Subscription About Us Contact Us


ਹਨੇਰੀ ਵੀ ਚੱਲ ਰਹੀ ਹੈ, ਦੀਵੇ ਵੀ ਬੱਲ ਰਹੇ ਨੇ

- ਹਰਦੀਪ ਸਿੰਘ ਜਟਾਣਾ -

ਉਂਜ ਬਹੁਤੀਆਂ ਗੱਲਾਂ ਬਹੁਤੀਆਂ ਖ਼ਬਾਰਾਂ ਬੁਰੇ ਲੋਕਾਂ ਦੇ ਸਬੰਧ ’ਚ ਹੀ ਛਾਪੀਆਂ ਜਾਂਦੀਆਂ ਹਨ ਕਿ ਫਲਾਣੇ ਪਿੰਡਾਂ ਦੇ ਫਲਾਣੇ ਬੰਦੇ ਨੇ ਤਿੰਨਾਂ ਨੂੰ ਸੁੱਤੇ ਪਿਆਂ ਵੱਢ ਦਿੱਤਾ, ਫਲਾਣਾ ਰਿਸ਼ਵਤ ਲੈਂਦਾ ਫੜਿਆ ਗਿਆ, ਫਲਾਣੇ ਨੇ ਚੋਰੀ ਕਰਕੇ ਉਨ੍ਹਾਂ ਦਾ ਸਭ ਕੁਝ ਹੀ ਉਡਾ ਲਿਆ, ਫਲਾਣੇ ਥਾਂ ਔਰਤ ਦੀ ਬੇਪਤੀ ਹੋਈ, ਧੀਆਂ ਨੂੰ ਮੰਦਾ ਬੋਲਿਆ ਗਿਆ, ਕਿਸੇ ਨੇ ਬੱਚੇ ਨੂੰ ਮਾਰਿਆ ਕੁੱਟਿਆ, ਗਰੀਬ ਦੀ ਕਿਸੇ ਨਾ ਸੁਣੀ, ਪਾਪ ਕਰਨ ਵਾਲੇ ਸ਼ਰੇਆਮ ਘੁੰਮਦੇ ਨੇ ਵਗੈਰਾ ਵਗੈਰਾ। ਇਸ ਤਰ੍ਹਾਂ ਦੀਆਂ ਗੱਲਾਂਬਾਤਾ ਪੜ੍ਹ ਸੁਣ ਕੇ ਕਈ ਵਾਰ - ਸਭ ਕੁਝ ਹੀ ਵਿਗੜ ਗਿਆ ਹੈ - ਦਾ ਭੁਲੇਖਾ ਪੈਂਦਾ ਹੈ। ਹਰ ਪਾਸੇ ਕੂੜ ਦੇ ਬੱਦਲ ਦਿਖਾਈ ਦਿੰਦੇ ਹਨ। ਹਰ ਤੁਰਿਆ ਜਾਂਦਾ ਇਨਸਾਨ ਸ਼ੱਕੀ ਲਗਦਾ ਹੈ। ਕਿਸੇ ’ਤੇ ਭਰੋਸਾ ਕਰਨ ਨੂੰ ਮਨ ਨਹੀਂ ਕਰਦਾ। ਸੱਚਾਈ ਦਾ ਦੀਪਕ ਬੁਝ ਜਾਣ ਦਾ ਭੁਲੇਖਾ ਪੈਂਦਾ ਹੈ। ਫਿਰ ਮਨ ਉਦਾਸ ਹੋ ਕੇ ਸੋਚਦਾ ਹੈ ਕਿ ਹੁਣ ਕੀ ਬਣੇਗਾ। ਸਾਡੇ ਦੇਸ਼ ਦਾ ਸਾਡੀ ਦੁਨੀਆ ਦਾ।

