Subscription About Us Contact Us


15 ਮਿੰਟ ’ਚ ਪੜ੍ਹੇ ਜਾਣ ਵਾਲੇ ਲਿਖੇ ਲੇਖ ਵਿੱਚ ਜਿਹੜਾ ਵਿਅਕਤੀ ‘ਮੈਂ ਮੈਂ’ ਸ਼ਬਦ ਦੀ ਇਤਨੀ ਵਰਤੋਂ ਕਰਦਾ ਹੋਵੇ, ਜਿਤਨੀ ਕਿ 15 ਮਿੰਟਾਂ ’ਚ ਇੱਕ ਬੱਕਰਾ ਵੀ ‘ਮੈਂ ਮੈਂ’ ਨਾ ਬੋਲ ਸਕਦਾ ਹੋਵੇ, ਤਾਂ ਕੀ ਉਹ ਵਿਅਕਤੀ ਬਾਬੇ ਨਾਨਕ ਦਾ ਫਲਸਫਾ ਲਾਗੂ ਕਰਨ ਦਾ ਦਾਅਵਾ ਕਰ ਸਕਦਾ ਹੈ?

- ਕਿਰਪਾਲ ਸਿੰਘ ਬਠਿੰਡਾ -
ਫੋਨ : 9855480797

ਬਾਬੇ ਨਾਨਕ ਦੇ ਨਾਮ ’ਤੇ ਠੱਗੀ ਮਾਰਨ ਵਾਲਿਆਂ ਦੀ ਗਿਣਤੀ ਜੇ ਕੋਈ ਇਕੱਲਾ ਵਿਅਕਤੀ ਕਰਨੀ ਚਾਹੇ ਤਾਂ ਇਹ ਸੰਭਵ ਹੀ ਨਹੀਂ ਕਿ ਉਹ ਸਹੀ ਗਿਣਤੀ ਦੇ ਨੇੜੇ ਤੇੜੇ ਵੀ ਪੁੱਜ ਸਕੇ। ਸਿੱਖ ਧਰਮ ‘ਚ ਪੈਦਾ ਹੋਏ ਪੁਜਾਰੀ ਅਤੇ ਡੇਰੇਦਾਰ ਬੇਸ਼ੱਕ ਨਾਮ ਤਾਂ ਦਸ ਗੁਰੂ ਸਾਹਿਬਾਨ ਅਤੇ ਗੁਰੁੂ ਗ੍ਰੰਥ ਸਾਹਿਬ ਦਾ ਹੀ ਲੈਂਦੇ ਹਨ ਪਰ ਅਸਲ ਵਿੱਚ ਉਹ ਬਾਬੇ ਨਾਨਕ ਦੇ ਸਹੀ ਫਲਸਫੇ ਦਾ ਪ੍ਰਚਾਰ ਕਰਨ ਦੀ ਥਾਂ ਆਪਣੇ ਸਿਰਫ਼ ਰੋਜੀ ਰੋਟੀ ਦਾ ਸਾਧਨ ਹੀ ਨਹੀਂ ਬਣਾਉਂਦੇ ਬਲਕਿ ਐਸ਼ੋ ਇਸ਼ਰਤ ਲਈ ਦੁਕਾਨ ਰੂਪੀ ਡੇਰੇ ਖੋਲ੍ਹ ਕੇ ਬੈਠੇ ਹਨ ਜਾਂ ਆਪਣੇ ਆਪ ਨੂੰ ਸਿੰਘ ਸਾਹਿਬਾਨ ਦਾ ਨਾਮ ਦੇ ਕੇ ਸਿਆਸਤਦਾਨਾਂ ਦੇ ਇਸ਼ਾਰੇ ’ਤੇ ਸਿੱਖਾਂ ’ਤੇ ਇਸ ਤਰ੍ਹਾਂ ਦੇ ਹੁਕਮ ਚਲਾ ਰਹੇ ਹਨ, ਜਿਸ ਤਰ੍ਹਾਂ ਦੇ ਕਦੀ ਗੁਰੂ ਸਾਹਿਬਾਨ ਨੇ ਖ਼ੁਦ ਵੀ ਕਦੀ ਨਹੀਂ ਚਲਾਏ ਸਨ। ਗੁਰੂ ਦੇ ਨਾਮ ’ਤੇ ਠੱਗੀ ਮਾਰਨ ਮਾਰਨ ਵਾਲੀਆਂ ਇਸ ਤਰ੍ਹਾਂ ਦੀਆਂ ਅਨੇਕਾਂ ਦੁਕਾਨਾ ਹਨ ਪਰ ਇਸ ਲੇਖ ਵਿੱਚ ਇੱਕ ਨਵੇਂ ਕਿਸਮ ਦੀ ਦੁਕਾਨ ਖੋਲ੍ਹ ਕੇ ਠੱਗੀ ਮਾਰਨ ਵਾਲੇ ਦਾ ਜਿਕਰ ਕਰਨ ਤੋਂ ਪਹਿਲਾਂ ਕੁਝ ਕੁ ਪਿਛੋਕੜ ’ਤੇ ਝਾਤੀ ਮਾਰਨੀ ਜਰੂਰੀ ਹੈ। ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਤੋਂ ਉਪ੍ਰੰਤ ਹੋਂਦ ਵਿੱਚ ਆਈ ਸ਼੍ਰੋਮਣੀ ਕਮੇਟੀ ਤੋਂ ਕੁਝ ਆਸਾ ਬੱਝੀ ਸੀ ਕਿ ਇਹ ਗੁਰੂ ਨਾਨਕ ਦੇ ਫਲਸਫੇ ਨੂੰ ਸ਼ੁੱਧ ਸਰੂਪ ਵਿੱਚ ਘਰ ਘਰ ਪਹੁੰਚਾਉਣ ਲਈ ਕੰਮ ਕਰੇਗੀ। ਸ਼ੁਰੂ ਸ਼ੁਰੂ ਵਿੱਚ ਕੁਝ ਕੰਮ ਕੀਤਾ ਵੀ ਪਰ ਛੇਤੀ ਹੀ ਸ਼੍ਰੋਮਣੀ ਕਮੇਟੀ ’ਤੇ ਵੀ ਸਿਆਸਤ ਭਾਰੂ ਹੋ ਗਈ ਤੇ ਇਸ ਸਮੇਂ ਸਿਆਸੀ ਲੋਕ, ਸ਼੍ਰੋਮਣੀ ਕਮੇਟੀ ਰਾਹੀਂ ਧਰਮ ’ਤੇ ਇਤਨੇ ਬੁਰੀ ਤਰ੍ਹਾਂ ਕਾਬਜ਼ ਹੋ ਗਏ ਹਨ ਕਿ ਜਿਤਨਾ ਨੁਕਸਾਨ ਇਸ ਦੇ ਪ੍ਰਚਾਰ ਲਈ ਬਣੀ ਕਮੇਟੀ ਕਰ ਰਹੀ ਹੈ, ਇਤਨਾ ਸ਼ਾਇਦ ਸਿੱਖ ਧਰਮ ਦੇ ਬਾਹਰੀ ਦੁਸ਼ਮਣ ਵੀ ਨਹੀਂ ਕਰ ਸਕਦੇ। ਜਿਸ ਸਮੇਂ ਸ਼੍ਰੋਮਣੀ ਕਮੇਟੀ ਨੇ ਸਿਆਸਤ ਦੀ ਗ੍ਰਿਫ਼ਤ ’ਚ ਆ ਕੇ ਧਰਮ ਪ੍ਰਚਾਰ ਦੀ ਥਾਂ ਸਿਆਸਤ ਵਿੱਚ ਆਪਣੀ ਦਿਲਚਸਪੀ ਵਧਾਉਣੀ ਸ਼ੁਰੂ ਕਰ ਦਿੱਤੀ ਤਾਂ ਇਸ ਖੱਪੇ ਨੂੰ ਪੂਰਾ ਕਰਨ ਲਈ ਮਿਸ਼ਨਰੀ ਕਾਲਜ ਹੋਂਦ ਵਿੱਚ ਆਏ। ਮਿਸ਼ਨਰੀ ਕਾਲਜਾਂ ਨੇ ਮੁੱਢਲੇ ਅਤੇ ਸਿਧਾਂਤਕ ਰੂਪ ਵਿੱਚ ਕਾਫ਼ੀ ਕੰਮ ਕੀਤਾ ਪਰ ਇੱਕ ਸਟੇਜ ’ਤੇ ਆ ਕੇ ਉਹ ਵੀ ਰੁਕ ਗਏ ਅਤੇ ਉਹ ਫਲਸਫੇ ਨੂੰ ਲਾਗੂ ਕਰਵਾਉਣ ਲਈ ਕੋਈ ਐਕਸ਼ਨ ਪਲਾਨ ਨਾ ਬਣਾ ਸਕੇ ਜਾਂ ਇਉਂ ਕਹਿ ਲਵੋ ਕਿ ਮਿਸ਼ਨਰੀ ਕਾਲਜ ਹਾਲੀ ਆਪਣੇ ਆਪ ਨੂੰ ਸਿਆਸੀ ਲੋਕਾਂ, ਪੁਜਾਰੀਆਂ ਅਤੇ ਡੇਰਾਵਾਦ ਦੇ ਮੁਕਾਬਲੇ ’ਤੇ ਕਾਫ਼ੀ ਕਮਜ਼ੋਰ ਸਮਝਦੇ ਸਨ ਇਸ ਲਈ ਕਿਸੇ ਐਕਸ਼ਨ ਪਲਾਨ ਲਈ ਉਹ ਆਪਣੇ ਆਪ ਨੂੰ ਤਿਆਰ ਨਹੀਂ ਸਨ ਕਰਨਾ ਚਾਹੁੰਦੇ।

