Subscription About Us Contact Us


ਡੇਰੇਦਾਰ ਬਣ ਰਹੇ ਹਨ ਕਾਨੂੰਨ ਵਿਵਸਥਾ ਲਈ ਵੱਡੀ ਚੁਣੌਤੀ

- ਕਿਰਪਾਲ ਸਿੰਘ ਬਠਿੰਡਾ -
ਫੋਨ : 9855480797

ਸਿੱਖਾਂ ਦੇ ਗੁਰਮਤਿ ਸਮਾਗਮਾਂ ਤੋਂ ਇਲਾਵਾ ਹੋਰਨਾਂ ਮੱਤਾਂ ਦੇ ਡੇਰੇਦਾਰਾਂ ਵਲੋਂ ਵੀ ਗੁਰੂ ਨਾਨਕ ਸਾਹਿਬ ਦੀ ਤੁਲੰਬੇ ਵਿਖੇ ਸੱਜਣ ਠੱਗ ਨਾਲ ਹੋਏ ਮਿਲਾਪ ਦੀ ਸਾਖੀ ਬੜੀ ਸ਼ਰਧਾ ਭਾਵਨਾ ਨਾਲ ਸੁਣਾਈ ਜਾਂਦੀ ਹੈ ਅਤੇ ਪ੍ਰਭਾਵ ਇਹ ਦਿੱਤਾ ਜਾਂਦਾ ਹੈ ਕਿ ਅੱਜ ਦੇ ਸੰਤਾਂ ਵਿੱਚ ਵੀ ਗੁਰੂ ਨਾਨਕ ਸਾਹਿਬ ਵਰਗੀ ਅਜਿਹੀ ਚੁੰਬਕੀ ਸ਼ਕਤੀ ਹੈ, ਜਿਨ੍ਹਾਂ ਦੀ ਛੋਹ ਪ੍ਰਾਪਤ ਕਰਕੇ ਸੱਜਣ ਠੱਗ ਵਰਗੇ ਵਿਕਾਰੀ ਬੰਦੇ ਦਾ ਵੀ ਜੀਵਨ ਬਦਲ ਜਾਂਦਾ ਹੈ। ਭਾਰਤ ਵਿੱਚ ਚੱਲ ਰਹੇ ਵੱਖ ਵੱਖ ਕਿਸਮ ਦੇ ਧਾਰਮਿਕ ਡੇਰਿਆਂ ਦੇ ਸੰਚਾਲਕ ਬੇਸ਼ੱਕ ਆਪਣੇ ਆਪ ਨੂੰ ਧਰਮ ਦਾ ਪ੍ਰਚਾਰ ਕਰਨ ਵਾਲੇ ਅਤੇ ਨੈਤਿਕ ਕਦਰਾਂ ਕੀਮਤਾਂ ਵਾਲੇ ਨਸ਼ਾ ਮੁਕਤ ਸਮਾਜ ਦੀ ਨਵ ਉਸਾਰੀ ਕਰਨ ਦਾ ਦਾਅਵਾ ਕਰਦੇ ਹਨ ਪਰ ਜੇ ਇਨ੍ਹਾਂ ਦੇ ਅਮਲੀ ਜੀਵਨ ਦੀ ਘੋਖ ਪੜਤਾਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ਨੇ ਸੱਜਣ ਠੱਗ ਵਰਗੇ ਵਿਕਾਰੀ ਬੰਦਿਆਂ ਨੂੰ ਸੱਜਣ ਤਾਂ ਕੀ ਬਣਾਉਣਾ ਸੀ ਸਗੋਂ ਇਹ ਤਾਂ ਧਾਰਮਿਕ ਲਿਬਾਸ ’ਚ ਖ਼ੁਦ ਸੱਜਣ ਠੱਗ ਬਣੇ ਹੋਏ ਹਨ। ਡੇਰੇਦਾਰਾਂ ਦੇ ਸ਼ਰਧਾਲੂਆਂ ਦੀ ਗਿਣਤੀ ਦੇ ਹਿਸਾਬ ਇਨ੍ਹਾਂ ਵਲੋਂ ਕੀਤੇ ਜਾ ਰਹੇ ਅਪਰਾਧਾਂ ਦਾ ਪੱਧਰ ਅਤੇ ਗਿਣਤੀ ਤਾਂ ਵੱਖਰੇ ਹੋ ਸਕਦੇ ਹਨ ਪਰ ਉਂਝ ਇਨ੍ਹਾਂ ਵਿੱਚ ਬਹੁਤਾ ਫਰਕ ਨਹੀਂ ਤੇ ਇਹ ਕਿਸੇ ‘ਅੰਡਰ ਵਰਲਡ ਸਰਗਣੇ’ ਤੋਂ ਘੱਟ ਨਹੀਂ ਹਨ।

ਇਨ੍ਹਾਂ ਹਾਲਾਤ ਵਿੱਚ ਇਹ ਡੇਰੇਦਾਰ ਵਰਗ ਹੈ ਤਾਂ ਸਮੁੱਚੇ ਦੇਸ਼ ਦੀ ਕਾਨੂੰਨ ਵਿਵਸਥਾ ਅਤੇ ਮਨੁੱਖੀ ਅਧਿਕਾਰਾਂ ’ਤੇ ਛਾਪਾ ਮਾਰਨ ਵਾਲੀ ਵੱਡੀ ਚੁਣੌਤੀ ਪਰ ਕਿਉਂਕਿ ਸਿੱਖ ਧਰਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਮਾਜ ਵਿੱਚ ਕਿਸੇ ਸੱਜਣ ਠੱਗ ਨੂੰ ਪ੍ਰਵਾਨ ਨਹੀਂ ਕਰਦਾ ਅਤੇ ਸ਼ਬਦ ਗੁਰੂ ਦੇ ਮੁਕਾਬਲੇ ’ਤੇ ਕਿਸੇ ਦੇਹਧਾਰੀ ਨੂੰ ਗੁਰੂ, ਸਤਿਗੁਰੂ, ਸੰਤ, ਮਹਾਰਾਜ ਆਦਿ ਲਕਬਾਂ ਨਾਲ ਸੰਬੋਧਨ ਕਰਨ ਨੂੰ ਪਸੰਦ ਨਹੀਂ ਕਰਦਾ, ਇਸ ਲਈ ਸਮੁੱਚੇ ਡੇਰੇਦਾਰਾਂ ਦਾ ਸਿੱਖਾਂ ਨਾਲ ਕਿਸੇ ਨਾ ਕਿਸੇ ਰੂਪ ’ਚ ਟਕਰਾਅ ਬਣਿਆ ਰਹਿੰਦਾ ਹੈ। ਤ੍ਰਾਸ਼ਦੀ ਇਹ ਹੈ ਕਿ ਸਿੱਖ ਧਰਮ ਦੇ ਸਿਧਾਂਤਾਂ ਵਿੱਚ ਮਿਲਗੋਭਾ ਕਰਕੇ ਅਤੇ ਸਿੱਖਾਂ ਨੂੰ ਕਮਜ਼ੋਰ ਕਰਕੇ ਹਿੰਦੂ ਧਰਮ ਵਿੱਚ ਹੀ ਜ਼ਜ਼ਬ ਕਰਨ ਦੀ ਬਦਨੀਤੀ ਕਾਰਨ ਭਾਰਤ ਦਾ ਹਿੰਦੂਤਵ ਤੱਤ ਡੇਰੇਦਾਰਾਂ ਦੀ ਪਿੱਠ ’ਤੇ ਹਮੇਸ਼ਾ ਖੜ੍ਹਾ ਰਹਿੰਦਾ ਹੈ ਅਤੇ ਉਨ੍ਹਾਂ ਦੇ ਵਧਣ ਫੁੱਲਣ ਲਈ ਆਰਥਿਕ ਤੇ ਹੋਰ ਸਾਰੇ ਸਾਧਨ ਮੁਹੱਈਆ ਕਰਵਾਉਂਦਾ ਹੈ, ਜਿਸ ਕਾਰਨ ਜਿੱਥੇ ਡੇਰਿਆਂ ਦੀ ਗਿਣਤੀ ਵਧ ਰਹੀ ਹੈ, ਉਥੇ ਉਨ੍ਹਾਂ ਦੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਵੀ ਬੇਅੰਤ ਵਾਧਾ ਹੋ ਰਿਹਾ ਹੈ।