ਪਰ ਸਦਾ ਹੀ ਇਹ ਸੱਚ ਨਹੀਂ ਹੁੰਦਾ। ਮੰਨਿਆ ਕਿ ਪ੍ਰਚਾਰ ਸਿਰਫ਼ ਬੁਰਾਈਆਂ ਦਾ ਹੀ ਹੁੰਦਾ ਹੈ। ਪਰ ਘਾਟ ਇਥੇ ਚੰਗਿਆਂ ਦੀ ਵੀ ਨਹੀਂ। ਪਤਝੜਾਂ ’ਚ ਵੀ ਕੋਈ ਨਾ ਕੋਈ ਫੁੱਲ ਸਿਰ ਚੁੱਕ ਹੀ ਲੈਂਦਾ ਹੈ। ਇਮਾਨਦਾਰੀ ਦੇ ਅਕਾਲ ’ਚ ਸੱਚਾਈ ਦੇ ਬੋਝੇ ਭਰੀ ਬੜੇ ਲੋਕ ਤੁਰੇ ਫਿਰਦੇ ਨੇ। ਕੰਡਿਆਲੇ ਮਲ੍ਹਿਆਂ ਦੀਆਂ ਟੀਸੀਆਂ ’ਤੇ ਸੂਹੇ ਬੇਰਾਂ ਦੀ ਵੀ ਘਾਟ ਨਹੀਂ ਹੇ, ਜੋ ਖਾਣ ਵਾਲੇਨੂੰ ਬੰਜਰ ਥਾਵਾਂ ’ਤੇ ਵੀ ਉਗ ਪੈਣ ਦੀ ਪ੍ਰੇਰਨਾ ਦਿੰਦੇ ਹਨ। ਘਾਟ ਹੈ ਤਾਂ ਸਿਰਫ਼ ਸਾਡੀ ਸੋਚ ਵਿਚ ਜਾਂ ਫਿਰ ਸਾਡੇ ਸਬਰ ਵਿੱਚ।

ਮੈਂ ਖਾਲੀ ਬਗਲੀਆਂ ਵਾਲੇ ਹਿਮਾਲਿਆ ਨੂੰ ਗਹੁੰਦੇ ਵੀ ਵੇਖੇ ਨੇ ਅਤੇ ਖਾਲੀ ਪੇਟ ਲੰਗਰ ਲਗਾਉਣ ਵਾਲੇ ਵੀ। ਦੂਜਿਆਂ ਦਾ ਭਲਾ ਕਰਨ ਵਾਲੇ, ਹੱਕ-ਸੱਚ ਦੀ ਗਵਾਹੀ ਭਰਨ ਵਾਲੇ, ਸਮਾਜਕ ਤਾਣੇ-ਬਾਣੇ ਨੂੰ ਸੁਲਝਾਉਣ ’ਚ ਲੱਗੇ ਲੋਕਾਂ ਨੂੰ ਮੇਰਾ ਸਲਾਮ ਹੈ। ਮਾਨਸਾ ਸ਼ਹਿਰ ’ਚ ਇਕ ਬਜ਼ੁਰਗ ਰਿਕਸ਼ਾ ਚਾਲਕ ਹੈ ਜਿਸ ਦੀ ਇਕ ਲੱਤ ਕੱਟੀ ਹੋਈ ਹੈ। ਲੱਕੜੀ ਦੀ ਬਨਾਵਟੀ ਲੱਤ ਸਹਾਰੇ ਉਹ ਰਿਕਸ਼ਾ ਚਲਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਇਕ ਵਾਰ ਉਹ ਗੁਰਦੁਆਰਾ ਚੌਕ ’ਚੋਂ ਸਵਾਰੀ ਚੁੱਕ ਕੇ ਬੱਸ ਸਟੈਂਡ ਵੱਲ ਆ ਰਿਹਾ ਸੀ। ਰਸਤੇ ’ਚ ਇਕ ਕਮਜ਼ੋਰ ਬੁੱਢੀ ਮਾਈ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਸਵਾਰੀ ਤੋਂ ਇਜਾਜ਼ਤ ਲੈ ਕੇ ਉਸ ਨੇ ਕਮਜ਼ੋਰ ਬਜ਼ੁਰਗ ਔਰਤ ਨੂੰ ਰਿਕਸ਼ੇ ਵਿੱਚ ਬਿਠਾ ਲਿਆ। ਸਰੀਰ ਦਾ ਪੂਰਾ ਤਾਣ ਲਾ ਕੇ ਉਸ ਨੇ ਦੋਵਾਂ ਸਵਾਰੀਆਂ ਨੂੰ ਬੱਸ ਸਟੈਂਡ ਤੱਕ ਅੱਪੜਦਾ ਕਰ ਦਿੱਤਾ। ਪਹਿਲੀ ਸਵਾਰੀ ਨੇ 10 ਦਾ ਨੋਟ ਕੱਢ ਰਿਕਸ਼ੇ ਵਾਲੇ ਨੂੰ ਦਿੱਤਾ ਤੇ ਚਲਾ ਗਿਆ। ਬਜ਼ੁਰਗ ਔਰਤ ਨੇ ਆਪਣੇ ਫਟੇ ਪੁਰਾਣੇ ਖੀਸੇ ਵਿੱਚੋਂ ਘਸਮੈਲੀ ਜਿਹੀ ਲੀਰ ਕੱਢ ਕੇ ਮੂਚੜਿਆ ਜਿਹਾ ਦਸਾਂ ਦਾ ਇਕੱਲਾ ਨੋਟ ਰਿਕਸ਼ਾ ਚਾਲਕ ਦੇ ਅੱਗੇ ਕੀਤੇ ਅਤੇ ਕਿਹਾ ਲੈ ਵੀਰਾ ਭਾੜਾ ਕੱਟ ਲੈ। ਬੁੱਢੀ ਦੇ ਕਮਜ਼ੋਰ ਅੱਧ ਖੁੱਲ੍ਹੇ ਹੱਥਾਂ ਨੂੰ ਦੋਵਾਂ ਹੱਥਾਂ ਨਾਲ ਪੋਲਾ ਜਿਹਾ ਘੁੱਟ ਕੇ ਬੰਦ ਕਰਦਿਆਂ ਉਸ ਦਰਿਆਦਿਲ ਰਿਕਸ਼ਾ-ਚਾਲਕ ਨੇ ਕਿਹਾ ਰਹਿਣ ਦੇ ਮਾਂ। ਇਸ ਸਭ ਨੂੰ ਤੂੰ ਮੇਰਾ ਫਰਜ਼ ਸਮਝੀਂ।

