Subscription About Us Contact Us


ਹਿੰਦੂ ਦਲਿਤਾਂ ਨਾਲੋਂ ਨਵੇਂ ਬੋਧੀਆਂ ਵਿੱਚ ਵਧੇਰੇ ਤਰੱਕੀ

- ਡਾ: ਸ਼ੂਰਾ ਦਾਰਾਪੁਰੀ -

31 ਮਈ 1936 ਨੂੰ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਨੇ ਦਾਦਰ (ਬੰਬਈ) ਵਿਖੇ ‘‘ਧਰਮ ਤਬਦੀਲੀ ਕਿਉਂ?’ ਵਿਸ਼ੇ ਉੱਤੇ ਆਪਣਾ ਵਿਸਥਾਰਕ ਭਾਸ਼ਣ ਦਿੰਦੇ ਹੋਏ ਕਿਹਾ ਸੀ, ‘‘ਮੈਂ ਸਾਫ਼ ਸ਼ਬਦਾਂ ਵਿੱਚ ਕਹਿਣਾ ਚਾਹੁੰਦਾ ਹਾਂ ਕਿ ਮਨੁੱਖ ਧਰਮ ਲਈ ਨਹੀਂ ਬਲਕਿ ਮਨੁੱਖ ਲਈ ਧਰਮ ਹੁੰਦਾ ਹੈ। ਅਗਰ ਮਨੁੱਖਤਾ ਦੀ ਪ੍ਰਾਪਤੀ ਕਰਨੀ ਹੈ - ਤਾਂ ਧਰਮ ਤਬਦੀਲ ਕਰੋ (ਹਿੰਦੂਵਾਦ ਨੂੰ ਛੱਡ ਕੇ ਕੋਈ ਹੋਰ ਧਰਮ ਗ੍ਰਹਿਣ ਕਰ ਲਵੋ)। ਸਮਾਨਤਾ ਅਤੇ ਸਨਮਾਨ ਚਾਹੀਦਾ ਹੈ ਤਾਂ ਧਰਮ ਤਬਦੀਲ ਕਰੋ। ਸੁਤੰਰਤਾ ਨਾਲ ਜੀਵਨ ਉਪਾਰਜਨ ਕਰਕੇ ਆਪਣੇ ਅਤੇ ਆਪਣੇ ਪਰਵਾਰ ਨੂੰ ਸੁਖੀ ਬਣਾਉਣਾ ਹੈ ਤਾਂ ਧਰਮ ਤਬਦੀਲ ਕਰੋ।’’ ਇਸੇ ਤਰ੍ਹਾਂ ਹੋਰ ਕਿਹਾ ਸੀ, ‘‘ਅੱਜ ਮੇਰਾ ਨਵਾਂ ਜਨਮ ਹੋਇਆ ਹੈ।’’

