Subscription About Us Contact Us


ਦਸਮ ਗ੍ਰੰਥ ਵਿਰੋਧੀ ਉਠੀ ਲਹਿਰ ਨੂੰ ਤਾਰਪੀਡੋ ਕਰਨ ਲਈ ਇੱਕ ਪਾਸੇ ਪ੍ਰੋ: ਦਰਸ਼ਨ ਸਿੰਘ ਨੂੰ ਬਦਨਾਮ ਕਰਨ ਲਈ ਉਸ ਵਿਰੁੱਧ ਭੰਡੀ ਪ੍ਰਚਾਰ ਸਿਖਰ ’ਤੇ ਪਹੁੰਚਾਇਆ, ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ’ਤੇ ਹਮਲੇ ਤੇਜ਼ ਕੀਤੇ

- ਕਿਰਪਾਲ ਸਿੰਘ ਬਠਿੰਡਾ -
ਫੋਨ : 9855480797

ਆਮ ਤੌਰ ’ਤੇ ਆਪਣੇ ਘਰ ਮਾਲ ਨੂੰ ਚੋਰਾਂ ਤੋਂ ਬਚਾਉਣ ਲਈ ਪਿੰਡ ਜਾਂ ਮੁਹੱਲਾ ਵਾਸੀ ਇੱਕ ਚੌਕੀਦਾਰ ਰੱਖ ਲੈਂਦੇ ਹਨ, ਜਿਹੜਾ ਰਾਤ ਨੂੰ ਗਲੀ ਗਲੀ ਵਿੱਚ ਘੁੰਮਦਾ ਹੋਕਾ ਦਿੰਦਾ ਰਹਿੰਦਾ ਹੈ ‘ਜਾਗਦੇ ਰਹੋ ਭਾਈ।’ ਇਸ ਦਾ ਭਾਵ ਇਹੀ ਹੁੰਦਾ ਹੈ ਕਿ ਘਰ ਵਾਲਾ ਇਹ ਅਵਾਜ਼ ਸੁਣ ਕੇ ਜਾਗ ਪਵੇ। ਜੇ ਘਰ ਦਾ ਮਾਲਕ ਜਾਗ ਪਵੇ ਤਾਂ ਚੋਰ ਲਈ ਚੋਰੀ ਕਰਨੀ ਅਸੰਭਵ ਹੋ ਜਾਂਦੀ ਹੈ ਤੇ ਮਾਲਕ ਨੂੰ ਜਾਗੇ ਹੋਏ ਵੇਖ ਕੇ ਚੋਰ ਦੌੜ ਜਾਂਦਾ ਹੈ, ਜਿਸ ਕਾਰਨ ਘਰ ਵਿੱਚ ਚੋਰੀ ਹੋਣੋ ਬਚ ਜਾਂਦੀ ਹੈ। ਧਰਮ ਦੇ ਪ੍ਰਚਾਰਕ ਅਤੇ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲਾ ਮੀਡੀਆ ਵੀ ਇਹ ਦਾਅਵਾ ਕਰਦੇ ਹਨ ਕਿ ਉਹ ਗੁਰੂ ਘਰ ਦੇ ‘ਕੂਕਰ’ ਹਨ, ਇਸ ਲਈ ਧਰਮ ’ਤੇ ਹੋ ਰਹੇ ਹਮਲੇ ਨੂੰ ਵੇਖ ਕੇ ਹੋਕਾ ਦੇਣਾ, ਉਨ੍ਹਾਂ ਦਾ ਫਰਜ਼ ਹੈ ਤੇ ਹੋਕੇ ਦੀ ਅਵਾਜ਼ ਸੁਣ ਕੇ ਜਾਗਣਾ ਤੇ ਆਪਣਾ ਘਰ ਬਚਾਉਣਾ ਪੰਥ ਦਾ ਕੰਮ ਹੈ। ਇਹ ਵੀ ਇੱਕ ਕਹਾਵਤ ਹੈ ਕਿ ਜੇ ਗੁਰੂ ਘਰ ਦੇ ਕੂਕਰ ਅਖਵਾਉਣ ਵਾਲੇ, ਧਰਮ ’ਤੇ ਹੋ ਰਹੇ ਹਮਲੇ ਨੂੰ ਵੇਖ ਕੇ ਕੋਈ ਅਵਾਜ਼ ਨਾ ਦੇਣ ਤਾਂ ਕਿਹਾ ਜਾਂਦਾ ਹੈ ਕਿ ‘ਚੋਰ ਤੇ ਕੁੱਤੀ ਰਲ ਗਏ’। ਜੇ ਕੁੱਤੀ ਚੋਰ ਨੂੰ ਭੌਂਕਣ ਦੀ ਬਜਾਏ ਘਰ ਦੇ ਮਾਲਕ ਨੂੰ ਹੀ ਭੌਂਕਣਾ ਸ਼ੁਰੂ ਕਰ ਦੇਵੇ ਤਾਂ ਸਮਝ ਲਿਆ ਜਾਂਦਾ ਹੈ ਕਿ ਕੁੱਤੀ ਪਾਗਲ ਹੋ ਗਈ ਹੈ ਜਾਂ ਹਲਕਾ ਗਈ ਹੈ। ਜੇ ਕੋਈ ਵਿਅਕਤੀ ਹਲਕਾਈ ਹੋਈ ਕੁੱਤੀ ਨੂੰ ਆਪਣੇ ਘਰ ਦੀ ਰਾਖੀ ਲਈ ਰੱਖਣਾ ਜਾਰੀ ਰੱਖੇ, ਉਸ ਨੂੰ ਮੂਰਖ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਹਲਕਾਈ ਕੁੱਤੀ ਨੂੰ ਆਪਣੇ ਪਰਾਏ ਦੀ ਤਾਂ ਪਹਿਚਾਣ ਹੀ ਭੁੱਲ ਜਾਂਦੀ ਹੈ, ਉਸ ਦੇ ਅੱਗੇ ਜਿਹੜਾ ਵੀ ਆ ਜਾਵੇ, ਉਸੇ ਨੂੰ ਕੱਟ ਦੇਣਾ ਹੈ। ਹਲਕਾਈ ਕੁੱਤੀ ਦੇ ਕੱਟੇ ਜਾਣ ’ਤੇ ਮੌਤ ਵੀ ਹੋ ਸਕਦੀ ਹੈ। ਜਿੱਥੇ ਹਲਕਾਈ ਕੁੱਤੀ ਨੂੰ ਘਰ ਰੱਖਣ ਵਾਲੇ ਨੂੰ ਮੂਰਖ ਕਿਹਾ ਜਾਂਦਾ ਹੈ, ਉਥੇ ਜੇ ਘਰ ਦੇ ਮੈਂਬਰਾਂ ਦੇ ਜਾਗਦੇ ਹੋਏ ਵੀ ਜੇ ਕੋਈ ਚੋਰ ਚੋਰੀ ਕਰਨ ਵਿੱਚ ਸਫ਼ਲ ਹੋ ਜਾਵੇ ਤਾਂ ਵੀ ਘਰ ਵਾਲਿਆਂ ਨੂੰ ਮੂਰਖ ਅਤੇ ਚੋਰ ਨੂੰ ਬਹੁਤ ਸ਼ਾਤਰ ਦਿਮਾਗ ਹੀ ਕਹਿਣਾ ਪਵੇਗਾ। ਅੱਜ ਪੰਥ ਦੀ ਤ੍ਰਾਸ਼ਦੀ ਇਸ ਤੋਂ ਵੀ ਵੱਡੀ ਹੈ ਕਿ ਇੱਥੇ ਸ਼ਾਤਰ ਦਿਮਾਗ ਚੋਰ ਨੇ ਹੀ ਕੁੱਤੀ ਦਾ ਭੇਸ ਧਾਰਨ ਕਰਕੇ ਬਾਬੇ ਨਾਨਕ ਦੇ ਫਲਸਫੇ ਨੂੰ ਬਚਾਉਣ ਦੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਹਨ। ਕੁਝ ਮੇਰੇ ਵਰਗੇ ਜਾਗੇ ਹੋਏ ਸਿੱਖ ਹੋਣ ਦਾ ਦਾਅਵਾ ਕਰਨ ਵਾਲੇ ਉਸ ਚੋਰ/ਕੁੱਤੀ ਦੇ ਸਮਰਥਨ ਵਿੱਚ ਖੜ੍ਹ ਗਏ ਅਤੇ ਨਿਸਚਿੰਤ ਹੋ ਗਏ ਕਿ ਹੁਣ ਬਾਬੇ ਨਾਨਕ ਦੇ ਫਲਸਫੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਕਿਉਂਕਿ ਚੋਰ ਤੇ ਕੁੱਤੀ ਰਲਣ ਦੀ ਕੋਈ ਸੰਭਾਵਨਾ ਹੀ ਨਹੀਂ। ਪਰ ਉਹ ਇਤਨੇ ਭੋਲੇ ਹਨ ਕਿ ਇੱਥੇ ਚੋਰ ਕੁੱਤੀ ਰਲਣ ਤੋਂ ਵੀ ਗੱਲ ਅੱਗੇ ਵਧੀ ਹੋਈ ਹੈ ਕਿਉਂਕਿ ਇੱਥੇ ਤਾਂ ਇੱਕ ਹੀ ਵਿਅਕਤੀ ਦੇ ਦੋ ਰੂਪ ਹਨ, ਜਿਹੜਾ ਇੱਕ ਪਾਸੇ ਸਿੱਖਾਂ ਦੇ ਸਭ ਤੋਂ ਕੀਮਤੀ ਖ਼ਜਾਨੇ ਨੂੰ ਸਿਰਫ਼ ਲੁੱਟਣਾ ਹੀ ਨਹੀਂ ਸਗੋਂ ਲੁੱਟ ਕੇ ਤਹਿਸ਼ ਨਹਿਸ ਕਰਨ ’ਤੇ ਤੁਲਿਆ ਹੋਇਆ ਹੈ ਅਤੇ ਦੂਸਰੇ ਪਾਸੇ ਗੁਰੂ ਘਰ ਦਾ ਜਿਹੜਾ ‘‘ਕੂਕਰ’ ਪੰਥ ਨੂੰ ਜਾਗਦੇ ਰਹਿਣ ਦਾ ਹੋਕਾ ਦਿੰਦਾ ਹੈ, ਉਸ ਨੂੰ ਵੀ ਭੌਂਕਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਵੱਡੇ ਅਫਸੋਸ ਦੀ ਗੱਲ ਇਹ ਹੈ ਕਿ ਜਾਗੇ ਹੋਏ ਜਿਹੜੇ ਪੰਥ ਦਰਦੀ ਹਾਲੀ ਵੀ ਉਸ ਹਲਕੀ ਕੁੱਤੀ ਅਤੇ ਚੋਰ ਦਾ ਸਮਰਥਨ ਕਰ ਰਹੇ ਹਨ, ਪੁੱਛਣ ’ਤੇ ਉਹ ਕਹਿੰਦੇ ਹਨ ਕਿ ਦੋ ਰੂਪਾਂ ਵਾਲੀ ਕੁੱਤੀ ਅਤੇ ਚੋਰ ਪੰਥ ਲਈ ਹੈ ਤਾਂ ਖ਼ਤਰਨਾਕ, ਸਾਨੂੰ ਸਭ ਪਤਾ ਹੈ ਪਰ ਕਿਉਂਕਿ ਇਹ ਭੌਂਕਦੀ ਬਹੁਤ ਹੈ, ਇਸ ਲਈ ਇਸ ਸਮੇਂ ਇਸ ਦੀ ਸਾਨੂੰ ਅਤਿਅੰਤ ਲੋੜ ਹੈ। ਇਨ੍ਹਾਂ ਜਾਗੇ ਹੋਏ ਸਮਰਥਕਾਂ ਦੀ ਸਭ ਤੋਂ ਵੱਡੀ ਦਲੀਲ ਇਹ ਹੁੰਦੀ ਹੈ ਕਿ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤੇ ਜਾਣਾ ਪੰਥ ਲਈ ਸਭ ਤੋਂ ਵੱਧ ਘਾਤਕ ਹੈ ਕਿਉਂਕਿ ਇਸ ਨਾਲ ਜਿੱਥੇ ਸਿੱਖਾਂ ਦੇ ਇੱਕੋ ਇੱਕ ਗੁਰੂ, ਗੁਰੂ ਗ੍ਰੰਥ ਸਾਹਿਬ’ ਦੀ ਹੋਂਦ ਨੂੰ ਚੁਣੌਤੀ ਮਿਲ ਰਹੀ ਹੈ, ਉਥੇ ਇਹ ਅਖੌਤੀ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾ ਵਿਰੋਧੀ ਰਚਨਾ ਵਾਲਾ ਹੋਣ ਕਰਕੇ ਧਰਮ ਦੇ ਸਿਧਾਂਤਾਂ ਪ੍ਰਤੀ ਭਾਰੀ ਦੁਬਿੱਧਾ ਪੈਦਾ ਹੋ ਰਹੀ ਹੈ। ਜਿਤਨੀ ਦੇਰ ਇਸ ਅਖੌਤੀ ਗ੍ਰੰਥ ਨੁੰ ਗੁਰੂ ਵਾਲਾ ਸਨਮਾਨ ਮਿਲਦਾ ਰਹੇਗਾ, ਉਤਨੀ ਦੇਰ ਤੱਕ ਧਰਮ ਨੂੰ ਸਿਧਾਂਤਕ ਤੌਰ ’ਤੇ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਜਾ ਸਕਦਾ। ਇਸ ਅਖੌਤੀ ਗ੍ਰੰਥ ਦੀ ਮੰਜੀ ਚੁਕਵਾਉਣ ਲਈ ਜਿਹੜੀਆਂ ਖ਼ਬਰਾਂ ਇਹ ਅਖ਼ਬਾਰ ਲਾਉਂਦਾ ਹੈ, ਦੂਸਰਾ ਹੋਰ ਕੋਈ ਨਹੀਂ ਲਾਉਂਦਾ, ਇਸ ਲਈ ਸਾਡੀ ਮਜ਼ਬੂਰੀ ਹੈ, ਇਸ ਨਾਲ ਮਿਲ ਕੇ ਚੱਲਣ ਦੀ।

ਇਨ੍ਹਾਂ ਜਾਗੇ ਹੋਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਗੁਰਸਿੱਖਾਂ ਨੂੰ ਅਪੀਲ ਹੈ ਕਿ ਇਸ ਅਖ਼ਬਾਰ ਦੇ ਸ਼ੁਰੂ ਹੋਣ ਤੋਂ ਲੈ ਕੇ ਅੱਜ ਤੱਕ ਦਸਮ ਗ੍ਰੰਥ ਦੇ ਵਿਰੁੱਧ ਇਸ ਵਲੋਂ ਕੀਤੇ ਗਏ ਕੰਮ ਦਾ ਪੁਨਰ ਮੂਲਅੰਕਣ ਕਰਨ। ਇਸ ਸੰਪਾਦਕ ਨੂੰ ਇਹ ਭਲੀਭਾਂਤ ਪਤਾ ਸੀ ਕਿ ਗੁਰਬਾਣੀ ਵੀਚਾਰਾਂ ਤੋਂ ਹੀਣੇ, ਵੱਖ ਵੱਖ ਡੇਰਿਆਂ ਦੇ ਅੰਨ੍ਹੇ ਸ਼ਰਧਾਲੂ ਬਣ ਚੁੱਕੇ ਹਨ, ਇਸ ਲਈ ਉਨ੍ਹਾਂ ਅੰਨ੍ਹੇ ਸ਼ਰਧਾਲੂਆਂ ’ਚੋਂ ਇਸ ਨੂੰ ਕੋਈ ਗਾਹਕ ਨਹੀਂ ਮਿਲਣਾ। ਇਸ ਲਈ ਸ਼ੁਰੂ ਸ਼ੁਰੂ ਵਿੱਚ ਇਸ ਨੇ ਡੇਰਾਵਾਦ ਅਤੇ ਦਸਮ ਗ੍ਰੰਥ ਵਿਰੁੱਧ ਰੱਜ ਕੇ ਪ੍ਰਚਾਰ ਕੀਤਾ। ਜਾਗੇ ਹੋਏ ਸਿੱਖ ਇਸ ਨੂੰ ਧਰਮ ਬਚਾਉਣ ਵਾਲਾ ਮਸੀਹਾ ਸਮਝ ਕੇ ਇਸ ਸੌਦਾ ਸੰਪਾਦਕ ਦੇ ਅੰਨ੍ਹੇ ਸ਼ਰਧਾਲੂ ਬਣ ਗਏ। ਇਸ ਵੇਲੇ ਡੇਰੇਦਾਰਾਂ ਦੇ ਅੰਨ੍ਹੇ ਸ਼ਰਧਾਲੂਆਂ ਅਤੇ ਇਸ ਸੰਪਾਦਕ ਦੇ ਅੰਨ੍ਹੇ ਸ਼ਰਧਾਲੂਆਂ ਵਿੱਚ ਕੋਈ ਅੰਤਰ ਨਹੀਂ ਰਹਿ ਗਿਆ, ਜਿਸ ਤਰ੍ਹਾਂ ਸੌਦਾ ਸਾਧ ਦੇ ਪ੍ਰੇਮੀ ਉਸ ਦੀਆਂ ਕਰਤੂਤਾਂ ਜਗ ਜਾਹਰ ਹੋਣ ਤੋਂ ਬਾਅਦ ਵੀ ਨਹੀਂ ਮੰਂਨਦੇ ਅਤੇ ਕਹਿੰਦੇ ਹਨ ਕਿ ਇਹ ਤਾਂ ਹਜੂਰ ਪਿਤਾ ਜੀ ਨੂੰ ਬਦਨਾਮ ਕਰਨ ਲਈ ਝੂਠੀਆਂ ਖ਼ਬਰਾਂ ਹਨ, ਉਸੇ ਤਰ੍ਹਾਂ ਇਸ ਸੰਪਾਦਕ ਦੇ ਅੰਨ੍ਹੇ ਸ਼ਰਧਾਲੂ ਵੀ ਇਸ ਵਲੋਂ ਹੁਣ ਤੱਕ ਸਿੱਖ ਧਰਮ ’ਤੇ ਹੋਏ ਮਾਰੂ ਹਮਲਿਆਂ ਵੱਲ ਧਿਆਨ ਦਿਵਾਉਣ ’ਤੇ ਕਹਿੰਦੇ ਹਨ ਵੇਖੋ ਜੀ ਸ਼੍ਰੋਮਣੀ ਕਮੇਟੀ ਨੇ ਧਰਮ ਦਾ ਕਿਤਨਾ ਨੁਕਸਾਨ ਕਰ ਦਿੱਤਾ, ਡੇਰੇਦਾਰ ਅਤੇ ਦੇਹਧਾਰੀ ਗੁਰੂਡੰਮ੍ਹ ਕਿਤਨਾ ਨੁਕਸਾਨ ਕਰ ਰਹੇ ਹਨ। ਇਨ੍ਹਾਂ ਵਿਰੁੱਧ ਹੋਰ ਕੋਈ ਅਵਾਜ਼ ਉਠਾਉਂਦਾ ਹੈ? ਜੇ ਇੱਕੋ ਇੱਕ ਪੰਥਕ ਅਖ਼ਬਾਰ ਇਹ ਕੰਮ ਕਰ ਰਿਹਾ ਹੈ ਤਾਂ ਤੁਸੀਂ ਉਸ ਨੂੰ ਭੰਡਣਾਂ ਸ਼ੁਰੂ ਕਰ ਦਿੱਤਾ ਹੈ, ਇਸ ਪਿੱਛੇ ਜਰੂਰ ਆਰ.ਐਸ.ਐਸ. ਦੀ ਚਾਲ ਹੈ।

