

ਕੀ ਸਿੱਖ ਬੀਬੀਆਂ ਨੂੰ ਬਰਾਬਰਤਾ ਦੇਣਾ ਗੁਰਮਤਿ ਦੇ ਵਿਰੁੱਧ ਹੈ?
- ਹਰਲਾਜ ਸਿੰਘ ਬਹਾਦਰਪੁਰ -
ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋ:ਗੁ:ਪ੍ਰ:ਕਮੇਟੀ ਨੇ ਆਪਣੇ ਕਾਰਜਕਾਲ ਦੌਰਾਨ ਵੀ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਅਤੇ ਅੰਮ੍ਰਿਤ ਸੰਚਾਰ ਸਮਾਗਮ ਵਿੱਚ ਸ਼ਾਮਿਲ ਕਰਨ ਲਈ ਇਜਾਜਤ ਦੇਣ ਦੀ ਗੱਲ ਕੀਤੀ ਸੀ। ਉਸ ਸਮੇਂ ਵੀ ਪੁਜਾਰੀਆਂ, ਡੇਰੇਦਾਰਾਂ, ਸੰਤਾਂ ਨੇ ਬੀਬੀ ਜੀ ਦੀ ਇਸ ਚੰਗੀ ਗੱਲ ਨੂੰ ਰੱਦ ਕਰ ਦਿੱਤਾ ਸੀ। ਇੱਕ ਵਾਰ ਫੇਰ ਬੀਬੀ ਜਗੀਰ ਕੌਰ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਇਜਾਜਤ ਦੇਣੀ ਚਾਹੀਦੀ ਹੈ। ਇਸ ਬਿਆਨ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋ:ਗੁ:ਪ੍ਰ:ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਸੀ ਕਿ ਬੀਬੀ ਅਜਿਹੇ ਬਿਆਨ ਦੇ ਕੇ ਨਵੇਂ ਵਿਵਾਦ ਨਾ ਛੇੜੇ। ਹੁਣ ਫੇਰ ਗੁਰੂ ਨਾਨਕ ਦੇ ਸਿਧਾਂਤ ਨੂੰ ਸਮਝ ਕੇ ਈਸਾਈ ਮਿਸ਼ਨਰੀ ਤੋਂ ਸਿੱਖ ਸਜਣ ਵਾਲੀ ਅਮਰੀਕਾ ਦੇ ਸ਼ਹਿਰ ਬਰਜੀਨੀਆ ਦੀ ਹਰਸਿਮਰਤ ਕੌਰ ਖਾਲਸਾ (ਪਹਿਲਾ ਨਾਲ ਨੈਂਸੀ ਬੋਤਸੀਮੈਨ) ਵੱਲੋਂ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਅਤੇ ਮੁੱਖ ਵਾਕ ਲੈਣ ਦੀ ਆਗਿਆ ਮੰਗਣ ’ਤੇ ਮੱਕੜ ਸਾਹਿਬ ਨੇ ਸਿੱਖ ਬੀਬੀ ਦੀ ਮੰਗ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਹੈ ਕਿ ਉਹ ਪਹਿਲਾਂ ਤੋਂ ਚੱਲੀ ਆ ਰਹੀ ਮਰਯਾਦਾ ਨੂੰ ਬਦਲ ਨਹੀਂ ਸਕਦਾ। ਇਸ ਲਈ ਕੋਈ ਵੀ ਸਿੱਖ ਇਸਤਰੀ ਦਰਬਾਰ ਸਾਹਿਬ ਵਿੱਚ ਕੀਰਤਨ ਨਹੀਂ ਕਰ ਸਕਦੀ।