ਇਸੇ ਦੌਰਾਨ ਸਪੋਕਸਮੈਨ ਮਾਸਕ ਪੱਤਰ ਹੋਂਦ ’ਚ ਆਇਆ, ਜਿਸ ਨੇ ਇਹ ਬੀੜਾ ਚੁੱਕਣ ਦਾ ਦਾਅਵਾ ਕੀਤਾ। ਉਸ ਨੇ ਧਰਮ ਦੀ ਦੁਵਰਤੋਂ ਕਰ ਰਹੇ ਸਿਆਸੀ ਲੋਕਾਂ ਅਤੇ ਡੇਰਾਵਾਦੀਆਂ ਵਿਰੁੱਧ ਧੜੱਲੇ ਨਾਲ ਲੇਖ ਛਾਪੇ, ਜਿਸ ਕਾਰਨ ਇਸ ਦੇ ਮੁੱਖ ਸੰਪਾਦਕ ਸ: ਜੋਗਿੰਦਰ ਸਿੰਘ ਮਿਸ਼ਨਰੀ ਕਿਸਮ ਦੇ ਲੋਕਾਂ ਦੇ ਜ਼ਜ਼ਬਾਤਾਂ ਨੂੰ ਆਪਣੇ ਨਾਲ ਜੋੜਲ ’ਚ ਸਫ਼ਲ ਹੋ ਗਿਆ। ਵੀਹਵੀਂ ਸਦੀ ਦੇ ਅਖੀਰਲੇ ਦਹਾਕੇ ’ਚ ਸਾਬਕਾ ਪੁਲਿਸ ਥਾਣੇਦਾਰ ਸ: ਗੁਰਬਖਸ਼ ਸਿੰਘ ਕਾਲਾ ਅਫ਼ਗਾਨਾਂ ਨੇ ਗੁਰਬਾਣੀ ਅਧਾਰਤ ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਪੁਸਤਕਾਂ ਦੀ ਲੜੀ ਲਿਖੀ, ਜਿਨ੍ਹਾਂ ਵਿੱਚ ਉਠਾਏ 90 ਪ੍ਰਤੀਸ਼ਤ ਨੁਕਤੇ ਬਿਲਕੁਲ ਗੁਰਬਾਣੀ ਅਧਾਰਤ ਸਨ ਅਤੇ ਉਹ ਫੌਰੀ ਤੌਰ ’ਤੇ ਮੰਨਣ-ਯੋਗ ਸਨ ਪਰ 10 ਪ੍ਰਤੀਸ਼ਤ ਭਾਗ ਐਸਾ ਵੀ ਸੀ ਕਿ ਸਦੀਆਂ ਤੋਂ ਬਣੀਆਂ ਸਿੱਖ ਰਵਾਇਤਾਂ (ਬੇਸ਼ੱਕ ਕਈ ਥਾਂਵੀਂ ਉਹ ਗੁਰਬਾਣੀ ਫਲਸਫੇ ਦੇ ਵਿਰੋਧ ਵਿੱਚ ਵੀ ਸਨ ਪਰ ਪੁਜਾਰੀਆਂ ਅਤੇ ਡੇਰਾਵਾਦੀਆਂ ਦੀ ਮਿਹਰਬਾਨੀ ਸਦਕਾ ਉਹ ਸਿੱਖ ਵੀਚਾਰਧਾਰਾ ਦਾ ਇੱਕ ਅੰਗ ਹੀ ਬਣ ਚੁੱਕੀਆਂ ਸਨ) ਦੇ ਵਿਰੋਧ ਵਿੱਚ ਵੀ ਭਾਸਦਾ ਸੀ। ਕਾਲਾ ਅਫਗਾਨਾ ਦੀਆਂ ਇਨ੍ਹਾਂ ਪੁਸਤਕਾਂ ਨੇ ਡੇਰਾਵਾਦੀਆਂ ਅਤੇ ਪੁਜਾਰੀ ਹਲਕਿਆਂ ਵਿੱਚ ਇੱਕ ਤਰ੍ਹਾਂ ਤਹਿਲਕਾ ਮਚਾ ਦਿੱਤਾ ਤੇ ਇਸ ਦੀ ਮਾਰ ਤੋਂ ਬਚਣ ਲਈ 12-13 ਪੁਸਤਕਾਂ ਦੇ ਸੈ¤ਟ ਵਿੱਚੋਂ ਉਨ੍ਹਾਂ ਕੁਝ ਇਤਰਾਜਯੋਗ ਦਿੱਸ ਰਹੀਆਂ ਲਾਈਨਾਂ ਚੁਣ ਕੇ ਅਕਾਲ ਤਖਤ ਦੇ ਨਾਮ ਦੀ ਦੁਰਵਰਤੋਂ ਕਰਦਿਆਂ ਉਨ੍ਹਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ। ਹਾਲਾਂ ਕਿ ਜੇਕਰ ਉਨ੍ਹਾਂ ਲਾਈਨਾਂ ਦੇ ਅੱਗੇ ਪਿੱਛੇ ਲਿਖੇ ਪੂਰੇ ਪ੍ਰਸੰਗ ਨੂੰ ਪੜ੍ਹ ਕੇ ਵੇਖਿਆ ਜਾਵੇ ਤਾਂ ਉਹ ਇਤਨੀਆਂ ਇਤਰਾਜਯੋਗ ਵੀ ਨਹੀਂ ਸਨ ਜਾਂ ਉਨ੍ਹਾਂ ਵਿੱਚ ਸੋਧ ਵੀ ਕਰਵਾਈ ਜਾ ਸਕਦੀ ਸੀ। ਸ: ਗੁਰਬਖਸ਼ ਸਿੰਘ ਨੇ ਤਾਂ ਇਹ ਪੁਸਤਕਾਂ ਛਾਪਣ ਤੋਂ ਪਹਿਲਾਂ ਉਨ੍ਹਾਂ ਦੇ ਖਰੜੇ ਤਖਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਅਤੇ ਕੁਝ ਹੋਰ ਵਿਦਵਾਨਾਂ ਨੂੰ ਭੇਜ ਕੇ ਮੰਗ ਵੀ ਕੀਤੀ ਸੀ ਕਿ ਇਨ੍ਹਾਂ ਪੁਸਤਕਾਂ ਦਾ ਜੇ ਕੋਈ ਭਾਗ ਇਤਰਾਜਯੋਗ ਹੈ ਤਾਂ ਉਸ ਵਿੱਚ ਗੁਰਬਾਣੀ ਦੇ ਅਧਾਰ ’ਤੇ ਸੋਧ ਵੀ ਕੀਤੀ ਜਾ ਸਕਦੀ ਹੈ, ਜਾਂ ਜੇ ਕੋਈ ਭਾਗ ਛਾਪਣਾ ਪੰਥ ਦੇ ਹਿੱਤ ਵਿੱਚ ਨਹੀਂ ਤਾਂ ਉਸ ਨੂੰ ਕੱਟਿਆ ਵੀ ਜਾ ਸਕਦਾ ਹੈ ਪਰ ਕਿਸੇ ਵਲੋਂ ਕੋਈ ਸੁਝਾਅ ਨਾ ਭੇਜੇ ਜਾਣ ਕਰਕੇ ਉਹ ਪੁਸਤਕਾਂ ਛਪ ਗਈਆਂ।