ਆਉ ਹੁਣ ਦੇਖੀਏ ਕਿ ਬਾਬਾ ਸਾਹਿਬ ਨੇ ਧਰਮ ਤਬਦੀਲੀ ਦੇ (ਦਲਿਤਾਂ ਵੱਲੋਂ ਬੁੱਧ ਧਰਮ ਗ੍ਰਹਿਣ ਕਰਨ ਦੇ ਸੰਦਰਭ ਵਿੱਚ) ਜਿਹੜੇ ਉਦੇਸ਼ਾਂ ਅਤੇ ਸੰਭਾਵਨਾਵਾਂ ਦਾ ਜ਼ਿਕਰ ਕੀਤਾ ਸੀ, ਉਨ੍ਹਾਂ ਦੀ ਪੂਰਤੀ ਕਿਸ ਹਦ ਤੱਕ ਹੋਈ ਹੈ ਜਾਂ ਹੋ ਰਹੀ ਹੈ। ਸਭ ਤੋਂ ਪਹਿਲਾਂ ਇਹ ਦੇਖਣਾ ਉਚਿਤ ਹੋਵੇਗਾ ਕਿ ਬੁੱਧ ਧਰਮ ਦੇ ਵਾਧੇ ਦੀ ਦਰ ਕਿੰਨੀ ਹੈ। ਸੰਨ 2001 ਦੀ ਜਨਗਣਨਾ ਮੁਤਾਬਿਕ ਭਾਰਤ ਵਿੱਚ ਬੋਧੀਆਂ ਦੀ ਜਨਸੰਖਿਆ, ਲਗਭਗ 80 ਲੱਖ ਹੈ, ਜੋਕਿ ਭਾਰਤ ਦੀ ਕੁੱਲ ਅਬਾਦੀ ਦਾ 0.8 ਫੀਸਦੀ ਹੈ। ਇਸ ਵਿੱਚ ਪਰੰਪਰਾਗਤ ਬੋਧੀਆਂ ਦੀ ਸੰਖਿਆ ਬਹੁਤ ਹੀ ਘੱਟ ਹੈ ਅਤੇ ਇਸ ਵਿੱਚ ਸਭ ਤੋਂ ਵੱਧ ਬੋਧੀ ਮਹਾਂਰਾਸ਼ਟਰ ਵਿੱਚ 58.38 ਲੱਖ, ਕਰਨਾਟਕ ਵਿੱਚ 4.0 ਲੱਖ ਅਤੇ ਯੂ.ਪੀ. ਵਿੱਚ 3.02 ਲੰਖ ਹਨ। ਸਨ 1991 ਤੋਂ ਲੈ ਕੇ ਸੰਨ 2001 ਦੇ ਅਰਸੇ ਵਿੱਚ ਬੋਧੀਆਂ ਦੀ ਜਨਸੰਖਿਆ ਵਿੱਚ 24.54 ਫੀਸਦੀ ਦਾ ਵਾਧਾ ਹੋਇਆ ਹੈ ਜੋਕਿ ਬਾਕੀ ਸਾਰੇ ਧਰਮਾਂ ਵਿੱਚ ਹੋਏ ਵਾਧੇ ਤੋਂ ਵਧੇਰੇ ਹੈ। ਇਸ ਤੋਂ ਸਪਸ਼ਟ ਹੈ ਕਿ ਬੋਧੀਆਂ ਵਿੱਚ ਕਾਫੀ ਸੰਖਿਆਤਮਕ ਵਾਧਾ ਹੋਇਆ ਹੈ।

ਹੁਣ ਅਗਰ ਨਵਬੋਧੀਆਂ ਵਿੱਚ ਆਈ ਗੁਣਾਤਮਕ ਤਬਦੀਲੀ ਦੀ ਤੁਲਨਾ ਹਿੰਦੂ ਦਲਿਤਾਂ ਨਾਲ ਕੀਤੀ ਜਾਵੇ ਤਾਂ ਇਹ ਸਿੱਧ ਹੁੰਦਾ ਹੈ ਕਿ ਨਵੇਂ ਬਣੇ ਬੋਧੀ, ਹਿੰਦੂ ਦਲਿਤਾਂ ਨਾਲੋਂ ਬਹੁਤ ਸਾਰੇ ਖੇਤਰਾਂ ਵਿੱਚ ਅੱਗੇ ਵੱਧ ਵੱਧ ਗਏ ਹਨ, ਜਿਸ ਨਾਲ ਬਾਬਾ ਸਾਹਿਬ ਅੰਬੇਡਕਰ ਵੱਲੋਂ ਦੱਸੇ ਗਏ ਧਰਮ ਪਰਿਵਤਰਨ ਦੇ ਮਕਸਦਾਂ ਦੀ ਪੂਰਤੀ ਹੋਣ ਦੀ ਪੁਸ਼ਟੀ ਹੁੰਦੀ ਹੈ। ਅਗਰ ਸੰਨ 2001 ਦੀ ਜਨਗਣਨਾ ਤੋਂ ਪ੍ਰਾਪਤ ਅੰਕੜਿਆਂ ਦੇ ਅਧਾਰ ਉੱਤੇ ਨਵੇਂ ਬੋਧੀਆਂ ਦੀ ਤੁਲਨਾ ਹਿੰਦੂ ਦਲਿਤਾਂ ਨਾਲ ਕੀਤੀ ਜਾਵੇ ਤਾਂ ਨਵੇਂ ਬੋਧੀ ਹੇਠ ਲਿਖੇ ਖੇਤਰਾਂ ਵਿੱਚ ਹਿੰਦੂ ਦਲਿਤਾਂ ਨਾਲੋਂ ਬਹੁਤ ਅੱਗੇ ਪਾਏ ਜਾਂਦੇ ਹਨ :

