

ਦੇਸ਼ਭਗਤੀ ਦਾ ਹਿੰਦੂਵਾਦੀ ਸੰਕਲਪ ਅਤੇ ਸਿੱਖ ਨੀਤੀਆਂ ’ਤੇ ਇਸਦਾ ਪ੍ਰਭਾਵ
- ਅਜਮੇਰ ਸਿੰਘ -
ਵਾਲਕਰ ਕੋਨਰ ਨਾਂ ਦੇ ਇਕ ਅਮਰੀਕੀ ਵਿਦਵਾਨ ਨੇ ਸੰਸਾਰ ਅੰਦਰ ‘ਰਾਸ਼ਟਰਵਾਦ’ ਦੇ ਵਰਤਾਰੇ ਨਾਲ ਜੁੜੇ ਗੁੰਝਲਦਾਰ ਪੱਖਾਂ ਬਾਰੇ ਤਿੰਨ ਦਹਾਕਿਆਂ ਤੱਕ ਡੂੰਘੀ ਖੋਜ ਕਰਨ ਉਪਰੰਤ ਕਈ ਮਹੱਤਵਪੂਰਨ ਸੱਚਾਈਆਂ ਸਾਹਮਣੇ ਲਿਆਂਦੀਆਂ ਹਨ। ਉਸਦਾ ਕਹਿਣਾ ਹੈ ਕਿ ਆਮ ਕਰਕੇ ਮੀਡੀਆ ਦੀਆਂ ਖ਼ਬਰਾਂ ਅਤੇ ਕੁਝ ਸਿਧਾਂਤਕ ਲਿਖਤਾਂ ਅੰਦਰ ਵੀ, ‘ਰਾਸ਼ਟਰਵਾਦ’ ਦਾ ਭਾਵ ਆਪਣੇ ਦੇਸ਼ ਨਾਲ ਜਜ਼ਬਾਤੀ ਲਗਾਉ ਸਮਝ ਲਿਆ ਜਾਂਦਾ ਹੈ, ਜਿਸਨੂੰ ਕਿ ਬਹੁਤਾ ਠੀਕ ਨਹੀਂ ਕਿਹਾ ਜਾ ਸਕਦਾ। ਇਸ ਭਾਵਨਾ ਵਾਸਤੇ ਵਧੇਰੇ ਠੀਕ ਲਫ਼ਜ਼ ‘ਦੇਸ਼ਭਗਤੀ’ ਬਣਦੀ ਹੈ। ਰਾਸ਼ਟਰਵਾਦ ਦਾ ਅਸਲੀ ਭਾਵ ਆਪਣੇ ਕੌਮੀ ਭਾਈਚਾਰੇ (ਦੇਸ਼ ਦੇ ਵਸਨੀਕਾਂ) ਨਾਲ ਜਜ਼ਬਾਤੀ ਲਗਾਉ ਹੈ। ਜਿਨ੍ਹਾਂ ਦੇਸ਼ਾਂ ਅੰਦਰ ਮੁੱਖ ਤੌਰ ’ਤੇ ਇਕੋ ਹੀ ਕੌਮ ਨਾਲ ਸਬੰਧਤ ਲੋਕ ਰਹਿੰਦੇ ਹੋਣ, ਉੱਥੇ ਕੌਮਪ੍ਰਸਤੀ ਤੇ ਵਤਨਪ੍ਰਸਤੀ (ਦੇਸ਼ਭਗਤੀ) ਵਿਚਕਾਰ ਕੋਈ ਬਖੇੜਾ ਪੈਦਾ ਨਹੀਂ ਹੁੰਦਾ। ਅਜਿਹੇ ਰਾਜਾਂ ਅੰਦਰ ਲੋਕਾਂ ਦੀ ਆਪਣੇ ਕੌਮੀ ਭਾਈਚਾਰੇ ਤੇ ਆਪਣੇ ਦੇਸ਼ ਪ੍ਰਤੀ ਵਫਾਦਾਰੀ ਵਿਚਕਾਰ ਕੋਈ ਵਿਰੋਧ ਖੜਾ ਨਹੀਂ ਹੁੰਦਾ। ਦੋਨੋਂ ਗੱਲਾਂ ਇਕ ਬਣ ਜਾਂਦੀਆਂ ਹਨ।
ਪਰ ਸੰਸਾਰ ਅੰਦਰ ਬਹੁ-ਕੌਮੀ ਦੇਸ਼ਾਂ ਦੀ ਸੰਖਿਆ ਕਿਤੇ ਜ਼ਿਆਦਾ ਹੈ। ਇਨ੍ਹਾਂ ਦੇਸ਼ਾਂ ਵਿੱਚ ਨਸਲੀ ਤੇ ਸਭਿਆਚਾਰਕ ਬਹੁ-ਰੂਪਤਾ (heterogeneity) ਦਾ ਵਰਤਾਰਾ ਵਧੇਰੇ ਆਮ ਹੈ। ਅਜਿਹੇ ਰਾਜਾਂ ਅੰਦਰ, ਗਿਣਤੀ ਪੱਖੋਂ ਭਾਰੂ ਵਰਗ ਸਭਿਆਚਾਰਕ ਤੇ ਰਾਜਸੀ ਪੱਖ ਤੋਂ ਭਾਰੂ ਪੋਜੀਸ਼ਨ ਵਿੱਚ ਹੁੰਦਾ ਹੈ। ਇਸ ਕਰਕੇ ਬਹੁਗਿਣਤੀ ਵਰਗ ਅੰਦਰ ਸਮੱਚੇ ਦੇਸ਼ ਨੂੰ ਆਪਣਾ ‘ਕੌਮੀ ਘਰ’ (ethnic homeland) ਤਸਵੱਰ ਕਰਨ ਅਤੇ ਆਪਣੇ ਆਪ ਨੂੰ ਇਸ ਘਰ ਦਾ ਲਾਣੇਦਾਰ ਸਮਝਣ ਦੀ ਭਾਵਨਾ ਬੇਹੱਦ ਪਰਬਲ ਹੁੰਦੀ ਹੈ। ਬਹੁਗਿਣਤੀ ਵਰਗ ਵਾਸਤੇ ‘ਕੌਮ’ ਅਤੇ ‘ਰਾਸ਼ਟਰ’ ਸਮਅਰਥੀ ਹੁੰਦੇ ਹਨ, ਜਿਸ ਕਰਕੇ ਇਸ ਵਰਗ ਨੂੰ ‘ਰਾਸ਼ਟਰਵਾਦ’ ਤੇ ‘ਦੇਸ਼ਭਗਤੀ’ ਵਿਚਕਾਰ ਵਖਰੇਵਾਂ ਕਰਨ ਦੀ ਲੋੜ ’ਤੇ ਵਜ੍ਹਾ ਨਹੀਂ ਰਹਿ ਜਾਂਦੀ। ਉਹ ਬਿਨ੍ਹਾਂ ਕਿਸੇ ਮੁਸ਼ਕਿਲ ਤੋਂ ਇਨ੍ਹਾਂ ਦੋਨੋਂ ਸੰਕਲਪਾਂ ਨੂੰ ਇਕ-ਦੂਜੇ ਦੀ ਥਾਂ ’ਤੇ ਵਰਤ ਲੈਂਦਾ ਹੈ।
ਵਾਲਕਰ ਕੋਨਰ ਦੇ ਇਨ੍ਹਾਂ ਨਿਰਣਿਆਂ ਨੂੰ ਜੇਕਰ ਭਾਰਤ ਦੀ ਸਮਾਜੀ-ਰਾਜਸੀ ਹਕੀਕਤ ਉੱਤੇ ਢੁਕਾਇਆ ਜਾਵੇ ਤਾਂ ਭਾਰਤੀ ਰਾਸ਼ਟਰਵਾਦ ਦੇ ਅੰਤਰੀਵ ਖ਼ਾਸੇ ਨੂੰ ਪਛਾਨਣਾ ਅਤੇ ਇਸ ਵਿੱਚੋਂ ਘੱਟ-ਗਿਣਤੀ ਭਾਈਚਾਰਿਆਂ ਲਈ ਪੈਦਾ ਹੋਣ ਵਾਲੀਆਂ ਆਫਤਾਂ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਰਹਿ ਜਾਂਦਾ। ਭਾਰਤ ਦੇ ਹਿੰਦੂ ਵਰਗ ਅੰਦਰ, ਉੱਤਰ ਵਿੱਚ ਹਿੰਦੂ-ਕੁਸ਼ ਤੋਂ ਲੈ ਕੇ ਦੱਖਣ ਵਿੱਚ ਕੰਨਿਆ ਕੁਮਾਰੀ ਤੱਕ ਫੈਲੇ ਹੋਏ ਵਿਸ਼ਾਲ ਭੁਗੋਲਿਕ ਖੰਡ ਨੂੰ ਆਪਣਾ ਜੱਦੀ ਪੁਸ਼ਤੀ ਘਰ (ਹੋਮਲੈਂਡ) ਚਿਤਵਨ ਅਤੇ ਇਸ ਉੱਤੇ ਆਪਣੀ ਪੁਸ਼ਤੈਨੀ ਮਾਲਕੀ ਦਾ ਦਾਅਵਾ ਜਤਲਾਉਣ ਦੀ ਸੋਚ ਤੇ ਭਾਵਨਾ ਪੁੱਜ ਕੇ ਡਾਢੀ ਹੈ। ਭਾਰਤ ਅੰਦਰ ਆਪਣੀ ਵਿਸ਼ੇਸ਼ ਲਾਹੇਵੰਦੀ ਸਥਿਤੀ ਦੀ ਬਦੌਲਤ ਹਿੰਦੂ ਵਰਗ ਲਈ ‘ਕੌਮ’ ਤੇ ‘ਦੇਸ’ ਇੱਕੋ ਜਿਹੇ ਅਰਥ ਰੱਖਦੇ ਹਨ।
ਮਾਤ-ਭੂਮੀ ਨਾਲ ਪਿਆਰ ਦਾ ਜਜ਼ਬਾ ਇਕ ਸਰਬ-ਵਿਆਪੀ ਵਰਤਾਰਾ ਹੈ। ਸੰਸਾਰ ਅੰਦਰ ਹਰ ਜਾਤੀ ਦੇ ਲੋਕ ਆਪਣੀ ਮਾਤ-ਭੂਮੀ ਪ੍ਰਤੀ ਮੋਹ ਤੇ ਸ਼ਰਧਾ ਦੇ ਭਾਵ ਰੱਖਦੇ ਹਨ ਪਰ ਹਰ ਨਸਲੀ-ਸਭਿਆਚਾਰਕ ਖੇਤਰ ਅੰਦਰ ਇਸ ਉੱਤੇ ਸਥਾਨਕ ਸਭਿਆਚਾਰ ਦਾ ਗੂੜ੍ਹਾ ਰੰਗ ਚੜ੍ਹਿਆ ਹੁੰਦਾ ਹੈ। ਇਸ ਦ੍ਰਿਸ਼ਟੀ ਤੋਂ ਦੇਖਿਆਂ ‘ਭਾਰਤ ਮਾਤਾ’ ਦਾ ਸੰਕਲਪ ਹਿੰਦੂ ਜਾਤੀ ਦੇ ਧਾਰਮਕ ਸੰਸਕਾਰਾਂ ਤੇ ਮਨੌਤਾਂ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਹੈ। ਇਹ ਦੇਵੀ-ਪੂਜ ਹਿੰਦੂ ਧਾਰਮਕ ਪਰੰਪਰਾ ਦਾ ਰਾਜਨੀਤੀ ਨਾਲ ਸੰਜੋਗ ਕਰਨ ਦੀ ਸੁਚੇਤ ਕੋਸ਼ਿਸ਼ ਦਾ ਨਤੀਜਾ ਹੈ, ਜਿਸ ਨੇ ਭਾਰਤੀ ਰਾਸ਼ਟਰਵਾਦ ਨੂੰ ਹਿੰਦੂਵਾਦੀ ਪੁੱਠ ਚਾੜ੍ਹਨ ਵਿੱਚ ਨਿਰਣਾਇਕ ਭੂਮਿਕਾ ਨਿਭਾਈ ਹੈ।
