Subscription About Us Contact Us


‘ਗੁਰੂ’ ਪਦ ਬਾਰੇ ਵਿਚਾਰ

- ਹਰਦੇਵ ਸਿੰਘ, ਜੰਮੂ -
ਫੋਨ : 9419184990

ਲਾਹੌਰ ਸ਼ਹਿਰ ਤੋਂ ਲਗਭਗ 40 ਮੀਲ ਦੂਰ ਮੌਜੂਦ ਤਲਵੰਡੀ ਰਾਏ ਭੋਏ ਨੂੰ ਹੁਣ ਨਨਕਾਣਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਉਹ ਅਸਥਾਨ ਹੈ ਜਿਥੇ 15‡ਅਪ੍ਰੈਲ 1469 ਨੂੰ ਗੁਰੂ ਨਾਨਕ ਜੀ ਦਾ ਜਨਮ (ਪ੍ਰਕਾਸ਼) ਹੋਇਆ ਸੀ। ਸਿੱਖ ਇਤਿਹਾਸ ਵਿਚ ਨਨਕਾਣਾ ਦੀ ਇਹੀ ਸਭ ਤੋਂ ਢੁਕਵੀ ਵਿਆਖਿਆ ਹੈ ਕਿ ਨਨਕਾਣਾ ਗੁਰੂ ਨਾਨਕ ਦਾ ਜਨਮ ਅਸਥਾਨ ਸੀ। ਇਹ ਗੱਲ ਅਲਗ ਹੈ ਕਿ ਆਦਰ ਭਾਵ ਦੇ ਇਕ ਗੈਰ ਵਾਜਿਬ ਸੰਧਰਭ ਵਿਚ ਇਸ ਨਨਕਾਣਾ ਨਾਮਕ ਅਸਥਾਨ ਨੂੰ ਨਨਕਾਣਾ ਸਾਹਿਬ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ। ਖੈਰ, ਆਦਰ ਦੇ ਇਸ ਭਾਵ ਨੂੰ ਸਮਝਿਆ ਜਾ ਸਕਦਾ ਹੈ। ਨਾਨਕ ਦਾ ਜਨਮ ਅਸਥਾਨ ਸਿੱਖੀ ਦੇ ਇਤਿਹਾਸਕ ਪੱਖ ਵਜੋਂ ਬੜੀ ਅਹਮੀਅਤ ਰਖਦਾ ਹੈ।

ਸੰਖੇਪ ਵਿਚ ਨਨਕਾਣਾ ਨਾਨਕ ਦੇ ਜਨਮ ਅਸਥਾਨ ਦਾ ਨਾਮ ਹੈ ਕਿਉਂਕਿ ਗੁਰੂ ਨਾਨਕ ਇਥੇ ਪੈਦਾ ਹੋਏ ਸੀ ਇਸ ਲਈ ਸਿੱਖ ਮਾਨਸਿਕਤਾ ਨਾਨਕ ਦੇ ਇਸ ਤਵਾਰੀਖੀ ਅਸਥਾਨ ਨਾਲ ਜੁੜੀ ਹੈ ਤੇ ਸਿੱਖ ਇਸ ਨੂੰ ਬੜੇ ਸਤਿਕਾਰ ਭਾਵ ਨਾਲ ਦੇਖਦੇ ਹਨ ਲੇਕਿਨ ਇਸ ਚਰਚਾ ਵਿਚ ਅਸੀਂ ਸਿੱਖਾਂ ਦੀ ਮਾਨਸਿਕਤਾ ਵਿਚ ਗੁਰੂ ਨਾਨਕ ਦੇ ਸਥਾਨ ਦੀ ਗਲ ਕਰਾਂਗੇ ਨਾ ਕਿ ਨਾਨਕ ਦੇ ਜਨਮ ਅਸਥਾਨ ਦੀ। ਨਾਨਕ ਦੇ ਜਨਮ ਅਸਥਾਨ ਨਨਕਾਣਾ ਦਾ ਤਾਰੁਫ (introduction) ਇਸ ਲੇਖ ਦੇ ਅਰੰਭ ਵਿਚ ਲਿਖੀਆਂ ਦੋ ਤਿੰਨ ਲਾਈਨਾਂ ਤੋਂ ਜਿਆਦਾ ਨਹੀਂ ਹੈ ਪਰ ਸਿੱਖ ਜੀਵਨ ਵਿਚ ਨਾਨਕ ਦੇ ਅਸਥਾਨ ਦਾ ਪਰਿਚੇ ਅਤੇ ਉਸਦਾ ਮਹਤਵ ਇਕ ਗੰਭੀਰ ਚਿੰਤਨ ਦਾ ਵਿਸ਼ਾ ਹੈ। ਇਸ ਲਈ ਇਸ ਲੇਖ ਦੇ ਸਿਰਲੇਖ ‘ਨਨਕਾਣਾ’ ਨੂੰ ਅਸੀਂ ਨਾਨਕ ਦੇ ਜਨਮ ਅਸਥਾਨ ਦੇ ਰੂਪ ਵਿਚ ਨਾਂ ਲੈਕੇ ਇਸਨੂੰ ਸਿੱਖੀ ਜੀਵਨ ਵਿਚ ਨਾਨਕ ਦੇ ਅਸਥਾਨ ਦੇ ਰੂਪ ਵਿਚ ਲੈ ਅਗੇ ਤੁਰਾਂਗੇ। ਪਰ ਅੱਗੇ ਵਧਣ ਤੋਂ ਪਹਿਲਾਂ ਅਸੀਂ ਇਤਿਹਾਸਕ ਸੰਧਰਭ ਵਿਚ ਇਕ ਬਿਲਕੁਲ ਸਪਸ਼ਟ ਤੱਥ ਨੂੰ ਸਮਝ ਲਈਏ। ਇਸ ਤੱਥ (fact) ਨੂੰ ਸਮਝਣ ਲਈ ਸਾਨੂੰ ਇਕ ਛੋਟਾ ਜਿਹਾ ਪਰ ਬੇਹਦ ਮਹਤਵਪੂਰਣ (ਇਸ ਚਰਚਾ ਲਈ) ਸਵਾਲ ਖੜਾ ਕਰਨਾ ਪਵੇਗਾ।

ਇਹ ਸਵਾਲ ਹੈ : ਸਿੱਖ ਧਰਮ ਦਾ ਬਾਨੀ (founder) ਕੌਣ ਸੀ?

ਬੇਸ਼ੱਕ ਇਸ ਸਵਾਲ ਦਾ ਜਵਾਬ ਹੈ - ਗੁਰੂ ਨਾਨਕ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਜੀ ਦਾ ਜਨਮ ਲਾਹੌਰ ਤੋਂ 40 ਮੀਲ ਦੂਰ ਨਨਕਾਣਾ ਵਿਚ ਹੋਇਆ ਸੀ ਪਰ ਆਪਣੇ ਸਮਕਾਲੀ ਸੰਦਰਭ ਵਿਚ ਨਾਨਕ ਨੂੰ ਮੰਨਣ ਵਾਲਿਆਂ ਲਈ ‘ਬਾਨੀ ਨਾਨਕ’ ਦਾ ਜਨਮ ਨਾਨਕ ਦੀ ਵਿਚਾਰਧਾਰਾ ਨੂੰ ਮੰਨਣ ਵਾਲਿਆਂ ਦੀ ਜ਼ਿਹਨੀਅਤ ਵਿਚ ਹੋਇਆ ਸੀ। ਹਾਲਾਂਕਿ ਸਿੱਖ ਪਰੰਪਰਾ ਦਸ ਗੁਰੂ ਸਾਹਿਬਾਨ ਨੂੰ ਗੁਰੂ ਮੰਨਦੀ ਹੈ ਪਰ ਇਕ ਗਲ ਜਿਹੜੀ ਕਿ ਗੁਰੂ ਨਾਨਕ ਨੂੰ ਬਾਕੀ ਗੁਰੂਆਂ ਨਾਲੋਂ ਅਲਗ ਕਰਦੀ ਹੈ ਉਹ ਗਲ ਹੈ ਉਤੇ ਪੁਛੇ ਗਏ ਇਕ ਛੋਟੇ ਜਿਹੇ ਪ੍ਰੰਤੂ ਬੇਹਦ ਮਹੱਤਵਪੂਰਣ ਸਵਾਲ ਦਾ ਜਵਾਬ।

ਸਿੱਖ ਮੱਤ ਦੇ ਬਾਨੀ (founder) ਦਾ ਸਥਾਨ ਇਕ ਐਸਾ ਨੁਕਤਾ ਹੈ ਜਿੱਥੇ ਕੇਵਲ ਗੁਰੂ ਨਾਨਕ ਇਕਲੇ ਹੀ ਖੜੇ ਨਜ਼ਰ ਆਉਂਦੇ ਹਨ ਕਿਉਂਕਿ ਇਸ ਅਸਥਾਨ ਤੇ ਕੇਵਲ ਗੁਰੂ ਨਾਨਕ ਲਈ ਹੀ ਜਗ੍ਹਾ ਉਪਲਬਧ ਹੈ। ਇਥੇ ਕੇਵਲ ਗੁਰੂ ਨਾਨਕ ਹੀ ਕਾਬਿਜ਼ ਹਨ। ਇਹ ਨਾਨਕ ਦਾ ਜਨਮ ਅਸਥਾਨ ਨਹੀਂ ਬਲਕਿ ਇਹ ਗੁਰੂ ਨਾਨਕ ਦਾ ਸਥਾਨ ਹੈ। ਇਹ ਨੁਕਤਾ ਸਾਨੂੰ ਸਮਝਣਾ ਚਾਹੀਦਾ ਹੈ। ਲੇਕਿਨ ਇਸ ਗਲ ਨੂੰ ਮਾਤਰ ਲਿਖ ਜਾਂ ਸਮਝ ਲੈਣ ਨਾਲ ਹੀ ਸਿੱਖ ਪਰੰਪਰਾ ਵਿਚ ਨਾਨਕ ਦੇ ਸਥਾਨ ਦੀ ਗਲ ਪੂਰੀ ਨਹੀਂ ਹੁੰਦੀ। ਇਹ ਤਾਂ ਕੇਵਲ ਸ਼ੁਰੂਆਤੀ ਨੁਕਤਾ ਹੈ।

ਕੁਝ ਹੋਰ ਅਗੇ ਵਧਣ ਤੋਂ ਪਹਿਲੇ ਇਕ ਹੋਰ ਗੰਭੀਰ ਨੁਕਤਾ ਸੰਜੀਦਗੀ ਨਾਲ ਸਮਝ ਲੈਣਾ ਜ਼ਰੂਰੀ ਹੈ ਤਾਂ ਕਿ ਇਹ ਚਰਚਾ ਆਪਣੇ ਸੰਧਰਭ ਵਿਚ ਅਰਥ ਪੂਰਣ ਹੋ ਸਕੇ। ਗੁਰੂ ਨਾਨਕ ਕੈਸੇ ਸਨ? ਇਹ ਸਵਾਲ ਸਾਡੀ ਚਰਚਾ ਦਾ ਵਿਸ਼ਾ ਨਹੀਂ। ਸਾਡੀ ਇਸ ਚਰਚਾ ਦਾ ਮੁਢਲਾ ਆਧਾਰ ਇਹ ਸਵਾਲ ਹਨ ਕਿ ਗੁਰੂ ਨਾਨਕ ਆਪਣੇ ਸਮਕਾਲੀ ਸਿੱਖਾਂ ਲਈ ਕੀ ਸਨ? ਤੇ ਨਾਨਕ ਦਾ ਉਨ੍ਹਾਂ ਦੇ ਜੀਵਨ ਵਿਚ ਕੀ ਸਥਾਨ ਸੀ? ਅਤੇ ਸਾਡੇ ਜੀਵਨ ਵਿਚ ਉਨ੍ਹਾਂ ਦਾ ਕੀ ਸਥਾਨ ਹੈ? ਆਓ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।

