Subscription About Us Contact Us


ਸਿੱਖ ਕੌਮ ਦਾ ਇੱਕੀਵੀਂ ਸਦੀ ਦਾ ਡੋਗਰਾ: ਜੋਗਿੰਦਰ ਸਿੰਘ ਸਪੋਕਸਮੈਨ

- ਸਰਬਜੀਤ ਸਿੰਘ -

ਸਿੱਖ ਕੌਮ ਦੀ ਮੌਜੂਦਾ ਦਸ਼ਾ ਅਤੇ ਇਸ ਦੇ ਭਵਿੱਖ ਬਾਰੇ ਸੋਚਣ ਦੀ ਖੇਚਲ ਕਰਨ ਵਾਲਾ ਹਰ ਵਿਅਕਤੀ ਅੱਜ ਇਹ ਇਕਬਾਲ ਕਰਦਾ ਹੈ ਕਿ ਸਿੱਖੀ ਨੂੰ ਬ੍ਰਾਹਮਣਵਾਦ ਰੂਪੀ ਅਜਗਰ ਦੇ ਮੂੰਹ ’ਚੋਂ ਜਾਣ ਤੋਂ ਬਚਾਉਣ ਲਈ ਸਮੂਹ ਪ੍ਰਚਾਰਕਾਂ ਤੇ ਵਿਦਵਾਨਾਂ ਵੱਲੋਂ ਮਿਲ ਕੇ ਇਕ ‘ਬੌਧਿਕ ਲੜਾਈ’ ਲੜੇ ਜਾਣ ਦੀ ਭਾਰੀ ਲੋੜ ਹੈ। ਇਸ ਵਿੱਚ ਕੋਈ ਸ਼ੱਕ ਵੀ ਨਹੀਂ ਪਰ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਲੜਾਈ ਲੜਨ ਤੋਂ ਪਹਿਲਾਂ ਨਾ ਸਿਰਫ਼ ਲੜਾਈ ਦੇ ਟੀਚੇ ਚੰਗੀ ਤਰ੍ਹਾਂ ਅਤੇ ਸਪਸ਼ਟਤਾ ਨਾਲ ਮਿੱਥ ਲੈਣੇ ਚਾਹੀਦੇ ਹਨ ਬਲਕਿ ਇਹ ਵੀ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਕੋਈ ਡੋਗਰਾ (ਗੱਦਾਰ, ਕੋਈ ਖ਼ਾਸ ‘ਜਾਤ’ ਜਾਂ ਵਰਗ ਨਹੀਂ) ਸ਼ਾਮਲ ਹੋ ਕੇ ਮੋਹਰੀ ਨਾ ਬਣ ਜਾਏ। ਕਿਉਂਕਿ ਸਿੱਖਾਂ ਦੇ ਸਾਰੇ ਮੋਰਚੇ ਅਤੇ ਸੰਘਰਸ਼ ਟੀਚਿਆਂ ਦੀ ਅਸਪਸ਼ਟਤਾ ਅਤੇ ਗੱਦਾਰਾਂ ਦੀ ਸਰਗਰਮੀਆਂ ਕਾਰਨ ਹੀ ਫੇਲ੍ਹ ਹੋਈਆਂ ਹਨ।

ਮਿਸਾਲ ਵਜੋਂ, ਅੰਗਰੇਜ਼ਾਂ ਨਾਲ ਲੜਾਈ ਸਮੇਂ ਸਿੱਖਾਂ ਨੇ ਡੋਗਰੇ ਜਰਨੈਲਾਂ ਨੂੰ ਵੀ ਅਹਿਮ ਮੋਰਚੇ ਸੌਂਪ ਦਿੱਤੇ, ਜਿਨ੍ਹਾਂ ਨੇ ਐਨ ਮੌਕੇ ਸਿੱਖਾਂ ਦੇ ਬਾਰੂਦ ਵਿੱਚ ਸਰ੍ਹੋਂ ਦੀ ਮਿਲਾਵਟ ਕਰਕੇ ਸਿੱਖ ਫੌਜ ਦੀ ਹਮਲਾਵਰ ਤਾਕਤ ਹੀ ਖ਼ਤਮ ਕਰ ਦਿੱਤੀ ਅਤੇ ਉਹ ਅੰਗਰੇਜ਼ਾਂ ਕੋਲੋਂ ਹਾਰ ਗਏ। ਗੁਰਦੁਆਰਾ ਅਜ਼ਾਦੀ ਲਹਿਰ ਮੁਹਿੰਮ ਦੌਰਾਨ ਵੀ ਕੁਝ ਚਲਾਕ ਕਿਸਮ ਦੇ ਲੋਕ ਵੀ ਸਰਗਰਮ ਹੋ ਗਏ ਅਤੇ ਉਨ੍ਹਾਂ ਨੂੰ ਇਸ ਨਿਰੋਲ ਧਾਰਮਕ ਲਹਿਰ ਨੂੰ ਸਿਆਸੀ ਰੂਪ ਦੇ ਕੇ ਖ਼ੁਦ ਤਾਂ ਨਿਜੀ ਲਾਭ ਖੱਟ ਲਿਆ ਪਰ ਅੰਗਰੇਜ਼ਾਂ ਤੇ ਸਿੱਖਾਂ ਦਰਮਿਆਨ ਬੇਲੋੜੀ ਕੁੜੱਤਣ ਪੈਦਾ ਕਰ ਦਿੱਤੀ, ਜਿਸਨੇ ਸਿੱਖਾਂ ਦਾ ਅਥਾਹ ਆਰਥਕ, ਸਿਆਸੀ, ਸਮਾਜਕ ਤੇ ਧਾਰਮਕ ਨੁਕਸਾਨ ਕੀਤਾ। ਇਨ੍ਹਾਂ ਹੀ ਚਲਾਕ ਲੋਕਾਂ ਨੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਨਿਯੁਕਤੀ ਲਈ ਸਰਕਾਰ ਦੇ ਰਹਿਮੋ-ਕਰਮ ’ਤੇ ਅਧਾਰਿਤ ਚੋਣ ਪ੍ਰਣਾਲੀ ਸਥਾਪਿਤ ਕਰਵਾ ਦਿੱਤੀ ਜਿਸ ਨਾਲ ਸਥਾਨਕ ਗੁਰਦੁਆਰਿਆਂ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਤੱਕ, ਗੁਰਮਤਿ-ਵਿਰੋਧੀ ਵਿਚਾਰਧਾਰਾ ਨੂੰ ਸਮਰਪਿਤ ਬਹੁਤ ਸਾਰੇ ਬ੍ਰਾਹਮਣਵਾਦੀ ਤੇ ਡੇਰੇਦਾਰ ਏਜੰਟ ਕਾਬਿਜ਼ ਹੋ ਗਏ ਹਨ।। ਅਜਿਹੇ ਪ੍ਰਬੰਧਕਾਂ ਕਾਰਨ ਹੀ ਅੱਜ ਗੁਰਦੁਆਰਿਆਂ ਵਿੱਚ ਸਿੱਖ ਕੌਮ ਦੇ ਵਰਤਮਾਨ ਤੇ ਭਵਿੱਖ ਨਾਲ ਸਬੰਧਿਤ ਮੁੱਦਿਆਂ ’ਤੇ ਕੋਈ ਚਰਚਾ ਨਹੀਂ ਹੋਣ ਦਿੱਤੀ ਜਾਂਦੀ ਤੇ ਸਿੱਖਾਂ ਨੂੰ ਸਿਰਫ਼ ਢੋਲਕੀਆਂਛੈਣਿਆਂ ਦੀ ਗੂੰਜ ਅਤੇ ਵਾਹਿਗੁਰੂ-ਵਾਹਿਗੁਰੂ ਦੇ ਰਟਨ ਤੱਕ ਸੀਮਤ ਕਰ ਦਿੱਤਾ ਗਿਆ ਹੈ।

ਇਹ ਵੀ ਗੌਰਤਲਬ ਹੈ ਕਿ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਕਈ ਸੰਸਥਾਵਾਂ ਸਥਾਪਿਤ ਤਾਂ ਇਸੇ ਐਲਾਨ ਨਾਲ ਕੀਤੀਆਂ ਗਈਆਂ ਸਨ ਕਿ ਇਹ ਸਿੱਖ ਵਿਚਾਰਧਾਰਾ ਦਾ ਪ੍ਰਚਾਰ ਕਰਨਗੀਆਂ ਅਤੇ ਸਿੱਖ ਕੌਮ ਦੇ ਸਮਾਜਕ-ਸਿਆਸੀ ਹਿੱਤਾਂ ਦੀ ਰਾਖੀ ਕਰਨਗੀਆਂ। ਪਰ ਮੌਜੂਦਾ ਸਮੇਂ ਵਿੱਚ ਹੋ ਬਿਲਕੁਲ ਇਸਦੇ ਉਲਟ ਰਿਹਾ ਹੈ। ਇਨ੍ਹਾਂ ਸੰਸਥਾਵਾਂ ਦੇ ਆਗੂ ਅਤੇ ਅਹੁਦੇਦਾਰ, ਭਾਰਤ ਦੀਆਂ ਮੁੱਖ ਸਿਆਸੀ ਪਾਰਟੀਆਂ ਨਾਲ ਗਠਜੋੜ (ਗੱਦਾਰੀ ਦਾ ਐਗ੍ਰੀਮੈਂਟ) ਕਰਕੇ ਨਿਜੀ ਲਾਭ ਤਾਂ ਬੇਅੰਤ ਕਮਾ ਰਹੇ ਹਨ ਪਰ ਸਿੱਖਾਂ ਦੇ ਹਿੱਤਾਂ ਦੀ ਗੱਲ ਕਰਨਾ ਤਾਂ ਦੂਰ, ਸਿੱਖਾਂ ਨੂੰ ਹਰ ਸੰਭਵ ਨੁਕਸਾਨ ਪੁਚਾ ਰਹੇ ਹਨ। ਡੇਰਾ ਸੱਚਾ ਸੌਦਾ ਵਿਵਾਦ, ਡੇਰਾ ਬੱਲਾਂ ਦੇ ਗੁੰਡਿਆਂ ਦੀ ਬੁਰਛਾਗਰਦੀ ਅਤੇ ਪਿਛਲੇ ਦਿਨੀਂ ਲੁਧਿਆਣਾ ਵਿੱਚ ਆਸ਼ੂਤੋਸ਼ ਦਾ ਸਮਾਗਮ ਕਰਵਾਉਣ ਲਈ ਸਿੱਖਾਂ ’ਤੇ ਚਲਵਾਈਆਂ ਗਈਆਂ ਗੋਲੀਆਂ, ਇਸੇ ਨੀਤੀ ਦੀਆਂ ਕੁਝ ਪ੍ਰਤੱਖ ਮਿਸਾਲਾਂ ਹਨ।

ਪਰ ਪੜ੍ਹੇ-ਲਿਖੇ ਸਿੱਖਾਂ ਨੂੰ ਹੁਣ ਇਨ੍ਹਾਂ ਸੰਗਠਨਾਂ ਤੇ ਆਗੂਆਂ ਦੀਆਂ ਕਰਤੂਤਾਂ ਦੀ ਕਾਫੀ ਸਮਝ ਆਉਣ ਲੱਗ ਪਈ ਹੈ। ਇਸਲਈ ਮੌਜੂਦਾ ਸਮੇਂ ਵਿੱਚ ਥੋੜੇ ਜਿਹੇ ਜਾਗ੍ਰਿਤ ਹੋਏ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਇਕ ਨਵੇਂ ਡੋਗਰੇ ਦਾ ਸਹਾਰਾ ਲਿਆ ਜਾ ਰਿਹਾ ਹੈ। ਜੋਗਿੰਦਰ ਸਿੰਘ ਨਾਮ ਦਾ ਇਹ ਡੋਗਰਾ ਆਪਣੀ ਅਖ਼ਬਾਰ ਰੋਜ਼ਾਨਾ ਸਪੋਕਸਮੈਨ ਰਾਹੀਂ ਸਿੱਖਾਂ ਨੂੰ ਹਰ ਮਸਲੇ ’ਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਬੇਲੋੜੇ ਵਿਵਾਦ ਖੜੇ ਕਰਕੇ ਸਿੱਖਾਂ ਦਾ ਧਿਆਨ ਆਪਣੇ ਅਸਲ ਦੁਸ਼ਮਣ - ਬ੍ਰਾਹਮਣਵਾਦ - ਤੋਂ ਪਾਸੇ ਹਟਾ ਰਿਹਾ ਹੈ। ਜਜ਼ਬਾਤੀ ਸਿੱਖਾਂ ਤੋਂ ਕਰੋੜਾਂ ਰੁਪਏ ਪ੍ਰਾਪਤ ਕਰਕੇ ਆਪਣੀ ਅਖ਼ਬਾਰ ਸਥਾਪਿਤ ਕਰਨ ਵਾਲਾ ਇਹ ਵਿਅਕਤੀ ਠੀਕ ਉਸੇ ਤਰ੍ਹਾਂ ਸਿੱਖਾਂ ਦੀਆਂ ਜੜ੍ਹਾਂ ਵਿੱਚ ਤੇਲ ਪਾ ਰਿਹਾ ਹੈ, ਜਿਸ ਤਰ੍ਹਾਂ 1999 ਵਿੱਚ ਆਰ.ਐਸ.