ਡੇਰੇਦਾਰਾਂ ਨੇ ਜਿੱਥੇ ਆਪਣੇ ਸ਼ਰਧਾਲੂਆਂ ਨੂੰ ਵੋਟ ਬੈਂਕ ਦੇ ਤੌਰ ’ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ, ਉਥੇ ਕਈ ਕਿਸਮ ਦੇ ਚੈਰੀਟੇਬਲ ਟਰੱਸ਼ਟ ਬਣਾ ਕੇ ਅਤੇ ਸ਼ਰਧਾਲੂਆਂ ਤੋਂ ਸੇਵਾ ਦੇ ਨਾਮ ‘ਤੇ ਮੁਫ਼ਤ ਮਜ਼ਦੂਰੀ ਕਰਵਾਉਣੀ ਵੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਜਿੱਥੇ ਇਨ੍ਹਾਂ ਨੇ ਆਪਣੀ ਜਾਇਦਾਦ ਵਿੱਚ ਬੇਅੰਤ ਵਾਧਾ ਕੀਤਾ ਹੈ, ਉਥੇ ਰਾਜਨੀਤਕ ਸੰਤੁਲਨ ਵੀ ਆਪਣੇ ਹੱਥ ਵਿੱਚ ਲੈ ਲਿਆ ਹੈ। ਵੋਟਾਂ ਦੇ ਲਾਲਚ ਅਧੀਨ ਸਾਰੀਆਂ ਰਾਜਨੀਤਕ ਪਾਰਟੀਆਂ ਬੇਸ਼ੱਕ ਕਾਂਗਰਸ ਵਰਗੀਆਂ ਅਖੌਤੀ ਧਰਮ ਨਿਰਪੱਖ ਪਾਰਟੀਆਂ ਹੋਣ ਜਾਂ ਧਰਮ ਦੀ ਸਿੱਧੇ ਰੂਪ ’ਚ ਆੜ ਲੈ ਕੇ ਰਾਜਨੀਤੀ ਕਰਨ ਵਾਲੀ ਭਾਜਪਾ ਜਾਂ ਅਕਾਲੀ ਦਲ ਹੋਵੇ, ਉਹ ਇਨ੍ਹਾਂ ਦੇ ਡੇਰਿਆਂ ’ਚ ਚੱਕਰ ਕੱਟਦੇ ਅਤੇ ਨਤਮਸਤਕ ਹੋ ਕੇ ਇਨ੍ਹਾਂ ਵਿੱਚ ਆਪਣੀ ਅਖੌਤੀ ਸ਼ਰਧਾ ਪ੍ਰਗਟਾਉਂਦੇ ਰਹਿੰਦੇ ਹਨ, ਜਿਨ੍ਹਾਂ ਨੂੰ ਵੇਖ ਕੇ ਆਮ ਲੋਕੀਂ ਪ੍ਰਭਾਵਿਤ ਹੁੰਦੇ ਹਨ ਕਿ ਜੇ ਇਤਨੇ ਵੱਡੇ ਆਗੂ ਇਸ ਡੇਰੇ ਵਿੱਚ ਆਉਂਦੇ ਹਨ ਤਾਂ ਇੱਥੇ ਜਰੂਰ ਕੋਈ ਐਸੀ ਸ਼ਕਤੀ ਹੈ। ਇਸ ਤਰ੍ਹਾਂ ਉਨ੍ਹਾਂ ਲੋਕਾਂ ਦੀ ਸ਼ਰਧਾ ਡੇਰਿਆਂ ਵਿੱਚ ਹੋਰ ਵਧਦੀ ਹੈ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਸੱਜਣ ਠੱਗ (ਧਾਰਮਿਕ ਲਿਬਾਸ ਵਾਲੇ ਡੇਰੇਦਾਰ) ਮਲਕ ਭਾਗੋਆਂ, ਸੱਤਾਧਾਰੀਆਂ (ਰਾਜਨੀਤਕਾਂ) ਨਾਲ ਗਠਜੋੜ ਕਰਕੇ ਆਮ ਲੋਕਾਂ ਦੇ ਧਾਰਮਿਕ, ਰਾਜਨੀਤਕ ਅਤੇ ਆਰਥਿਕ ਤੇ ਸਰੀਰਕ ਸੋਸ਼ਣ ਕਰਨ ਦਾ ਸਾਧਨ ਬਣੇ ਹੋਏ ਹਨ, ਉਥੇ ਮਨੁੱਖੀ ਅਧਿਕਾਰਾਂ ’ਤੇ ਵੀ ਪੂਰੀ ਤਰ੍ਹਾਂ ਛਾਪਾ ਮਾਰ ਰਹੇ ਹਨ ਅਤੇ ਉਨ੍ਹਾਂ ‘ਤੇ ਦੇਸ਼ ਦਾ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਪਿਛਲੇ ਸਮੇਂ ਤੋਂ ਸਭ ਤੋਂ ਵੱਧ ਸੁਰਖੀਆਂ ’ਚ ਰਹੇ ਚਾਰ ਵੱਡੇ ਡੇਰੇਦਾਰਾਂ ਦਾ ਜਿਕਰ ਕਰਨਾ ਇੱਥੇ ਢੁਕਵਾਂ ਰਹੇਗਾ।

2002 ’ਚ ਸੌਦਾ ਡੇਰਾ ਸਿਰਸਾ ਦੀ ਇੱਕ ਸਾਧਵੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਸੁਪ੍ਰੀਮ ਕੋਰਟ ਦੇ ਮੁੱਖ ਜੱਜ ਨੂੰ ਇੱਕ ਗੁੰਮਨਾਮ ਚਿੱਠੀ ਲਿਖੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਡੇਰਾ ਮੁਖੀ ਸਾਧਵੀਆਂ ਨਾਲ ਬਲਾਤਕਾਰ ਕਰਦਾ ਹੈ। ਇਹ ਗੁੰਮਨਾਮ ਚਿੱਠੀ ਦੇਸ਼ ਸੇਵਕ ਅਖ਼ਬਾਰ ਵਿੱਚ ਛਪ ਜਾਣ ’ਤੇ ਡੇਰਾ ਮੁਖੀ ਨੂੰ ਸ਼ੱਕ ਪਿਆ ਕਿ ਇਹ ਚਿੱਠੀ ਅਖ਼ਬਾਰ ਨੂੰ ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਨੇ ਲੀਕ ਕੀਤੀ ਹੈ ਅਤੇ ਉਸ ਦੀ ਭੈਣ, ਜਿਹੜੀ ਕਿ ਡੇਰੇ ’ਚ ਸਾਧਵੀ ਦੇ ਤੌਰ ’ਤੇ ਰਹਿ ਰਹੀ ਸੀ, ਨੇ ਲਿਖੀ ਹੈ, ਇਸ ਲਈ ਰਣਜੀਤ ਸਿੰਘ ਦਾ ਕਤਲ ਕਰਵਾ ਦਿੱਤਾ ਗਿਆ। ਇਸ ਸਾਰੀ ਸਾਜਿਸ਼ ਦਾ ਪਰਦਾਫਾਸ਼ ਸਿਰਸਾ ਤੋਂ ਛਪਣ ਵਾਲੇ ਲੋਕਲ ਅਖ਼ਬਾਰ ‘ਪੂਰਾ ਸੱਚ’ ਨੇ ਕੀਤਾ ਤਾਂ ਉਸ ਦੀ ਅਵਾਜ਼ ਬੰਦ ਕਰਨ ਲਈ ਇਸ ਦੇ ਮੁਖ ਸੰਪਾਦਕ ਰਾਮ ਚੰਦਰ ਛਤਰਪਤੀ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਡੇਰੇ ਵਿੱਚ ਹੋ ਰਹੀਆਂ ਗਲਤ ਗਤੀਵਿਧੀਆਂ ਦੇ ਭੇਦ ਡੇਰੇ ਦੇ ਇੱਕ ਹੋਰ ਮੈਨੇਜਰ ਫ਼ਕੀਰ ਚੰਦ ਕੋਲ ਵੀ ਸਨ, ਜਿਸ ’ਤੇ ਸ਼ੱਕ ਪਿਆ ਕਿ ਇਹ ਵੀ ਡੇਰੇ ਦੇ ਭੇਦ ਲੀਕ ਕਰਕੇ ਡੇਰੇ ਦੀ ਬਦਨਾਮੀ ਕਰ ਸਕਦਾ ਹੈ, ਇਸ ਲਈ ਉਸ ਨੁੰ 1991 ’ਚ ਖਤਮ ਕਰ ਦਿੱਤਾ ਗਿਆ ਸੀ। ਜਿਉਂ ਹੀ ਸਾਬਕਾ ਮੈਨੇਜਰ ਰਣਜੀਤ ਸਿੰਘ, ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਅਤੇ ਸਾਧਵੀਆਂ ਦੇ ਬਲਾਤਕਾਰ ਦੀ ਪੜਤਾਲ ਲਈ ਸੀ.ਬੀ.ਆਈ. ਨੂੰ ਸੌਂਪੇ ਜਾਣ ਦੀ ਖ਼ਬਰ ਆਈ ਤਾਂ 26 ਅਕਤੂਬਰ 2005 ਨੂੰ ਸੌਦਾ ਸਾਧ ਦੇ ਸ਼ਰਧਾਲੂ

ਪ੍ਰੇਮੀਆਂ ਨੇ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਕੇ ਚੰਡੀਗੜ੍ਹ ਅਤੇ ਜਿਲ੍ਹਾ ਪੱਧਰਾਂ ’ਤੇ ਧਰਨਾ ਲਾਇਆ ਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਤਹਿਸ਼ ਨਹਿਸ਼ ਕਰਕੇ ਜਨਜੀਵਨ ਇੱਕ ਤਰ੍ਹਾਂ ਠੱਪ ਕਰ ਦਿੱਤਾ। ਇਸ ਪਿੱਛੇ ਮੰਤਵ ਇਹ ਸੀ ਕਿ ਜੇ ਸੀ.ਬੀ.ਆਈ. ਨੇ ਡੇਰਾ ਮੁਖੀ ਨੂੰ ਦੋਸ਼ੀ ਐਲਾਨਿਆ ਤਾਂ ਪ੍ਰੇਮੀ ਪਰਲੋ ਲਿਆ ਦੇਣਗੇ। ਇਸੇ ਕਾਰਨ ਪੜਤਾਲ ਦਾ ਕੰਮ ਬੜੀ ਧੀਮੀ ਗਤੀ ਨਾਲ ਚੱਲਿਆ। ਅਖੀਰ ਅਪ੍ਰੈਲ 2007 ਵਿੱਚ ਹਾਈਕੋਰਟ ਨੇ ਸੀ.ਬੀ.ਆਈ. ਵਲੋਂ ਕੀਤੀ ਜਾ ਰਹੀ ਢਿੱਲ ਮੱਠ ਕਾਰਨ ਉਸ ਦੀ ਖਿਚਾਈ ਕੀਤੀ ਤੇ 28 ਮਈ ਤੋਂ ਪਹਿਲਾਂ ਰੀਪੋਰਟ ਪੇਸ਼ ਕਰਨ ਦੇ ਹੁਕਮ ਦਿੱਤਾ ਤਾਂ ਸੌਦਾ ਸਾਧ ਨੇ ਇਸ ਵਲੋਂ ਲੋਕਾਂ ਅਤੇ ਸਰਕਾਰ ਦਾ ਧਿਆਨ ਹਟਾਉਣ ਲਈ ਸਿਰਸਾ ਡੇਰੇ ’ਚ ਅਪ੍ਰੈਲ 2007 ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਕੇ ਅੰਮ੍ਰਿਤ ਛਕਾਉਣ ਦੀ ਤਰਜ਼ ‘ਤੇ ‘ਜਾਮ-ਏ-ਇੰਸਾਂ’ ਛਕਾਇਆ। ਇਸ ਦੀ ਕੋਈ ਚਰਚਾ ਨਾ ਹੋਣ ’ਤੇ ਪੰਜਾਬ ’ਚ ਸਥਿੱਤ ਡੇਰਾ ਸਲਾਬਤਪੁਰਾ ਵਿਖੇ 12 ਮਈ ਨੂੰ ਆਪਣੀ ਕਾਰਵਾਈ ਮੁੜ ਦੁਹਰਾਈ, ਜਿਸ ਦੇ ਇਸ਼ਤਿਹਾਰ ਅਖ਼ਬਾਰ ’ਚ ਛਪਾਉਣ ਤੋਂ ਇਲਾਵਾ ਪ੍ਰੈਸ ਨੋਟ ਵੀ ਜਾਰੀ ਕੀਤੇ। 13 ਮਈ ਦੇ ਅਖ਼ਬਾਰਾਂ ’ਚ ਇਸ਼ਤਿਹਾਰ ਅਤੇ ਖ਼ਬਰਾਂ ਛਪ ਜਾਣ ’ਤੇ ਸਿੱਖ ਭੜਕ ਉਠੇ ਅਤੇ 14 ਮਈ 2007 ਨੂੰ ਬਠਿੰਡਾ ’ਚ ਸੌਦਾ ਸਾਧ ਦਾ ਪੁਤਲਾ ਸਾੜੇ ਜਾਣ ਦੀ ਯੋਜਨਾ ਬਣਾਈ ਤਾਂ ਡੇਰਾ ਪ੍ਰੇਮੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਕੇ ਜਿੱਥੇ ਪੁੱਤਲਾ ਫੂਕਣ ਵਾਲਿਆਂ ‘ਤੇ ਹਮਲਾ ਕਰਕੇ ਕਈਆਂ ਨੂੰ ਗੰਭੀਰ ਜਖਮੀ ਕਰ ਦਿੱਤਾ, ਉਥੇ ਡੀ.ਸੀ. ਦਫ਼ਤਰ ਦੇ ਸਾਹਮਣੇ ਮੁੱਖ ਸੜਕ ’ਤੇ ਦੋ ਦਿਨ ਲਈ ਧਰਨਾ ਮਾਰਿਆ, ਪੁਲਿਸ ’ਤੇ ਹਮਲਾ ਕਰਨ ਤੋਂ ਇਲਾਵਾ ਸਰਕਾਰੀ ਗੱਡੀਆਂ ਦੀ ਭੰਨਤੋੜ ਵੀ ਕੀਤੀ। ਉਹ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੇ ਮੁਖੀ ਦਾ ਪੁੱਤਲਾ ਸਾੜਨ ਵਾਲੇ ਸਿੱਖਾਂ ’ਤੇ ਕੇਸ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਸਿੱਟੇ ਵਜੋਂ ਸਿੱਖਾਂ ਵਿੱਚ ਵੀ ਰੋਹ ਜਾਗ ਉਠਿਆ ਤੇ 17 