1) ਲਿੰਗ ਅਨੁਪਾਤ : ਨਵੇਂ ਬੋਧੀਆਂ ਵਿੱਚ ਔਰਤਾਂ ਅਤੇ ਮਰਦਾਂ ਦਾ ਅਨੁਪਾਤ 953 ਔਰਤਾਂ ਪ੍ਰਤੀ 1000 ਮਰਦ ਹੈ ਜਦੋਂਕਿ ਹਿੰਦੂ ਦਲਿਤਾਂ ਦਾ ਇਹ ਅਨੁਪਾਤ ਸਿਰਫ਼ 936 ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਨਵੇਂ ਬੋਧੀਆਂ ਵਿੱਚ ਔਰਤਾਂ ਦੀ ਹਾਲਤ ਹਿੰਦੂ ਦਲਿਤ ਔਰਤਾਂ ਤੋਂ ਬਹੁਤ ਚੰਗੀ ਹੈ। ਨਵੇਂ ਬੋਧੀਆਂ ਵਿੱਚ ਔਰਤਾਂ ਦਾ ਉੱਚਾ ਅਨੁਪਾਤ ਬੁੱਧ ਧਰਮ ਵਿੱਚ ਔਰਤਾਂ ਨੂੰ ਦਿੱਤੀ ਗਈ ਸਮਾਨਤਾ ਦੇ ਦਰਜੇ ਦੇ ਅਨੁਸਾਰ ਹੀ ਹੈ। ਜਦੋਂਕਿ ਹਿੰਦੂ ਦਲਿਤਾਂ ਵਿੱਚ ਔਰਤਾਂ ਦਾ ਅਨੁਪਾਤ, ਹਿੰਦੂ ਧਰਮ ਵਿੱਚ ਔਰਤਾਂ ਦੇ ਨੀਵੇਂ ਦਰਜੇ ਦੇ ਅਨੁਪਾਤ ਅਨੁਸਾਰ ਹੀ ਹੈ। ਨਵੇਂ ਬੋਧੀਆਂ ਵਿੱਚ ਔਰਤਾਂ ਦਾ ਇਹ ਅਨੁਪਾਤ ਹਿੰਦੂਆਂ ਦੇ 93 ਫੀਸਦੀ, ਮੁਸਲਮਾਨਾਂ ਦੇ 936, ਸਿੱਖਾਂ ਦੇ 893 ਅਤੇ ਜੈਨੀਆਂ ਦੇ 940 ਤੋਂ ਵੀ ਉੱਚਾ ਹੈ।

2) ਬੱਚਿਆਂ (0-6 ਸਾਲ ਤੱਕ) ਦਾ ਲਿੰਗ ਅਨੁਪਾਤ : ਜਨਗਣਨਾ ਮੁਤਾਬਿਕ ਨਵੇਂ ਬੋਧੀਆਂ ਵਿੱਚ 0-6 ਸਾਲ ਤੱਕ ਦੇ ਬੱਚਿਆਂ ਵਿੱਚ ਲੜਕੀਆਂ ਅਤੇ ਲੜਕਿਆਂ ਦਾ ਅਨੁਪਾਤ 942 ਹੈ ਜਦੋਂਕਿ ਹਿੰਦੂ ਦਲਿਤਾਂ ਵਿੱਚ ਇਹ ਅਨੁਪਾਤ 935 ਹੈ। ਇੱਥੇ ਵੀ ਲੜਕੀਆਂ ਅਤੇ ਲੜਕਿਆਂ ਦਾ ਅਨੁਪਾਤ ਧਰਮ ਵਿੱਚ ਉਨ੍ਹਾਂ ਦੇ ਸਥਾਨ ਦੇ ਅਨੁਸਾਰ ਹੀ ਹੈ। ਨਵੇਂ ਬੋਧੀਆਂ ਵਿੱਚ ਲੜਕੀਆਂ ਅਤੇ ਲੜਕਿਆਂ ਦਾ ਇਹ ਅਨੁਪਾਤ ਹਿੰਦੂਆਂ ਦੇ 931, ਮੁਸਲਮਾਨਾਂ ਦੇ 936, ਸਿੱਖਾਂ ਦੇ 893 ਅਤੇ ਜੈਨੀਆਂ ਦੇ 940 ਤੋਂ ਵੀ ਉੱਚਾ ਹੈ।

