Subscription About Us Contact Us


ਬੱਚਿਆਂ ਵਿੱਚ ਧਰਮ ਪ੍ਰਚਾਰ ਦਾ ਦਾਅਵਾ ਕਰਨ ਵਾਲੀ ਚਾਪਲੂਸ ਜੁੰਡਲੀ ਪਹਿਲਾਂ ਖ਼ੁਦ ਤਾਂ ਸਿੱਖੀ ਦਾ ਥੋੜਾ ਜਿਹਾ ਗਿਆਨ ਹਾਸਲ ਕਰ ਲਵੇ !!

- ਨਰਿੰਦਰ ਪਾਲ ਸਿੰਘ -
ਫੋਨ : 20517979

ਇੰਡੀਆ ਅਵੇਅਰਨੈੱਸ ਦੇ ਜੁਲਾਈ 2008 ਅੰਕ ਵਿੱਚ ‘ਸਰਨੇ ਦੇ ਚਾਪਲੂਸਾਂ ਦਾ ਅਨੋਖਾ ਧਰਮ ਪ੍ਰਚਾਰ’ ਸਿਰਲੇਖ ਵਾਲੇ ਲੇਖ ਵਿੱਚ ਪਾਠਕਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਦਿੱਲੀ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਕ ਧਾਰਮਕ ਇਮਤਿਹਾਨ ਦੇ ਸਿਲੇਬਸ ਵਜੋਂ ਮੁਕੱਰਰ ਕੀਤੀ ਗਈ ਪੁਸਤਕ ਵਿੱਚ ਕਿਸ ਤਰ੍ਹਾਂ ਅਸਿੱਧੇ ਢੰਗ ਨਾਲ ਮਨਮਤ ਦਾ ਪ੍ਰਚਾਰ ਕੀਤਾ ਗਿਆ ਹੈ। ਇਸ ਲੇਖ ਨੂੰ ਪੜ੍ਹ ਕੇ ਉੱਤਰੀ ਦਿੱਲੀ ਦੇ ਇਕ ਜਾਗ੍ਰਿਤ ਪਾਠਕ ਨੇ ਇਸੇ ਵਿਵਾਦਿਤ ਕਿਤਾਬ ਵਿੱਚ ਮੌਜੂਦ ਕੁਝ ਹੋਰ ਵੱਡੀਆਂ ਗਲਤੀਆਂ ਬਾਰੇ ਵੀ ਜਾਣਕਾਰੀ ਪੇਸ਼ ਕੀਤੀ ਹੈ। ਪਾਠਕਾਂ ਅਤੇ ਅਖੌਤੀ ਧਰਮ ਪ੍ਰਚਾਰਕਾਂ ਦੇ ਲਾਭ ਹਿੱਤ ਇਹ ਜਾਣਕਾਰੀ ਇੰਡੀਆ ਅਵੇਅਰਨੈੱਸ ਦੇ ਹਥਲੇ ਅੰਕ ਵਿੱਚ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।

ਅਪ੍ਰੈਲ 2008 ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਖੌਤੀ ਧਰਮ ਪ੍ਰਚਾਰ ਕਮੇਟੀ (ਐਜੂਕੇਸ਼ਨ ਐਂਡ ਯੂਥ ਵਿੰਗ) ਨੇ ‘ਗੁਰੂ ਗ੍ਰੰਥ ਸਾਹਿਬ: ਸਰੂਪ ਤੇ ਵਿਚਾਰਧਾਰਾ’ ਨਾਮ ਦੀ ਇਕ ਕਿਤਾਬ ਪ੍ਰਕਾਸ਼ਿਤ ਕੀਤੀ ਹੈ। ਇਸ ਕਿਤਾਬ ਵਿੱਚੋਂ ਜੂਨੀਅਰ ਅਤੇ ਸੀਨੀਅਰ ਬੱਚਿਆਂ ਨੇ ‘ਸਿੱਖ ਵਿਰਸਾ’ ਨਾਮ ਦਾ ਧਾਰਮਕ ਇਮਤਿਹਾਨ ਦੇਣਾ ਹੈ (ਇਹ ਲੇਖ ਪ੍ਰਕਾਸ਼ਿਤ ਹੋਣ ਸਮੇਂ ਤੱਕ ਇਹ ਇਮਤਿਹਾਨ ਹੋ ਚੁੱਕਾ ਹੋਵੇਗਾ)। ਇਮਤਿਹਾਨ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਹ ਕਿਤਾਬ ਇਕ ‘ਸਿਲੇਬਸ’ ਦੇ ਤੌਰ ’ਤੇ ਦਿੱਤੀ ਗਈ ਹੈ। ਕਿਤਾਬ ਦੇ ਲੇਖਕ ਡਾ: ਸਰਬਜਿੰਦਰ ਸਿੰਘ ਹਨ, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਨਾਲ ਸਬੰਧਿਤ ਹਨ।

ਇਸ ਕਿਤਾਬ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਆਂ ਦੇ ਸਿਰਲੇਖ, ਬਾਣੀ ਦੇ ਰਚਨਾਕਾਰ ਅਤੇ ਹੋਰ ਸੂਚਨਾਵਾਂ ਦਿੱਤੀਆਂ ਗਈਆਂ ਹਨ। ਬਾਣੀ ਦੇ ਅਰੰਭ ਜਾਂ ਵਿਚਕਾਰ ਜਿਹੜੇ ਸਿਰਲੇਖ ਆਉਂਦੇ ਹਨ, ਉਨ੍ਹਾਂ ਦੀ ਸੂਚਨਾ ਵੀ ਦਿੱਤੀ ਗਈ ਹੈ। ਪਰ ਇਹ ਜਾਣਕਾਰੀਆਂ ਠੀਕ ਨਹੀਂ ਜਾਪਦੀਆਂ, ਜਿਨ੍ਹਾਂ ਬਾਰੇ ਕੁਝ ਹੱਦ ਤੱਕ ਇੰਡੀਆ ਅਵੇਅਰਨੈੱਸ ਦੇ ਜੁਲਾਈ 2008 ਅੰਕ ਵਿੱਚ ਜਾਣਕਾਰੀ ਦਿੱਤੀ ਗਈ। ਇਸੇ ਸਬੰਧ ਵਿੱਚ ਮੈਂ ਪਾਠਕਾਂ ਨੂੰ ਕੁਝ ਹੋਰ ਜਾਣਕਾਰੀ ਦੇਣਾ ਚਾਹੁੰਦਾ ਹਾਂ। ਸ਼ੁਰੂਆਤ ਕਰ ਰਿਹਾ ਹਾਂ ‘ਰਾਗਾਂ ਦੀ ਤਰਤੀਬ’ ਸਿਰਲੇਖ ਵਾਲੇ ਹਿੱਸੇ ਵਿੱਚ ਮੌਜੂਦ ਕਮੀਆਂ ਬਾਰੇ ਚਰਚਾ ਤੋਂ।