ਮਈ 2007 ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦਾ ਇਕੱਠ ਹੋਇਆ ਤੇ ਇੱਥੋਂ ਅਕਾਲ ਤਖਤ ਦੇ ਜਥੇਦਾਰ ਵਲੋਂ ਸੌਦਾ ਡੇਰਾ ਮੁਖੀ ਅਤੇ ਪ੍ਰੇਮੀਆਂ ਦੇ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਬਾਈਕਾਟ ਕਰਨ ਦਾ ਹੁਕਮਨਾਮਾ ਜਾਰੀ ਕਰਕੇ ਪੰਜਾਬ ’ਚ ਇਨ੍ਹਾਂ ਦੇ ਡੇਰੇ ਬੰਦ ਕਰਵਾਉਣ ਦੀ ਮੰਗ ਰੱਖੀ ਗਈ, ਫਲਸਰੂਪ ਪੰਜਾਬ ਦੀ ਸ਼ਾਂਤੀ ਨੂੰ ਅੱਗ ਲੱਗੀ ਤੇ ਇਸ ਸੰਘਰਸ਼ ’ਚ ਤਿੰਨ ਸਿੱਖ ਸ਼ਹੀਦ ਹੋਏ, ਕਈ ਜਖਮੀ ਹੋਏ ਤੇ ਕਈ ਹੋਰ ਜ਼ੇਲ੍ਹਾਂ ਵਿੱਚ ਬੰਦ ਰਹੇ। ਹੁਣ ਥੋੜ੍ਹੀ ਸ਼ਾਂਤੀ ਪਰਤਣ ਲੱਗੀ ਸੀ ਤਾਂ ਹਾਈਕੋਰਟ ਵਲੋਂ ਡੇਰਾ ਮੁਖੀ ਵਿਰੁੱਧ ਫ਼ਰੀਕ ਚੰਦ ਦੇ ਕਤਲ ਕੇਸ ਦਰਜ਼ ਕਰਨ ਦੀ ਦਿੱਤੀ ਹਦਾਇਤ ਪਿੱਛੋਂ ਉਸ ਵਿਰੁੱਧ ਧਾਰਾ 302 ਅਧੀਨ ਕੇਸ ਦਰਜ਼ ਹੋ ਗਿਆ। ਸਰਕਾਰ, ਸੀ.ਬੀ.ਆਈ. ਅਤੇ ਅਦਾਲਤਾਂ ’ਤੇ ਦਬਾਅ ਪਾਉਣ ਦੀ ਨੀਤੀ ਤਹਿਤ 27 ਫਰਵਰੀ 2010 ਨੂੰ ਡੇਰਾ ਪ੍ਰੇਮੀਆਂ ਨੇ ਪੰਜਾਬ-ਹਰਿਆਣਾ ਅਤੇ ਰਾਜਸਥਾਨ ਵਿੱਚ ਵੱਡੀ ਪੱਧਰ ’ਤੇ ਸਾੜਫੂਕ ਕਰਕੇ ਬੱਸਾਂ, ਰੇਲ ਗੱਡੀਆਂ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ।

ਆਸਾ ਰਾਮ ਬਾਪੂ ਦੇ ਅਹਿਮਦਾਬਾਦ ਅਤੇ ਛਿੰਦਵਾੜਾ ਆਸ਼ਰਮ ’ਚ 4 ਬੱਚਿਆਂ ਦੀ ਹੋਈ ਮੌਤ ਪਿੱਛੋਂ ਇਹ ਮੀਡੀਆ ’ਚ ਚਰਚਾ ਦਾ ਵਿਸ਼ਾ ਬਣਿਆ। ਇੰਟਰਨੈੱਟ ’ਤੇ ਛਪੀ ਇੱਕ ਖ਼ਬਰ ’ਚ ਆਸ਼ਰਮ ਨੂੰ ਜਿਉਂਦਾ ਰਾਖ਼ਸ਼ਸ਼ ਦਾ ਨਾਮ ਦਿੱਤਾ ਗਿਆ ਹੈ। ਆਸ਼ਰਮ ਦੀ ਇੱਕ ਸਾਬਕਾ ਸਾਧਕਾ ਨੇ ਅਰੋਪ ਲਗਾਇਆ ਸੀ ਕਿ ਕਤਲ ਤਾਂ ਮਾਮੂਲੀ ਗੱਲਾਂ ਹਨ, ਆਸ਼ਰਮ ’ਚ ਹਰ ਰੋਜ ਬਲਾਤਕਾਰ, ਗੁਲਾਮੀ ਅਤੇ ਤਸੀਹੇ ਦੇਣ ਤੋਂ ਇਲਾਵਾ ਹੋਰ ਬਹੁਤ ਕੁਝ ਹੁੰਦਾ ਹੈ। ਉਸ ਨੇ ਦਾਅਵਾ ਕੀਤਾ ਸੀ ਕਿ ਸਿਰਫ਼ ਉਸ ਨੇ ਹੀ ਨਹੀਂ 20 ਤੋਂ 40 ਹੋਰ ਸਾਧਕਾਂ ਨੇ ਵੀ ਡੇਰੇ ਵਿੱਚ ਨੌਜਵਾਨ ਲੜਕੀਆਂ ਨਾਲ ਵਿਭਚਾਰ ਹੁੰਦਾ ਵੇਖਿਆ ਹੈ। ਜਿਹੜੇ ਆਸ਼ਰਮ ਦੇ ਵਿਰੁੱਧ ਬੋਲਦੇ ਹਨ, ਉਨ੍ਹਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਲਾਸ਼ਾਂ ਨੂੰ ਖ਼ੁਰਦ ਬੁਰਦ ਕਰ ਦਿੱਤਾ ਜਾਂਦਾ ਹੈ। ਭਾਰਤੀ ਕਾਨੂੰਨ ਅਨੁਸਾਰ ਕਤਲ ਦਾ ਕੇਸ ਤਾਂ ਹੀ ਦਰਜ਼ ਹੁੰਦਾ ਹੈ, ਜੇ ਲਾਸ਼ ਬਰਾਮਦ ਹੋ ਜਾਵੇ ਨਹੀਂ ਤਾਂ ਗੁੰਮਸ਼ੁਦਗੀ ਦਾ ਕੇਸ ਹੀ ਬਣਦਾ ਹੈ। ਪਿੱਛਲੇ 6 ਸਾਲਾਂ ’ਚ ਆਸ਼ਰਮ ’ਚੋਂ 100 ਤੋਂ ਜਿਆਦਾ ਲੋਕ ਗੁੰਮ ਹੋਏ ਹਨ ਪਰ ਭਾਰਤੀ ਕਾਨੂੰਨ ਦਾ ਗਲਤ ਫਾਇਦਾ ਉਠਾਉਂਦੇ ਉਸ ਵਿਰੁੱਧ ਕੋਈ ਕਤਲ ਕੇਸ ਦਰਜ਼ ਨਹੀਂ ਹੋਇਆ। ਇੰਟਰਨੈੱਟ ’ਤੇ ਹੀ ਇੱਕ ਹੋਰ ਖ਼ਬਰ ’ਚ ਆਸਾ ਰਾਮ ਬਾਪੂ ਵਿਰੁੱਧ ਕਰਾਇਮ ਸਿਰਲੇਖ ਹੇਠ ਖ਼ਬਰ ਛਪੀ ਹੈ, ਜਿਸ ਵਿੱਚ 18 ਕਤਲਾਂ ਦੀ ਲਿਸ਼ਟ ਦਿੱਤੀ ਗਈ ਹੈ, ਜਿਸ ਵਿੱਚ ਕਤਲ ਹੋਏ ਵਿਅਕਤੀਆਂ ਦਾ ਨਾਮ ਅਤੇ ਵੇਰਵਾ ਦਿੱਤਾ ਹੋਇਆ ਹੈ। ਇੱਕ ਹੋਰ ਖ਼ਬਰ ਅਨੁਸਾਰ ਗੁਜਰਾਤ ਹਾਈਕੋਰਟ ਨੇ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤਾ ਕਿ ਆਸਾ ਰਾਮ ਦੇ ਚੇਲਿਆਂ ਵਿਰੁੱਧ 4500 ਕਰੋੜ ਰੁਪਏ ਦੇ 23 ਹੇਰਾਫੇਰੀ ਦੇ ਕੇਸ ਹਨ, ਜਿਨ੍ਹਾਂ ਵਿਰੁੱਧ ਕੇਸ ਦਰਜ਼ ਕੀਤੇ ਜਾਣ। ਕਈ ਲੋਕਾਂ ਦੀ ਜ਼ਮੀਨ ‘ਤੇ ਆਸਾਰਾਮ ਵਲੋਂ ਨਜਾਇਜ਼ ਕਬਜ਼ੇ ਕੀਤੇ ਜਾਣ ਦੀ ਵੀ ਸ਼ਿਕਾਇਤ ਹੈ, ਜਿਨ੍ਹਾਂ ਵਿੱਚ ਕਈ ਕੇਸਾਂ ਵਿੱਚ ਅਦਾਲਤ ਵਲੋਂ ਸਰਕਾਰ ਨੂੰ ਹਦਾਇਤ ਕੀਤੀ ਗਈ ਹੈ ਕਿ ਨਜਾਇਜ ਦੱਬੀ ਹੋਈ ਜਮੀਨ ਦਾ ਕਬਜ਼ਾ ਸਬੰਧਤ ਲੋਕਾਂ ਨੂੰ ਵਾਪਿਸ ਦਿਵਾਇਆ ਜਾਵੇ। 6 ਦਸੰਬਰ 2009 ਨੂੰ ਅਹਿਮਦਾਬਾਦ ਪੁਲਿਸ ਸਟੇਸ਼ਨ ’ਚ ਬਾਪੂ ਆਸਾ ਰਾਮ ਅਤੇ ਦੋ ਹੋਰਨਾਂ ’ਤੇ ਉਨ੍ਹਾਂ ਦੇ ਇੱਕ ਸੇਵਕ ਰਾਜੂ ਚੰਦਕ ਨੂੰ ਕਤਲ ਕਰਨ ਦੇ ਇਰਾਦੇ ਅਧੀਨ ਗੋਏੀ ਚਲਾਉਣ ਦਾ ਕੇਸ ਦਰਜ਼ ਹੈ। ਇੰਟਰਨੈ¤ਟ ’ਤੇ ਬਾਪੂ ਆਸਾ ਰਾਮ ਅਤੇ ਉਸ ਦੇ ਪੁੱਤਰ ’ਤੇ ਹੋਰ ਬਹੁਤ ਸਾਰੇ ਅਪਰਾਧਿਕ ਮਾਮਲਿਆਂ ਦਾ ਵੇਰਵਾ ਹੈ, ਜਿਨ੍ਹਾਂ ਸਾਰਿਆਂ ਦਾ ਇੱਥੇ ਲਿਖੇ ਜਾਣਾ ਸੰਭਵ ਨਹੀਂ। ਉਪ੍ਰੋਕਤ ਘਟਨਾਵਾਂ ਸਿਰਫ਼ ਵੰਨਗੀ ਮਾਤਰ ਹਨ ਪਰ ਇਸ ਦੇ ਬਾਵਜ਼ੂਦ ਬਾਪੂ ਆਸਾ ਰਾਮ ਸ਼ਰੇਆਮ ਸਰਕਾਰ ਨੂੰ ਲਲਕਾਰ ਰਿਹਾ ਹੈ ਕਿ ਜੇ ਉਸ ਵਿੱਚ ਹਿੰਮਤ ਹੈ ਤਾਂ ਉਸ ਨੁੂੰ ਗ੍ਰਿਫ਼ਤਾਰ ਕਰਕੇ ਵੇਖੇ। ਕਾਰਨ ਸਿਰਫ਼ ਇੱਕੋ ਹੈ ਕਿ ਉਸ ਦੀ ਪਿੱਠ ’ਤੇ ਭਾਜਪਾ ਵਰਗੀ ਮਜ਼ਬੂਤ ਰਾਜਨੀਤਕ ਪਾਰਟੀ ਖੜ੍ਹੀ ਹੈ ਅਤੇ ਉਸ ਦੇ ਸ਼ਰਧਾਲੂਆਂ ਦੀ ਗਿਣਤੀ ਕਈ ਲੱਖਾਂ ਵਿੱਚ ਹੈ, ਜਿਸ ਕਰਕੇ ਵੋਟਾਂ ਦੇ ਡਰੋਂ ਅਤੇ ਉਸ ਦੇ ਸ਼ਰਧਾਲੂਆਂ ਵਲੋਂ ਵੱਡੀ ਪੱਧਰ ‘ਤੇ ਕੀਤੇ ਜਾਣ ਵਾਲੇ ਉਪੱਦਰ ਦੇ ਡਰੋਂ ਸਰਕਾਰ ਉਸ ਨੁੰ ਹੱਥ ਪਾਉਣ ਲਈ ਤਿਆਰ ਨਹੀਂ।

ਤੀਸਰਾ ਇੱਕ ਹੋਰ ਕੇਸ ਕਾਂਚੀ ਮੱਠ ਦੇ ਸ਼ੰਕਰਾਚਾਰੀਆ ਜੇਇੰਦਰਾ ਸਰਸਵਤੀ ਦਾ ਹੈ, ਜਿਸ ’ਤੇ ਆਪਣੇ ਮੈਨੇਜਰ ਨੂੰ ਕਤਲ ਕਰਨ ਦਾ ਦੋਸ਼ ਹੈ, ਜਿਸ ਨੂੰ ਇਸ ਕੇਸ ਵਿੱਚ 11 ਨਵੰਬਰ 2004 ਨੁੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ। ਭਾਜਪਾ ਅਤੇ ਕੱਟੜ ਹਿੰਦੂ ਜਥੇਬੰਦੀਆਂ ਵਲੋਂ ਉਸ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਦੋਸ਼ ਲਾਇਆ ਗਿਆ ਸੀ ਕਿ ਸ਼ੰਕਰਾਚਾਰੀਆ ਜੀ ਹਿੰਦੂ ਧਰਮ ਦੇ ਵੱਡੇ ਪ੍ਰਚਾਰਕ ਹਨ, ਇਸ ਲਈ ਹਿੰਦੂ ਧਰਮ ਦਾ ਪ੍ਰਚਾਰ ਰੋਕਣ ਲਈ ਈਸਾਈ ਮਿਸ਼ਨਰੀ ਜਾਂ ਮੁਸਲਮਾਨ ਜਥੇਬੰਦੀਆਂ ਵਲੋਂ ਉਨ੍ਹਾਂ ਨੂੰ ਝੁਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਅਖੀਰ ਉਸ ਨੁੂੰ ਸੁਪ੍ਰੀਮ ਕੋਰਟ ਤੋਂ 10 ਜਨਵਰੀ 2005 ਵਿੱਚ ਜ਼ਮਾਨਤ ਮਿਲ ਗਈ। ਕੇਸ ਦੀ ਮੌਜੂਦਾ ਸਥਿੱਤੀ ਬਾਰੇ ਪੂਰੀ ਜਾਣਕਾਰੀ ਇਕੱਤਰ ਨਹੀਂ ਕੀਤੀ ਜਾ ਸਕੀ।

ਮਈ 2009 ਦੇ ਅਖੀਰ ਵਿੱਚ ਡੇਰਾ ਸੱਚਖੰਡ ਬੱਲਾਂ ਦੇ ਦੂਜੇ ਨੰਬਰ ਦੇ ਸੰਤ ਰਾਮਾਨੰਦ ਆਸਟ੍ਰੀਆ ਦੇ ਸ਼ਹਿਰ ਵਿਆਨਾ ਵਿਖੇ ਕਿਸੇ ਦੀ ਗੋਲੀ ਨਾਲ ਮਾਰੇ ਗਏ। ਹਾਲਾਂਕਿ ਪੰਜਾਬ ਸਰਕਾਰ ਜਾਂ ਪੰਜਾਬ ਵਾਸੀਆਂ ਦਾ ਇਸ ਕਤਲ ਨਾਲ ਕੋਈ ਸਬੰਧ ਨਹੀਂ ਸੀ ਪਰ ਉਨ੍ਹਾਂ ਦੇ ਸ਼ਰਧਾਲੂਆਂ ਨੇ ਕਈ ਦਿਨ ਤੱਕ ਤਾਂਡਵ ਨਾਚ ਨੱਚਦਿਆਂ ਜਨਤਕ ਅਤੇ ਲੋਕਾਂ ਦੀਆਂ ਨਿਜੀ ਜਾਇਦਾਦਾਂ ਅਤੇ ਗੱਡੀਆਂ ਅੱਗ ਦੀ ਭੇਟ ਚੜ੍ਹਾ ਦਿੱਤੀਆਂ, ਕਿਸੇ ਵਿਰੁੱਧ ਕੋਈ ਕੇਸ ਦਰਜ਼ ਨਹੀਂ ਹੋਇਆ।