ਐਸ. ਨੇ ਤ੍ਰੈ-ਸ਼ਤਾਬਦੀ ਸਮਾਗਮ ਮਨਾਉਣ ਲਈ ਵਾਜਪਾਈ ਸਰਕਾਰ ਵੱਲੋਂ ਬਾਦਲ ਸਰਕਾਰ ਨੂੰ ਦਿੱਤੇ ਗਏ 100 ਕਰੋੜ ਰੁਪਏ ਵਿੱਚੋਂ ਪ੍ਰਾਪਤ ਅੱਧੀ ਰਕਮ ਨਾਲ ਸਾਰੇ ਪੰਜਾਬ ਵਿੱਚ ਬ੍ਰਾਹਮਣਵਾਦ ਦਾ ਰੱਜ ਕੇ ਪ੍ਰਚਾਰ ਕੀਤਾ ਸੀ। ਯਾਨੀ ਉਸ ਵੇਲੇ ਆਰ.ਐਸ.ਐਸ. ਨੇ ਸਿੱਖਾਂ ਦਾ ਪੈਸਾ, ਸਿੱਖਾਂ ਦੇ ਹੀ ਖਿਲਾਫ਼ ਵਰਤਿਆ ਤੇ ਹੁਣ ਜੋਗਿੰਦਰ ਸਿੰਘ ਵੀ ਇਹੀ ਕੁਝ ਕਰ ਰਿਹਾ ਹੈ।

ਕਦੇ ਉਹ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਤੋਂ ਬਾਅਦ ਕਿਸੇ ਹੋਰ ਵਿਅਕਤੀ ਨੂੰ ਗੁਰਗੱਦੀ ਨਹੀਂ ਦਿੱਤੀ ਸੀ ਕਿਉਂਕਿ ਉਹ ਗੱਦੀ ਪਰੰਪਰਾ ਨਹੀਂ ਚਲਾਉਣਾ ਚਾਹੁੰਦੇ ਸਨ। ਕਦੇ ਉਹ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਬਲਕਿ ਖ਼ਾਲਸਾ ਪੰਥ ਨੂੰ ਦਿੱਤੀ ਸੀ। ਕਦੇ ਉਹ ਬਚਿੱਤਰ ਨਾਟਕ ਗ੍ਰੰਥ ਖਿਲਾਫ਼ ਜਾਗ੍ਰਿਤੀ ਲਿਆ ਰਹੇ ਪ੍ਰਚਾਰਕ ਪ੍ਰੋ: ਦਰਸ਼ਨ ਸਿੰਘ ਖਿਲਾਫ਼ ‘ਲੇਲੇ ਤੇ ਭੇੜੀਏ’ ਵਾਲੀ ਕਹਾਣੀ ਵਾਂਗ, ਅਤਿ ਕੱਚੇ ਬਹਾਣਿਆਂ ਦੇ ਅਧਾਰ ’ਤੇ ਦੂਸ਼ਣਬਾਜ਼ੀ ਅਰੰਭ ਕਰ ਦਿੰਦਾ ਹੈ। ਪਰ ਮੌਜੂਦਾ ਸਮੇਂ ਵਿੱਚ ਤਾਂ ਉਸਨੇ ਇਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਜਿਸ ਸਰੂਪ ਤੋਂ ਅਧਿਆਤਮਕ ਸੇਧ ਲੈ ਰਹੇ ਹਨ, ਉਹ ਵੀ ‘ਮਿਲਾਵਟੀ’ ਹੈ ਅਤੇ ਇਸ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ।