ਮਨੁੱਖ ਨਾਲ ਮਨੁੱਖ ਦਾ ਸਬੰਧ ਮਨੋਭਾਵਾਂ ਅਤੇ ਸੰਵੇਦਨਾਵਾਂ ਦਾ ਸਬੰਧ ਹੈ। ਇਹ ਸਬੰਧ ਮਨੁੱਖ ਦੇ ਵਸਤੂ ਸਬੰਧ ਤੋਂ ਬਹੁਤ ਹੱਟ ਕੇ ਹੁੰਦਾ ਹੈ। ਮਿਸਾਲ ਦੇ ਤੌਰ ਤੇ ਅਸੀਂ ਆਪਣੀ ਜ਼ਿੰਦਗੀ ਵਿਚ ਇਕ ਘਰ ਵਿਚ ਰਹਿੰਦੇ ਹਾਂ ਤੇ ਕੁਝ ਲੋੜੀਂਦੀ ਚੀਜ਼ਾਂ ਦਾ ਇਸਤੇਮਾਲ ਕਰਦੇ ਰਹਿੰਦੇ ਹਾਂ ਜਿਸ ਤਰ੍ਹਾਂ ਮੋਟਰ ਕਾਰ ਜਾਂ ਮੋਟਰ ਸਾਇਕਲ। ਆਪਣੇ ਘਰ ਨਾਲ ਸਾਡਾ ਇਕ ਲਗਾਵ ਹੰਦਾ ਹੈ ਅਤੇ ਮੋਟਰ ਕਾਰ ਨਾਲ ਵੀ। ਲੇਕਿਨ ਆਪਣੇ ਪਤੀ, ਪਤਨੀ ਜਾਂ ਬੱਚਿਆਂ ਨਾਲ ਮਨੁੱਖ ਦਾ ਸਬੰਧ ਇਕ ਵੱਖਰੇ ਕਿਸਮ ਦੇ ਮਨੋਭਾਵਾਂ ਅਤੇ ਸੰਵੇਦਨਾਵਾਂ ਨਾਲ ਭਰਿਆ ਹੁੰਦਾ ਹੈ ਅਤੇ ਸਮਾਜਿਕ ਵਿਕਾਸ ਦੇ ਚਲਦੇ ਇਹ ਮਨੋਭਾਵ ਕੁਝ ਵਿਸ਼ੇਸ਼ ਸ਼ਬਦਾਂ ਦੀ ਚੋਣ ਕਰ ਲੈਂਦੇ ਹਨ। ਤਾਂ ਕਿ ਉਨ੍ਹਾਂ ਵਿਸ਼ੇਸ਼ ਸ਼ਬਦਾਂ ਰਾਹੀਂ ਲੰਮੇ ਚੌੜੇ ਅਤੇ ਡੂੰਘੇ ਮਨੋਭਾਵ ਜਾਂ ਸਬੰਧ ਕੁਝ ਜਾਂ ਫਿਰ ਇਕ ਸ਼ਬਦ ਮਾਤਰ ਵਿਚ ਹੀ ਬਿਆਨ ਕੀਤੇ ਜਾ ਸਕਣ। ਇਹ ਸ਼ਬਦ ਸੰਕੇਤਕ ਹੁੰਦੇ ਹਨ ਅਤੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਹਾਂ ਇਹ ਗੱਲ ਵੱਖਰੀ ਹੈ ਕਿ ਸੰਕੇਤਾਂ ਦਾ ਦੁਰਉਪਯੋਗ ਵੀ ਹੋ ਸਕਦਾ ਹੈ। ਲੇਕਿਨ ਇਥੇ ਅਸੀਂ ਉਨ੍ਹਾਂ ਦੇ ਵਿਵਹਾਰਿਕ ਸਦਉਪਯੋਗ ਨੂੰ ਸਮਝੀਏ।

ਮੰਨ ਲਉ ਕਿ ਤੁਹਾਡੇ ਤੇ ਮੇਰੇ ਸਾਹਮਣੇ ਕੁਝ ਗਜ਼ ਦੂਰ ਇਕ ਤੀਸਰਾ ਬੰਦਾ ਖੜਾ ਹੈ ਜੋਕਿ ਮੇਰਾ ਪਿਤਾ ਹੈ। ਪਰ ਤੁਸੀਂ ਉਸ ਨਾਲ ਵਾਕਿਫ ਨਹੀਂ ਹੋ। ਮੈਂ ਤੁਹਾਨੂੰ ਉਸਦਾ ਪਰਿਚੈ ਦਿੰਦਾ ਹਾਂ - ‘‘ਇਹ ਸਾਹਿਬਾਨ ਮੇਰੇ ਅੰਨਦਾਤਾ ਤੇ ਪਾਲਣਹਾਰ ਹਨ।’’ ਤੁਸੀਂ ਇਸ ਪਰਿਚੈ ਨੂੰ ਸੁਣਦੇ ਹੋ। ਹੁਣ ਤੁਸੀਂ ਸੁਭਾਵਿਕ ਰੂਪ ਵਿਚ ਕੁਝ ਗੱਲਾਂ ਸੋਚ ਸਕਦੇ ਹੋ ਪਹਿਲੀ ਗਲ ਕਿ ਉਹ ਆਦਮੀ ਸ਼ਾਇਦ ਮੇਰਾ ਮਾਲਿਕ ਹੈ ਅਤੇ ਮੈਂ ਉਸਦੀ ਨੌਕਰੀ ਕਰਦਾ ਹਾਂ। ਦੂਜੀ ਗੱਲ ਸ਼ਾਇਦ ਉਹ ਆਦਮੀ ਹੀ ਮੈਨੂੰ ਰੋਟੀ ਪਾਣੀ ਅਤੇ ਗੁਜ਼ਰ ਬਸਰ ਦੇ ਦੂਜੇ ਸਾਧਨ ਦਿੰਦਾ ਹੈ। ਲੇਕਿਨ ਜੇ ਸ਼ਬਦ ਪਾਲਣਹਾਰ ਵਰਤਣ ਦੇ ਬਜਾਏ ਮੈਂ ਤੁਹਾਨੂੰ ਕਹਿ ਦਿੰਦਾ ਕਿ ਉਹ ਸਾਮਣੇ ਖੜਾ ਆਦਮੀ ਮੇਰਾ ਪਿਤਾ ਹੈ। ਉਸ ਸੂਰਤ ਵਿਚ ਲਫਜ਼ ‘ਪਿਤਾ’ ਹੀ
ਮੇਰੇ ਅਤੇ ਉਸ ਤੀਸਰੇ ਆਦਮੀ ਦੇ ਸਹੀ ਸਬੰਧ ਨੂੰ ਜ਼ਾਹਿਰ ਕਰਣ ਦਾ ਸਭ ਤੋਂ ਮਜ਼ਬੂਤ ਸਾਧਨ ਹੋ ਸਕਦਾ ਸੀ ਕਿਉਂਕਿ ਪਿਤਾ ਸ਼ਬਦ ਅੰਨਦਾਤਾ ਜਾਂ ਪਾਲਣਹਾਰ ਵਰਗੇ ਸ਼ਬਦਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮੇਟ ਸਕਦਾ ਹੈ। ਪਰ ਅੰਨਦਾਤਾ ਜਾਂ ਪਾਲਣਹਾਰ ਵਰਗੇ ਸ਼ਬਦ ਪਿਤਾ ਅਤੇ ਪੁਤਰ ਦੇ ਸਬੰਧ ਨੂੰ ਦਰਸਾਉਣ ਵਿਚ ‘ਸ਼ਾਇਦ’ ਵਰਗੀ ਗਲ ਨੂੰ ਖੜਾ ਕਰ ਦਿੰਦੇ ਹਨ।
ਇਕ ਹੋਰ ਸਥਿਤਿ ਨੂੰ ਸਮਝੀਏ। ਅਸੀਂ ਜਾਣਦੇ ਹਾਂ ਕਿ ਪਰਮਾਤਮਾ ਸਰਬ ਵਿਆਪਕ ਹੈ ਨਾ ਕਿ ਦਿਸ਼ਾ ਵਿਸ਼ੇਸ਼ ਵਿਚ। ਇਹ ਗੁਰਮਤਿ ਦਾ ਸਪਸ਼ਟ ਖੁਲਾਸਾ ਹੈ। ਇਕ ਵਾਰੀ ਫਿਰ ਮੈਂ ਤੇ ਤੁਸੀਂ ਆਮਣੇ ਸਾਹਮਣੇ ਬੈਠੇ ਆਮ ਗਲਬਾਤ ਕਰ ਰਹੇ ਹੁੰਦੇ ਹਾਂ। ਤੁਸੀਂ ਪੁਛਦੇ ਹੋ ‘‘ਭਈ ਦੁਨੀਆਂ ਵਿਚ ਸਭ ਤੋਂ ਵਧ ਤਾਕਤਵਰ ਕੌਣ ਹੈ’’? ਮੈਂ ਜਵਾਬ ਦਿੰਦਾ ਹਾਂ ‘‘ਉਹ ਸਭ ਤੋਂ ਵਧ ਤਾਕਤਵਰ ਹੈ।’’ ਜੇਕਰ ਤੁਹਾਡਾ ਪੁੱਛਿਆ ਗਿਆ ਇਹ ਸਵਾਲ ਸਾਡੇ ਦੋਹਾਂ ਦਰਮਿਆਨ ਪਹਿਲੇ ਤੋਂ ਚਲ ਰਹੀ ਕਿਸੇ ਗੱਲ ਦੀ ਰਵਾਨਗੀ ਨਾਲ ਤਆਲੁੱਕ ਨਹੀਂ ਰਖਦਾ ਤਾਂ ਤੁਸੀਂ ਮੇਰੇ ਇਸ ਜਵਾਬ ਕਿ ‘ਉਹ ਸਭ ਤੋਂ ਤਾਕਤਵਰ’ ਹੈ, ਨੂੰ ਸ਼ਾਇਦ ਹੀ ਸਮਝ ਪਾਉ। ਹਾਂ, ਜੇਕਰ ਮੈਂ ਆਪਣੇ ਜਵਾਬ ਵਿਚ ‘ਉਹ’ ਦੀ ਜਗਾ ਪਰਮਾਤਮਾ ਬੋਲ ਦਿੰਦਾ ਤਾਂ ਬੇਸ਼ਕ ਤੁਹਾਡੀ ਸਮਝ ਵਿਚ ‘ਸ਼ਾਇਦ’ ਦੀ ਕੋਈ ਗੁੰਜਾਇਸ਼ ਹੀ ਨਾ ਰਹਿੰਦੀ।