ਸਮਝ ਨਹੀਂ ਆਉਂਦੀ ਕਿ ਮੱਕੜ ਸਾਹਿਬ ਕਿਹੜੀ ਮਰਯਾਦਾ ਦਾ ਪਾਲਣ ਕਰ ਰਹੇ ਹਨ ਤੇ ਕਿਸ ਅਧਾਰ ਤੇ ਬੀਬੀ ਜਗੀਰ ਕੌਰ ਨੂੰ ਕਹਿ ਰਹੇ ਸਨ ਕਿ ਉਹ ਨਵੇਂ ਵਿਵਾਦ ਨਾ ਛੇੜੇ। ਮੱਕੜ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੀਬੀਆਂ ਨੂੰ ਬਰਾਬਰਤਾ ਦੇਣ ਦਾ ਵਿਵਾਦ ਜਗੀਰ ਕੌਰ ਨੇ ਨਹੀਂ ਛੇੜਿਆ ਇਹ ਵਿਵਾਦ ਤਾਂ ਪੰਜ ਸੌ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਛੇੜਿਆ ਸੀ। ਜਿਸ ਦੀ ਪ੍ਰੋੜਤਾ 62 ਸਾਲ ਤੋਂ ਸ਼੍ਰੋ:ਗੁ:ਪ੍ਰ:ਕਮੇਟੀ (ਜਿਸ ਦੇ ਤੁਸੀਂ ਪ੍ਰਧਾਨ ਹੋ) ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਯਾਦਾ ਨਾਂ ਦੀ ਪੁਸਤਕ ਰਾਹੀਂ ਲੱਖਾਂ ਦੀ ਗਿਣਤੀ ਵਿੱਚ ਵੰਡ ਕੇ ਕੀਤੀ ਜਾ ਰਹੀ ਹੈ। ਇਸ ਸਿੱਖ ਰਹਿਤ ਮਰਯਾਦਾ ਨਾ ਦੀ ਛੋਟੀ ਜਿਹੀ ਪੁਸਤਕ ਨੂੰ ਉਸ ਸਮੇਂ ਦੀ ਪੰਥਕ ਜਥੇਬੰਦੀ (ਸ਼੍ਰੋ:ਗੁ:ਪ੍ਰ:ਕਮੇਟੀ) ਨੇ ਸੰਨ 1930 ਤੋਂ 1945 ਤੱਕ ਪੂਰੀ ਘੋਖ ਪੜਤਾਲ ਕਰਨ ਉਪਰੰਤ ਪ੍ਰਕਾਸ਼ਿਤ ਕੀਤਾ ਸੀ, ਜੋ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਹੈ। 60-62 ਸਾਲਾਂ ਤੋਂ ਛਪ ਰਹੀ ਇਸ ਸਿੱਖ ਰਹਿਤ ਮਰਯਾਦਾ ਨਾ ਦੀ ਛੋਟੀ ਜਿਹੀ ਪੁਸਤਕ ਵਿੱਚ ਸਿੱਖ ਪੰਥ ਲਈ ਕੁੱਝ ਹਦਾਇਤਾਂ ਤੇ ਨਿਯਮ ਦਰਜ ਹਨ ਕਿ ਸਿੱਖ ਨੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਇਸ ਸਿੱਖ ਰਹਿਤ ਮਰਯਾਦਾ ਉਤੇ ਮੁੜ ਵਿਚਾਰ ਤਾਂ ਹੋ ਸਕਦੀ ਹੈ ਅਤੇ ਸਮੇਂ ਅਨੁਸਾਰ ਇਸ ਵਿੱਚ ਸੋਧ ਵੀ ਕੀਤੀ ਜਾ ਸਕਦੀ ਹੈ। ਪਰ ਜਿੰਨਾ ਚਿਰ ਪੰਥਕ ਵਿਦਵਾਨਾਂ ਵੱਲੋਂ ਇੱਕ ਮਤ ਹੋ ਕੇ ਨਵੀਂ ਸਿੱਖ ਰਹਿਤ ਮਰਯਾਦਾ ਤਿਅਰ ਨਹੀਂ ਕੀਤੀ ਜਾਂਦੀ, ਉਨਾ ਚਿਰ ਘੱਟੋ-ਘੱਟ ਇਸੇ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਕਰ ਲੈਣੀ ਚਾਹੀਦੀ ਹੈ।
ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰ: 8 ’ਤੇ ਸਿੱਖ ਦੀ ਤਰੀਫ ਦੇ ਨਾਂ ਹੇਠ ਦਰਜ ਹੈ ਕਿ ‘‘ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਹਿਬਾਨ (ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ) ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ।’’ ਅੰਮ੍ਰਿਤ ਸੰਸਕਾਰ ਦੇ ਨਾਂ ਹੇਠ ਪੰਨਾ ਨੰ: 24 ਤੇ ਸਪਸ਼ਟ ਲਿਖਿਆ ਹੈ ਕਿ ‘‘ਅੰਮ੍ਰਿਤ ਛਕਾਉਣ ਲਈ ਸਿੰਘਾਂ ਨਾਲ ਸਿੰਘਣੀਆਂ ਵੀ ਸ਼ਾਮਿਲ ਹੋ ਸਕਦੀਆਂ ਹਨ।’’ ਸਿੱਖ ਰਹਿਤ ਮਰਯਾਦਾ ਦੇ ਨਿਯਮ ਇਸਤਰੀ ਅਤੇ ਪੁਰਸ਼ ਲਈ ਵੱਖੋ ਵੱਖ ਨਹੀਂ ਹਨ। ਇਸ ਵਿੱਚ ਦਰਜ ਰਹਿਤਾਂ ਅਤੇ ਕੁਰਹਿਤਾਂ ਹਰ ਸਿੱਖ (ਇਸਤਰੀ ਤੇ ਪੁਰਸ਼) ਲਈ ਇਕਸਾਰ ਹਨ। ਕਿਉਂਕਿ ਗੁਰਮਤਿ ਦੇ ਅਸੂਲ ਹੀ ਪ੍ਰਾਣੀ ਮਾਤਰ ਲਈ ਬਰਾਬਰ ਹਨ।
ਇਸਤਰੀ ਨੂੰ ਸਾਰੇ ਹੀ ਧਰਮ ਮੱਤਾਂ ਵੱਲੋਂ ਨੀਵਾਂ ਦਰਜਾ ਦਿੱਤਾ ਹੋਇਆ ਸੀ। ਸਿੱਖ ਮੱਤ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੀ ਇਸ ਨਿਰਾਦਰੀ ਦੇ ਵਿਰੁੱਧ ਅਵਾਜ ਉਠਾਉਂਦਿਆਂ ਇਸਤਰੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਰਦਿਆਂ ਕਿਹਾ ਸੀ :- ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। ਇਸਤਰੀ ਦੇ ਸਮਾਜਿਕ ਯੋਗਦਾਨ ਦੀ ਤਾਰੀਫ ਕਰਦਿਆਂ ਉਸ ਸਮੇਂ ਦੇ ਧਾਰਮਿਕ ਆਗੂਆਂ ਨੂੰ ਸਮਝਾਇਆ ਸੀ ਕਿ ਜਿਸ ਇਸਤਰੀ ਨੂੰ ਤੁਸੀਂ ਨੀਚ ਸਮਝਦੇ ਹੋ - ਇਸ ਇਸਤਰੀ ਤੋਂ ਬਿਨਾਂ ਸੰਸਾਰਿਕ ਵਿਵਹਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਵੱਡੇ ਵੱਡੇ ਮਹਾਂਪੁਰਸ਼ ਵੀ ਇਸਤਰੀ ਦੀ ਕੁੱਖ ਤੋਂ ਹੀ ਪੈਦਾ ਹੁੰਦੇ ਹਨ। ਫਿਰ ਬੀਬੀਆਂ ਨੂੰ ਬਰਾਬਰਤਾ ਦੇਣੀ ਗੁਰਮਤਿ ਦੇ ਵਿਰੁੱਧ ਕਿਵੇਂ ਹੋਈ। ਬੀਬੀਆਂ ਨੂੰ ਇਹ ਬਰਾਬਰਤਾ ਤਾਂ ਗੁਰੂ ਨਾਨਕ ਦੇਵ ਜੀ ਨੇ ਹੀ ਦੇ ਦਿੱਤੀ ਸੀ। ਕਿਉਂਕਿ ਇਸਤਰੀ ਅਤੇ ਪੁਰਸ਼ ਦੋਵੇਂ ਹੀ ਇੱਕ ਸਿੱਕੇ ਦੇ ਦੋ ਪਹਿਲੂ ਹਨ। ਇਸਤਰੀ ਅਤੇ ਪੁਰਸ਼ ਦੋਵੇਂ ਰਲ ਕੇ ਹੀ ਇੱਕ ਸੰਪੂਰਨ ਮਨੁੱਖ ਕਹਾ ਸਕਦੇ ਹਨ :