ਪੁਸਤਕ ਦੇ ਪੰਨਾ 15 ’ਤੇ ਪ੍ਰਕਾਸ਼ਿਤ ਉਕਤ ਸਿਰਲੇਖ ਅਧੀਨ ਲੇਖਕ ਡਾ: ਸਰਬਜਿੰਦਰ ਸਿੰਘ ਲਿਖਦੇ ਹਨ - ‘‘ਭਾਰਤ ਵਿੱਚ ਸੰਗੀਤ ਦੀਆਂ ਇਹ ਵੰਨਗੀਆਂ ਮੁੱਖ ਹਨ - ਹਿੰਦੁਸਤਾਨੀ ਸੰਗੀਤ, ਕਰਨਾਟਕੀ ਜਾਂ ਦੱਖਣੀ ਸੰਗੀਤ, ਇਸਲਾਮੀ ਸੂਫੀਆਨਾ (ਕਾਫ਼ੀ) ਸੰਗੀਤ ਅਤੇ ਗੁਰਮਤਿ ਸੰਗੀਤ।’’ ਲੇਖਕ ਦੇ ਕਹਿਣ ਦਾ ਭਾਵ ਹੈ ਕਿ ਸੰਗੀਤ ਦੀਆਂ 4 ਪੱਧਤੀਆਂ ਹਨ ਪਰ ਅਸਲੀਅਤ ਵਿੱਚ ਅਜਿਹਾ ਨਹੀਂ। ਭਾਰਤ ਵਿੱਚ ਸੰਗੀਤ ਦੀਆਂ ਸਿਰਫ਼ 2 ਪੱਧਤੀਆਂ ਹਨ - ਹਿੰਦੁਸਤਾਨੀ ਅਤੇ ਕਰਨਾਟਕੀ (ਦੱਖਣੀ)। ਇਸਲਾਮੀ ਜਾਂ ਸੂਫੀਆਨਾ ਸੰਗੀਤ ਨਾਂ ਦੀ ਕਿਸੇ ਨਿਵੇਕਲੀ ਸੰਗੀਤ ਸ਼ੈਲੀ ਦੀ ਕੋਈ ਹੋਂਦ ਨਹੀਂ ਹੈ।

ਵਿਦਵਾਨ ਲੇਖਕ ਨੇ ਇਕ ‘ਕਾਫ਼ੀ’ ਦਾ ਵੀ ਜ਼ਿਕਰ ਕੀਤਾ ਹੈ। ਉਸ ਬਾਰੇ ਪਾਠਕਾਂ ਨੂੰ ਇਹ ਦੱਸਣਾ ਲਾਭਵੰਦ ਹੋਵੇਗਾ ਕਿ ਹਿੰਦੁਸਤਾਨੀ ਪੱਧਤੀ ਵਿੱਚ ਸੰਗੀਤ ਦੇ 10 ‘ਥਾਟ’ ਹਨ, ਜਿਨ੍ਹਾਂ ਵਿੱਚੋਂ ਲਗਭਗ 200 ਰਾਗਾਂ ਦੀਆਂ ਸੁਰਾਂ ਦੀਆਂ ਰਚਨਾਵਾਂ ਹੁੰਦੀਆਂ ਹਨ। ਇਨ੍ਹਾਂ ਦਸਾਂ ਥਾਟਾਂ ਵਿੱਚੋਂ ਇਕ ਥਾਟ ਦਾ ਨਾਮ ‘ਕਾਫ਼ੀ’ ਥਾਟ ਹੈ। ਇਸਦਾ ਇਕ ਪ੍ਰਧਾਨ ਰਾਗ ਭੀ ਹੈ, ਜਿਸਦਾ ਨਾਮ ‘ਕਾਫ਼ੀ’ ਰਾਗ ਕਰਕੇ ਹੈ। 31 ਰਾਗਾਂ ਵਿੱਚ ਸਮੁੱਚਾ ਗੁਰੂ ਗ੍ਰੰਥ ਸਾਹਿਬ ਸਮੋਇਆ ਹੋਇਆ ਹੈ। ਗੁਰੂ ਨਾਨਕ ਸਾਹਿਬ ਨੇ ਦੱਖਣੀ ਰਾਗਾਂ ਦੀ ਵੀ ਘੋਖ ਕੀਤੀ ਤਾਂ ਰਾਗਾਂ ਵਿੱਚ ‘ਦੱਖਣੀ’ ਥਾਟ ਦੀ ਸ਼ਮੂਲੀਅਤ ਕੀਤੀ। ਇਹ ਰਾਗ ਹਨ : ਗਉੜੀ ਦੱਖਣੀ, ਵਡਹੰਸ ਦੱਖਣੀ, ਬਿਲਾਵਲ ਦੱਖਣੀ, ਰਾਮਕਲੀ ਦੱਖਣੀ, ਮਾਰੂ ਦੱਖਣੀ ਅਤੇ ਪ੍ਰਭਾਤੀ ਦੱਖਣੀ। ਪਰ ਡਾ: ਸਾਹਿਬ ਨੇ ਇਹ ਸੂਚਨਾ ਏਨੇ ਗੋਲ-ਮੋਲ ਢੰਗ ਨਾਲ ਦਿੱਤੀ ਹੈ ਕਿ ਬੱਚੇ ਤਾਂ ਕੀ, ਵੱਡੀ ਉਮਰ ਦੇ ਪਾਠਕ ਵੀ ਇਸ ਸਬੰਧ ਵਿੱਚ ਸਟੀਕ ਜਾਣਕਾਰੀ ਹਾਸਲ ਨਹੀਂ ਕਰ ਸਕਦੇ। (ਨੋਟ : ਕੀਰਤਨ ਨੂੰ ਹੀ ਗੁਰਮਤਿ ਸੰਗੀਤ ਵੀ ਕਿਹਾ ਜਾਂਦਾ ਹੈ)।

