

ਲੋਕਾਂ ਦੀਆਂ ਲਾਸ਼ਾਂ ਤੇ ਕੁਰਸੀਆਂ ਡਾਹੁਣ ਵਾਲੇ ਲੀਡਰੋ ਅਤੇ ਲੋਕਾਂ ਨੂੰ ਬੁੱਧੂ ਬਣਾ ਕੇ ਡੇਰੇਦਾਰੀਆਂ ਚਮਕਾਉਣ ਵਾਲੇ ਡੇਰੇਦਾਰ ਸਾਧੋ, ਪੰਜਾਬ ਤੇ ਤਰਸ ਕਰੋ !
- ਹਰਲਾਜ ਸਿੰਘ ਬਹਾਦਰਪੁਰ -
ਫੋਨ : 9417023911
ਸਿਰਸਾ ਡੇਰੇ ਦੇ ਮੁਖੀ ਨੇ ਵਿਧਾਨ ਸਭਾ ਚੋਣਾਂ ਵਿੱਚ ਇੱਕ ਪਾਰਟੀ ਦੀ ਹਮਾਇਤ ਕਰਕੇ ਆਪਣੀ ਅਸਲੀਅਤ ਤਾਂ ਨੰਗੀ ਕਰ ਹੀ ਲਈ ਸੀ, ਭਾਵੇਂ ਕਿ ਕੁੱਝ ਪ੍ਰੇਮੀ ਇਸ ਫੈਸਲੇ ਨੂੰ ਡੇਰੇ ਦੇ ਰਾਜਸੀ ਵਿੰਗ ਦਾ ਫੈਸਲਾ ਕਹਿੰਦੇ ਰਹੇ ਤੇ ਨਾਲ ਇਹ ਵੀ ਕਹਿੰਦੇ ਰਹੇ ਕਿ ਡੇਰਾ ਮੁਖੀ ਦਾ ਇਸ ਫੈਸਲੇ ਨਾਲ ਕੋਈ ਸਬੰਧ ਨਹੀਂ ਹੈ। ਪਰ ਇਹ ਫੈਸਲਾ ਡੇਰਾ ਮੁਖੀ ਦੇ ਇਸ਼ਾਰੇ ਨਾਲ ਹੀ ਹੋਇਆ ਸੀ। ਜਿਸਦਾ ਕੁੱਝ ਡੇਰੇ ਦੇ ਪ੍ਰੇਮੀਆਂ ਨੇ ਦੱਬੀ ਅਵਾਜ ਵਿੱਚ ਬੁਰਾ ਵੀ ਮਨਾਇਆ ਸੀ।
ਇਸ ਫੈਸਲੇ ਤੋਂ ਪਹਿਲਾਂ ਵੀ ਡੇਰਾ ਮੁਖੀ ਕਈ ਵਿਵਾਦਾਂ ਵਿੱਚ ਘਿਰਿਆ ਹੋਇਆ ਸੀ, ਪਰ ਇਸ ਨੇ ਅੰਮ੍ਰਿਤ ਛਕਾਉਣ ਦੀ ਨਕਲ ਕਰਦਿਆਂ ਜਾਮ-ਏ-ਇੰਸਾਂ ਪਿਲਾ ਕੇ ਬਹੁਤ ਵੱਡਾ ਵਿਵਾਦ ਖੜਾ ਕਰ ਦਿੱਤਾ। ਇਹ ਵਿਵਾਦ ਪਹਿਲਾਂ ਹੋਏ ਸਾਰੇ ਵਿਵਾਦਾਂ ਨਾਲੋਂ ਵੱਡਾ ਹੋ ਨਿਬੜਿਆ। ਬੇਸ਼ੱਕ ਬਲਾਤਕਾਰ ਤੇ ਕਤਲਾਂ ਦੇ ਚੱਲ ਰਹੇ ਵਿਵਾਦ ਇਸ ਨਾਲੋਂ ਵੀ ਘਿਨਾਉਣੇ ਸਨ, ਪਰ ਇਸ ਸਵਾਂਗ ਵਿਵਾਦ ਨੇ ਲੋਕਾਂ ਵਿੱਚ ਜੋ ਨਫਰਤ ਫੈਲਾਈ ਹੈ ਉਹ ਪੂਰੇ ਪੰਜਾਬ ਨੂੰ ਕਿਸੇ ਵੀ ਸਮੇਂ ਬਲਦੀ ਅੱਗ ਵਿੱਚ ਝੋਕ ਸਕਦੀ ਹੈ। ਇਸ ਵਿਵਾਦ ਨੂੰ ਛਿੜਿਆਂ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਪਹਿਲਾਂ 20 ਜੂਨ ਨੂੰ ਮੁੰਬਈ ਗੋਲੀ-ਕਾਂਡ ਅਤੇ ਹੁਣ 18 ਜੁਲਾਈ ਨੂੰ ਡੱਬਵਾਲੀ ਕਾਂਡ ਨੇ ਇਸ ਮਸਲੇ ਨੂੰ ਦੁਬਾਰਾ ਭਖਾ ਦਿੱਤਾ ਹੈ। ਪਰ ਇਸ ਵਿਵਾਦ ਨੂੰ ਹੱਲ ਕਰਨ ਲਈ ਦੋਹੇਂ ਧਿਰਾਂ (ਡੇਰਾ ਮੁਖੀ ਤੇ ਪੰਜਾਬ ਸਰਕਾਰ) ਸੰਜੀਦਾ ਨਹੀਂ ਹਨ। ਇਸ ਵਿਵਾਦ ਦਾ ਮੁੱਖ ਦੋਸ਼ੀ ਡੇਰਾ ਮੁਖੀ ਹੈ ਜਿਸ ਨੇ ਆਪਣੇ ਡੇਰੇ ਦੀ ਪਹਿਲਾਂ ਤੋਂ ਚੱਲਦੀ ਆ ਰਹੀ ਪਰੰਪਰਾ ਦੇ ਉਲਟ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਛਕਾਏ ਅੰਮ੍ਰਿਤ ਦੀ ਨਕਲ ਕਰਦਿਆਂ ਜਾਮ-ਏ-ਇੰਸਾਂ ਪਿਲਾ ਕੇ ਸਿੱਖਾਂ ਦੇ ਜਜਬਾਤ ਭੜਕਾਏ। ਇਹਨਾਂ ਭੜਕੇ ਜਜਵਾਤਾਂ ਨੂੰ ਸ਼ਾਂਤ ਕਰਨ ਦਾ ਇੱਕੋ-ਇੱਕ ਸਭ ਤੋਂ ਵਧੀਆ ਢੰਗ ਸੀ ਕਿ ਡੇਰਾ ਮੁਖੀ ਸਿੱਧੇ ਢੰਗ ਨਾਲ ਮੁਆਫੀ ਮੰਗ ਕੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਿਸ਼ਵਾਸ ਦਿਵਾਉਂਦਾ। ਪਰ ਡੇਰਾ ਮੁਖੀ ਨੇ ਇਸ ਵਿਵਾਦ ਨੂੰ ਖਤਮ ਕਰਨ ਦੀ ਬਜਾਇ ਵਿੰਗੇ-ਟੇਢੇ ਢੰਗਾਂ ਨਾਲ ਮੁਆਫੀ ਨਾਮੇ ਲਿਖ ਕੇ ਇਸ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ।
ਇਸ ਦੇ ਵਿਰੋਧ ਵਿੱਚ ਗੁੱਸੇ ਵਿੱਚ ਆਏ ਸਿੰਘਾਂ ਨੇ ਪ੍ਰੇਮੀਆਂ ਵੱਲੋਂ ਕੀਤੀਆਂ ਜਾਂਦੀਆਂ ਨਾਮ ਚਰਚਾਵਾਂ ਨੂੰ ਰੋਕਣ ਦਾ ਫੈਸਲਾ ਕਰ ਲਿਆ। ਜਿਸ ਨਾਲ ਪਿੰਡਾਂ ਸ਼ਹਿਰਾਂ ਵਿੱਚ ਨਫਰਤ ਫੈਲਣੀ ਸ਼ੁਰੂ ਹੋ ਗਈ। ਜੇ ਡੇਰਾ ਮੁਖੀ ਦੇ ਮਨ ਅੰਦਰ ਇਨਸਾਨੀਅਤ ਪ੍ਰਤੀ ਰਹਿਮ ਹੁੰਦਾ ਤਾਂ ਉਹ ਆਪਣੇ ਪ੍ਰੇਮੀਆਂ ਨੂੰ ਹਦਾਇਤ ਕਰਦਾ ਕਿ ਜਿੰਨਾ ਚਿਰ ਇਹ ਵਿਵਾਦ ਸ਼ਾਂਤ ਨਹੀਂ ਹੁੰਦਾ ਉਨਾ ਚਿਰ ਕਿਸੇ ਵੀ ਪ੍ਰੇਮੀ ਨੇ ਕਿਤੇ ਵੀ ਕੋਈ ਨਾਮ ਚਰਚਾ ਨਹੀਂ ਕਰਨੀ। ਕਿਉਂਕਿ ਇਸ ਨਾਲ ਮਾਹੌਲ ਵਿਗੜ ਸਕਦਾ ਹੈ। ਜਿਸ ਨਾਲ ਕਿਸੇ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ। ਇਸ ਤਰ੍ਹਾਂ ਕੁੱਝ ਸਮੇਂ ਲਈ ਨਾਮ ਚਰਚਾਵਾਂ ਰੁਕਣ ਨਾਲ ਕੋਈ ਪਰਲੋ ਨਹੀਂ ਸੀ ਆ ਜਾਣੀ ਤੇ ਨਾ ਹੀ ਰੱਬ ਨੇ ਛੋਟਾ ਹੋ ਜਾਣਾ ਸੀ। ਇਹ ਕੋਈ ਧਰਮ ਕਰਮ ਨਹੀਂ ਹੈ, ਜਿੱਥੇ ਰੱਬ ਦਾ ਨਾਮ ਲੈਣ ਜਾਂ ਰੋਕਣ ਵਾਸਤੇ ਇਨਸਾਨੀਅਤ ਦਾ ਖੂਨ ਵਹਾਇਆ ਜਾਵੇ।

ਡੱਬਵਾਲੀ ਵਿੱਚ ਡੇਰੇ ਦੇ ਸਮਰਥਕਾਂ ਵੱਲੋਂ ਭਾਈ ਸੁਖਮੰਦਰ ਸਿੰਘ ਦਾ ਕਤਲ ਕੀਤੇ ਜਾਣ ਪਿਛੋਂ ਰੋਹ ਵਿੱਚ ਆਏ ਸਿੱਖ ਨੌਜੁਆਨ