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ।।
ਵਾਲਾ ਸ਼ਬਦ ਵੀ ਇਸਤਰੀ ਅਤੇ ਪੁਰਸ਼ ਦੇ ਇੱਕ ਹੋਣ ਦਾ ਪ੍ਰਮਾਣ ਦੇ ਰਿਹਾ ਹੈ। ਆਮ ਗੁਰੂ ਘਰਾਂ ਵਿੱਚ ਗੁਰ ਸਿੱਖ ਬੀਬੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਅਤੇ ਕੀਰਤਨ ਕਰ ਸਕਦੀਆਂ ਹਨ। ਮਾਈ ਭਾਗ ਕੌਰ (ਮਾਈ ਭਾਗੋ) ਜਿਹੀਆਂ ਸਿੱਖ ਬੀਬੀਆਂ 40-40 ਸਿੰਘਾਂ ਦੇ ਜਥੇ ਦੀ ਅਗਵਾਈ ਕਰ ਸਕਦੀਆਂ ਹਨ। ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਸਕਦੀਆਂ ਹਨ ਅਤੇ ਹੋਰ ਅਨੇਕਾਂ ਘਟਨਾਵਾਂ ਹਨ ਜਿੰਨ੍ਹਾਂ ਰਾਹੀਂ ਸਿੱਖ ਬੀਬੀਆਂ ਨੇ ਆਪਣੇ ਸਿੱਖ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਥ ਲਈ ਕੁਰਬਾਨੀਆਂ ਕੀਤੀਆਂ ਅਤੇ ਤਸੀਹੇ ਝੱਲੇ ਹਨ। ਅੱਜ ਵੀ ਬਹੁਤ ਸਾਰੀਆਂ ਸਤਿਕਾਰ ਯੋਗ ਸਿੱਖ ਬੀਬੀਆਂ ਅੰਮ੍ਰਿਤਧਾਰੀ ਹੋ ਕੇ ਸਿੱਖ ਰਹਿਤ ਮਰਯਾਦਾ ਤੇ ਪਹਿਰਾ ਦਿੰਦੀਆਂ ਹੋਈਆਂ ਆਪਣੇ ਧਰਮ ਵਿੱਚ ਪਰਪੱਕ ਹਨ। ਨਾਲੇ ਫਿਰ ਜਦੋਂ ਸਾਰੇ ਨੇਮ (ਅਸੂਲ) ਸਿੱਖ ਮਰਦਾਂ ਵਾਲੇ ਸਿੱਖ ਇਸਤਰੀਆਂ ਤੇ ਲਾਗੂ ਹੁੰਦੇ ਹਨ ਫਿਰ ਇਹ ਦੋ ਕਾਰਜਾਂ (ਦਰਬਾਰ ਸਾਹਿਬ ਵਿੱਚ ਕੀਰਤਨ ਅਤੇ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋਣ) ਲਈ ਬੀਬੀਆਂ ਤੇ ਪਾਬੰਦੀ ਕਿਉਂ?
ਜੇਕਰ ਸਿੱਖ ਵੀ, ਬੀਬੀਆਂ ਨੂੰ ਇੰਨੀਆਂ ਹੀ ਅਪਵਿੱਤਰ ਮੰਨਦੇ ਹਨ ਕਿ ਉਹਨਾਂ ਦੇ ਕੀਰਤਨ ਕਰਨ ਨਾਲ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਹੁੰਦੀ ਹੈ ਅਤੇ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋਣ ਨਾਲ ਅੰਮ੍ਰਿਤ, ਅੰਮ੍ਰਿਤ ਨਹੀਂ ਰਹਿ ਜਾਂਦਾ ਤਾਂ ਫਿਰ ਇਹਨਾਂ ਅਪਵਿੱਤਰਾਂ (ਇਸਤਰੀਆਂ) ਨੂੰ ਨਾ ਤਾਂ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਦੇਣਾ ਚਾਹੀਦਾ ਹੈ ਅਤੇ ਨਾ ਹੀ ਇਹਨਾਂ ਨੂੰ ਅੰਮ੍ਰਿਤ ਛਕਾਉਣਾ ਚਾਹੀਦਾ ਹੈ। ਨਾਲੇ ਫਿਰ ਅਪਵਿੱਤਰ ਇਸਤਰੀ ਦੇ ਖੂਨ ਤੋਂ ਪੈਦਾ ਹੋਇਆ ਮਰਦ ਆਪਣੇ ਆਪ ਨੂੰ ਕਿਵੇਂ ਪਵਿੱਤਰ ਕਹਾ ਸਕਦਾ ਹੈ? ਕੈਸੀ ਕਮਾਲ ਦੀ ਗੱਲ ਹੈ? ਸਮਝ ਨਹੀਂ ਆਉਂਦੀ ਇਹਨਾਂ ਪਵਿੱਤਰ ਡੇਰੇਦਾਰਾਂ ਸੰਤਾਂ ਮਹਾਂਪੁਰਸ਼ਾਂ ਦੀ ਰੂੜੀਵਾਦੀ ਸੋਚ ਦੀ। ਇਹਨਾਂ ਨੂੰ ਇਹ ਨਹੀਂ ਪਤਾ ਕਿ ਸਿੱਖ ਧਰਮ ਵਿੱਚ ਇਹੀ ਵਿਲੱਖਣ ਵਿਸ਼ਾਲਤਾ ਹੈ ਕਿ ਕਿਸੇ ਵੀ ਧਰਮ, ਜਾਤ, ਨਸਲ ਜਾਂ ਦੇਸ਼ ਦਾ ਮਨੁੱਖ (ਇਸਤਰੀ ਜਾਂ ਪੁਰਸ਼) ਅੰਮ੍ਰਿਤ ਛਕ ਕੇ ਗੁਰਮਤਿ ਨੂੰ ਸਮਰਪਿਤ ਹੋ ਕੇ ਸਿੱਖ ਪੰਥ ਦਾ ਮੈਂਬਰ (ਸਿੱਖ) ਬਣ ਸਕਦਾ ਹੈ ਅਤੇ ਸਿੱਖੀ ਦੀ ਹਰ ਰਹੁ ਰੀਤ ਵਿੱਚ ਸ਼ਾਮਿਲ ਹੋ ਸਕਦਾ ਹੈ।
ਜੇ ਬੀਬੀ ਜਗੀਰ ਕੌਰ ਨੇ 62 ਸਾਲ ਪਹਿਲਾਂ ਹੋਏ ਸਹੀ ਫੈਸਲੇ ਨੂੰ ਲਾਗੂ ਕਰਵਾਉਣ ਹਿੱਤ ਬਿਆਨ ਦੇ ਦਿੱਤਾ ਸੀ ਤਾਂ ਸਾਨੂੰ ਇਸਦਾ ਦਾ ਸਵਾਗਤ ਕਰਨਾ ਚਾਹੀਦਾ ਸੀ ਨਾ ਕਿ ਵਿਰੋਧ। ਇੱਥੇ ਮੇਰਾ ਮਤਲਬ ਇਹ ਨਹੀਂ ਕਿ ਬੀਬੀ ਜਗੀਰ ਕੌਰ ਵਿੱਚ ਕੋਈ ਔਗੁਣ ਨਹੀਂ, ਔਗੁਣ ਬੇਸ਼ੱਕ ਹੋਣ ਪਰ ਸਾਨੂੰ ਚੰਗੀ ਗੱਲ ਤਾਂ ਦੁਸ਼ਮਣ ਦੀ ਮੰਨ ਲੈਣੀ ਚਾਹੀਦੀ ਹੈ।
ਇੱਕ ਪਾਸੇ ਤਾਂ ਅਸੀਂ ਹੋਰਨਾਂ ਧਰਮਾਂ, ਜੋ ਇਸਤਰੀ ਨੂੰ ਨੀਵਾਂ ਸਮਝਦੇ ਹਨ ਤੇ ਕਿੰਤੂ ਕਰਦੇ ਨਹੀਂ ਥਕਦੇ। ਇਸਤਰੀ ਨੂੰ ਬਰਾਬਰਤਾ ਦੇਣ ਦੇ ਸਿੱਖੀ ਦੇ ਗੁਣ ਦੇ ਸੋਹਲੇ ਗਾ-ਗਾ ਕੇ ਆਪਣੇ ਆਪ ਨੂੰ ਅਗਾਂਹ ਵੱਧੂ ਅਤੇ ਵਿਗਿਆਨਿਕ ਧਰਮ ਦੇ ਪੈਰੋਕਾਰ ਹੋਣ ਦਾ ਡਰਾਮਾ ਕਰ ਰਹੇ ਹਾਂ। ਪਰ ਜੇ ਬੀਬੀ ਹਰਸਿਮਰਤ ਕੌਰ ਨੇ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਆਗਿਆ ਮੰਗ ਲਈ ਹੈ ਤਾਂ ਇਸ ਨੂੰ ਮਰਯਾਦਾ ਦੇ ਉਲਟ ਦੱਸਿਆ ਜਾ ਰਿਹਾ ਹੈ।