21ਵੀਂ ਸਦੀ ਦੇ ਇਸ ਡੋਗਰੇ ਦੀਆਂ ਉਕਤ ਕਿਸਮ ਦੀਆਂ ਕਰਤੂਤਾਂ ਬਾਰੇ ਅਸੀਂ ਇੰਡੀਆ ਅਵੇਅਰਨੈੱਸ ਵਿੱਚ ਪਹਿਲਾਂ ਵੀ ਜਾਣਕਾਰੀ ਦਿੰਦੇ ਰਹੇ ਹਾਂ। ਪਰ ਕੁਝ ਪਾਠਕ ਤੱਥਾਂ ’ਤੇ ਧਿਆਨ ਦੇਣ ਦੀ ਬਜਾਏ ਸਾਨੂੰ ਹੀ ਇਹ ਸਵਾਲ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਕੀ ਸਾਡੀ ਉਸ ਨਾਲ ਕੋਈ ਲੜਾਈ ਜਾਂ ਨਿਜੀ ਰੰਜਿਸ਼ ਹੈ। ਹਾਲਾਂਕਿ ਅਜਿਹੇ ਸੱਜਣ ਇਹ ਨਹੀਂ ਸੋਚਦੇ ਕਿ ਸਾਡੀ ਬਾਦਲ, ਮੱਕੜ ਜਾਂ ਡੇਰੇਦਾਰਾਂ ਨਾਲ ਕਿਹੜੀ ਨਿਜੀ ਰੰਜਿਸ਼ ਹੈ ਜੋ ਅਸੀਂ ਉਨ੍ਹਾਂ ਦੀਆਂ ਕੌਮ-ਘਾਤੀ ਨੀਤੀਆਂ ਬਾਰੇ ਪਾਠਕਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਗੱਲ ਸਿਰਫ਼ ਏਨੀ ਹੈ ਕਿ ਜਿਹੜਾ ਵੀ ਵਿਅਕਤੀ ਜਾਂ ਸੰਗਠਨ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੇ, ਉਸਦਾ ਪਰਦਾਫਾਸ਼ ਕੀਤਾ ਜਾਣਾ ਜ਼ਰੂਰੀ ਹੈ। ਕੁਝ ਹੋਰ ਪਾਠਕ ਇਹ ਵੀ ਕਹਿੰਦੇ ਹਨ ਕਿ ਉਹ ਇਸ ਡੋਗਰੇ ਦੀ ਕਰਤੂਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਸ ਵਾਸਤੇ ਇੰਡੀਆ ਅਵੇਅਰਨੈੱਸ ਦੇ ਪੰਨੇ ਅਜਿਹੇ ਨਿਕੰਮੇ ਵਿਅਕਤੀ ਦੀ ਆਲੋਚਨਾ ’ਤੇ ਜ਼ਾਇਆ ਨਹੀਂ ਕੀਤੇ ਜਾਣੇ ਚਾਹੀਦੇ। ਅਸੀਂ ਅਜਿਹੇ ਸੱਜਣਾਂ ਨੂੰ ਨਿੰਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਸਾਰੇ ਪਾਠਕ ਉਨ੍ਹਾਂ ਦੀ ਤਰ੍ਹਾਂ ਵਿਚਾਰਵਾਨ ਨਹੀਂ ਹੁੰਦੇ। ਇਸ ਕਰਕੇ ਆਮ ਪਾਠਕਾਂ ਨੂੰ ਸੱਚਾਈ ਦੱਸਣ ਲਈ ਸਾਨੂੰ ਨਾ ਚਾਹੁੰਦਿਆਂ ਹੋਇਆਂ ਵੀ ਅਜਿਹਾ ਕਰਨਾ ਪੈਂਦਾ ਹੈ ਤੇ ਹਥਲੇ ਅੰਕ ਦਾ ਕਾਫੀ ਵੱਡਾ ਹਿੱਸਾ ਉਕਤ ਡੋਗਰੇ ਦਾ ਪਰਦਾਫਾਸ਼ ਕਰਨ ਵਿੱਚ ਖਚਿਤ ਹੋ ਗਿਆ ਹੈ। ਆਸ ਹੈ ਕਿ ਪਾਠਕ ਇਸ ਬਾਬਤ ਸਾਨੂੰ ਮੁਆਫ਼ ਕਰਨ ਦੀ ਖੇਚਲ ਕਰਨਗੇ ਤੇ ਆਪਣਾ ਸਹਿਯੋਗ ਜਾਰੀ ਰੱਖਣਗੇ।