ਇੱਥੇ ਇਹ ਸਪੱਸ਼ਟ ਹੁੰਦਾ ਹੈ ਕਿ ਡੇਰਾ ਮੁਖੀ ਇਸ ਵਿਵਾਦ ਨੂੰ ਹੱਲ ਨਹੀਂ ਕਰਨਾ ਚਾਹੁੰਦਾ, ਸਗੋਂ ਇਸ ਵਿਵਾਦ ਦਾ ਨਜਾਇਜ਼ ਫਾਇਦਾ ਉਠਾਉਣਾ ਚਾਹੁੰਦਾ ਹੈ। ਆਪਣੇ ਉਤੇ ਲੱਗ ਰਹੇ ਦੋਸ਼ਾਂ ਤੋਂ ਲੋਕਾਂ ਦਾ ਧਿਆਨ ਹੋਰ ਪਾਸੇ ਕਰਨ ਲਈ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਪੰਜਾਬ ਵਿੱਚ ਖੂਨੀ ਜੰਗ ਸ਼ੁਰੂ ਕਰਵਾਉਣ ਦੀ ਮਨਸਾ ਨਾਲ ਡੇਰਾ ਮੁਖੀ ਆਪਣੇ ਅੰਧਵਿਸ਼ਵਾਸੀ ਪ੍ਰੇਮੀਆਂ ਦੀ ਬਲੀ ਦੇਣ ਲਈ ਤਿਆਰ ਹੈ। ਦੂਜੇ ਪਾਸੇ ਸਿਆਸੀ ਧਿਰ ਹੈ। ਸਿਆਸੀ ਲੀਡਰਾਂ ਦਾ ਕੋਈ ਧਰਮ ਨਹੀਂ ਹੁੰਦਾ। ਇਹਨਾਂ ਲਈ ਵੋਟਾਂ ੁਬਟੋਰਨੀਆਂ ਹੀ ਧਰਮ ਕਰਮ ਹੈ ਅਤੇ ਕੁਰਸੀ ਇਹਨਾਂ ਲਈ ਰੱਬ ਹੁੰਦੀ ਹੈ। ਇਸ ਲਈ ਜਦੋਂ ਕੋਈ ਸਿਆਸੀ ਲੀਡਰਾਂ ਦੇ ਧਰਮ ਕਰਮ (ਵੋਟਾਂ) ਵਿੱਚ ਦਖਲਅੰਦਾਜੀ ਕਰਦਾ ਹੈ ਤਾਂ ਇਹਨਾਂ ਨੂੰ ਠੇਸ ਪਹੁੰਚਦੀ ਹੈ। ਅਕਾਲੀ ਸਰਕਾਰ ਨੂੰ ਗੁੱਸਾ ਹੈ ਕਿ ਪ੍ਰੇਮੀਆਂ ਨੇ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਉਹਨਾਂ ਦੀ ਵਿਰੋਧੀ ਪਾਰਟੀ ਕਾਂਗਰਸ ਨੂੰ ਪਾਈਆਂ ਹਨ। ਕਾਂਗਰਸ ਨੂੰ ਪਾਈਆਂ ਵੋਟਾਂ ਦਾ ਸੁਆਦ ਚਖਾਉਣ ਲਈ ਅਕਾਲੀ ਸਰਕਾਰ ਬਦਲਾ ਲਉ ਨੀਤੀ ਤਹਿਤ ਪ੍ਰੇਮੀਆਂ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ।
ਅਕਾਲੀ ਸਰਕਾਰ ਨੂੰ ਡੇਰਾ ਮੁਖੀ ਵੱਲੋਂ ਉਤਾਰੇ ਸਵਾਂਗ ਕਾਰਨ ਸਿੱਖਾਂ ਦੇ ਭੜਕੇ ਜਜਬਾਤਾਂ ਦਾ ਕੋਈ ਵਾਸਤਾ ਨਹੀਂ। ਕਿਉਂਕਿ ਸਿੱਖਾਂ ਦੇ ਜਜਬਾਤ ਭੜਕਾਉਣ ਵਾਲੇ ਕਾਰਨਾਮੇ ਤਾਂ ਅਕਾਲੀ ਆਗੂ ਖੁਦ ਹੀ ਕਰਦੇ ਰਹਿੰਦੇ ਹਨ। ਇਸੇ ਸੌਦਾ ਸਾਧ ਦੇ ਡੇਰੇ ਵਿੱਚ ਜਾ ਕੇ ਸ੍ਰ: ਬਾਦਲ ਖੁਦ ਆਸ਼ੀਰਵਾਦ ਪ੍ਰਾਪਤ ਕਰਦਾ ਰਿਹਾ ਹੈ। ਪਰ ਜਦੋਂ ਡੇਰੇ ਵਾਲਿਆਂ ਨੇ ਅਕਾਲੀਆਂ ਦੇ ਧਰਮ ਕਰਮ (ਵੋਟਾਂ) ਵਿੱਚ ਦਖਲ ਅੰਦਾਜੀ ਕੀਤੀ ਤਾਂ ਅਕਾਲੀਆਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ੍ਹ ਗਿਆ ਕਿਉਂਕਿ ਦਖਲ ਅੰਦਾਜੀ ਤਾਂ ਬਾਦਲ ਸਾਹਿਬ ਨੇ ਕਦੇ ਜਥੇਦਾਰ ਰਣਜੀਤ ਸਿੰਘ ਅਤੇ ਗੁਰਚਰਨ ਸਿੰਘ ਟੋਹੜਾ ਦੀ ਵੀ ਬਰਦਾਸ਼ਤ ਨਹੀਂ ਸੀ ਕੀਤੀ। ਭਾਵੇਂ ਉਹ ਸਿੱਖ ਕੌਮ ਦੇ ਭਲੇ ਲਈ ਹੀ ਕਿਉਂ ਨਾ ਹੁੰਦੀ। ਇਸੇ ਗੁੱਸੇ ਵਿੱਚ ਬਾਦਲ ਸਾਹਿਬ ਨੇ ਮੌਕਾ ਤਾੜਦਿਆਂ ਆਪਣੇ ਮੁਲਾਜਮਾਂ (ਅਖੌਤੀ ਜਥੇਦਾਰਾਂ) ਰਾਹੀਂ ਸੌਦਾ ਸਾਧ ਵੱਲੋਂ ਉਤਾਰੇ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਂਗ ਦੇ ਵਿਰੁੱਧ ਅਕਾਲ ਤਖਤ ਸਾਹਿਬ ਦੇ ਨਾਮ ਹੇਠ ਹੁਕਮਨਾਮਾ ਜਾਰੀ ਕਰਵਾ ਦਿੱਤਾ ਕਿ ਡੇਰਾ ਪ੍ਰੇਮੀਆਂ ਦਾ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਬਾਈਕਾਟ ਕੀਤਾ ਜਾਵੇ। ਜਦਕਿ ਹੁਕਮਨਾਮੇ ਜਾਰੀ ਕਰਨ ਵਾਲੇ ਅਖੌਤੀ ਜਥੇਦਾਰ ਅਸ਼ਲੀਲ ਕਵਿਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਖੁਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਂਗ ਉਤਾਰ ਰਹੇ ਹਨ, ਪਰ ਕੌਣ ਕਹੇ ਰਾਣੀਏ ਅੱਗਾ ਢੱਕ।
ਜੋ ਇਸ ਸਿਆਸੀ ਹੁਕਮਨਾਮੇ ਨੇ ਪਿੰਡਾਂ ਸ਼ਹਿਰਾਂ ਅਤੇ ਘਰਾਂ ਵਿੱਚ ਨਫਰਤ ਦੇ ਬੀਜ ਬੀਜੇ ਹਨ ਇਸ ਦੇ ਸਿੱਟੇ ਬਹੁਤ ਮਾੜੇ ਨਿਕਲ ਰਹੇ ਹਨ ਤੇ ਅੱਗੇ ਨੂੰ ਹੋਰ ਵੀ ਨਿਕਲਣਗੇ। ਲੋਕਾਂ ਦੇ ਪਰਿਵਾਰ ਅਤੇ ਰਿਸ਼ਤੇਦਾਰੀਆਂ ਟੁੱਟ ਰਹੀਆਂ ਹਨ। ਦਾਸ ਵੱਲੋਂ ਇਸੇ ਵਿਸ਼ੇ ’ਤੇ ਲਿਖਿਆ ਗਿਆ ਇਕ ਲੇਖ ਇਕ ਪੰਜਾਬੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਣ ’ਤੇ ਸਿਰਸਾ ਡੇਰੇ ਦੀ ਸ਼ਰਧਾਲੂ ਭੈਣ ਨੇ ਮੈਨੂੰ ਡੇਰੇ ਦੇ ਕਾਲਜ ਵਿੱਚੋਂ ਫੋਨ ਕੀਤਾ ਤੇ ਉਸਨੇ ਫੋਨ ਤੇ ਰੋਂਦੀ ਹੋਈ ਨੇ ਕਿਹਾ ਕਿ ਵੀਰਾ ਮੈਂ ਕਿਧਰ ਜਾਵਾਂ? ਮੇਰੇ ਮਾਂ ਪਿਓ ਪੱਕੇ ਅਕਾਲੀ ਹਨ, ਬਾਦਲ ਨਾਲ ਜੇਲ੍ਹਾਂ ਵੀ ਕੱਟਦੇ ਰਹੇ ਹਨ, ਮੇਰੇ ਭਰਾ ਵੀ ਸਿੱਖ ਹਨ, ਪਰ ਮੇਰੀ ਸ਼ਾਦੀ ਸਿਰਸੇ ਡੇਰੇ ਦੇ ਪ੍ਰੇਮੀ ਨਾਲ ਹੋ ਗਈ। ਹੁਣ ਦੱਸੋ ਕਿ ਮੈਂ ਆਪਣੇ ਪਤੀ ਨੂੰ ਤਲਾਕ ਦੇ ਦਿਆਂ ਜਾਂ ਆਪਣੇ ਪੇਕਿਆਂ ਨੂੰ ਛੱਡ ਦੇਵਾਂ। ਮੈਨੂੰ ਮੇਰੇ ਬੱਚੇ ਪੁੱਛਦੇ ਹਨ ਕਿ ਮੰਮੀ, ਕੀ ਸਾਡੇ ਮਾਮਾ ਜੀ ਹੁਣ ਸਾਨੂੰ ਨਹੀਂ ਬੁਲਾਉਣਗੇ? ਦੱਸੋ ਮੈਂ ਕੀ ਉਤਰ ਦੇਵਾਂ? ਮੇਰੇ ਮਾਤਾ ਪਿਤਾ ਅੱਡ ਤੜਫ ਰਹੇ ਹਨ।