ਪਹਿਲਾਂ ਤਾਂ ਇਸ ਵਲੋਂ ਦਸਮ ਗ੍ਰੰਥ ਦੇ ਵਿਰੋਧ ਦੀ ਗੱਲ ਕਰਦੇ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦਸਮ ਗ੍ਰੰਥ ਵਿਰੁੱਧ ਇਸ ਨੇ ਕਾਫ਼ੀ ਕੰਮ ਕੀਤਾ ਹੈ ਪਰ ਇਹ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਇਹ ਦਸਮ ਗ੍ਰੰਥ ਦੇ ਵਿਵਾਦ ਦਾ ਹੱਲ ਬਿਲਕੁਲ ਨਹੀਂ ਕੱਢਣਾ ਚਾਹੁੰਦਾ ਬਲਕਿ ਇਸ ਨੂੰ ਜਿਉਂ ਦਾ ਤਿਉਂ ਚੱਲਦਾ ਰੱਖਣਾ ਚਾਹੁੰਦਾ ਹੈ ਤਾਂ ਕਿ ਦਸਮ ਗ੍ਰੰਥ ਨੂੰ ਸਮਰਪਿਤ ਸਿੱਖਾਂ ਦੀ ਇਮੋਸ਼ਨਲ (ਜ਼ਜਬਾਤੀ) ਬਲੈਕਮੇਲਿੰਗ ਕਰਕੇ ਆਪਣੇ ਨਾਲ ਜੋੜੀ ਰੱਖੇ। ਦਸੰਬਰ 2007 ਤੋਂ ਪਿੱਛੋਂ ਜਦ ਤੋਂ ਪ੍ਰੋ: ਦਰਸ਼ਨ ਸਿੰਘ ਨੇ ਦਸਮ ਗ੍ਰੰਥ ਦੀ ਅਸਲੀਅਤ ਦੱਸਣੀ ਸ਼ੁਰੂ ਕੀਤੀ, ਉਸ ਸਮੇਂ ਪਿੱਛੋਂ ਦਸਮ ਗ੍ਰੰਥ ਵਿਰੁੱਧ ਸੰਘਰਸ਼ ਨੂੰ ਕਾਫ਼ੀ ਹੁਲਾਰਾ ਮਿਲਿਆ ਪਰ ਇਸ ਸੰਪਾਦਕ ਨੇ ਪਹਿਲਾਂ 2008 ਵਿੱਚ ਉਸ ਵਿਰੁੱਧ ਜਾਤੀ ਹਮਲੇ ਕਰਕੇ ਭੰਡੀ ਪ੍ਰਚਾਰ ਸ਼ੁਰੂ ਕੀਤਾ ਤੇ ਸੰਘਰਸ਼ ਨੂੰ ਨੁਕਸਾਨ ਪਹੁੰਚਾਇਆ। ਪ੍ਰੋ: ਦਰਸ਼ਨ ਸਿੰਘ ਨੂੰ ਪੁਜਾਰੀਆਂ ਵਲੋਂ ਛੇਕੇ ਜਾਣ ਪਿੱਛੋਂ ਸੰਘਰਸ਼ ਨੇ ਫਿਰ ਤੂਲ ਪਕੜੀ ਤਾਂ ਇਸ ਨੇ ਪ੍ਰੋ: ਸਾਹਿਬ ਦਾ ਸਿਰਫ਼ ਭੰਡੀ ਪ੍ਰਚਾਰ ਹੀ ਨਹੀਂ ਕੀਤਾ ਸਗੋਂ ਹੁਣ ਤਾਂ ਇੱਕ ਹਲਕਾਈ ਕੁੱਤੀ ਵਾਂਗ ਭੌਂਕਦੇ ਉਸ ਦਾ ਪਿੱਛਾ ਕਰਨਾ ਹੀ ਸ਼ੁਰੂ ਕਰ ਦਿੱਤਾ ਹੈ। ਮਿਤੀ 17 ਮਾਰਚ 2010 ਦਾ ਸੰਪਾਦਕੀ ਹੀ ਪੜ੍ਹ ਕੇ ਵੇਖ ਲਉ। ਇਸ ਵਿੱਚ ਪ੍ਰੋ: ਦਰਸ਼ਨ ਸਿੰਘ ਨਾਲੋਂ ਇੱਕ ਡੇਰੇਦਾਰ ਨੂੰ ਹੀ ਚੰਗਾ ਸਿੱਧ ਕਰਨ ਦਾ ਯਤਨ ਕੀਤਾ ਹੈ ਕਿਉਂਕਿ ਉਸ ਅਨੁਸਾਰ ਉਹ ਡੇਰੇਦਾਰ ਤਾਂ ਕੀਰਤਨ ਵੇਚ ਕੇ ਗਰੀਬ ਲੜਕੀਆਂ ਦੇ ਵਿਆਹ ਕਰਦਾ ਹੈ, ਸਕੂਲ ਚਲਾਉਂਦਾ ਹੈ ਪਰ ਪ੍ਰੋ: ਦਰਸ਼ਨ ਸਿੰਘ ਤਾਂ ਕੀਰਤਨ ਵੇਚ ਕੇ ਆਪਣੀ ਨਿਜੀ ਜਾਇਦਾਦ ਵਧਾ ਕੇ ਅਰਬਪਤੀ ਬਣ ਗਿਆ ਹੈ। ਉਸ ਨੇ ਕੀਰਤਨ ਵੇਚ ਕੇ ਅਰਬਪਤੀ ਬਣੇ ਪ੍ਰਚਾਰਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਉਹ ਆਪਣੀ ਕਮਾਈ ਦਾ ਦਸਵੰਧ ਹੀ ਪੰਥਕ ਕਾਰਜਾਂ ਲਈ ਖਰਚ ਦੇਣ ਜਾਂ ਪੰਥਕ ਕਾਰਜਾਂ ਲਈ ਦਸਾਂ ਨਹੁੰਆਂ ਦੀ ਕ੍ਰਿਤ ਕਰਨ ਵਾਲੇ ਗੁਰਸਿੱਖਾਂ ਵਲੋਂ ਬਣਾਈ ਕਿਸੇ ਸੰਸਥਾ ਨੂੰ ਸੌਂਪ ਦੇਣ ਤਾਂ ਸਿੱਖ ਧਰਮ ਦੀਆਂ ਸਾਰੀਆਂ ਸਮੱਸਿਆਵਾਂ ਹੀ ਹੱਲ ਹੋ ਜਾਣ। ਅਸਿੱਧੇ ਰੂਪ ’ਚ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣਾ ਦਸਵੰਧ ਉਨ੍ਹਾਂ ਦੇ ਟਰੱਸਟ ਨੂੰ ਦੇਣ ਤਾਂ ਕਿ ਉਨ੍ਹਾਂ ਵਲੋਂ ਤਜਵੀਜ਼ਸ਼ੁਦਾ ਵੱਡੇ ਪ੍ਰੋਜੈਕਟ ਪੂਰੇ ਹੋ ਸਕਣ। ਪਰ ਹੁਣ ਇਸ ਟਰੱਸਟ ਦੀ ਡੀਡ ਪੜ੍ਹ ਕੇ ਵੇਖੋ, ਇਸ ਦੀ ਮਾਲਕ ਗੁਰਸਿੱਖਾਂ ਦੀ ਕਮੇਟੀ ਨਹੀਂ ਬਲਕਿ ਦੋਵੇਂ ਤੀਵੀਂ ਪੁਰਸ਼ ਆਪ ਹੀ ਹਨ। ਪਰ ਇਸ ਦੇ ਬਾਵਾਜੂਦ ਇਹ ਝੂਠ ਬੋਲਣ ’ਚ ਇਤਨੇ ਮਾਹਰ ਹਨ ਕਿ ਇੱਕ ਵਾਰ ਨਹੀਂ ਸੈਂਕੜੇ ਵਾਰ ਐਲਾਨ ਕਰ ਚੁੱਕੇ ਹਨ ਕਿ ਆਪਣੀ ਕਰੋੜਾਂ ਰੁਪਏ ਦੀ ਸਾਰੀ ਜਾਇਦਾਦ ਪੰਥ ਦੇ ਹਵਾਲੇ ਕਰ ਦਿੱਤੀ ਹੈ। ਉਸ ਵਲੋਂ ਕੱਢੇ ਜਾ ਰਹੇ ਅਖ਼ਬਾਰ ਦੇ ਮਾਲਕ ਵੀ ਉਹ ਆਪ ਨਹੀਂ ਬਲਕਿ ਟਰੱਸਟ ਹੈ, ਜਿਸ ਤੋਂ ਕਾਨੂੰਨੀ ਕਾਰਵਾਈ ਪੂਰੀ ਕਰਨ ਲਈ ਉਹ ਸੰਕੇਤਕ ਤੌਰ ’ਤੇ ਸਿਰਫ਼ ਇੱਕ ਰੁਪਈਆ ਤਨਖਾਹ ਲੈਂਦੇ ਹਨ। ਟਰੱਸਟ ਦਾ ਇੱਕ ਵੀ ਪੈਸਾ ਉਹ ਆਪਣੇ ਲਈ ਨਹੀਂ ਖਰਚ ਰਹੇ। ਹੈ ਨਾ ਹੈਰਾਨੀ ਦੀ ਗੱਲ, ਸਾਰੀ ਜਾਇਦਾਦ ਦਾਨ ਕਰਨ ਵਾਲੇ ਇੱਕ ਰੁਪਏ ’ਚ ਗੁਜਾਰਾ ਕਰ ਰਹੇ ਹਨ ਜਦੋਂ ਕਿ 20-25 ਹਜ਼ਾਰ ਰੁਪਈਆ ਤਨਖਾਹ ਲੈਣ ਵਾਲੇ ਲੋਕ ਪਿੱਟ ਰਹੇ ਹਨ ਕਿ ਮਹਿੰਗਾਈ ਨੇ ਲੱਕ ਤੋੜ ਦਿੱਤਾ ਹੈ, ਉਨ੍ਹਾਂ ਦਾ ਗੁਜਾਰਾ ਨਹੀਂ ਹੁੰਦਾ। ਦਾਨ ਕਿਸ ਨੇ ਕੀਤਾ-ਦੋਵੇਂ ਤੀਵੀਂ ਪੁਰਸ਼ ਨੇ। ਦਿੱਤਾ ਕਿਸ ਨੂੰ-ਖ਼ੁਦ ਆਪਣੇ ਆਪ ਨੂੰ। ਫਿਰ ਵੀ ਬੜੇ ਮਹਾਦਾਨੀ ! ਯਾਨੀ ਕਿ ਮਦਾਰੀ ਵਰਗੀ ਐਸੀ ਹੱਥ ਫੇਰੀ ਕਿ ਇੱਕ ਜੇਬ ’ਚ ਕੱਢ ਕੇ ਦੂਜੀ ਜੇਬ ’ਚ ਪਾ ਲਏ ਤੇ ਮਹਾਂਦਾਨੀ ਵੀ ਬਣ ਗਏ।