3) ਸਿੱਖਿਆ ਦਰ : ਨਵੇਂ ਬੋਧੀਆਂ ਵਿੱਚ ਸਿੱਖਿਆ ਦਰ 72.7 ਫੀਸਦੀ ਹੈ ਜਦੋਂਕਿ ਹਿੰਦੂ ਦਲਿਤਾਂ ਦਾ ਸਿੱਖਿਆ ਦਰ ਸਿਰਫ਼ 54.7 ਫੀਸਦੀ ਹੈ। ਨਵੇਂ ਬੋਧੀਆਂ ਦਾ ਸਿੱਖਿਆ ਦਰ ਹਿੰਦੂਆਂ ਦੇ 65.1, ਮੁਸਲਮਾਨਾਂ ਦੇ 59.1 ਅਤੇ ਸਿੱਖਾਂ ਦੇ 69.4 ਫੀਸਦੀ ਤੋਂ ਵੀ ਵੱਧ ਹੈ। ਇਸ ਤੋਂ ਇਹ ਸਾਫ਼ ਤੌਰ ’ਤੇ ਸਿੱਧ ਹੁੰਦਾ ਹੈ ਕਿ ਬੁੱਧ ਧਰਮ ਵਿੱਚ ਸਿੱਖਿਆ ਨੂੰ ਮਹੱਤਵ ਦੇਣ ਕਰਕੇ ਹੀ ਨਵੇਂ ਬੋਧੀਆਂ ਨੇ ਸਿੱਖਿਆ ਦੇ ਖੇਤਰ ਵਿੱਚ ਕਾਫੀ ਤਰੱਕੀ ਕੀਤੀ ਹੈ।

4) ਔਰਤਾਂ ਦਾ ਸਿੱਖਿਆ ਦਰ : ਨਵੇਂ ਬੋਧੀਆਂ ਵਿੱਚ ਔਰਤਾਂ ਦਾ ਸਿੱਖਿਆ ਦਰ 61.7 ਫੀਸਦੀ ਹੈ ਜਦੋਂਕਿ ਹਿੰਦੂ ਦਲਿਤ ਔਰਤਾਂ ਦਾ ਸਿੱਖਿਆ ਦਰ ਸਿਰਫ਼ 54.7 ਫੀਸਦੀ ਹੀ ਹੈ। ਨਵੇਂ ਬੋਧੀਆਂ ਵਿੱਚ ਔਰਤਾਂ ਦਾ ਸਿੱਖਿਆ ਦਰ ਹਿੰਦੂਆਂ ਦੇ 53.2 ਅਤੇ ਮੁਸਲਮਾਨਾਂ ਦੇ 50.1 ਫੀਸਦੀ ਤੋਂ ਵੀ ਵੱਧ ਹੈ। ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਨਵੇਂ ਬੋਧੀਆਂ ਵਿੱਚ ਔਰਤਾਂ ਦੀ ਸਿੱਖਿਆ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ।

