Subscription About Us Contact Us


ਦਿੱਲੀ ਡਾਇਰੀ

- ਇੰਡੀਆ ਅਵੇਅਰਨੈੱਸ ਬਿਉਰੋ -

 

ਪੰਜਾਬੀ ਬਾਗ ਕਾਲਜ ’ਚ ਗੁੰਡਾਗਰਦੀ

ਦਿੱਲੀ ਗੁਰਦੁਆਰਾ ਕਮੇਟੀ ਦੇ ਕੁਝ ਆਗੂ ਭ੍ਰਿਸ਼ਟਾਚਾਰ ਫੈਲਾਉਣ ਖ਼ੁਦ ਤਾਂ ਸਰਗਰਮ ਹੀ ਹਨ ਪਰ ਕਮੇਟੀ ਦੇ ਮੁਲਾਜ਼ਮਾਂ ਤੋਂ ਵੀ ਹਰ ਹੀਲੇ ਭ੍ਰਿਸ਼ਟਾਚਾਰ ਕਰਵਾਉਣਾ ਲੋਚਦੇ ਹਨੇ। ਇਸੇ ਤੱਥ ਦੀ ਇਕ ਮਿਸਾਲ ਪਿਛਲੇ ਦਿਨੀਂ ਦਿੱਲੀ ਦੇ ਪੰਜਾਬੀ ਬਾਗ ਖੇਤਰ ਵਿੱਚ ਸਥਿਤ ਦਿੱਲੀ ਕਮੇਟੀ ਦੇ ਇਕ ਮੈਨੇਜਮੈਂਟ ਕਾਲਜ ਵਿੱਚ ਵਾਪਰੇ ਘਟਨਾ-ਕ੍ਰਮ ਤੋਂ ਮਿਲਦੀ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ, ਦਿੱਲੀ ਕਮੇਟੀ ਦੇ ਇਕ ਸੀਨੀਅਰ ਅਹੁਦੇਦਾਰ, ਜਿਸਦੀ ਪਛਾਣ ਧਾਰਮਕ ਸਰਗਰਮੀਆਂ ਦੀ ਬਜਾਏ ਉਸਦੀ ਵਿਸ਼ੇਸ਼ ਰੰਗ ਦੀ ਪਗੜੀ ਮਾਤਰ ਹੀ ਹੈ, ਨੇ ਇਸ ਕਾਲਜ ਦੇ ਇਕ ਉੱਚ ਅਧਿਕਾਰੀ ਨੂੰ ਪ੍ਰਸ਼ਾਸਨਿਕ ਨੇਮਾਂ ਵਿਰੁੱਧ ਜਾ ਕੇ ਕੋਈ ‘ਕੰਮ’ ਕਰਨ ਲਈ ਕਿਹਾ। ਜਦ ਇਸ ਅਧਿਕਾਰੀ ਨੇ ਅਜਿਹਾ ਗੈਰ-ਕਾਨੂੰਨੀ ਕੰਮ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ, ਤਾਂ ਕਮੇਟੀ ਦੇ ਉਕਤ ਅਹੁਦੇਦਾਰ ਨੇ, ਕਾਲਜ ਦੇ ਪ੍ਰਬੰਧਕੀ ਮੰਡਲ ਵਿੱਚ ਸ਼ਾਮਲ ਦਿੱਲੀ ਕਮੇਟੀ ਮੈਂਬਰਾਂ ਨੂੰ ਕਹਿ ਕੇ, ਉਸ ਅਧਿਕਾਰੀ ਦੇ ਕਮਰੇ ਨੂੰ ਤਾਲਾ ਲਗਵਾ ਦਿੱਤਾ ਤਾਂ ਜੋ ਉਹ ਕੰਮ-ਕਾਰ ਹੀ ਨਾ ਕਰ ਸਕੇ। ਇਸ ਨਾਲ ਪਰੇਸ਼ਾਨ ਹੋਏ ਅਧਿਕਾਰੀ ਨੇ ਦਿੱਲੀ ਕਮੇਟੀ ਪ੍ਰਧਾਨ ਸ੍ਰੀ ਸਰਨਾ ਨੂੰ ਫੋਨ ’ਤੇ ਆਪਣੀ ਸਮੱਸਿਆ ਬਾਰੇ ਦੱਸਿਆ ਅਤੇ ਸ੍ਰੀ ਸਰਨਾ ਦਾ ਛੋਟਾ ਭਰਾ ਕਾਲਜ ਵਿੱਚ ਤਾਲਾ ਖੁਲ੍ਹਵਾਉਣ ਵਾਸਤੇ ਵੀ ਗਿਆ। ਪਰ ਕਾਲਜ ਦੇ ਭ੍ਰਿਸ਼ਟ ਪ੍ਰਬੰਧਕਾਂ ਨੇ ‘‘ਸਾਡੇ ਕੋਲ ਕੋਈ ਚਾਬੀ ਨਹੀਂ ਹੈ’’ ਦਾ ਬਹਾਣਾ ਬਣਾ ਕੇ ਤਾਲਾ ਖੋਲਣ ਤੋਂ ਟਾਲ-ਮਟੋਲ ਕਰਦੇ ਰਹੇ। ਇਸ ’ਤੇ ਕਮਰੇ ਵਿੱਚ ਬੰਦ ਅਧਿਕਾਰੀ ਨੇ ਪੰਜਾਬ ਵਿੱਚ ਰਹਿੰਦੇ ਆਪਣੇ ਭਰਾ, ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀ ਸਨ, ਨੂੰ ਫੋਨ ਕੀਤਾ, ਜਿਨ੍ਹਾਂ ਨੇ ਅੱਗੋਂ ਕੈਪਟਨ ਤੋਂ ਦਿੱਲੀ ਕਮੇਟੀ ਦੇ ਵੱਖ-ਵੱਖ ਅਹੁਦੇਦਾਰਾਂ ਨੂੰ ਫੋਨ ਕਰਵਾ ਕੇ ਤਾਲਾ ਖੁਲਵਾਇਆ।