ਧਰਤੀ ਦੇ ਇਕ ਖ਼ਾਸ ਟੋਟੇ ਨੂੰ ਜਦ ‘ਭਾਰਤ ਮਾਤਾ’ ਦੀ ਉਪਾਧੀ ਬਖਸ਼ ਦਿੱਤੀ ਗਈ ਤਾਂ ਰਾਸ਼ਟਰਵਾਦ ਦਾ ਸੰਕਲਪ ਬਹੁਤ ਹੀ ਵੱਖਰੇ ਅਰਥ ਗ੍ਰਹਿਣ ਕਰ ਗਿਆ। ਇਸ ਅੰਦਰ ਸਿੱਧੇ ਤੇ ਰੜਕਵੇਂ ਰੂਪ ਵਿੱਚ (ਹਿੰਦੂ) ਧਰਮ ਦਾ ਅੰਸ਼ ਸ਼ਾਮਲ ਹੋ ਗਿਆ। ‘ਭਾਰਤ’ ਇਕ ਭੁਗੋਲਿਤ ਜਾਂ ਰਾਜਨੀਤਕ ਹਸਤੀ ਨਾਲੋਂ ਵਧ ਕੇ, ਇਸ਼ਟ-ਦੇਵ ਦਾ ਰੁਤਬਾ ਧਾਰਨ ਕਰ ਗਿਆ, ਜਿਸਦੀ ਪੂਜਾ ਹਰ ਭਾਰਤ ਵਾਸੀ ਦਾ ਜ਼ਰੂਰੀ ਫਰਜ਼ ਬਣ ਗਿਆ। ਇਸ ਤਰ੍ਹਾਂ, ਭਾਰਤੀ ਰਾਸ਼ਟਰਵਾਦ ਭਾਰਤ ਦੇ ਵਾਸੀਆਂ ਲਈ ਚੋਣ ਜਾਂ ਮਰਜ਼ੀ ਦਾ ਮਸਲਾ (optional) ਨਾ ਰਿਹਾ, ਇਹ ਉਨ੍ਹਾਂ ਦਾ ਜ਼ਰੂਰੀ ਧਰਮ (obligation) ਬਣ ਗਿਆ, ਉਨ੍ਹਾਂ ਦੇ ਆਪਣੇ ਧਰਮ ਨਾਲੋਂ ਵੀ ਪਰਲੇ ਦਰਜੇ ਦਾ ਧਰਮ (super religion)।
ਇਸ ‘ਧਰਮ’ ਦੀ ਅਵੱਗਿਆ ਅਧਰਮੀ ਕਾਰਾ ਗਿਣਿਆ ਜਾਣ ਲੱਗ ਪਿਆ। ਭਾਰਤ ਅੰਦਰਲੇ ਘੱਟ-ਗਿਣਤੀ ਭਾਈਚਾਰਿਆਂ ਦੇ ਰਾਸ਼ਟਰਵਾਦ ਦੇ ਸੰਕਲਪ ਨੂੰ ਇਕ ਰਾਜਨੀਤਕ ਵਿਰੋਧੀ-ਪੱਖ ਵਜੋਂ ਲੈਣ (ਜਿਸ ਨਾਲ ਇਸ ਵਿਰੋਧੀ ਪੱਖ ਨੂੰ ਸਹਿਣ ਕਰਨ ਤੇ ਇਸ ਨਾਲ ਸਮਾਈ ਕਰਕੇ ਚੱਲਣ ਦੀ ਲੋਕਤੰਤਰੀ ਮਰਿਆਦਾ ਵਿਕਸਿਤ ਹੋਣ ਸੀ) ਦੀ ਥਾਵੇਂ, ਦੇਸ਼-ਧ੍ਰੋਹ ਦੇ ਕਰਮ ਵਜੋਂ ਦੇਖਣ ਦੀ ਨਾਜ਼ੀਵਾਦੀ ਪ੍ਰਵਿਤਰੀ ਤੇ ਸੋਚ ਪੈਦਾ ਹੋ ਗਈ। ਇਸ ਸਦਕਾ ਭਾਰਤੀ ਰਾਸ਼ਟਰਵਾਦ ਨੇ ਬਹੁਤ ਹੀ ਖ਼ਤਰਨਾਕ ਰੁਖ਼ ਅਤੇ ਲੱਛਣ ਅਖ਼ਤਿਆਰ ਕਰ ਲਿਆ। ਇਸ ਅੰਦਰ ਘੱਟ-ਗਿਣਤੀ ਭਾਈਚਾਰਿਆਂ ਪ੍ਰਤੀ ਫਿਰਕੂ ਤੰਗਨਜ਼ਰੀ, ਅਸਹਿਣਸ਼ੀਲਤਾ ਤੇ ਅੱਖੜਪੁਣੇ ਦੇ ਭਾਵ ਪੈਦਾ ਹੋ ਗਏ, ਜਿਸਨੇ ਘੱਟ-ਗਿਣਤੀ ਭਾਈਚਾਰਿਆਂ ਨੂੰ ਬੇਹੱਦ ਮੁਸ਼ਕਲ ਸਥਿਤੀ ਵਿੱਚ ਪਾ ਦਿੱਤਾ। ਉਨ੍ਹਾਂ ਦੇ ਸਾਹਮਣੇ ਦੋ ਹੀ ਰਾਹ ਸਨ - ਜਾਂ ਤਾਂ ਉਹ ਆਪਣੇ ਧਾਰਮਕ ਅਕੀਦਿਆਂ ਨੂੰ ਤਿਲਾਂਜਲੀ ਦੇ ਕੇ ਰਾਸ਼ਟਰਵਾਦ ਦੀ ਇਸ ਹਿੰਦੂਵਾਦੀ ਧਾਰਨਾ ਦੇ ਮੁਰੀਦ ਬਣ ਜਾਂਦੇ; ਜਾਂ ਫਿਰ ਦੇਸ਼-ਧ੍ਰੋਹ ਦੇ ਇਲਜ਼ਾਮ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦੇ। ਭਾਰਤ ਦੇ ਮੁਸਲਿਮ ਭਾਈਚਾਰੇ ਨੇ ਬਹੁਗਿਣਤੀ ਵਰਗ ਦੇ ਇਸ ਦਬਾਅ ਅੱਗੇ ਝੁਕਣ ਤੋਂ ਦ੍ਰਿੜ੍ਹਤਾ ਨਾਲ ਇਨਕਾਰ ਕਰ ਦਿੱਤਾ ਜਦਕਿ ਸਿੱਖ ਭਾਈਚਾਰਾ ਇਸ ਹਿੰਦੂਵਾਦੀ ਦਬਾਅ ਅਤੇ ਵਹਾਅ ਦੇ ਸਾਹਮਣੇ ਗੱਡਵੇਂ ਪੈਰੀਂ ਖੜੋ ਸਕਣ ਦੀ ਵਿਚਾਰਧਾਰਕ ਨਿਸ਼ਠਾ ਨਾ ਦਿਖਾ ਸਕਿਆ। ਸਿੱਖ ਭਾਈਚਾਰੇ ਦੁਆਰਾ ਦਿਖਾਈ ਗਈ ਇਸ ਕਮਜ਼ੋਰੀ ਦੇ ਕਈ ਬਾਹਰਮੁਖੀ ਅਤੇ ਕਈ ਅੰਤਰਮੁਖੀ ਕਾਰਨ ਸਨ।
ਅਮਲੀ ਤੇ ਸਿਧਾਂਤਕ ਔਕੜਾਂ
ਅਣਵੰਡੇ ਭਾਰਤ ਅੰਦਰ ਸਿੱਖ, ਮੁਸਲਮਾਨਾਂ ਦੀ ਤੁਲਨਾ ਵਿੱਚ, ਕਈ ਸਾਰੇ ਪੱਖਾਂ ਤੋਂ ਗੈਰ-ਲਾਹੇਵੰਦੀ ਸਥਿਤੀ ਵਿੱਚ ਸਨ। ਸਭ ਤੋਂ ਪਹਿਲੀ ਅਹਿਮ ਗੱਲ ਇਹ ਕਿ ਸਿੱਖਾ ਦੀ ਨਾ ਸਿਰਫ਼ ਜਨਸੰਖਿਆ ਹੀ ਮੂਲੋਂ ਥੋੜ੍ਹੀ ਸੀ, ਬਲਕਿ ਉਹ ਕਿਸੇ ਵੀ ਭੂਗੋਲਿਕ ਖੇਤਰ ਅੰਦਰ ਆਪਣੀ ਅਸਰਦਾਰ ਬਹੁਗਿਣਤੀ ਨਹੀਂ ਰੱਖਦੇ ਸਨ। ਇਸਦੇ ਮੁਕਾਬਲੇ ਮੁਸਲਿਮ ਵਰਗ ਸਮੁੱਚੇ ਰੂਪ ਵਿੱਚ ਘੱਟ-ਗਿਣਤੀ ਵਿੱਚ ਹੁੰਦਾ ਹੋਇਆ ਵੀ ਤਕੜੀ ਹੈਸੀਅਤ ਰੱਖਦਾ ਸੀ। ਉਹ ਭਾਰਤ ਅੰਦਰ ਸਭ ਨਾਲੋਂ ਵੱਡਾ ਤੇ ਪ੍ਰਭਾਵਸ਼ਾਲੀ ਘੱਟ-ਗਿਣਤੀ ਭਾਈਚਾਰਾ ਸੀ, ਜੋ ਕਾਫੀ ਸਾਰੇ ਭੂਗੋਲਿਕ ਖਿੱਤਿਆਂ ਅੰਦਰ ਆਪਣਾ ਰਾਜਸੀ ਤੇ ਸਭਿਆਚਾਰਕ ਦਬਦਬਾ ਰੱਖਦਾ ਸੀ।
ਦੂਜੀ ਗੱਲ, ਆਪਣੀ ਜਨਸੰਖਿਆ ਅਤੇ ਰਾਜਸੀ ਤਾਕਤ ਦੀ ਬਦੌਲਤ ਮੁਸਲਿਮ ਵਰਗ ਦਾ ਵੇਲੇ ਦੀ ਹਕੂਮਤ (ਬਰਤਾਨਵੀ ਪ੍ਰਸ਼ਾਸਨ) ਅੰਦਰ ਚੋਖਾ ਰਾਜਸੀ ਅਸਰ-ਰਸੂਖ ਸੀ। ਇਸ ਦ੍ਰਿਸ਼ਟੀ ਤੋਂ ਸਿੱਖਾਂ ਦੀ ਪੋਜ਼ੀਸ਼ਨ ਬਹੁਤੀ ਚੰਗੀ ਨਹੀਂ ਸੀ। ਬਰਤਾਨਵੀ ਪ੍ਰਸ਼ਾਸਨ ਅੰਦਰ ਸਿੱਖਾਂ ਦੇ ਹਿਤੈਸ਼ੀ ਮੂਲੋਂ ਹੀ ਥੋੜ੍ਹੇ ਸਨ। ਉਹ ਵੀ ਜ਼ਿਆਦਾ ਕਰਕੇ ਫੌਜ ਅੰਦਰ ਹੀ ਸਨ, ਜਿਨ੍ਹਾਂ ਦੀ ਰਾਜਸੀ ਮਾਮਲਿਆਂ ਅੰਦਰ ਬਹੁਤੀ ਪੁੱਗਤ ਨਹੀਂ ਸੀ। ਤੀਜੀ ਗੱਲ, ਮੁਸਲਿਮ ਵਰਗ ਦੀ ਹਿੰਦੂ ਸਮਾਜ ਨਾਲ ਨਸਲੀ ਤੇ ਸਭਿਆਚਾਰਕ ਸਾਂਝ ਬਹੁਤੀ ਪਕੇਰੀ ਨਹੀਂ ਸੀ। ਹਿੰਦੂ ਵਰਗ ਨਾਲ ਉਸਦੀ ਸਾਂਝ ਦੇ ਅੰਸ਼ਾਂ ਨਾਲੋਂ ਵਖਰੇਵੇਂ ਦੇ ਅੰਸ਼ ਵੱਧ ਉਘੜਵੇਂ ਸਨ ਜਦਕਿ ਸਿੱਖਾਂ ਦੀਆਂ ਹਿੰਦੂ ਵਰਗ ਨਾ ਸਮਾਜਕ ਤੇ ਸਭਿਆਚਾਰਕ ਸਾਂਝਾ ਬੇਹੱਦ ਗੂੜ੍ਹੀਆਂ ਸਨ ਤੇ ਪਕੇਰੀਆਂ ਸਨ।
