

ਕੀ ‘ਏਕਸ ਕੇ ਬਾਰਕ’ ਸੰਸਥਾ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕੇਗੀ?
- ਜੋਗਿੰਦਰ ਸਿੰਘ -
ਫੋਨ : 9899968051
ਸਿੱਖ ਸਮਾਜ ਨੂੰ ਮੁੜ ਤੋਂ ਚੜ੍ਹਦੀ ਕਲਾ ਵਿੱਚ ਲਿਜਾਉਣ ਅਤੇ ਪ੍ਰਚਲਿਤ ਸਿੱਖ ਇਤਿਹਾਸ ਦੇ ਗੁਰਮਤਿ-ਵਿਰੋਧੀ ਪ੍ਰਕਰਨਾਂ ਨੂੰ ਦੂਰ ਕਰਨ ਦੀ ਚਾਹ ਨਾਲ, ਕੁਝ ਪੰਥ-ਦਰਦੀਆਂ ਨੇ ‘ਰੋਜ਼ਾਨਾ ਸਪੋਕਸਮੈਨ’ ਅਖ਼ਬਾਰ ਦੇ ਪ੍ਰਬੰਧਕਾਂ ਦੀ ਅਗਵਾਈ ਵਿੱਚ ‘ਏਕਸ ਦੇ ਬਾਰਿਕ’ ਨਾਂ ਦੀ ਸੰਸਥਾ ਦੀ ਸਥਾਪਨਾ ਕੀਤੀ ਹੈ। 6 ਜੁਲਾਈ ਨੂੰ ਚੰਡੀਗੜ੍ਹ ਵਿਖੇ ਹੋਈ ਇਕ ਮੀਟਿੰਗ ਉਪਰੰਤ ਸੰਸਥਾ ਦੇ ਸਮਰਥਕਾਂ ਨੇ ਐਲਾਨ ਕੀਤਾ ਕਿ ਇਸ ਜੱਥੇਬੰਦੀ ਰਾਹੀਂ ‘‘ਸਿੱਖੀ ਨੂੰ ਬ੍ਰਾਹਮਣਵਾਦ, ਪੁਜਾਰੀਵਾਦ ਅਤੇ ਕਰਮ-ਕਾਂਡ ਵਾਲੇ ਪਾਸੇ ਲਿਜਾਏ ਜਾਣ ਦੇ ਉਪਰਾਲਿਆਂ ਨੂੰ ਠੱਲ੍ਹ ਪਾਉਣ ਲਈ ਆਧੁਨਿਕ ਢੰਗਾਂ-ਤਰੀਕਿਆਂ ਵਾਲੀ ਖੋਜ ਦਾ ਸਹਾਰਾ ਲਿਆ ਜਾਏਗਾ ਅਤੇ ਪੂਰਨ ਸੱਚ ਦਾ ਬਿਆਨ ਕਰਕੇ, ਗੁਰੂ ਨਾਨਕ ਦੇ ਬਿਆਨ ਕੀਤੇ ਫਲਸਫੇ ਨੂੰ ਅਸਲ ਰੂਪ ਵਿੱਚ ਦੁਨੀਆਂ ਦੇ ਸਾਹਮਣੇ ਲਿਆਂਦਾ ਜਾਵੇਗਾ।’’
ਵੈਸੇ ਤਾਂ ਸਿੱਖੀ ਨੂੰ ਕਰਮ-ਕਾਂਡਾਂ ਅਤੇ ਬ੍ਰਾਹਮਣਵਾਦੀ ਤੱਤਾਂ ਦੀ ਮਿਲਾਵਟ ਤੋਂ ਦੂਰ ਕਰਨ ਦਾ ਸਭ ਤੋਂ ਸੁਖਾਲਾ ਰਾਹ ਗੁਰਬਾਣੀ ਦੀ ਪ੍ਰਮਾਣਿਕ ਵਿਆਖਿਆ ਕਰਕੇ ਲੋਕਾਂ ਨੂੰ ਗੁਰੂ ਸਾਹਿਬ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਉਣਾ ਹੈ। ਇਹ ਕੰਮ ਕਿਸੇ ਇਕ ਥਾਂ ’ਤੇ ਕੋਈ ਸੰਸਥਾ ਕਾਇਮ ਕਰਕੇ ਨਹੀਂ, ਬਲਕਿ ‘ਫੀਲਡ ਵਰਕ’ ਕਰਕੇ ਹੀ ਹੋ ਸਕਦਾ ਹੈ। ਪਰ ਪੁਰਾਤਨ ਸਿੱਖ ਇਤਿਹਾਸ, ਜਿਸ ਵਿੱਚ ਅਥਾਹ ਮਿਲਾਵਟ ਕਰਕੇ ਬ੍ਰਾਹਮਣਵਾਦੀਆਂ ਵੱਲੋਂ ਇਸਨੂੰ ਇਕ ਤਰ੍ਹਾਂ ਦਾ ਮਿਥਿਹਾਸ ਬਣਾ ਦਿੱਤਾ ਗਿਆ ਹੈ, ਦੀਆਂ ਘਟਨਾਵਾਂ ਨੂੰ ਗੁਰਮਤਿ ਦੇ ਅਸੂਲਾਂ ’ਤੇ ਪਰਖ ਕੇ ਨਵੇਂ ਸਿਰਿਓਂ ਲਿਖਣ-ਪ੍ਰਚਾਰਨ ਦੀ ਡਾਢੀ ਲੋੜ ਹੈ। ਉਕਤ ਕਿਸਮ ਦੀ ਜੱਥੇਬੰਦੀ ਅਜਿਹੇ ਵਿਸ਼ੇ ਉੱਤੇ ‘ਖੋਜ’ ਕਰਨ ਲਈ ਵਧੇਰੇ ਸਾਰਥਕ ਹੋ ਸਕਦੀ ਹੈ।