ਇਸ ਤਰ੍ਹਾਂ ਸਾਰੀ ਕਹਾਣੀ ਦਾ ਸਬਕ ਇਹੀ ਬਣਿਆ ਕਿ ਦਿੱਲੀ ਕਮੇਟੀ ਵਿੱਚ ਇਮਾਨਦਾਰੀ ਨਾਲ ਕੰਮ ਕਰਨ ਲਈ ਤਿਆਰ ਮੁਲਾਜ਼ਮਾਂ/ਅਧਿਕਾਰੀਆਂ ਨੂੰ ਭ੍ਰਿਸ਼ਟ ਪ੍ਰਬੰਧਕਾਂ ਦੀ ਅਜਿਹੀ ਗੁੰਡਾਗਰਦੀ ਵਾਲੀਆਂ ਕਾਰਵਾਈਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜਾਂ ਫਿਰ, ਵਗਦੀ ਗੰਗਾ ਵਿੱਚ ਹੱਥ ਧੋ ਕੇ ਖ਼ੁਦ ਵੀ ਦਿੱਲੀ ਕਮੇਟੀ ਦੇ ਅਦਾਰਿਆਂ ਦਾ ਪੈਸਾ ਲੁੱਟਣਾ ਚਾਹੀਦਾ ਹੈ ਅਤੇ ਕਮੇਟੀ ਦੇ ਮੈਂਬਰਾਂ ਨੂੰ ਵੀ ਉਨ੍ਹਾਂ ਦਾ ਬਣਦਾ ‘ਹਿੱਸਾ’ ਦਿੰਦੇ ਰਹਿਣਾ ਚਾਹੀਦਾ ਹੈ।

