

ਸੰਤਾਂ ਤੇ ਸਵਾਮੀਆਂ ਦੇ ਰੂਪ ਵਿੱਚ ਚੰਗਾ ਖਾਣ ਤੇ ਮੰਦਾ ਉਗਲਣ ਵਾਲੇ ਸੱਪ
- ਜਤਿੰਦਰ ਪਨੂੰ -
ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਧ ਨੇ ਅੱਧੀ ਸਦੀ ਤੋਂ ਵੱਧ ਸਮਾਂ ਪਹਿਲਾਂ ਇਕ ਥਾਂ ਇਹ ਲਿਖਿਆ ਸੀ : ‘‘ਮਾਈਆਂ ਗਾਈਆਂ, ਬੰਦੇ ਬੈਲ। ਸੰਤ ਸਾਨ੍ਹ ਵਿੱਚ ਕਰਦੇ ਸੈਲ।’’ ਉਨ੍ਹਾਂ ਦੀ ਇਹ ਗੱਲ ਅੱਜ ਦੇ ਪ੍ਰਸੰਗ ਵਿੱਚ ਦੁਹਰਾਈ ਜਾਣਾ ਸ਼ਾਇਦ ਕਈਆਂ ਨੂੰ ਬੁਰਾ ਲੱਗੇਗਾ, ਪਰ ਇਹ ਓਦੋਂ ਵੀ ਸੱਚ ਸੀ, ਇਹ ਅੱਜ ਵੀ ਸੱਚ ਹੈ ਅਤੇ ਸ਼ਾਇਦ ਇਹ ਅੱਗੋਂ ਵੀ ਸੱਚ ਹੀ ਰਹੇਗਾ। ਪਿਛਲੇ ਦਿਨਾਂ ਦੀਆਂ ਖ਼ਬਰਾਂ ਨੇ ਇਕ ਵਾਰ ਫਿਰ ਇਸ ਸੱਚ ਨੂੰ ਸਾਹਮਣੇ ਲੈ ਆਂਦਾ ਹੈ। ਇਹ ਖ਼ਬਰਾਂ ਕਿਸੇ ਇੱਕ ਥਾਂ ਤੋਂ ਨਹੀਂ, ਕਈ ਪਾਸਿਆਂ ਤੋਂ ਆਈਆਂ ਹਨ ਤੇ ਇੱਕ ਦੂਜੀ ਤੋਂ ਵੱਧ ਸੜ੍ਹਿਆਂਦ ਨੂੰ ਸਮਾਜ ਦੇ ਸਾਹਮਣੇ ਲਿਆਉਣ ਵਾਲੀਆਂ ਵੀ।
ਕੁਝ ਸਾਲ ਪਹਿਲਾਂ ਅਸੀਂ ਦੱਖਣ ਦੇ ਇੱਕ ਮੱਠ ਦੇ ਸ਼ੰਕਰਾਚਾਰਿਆ ਜੈਇੰਦਰ ਉੱਤੇ ਹੇਰਾਫੇਰੀ ਸਮੇਤ ਕਈ ਹੋਰ ਦੋਸ਼ਾਂ ਤੋਂ ਇਲਾਵਾ ਇਹ ਦੋਸ਼ ਵੀ ਲੱਗਦਾ ਵੇਖਿਆ ਸੀ ਕਿ ਉਹ ਆਪਣੇ ਮੱਠ ਦੀਆਂ ਸ਼ਰਧਾਲੂ ਔਰਤਾਂ ਨੂੰ ਭੋਗ-ਵਿਲਾਸ ਲਈ ਵੀ ਮਜਬੂਰ ਕਰਦਾ ਹੈ। ਕੁਝ ਹਿੰਦੂ ਸੰਸਥਾਵਾਂ ਨੇ ਇਸ ਨੂੰ ਝੂਠੀ ਦੂਸ਼ਣਬਾਜ਼ੀ ਕਰਾਰ ਦੇ ਕੇ ਸ਼ੰਕਰਾਚਾਰਿਆ ਦੇ ਹੱਕ ਵਿੱਚ ਮੋਰਚਾ ਵੀ ਲਾ ਦਿੱਤਾ। ਮੋਰਚਾ ਲਾਉਣ ਵਾਲੇ ਵੀ ਅਸਲ ਵਿੱਚ ਡਰਾਮੇਬਾਜ਼ੀ ਹੀ ਕਰ ਰਹੇ ਸਨ। ਕੇਸ ਤਾਮਿਲਨਾਡੂ ਵਿੱਚ ਦਰਜ ਸੀ, ਸ਼ੰਕਰਾਚਾਰਿਆ ਓਥੋਂ ਦੀ ਪੁਲਿਸ ਦੀ ਹਿਰਾਸਤ ਵਿੱਚ ਸੀ ਤੇ ਮੋਰਚਾ ਲਾਉਣ ਲਈ ਉਨ੍ਹਾਂ ਨੇ ਰਾਜਸਥਾਨ ਦਾ ਸੂਬਾ ਚੁਣਿਆ, ਕਿਉਂਕਿ ਓਥੇ ਭਾਰਤੀ ਜਨਤਾ ਪਾਰਟੀ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਪੁਲਿਸ ਨੂੰ ਕਹਿ ਕੇ, ਗ੍ਰਿਫਤਾਰ ਹੋਏ ਅੰਦੋਲਨਕਾਰੀਆਂ ਨੂੰ ਜੇਲ੍ਹ ਅੰਦਰ ਸਭ ਸਹੂਲਤਾਂ ਦਿਵਾ ਸਕਦੀ ਸੀ।