ਜੇ ਪਹਿਲਾਂ ਬੀਬੀ ਜਗੀਰ ਕੌਰ ਨੇ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੇਣ ਦੀ ਗੱਲ ਕੀਤੀ ਸੀ ਤਾਂ ਇਸ ਨੂੰ ਨਵਾਂ ਵਿਵਾਦ ਕਿਹਾ ਸੀ ਤੇ ਨਾਲ ਇਹ ਵੀ ਕਿਹਾ ਜਾ ਰਿਹਾ ਸੀ ਕਿ ਬੀਬੀ ਜਗੀਰ ਕੌਰ ਨੇ ਆਪਣੇ ਕਾਰਜਕਾਲ ਦੌਰਾਨ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੇਣ ਦੀ ਗੱਲ ਕਿਉਂ ਨਾ ਆਖੀ? ਪਰ ਮੱਕੜ ਸਾਹਿਬ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੀਬੀ ਜੀ ਨੇ ਆਪਣੇ ਕਾਰਜਕਾਲ ਦੌਰਾਨ ਵੀ ਇਹ ਗੱਲ ਆਖੀ ਸੀ। ਉਸ ਵੇਲੇ ਵੀ ਤੁਹਾਡੇ ਵਰਗੇ ਘੜੱਮ ਚੌਧਰੀਆਂ, ਅਖੌਤੀ ਸੰਤਾਂ, ਜਥੇਦਾਰਾਂ ਅਤੇ ਡੇਰੇਦਾਰਾਂ ਨੇ ਇਸ ਨੂੰ ਸਿੱਖ ਰਹਿਤ ਮਰਯਾਦਾ ਦੇ ਉਲਟ ਦੱਸ ਕੇ ਹਾਲ ਦੁਹਾਈ ਪਾ ਦਿੱਤੀ ਸੀ ਕਿ ਜੇ ਬੀਬੀਆਂ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਲੱਗ ਗਈਆਂ ਅਤੇ ਅੰਮ੍ਰਿਤ ਸੰਚਾਰ ਸਮਾਗਮ ਸਮੇਂ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋ ਗਈਆਂ ਤਾਂ ਪਹਿਲਾਂ ਤੋਂ ਚੱਲੀ ਆ ਰਹੀ ਮਰਯਾਦਾ ਦੀ ਉਲੰਘਣਾ ਹੋ ਜਾਵੇਗੀ। ਕਹਿੰਦੇ ਕਹਾਉਂਦੇ ਸਿੱਖਾਂ ਦੇ ਬੱਚੇ (ਸਿੱਖ) ਕੇਸ ਕਤਲ ਕਰਵਾ ਰਹੇ ਹਨ, ਤੰਬਾਕੂ, ਸ਼ਰਾਬ ਆਦਿ ਹਰ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਅਤੇ ਬਲੈਕ ਕਰ ਰਹੇ ਹਨ। ਗੁਰਦੁਆਰਿਆਂ (ਡੇਰਿਆਂ) ’ਚ ਬਲਾਤਕਾਰ ਹੋ ਰਹੇ ਹਨ। ਗੁਰਬਾਣੀ ਦੇ ਪਾਠ ਮੰਤਰਾਂ ਵਾਂਗ ਤੋਤਾ ਰਟਣੀ ਰਾਹੀਂ ਸੌ-ਸੌ ਪਾਠ ਇੱਕਠੇ ਪ੍ਰਕਾਸ਼ ਕਰਕੇ ਹੋ ਰਹੇ ਹਨ। ਮਰੇ ਹੋਏ ਪ੍ਰਾਣੀਆਂ ਦੇ ਫੁੱਲ ਚੁਗ ਕੇ ਗੰਗਾ ਦੀ ਨਕਲ ਤੇ ਗੁਰੂ ਘਰਾਂ ਵਿੱਚ ਪਾਏ ਜਾ ਰਹੇ ਹਨ। ਗੁਰੂ ਘਰਾਂ ਵਿੱਚ ਪੁੱਛਾਂ-ਧਾਗੇ-ਤਬੀਤ ਦਿੱਤੇ ਜਾ ਰਹੇ ਹਨ। ਬ੍ਰਾਹਮਣਾਂ ਵਾਂਗ ਗੁਰੂ ਘਰਾਂ ਵਿੱਚ ਵੀ ਸਰਾਧ ਖਵਾਏ ਜਾ ਰਹੇ ਹਨ। ਉਹ ਕਿਹੜੀ ਮਨਮਤਿ ਹੈ ਜੋ ਗੁਰੂ ਘਰਾਂ ਵਿੱਚ ਨਹੀਂ ਹੁੰਦੀ। ਕੀ ਇਹ ਰਹਿਤ ਮਰਯਾਦਾ ਦੀ ਉਲੰਘਣਾ ਨਹੀਂ?