ਦੂਸਰੇ ਦਾਅਵੇ ਦੀ ਅਸਲੀਅਤ ਵੀ ਵੇਖੋ, ਇਸ ਨੇ ਆਪਣੇ ਸਾਰੇ ਸਾਲੇ-ਸਾਲੀਆਂ ਨੂੰ ਅਖ਼ਬਾਰ ਵਿੱਚ ਅਡਜੱਸਟ ਕਰ ਲਿਆ, ਕੋਈ ਡਾਇਰੈਕਟਰ, ਕੋਈ ਜ਼ੋਨ ਇੰਚਾਰਜ, ਕੋਈ ਜ਼ਿਲ੍ਹਾ ਇੰਚਾਰਜ ਅਤੇ ਸਾਰਿਆਂ ਨੂੰ 30 ਤੋਂ 35 ਹਜ਼ਾਰ ਰੁਪਏ ਅਖ਼ਬਾਰ ਵਲੋਂ ਤਨਖਾਹ ਦਿੱਤੀ ਜਾਂਦੀ ਹੈ, ਇੱਥੋਂ ਤੱਕ ਕਿ ਇੱਕ ਸਾਲੇ ਦਾ ਮੁੰਡਾ ਜੋ ਅਮਰੀਕਾ ਪੜ੍ਹ ਰਿਹਾ ਹੈ, ਉਸ ਨੂੰ 14 ਹਜ਼ਾਰ ਰੁਪਏ ਤਨਖਾਹ ਦਿੱਤੀ ਜਾ ਰਹੀ ਹੈ ਜਦੋਂ ਕਿ ਅਖ਼ਬਾਰਾਂ ਲਈ ਜਾਨ ਤੋੜ ਕੇ ਕੰਮ ਕਰਨ ਵਾਲੇ ਅਤੇ ਇਸ਼ਤਿਹਾਰ ਇਕੱਠੇ ਕਰਨ ਵਾਲੇ ਪੱਤਰਕਾਰਾਂ ਨੂੰ ਤਨਖਾਹ ਤਾਂ ਕੀ ਦੇਣੀ ਸੀ, ਟੈਲੀਫੋਨ ਤੇ ਸਕੂਟਰ ਦੇ ਤੇਲ ਲਈ ਖਰਚੇ ਵੀ ਨਹੀਂ ਦਿੱਤੇ ਜਾਂਦੇ। ਇਸ ਲਈ ਉਨ੍ਹਾਂ ਵਿਚਾਰਿਆਂ ਨੂੰ ਆਪਣੇ ਖਰਚੇ ਪੂਰੇ ਕਰਨ ਲਈ ਲੋਕਾਂ ਨੂੰ ਬਲੈਕਮੇਲ ਵੀ ਕਰਨਾ ਪੈ ਰਿਹਾ ਹੈ। ਇਹ ਮਹਾਂਦਾਨੀ ਖੁਸ਼ ਹੈ ਕਿ ਇਸ਼ਤਿਹਾਰ ਲਿਆਉ ਤੇ ਕਮਿਸ਼ਨ ਲਓ, ਇਸ ਵਿੱਚੋਂ ਆਪਣੇ ਖਰਚੇ ਵੀ ਪੂਰੇ ਕਰੋ।

ਮਦਾਰੀ ਵਾਂਗ ਹੱਥ ਦੀ ਸਫ਼ਾਈ ਕਰਨ ਵਾਲਾ ਮਹਾਂਦਾਨੀ ਸੰਪਾਦਕ ਦੀ ਹੋਰ ਹੱਥ ਦੀ ਸਫ਼ਾਈ ਵੇਖੋ। ਜਿਸ ਡੇਰੇਦਾਰ ਦੇ ਮਗਰ ਤਿੰਨ ਸਾਲ ਹੱਥ ਧੋ ਕੇ ਪਿਆ ਰਿਹਾ ਹੈ, ਜਦ ਉਸ ਨੇ ਇਸ ਨਾਲ ਇਸ਼ਤਿਹਾਰਾਂ ਦਾ ਸੌਦਾ ਕਰ ਲਿਆ ਤਾਂ ਸਿਰਫ਼ ਉਸ ਵਿਰੁੱਧ ਖ਼ਬਰਾਂ ਲੱਗਣੀਆਂ ਹੀ ਬੰਦ ਨਹੀਂ ਹੋਈਆਂ ਬਲਕਿ ਪ੍ਰੋ: ਦਰਸ਼ਨ ਸਿੰਘ ਦੇ ਮੁਕਾਬਲੇ ਉਸ ਨੂੰ ਚੰਗਾ ਵੀ ਸਿੱਧ ਕਰਨ ਦਾ ਯਤਨ ਕੀਤਾ ਗਿਆ ਹੈ। ਕਿਉਂਕਿ ਉਸ ਅਨੁਸਾਰ ਉਹ ਗਰੀਬ ਲੜਕੀਆਂ ਦੇ ਵਿਆਹ ਕਰਦਾ ਹੈ ਅਤੇ ਸਕੂਲ ਚਲਾਉਂਦਾ ਹੈ। ਹਾਲਾਂਕਿ ਇਸ ਨੇ ਕਈ ਵਾਰ ਇਹ ਵੀ ਲਿਖਿਆ ਹੈ ਕਿ ਧਰਮ ਦੇ ਨਾਮ ’ਤੇ ਕਾਰ ਸੇਵਾ ਵਾਲੇ ਬਾਬੇ, ਸਮਾਜ ਸੇਵਾ ਦੇ ਨਾਮ ’ਤੇ ਗਰੀਬ ਲੜਕੀਆਂ ਦੇ ਵਿਆਹ ਕਰਨ ਵਾਲੇ ਅਤੇ ਸਕੂਲ ਚਲਾਉਣ ਵਾਲੇ ਸੇਵਾ ਦੇ ਨਾਮ ’ਤੇ ਦੁਕਾਨਾਂ ਚਲਾ ਰਹੇ ਹਨ। ਕਿਉਂਕਿ ਇਸ ਦੇ ਨਾਮ ’ਤੇ ਮੋਟੀਆਂ ਰਕਮਾਂ ਇਨ੍ਹਾਂ ਨੂੰ ਦਾਨ ਵਿੱਚ ਮਿਲ ਜਾਂਦੀਆਂ ਹਨ ਅਤੇ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਲੈਂਦੇ ਹਨ। ਇਤਨਾ ਕੁਝ ਲਿਖ ਕੇ ਉਸੇ ਡੇਰੇਦਾਰ ਨੂੰ ਪ੍ਰੋ: ਦਰਸ਼ਨ ਸਿੰਘ ਤੋਂ ਵੱਧ ਚੰਗਾ ਸਾਬਤ ਕਰਨਾ, ਇਸ ਸੰਪਾਦਕ ਦਾ ਹੀ ਕੰਮ ਹੈ। ਇਸ ਦੀ ਇਸ ਕਲਾ ਨੂੰ ਵੇਖ ਕੇ ਤਾਂ ਇਸ ਦਾ ਨਾਮ ‘ਸੌਦਾ ਸੰਪਾਦਕ’ ਰੱਖਣਾ ਹੀ ਜਿਆਦਾ ਬਿਹਤਰ ਰਹੇਗਾ, ਜਿਵੇਂ ਕਿ ਇਸ ਨੇ ਸੱਚੇ ਸੌਦੇ ਡੇਰੇ ਦੇ ਮੁਖੀ ਦਾ ਨਾਮ ‘ਸੌਦਾ ਸਾਧ’ ਰੱਖਿਆ ਹੈ।

ਇਸ ਵਲੋਂ ਕੀਤੀ ਜਾ ਰਹੀ ਪੰਥਕ ਸੇਵਾ ਦਾ ਹਾਲ ਵੀ, ਇਸ ਦੇ ਅਖ਼ਬਾਰ ਵਿੱਚ ਹੇਠ ਲਿਖੀਆਂ ਤਰੀਕਾਂ ਦੇ ਅੰਕਾਂ ਵਿੱਚ ‘ਅੱਜ ਦੇ ਇਤਿਹਾਸ’ ਸਿਰਲੇਖ ਹੇਠ ਛਪੇ ਲੇਖ ਪੜ੍ਹ ਕੇ ਵੇਖੋ :

1. ‘ਗੁਰੂ ਨਾਨਕ ਦੇਵ ਜੀ ਦੇ ਬਾਰੇ ਸਪੱਸ਼ਟ ਹੈ ਕਿ ਉਹ ਕਦੇ ਵੀ ‘‘ਗੁਰਗੱਦੀ’’ ਵਰਗੀ ਰਵਾਇਤ ਨਹੀਂ ਤੋਰ ਸਕਦੇ ਸਨ। ਉਨ੍ਹਾਂ ‘ਸ਼ਬਦ’ ਨੂੰ ‘ਗੁਰੂ’ ਮੰਨਿਆ ਸੀ, ਵਿਅਕਤੀ ਨੂੰ ਗੁਰੂ ਉਹ ਕਿਵੇਂ ਬਣਾਉਂਦੇ?