ਦਿੱਲੀ ਵਿੱਚ ਸ਼ੰਕਰਾਚਾਰਿਆ ਜੈਇੰਦਰ ਦੇ ਹੱਕ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ, ਜਿਸ ਵਿੱਚ ਭਾਜਪਾ ਦੇ ਸਿਖਰਲੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਕਈ ਵੱਡੇ ਆਗੂ ਪਹੁੰਚੇ ਸਨ। ਉਸ ਰੈਲੀ ਦੀ ਸਿਖਰ ਸੀ ‘ਬਾਪੂ’ ਅਖਵਾਉਂਦੇ ਆਸਾ ਰਾਮ ਦੀ ਕਥਾ ਵਰਗੀ ਇਹ ਤਕਰੀਰ ਕਿ ‘‘ਜੇ ਇਥੇ ਇੰਜ ਹੀ ਸਾਧੂਆਂ ਉੱਤੇ ਜ਼ੁਲਮ ਹੁੰਦਾ ਰਿਹਾ ਤਾਂ ਭਾਰਤ ਉੱਤੇ ਸਾੜ੍ਹਸਤੀ ਆ ਜਾਵੇਗੀ।’’ ਸ਼ੰਕਰਾਚਾਰਿਆ ਜੈਇੰਦਰ ਦੇ ਵਿਰੁੱਧ ਜਿਸ ਜੈਲਲਿਤਾ ਨੇ ਮੁੱਖ ਮੰਤਰੀ ਹੁੰਦਿਆਂ ਕੇਸ ਬਣਵਾਏ ਸਨ, ਉਸ ਨਾਲ ਸਮਾਂ ਪਾ ਕੇ ਭਾਜਪਾ ਨੇ ਰਾਜਨੀਤਕ ਸਾਂਝ ਪਾ ਲਈ। ਕੇਸ ਉਹ ਸੰਤ ਹਾਲੇ ਤੱਕ ਭੁਗਤੀ ਜਾਂਦਾ ਹੈ, ਹੁਣ ਭਾਜਪਾ ਨੂੰ ਉਸ ਦੀ ਬਹੁਤੀ ਚਿੰਤਾ ਨਹੀਂ।
ਜਿਹੜਾ ‘ਬਾਪੂ’ ਆਸਾ ਰਾਮ ਓਦੋਂ ਸ਼ੰਕਰਾਚਾਰਿਆ ਜੈਇੰਦਰ ਸਰਸਵਤੀ ਦੇ ਹੱਕ ਵਿੱਚ ਵੈਣ ਪਾਉਣ ਵਰਗੀ ਤਕਰੀਰ ਕਰਦਾ ਸੀ, ਸਟੇਜ ਉੱਤੇ ਆਉਂਦੇ ਭਾਜਪਾ ਦੇ ਸਾਰੇ ਲੀਡਰ ਉਸ ਦੇ ਪੈਰੀਂ ਹੱਥ ਲਾ ਕੇ ਬੋਲਣ ਲਈ ਅੱਗੇ ਹੁੰਦੇ ਸਨ, ਉਹ ਹੁਣ ਆਪ ਕੇਸਾਂ ਵਿੱਚ ਫਸਿਆ ਫਿਰਦਾ ਹੈ। ਉਸ ਦੇ ਵਿਰੁੱਧ ਮੁਕੱਦਮਾ ਕਿਸੇ ਕਾਂਗਰਸੀ ਸਰਕਾਰ ਨੇ ਨਹੀਂ ਬਣਾਏ, ਗੁਜਰਾਤ ਦੀ ਭਾਜਪਾ ਸਰਕਾਰ ਦੀ ਪੁਲਿਸ ਨੇ ਬਣਾਏ ਹਨ ਤੇ ‘ਬਾਪੂ’ ਕਹਿੰਦਾ ਹੈ ਕਿ ਇਸ ਪਿੱਛੇ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਹੱਥ ਹੈ। ਜਿਹੜੇ ਭਾਜਪਾ ਲੀਡਰ ਸ਼ੰਕਰਾਚਾਰਿਆ ਜੈਇੰਦਰ ਵਾਲੇ ਮੁਕੱਦਮੇ ਵਿਰੁੱਧ ਰੋਸ ਕਰਨ ਵੇਲੇ ‘ਬਾਪੂ’ ਦੇ ਪੈਰੀਂ ਹੱਥ ਲਾਉਂਦੇ ਸਨ, ਹੁਣ ਉਹ ਉਸ ਦੇ ਪੱਖ ਵਿੱਚ ਹਾਅ ਦਾ ਨਾਅਰਾ ਵੀ ਨਹੀਂ ਮਾਰ ਰਹੇ। ਕਾਰਨ ਸਾਫ ਹੈ ਕਿ ਕਿਸੇ ਵੇਲੇ ਸਾਈਕਲਾਂ ਨੂੰ ਪੰਕਚਰ ਲਾਉਣ ਵਾਲਾ ਆਸੂ ਮੱਲ ਸਮਾਂ ਪਾ ਕੇ ਸੰਤ ਆਸਾ ਰਾਮ ਬਣਾ ਹੌਲੀ-ਹੌਲੀ ‘ਬਾਪੂ’ ਆਸਾ ਰਾਮ ਬਣਨ ਮਗਰੋਂ ਇਸ ਵੇਲੇ ਜਿਹੜੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਉਹ ਉਸ ਨੂੰ ‘ਸੰਤ’ ਤਾਂ ਕੀ, ਸ਼ਰੀਫ ਆਦਮੀ ਵੀ ਨਹੀਂ ਰਹਿਣੇ ਦਿੰਦੇ।
ਸਰਕਾਰੀ ਤੇ ਗੈਰ-ਸਰਕਾਰੀ ਜ਼ਮੀਨਾਂ ’ਤੇ ਕਬਜ਼ੇ ਆਸਾ ਰਾਮ ਨੇ ਕਈ ਥਾਂ ਕੀਤੇ ਹਨ, ਜਿਨ੍ਹਾਂ ਵਿੱਚੋਂ ਕੁਝ ਥਾਈਂ ਤਾਂ ਗੁਜਰਾਤ ਦੀ ਓਸੇ ਸਰਕਾਰ ਨੇ ਕਬਜ਼ਾ ਤੁੜਵਾ ਵੀ ਦਿੱਤਾ ਹੈ, ਜਿਹੜੀ ਹੁਣ ਤੱਕ ਉਸ ਦੀ ਲਿਹਾਜੂ ਬਣੀ ਹੋਈ ਸੀ। ਬਾਕੀ ਥਾਂਈਂ ਵੀ ਕਾਰਵਾਈ ਹੋਣ ਜਾ ਰਹੀ ਹੈ। ਆਸਾਰਾਮ ਉੱਤੇ ਔਰਤਾਂ ਨਾਲ ਬਦਫੈਲੀ ਦੇ ਦੋਸ਼ ਵੀ ਸ਼ਰੇਆਮ ਲੱਗ ਰਹੇ ਹਨ। ਉਸ ਦਾ ਪੱਤਰ ਉਸ ਤੋਂ ਵੀ ਉਹ ਤੰਤਰ-ਮੰਤਰ ਦੀ ਸਿੰਧੀ ਵਾਸਤੇ ਜਦੋਂ ਜਾਦੂ-ਟੂਣੇ ਕਰਨ ਜਾਂਦਾ ਹੈ ਤਾਂ ਆਪਣੇ ਆਸ਼ਰਮ ਵਿੱਚ ਪੜ੍ਹਦੇ ਬੱਚਿਆਂ ਨੂੰ ਨਾਲ ਲੈ ਜਾਂਦਾ ਹੈ, ਜਿਨ੍ਹਾਂ ਵਿੱਚੋਂ ਦੋ ਜਣਿਆਂ ਦੀ ਮੌਤ ਨੇ ਮਾਮਲਾ ਪਹਿਲੀ ਵਾਰ ਗੁਜਰਾਤ ਵਿੱਚ ਭੜਕਾਇਆ ਤੇ ਫਿਰ ਇਹੋ ਜਿਹਾ ਇੱਕ ਮਾਮਲਾ ਮੱਧ ਪ੍ਰਦੇਸ਼ ਵਿੱਚ ਵੀ ਵਾਪਰ ਗਿਆ ਸੀ। ਦਿਲਚਸਪ ਗੱਲ ਇਹ ਕਿ ਮੱਧ ਪ੍ਰਦੇਸ਼ ਵਿੱਚ ਵੀ ਰਾਜ ਓਸੇ ਭਾਜਪਾ ਦਾ ਹੈ, ਜਿਹੜੀ ਆਮ ਕਰਕੇ ਦੂਜੀਆਂ ਪਾਰਟੀਆਂ ਉੱਤੇ ਇਹ ਦੋਸ਼ ਲਾਉਂਦੀ ਹੈ ਕਿ ਉਹ ਸਾਧੂ-ਸੰਤਾਂ ਨੂੰ ਬਦਨਾਮ ਕਰਕੇ ਹਿੰਦੂਤਵ ਨੂੰ ਕਲੰਕਤ ਕਰਨ ਦਾ ਯਤਨ ਕਰਦੀਆਂ ਹਨ। ਕੱਲ ਦਾ ਭਾਜਪਾ ਦਾ ‘ਬਾਪੂ’ ਹੁਣ ਭਾਜਪਾ ਦੇ ਦੋਵਾਂ ਮੁੱਖ ਮੰਤਰੀਆਂ ਨੂੰ ਮੁੜ-ਮੁੜ ਕੇ ਇਹ ਕਹਿ ਰਿਹਾ ਹੈ ਕਿ ‘ਹਿੰਮਤ ਹੈ ਤਾਂ ਮੈਨੂੰ ਗ੍ਰਿਫਤਾਰ ਕਰੋ’ ਤੇ ਉਹ ਦੋਵੇਂ ਇਹ ਕਹਿ ਰਹੇ ਹਨ ਕਿ ਗ੍ਰਿਫਤਾਰੀ ਅਦਾਲਤ ਦੇ ਹੁਕਮ ਲੈ ਕੇ ਕੀਤੀ ਜਾਵੇਗੀ, ਜਿਸ ਬਾਰੇ ਕਾਨੂੰਨੀ ਸ਼ਿਕੰਜਾ ਹੌਲੀ-ਹੌਲੀ ਕੱਸਦਾ ਜਾ ਰਿਹਾ ਹੈ।
ਏਸੇ ਦੌਰਾਨ ਪਿਛਲੇਰੇ ਸਾਲ ਇੱਕ ਸਾਧਵੀ ਪ੍ਰਗਿਆ ਸਿੰਘ ਫੜੀ ਗਈ ਸੀ, ਜਿਸ ਉੱਤੇ ਚਾਲ-ਚਲਣ ਦਾ ਤਾਂ ਕੋਈ ਦੋਸ਼ ਨਹੀਂ ਲੱਗਾ, ਪਰ ਦੇਸ਼ ਨੂੰ ਫਿਰਕੂ ਦੰਗਿਆਂ ਦੀ ਅੱਗ ਵਿੱਚ ਧੱਕਣ ਲਈ ਬੰਬ ਧਮਾਕੇ ਕਰਵਾਉਣ ਦੀ ਸਾਜਿਸ਼ ਵਿੱਚ ਉਸ ਦਾ ਹੱਥ ਸਾਫ ਨਿਕਲਿਆ। ਉਸ ਦੇ ਵਿਰੁੱਧ ਮੁਕੱਦਮਾ ਬਣਿਆ ਵੀ, ਜੋ ਭਾਜਪਾ ਵਾਲਿਆਂ ਨੂੰ ‘ਹਿੰਦੂ ਧਰਮ ਨੂੰ ਬਦਨਾਮ ਕਰਨ ਦੀ ਸਾਜਿਸ਼’’ ਜਾਪਿਆ ਤੇ ਉਨ੍ਹਾਂ ਨੇ ਜਾਂਚ ਟੀਮ ਵਿਰੁੱਧ ਤਿੱਖੀ ਬਿਆਨਬਾਜ਼ੀ ਕੀਤੀ ਸੀ। ਜਦੋਂ ਜਾਂਚ ਟੀਮ ਦਾ ਮੁਖੀਆ ਹੇਮੰਤ ਕਰਕਰੇ ਮੁੰਬਈ ਦੇ ਦਹਿਸ਼ਤਗਰਦ ਹਮਲੇ ਵੇਲੇ ਲੜਦਾ ਮਾਰਿਆ ਗਿਆ ਤਾਂ ਭਾਜਪਾ ਬਚਾਅ ਦੇ ਪੈਂਤੜੇ ਉੱਤੇ ਆ ਗਈ। ਭਾਜਪਾ ਲਈ ਮੁਸ਼ਕਲ ਇਹ ਬਣ ਗਈ ਕਿ ਉਹ ਕਰਕਰੇ ਨੂੰ ‘ਦੇਸ਼ ਦਾ ਸ਼ਹੀਦ’ ਆਖ ਕੇ ਵਡਿਆਵੇ ਜਾਂ ‘ਹਿੰਦੂ ਧਰਮ ਵਿਰੁੱਧ ਸਾਜਿਸ਼’ ਦਾ ਮੋਹਰਾ ਆਖ ਕੇ ਭੰਡੇ, ਇਸ ਕਰਕੇ ਉਸ ਨੇ ਸਾਧਵੀ ਦੀ ਪੈਰਵੀ ਦਾ ਕੰਮ ਵਕੀਲਾਂ ਦੇ ਜ਼ਿੰਮੇ ਛੱਡ ਕੇ ਆਪ ਚੁੱਪ ਵੱਟ ਲਈ।