ਇਨ੍ਹਾਂ ਪੁਸਤਕਾਂ ਦੀਆਂ ਕੁਝ ਕੁ ਲਾਈਨਾਂ ਕੱਟ ਕੇ ਬਾਕੀ ਹਿੱਸੇ ਨੂੰ ਸ਼੍ਰੋਮਣੀ ਕਮੇਟੀ ਵਲੋਂ ਲਾਗੂ ਕੀਤੇ ਜਾਣ ਨਾਲ ਸਿੱਖ ਧਰਮ ਨੁੰ ਸਿਧਾਂਤਕ ਤੌਰ ’ਤੇ ਵੱਡਾ ਲਾਭ ਹੋਣਾ ਸੀ ਪਰ ਬਦਕਿਸਮਤੀ ਹੈ ਕਿ ਸ: ਕਾਲਾ ਅਫਗਾਨਾਂ ਦੀ ਮਿਹਨਤ ਤੋਂ ਲਾਹਾ ਖੱਟਣ ਦੀ ਥਾਂ ਉਨ੍ਹਾਂ ਨੂੰ ਪੰਥ ’ਚੋਂ ਛੇਕਣ ਦਾ ਰਾਹ ਅਖਤਿਆਰ ਕੀਤਾ ਗਿਆ, ਜਿਸ ਵਿਰੁੱਧ ਦੇਸ਼ ਵਿਦੇਸ਼ ਦੇ ਜਾਗਰੂਕ ਸਿੱਖਾਂ ’ਚ ਭਾਰੀ ਰੋਸ ਪੈਦਾ ਹੋਇਆ ਤੇ ਚੰਡੀਗੜ੍ਹ ’ਚ ਸਿੱਖ ਵਰਲਡ ਕਨਵੈਨਸ਼ਨ ਸੱਦੇ ਜਾਣ ਦਾ ਫੈਸਲਾ ਹੋਇਆ। ਇਸ ਕਨਵੈਨਸ਼ਨ ਲਈ ਪੈਸਾ ਸ: ਕਾਲਾ ਅਫਗਾਨਾਂ ਦੇ ਨਾਮ ’ਤੇ ਸ: ਗੁਰਤੇਜ ਸਿੰਘ ਸਾਬਕਾ ਆਈ.ਏ.ਐਸ ਰਾਹੀਂ ਵਿਦੇਸ਼ਾਂ ਤੋਂ ਆਇਆ ਤੇ ਪ੍ਰਬੰਧਕਾਂ ਵਜੋਂ ਗੁਰਤੇਜ ਸਿੰਘ, ਜੋਗਿੰਦਰ ਸਿੰਘ ਸਪੋਕਸਮੈਨ ਅਤੇ ਰਾਜਿੰਦਰ ਸਿੰਘ (ਸ਼੍ਰੋਮਣੀ ਖ਼ਾਲਸਾ ਪੰਚਾਇਤ) ਦੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ। ਸ: ਜੋਗਿੰਦਰ ਸਿੰਘ ਦੀ ਆਦਤ ਉਨ੍ਹਾਂ ਘਾਗ ਸਿਆਸਤਦਾਨਾਂ ਵਾਲੀ ਹੈ, ਜਿਹੜੇ ਆਪਣੇ ਕਿਸੇ ਸਹਿਯੋਗੀ ਦਾ ਕੱਦ ਆਪਣੇ ਮੋਢੇ ਤੋਂ ਉਚਾ ਉਠਿਆ ਨਹੀਂ ਵੇਖ ਸਕਦੇ ਅਤੇ ਲੀਡਰਸ਼ਿਪ ਨੂੰ ਪੂਰੀ ਤਰ੍ਹਾਂ ਆਪਣੇ ਹੱਥ ਵਿੱਚ ਰੱਖਣਾ ਚਾਹੁੰਦੇ ਹਨ। ਉਨ੍ਹਾਂ ਨੂੰ ਭਾਸਿਆ ਕਿ ਗੁਰਤੇਜ ਸਿੰਘ ਇੱਕ ਸਿੱਖ ਸਕਾਲਰ ਹੋਣ ਦੇ ਨਾਤੇ ਆਪਣਾ ਕੱਦ ਵਧਾ ਸਕਦੇ ਹਨ। ਇਸ ਲਈ ਕਨਵੈਨਸ਼ਨ ਦੀ ਤਿਆਰੀ ਮੀਟਿੰਗਾਂ ’ਚ ਉਨ੍ਹਾਂ ਨੇ ਗੁਰਤੇਜ ਸਿੰਘ ਦੀ ਆਨੇ ਬਹਾਨੇ ਬੇਇਜ਼ਤੀ ਕਰਨੀ ਸ਼ੁਰੂ ਕਰ ਦਿੱਤੀ। ਮੀਟਿੰਗਾਂ ’ਚ ਹਾਜਰ ਹੋਣ ਵਾਲੇ ਇੱਕ ਗੁਰਸਿੱਖ ਨੇ ਦੱਸਿਆ ਕਿ ਜਿਸ ਗੁਰਤੇਜ ਸਿੰਘ ਨੂੰ ਆਕੜ ਭਰਪੂਰ ਜੱਟ ਸਮਝਿਆ ਜਾਂਦਾ ਸੀ, ਉਹ ਜੋਗਿੰਦਰ ਸਿੰਘ ਤੋਂ ਬੇਇਜ਼ਤੀ ਕਰਵਾ ਕੇ ਵੀ ਚੁੱਪ ਰਹਿੰਦਾ ਸੀ। ਉਸ ਗੁਰਸਿੱਖ ਅਨੁਸਾਰ ਜਦੋਂ ਉਨ੍ਹਾਂ ਨੇ ਗੁਰਤੇਜ ਸਿੰਘ ਨੂੰ ਪੁੱਛਿਆ ਕਿ ਤੁਸੀਂ ਇਤਨੀ ਬੇਇੱਜ਼ਤੀ ਕਰਵਾ ਕੇ ਵੀ ਚੁੱਪ ਕਿਉਂ ਰਹਿੰਦੇ ਹੋ? ਤਾਂ ਉਨ੍ਹਾਂ ਦਾ ਜਵਾਬ ਹੁੰਦਾ ਸੀ ਕਿ ਇਸ ਦਾ ਇਰਾਦਾ ਮੈਨੂੰ ਭਜਾਉਣ ਦਾ ਹੈ। ਜੇ ਮੈਂ ਭੱਜ ਗਿਆ ਜਾਂ ਸਾਡੀ ਲੜਾਈ ਕਾਰਨ ਕਨਵੈਨਸ਼ਨ ਨਾ ਹੋ ਸਕੀ ਤਾਂ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਰਾਹੀਂ ਪੈਸਾ ਭੇਜਿਆ ਹੈ, ਉਹ ਮੈਨੂੰ (ਗੁਰਤੇਜ ਸਿੰਘ ਨੂੰ) ਲਾਹਨਤਾਂ ਪਾਉਣਗੇ ਕਿ ਤੁਸੀਂ ਮਿਲ ਕੇ ਇੱਕ ਕਨਵੈਨਸ਼ਨ ਵੀ ਨਹੀਂ ਕਰਵਾ ਸਕਦੇ ਤਾਂ ਸਾਡਾ ਪੈਸਾ ਬਰਬਾਦ ਕਿਉਂ ਕੀਤਾ ਹੈ, ਤਾਂ ਉਨ੍ਹਾਂ ਨੂੰ ਕੀ ਜਵਾਬ ਦੇਵਾਂਗਾ? ਇਸ ਲਈ ਜਿਵੇਂ ਵੀ ਹੋ ਸਕੇ, ਕਨਵੈਨਸ਼ਨ ਹੋ ਲੈਣ ਦਿਓ, ਬਾਅਦ ਵਿੱਚ ਵੇਖੀ ਜਾਵੇਗੀ, ਕੀ ਹੁੰਦਾ ਹੈ। ਸ: ਰਜਿੰਦਰ ਸਿੰਘ ਨੇ ਮੌਕਾ ਸੰਭਾਲਣ ਲਈ ਜੋਗਿੰਦਰ ਸਿੰਘ ਨੂੰ ਕਿਹਾ ਕਿ ਤੁਸੀਂ ਸਾਡੇ ਲੀਡਰ ਹੋ, ਅਸੀਂ ਤੁਹਾਡੀ ਲੀਡਰਸ਼ਿਪ ਪ੍ਰਵਾਨ ਕਰਦੇ ਹਾਂ ਅਤੇ ਤੁਹਾਡੇ ਸਹਿਯੋਗੀ ਹਾਂ ਪਰ ਆਪਣੇ ਸਹਿਯੋਗੀਆਂ ਦੀ ਭਰੀ ਮੀਟਿੰਗ ਵਿੱਚ ਬੇਇੱਜ਼ਤੀ ਤਾਂ ਨਾ ਕਰਿਆ ਕਰੋ। ਇਸ ਤੋਂ ਜੋਗਿੰਦਰ ਸਿੰਘ ਸਮਝ ਗਏ ਕਿ ਕਿਸੇ ਦਿਨ ਰਜਿੰਦਰ ਸਿੰਘ ਵੀ ਉਨ੍ਹਾਂ ਨੂੰ ਚੁਣੌਤੀ ਦੇ ਸਕਦਾ ਹੈ, ਇਸ ਲਈ ਉਨ੍ਹਾਂ ਨੂੰ ਭਜਾਉਣ ਲਈ ਉਨ੍ਹਾਂ ਨਾਲ ਵੀ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ।