ਇਸ ਵਜ੍ਹਾ ਕਰਕੇ, ਸਿੱਖਾਂ ਲਈ ਮੁਸਲਮਾਨਾਂ ਦੀ ਤਰ੍ਹਾਂ ਆਪਣਾ ਸੁਤੰਤਰ ਰਾਜਸੀ ਵਹਿਣ ਅਖ਼ਤਿਆਰ ਕਰਨ ਸਕਣਾ ਕਾਫੀ ਮੁਸ਼ਕਲ ਗੱਲ ਸੀ। ਬਹੁਤ ਹੀ ਛੋਟਾ ਤੇ ਸਰਪ੍ਰਸਤੀ ਤੋਂ ਵਿਰਵਾ ਘੱਟ-ਗਿਣਤੀ ਵਰਗ ਹੋਣ ਕਰਕੇ, ਸਿੱਖ ਭਾਈਚਾਰੇ ਨੂੰ ਆਪਣਾ ਸੁਤੰਤਰ ਰਾਜ ਕਾਇਮ ਕਰ ਸਕਣ ਦੀ ਕੋਈ ਵੀ ਅਮਲੀ ਉਮੀਦ ਤੇ ਸੰਭਾਵਨਾ ਨਜ਼ਰ ਨਹੀਂ ਸੀ ਪੈਂਦੀ। ਦੂਜੇ ਪਾਸੇ, ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਰਾਜਸੀ ਪਾੜਾ ਏਨਾ ਡੂੰਘਾ ਤੇ ਚੌੜਾ ਹੋ ਗਿਆ ਸੀ ਕਿ ਦੋਨਾਂ ਵਿਚਕਾਰ ਸਮਝੌਤੇ ਤੇ ਰਸਾਈ ਦੀਆਂ ਸੰਭਾਵਨਾਵਾਂ ਲਗਭਗ ਅਲੋਪ ਹੋ ਗਈਆਂ ਸਨ। ਇਸ ਸਥਿਤੀ ਦੇ ਸਨਮੁਖ ਸਿੱਖਾਂ ਦੇ ਸਾਹਮਣੇ ਇਨ੍ਹਾਂ ਦੋਨੋਂ ਸ਼ਰੀਕ ਵਰਗਾਂ ’ਚੋਂ ਕਿਸੇ ਇਕ ਨਾਲ ਰਾਜਸੀ ਭਾਈਵਾਲੀ ਪਾ ਲੈਣ ਦਾ ਹੀ ਰਾਹ ਖੁੱਲ੍ਹਾ ਰਹਿ ਗਿਆ ਸੀ। ਪ੍ਰਤੱਖ ਕਾਰਨਾਂ ਕਰਕੇ, ਉਨ੍ਹਾਂ ਸਥਿਤੀਆਂ ਵਿੱਚ, ਸਿੱਖਾਂ ਨੇ ਮੁਸਲਮਾਨਾਂ ਦੀ ਤੁਲਨਾ ਵਿੱਚ ਹਿੰਦੂ ਵਰਗ ਨਾਲ ਭਾਈਵਾਲੀ ਪਾਉਣ ਨੂੰ ਤਰਜੀਹ ਦੇਣੀ ਬਿਹਤਰ ਸਮਝੀ।
ਉੱਧਰ ਹਿੰਦੂ ਵਰਗ ਨੂੰ ਵੀ ਮੁਸਲਮਾਨਾਂ ਦੇ ਖਿਲਾਫ਼ ਰਾਜਸੀ ਧੜਾ ਕਾਇਮ ਕਰਨ ਲਈ ਸਿੱਖਾਂ ਦੇ ਸਾਥ ਦੀ ਭਾਰੀ ਜਰੂਰਤ ਸੀ। ਇਸ ਤਰ੍ਹਾਂ, ਰਾਜਸੀ ਗਠਜੋੜ ਕਾਇਮ ਕਰਨਾ ਹਿੰਦੂਆਂ ਤੇ ਸਿੱਖਾਂ ਦੀ ਸਾਂਝੀ ਲੋੜ ਬਣ ਗਈ ਸੀ। ਪਰ ਹਿੰਦੂ ਵਰਗ ਕਿਉਂਕਿ ਭਾਰਤ ਅੰਦਰ ਆਪਣੀ ਅਜਾਰੇਦਾਰਾਨਾ ਚੌਧਰ ਕਾਇਮ ਕਰਨ ਦੀ ਜ਼ੋਰਦਾਰ ਰੁਚੀ ਰੱਖਦਾ ਸੀ, ਇਸ ਕਰਕੇ ਉਹ ਰਾਜਸੀ ਗਠਜੋੜ ਅੰਦਰ ਦੂਸਰੀ ਧਿਰ ਨੂੰ ਬਰਾਬਰ ਦਾ ਰੁਤਬਾ ਦੇਣ ਦੀ ਉਦਾਰ-ਦਿਲ ਭਾਵਨਾ ਦਾ ਪ੍ਰਗਟਾਵਾ ਨਹੀਂ ਸੀ ਕਰ ਸਕਦਾ। ਹਿੰਦੂ ਸਮਾਜ, ਘੱਟ-ਗਿਣਤੀ ਵਰਗਾਂ ਨੂੰ ਆਪਣੇ ਹੀਣੇ ਭਾਈਵਾਲ ਬਣਾਉਣ ਦੀ ਕੱਟੜ ਰੁਚੀ ਰਖਦਾ ਸੀ। ਹਿੰਦੂ ਆਗੂ ਦੋ ਗੱਲਾਂ ’ਤੇ ਘੱਟ-ਗਿਣਤੀ ਭਾਈਚਾਰਿਆਂ ਨੂੰ ਕੋਈ ਵੀ ਸਿਧਾਂਤਕ ਰਿਆਇਤ ਦੇਣ ਲਈ ਤਿਆਰ ਨਹੀਂ ਸਨ। ਇਕ, ‘ਇਕਲੌਤੀ ਭਾਰਤੀ ਕੌਮ’ ਦੀ ਧਾਰਨਾ ਦੇ ਮਾਮਲੇ ਵਿੱਚ; ਅਤੇ ਦੂਜਾ, ਭਾਰਤੀ ਰਾਸ਼ਟਰਵਾਦ (ਦੇ ਹਿੰਦੂਵਾਦੀ ਸੰਕਲਪ) ਵਿੱਚ ਪੂਰਨ ਸ਼ਰਧਾ ਤੇ ਵਫ਼ਾਦਾਰੀ ਪ੍ਰਗਟਾਉਣ ਦੇ ਮਾਮਲੇ ਵਿੱਚ।
ਹਿੰਦੂ ਆਗੂਆਂ ਦੀ ਇਹ ਦ੍ਰਿੜ੍ਹ ਪੋਜ਼ੀਸ਼ਨ (ਅਤੇ ਸ਼ਰਤ) ਸੀ ਕਿ ਕਿਸੇ ਘੱਟ-ਗਿਣਤੀ ਵਰਗ ਨੇ ਜੇਕਰ ਹਿੰਦੂ ਵਰਗ ਨਾਲ ਸਾਂਝ ਤੇ ਮਿਲਵਰਤਨ ਦਾ ਰਾਹ ਅਖ਼ਤਿਆਰ ਕਰਨਾ ਸੀ ਤਾਂ ਉਸਨੂੰ ਭਾਰਤ ਅੰਦਰ ਅਲੱਗ-ਅਲੱਗ ਕੌਮਾਂ ਦੇ ਵਿਚਾਰ ਨੂੰ ਦੋ ਟੂਕ ਰੂਪ ’ਚ ਰੱਦ ਕਰਨਾ, ‘ਇਕਲੌਤੀ ਭਾਰਤੀ ਕੌਮ’ ਦੀ ਧਾਰਨਾ ਵਿੱਚ ਅਟੁੱਟ ਵਿਸ਼ਵਾਸ ਪ੍ਰਗਟਾਉਣਾ ਅਤੇ ਹਰ ਸਥਿਤੀ ਵਿੱਚ ਆਪਣੇ ਧਾਰਮਕ ਭਾਈਚਾਰੇ ਦੇ ਹਿੱਤਾਂ ਨਾਲੋਂ ‘ਭਾਰਤੀ ਕੌਮ’ ਦੇ ਹਿੱਤਾਂ ਨੂੰ ਪ੍ਰਮੁੱਖਤਾ ਦੇਣ ਦੀ ਕਥਿਤ ‘ਰਾਸ਼ਟਰਵਾਦੀ’ ਸੋਚ ਅਤੇ ਭਾਵਨਾ ਦਾ ਸ਼ੁੱਧ ਰੂਪ ਵਿੱਚ ਪਾਲਣ ਕਰਨਾ ਪੈਣਾ ਸੀ। ਹਿੰਦੂ ਆਗੂ ਰਾਜਸੀ ਪਿੜ ਅੰਦਰ ਕਿਸੇ ਘੱਟ-ਗਿਣਤੀ ਵਰਗ ਦੁਆਰਾ ਆਪਣੀ ਸੁਤੰਤਰ ਹਸਤੀ ਦੇ ਦਾਅਵੇ ਤੇ ਪ੍ਰਗਟਾਵੇ ਨੂੰ ਕਿਸੇ ਵੀ ਰੂਪ ਵਿੱਚ ਸਹਿਣ ਕਰਨ ਲਈ ਰਾਜ਼ੀ ਨਹੀਂ ਸਨ। ਇਸ ਕਰਕੇ ਉਹ ਮੁਢੋਂ ਹੀ ਭਾਰਤ ਦੀ ਅਜ਼ਾਦੀ ਦੀ ਲੜਾਈ ਨੂੰ ਇੱਕੋ ਸਾਂਝੇ ਰਾਸ਼ਟਰੀ ਝੰਡੇ ਹੇਠ ਲੜਨ ਦੀ ਮਾਰਗ-ਸੇਧ ਅਪਣਾ ਕੇ ਤੁਰੇ ਸਨ। ਰਾਜਸੀ ਖੇਤਰ ਅੰਦਰ ਉਨ੍ਹਾਂ ਹੋਰ ਕਿਸੇ ਵੀ ਝੰਡੇ ਨੂੰ, ਕਿਸੇ ਘੱਟ-ਗਿਣਤੀ ਧਾਰਮਕ ਵਰਗ ਦੇ ਝੰਡੇ ਨੂੰ ਤਾਂ ਖ਼ਾਸ ਤੌਰ ’ਤੇ ਹੀ, ਸਹਿਣ ਕਰਨ ਤੋਂ ਕੱਟੜ ਇਨਕਾਰੀ ਰਵੱਈਆ ਧਾਰਨ ਕਰੀ ਰੱਖਿਆ। ਹਿੰਦੂ ਆਗੂਆਂ ਦੇ ਇਸ ਕੱਟੜ ਰਵੱਈਏ ਦੇ ਸਨਮੁੱਖ, ਸਿੱਖ ਆਗੂਆਂ ਸਾਹਮਣੇ ਬਹੁ-ਗਿਣਤੀ ਵਰਗ ਦੀ ਸਿਧਾਂਤਕ ਈਨ ਮੰਨ ਲੈਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ ਰਿਹਾ।