ਸਾਧਵੀ ਪ੍ਰਗਿਆ ਸਿੰਘ ਉੱਤੇ ਕੋਈ ਚਾਲ-ਚਲਣ ਦਾ ਦੋਸ਼ ਭਾਵੇਂ ਨਹੀਂ ਲੱਗਾ, ਪਰ ਉਸ ਦੇ ਮਾਮਲੇ ਵਿੱਚ ਉਸ ਦੇ ਮੁੱਖ ਸਹਿਯੋਗੀ ਵਜੋਂ ਜਿਹੜਾ ‘ਜਗਤ ਗੁਰੂ ਸ਼ੰਕਰਾਚਾਰਿਆ ਪਾਂਡੇ’ ਫੜਿਆ ਗਿਆ, ਉਸ ਦੀ ਲੈਪ-ਟਾਪ ਸਾਰੀ ਦੀ ਸਾਰੀ ਬਲਿਊ ਫਿਲਮਾਂ ਨਾਲ ਭਰੀ ਪਈ ਨਿਕਲੀ ਤੇ ਕਈ ਥਾਂ ਤੋਂ ਉਸ ਬਾਰੇ ਇਹੋ ਜਿਹੇ ਕਿੱਸੇ ਸਾਹਮਣੇ ਆਏ ਕਿ ਲੋਕ ਕੰਨਾਂ ਨੂੰ ਹੱਥ ਲਾਉਣ ਲੱਗ ਪਏ। ਹਿੰਦੂ ਮੱਤ ਦੇ ਸੰਤਾਂ ਨੇ ਉਸ ਤੋਂ ਇਹ ਆਖ ਕੇ ਕਿਨਾਰਾ ਕਰ ਲਿਆ ਕਿ ਉਹ ‘ਸ਼ੰਕਰਾਚਾਰਿਆ’ ਵੀ ਜਾਅਲੀ ਹੈ ਤੇ ਇਹੋ ਜਿਹੇ ਕਈ ਆਪੇ ਬਣੇ ਸ਼ੰਕਰਾਚਾਰਿਆ ਤੁਰੇ ਫਿਰਦੇ ਹਨ। ਇਹ ਸੱਚ ਵੀ ਹੈ। ਇਨ੍ਹਾਂ ਵਿੱਚੋਂ ਬਹੁਤੇ ਇਹੋ ਜਿਹੇ ਕਿਰਦਾਰ ਦੇ ਮਾਲਕ ਹਨ ਕਿ ਉਨ੍ਹਾਂ ਨੂੰ ‘ਕਮਾਦ ਵਿੱਚ ਵੜੇ ਗਿੱਦੜ’ ਕਿਹਾ ਜਾ ਸਕਦਾ ਹੈ। ਇੱਕ ਤੋਂ ਇੱਕ ਭੱਦੇ ਇਲਜ਼ਾਮ ਉਨ੍ਹਾਂ ਉੱਤੇ ਲੱਗ ਰਹੇ ਹਨ। ਸਾਧਵੀ ਪ੍ਰਗਿਆ ਦਾ ਸਾਥੀ ‘ਸ਼ੰਕਰਾਚਾਰਿਆ’ ਪਾਂਡੇ ਵੀ ਏਦਾਂ ਦਾ ਹੀ ਹੈ।
ਹੁਣ ਪਿਛਲੇ ਹਫਤੇ ਦੋ ਹੋਰ ਸਵਾਮੀਆਂ ਦੇ ਚਿਹਰੇ ਬੇਨਕਾਬ ਹੋ ਗਏ ਹਨ। ਇਨ੍ਹਾਂ ਵਿੱਚੋਂ ਇੱਕ ਹੈ ਦਿੱਲੀ ਵਿੱਚ ਫੜਿਆ ਗਿਆ ਭੀਮਾ ਨੰਦ ਉਰਫ਼ ਰਾਜੀਵ ਰੰਜਨ ਉਰਫ਼ ਇੱਛਾਧਾਰੀ ਮਹਾਰਾਜ। ਉਹ ਦਿੱਲੀ ਵਿੱਚ ਇੱਕ ਬੜਾ ‘ਉੱਚੇ ਪੱਧਰ ਦਾ’ ਦੇਹ-ਵਪਾਰ ਚਲਾ ਰਿਹਾ ਸੀ, ਜਿਸ ਵਿੱਚ ਗਾਹਕ ਵੀ ‘ਉੱਚੇ ਪੱਧਰ’ ਦੇ ਸਨ ਤੇ ਉਨ੍ਹਾਂ ਕੋਲ ਭੇਜੀਆਂ ਜਾਂਦੀਆਂ ਲੜਕੀਆਂ ਵੀ। ਕਚ੍ਹਿਆਣ ਜਿਹੀ ਆਉਂਦੀ ਹੈ, ਜਦੋਂ ਦੇਹ ਵਪਾਰ ਦੇ ਧੰਦੇ ਨੂੰ ਵੀ ਤੇ ਉਸ ਦੇ ਗਾਹਕਾਂ ਨੂੰ ਵੀ ‘ਉੱਚੇ ਪੱਧਰ’ ਵਾਲੇ ਲਿਖ ਕੇ ਅਖ਼ਬਾਰਾਂ ਜ਼ਿਕਰ ਕਰਦੀਆਂ ਹਨ ਤੇ ਟੀ.