ਜੋਗਿੰਦਰ ਸਿੰਘ ਇਸ ਤਰ੍ਹਾਂ ਦਾ ਮਾਹੌਲ ਬਣਾ ਰਿਹਾ ਸੀ ਕਿ ਕਨਵੈਨਸ਼ਨ ਕਿਸੇ ਪਬਲਿਕ ਥਾਂ ’ਤੇ ਹੋਣ ਦੀ ਬਜਾਏ ਇਸ ਦੇ ਘਰ ਨਾਲ ਪਏ ਪਲਾਟ ਵਿੱਚ ਹੋਵੇ ਤਾਂ ਕਿ ਕਨਵੈਨਸ਼ਨ ਦੀ ਸਫਲਤਾ ਦਾ ਸਿਹਰਾ ਉਸ ਦੇ ਸਿਰ ਬਝੇ ਅਤੇ ਉਸ ਦੇ ਬਾਕੀ ਸਾਥੀਆਂ ’ਤੇ ਇਹ ਦੋਸ਼ ਲੱਗੇ ਕਿ ਉਨ੍ਹਾਂ ਨੇ ਕਨਵੈਨਸ਼ਨ ਫੇਲ ਕਰਨ ਲਈ ਹੀ ਉਸ ਦਾ ਸਾਥ ਨਹੀਂ ਦਿੱਤਾ। ਸ: ਗੁਰਤੇਜ ਸਿੰਘ ਨੇ ਛੁੱਟੀ ਵਾਲੇ ਦਿਨ, ਕਨਵੈਨਸ਼ਨ ਤੋਂ ਇੱਕ ਦਿਨ ਪਹਿਲਾਂ ਜੱਜ ਦੇ ਘਰ ਜਾ ਕੇ ਉਨ੍ਹਾ ਤੋਂ ਪੰਜਾਬ ਸਰਕਾਰ ਨੂੰ ਅਦਾਲਤੀ ਹੁਕਮ ਕਰਵਾਇਆ ਕਿ ਵਰਲਡ ਸਿੱਖ ਕਨਵੈਨਸ਼ਨ ਕਰਨ ਲਈ ਸਰਕਾਰ ਸੁਰੱਖਿਆ ਮੁਹੱਈਆ ਕਰਵਾਏ, ਤਾਂ ਜਾ ਕੇ 20 ਅਕਤੂਬਰ 2003 ਵਾਲੀ ਕਨਵੈਨਸ਼ਨ ਸਿਰੇ ਚੜ੍ਹ ਸਕੀ। ਉਸ ਕਨਵੈਨਸ਼ਨ ਵਿੱਚ ਜੋਗਿੰਦਰ ਸਿੰਘ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਸਨ ਅਤੇ ਕਈ ਵਾਰ ਬਿਨਾਂ ਆਪਣੀ ਵਾਰੀ ਦੀ ਉਡੀਕ ਕੀਤਿਆਂ ਹੀ, ਵਿੱਚੋਂ ਹੀ ਉਠ ਕੇ ਬੋਲਣਾ ਸ਼ੁਰੂ ਕਰ ਦਿੰਦੇ ਸਨ ਤੇ ਇੰਝ ਲੱਗਦਾ ਸੀ ਜਿਵੇਂ ਕਿ ਸਾਰੀ ਕਨਵੈਨਸ਼ਨ ਜੋਗਿੰਦਰ ਸਿੰਘ ਦੇ ਦੁਆਲੇ ਹੀ ਘੁੰਮ ਰਹੀ ਹੋਵੇ। ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਜਿਸ ਦੇ ਨਾਮ ’ਤੇ ਪੈਸਾ ਆਇਆ ਸੀ, ਉਸ ਦਾ ਬਹੁਤ ਘੱਟ ਜਿਕਰ ਕੀਤਾ ਗਿਆ ਤੇ ਸਾਰਾ ਜ਼ੋਰ ਸਪੋਕਸਮੈਨ ਦੇ ਰੋਜ਼ਾਨਾ ਅਖ਼ਬਾਰ ਸ਼ੁਰੂ ਕਰਨ ਲਈ ਲਾਈ ਰੱਖਿਆ। ਇਸ ਤਰ੍ਹਾਂ ਕਾਲਾ ਅਫਗਾਨਾਂ ਦਾ ਨਾਮ ਜੋਗਿੰਦਰ ਸਿੰਘ ਨੇ ਆਪਣੇ ਅਖ਼ਬਾਰ ਲਈ ਵਰਤਿਆ ਅਤੇ ਗੁਰਤੇਜ ਸਿੰਘ ਤੇ ਰਜਿੰਦਰ ਸਿੰਘ, ਜਿਨ੍ਹਾਂ ਨੂੰ ਇਹ ੳ, ਅ ਲਿਖ ਰਿਹਾ ਹੈ, ਉਹ ਇਸ ਡਰੋਂ ਚੁੱਪ ਰਹੇ ਕਿ ਕਨਵੈਨਸ਼ਨ ਫੇਲ ਹੋ ਜਾਣ ਦਾ ਦੋਸ਼ ਕਦੀ ਉਨ੍ਹਾਂ ਦੇ ਸਿਰ ਨਾ ਮੜਿਆ ਜਾਵੇ। ਉਸ ਸਮੇਂ ਸਿੱਖ ਵਰਲਡ ਕਨਵੈਨਸ਼ਨ ਦਾ ਸਰਗਰਮ ਸਮਰਥਕ ਹੋਣ ਦੇ ਨਾਤੇ ਮੈਨੂੰ ਇਹ ਸਾਰੀਆਂ ਘਟਨਾਵਾਂ ਕੱਲ੍ਹ ਵਾਂਗ ਯਾਦ ਹਨ।