5) ਕੰਮ ਭਾਗੀਦਾਰੀ ਦਰ : ਨਵੇਂ ਬੋਧੀਆਂ ਵਿੱਚ ਕੰਮ ਭਾਗੀਦਾਰੀ ਦੀ ਦਰ 40.6 ਫੀਸਦੀ ਹੈ, ਜਦੋਂਕਿ ਹਿੰਦੂ ਦਲਿਤਾਂ ਵਿੱਚ ਇਹ ਦਰ 40.4 ਫੀਸਦੀ ਹੈ। ਨਵੇਂ ਬੋਧੀਆਂ ਦੀ ਇਹ ਦਰ ਹਿੰਦੂਆਂ ਦੇ 40.4, ਮੁਸਲਮਾਨਾਂ ਦੇ 31.3, ਇਸਾਈਆਂ ਦੇ 39.7, ਸਿੱਖਾਂ ਦੇ 37.7 ਅਤੇ ਜੈਨੀਆਂ ਦੇ 32.7 ਫੀਸਦੀ ਤੋਂ ਵੱਧ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਨਵੇਂ ਬੋਧੀ ਬਾਕੀ ਸਾਰੇ ਵਰਗਾਂ ਦੇ ਮੁਕਾਬਲੇ ਕੰਮ ਕਰਨ ਵਾਲਿਆਂ ਦੀ ਸ਼੍ਰੇਣੀ ਵਿੱਚ ਅੱਗੇ ਹਨ ਜੋਕਿ ਉਨ੍ਹਾਂ ਦੇ ਉੱਚ ਸਿੱਖਿਆ ਦਰ ਦੇ ਕਾਰਨ ਵੀ ਹੈ। ਇਸ ਕਾਰਨ ਉਹ ਹਿੰਦੂ ਦਲਿਤਾਂ ਨਾਲੋਂ ਆਰਥਕ ਤੌਰ ’ਤੇ ਜ਼ਿਆਦਾ ਖੁਸ਼ਹਾਲ ਵੀ ਹਨ।

ਉਪਰੋਕਤ ਤੁਲਨਾਤਮਕ ਅਧਿਐਨ ਤੋਂ ਸਪਸ਼ਟ ਹੈ ਕਿ ਨਵੇਂ ਬੋਧੀ ਲਿੰਗ ਅਨੁਪਾਤ, ਸਿੱਖਿਆ ਦਰ, ਔਰਤਾਂ ਦਾ ਸਿੱਖਿਆ ਦਰ ਅਤੇ ਕੰਮ ਭਾਗੀਦਾਰੀ ਦੀ ਦਰ ਵਿੱਚ ਨਾ ਸਿਰਫ਼ ਹਿੰਦੂ ਦਲਿਤਾਂ, ਬਲਕਿ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਅਤੇ ਜੈਨੀਆਂ ਤੋਂ ਵੀ ਅੱਗੇ ਹਨ। ਇਸਦਾ ਮੁੱਖ ਕਾਰਨ ਉਨ੍ਹਾਂ ਵੱਲੋਂ ਧਰਮ ਤਬਦੀਲੀ ਕਰਕੇ ਹਿੰਦੂ ਧਰਮ ਦੀ ਮਾਨਸਿਕ ਗੁਲਾਮੀ ਤੋਂ ਮੁਕਤ ਹੋ ਕੇ ਪ੍ਰਗਤੀਸ਼ੀਲ ਹੋਣਾ ਹੀ ਹੈ।

ਇਸ ਤੋਂ ਇਲਾਵਾ ਵੱਖ-ਵੱਖ ਖੋਜਾਂ ਕਰਨ ਵਾਲਿਆਂ ਵੱਲੋਂ ਕੀਤੇ ਗਏ ਅਧਿਐਨਾਂ ਵਿੱਚ ਵੀ ਇਹ ਪਾਇਆ ਗਿਆ ਹੈ ਕਿ ਜਿਨ੍ਹਾਂ-ਜਿਨ੍ਹਾਂ ਪਰਵਾਰਾਂ ਅਤੇ ਉਪ-ਜਾਤੀਆਂ ਨੇ ਡਾ: ਅੰਬੇਡਕਰ ਦੀ ਵਿਚਾਰਧਾਰਾ ਅਤੇ ਬੁੱਧ ਧਰਮ ਨੂੰ ਅਪਣਾਇਆ ਹੈ, ਉਨ੍ਹਾਂ ਨੇ ਹਿੰਦੂ ਦਲਿਤਾਂ ਦੇ ਮੁਕਾਬਲੇ ਵਧੇਰੇ ਤਰੱਕੀ ਕੀਤੀ ਹੈ। ਉਨ੍ਹਾਂ ਨੇ ਪੁਰਾਣੇ ਗੰਦੇ ਪੇਸ਼ਿਆਂ ਨੂੰ ਛੱਡ ਕੇ ਨਵੇਂ ਸਾਫ਼-ਸੁਥਰੇ ਪੇਸ਼ੇ ਖ਼ੁਦ ਤਿਆਰ ਕੀਤੇ ਹਨ। ਉਨ੍ਹਾਂ ਵਿੱਚ ਪੜ੍ਹਾਈ ਵੱਲ ਵਧੇਰੇ ਝੁਕਾਅ ਪੈਦਾ ਹੋਇਆ ਹੈ। ਉਹ ਕਿਸਮਤਵਾਦ ਤੋਂ ਮੁਕਤ ਹੋ ਕੇ ਆਪਣੇ ਪੈਰਾਂ ਉੱਤੇ ਖੜੇ ਹੋ ਗਏ ਹਨ। ਉਨ੍ਹਾਂ ਦੀਆਂ ਔਰਤਾਂ ਅਤੇ ਬੱਚਿਆਂ ਦੀ ਹਾਲਤ ਹਿੰਦੂ ਦਲਿਤਾਂ ਨਾਲੋਂ ਬਹੁਤ ਚੰਗੀ ਹੈ।