ਉਪਰੋਕਤ ਬਾਹਰਮੁਖੀ ਔਕੜਾਂ ਤੇ ਮਜਬੂਰੀਆਂ ਤੋਂ ਇਲਾਵਾ, ਇਸ ਸਿਧਾਂਤਕ ਤੱਕ ਨੇ ਵੀ ਸਿੱਖ ਭਾਈਚਾਰੇ ਦੇ ਰਾਜਸੀ ਰੁਖ਼ ਨੂੰ ਅਹਿਮ ਰੂਪ ਵਿੱਚ ਪ੍ਰਭਾਵਿਤ ਕੀਤਾ।
ਕਿਸੇ ਵੀ ਭਾਈਚਾਰੇ ਅੰਦਰ ਰਾਸ਼ਟਰਵਾਦੀ ਭਾਵਨਾਵਾਂ ਜਗਾਉਣ ਵਿੱਚ ਰਾਸ਼ਟਰਵਾਦੀ ਚਿੰਨ੍ਹਾਂ ਦਾ ਰੋਲ ਬਹੁਤ ਮਹੱਤਵਪੂਰਨ ਹੁੰਦਾ ਹੈ। ਸਰ-ਜ਼ਮੀਨ ਨੂੰ ਰਾਸ਼ਟਰਵਾਦ ਦਾ ਜ਼ੋਰਦਾਰ ਚਿੰਨ੍ਹ ਸਮਝਿਆ ਜਾਂਦਾ ਹੈ। ਪਰ ਇਤਿਹਾਸ ਅੰਦਰ ਸਿੱਖ ਕੌਮਪ੍ਰਸਤੀ ਦਾ ਵਿਕਾਸ ਕੁਝ ਇਸ ਤਰ੍ਹਾਂ ਹੋਇਆ ਕਿ ਸਿੱਖ ਚੇਤਨਾ ਅੰਦਰ ਮਾਤ-ਭੂਮੀ ਦਾ ਸੰਕਲਪ ਆਪਣੇ ਮੌਲਿਕ ਤੇ ਸ਼ੁੱਧ ਅਰਥ ਗ੍ਰਹਿਣ ਨਹੀਂ ਕਰ ਸਕਿਆ। ਇਸ ਅੰਦਰ ਇਕ ਭਾਰੀ ਖੋਟ ਪੈਦਾ ਹੋ ਗਈ।
ਸਿੱਖ ਫੌਜਾਂ ਦੇ ਅੰਗਰੇਜ਼ਾਂ ਹੱਥੋਂ ਹਾਰ ਜਾਣ ਵੇਲੇ ਤੱਕ ਸਿੱਖਾਂ ਦੇ ਕਿਸੇ ਵੀ ਵਰਗ ਅੰਦਰ ਭਾਰਤ ਨੂੰ ਆਪਣਾ ਦੇਸ ਕਹਿਣ ਦਾ ਰਿਵਾਜ ਪ੍ਰਚਲਤ ਨਹੀਂ ਸੀ ਹੋਇਆ। ਪੁਰਾਤਨ ਸਿੱਖਾਂ ਲਈ ਦੇਸ ਤੋਂ ਮੁਰਾਦ ਪੰਜਾਬ ਹੀ ਸੀ। ਪੁਰਾਤਨ ਸਾਹਿਤ ਤੋਂ ਇਸ ਸੱਚਾਈ ਦੀ ਭਰਵੀਂ ਪੁਸ਼ਟੀ ਹੁੰਦੀ ਹੈ। ਸ਼ਾਹ ਮੁਹੰਮਦ ਨੇ ਸਿੱਖ-ਅੰਗਰੇਜ਼ ਜੰਗ ਨੂੰ ਪੰਜਾਬ ਤੇ ਹਿੰਦੁਸਤਾਨ ਵਿਚਕਾਰ ਜੰਗ ਦਾ ਨਾਉਂ ਦਿੱਤਾ ਸੀ (ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀਆਂ ਫੌਜਾਂ ਭਾਰੀਆਂ ਨੇ)। ਵਾਰਸ ਨੇ ਵੀ ਸੰਕੇਤ ਕੀਤਾ : ‘‘ਸੁਰਮਾ ਨੈਣਾਂ ਦੀ ਧਾਰ ਵਿੱਚ ਖੁਭ ਰਹਿਆ, ਚੜ੍ਹਿਆ ਹਿੰਦ ’ਤੇ ਕਟਕ ਪੰਜਾਬ ਦਾ ਜੀ।’’ ‘ਦੇਸਾਂ ਵਿੱਚੋਂ ਦੇਸ ਪੰਜਾਬ ਨੀ ਸਈਓ’ ਵਰਗੇ ਕਿੰਨੇ ਹੀ ਲੋਕ-ਗੀਤ ਵੀ ਇਸ ਸੱਚਾਈ ਦੀ ਪ੍ਰੋੜ੍ਹਤਾ ਕਰਦੇ ਹਨ।
ਪਰੰਤੂ ਖ਼ਾਲਸਾ ਫੌਜ ਦੀ ਹਾਰ ਤੋਂ ਬਾਅਦ ਜਦ ਪੰਜਾਬ ਨੂੰ ਬਰਤਾਨਵੀ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ, ਤਾਂ ਸਿੱਖਾਂ ਦਾ ਆਪਣਾ ਕੋਈ ਦੇਸ਼ ਨਹੀਂ ਸੀ ਰਿਹਾ। ਸਿੱਖ ਕੌਮ ਅੰਦਰੋਂ, ਹੌਲੀ-ਹੌਲੀ, ਭਵਿੱਖ ਅੰਦਰ ਸਿੱਖ ਰਾਜ ਦੇ ਬਹਾਲ ਹੋ ਜਾਣ ਦੀ ਉਮੀਦ ਵੀ ਦਮ ਤੋੜ ਗਈ ਸੀ। ਅਜਿਹੀ ਨਿਰਾਸ਼ਾਜਨਕ ਸਥਿਤੀ ਦੇ ਸਨਮੁੱਖ, ਸਿੱਖ ਪੰਥ ਅੰਦਰ ਪੰਜਾਬ ਨੂੰ ਛੱਡ ਕੇ ਭਾਰਤ ਨੂੰ ਹੀ ਆਪਣਾ ਦੇਸ਼ ਮੰਨ ਲੈਣ ਦੀ ਸੋਚ ਪੈਦਾ ਹੋਣੀ ਸ਼ੁਰੂ ਹੋ ਗਈ। ਭਾਰਤੀ ਰਾਸ਼ਟਰਵਾਦ ਦੀ ਲਹਿਰ ਦੇ ਜ਼ੋਰ ਫੜ ਜਾਣ ਨਾਲ ਇਹ ਸੋਚ ਹੋਰ ਪਕੇਰੀ ਹੁੰਦੀ ਗਈ।
ਸਿੱਖ ਪੰਥ ਅੰਦਰ ਇਸ ਵਿਚਾਰਧਾਰਕ ਘੁਸਪੈਠ ਦੀ ਸ਼ੁਰੂਆਤ, ਮੁੱਖ ਤੌਰ ’ਤੇ, ਆਰਿਆ ਸਮਾਜ ਦੇ ਰਸਤਿਉਂ ਹੋਈ। ਆਰਿਯਾ ਸਮਾਜ, ਮੂਲ ਰੂਪ ਵਿੱਚ ਇਕ ਹਿੰਦੂ ਧਰਮ ਸੁਧਾਰਕ ਸੰਸਥਾ ਸੀ, ਜੋ ਹਿੰਦੂ ਸਮਾਜ ਅੰਦਰ ਧਾਰਮਕ ਸੁਧਾਰ ਲਿਆਉਣ ਦੇ ਨਾਲੋ-ਨਾਲ ਭਾਰਤੀ ਲੋਕਾਂ ਅੰਦਰ ਦੇਸ਼ਭਗਤੀ ਦਾ ਜਜ਼ਬਾ ਪਰਫੁੱਲਤ ਕਰਨ ਦੇ ਰਾਸ਼ਟਰਵਾਦੀ ਉਦੇਸ਼ ਨੂੰ ਸਮਰਪਤ ਸੀ। ਉੱਨੀਵੀਂ ਸਦੀ ਵਿੱਚ ਸਿੱਖ ਪੰਥ ਅੰਦਰ, ਹਿੰਦੂਵਾਦ ਨਾਲੋਂ ਵੱਖਰੀ ਪਛਾਣ ਦੀ ਚੇਤਨਾ ਦੇ ਬੇਹੱਦ ਕਮਜ਼ੋਰ ਪੈ ਜਾਣ ਦੀ ਵਜ੍ਹਾ ਕਰਕੇ, ਸਿੱਖ ਸਮਾਜ ਦੇ ਕਾਫੀ ਸਾਰੇ ਹਿੱਸੇ ਆਰਿਯਾ ਸਮਾਜੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਚਲੇ ਗਏ ਸਨ। ਸ਼ਹੀਦ ਭਗਤ ਸਿੰਘ ਦੇ ਦਾਦਾ ਜੀ ਸ੍ਰ: ਅਰਜਨ ਸਿੰਘ ਪੰਜਾਬ ਅੰਦਰ ਆਰਿਯਾ ਸਮਾਜ ਦੇ ਮੋਹਰੀਆਂ ’ਚੋਂ ਸਨ, ਜਿਸਦੇ ਤਿੰਨੋਂ ਹੀ ਪੁੱਤਰਾਂ ਨੇ ਆਰਿਯਾ ਸਮਾਜ ਲਹਿਰ ਦੇ ਪ੍ਰਭਾਵ ਹੇਠ ਚੜ੍ਹਦੀ ਉਮਰੇ ਹੀ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।