ਕਨਵੈਨਸ਼ਨ ਦੀ ਸਮਾਪਤੀ ਹੁੰਦਿਆਂ ਹੀ ਜਿਸ ਤਰ੍ਹਾਂ ਪਹਿਲਾਂ ਤੋਂ ਹੀ ਅੰਦਾਜਾ ਲਾਇਆ ਜਾਂਦਾ ਸੀ, ਗੁਰਤੇਜ ਸਿੰਘ ਅਤੇ ਰਜਿੰਦਰ ਸਿੰਘ, ਜੋਗਿੰਦਰ ਸਿੰਘ ਨਾਲੋਂ ਵੱਖ ਹੋ ਗਏ,ਅਤੇ ਉਨ੍ਹਾਂ ਦਾ ਨਾਮ ‘ੳ’ ਤੇ ‘ਅ’ ਪੈ ਗਿਆ। ਜਿਸ ਨਾਲ ਲਹਿਰ ਨੂੰ ਤਾਂ ਬੇਸ਼ੱਕ ਵੱਡਾ ਧੱਕਾ ਲੱਗਿਆ ਪਰ ਜੋਗਿੰਦਰ ਸਿੰਘ ਨਵੀਂ ਉਭਰ ਰਹੀ ਲਹਿਰ ਦਾ ਇੱਕੋ ਇੱਕ ਆਗੂ ਬਣ ਗਿਆ। ਬੇਸ਼ੱਕ ਉਸ ਸਮੇਂ ਗੁਰਤੇਜ ਸਿੰਘ ਅਤੇ ਰਜਿੰਦਰ ਸਿੰਘ ਨੇ ਸਾਨੂੰ ਵੀ ਜੋਗਿੰਦਰ ਸਿੰਘ ਦੀਆਂ ਆਦਤਾਂ ਦੱਸ ਕੇ ਸਿੱਖ ਧਰਮ ਲਈ ਖ਼ਤਰਨਾਕ ਹੋਣ ਸਬੰਧੀ ਸੁਚੇਤ ਕੀਤਾ ਸੀ ਪਰ ਉਸ ਸਮੇਂ ਸਾਡੇ ਮਨਾਂ ’ਤੇ ਵੀ ਪੰਥਕ ਅਖ਼ਬਾਰ ਚਾਲੂ ਕਰਨ ਦਾ ਭੂਤ ਸਵਾਰ ਸੀ, ਇਸ ਲਈ ਅਸੀਂ ਜੋਗਿੰਦਰ ਸਿੰਘ ਨੂੰ ਸਮਰਥਨ ਦੇਣਾ ਜਾਰੀ ਰੱਖਿਆ। ਪਰ ਅਖ਼ਬਾਰ ਸ਼ੁਰੂ ਹੋਣ ਪਿੱਛੋਂ ਜਦੋਂ ਕਦੀ ਸਿੱਖ ਧਰਮ, ਖਾਸ ਕਰਕੇ 10 ਗੁਰੂ ਸਾਹਿਬਾਨ ਦਾ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਸਬੰਧੀ ਛਪੀਆਂ ਗਲਤ ਟਿੱਪਣੀਆਂ ਨੂੰ ਜੋਗਿੰਦਰ ਸਿੰਘ ਦੇ ਧਿਆਨ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਦਾ ਰਵੱਈਆ ਮੇਰੇ ਸਬੰਧੀ ਵੀ ਸਖਤ ਹੁੰਦਾ ਗਿਆ, ਜਿਸ ਦਾ ਅੰਤ ਸਪੋਕਸਮੈਨ ਨਾਲੋਂ ਤੋੜ ਵਿਛੋੜੇ ’ਚ ਨਿਕਲਿਆ।

ਦਸੰਬਰ 2008, ਜਦੋਂ ਪ੍ਰੋ: ਦਰਸ਼ਨ ਸਿੰਘ ਨੇ ਹਜ਼ੂਰ ਸਾਹਿਬ ਵਿਖੇ ਕੀਤੇ ਕੀਰਤਨ ਦੌਰਾਨ ਇਹ ਸੁਆਲ ਖੜ੍ਹਾ ਕੀਤਾ ਕਿ ਜੇ ਇਸ ਅਸਥਾਨ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ ਅਤੇ ਉਸ ਸਮੇਂ ਕੋਈ ਹੋਰ ਗ੍ਰੰਥ ਕੋਲ ਨਹੀਂ ਸੀ ਰੱਖਿਆ ਤਾਂ ਹੋਰ ਕਿਸ ਨੂੰ ਅਧਿਕਾਰ ਹੈ ਕਿ ਉਹ ਗੁਰੂ ਸਾਹਿਬ ਦੇ ਹੁਕਮਾਂ ਦੀ ਅਦੂਲੀ ਕਰਕੇ ਇਸੇ ਜਗ੍ਹਾ ’ਤੇ ਕੋਈ ਹੋਰ ਗ੍ਰੰਥ ਬਰਾਬਰ ਪ੍ਰਕਾਸ਼ ਕਰੇ? ਸ਼ਤਾਬਦੀ ਮਨਾਉਣ ਆਈਆਂ ਸਿੱਖ ਸੰਗਤਾਂ ਜਦੋਂ ਇੱਥੇ ਕਿਸੇ ਹੋਰ ਗ੍ਰੰਥ ਨੂੰ ਵੀ ਪ੍ਰਕਾਸ਼ ਹੋਇਆ ਵੇਖਣਗੀਆਂ ਤਾਂ ਉਹ ਇੱਥੋਂ ਗਲਤ ਪ੍ਰਭਾਵ ਲੈ ਕੇ ਜਾਣਗੀਆਂ। ਪ੍ਰੋ: ਦਰਸ਼ਨ ਸਿੰਘ ਦੇ ਇਸ ਦਲੇਰਾਨਾ ਅਤੇ ਤਰਕ ਭਰਪੂਰ ਵਖਿਆਨ ਨਾਲ, ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਿਆਂ ’ਚ ਉਨ੍ਹਾਂ ਦਾ ਸਤਿਕਾਰ ਅਤੇ ਦਸਮ ਗ੍ਰੰਥ ਨੂੰ ਬਰਾਬਰ ਦਾ ਗੁਰੂ ਜਾਂ ਸਿੱਖਾਂ ਦਾ ਚਾਚਾ ਮੰਨਣ ਵਾਲੇ ਡੇਰੇਦਾਰਾਂ ’ਚ ਵਿਰੋਧ ਵਧਿਆ, ਜਿਸ ਦਾ ਸਿੱਟਾ ਅਖੀਰ ਉਨ੍ਹਾਂ ਨੂੰ 29 ਜਨਵਰੀ 2010 ਨੂੰ ਪੰਥ ’ਚੋਂ ਛੇਕੇ ਜਾਣ ’ਚ ਨਿਕਲਿਆ ਅਤੇ ਉਹ ਜਾਗਰੂਕ ਸਿੱਖਾਂ ਦੇ ਸਿਰਕੱਢ ਨੇਤਾ ਵਜੋਂ ਉਭਰੇ।