ਅਜਿਹੇ ਬਾਈਕਾਟ ਦੇ ਹੁਕਮਨਾਮਿਆਂ ਨਾਲ ਕਿਹੜੇ ਧਰਮ ਦੀ ਪਾਲਣਾ ਕੀਤੀ ਜਾ ਰਹੀ ਹੈ? ਧਰਮ ਇੱਥੇ ਦੋਹੇਂ ਪਾਸੇ ਹੀ ਨਹੀਂ ਹੈ। ਇੱਕ ਪਾਸੇ ਉਹ ਡੇਰਾ ਮੁਖੀ ਹੈ ਜਿਸ ਤੇ ਧੱਕੇ ਨਾਲ ਗੱਦੀ ਹਥਿਆਉਣ, ਬਲਾਤਕਾਰ ਅਤੇ ਕਤਲਾਂ ਦੇ ਦੋਸ਼ ਲੱਗ ਰਹੇ ਹਨ। ਦੂਜੇ ਪਾਸੇ ਅਕਾਲੀ ਤੇ ਡੇਰੇਦਾਰ ਸੰਤ ਹਨ ਜੋ ਧਰਮ ਦੇ ਨਾਂ ਤੇ ਲੋਕਾਂ ਨੂੰ ਬੁੱਧੂ ਬਣਾ ਕੇ ਲੜਾ ਰਹੇ ਹਨ। ਉਹ ਕਿਹੜੀ ਬੁਰਾਈ ਹੈ ਜੋ ਇਹਨਾਂ ਅਕਾਲੀਆਂ ਤੇ ਡੇਰੇਦਾਰ ਸੰਤਾਂ ਵਿੱਚ ਨਹੀਂ ਆ ਚੁੱਕੀ। ਅੱਜ ਦੀ ਲੜਾਈ ਨੂੰ ਡੇਰਾਵਾਦ ਦੇ ਵਿਰੁੱਧ ਪ੍ਰਚਾਰਿਆ ਜਾ ਰਿਹਾ ਹੈ, ਜਦਕਿ ਸਿੱਖ ਧਰਮ ਵਿੱਚ ਅਣਗਿਣਤ ਡੇਰੇ ਸਥਾਪਿਤ ਹੋ ਚੁੱਕੇ ਹਨ, ਜਿੰਨ੍ਹਾਂ ਦਾ ਕੋਈ ਹੱਲ ਹੀ ਨਹੀਂ ਦਿਸ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਧਰਮ ਦਾ ਪ੍ਰਚਾਰ ਕਰਨਾ ਸੀ, ਉਹ ਆਪਣੇ ਮਿਸ਼ਨ ਤੋਂ ਭਟਕ ਕੇ ਅਕਾਲੀ ਦਲ ਬਾਦਲ ਦੀ ਸੇਵਾ ਸੰਭਾਲ ਤੇ ਪ੍ਰਚਾਰ ਕਰ ਰਹੀ ਹੈ, ਤਖਤਾਂ ਦੇ ਜਥੇਦਾਰ ਵੀ ਬਾਦਲ ਸਾਹਿਬ ਦੇ ਦਾਸ ਹਨ। ਵਿਰਲੇ ਸਿੱਖ ਹਨ ਜੋ ਸਿੱਖੀ ਦੀ ਗੱਲ ਕਰ ਰਹੇ ਹਨ।
ਸਿੱਖ ਕੌਮ ਜੁਲਮ ਦੇ ਵਿਰੁੱਧ ਲੜਦੀ ਰਹੀ ਹੈ, ਜੁਲਮ ਭਾਵੇਂ ਕਿਸੇ ਤੇ ਹੁੰਦਾ ਹੋਵੇ। ਜਦੋਂ ਸਿਰਸੇ ਡੇਰੇ ਦੇ ਮੁਖੀ ਤੇ ਬਲਾਤਕਾਰ ਦੇ ਦੋਸ਼ ਲੱਗੇ ਸਨ ਤੇ ਉਸ ਸਮੇਂ ਇੱਕ ਸਾਧਵੀ ਦੀ ਚਿੱਠੀ ਵੀ ਇੱਕ ਅਖਬਾਰ ਵਿੱਚ ਛਪੀ ਸੀ ਜਿਸ ਕਾਰਨ ਡੇਰੇ ਦੇ ਸ਼ਰਧਾਲੂਆਂ ਨੇ ਉਸ ਅਖਬਾਰ ਦੇ ਸੰਪਾਦਕ ਰਾਮ ਚੰਦਰ ਛੱਤਰਪਤੀ ਨੂੰ ਵੀ ਮਾਰ ਦਿੱਤਾ ਸੀ। ਫਿਰ ਉਸ ਸਮੇਂ ਸਿੱਖ ਉਸਦੇ ਵਿਰੁੱਧ ਕਿਉਂ ਨਾ ਖੜੇ ਹੋਏ? ਕੀ ਉਹ ਜੁਲਮ ਨਹੀਂ ਸੀ?