ਫਰਵਰੀ 1907 ਵਿੱਚ ਅਜੀਤ ਸਿੰਘ ਤੇ ਉਸਦੇ ਨੌਜੁਆਨ ਸਾਥੀਆਂ ਨੇ ਭਾਰਤ ਦੇ ਲੋਕਾਂ ਅੰਦਰ ਦੇਸ਼ਭਗਤੀ ਦੇ ਸੰਕਲਪ ਤੇ ਜਜ਼ਬੇ ਦਾ ਸੰਚਾਰ ਕਰਨ ਦੇ ਮੰਤਵ ਨਾਲ ‘ਭਾਰਤ ਮਾਤਾ ਸਭਾ’ ਨਾਂ ਦੀ ਇਕ ਗੁਪਤ ਸੰਸਥਾ ਕਾਇਮ ਕਰ ਲਈ ਸੀ। ‘ਭਾਰਤ ਮਾਤਾ’ ਦੇ ਹੀ ਅਨੁਵਾਨ ਹੇਠ ਉਨ੍ਹਾਂ ਬਾਕਾਇਦਾ ਇਕ ਪਰਚਾ ਛਾਪਣਾ ਸ਼ੁਰੂ ਕਰ ਦਿੱਤਾ ਸੀ। ਦੇਸ਼ਭਗਤੀ ਦੇ ਇਸ ਹਿੰਦੂਵਾਦੀ ਮੁਹਾਵਰੇ ਵਿੱਚ ਭਾਰਤ ਦੇ ਸਭਨਾਂ ਲੋਕਾਂ ਨੂੰ ‘ਭਾਰਤ ਮਾਂ’ ਦੇ ਸਪੁੱਤਰਾਂ ਤੇ ਸਪੁੱਤਰੀਆਂ ਵਜੋਂ ਪੁਕਾਰਿਆ ਜਾਣ ਲੱਗਾ ਅਤੇ ਉਨ੍ਹਾਂ ਦੇ ਦਿਲਾਂ ਅੰਦਰ ਆਪਣੀ ਇਸ ‘ਮਾਤਾ’ ਪ੍ਰਤੀ ਤੀਬਰ ਸ਼ਰਧਾ ਭਾਵ ਪੈਦਾ ਕਰਨ ਦੇ ਪੁਰਜ਼ੋਰ ਯਤਨ ਕੀਤੇ ਜਾਣ ਲੱਗੇ। ਬਾਅਦ ਵਿੱਚ ਜਾ ਕੇ ਅਜੀਤ ਸਿੰਘ ਦੇ ਭਤੀਜੇ ਭਗਤ ਸਿੰਘ ਨੇ ਮਾਰਚ 1926 ਵਿੱਚ ‘ਨੌਜਵਾਨ ਭਾਰਤ ਸਭਾ’ ਨਾਂ ਦੀ ਇਨਕਲਾਬੀ ਜੱਥੇਬੰਦੀ ਕਾਇਮ ਕੀਤੀ, ਜਿਸਦੇ ਹਰ ਮੈਂਬਰ ਨੂੰ ਸਹੁੰ ਚੁਕਾਈ ਜਾਂਦੀ ਸੀ ਕਿ ‘‘ਉਹ ਹਰ ਸਥਿਤੀ ਵਿੱਚ ਆਪਣੇ ਧਾਰਮਕ ਭਾਈਚਾਰੇ ਦੇ ਹਿੱਤਾਂ ਨਾਲੋਂ ਆਪਣੇ ਦੇਸ਼ ਦੇ ਹਿੱਤਾਂ ਨੂੰ ਮੂਹਰੇ ਰੱਖੇਗਾ।’’
ਉੱਤਰੀ ਅਮਰੀਕਾ ਵਿੱਚ ਵਸਦੇ ਜਿਨ੍ਹਾਂ ਭਾਰਤੀ ਪਰਵਾਸੀਆਂ ਨੇ 1914-15 ਵਿੱਚ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਭਾਰਤ ਅੰਦਰ ਬਰਤਾਨਵੀ ਹਕੂਮਤ ਖਿਲਾਫ਼ ਹਥਿਆਰਬੰਦ ਬਗਾਵਤ ਜੱਥੇਬੰਦ ਕਰਨ ਦੇ ਉਦੇਸ਼ ਨਾਲ ‘ਗਦਰ ਪਾਰਟੀ’ ਦੀ ਰਚਨਾ ਕੀਤੀ ਸੀ, ਉਨ੍ਹਾਂ ’ਚੋਂ ਜ਼ਿਆਦਾਤਰ ਲੋਕ ਪੰਜਾਬ ਦੇ ਸਿੱਖ ਕਿਸਾਨੀ ਪਿਛੋਕੜ ਵਿੱਚੋਂ ਆਏ ਸਨ। ਉਨ੍ਹਾਂ ਉੱਤੇ ਸਿੱਖ ਧਰਮ ਦੇ ਇਨਕਲਾਬੀ ਵਿਰਸੇ ਦਾ ਗੂੜ੍ਹਾ ਅਸਰ ਸੀ। ਪਰ ਭਾਰਤ ਅੰਦਰ ਉਸ ਵੇਲੇ ਦੇ ਭਾਰੂ ਵਿਚਾਰਧਾਰਕ ਵਾਤਾਵਰਨ ਦੇ ਅਸਰ ਹੇਠ, ਉਨ੍ਹਾਂ ਇਨਕਲਾਬੀ ਸਿੱਖ ਦੇਸ਼ਭਗਤਾਂ ਦੇ ਇਹ ਧਾਰਮਕ ਮਨੋਭਾਵ ਰਾਸ਼ਟਰਵਾਦੀ-ਅਫਿਰਕੂਪੁਣੇ ਦੀ ਧਾਰਾ ਦੇ ਰੂਪ ਵਿੱਚ ਪ੍ਰਗਟ ਹੋਏ। ਪਰੰਤੂ ਜਿਸ ਤਰ੍ਹਾਂ ਜਵਾਹਰ ਲਾਲ ਨਹਿਰੂ ਨੇ 1961 ਵਿੱਚ ਕੁੱਲ ਹਿੰਦ ਕਾਂਗਰਸ ਕਮੇਟੀ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਸੀ, ਬਹੁਗਿਣਤੀ ਵਰਗ ਦੀ ਫਿਰਕਾਪ੍ਰਸਤੀ ਅੰਦਰ ਆਪਣੇ ਆਪ ਨੂੰ ਰਾਸ਼ਟਰਵਾਦ ਦੇ ਰੂਪ ਵਿੱਚ ਪੇਸ਼ ਕਰਨ ਦੀ ਚਤੁਰਾਈ ਆਮ ਪਾਈ ਜਾਂਦੀ ਹੈ। ਇਸ ਵਜ੍ਹਾ ਕਰਕੇ ਹੀ ਘੱਟ-ਗਿਣਤੀ ਵਰਗਾਂ ਦੀ ਫਿਰਕਾਪ੍ਰਸਤੀ ਮੁਕਾਬਲੇ, ਬਹੁਗਿਣਤੀ ਵਰਗ ਦੀ ਫਿਰਕਾਪ੍ਰਸਤੀ ਕਿਤੇ ਵੱਧ ਖਤਰਨਾਕ ਹੋਇਆ ਕਰਦੀ ਹੈ।
ਵੀਹਵੀਂ ਸਦੀ ਦੇ ਅਰੰਭਕ ਦਹਾਕਿਆਂ ਵਿੱਚ ਗਦਰੀ ਸਿੱਖ ਦੇਸ਼ਭਗਤਾਂ, ਜੋ ਬਹੁਤ ਹੀ ਘੱਟ ਪੜ੍ਹੇ-ਲਿਖੇ ਅਤੇ ਰਾਜਨੀਤਕ ਫਿਲਾਸਫੀ ਤੋਂ ਕੋਰੇ ਸਨ, ਵੱਲੋਂ ਇਸ ਚਤੁਰਾਈ ਨੂੰ ਪਛਾਣ ਸਕਣਾ ਏਨਾ ਸੁਖਾਲਾ ਨਹੀਂ ਸੀ। ਇਸ ਕਰਕੇ ਉਹ ਜਿਸ ‘ਫਿਰਕਾਪ੍ਰਸਤੀ’ ਦੀ ਨਿੰਦਿਆ-ਪੜਚੋਲ ਕਰਦੇ ਸਨ, ਉਹ ਅਸਲ ਵਿੱਚ ਘੱਟ-ਗਿਣਤੀ ਵਰਗਾਂ, ਜਾਂ ਠੋਸ ਅਰਥਾਂ ਵਿੱਚ ਗੱਲ ਕਰਨੀ ਹੋਵੇ ਤਾਂ ਮੁਸਲਿਮ ਅਤੇ ਸਿੱਖ ਵਰਗਾਂ ਦੀ ‘ਫਿਰਕਾਪ੍ਰਸਤੀ’ ਹੀ ਹੁੰਦੀ ਸੀ। ਬਹੁਗਿਣਤੀ ਵਰਗ ਦੀ ਫਿਰਕਾਪ੍ਰਸਤੀ ਨੇ ਉਸ ਵੇਲੇ ਕਿਉਂ ਜੋ ਆਪਣੇ ਆਪ ਨੂੰ ਰਾਸ਼ਟਰਵਾਦ ਦੇ ਬੁਰਕੇ ਹੇਠਾਂ ਛੁਪਾ ਰੱਖਿਆ ਹੋਇਆ ਸੀ, ਇਸ ਕਰਕੇ ਸਾਦਾ ਦਿਲ ਇਨਕਲਾਬੀ ਸਿੱਖ ਦੇਸ਼ਭਗਤਾਂ ਵੱਲੋਂ ਹਿੰਦੂ ਫਿਰਕਾਪ੍ਰਸਤੀ ਦੀ ਇਸ ਲੁਕਵੀਂ ਧਾਰਾ ਦੇ ਝਾਂਸੇ ਵਿੱਚ ਆ ਜਾਣਾ ਕੋਈ ਅਲੋਕਾਰੀ ਗੱਲ ਨਹੀਂ ਸੀ। ਇਹ ਉਨ੍ਹਾਂ ਦੀ ਸਾਦਗੀ ਤੇ ਸ਼ਰਧਾ ਹੀ ਸੀ ਕਿ ਉਨ੍ਹਾਂ ਨੇ ਲਾਲਾ ਹਰਦਿਆਲ ਦੀ ਅਫਿਰਕੂਪੁਣੇ ਵਿੱਚ ਨਿਸ਼ਠਾ ਤੇ ਇਨਕਲਾਬੀਅਤ ਨੂੰ ਕਦੇ ਵੀ ਸ਼ੱਕ ਦੀ ਨਜ਼ਰ ਨਾਲ ਨਾ ਦੇਖਿਆ। ਉਹ ਲੰਮੇਂ ਸਮੇਂ ਤੱਕ ਉਸ ਨੂੰ ਆਪਣਾ ਸਿਧਾਂਤਕ ਰਹਿਬਰ ਮੰਨ ਕੇ ਚਲਦੇ ਰਹੇ। ਗਦਰੀ ਸਿੱਖਾਂ ਦੇ ਮਨਾਂ ਅੰਦਰ ਵੀਰ ਸਾਵਰਕਰ ਤੇ ਉਸ ਵਰਗੇ ਹੀ ਹੋਰਨਾਂ ਹਿੰਦੂ ਰਾਸ਼ਟਰਵਾਦੀਆਂ ਦੀ ਕਥਿਤ ‘ਦੇਸ਼ਭਗਤੀ’ ਬਾਰੇ ਕਦੇ ਵੀ ਸ਼ੰਕਾ ਉਤਪੰਨ ਨਹੀਂ ਸੀ ਹੋਈ। ਉਨ੍ਹਾਂ ਦੀਆਂ ਲਿਖਤਾਂ ਨੂੰ ‘ਗਦਰ’ ਅਖ਼ਬਾਰ ਵਿੱਚ ਪੂਰੀ ਸਹਿਮਤੀ ਦੇ ਲਹਿਜੇ ਨਾਲ ਛਾਪਿਆ ਜਾਂਦਾ ਰਿਹਾ। ਦੇਸ਼ਵਾਸੀਆਂ ਅੰਦਰ ਰਾਸ਼ਟਰਵਾਦ ਦਾ ਜਜ਼ਬਾ ਪੈਦਾ ਕਰਨ ਲਈ ਇਨਕਲਾਬੀ ਦੇਸ਼ਭਗਤਾਂ ਵੱਲੋਂ ਹਿੰਦੂਵਾਦੀ ਸੰਕਲਪਾਂ ਤੇ ਚਿੰਨ੍ਹਾਂ ਦਾ ਖੁੱਲ੍ਹਾ ਉਪਯੋਗ ਕੀਤਾ ਜਾਂਦਾ ਰਿਹਾ। ਗਦਰ ਪਾਰਟੀ ਦੇ ਅਖ਼ਬਾਰ ਦੇ ਸਰਵਰਕ ਉੱਤੇ ਭਾਰਤ ਦਾ ਨਕਸ਼ਾ ਵਾਹ ਕੇ, ਉਸ ਉੱਤੇ ‘ਭਾਰਤ ਮਾਤਾ’ ਦੇ ਦੇਵੀ ਸਰੂਪ ਨੂੰ ਜੰਜ਼ੀਰਾਂ ਵਿੱਚ ਜਕੜੇ ਦਿਖਾਇਆ ਗਿਆ ਸੀ।