ਉਪਰੋਕਤ ਵਿਵੇਚਨ ਤੋਂ ਇਹ ਸਿੱਧ ਹੁੰਦਾ ਹੈ ਕਿ ਆਪਣੀ ਮਾਨਸਿਕ ਅਤੇ ਸਮਾਜਕ ਤਰੱਕੀ ਵਾਸਤੇ ਦਲਿਤਾਂ ਵੱਲੋਂ ਬੁੱਧ ਧਰਮ ਨੂੰ ਅਪਣਾਉਣਾ ਹੀ ਬਿਹਤਰ ਵਿਕਲਪ ਹੈ। ਹਿੰਦੂ ਧਰਮ ਤਿਆਗ ਕੇ ਬੋਧੀ ਬਣੇ ਦਲਿਤ, ਪਹਿਲਾਂ ਨਾਲੋਂ ਜ਼ਿਆਦਾ ਅਣਖੀ ਅਤੇ ਤਰੱਕੀ-ਪਸੰਦ ਹਨ। ਉਨ੍ਹਾਂ ਦਾ ਦੁਨੀਆ ਅਤੇ ਧਰਮ ਵਾਸਤੇ ਨਜ਼ਰੀਆ ਤਰਕਸ਼ੀਲ ਅਤੇ ਵਿਗਿਆਨਵਾਦੀ ਹੈ। ਇਕ ਨਵੀਂ ਪਛਾਣ ਪ੍ਰਾਪਤ ਕਰਕੇ ਉਹ ਜਾਤ-ਪਾਤ ਦੇ ਨਰਕ ਵਿਚੋਂ ਬਾਹਰ ਨਿਕਲ ਆਏ ਹਨ। ਇਸ ਦੇ ਨਾਲ ਹੀ ਨਵੇਂ ਬਣੇ ਬੋਧੀਆਂ ਨੂੰ ਵੀ ਚੰਗੇ ਬੋਧੀ ਬਣ ਕੇ ਹਿੰਦੂ ਦਲਿਤਾਂ ਲਈ ਚੰਗੀ ਮਿਸਾਲ ਪੇਸ਼ ਕਰਨੀ ਚਾਹੀਦੀ ਹੈ ਤਾਂਕਿ ਬਾਬਾ ਸਾਹਿਬ ਦਾ ਭਾਰਤ ਨੂੰ ਬ੍ਰਾਹਮਣਵਾਦ ਤੋਂ ਮੁਕਤ ਕਰਨ ਦਾ ਸੁਪਨਾ ਸੱਚ ਹੋ ਸਕੇ।