ਸਕੂਲ ’ਚ ਭ੍ਰਿਸ਼ਟਾਚਾਰ ਦੀ ਅੱਤਿ

ਦਿੱਲੀ ਕਮੇਟੀ ਦੇ ਪ੍ਰਬੰਧ ਵਾਲੇ ‘ਪਬਲਿਕ ਸਕੂਲਾਂ’ ਵਿੱਚ ਫੈਲੇ ਭ੍ਰਿਸ਼ਟਾਚਾਰ ਬਾਰੇ ਦਿੱਲੀ ਦੀ ਸਾਰੀ ਸਿੱਖ ਸੰਗਤ ਚੰਗੀ ਤਰ੍ਹਾਂ ਵਾਕਿਫ ਹੈ। ਲੰਬੇ ਸਮੇਂ ਤੋਂ ਚੱਲ ਰਹੇ ਭ੍ਰਿਸ਼ਟਾਚਾਰ ਕਾਰਨ ਹੁਣ ਇਨ੍ਹਾਂ ਸਕੂਲਾਂ ਵਿੱਚ ‘ਖਾਣ’ ਲਈ ਕੁਝ ਬਚਿਆ ਹੀ ਨਹੀਂ। ਪਰ ਇਨ੍ਹਾਂ ਦੇ ਪ੍ਰਬੰਧਕ (ਚੇਅਰਮੈਨ/ਮੈਨੇਜਰ ਆਦਿਕ), ਜੋ ਸਿਆਸੀ ਆਗੂਆਂ ਦੀ ਚਾਪਲੂਸੀ ਕਰਕੇ ਤੇ ਉਨ੍ਹਾਂ ਤੋਂ ਭ੍ਰਿਸ਼ਟਾਚਾਰ ਦਾ ਗੁਰ-ਮੰਤਰ ਹਾਸਲ ਕਰਕੇ ਹੀ ਇਨ੍ਹਾਂ ਸਕੂਲਾਂ ’ਤੇ ਕਾਬਿਜ਼ ਹੁੰਦੇ ਹਨ, ਵੀ ਭ੍ਰਿਸ਼ਟਾਚਾਰ ਫੈਲਾਉਣ ਲਈ ਨਵੀਆਂ-ਨਵੀਆਂ ਤਰਕੀਬਾਂ ਢੂੰਡ ਲੈਂਦੇ ਹਨ। ਇਸ ਕੜੀ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਤਿਹ ਨਗਰ ਦੇ ਪ੍ਰਬੰਧਕ ਅੱਜਕਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦੱਸਿਆ ਜਾਂਦਾ ਹੈ ਕਿ ਇਸ ਸਕੂਲ ਦੇ ਸਟਾਫ ਦੇ ਖਾਤੇ, ਨੇੜੇ ਹੀ ਸਥਿਤ ਤਿਲਕ ਨਗਰ ਕਲੋਨੀ ਦੇ ਇਕ ਬੈਂਕ ਵਿੱਚ ਚੱਲ ਰਹੇ ਸਨ। ਪਰ ਸਕੂਲ ’ਤੇ ਨਵੇਂ-ਨਵੇਂ ਕਾਬਿਜ਼ ਹੋਏ ਪ੍ਰਬੰਧਕ (ਜਿਨ੍ਹਾਂ ਨੂੰ ਆਪਣੇ ਨਾਮ ਨਾਲ ਨਹੀਂ ਬਲਕਿ ਆਪਣੀ ਜਾਤ ‘ਲਾਂਬਾ’ ਕਰਕੇ ਹੀ ਜਾਣਿਆ ਜਾਂਦਾ ਹੈ), ਨੇ ਸਟਾਫ ਦੇ ਖਾਤੇ, ਸਕੂਲ ਤੋਂ ਕਾਫੀ ਦੂਰ ਸਥਿਤ ਇਕ ਉਦਿਯੋਗਿਕ ਖੇਤਰ ਦੇ ਬੈਂਕ ਵਿੱਚ ਖੁਲਵਾ ਦਿੱਤੇ ਹਨ। ਭਰੋਸੇਯੋਗ ਸੂਤਰਾਂ ਮੁਤਾਬਿਕ, ਬੈਂਕ ਅਧਿਕਾਰੀਆਂ ਨੂੰ ਵੱਡੀ ਗਿਣਤੀ ਵਿੱਚ ਨਵੇਂ ਖਾਤੇ ਦੇਣ ਅਤੇ ਸਟਾਫ ਦੀਆਂ ਤਨਖ਼ਾਹਾਂ ਇਸ ਖਾਤੇ ਵਿੱਚ ਟ੍ਰਾਂਸਫਰ ਕਰਨ ਬਦਲੇ, ਉਕਤ ਪ੍ਰਬੰਧਕ ਇਸ ਬੈਂਕ ਤੋਂ ਆਪਣੇ ਨਿਜੀ ਵਪਾਰ ਵਾਸਤੇ ਇਕ ਬਹੁਤ ਵੱਡੀ ਰਕਮ ਦਾ ‘ਕਰਜ਼ਾ’ ਲੈ ਰਿਹਾ ਹੈ। ਪਰ ਸਕੂਲ ਦੇ ਸਟਾਫ, ਖ਼ਾਸਕਰ ਮਹਿਲਾਵਾਂ ਇਸ ਫੈਸਲੇ ਤੋਂ ਕਾਫੀ ਔਖੀਆਂ ਹਨ, ਕਿਉਂਕਿ ਉਕਤ ਬੈਂਕ ਸਕੂਲ ਤੋਂ ਦੂਰ ਹੋਣ, ਉੱਥੇ ਜਾਣ ਲਈ ਸਰਕਾਰੀ ਟ੍ਰਾਂਸਪੋਰਟ ਉਪਲਬਧ ਨਾ ਹੋਣ ਅਤੇ ਉਸ ਖੇਤਰ ਵਿੱਚ ਮੁਸ਼ਟੰਡੇ ਕਿਸਮ ਦੇ ਲੋਕਾਂ ਦੀ ਚਹਿਲਕਦਮੀ ਕਾਰਨ ਉੱਥੇ ਜਾਣ ਵਿੱਚ ਕਾਫੀ ਮੁਸ਼ਕਿਲ ਮਹਿਸੂਸ ਕਰਨਗੀਆਂ। ਪਰ ਭ੍ਰਿਸ਼ਟ ਪ੍ਰਬੰਧਕਾਂ ਨੂੰ ਬੀਬੀਆਂ ਦੀ ਇਜ਼ੱਤ ਨੂੰ ਦਰਪੇਸ਼ ਖਤਰੇ ਨਾਲ ਕੀ? ਉਨ੍ਹਾਂ ਨੇ ਤਾਂ ਸਕੂਲ ਨੂੰ ਆਪਣੇ ‘ਲਾਭ’ ਵਾਸਤੇ ਹੀ ਵਰਤਣਾ ਹੈ। ਕਿਸੇ ਨੇ ਠੀਕ ਹੈ ਕਿਹਾ ਹੈ - ਯਾ ਬੇਈਮਾਨੀ, ਤੇਰਾ ਹੀ ਆਸਰਾ।