ਇਥੇ ਇਕ ਹੋਰ ਗਲ ਸਮਝ ਲੈਣੀ ਜ਼ਰੂਰੀ ਹੈ ਕਿ ਜੇਕਰ ਮੈਂ ਬਿਨਾਂ ਪਰਮਾਤਮਾ ਸ਼ਬਦ ਵਰਤੇ ਇਹ ਕਹਿਣ ਵੇਲੇ ਕਿ ‘ਉਹ ਸਭ ਤੋਂ ਤਾਕਤਵਰ ਹੈ’ ਆਪਣੀ ਉਂਗਲੀ ਮਾਤਰ ਅਸਮਾਨ ਵਲ ਚੁੱਕ ਦਿੰਦਾ, ਤਾਂ ਤੁਹਾਨੂੰ ਮੇਰੀ ਗੱਲ ਸਮਝਣ ਵਿਚ ਦੇਰ ਨਾ ਲਗਦੀ ਕਿਉਂਕਿ ਮੇਰੇ ਉਪਰ ਵੱਲ ਉਂਗਲੀ ਉਠਾ ਦੇਣ ਦਾ ਸੰਕੇਤ ਇਕ ਬੇਹਦ ਮਜ਼ਬੂਤ ਸਾਧਨ ਬਣ ਜਾਂਦਾ ਮੇਰੇ ਜਵਾਬ ਦੇ ਅਸਲੀ ਅਰਥਾਂ ਦਾ। ਇਥੇ ਮੈਂ ਮੁਆਫੀ ਵੀ ਚਾਹਵਾਂਗਾ ਉਨ੍ਹਾਂ ਪਾਠਕਾ ਤੋਂ ਜਿਹੜੇ ਕਿ ਉਪਰਲੇ ਉਦਾਹਰਣ ਤੋਂ ਕਿਧਰੇ ਇਹ ਨਾ ਸਮਝ ਬੈਠੇ ਹੋਣ ਕਿ ਇਕ ਸਰਬ-ਵਿਆਪਕ ਪਰਮਾਤਮਾ ਦੀ ਗੱਲ ਕਹਿਣ ਲਈ ਮੈਂ ਅਸਮਾਨ ਵਲ ਉਂਗਲੀ ਉਠਾ ਕੇ ਪਰਮਾਤਮਾ ਨੂੰ ਇਕ ਦਿਸ਼ਾ ਵਿਚ ਦਸਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜੀ ਨਹੀਂ, ਅਜਿਹਾ ਨਹੀਂ ਹੈ। ਅਸਮਾਨ ਵੱਲ ਉਂਗਲੀ ਚੁਕਣਾ ਮੇਰੇ ਲਈ ਇਕ ਦਿਸ਼ਾ ਪੂਰਣ ਪਰਮਾਤਮਾ ਨੂੰ ਮੰਨਣਾ ਨਹੀਂ ਬਲਕਿ ਮੇਰਾ ਇਹ ਸੰਕੇਤ ਕੇਵਲ ਇਸ ਗੱਲ ਦਾ ਸੂਚਕ ਹੈ ਕਿ ਮੈਂ ਇਕ ਐਸੇ ‘ਤਾਕਤਵਰ’ ਦਾ ਜਿਕਰ ਕਰ ਰਿਹਾ ਹਾਂ ਜਿਸਦੇ ਅਧੀਨ ਇਹ ਸਾਰੀ ਕਾਇਨਾਤ ਹੈ। ਅਧੀਨ ਸ਼ਬਦ ਹੇਠਲੀ ਅਵਸਥਾ ਦਾ ਪ੍ਰਤੀਕ ਹੈ ਨਾ ਕਿ ਕਿਸੇ ਹੇਠਲੀ ਦਿਸ਼ਾ ਦਾ ਅਤੇ ‘ਉ¤ਪਰ’ ਸ਼ਬਦ ਇਕ ਤਾਕਤਵਰ ਅਵਸਥਾ ਦਾ ਪ੍ਰਤੀਕ ਹੈ ਨਾ ਕਿ ਕਿਸੇ ਉਪਰਲੀ ਦਿਸ਼ਾ ਦਾ। ਉਂਗਲੀ ਉਠਾਉਣ ਦਾ ਇਹ ਸੰਕੇਤ ਇਕ ਤਰੀਕਾ ਮਾਤਰ ਹੈ ਇਕ ਤਾਕਤਵਰ ਪ੍ਰਮਾਤਮਾ ਦੀ ਸਭ ਤੋਂ ਉਚੀ ਸਤਾ ਨੂੰ ਦਰਸਾਉਣ ਦਾ। ਇਸ ਸੰਕੇਤ ਦਾ ਅਰਥ ਦਿਸ਼ਾ (direction) ਵਿਸ਼ੇਸ਼ ਨਹੀਂ ਬਲਕਿ ਦਸ਼ਾ (position) ਵਿਸ਼ੇਸ਼ ਹੈ।

ਈਸ਼ਵਰ ਦੀ ਉ¤ਚੀ ਦਸ਼ਾ ਮਨੁੱਖਾਂ ਦੀ ਇਕ ਨੀਵੀਂ ਦਸ਼ਾ ਦੀ ਸੂਚਕ ਹੈ। ਉ¤ਪਰਲੇ ਉਦਾਹਰਣ ਨਾਲ ਸਾਨੂੰ ਸ਼ਬਦਾਂ ਅਤੇ ਸੰਕੇਤ ਦੇ ਮਹੱਤਵ ਅਤੇ ਉਨ੍ਹਾਂ ਦੀ ਜ਼ਰੂਰਤ ਦਾ ਅਹਿਸਾਸ ਹੋ ਸਕਦਾ ਹੈ। ਹੁਣ ਕਦੀ-ਕਦੀ ਸਾਡੇ ਸ਼ਬਦ ਅਤੇ ਸੰਕੇਤ ਵੀ ਕੁਝ ਗਲਾਂ ਦੇ ਸੰਦਰਭ ਵਿਚ ਬੇਮਾਨੀ ਹੋ ਜਾਂਦੇ ਹਨ। ਇਹ ਉਹ ਸੰਦਰਭ ਹਨ ਜਦੋਂ ਚੀਜ਼ਾਂ ਸ਼ਬਦਾਂ ਦੀ ਮੁਹਤਾਜ ਨਹੀਂ ਰਹਿੰਦੀਆਂ। ਇਹ ਉਹ ਸਥਿਤੀ ਹੈ ਜਦਕਿ ਚੀਜ਼ਾਂ ਆਪ ਇਕ ਸੰਕੇਤ ਬਣ ਕੇ ਬੋਲ ਉਠਦੀਆਂ ਹਨ। ਆਉ ਇਸ ਨੂੰ ਵੀ ਇਕ ਉਦਾਹਰਣ ਤੋਂ ਸਮਝੀਏ। ਜੇਕਰ ਅਸੀਂ ਇਕ ਖਾਸ ਭਵਨ (building) ਵਿਚ ਕੁਝ ਕੁ ਸੌ ਬੱਚਿਆਂ ਨੂੰ ਉਨ੍ਹਾਂ ਦੇ ਜਨਮ ਤੋਂ ਲੈ ਕੇ 20 ਸਾਲ ਤਕ ਪਾਲਦੇ ਪੋਸਦੇ ਹੋਏ ਵਡਾ ਕਰੀਏ ਤੇ ਇਸ ਦੌਰਾਨ ਕੁਦਰਤ ਦੇ ਸੰਦਰਭ ਵਿਚ ਕਈ ਪੁਸਤਕਾਂ ਅਤੇ ਵਿਸ਼ਾ ਤਜ਼ਰਬੇਕਾਰਾਂ (experts) ਰਾਹੀਂ ਉਨ੍ਹਾਂ ਬੱਚਿਆਂ ਨੂੰ ਕੁਦਰਤ ਦੇ ਹਰ ਪਹਿਲੂ ਦੀ ਜਾਣਕਾਰੀ ਦਿੰਦੇ ਰਹੀਏ ਤਾਂ ਕੁਦਰਤ ਸਬੰਧੀ ਉਨ੍ਹਾਂ ਦਾ ਗਿਆਨ ਵਧੇਗਾ ਆਪਣੀ ਪੜ੍ਹਾਈ ਦੁਆਰਾ ਉਹ ਭੌਤਿਕੀ, ਰਸਾਇਣ ਆਦਿ ਸਬੰਧੀ ਗਿਆਨ ਵਿਚ ਦ੍ਰਿੜ ਹੋਣਗੇ। ਪਰ 20 ਸਾਲ ਦੇ ਅੰਤਰਾਲ (gap) ਦੇ ਬਾਦ ਜਦ ਅਸੀਂ ਉਨ੍ਹਾਂ ਬੱਚਿਆਂ ਨੂੰ ਉਸ ਵਿਸ਼ੇਸ਼ ਇਮਾਰਤ ਤੋਂ ਬਾਹਰ ਆਉਣ ਦੇਈਏ ਤਾਂ ਜਦ ਉਹ ਖੁਦ ਕੁਦਰਤ ਨੂੰ ਦੇਖਣਗੇ ਤਾਂ ਹੀ ਸਮਝ ਸਕਣਗੇ ਕਿ ਕੁਦਰਤ ਅਸਲ ਹੈ ਕੀ? ਕੁਦਰਤੀ ਚੀਜ਼ਾਂ ਆਪ ਉਨ੍ਹਾਂ ਬੱਚਿਆਂ ਨੂੰ ਆਪਣੀ ਜੁਬਾਨ ਵਿਚ ਆਪਣੀ ਖੂਬਸੂਰਤੀ ਨੂੰ ਬਿਆਨ ਕਰਣਗੀਆਂ। ਇਹ ਐਸੀ ਜੁਬਾਨ ਹੋਵੇਗੀ ਜਿਹੜੀ 20 ਸਾਲਾਂ ਦੇ ਪੜ੍ਹਣ-ਪੜ੍ਹਾਉਣ ਵਾਲਿਆਂ ਕੋਲ ਨਹੀਂ ਹੋ ਸਕਦੀ।

ਅਸੀਂ 20 ਸਾਲਾਂ ਵਿਚ ਉਨ੍ਹਾਂ ਬੱਚਿਆਂ ਨੂੰ ਕੁਦਰਤ ਸਬੰਧੀ ਗਿਆਨ ਤਾਂ ਦੇ ਸਕੇ ਹੋਵਾਂਗੇ ਪਰ ਕੁਦਰਤ ਦੇ ਨਾਲ ਆਪਣੇ ਸਬੰਧ ਨੂੰ ਉਹ ਤਾਂ ਹੀ ਸਮਝ ਪਾਉਣਗੇ ਜਦ ਕੁਦਰਤ ਆਪ ਉਨ੍ਹਾਂ ਦੇ ਸਾਮਣੇ ਹੋਵੇਗੀ। ਮਨੁੱਖ ਦੇ ਕੁਦਰਤ ਨਾਲ ਸਬੰਧਿਤ ਮਨੋਭਾਵਨਾਵਾਂ ਕੇਵਲ ਕਿਤਾਬੀ ਗੱਲ ਨਹੀਂ ਹੋ ਸਕਦੀਆਂ। ਇਕ ਪੂਰਣ ਰੂਪ ਵਿਚ ਖਿੜੇ ਹੋਏ ਸੁਗੰਧਿਤ ਗੁਲਾਬ ਦੀ ਸੁੰਦਰਤਾ ਅਤੇ ਖੁਸ਼ਬੂ ਪ੍ਰਤੀ ਇਨਸਾਨੀ ਸਮਝ ਨੂੰ ਕਈ ਕਿਤਾਬਾਂ ਵਿਚ ਵੀ ਨਹੀਂ ਬਿਆਨ ਕੀਤਾ ਜਾ ਸਕਦਾ। ਗੁਲਾਬ ਬਿਨਾਂ ਬੋਲੇ ਆਪਣੇ ਬਾਰੇ ਉਹ ਗੱਲਾਂ ਬੋਲ ਸਕਦਾ ਹੈ ਜੋ ਕਿ ਕਿਤਾਬਾਂ ਕਦੇ ਨਹੀਂ ਬੋਲ ਸਕਦੀਆਂ।

ਠੀਕ ਇਸੇ ਤਰ੍ਹਾਂ ਸੂਰਜ ਦਾ ਚੜ੍ਹਣਾ ਅਤੇ ਅਸਤ ਹੋਣਾ ਸਭ ਤੋਂ ਮਜ਼ਬੂਤ ਸਾਧਨ ਹੈ ਇਹ ਸਮਝਣ ਦਾ ਕਿ ਸੂਰਜ ਦੇ ਚੜ੍ਹਣ ਅਤੇ ਅਸਤ ਹੋਣ ਦੀ ਸੁੰਦਰਤਾ ਕੀ ਹੈ। ਇਸ ਨੂੰ ਸੂਰਜ ਦੇ ਅੰਦਰ ਹੋਣ ਵਾਲੇ ਨਿਰੰਤਰ ਧਮਾਕੇ, ਉਨ੍ਹਾਂ ਧਮਾਕਿਆਂ ਤੋਂ ਪੈਦਾ ਹੋਣ ਵਾਲੀ ਊਰਜਾ ਅਤੇ ਧਰਤੀ ਉਤੇ ਉਸ ਦੀ ਰੋਸ਼ਨੀ ਪੁਜਣ ਸਬੰਧੀ ਵਿਗਿਆਨਕ ਸਬੂਤ ਸੂਰਜ ਦੇ ਉਸ ਸਵਰੂਪ ਨੂੰ ਬਿਆਨ ਨਹੀਂ ਕਰ ਸਕਦੇ ਜਿਸ ਤਰ੍ਹਾਂ ਕਿ ਸੂਰਜ ਆਪ ਕਰ ਸਕਦਾ ਹੈ। ਇਹ ਕੁਦਰਤ ਦੀ ਅਪਣੀ ਜੁਬਾਨ ਹੈ। ਇਸ ਜੁਬਾਨ ਅਤੇ ਸੰਕੇਤਾਂ ਪ੍ਰਤੀ ਇਨਸਾਨੀ ਕੈਫਿਅਤ ਇਕ ਬੇਹਦ ਦਿਲਚਸਪ ਅਤੇ ਅਨੋਖੀ ਗੱਲ ਹੈ।