ਇੱਕੋ ਗੁਰੂ ਦੇ ਸਿੱਖ ਕਹਾਉਣ ਵਾਲਿਆਂ ਵੱਲੋਂ ਪੰਥਕ ਰਹਿਤ ਮਰਯਾਦਾ ਨੂੰ ਚੁਣੌਤੀ ਦੇ ਕੇ ਆਪੋ- ਆਪਣੇ ਡੇਰਿਆਂ ਵਿੱਚ ਅਣਗਿਣਤ ਵੱਖੋ-ਵੱਖਰੀਆਂ ਮਰਯਾਦਾ ਚਾਲੂ ਕੀਤੀਆਂ ਹੋਈਆਂ ਹਨ। ਕੀ ਇਹ ਗੁਰਮਤਿ ਹੈ? ਦੁੱਖ ਦੀ ਗੱਲ ਹੈ ਕਿ ਜੋ ਮਰਜੀ ਗੁਰਮਤਿ ਵਿਰੋਧੀ ਕੰਮ ਹੋਈ ਜਾਣ - ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ (ਲੁੱਚੀ) ਰਚਨਾ ਨੂੰ ਪ੍ਰਕਾਸ਼ ਕਰਿਆ ਜਾਵੇ ਤਾਂ ਸਿੱਖ ਰਹਿਤ ਮਰਿਯਾਦਾ ਦੀ ਕੋਈ ਉਲੰਘਨਾ ਨਹੀਂ ਹੁੰਦੀ। ਪਰ ਜਦੋਂ ਕੋਈ ਸਿੱਖ ਬੀਬੀ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਜਾਂ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋਣ ਦੀ ਗੱਲ ਕਰੇ ਤਾਂ ਇਹਨਾਂ ਦੀ ਮਰਯਾਦਾ ਦੀ ਉਲੰਘਣਾ ਹੋ ਜਾਂਦੀ ਹੈ !!
ਸਿੱਖ ਮਤ ਵਿੱਚ ਡੇਰਾਵਾਦ ਦਾ ਜਾਲ ਅਮਰ ਵੇਲ ਵਾਂਗ ਫੈਲ ਰਿਹਾ ਹੈ। ਜੋ ਪੰਥ ਲਈ ਘਾਤਕ ਸਿੱਧ ਹੋ ਰਿਹਾ ਹੈ ਅਤੇ ਅੱਗੇ ਨੂੰ ਹੋਰ ਵੀ ਹੋਵੇਗਾ। ਸਿੱਖ ਪੰਥ ਨੇ ਕੁਰਬਾਨੀਆਂ ਕਰਕੇ ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਇਆ ਸੀ ਤਾਂ ਇਹ ਸ਼੍ਰੋ:ਗੁ:ਪ੍ਰ:ਕਮੇਟੀ ਹੋਂਦ ਵਿੱਚ ਆਈ ਸੀ। ਪਰ ਅੱਜ ਫਿਰ ਡੇਰਾਵਾਦ ਦੇ ਵਧਦੇ ਪ੍ਰਭਾਵ ਕਾਰਨ ਉਹੀ ਮਹੰਤੀ (ਡੇਰਾਵਾਦੀ) ਸੋਚ ਭਾਰੂ ਹੋ ਚੁੱਕੀ ਹੈ। ਜਿਸ ਕਾਰਨ ਕਿਸੇ ਕਿਸੇ ਸਿੱਖ ਬੀਬੀ ਵੱਲੋਂ ਗੁਰਮਤਿ ਅਨੁਸਾਰੀ ਕੀਤੀ ਗਈ ਕੀਰਤਨ ਕਰਨ ਦੀ ਮੰਗ ਵੀ ਮੱਕੜ ਵਰਗਿਆਂ ਨੂੰ ਰਹਿਤ ਮਰਯਾਦਾ ਦੀ ਉਲੰਘਣਾ ਲੱਗਦੀ ਹੈ। ਬਹੁਤ ਸਾਰੇ ਅਜਿਹੇ ਅਖੌਤੀ ਸੰਤ (ਡੇਰੇਦਾਰ) ਹਨ ਜੋ ਕਿਸੇ ਗੁਰਮਤਿ ਅਨੁਸਾਰ ਕੀਤੀ ਗੱਲ ਨੂੰ ਵੀ ਰਹਿਤ ਮਰਯਾਦਾ ਦੇ ਉਲਟ ਕਹਿ ਕੇ ਕਾਵਾਂ-ਰੌਲੀ ਪਾ ਦਿੰਦੇ ਹਨ। ਇਸ ਲਈ ਸ਼੍ਰੋ:ਗੁ:ਪ੍ਰ:ਕਮੇਟੀ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਭ੍ਰਿਸ਼ਟ ਆਗੂਆਂ ਦੇ ਬੰਧਨਾਂ ਤੋਂ ਅਜਾਦ ਹੋ ਕੇ ਅਤੇ ਉਹਨਾਂ ਦੀ ਚਾਪਲੂਸੀ ਛੱਡ ਕੇ ਗੁਰਮਤਿ ਦੇ ਪ੍ਰਚਾਰ ਲਈ ਅੱਗੇ ਹੋ ਕੇ ਆਪਣਾ ਫਰਜ਼ ਨਿਭਾਉਂਦੀ। ਸਿੱਖ ਰਹਿਤ ਮਰਯਾਦਾ ਤੇ ਦ੍ਰਿੜਤਾ ਨਾਲ ਪਹਿਰਾ ਦੇ ਕੇ ਇਸ ਨੂੰ ਹਰ ਗੁਰੂ ਘਰ ਵਿੱਚ ਲਾਗੂ ਕਰਵਾਉਂਦੀ। ਅਖੌਤੀ ਲੀਡਰਾਂ ਅਤੇ ਸੰਤਾਂ ਦੇ ਭੈਅ ਤੋਂ ਮੁਕਤ ਹੋ ਕੇ ਸਿੱਖ ਬੀਬੀਆਂ ਨੂੰ ਦਿੱਤੇ ਬਰਾਬਰਤਾ ਦੇ ਹੱਕਾਂ (ਦਰਬਾਰ ਸਾਹਿਬ ਅੰਦਰ ਕੀਰਤਨ ਕਰਨ ਅਤੇ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਣ) ਨੂੰ ਅਮਲੀ ਰੂਪ ਦਿੰਦੀ। ਪਰ ਹੁਣ ਤਾਂ ਸਿੱਖੀ ਨੂੰ ਖਤਰਾ ਹੀ ਸ਼੍ਰੋ:ਗੁ:ਪ੍ਰ:ਕਮੇਟੀ ਤੋਂ ਹੈ। ਇਸ ਲਈ ਸਿੱਖ ਬੀਬੀਆਂ ਨੂੰ ਬਰਾਬਰਤਾ ਲੈਣ ਲਈ ਅਜੋਕੇ ਸੰਤਾਂ, ਜਥੇਦਾਰਾਂ, ਲੀਡਰਾਂ, ਮੱਕੜਾਂ (ਜੋ ਇਸ ਬਰਾਬਰਤਾ ਦਾ ਵਿਰੋਧ ਕਰ ਰਹੇ ਹਨ) ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਸਿੱਖ ਬੀਬੀਆਂ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਲਈ ਖੁਦ ਅੱਗੇ ਆਉਣ। ਜੇ ਪੁਜਾਰੀ ਰੋਕਣ ਤਾਂ ਸੰਘਰਸ਼ ਕਰਕੇ ਵੀ ਇਹ ਹੱਕ ਪ੍ਰਾਪਤ ਕਰਨਾ ਚਾਹੀਦਾ ਹੈ।
equality, sikh women, bibi jageer kaur, statement, darbar sahib, amritsar, avtar singh, makkar, opposition, gurmat, sikh rehat maryada, deraism, sgpc