ਇਨਕਲਾਬੀ ਦੇਸ਼ਭਗਤ ਆਮ ਤੌਰ ’ਤੇ ਧਾਰਮਕ ਹਸਤੀ ਦੇ ਪ੍ਰਗਟਾਵੇ ਨੂੰ ਭਾਰੀ ਹਕਾਰਤ ਦੀ ਨਿਗ੍ਹਾ ਨਾਲ ਦੇਖਦੇ ਸਨ ਅਤੇ ਆਪਣੇ ਆਪ ਨੂੰ ਹਿੰਦੂ, ਸਿੱਖ ਜਾਂ ਮੁਸਲਮਾਨ ਸਮਝਣ ਦੀ ਥਾਵੇਂ ‘ਹਿੰਦੁਸਤਾਨੀ’ ਸਮਝਣ ਅਤੇ ਸਦਵਾਉਣ ਵਿੱਚ ਉਚੇਚਾ ਫਖ਼ਰ ਮਹਿਸੂਸ ਕਰਦੇ ਸਨ। ਪਰ ਮਦਨ ਲਾਲ ਢੀਂਗਰਾ ਨੇ ਫਾਂਸੀ ਤੋਂ ਪਹਿਲਾਂ ਜਾਰੀ ਕੀਤੇ ਆਪਣੇਹ ਵਿੱਚ ਆਪਣੀ ‘ਹਿੰਦੂ’ ਪਛਾਣ ਉੱਤੇ ਵਿਸ਼ੇਸ਼ ਜੋਰ ਦਿੰਦਿਆਂ ਕਿਹਾ ਸੀ, ‘‘ਇਕ ਹਿੰਦੂ ਹੋਣ ਦੇ ਨਾਤੇ ਮੈਂ ਇਹ ਸਮਝਦਾ ਹਾਂ ਕਿ ਮੇਰੇ ਦੇਸ਼ ਨਾਲ ਕੀਤਾ ਗਿਆ ਅਨਿਆਏ ਈਸ਼ਵਰ ਦੀ ਹੱਤਕ ਹੈ ਕਿਉਂਕਿ ਦੇਸ਼ ਦੀ ਪੂਜਾ ਰਾਮਚੰਦਰ ਦੀ ਪੂਜਾ ਹੈ ਅਤੇ ਦੇਸ਼ ਦੀ ਸੇਵਾ ਸ੍ਰੀ ਕ੍ਰਿਸ਼ਨ ਦੀ ਸੇਵਾ ਹੈ...।’’ ਬਾਵਜੂਦ ਇਸਦੇ ਕਿ ਮਦਨ ਲਾਲ ਢੀਂਗਰਾ ਦਾ ਇਹ ਅੰਦਾਜ਼ ਪ੍ਰਚਲਤ ਇਨਕਲਾਬੀ ਮਰਿਆਦਾ ਦੇ ਅਨੁਕੂਲ ਨਹੀਂ ਸੀ, ਇਨਕਲਾਬੀ ਦੇਸ਼ਭਗਤ ਧਾਰਾ ਨੇ ਇਸਨੂੰ ਨਾ ਸਿਰਫ਼ ਸੌਖ ਨਾਲ ਸਹਿਣ ਕਰ ਲਿਆ ਸੀ, ਸਗੋਂ ਬਾਅਦ ਵਿੱਚ ਜਾ ਕੇ ਸ਼ਹੀਦ ਭਗਤ ਸਿੰਘ ਵੱਲੋਂ ਆਪਣੇ ਇਕ ਲੇਖ ਵਿੱਚ ਇਸ ਦਾ ਪ੍ਰਸ਼ੰਸਾ-ਭਾਵ ਨਾਲ ਹਵਾਲਾ ਦਿੱਤੇ ਜਾਣ ਦੇ ਤੱਥ ਤੋਂ ਇਹ ਗੱਲ ਪਰਮਾਣਿਤ ਹੋ ਜਾਂਦੀ ਹੈ ਕਿ ਕਿਸੇ ਬਹੁ-ਸਭਿਆਚਾਰੀ ਸਮਾਜ ਅੰਦਰ ਬਹੁਗਿਣਤੀ ਭਾਈਚਾਰਾ, ਘੱਟ-ਗਿਣਤੀ ਭਾਈਚਾਰਿਆਂ ਨਾਲੋਂ ਬਹੁਤ ਸਾਰੇ ਪੱਖਾਂ ਤੋਂ ਲਾਹੇਵੰਦ ਸਥਿਤੀ ਵਿੱਚ ਹੁੰਦਾ ਹੈ। ਘੱਟ-ਗਿਣਤੀ ਭਾਈਚਾਰਿਆਂ ਦੇ ਧਾਰਮਕ ਮਨੋਭਾਵਾਂ ਅਤੇ ਸਭਿਆਚਾਰਕ ਚਿੰਨ੍ਹਾਂ ਉੱਤੇ ਜਿੰਨੀ ਸੌਖ ਨਾਲ ‘ਫਿਰਕੂਪੁਣੇ’ ਦੀ ਊਜ ਲੱਗ ਜਾਂਦੀ ਹੈ, ਬਹੁਗਿਣਤੀ ਦੇ ਧਾਰਮਕ ਮਨੋਭਾਵਾਂ ਤੇ ਸਭਿਆਚਾਰਕ ਚਿੰਨ੍ਹਾਂ ਨੂੰ ਉਨੀ ਹੀ ਸੌਖ ਨਾਲ ਰਾਸ਼ਟਰਵਾਦ ਦੇ ਜਜ਼ਬੇ ਵਜੋਂ ਕਬੂਲ ਕਰ ਲਿਆ ਜਾਂਦਾ ਹੈ।
ਗਦਰ ਪਾਰਟੀ ਵਿੱਚ ਸ਼ਾਮਲ ਲੋਕਾਂ ਦਾ ਬਹੁਤ ਜ਼ਿਆਦਾ ਹਿੱਸਾ ਸਿੱਖ ਹੋਣ ਦੇ ਬਾਵਜੂਦ, ਪਾਰਟੀ ਅੰਦਰ ਦੂਆ-ਸਲਾਮ ਦਾ ਸਰੂਪ ਤੈਅ ਕਰਨ ਵੇਲੇ, ਫਿਰਕਾਪ੍ਰਸਤੀ ਦੀ ਊਜ ਡਰੋਂ ਸਿੱਖਾਂ ਦੇ ਰਵਾਇਤੀ ਬੋਲਿਆਂ (ਵਾਹਿਗੁਰੂ ਜੀ ਕਾ ਖ਼ਾਲਸਾ ਜਾਂ ਸਤਿ ਸ੍ਰੀ ਅਕਾਲ) ਨੂੰ ਸੁਚੇਤ ਰੂਪ ਵਿੱਚ ਰੱਦ ਕੀਤਾ ਗਿਆ ਅਤੇ ਇਨ੍ਹਾਂ ਦੀ ਜਗ੍ਹਾ ‘ਬੰਦੇ ਮਾਤਰਮ’ ਦਾ ਕਥਿਤ ‘ਕੌਮੀ’ (ਅਸਲ ਵਿੱਚ ਹਿੰਦੂਵਾਦੀ) ਬੋਲਾ ਪ੍ਰਵਾਨ ਕੀਤਾ ਗਿਆ। ਸਿੱਖਾਂ ਦੇ ਨਾਵਾਂ ਦੇ ਅੱਗੇ ‘ਸਰਦਾਰ’ ਦੀ ਥਾਵੇਂ ‘ਸ੍ਰੀ’ ਦਾ ਅਗੇਤਰ ਲਾਉਣ ਦਾ ਰਿਵਾਜ ਵੀ ਰਾਸ਼ਟਰਵਾਦੀ ਦੌਰ ਅਤੇ ਲਹਿਰ ਦੀ ਹੀ ਉਪ-ਦੇਣ ਹੈ।
ਇਨ੍ਹਾਂ ਇਨਕਲਾਬੀ ਦੇਸ਼ਭਗਤਾਂ ਦੀਆਂ ਭਾਵਨਾਵਾਂ ਭਾਵੇਂ ਕਿੰਨੀਆਂ ਵੀ ਨੇਕ ਕਿਉਂ ਨਾ ਹੋਣ, ਪਰ ਉਨ੍ਹਾਂ ਦੁਆਰਾ ਹਿੰਦੂਵਾਦੀ ਸੰਕਲਪਾਂ ਤੇ ਚਿੰਨ੍ਹਾਂ ਦਾ ਇਸ ਕਦਰ ਵਧਵਾਂ ਪ੍ਰਯੋਗ ਕਰਨਾ, ਅਨਜਾਣੇ ਤੌਰ ’ਤੇ ਹਿੰਦੂ ਰਾਸ਼ਟਰਵਾਦ ਦਾ ਸਿਧਾਂਤਕ ਪੱਖ ਪੂਰਨਾ ਸੀ। ਇਹ ਇਕ ਵੱਡੀ ਵਜ੍ਹਾ ਸੀ, ਜਿਸ ਕਰਕੇ ਇਨਕਲਾਬੀ ਦੇਸ਼ਭਗਤਾਂ ਦਾ ਇਹ ਪ੍ਰਚਾਰ-ਪਸਾਰ ਭਾਰਤ ਦੇ ਮੁਸਲਿਮ ਵਰਗ ਅੰਦਰ ਕੋਈ ਉਤਸ਼ਾਹੀ ਪ੍ਰਤਿਕਰਮ ਪੈਦਾ ਨਹੀਂ ਸੀ ਕਰ ਸਕਿਆ।
ਸਿੱਖ ਆਦਰਸ਼ਾਂ ਦੀ ਬਲੀ
ਮੁਸਲਮਾਨਾਂ ਦੇ ਵਾਂਗ ਹੀ, ਸਿੱਖਾਂ ਦੇ ਕੁਝ ਧਾਰਮਕ ਆਦਰਸ਼ ਤੇ ਅਕੀਦੇ ਵੀ ਭਾਰਤੀ ਰਾਸ਼ਟਰਵਾਦ ਨਾਲ ਟਕਰਾਓ ਵਿੱਚ ਆਉਂਦੇ ਸਨ। ਮਿਸਾਲ ਵਜੋਂ, ਸਿੱਖਾਂ ਦਾ ਧੁਰ ਤੋਂ ਹੀ ਇਹ ਵਿਸ਼ਵਾਸ ਬਣਿਆ ਆ ਰਿਹਾ ਹੈ ਕਿ ਉਹ ਆਪਣੇ ਜਨਮ ਤੋਂ ਹੀ ਸੁਤੰਤਰ ਅਥਵਾ ਖ਼ੁਦਮੁਖ਼ਤਿਆਰ ਹਨ ਅਤੇ ਇਹ ਖ਼ੁਦਮੁਖ਼ਤਿਆਰੀ ਉਨ੍ਹਾਂ ਨੂੰ ਕਿਸੇ ਦੁਨਿਆਵੀ ਤਾਕਤ ਨੇ ਨਹੀਂ ਬਖਸ਼ੀ ਹੋਈ, ਬਲਕਿ ਉਨ੍ਹਾਂ ਨੂੰ ‘ਧੁਰ ਦਰਗਾਹ’ ਤੋਂ ਮਿਲੀ ਹੋਈ ਹੈ।