- - -

ਪੰਨਾ 31 ’ਤੇ ਡਾ: ਸਾਹਿਬ ‘ਰਹਾਉ ਦੂਜਾ’ ਬਾਰੇ ਜਾਣਕਾਰੀ ਕੁਝ ਇਸ ਤਰ੍ਹਾਂ ਦਿੰਦੇ ਹਨ: ‘‘ਇੱਕ ਸ਼ਬਦ ਵਿੱਚ ਜਿੱਥੇ ਸਥਾਈ ਲਈ ਦੋ ਤੁਕਾਂ ਰਚੀਆਂ ਹਨ, ਉੱਥੇ ਇਹ ਪਦ ਵਰਤਿਆ ਹੈ ਅਤੇ ਦੋਹਾਂ ਵਿੱਚੋਂ ਗਾਇਨ ਕਰਨ ਵਾਲੇ ਦੀ ਮਰਜ਼ੀ ਹੈ, ਜਿਸ ਨੂੰ ਚਾਹੇ ਵਰਤ ਲਵੇ।’’

ਡਾ: ਸਾਹਿਬ ਕੀ ਤੁਸੀਂ ਸਮਝਦੇ ਹੋ ਕਿ ਗੁਰੂ ਅਰਜਨ ਸਾਹਿਬ ਨੇ ਇਸ ਤਰ੍ਹਾਂ ਦੇ ਅਸਪਸ਼ਟ ਭਾਵ ਨਾਲ ‘ਰਹਾਉ ਦੂਜਾ’ ਜਿਹੇ ਲਫ਼ਜ਼ ਦੀ ਵਰਤੋਂ ਕੀਤੀ ਸੀ? ਨਹੀਂ, ਅਜਿਹਾ ਬਿਲਕੁਲ ਨਹੀਂ। ਪਾਠਕਾਂ ਨੂੰ ਇਹ ਪਤਾ ਹੀ ਹੋਵੇਗਾ ਕਿ ਆਮ ਤੌਰ ’ਤੇ ਹਰੇਕ ਸ਼ਬਦ ਵਿੱਚ ਇਕ ਬੰਦ ‘ਰਹਾਉ’ ਦਾ ਹੁੰਦਾ ਹੈ, ਜਿਸ ਵਿੱਚ ਸ਼ਬਦ ਦਾ ਮੁੱਖ ਭਾਵ ਹੁੰਦਾ ਹੈ। ਪਰ ‘ਰਹਾਉ ਦੂਜਾ’ ਵਾਲਾ ਬੰਦ ਸ਼ਬਦ ਦੇ ਪਦਾਂ ਤੋਂ ਵੱਖਰਾ ਹੁੰਦਾ ਹੈ, ਭਾਵ ਸ਼ਬਦ ਦੇ ਪਦ ਵਿੱਚ ਗਿਣਿਆ ਨਹੀਂ ਜਾਂਦਾ। ਰਹਾਉ (ਪਹਿਲਾ) ਤੋਂ ਭਾਵ ਹੁੰਦਾ ਹੈ ਕਿ ਗੁਰੂ ਸਾਹਿਬ ਜਾਂ ਭਗਤ ਸਾਹਿਬ ਇਕ ਪ੍ਰਸ਼ਨ ਕਰ ਰਹੇ ਹਨ ਅਤੇ ਰਹਾਉ ਦੂਜਾ ਵਾਲਾ ਜੋ ਸ਼ਬਦ ਹੈ, ਉਸ ਵਿੱਚ ਉਸੇ ਸ਼ਬਦ ਦਾ ਜਵਾਬ ਦੇ ਰਹੇ ਹਨ। ‘ਰਹਾਉ ਦੂਜਾ’ ਨੂੰ ਸਿਰਫ਼ ਗਾਇਨ ਪੱਧਤੀ ਨਾਲ ਜੋੜ ਕੇ ਪੇਸ਼ ਕਰਨਾ ਭਾਰੀ ਗਲਤੀ ਹੈ ਅਤੇ ਇਹ ‘ਮਰਜ਼ੀ’ ਵਾਲਾ ਲਫ਼ਜ਼ ਲੇਖਕ ਅਤੇ ਪ੍ਰਕਾਸ਼ਕਾਂ ਦੀ ਆਪਣੀ ਮਰਜ਼ੀ (ਮਨਮਤਿ) ਹੀ ਹੈ।

- - -

ਪੁਸਤਕ ਦੇ ਪੰਨਾ 28 ’ਤੇ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਕਾਵਿ-ਰੂਪਾਂ ਦੀ ਜਾਣਕਾਰੀ ਦਿੰਦੇ ਹੋਏ ‘ਫੁਨਹੇ’ ਸ਼ਬਦ ਦੇ ਅਰਥ ਡਾ: ਸਾਹਿਬ ਇਸ ਤਰ੍ਹਾਂ ਕਰਦੇ ਹਨ : ‘‘ਭਾਰਤੀ ਪਰੰਪਰਾ ਵਿੱਚ ਖੁਸ਼ੀ ਸਮੇਂ ਦੇ ਗੀਤ ਭਾਵ ਬੱਚੇ ਦਾ ਜਨਮ, ਦੁਲਹੇ ਤੇ ਦੁਲਹਨ ਦੀ ਤਿਆਰੀ ਆਦਿ ਦੇ ਸਮੇਂ ਗਾਇਨ ਕੀਤੇ ਜਾਣ ਵਾਲੇ ਗੀਤਾਂ ਨੂੰ ‘ਫੁਨਹੇ’ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਹਰ ਸਮੇਂ ਨੂੰ ਮੰਗਲਮਈ ਸਮਝਿਆ ਜਾਂਦਾ ਹੈ ਅਤੇ ਉਪਦੇਸ਼ ਕੀਤਾ ਗਿਆ ਹੈ ਕਿ ਹਰ ਵਕਤ ਉਸ ਪ੍ਰੀਤਮ ਪਿਆਰੇ ਦੀ ਉਸਤਤਿ ਵਿੱਚ ਗਾਇਨ ਕਰਨਾ ਤਾਂ ਕਿ ‘‘ਇਹ ਲੋਕ ਸੁਖੀਏ ਪਰਲੋਕ ਸੁਹੇਲੇ’ ਦਾ ਪ੍ਰਸੰਗ ਸਥਾਪਿਤ ਹੋ ਸਕੇ।’’

ਵਾਹ ਡਾਕਟਰ ਸਾਹਿਬ ! ਪਤਾ ਨਹੀਂ ਕਿਸ ਅਧਿਐਨ ਵਿਭਾਗ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰ ਰਹੇ ਹੋ? ‘ਫੁਨਹੇ’ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 1361 ਉੱਤੇ ‘ਫੁਨਹੇ ਮਹਲਾ 5’ ਕਰਕੇ ਦਰਜ ਹੈ। ਇਹ ਬਾਣੀ 23 ਛੰਦਾਂ ਵਿੱਚ ਰਚਿਤ ਹੈ ਅਤੇ ਫੁਨਹੇ ਦਾ ਅਰਥ ਹੈ ਪੁਨਹ-ਪੁਨਹ, ਯਾਨੀ ਬਾਰ-ਬਾਰ। ਇਸ ਬਾਣੀ ਵਿੱਚ ਇਕ ਲਫ਼ਜ਼ ‘ਹਰਿਹਾਂ’ ਨੂੰ ਬਾਰ-ਬਾਰ ਛੰਦਾਂ ਵਿੱਚ ਲਿਖਿਆ ਗਿਆ ਹੈ। ਜਿਵੇਂ :

ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ।।
ਅਰਪੀ ਸਭੁ ਸੀਗਾਰੁ ਏਹੁ ਜੀਉ ਸਭੁ ਦਿਵਾ।।
ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ।।
ਹਰਿਹਾਂ ਮਸਤਕਿ ਹੋਵੈ ਭਾਗ ਤ ਸਾਜਨੁ ਪਾਈਐ।।
(1361)

ਇਸ ‘ਹਰਿਹਾਂ’ ਲਫ਼ਜ਼ ਦੀ ਵਰਤੋਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1361 ਤੋਂ 1363 ਤੱਕ 23 ਛੰਦਾਂ ਵਿੱਚੋਂ 19 ਵਾਰ ਕੀਤੀ ਹੈ। ‘ਹਰਿਹਾਂ’ ਲਫ਼ਜ਼ ਦਾ ਅਰਥ ਹੈ ਪਰਮਾਤਮਾ ਅਤੇ ‘ਫੁਨਹੇ’ ਦਾ ਅਰਥ ਹੈ ਬਾਰ-ਬਾਰ। ਇਸ ਸ਼ਬਦ ਦਾ ਬੱਚੇ ਦੇ ਜਨਮ ਜਾਂ ਦੁਲਹੇ ਤੇ ਦੁਲਹਨ ਦੀ ਤਿਆਰੀ ਜਿਹੇ ਰਸਮਾਂ-ਰਿਵਾਜਾਂ ਨਾਲ ਕੋਈ ਲੈਣਾ-ਦੇਣਾ ਨਹੀਂ।

- - -

‘ਵਿਸ਼ੇਸ਼ ਸਿਰਲੇਖ ਬਾਣੀਆਂ’ ਵਾਲੇ ਭਾਗ ਵਿੱਚ ਪੰਨਾ 35 ’ਤੇ ਬਾਣੀ ਸੁਖਮਨੀ ਬਾਰੇ ਜੋ ਜਾਣਕਾਰੀ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ, ਉਹ ਇਸ ਤਰ੍ਹਾਂ ਹੈ : ‘‘ਇਹ ਗੁਰੂ ਅਰਜਨ ਪਾਤਸ਼ਾਹ ਜੀ ਦੀ ਇਕ ਵੱਡ ਅਕਾਰੀ ਬਾਣੀ ਹੈ। ਇਸ ਦੀਆਂ 24 ਪਉੜੀਆਂ ਅਤੇ 24 ਅਸਟਪਦੀਆਂ ਹਨ। ਇਹ ਗੁਰੂ ਗ੍ਰੰਥ ਸਾਹਿਬ ਦੇ ਅੰਗ 262 ਉੱਤੇ ਗਉੜੀ ਰਾਗ ਵਿੱਚ ਦਰਜ ਹੈ। ‘ਸੁਖਮਨੀ’ ਦਾ ਸ਼ਾਬਦਿਕ ਅਰਥ ਸੁੱਖਾਂ ਦੀ ਮਨੀ ਹੈ। ਇਸ ਦੀ ਪ੍ਰਾਪਤੀ ਇਸ ਬਾਣੀ ਦੀ ਰਹਾਉ ਦੀ ਪੰਗਤੀ ਤੋਂ ਸਪਸ਼ਟ ਹੈ...।’’

ਸੁਖਮਨੀ ਸਾਹਿਬ ਪੜ੍ਹਨ ਵਾਲਾ ਹਰ ਸ਼ਰਧਾਲੂ ਜਾਣਦਾ ਹੈ ਕਿ ਇਸ ਬਾਣੀ ਵਿੱਚ 24 ਸਲੋਕ (ਪਉੜੀਆਂ ਨਹੀਂ) ਅਤੇ 24 ਅਸਟਪਦੀਆਂ ਹਨ। ਹਰ ਅਸਟਪਦੀ ਵਿੱਚ 8 ਪਦੇ ਅਤੇ ਹਰੇਕ ਪਦੇ ਵਿੱਚ 10 ਸਤਰਾਂ ਹਨ। ਪਰ ਵਿਦਵਾਨ ਲੇਖਕ ਅਤੇ ਪੁਸਤਕ ਨੂੰ ਸਿਲੇਬਸ ਵਜੋਂ ਵੰਡਣ ਵਾਲੇ ਪ੍ਰਬੰਧਕਾਂ ਨੂੰ ਸਲੋਕਾਂ ਤੇ ਪਉੜੀਆਂ ਵਿੱਚ ਕੋਈ ਅੰਤਰ ਮਹਿਸੂਸ ਨਹੀਂ ਹੁੰਦਾ। ਪਰ ਸੱਚਾਈ ਇਹੀ ਹੈ ਕਿ ਸੁਖਮਨੀ ਸਾਹਿਬ ਵਿੱਚ ਇਕ ਵੀ ‘ਪਉੜੀ’ ਰੂਪੀ ਕਾਵਿ ਛੰਦ ਸ਼ਾਮਲ ਨਹੀਂ। ਉਨ੍ਹਾਂ ਬੱਚਿਆਂ ਨੂੰ ਕਿਹੋ ਜਿਹਾ ਗਿਆਨ ਹਾਸਲ ਹੋਵੇਗਾ, ਜਿਨ੍ਹਾਂ ਨੇ ਇਮਤਿਹਾਨ ਦੇਣ ਲਈ ਇਸੇ ਕਿਤਾਬ ’ਚੋਂ ਜਵਾਬ ਲੱਭਣੇ ਹਨ?

ਸੰਪਾਦਕੀ ਟਿੱਪਣੀ : ਅਨਪੜ੍ਹ ਪ੍ਰਚਾਰਕਾਂ ਅਤੇ ਬ੍ਰਾਹਮਣਵਾਦੀਆਂ ਦੇ ਏਜੰਟਾਂ ਨੇ ਸਿੱਖ ਸਮਾਜ ਵਿੱਚ ਬਾਣੀ ਸੁਖਮਨੀ ਦੇ ਸਿਰਲੇਖ ਦੇ ਬ੍ਰਾਹਮਣਵਾਦੀ ਅਰਥ (ਸੁੱਖਾਂ ਦੀ ਮਨੀ) ਪ੍ਰਚਲਿਤ ਕਰ ਦਿੱਤੇ ਹਨ। ਪਰ ਅਸਲ ਵਿੱਚ ਇਸ ਲਫ਼ਜ਼ ਦੇ ਅਰਥ ਹਨ : (ਵਿਕਾਰਾਂ ਵਿੱਚ ਗ੍ਰਸੇ) ਮਨ ਨੂੰ (ਪਰਮਾਤਮਾ ਨਾਲ ਇਕ-ਮਿਕ ਕਰਕੇ ਆਤਮਕ) ਸੁੱਖ ਦੇਣ ਵਾਲੀ (ਬਾਣੀ)। ਇਸ ਰਚਨਾ ਦੀ ਰਹਾਉ ਵਾਲੀ ਤੁਕ ‘‘ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ।। ਭਗਤ ਜਨਾ ਕੈ ਮਨਿ ਬਿਸ੍ਰਾਮ।। ਰਹਾਉ।।’’ ਦਾ ਅਰਥ ਵੀ ਇਹੀ ਹੈ ਕਿ ਪ੍ਰਭੂ ਦੇ ਗੁਣ (ਨਾਮ) ਹੀ ਸਭ ਸੁਖਾਂ ਦਾ ਮੂਲ ਹੈ ਅਤੇ ਇਹ ਗੁਣ (ਨਾਮ) ਗੁਰਮੁੱਖਾਂ ਦੇ (ਸ਼ੁੱਧ ਵਿਚਾਰਾਂ ਅਤੇ ਸੱਚ ਦੇ ਗਿਆਨ ’ਤੇ ਅਮਲ ਕਰਨ ਵਾਲੇ) ਹਿਰਦੇ ਵਿੱਚ ਵਸਦਾ ਹੈ। ਇਸੇਲਈ ਬਾਣੀ ਦਾ ਨਾਮ ‘ਸੁਖਮਨੀ’ ਹੈ, ‘ਸੁਖਮਣੀ’ ਨਹੀਂ।

- - -

ਗੁਰੂ ਗ੍ਰੰਥ ਸਾਹਿਬ ਵਿੱਚ ਆਏ ਬਾਣੀਕਾਰਾਂ ਦਾ ਜ਼ਿਕਰ ਕਰਦਿਆਂ ਭੱਟਾਂ ਬਾਰੇ ਜਾਣਕਾਰੀ ਦਿੰਦਿਆਂ ਡਾ: ਸਾਹਿਬ ਲਿਖਦੇ ਹਨ ਕਿ ਭਟਾਂ ਦਾ ਆਗਮਨ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਹੋਇਆ : ‘‘ਗੁਰੂ ਨਾਨਕ ਪਾਤਸ਼ਾਹ ਦੇ ਫੈਲੇ ਇਸ ਪ੍ਰਤਾਪ ਦੀ ਮਹਿਮਾ ਜਦੋਂ ਭੱਟਾਂ ਦੇ ਕੰਨੀ ਪਈ ਤਾਂ ਇਹ ਵੀ ਗੁਰੂ ਦਰਬਾਰ ਵਿੱਚ ਪੁੱਜੇ। ਗੁਰੂ ਸਾਹਿਬਾਨ ਵਰਗੀ ਰੱਬੀ ਰੂਹਾਂ ਦੇ ਦਰਸ਼ਨ ਕਰਕੇ ਇਨ੍ਹਾਂ ਦੀ ਅੱਖਾਂ ਮੁੰਦ ਗਈਆਂ, ਇਹ ਧੰਨ-ਧੰਨ ਕਰ ਉੱਠੇ ਅਤੇ ਫਿਰ ਕੀਰਤ ਤੇ ਬੀਰਤਾ ਦੇ ਪ੍ਰਗਟਾਵੇ ਦੀਆਂ ਅਨੇਕ ਉਦਾਹਰਣਾਂ ਹਨ। ਭਟਾਂ ਨੇ ਗੁਰੂ ਸਾਹਿਬਾਨ ਦੀ ਉਸਤਤ ਵਿੱਚ ਸ਼ਬਦ ਰਚਨਾ ਵੀ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ ਅਤੇ ਨਾਲ ਹੀ ਜੰਗਾਂ-ਜੁੱਧਾਂ ਵਿੱਚ ਸ਼ਹਾਦਤਾਂ ਵੀ ਦਿੱਤੀਆਂ।’’