ਪਰ ਇਸ ਤੱਥ ਵੱਲ ਧਿਆਨ ਦੇਣਾ ਜ਼ਰੂਰੀ ਹੈ ਕਿ ਅਜਿਹੀ ਖੋਜ ਕਰਨ ਵਾਲੇ ਖੋਜੀ-ਵਿਦਵਾਨ ਖ਼ੁਦ ਗੁਰਮਤਿ ਦੇ ਅਸੂਲਾਂ ਤੋਂ ਕਿੰਨਾ ਕੁ ਜਾਣੂ ਹਨ ਅਤੇ ਉਨ੍ਹਾਂ ਦੀ ਪਾਲਣਾ ਕਰਦੇ ਹਨ, ਜਿਹੜਾ ਉਹ ਇਤਿਹਾਸ ਜਾਂ ਸਿੱਖ ਰਵਾਇਤਾਂ ਵਿੱਚ ਘੁਲੇ ਹੋਏ ਬ੍ਰਾਹਮਣਵਾਦ ਦੀ ਪੜਚੋਲ ਕਰ ਸਕਦੇ ਹਨ। ਇਸਲਈ ਇਨ੍ਹਾਂ ਵਿਦਵਾਨਾਂ ਬਾਰੇ ਚਰਚਾ ਕਰਨਾ ਜ਼ਰੂਰੀ ਹੈ।
ਵਿਦਵਾਨਾਂ ਦੀ ਲਿਸਟ ਵਿੱਚ ਸਭ ਤੋਂ ਪਹਿਲਾ ਨਾਮ ਲੇਖਕ ਤੇ ਪੱਤਰਕਾਰ ਖੁਸ਼ਵੰਤ ਸਿੰਘ ਦਾ ਹੈ,
ਜਿਸਦੇ ਨਾਮ ਨਾਲ ‘ਹਿਸਟੋਰੀਅਨ’ ਪਿਛੇਤਰ ਵੀ ਵਰਤਿਆ ਗਿਆ ਹੈ। ਭਾਵੇਂ ਖੁਸ਼ਵੰਤ ਸਿੰਘ ਨੇ ‘ਏ
ਹਿਸਟ੍ਰੀ ਆਫ਼ ਦ ਸਿਖਜ਼’ ਨਾਮ ਦੀ ਅੰਗਰੇਜ਼ੀ ਪੁਸਤਕ ਲਿਖੀ ਸੀ ਪਰ ਇਸ ਵਿੱਚ ‘ਇਤਿਹਾਸ’ ਦੇ ਸਟੀਕ
ਤੱਥਾਂ ਦੀ ਬਜਾਏ, ਮੁੱਖ ਘਟਨਾਵਾਂ ਦਾ ਲੇਖਕ ਵੱਲੋਂ ਜਜ਼ਬਾਤੀ ਵਿਸ਼ਲੇਸ਼ਣ ਵਧੇਰੇ ਹੈ। ਸਾਡੀ ਜਾਣਕਾਰੀ
ਮੁਤਾਬਿਕ ਸ੍ਰੀ ਖੁਸ਼ਵੰਤ ਸਿੰਘ ਨੂੰ ਕਿਸੇ ਯੂਨਿਵਰਸਿਟੀ ਜਾਂ ਹੋਰ ਅਕਾਦਮਿਕ ਸੰਸਥਾ ਨਾਲ ਜੁੜ ਕੇ
ਵਿਗਿਆਨਕ ਢੰਗ ਨਾਲ ਇਤਿਹਾਸ ਦੀ ਖੋਜ ਕਰਨ ਦਾ ਅਨੁਭਵ ਵੀ ਨਹੀਂ ਹੈ। ਇਸਲਈ ਸੰਸਥਾ ਦੇ ਪ੍ਰਬੰਧਕਾਂ
ਵੱਲੋਂ ਸ੍ਰੀ ਖੁਸ਼ਵੰਤ ਸਿੰਘ ਨੂੰ ‘ਹਿਸਟੋਰੀਅਨ’ ਦੀ ਉਪਾਧੀ ਦੇਣ ਪਿੱਛੇ ਸਿਰਫ਼ ਲੇਖਕ ਦੀ ਕੌਮਾਂਤਰੀ
ਪੱਧਰ ’ਤੇ ਸਥਾਪਿਤ ਪਛਾਣ ਦਾ ਪ੍ਰਭਾਵ ਹੀ ਕੰਮ ਕਰਦਾ ਪ੍ਰਤੀਤ ਹੁੰਦਾ ਹੈ।
ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਖੁਸ਼ਵੰਤ ਸਿੰਘ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੇ ਆਪਣੇ
ਕਾਲਮ ਵਿੱਚ ਕਈ ਵਾਰ ਇਸ ਤੱਥ ਨੂੰ ਲਿਖਤੀ ਤੌਰ ’ਤੇ ਕਬੂਲ ਕਰ ਚੁੱਕਾ ਹੈ ਕਿ ਉਹ (ਮਨੋਂ) ਸਿੱਖ
ਨਹੀਂ ਹਨ ਬਲਕਿ ਸੰਜੋਗ ਨਾਲ ਹੀ ਉਨ੍ਹਾਂ ਦਾ ਜਨਮ ਇਕ ਸਿੱਖ ਪਰਵਾਰ ਵਿੱਚ ਹੋ ਗਿਆ !! ਸੱਚ ਤਾਂ ਇਹ
ਹੈ ਕਿ ਸ੍ਰੀਮਾਨ ਜੀ ਆਪਣੇ ਆਪ ਨੂੰ ਨਾਸਤਿਕ ਅਖਵਾਉਣਾ ਵਧੇਰੇ ਪਸੰਦ ਕਰਦੇ ਹਨ। ਖੁਸ਼ਵੰਤ ਸਿੰਘ ਨੇ
ਸ਼ਰਾਬ ਅਤੇ ਸ਼ਬਾਬ ਪ੍ਰਤੀ ਆਪਣਾ ਸ਼ੌਕ ਵੀ ਕਦੇ ਨਹੀਂ ਛੁਪਾਇਆ ਅਤੇ ਜਨਤੱਕ ਤੌਰ ’ਤੇ ਅਸ਼ਲੀਲ
ਚੁਟਕੁਲੇ/ਕਿੱਸੇ ਸੁਣਾਉਣ ਜਾਂ ਲਿਖਤਾਂ ਲਿਖਣ ਵਿੱਚ ਵੀ ਫਖ਼ਰ ਮਹਿਸੂਸ ਕਰਦੇ ਹਨ। ਸੰਤਾ-ਬੰਤਾ ਦੇ
ਚੁਟਕਲਿਆਂ ਰਾਹੀਂ ਸਿੱਖਾਂ ਦਾ ਮਜ਼ਾਕ ਉਡਾਉਣ ਦੀ ਪਿਰਤ ਪਾਉਣ ਵਿੱਚ ਖੁਸ਼ਵੰਤ ਸਿੰਘ ਦੀ ਵੱਡੀ ਭੂਮਿਕਾ
ਰਹੀ ਹੈ। ਉਸ ਦਾ ਬੇਸ਼ਰਮ ਚਰਿੱਤਰ ਨਾ ਸਿਰਫ਼ ਉਸ ਦੀਆਂ ਲਿਖਤਾਂ ਵਿੱਚੋਂ ਝਲਕਦਾ ਹੈ ਬਲਕਿ ਦੋ ਕੁ ਸਾਲ
ਪਹਿਲਾਂ ਜਦ ਕੈਪਟਨ ਅਮਰਿੰਦਰ ਸਿੰਘ ਨੇ ਖੁਸ਼ਵੰਤ ਸਿੰਘ ਨੂੰ ‘ਪੰਜਾਬ ਰਤਨ’ ਅਵਾਰਡ ਦੇਣ ਲਈ ਦਿੱਲੀ
ਦੇ ਇੰਪੀਰੀਅਲ ਹੋਟਲ ਵਿੱਚ ਇਕ ਸਮਾਗਮ ਦਾ ਆਯੋਜਨ ਕੀਤਾ ਤਾਂ ਖੁਸ਼ਵੰਤ ਸਿੰਘ ਨੇ ਹਾਲ ਵਿੱਚ ਮੌਜੂਦ
ਬੱਚਿਆਂ ਅਤੇ ਬੀਬੀਆਂ ਸਾਹਮਣੇ ਹੀ ਆਪਣੀ ‘ਵਿਦਵਤਾ’ ਦਾ ਨਮੂਨਾ ਦਿੰਦਿਆਂ ਕਿਹਾ ਕਿ ‘‘ਸਭਿਆਚਾਰ ਨਾਲ
ਸਬੰਧਿਤ ਲਫ਼ਜ਼ਾਂ ਨੂੰ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਅਨੁਵਾਦ ਕਰਨ ਵਿੱਚ ਉਂਵੇ ਹੀ ਮਜ਼ਾ ਨਹੀਂ
ਆਉਂਦਾ ਜਿਵੇਂ ਕਿਸੇ ਔਰਤ ਨੂੰ ਆਪਣੀਆਂ ਛਾਤੀਆਂ ਆਪ ਮਸਲਣ ਵਿੱਚ ਮਜ਼ਾ ਨਹੀਂ ਆਉਂਦਾ।’’ ਇਹੋ ਜਿਹੇ
ਸੁਭਾਅ ਦੇ ਲੋਕ ਸਿੱਖ ਧਰਮ ਨੂੰ ਕਿਸ ਤਰ੍ਹਾਂ ਬ੍ਰਾਹਮਣਵਾਦ ਦੇ ਜਾਲ ਤੋਂ ਮੁਕਤ ਕਰ ਸਕਦੇ ਹਨ, ਸਾਡੇ
ਲਈ ਤਾਂ ਇਹ ਸਮਝਣਾ ਕਾਫੀ ਔਖਾ ਕਾਰਜ ਹੈ।
ਵਿਦਵਾਨਾਂ ਦੀ ਲਿਸਟ ਵਿੱਚ ਇਕ ਹੋਰ ਅਹਿਮ ਨਾਮ ਗੁਰੂ ਨਾਨਕ ਯੂਨਿਵਰਸਿਟੀ ਦੇ ਡਾ: ਗੁਰਸ਼ਰਨਜੀਤ ਸਿੰਘ ਦਾ ਹੈ। ਡਾ: ਸਾਹਿਬ ਇਕ ਨਿੰਪੁਨ ਲਿਖਾਰੀ ਵੀ ਹਨ ਅਤੇ ਸਪੋਕਸਮੈਨ ਅਖ਼ਬਾਰ ਵਿੱਚ ਵੀ ਉਨ੍ਹਾਂ ਦੀਆਂ ਲਿਖਤਾਂ ਅਕਸਰ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਪਰ ਡਾ: ਸਾਹਿਬ ਦੀਆਂ ਪੁਸਤਕਾਂ ’ਤੇ ਸਰਸਰੀ ਝਾਤ ਮਾਰਦਿਆਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਉਹ ਵੀ ਵਿਵਾਦਿਤ ਪੁਸਤਕ ‘ਦਸਮ ਗ੍ਰੰਥ’ ਦੇ ਸਮਰਥਕਾਂ ਵਿੱਚ ਹੀ ਸ਼ਾਮਲ ਹਨ। ਭਾਵੇਂ ‘ਦਸਮ ਗ੍ਰੰਥ’ ਬਾਰੇ ਡਾ: ਸਾਹਿਬ ਦਾ ਰੁਖ਼ ਟਕਸਾਲੀਆਂ ਵਰਗਾ ਹਮਲਾਵਰ ਨਹੀਂ ਹੈ ਪਰ ਉਹ ਇਸ ਵਿਵਾਦਿਤ ਗ੍ਰੰਥ ਦੀ ਕਥਿਤ ‘ਅਕਾਦਮਿਕ ਮਹੱਤਤਾ’ ਬਾਰੇ ਜ਼ੋਰ ਦੇਣ ਤੋਂ ਸੰਕੋਚ ਨਹੀਂ ਕਰਦੇ। ਜਿਹੜੇ ਵਿਦਵਾਨ ਜਾਣੇ-ਅਨਜਾਣੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਅਕਸ ਨੂੰ ਬਦਨਾਮ ਕਰਨ ਵਾਲੀ ਗੰਦੀ ਪੁਸਤਕ ਦੇ ਸਮਰਥਕ ਬਣੇ ਹੋਏ ਹੋਣ, ਉਹ ਗੁਰਮਤਿ ਸਿਧਾਂਤਾਂ ਦਾ ਬ੍ਰਾਹਮਣਵਾਦ ਨਾਲ ਕਿਸ ਤਰ੍ਹਾਂ ਨਿਖੇੜਾ ਕਰ ਸਕਦੇ ਹਨ?
‘ਏਕਸ ਕੇ ਬਾਰਿਕ’ ਸੰਸਥਾ ਵਿੱਚ ਵਿਦਵਾਨ ਦੇ ਤੌਰ ’ਤੇ ਸ਼ਾਮਲ ਇਕ ਹੋਰ ਸੱਜਣ ਹਨ - ਸ੍ਰੀ ਲੱਛਮਣ
ਚੇਲਾ ਰਾਮ ਸਿੰਧੀ। ਵੈਸੇ ਤਾਂ ਸਪੋਕਸਮੈਨ ਦੇ ਪ੍ਰਬੰਧਕ ‘ਪੁਜਾਰੀਆਂ’ ਦੀ ਕਾਫੀ ਮੁਖ਼ਾਲਫ਼ਤ ਕਰਦੇ
ਰਹਿੰਦੇ ਹਨ ਪਰ ਸਿੱਖ ਧਰਮ ਦੇ ਅਧਿਐਨ ਨਾਲ ਸਬੰਧਿਤ ਸੰਸਥਾ ਵਿੱਚ ਇਕ ਪੁਜਾਰੀ (ਰਾਗੀ) - ਅਤੇ ਉਹ
ਵੀ ਗੈਰ-ਸਿੱਖ - ਨੂੰ ਸ਼ਾਮਲ ਕਰਨ ਪਿੱਛੇ ਉਨ੍ਹਾਂ ਦੀ ਮਜਬੂਰੀ ਦਾ ਅੰਦਾਜ਼ਾ ਲਗਾਉਣਾ ਔਖਾ ਹੈ।
ਪਾਠਕਾਂ ਨੂੰ ਇਹ ਦੱਸਣਾ ਵੀ ਢੁਕਵਾਂ ਹੋਵੇਗਾ ਕਿ ਇਹ ਚੇਲਾ ਰਾਮ ਜੀ ਉਹੀ ਸੱਜਣ ਹਨ ਜਿਨ੍ਹਾਂ ਨੇ
ਦਿੱਲੀ ਦੇ ਪੂਸਾ ਰੋਡ ’ਤੇ ‘‘ਨਿਜ ਥਾਊਂ ਮੰਦਰ’’ ਸਥਾਪਿਤ ਕੀਤਾ ਹੋਇਆ ਹੈ। ਭਰੋਸੇਯੋਗ ਸੂਤਰਾਂ
ਮੁਤਾਬਿਕ, ਇਸ ਮੰਦਰ ਵਿੱਚ ਆਰ.ਐਸ.ਐਸ. ਦੀਆਂ ਨੀਤੀਆਂ ਦੀ ਤਰਜ਼ ’ਤੇ ਜਨਮਾਟਸ਼ਮੀ ਮੌਕੇ ਗੁਰੂ ਗ੍ਰੰਥ