ਹੁਣ ਅਸੀਂ ਮੁੜਾਂਗੇ ਇਕ ਵਾਰੀ ਫਿਰ ਇਸ ਚਰਚਾ ਦੇ ਮੂਲ ਵਿਸ਼ੇ, ਸਿੱਖਾਂ ਦੇ ਜੀਵਨ ਵਿਚ ਨਾਨਕ ਦੇ ‘ਸਥਾਨ’ ਵੱਲ ਤਾਂ ਕਿ ਅਸੀਂ ਇਸ ਨੂੰ ਸਮਝ ਸਕੀਏ। ਬੇਸ਼ਕ ਸਿੱਖਾਂ ਦੇ ਜੀਵਨ ਵਿਚ ਨਾਨਕ ਦਾ ਸਥਾਨ ਬਹੁਤ ਵੱਡਾ ਹੈ। ਚੂੰਕਿ ਇਹ ਸਥਾਨ ਸਾਡੇ ਮਾਨਸਿਕ ਮਨੋਭਾਵਾਂ ਵਿਚ ਹੈ ਇਸ ਲਈ ਇਸਦੀ ਵੈਸੀ ਹੱਦਬੰਦੀ ਨਹੀਂ ਕੀਤੀ ਜਾ ਸਕਦੀ ਜੈਸੀ ਕਿ ਜ਼ਮੀਨ ਦੇ ਕਿਸੇ ਟੁਕੜੇ ਦੀ। ਨਾਨਕ ਸਰੀਰਕ ਰੂਪ ਵਿਚ ਤਾਂ ਲਾਹੌਰ ਦੇ ਨਨਕਾਣਾ ਖੇਤਰ ਵਿਚ ਪੈਦਾ ਹੋਏ ਸੀ ਪਰ ਗੁਰੂ ਨਾਨਕ ਦਾ ਅਸਲੀ ਜਨਮ ਸਥਾਨ ਉਨ੍ਹਾਂ ਦੇ ਮੁਰੀਦ ਬਣੇ ਲੋਕਾਂ ਦੀ ਜ਼ਹਿਨੀਅਤ ਵਿਚ ਹੀ ਹੋ ਸਕਦਾ ਹੈ। ਨਨਕਾਣਾ ਨਾਮੀ ਜ਼ਮੀਨ ਦੇ ਟੁਕੜੇ ਉਤੇ ਜਨਮ ਲੈਣ ਵਾਲਾ ਨਾਨਕ ਆਪਣੀ ਸੰਸਾਰਿਕ ਯਾਤਰਾ ਕਰ ਕੇ ਜਾ ਚੁਕਾ ਹੈ ਕਿਉਂਕਿ ਉਸਨੇ ਜਾਣਾ ਹੀ ਸੀ ਪਰ ਅਸੀਂ ਮਨੁੱਖਾਂ ਦੀ ਜ਼ਹਿਨੀਅਤ ਵਿਚ ਜਨਮ ਲੈਣ ਵਾਲਾ ਗੁਰੂ ਨਾਨਕ ਜਨਮ ਲੈਣ ਤੋਂ ਬਾਅਦ ਜ਼ਿੰਦਾ ਹੈ ਕਿਉਂਕਿ ਉਸਨੇ ਜ਼ਿੰਦਾ ਰਹਿਣਾ ਹੀ ਸੀ। ਇਸੇ ਨੁਕਤੇ ਦੀ ਸੰਜੀਦਗੀ ਵਿਚ ਹੀ ਛੁਪੀ ਹੋਈ ਹੈ ਇਹ ਸਮਝ ਪਾਉਣ ਦੀ ਤਾਕਤ ਕਿ ਇਸ ਗੁਰੂ ਨਾਨਕ ਦਾ ਸਿੱਖਾਂ ਦੇ ਜੀਵਨ ਵਿਚ ਕੀ ਸਥਾਨ ਹੈ।

ਅਸੀਂ ਸਾਰੇ ਇਸ ਸਥਾਨ ਨੂੰ ਮੰਨਦੇ ਹਾਂ ਤੇ ਇਹ ਵੀ ਮੰਨਦੇ ਹਾਂ ਕਿ ਇਹ ਬਹੁਤ ਵੱਡਾ ਹੈ। ਇਸ ਉਤੇ ਬਹੁਤ ਕੁਝ ਲਿਖਿਆ ਜਾ ਸਕਦਾ ਹੈ ਲੇਕਿਨ ਇਕ ਗਲ ਜਿਹੜੀ ਬੇਹੱਦ ਮਹੱਤਵਪੂਰਨ ਹੈ ਉਹ ਇਹ ਕਿ ਸਿੱਖੀ ਜੀਵਨ ਵਿਚ ਨਾਨਕ ਦੇ ਇਸ ਵੱਡੇ ਸਥਾਨ ਨੂੰ ਕਿਸ ਤਰ੍ਹਾਂ ਬਿਆਨ ਕਰੀਏ? ਅਤੇ ਇਸ ਦੇ ਨਾਲ ਇਹ ਸਵਾਲ ਕੇ ਅਸੀਂ ਇਸ ਸਥਾਨ ਨੂੰ ਬਿਆਨ ਕਰਣ ਵਾਸਤੇ ਐਸੇ ਕਿਹੜੇ ‘ਸ਼ਬਦ’ ਦੀ ਚੋਣ ਕਰ ਸਕਦੇ ਹਾਂ ਜਿਹੜਾ ਕਿ ਇਸ ਵਡੇ ਸਥਾਨ ਨੂੰ ਅਸਾਨੀ ਨਾਲ ਬਿਆਨ ਕਰ ਜਾਏ? ਇਸ ਵਿਚ ਕੋਈ ਸ਼ੱਕ ਨਹੀਂ ਸਾਨੂੰ ਇਕ ਐਸੇ ਸ਼ਬਦ ਦੀ ਲੋੜ ਹੈ ਜੋ ਇਕ ਪਾਸੇ ਸਾਡੇ ਜੀਵਨ ਵਿਚ ਨਾਨਕ ਦੇ ਸਥਾਨ ਨੂੰ ਬਿਆਨ ਕਰੇ ਤੇ ਦੂਜੇ ਪਾਸੇ ਸਾਡੇ ਅਤੇ ਨਾਨਕ ਦੇ ਸਬੰਧ ਨੂੰ ਵੀ ਬਿਆਨ ਕਰਨ ਦੀ ਸਮਰਥਾ ਰਖਦਾ ਹੋਵੇ।
ਇਥੇ ਅਸੀਂ ਬੜੀ ਸੰਜੀਦਗੀ ਨਾਲ ਤਿੰਨ ‘ਸ਼ਬਦਾਂ’ ਦੀ ਚੋਣ ਕਰ ਲੈਂਦੇ ਹਾਂ ਇਸ ਵਿਸ਼ਲੇਸ਼ਣ (analysis) ਵਾਸਤੇ ਕਿ ਇਨ੍ਹਾਂ ਤਿੰਨਾਂ ਸ਼ਬਦਾਂ ਵਿਚੋਂ ਕਿਹੜਾ ਸ਼ਬਦ ਜ਼ਿਆਦਾ ਸਮਰਥ ਅਤੇ ਅਸਲੀਅਤ ਦੇ ਕਰੀਬ ਹੈ ਕਿ ਉਹ ਸਿੱਖਾਂ ਦੇ ਜੀਵਨ ਵਿਚ ਨਾਨਕ ਦੇ ਸਥਾਨ ਅਤੇ ਨਾਨਕ ਨਾਲ ਸਿੱਖਾਂ ਦੇ ਸਬੰਧ ਨੂੰ ਜ਼ਿਆਦਾ ਸੁਚਜੇ ਢੰਰ ਨਾਲ ਬਿਆਨ ਕਰ ਸਕੇ। ਇਹ ਤਿੰਨ ‘ਸ਼ਬਦ’ ਹਨ :-

1. ਗੁਰੂ 2. ਬਾਬਾ 3. ਪਾਤਿਸ਼ਾਹ।

ਜ਼ਾਹਿਰ ਹੈ ਕਿ ਗੁਰੂ ਨਾਨਕ ਪ੍ਰਤੀ ਇਨ੍ਹਾਂ ਤਿੰਨਾਂ ਸ਼ਬਦਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿਚ ਕੋਈ ਇਤਰਾਜ਼ ਵਾਲੀ ਗੱਲ ਨਹੀਂ ਕਿਉਂਕਿ ਜ਼ਿਆਦਾਤਰ ਲਿਖਣ ਅਤੇ ਬੋਲਚਾਲ ਵਿਚ ਇਕ ਹੀ ਲਿਖਾਰੀ ਜਾਂ ਬੋਲਣ ਵਾਲਾ ਆਪਣੀ ਇਕ ਹੀ ਰਚਨਾ ਜਾਂ ਭਾਸ਼ਣ ਵਿਚ ਇਨ੍ਹਾਂ ਤਿੰਨਾਂ ਸ਼ਬਦਾਂ ਦੀ ਵਰਤੋਂ ਕਰਦਾ ਹੈ। ਇਸ ਵਿਚ ਕੁਝ ਵੀ ਗਲਤ ਨਹੀਂ ਲੇਕਿਨ ਜੇਕਰ ਇਨ੍ਹਾਂ ਤਿੰਨਾਂ ਸ਼ਬਦਾਂ ਨੂੰ ਲੈ ਕੇ ਇਹ ਸਵਾਲ ਖੜਾ ਕੀਤਾ ਜਾਵੇ ਕਿ ਇਨ੍ਹਾਂ ਤਿੰਨਾਂ ਸ਼ਬਦਾਂ ਵਿਚੋਂ ਅਜਿਹਾ ਕਿਹੜਾ ਸ਼ਬਦ ਹੈ ਜਿਹੜਾ ਕਿ ਸਿੱਖਾਂ ਦੇ ਜੀਵਨ ਵਿਚ ਨਾਨਕ ਦੇ ਸਥਾਨ ਅਤੇ ਸਬੰਧ ਨੂੰ ਬਿਆਨ ਕਰਣ ਲਈ ਸਭ ਤੋਂ ਜ਼ਿਆਦਾ ਸਮਰੱਥ ਹੈ, ਤਾਂ ਇਹ ਸਵਾਲ ਇਕ ਅਤਿ ਗੰਭੀਰ ਵਿਸ਼ਲੇਸ਼ਣ ਅਤੇ ਸਾਵਧਾਨੀ ਨਾਲ ਭਰਿਆ ਹੋਇਆ ਜਵਾਬ ਚਾਹੁੰਦਾ ਹੈ। ਇਸ ਵਿਸ਼ਲੇਸ਼ਣ ਲਈ ਅਸੀਂ ਪਿੱਛੇ ਚਰਚਿਤ ਇਸ ਨੁਕਤੇ ਨੂੰ ਨਾਲ ਨਾਲ ਯਾਦ ਰਖਾਂਗੇ ਕਿ ਨਾਨਕ ਦਾ ਜਨਮ ਤਾਂ ਨਨਕਾਣਾ ਨਾਮਕ ਸਥਾਨ ਵਿਚ ਹੋਇਆ ਸੀ ਪਰ ਗੁਰੂ ਨਾਨਕ ਦਾ ਜਨਮ ਸਭ ਤੋਂ ਪਹਿਲਾਂ ਨਾਨਕ ਨੂੰ ਮੰਨਣ ਵਾਲਿਆਂ ਦੀ ਜ਼ਹਿਨੀਅਤ ਵਿਚ ਹੋਇਆ ਸੀ ਤੇ ਹੁੰਦਾ ਹੈ। ਆਉ ਇਸ ਨੂੰ ਕੁਝ ਹੋਰ ਪਰਖੀਏ।

ਨਾਨਕ ਨੂੰ ਮੰਨਣ ਵਾਲਿਆਂ ਦੀ ਜ਼ਹਿਨੀਅਤ ਵਿਚ ਗੁਰੂ ਨਾਨਕ ਦੇ ਜਨਮ ਦਾ ਅਰਥ ਹੈ ਕਿ ਜਿਸ ਪਲ ਲੋਕਾਂ ਨੇ ਨਾਨਕ ਦੇ ਵਿਚਾਰਾਂ ਨੂੰ ਆਪਣੀ ਜ਼ਹਿਨੀਅਤ ਵਿਚ ਕਬੂਲਿਆ ਉਸੇ ਪਲ ਗੁਰੂ ਨਾਨਕ ਦਾ ਜਨਮ ਹੋਇਆ ਅਤੇ ਉਹ ਲੋਕ ਸਿੱਖ ਕਹਲਾਏ। ਨਾਨਕ ਦੇ ਸਿੱਖ ਦਾ ਅਰਥ ਨਾਨਕ ਦੇ ਸਰੀਰਕ ਸਰੂਪ ਦਾ ਸਿੱਖ ਨਹੀਂ ਬਲਕਿ ਨਾਨਕ ਦੇ ਵਿਚਾਰਾਂ ਦਾ ਸਿੱਖ ਹੈ। ਗੁਰੂ ਨਾਨਕ ਆਪ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸਨ।

ਸੰਸਾਰਕ ਸੰਦਰਭ ਵਿਚ ਆਉ ਖੁਲ੍ਹੇ ਦਿਮਾਗ ਨਾਲ ਗੁਰੂ ਅਤੇ ਸਿੱਖ ਸਬੰਧੀ ਕੁਝ ਵਿਚਾਰਾਂ ਕਰੀਏ। ਗੁਰੂ ਅਤੇ ਸਿੱਖ ਦੋਵੇਂ ਹੀ ਮਹਤਵਪੂਰਨ ਹਨ। ਬਿਨਾਂ ਗੁਰੂ ਦੇ ਸਿੱਖ ਹੋ ਹੀ ਨਹੀਂ ਸਕਦਾ ਅਤੇ ਇਸਦੇ ਨਾਲ ਹੀ ਬਿਨਾ ਸਿੱਖ ਦੇ ਗੁਰੂ ਹੋਣ ਦੀ ਗਲ ਬੇਮਾਨੀ ਹੈ। ਇਥੇ ਗਲ ਸਿੱਖਾਂ ਦੀ ਗਿਣਤੀ ਦੀ ਨਹੀਂ ਪਰ ਇਕ ਗਲ ਜ਼ਰੂਰ ਹੈ ਸਿੱਖ ਭਾਵੇਂ ਇਕ ਹੀ ਹੋਵੇ ਹੋਣਾ ਜ਼ਰੂਰ ਚਾਹੀਦਾ ਹੈ। ਮੰਨ ਲਉ (ਕੁਝ ਚਿਰ ਵਾਸਤੇ) ਮਿਸਾਲ ਵਜੋਂ ਕਿ ਗੁਰੂ ਨਾਨਕ ਨੂੰ ਗਿਆਨ ਪ੍ਰਾਪਤ ਹੁੰਦਾ ਹੀ ਨਾ ਤਾਂ ਨਾਨਕ ਲਈ ਸ਼ਬਦ ‘ਗੁਰੂ’ ਦੀ ਹੋਂਦ ਹੋ ਵੀ ਨਹੀਂ ਸਕਦੀ ਸੀ। ਨਾਨਕ ਦਾ ਸ਼ਬਦ ਗਿਆਨ ਨੂੰ ਗੁਰੂ ਮੰਨਣਾ ਨਾਨਕ ਲਈ ਸ਼ਬਦ ਗੁਰੂ ਦੀ ਹੋਂਦ ਦਾ ਆਰੰਭ ਸੀ। ਠੀਕ ਇਸੇ ਤਰ੍ਹਾਂ ਜੇਕਰ ਸ਼ਬਦ ਹੀ ਨਾ ਹੁੰਦਾ ਤਾਂ ‘ਸ਼ਬਦ’ ਦਾ ਸਿੱਖ ਕੌਣ ਹੁੰਦਾ? ਗੁਰੂ ਦੀ ਵਿਵਹਾਰਕ ਹੋਂਦ ਇਕ ਐਸੇ ਚੇਲੇ ਦੀ ਮੁਹਤਾਜ ਹੁੰਦੀ ਹੈ ਜਿਹੜਾ ਕਿ ਉਸ ਦੀ ਸਿੱਖਿਆ ਨੂੰ ਨਾ ਸਿਰਫ ਜਾਣਦਾ ਹੋਵੇ ਬਲਕਿ ਵੈਸਾ ਵਿਹਾਰ ਵੀ ਕਰਦਾ ਹੋਵੇ। ਇਸ ਦੇ ਨਾਲ ਹੀ ਜਦ ਆਦਮੀ ਕਿਸੇ ਦੀ ਸਿੱਖਿਆ ਦਾ ਪਾਲਣ ਕਰਦਾ ਹੈ ਤਾਂ ਚੇਲਾ ਆਪਣੇ ਆਪ ਜਨਮ ਲੈ ਲੈਂਦਾ ਹੈ।

ਸਿੱਖਿਆ ਨੂੰ ਸੁਣ ਲੈਣਾ ਚੇਲੇ ਨੂੰ ਜਨਮ ਨਹੀਂ ਦਿੰਦਾ ਬਲਕਿ ਸਿੱਖਿਆ ਦਾ ਪਾਲਣ ਚੇਲੇ ਨੂੰ ਜਨਮ ਦਿੰਦਾ ਹੈ। ਜੇਕਰ ਕਿਸੇ ਵਿਚਾਰ ਅਥਵਾ ਗਿਆਨ ਵਿਸ਼ੇਸ਼ ਨੂੰ ਇਕ ਕਿਤਾਬ ਵਿਚ ਲਿਖ ਦਿਤਾ ਜਾਵੇ ਅਤੇ ਫਿਰ ਅਸੀਂ ਦੇਖ ਸਕੀਏ ਕਿ ਉਸ ਗਿਆਨ ਜਾਂ ਵਿਚਾਰ ਨੂੰ ਪੜ੍ਹਣ ਅਤੇ ਮੰਨਣ ਵਾਲਾ ਕੋਈ ਹੋਵੇ ਹੀ ਨਾ ਤਾਂ ਉਹ ਗਿਆਨ ਇਕ ਗੁਰੂ ਦੇ ਰੂਪ ਵਿਚ ਕਿਸ ਤਰ੍ਹਾਂ ਵਾਪਰੇਗਾ? ਬੇਸ਼ਕ ਨਹੀਂ ਵਾਪਰ ਸਕਦਾ। ਸ਼ਬਦ ਗਿਆਨ ਗੁਰੂ ਦੇ ਰੂਪ ਵਿਚ ਉਦੋਂ ਹੀ ਵਾਪਰੇਗਾ ਜਦੋਂ ਉਸ ਗਿਆਨ ਦਾ ਵਿਵਹਾਰ ਕਰਣ ਵਾਲਾ ਸਰੀਰ ਹੋਵੇ। ਕੇਵਲ ਸ਼ਬਦ ਗੁਰੂ ਦੇ ਰੂਪ ਵਿਚ ਨਹੀਂ ਰਹਿ ਸਕਦਾ ਜਦ ਤਕ ਉਸ ਨੂੰ ਕੋਈ ਮਾਨਸਿਕ ਵਿਵਹਾਰਿਕ ਸੂਰਤ ਸਵੀਕਾਰ ਨਾ ਕਰੇ। ਗੁਰੂ ਇਕਲਾ ਹੋ ਹੀ ਨਹੀਂ ਸਕਦਾ ਤੇ ਨਾ ਹੀ ਚੇਲਾ। ਗੁਰੂ-ਚੇਲੇ ਦਾ ‘ਮਿਲਣ’ ਹੀ ਕਿਸੇ ਵਿਚਾਰ ਦੀ ਸਾਰਥਿਕਤਾ ਨੂੰ ਮਾਇਨੇ (meaning) ਦੇ ਸਕਦਾ ਹੈ ਉਸ ਨੂੰ ਅਰਥ ਪੂਰਣ ਬਣਾ ਸਕਦਾ ਹੈ।

ਸਿਧ ਗੋਸ਼ਟਿ ਵਿਚ ਗੁਰੂ ਨਾਨਕ ਨੇ ਸਿੱਧਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਆਪਣੇ ਗੁਰ ਦਾ ਪਰਿਚੈ ਦੇਣ ਵੇਲੇ ਇਕ ਗਲ ਕਬੂਲ ਕੀਤੀ ਸੀ ਕਿ ਸ਼ਬਦ ਹੀ ਉਨ੍ਹਾਂ ਦਾ ਗੁਰੂ ਹੈ ਅਤੇ ਉਨ੍ਹਾਂ ਦੀ ‘ਵਿਵਹਾਰਿਕ ਸੁਰਤ’ ਹੀ ਉਸ ਸ਼ਬਦ ਗਿਆਨ ਦਾ ਚੇਲਾ ਹੈ। ਜੇਕਰ ਗੱਲ ਸਿਰਫ ਸ਼ਬਦ ਗੁਰੂ ਦੀ ਹੋਂਦ ਤਕ ਹੀ ਅਰਥਪੂਰਣ ਜਾਂ ਮਹਦੂਦ ਹੁੰਦੀ ਤਾਂ ਐਸਾ ‘ਸ਼ਬਦ ਗੁਰੂ’ ਨਾਨਕ ਨੂੰ ਪ੍ਰਾਪਤ ਹੋ ਹੀ ਚੁੱਕਿਆ ਸੀ ਫਿਰ ਉਹ ਘੁੰਮ-ਘੁੰਮ ਕੇ ਲੋਕ ਭਲਾਈ ਅਤੇ ਗ੍ਰਹਿਸਥ ਦੇ ਕੰਮਾਂ ਰਾਹੀਂ ਹੋਰ ਕੀ ਸਿੱਖਣ ਦਾ ਯਤਨ ਕਰ ਰਹੇ ਸੀ? ਬੇਸ਼ੱਕ ਉਹ ਜਾਣਦੇ ਸੀ ਕਿ ਉਨ੍ਹਾਂ ਨੂੰ ਪ੍ਰਾਪਤ ਗਿਆਨ ਸੱਚ ਹੈ ਪਰ ਗਿਆਨ ਸ਼ਬਦ ਇਕ ਵਿਚਾਰ ਮਾਤਰ ਹੋਣ ਦੇ ਨਾਤੇ ਆਪ ਵਿਵਹਾਰ ਨਹੀਂ ਕਰ ਸਕਦਾ। ਇਸ ਲਈ ਨਾਨਕ ਨੇ ਆਪ ਇਕ ਸਿੱਖ ਦੇ ਰੂਪ ਵਿਚ ਸ਼ਬਦ ਗਿਆਨ ਨੂੰ ਆਪਣੇ ਵਿਵਹਾਰ ਰਾਹੀਂ ਇਕ ਵਿਵਹਾਰਕ ਗੁਰੂ ਬਣਾਇਆ ਉਹ ਆਪ ਪਹਿਲੇ ਸਿੱਖ ਬਣੇ।