ਛੋਟੀ ਉਮਰ ਦੇ ਕੌਂਸਲਰ ਨੇ ਸਰਨਾ ਲਈ ਸਿਆਸੀ ਚੁਣੌਤੀ ਖੜੀ ਕੀਤੀ

ਦਿ.ਸਿ.ਗੁ.ਪ੍ਰ. ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਦਰਪੇਸ਼ ਸਿਆਸੀ ਚੁਣੌਤੀਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਪਹਿਲਾਂ ਤਾਂ ਅਕਾਲੀ ਦਲ ਪੰਥਕ (ਜੱਥੇਦਾਰ ਸੰਤੋਖ ਸਿੰਘ) ਦੇ ਮੁਖੀ ਸ੍ਰ: ਮਨਜੀਤ ਸਿੰਘ ਜੀ.ਕੇ. ਨੇ ਆਪਣੀ ਪਾਰਟੀ ਨੂੰ ਭੰਗ ਕਰਕੇ ਅਕਾਲੀ ਦਲ ਬਾਦਲ ਵਿੱਚ ਮਿਲਾ ਦਿੱਤਾ, ਜਿਸ ਨਾਲ ਅਕਾਲੀ ਦਲ ਬਾਦਲ ਦੀ ਸਥਿਤੀ ਕਾਫੀ ਮਜਬੂਤ ਹੋ ਗਈ। ਫਿਰ ਸਰਨਾ ਦੀ ਆਪਣੀ ਪਾਰਟੀ ਦੇ ਮੈਂਬਰਾਂ ਦੀ ਨਰਾਜ਼ਗੀ ਅਤੇ ਉਨ੍ਹਾਂ ਦਾ ਦਿੱਲੀ ਤੇ ਪੰਜਾਬ ਦੇ ਬਾਦਲ-ਦਲੀਆਂ ਵੱਲ ਵਧਦੇ ਹੋਏ ਝੁਕਾਅ ਕਾਰਨ ਜਦ ਸਰਨਾ ਨੂੰ ਪ੍ਰਧਾਨ ਦੀ ਕੁਰਸੀ ਆਪਣੇ ਹੱਥੋਂ ਨਿਕਲਦੀ ਵਿਖਾਈ ਦਿੱਤੀ, ਤਾਂ ਉਨ੍ਹਾਂ ਨੂੰ ਮਜਬੂਰ ਹੋ ਕੇ ਕਾਂਗਰਸ ਸਰਕਾਰ ਦੀ ਸ਼ਰਨ ਲੈ ਕੇ ਦਿੱਲੀ ਗੁਰਦੁਆਰਾ ਐਕਟ ਵਿੱਚ ਸੋਧ ਕਰਵਾ ਕੇ ਆਪਣੀ ਸੀਟ ਬਚਾਉਣੀ ਪਈ।

ਪਰ ਮੌਜੂਦਾ ਸਮੇਂ ਵਿੱਚ ਸਰਨਾ ਨੂੰ ਦਰਪੇਸ਼ ਦਿੱਕਤ ਬਿਲਕੁਲ ਨਿਵੇਕਲੀ ਕਿਸਮ ਹੈ। ਉਹ ਦਿੱਕਤ ਹੈ ਸਰਨਾ ਦੇ ਚੋਣ ਇਲਾਕੇ, ਬਲਕਿ ਉਨ੍ਹਾਂ ਦੀ ਰਿਹਾਇਸ਼ ਦੇ ਗੁਆਂਢ ਵਿੱਚ ਹੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਇਕ ਨੌਜੁਆਨ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਤੇਜ਼ੀ ਨਾਲ ਵੱਧ ਰਿਹਾ ਸਿਆਸੀ ਪ੍ਰਭਾਵ। ਸ੍ਰੀ ਸਿਰਸਾ ਦਾ ਜਾਇਦਾਦ ਵਪਾਰ ਸੈਂਕੜੇ ਕਰੋੜ ਰੁਪਇਆਂ ਦਾ ਦੱਸਿਆ ਜਾਂਦਾ ਹੈ। ਇਸਦੇ ਇਲਾਵਾ, ਮਨੋਵਿਗਿਆਨ ਵਿੱਚ ਪੋਸਟ-ਗ੍ਰੈਜੂਏਟ ਹੋਣ ਕਾਰਨ ਸ੍ਰੀ ਸਿਰਸਾ ਦੀ ਬੋਲ-ਚਾਲ ਅਤੇ ਨੀਤੀਆਂ ਬਾਦਲ ਦਲ ਦੇ ਸਾਧਾਰਨ ਪੱਧਰ ਦੇ ਆਗੂਆਂ ਨਾਲੋਂ ਬਹੁਤ ਵੱਖਰੀ ਹੈ। ਆਪਣੇ ਦਬੰਗ ਸੁਭਾਅ ਦੇ ਕਾਰਨ ਉਨ੍ਹਾਂ ਨੇ ਪੰਜਾਬੀ ਬਾਗ ਖੇਤਰ ਵਿੱਚ ਕੁਝ ਹੀ ਸਾਲਾਂ ਵਿੱਚ ਆਪਣਾ ਚੰਗਾ ਦਬਦਬਾ ਵੀ ਬਣਾ ਲਿਆ ਹੈ। ਇਨ੍ਹਾਂ ਸਭ ਕਾਰਨਾਂ ਕਰਕੇ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਪਹਿਲਾਂ ਸ੍ਰੀ ਸਿਰਸਾ ਨੂੰ ਅਕਾਲੀ ਦਲ ਦੇ ਖਾਤੇ ’ਚੋਂ ਬੀਜੇਪੀ ਦੀ ਟਿਕਟ ਦਿਵਾ ਕੇ ਦਿੱਲੀ ਨਗਰ ਨਿਗਮ ਦੀ ਚੋਣ ਜਿਤਵਾ ਦਿੱਤੀ ਅਤੇ ਬਾਅਦ ਵਿੱਚ ਪਾਰਟੀ ਦੀ ਦਿੱਲੀ ਇਕਾਈ ਦੀ ਯੂਥ ਵਿੰਗ ਦਾ ਪ੍ਰਧਾਨ ਵੀ ਬਣਾ ਦਿੱਤਾ।