ਅਜੋਕੇ ਸਿੱਖ ਨੀਵੇਂ ਪੱਧਰ ਦੀ ਲੜਾਈ ਲੜ ਰਹੇ ਹਨ। ਮੁੱਖ ਦੋਸ਼ੀ ਨੂੰ ਸਜ਼ਾ ਦੇਣ ਦੀ ਬਜਾਏ ਆਪਣੇ ਭੁੱਲੜ ਭਰਾਵਾਂ ਨਾਲ ਲੜ ਰਹੇ ਹਨ, ਜਿਸ ਨਾਲ ਸਿੱਖਾਂ ਦਾ ਨੁਕਸਾਨ ਅਤੇ ਸੌਦਾ ਸਾਧ ਦਾ ਫਾਇਦਾ ਹੋ ਰਿਹਾ ਹੈ। ਧਰਨੇ ਜਾਂ ਮੁਜ਼ਾਹਰੇ ਆਪਣਿਆਂ ਨੂੰ ਰੋਸ ਵਿਖਾਉਣ ਲਈ ਹੁੰਦੇ ਹਨ। ਦੁਸ਼ਮਣ ਨੂੰ ਸਬਕ ਸਿਖਾਉਣ ਲਈ ਰੋਸ ਧਰਨਿਆਂ ਦੀ ਨਹੀਂ ਬਲਕਿ ਕਰਾਰੇ ਹੱਥਾਂ ਦੀ ਲੋੜ ਹੁੰਦੀ ਹੈ। ਜਿਸ ਤਰ੍ਹਾਂ ਪਹਿਲਾਂ ਸੁੱਖਾ ਸਿੰਘ, ਮਹਿਤਾਬ ਸਿੰਘ ਅਤੇ ਹੁਣ ਦੇ ਸਿੰਘਾਂ (ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਆਦਿ) ਨੇ ਵਿਖਾਏ ਸਨ।
ਸਿਰਸਾ ਡੇਰੇ ’ਤੇ ਸਿੱਖਾਂ ਦੇ ਚੱਲ ਰਹੇ ਇਸ ਵਿਵਾਦ ਵਿੱਚ ਰਾਜਨੀਤੀ ਭਾਰੂ ਹੈ। ਬਾਦਲ ਦੀਆਂ ਚਾਲਾਂ ਨੂੰ ਨਾ ਸਮਝਣ ਵਾਲੇ ਸਿੱਖ ਲੜ ਰਹੇ ਹਨ, ਅਕਾਲੀ ਦਲ ਬਾਦਲ ਦੇ ਅਕਾਲੀ ਇਸ ਲੜਾਈ ਵਿੱਚ ਬਹੁਤ ਪਿੱਛੇ ਹਨ। ਖਾਲਸਾ ਪੰਚਾਇਤ ਦੇ ਵੀਰਾਂ ਤੇ ਸਿਮਰਨਜੀਤ ਸਿੰਘ ਮਾਨ ਨੂੰ ਕੁੱਟਣ ਵਾਲੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੀ ਹੁਣ ਕਿਤੇ ਨਹੀਂ ਲੱਭਦੀ। ਜੋ ਇਸ ਸਮੇਂ ਪ੍ਰੇਮੀਆਂ ਨਾਲ ਲੜ ਰਹੇ ਹਨ ਉਹ ਹੋਰ ਅਕਾਲੀ ਦਲਾਂ ਦੇ ਵਰਕਰ ਅਤੇ ਆਮ ਸਿੱਖ ਹਨ।
ਇਸ ਲੜਾਈ ਵਿੱਚ ਸ੍ਰ: ਬਾਦਲ ਦੇ ਦੋਹਾਂ ਹੱਥਾਂ ਵਿੱਚ ਲੱਡੂ ਹਨ, ਕਿਉਂਕਿ ਪ੍ਰੇਮੀ ਅਤੇ ਪ੍ਰੇਮੀਆਂ ਨਾਲ ਲੜਣ ਵਾਲੇ ਦੋਵੇਂ ਹੀ ਬਾਦਲ ਦੇ ਵਿਰੋਧੀ ਹਨ। ਸਿਆਸੀ ਲੀਡਰਾਂ ਨੂੰ ਇਸ ਨਾਲੋਂ ਚੰਗਾ ਮੌਕਾ ਮਿਲਣਾ ਮੁਸ਼ਕਿਲ ਹੁੰਦਾ ਹੈ। ਸਿਰਸੇ ਵਰਗੇ ਡੇਰੇ ਹੋਂਦ ਵਿੱਚ ਕਿਉਂ ਆਏ, ਇੰਨੀ ਦੁਨੀਆਂ ਇਹਨਾਂ ਪਿੱਛੇ ਕਿਉਂ ਲੱਗੀ, ਜਦਕਿ ਇਹਨਾਂ ਕੋਲ ਸਿੱਖ ਧਰਮ ਦੇ ਮੁਕਾਬਲੇ ਕੁੱਝ ਵੀ ਨਹੀਂ ਹੈ, ਕੀ ਅਕਾਲੀ ਇਸ ਗੱਲ ਦਾ ਜਵਾਬ ਦੇਣਗੇ? ਸਿੱਖਾਂ ਕੋਲ ਸਰਵੋਤਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਕੁਰਬਾਨੀਆਂ ਭਰਿਆ ਇਤਿਹਾਸ, ਪਰ ਲੋਕ ਫਿਰ ਵੀ ਸਿੱਖ ਧਰਮ ਨੂੰ ਛੱਡ ਕੇ ਡੇਰਿਆਂ ਵੱਲ ਕਿਉਂ ਜਾ ਰਹੇ ਹਨ? ਅਕਾਲੀ ਦਲ ਸਿੱਖੀ ਦਾ ਮੁਦਈ ਕਹਾਉਂਦਾ ਹੈ। ਸਿੱਖੀ ਦੇ ਪ੍ਰਚਾਰ ਲਈ ਇੱਕ ਮਜਬੂਤ ਸੰਸਥਾ ਸ਼੍ਰੋ: ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਅਣਗਿਣਤ ਸੰਤ ਕਥਿਤ ਤੌਰ ’ਤੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਫਿਰ ਕਮੀ ਕਿੱਥੇ ਹੈ?