ਸਿੱਖਾਂ ਦਾ ਇਹ ਕੌਮੀ ਚਰਿੱਤਰ ਕਿਸੇ ਵੀ ਅਜਿਹੀ ਗੈਰ-ਸਿੱਖ ਤਾਕਤ ਨੂੰ, ਜੋ ਉਨ੍ਹਾਂ ਉੱਤੇ ਆਪਣਾ ਗਲਬਾ ਪਾਉਣ ਦੀ ਤਮੰਨਾ ਰੱਖਦੀ ਹੈ, ਮੁਆਫਕ ਨਹੀਂ ਹੋ ਸਕਦਾ। ਇਸ ਕਰਕੇ ਹੀ ਅੰਗਰੇਜ਼ਾਂ ਨੇ ਸਿੱਖਾਂ ਅੰਦਰੋਂ ਖ਼ੁਦਮੁਖ਼ਤਿਆਰੀ ਦੀ ਸਪਿਰਟ ਦਾ ਬੀਜ ਨਾਸ਼ ਕਰ ਦੇਣ ਲਈ ਆਪਣਾ ਪੂਰਾ ਤਾਣ ਲਾ ਦਿੱਤਾ ਸੀ ਅਤੇ ਉਹ ਆਪਣੇ ਇਸ ਮੰਤਵ ਵਿੱਚ, ਪੂਰੀ ਤਰ੍ਹਾਂ ਨਾ ਸਹੀ, ਕਾਫੀ ਹੱਦ ਤਕ ਸਫਲ ਜ਼ਰੂਰ ਹੋ ਗੁਜਰੇ ਸਨ। ਹਿੰਦੂਵਾਦ ਨਾਲ ਉਪਰ ਜਿਕਰ ਕੀਤਾ ਸਿਧਾਂਤਕ ਸਮਝੌਤੇਬਾਜੀ ਦਾ ਰਾਹ ਅਖ਼ਤਿਆਰ ਕਰਨ ਵੇਲੇ ਸਿੱਖ ਆਗੂਆਂ ਦੇ ਸਾਹਮਣੇ ਵੱਡਾ ਸਿਧਾਂਤਕ ਤੇ ਇਖ਼ਲਾਕੀ ਸੰਕਟ ਖੜਾ ਹੋ ਗਿਆ ਸੀ। ਉਹ ਨਾ ਤਾਂ ਆਪਦੇ ਧਾਰਮਕ ਅਕੀਦਿਆਂ ਤੋਂ ਖੁੱਲ੍ਹੇ ਰੂਪ ਵਿੱਚ ਬੇਮੁਖ ਹੋ ਸਕਦੇ ਸਨ ਅਤੇ ਨਾ ਹੀ ਇਨ੍ਹਾਂ ਦੀ ਸ਼ੁੱਧ ਹਿਰਦੇ ਨਾਲ ਪਾਲਣਾ ਕਰ ਸਕਦੇ ਸਨ। ਸਿੱਖ ਆਗੂਆਂ ਦੀ ਇਸ ਸਿਧਾਂਤਕ ਦਸ਼ਾ ਤੇ ਮਜਬੂਰੀ ਨੂੰ ਸਮਝਣ ਲਈ ਇਥੇ ਯਹੂਦੀ ਭਾਈਚਾਰੇ ਦੀ ਮਿਸਾਲ ਦੇਣੀ ਲਾਹੇਵੰਦੀ ਹੋਵੇਗੀ।
ਜਰਮਨੀ ਅੰਦਰ ਯਹੂਦੀਆਂ ਦੀ ਸੰਖਿਆ ਬਹੁਤ ਥੋੜ੍ਹੀ ਸੀ। ਸਿੱਖਾਂ ਵਾਂਗ ਹੀ, ਯਹੂਦੀ ਵਰਗ ਵੀ, ਆਪਣੇ ਨਸਲੀ-ਧਾਰਮਕ ਵਖਰੇਵੇਂ ਸਦਕਾ, ਉਘੜਵੇਂ ਰੂਪ ਵਿੱਚ ਨਿਆਰੀ ਪਛਣਾ ਰੱਖਦਾ ਸੀ। ਆਪਣੀ ਵੱਖਰੀ ਨਸਲੀ-ਧਾਰਮਕ ਪਛਾਣ ਦੀ ਵਜ੍ਹਾ ਕਰਕੇ, ਯਹੂਦੀ ਵਰਗ ਨੂੰ ਇਤਿਹਾਸ ਅੰਦਰ ਅਨੇਕਾਂ ਵਾਰ ਨਸਲੀ ਹਿੰਸਾ ਤੇ ਕਤਲੋਗਾਰਤ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੀ ਕਸੂਤੀ ਹਾਲਤ ਵਿੱਚ ਘਿਰੇ ਹੋਏ ਘੱਟ-ਗਿਣਤੀ ਵਰਗ ਅੰਦਰ, ਅਕਸਰ ਹੀ, ਆਪਦੀ ਸੁਰੱਖਿਆ ਦੇ ਸਰੋਕਾਰਾਂ ਹੇਠ ਬਹੁਗਿਣਤੀ ਵਰਗ ਨਾਲ, ਵਧਵੀਂ ਹੱਦ ਤਕ ਆਪਣੀ ਸਾਂਝ ਦਰਸਾਉਣ ਦੀ ਪਰਵਿਰਤੀ ਜ਼ੋਰ ਫੜ ਜਾਂਦੀ ਹੈ। ਪਰ ਕੋਈ ਘੱਟ-ਗਿਣਤੀ ਭਾਈਚਾਰਾ ਜਦ ਬਹੁਗਿਣਤੀ ਭਾਈਚਾਰੇ ਨਾਲ ਵਧਵੀਂ ਹੱਦ ਤਕ ਸਾਂਝ ਪ੍ਰਗਟਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸਦੀ ਆਪਣੀ ਪਛਾਣ ਖ਼ਤਰੇ ਵਿੱਚ ਪੈ ਜਾਂਦੀ ਹੈ। ਜਰਮਨੀ ਅੰਦਰ ਯਹੂਦੀ ਭਾਈਚਾਰੇ ਨੂੰ ਇਸ ਤਰ੍ਹਾਂ ਦੇ ਹੀ ਵਿਰੋਧ-ਭਾਸ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਸ ਸਮੱਸਿਆ ਦੇ ਹੱਲ ਲਈ, ਜਰਮਨੀ ਦੇ ਯਹੂਦੀ ਭਾਈਚਾਰੇ ਨੇ ਆਪਣੀ ਵੱਖਰੀ ਕੌਮੀ ਹਸਤੀ ਦੇ ਦਾਅਵੇ ਨੂੰ ਛੱਡ ਕੇ, ਆਪਣੇ ਆਪ ਨੂੰ ਜਰਮਨ ਕੌਮ ਦਾ ਹੀ ਲਘੂ ਅੰਗ ਦਰਸਾਉਣ ਦੀ ਬਚਾਓਵਾਦੀ ਪੋਜ਼ੀਸ਼ਨ ਲੈ ਲਈ ਸੀ। ਪਰ ਜਿਵੇਂ ਕਿ ਇਤਿਹਾਸ ਦੇ ਹਰ ਵਿਦਿਆਰਥੀ ਨੂੰ ਪਤਾ ਹੈ, ਕਿ ਜਰਮਨ ਯਹੂਦੀ ਭਾਈਚਾਰੇ ਦਾ ਇਹ ਬਚਾਓਵਾਦੀ ਪੈਂਤੜਾ ਉਸਦੀ ਰੱਖਿਆ ਕਰ ਸਕਣ ਵਿੱਚ ਸਹਾਈ ਨਹੀਂ ਸੀ ਹੋ ਸਕਿਆ। ਉਸਨੂੰ ਨਾਜ਼ੀਵਾਦੀਆਂ ਹੱਥੋਂ, ਅਜੋਕੇ ਇਤਿਹਾਸ ਦੇ ਸਭ ਨਾਲੋਂ ਵੱਡੇ ਤੇ ਵਹਿਸ਼ੀਆਨਾ ਕਤਲੇਆਮ ਦਾ ਸਾਹਮਣਾ ਕਰਨਾ ਪਿਆ ਸੀ।
ਅਣਵੰਡੇ ਭਾਰਤ ਅੰਦਰ ਸਿੱਖਾਂ ਦੀ ਪੋਜ਼ੀਸ਼ਨ ਕੁਝ ਪੱਖਾਂ ਤੋਂ ਜਰਮਨ ਯਹੂਦੀ ਭਾਈਚਾਰੇ ਨਾਲ ਮਿਲਦੀ-ਜੁਲਦੀ ਸੀ ਅਤੇ ਕੁਝ ਪੱਖਾਂ ਤੋਂ ਥੋੜ੍ਹੀ ਵੱਖਰੀ ਵੀ ਸੀ। ਜਰਮਨੀ ਅੰਦਰ ਯਹੂਦੀ ਭਾਈਚਾਰੇ ਨੂੰ ਯਹੂਦੀ ਭਾਈਚਾਰੇ ਨੂੰ ਬਹੁਗਿਣਤੀ ਵਰਗ ਹੱਥੋਂ, ਫੌਰੀ ਤੇ ਸਿੱਧੇ ਰੂਪ ਵਿੱਚ ਜਿਸਮਾਨੀ ਹਿੰਸਾ ਤੇ ਖ਼ਾਤਮੇ ਦਾ ਡਰ ਸੀ। ਜਦਕਿ ਸਿੱਖ ਕੌਮ ਨੂੰ ਭਾਰਤ ਅੰਦਰ ਬਰਤਾਨਵੀ ਰਾਜ ਅਧੀਨ ਬਹੁਗਿਣਤੀ (ਹਿੰਦੂ) ਵਰਗ ਕੋਲੋਂ, ਫੌਰੀ ਤੇ ਸਿੱਧੇ ਰੂਪ ਵਿੱਚ ਅਜਿਹਾ ਕੋਈ ਖ਼ਤਰਾ ਨਹੀਂ ਸੀ। ਸਿੱਖ ਕੌਮ ਨੂੰ ਹਿੰਦੂ ਵਰਗ ਹੱਥੋਂ ਜਿਸਮਾਨੀ ਖ਼ਾਤਮੇ ਦੀ ਥਾਵੇਂ ਸਭਿਆਚਾਰਕ ਰਲੇਵੇਂ ਦਾ ਵਧੇਰੇ ਖ਼ਤਰਾ ਦਰਪੇਸ਼ ਸੀ। ਅਣਵੰਡੇ ਪੰਜਾਬ ਅੰਦਰ ਮੁਸਲਿਮ ਭਾਈਚਾਰੇ ਦੀ ਬਹੁਸੰਮਤੀ ਹੋਣ ਕਰਕੇ ਸਿੱਖਾਂ ਨੂੰ ਪੰਜਾਬ ਅੰਦਰ ਮੁੜ ਤੋਂ ਮੁਸਲਮਾਨਾਂ ਦੇ ਰਾਜਸੀ ਗਲਬੇ ਹੇਠ ਚਲੇ ਜਾਣ ਦਾ ਖਦਸ਼ਾ ਵੱਢ-ਵੱਢ ਖਾਈ ਜਾ ਰਿਹਾ ਸੀ। ਇਸ ਖ਼ਤਰੇ ਨੂੰ ਟਾਲਣ ਲਈ ਉਨ੍ਹਾਂ ਨੂੰ ਬੁਰੇ ਦੇ ਘਰ ਤਕ ਜਾਣ ਤੋਂ ਵੀ ਸੰਕੋਚ ਨਹੀਂ ਸੀ। ਇਸਲਈ ਪੰਜਾਬ ਨੂੰ ਮੁਸਲਿਮ ਰਾਜ ਦੇ ਪਰਛਾਵੇਂ ਤੋਂ ਮੁਕਤ ਰੱਖਣ ਦੀ ਤੀਬਰ ਤਾਂਘ ਨੇ ਸਿੱਖ ਕੌਮ ਨੂੰ ਧੱਕ ਕੇ ਨਾ ਸਿਰਫ਼ ‘ਬੁਰੇ ਦੇ ਘਰ ਤਕ’ ਪਹੁੰਚਾ ਦਿੱਤਾ, ਸਗੋਂ ‘ਬੁਰੇ’ ਦੇ ਲੜ ਜਾ ਲੱਗਣ, ਯਾਨੀ ਕਿ ਹਿੰਦੂ ਵਰਗ ਦੇ ਭਾਈਵਾਲ ਬਣ ਜਾਣ ਲਈ ਉਤੇਜਿਤ ਕਰ ਦਿੱਤਾ।