ਸਾਡੇ ਪਿੰਡ ਦੇ ਕੋਲ ਵਿੱਚ ਉਸਾਰੀ ਦੇ ਕੰਮ ਦੌਰਾਨ ਇਕ ਮਜ਼ਦੂਰ ਉ¤ਪਰ ਢੂਲਾ ਖੋਲ੍ਹਦਿਆਂ ਲੈਂਟਰ ਡਿੱਗ ਪਿਆ। ਮਾਲਕਾਂ ਨੇ ਇਲਾਜ ਦੇ ਖਰਚੇ ਤੋਂ ਕੰਨੀਂ ਕਤਰਾਉਣੀ ਸ਼ੁਰੂ ਕਰ ਦਿੱਤੀ। ਠੇਕੇਦਾਰ ਮਿਸਤਰੀ ਵੀ ਕਹੇ ਕਿ ਮੈਂ ਤਾਂ ਆਪ ਦਿਹਾੜੀ ਕਰਕੇ ਸਮਾਂ ਲੰਘਾਉਂਦਾ ਹਾਂ। ਪਿਓ ਬਾਹਰੇ ਉਸ ਜਵਾਨ ਦੀ ਇਕੋ-ਇਕ ਮਦਦਗਾਰ ਉਸ ਦੀ ਮਾਂ ਹੀ ਸੀ। ਪਿੰਡ ਦੇ ਭਲੇ ਲੋਕਾਂ ਨੇ ਪਿੰਡ ਦੇ ਘਰ-ਘਰ ਤੋਂ ਸਹਾਇਤਾ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਪੰਜ-ਛੇ ਧਰਮੀ ਬੰਦੇ ਜਦੋਂ ਜ਼ਖਮੀ ਮੁੰਡੇ ਦੀ ਮਾਂ ਨੂੰ ਨਾਲ ਲੈ ਕੇ ਇਕ ਗਰੀਬ ਜਿਹੇ ਘਰ ਦੇ ਬੂਹੇ ਪੁੱਜੇ ਤਾਂ ਉਸ ਬਜ਼ੁਰਗ ਨੇ ਆਪਣੀ ਜੇਬ ਦੇ 50 ਰੁਪਏ ਅਤੇ ਘਰ ’ਚੋਂ ਇਕੋ-ਇਕ ਦਾਣਿਆਂ ਵਾਲਾ ਪੀਪਾ ਉਨ੍ਹਾਂ ਅੱਗੇ ਢੇਰੀ ਕਰ ਦਿੱਤਾ। ਜਦੋਂ ਦਾਨ ਇਕੱਠਾ ਕਰਨ ਵਾਲੇ ਇਕ ਜਾਣੇ ਨੇ ਕਿਹਾ, ਬਜ਼ੁਰਗਾ ਸਭ ਕੁਝ ਦੇ ਕੇ ਤੂੰ ਰੋਟੀ ਕਿੱਥੋਂ ਖਾਏਂਗਾ, ਤਾਂ ਉਹ ਬੋਲਿਆ ‘‘ਪੁੱਤਰ, ਗੁਰੂ ਨਾਨਕ ਦੇ ਘਰ ’ਚ ਲੰਗਰ ਦੀ ਕਾਹਦੀ ਘਾਟ ਹੈ ! ਬੱਸ, ਤੁਸੀਂ ਪੂਰੀ ਵਾਹ ਲਾ ਕੇ ਆਹ ਬੁੜ੍ਹੀ ਦਾ ਪੁੱਤ ਬਚਾਓ।’’

ਭੀਖੀ ਤੋਜ ਅੱਗੇ ਕੋਟੜਾ ਕਲਾਂ ਲੰਘ ਕੇ ਇਕ ਦਵਾਈਆਂ ਦਾ ਭਰਿਆ ਟਰੱਕ ਸੜਕ ’ਤੇ ਪਲਟ ਗਿਆ। ਕੰਡਕਟਰ ਸਾਈਡ ਬੈਠੇ ਬੰਦੇ ਨੇ ਆਪਣੀ ਬਾਂਹ ਠੰਡੀ ਹਵਾ ਲੈਣ ਲਈ ਬਾਹਰ ਕੱਢੀ ਹੋਈ ਸੀ। ਐਕਸੀਡੈਂਟ ਹੋਣ ਕਾਰਨ ਉਸ ਦੀ ਬਾਂਹ ਬੁਰੀ ਤਰ੍ਹਾਂ ਕੁਚਲੀ ਗਈ। ਅਸੀਂ ਕਈ ਜਣਿਆਂ ਨੇ ਮਿਲ ਕੇ ਟਰੱਕ ਹੇਠੋਂ ਜ਼ਖ਼ਮੀ ਦੀ ਬਾਂਹ ਕੱਢ ਲਈ, ਜੋ ਦੇਖਿਆਂ ਵੀ ਡਰ ਲਗਦਾ ਸੀ। ਤਾਜ਼ਾ ਐਕਸੀਡੈਂਟ ਵੇਖ ਕੇ ਰਾਹਗੀਰ ਖਲ੍ਹੋਣ ਲੱਗ ਪਏ। ਜਦੋਂ ਅਸਾਂ ਜ਼ਖ਼ਮੀ ਨੂੰ ਬਾਹਰ ਕੱਢਿਆ ਤਾਂ ਉਸ ਦੇ ਜ਼ਖ਼ਮਾਂ ਨੂੰ ਢਕਣ ਲਈ ਕਿਸੇ ਕਪੜੇ ਦੀ ਲੋੜ ਸੀ। ਅਜੇ ਮੈਂ ਕਿਸੇ ਕਪੜੇ ਦੀ ਤਲਾਸ਼ ਹੀ ਕਰ ਰਿਹਾ ਸੀ ਕਿ ਕਾਰ ’ਚੋਂ ਉਤਰੀ ਇਕ ਔਰਤ ਨੇ ਆਪਣੀ ਚੁੰਨੀ ਲਾਹ ਕੇ ਜ਼ਖ਼ਮੀ ਦੀ ਟੁੱਟੀ-ਭੱਜੀ ਬਾਂਹ ਦੇ ਦੁਆਲੇ ਲਪੇਟ ਦਿੱਤੀ। ਹੁਣ ਔਰਤ ਭਾਵੇਂ ਸਿਰੋਂ ਨੰਗੀ ਸੀ, ਪਰ ਸ਼ੇਰਨੀ ਦੇ ਨੰਗੇ ਸਿਰ ਨੂੰ ਤੱਕਣ ਦੀ ਕਿਸੇ ਦੀ ਹਿੰਮਤ ਨਹੀਂ ਸੀ।