ਕਦੇ ਉਹ ਵੀ ਸਮਾਂ ਸੀ ਜਦੋਂ ਹੋਰ ਧਰਮਾਂ ਨੂੰ ਛੱਡ ਕੇ ਲੋਕ ਸਿੱਖ ਬਣਦੇ ਸਨ ਪਰ ਅੱਜ ਸਭ ਕੁੱਝ ਉਲਟ ਹੋ ਰਿਹਾ ਹੈ। ਇਸ ਦਾ ਮੁੱਖ ਕਾਰਨ ਹੈ ਕਿ ਸਿੱਖੀ ਦਾ ਪ੍ਰਚਾਰ ਕਰਨ ਦੀ ਥਾਂ ਡੇਰੇਦਾਰ ਆਪੋ ਆਪਣੇ ਡੇਰਿਆਂ ਦੇ ਸੰਤਾਂ ਨੂੰ ਰੱਬ ਬਣਾ ਕੇ ਸੰਗਤਾਂ ਨੂੰ ਆਪਣੇ ਡੇਰਿਆਂ ਨਾਲ ਜੋੜਦੇ ਰਹੇ ਅਤੇ ਰਾਜਨੀਤਿਕ ਲੀਡਰ, ਲੋਕਾਂ ਨੂੰ ਆਪਣੀਆਂ ਪਾਰਟੀਆਂ ਨਾਲ ਜੋੜਦੇ ਰਹੇ, ਜਿਸ ਕਾਰਨ ਅੱਜ ਸਿੱਖੀ ਨਾਲ ਜੁੜਿਆ ਕੋਈ ਵਿਰਲਾ ਸਿੱਖ ਹੀ ਰਹਿ ਗਿਆ। ਕੁੱਝ ਲੋਕ ਰਾਜਨੀਤਿਕ ਪਾਰਟੀਆਂ ਨਾਲ ਜੁੜ ਗਏ। ਕੁੱਝ ਡੇਰੇਦਾਰ ਸੰਤਾਂ ਨਾਲ ਜੁੜ ਗਏ ਤੇ ਕੁੱਝ ਲੋਕ ਸਿੱਖੀ ਤੋਂ ਹੀ ਬਾਹਰ ਚਲੇ ਗਏ। ਹੁਣ ਅਕਾਲੀਆਂ ਦੀ ਪੰਜਾਬ ਵਿੱਚ ਸਰਕਾਰ ਹੈ, ਸ਼੍ਰੋ: ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਿੱਖੀ ਦਾ ਪ੍ਰਚਾਰ ਕਰਨ ਦੀਆਂ ਡੀਂਗਾਂ ਮਾਰ ਰਹੀ ਹੈ। ਪਰ ਡੇਰਾਵਾਦ ਫਿਰ ਵੀ ਭਾਰੂ ਹੁੰਦਾ ਜਾ ਰਿਹਾ ਹੈ। ਸ਼੍ਰੋ: ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਸਿਧਾਂਤਾਂ ਦਾ ਸਹੀ ਪ੍ਰਚਾਰ ਕਰਨ ਦੀ ਬਜਾਇ ਭੋਲੇ ਸਿੱਖਾਂ ਨੂੰ ਪ੍ਰੇਮੀਆਂ ਨਾਲ ਲੜਾਇਆ ਜਾ ਰਿਹਾ ਹੈ। ਪ੍ਰੇਮੀਆਂ ਵੱਲੋਂ ਕੀਤੀਆਂ ਜਾਂਦੀਆਂ ਨਾਮ ਚਰਚਾਵਾਂ, ਮਰਗਤ ਤੇ ਵਿਆਹਾਂ ਦੇ ਸਮਾਗਮਾਂ ਸਮੇਂ ਮਾਹੌਲ ਤਣਾਅ ਭਰਪੂਰ ਹੁੰਦਾ ਹੈ। ਕਈ ਥਾਈਂ ਹੋਈਆਂ ਝੜਪਾਂ ਵਿੱਚ ਦੋਹਾਂ ਧਿਰਾਂ ਦੇ ਆਗੂ ਜਖਮੀ ਵੀ ਹੋਏ ਹਨ ਅਤੇ ਕਈਆਂ ਤੇ ਪਰਚੇ ਵੀ ਦਰਜ ਹੋ ਚੁੱਕੇ ਹਨ। ਸੌਦਾ ਸਾਧ ਤੇ ਬਾਦਲ ਦੋਹੇਂ ਤਮਾਸ਼ਾ ਦੇਖ ਰਹੇ ਹਨ। ਲੜ ਆਮ ਲੋਕ ਰਹੇ ਹਨ, ਜਿੰਨ੍ਹਾਂ ਨੂੰ ਇਹਨਾਂ ਦੀਆਂ ਚਾਲਾਂ ਦਾ ਪਤਾ ਨਹੀਂ।