2. ਜਿਸ ਮਹਾਂਪੁਰਖ ਨੇ ‘ਜਨੇਊ’ ਪਹਿਨਣ ਤੋਂ ਨਾਂਹ ਕਰ ਦਿੱਤੀ ਹੋਵੇ, ਧਾਰਮਿਕ ਰਸਮਾਂ ਨੂੰ ‘ਰੋਟੀਆ ਕਾਰਣ ਪੂਰਹਿ ਤਾਲ’ ਕਿਹਾ ਹੋਵੇ, ਉਹ ਗੁਰਗੱਦੀ ਸਥਾਪਤ ਕਰੇ, ਉਸ ’ਤੇ ਨਾਸਮਾਨ ਸਰੀਰ ਦੇ ਪੁਰਖ ਨੂੰ ਬਿਠਾਵੇ, ਪੰਜ ਪੈਸੇ ਨਾਰੀਅਲ ਵਗੈਰਾ ਰੱਖ ਕੇ ਮੱਥਾ ਟੇਕਣ ਅਤੇ ਮੱਥੇ ਤਿਲਕ ਲਾਉਣ ਵਰਗੀ ਪਰੰਪਰਾ ਦਾ ਪਾਲਣ ਕਰੇ, ਇਹ ਸਭ ਕਿਸੇ ਵੀ ਤਰਕਸ਼ੀਲ ਨੂੰ ਹਜ਼ਮ ਨਹੀਂ ਹੁੰਦਾ। (10 ਸਤੰਬਰ 2006)।

3. ਸਿੱਖ ਦਾਅਵਾ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਵਾਰਸ ਥਾਪ ਗਏ ਸਨ। ਉਹ ਗੁਰੂ ਅੰਗਦ ਦੇਵ ਜੀ ਨੂੰ ਆਪਣੀ ਥਾਂ ਗੁਰਗੱਦੀ ਦੇ ਗਏ ਸਨ। ਬਹੁਤ ਸਾਰੇ ਵਿਦਵਾਨ ਇਸ ਦਾਅਵੇ ਦੀ ਅਲੋਚਨਾ ਕਰਦੇ ਹਨ।

4. ਉਨ੍ਹਾਂ ਅਨੁਸਾਰ ਸਤਿਗੁਰੂ ਨਾਨਕ ਸਿਰਫ਼ ‘ਸ਼ਬਦ’ ਨੂੰ ਗੁਰੂ ਮੰਨਦੇ ਸਨ, ਇਸ ਲਈ ਕਿਸੇ ਦੇਹਧਾਰੀ ਦਾ ਗੁਰੂ ਹੋਣ ਦਾ ਕੋਈ ਅਰਥ ਨਹੀਂ ਨਿਕਲਦਾ।

5. ‘ਗੁਰਗੱਦੀ’ ਸ਼ਬਦ ਤੋਂ ਇੰਝ ਜਾਪਦਾ ਹੈ ਜਿਵੇਂ ਗੁਰਮਤਿ ਵਿੱਚ ਵੀ ਕਿਸੇ ‘ਗੱਦੀ’ ਦਾ ਸੰਕਲਪ ਰਿਹਾ ਹੈ। ਕਿੱਥੇ ਹੈ, ਇਸ ਦਾ ਕਿਸੇ ਕੋਲ ਬਾਣੀ ਅਨੁਸਾਰ ਜਵਾਬ। (2 ਸਤੰਬਰ 2006)।

6. ਗੁਰਬਾਣੀ ਦੇ ਗ੍ਰੰਥ ਨੂੰ ਗੁਰੂ ਦਾ ਸਥਾਨ ਦੇਣਾ ਅਤੇ ਉਸ ਦੀ ਵਿਆਖਿਆ ਲਈ ਗ੍ਰੰਥੀ ਨਿਯੁਕਤ ਕਰਨਾ ਤਾਂ ਸਦੀਆਂ ਤੋਂ ਚਲਿਆ ਆ ਰਿਹਾ ਬ੍ਰਾਹਮਣੀ ਕਰਮ ਹੀ ਹੋ ਸਕਦਾ ਹੈ। (2 ਮਈ 2007)।

7. ਵਿਦਵਾਨ ਆਪਣੇ ਕੋਸ਼ਲ ਨੂੰ ਵਰਤ ਕੇ ਸਿੱਖਾਂ ਨੂੰ ਗ੍ਰੰਥ ਅਤੇ ਪੰਥ ਦੇ ਜਾਲ ਵਿੱਚੋਂ ਕੱਢ ਕੇ ਸਤਿਗੁਰੂ ਨਾਨਕ ਦੇ ਖ਼ਾਲਸਾ ਗੁਰਮਤਿ ਸਿਧਾਂਤ ਅਤੇ ਜੀਵਨ ਸ਼ੈਲੀ ਨੂੰ ਸਾਹਮਣੇ ਲਿਆਉਣ।

8. ਕੀ ਗ੍ਰੰਥ ਵਿੱਚ ਸ਼ਾਮਲ ਸਾਰੇ ਸੰਤ, ਭਗਤ, ਸਿੱਖ, ਭੱਟ, ਸਿੱਖ ਸਿਧਾਂਤਾਂ ਨੂੰ ਬਣਾਉਣ ਅਤੇ ਬਿਆਨਣ ਵਾਲੇ ਪੁਰਖ ਹਨ? (12 ਮਈ 2007)।

9. ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਸਮੇਂ ਹੀ ਸਤਿਗੁਰੂ ਨਾਨਕ ਦੀ ਗੁਰਮਤਿ ਵਿੱਚ ਰਲਾ ਪੈਣਾ ਵੀ ਸ਼ੁਰੂ ਹੋ ਗਿਆ ਹੈ। (2 ਮਈ 2007)।

10. ਬਾਣੀ ਵੀ ਉਹੀ ਪ੍ਰਮਾਣਿਕ ਹੈ, ਜੋ ਸਤਿਗੁਰੂ ਨਾਨਕ ਦੀ ਬਾਣੀ ਦੀ ਕਸੌਟੀ ’ਤੇ ਪੂਰੀ ਉਤਰਦੀ ਹੈ। (1 ਜਨਵਰੀ 2007) ਭਗਤ ਧੰਨਾ.... ਦੇ ਤਿੰਨ ਸ਼ਬਦ ਗੁਰੂ ਸਾਹਿਬ ਵਿੱਚ ਦਰਜ਼ ਹਨ। ਤਿੰਨਾਂ ਹੀ ਸ਼ਬਦਾਂ ਦੀ ਸ਼ੈਲੀ ਅਲੱਗ ਹੈ।......

11. ਹਥਲੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਭਗਤਾਂ ਦੀ ਭਗਤੀ ਦੀ ਪ੍ਰਸੰਸਾ ਕੀਤੀ ਹੈ। ਉਨ੍ਹਾਂ ਨੂੰ ਪ੍ਰਾਪਤ ਹੋਏ ਸੁੱਖ ਨੂੰ ਬਿਆਨਿਆ ਹੈ ਪਰ ਕਿਉਂ? (ਪ੍ਰਸ਼ਨ ਚਿੰਨ੍ਹ) ਉਨ੍ਹਾਂ ਦੀ ਆਪਣੀ ਬਾਣੀ ਵਿੱਚ ਇਨ੍ਹਾਂ ਤੱਤਾਂ ਦੀ ਕੋਈ ਘਾਟ ਰਹੀ ਹੈ

12. ਭਗਤ ਧੰਨਾ ਜੀ ਦੇ ਸ਼ਬਦ ਨਾਲ ਆਪਣੇ ਸ਼ਬਦ ਨੂੰ ਜੋੜ ਕੇ ਗੁਰੂ ਅਰਜਨ ਦੇਵ ਜੀ ਨੇ ਵਿਦਵਾਨਾਂ ਦੀ ਇਸ ਟਿੱਪਣੀ ਨੂੰ ਬਲ ਬਖਸ਼ਿਆ ਹੈ ਕਿ ਭਗਤਾਂ ਦੇ ਨਾਂ ’ਤੇ ਬਾਣੀ ਗੁਰੂ ਅਰਜਨ ਦੇਵ ਜੀ ਨੇ ਆਪ ਰਚੀ ਅਤੇ ਉਨ੍ਹਾਂ ਦੇ ਨਾਂ ’ਤੇ ਗੁਰੂ ਗ੍ਰੰਥ (ਪੋਥੀ) ਸਾਹਿਬ ਵਿੱਚ ਦਰਜ਼ ਕੀਤੀ।....

13. ਉਪ੍ਰੋਕਤ ਕਥਨ ਨੂੰ ਹੋਰ ਪੁਖ਼ਤਗੀ ਮਿਲਦੀ ਹੈ ਜਦੋਂ ਧੰਨਾ ਜੀ ਦੇ ਰਾਗ ਧਨਾਸਰੀ ਵਿੱਚ ਰਚੇ ਸ਼ਬਦ ਨੂੰ ਪੜ੍ਹਿਆ ਜਾਂਦਾ ਹੈ : ‘ਗੋਪਾਲ ਤੇਰਾ ਆਰਤਾ।।’....