ਵਾਹ ਡਾਕਟਰ ਸਾਹਿਬ ! ਇਕ ਤਾਂ ਤੁਸੀਂ ਭੱਟਾਂ ਦਾ ਆਗਮਨ ਗੁਰੂ ਨਾਨਕ ਸਾਹਿਬ ਦੇ ਸਮੇਂ ਨਾਲ ਜੋੜ ਰਹੇ ਹੋ ਅਤੇ ਨਾਲ ਹੀ ਨਾਲ ਭੱਟਾਂ ਨੂੰ ਜੰਗਾਂ-ਜੁੱਧਾਂ ਵਿੱਚ ਸ਼ਹੀਦ ਵੀ ਕਰਵਾ ਰਹੇ ਹੋ !! ਪਰ ਕ੍ਰਿਪਾ ਕਰਕੇ ਪਾਠਕਾਂ ਨੂੰ ਇਹ ਤਾਂ ਦੱਸ ਦਿਉ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਸਿੱਖਾਂ ਨੇ ਕਿਹੜੀਆਂ ਜੰਗਾਂ ਲੜੀਆਂ ਸਨ ਅਤੇ ਸ਼ਹੀਦੀਆਂ ਪਾਈਆਂ ਸਨ?

ਦੂਜੇ ਪਾਸੇ, ਪ੍ਰੋ: ਸਾਹਿਬ ਸਿੰਘ ਲਿਖਦੇ ਹਨ : ‘‘ਆਤਮਕ ਅਨੰਦ ਦੀ ਢੂੰਡ ਵਾਸਤੇ ਇਹ 11 ਭੱਟ ਕਈ ਥਾਈਂ ਸੰਤਾਂ-ਸਾਧਾਂ, ਸੰਨਿਆਈਆਂ, ਤਪਸਵੀਆਂ ਦੀ ਭਾਲ ਕਰ ਆਏ ਸਨ ਪਰ ਕਿਤੇ ਇਨ੍ਹਾਂ ਦਾ ਮਨ ਪਤੀਜਿਆ ਨਹੀਂ ਸੀ। ਇਹ ਸਾਰੇ ਹਿੰਦੂ ਮਤ ਦੇ ਖਿਆਲਾਂ ਵਾਲੇ ਸਨ। ਗੋਇੰਦਵਾਲ ਸਾਹਿਬ ਵੀ ਇਸੇ ਆਸ ਨੂੰ ਲੈ ਕੇ ਆਏ ਸਨ ਕਿ ਕਿਸੇ ਸੰਨਿਆਸੀ ਗੁਰੂ ਦੇ ਦਰਸ਼ਨ ਹੋਣਗੇ ਪਰ ਇੱਥੇ ਗ੍ਰਿਹਸਤ ਤੇ ਫਕੀਰੀ ਨੂੰ ਇਕੱਠੇ ਵੇਖ ਕੇ ਹੈਰਾਨ ਹੋ ਗਏ। ਇਸ ਵਾਸਤੇ ਗੁਰ-ਉਸਤਤਿ ਕਰਨ ਵੇਲੇ ਇਨ੍ਹਾਂ ਸਤਿਗੁਰੂ ਜੀ ਨੂੰ ਰਾਜਾ ਜਨਕ ਨਾਲ ਉਪਮਾ ਦਿੱਤੀ। ਭੱਟਾਂ ਦੇ ਸਵਈਏ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਾਏ ਸਨ।

ਗੁਰੂ ਅਰਜਨ ਸਾਹਿਬ ਤਦੋਂ ਗੋਇੰਦਵਾਲ ਰਹਿੰਦੇ ਸਨ। ਸ੍ਰੀ ਗੁਰੂ ਰਾਮਦਾਸ ਸਾਹਿਬ ਜੋਤਿ ਜੋਤਿ ਸਮਾ ਚੁੱਕੇ ਸਨ। ਉਨ੍ਹਾਂ ਤੋਂ ਪਿੱਛੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰ-ਸਿੰਘਾਸਨ ਤੇ ਬੈਠਿਆਂ ਥੋੜਾਂ ਸਮਾਂ ਹੋਇਆ ਸੀ। ਭੱਟਾਂ ਦੇ ਸਵਈਆਂ ਵਿੱਚ ਕੇਵਲ ਸਤਿਗੁਰੂ ਦੀ ਵਡਿਆਈ ਹੈ ਅਤੇ ਇਹ ਸਮਾਚਾਰ ਸਤੰਬਰ 1581 ਦਾ ਹੈ।’’

ਇਸਦੇ ਇਲਾਵਾ, ਵਿਦਵਾਨ ਲੇਖਕ ਅਤੇ ਪੁਸਤਕ ਨੂੰ ਬੇਧਿਆਨੀ ਨਾਲ ਪ੍ਰਕਾਸ਼ਿਤ ਕਰਨ ਵਾਲੇ ਕਥਿਤ ਧਰਮ ਪ੍ਰਚਾਰਕ ਇਸ ਸਵਾਲ ਦਾ ਜਵਾਬ ਵੀ ਦੇਣ ਦੀ ਖੇਚਲ ਕਰਨ ਕਿ ਅਗਰ ਭੱਟਾਂ ਦੀ ਬਾਣੀ ਦੀ ਰਚਨਾ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ-ਕਾਲ ਦੌਰਾਨ ਹੋਈ ਹੁੰਦੀ ਤਾਂ ਗੁਰੂ ਨਾਨਕ ਸਾਹਿਬ ਦੇ ਨਾਮ ਤੋਂ ਇਲਾਵਾ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਦੇ ਨਾਮ ਭੱਟਾਂ ਦੇ ਸਵਈਏ ਵਿੱਚ ਕਿਸ ਤਰ੍ਹਾਂ ਆ ਸਕਦੇ ਸਨ?