ਜਿਸ ਤਰ੍ਹਾਂ ਪਹਿਲਾਂ ਵਰਣਨ ਕੀਤਾ ਜਾ ਚੁੱਕਾ ਹੈ ਕਿ ਜੋਗਿੰਦਰ ਸਿੰਘ ਇਹ ਕਦੀ ਵੀ ਪ੍ਰਵਾਨ ਨਹੀਂ ਕਰ ਸਕਦੇ ਕਿ ਕੋਈ ਹੋਰ ਨੇਤਾ ਉਨ੍ਹਾਂ ਤੋਂ ਅੱਗੇ ਨਿਕਲ ਜਾਵੇ, ਇਸ ਲਈ ਉਹ ਸ਼ੁਰੂ ਤੋਂ ਹੀ ਇਹ ਚਾਹੁੰਦੇ ਸਨ ਕਿ ਪ੍ਰੋ: ਦਰਸ਼ਨ ਸਿੰਘ ‘ਏਕਸ ਕੇ ਬਾਰਕ’ ਜਥੇਬੰਦੀ ਦੀ ਕਮਾਂਡ ਸੰਭਾਲਣ ਦੇ ਨਾਮ ਹੇਠ ਉਨ੍ਹਾਂ (ਜੋਗਿੰਦਰ ਸਿੰਘ) ਦੀ ਲੱਤ ਹੇਠਾਂ ਦੀ ਨਿਕਲਣਾ ਪ੍ਰਵਾਨ ਕਰੇ ਨਹੀਂ ਤਾਂ ਕਿਸੇ ਨਾ ਕਿਸੇ ਢੰਗ ਨਾਲ ਉਨ੍ਹਾਂ ਨੂੰ ਬਦਨਾਮ ਕੀਤਾ ਜਾਵੇ, ਬੇਸ਼ੱਕ ਸਿਖਰ ’ਤੇ ਪੁੱਜੀ ਸੁਧਾਰਕ ਲਹਿਰ ਦਾ ਮਲੀਆਮੇਟ ਹੀ ਕਿਉਂ ਨਾ ਹੋ ਜਾਵੇ। ਜੋਗਿੰਦਰ ਸਿੰਘ ਦੀ ਇਹ ਬਦਨੀਤੀ ਉਨ੍ਹਾਂ ਦੀਆਂ ਪਿੱਛਲੇ ਕੁਝ ਮਹੀਨਿਆਂ ਦੀਆਂ ਲਿਖੀਆਂ ਸੰਪਾਦਕੀਆਂ ਅਤੇ ਨਿਜੀ ਡਾਇਰੀਆਂ ’ਚੋਂ ਸਾਫ਼ ਝਲਕਦੀ ਹੈ।
ਪ੍ਰੋ: ਦਰਸ਼ਨ ਸਿੰਘ ‘ਏਕਸ ਕੇ ਬਾਰਿਕ’ ਜਥੇਬੰਦੀ ਦੇ ਮੈਂਬਰ ਜਾਂ ਜੋਗਿੰਦਰ ਸਿੰਘ ਨਾਲ ਹੱਥ ਮਿਲਾਉਣ ਲਈ ਕਿਉਂ ਤਿਆਰ ਨਹੀਂ ਹੁੰਦੇ?

1. ਜੋਗਿੰਦਰ ਸਿੰਘ ਦਾ ਮੰਨਣਾ ਹੈ ਕਿ ਅੰਮ੍ਰਿਤ ਛਕਾਉਣਾ ਇੱਕ ਬ੍ਰਾਹਮਣੀ ਕਰਮਕਾਂਡ ਹੈ, ਇਸ ਲਈ ਗੁਰੂ ਦਾ ਸਿੱਖ ਬਣਨ ਲਈ ਇੱਕ ਬ੍ਰਹਮਣੀ ਕਰਮਕਾਂਡ ਕਰਨ ਦੀ ਲੋੜ ਨਹੀਂ। ਗੁਰਤੇਜ ਸਿੰਘ ਅਤੇ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਇੱਕ ਮੀਟਿੰਗ ਵਿੱਚ ਜੋਗਿੰਦਰ ਸਿੰਘ ਇੱਥੋਂ ਤੱਕ ਕਹਿ ਗਏ ਸਨ ਕਿ ਉਨ੍ਹਾਂ (ਜੋਗਿੰਦਰ ਸਿੰਘ) ਕੋਲ ਪੱਕਾ ਸਬੂਤ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਕੋਈ ਅੰਮ੍ਰਿਤ ਛਕਾਇਆ ਹੀ ਨਹੀਂ ਸਿਰਫ਼ ਮੁਗਲਾਂ ਨਾਲ ਲੜਨ ਲਈ ਰਿਸ਼ਟ ਪੁਸ਼ਟ ਲੜਾਕੂ ਸਿੱਖਾਂ ਦੀ ਇੱਕ ਫੌਜ ਬਣਾਈ ਸੀ।

2. 6 ਅਪ੍ਰੈਲ 2008 ਨੂੰ ‘ਏਕਸ ਕੇ ਬਾਰਿਕ’ ਜਥੇਬੰਦੀ ਦੇ ਗਠਨ ਸਮੇਂ ਇਸ ਨੇ ਐਲਾਨ ਕੀਤਾ ਕਿ ਕਰਤਾਰਪੁਰ ਵਾਲੀ ਅਸਲ ਬੀੜ ਗੁੰਮ ਹੋ ਗਈ ਸੀ ਪਰ ਹੁਣ ਅਸਲ ਪੋਥੀ ਲੱਭ ਗਈ ਹੈ, ਜਿਸ ਨੂੁੰ ਪ੍ਰਗਟ ਕਰਨ ਲਈ 4 ਕਰੋੜ ਰੁਪਏ ਵੱਖਰੇ ਰੱਖੇ ਜਾਣਗੇ ਤੇ ਇਹ ਅਸਲੀ ਪੋਥੀ ਪ੍ਰਗਟ ਕੀਤੀ ਜਾਵੇਗੀ। ਇਹ ਖ਼ਬਰ 7 ਅਪ੍ਰੈਲ 2008 ਦੇ ਸਪੋਕਸਮੈਨ ਦੇ ਮੁੱਖ ਪੰਨੇ ’ਤੇ ਵੇਖੀ ਜਾ ਸਕਦੀ ਹੈ।

3. 17 ਮਈ 2009 ਨੂੰ ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਮਾਤਾ ਦੇ ਭੋਗ ’ਤੇ ਇਸ ਨੇ ਐਲਾਨ ਕੀਤਾ ਕਿ ਬਾਬੇ ਨਾਨਕ ਨੇ ਆਪਣੇ ਜਿਉਂਦੇ ਜੀਅ ਕਿਸੇ ਨੂੰ ਗੱਦੀ ਦਿੱਤੀ ਹੀ ਨਹੀਂ ਕਿਉਂਕਿ ਉਹ ਦੇਹਧਾਰੀ ਗੁਰੂਡੰਮ੍ਹ ਚਲਾਉਣਾ ਹੀ ਨਹੀਂ ਸਨ ਚਾਹੁੰਦੇ।

