂ ਉਹ ਆਪਣੇ ਵਿਚਾਰ ਦਲੀਲ ਨਾਲ ਲਿਖਤੀ ਰੂਪ ਵਿਚ ਮੈਨੂੰ ਜਾਂ ਸੰਪਾਦਕ ਜੀ ਨੂੰ ਭੇਜ ਸਕਦਾ ਹੈ। ਦਾਸ ਐਸੇ ਸੁਹਿਰਦ ਪਾਠਕਾਂ ਦਾ ਤਹਿ ਦਿਲੋਂ ਧੰਨਵਾਦੀ ਹੋਵੇਗਾ।
traditional, sikh, aarti, bhukhe bhagat na kije, bhagat kabir, mala, demand, materialistic, worldly, objects, author, ravinder singh pinjore