14. ਇਸ ਸ਼ਬਦ ਦੀ ਸ਼ੈਲੀ, ਰਾਗ ਆਸਾ ਦੇ ਰਚੇ ਭਗਤ ਜੀ ਦੇ ਸ਼ਬਦ ਦੀ ਸ਼ੈਲੀ ਤੋਂ ਬਿਲਕੁਲ ਵੱਖਰੀ ਹੈ। ਇੱਕ ਰਚਨਹਾਰ ਦੀਆਂ ਦੋ ਸ਼ੈਲੀਆਂ ਉਸ ਦੀ ਪਛਾਣ ਗੁਆ ਦਿੰਦੀਆਂ ਹਨ।

15. ਇਹੀ ਕੁਝ ਭਗਤ ਧੰਨਾ ਜੀ ਨਾਲ ਵਾਪਰਿਆ ਹੈ। (ਭਾਵ : ਗੁਰੂ ਅਰਜਨ ਦੇਵ ਜੀ ਨੇ ਭਗਤ ਧੰਨਾ ਜੀ ਦੀ ਪਛਾਣ ਖ਼ਤਮ ਕਰ ਦਿੱਤੀ) ਉਨ੍ਹਾਂ ਦੀ ਬਾਣੀ ਦੀ ਪੋਥੀ ਸਾਹਿਬ ਵਿੱਚ ਸ਼ਮੂਲੀਅਤ ਬਹੁਤ ਪ੍ਰਸ਼ਨਾਂ ਨੂੰ ਜੀਵੰਤ ਬਣਾਉਂਦੀ ਹੈ।

16. ਕੀ ਭਗਤ ਬਾਣੀ ਗੁਰਬਾਣੀ ਦਾ ਹਿੱਸਾ ਹੋਣੀ ਚਾਹੀਦੀ ਹੈ? (ਪ੍ਰਸ਼ਨ ਚਿੰਨ੍ਹ)

17. ਕੀ ਇਸ ਬਾਣੀ ਦੇ ਗੁਰਮਤਿ ਦੇ ਫਲਸਫੇ ਨਾਲ ਸਾਂਝ ਹੈ? (ਪ੍ਰਸ਼ਨ ਚਿੰਨ੍ਹ)

18. ਜੇ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਫਲਸਫੇ ਨੂੰ ਬਿਆਨਣ ਵਾਲਾ ਗ੍ਰੰਥ ਕਿਉਂ ਮੰਨਿਆ ਜਾਂਦਾ ਹੈ?

19. ਇਸ ਨੂੰ ਮੱਧ ਕਾਲ ਦੇ ਸੰਤਾਂ, ਭਗਤਾਂ, ਗੁਰੂਆਂ ਦੀ ਰਚਨਾ ਦਾ ਗ੍ਰੰਥ ਕਹਿਣਾ ਵਧੇਰੇ ਸਹੀ ਨਹੀਂ ਹੈ? (21 ਅਪ੍ਰੈਲ 2007)

ਇਹ ਤਾਂ ਦਾਲ ਵਿੱਚੋਂ ਹਾਲੀ ਦਾਣਾ ਹੀ ਹੈ, ਸਾਰੇ ਪੁਰਾਣੇ ਅਖ਼ਬਾਰ ਫਰੋਲੇ ਜਾਣ ਤਾਂ ਹੋਰ ਬਹੁਤ ਕੁਝ ਸਾਹਮਣੇ ਆਵੇਗਾ।

ਅਗੱਸਤ 2009 ’ਚ ਬੀਬੀ ਸੁਰਿੰਦਰ ਕੌਰ ਨਿਹਾਲ ਦਾ ਇੱਕ ਪੱਤਰ ਇੰਡੀਆ ਅਵੇਅਰਨੈਸ ਵਿੱਚ ਛਪ ਜਾਣ ਪਿੱਛੋਂ ਕਾਫ਼ੀ ਚਰਚਾ ਹੋਈ, ਮੈਂ ਵੀ ਇਸ ਵਲੋਂ ਉਪ੍ਰੋਕਤ ਖੜ੍ਹੇ ਕੀਤੇ ਗਏ ਸ਼ੰਕਾਵਾਦੀ ਸੁਆਲਾਂ ਦਾ ਸਮਾਧਾਨ ਕਰਨ ਲਈ ਕਈ ਲੇਖ ਲਿਖੇ, ਜਿਹੜੇ ‘ਸੱਚ ਦੀ ਪਟਾਰੀ’ ਅਤੇ ‘ਇੰਡੀਆ ਅਵੇਅਰਨੈਸ' ਵਿੱਚ ਛਪਣ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਵੈਬਸਾਈਟਾਂ ’ਤੇ ਪਾਏ ਗਏ। ਇਨ੍ਹਾਂ ਲੇਖਾਂ ਵਿੱਚੋਂ ਕਿਸੇ ਇੱਕ ਦਾ ਜਵਾਬ ਦੇਣ ਦੀ ਥਾਂ ਪ੍ਰੋ: ਦਰਸ਼ਨ ਸਿੰਘ ਨੂੰ ਅਹੰਕਾਰੀ ਦੱਸਣ ਵਾਲੇ ਸੌਦਾ ਸੰਪਾਦਕ ਨੇ ਬੜੇ ਅਹੰਕਾਰ ਭਰੇ ਲਹਿਜੇ ਵਿੱਚ ਲਿਖਿਆ, ‘‘ਮੈਂ ਚੂਹੇ-ਬਿੱਲੀਆਂ ਅਤੇ ਕਾਵਾਂ-ਚਿੜੀਆਂ ਦੀ ਚੀਂ ਚੀਂ ਦਾ ਜਵਾਬ ਨਹੀਂ ਦਿੰਦਾ।’’ ਇਸ ਸੌਦਾ ਸੰਪਾਦਕ ਨੂੰ ਆਪਣੀ ਨਿਜੀ ਡਾਇਰੀ ’ਚ ਇੱਕ ਦਿਨ ਇਹ ਵੀ ਲਿਖਣਾ ਪਿਆ ਕਿ ‘‘ਅਮਰੀਕਨ ਪ੍ਰੋ: ਦੇ ਸੁਆਲਾਂ ਦਾ ਜਵਾਬ ਲੱਭਣ ਲਈ ਉਹ ਤਾਂ ਖੋਜ ਕਰਨ ਲਈ ਵਿਦਵਾਨਾਂ ਨਾਲ ਸਲਾਹ ਮਸ਼ਵਰਾ ਹੀ ਕਰ ਰਹੇ ਸਨ ਪਰ ਉਸ ਮੀਟਿੰਗ ’ਚ ਜਿਨ੍ਹਾਂ ਦੀ ਆਦਤ ਹੀ ਉਨ੍ਹਾਂ ਕੀੜੀਆਂ ਵਰਗੀ ਹੈ, ਜਿਹੜੀਆਂ ਸੰਗਮਰਮਰ ਦੀ ਚੰਗੀ ਕੋਠੀ ’ਚ ਰਹਿਣ ਦੇ ਬਾਵਜ਼ੂਦ ਵੀ ਤ੍ਰੇੜਾਂ ਲੱਭਦੀਆਂ ਹਨ, ਉਸੇ ਤਰ੍ਹਾਂ ਮੀਟਿੰਗ ’ਚੋਂ ਕਿਰ ਗਈਆਂ ਗੱਲਾਂ ਨੂੰ ਰਾਈ ਦਾ ਪਹਾੜ ਬਣਾ ਕੇ ਪੇਸ਼ ਕਰ ਦਿੱਤਾ।’’ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ‘‘ਪੂਰੀ ਖੋਜ ਉਪ੍ਰੰਤ ਵਿਦਵਾਨਾਂ ਦੀ ਰਾਇ ਲਏ ਬਿਨਾ ਉਹ ਅਜਿਹਾ ਕੁਝ ਨਹੀਂ ਲਿਖਣਗੇ, ਜਿਸ ਨਾਲ ਪੰਥ ਵਿੱਚ ਵਿਵਾਦ ਹੋਵੇ ਪਰ ਜਿਨ੍ਹਾਂ ਦਾ ਰੁਜ਼ਗਾਰ ਹੀ ਮੇਰੇ ਵਿਰੁੱਧ ਲਿਖਣ ਨਾਲ ਚੱਲਦਾ ਹੋਵੇ, ਉਹ ਲਿਖਣਾ ਬੰਦ ਨਹੀਂ ਕਰਨਗੇ ਕਿਉਂਕਿ ਇਨ੍ਹਾਂ ਲਈ ਆਰ.ਐਸ.ਐਸ. ਨੇ ਥੈਲੀਆਂ ਅਤੇ ਗੋਲਕਧਾਰੀਆਂ ਨੇ ਗੋਲਕਾਂ ਦੇ ਮੂੰਹ ਖੋਲ੍ਹ ਦਿੱਤੇ ਹਨ।’’ ਭਾਵੇਂ ਇਸ ਦਾ ਇਹ ਲਿਖਣਾ ਬੁਖਲਾਹਟ ਦੀ ਨਿਸ਼ਾਨੀ ਸੀ ਪਰ ਲੱਗਦਾ ਸੀ ਕਿ ਹੁਣ ਅਜਿਹਾ ਕੁਝ ਨਹੀਂ ਲਿਖਣਗੇ। ਪਰ ਜਿਸ ਦੀ ਸਥਿੱਤੀ ‘ਜਿਉ ਕੂਕਰ ਹਰਕਾਇਆ, ਧਾਵੈ ਦਹ ਦਿਸਿ ਜਾਇ।। ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ।।’’ ਵਾਲੀ ਬਣ ਗਈ ਹੋਵੇ, ਉਸ ਤੋਂ ਚੁੱਪ ਨਹੀਂ ਰਿਹਾ ਜਾ ਸਕਦਾ ਅਤੇ 16 ਮਾਰਚ ਦੇ ਸੰਪਾਦਕੀ ਵਿੱਚ ਫਿਰ ਲਿਖ ਦਿੱਤਾ ਕਿ ‘‘ਸ਼੍ਰੀ ਚੰਦ ਦੇ ਨਿਰਮਲਿਆਂ ਤੇ ਉਦਾਸੀਆਂ ਨੇ ਹੀ ਬਾਬੇ ਨਾਨਕ ਦੀ ਹੱਥ ਲਿਖਤ ‘ਪੋਥੀ ਸਾਹਿਬ’ ਤਬਾਹ ਕੀਤੀ ਜਾਂ ਸਾੜੀ ਅਤੇ ਬਾਅਦ ਵਿੱਚ ਲਿਖ ਦਿੱਤਾ ਕਿ ਜੰਗਾਂ ਯੁੱਧਾਂ ਦੌਰਾਨ ‘ਪੋਥੀ ’ ਤਬਾਹ ਹੋ ਗਈ। ਬਾਬੇ ਨਾਨਕ ਦਾ ਸੁੱਟਿਆ ਹੋਇਆ ‘ਚੋਏਾ’ ਤਾਂ ਤਬਾਹ ਨਾ ਹੋਇਆ, ਖੜ੍ਹਾਵਾਂ ਤਾਂ ਬੱਚ ਗਈਆਂ, ਬਾਕੀ ਗੁਰੂਆਂ ਦੀ ਹਰ ਲਿਖਤ ਤੇ ਯਾਦਗਾਰ ਅਤੇ 35 ਭਗਤਾਂ ਦੀ ਹਰ ਲਿਖਤ ਤੇ ਯਾਦਗਾਰ ਤਾਂ ਬਚ ਗਈਆਂ ਪਰ ਯੁੱਧਾਂ ਨੇ ਕੇਵਲ ਬਾਬੇ ਨਾਨਕ ਦੀ ਹੱਥ ਲਿਖਤ ਬਾਣੀ ਹੀ ਤਬਾਹ ਕਰਨੀ ਸੀ? ਸਾਫ਼ ਹੈ ਕਿ ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ ਵਾਰ ਤਬਦੀਲੀਆਂ ਕੀਤੀਆਂ ਤੇ ਪਹਿਲੀਆਂ ਬੀੜਾਂ ਨੂੰ ਸਾੜ ਦੇਣ ਦੀ ਮੰਦੀ ਰੀਤ ਚਲਾਈ (ਤਾਂਕਿ ਸਾਰੇ ਸਬੂਤ ਮਿਟ ਜਾਣ)...... ਇਹ ਵੀ ਐਲਾਨ ਕਰ ਦਿੱਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੱਖਰ, ਲਗ ਮਾਤਰਾ ਵਿੱਚ ਤਬਦੀਲੀ ਨਹੀਂ ਕੀਤੀ ਜਾ ਸਕਦੀ..... ਹੋਰ ਵੀ ਬੜੇ ਧਰਮ ਹਨ, ਉਨ੍ਹਾਂ ਦੇ ਵੀ ਪੂਜਯ ਗ੍ਰੰਥ ਹਨ। ਕਿਸੇ ਹੋਰ ਨੇ ਸਸਕਾਰ ਕਰਨ ਜਾਂ ਅੱਖਰ, ਲਗ ਮਾਤਰਾ’ ਵਿੱਚ ਤਬਦੀਲੀ ਨੂੰ ਗੁਨਾਹ ਨਾ ਬਣਾਇਆ। ਕਿਉਂ? ਖ਼ੁਦ ਕਿਸੇ ਗੁਰੂ ਨੇ ਇਹ ਪਾਬੰਦੀ ਕਿਉਂ ਨਾ ਆਇਦ ਕਰ ਦਿੱਤੀ? ਨਿਰਮਲਿਆਂ ਤੇ ਉਦਾਸੀਆਂ ਨੂੰ ਹੀ ਇਹ ਸਭ ਕਿਉਂ ਸੁਝਿਆ? ਸੋਚਣ, ਵਿਚਾਰਨ ਤੇ ਖੋਜਣ ਦੀ ਲੋੜ ਹੈ।.... ਪਰ ਜਿਉਂ ਹੀ ਕੋਈ ਸੱਚ ਦੀ ਖੋਜ ਕਰਨ ਵਾਲੇ ਪਾਸੇ ਪੈਰ ਪੁੱਟਣ ਲੱਗਦਾ ਹੈ, ਨਿਰਮਲੇ ਤੇ ਉਨ੍ਹਾਂ ਦੇ ਏਜੰਟ ਹੀ ਰੌਏਲਾ ਪਾ ਦਿੰਦੇ ਹਨ, ‘‘ਵੇਖੋ ਜੀ, ਇਹ ਗੁਰੂ ਗ੍ਰੰਥ ਸਾਹਿਬ ਉਤੇ ਕਿੰਤੂ ਕਰਦਾ ਹੈ।’’....