ਇਥੇ ਇਹ ਗੱਲ ਵੀ ਸਪਸ਼ਟ ਹੁੰਦੀ ਹੈ ਕਿ ਆਪਣੇ ਆਪ ਨੂੰ ਇਕ ਸਿੱਖ ਦੇ ਰੂਪ ਵਿਚ ਐਲਾਨ ਕੇ ਗੁਰੂ ਨਾਨਕ ਨੇ ਦੇਹਧਾਰੀ ਗੁਰੂ ਦੇ ਦਰਸ਼ਨ (concept) ਨਾਲੋਂ ਖੁਦ ਨੂੰ ਦੂਰ ਰਖਿਆ। ਇਸ ਲਈ ਗੁਰੂ ਨਾਨਕ ਦੇਹ ਦੇ ਰੂਪ ਵਿਚ ਗੁਰੂ ਨਹੀਂ ਮੰਨੇ ਗਏ ਬਲਕਿ ਉਨ੍ਹਾਂ ਦੇ ਜਾਂ-ਨਸ਼ੀਨਾਂ ਨੇ ਨਾਨਕ ਦੇ ਗਿਆਨ ਅਤੇ ਨਾਨਕ ਦੇ ਵਿਵਹਾਰ ਦੇ ਜੋੜ ਨੂੰ ਆਪਣਾ ਗੁਰੂ ਮੰਨਿਆ ਅਤੇ ਇਸੇ ਨੂੰ (ਗਿਆਨ-ਵਿਵਹਾਰ) ਕਬੂਲ ਕਰਦੇ ਹੋਏ ਆਪਣੀ ਬਾਣੀ ਵਿਚ ਨਾਨਕ ਸ਼ਬਦ ਦਾ ਬਾਰ-ਬਾਰ ਪ੍ਰਯੋਗ ਕੀਤਾ। ਇਹ ਨਾਨਕ ਸ਼ਬਦ ਕੇਵਲ ਇਕ ‘ਛਾਪ’ ਮਾਤਰ ਨਹੀਂ ਸੀ। ਛਾਪ ਕਿਸੇ ਵੀ ਸੰਧਰਭ ਵਿਚ ਇਕ ਸਤਹੀ ਜਾਂ ਉਪਰੀ ਗਲ ਹੁੰਦੀ ਹੈ। ਪਰ ਨਾਨਕ ‘ਸ਼ਬਦ ਗਿਆਨ’ ਦੀ ਸਤਹ ਉਪਰ ਟਿਕੇ ਰਹਿਣ ਵਾਲੇ ਬੰਦੇ ਦਾ ਨਾਮ ਨਹੀਂ ਸੀ ਬਲਕਿ ਉਹ ਤਾਂ ਸ਼ਬਦ ਗਿਆਨ ਵਿਚ ਗਹਿਰੇ ਉਤਰ ਜਾਣ ਅਤੇ ਉਸਨੂੰ ਅਪਨੇ ਕਿਰਦਾਰ ਵਿਚ ਉਤਾਰ ਲੈਣ ਵਾਲੀ ਸ਼ਖਸੀਅਤ ਦਾ ਨਾਮ ਸੀ।

ਸਾਨੂੰ ਯਾਦ ਰਖਣਾ ਪਵੇਗਾ ਕਿ ਹਰ ਕੋਸ਼ਿਸ਼ ਲਈ ਇਕ ਮਕਸਦ ਦੀ ਲੋੜ ਹੁੰਦੀ ਹੈ ਅਤੇ ਸਮੇਂ ਦੀ ਵੀ। ਅਲਗ-ਅਲਗ ਕੋਸ਼ਿਸ਼ਾਂ ਲਈ ਅਲਗ ਸਮੇਂ ਦੀ ਲੋੜ ਹੁੰਦੀ ਹੈ। ਉਦਾਹਰਣ ਵਜੋਂ ਨਹਾਉਣ ਵਾਸਤੇ ਲਗਭਗ 15 ਮਿੰਟ ਦਾ ਸਮਾਂ ਜ਼ਰੂਰੀ ਹੁੰਦਾ ਹੈ ਪਰ ਕਿਤਾਬ ਲਿਖਣ ਲਈ ਜ਼ਿਆਦਾ ਸਮੇਂ ਦੀ ਜ਼ਰੂਰਤ ਹੁੰਦੀ ਹੈ। ਪਹਾੜ ਦੀ ਚੋਟੀ ਉਤੇ ਚੜਣ ਲਈ ਇਕ ਸੋਟੀ ਜਾਂ ਰਸਿਆਂ ਆਦਿ ਦੀ ਜ਼ਰੂਰਤ ਹੁੰਦੀ ਹੈ ਜਦ ਤਕ ਚੜ੍ਹਨ ਵਾਲਾ ਚੋਟੀ ਤੇ ਪੁਜ ਨਾ ਜਾਏ। ਸਰਬਤ ਅਤੇ ਆਪਣੇ ਜੀਵਨ ਭਲੇ ਦੀ ਮਨਸ਼ਾ ਨਾਲ ਹੋਏ ਇਕ ਸਿੱਖ ਨੂੰ ਸ਼ਬਦ ਗਿਆਨ ਦੀ ਜ਼ਰੂਰਤ ਹੈ। ਪਰ ਇਹ ਜੀਵਨ ਸਮੇਂ ਦਾ (life span) ਵਿਸ਼ਾ ਹੈ। ਸਮੁਚੇ ਸਿੱਖ ਭਾਈਚਾਰੇ ਦੇ ਤੌਰ ਤੇ ਇਹ ਮਾਨਵ ਜੀਵਨ ਦਾ ਵਿਸ਼ੇ (time span of mankind) ਵੀ ਹੈ ਇਸ ਲਈ ਇਸ ਸ਼ਬਦ ਗਿਆਨ ਦਾ ‘ਇਤਿਹਾਸਕ ਪੱਖ’ ਵੀ ਸਮੇਂ ਦੇ ਨਾਲ ਨਾਲ ਚਲਦਾ ਰਹੇਗਾ। ਜਿਸਦਾ ਸਭ ਤੋਂ ਮਹਤਵਪੂਰਣ ਸ਼ੁਰੂਆਤੀ ਨੁਕਤਾ ਜਾਂ ਪੱਖ ਆਪ ਗੁਰੂ ਨਾਨਕ ਹਨ।

ਮੰਨ ਲਈਏ ਕਿ ਜੇਕਰ ਅਜ ਤੋਂ ਪੰਜ ਹਜ਼ਾਰ ਸਾਲ ਬਾਅਦ ਵੀ ਕਿਸੇ ਸਟੇਜ ਤੇ ਜਾਂ ਲੇਖਣ ਵਿਚ ‘ਸ਼ਬਦ ਗਿਆਨ’ ਦੇ ਸਾਹਮਣੇ ਆਉਣ ਅਤੇ ਉਸ ਦੇ ਪ੍ਰਚਾਰ ਦੇ ਇਤਿਹਾਸਕ ਪੱਖ ਦੀ ਗਲ ਹੋਵੇਗੀ ਤਾਂ ਕੀ ਇਹ ਗਲ ਬਿਨਾਂ ਨਾਨਕ ਦੇ ਪੂਰੀ ਹੋਵੇਗੀ? ਬੇਸ਼ੱਕ ਉਤਰ ਹੈ - ਨਹੀਂ। ਇਸੇ ਲਈ ਇਨ੍ਹਾਂ ਤੱਥਾਂ ਦੀ ਰੋਸ਼ਨੀ ਵਿਚ ਹੀ ਸਾਨੂੰ ਸਮਝਣਾ ਪਵੇਗਾ ਕਿ ਪਿਛੇ ਚਰਚਾ ਵਿਚ ਆਏ ਤਿੰਨ ਸ਼ਬਦਾਂ (ਗੁਰੂ, ਬਾਬਾ ਤੇ ਪਾਤਿਸ਼ਾਹ) ਵਿਚੋਂ ਕਿਹੜਾ ਉਹ ਸਭ ਤੋਂ ਮਜ਼ਬੂਤ ਸ਼ਬਦ ਹੋ ਸਕਦਾ ਹੈ ਕਿ ਜਿਹੜਾ ਨਾਨਕ ਅਤੇ ਸਿੱਖਾਂ ਦੇ ਸਬੰਧ ਦਾ ਸਭ ਤੋਂ ਵਾਜਬ ਖੁਲਾਸਾ ਕਰ ਸਕੇ।

ਆਉ ਸਭ ਤੋਂ ਪਹਿਲਾਂ ਅਸੀਂ ‘ਪਾਤਿਸ਼ਾਹ’ ਸ਼ਬਦ ਨੂੰ ਪਰਖੀਏ। ਇਹ ਸ਼ਬਦ ਮੂਲ ਰੂਪ ਵਿਚ ਪਰਸ਼ੀਅਨ (persian) ਭਾਸ਼ਾ ਦਾ ਹੈ ਜਿਸਦਾ ਅਰਥ ਹੈ ਰਾਜਾ, ਮਹਾਨ ਰਾਜਾ ਜਾਂ ਮਹਾਨ। ਬਾਦ ਵਿਚ ਅਗੇ ਚਲਕੇ ਇਹੀ ਸ਼ਬਦ ਬਾਦਸ਼ਾਹ ਬਣਿਆ। ਨਾਨਕ ਨੂੰ ਪਾਤਿਸ਼ਾਹ ਬੁਲਾਉਣ ਵਿਚ ਕੋਈ ਹਰਜ ਨਹੀਂ। ਇਹ ਸਾਡੇ ਆਦਰ ਭਾਵ ਨੂੰ ਦਰਸਾਉਂਦਾ ਹੈ। ਲੇਕਿਨ ਇਸ ਸ਼ਬਦ ਵਿਚ ਕੁਝ ਅਧੂਰਾਪਨ ਜਿਹਾ ਹੈ ਜਿਹੜਾ ਕਿ ਸਿੱਖ ਅਤੇ ਨਾਨਕ ਦੇ ਸਬੰਧ ਨੂੰ ਨਹੀਂ ਦਰਸਾ ਸਕਦਾ। ਖਾਸ ਤੌਰ ਤੇ ਗੈਰ ਸਿੱਖ ਭਾਈ ਜਿਗਆਸੂ ਵਾਸਤੇ। ਉਦਾਹਰਣ ਲਈ ਪਾਤਿਸ਼ਾਹ ਸ਼ਬਦ ਸਬੰਧ ਨਹੀਂ ਬਲਕਿ ਰੁਤਬੇ ਨੂੰ ਜਿਆਦਾ ਦਰਸਾਉਂਦਾ ਹੈ। ਜੇਕਰ ਅਸੀਂ ਇਹ ਬੋਲ ਜਾਂ ਲਿਖ ਦਈਏ ਕਿ ਨਾਨਕ ਪਾਤਿਸ਼ਾਹ ਮਹਾਨ ਸਨ ਤਾਂ ਕਿਸੇ ਪੜ੍ਹਣ ਜਾਂ ਸੁਣਨ ਵਾਲੇ ਨੂੰ ਐਸਾ ਵੀ ਲਗ ਸਕਦਾ ਹੈ ਕਿ ਸ਼ਾਇਦ ਅਸੀਂ ਕਿਸੇ ਨਾਨਕ ਨਾਮ ਦੇ ਬਾਦਸ਼ਾਹ ਦਾ ਜ਼ਿਕਰ ਕਰ ਰਹੇ ਹਾਂ ਅਤੇ ਜੇਕਰ ਜ਼ਿਕਰ ਕਿਸੇ ਬਾਦਸ਼ਾਹ ਦਾ ਮੰਨ ਲਿਆ ਜਾਵੇ ਤਾਂ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਇਹ ਕਿਸੇ ਐਸੇ ਬਾਦਸ਼ਾਹ ਦਾ ਜ਼ਿਕਰ ਹੋ ਰਿਹਾ ਹੈ ਜੋ ਹੁਣ ਅਤੀਤ ਦੀ ਗਲ ਹੈ। ਫਿਰ ਜੇਕਰ ਕੋਈ ਪਾਤਿਸ਼ਾਹ ਨੂੰ ਰਾਜਾ ਹੀ ਸਮਝ ਬੈਠੇ ਤਾਂ ਐਸੇ ਰਾਜਾ ਨਾਲ ਸਾਡਾ (ਸਿੱਖਾਂ ਦਾ) ਸਬੰਧ ਸੁਣਨ ਜਾਂ ਪੜ੍ਹਣ ਵਾਲੇ ਨੂੰ ਸਮਝ ਨਹੀਂ ਆ ਸਕਦਾ ਕਿਉਂਕਿ ਜੇਕਰ ਮੈਂ ਕਿਸੇ ਨੂੰ ਦਸਦਾ ਹਾਂ ਕਿ ਅਕਬਰ ਇਕ ਪਾਤਸ਼ਾਹ (ਬਾਦਸ਼ਾਹ) ਸੀ ਤਾਂ ਇਸ ਸ਼ਬਦ ਰਾਹੀਂ ਮੇਰਾ ਉਸ ਅਕਬਰ ਨਾਲ ਸਬੰਧ ਕਿਤੇ ਨਜ਼ਰ ਨਹੀਂ ਆਉਂਦਾ। ਅਕਬਰ ਅਤੀਤ ਦੀ ਇਕ ਰਾਜਨੀਤਕ ਹਸਤੀ ਸੀ। ਇਥੇ ਅਸੀਂ ਇਕ ਗਲ ਯਾਦ ਰਖੀਏ ਕਿ ਨਾਨਕ ਦਾ ਸਰੀਰਕ ਰੂਪ ਵਿਚ ਜਨਮ ਲੈਣਾ ਅਤੇ ਚਲੇ ਜਾਣਾ ਕੋਈ ਇਤਿਹਾਸਕ ਰਾਜਨੀਤਕ ਹਾਲਾਤਾਂ ਦੀ ਗਲ ਨਹੀਂ ਬਲਕਿ ਇਹ ‘ਸਿੱਖੀ ਦਰਸ਼ਨ’ ਦੇ ਇਤਿਹਾਸ, ਵਰਤਮਾਨ ਅਤੇ ਭਵਿਖ ਦਾ ਵਿਸ਼ਾ ਹੈ। ਇਸ ਲਈ ਇਹ ਸ਼ਬਦ ਪਾਤਿਸ਼ਾਹ ਨਾਨਕ ਦੇ ਰੁਤਬੇ ਨੂੰ ਤਾਂ ਦਰਸਾਉਂਦਾ ਹੈ ਪਰ ਨਾਨਕ ਨਾਲ ਸਾਡੇ ਸਬੰਧ ਨੂੰ ਨਹੀਂ।

ਹੁਣ ਅਸੀਂ ਸ਼ਬਦ ‘ਬਾਬਾ’ ਦੀ ਪੜਚੋਲ ਕਰੀਏ। ਆਮ ਤੌਰ ਤੇ ਇਸ ਸ਼ਬਦ ਦਾ ਅਰਥ ਕਿਸੇ ਬਜ਼ੁਰਗ, ਬੱਚੇ ਜਾਂ ਕਿਸੇ ਜੋਗੀ, ਸੰਤ ਆਦਿ ਦੇ ਰੂਪ ਵਿਚ ਲਿਆ ਜਾਂਦਾ ਹੈ। ਹੁਣ ਜੇਕਰ ਅਸੀਂ ਕਿਸੇ ਨੂੰ ਦਸੀਏ ਕਿ ਨਾਨਕ ਇਕ ਬਾਬਾ ਸਨ ਤਾਂ ਉਹ ਇਸ ‘ਬਾਬਾ’ ਸ਼ਬਦ ਨੂੰ ਕਿਸੇ ਬਜ਼ੁਰਗ ਜਾਂ ਜੋਗੀ ਦੇ ਰੂਪ ਵਿਚ ਲੈ ਸਕਦਾ ਹੈ। ਇਥੇ ਬਾਬਾ ਸ਼ਬਦ ਵੀ ਸਾਡੇ ਅਤੇ ਨਾਨਕ ਦੇ ਸਬੰਧ ਨੂੰ ਦਰਸਾਉਣ ਵਿਚ ਇਕ ਮੁਕੰਮਲ ਸ਼ਬਦ ਸਾਬਤ ਨਹੀਂ ਹੁੰਦਾ। ਅਸੀਂ ਦੇਖ ਸਕਦੇ ਹਾਂ ਕਿ ਪਾਤਿਸ਼ਾਹ ਜਾਂ ਬਾਬਾ ਸ਼ਬਦ ਨਾਨਕ ਦੇ ਸੰਧਰਭ ਵਿਚ ਬੁਰੇ ਤਾਂ ਨਹੀਂ ਪਰ ਥੋੜੇ ਅਧੂਰੇ ਹਨ। ‘ਪਾਤਿਸ਼ਾਹ’ ਜਾਂ ‘ਬਾਬਾ’ ਸ਼ਬਦਾਂ ਵਿਚ ਉਹ ਮਹਤਵ ਨਹੀਂ ਜੋ ‘ਗੁਰੂ’ ਸ਼ਬਦ ਵਿਚ ਸਮਝ ਆਉਂਦਾ ਹੈ।

ਹੁਣ ਅਸੀਂ ਗਲ ਕਰਾਂਗੇ ‘ਗੁਰੂ’ ਸ਼ਬਦ ਦੀ। ਇਸ ਸ਼ਬਦ ਦੀ ਪੜਚੋਲ ਤੋਂ ਪਹਿਲਾਂ ਸਾਨੂੰ ਗੁਰਮਤਿ ਦੇ ਸਿਧਾਂਤ ਅਤੇ ਸਿਧਾਂਤਕ ਪੱਖ ਨਾਲ ਜੁੜੇ ਇਤਿਹਾਸਕ ਪੱਖਾਂ ਨੂੰ ਲਾਜ਼ਮੀ ਤੌਰ ਤੇ ਧਿਆਨ ਵਿਚ ਰਖਣਾ ਪਵੇਗਾ ਪਹਿਲਾਂ ਸ਼ਬਦ ਗੁਰੂ ਦਾ ਸਿਧਾਂਤਕ ਪੱਖ : ਨਾਨਕ ਨੇ ਸ਼ਬਦ ਨੂੰ ਆਪਣਾ ਗੁਰੂ ਤਸਲੀਮ ਕੀਤਾ। ਨਾਨਕ ਦਾ ਇਹ ਕਬੂਲਨਾਮਾ ਖੁਦ ਨਾਨਕ ਨੂੰ ਇਕ ਪਹਿਲੇ ਸਿੱਖ ਦੇ ਰੂਪ ਵਿਚ ਸਥਾਪਿਤ ਕਰਦਾ ਹੈ। ਸ਼ਬਦ ਗੁਰੂ ਦੀ ਵਰਤੋਂ ਜਿਸ ਢੰਗ ਨਾਲ ਨਾਨਕ ਨੇ ਕੀਤੀ ਉਸ ਤੋਂ ਪਤਾ ਚਲਦਾ ਹੈ ਕਿ ਨਾਨਕ ਨੇ ਪਰਮਾਤਮਾ ਦੁਆਰਾ ਬਖਸ਼ੀ ਵਿਚਾਰ ਸ਼ਕਤੀ ਵਿਚ ਉਤਰੇ ਰਬੀ ਅਤੇ ਸਚੇ ਗਿਆਨ ਨੂੰ ਸ਼ਬਦ ਕਿਹਾ ਅਤੇ ਖੁਦ ਨੂੰ ਇਸ ਗਿਆਨ ਦਾ ਚੇਲਾ ਮੰਨਿਆ। ਕਿਉਂਕਿ ਉਹ ਜਾਣਦੇ ਸੀ ਕਿ ਮਨੁੱਖ ਅਤੇ ਮਨੁੱਖ ਦੇ ਵਿਚ ਵਿਚਾਰ-ਵਟਾਂਦਰਾ ਸ਼ਬਦਾਂ ਰਾਹੀਂ ਹੀ ਹੋ ਸਕਦਾ ਹੈ। ਇਸ ਲਈ ਉਨ੍ਹਾਂ ਨੇ ਦੇਹ ਨੂੰ ਨਕਾਰਦੇ ਹੋਏ ਆਪਣੇ ਵਿਚਾਰਾਂ ਨੂੰ ਹੀ ਆਪਣਾ ਗੁਰੂ ਮੰਨਿਆ। ਇਹ ਰੱਬੀ ਗਿਆਨ ਨਾਲ ਭਰੇ ਉਹ ਵਿਚਾਰ ਸਨ ਜਿਨ੍ਹਾਂ ਨੂੰ ਸ਼ਬਦਾਂ ਦੀ ਵਰਤੋਂ ਰਾਹੀਂ ਹੀ ਬੋਲਿਆ ਜਾਂ ਲਿਖਿਆ ਜਾ ਸਕਦਾ ਸੀ। ਕਿਉਂਕਿ ਗਿਆਨ ਸੱਚ ਤਾਂ ਹੋ ਸਕਦਾ ਹੈ ਪਰ ਆਚਾਰੀ ਕਦੇ ਨਹੀਂ। ਇਸੇ ਲਈ ਨਾਨਕ ਨੇ ਇਕ ਵਿਲਖਣ ਅਧਿਆਤਮ ਦੀ ਨੀਂਹ ਰਖੀ ਅਤੇ ਐਲਾਨ ਕੀਤਾ :-

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ।।

ਇਸ ਅਧਿਆਤਮ ਵਿਚ ਨਾਨਕ ਨੇ ‘ਸੱਚ’ (ਗਿਆਨ) ਨੂੰ ਮਹਾਨ ਤਾਂ ਮੰਨਿਆ ਪਰ ਨਾਲ ਹੀ ਉਸ ਸਚੇ ਗਿਆਨ ਵਿਚ ‘ਆਚਾਰ’ (ਵਿਵਹਾਰ) ਨੂੰ ਜੋੜ ਕੇ ਉਸ ਨੂੰ ਵਿਵਹਾਰਕ ਸ਼ਬਦ ਗਿਆਨ ਬਣਾ ਦਿਤਾ। ਸ਼ਬਦ ਗਿਆਨ ਦਾ ਇਹੀ ਰੂਪ ਉਨ੍ਹਾਂ ਦਾ ਗੁਰੂ ਸੀ। ਇਸ ਵਿਚ ਗੁਰੂ-ਚੇਲੇ ਦੇ ਆਪਸੀ ਸਬੰਧ ਅਤੇ ਉਨ੍ਹਾਂ ਦੀ ਵਿਵਹਾਰਿਕ ਹੋਂਦ ਦਾ ਸਿਧਾਂਤ ਸੀ। ਇਹ ਗੁਰੂ ਅਤੇ ਸਿੱਖ ਦੀ ਨਵੀਂ ਪਰਿਭਾਸ਼ਾ ਸੀ।

ਹੁਣ ਸ਼ਬਦ ਗੁਰੂ ਹੈ ਇਸ ਵਿਚ ਕੋਈ ਸ਼ੱਕ ਨਹੀਂ ਅਤੇ ਇਹ ਸ਼ਬਦ ਗਿਆਨ ਮਨੁੱਖਾ ਜਾਤੀ ਦੀ ਅਣਹੋਂਦ ਦੇ ਸੰਧਰਭ ਵਿਚ ਆਪ ਹੀ ਵਿਵਹਾਰ ਨਹੀਂ ਕਰ ਸਕਦਾ ਇਸ ਵਿਚ ਵੀ ਕੋਈ ਸ਼ੱਕ ਨਹੀਂ। ਇਸ ਹਾਲਤ ਵਿਚ ਸਾਨੂੰ ਇਕ ਵਾਰੀ ਫਿਰ ਸ਼ਬਦ ਗੁਰੂ ਦੇ ਤਾਰੀਖੀ ਪੱਖ ਵਲ ਮੁੜਨਾ ਪਵੇਗਾ ਕਿਉਂਕਿ ਇਹ ਪੱਖ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਜਿਸ ਤਰ੍ਹਾਂ ਅਸੀਂ ਨਾਨਕ ਅਤੇ ਸਿੱਧਾਂ ਵਿਚਕਾਰ ਹੋਈ ਪੰਜ ਸੌ ਸਾਲ ਤੋਂ ਵਧ ਪੁਰਾਣੀ ਵਿਚਾਰਕ ਗੋਸ਼ਟੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਸ ਦਾ ਤਾਰੀਖੀ ਪੱਖ ਲਾਜ਼ਮੀ ਤੌਰ ਤੇ ਦਸਣਾ ਜਾਂ ਸਮਝਣਾ ਪੈਂਦਾ ਹੈ। ਸਿੱਖੀ ਦੀ ਗੱਲ ਅੱਜ ਹੋਵੇ ਜਾਂ ਹਜ਼ਾਰਾਂ ਸਾਲ ਬਾਅਦ ਇਹ ਗੱਲ ਬਿਨਾਂ ਇਸ ਦੇ ਤਾਰੀਖੀ ਪੱਖ ਤੋਂ ਪੂਰੀ ਨਹੀਂ ਹੁੰਦੀ ਅਤੇ ਨਾ ਹੀ ਹੋਵੇਗੀ।
ਅਸੀਂ ਖੁਦ ਤੋਂ ਇਕ ਸਵਾਲ ਕਰੀਏ - ਕੀ ਅਸੀਂ ਸਿੱਖਾਂ (ਨਾਨਕ ਦੇ ਸਮਕਾਲੀ ਸਿੱਖਾਂ ਸਮੇਤ ਅਜ ਤਕ) ਨੇ ਨਾਨਕ ਤੋਂ ਕੁਝ ਨਹੀਂ ਸਿਖਿਆ? ਹੁਣ ਅਸੀਂ ਜੇਕਰ ਆਪਣੇ ਤਰਕਸ਼ੀਲ ਵਿਵੇਕ ਨਾਲ ਇਸ ਦਾ ਜਵਾਬ ਲਭੀਏ ਤਾਂ ਸਾਡਾ ਆਪਣਾ ਵਿਵੇਕ ਜਵਾਬ ਦੇਵੇਗਾ ਕਿ ਹਾਂ ਅਸਾਂ ਨਾਨਕ ਤੋਂ ਬਹੁਤ ਕੁਝ ਸਿਖਿਆ ਹੈ।