ਇਸ ਵਿਵਾਦ ਦੇ ਸ਼ੁਰੂ ਹੋਣ ਸਮੇਂ ਬਠਿੰਡਾ ਵਿਖੇ ਪਹਿਲਾ ਡੇਰਾ ਪ੍ਰੇਮੀਆਂ ਨੂੰ ਖੁੱਲ ਦੇ ਕੇ ਉਹਨਾਂ ਤੋਂ ਪੁਲਿਸ ਅਤੇ ਸਿੱਖਾਂ ਨੂੰ ਕੁਟਵਾਇਆ ਗਿਆ, ਫਿਰ ਪ੍ਰੇਮੀਆਂ ਨੂੰ ਦਬਾਉਣ ਲਈ ਪੁਲਿਸ ਨੇ ਸਿੱਖਾਂ ਦਾ ਸਾਥ ਦੇ ਕੇ ਉਹਨਾਂ ਦੇ ਸਮਾਗਮਾਂ ਤੇ ਰੋਕ ਲਗਾਈ। ਹੁਣ ਪੁਲਿਸ ਦਾ ਰੁੱਖ ਫੇਰ ਬਦਲ ਗਿਆ ਹੈ। ਹੁਣ ਪੁਲਿਸ ਪ੍ਰੇਮੀਆਂ ਦੇ ਸਮਾਗਮਾਂ ਵਿੱਚ ਉਹਨਾਂ ਦੀ ਰਾਖੀ ਕਰਨ ਲਈ ਬਚਨਬੱਧ ਹੈ। ਜਿਸ ਕਾਰਨ ਹੁਣ ਸਿੱਖਾਂ ਤੇ ਪਰਚੇ ਦਰਜ ਹੋਣਗੇ, ਪਰ ਸਾਡੇ ਭੋਲੇ ਵੀਰ ਸਿਆਸੀ ਚਾਲਾਂ ਨੂੰ ਨਾ ਸਮਝਦੇ ਹੋਏ ਇੱਕ ਦੂਜੇ ਦੇ ਵੈਰੀ ਬਣ ਰਹੇ ਹਨ। ਆਮ ਲੋਕਾਂ ਵਿੱਚ ਫੈਲ ਰਹੀ ਇਹ ਨਫਰਤ ਦੀ ਅੱਗ ਕਦੇ ਵੀ ਭਾਂਬੜ ਬਣ ਕੇ ਪੰਜਾਬ ਨੂੰ ਤਬਾਹ ਕਰ ਸਕਦੀ ਹੈ। ਪਹਿਲਾਂ ਦਾ ਝੁਲਸਿਆ ਪੰਜਾਬ ਹਾਲੇ ਤੱਕ ਤਾਬ ਨਹੀਂ ਆਇਆ। ਜੋ ਖਾੜਕੂ ਸਿੰਘ ਮਰੇ, ਉਹ ਵੀ ਪੰਜਾਬ ਦੇ ਪੁੱਤਰ ਸਨ। ਜੋ ਪੁਲਿਸ ਦੇ ਮੁੰਡੇ ਮਰੇ, ਉਹ ਵੀ ਪੰਜਾਬ ਦੇ ਪੁੱਤਰ ਸਨ। ਦੋਹੇਂ ਪਾਸੇ ਪੰਜਾਬ ਦੀਆਂ ਧੀਆਂ ਰੰਡੀਆਂ ਹੋਈਆਂ, ਮਾਵਾਂ ਦੇ ਪੁੱਤ ਮਰੇ, ਤੇ ਉਹਨਾਂ ਦੇ ਬੱਚੇ ਲਵਾਰਿਸ ਹੋਏ - ਅੱਜ ਫੇਰ ਮਸਲਾ ਉਹੀ ਬਣਦਾ ਜਾ ਰਿਹਾ ਹੈ। ਇਸ ਵਿੱਚ ਪੰਜਾਬ ਦੀਆਂ ਧੀਆਂ ਹੀ ਰੰਡੀਆਂ ਹੋਣਗੀਆਂ ਤੇ ਬੱਚੇ ਲਵਾਰਿਸ ਹੋਣਗੇ। ਲੋਕਾਂ ਦੀਆਂ ਲਾਸ਼ਾਂ ਤੇ ਕੁਰਸੀਆਂ ਡਾਹੁਣ ਵਾਲੇ ਲੀਡਰੋ ਅਤੇ ਲੋਕਾਂ ਨੂੰ ਮਰਵਾ ਕੇ ਡੇਰੇਦਾਰੀਆਂ ਚਮਕਾਉਣ ਵਾਲੇ ਡੇਰੇਦਾਰ ਸਾਧੋ, ਪੰਜਾਬ ਤੇ ਤਰਸ ਕਰੋ। ਕਿਉਂਕਿ ਪੰਜਾਬ ਦੇ ਪਹਿਲੇ ਜ਼ਖ਼ਮ ਵੀ ਅਜੇ ਤੱਕ ਭਰੇ ਨਹੀਂ, ਤੁਸੀਂ ਦੁਬਾਰਾ ਫੇਰ ਜ਼ਖ਼ਮੀ ਕਰਨ ਲਈ ਤਿਆਰ ਹੋ ਚੁੱਕੇ ਹੋ।