ਆਪਣੀ ‘ਮਾਇਆ’ ਅਤੇ ਸਰਗਰਮ ਸ਼ਖ਼ਸੀਅਤ ਦੇ ਚਲਦਿਆਂ ਹੁਣ ਸ੍ਰੀ ਸਿਰਸਾ ਵੱਲੋਂ ਦਿੱਲੀ ਵਿੱਚ ਸਿੱਖ ਨੌਜੁਆਨਾਂ ਨੂੰ ਅਕਾਲੀ ਦਲ ਬਾਦਲ ਨਾਲ ਜੋੜਨ ਅਤੇ ਸਰਨਾ ਭਰਾਵਾਂ ਦੀਆਂ ਕਥਿਤ ਸਿੱਖੀ-ਵਿਰੋਧੀ ਨੀਤੀਆਂ ਵਿਰੁੱਧ ਸਰਗਰਮ ਮੁਹਿੰਮ ਅਰੰਭ ਦਿੱਤੀ ਹੈ। ਸ੍ਰੀ ਸਰਨਾ ਵੱਲੋਂ ਪ੍ਰਗਟ ਤੌਰ ’ਤੇ ਸਿਰਸਾ ਦੀਆਂ ਇਨ੍ਹਾਂ ਸਰਗਰਮੀਆਂ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਜਾਂਦੀ ਅਤੇ ਉਹ ਇਹੀ ਕਹਿੰਦੇ ਹਨ ਕਿ ‘ਸਿਰਸੇ ਦੀ ਏਨੀ ਵੁੱਕਤ ਹੀ ਨਹੀਂ ਕਿ ਮੈਂ ਉਸਦੇ ਇਲਜ਼ਾਮਾਂ ਦਾ ਜਵਾਬ ਦਿਆਂ।’ ਪਰ ਸ਼ਾਇਦ ਅੰਦਰੂਨੀ ਤੌਰ ’ਤੇ ਸਰਨਾ ਭਰਾਵਾਂ ਵਿੱਚ ਸਿਰਸਾ ਦੇ ਸ਼ਕਤੀਸ਼ਾਲੀ ਅਕਸ ਪ੍ਰਤੀ ਚਿੰਤਾ ਪੈਦਾ ਹੋ ਹੀ ਗਈ ਹੈ। ਇਸੇਲਈ ਪਿਛਲੇ ਦਿਨੀਂ ਸ੍ਰੀ ਸਰਨਾ ਨੇ ਦਿੱਲੀ ਦੇ ਖੁਫੀਆ ਵਿਭਾਗ ਨੂੰ ਇਕ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਕਿ ਸਿਰਸਾ ਨੂੰ ਮਿਲੇ ਪੰਜਾਬ ਪੁਲਿਸ ਦੇ ਬਾਡੀਗਾਰਡ, ਇਲਾਕੇ ਦੇ ਲੋਕਾਂ ਅਤੇ ਉਨ੍ਹਾਂ (ਸਰਨਾ) ਦੇ ਸਮਰਥਕਾਂ ਨੂੰ ਡਰਾ-ਧਮਕਾ ਕੇ ਮਾਹੌਲ ਖਰਾਬ ਕਰ ਰਹੇ ਹਨ ਤੇ ਇਸ ਸਬੰਧ ਵਿੱਚ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਪਰ ਦਿੱਲੀ ਦੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸਰਨਾ ਭਰਾਵਾਂ ਵੱਲੋਂ ਲਗਾਏ ਗਏ ਅਜਿਹੇ ਇਲਜ਼ਾਮਾਂ ਦਾ ਅਧਾਰ ਕੋਈ ਅਸਲ ਤੱਥ ਨਹੀਂ ਬਲਕਿ ਉਨ੍ਹਾਂ ਦੇ ਮਨ ਵਿੱਚ ਵਸਦੇ ਜਾ ਰਹੇ ਸਿਰਸਾ ਰੂਪੀ ਚੁਣੌਤੀ ਕਾਰਨ ਪੈਦਾ ਹੋ ਰਹੀ ਬੇਚੈਨੀ ਹੈ। ਦੂਜੇ ਲਫ਼ਜ਼ਾਂ ਵਿੱਚ, ਸਰਨਾ ਭਰਾਵਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ, ਖ਼ਾਸਕਰ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਵਿੱਚ, ਸ੍ਰੀ ਸਿਰਸਾ ਉਨ੍ਹਾਂ ਲਈ ਨਮੋਸ਼ੀ ਭਰੀ ਸਥਿਤੀ ਪੈਦਾ ਕਰ ਸਕਦੇ ਹਨ। ਇਸਲਈ ਅਜਿਹੀ ਚੁਣੌਤੀ ਨਾਲ ਸਮਾਂ ਰਹਿੰਦਿਆਂ ਹੀ ਨਿਪਟ ਲਿਆ ਜਾਣਾ ਚਾਹੀਦਾ ਹੈ। ਵੇਖਣਾ ਹੁਣ ਇਹ ਹੋਵੇਗਾ ਕਿ ਸਰਨਾ ਭਰਾ ਆਪਣੇ ਇਸ ਮਕਸਦ ਲਈ ਹੋਰ ਕਿਸ-ਕਿਸ ਤਰ੍ਹਾਂ ਦੇ ਕਦਮ ਚੁੱਕਦੇ ਹਨ ਅਤੇ ਇਨ੍ਹਾਂ ਕਦਮਾਂ ਨਾਲ ਉਨ੍ਹਾਂ ਨੂੰ ਅਸਲ ਵਿੱਚ ਕਿੰਨਾ ਕੁ ਲਾਭ ਮਿਲ ਪਾਉਂਦਾ ਹੈ।

ਵਿਧਾਨ ਸਭਾ ਚੋਣਾਂ ਦੀ ਤਿਆਰੀ

ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਨੇ ਚੈਮਸਫੋਰਡ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕਰਕੇ ਮੀਡੀਆ ਨੂੰ ਦੱਸਿਆ ਕਿ ਪਾਰਟੀ ਵੱਲੋਂ ਦਿੱਲੀ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ਵਿੱਚ ਬੀਜੇਪੀ ਤੋਂ (ਕੁਲ 70 ਸੀਟਾਂ ਵਿੱਚੋਂ) 15 ਸੀਟਾਂ ਦੀ ਮੰਗ ਕੀਤੀ ਜਾ ਰਹੀ ਹੈ। ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ੍ਰ: ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਦਿੱਲੀ ਦੀ ਸਿੱਖ ਵਸੋਂ ਵਾਲੇ ਇਲਾਕਿਆਂ ਦਾ ਸਰਵੇਖਣ ਕਰਨ ਉਪਰੰਤ ਉਨ੍ਹਾਂ ਨੂੰ ਯਕੀਨ ਹੈ ਕਿ ਏਨੀਆਂ ਕੁ ਸੀਟਾਂ ’ਤੇ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਦੇ ਜਿੱਤਣ ਦੀ ਪ੍ਰਬਲ ਸੰਭਾਵਨਾ ਹੈ। ਪਰ ਜਦ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਜੇਕਰ ਬੀਜੇਪੀ ਨੇ ਅਕਾਲੀ ਦਲ ਨੂੰ ਏਨੀਆਂ ਸੀਟਾਂ ਦੇਣ ਤੋਂ ਇਨਕਾਰ ਕੀਤਾ ਤਾਂ ਕੀ ਬੀਜੇਪੀ ਨਾਲੋਂ ਨਾਤਾ ਤੋੜ ਲਿਆ ਜਾਵੇਗਾ, ਤਾਂ ਬਾਦਲ ਦਲ ਦੇ ਆਗੂਆਂ ਨੇ ਨਾਂਹ ਵਿੱਚ ਸਿਰ ਹਿਲਾਉਂਦਿਆਂ ਕਿਹਾ ਕਿ ਅਕਾਲੀ ਦਲ ਤੇ ਬੀਜੇਪੀ ਦਾ ਰਿਸ਼ਤਾ ਹਰ ਸੂਰਤ ਵਿੱਚ ਪੱਕੀ ਤਰ੍ਹਾਂ ਕਾਇਮ ਰਹੇਗਾ। ਇਸ ਤਰ੍ਹਾਂ, ਅਸਿੱਧੇ ਰੂਪ ਵਿੱਚ ਪਾਰਟੀ ਆਗੂਆਂ ਨੇ ਇਕਬਾਲ ਕਰ ਲਿਆ ਕਿ ਸੀਟਾਂ ਦੀ ਵੰਡ ਦਾ ਫੈਸਲਾ ਸਿਰਫ਼ ਬੀਜੇਪੀ ਦੀ ਮਰਜ਼ੀ ਨਾਲ ਹੀ ਹੋਏਗਾ ਅਤੇ ਅਕਾਲੀ ਦਲ ਬਾਦਲ, ਜਨਸੰਘੀਆਂ ’ਤੇ ਕਿਸੇ ਕਿਸਮ ਦਾ ਦਬਾਅ ਪਾਉਣ ਦੇ ਸਮਰੱਥ ਨਹੀਂ ਹੈ (ਅਤੇ ਅਜਿਹੀ ਜ਼ੁੱਰਤ ਕਰਨਾ ਵੀ ਨਹੀਂ ਚਾਹੁੰਦਾ)। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਲੇਲੜੀਆਂ ਕੱਢਣ ਨਾਲ ਬੀਜੇਪੀ ਆਗੂ ਅਕਾਲੀ ਦਲ ਨੂੰ 15 ਸੀਟਾਂ ਕਤਈ ਨਹੀਂ ਦੇਣਗੇ ਅਤੇ ਜੇਕਰ ਅਕਾਲੀ ਦਲ ਬਾਦਲ ਨੂੰ ਬੀਜੇਪੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ 3 ਤੋਂ ਵੱਧ ਸੀਟਾਂ ਮਿਲ ਜਾਂਦੀਆਂ ਹਨ, ਤਾਂ ਇਹ ਉਨ੍ਹਾਂ ਦੀ ਵੱਡੀ ਖੁਸ਼ਕਿਸਮਤੀ ਹੋਵੇਗੀ।