- - -

ਸੰਪਾਦਕੀ ਟਿੱਪਣੀ : ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਇਸਦੀ ਵਿਚਾਰਧਾਰਾ ਦੇ ਪ੍ਰਚਾਰ-ਤੰਤਰ ’ਤੇ ਜਾਂ ਤਾਂ ਅਧਪੜ੍ਹ ਪੁਜਾਰੀਆਂ ਦਾ ਕਬਜ਼ਾ ਹੈ ਅਤੇ ਜਾਂ ਫਿਰ ਸਿਆਸੀ ਆਗੂਆਂ ਦੀ ਚਾਪਲੂਸੀ ਕਰਕੇ ਉੱਚ-ਅਹੁਦਿਆਂ ’ਤੇ ਬਿਰਾਜਮਾਨ ਗਿਆਨਹੀਣ ਟੁੱਕੜਬੋਚਾਂ ਦੀ ਜੁੰਡਲੀ ਦਾ। ਜਿਨ੍ਹਾਂ ਲੋਕਾਂ ਨੂੰ ਖ਼ੁਦ ਹੀ ਸਿੱਖੀ ਦੇ ਫਲਸਫੇ ਬਾਰੇ ‘ਇੱਲ ਦਾ ਨਾਂ ਕੁੱਕੜ’ ਜਿੰਨੀ ਵੀ ਜਾਣਕਾਰੀ ਨਾ ਹੋਵੇ, ਉਹ ਖ਼ੁਦ ਜਾਂ ਉਨ੍ਹਾਂ ਦੀ ਅਧੀਨਗੀ ਮਨਜ਼ੂਰ ਕਰਨ ਵਾਲੇ ਪ੍ਰਚਾਰਕ/ਲੇਖਕ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਦੀ ਕਿਹੋ ਜਿਹੀ ਜਾਣਕਾਰੀ ਦੇ ਸਕਦੇ ਹਨ, ਇਸਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ। ਇਸ ਲਈ ਚਰਚਾ ਅਧੀਨ ਕਿਤਾਬ ਵਿੱਚ ਉਕਤ ਕਿਸਮ ਦੀਆਂ ਵੱਡੀਆਂ ਗਲਤੀਆਂ ਦਾ ਪਾਇਆ ਜਾਣਾ ਅਸਲ ਵਿੱਚ ਕੋਈ ਹੈਰਾਨਗੀ ਪੈਦਾ ਨਹੀਂ ਕਰਦਾ।

ਇਸ ਸਬੰਧ ਵਿੱਚ ਅਸੀਂ ਪਾਠਕਾਂ ਨੂੰ ਇਹ ਦੱਸਣਾ ਜਰੂਰੀ ਸਮਝਦੇ ਹਾਂ ਕਿ ਪੁਸਤਕ ਦੇ ਲੇਖਕ ਦਾ ਕਹਿਣਾ ਹੈ ਕਿ ਧਰਮ ਪ੍ਰਚਾਰ ਕਮੇਟੀ ਦੀ ਅਖੌਤੀ ਯੂਥ ਵਿੰਗ ਦੇ ਪ੍ਰਬੰਧਕਾਂ ਨੇ ਇਹ ਪੁਸਤਕ ਉਨ੍ਹਾਂ ਦੀ ਅਗਾਊਂ ਇਜਾਜ਼ਤ ਲਏ ਬਿਨ੍ਹਾਂ (ਇਕ ਪ੍ਰਾਈਵੇਟ ਪਬਲਿਸ਼ਰ ਦੀ ਮਦਦ ਨਾਲ) ਹੀ ਛਾਪ ਦਿੱਤੀ ਸੀ ਜਦਕਿ ਉਨ੍ਹਾਂ (ਡਾ: ਸਰਬਜਿੰਦਰ ਸਿੰਘ) ਨੇ ਹਾਲਾਂ ਪੁਸਤਕ ਦੇ ਖਰੜੇ ਵਿੱਚ ਕਈ ਸੋਧਾਂ ਕਰਨੀਆਂ ਸਨ।