ਦਰਅਸਲ ਦੇਹ ਮਾਤਰ ਨੂੰ ਗੁਰੂ ਮੰਨਣ ਵਾਲਿਆਂ ਦਾ ਗੁਰੂ ਨਾਨਕ ਨਹੀਂ ਹੋ ਸਕਦਾ। ਪਰ ਸ਼ਬਦ ਗਿਆਨ ਨੂੰ ਗੁਰੂ ਮੰਨਣ ਵਾਲਿਆਂ ਦਾ ਗੁਰੂ ਨਾਨਕ ਹੀ ਹੋ ਸਕਦਾ ਹੈ। ਅਗਰ ਅੱਜ ਅਸੀਂ ਸ਼ਬਦ ਗੁਰੂ ਦੇ ਸਿੱਖ ਹਾਂ ਤਾਂ ਸਾਨੂੰ ਐਸਾ ਹੋਣ ਦਾ ਨਿਰਦੇਸ਼ ਕਿਸ ਨੇ ਦਿਤਾ? ਨਿਰਸੰਦੇਹ ਸਾਨੂੰ ਇਸ ਦੀ ਮਤ ਗੁਰੂ ਨਾਨਕ ਨੇ ਹੀ ਦਿੱਤੀ ਅਤੇ ਇਸੇ ਮਤ ਦੀ ਪਾਲਣਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕੀਤੀ ਅਤੇ ਨਾਨਕ ਦੇ ਮਤ ਨੂੰ ਦੁਹਰਾਉਦਆਂ ਐਲਾਨ ਕੀਤਾ ਕਿ ਸਿੱਖਾਂ ਦਾ ਗੁਰੂ ਕੇਵਲ ‘ਸ਼ਬਦ’ ਹੋਵੇਗਾ ਅਤੇ ਇਸ ਸ਼ਬਦ ਰੂਪੀ ਗਿਆਨ ਨੂੰ ਵਿਹਾਰਿਕ ਅਰਥ ਦੇਣ ਵਾਸਤੇ ਉਨ੍ਹਾਂ ਨੇ ਇਸ ਦਾ ਜ਼ਿੱਮਾਂ ਸਿੱਖਾਂ ਉਤੇ ਪਾ ਦਿਤਾ। ਆਖਿਰ ਇਸ ਸ਼ਬਦ ਗੁਰੂ ਦੀ ਸਿਖਿਆ ਦਾ ਮਕਸਦ ਵੀ ਤਾਂ ਮਨੁਖਤਾ ਦੇ ਵਿਵਹਾਰ ਵਿਚ ਉਤਰ ਕੇ ਉਸ ਨੂੰ ਬਦਲਣਾ ਹੀ ਸੀ ਤਾਂ ਕਿ ਮਨੁੱਖ ਆਪਣੇ ਅਤੇ ਮਨੁਖਾ ਭਾਈਚਾਰੇ ਦੇ ਭਲੇ ਦੀ ਕੋਸ਼ਿਸ਼ ਵਿਚ ਆਪਣਾ ਕਿਰਦਾਰ ਨਿਭਾ ਸਕੇ।

ਅੱਜ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਤੇ ਉਨ੍ਹਾਂ ਦਾ ਇਹ ਗੁਰੂ ਸਵਰੂਪ ਸ਼ਬਦਾਂ ਰਾਹੀਂ ਦਸਿਆ ਹੋਇਆ ਗਿਆਨ ਹੈ ਨਾ ਕਿ ਉਨ੍ਹਾਂ ਦਾ ਪੁਸਤਕ ਸਵਰੂਪ। ਠੀਕ ਇਹੀ ਗੱਲ ਗੁਰੂ ਨਾਨਕ ਦੇ ਵਿਸ਼ੇ ਵਿਚ ਵੀ ਲਾਗੂ ਹੁੰਦੀ ਹੈ ਕਿ ਗੁਰੂ ਨਾਨਕ ਸਾਡੇ ਗੁਰ ਸਨ ਕਿਉਂਕਿ ਉਨ੍ਹਾਂ ਵਿਚ ਹੀ ਰੱਬੀ ਗਿਆਨ ਦੇ ਚਸ਼ਮੇ ਫੁੱਟੇ ਸਨ ਜਿਨ੍ਹਾਂ ਨੂੰ ਸ਼ਬਦਾਂ ਦੀ ਵਰਤੋਂ ਰਾਹੀਂ ਉਨ੍ਹਾਂ ਨੇ ਮਨੁੱਖਤਾ ਦੇ ਸਾਹਮਣੇ ਰਖਿਆ ਅਤੇ ਉਸ ਵਿਚ ਆਪਣੀ ਜੀਵਨ-ਸ਼ੈਲੀ ਨੂੰ ਜੋੜ ਸਚਿਆਰਾ ਹੋ ਕੇ ਗਿਆਨ ਦੇ ਇਸ ਮੁਕੰਮਲ ਰੂਪ ਨੂੰ ਸੰਸਾਰ ਵਿਚ ਫੈਲਾਉਣ ਦੀ ਪਹਿਲੀ ਮਿਸਾਲ ਬਣੇ।

ਗੁਰੂ ਨਾਨਕ ਸ਼ਰੀਰ ਦੇ ਰੂਪ ਵਿਚ ਹੁਣ ਇਤਿਹਾਸ ਦੀ ਗਲ ਹੈ ਪਰ ਬਿਨਾਂ ਸ਼ੱਕ ਅਸੀਂ ਕਹਿ ਸਕਦੇ ਹਾਂ ਕਿ ਨਾਨਕ ਸਾਡੇ ਗੁਰੂ ਸਨ। ਵਰਤਮਾਨ ਸੰਧਰਭ ਵਿਚ ਨਾਨਕ ਗੁਰੂ ਨਹੀਂ ਹਨ ਪਰ ਇਤਿਹਾਸਕ ਸੰਧਰਭ ਵਿਚ ਉਹ ਹਮੇਸ਼ਾ ਇਕ ਗੁਰੂ ਦੇ ਰੂਪ ਵਿਚ ਹੀ ਯਾਦ ਕੀਤੇ ਜਾਂਦੇ ਰਹਿਣਗੇ। ਸ਼ਬਦ ਗਿਆਨ ਵਿਚ ਆਪਣੇ ਵਿਵਹਾਰ ਨੂੰ ਜੋੜਣ ਦੇ ਕਾਰਨ ਨਾ ਕਿ ਮਾਤਰ ਇਕ ਮਨੁੱਖਾ ਸਰੀਰ ਹੋਣ ਦੇ ਕਾਰਣ। ਸਹਿਜ ਦੀ ਅਵਸਥਾ ਜਿਸ ਵਿਚ ਗੁਰੂ ਨਾਨਕ ਪਹੂੰਚੇ ਸੀ ਉਹ ਇਕ ਪਰਮਾਤਮਾ ਦੇ ਰੰਗ (ਪਰਮਾਤਮਾ ਦੇ ਗੁਣ) ਵਿਚ ਰੰਗੀ ਹੋਈ ਅਵਸਥਾ ਸੀ ਅਤੇ ਜਦ ਉਨ੍ਹਾਂ ਦੇ ਜਾਂਨਸ਼ੀਨਾਂ ਨੇ ਨਾਨਕ ਨੂੰ ਪਰਮਾਤਮਾ ਦੇ ਰੰਗ ਵਿਚ ਰੰਗਿਆ ਹੋੲਆ ਦੇਖੇਆ ਤਾਂ ਉਨ੍ਹਾਂ ਲਈ ਨਾਨਕ ਸਤਿਗੁਰੂ (ਪਰਮਾਤਮਾ) ਸਮਾਨ ਹੀ ਗੁਰੂ ਹੋ ਗਏ। ਗੁਰੂ ਨਾਨਕ ਦੀ ਸਤਿਗੁਰੂ (ਪਰਮਾਤਮਾ) ਦੇ ਨਾਲ ਸ਼ਬਦ ਰੂਪੀ ਤੁਲਨਾ ਕੇਵਲ ਗੁਰੂ ਦੀ ਗੁਰਤਾ ਦੇ ਗੁਣਾਂ ਦੇ ਅਧਾਰ ਤੇ ਹੈ।

ਮੌਜੂਦਾ ਸਿੱਖ ਪਰੰਪਰਾ ਵਿਚ ਇਹੀ ਨਾਨਕ ਦਾ ਵਾਜਬ ਸਥਾਨ ਹੈ। ਇਹੀ ਵਾਸਤਵਕ ਨਨਕਾਣਾ ਹੈ ਜਿਸ ਨਾਲ ਸਾਡੇ ਮਨੋਭਾਵ ਅਤੇ ਸੰਵੇਦਨਾਵਾਂ ਜੁੜਿਆਂ ਹਨ। ਉਨ੍ਹਾਂ ਦੀ ਹੀ ਪ੍ਰੇਰਣਾ ਅਤੇ ਮਾਰਗ ਦਰਸ਼ਨ ਦੇ ਸਦਕੇ ਅਜ ਸ਼ਬਦ ਗਿਆਨ (ਸ਼ਬਦਾਂ ਦੀ ਵਰਤੋਂ ਰਾਹੀਂ ਸਮਝਾਇਆ ਗਿਆ ਰੱਬੀ ਗਿਆਨ) ਸਾਡਾ ਗੁਰੂ ਹੈ ਜਿਸ ਵਿਚ ਅਤੇ ਜਿਸ ਦੇ ਅਨੁਸਾਰ ਅਸੀਂ ਆਪਣੇ ਵਿਵਹਾਰ ਨੂੰ ਜੋੜ ਕੇ ਉਸਨੂੰ ਗੁਰੂ ਬਣਾਏ ਰਖਣਾ ਹੈ। ਇਹੀ ਗੁਰੂ ਨਾਨਕ ਘਰ ਦੀ ਨਸੀਹਤ ਸੀ ਅਤੇ ਵਸੀਅਤ ਵੀ।

ਬਾਕੀ ਨਾਨਕ ਦੀ ਦੇਹ ਮਾਤਰ ਨੂੰ ਗੁਰੂ ਮੰਨਣ ਵਾਲਿਆਂ ਦੇ ਸਬੰਧ ਵਿਚ ਅਸੀਂ ਗੁਰੂ ਦੇ ਇਨ੍ਹਾਂ ਬਚਨਾਂ ਦੀ ਰੋਸ਼ਨੀ ਵਿਚ ਇਹੀ ਕਹਿ ਸਕਦੇ ਹਾਂ :-

ਕਬੀਰ ਸਾਚਾ ਸਤਿਗੁਰ ਕਿਆ ਕਰੈ ਜਉ ਸਿਖਾ ਮਹਿ ਚੂਕਿ।।