ਇਹ ਲਿਖ ਕੇ ਜਿੱਥੇ ਜਾਗ੍ਰਿਤ ਸਿੱਖਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਸਬੰਧੀ ਵਿਵਾਦ ਜਰੂਰ ਖੜ੍ਹਾ ਕਰੇਗਾ, ਉਥੇ ਦਸਮ ਗ੍ਰੰਥੀਆਂ ਦੇ ਇਸ ਕਥਨ ਨੂੰ ਬਲ ਬਖਸ਼ਿਆ ਹੈ ਕਿ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲੇ ਕੱਲ੍ਹ ਨੂੰ ਗੁਰੂ ਗ੍ਰੰਥ ਸਾਹਿਬ ’ਤੇ ਵੀ ਕਿੰਤੂ ਕਰਨਗੇ। ਹਾਲਾਂਕਿ ਪ੍ਰੋ: ਦਰਸ਼ਨ ਸਿੰਘ ਨੇ ਆਪਣੀ ਕਿਸੇ ਵੀ ਸੀ.ਡੀ., ਬਿਆਨ ਜਾਂ ਲਿਖਤ ਵਿੱਚ ਕਦੀ ਵੀ ਅਰਦਾਸ ਵਿੱਚ ਆਏ ਸ਼ਬਦ ਭਗਉਤੀ ਅਤੇ ਨਿਤਨੇਮ ਦੀਆਂ ਬਾਣੀਆਂ ’ਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਬਲਕਿ ਹਰ ਵਾਰ ਐਲਾਨ ਕਰਦੇ ਹਨ ਕਿ ਉਹ ਇਨ੍ਹਾਂ ’ਤੇ ਕੋਈ ਕਿੰਤੂ ਨਹੀਂ ਕਰਦੇ ਕਿਉਂਕਿ ਇਹ ਪੰਥਕ ਫੈਸਲਾ ਹੋਇਆ ਹੈ ਅਤੇ ਸਿੱਖ ਰਹਿਤ ਮਰਯਾਦਾ ਵਿੱਚ ਦਰਜ਼ ਹੈ। ਪਰ ਇਸ ਦੇ ਬਾਵਜ਼ੂਦ ਦਸਮ ਗ੍ਰੰਥੀ ਪ੍ਰੋ: ਦਰਸ਼ਨ ਸਿੰਘ ਵਿਰੁੱਧ ਦੋਸ਼ ਲਾਉਣਾ ਹੀ ਇੱਥੋਂ ਸ਼ੁਰੂ ਕਰਦੇ ਹਨ ਕਿ ਉਹ ਅਰਦਾਸ ਅਤੇ ਭਗਉਤੀ ਨੂੰ ਨਹੀਂ ਮੰਨਦਾ। ਦਸਮ ਗ੍ਰੰਥੀਆਂ ਅਨੁਸਾਰ ਜੇ ਅੱਜ ਦਸਮ ਗ੍ਰੰਥ ਦੀ ਪੜਚੋਲ ਕਰਕੇ ਇਤਰਾਜਯੋਗ ਰਚਨਾ ਕੱਢ ਕੇ ਗੁਰਮਤਿ ਅਨੁਸਾਰੀ ਬਾਣੀ ਦੀ ਵੱਖਰੀ ਪੋਥੀ ਬਣਾ ਲਈ ਤਾਂ ਕੱਲ੍ਹ ਨੂੰ ਇਹ ਗੁਰੂ ਗ੍ਰੰਥ ਸਾਹਿਬ ਦੀ ਪੜਚੋਲ ਕਰਨ ਦੀ ਮੰਗ ਕਰਨਗੇ। ਆਪਣੇ ਇਸ ਸ਼ੰਕੇ ਦਾ ਆਧਾਰ ਉਹ ਇਸ ਗੱਲ ਨੂੰ ਬਣਾਉਂਦੇ ਹਨ ਕਿ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕ ਅਜਿਹਾ ਕਈ ਵਾਰ ਲਿੱਖ ਚੁੱਕੇ ਹਨ। ਸੋ ਇਸ ਵੇਲੇ ਪ੍ਰੋ: ਦਰਸ਼ਨ ਸਿੰਘ ਵਿਰੁੱਧ ਭੰਡੀ ਪ੍ਰਚਾਰ ਅਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ‘ਤੇ ਕਿੰਤੂ ਸਿਰਫ਼ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਨਾਲ ਪ੍ਰੋ: ਦਰਸ਼ਨ ਸਿੰਘ ਤੇ ਉਸ ਦੇ ਸਾਥੀਆਂ ਵਿੱਚ ਨਿਰਾਸ਼ਤਾ ਪੈਦਾ ਹੋਵੇ ਅਤੇ ਵਿਰੋਧੀਆਂ ਦੇ ਦੋਸ਼ਾਂ ਨੂੰ ਬਲ ਮਿਲੇ ਤਾਂ ਕਿ ਦਸਮ ਗ੍ਰੰਥ ਦਾ ਮਸਲਾ ਕਦੇ ਹੱਲ ਨਾ ਹੋ ਸਕੇ।