ਮੌਜ਼ੂਦਾ ਦੌਰ ਵਿੱਚ ਸੱਜਣ ਠੱਗ (ਧਾਰਮਿਕ ਲਿਬਾਸ ਵਾਲੇ ਸੰਤ) ਅਤੇ ਮਲਕ ਭਾਗੋ (ਰਾਜਨੀਤਕ ਪਾਰਟੀਆਂ) ਤਾਂ ਮਿਲੇ ਹੀ ਹੋਏ ਹਨ ਪਰ ਦੁੱਖ ਉਸ ਸਮੇਂ ਆਉਂਦਾ ਹੈ ਜਦੋਂ ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਜਾਣਿਆਂ ਜਾਂਦਾ ਮੀਡੀਆ ਵੀ ਆਪਣਾ ਸਹੀ ਰੋਲ ਨਹੀਂ ਨਿਭਾਉਂਦਾ ਅਤੇ ਇਸ਼ਤਿਹਾਰਾਂ ਤੇ ਹੋਰ ਲਾਭਾਂ ਦੇ ਲਾਲਚ ਵਸ ਹੋ ਕੇ ਇਸ ਨਾਪਾਕ ਗਠਜੋੜ ਨੂੰ ਲੋਕਾਂ ’ਚ ਨੰਗਾ ਕਰਨ ਦੀ ਥਾਂ ਇਨ੍ਹਾਂ ਦੇ ਪਰਦੇ ਢੱਕਣ ਦੇ ਉ¤ਦਮ ਵਜੋਂ ਘਟਨਾ ਨੂੰ ਹੋਰ ਹੀ ਮੋੜ ਦੇ ਕੇ ਅਸਲੀ ਦੋਸ਼ੀਆਂ ਵਲੋਂ ਧਿਆਨ ਹਟਾਉਣ ਦਾ ਯਤਨ ਕੀਤਾ ਜਾਂਦਾ ਹੈ। ਆਪਣੇ ਆਪ ਨੂੰ ਪੰਥਕ ਅਖ਼ਬਾਰ ਦਾ ਸੰਪਾਦਕ ਕਹਾਉਣ ਵਾਲਾ ਸਿੱਖਾਂ ਨੂੰ ਜ਼ਜਬਾਤੀ ਕਰਕੇ ਆਪਣੇ ਨਾਲ ਰਲਾਉਣ ’ਚ ਰੁਝਿਆ ਹੋਇਆ, ਹੁਣ ਤੱਕ ਡੇਰੇਦਾਰਾਂ ਦੇ ਉਪਾਸ਼ਕਾਂ ਵਲੋਂ ਕੀਤੇ ਜਾਂਦੇ ਉਪਦਰਾਂ ਨੂੰ ਬੜੀ ਪ੍ਰਮੁੱਖਤਾ ਨਾਲ ਛਾਪਦਾ ਰਿਹਾ ਹੈ ਪਰ ਹੁਣ ਅਚਾਨਕ ਹੀ ਸਿਰਸਾ ਡੇਰਾ ਪ੍ਰੇਮੀਆਂ ਵਲੋਂ ਤਾਜਾ ਕੀਤੀ ਗਈ ਸਾੜਫੂਕ ’ਚੋਂ ਉਨ੍ਹਾਂ ਨੂੰ ਨਿਰਦੋਸ਼ ਦੱਸਣ ਲਈ ਅੱਜ 3 ਮਾਰਚ ਦੇ ਸੰਪਾਦਕੀ ਵਿੱਚ ਲਿਖ ਦਿੱਤਾ : ‘‘ਸੌਦਾ ਸਾਧ ਦੇ
ਚੇਲਿਆਂ ਨੇ ਪੰਜਾਬ ਨੂੰ ਅੱਗ ਕਿਉਂ ਲਗਾਈ?’ ਪਰਦੇ ਪਿੱਛੇ ਦੀ ਵੱਡੀ ਸਾਜਸ਼ ਤੋਂ ਬਿਨਾਂ ਇਹ ਕਾਰਾ ਸੰਭਵ ਨਹੀਂ ਸੀ।’’

ਸਾਜਿਸ਼ ਤੋਂ ਪਰਦਾ ਉਠਾਉਂਦਿਆਂ ਸੰਪਾਦਕ ਜੀ ਨੇ ਪਹਿਲੀ ਛੁਰਲੀ ਇਹ ਛੱਡੀ : ‘‘ਪਹਿਲੀ, ਕਿ ਦਿੱਲੀ ਦੀਆਂ ਖੁਫੀਆ ਏਜੰਸੀਆਂ ਨੇ ਆਪ ਸੌਦਾ ਸਾਧ ਨੂੰ ਕਹਿ ਕੇ ਅੱਗਾਂ ਲਗਵਾਈਆਂ ਹਨ ਤਾਂ ਕਿ ਚੋਣਾਂ ਤੋਂ ਪਹਿਲਾਂ, ਬਾਦਲ ਸਰਕਾਰ ਨੂੰ ਚਲਤਾ ਕੀਤਾ ਜਾ ਸਕੇ। ਹਿੰਸਾ ਦੀਆਂ ਕੁਝ ਗੰਭੀਰ ਘਟਨਾਵਾਂ ਵਾਪਰ ਚੁੱਕੀਆਂ ਹਨ ਤੇ ਕੁਝ ਹੋਰ ਘਟਨਾਵਾਂ ਛੇਤੀ ਹੀ ਵਾਪਰਨ ਦੀ ਪੂਰੀ ਸੰਭਾਵਨਾ ਹੈ, ਜਿਸ ਮਗਰੋਂ ਅਮਨ ਕਾਨੂੰਨ ਦੀ ਵਿਗੜਦੀ ਹਾਲਤ ਦਾ ਪੱਜ ਪਾ ਕੇ ਬਾਦਲ ਸਰਕਾਰ ਨੂੰ ਤੋੜ ਦਿੱਤਾ ਜਾਏਗਾ ਤਾਂ ਕਿ ਅਗਲੀਆਂ ਚੋਣਾਂ ਵਿੱਚ ਬਾਦਲ ਨੂੰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਤੋਂ ਰੋਕਿਆ ਜਾ ਸਕੇ।’’ ਇਸ ਛੁਰਲੀ ਨਾਲ ਉਸ ਨੇ ਸੌਦਾ ਸਾਧ ਦੇ ਚੇਲਿਆਂ ਅਤੇ ਬਾਦਲ ਦੋਵਾਂ ਨੂੰ ਹੀ ਦੋਸ਼ ਮੁਕਤ ਕਰਕੇ ਪੰਜਾਬ ’ਚ ਹੋਈ ਅਗਜ਼ਨੀ ਦਾ ਸਾਰਾ ਹੀ ਦੋਸ਼ ਦਿੱਲੀ ਦੀਆਂ ਖੁਫ਼ੀਆ ਏਜੰਸੀਆਂ ਸਿਰ ਮੜ ਦਿੱਤਾ। ਪਰ ਇੱਥੇ ਘਟਨਾ ਨੂੰ ਆਪਣੀ ਮਰਜ਼ੀ ਮੁਤਾਬਿਕ ਮੋੜ ਦੇਣ ਵਾਲੇ ਸੰਪਾਦਕ ਜੀ ਭੁੱਲ ਗਏ ਕਿ ਅਗਜ਼ਨੀ ਸਿਰਫ਼ ਪੰਜਾਬ ’ਚ ਹੀ ਨਹੀਂ ਬਲਕਿ ਹਰਿਆਣਾ, ਰਾਜਸਥਾਨ ਵਿੱਚ ਹੋਈ ਸੀ, ਜਿੱਥੇ ਕਾਂਗਰਸ ਸਰਕਾਰਾਂ ਹਨ। ਜੇ ਪੰਜਾਬ ’ਚ ਬਾਦਲ ਸਰਕਾਰ ਤੋੜਨ ਲਈ ਇੱਥੇ ਕੇਂਦਰੀ ਏਜੰਸੀਆਂ ਨੇ ਆਪ ਹੀ ਅਗਜ਼ਨੀ ਕਰਵਾਈ ਤਾਂ ਉਨ੍ਹਾਂ ਕਾਂਗਰਸੀ ਰਾਜ ਵਾਲੇ ਰਾਜਾਂ ਵਿੱਚ ਕਿਉਂ ਕਰਵਾਉਣੀ ਸੀ?