ਨੋਟ : ਲੇਖਿਕਾ ਬਾਬਾ ਭੀਮ ਰਾਓ ਅੰਬੇਡਕਰ ਯੂਨੀਵਰਸਿਟੀ, ਲਖਨਊ ਦੀ ‘ਰੀਡਰ’ ਹੈ।

ਸੰਪਾਦਕੀ ਟਿੱਪਣੀ : ਵਿਦਵਾਨ ਲੇਖਿਕਾ ਨੇ ਬ੍ਰਾਹਮਣਵਾਦੀਆਂ ਦੇ ਸਤਾਏ ਹੋਏ ਵਰਗ ਨੂੰ ਆਪਣੀ ਸਮਾਜਕ ਬਿਹਤਰੀ ਵਾਸਤੇ ਬੁੱਧ ਧਰਮ ਅਪਣਾਉਣ ਦੀ ਸਲਾਹ ਦਿੱਤੀ ਹੈ। ਹਿੰਦੂਵਾਦ ਨੂੰ ਛੱਡਣ ਦੀ ਮਾਨਸਿਕ ਸੰਤੁਸ਼ਟੀ ਕਰਕੇ, ਨਵੇਂ ਬੋਧੀਆਂ ਵਿੱਚ, ਉੱਚ-ਜਾਤੀਏ ਹਿੰਦੂਆਂ ਨਾਲ ਟਾਕਰਾ ਕਰਨ ਦਾ ਜਜ਼ਬਾ ਕਾਫੀ ਵੱਧ ਵੀ ਜਾਂਦਾ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਬੁੱਧ ਧਰਮ ਦੇ ਸਿੱਧਾਂਤ ਹਿੰਦੂਵਾਦ/ਬ੍ਰਾਹਮਣਵਾਦ ਨਾਲੋਂ ਬਹੁਤ ਬਿਹਤਰ ਹਨ। ਦਲਿਤਾਂ ਵਾਸਤੇ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਬੁੱਧ ਧਰਮ ਜਾਤ-ਪਾਤ ਪ੍ਰਣਾਲੀ ਵਿੱਚ ਵਿਸ਼ਵਾਸ ਨਹੀਂ ਕਰਦਾ। ਪਰ ਇਹ ਵੀ ਧਿਆਨ ਦੇਣ ਯੋਗ ਤੱਥ ਹੈ ਕਿ ਮੌਜੂਦਾ ਸਮੇਂ ਵਿੱਚ ਭਾਰਤੀ ਬੋਧੀ, ਹਿੰਦੂ ਧਰਮ ਨਾਲੋਂ ਨਿਖੜਵਾਂ ਕੋਈ ਅਲਗ ਸਭਿਆਚਾਰ ਸਥਾਪਿਤ ਕਰਨ ਵਿੱਚ ਸਫਲ ਨਹੀਂ ਹੋ ਸਕੇ। ਬੋਧੀਆਂ ਦੀ ਦਿੱਖ ਤੇ ਰਹਿਣੀ-ਬਹਿਣੀ ਆਮ ਤੌਰ ’ਤੇ ਹਿੰਦੂਆਂ ਵਰਗੀ ਹੀ ਹੈ ਅਤੇ ਜਦ ਤੱਕ ਉਹ ਆਪਣੀ ਪਛਾਣ ਜਾਂ ਫਲਸਫਾ ਖ਼ੁਦ ਜ਼ਾਹਿਰ ਨਾ ਕਰਨ, ਉਨ੍ਹਾਂ ਨੂੰ ਹਿੰਦੂ ਹੀ ਸਮਝਿਆ ਜਾਂਦਾ ਹੈ। ਦਿੱਖ ਪੱਖੋਂ ਹਿੰਦੂ ਹੀ ਲੱਗਣ ਕਾਰਨ ਦਲਿਤਾਂ ਤੋਂ ਬੋਧੀ ਬਣੇ ਵਿਅਕਤੀਆਂ ਨੂੰ ਇਹ ਨੁਕਸਾਨ ਵੀ ਹੈ ਕਿ ਉੱਚ ਜਾਤਾਂ ਦੇ ਹਿੰਦੂ, ਖ਼ਾਸਕਰ ਪਿੰਡਾਂ ਵਿੱਚ ਰਹਿਣ ਵਾਲੇ, ਨਵੇਂ ਬੋਧੀਆਂ ਨਾਲ ਵੀ ਹਿੰਦੂ ਦਲਿਤਾਂ ਵਰਗਾ ਸਲੂਕ ਹੀ ਕਰਦੇ ਰਹਿੰਦੇ ਹਨ।