ਇਸ ਤੋਂ ਇਲਾਵਾ, ਜੁਲਾਈ 08 ਅੰਕ ਵਿੱਚ ਇਸ ਪੁਸਤਕ ਦੀ ਵਿਵਾਦਿਤ ਸਮੱਗਰੀ ਸਬੰਧੀ ਪ੍ਰਕਾਸ਼ਿਤ ਹੋਏ ਲੇਖ ਨੂੰ ਪੜ੍ਹ ਕੇ ਸਾਨੂੰ ਪੰਜਾਬ ਤੋਂ ਕਈ ਪ੍ਰਚਾਰਕਾਂ ਦੇ ਫੋਨ ਆਏ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਭਾਵੇਂ ਉਨ੍ਹਾਂ ਨੇ ਵੀ ਆਪੋ-ਆਪਣੇ ਪ੍ਰਭਾਵ ਖੇਤਰ ਦੇ ਕਾਫੀ ਸਾਰੇ ਬੱਚਿਆਂ ਨੂੰ ਇਹ ਇਮਤਿਹਾਨ ਦੇਣ ਲਈ ਰਜਿਸਟਰ ਕਰਵਾਇਆ ਹੋਇਆ ਹੈ ਪਰ ਜਦ ਉਹ ਪ੍ਰਚਾਰਕ, ਬੱਚਿਆਂ ਦੀ ਇਮਤਿਹਾਨ ਸਬੰਧੀ ਕਲਾਸਾਂ ਲਗਾਉਂਦੇ ਹਨ ਤਾਂ ਪੁਸਤਕ ਵਿੱਚ ਦਿੱਤੇ ਗਏ ਗਲਤ ਤੱਥਾਂ (ਜਿਵੇਂ ਮਨਮਤੀ ਸਾਖੀਆਂ ਜਾਂ ਰਾਗਮਾਲਾ ਆਦਿਕ ਰਚਨਾਵਾਂ) ਬਾਰੇ ਜਾਗ੍ਰਿਤ ਵੀ ਕਰਦੇ ਹਨ ਅਤੇ ਇਨ੍ਹਾਂ ਵਿਸ਼ਿਆਂ ’ਤੇ ਗੁਰਮਤਿ ਅਧਾਰਿਤ ਜਾਣਕਾਰੀ ਵੀ ਦਿੰਦੇ ਹਨ। ਇਨ੍ਹਾਂ ਪ੍ਰਚਾਰਕਾਂ ਨੇ ਇੱਥੋਂ ਤੱਕ ਦੱਸਿਆ ਕਿ ਉਨ੍ਹਾਂ ਨੇ ਬੱਚਿਆਂ ਨੂੰ ਇਹੀ ਨਿਰਦੇਸ਼ ਦਿੱਤਾ ਹੈ ਕਿ ਉਹ ਇਮਤਿਹਾਨ ਦੌਰਾਨ ਸਵਾਲਾਂ ਦੇ ਜਵਾਬ ਪੁਸਤਕ ਦੇ ਅਧਾਰ ’ਤੇ ਨਹੀਂ ਬਲਕਿ ਗੁਰਮਤਿ ਅਸੂਲਾਂ ਦੇ ਅਧਾਰ ’ਤੇ ਦੇਣ - ਭਾਵੇਂ ਉਨ੍ਹਾਂ ਦੇ ਕਿੰਨੇ ਵੀ ਨੰਬਰ ਕੱਟ ਲਏ ਜਾਣ। ਯਕੀਨਨ, ਇਹੋ ਜਿਹੇ ਸੂਝਵਾਨ ਪ੍ਰਚਾਰਕਾਂ ਦੀ ਮਿਹਨਤ ਸਦਕਾ (ਇਮਤਿਹਾਨ ਸਦਕਾ ਨਹੀਂ) ਕੁਝ ਬੱਚਿਆਂ (ਭਾਵੇਂ ਉਨ੍ਹਾਂ ਦਾ ਅਨੁਪਾਤ ਇਮਤਿਹਾਨ ਦੇ ਰਹੇ ਕੁੱਲ ਬੱਚਿਆਂ ਵਿੱਚ ਕਿੰਨਾ ਵੀ ਘੱਟ ਕਿਉਂ ਨਾ ਹੋਵੇ) ਨੂੰ ਗੁਰਮਤਿ ਦੀ ਸਹੀ ਜਾਣਕਾਰੀ ਮਿਲ ਸਕੇਗੀ।

ਅਸਲ ਵਿੱਚ, ਪੁਸਤਕ ਵਿੱਚ ਪਾਏ ਗਏ ਦੋਸ਼ਾਂ ਦੀ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਦਿੱਲੀ ਗੁਰਦੁਆਰਾ ਕਮੇਟੀ ਦੀ ਅਖੌਤੀ ਯੂਥ ਵਿੰਗ ਦੇ ਚੇਅਰਮੈਨ ਦਲਜੀਤ ਸਿੰਘ ਅਤੇ ਉਸਦੇ ਸਾਥੀਆਂ ਦੀ ਹੀ ਹੈ, ਜਿਨ੍ਹਾਂ ਨੇ ਆਪਣੇ ਹੈਂਕੜਬਾਜ਼ ਸੁਭਾਅ ਅਤੇ ਮਨਮਤੀ ਵਿਚਾਰਧਾਰਾ ਦੇ ਪ੍ਰਭਾਵ ਕਾਰਨ ਪੁਸਤਕ ਨੂੰ ਧਾਰਮਕ ਇਮਤਿਹਾਨ ਦੇ ਸਿਲੇਬਸ ਵਜੋਂ ਮੁਕੱਰਰ ਕਰਨ ਤੋਂ ਪਹਿਲਾਂ ਪੁਸਤਕ ਦੀ ਸਮੱਗਰੀ ਬਾਰੇ ਗੁਰਮਤਿ ਸਿਧਾਂਤਾਂ ਤੋਂ ਜਾਣੂ ਵਿਦਵਾਨਾਂ/ਪ੍ਰਚਾਰਕਾਂ ਨਾਲ ਸਲਾਹ ਲੈਣ ਦੀ ਲੋੜ ਵੀ ਨਹੀਂ ਸਮਝੀ। ਵੇਖਣਾ ਹੁਣ ਇਹ ਹੈ ਕਿ ਸਿਆਸੀ ਆਗੂਆਂ ਦੇ ਇਹ ਚਾਪਲੂਸ ਅਜਿਹੀ ਦੋਸ਼-ਭਰਪੂਰ ਪੁਸਤਕ ਦੇ ਅਧਾਰ ’ਤੇ ਇਮਤਿਹਾਨ ਕਰਵਾ ਕੇ ਸਾਧ-ਬਾਬਿਆਂ ਵੱਲੋਂ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦੇ ਦਾਅਵਿਆਂ ਦੀ ਤਰਜ਼ ’ਤੇ ਸਿੱਖੀ ਦਾ ਕਥਿਤ ਪ੍ਰਚਾਰ ਕਰਨ ਦੀਆਂ ਬੜ੍ਹਕਾਂ ਮਾਰਦੇ ਹਨ ਜਾਂ ਫਿਰ ਆਪਣੀ ਗਲਤੀ ਨੂੰ ਸਵੀਕਾਰ ਕਰਕੇ ਸੰਗਤ ਤੋਂ ਇਸ ਸਾਰੇ ਘਟਨਾ-ਕ੍ਰਮ ਲਈ ਮੁਆਫੀ ਮੰਗਣ ਦੀ ਹਿੰਮਤ ਜੁਟਾ ਪਾਉਂਦੇ ਹਨ।

dharam parchar, committee, dsgmc, delhi, book, religious exam, sikh virsa, gross, mistakes, blunder, dr. sarabjinder singh, punjabi university, daljeet singh, chairman