ਪ੍ਰੋ: ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਐਲਾਨ ਕਰਨ ਵਾਲੇ ਵਿਅਕਤੀ ਦੀ ਜਥੇਬੰਦੀ ਦਾ ਮੈਂਬਰ ਬਣ ਕੇ ਉਹ ਇਸ ਦੀਆਂ ਬੁਰਾਈਆਂ ਦਾ ਭਾਈਵਾਲ ਨਹੀਂ ਬਣਨਾ ਚਾਹੁੰਦੇ ਕਿਉਂਕਿ ਉਹ (ਪ੍ਰੋ: ਦਰਸ਼ਨ ਸਿੰਘ) ਕੌਮ ਨੂੰ ਜਵਾਬਦੇਹ ਹਨ। ਇਸ ਲਈ ਜਦੋਂ ਤੀਕ ਜੋਗਿੰਦਰ ਸਿੰਘ ਉਨ੍ਹਾਂ ਦੇ ਘਰ ਤੋਂ ਬਾਹਰ ਰੱਖੀ ਕਿਸੇ ਮੀਟਿੰਗ (ਜਿਸ ਦੀ ਸਾਰੀ ਕਾਰਵਾਈ ਰੀਕਾਰਡ ਕੀਤੀ ਜਾਵੇਗੀ) ਵਿੱਚ ਇਨ੍ਹਾਂ ਨੁਕਤਿਆਂ ਸਬੰਧੀ ਆਪਣਾ ਸਪੱਸ਼ਟੀਕਰਨ ਨਹੀਂ ਦਿੰਦੇ, ਉਤਨੀ ਦੇਰ ਤੱਕ ਉਹ (ਪ੍ਰੋ: ਦਰਸ਼ਨ ਸਿੰਘ) ਉਨ੍ਹਾਂ (ਜੋਗਿੰਦਰ ਸਿੰਘ) ਦੀ ਕਿਸੇ ਜਥੇਬੰਦੀ ਦੇ ਭਾਈਵਾਲ ਨਹੀਂ ਬਣ ਸਕਦੇ। ਪ੍ਰੋ: ਦਰਸ਼ਨ ਸਿੰਘ ਦਾ ਇਹ ਬੜਾ ਸਿਧਾਂਤਕ ਫੈਸਲਾ ਹੈ ਅਤੇ ਥੋੜ੍ਹੇ ਜਿਹੇ ਲਾਭ ਲਈ ਕੌਮ ਦਾ ਵੱਡਾ ਨੁਕਸਾਨ ਰੋਕਣ ਲਈ ਬਿਲਕੁਲ ਜਾਇਜ਼ ਹੈ ਪਰ ਜੋਗਿੰਦਰ ਸਿੰਘ ਇਸ ਸਬੰਧੀ ਕੋਈ ਸਪੱਸ਼ਟੀਕਰਨ ਦੇਣ ਜਾਂ ਇਸ ਦਾ ਜਵਾਬ ਦੇਣ ਤੋਂ ਪੂਰੀ ਤਰ੍ਹਾਂ ਇਨਕਾਰੀ ਹਨ। ਇਨ੍ਹਾਂ ਨੁਕਤਿਆਂ ਸਬੰਧੀ ਮੈਂ ਇੱਕ ਦਰਜ਼ਨ ਦੇ ਲਗਭਗ ਲੇਖ ਲਿਖੇ, ਜਿਹੜੇ ਸਤੰਬਰ 09 ਤੋਂ ਜਨਵਰੀ 2010 ਤੱਕ ਰੋਜ਼ਾਨਾ ਸੱਚ ਦੀ ਪਟਾਰੀ ਅਤੇ ਅਕਤੂਬਰ 09 ਤੋਂ ਫਰਵਰੀ 2010 ਤੱਕ ਦੇ ਮਾਸਕ ਇੰਡੀਆ ਅਵੈਅਰਨੈਸ ’ਚ ਛਪੇ ਤੇ ਹੋਰ ਵੀ ਕਈ ਵੈਬਸਾਈਟਾਂ ’ਤੇ ਪਾਏ ਗਏ। ਸ: ਜੋਗਿੰਦਰ ਸਿੰਘ ਨੇ ਕਿਸੇ ਵੀ ਲੇਖ ਦਾ ਜਵਾਬ ਇਹ ਕਹਿ ਕੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਕੁੱਤੇ-ਬਿੱਲੀਆਂ ਅਤੇ ਕਾਵਾਂ-ਚਿੱੜੀਆਂ ਦਾ ਜਵਾਬ ਨਹੀਂ ਦਿੰਦੇ।

ਜਿਹੜੇ ਲੋਕ ਇਹ ਸਮਝਦੇ ਹਨ ਕਿ ਅੱਜਕੱਲ੍ਹ ਮੀਡੀਆ ਦਾ ਯੁੱਗ ਹੈ, ਇਸ ਲਈ ਉਨ੍ਹਾਂ ਦਾ ਕੀਤਾ ਕੰਮ ਤਾਂ ਹੀ ਸਫ਼ਲ ਹੈ ਜੇ ਉਨ੍ਹਾਂ ਦੀ ਫੋਟੋ ਸਹਿਤ ਅਗਲੇ ਦਿਨ ਅਖ਼ਬਾਰ ’ਚ ਖ਼ਬਰ ਛਪੇ, ਉਹ ਪ੍ਰੋ: ਦਰਸ਼ਨ ਸਿੰਘ ’ਤੇ ਇਹ ਜ਼ੋਰ ਪਾਉਂਦੇ ਰਹਿੰਦੇ ਹਨ ਕਿ ਦਸਮ ਗ੍ਰੰਥ ਅਤੇ ਪੁਜਾਰੀਵਾਦ ਵਿਰੁੱਧ ਲੜਾਈ ਲੜਨ ਲਈ ਉਨ੍ਹਾਂ ਨੂੰ ਜੋਗਿੰਦਰ ਸਿੰਘ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ। ਅਜਿਹੇ ਸੁਹਿਰਦ ਪਰ ਜੋਗਿੰਦਰ ਸਿੰਘ ਦੀ ਅਸਲੀਅਤ ਤੋਂ ਅਣਜਾਣ ਲੋਕਾਂ ਦੇ ਜ਼ੋਰ ਪਾਉਣ ’ਤੇ ਕਈ ਵਾਰ ਪ੍ਰੋ: ਦਰਸ਼ਨ ਸਿੰਘ, ਜੋਗਿੰਦਰ ਸਿੰਘ ਦੇ ਘਰ ਦੇ ਬਾਹਰ ਕਿਸੇ ਅਸਥਾਨ ’ਤੇ, ਇਸ ਸ਼ਰਤ ’ਤੇ ਮਿਲਣਾ ਮੰਨ ਜਾਂਦੇ ਹਨ ਕਿ ਉਨ੍ਹਾਂ ਸਾਰੇ ਸੁਹਿਰਦ ਮੈਂਬਰਾਂ ਦੀ ਹਾਜਰੀ ਵਿੱਚ ਜੋਗਿੰਦਰ ਸਿੰਘ ਆਪਣੇ ਵਲੋਂ ਉਠਾਏ ਗਏ ਨੁਕਤਿਆਂ ਸਬੰਧੀ ਸਪੱਸ਼ਟੀਕਰਨ ਦੇਣ ਤਾਂ ਉਸ ਨਾਲ ਮਿਲ ਕੇ ਚੱਲਣ ਲਈ ਉਹ ਤਿਆਰ ਹੋ ਜਾਣਗੇ। ਚੁਸਤ ਕਿਸਮ ਦਾ ਜੋਗਿੰਦਰ ਸਿੰਘ ਧੋਖਾ ਦੇਣ ਲਈ ਇੱਕ ਵਾਰ ਤਾਂ ਇਹ ਸ਼ਰਤ ਮੰਨ ਜਾਂਦਾ ਹੈ ਪਰ ਜਦੋਂ ਪ੍ਰੋ: ਦਰਸ਼ਨ ਸਿੰਘ ਚੰਡੀਗੜ੍ਹ ਜਾਂ ਮੁਹਾਲੀ ਵਿੱਚ ਹੀ ਮਿੱਥੇ ਸਥਾਨ ’ਤੇ ਮਿਲਣ ਲਈ ਪਹੁੰਚ ਜਾਂਦੇ ਹਨ ਤਾਂ ਉਹ (ਜੋਗਿੰਦਰ ਸਿੰਘ) ਇਹ ਕਹਿ ਕੇ ਜਵਾਬ ਦੇ ਦਿੰਦੇ ਹਨ ਕਿ ਜਿਸ ਨੇ ਮਿਲਣਾ ਹੈ, ਉਹ ਮੇਰੇ ਘਰ ਜਾਂ ਮੇਰੇ ਦਫ਼ਤਰ ਵਿੱਚ ਆਵੇ, ਮੇਰੇ ਕੋਲ ਕਿਸੇ ਨੂੰ ਘਰੋਂ ਬਾਹਰ ਜਾ ਕੇ ਮਿਲਣ ਦਾ ਕੋਈ ਸਮਾਂ ਨਹੀਂ ਹੈ। ਇਸ ਤਰ੍ਹਾਂ ਸੁਹਿਰਦ ਮੈਂਬਰਾਂ ਦੀਆਂ ਕੋਸ਼ਿਸ਼ਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ ਤੇ ਦੋਸ਼ ਉਲਟਾ ਪ੍ਰੋ: ਦਰਸ਼ਨ ਸਿੰਘ ’ਤੇ ਲਾ ਦਿੰਦੇ ਹਨ ਕਿ ਉਹ ਉਨ੍ਹਾਂ ਦੇ ਕੀਤੇ ਨੂੰ ਨਹੀਂ ਜਾਣਦੇ ਸਗੋਂ ਅਗੋਂ ਗਾਲਾਂ ਕੱਢਦੇ ਹਨ। ਆਉ ਹੁਣ ਆਪਾਂ ਪ੍ਰੋ: ਦਰਸ਼ਨ ਸਿੰਘ ’ਤੇ ਲਾਏ ਜਾ ਰਹੇ ਦੋਸ਼ਾਂ ਦੀ ਛਾਣਬੀਣ ਕਰੀਏ :

1. ਪ੍ਰੋ: ਦਰਸ਼ਨ ਸਿੰਘ ਦੀ ਲੜਾਈ ਅਸੀਂ ਤਾਂ ਆਪਣੀ ਲੜਾਈ ਬਣਾ ਕੇ ਲੜੀ ਪਰ....ਦੂਜੀ ਧਿਰ ਕੀਤੇ ਨੂੰ ਵੀ ਨਾ ਜਾਣੇ ਤੇ ਸਗੋਂ ਗਾਲਾਂ ਕੱਢੇ ਤਾਂ ਤੁਸੀਂ ਕੀ ਕਰੋਗੇ।?