ਜੇ ਹਾਲੀ ਵੀ ਇਸ ਸੌਦਾ ਸੰਪਾਦਕ ਦੇ ਸਮਰਥਕ ਪ੍ਰੋ: ਦਰਸ਼ਨ ਸਿੰਘ ਨੂੰ ਗਲਤ ਅਤੇ ਸੌਦਾ ਸੰਪਾਦਕ ਨੂੰ ਠੀਕ ਦੱਸਣ ਤਾਂ ਦੱਸੋ, ਡੇਰੇਦਾਰਾਂ ਦੇ ਅੰਨ੍ਹੇ ਸਰਧਾਲੂਆਂ ਅਤੇ ਇਸ ਸੌਦਾ ਸੰਪਾਦਕ ਦੇ ਅੰਨ੍ਹੇ ਸ਼ਰਧਾਲੂਆਂ ਵਿੱਚ ਕੀ ਫਰਕ ਹੈ? ਸੌਦਾ ਸੰਪਾਦਕ ਦੇ ਇੱਕ ਕੱਟੜ ਸਮਰਥਕ ਅਤੇ ਉਸ ਦੀਆਂ ਖ਼ਬਰਾਂ ਲਾਉਣ ਵਾਲੇ ਪੱਤਰਕਾਰ ਨੂੰ ਫੋਨ ਕਰਕੇ ਬੇਨਤੀ ਕੀਤੀ ਕਿ ਜਿੱਥੇ ਉਹ ਪੰਥ ਦੀ ਪਹਿਲਾਂ ਹੀ ਮਹਾਨ ਸੇਵਾ ਕਰ ਰਹੇ ਹਨ, ਉਥੇ ਇੱਕ ਇਹ ਖ਼ਬਰ ਵੀ ਲੁਆ ਕੇ ਸੇਵਾ ਕਰ ਲਈ ਜਾਵੇ ਕਿ ‘‘ਜਿਹੜੇ ਪ੍ਰੋ: ਦਰਸ਼ਨ ਸਿੰਘ ਤੋਂ ਇਹ ਸੁਆਲ ਪੁੱਛ ਰਹੇ ਹਨ ਕਿ ਉਹ ਦੱਸੇ ਕਿ ‘ਭਗਉਤੀ’ ਦੀ ਵਾਰ, ਜਾਪ ਅਤੇ ਸਵੱਈਏ ਨੂੰ ਗੁਰੂ ਦੀ ਬਾਣੀ ਕਿਸ ਅਧਾਰ ’ਤੇ ਮੰਨਦੇ ਹਨ? ਉਹ ਕ੍ਰਿਪਾ ਕਰਕੇ ਇੱਕ ਖ਼ਬਰ ਲਾ ਕੇ ਆਪਣੇ ਸੌਦਾ ਸੰਪਾਦਕ ਜੀ ਨੂੰ ਵੀ ਪੁੱਛ ਲੈਣ ਕਿ ਗੁਰੂ ਗ੍ਰੰਥ ਸਾਹਿਬ ਦੀ ਕਿਹੜੀ ਬਾਣੀ ਹੈ, ਜਿਸ ਨੂੰ ਉਹ ਬਾਬੇ ਨਾਨਕ ਦੀ ਬਾਣੀ ਨਾਲ ਮੇਲ ਖਾਂਦੀ ਨਹੀਂ ਮੰਨਦੇ ਅਤੇ ਕਿਤਨੀਆਂ ਵਿੱਚ ਲਗਾਂ ਮਾਤਰਾਂ ਦੀ ਸੋਧ ਕਰਨ ਦੀ ਲੋੜ ਹੈ?’’ ਤਾਂ ਇਹ ਉਨ੍ਹਾਂ ਦੀ ਇੱਕ ਵੱਡੀ ਸੇਵਾ ਹੋਵੇਗੀ। ਪੱਤਰਕਾਰ ਤਾਂ ਵਿਚਾਰਾ ਬੇਵੱਸ ਹੈ ਹੀ ਪਰ ਉਸ ਸਮਰਥਕ ਦੀ, ਪਤਾ ਨਹੀਂ ਕੀ ਮਜ਼ਬੂਰੀ ਹੈ, ਜਿਸ ਨੇ ਆਪਣੇ ਸੌਦਾ ਸੰਪਾਦਕ ਦਾ ਪੱਖ ਪੂਰਦੇ ਹੋਏ ਕਿਹਾ, ‘‘ਉਨ੍ਹਾਂ ਕੋਲ 16 ਤੋਂ 17 ਸੌ ਤੱਕ ਤੁਕਾਂ ਦੀ ਲਿਸਟ ਹੈ, ਜਿੱਥੇ ਲਗਾਂ ਮਾਤਰਾ ਦੀ ਗਲਤੀ ਹੈ। ‘‘ਗੁਰਦੇਵ ਮਾਤਾ ਗੁਰਦੇਵ ਪਿਤਾ...’’ ਵਾਲਾ ਸਲੋਕ ਪੰਨਾ ਨੰ: 250 ’ਤੇ ਵੀ ਦਰਜ਼ ਹੈ, ਦੁਬਾਰਾ 262 ’ਤੇ ਦਰਜ਼ ਹੈ, ਇਹ ਕਿਉਂ? ਹੋਰ ਬਹੁਤ ਸਾਰੇ ਸ਼ਬਦ ਅਤੇ ਸਲੋਕ ਹਨ, ਜਿਹੜੇ ਦੋ ਵਾਰ ਦਰਜ ਹਨ, ਇਹ ਕਿਉਂ? ਭਗਤ ਸੂਰਦਾਸ ਦੀ ਸਿਰਫ਼ ਇੱਕੋ ਤੁਕ ‘‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’’ ਦਰਜ਼ ਹੈ ਜਦੋਂ ਕਿ ਬਾਕੀ ਦੀਆਂ ਬਹੁਤ ਸਾਰੀਆਂ ਹੱਥ ਲਿਖਤ ਬੀੜਾਂ ਵਿੱਚ ਉਸ ਦਾ ਪੂਰਾ ਸਬਦ ਦਰਜ਼ ਹੈ ਅਤੇ ਉਹ ਗੁਰਮਤਿ ਦੇ ਵਿਰੋਧੀ ਵੀ ਨਹੀਂ ਤਾਂ ਦੱਸੋ ਗੁਰੂ ਗ੍ਰੰਥ ਸਾਹਿਬ ’ਚ ਕਿਉਂ ਨਹੀਂ ਦਰਜ਼ ਕੀਤਾ ਗਿਆ। ਇਸ ਲਈ ਜੇ ਸੰਪਾਦਕ ਨੇ ਇਸ ਦੀ ਖੋਜ ਲਈ ਕੋਈ ਤਜਵੀਜ ਪੇਸ਼ ਕਰ ਦਿੱਤੀ ਤਾਂ ਕੋਈ ਗਲਤੀ ਨਹੀਂ ਕੀਤੀ।’’ ਬੜੀ ਹੈਰਾਨੀ ਹੋਈ ਕਿ ਜੇ ਕੋਈ ਸ਼ਬਦ ਦੂਜੀ ਵਾਰ ਲਿਖਿਆ ਹੈ ਤਾਂ ਇਸ ਨਾਲ ਗੁਰਮਤਿ ਦਾ ਕਿਹੜਾ ਸਿਧਾਂਤ ਭੰਗ ਹੋ ਗਿਆ ਹੈ? ਬਾਕੀ ਇਹ ਹੋ ਸਕਦਾ ਹੈ ਕਿ ਪੁਰਾਤਨ ਹੱਥ ਲਿਖਤ ਬੀੜਾਂ ਵਿੱਚ ਉਤਾਰਾ ਕਰਨ ਵਾਲਿਆਂ ਤੋਂ ਲਗ-ਮਾਤਰ ਦੀ ਕੋਈ ਗਲਤੀ ਰਹਿ ਗਈ ਹੋਵੇ, ਇਸ ਦੀ ਸੋਧ ਲਈ ਕੋਈ ਕਮੇਟੀ ਬਣਾਉਣ ਨੂੰ ਜਾਇਜ਼ ਕਿਹਾ ਜਾ ਸਕਦਾ ਹੈ ਪਰ ਇਸ ਸਮੇਂ ਲੜਾਈ ਤਾਂ ਦਸਮ ਗ੍ਰੰਥ ਦੀ ਲੜਨੀ ਔਖੀ ਹੋਈ ਪਈ ਹੈ ਪਰ ਇਹ ਨਵਾਂ ਵਿਵਾਦ ਛੇੜਨ ਦਾ ਇੱਕੋ ਇੱਕ ਕਾਰਨ ਹੈ-ਸੰਘਰਸ਼ ਨੂੰ ਤਾਰਪੀਡੋ ਕਰਨਾ।

ਦੁੱਖ ਦੀ ਇਹ ਗੱਲ ਹੈ ਕਿ ਸਿਰਫ਼ ਆਪਣੀਆਂ ਖ਼ਬਰਾਂ ਲਵਾਉਣ ਦੇ ਲਾਲਚ ਅਧੀਨ ਕੋਈ ਪੰਥਕ, ਰਾਜਨੀਤਕ ਅਤੇ ਧਾਰਮਿਕ ਜਥੇਬੰਦੀ ਇੱਥੋਂ ਤੱਕ ਕਿ ਪ੍ਰੋ: ਦਰਸ਼ਨ ਸਿੰਘ ਨੂੰ ਛੇਕਣ ਵਾਲੀ ਪੁਜਾਰੀ ਸ਼੍ਰੇਣੀ ਅਤੇ ਸ਼੍ਰੋਮਣੀ ਕਮੇਟੀ ਆਪਣਾ ਮੂੰਹ ਤੱਕ ਨਹੀਂ ਖੋਲ੍ਹਦੀ। ਸ਼ਾਇਦ ਇਨ੍ਹਾਂ ਲਈ ਦਸਮ ਗ੍ਰੰਥ ‘ਤੇ ਟਿੱਪਣੀਆਂ ਹੀ ਬੜੀਆਂ ਗੰਭੀਰ ਹਨ, ਗੁਰੂ ਗ੍ਰੰਥ ਸਾਹਿਬ ’ਤੇ ਟਿੱਪਣੀਆਂ ਕੋਈ ਮਾਅਨਾ ਨਹੀਂ ਰੱਖਦੀਆਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਕਰਵਾਉਣ ਵਾਲੇ ਸਿੱਖਾਂ ਦੀਆਂ ਵੋਟਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ, ਜਿਹੜੀ ਉਨ੍ਹਾਂ ਦੀ ਹਾਰ ਜਿੱਤ ’ਤੇ ਕੋਈ ਅਸਰ ਨਹੀ ਪਾ ਸਕਦੀ।