ਸੰਪਾਦਕ ਜੀ ਵਲੋਂ ਇਕਦਮ ਮਾਰੀ ਪੁੱਠੀ ਛਾਲ ਦਾ ਪਰਦਾਫਾਸ਼ ਹੋਣ ਦਾ ਡਰ ਵੀ ਉਨ੍ਹਾਂ ਨੂੰ ਲੱਗਾ ਜਾਪਦਾ ਹੈ, ਇਸ ਲਈ ਆਪਣੀ ਮਾਰੀ ਪੁੱਠੀ ਛਾਲ ਨੂੰ ਛੁਪਾਉਣ ਲਈ ਉਨ੍ਹਾਂ ਦੂਸਰੀ ਛੁਰਲੀ ਇਹ ਛੱਡ ਦਿੱਤੀ : ‘‘ਦੂਜੀ, ਕਿ ਬਾਦਲ ਅਤੇ ਸੌਦਾ ਸਾਧ ਨੇ ਰਲ ਕੇ ਇਹ ਯੋਜਨਾ ਬਣਾਈ ਸੀ ਤਾਂ ਕਿ ਗੁਰਦੁਆਰਾ ਚੋਣਾਂ ਦੌਰਾਨ ਇਹ ਦੱਸਿਆ ਜਾ ਸਕੇ ਕਿ ਬਾਦਲ-ਸੌਦਾ ਸਾਧ ਭਾਈਵਾਲੀ ਦੀ ਗੱਲ ਗਲਤ ਹੈ ਕਿਉਂਕਿ ਜੇ ਇਹ ਇਲਜ਼ਾਮ ਠੀਕ ਹੁੰਦਾ ਤਾਂ ਸੌਦਾ ਸਾਧ ਦੇ ਚੇਲਿਆਂ ਨੇ ਪੰਜਾਬ ਵਿੱਚ ਅੱਗ ਕਿਉਂ ਲਾਉਣੀ ਸੀ?’’ ਪਰ ਇੱਥੇ ਵੀ ਇਹ ਛੁਰਲੀ ਪੂਰੀ ਨਹੀਂ ਢੁੱਕਦੀ ਕਿਉਂਕਿ ਜੇ ਅਜਿਹਾ ਹੁੰਦਾ ਤਾਂ ਵੀ ਗੁਆਂਢੀ ਰਾਜ ਹਰਿਆਣਾ, ਰਾਜਸਥਾਨ ’ਚ ਇਹ ਨਾ ਵਾਪਰਦਾ। ਸੋ ਅਸਲ ਗੱਲ ਇਹ ਹੈ ਕਿ ਇਨ੍ਹਾਂ ਘਟਨਾਵਾਂ ਪਿੱਛੇ ਪੂਰੇ ਦਾ ਪੂਰਾ ਹੱਥ ਸੌਦਾ ਸਾਧ ਦਾ ਹੀ ਹੈ, ਜਿਹੜਾ ਸਰਕਾਰ, ਸੀ.ਬੀ.ਆਈ. ਅਤੇ ਅਦਾਲਤ ’ਤੇ ਇਹ ਦਬਾਉ ਬਣਾਉਣਾ ਚਾਹੁੰਦਾ ਹੈ ਕਿ ਜੇ ਉਸ ਵਿਰੁੱਧ ਕੋਈ ਕਾਰਵਾਈ ਕੀਤੀ ਗਈ ਤਾਂ ਉਸ ਦੇ ਸ਼ਰਧਾਲੂਆਂ ਦੇ ਜ਼ਜਬਾਤਾਂ ਨੂੰ ਕੰਟਰੋਲ ਕਰਨਾ ਸਰਕਾਰ ਲਈ ਮੁਸ਼ਕਲ ਹੋ ਜਾਵੇਗਾ। ਪ੍ਰੇਮੀਆਂ ਵਲੋਂ ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਮੰਗ ਪੱਤਰਾਂ ਵਿੱਚ ਵੀ ਇਹੀ ਗੱਲ ਲਿਖੀ ਗਈ ਹੈ ਕਿ ‘‘ਜੇ ਉਨ੍ਹਾਂ ਦੇ ਪੂਜਯ ਸਤਿਗੁਰੂ ਸੰਤ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਜੀ ਮਹਾਰਾਜ ਵਿਰੁੱਧ ਦਰਜ਼ ਹੋਏ ਕੇਸ ਵਾਪਿਸ ਨਹੀਂ ਲਏ ਜਾਂਦੇ ਤਾਂ ਉਨ੍ਹਾਂ ਦੇ ਸ਼ਰਧਾਲੂਆਂ ਦੇ ਜ਼ਜ਼ਬਾਤ ਭੜਕ ਸਕਦੇ ਹਨ।’’

ਮੈਂ ਇੱਥੇ 1984 ’ਚ ਅਕਾਲ ਤਖਤ ’ਤੇ ਹੋਏ ਫੌਜੀ ਹਮਲੇ ਨੂੰ ਜਾਇਜ਼ ਨਹੀਂ ਠਹਿਰਾ ਰਿਹਾ ਪਰ ਸਰਕਾਰਾਂ ਨੂੰ ਇੱਕ ਸੁਆਲ ਪੁੱਛ ਰਿਹਾ ਹਾਂ ਕਿ ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਿਨ੍ਹਾਂ ਵਿਰੁੱਧ ਸਾਰੇ ਭਾਰਤ ’ਚ ਇੱਕ ਵੀ ਕੇਸ ਦਰਜ਼ ਨਹੀਂ ਸੀ, ਫੜਨ ਲਈ ਅਕਾਲ ਤਖਤ ’ਤੇ ਟੈਂਕਾਂ ਅਤੇ ਹਵਾਈ ਜਹਾਜਾਂ ਨਾਲ ਹਮਲਾ ਹੋ ਸਕਦਾ ਹੈ ਤਾਂ ਸੌਦਾ ਡੇਰਾ ਮੁਖੀ ਅਤੇ ਆਸਾ ਰਾਮ ਬਾਪੂ ਜਿਨ੍ਹਾਂ ਵਿਰੁੱਧ ਬਲਾਤਕਾਰ ਅਤੇ ਕਤਲਾਂ ਸਮੇਤ ਗੰਭੀਰ ਕਿਸਮ ਦੇ ਕੇਸ ਦਰਜ਼ ਹਨ ਤਾਂ ਉਨ੍ਹਾਂ ਨੁੂੰ ਗ੍ਰਿਫ਼ਤਾਰ ਕਰਨ ਲਈ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਇਸ ਪਿੱਛੇ ਕਾਰਨ ਸਿਰਫ਼ ਇੱਕੋ ਹੈ ਕਿ ਇਨ੍ਹਾਂ ਡੇਰੇਦਾਰਾਂ ਪਿੱਛੇ ਹਿੰਦੂ ਜਥੇਬੰਦੀਆਂ ਦਾ ਪੂਰਾ ਸਮਰਥਨ ਹੈ ਤੇ ਵੋਟ ਰੂਪ ਸ਼ਰਧਾਲੂਆਂ ਦੀ ਵੱਡੀ ਗਿਣਤੀ ਹੈ ਜਦੋਂ ਕਿ ਸੰਤ ਜਰਨੈਲ ਸਿੰਘ ਵਿਰੁੱਧ ਹਿੰਦੂਤਵੀ ਤਾਕਤਾਂ ਅਤੇ ਸਰਕਾਰ ਵਲੋਂ ਗਲਤ ਤੌਰ ’ਤੇ ਪ੍ਰਚਾਰ ਕਰਕੇ ਹਿੰਦੂਆਂ ਦੀ ਵੱਡੀ ਗਿਣਤੀ ਵਿੱਚ ਨਫ਼ਰਤ ਪੈਦਾ ਕਰ ਦਿੱਤੀ ਸੀ, ਇਸੇ ਲਈ ਭਾਜਪਾ ਸਮੇਤ ਸਾਰੀਆਂ ਪਾਰਟੀਆਂ ਨੇ ਬਲਿਊ ਸਟਾਰ ਅਪ੍ਰੇਸ਼ਨ ਦਾ ਸਮਰਥਨ ਕੀਤਾ। ਇਸ ਦਾ ਸਿੱਧਾ ਭਾਵ ਹੈ ਕਿ ਇਸ ਦੇਸ਼ ਵਿੱਚ ਕੋਈ ਕਾਨੂੰਨ ਜਾਂ ਸੰਵਿਧਾਨ ਦੀ ਗੱਲ ਨਹੀਂ ਸਿਰਫ਼ ਵੋਟਾਂ ਦੀ ਗਿਣਤੀ ਨੂੰ ਵੇਖ ਕੇ ਫੈਸਲੇ ਅਤੇ ਕਾਰਵਾਈ ਹੁੰਦੀ ਹੈ। ਰਾਜਨੀਤਕ ਅਤੇ ਡੇਰੇਦਾਰ ਗਠਜੋੜ ਕਰਕੇ ਕਰੋੜਾਂ ਰੁਪਏ ਦੀ ਸੰਪਤੀ ਦਿਨਾਂ ਵਿੱਚ ਹੀ ਬਣਾ ਲੈਂਦੇ ਹਨ ਜਦੋਂ ਕਿ ਦੇਸ਼ ਦੀ ਅਬਾਦੀ ਦਾ ਵੱਡਾ ਹਿੱਸਾ ਦੋ ਡੰਗ ਦੀ ਰੋਟੀ, ਪਹਿਨਣ ਲਈ ਕੱਪੜੇ ਅਤੇ ਸਿਰ ਢੱਕਣ ਲਈ ਛੱਤ ਤੋਂ ਆਤੁਰ ਹੋਇਆ ਪਿਆ ਹੈ। ਘੱਟ ਗਿਣਤੀਆਂ ਦੇ ਜ਼ਜਬਾਤਾਂ ਨੂੰ ਵੋਟਾਂ ਦੀ ਚੱਕੀ ’ਚ ਪੀਸਿਆ ਜਾ ਰਿਹਾ ਹੈ, ਕੋਈ ਸੁਣਵਾਈ ਨਾ ਹੋਣ ਕਾਰਨ ਨਕਸਲੀ ਅਤੇ ਧਾਰਮਿਕ ਅਤਿਵਾਦ ਵਧ ਰਿਹਾ ਹੈ, ਜਿਸ ਦੇ ਸਿੱਧੇ ਤੌਰ ’ਤੇ ਜਿੰਮੇਵਾਰ ਸਰਕਾਰ ਅਤੇ ਨਿਆਪਾਲਿਕਾ ਹੈ ਪਰ ਦੋਸ਼ ਅਤਿਵਾਦੀਆਂ ਅਤੇ ਦੂਸਰੇ ਦੇਸ਼ਾਂ ’ਤੇ ਮੜਿਆ ਜਾ ਰਿਹਾ ਹੈ। ਅਤਿਵਾਦ ਦਾ ਮੂਲ ਕਾਰਨ ਲਭੇ ਤੋਂ ਬਗੈਰ ਹੀ ਆਪਣਾ ਹੱਕ ਮੰਗ ਰਹੇ ਲੋਕਾਂ ਨੂੰ ਅਤਿਵਾਦੀਆਂ ਦਾ ਨਾਮ ਦੇ ਕੇ ਕੁਚਲੇ ਜਾਣ ਦੇ ਬਿਆਨਾਂ ਨਾਲ ਅਤਿਵਾਦ ਖਤਮ ਨਹੀਂ ਹੋਣਾ ਬਲਕਿ ਦੇਸ਼ ਦਾ ਕਾਨੂੰਨ ਹਰ ਵੱਡੇ ਛੋਟੇ ਵਿਅਕਤੀ ’ਤੇ ਇਕਸਾਰ ਲਾਗੂ ਕਰਕੇ ਹੀ ਸ਼ਾਂਤੀ ਬਹਾਲ ਕੀਤੀ ਜਾ ਸਕਦੀ ਹੈ।

ਬਾਕੀ ਸਿਆਸਤਦਾਨਾਂ ਦੇ ਕਿਰਦਾਰ ਤਾਂ ਕਿਸੇ ਤੋਂ ਛੁਪੇ ਹੋਏ ਨਹੀਂ ਹਨ ਪਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਯੂ.ਪੀ.ਏ. ਦੀ ਚੇਅਰਪਰਸਨ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਤੋਂ ਜ਼ਰੂਰ ਉਮੀਦ ਰੱਖੀ ਜਾ ਸਕਦੀ ਹੈ ਕਿ ਉਨ੍ਹਾਂ ਵਿੱਚ ਈਮਾਨਦਾਰੀ ਦਾ ਮਾਦਾ ਜਰੂਰ ਹੈ। ਸੋ ਉਨ੍ਹਾਂ ਨੂੰ ਹੀ ਅਪੀਲ ਹੈ ਕਿ ਕਿਸੇ ਵੀ ਮਨੁੱਖ, ਭਾਵੇਂ ਉਹ ਕਿਤਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ, ਉਸ ਨੁੂੰ ਕਾਨੂੰਨ ਦੇ ਅਧੀਨ ਲਿਆ ਕੇ ਉਸ ਵਿਰੁੱਧ ਕਾਰਵਾਈ ਕਰਨ ਤਾਂ ਕਿ ਲੋਕਾਂ ਦਾ ਕਾਨੂੰਨ ਵਿੱਚ ਯਕੀਨ ਬਣ ਸਕੇ।