‘ਸਰਬ-ਸਾਂਝੀ ਭਾਰਤੀ ਕੌਮ’ ਦੀ ਧਾਰਨਾ ਹਿੰਦੂ ਵਰਗ ਦਾ ਘੱਟ-ਗਿਣਤੀ ਭਾਈਚਾਰਿਆਂ ਉੱਤੇ ਰਾਜਸੀ ਗਲਬਾ ਸਥਾਪਤ ਕਰਨ ਦਾ ਰਾਜਨੀਤਕ ਸੁਆਰਥ ਪੂਰਦੀ ਸੀ। ਇਸਦੇ ਟਾਕਰੇ ਵਿੱਚ, ‘ਦੋ ਕੌਮਾਂ ਦਾ ਸਿਧਾਂਤ’ ਮੁਸਲਿਮ ਭਾਈਚਾਰੇ ਨੂੰ ਹਿੰਦੂ ਵਰਗ ਦੀਆਂ ਗਲਬਾਪ੍ਰਸਤ ਰੁਚੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਸੀ। ਇਸਦੇ ਟਾਕਰੇ ਵਿੱਚ ‘ਦੋ ਕੌਮਾਂ ਦਾ ਸਿਧਾਂਤ’ ਮੁਸਲਿਮ ਭਾਈਚਾਰੇ ਨੂੰ ਹਿੰਦੂ ਵਰਗ ਦੀਆਂ ਗਲਬਾਪ੍ਰਸਤ ਰੁਚੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਸੀ। ਪਰ ਹਾਲਤਾਂ ਦੀ ਸਿਤਮ-ਜ਼ਰੀਫੀ ਇਹ ਸੀ ਕਿ ਮੁਸਲਿਮ ਭਾਈਚਾਰੇ ਦੀ ਇਹ ਸੁਰੱਖਿਆ, ਸਿੱਖ ਕੌਮ ਲਈ ਰਾਜਨੀਤਕ ਅਸੁਰੱਖਿਆ ਪੈਦਾ ਕਰਦੀ ਸੀ। ਕਿਉਂਕਿ ‘ਦੋ ਕੌਮਾਂ ਦੇ ਸਿਧਾਂਤ’ ਨਾਲ ਪੰਜਾਬ ਅੰਦਰ ਮੁਸਲਿਮ ਵਰਗ ਦੇ ਰਾਜਸੀ ਗਲਬੇ ਲਈ ਰਾਹ ਪੱਧਰਾ ਹੋ ਜਾਂਦਾ ਸੀ। ਇਸ ਕਰਕੇ ਸਿੱਖ ਆਗੂਆਂ ਨੇ, ਅਸੁਰੱਖਿਆ ਦੀ ਭਾਵਨਾ ’ਚੋਂ ‘ਦੋ ਕੌਮਾਂ ਦੇ ਸਿਧਾਂਤ’ ਦੇ ਵਿਰੋਧ ਦਾ ਸਿਧਾਂਤਕ ਮੋਰਚਾ ਮੱਲ ਲਿਆ। ਪਰ ‘ਦੋ ਕੌਮਾਂ ਦੇ ਸਿਧਾਂਤ’ ਵਿਰੁਧ ਟੱਕਰ ਲੈਣ ਲਈ ਸਿੱਖਾਂ ਕੋਲ ਸੁਤੰਤਰ ਸਿਧਾਂਤਕ ਅਧਾਰ ਤੇ ਹਥਿਆਰ ਕੋਈ ਨਹੀਂ ਸੀ। ਪਰ ‘ਦੋ ਕੌਮਾਂ ਦੇ ਸਿਧਾਂਤ’ ਵਿਰੁੱਧ ਟੱਕਰ ਲੈਣ ਲਈ ਸਿੱਖਾਂ ਕੋਲ ਆਪਣਾ ਸੁਤੰਤਰ ਸਿਧਾਂਤਕ ਅਧਾਰ ਤੇ ਹਥਿਆਰ ਕੋਈ ਨਹੀਂ ਸਨ। ਮੁਸਲਿਮ ਲੀਡਰਸ਼ਿਪ ਦੇ ‘ਦੋ ਕੌਮਾਂ ਦੇ ਸਿਧਾਂਤ’ ਦਾ ਵਿਰੋਧ ਕਰਨ ਲਈ ਸਿੱਖ ਆਗੂਆਂ ਨੇ ਭਾਰਤ ਦੇ ਬਹੁ-ਕੌਮੀ ਸਮਾਜਕ ਯਥਾਰਥ ਉੱਤੇ ਜ਼ੋਰ ਦੇਣ ਦੀ ਥਾਵੇਂ ‘ਇਕਲੌਤੀ ਭਾਰਤੀ ਕੋਮ’ ਦੀ ਧਾਰਨਾ ਦੀ ਵੱਧ-ਚੜ੍ਹ ਕੇ ਵਜ਼ਾਹਤ ਕਰਨੀ ਸ਼ੁਰੂ ਕਰ ਦਿੱਤੀ। ਸਿੱਖ ਆਗੂ ਇਸ ਗੱਲੋਂ ਪੂਰੀ ਤਰ੍ਹਾਂ ਅਨਜਾਣ ਜਾਂ ਅਵੇਸਲੇ ਸਨ ਕਿ ਉਨ੍ਹਾਂ ਵੱਲੋਂ ‘ਟੋਏ’ ਵਿੱਚ ਡਿਗਣ ਤੋਂ ਬਚਣ ਲਈ ਚੁਣਿਆ ਗਿਆ ਰਾਹ, ਉਨ੍ਹਾਂ ਨੂੰ ‘ਖੂਹ’ ਵਿੱਚ ਲਿਜਾ ਸੁੱਟੇਗਾ।
ਪਰ ਸਿੱਖ ਲੀਡਰਸ਼ਿਪ ਲਈ ਸਿੱਖ ਫਲਸਫੇ ਤੇ ਵਿਰਾਸਤ ਨੂੰ ਆਪਣੇ ਨਵੇਂ ਸਿਧਾਂਤਕ ਪੈਂਤੜੇ ਦੇ ਹੱਕ ਵਿੱਚ ਭੁਗਤਾ ਸਕਣਾ ਏਨਾ ਸੁਖ਼ਾਲਾ ਨਹੀਂ ਸੀ। ਸਭ ਤੋਂ ਵੱਡੀ ਅੜਚਨ ਇਹ ਸੀ ਕਿ ਸਿੱਖ ਅਵਚੇਤਨ ਅੰਦਰ ਖ਼ੁਦਮੁਖ਼ਤਿਆਰੀ ਦਾ ਜਜ਼ਬਾ ਕਾਫੀ ਡੂੰਘੀਆਂ ਜੜ੍ਹਾਂ ਫੜ ਚੁੱਕਾ ਸੀ। ਸੁਤੰਤਰ ਸਿੱਖ ਰਾਜ ਦੀ ਥੋੜ੍ਹ-ਚਿਰੀ ਝਲਕ ਨੇ ਹੀ ਸਿੱਖ ਕੌਮ ਅੰਦਰ ਅਜ਼ਾਦੀ ਤੇ ਖ਼ੁਦਮੁਖ਼ਤਿਆਰੀ ਦੀ ਸਪਿਰਟ ਨੂੰ ਸਵਾਇਆ ਰੰਗ ਚਾੜ੍ਹ ਦਿੱਤਾ ਸੀ। ਸਿੱਖ ਰਾਜ ਦੇ ਖ਼ਾਤਮੇ ਤੋਂ ਬਾਅਦ ਇਸ ਖ਼ਾਲਸਈ ਸਪਿਰਟ ਨੂੰ ਗੁਲਾਮੀ ਦੀ ਮਾਰ ਜਰੂਰ ਵੱਜ ਗਈ ਸੀ, ਪਰ ਇਸਦੀ ਜੜ੍ਹ ਨਹੀਂ ਸੀ ਸੁੱਕੀ। ਇਸ ਕਰਕੇ ਸਿੱਖ ਕੁਲੀਨ ਵਰਗ ਦੀਆਂ ਪੁਰਜੋਰ ਕੋਸ਼ਿਸ਼ਾਂ ਦੇ ਬਾਵਜੂਦ ਸਿੱਖ ਜਨ-ਸਮੂਹ ਨੇ ਬਰਤਾਨਵੀ ਹਾਕਮਾਂ ਦੀ ਤਾਬਿਆਦਾਰੀ ਦੀ ਸੇਧ ਤੇ ਸਿਆਸਤ ਨੂੰ ਦਿਲੋਂ ਕਬੂਲ ਨਹੀਂ ਸੀ ਕੀਤਾ। ਕਿਸੇ ਦੁਨੀਆਵੀ ਤਾਕਤ ਦੀ ਅਧੀਨਗੀ ਨੂੰ ਕਬੂਲ ਨਾ ਕਰਨ ਦੀ ਇਹ ਸਮੂਹ ਅੰਤਰ-ਪ੍ਰੇਰਣਾ ਨਵੀਂ ਸਿੱਖ ਲੀਡਰਸ਼ਿਪ ਸਾਹਮਣ ਵੀ ਇਕ ਤਕੜੀ ਚੁਣੌਤੀ ਪੇਸ਼ ਕਰਦੀ ਸੀ। ਇਸਨੂੰ ਪ੍ਰਭਾਵਹੀਣ ਕੀਤੇ ਬਿਨਾਂ ਸਿੱਖ ਕੌਮ ਨੂੰ ਭਾਰਤੀ ਰਾਸ਼ਟਰਵਾਦ ਦੇ ਹੱਕ ਵਿੱਚ ਲਾਮਬੰਦ ਕਰ ਸਕਣਾ ਕਤਈ ਮੁਮਕਿਨ ਨਹੀਂ ਸੀ। ਇਸ ਮਕਸਦ ਲਈ ਸਿੱਖ ਫਲਸਫੇ ਤੇ ਇਤਿਹਾਸ ਦੀ ਨਵੇਂ ਸਿਰਿਓਂ ਵਿਆਖਿਆ ਕਰਨੀ ਅਤਿ ਜ਼ਰੂਰੀ ਹੋ ਗਈ ਸੀ। ਸਿੱਖ ਸਿਧਾਂਤਾਂ ਤੇ ਰਵਾਇਤਾਂ ਨੂੰ ਭਾਰਤੀ ਰਾਸ਼ਟਰਵਾਦ ਦੇ ਅਨੁਕੂਲ ਦਰਸਾਉਣਾ ਅਤੇ ਢਾਲਣਾ ਲਾਜ਼ਮੀ ਹੋ ਗਿਆ ਸੀ। ਇਸ ਸਿਧਾਂਤਕ ਮੁਹਿੰਮ ਦਾ ਆਗਾਜ਼ ਸਿੱਖ ਗੁਰੂ ਸਾਹਿਬਾਨ ਨੂੰ ਕਥਿਤ ‘ਰਾਸ਼ਟਰਵਾਦੀ’ ਦਰਸਾਉਣ ਦੀ ਕਵਾਇਦ ਨਾਲ ਹੋਇਆ।
concept, nationalism, hinduist, hinduism, sikhism, sikh leadership, britishers, muslims, undivided india, population, political, social, equations, hindu majority, khalsa kingdom, gadar party, bhagat singh,