ਵੀ. ਚੈਨਲ ਵੀ ਇਹੋ ਲਫ਼ਜ਼ ਵਰਤਦੇ ਹਨ। ‘ਸਵਾਮੀ’ ਬਣੇ ਹੋਏ ਭੀਮਾ ਨੰਦ ਕੋਲ ਪਹਿਲੇ ਹੱਲੇ ਵਿੱਚ ਜਿਹੜੀਆਂ ਲੜਕੀਆਂ ਫੜੀਆਂ ਗਈਆਂ, ਉਨ੍ਹਾਂ ਵਿੱਚ ਦੋ ਤਾਂ ਨਾਮਣੇ ਵਾਲੇ ਕਾਲਜਾਂ ਦੀਆਂ ਵਿਦਿਆਰਥਣਾਂ ਸਨ, ਜਿਨ੍ਹਾਂ ਦਾ ਸਬੰਧ ਅਮੀਰ ਘਰਾਣਿਆਂ ਨਾਲ ਸੀ ਤੇ ਦੋ ਏਅਰ ਹੋਸਟੈਸਾਂ ਸਨ, ਜਿਨ੍ਹਾਂ ਨੂੰ ਮੋਟੀ ਤਨਖ਼ਾਹ ਮਿਲ ਜਾਂਦੀ ਹੈ। ਉਸ ਦੇ ਫੜੇ ਜਾਣ ਪਿੱਛੋਂ ਜਦੋਂ ਉਸ ਦੀ ਡਾਇਰੀ ਫੋਲੀ ਗਈ, ਤਾਂ ਪਤਾ ਲੱਗਾ ਕਿ ਕੁਝ ਐਕਟਰੈਸਾਂ ਵੀ ਉਸ ਦੀਆਂ ‘ਸਟਾਫ ਮੈਂਬਰ’ ਸਨ ਤੇ ਕੁਝ ਹੋਰ ਵੱਡੇ-ਵੱਡੇ ਘਰਾਂ ਦੀਆਂ ਅਮੀਰਜ਼ਾਦੀਆਂ ਵੀ, ਜਿਨ੍ਹਾਂ ਦੇ ‘ਫਾਈਵ ਸਟਾਰ’ ਸ਼ੌਕ ਜੋਗਾ ਖਰਚ ਘਰ ਵਿੱਚੋਂ ਨਾ ਮਿਲਣ ਕਰਕੇ ਇਸ ਕਾਰੋਬਾਰ ਨਾਲ ਜੁੜੀਆਂ ਹੋਈਆਂ ਸਨ।
ਡਾਇਰੀ ਦੱਸਦੀ ਹੈ ਕਿ ਕੁੜੀਆਂ ਨੂੰ ਕੀਤੇ ਕੰਮ ਦੇ ਪੈਸੇ ਨਾਲੋ ਨਾਲ ਨਾ ਦੇ ਕੇ ਬਕਾਇਦਾ ਮਹੀਨਾਵਾਰ ਤਨਖ਼ਾਹ ਦਿੱਤੀ ਜਾਂਦੀ ਸੀ ਤੇ ਉਨ੍ਹਾਂ ਦੀ ‘ਡਿਊਟੀ ਲਿਸਟ’ ਵੀ ਬਣੀ ਹੋਈ ਸੀ, ਜਿਸ ਵਿੱਚ ਵੱਖੋ-ਵੱਖ ਗਰੇਡ ਮੁਤਾਬਕ ਦਰਜ ਸੀ ਕਿ ਕਿਸ ਕੁੜੀ ਨੂੰ ਕਿਸ ਥਾਂ ਹੀ ਭੇਜਿਆ ਜਾਣਾ ਹੈ। ਗਾਹਕਾਂ ਵਿੱਚ ਵੀ ਵੱਡੇ-ਵੱਡੇ ਲੋਕਾਂ ਦੇ ਨਾਂਅ ਦਰਜ ਸਨ ਤੇ ਪੁਲਸ ਦੇ ਕਈ ਵੱਡੇ ਅਫ਼ਸਰਾਂ ਨੂੰ ਦਿੱਤੇ ਜਾਂਦੇ ਰਹੇ ਪੈਸਿਆਂ ਦਾ ਵੇਰਵਾ ਵੀ ਦਰਜ ਸੀ। ‘ਸਵਾਮੀ’ ਦਾ ਮੰਦਰ, ਜਿਸ ਦੇ ਬਾਹਰ ਵੀ ਸ਼ਿਰਡੀ ਦੇ ਸਾਈਂ ਬਾਬਾ ਦੀ ਫੋਟੋ ਲੱਗੀ ਹੋਈ ਹੈ ਤੇ ਅੰਦਰ ਵੀ ਸਾਈਂ ਬਾਬਾ ਦੀਆਂ ਮੂਰਤੀਆਂ ਸਸ਼ੋਭਤ ਹਨ, ਆਲੀਸ਼ਾਨ ਧਰਮ ਅਸਥਾਨ ਜਾਪਦਾ ਹੈ, ਪਰ ਅੰਦਰ ਜਾਓ ਤਾਂ ਲੁਕਵੇਂ ਦਰਵਾਜਿਆਂ ਪਿੱਛੇ ਗੁਫਾਵਾਂ ਏਦਾਂ ਬਣੀਆਂ ਹੋਈਆਂ ਹਨ, ਜਿਵੇਂ ਫਿਲਮਾਂ ਵਿੱਚ ਵੇਖੀਆਂ ਜਾਂਦੀਆਂ ਹਨ, ਤੇ ਉਨ੍ਹਾਂ ਵਿੱਚੋਂ ਨਿਕਲ ਭੱਜਣ ਦੇ ਚਾਰ ਲੁਕਵੇਂ ਦਰਵਾਜ਼ੇ ਹੀ ਮਿਲੇ ਹਨ।
ਇਹ ਸਾਰਾ ਕੁਝ ਹੈਰਾਨ ਕਰਨ ਵਾਲਾ ਹੈ, ਪਰ ਅਸਲੀ ਹੈਰਾਨਗੀ ਤਾਂ ਅਗਲੀ ਜਾਣਕਾਰੀ ਨਾਲ ਹੁੰਦੀ ਹੈ। ਉਸ ਦੇ ਦਿੱਲੀ ਦੇ ਸਮਾਗਮਾਂ ਵਿੱਚ ਭਾਜਪਾ ਦਾ ਇਕ ਪਾਰਲੀਮੈਂਟ ਮੈਂਬਰ ਆਉਂਦਾ-ਜਾਂਦਾ ਰਿਹਾ ਸੀ, ਪਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹੋ ਬੰਦਾ ਹਾਲੇ ਚਾਰ ਸਾਲ ਪਹਿਲਾਂ ਦਿੱਲੀ ਵਿੱਚ ਹੀ ਦੇਹ ਵਪਾਰ ਦਾ ਧੰਦਾ ਕਰਦਾ ਫੜਿਆ ਗਿਆ ਸੀ। ਉਸ ਦੇ ਖਿਲਾਫ ਇਕ ਲੁੱਟ-ਖੋਹ ਦਾ ਵੀ ਮਾਮਲਾ ਦਰਜ ਸੀ। ਜਿਸ ਦਿੱਲੀ ਵਿੱਚ ਉਹ ਦੇਹ-ਵਪਾਰ ਦਾ ਧੰਦਾ ਕਰਨ ਦਾ ਦੋਸ਼ੀ ਸੀ, ਲੁੱਟ-ਖੋਹ ਦਾ ਵੀ ਦੋਸ਼ੀ ਸੀ, ਓਸੇ ਦਿੱਲੀ ਵਿੱਚ ਉਹ ‘ਸਵਾਮੀ’ ਬਣ ਕੇ ਆਪਣੀ ਸੰਤਗਿਰੀ ਦੇ ਪਰਦੇ ਹੇਠ ਦੇਹ-ਵਪਾਰ ਦਾ ਏਡਾ ਵੱਡਾ ਕਾਰੋਬਾਰ ਚਲਾਉਂਦਾ ਰਿਹਾ, ਜਿਸ ਵਿੱਚ ਉਸ ਦੀ ‘ਸਟਾਫ ਲਿਸਟ’ ਵਿੱਚ ਚਾਰ ਸੌ ਤੋਂ ਵੱਧ ਕੁੜੀਆਂ ਦੇ ਨਾਂਅ ਦਰਜ ਹਨ। ਕੁੜੀਆਂ ਵਿੱਚੋਂ ਕੁਝ ਤਾਂ ਦੂਜੇ ਦੇਸ਼ਾਂ ਦੀਆਂ ਵੀ ਹਨ, ਖਾ ਕਰ ਕੇ ਰੂਸ ਦੇ ਨਾਲ ਲੱਗਦੇ ਸਾਬਕਾ ਸੋਵੀਅਤ ਰਾਜਾਂ ਦੀਆਂ। ਜਦੋਂ ਏਨਾ ਕੁਝ ਹੁੰਦਾ ਰਿਹਾ, ਓਦੋਂ ਉਹ ਦਿੱਲੀ ਪੁਲਸ ਗੂੜ੍ਹੀ ਨੀਂਦ ਸੁੱਤੀ ਰਹੀ, ਜਿਹੜੀ ਹੁਣ ਉਸੇ ਬਦਮਾਸ਼ ਦੀ ਗ੍ਰਿਫਤਾਰੀ ਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਵਜੋਂ ਪੇਸ਼ ਕਰ ਕੇ ਆਪਣੀ ਪਿੱਠ ਆਪ ਹੀ ਥਾਪੜ ਰਹੀ ਹੈ।
ਜਿਹੜਾ ਦੂਜਾ ‘ਸੰਤ’ ਬੀਤੇ ਹਫ਼ਤੇ ਹੀ ਬੇਨਕਾਬ ਹੋਇਆ ਹੈ, ਉਸ ਦਾ ਨਾਂਅ ‘ਸਵਾਮੀ ਨਿਤਿਆਨੰਦ ਜੀ ਮਹਾਰਾਜ’ ਹੈ। ਤਾਮਿਲਨਾਡੂ ਤੋਂ ਸ਼ੁਰੂ ਹੋ ਕੇ ਦੇਸ਼ ਭਰ ਵਿੱਚ ਬਾਰਾਂ ਕੁ ਉਸ ਦੇ ਆਲੀਸ਼ਾਨ ਆਸ਼ਰਮ ਹਨ। ਖੇਡ ਉਸ ਦੀ ਓਦੋਂ ਖ਼ਰਾਬ ਹੋ ਗਈ, ਜਦੋਂ ਇੱਕ ਤਾਮਿਲ ਟੀ.ਵੀ. ਚੈਨਲ ਨੇ ਇਕ ਸੀ.ਡੀ. ਟੈਲੀਕਾਸਟ ਕਰ ਦਿੱਤੀ, ਜਿਸ ਵਿੱਚ ‘ਸਵਾਮੀ’ ਇੱਕ ਤਾਮਿਲ ਫਿਲਮਾਂ ਦੀ ਹੀਰੋਇਨ ਨਾਲ ਰੰਗਰਲੀਆਂ ਮਨਾਉਂਦਾ ਨਜ਼ਰ ਆ ਰਿਹਾ ਸੀ। ਸੀ.ਡੀ. ਵਿਖਾਏ ਜਾਣ ਪਿੱਛੋਂ ਲੋਕ ਭੜਕ ਉਠੇ ਤੇ ਉਨ੍ਹਾਂ ਨੇ ‘ਸਵਾਮੀ’ ਦੇ ਆਸ਼ਰਮ ਦੀ ਭੰਨ-ਤੋੜ ਜਾ ਕੀਤੀ। ਕਮਾਲ ਦੀ ਗੱਲ ਇਹ ਕਿ ਗੁਜਰਾਤ ਦਾ ਜਿਹੜਾ ਭਾਜਪਾਈ ਮੁੱਖ ਮੰਤਰੀ ਨਰਿੰਦਰ ਮੋਦੀ ਹੁਣ ‘ਬਾਪੂ’ ਆਸਾ ਰਾਮ ਦੇ ਆਸ਼ਰਮ ਨੂੰ ਬੇਪਰਦ ਕਰਨ ਲੱਗਾ ਹੋਇਆ ਹੈ, ਉਹ ਕਈ ਜਨਤੱਕ ਪ੍ਰੋਗਰਾਮਾਂ ਵਿੱਚ ਇਸ ਬੱਤੀ ਕੁ ਸਾਲ ਦੇ ਛੋਕਰੇ ਜਿਹੇ ‘ਸਵਾਮੀ’ ਦੇ ਨਾਲ ਸਟੇਜਾਂ ਉੱਤੇ ਬੈਠਾ ਨਜ਼ਰ ਆਉਂਦਾ ਹੈ ਤੇ ਟੀ.ਵੀ. ਚੈਨਲਾਂ ਵੱਲੋਂ ਵਿਖਾਏ ਜਾਣ ਉੱਤੇ ਕੋਈ ਟਿੱਪਣੀ ਕਰਨ ਤੋਂ ਵੀ ਇਨਕਾਰ ਕਰੀ ਜਾ ਰਿਹਾ ਹੈ। ਸਾਫ਼ ਜਾਪਦਾ ਹੈ ਕਿ ਉਹ ਆਸਾ ਰਾਮ ਦੇ ਮੁਕਾਬਲੇ ਇੱਕ ਨਵਾਂ ‘ਸਵਾਮੀ’ ਉਭਾਰਨ ਲਈ ਆਪਣੀ ਸਰਕਾਰ ਦੀ ਦੁਰਵਰਤੋਂ ਕਰਨ ਵਿੱਚ ਰੁਝੇ ਹੋਏ ਸਨ, ਜਿਹੜੀ ਖੇਡ ਉੱਤੇ ਹੁਣ ਪਾਣੀ ਫਿਰ ਗਿਆ ਹੈ।