ਸਾਹਿਬ ਦੀ ਹਜ਼ੂਰੀ ਵਿੱਚ ਰਾਸ-ਲੀਲਾ (ਕ੍ਰਿਸ਼ਨ ਦੇਵਤਾ ਦੇ ਜੀਵਨ ਨੂੰ ਵਡਿਆਉਂਦੇ ਕਾਵਿ-ਨਾਟਕ) ਦਾ
ਆਯੋਜਨ ਵੀ ਕੀਤਾ ਜਾਂਦਾ ਹੈ। ਚੇਲਾਰਾਮ ਜੀ ਦੇ ਚੇਲੇ ਆਪਣੇ ਡੇਰੇ ਦੇ ਇਲਾਵਾ, ਕਿਸੇ ਗੁਰਦੁਆਰੇ ਤੋਂ
ਸੱਦਾ ਮਿਲਣ ’ਤੇ ਵੀ, ਟੋਪੀਆਂ ਪਾ ਕੇ ਹੀ ਕੀਰਤਨ ਕਰਦੇ ਹਨ। ਕੀ ਅਜਿਹੇ ਲੋਕ ਸਿੱਖੀ ਨੂੰ
ਬ੍ਰਾਹਮਣਵਾਦ ਦੇ ਸ਼ਿਕੰਜੇ ’ਚੋਂ ਮੁਕਤ ਕਰਨਗੇ ਜਾਂ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਬ੍ਰਾਹਮਣੀਕਰਨ
ਕਰਨਗੇ?

ਲੱਛਮਣ ਚੇਲਾਰਾਮ ਦੇ ਪਿਤਾ ਦਾਦਾ ਚੇਲਾਰਾਮ ਵੱਲੋਂ
ਸਥਾਪਿਤ ਕੀਤਾ ਗਿਆ ਡੇਰਾ
ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਦੇ ਬਾਵਜੂਦ ਇਕ ‘ਮੰਦਰ’ ਵਜੋਂ ਪ੍ਰਚਾਰਿਆ ਜਾਂਦਾ
ਹੈ।

‘ਮੰਦਰ’ ਦੇ ਅੰਦਰ ਲੱਗਾ ਇਕ ਬੋਰਡ, ਜਿਸ ਵਿੱਚ ਜ਼ਿਕਰ ਹੈ ਕਿ : ਇਸ ਸਥਾਨ ਨੂੰ ਮੰਦਰ ਕਹੋ, ਗੁਰਦੁਆਰਾ ਕਹੋ - ਜੋ ਚਾਹੇ ਇਸਨੂੰ ਪੁਕਾਰੋ। ਇਸਨੂੰ ਕੱਟਰਤਾ, ਜਾਤੀਅਤਾ, ਰਾਜਨੀਤੀ ਨਾਲ ਦੂਸ਼ਿਤ ਨਾ ਕਰੋ...। ਇਹ ਪਵਿੱਤਰ ਸਥਾਨ ਕਿਸੇ ਵਿਸ਼ੇਸ਼ ਸੰਪਰਦਾਅ, ਜਾਤੀ ਜਾਂ ਧਰਮ ਦਾ ਨਹੀਂ ਹੈ। ਇਹ ਸਾਰੇ ਪ੍ਰਾਣੀਆਂ ਲਈ ਹੈ...।
ਸ੍ਰੀ ਚੇਲਾ ਰਾਮ ਦੀ ਤਰ੍ਹਾਂ, ਵਿਦਵਾਨਾਂ ਦੀ ਸੂਚੀ ਵਿੱਚ ਸ੍ਰੀ ਹਰੀ ਰਤਨ ਯੁਕਤਾ ਅਤੇ ਤਰਸੇਮ ਸ਼ਰਮਾ ਨਾਮ ਦੇ ਗੈਰ-ਸਿੱਖ ‘ਵਿਦਵਾਨਾਂ’ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕਥਿਤ ਤੌਰ ’ਤੇ ਸਿੱਖ ਧਰਮ ਦਾ ਸ਼ੁੱਧੀਕਰਨ ਕਰਨ ਦੇ ਇੱਛੁਕ ਪ੍ਰਬੰਧਕਾਂ ਨੂੰ ਇਸ ਤੱਥ ਦਾ ਧਿਆਨ ਰੱਖਣਾ ਚਾਹੀਦਾ ਸੀ ਕਿ ਬ੍ਰਾਹਮਣਵਾਦੀ ਸੰਸਥਾਵਾਂ ਦੇ ਗੁਲਾਮ ਬਣਨ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਕਿਸੇ ਗੈਰ-ਸਿੱਖ ਨੂੰ ਦਰਬਾਰ ਸਾਹਿਬ ’ਚ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਸਿੱਖ ਰਹਿਤ ਮਰਿਆਦਾ ਵਿੱਚ ਵੀ ਸਪਸ਼ਟ ਜ਼ਿਕਰ ਹੈ ਕਿ (ਕਿਸੇ ਵੀ ਗੁਰਦੁਆਰੇ ਵਿੱਚ) ਸੰਗਤ ਵਿੱਚ ਕੀਰਤਨ ਸਿਰਫ਼ ਸਿੱਖ ਹੀ ਕਰ ਸਕਦਾ ਹੈ। ਗੈਰ-ਸਿੱਖਾਂ ’ਤੇ ਇਹ ਰੋਕ ਲਗਾਉਣ ਦਾ ਇਹੀ ਕਾਰਨ ਹੈ ਕਿ ਜਿਹੜਾ ਵਿਅਕਤੀ ਖ਼ੁਦ ਸਿੱਖੀ ਦਾ ਧਾਰਨੀ ਨਹੀਂ, ਉਹ ਦੂਜਿਆਂ ਨੂੰ ਸਿੱਖੀ ਸਿਧਾਂਤਾਂ ਦੀ ਪਾਲਣਾ ਵਾਸਤੇ ਪ੍ਰੇਰਿਤ ਨਹੀਂ ਕਰ ਸਕਦਾ। ਪਰ ‘ਏਕਸ ਕੇ ਬਾਰਿਕ’ ਸੰਸਥਾ ਦੇ ਪ੍ਰਬੰਧਕ ਪਤਾ ਨਹੀਂ ਕਿਸ ਸੋਚ ਅਧੀਨ, ਗੈਰ-ਸਿੱਖਾਂ ਕੋਲੋਂ ਸਿੱਖੀ ਦਾ ‘ਸ਼ੁੱਧੀਕਰਨ’ ਕਰਵਾਉਣਾ ਚਾਹੁੰਦੇ ਹਨ।
ਇਸ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਕਈ ਗੈਰ-ਸਿੱਖ ਵਿਅਕਤੀ ਵੀ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੁੰਦੇ ਹਨ। ਪਰ ਕਿਉਂਕਿ ਉਨ੍ਹਾਂ ਨੂੰ ਜਨਮ ਤੋਂ ਮਿਲਿਆ ਆਪਣਾ ਧਰਮ ਵਧੇਰੇ ਪਿਆਰਾ ਹੁੰਦਾ ਹੈ, ਇਸਲਈ ਉਹ ਗੁਰੂ ਨਾਨਕ ਦੇ ਸਿੱਖੀ ਮਾਰਗ ਨੂੰ ਨਹੀਂ ਅਪਣਾਉਂਦੇ। ਇਸਦੇ ਉਲਟ, ਉਹ ਗੁਰੂ ਸਾਹਿਬਾਨ ਨੂੰ ਵੀ ਆਪਣੇ ਧਰਮ ਦੇ ਸੰਸਥਾਪਕ ਦੇ ਵਿਚਾਰਾਂ ਤੋਂ ਪ੍ਰਭਾਵਿਤ ਦੱਸਦੇ ਹਨ। ਜਿਵੇਂ ਬੁੱਧ ਧਰਮ ਨੂੰ ਮੰਨਣ ਵਾਲੇ ਲੋਕ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਮਹਾਤਮਾ ਬੁੱਧ ਦੇ ਉਪਦੇਸ਼ਾਂ ਦੇ ਵਿਸਥਾਰ ਵਜੋਂ ਦੇਖਦੇ ਹਨ, ਮੁਸਲਿਮ ਪ੍ਰਚਾਰਕ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਮੁੱਢ ਇਸਲਾਮਿਕ ਫਲਸਫੇ ਤੋਂ ਉਪਜਿਆ ਦੱਸਦੇ ਹਨ, ਭਗਤ ਰਵਿਦਾਸ ਜੀ ਦੇ ਪੈਰੋਕਾਰ ਗੁਰੂ ਨਾਨਕ ਸਾਹਿਬ ਨੂੰ ਭਗਤ ਰਵਿਦਾਸ ਜੀ ਦਾ ‘ਚੇਲਾ’ ਦੱਸਦੇ ਹਨ ਅਤੇ ਹਿੰਦੂ ਸੱਜਣ ਗੁਰੂ ਨਾਨਕ ਸਾਹਿਬ ਨੂੰ ਵਿਸ਼ਨੂੰ ਦਾ ਅਵਤਾਰ ਦੱਸਦੇ ਹਨ। ਇਸਲਈ ਗੈਰ-ਸਿੱਖ ਵਿਦਵਾਨਾਂ ਨੂੰ, ਸਿੱਖ ਇਤਿਹਾਸ ਦੇ ਸਿਧਾਂਤਾਂ ਦੇ ਸ਼ੁੱਧੀਕਰਨ ਦੀ ਮੁਹਿੰਮ ਵਿੱਚ ਸ਼ਾਮਲ ਕਰਨਾ ਕੋਈ ਸ਼ਲਾਘਾਯੋਗ ਨੀਤੀ ਪ੍ਰਤੀਤ ਨਹੀਂ ਹੁੰਦੀ। ਸੰਸਥਾ ਦੇ ਇਸ਼ਤਿਹਾਰਾਂ ਵਿੱਚ ਉਪਯੋਗ ਕੀਤੀਆਂ ਜਾਂਦੀਆਂ ਗੁਰੂ ਸਾਹਿਬਾਨ ਦੀਆਂ ਕਾਲਪਨਿਕ ਤਸਵੀਰਾਂ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਵਰਗੇ ਗੀਤਾਂ ਦੀ ਵਰਤੋਂ ਵੀ ਸ਼ਾਇਦ ਅਜਿਹੇ ‘ਵਿਦਵਾਨਾਂ’ ਦੀ ਸੰਗਤ ਦਾ ਹੀ ਅਸਰ ਹੈ।
ਇੱਥੇ ਇਹ ਵੀ ਧਿਆਨ ਦੇਣ ਯੋਗ ਤੱਥ ਹੈ ਕਿ ਸੰਸਥਾ ਵਿੱਚ ਖੁਸ਼ਵੰਤ ਸਿੰਘ ਵਰਗੇ ‘ਵਿਦਵਾਨ’ ਨੂੰ ਤਾਂ ਪਹਿਲੇ ਨੰਬਰ ’ਤੇ ਰੱਖਿਆ ਗਿਆ ਹੈ ਜਦਕਿ ਸ੍ਰ: ਇੰਦਰ ਸਿੰਘ ਘੱਗਾ ਵਰਗੇ ਸਰਗਰਮ ਤੇ ਨਿਧੜਕ ਵਿਦਵਾਨ ਨੂੰ 16ਵੇਂ ਨੰਬਰ (ਲੱਛਮਣ ਚੇਲਾ ਰਾਮ ਅਤੇ ਹਰੀ ਰਤਨ ਯੁਕਤਾ ਉਪਰੰਤ) ’ਤੇ ਰੱਖਿਆ ਗਿਆ ਹੈ। ਸ੍ਰ: ਗੁਰਤੇਜ ਸਿੰਘ (ਸਾਬਕਾ ਆਈ.ਏ.ਐਸ. ਅਫ਼ਸਰ ਅਤੇ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਿਜ਼ਮ), ਡਾ: ਹਰਜਿੰਦਰ ਸਿੰਘ ਦਿਲਗੀਰ (ਚਰਚਿਤ ਸਿੱਖ ਵਿਦਵਾਨ) ਅਤੇ ਭਾਈ ਜਸਬੀਰ ਸਿੰਘ ਖ਼ਾਲਸਾ (ਦਸਮ ਗ੍ਰੰਥ ਦਾ ਲਿਖਾਰੀ ਕੌਣ) ਜਿਹੇ ਵਿਦਵਾਨਾਂ ਨੂੰ ਸੰਸਥਾ ਵਿੱਚ ਉੱਕਾ ਹੀ ਸ਼ਾਮਲ ਨਹੀਂ ਕੀਤਾ ਗਿਆ ਕਿਉਂਕਿ ਸੰਸਥਾ ਦੇ ਪ੍ਰਬੰਧਕਾਂ ਦੇ ਇਨ੍ਹਾਂ (ਪਹਿਲੇ ਦੋ) ਵਿਦਵਾਨਾਂ ਨਾਲ ਸਬੰਧ ਸੁਖਾਲੇ ਨਹੀਂ ਹਨ ਅਤੇ ਤੀਜੇ ਵਿਦਵਾਨ ਬਾਰੇ ਸ਼ਾਇਦ ਡਾ: ਗੁਰਸ਼ਰਨਜੀਤ ਸਿੰਘ ਨੇ ਪ੍ਰਵਾਨਗੀ ਨਹੀਂ ਦਿੱਤੀ।
ਸੰਸਥਾ ਦੀ ਮੈਂਬਰਸ਼ਿਪ ਵੀ ਇਕ ਵਿਸ਼ੇਸ਼ ਰਕਮ ਅਦਾ ਕਰ ਸਕਣ ਵਾਲੇ ਹਰ ਵਿਅਕਤੀ ਲਈ ਖੁੱਲੀ ਹੈ (ਭਾਵੇਂ ਉਸਦਾ ਪਿਛੋਕੜ ਕਿੰਨਾ ਵੀ ਸ਼ੱਕੀ ਕਿਸਮ ਦਾ ਕਿਉਂ ਨਾ ਹੋਵੇ)। ਮੋਟੀਆਂ ਰਕਮਾਂ ਦਾ ‘ਦਾਨ’ ਦੇਣ ਵਾਲੇ ਸੱਜਣਾਂ ਦੇ ਨਾਵਾਂ ਦੀਆਂ ਤਖ਼ਤੀਆਂ ਸੰਸਥਾ ਦੇ ਅਜਾਇਬਘਰ ਵਿੱਚ ਲਗਾਉਣ ਦੇ ਵਾਅਦੇ ਕੀਤੇ ਜਾ ਰਹੇ ਹਨ। ਕਈ ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋਂ ਵੀ ‘ਦਾਨੀਆਂ’ ਵੱਲੋਂ ਗੁਰਦੁਆਰੇ ਦੀ ਬਿਲਡਿੰਗ ਵਾਸਤੇ ਦਿੱਤੇ ਗਏ ਦਾਨ ਬਦਲੇ, ਉਨ੍ਹਾਂ ਦੇ ਨਾਮ ਸੰਗਮਰਮਰ ਦੀਆਂ ਪਲੇਟਾਂ ’ਤੇ ਉਕਰਵਾ ਦਿੱਤੇ ਜਾਂਦੇ ਹਨ। ਸ਼ਾਇਦ ਏਕਸ ਕੇ ਬਾਰਿਕ ਸੰਸਥਾ ਦੇ ਪ੍ਰਬੰਧਕ ਵੀ ਉਹੀ ਅਜਮਾਈ ਹੋਈ ਨੀਤੀ ਅਪਣਾਉਣਾ ਚਾਹੁੰਦੇ ਹਨ। ਇਹੀ ਨਹੀਂ, ‘ਏਕਸ ਕੇ ਬਾਰਕ’ ਵੱਲੋਂ ਜਾਰੀ ਇਸ਼ਤਿਹਾਰਾਂ ਮੁਤਾਬਿਕ, ਇਸ ਸੰਸਥਾ ਨੂੰ ਗੁਰਮਤਿ ਪ੍ਰਚਾਰ ਤੱਕ ਸੀਮਤ ਰੱਖਣ ਦੀ ਬਜਾਏ ਇਸਨੂੰ ‘ਅਨਾਰਕਲੀ ਬਜ਼ਾਰ’ - ਜਿੱਥੋਂ ਦੁਨੀਆ ਦੀ ਹਰ ਚੀਜ਼ ਗੁਰੂ ਨਾਨਕ ਦੇ ਸੰਦੇਸ਼ ਵਾਲੇ ਲਿਟਰੇਚਰ ਸਮੇਤ, ਸਸਤੇ ਦਰਾਂ ਵਿੱਚ ਮਿਲ ਸਕੇਗੀ’’ - ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਮੈਂਬਰ ਬਣਾਉਣ ਵਾਸਤੇ ਇਹੋ ਜਿਹੇ ਲਾਲਚ ਦਿੱਤੇ ਜਾ ਰਹੇ ਹਨ ਕਿ ‘‘ਅੱਜ ਸਸਤੀ ਮੈਂਬਰਸ਼ਿਪ ਮਿਲ ਰਹੀ ਹੈ। ਅਨਾਰਕਲੀ ਬਜ਼ਾਰ ਚਾਲੂ ਹੋ ਜਾਣ ਮਗਰੋਂ ਮੈਂਬਰਸ਼ਿਪ ਫੀਸ ਮਹਿੰਗੀ ਹੋ ਜਾਏਗੀ।...’’
ਅਜਿਹੇ ਵਿੱਚ ਸੰਜੀਦਾ ਪੰਥ-ਦਰਦੀਆਂ ਨੂੰ ਚਾਹੀਦਾ ਹੈ ਕਿ ਉਹ ਸੰਸਥਾ ਦੀਆਂ ਨੀਤੀਆਂ ਤੇ ਕਾਰਜਸ਼ੈਲੀ ਵਿੱਚ ਸੋਧ ਕਰਨ ਲਈ ਇਕ ਵਾਰ ਫਿਰ ਖੁੱਲੇ ਦਿਲ ਨਾਲ ਮੀਟਿੰਗ ਕਰਨ ਅਤੇ ਸ਼ੱਕੀ ਕਿਸਮ ਦੇ ਅਖੌਤੀ ਵਿਦਵਾਨਾਂ ਨੂੰ ਸੰਸਥਾ ਤੋਂ ਬਾਹਰ ਦਾ ਰਸਤਾ ਦਿਖਾ ਕੇ ਤੱਤ ਗੁਰਮਤਿ ਨੂੰ ਪ੍ਰਣਾਏ ਵਿਦਵਾਨਾਂ ਨੂੰ (ਨਿਜੀ ਹਉਮੈ ਨੂੰ ਤਿਆਗ ਕੇ) ਸੰਸਥਾ ਵਿੱਚ ਸ਼ਾਮਲ ਕਰਨ। ਤਾਂ ਹੀ ਅਜਿਹੀ ਸੰਸਥਾ ਕਾਇਮ ਕਰਨ ਦਾ ਕੋਈ ਅਮਲੀ ਲਾਭ ਹੋ ਸਕਦਾ ਹੈ।
ekas ke barik, spokesman, advisory board, khushwant singh, lachhman chelaram, hari ratan yukta, tarsem sharma, anarkali bazar, need, review, policies, scholars