ਝੁਨੀਰ ਦੇ ਨੇੜਲੇ ਪਿੰਡ ਅੱਕਾਂਵਾਲੀ ਦਾ ਇਕ ਮਾਸਟਰ ਭਾਨ ਸਿੰਘ ਆਪਣੇ ਕੋਲ ਇਕ ਝੋਲਾ ਰੱਖਦਾ ਸੀ। ਉਸ ਨੂੰ ਝੋਲੇ ਵਾਲਾ ਬਾਬਾ ਵੀ ਆਖਦੇ ਸਨ। ਉਹ ਹਰ ਲੋੜਵੰਦ ਵਿਦਿਆਰਥੀ ਨੂੰ ਕਾਪੀ ਪੈਨਸਲ ਦੇ ਦਿੰਦਾ ਸੀ। ਪਤਾ ਨਹ.ਂ ਹੁਣ ਤੱਕ ਕਿੰਨੇ ਕੁ ਵਿਦਿਆਰਥੀ ਭਾਨ ਸਿੰਘ ਦੀਆਂ ਕਾਪੀਆਂ ’ਤੇ ਝਰੀਟਾਂ ਮਾਰ-ਮਾਰ ਆਪਣੀ ਮੰਜ਼ਲ ’ਤੇ ਪਹੁੰਚ ਚੁੱਕੇ ਹੋਣਗੇ। ਭਾਨ ਸਿੰਘ ਦੀ ਹੁਣ ਮੌਤ ਹੋ ਚੁੱਕੀ ਹੈ ਪਰ ਉਸ ਦਾ ਨਾਮ ਅਮਰ ਹੈ।

ਸਾਡੇ ਸਕੂਲ ਵਿੱਚ ਇਕ ਮਾਸਟਰ ਸੀ। ਉਹ ਹਰ ਰੋਜ਼ 10 ਰੋਟੀਆਂ ਵਾਲਾ ਇਕ ਲਿਫਾਫਾ ਸਕੂਲ ਲੈ ਕੇ ਆਉਂਦਾ। ਦੋ ਰੋਟੀਆਂ ਦੁਪਹਿਰ ਖਾਣ ਤੋਂ ਬਾਅਦ ਬਾਕੀ 8 ਰੋਟੀਆਂ ਉਹ ਵਿਦਿਆਰਥੀਆਂ ਦੀਆਂ ਹਥੇਲੀਆਂ ’ਤੇ ਟਿਕਾ ਦਿੰਦਾ। ਕਦੇ-ਕਦੇ ਉਹ ਸੁੱਕੀ ਕੁਰਲੀ ਹੀ ਕਰਦਾ ਕਿਉਂਕਿ ਉਸ ਦੇ ਹਿੱਸੇ ਦੀ ਰੋਟੀ ਵੀ ਕਿਸੇ ਲੋੜਵੰਦ ਨੂੰ ਚਲੀ ਜਾਂਦੀ। ਪਤਾ ਨਹੀਂ ਭੁੱਖਿਆਂ ਨੂੰ ਰਜਾ ਕੇ ਉਸਨੂੰ ਕਿੰਨਾ ਕੁ ਸੁੱਖ ਮਿਲਦਾ ਹੋਵੇਗਾ !

ਦਾਨੀਆਂ ਅਤੇ ਮਿਹਰਬਾਨੀਆਂ ਦੀ ਕੋਈ ਘਾਟ ਨਹੀਂ। ਅਜੇ ਵੀ ਉਹ ਲੋਕ ਜ਼ਿੰਦਾ ਨੇ, ਜਿਨ੍ਹਾਂ ਨੂੰ ਸਿਰਫ਼ ਕਿਸੇ ਦਾ ਭਲਾ ਕਰਨ ਦਾ ਵੱਲ ਹੀ ਸਿਖਾਇਆ ਗਿਆ। ਅਜੇ ਵੀ ਉਹ ਤੁਰੇ-ਫਿਰਦੇ ਨੇ ਜਿਨ੍ਹਾਂ ਨੇ ਵੰਡਿਆ ਬਹੁਤ ਕੁਝ ਹੈ, ਪਰ ਅੱਜ ਤੱਕ ਪਰਨੋਟ ’ਤੇ ਕਿਸੇ ਦਾ ਅੰਗੂਠਾ ਨਹੀਂ ਲਗਵਾਇਆ। ਥਾਣੇ, ਕਚਿਹਰੀਆਂ ਦੇ ਬੂਹਿਆਂ ਅੰਦਰ ਕਦੇ ਵੀ ਨਹੀਂ ਵੜੇ। ਜੇ ਘਾਟ ਨਹੀਂ ਹੈ ਮੰਦਿਆਂ ਦੀ, ਤਾਂ ਤੋਟ ਨਹੀਂ ਹੈ ਚੰਗਿਆਂ ਦੀ :

ਅਜੀਬ ਦਿਲਕਸ਼ੀ ਇਹ ਅੱਜ-ਕੱਲ੍ਹ ਮਾਹੌਲ ਅੰਦਰ।
ਹਨੇਰੀ ਵੀ ਚੱਲ ਰਹੀ ਹੈ, ਦੀਵੇ ਵੀ ਬਲ ਰਹੇ ਨੇ।