ਸਾਡੇ ਪੰਜਾਬ ਵਿੱਚ ਵੀ ਏਦਾਂ ਦੇ ਕਈ ‘ਸਾਧ-ਸੰਤ’ ਤੁਰੇ ਫਿਰਦੇ ਹਨ, ਜਿਨ੍ਹਾਂ ਦਾ ਪੱਲਾ ਕਾਲੇ
ਦਾਗਾਂ ਨਾਲ ਭਰਪੂਰ ਹੈ। ਸੰਤ ਸ਼ਮਸ਼ੇਰ ਸਿੰਘ ਜਗੇੜੇ ਵਾਲੇ ਉੱਤੇ ਬਲਾਤਕਾਰ ਦਾ ਦੋਸ਼ ਲੱਗਾ ਸੀ, ਹੁਣ
ਉਹ ਇੱਕ ਬੀਬੀ ਨੂੰ ਅੱਗੇ ਕਰਕੇ ਹੋਰਨਾਂ ਵਿਰੁੱਧ ਅਜਿਹੇ ਇਹੋ ਜਿਹੇ ਦੋਸ਼ ਲਗਵਾਉਂਦਾ ਫਿਰਦਾ ਹੈ।
ਇੱਕ ਹੋਰ ‘ਸੰਤ’ ਧਨਵੰਤ ਸਿੰਘ ਉੱਤੇ ਇੱਕ ਬੱਚੀ ਨਾਲ ਬਲਾਤਕਾਰ ਦਾ ਦੋਸ਼ ਲੱਗਾ ਸੀ। ਮਾਮਲਾ ਅਕਾਲ
ਤਖ਼ਤ ਸਾਹਿਬ ਵਿਖੇ ਗਿਆ, ਪਰ ਉਸ ਨੇ ਮੌਕੇ ਦੇ ਜਥੇਦਾਰ ਨਾਲ ‘ਗਿੱਟ-ਮਿੱਟ’ ਕਰ ਲਈ ਤੇ ਸੁੱਕਾ ਨਿਕਲ
ਗਿਆ। ਫਿਰ ਮਾਮਲਾ ਕਾਨੂੰਨੀ ਅਦਾਲਤ ਵਿੱਚ ਜਾ ਪੁੱਜਾ ਤੇ ਜਿਸ ‘ਸੰਤ’ ਨੂੰ ਅਕਾਲ ਤਖ਼ਤ ਦੇ ਜਥੇਦਾਰ
ਨੇ ਦੁੱਧ-ਧੋਤਾ ਕਰਾਰ ਦੇ ਛੱਡਿਆ ਸੀ, ਉਸ ਨੂੰ ਅਦਾਲਤ ਨੇ ਦੋਸ਼ ਸਾਬਤ ਹੋਣ ਮਗਰੋਂ ਜੇਲ੍ਹ ਭੇਜ
ਦਿੱਤਾ। ਇੱਕ ਹੋਰ ‘ਸੰਤ’ ਅੱਜ ਕੱਲ੍ਹ ਕਈ ਕਿਸਮ ਦੇ ਚਰਚਿਆਂ ਵਿੱਚ ਹੈ। ਬੈਠਾ ਉਹ ਹਰਿਆਣੇ
(ਪੇਹੋਵਾ) ਵਿੱਚ ਹੈ, ਮਾਨਤਾ ਪੰਜਾਬ ਵਿੱਚ ਵੀ ਚੋਖੀ ਹੈ ਤੇ ਇੱਕ ਆਦਮੀ ਦੀਆਂ ਅੱਖਾਂ ਵਿੱਚ ਤੇਜ਼ਾਬ
ਪਵਾ ਕੇ ਅੰਨ੍ਹਾ ਕਰ ਦੇਣ ਦਾ ਮੁਕੱਦਮਾ ਵੀ ਉਸ ਵਿਰੁੱਧ ਚੱਲ ਰਿਹਾ ਹੈ। ਉਸ ਦੀ ‘ਸੰਤਗਿਰੀ’ ਜਾਣਨੀ
ਹੋਵੇ ਤਾਂ ਕੈਨੇਡਾ ਫੋਨ ਕਰਕੇ ਕਿਸੇ ਵੀ ਪੰਜਾਬੀ ਨੂੰ ਪੁੱਛੀ ਜਾ ਸਕਦੀ ਹੈ, ਪਰ ਹਿੰਦੁਸਤਾਨ ਵਿੱਚ
ਇਹ ‘ਮਹਾਨ ਸਿੱਖ ਸੰਤ’ ਵਜੋਂ ਜਾਣਿਆ ਜਾਂਦਾ ਹੈ।
ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਸਿੰਘ ਵੀ ਸਾਧਵੀਆਂ ਨਾਲ ਬਦਫੈਲੀ ਕਰਨ ਦੇ ਦੋਸ਼ ਹੇਠ ਮੁਕੱਦਮਾ
ਭੁਗਤ ਰਿਹਾ ਹੈ। ਏਦਾਂ ਦੇ ਕਈ ਹੋਰ ਵੀ ਇਸੇ ਕਿਰਦਾਰ ਦੇ ਮਾਲਕ ਹਨ।