ਦੂਜੇ ਪਾਸੇ, ਸਿੱਖ ਧਰਮ ਦੇ ਸਿਧਾਂਤ, ਸਭਿਆਚਾਰ ਅਤੇ ਦਿੱਖ - ਪੂਰੀ ਤਰ੍ਹਾਂ ਹਿੰਦੂ ਧਰਮ ਨਾਲੋਂ ਅਲੱਗ ਹਨ। ਹਿੰਦੂਵਾਦ ਦੇ ਸਾਰੇ ਸਿਧਾਂਤਾਂ ਜਿਵੇਂ ਅਵਤਾਰਵਾਦ, ਮੂਰਤੀ ਪੂਜਾ, ਜਾਤ-ਪਾਤ, ਇਸਤਰੀ-ਨਿੰਦਾ, ਗੈਰ-ਵਿਗਿਆਨਕਤਾਵਾਦ, ਅੰਧ-ਵਿਸ਼ਵਾਸ, ਕਰਮ-ਕਾਂਡ ਆਦਿਕ ਦਾ ਭਰਪੂਰ ਖੰਡਨ ਕੀਤਾ ਗਿਆ ਹੈ। ਇਹ ਗੱਲ ਵੱਖਰੀ ਹੈ ਕਿ ਵਕਤ ਦੀ ਤੋਰ, ਸਿੱਖ ਆਗੂਆਂ ਦੇ ਸਵਾਰਥ, ਪੁਜਾਰੀਵਾਦ ਦੀ ਮੌਕਾਪ੍ਰਸਤੀ, ਸਿੱਖੀ ਵੇਸ ਵਾਲੇ ਪ੍ਰਚਾਰਕਾਂ ਦੀਆਂ ਚਾਲਾਂ ਕਾਰਨ, ਹੌਲੀ-ਹੌਲੀ ਸਿੱਖ ਧਰਮ ਦੇ ਬਹੁਤ ਸਾਰੇ ਸਿਧਾਂਤਾਂ/ਸੰਸਕਾਰਾਂ ਵਿੱਚ ਬ੍ਰਾਹਮਣਵਾਦ ਦੀ ਮਿਲਾਵਟ ਹੋ ਗਈ ਹੈ। ਬਲਕਿ ਅੱਜ ਔਸਤ ਸਿੱਖ ਦਾ ਮਾਨਸਿਕ ਪੱਧਰ ਤੇ ਜੀਵਨ-ਸ਼ੈਲੀ ਕੁਝ ਅਜਿਹੀ ਹੋ ਗਈ ਹੈ ਕਿ ਉਸਨੂੰ

‘ਕੇਸਾਧਾਰੀ ਹਿੰਦੂ’ ਹੀ ਕਿਹਾ ਜਾ ਸਕਦਾ ਹੈ। ਫਿਰ ਵੀ, ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲੇ ਤੱਤ ਗੁਰਮਤਿ ਦੇ ਹਾਮੀ ਸਿੱਖ (ਭਾਵੇਂ ਉਨ੍ਹਾਂ ਦੀ ਗਿਣਤੀ ਕਿੰਨੀ ਵੀ ਥੋੜੀ ਹੋਵੇ) ਵੱਧ ਤੋਂ ਵੱਧ ਸਿੱਖੀ ਜਜ਼ਬੇ ਅਤੇ ਗੁਰਮਤਿ ਸਿਧਾਂਤਾਂ ਦੇ ਅਮਲ ਭਰਪੂਰ ਜ਼ਿੰਦਗੀ ਹੀ ਅਪਣਾਉਂਦੇ ਹਨ। ਇਸਲਈ ਦਲਿਤਾਂ ਲਈ ਸਭ ਤੋਂ ਵਧੀਆ ਵਿਕਲਪ ਇਹੀ ਹੋਏਗਾ ਕਿ ਉਹ ਹਿੰਦੂਵਾਦ ਨੂੰ ਤਿਆਗ ਕੇ ਸਿੱਖ ਧਰਮ ਅਪਣਾਉਣ ਅਤੇ ਆਪਣੀ ਦਿੱਖ ਅਤੇ ਮਾਨਸਿਕਤਾ ਵਿੱਚ ਪੂਰੀ ਤਰ੍ਹਾਂ ਤਬਦੀਲੀ ਲੈ ਆਉਣ। ਤਾਂ ਹੀ ਉਹ ਧਾਰਮਕ ਅਤੇ ਸਮਾਜਕ ਪੱਧਰ ’ਤੇ ਬ੍ਰਾਹਮਣਵਾਦ ਤੋਂ ਛੁਟਕਾਰਾ ਪਾ ਸਕਣਗੇ।