ਇਹ ਵੀ ਗੌਰਤਲਬ ਹੈ ਕਿ ਦੇਰ ਨਾਲ ਹੀ ਸਹੀ, ਪਰ ਹੁਣ ਬਾਦਲ ਦਲ ਦੇ ਆਗੂਆਂ ਵਿੱਚ ਵੀ ਇਹ ਭਾਵਨਾ ਪੈਦਾ ਹੋਈ ਹੈ ਕਿ ਉਹ ਬੀਜੇਪੀ ਦੇ ਚੋਣ ਨਿਸ਼ਾਨ ਕਮਲ ’ਤੇ ਚੋਣਾਂ ਲੜਨ ਦੀ ਬਜਾਏ, ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ’ਤੇ ਹੀ ਚੋਣਾਂ ਲੜਨ। ਜੇਕਰ ਬੀਜੇਪੀ ਆਗੂ ਉਨ੍ਹਾਂ ਨੂੰ ਅਜਿਹਾ ਕਰਨ ਦੀ ਆਗਿਆ ਬਖਸ਼ ਵੀ ਦਿੰਦੇ ਹਨ ਤਾਂ ਵੀ ਇਹ ਯਕੀਨੀ ਹੈ ਕਿ ਘੱਟ-ਗਿਣਤੀ ਕੌਮਾਂ ਦੇ ਨਿਵੇਕਲੇਪਨ ਨੂੰ ਪਸੰਦ ਨਾ ਕਰਨ ਵਾਲੀ ਇਸ ਫਿਰਕੂ ਪਾਰਟੀ ਦੇ ਸਮਰਥਕ ਗੈਰ-ਬੀਜੇਪੀ ਚੋਣ ਨਿਸ਼ਾਨ ’ਤੇ ਚੋਣ ਲੜ ਰਹੇ ਉਮੀਦਵਾਰ ਦਾ ਸਮਥਰਨ ਕਰਨਗੇ (ਸੰਘ ਪਰਵਾਰ ਦੇ ਸਮਰਥਕ ਕਿਸੇ ਵੀ ਸਿੱਖ ਉਮੀਦਵਾਰ ਦੀ ਇਮਾਨਦਾਰੀ ਨਾਲ ਹਮਾਇਤ ਕਰ ਦੇਣ, ਇਹੀ ਆਪਣੇ ਆਪ ਵਿੱਚ ਇਕ ਵੱਡਾ ਹੈਰਾਨੀ ਵਾਲਾ ਤੱਥ ਹੋਵੇਗਾ)। ਇਸਲਈ ਜੇਕਰ ਬਾਦਲ ਦਲ ਦੇ ਆਗੂ ਵਾਕਈ ਆਪਣੇ ਚੋਣ ਨਿਸ਼ਾਨ ’ਤੇ ਚੋਣਾਂ ਲੜਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮਾੜੇ ਤੋਂ ਮਾੜੇ ਨਤੀਜੇ, ਯਾਨੀ ਦਿੱਲੀ ਵਿੱਚ ਖਾਤਾ ਵੀ ਨਾ ਖੁੱਲ ਸਕਣ, ਲਈ ਪਹਿਲਾਂ ਹੀ ਮਾਨਸਿਕ ਤੌਰ ’ਤੇ ਤਿਆਰ ਰਹਿਣਾ ਪਏਗਾ।