ਇਸ ਦੇ ਬਾਵਜੂਦ ਹੈਰਾਨੀ ਹੁੰਦੀ ਹੈ ਕਿ ਲੋਕਾਂ ਦੀਆਂ ਅੱਖਾਂ ਉੱਤੇ ਬੱਝੀ ਪੱਟੀ ਲੱਥਦੀ ਹੀ ਨਹੀਂ। ਉਹ ਹਰ ਜਣੇ-ਖਣੇ ਨੂੰ ਰੱਬੀ-ਪੁਰਸ਼ ਮੰਨ ਕੇ ਉਸ ਦੇ ਪੈਰੀਂ ਮੱਥੇ ਟੇਕੀ ਜਾਂਦੇ ਹਨ। ਗਿਆਨ ਦੀ ਲੋਅ ਹਾਲੇ ਕਾਫੀ ਮੱਧਮ ਹੈ। ਇਸ ਨੂੰ ਹੋਰ ਤੇਜ਼ ਕਰਨ ਦੀ ਲਹਿਰ ਚਲਾਉਣੀ ਪਵੇਗੀ। ਜਦੋਂ ਤੱਗ ਗਿਆਨ ਦੀ ਲੋਅ ਤੇਜ਼ ਨਹੀਂ ਹੁੰਦੀ, ਓਦੋਂ ਤੱਕ ਸਮਾਜ ਦੀ ਬੁੱਕਲ ਦੇ ਸੱਪ ਚੰਗਾ ਖਾਂਦੇ ਤੇ ਮੰਦਾ ਉਗਲਦੇ ਰਹਿਣਗੇ, ਤੇ ਸਮਾਜ ਭੁਗਤਦਾ ਰਹੇਗਾ।
(ਸੰਪਾਦਕੀ ਟਿੱਪਣੀ : ਇਹ ਗੱਲ ਬਿਲਕੁਲ ਦਰੁਸਤ ਹੈ ਕਿ ਭਾਰਤੀ ਸਮਾਜ ਦੇ ਲੋਕਾਂ ਉੱਤੇ ਅਗਿਆਨ ਦੀ ਬੜੀ ਮੋਟੀ ਪੱਟੀ ਬੱਝੀ ਹੋਈ ਹੈ। ਇਸਲਈ ਉਹ ਅਕਸਰ ਡੇਰੇਦਾਰ ਸਾਧਾਂ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰਨ ਵਾਲੀਆਂ ਖ਼ਬਰਾਂ ਸੁਣ ਕੇ ਵੀ ਇਸ ਆਸ ਨਾਲ ਦੂਜੇ ਡੇਰੇਦਾਰਾਂ ਦੇ ਸ਼ਰਧਾਲੂ ਬਣੇ ਰਹਿੰਦੇ ਹਨ ਕਿ ‘‘ਉਹ ਸੰਤ ਤਾਂ ਮਾੜਾ ਸੀ, ਪਰ ਸਾਡਾ ਸੰਤ ਤਾਂ ਚੰਗਾ ਹੈ’’। ਅਗਿਆਨ ਤੇ ਅੰਨ੍ਹੀ ਸ਼ਰਧਾ ਵੱਸ ਹੋਏ ਅਜਿਹੇ ਲੋਕ ਇਸ ਕੌੜੀ ਸੱਚਾਈ ਨੂੰ ਅੱਖਾਂ ਓਹਲੇ ਕਰ ਦਿੰਦੇ ਹਨ ਕਿ ਸਾਰੇ ਹੀ ਡੇਰੇਦਾਰ ਇਕੋ ਥੈਲੀ ਦੇ ਚੱਟੇ-ਬੱਟੇ ਹਨ ਤੇ ਜੋ ਫੜਿਆ ਗਿਆ ਉਹ ਚੋਰ, ਜੋ ਬੱਚ ਗਿਆ ਉਹ ਸਾਧ ਹੈ। ਸਿੱਖੀ ਰੂਪ ਧਾਰ ਕੇ ਬੇਅੰਤ ਭ੍ਰਿਸ਼ਟਾਚਾਰ, ਦੁਰਾਚਾਰ ਅਤੇ ਮਨਮਤਿ ਫੈਲਾ ਰਹੇ ਕਾਫੀ ਸਾਰੇ ਡੇਰੇਦਾਰਾਂ ਬਾਰੇ ਜਾਣਕਾਰੀ ਭਾਈ ਸੁਖਵਿੰਦਰ ਸਿੰਘ ਸਭਰਾ ਦੀ ਲਿਖਤ ਪੁਸਤਕ ‘ਸੰਤਾਂ ਦੇ ਕੌਤਕ’ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਪਰ ਲੋਕ ਅਜਿਹੀਆਂ ਪੁਸਤਕਾਂ ਨੂੰ ਪੜ੍ਹਨ ਦੀ ਖੇਚਲ ਹੀ ਨਹੀਂ ਕਰਦੇ। ਗੁਰਦੁਆਰਿਆਂ ਅਤੇ ਮੰਦਰਾਂ ਦੇ ਪ੍ਰਬੰਧਕਾਂ ਵੱਲੋਂ ਵੀ ਲੋਕਾਂ ਨੂੰ ਅਜਿਹੇ ਡੇਰੇਦਾਰ ਸਾਧਾਂ ਬਾਰੇ ਸੁਚੇਤ ਕਰਨ ਲਈ ਕੋਈ ਲਹਿਰ ਉਲੀਕਣ ਦੀ ਬਜਾਏ ਖ਼ੁਦ ਹੀ ਵੱਡੇ-ਵੱਡੇ ‘ਸੰਤ ਸਮਾਗਮ’ ਕਰਵਾ ਕੇ ਵੱਖ-ਵੱਖ ਡੇਰੇਦਾਰ ਸਾਧਾਂ ਨੂੰ ਪ੍ਰਮੋਟ ਕਰਨ ਅਤੇ ਵਿਕਾਊ ਕਿਸਮ ਦੇ ਕੀਰਤਨੀਆਂ/ਕਥਾਂਵਾਚਕਾਂ ਵੱਲੋਂ ਬਾਰ-ਬਾਰ ਲੋਕਾਂ ਨੂੰ ‘‘ਸੰਤ ਕੀ ਨਿੰਦਾ’’ ਤੋਂ ਬਚਣ ਦੇ ਲੈਕਚਰ ਦੇਣ ਕਾਰਨ ਆਮ ਲੋਕਾਂ ਨੂੰ ਇਸ ਬਾਬਤ ਸੁਚੇਤ ਕਰਨਾ ਬਹੁਤ ਔਖਾ ਹੈ। ਇਸਲਈ ਕੋਈ ਚਮਤਕਾਰ ਹੀ ਭਾਰਤੀ ਲੋਕਾਂ ਨੂੰ ਇਨ੍ਹਾਂ ਪਖੰਡੀ ਸਾਧਾਂ ਪ੍ਰਤੀ ਜਾਗਰੁਕ ਕਰ ਸਕਦਾ ਹੈ।)