ਅਕਾਲੀ ਦਲ ਬਾਦਲ ਬਨਾਮ ਸੰਤੋਖ ਸਿੰਘ

ਸ਼੍ਰੋਮਣੀ ਅਕਾਲੀ ਦਲ ਪੰਥਕ (ਜਥੇ: ਸੰਤੋਖ ਸਿੰਘ) ਦੇ ਪ੍ਰਧਾਨ ਸ੍ਰ: ਮਨਜੀਤ ਸਿੰਘ ਜੀ.ਕੇ. ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਆਪਣੀ ਪਾਰਟੀ ਭੰਗ ਕਰਕੇ ਅਕਾਲੀ ਦਲ ਬਾਦਲ ਵਿੱਚ ਮਿਲਾ ਲਈ ਹੈ। ਇਹ ਵੀ ਜ਼ਾਹਿਰ ਹੈ ਕਿ ਬਾਦਲ ਦਲ ਵਿੱਚ ਬਾਦਲ ਪਰਵਾਰ ਦਾ ਹੀ ਬੋਲਬਾਲਾ ਹੋਣਾ ਚਾਹੀਦਾ ਹੈ। ਪਰ ਸ੍ਰ: ਮਨਜੀਤ ਸਿੰਘ ਦੇ ਬਿਆਨਾਂ ਅਤੇ ਭਾਸ਼ਣਾਂ ਤੋਂ ਅਜਿਹਾ ਪ੍ਰਤੀਤ ਨਹੀਂ ਹੁੰਦਾ ਕਿ ਉਹ ਮਾਨਸਿਕ ਤੌਰ ’ਤੇ ਬਾਦਲ ਦਲ ਨਾਲ ਜੁੜ ਪਾਏ ਹਨ। ਸ਼ਾਇਦ ਇਹੀ ਕਾਰਨ ਹੈ ਕਿ ਉਹ ਆਪਣੇ ਹਰ ਭਾਸ਼ਣ/ਬਿਆਨ, ਇਥੋਂ ਤੱਕ ਕਿ ਪ੍ਰੈਸ ਕਾਨਫਰੰਸਾਂ ਦੌਰਾਨ ਕਿਸੇ ਵੀ ਮੁੱਦੇ ’ਤੇ ਗੱਲਬਾਤ ਕਰਦਿਆਂ, ਮਰਹੂਮ ਜਥੇ: ਸੰਤੋਖ ਸਿੰਘ ਦੀਆਂ ਸਿਫਤਾਂ ਅਤੇ ਉਨ੍ਹਾਂ ਦੀਆਂ ਕਥਿਤ ਪ੍ਰਾਪਤੀਆਂ, ਇੰਦਰਾ ਗਾਂਧੀ ਨੂੰ ਆਪਣੀਆਂ ਮੰਗਾਂ ਅੱਗੇ ਝੁਕਾਉਣ ਆਦਿ ਦਾ ਲੰਮਾਂ-ਚੌੜਾ ਜ਼ਿਕਰ ਜਰੂਰ ਕਰਦੇ ਹਨ।

ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਸ੍ਰ: ਮਨਜੀਤ ਸਿੰਘ ਜੀ.ਕੇ. ਦੇ ਇਸ ਰਵੱਈਐ ਦਾ ਕਾਰਨ ਬਾਦਲ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਕੁਝ ਸੀਨੀਅਰ ਨੇਤਾ ਹਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਨੇਤਾਵਾਂ ਨੇ ਸ੍ਰ: ਮਨਜੀਤ ਸਿੰਘ ਨੂੰ ਮਨੋਂ ਪਾਰਟੀ ਦਾ ਮੁਖੀ ਮਨਜ਼ੂਰ ਨਹੀਂ ਕੀਤਾ ਹੈ, ਹਾਲਾਂਕਿ ਪਾਰਟੀ ਹਾਈ-ਕਮਾਂਡ ਵੱਲੋਂ ਸ੍ਰੀ ਜੀ.ਕੇ. ਨੂੰ ਦਿੱਲੀ ਇਕਾਈ ਦਾ ਮੁਖੀ ਥਾਪਣ ਦੇ ਫੈਸਲੇ ਦਾ ਉਹ ਜ਼ਾਹਿਰੀ ਤੌਰ ’ਤੇ ਵਿਰੋਧ ਨਹੀਂ ਕਰ ਪਾ ਰਹੇ। ਇਸਲਈ ਉਹ ਅੰਦਰਖਾਤੇ ਕੁਝ ਨਾ ਕੁਝ ਅਜਿਹੀਆਂ ਕਾਰਵਾਈਆਂ ਜਰੂਰ ਕਰੀ ਜਾ ਰਹੇ ਹਨ, ਜਿਸ ਨਾਲ ਸ੍ਰੀ ਜੀ.ਕੇ. ਇਕ ਸਫਲ ਆਗੂ ਵਜੋਂ ਸਥਾਪਿਤ ਨਾ ਹੋ ਸਕਣ ਜਾਂ ਬਾਦਲ ਦਲ ਦੇ ਵਰਕਰਾਂ ਵਿੱਚ ਉਨ੍ਹਾਂ ਦੀ ਵਧੇਰੇ ਪੈਠ ਨਾ ਬਣ ਸਕੇ। ਅਜਿਹੇ ਹਾਲਾਤ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਤੋਂ ਕੋਈ ਪ੍ਰਭਾਵਸ਼ਾਲੀ ਨਤੀਜੇ ਦਿਵਾ ਪਾਉਣ ਲਈ ਕੋਈ ਕਰਿਸ਼ਮਾ ਹੀ ਕਰਨਾ ਪਏਗਾ।

delhi diary, punjabi bagh, management, college, corruption, ghps, guru harkrishan, public school, fateh nagar, bank account, young, councillor, mcd, manjinder singh, sirsa, paramjit singh, sarna, polls, delhi assembly, SAD-bjp, alliance, delhi, seats, share, akali dal, badal, santokh singh