ਟਿੱਪਣੀ : ਜੋਗਿੰਦਰ ਸਿੰਘ ਜੀ ਦੱਸਣ ਕਿ ਜੇ ਦਸਮ ਗ੍ਰੰਥ ਦੀ ਬਰਾਬਰ ਲੱਗੀ ਮੰਜੀ ਉਠਾਉਣੀ ਅਤੇ ਪੁਜਾਰੀਆਂ ਅੱਗੇ ਨਿਜੀ ਤੌਰ ’ਤੇ ਪੇਸ਼ ਹੋਣ ਦੀ ਥਾਂ ਸੁਣਵਾਈ ਅਕਾਲ ਤਖਤ ਸਾਹਿਬ ’ਤੇ ਸੰਗਤਾਂ ਦੀ ਹਾਜਰੀ ਵਿੱਚ ਕਰਨ ਦੀ ਮੰਗ ਪ੍ਰੋ: ਦਰਸ਼ਨ ਸਿੰਘ ਦੀ ਨਿਜੀ ਲੜਾਈ ਹੈ ਤਾਂ ਜੋਗਿੰਦਰ ਸਿੰਘ ਅਤੇ ਸਮੁੱਚੇ ਪੰਥ ਦੀ ਕਿਹੜੀ ਲੜਾਈ ਹੈ? ਜੇ ਸਿਰਫ਼ ਦਰਸ਼ਨ ਸਿੰਘ ਦੀ ਲੜਾਈ ਇਕੱਲਾ ਜੋਗਿੰਦਰ ਸਿੰਘ ਲੜ ਰਿਹਾ ਤਾਂ ਪੰਥ ਕਿੱਧਰ ਗਿਆ? ਜੇ ਪੁਜਾਰੀਆਂ ਅਤੇ ਸਿਆਸਤਦਾਨਾਂ ਵਲੋਂ ਪੰਥ ਨੂੰ ਨਜ਼ਰ ਅੰਦਾਜ਼ ਕਰਨ ’ਤੇ ਜੋਗਿੰਦਰ ਸਿੰਘ ਨੂੰ ਇਤਰਾਜ ਹੈ ਤਾਂ ਇਸ ਨੇ ਖ਼ੁਦ ਇਸ ਲੜਾਈ ’ਚ ਪੰਥ ਨੂੰ ਕਿਸ ਸਥਾਨ ’ਤੇ ਰੱਖਿਆ ਹੈ? ਕੀ ਜੋਗਿੰਦਰ ਸਿੰਘ ਦੀਆਂ ਜੱਗ-ਜ਼ਾਹਰ ਹੋਈਆਂ ਪੰਥਕ ਹਿੱਤਾਂ ਵਿਰੁੱਧ ਜਾ ਰਹੀਆਂ ਪਾਲਿਸੀਆਂ ਸਬੰਧੀ ਸਪੱਸ਼ਟੀਕਰਨ ਮੰਗਣਾ, ਉਸ ਨੂੰ ਗਾਲ੍ਹਾਂ ਕੱਢਣਾ ਹੈ?

2. ਉਹ ਤੁਹਾਡੇ ਲਈ ਧੰਨਵਾਦ ਦੇ ਦੋ ਸਫ਼ਜ ਵੀ ਮੂੰਹੋਂ ਨਾ ਕੱਢ ਸਕੇ ਤੇ ਚੰਡੀਗੜ੍ਹ ਤਿਨ ਵਾਰ ਆ ਕੇ ਵੀ ਦੋ ਮਿੰਟ ਲਈ ਨਾ ਮਿਲ ਸਕੇ ਤੇ ਕੀਤੀ ਨੂੰ ਵੀ ਨਾ ਜਾਣੇ।..

ਟਿੱਪਣੀ : ਸ: ਜੋਗਿੰਦਰ ਸਿੰਘ ਜੀ ਕਿਸ ਗੱਲ ਦੇ ਧੰਨਵਾਦ ਦੀ ਮੰਗ ਕਰਦੇ ਹਨ? ਕੋਈ ਵੀ ਖ਼ਬਰ ਉਹ ਬਿਨਾਂ ਇਸ਼ਤਿਹਾਰਾਂ ਤੋਂ ਨਹੀਂ ਲਾਉਂਦੇ। ਪ੍ਰੋ: ਦਰਸ਼ਨ ਸਿੰਘ ਦੀਆਂ ਜਿੰਨੀਆਂ ਵੀ ਖ਼ਬਰਾਂ ਲਾਈਆਂ ਹਨ, ਉਤਨੇ ਉਸ ਨੂੰ ਇਸ਼ਤਿਹਾਰ ਵੀ ਮਿਲੇ ਹਨ। ਜੋਗਿੰਦਰ ਸਿੰਘ ਦੱਸੇ ਕਿ ਜੇ ਪ੍ਰੋ: ਦਰਸ਼ਨ ਸਿੰਘ ਦੀਆਂ ਖ਼ਬਰਾਂ ਲਾਉਣ ਦੇ ਉਨ੍ਹਾਂ ਲੱਖਾਂ ਰੁਪਏ ਦੇ ਇਸ਼ਤਿਹਾਰ ਵੀ ਲੈ ਲਏ ਤਾਂ ਧੰਨਵਾਦ ਕਿਸ ਗੱਲ ਦਾ? ਦੂਸਰੀ ਗੱਲ ਜੇ ਕਰ ਪੁਜਾਰੀਆਂ ਅੱਗੇ ਨਿਜੀ ਤੌਰ ’ਤੇ ਪੇਸ਼ੀ ਭੁਗਤਨ ਦਾ ਜੋਗਿੰਦਰ ਸਿੰਘ ਜੀ ਵਿਰੋਧ ਕਰਦੇ ਹਨ ਤਾਂ ਉਹ ਖ਼ੁਦ ਕਿਸ ਅਧਾਰ ’ਤੇ ਪ੍ਰੋ: ਦਰਸ਼ਨ ਸਿੰਘ ਤੋਂ ਉਮੀਦ ਰੱਖਦੇ ਹਨ ਕਿ ਉਸ ਦੇ ਘਰ ਨਿਜੀ ਤੌਰ ’ਤੇ ਉਨ੍ਹਾਂ ਅੱਗੇ ਪੇਸ਼ ਹੋਣ ਅਤੇ ਆਪਣੀਆਂ ਪਿੱਛਲੀਆਂ ਗਲਤੀਆਂ (ਜੋਗਿੰਦਰ ਸਿੰਘ ਦੀ ਨਜ਼ਰ ’ਚ ਕੀਤੀਆਂ) ਦੀ ਮੁਆਫ਼ੀ ਮੰਗਣ? ਇਸ ਤੋਂ ਪਹਿਲਾਂ ਵੀ 2008 ’ਚ ਜਦੋਂ ਪ੍ਰੋ: ਦਰਸ਼ਨ ਸਿੰਘ ਦੀਆਂ ਖ਼ਬਰਾਂ ਛਪਦੀਆਂ ਸਨ ਤਾਂ ਲਗਾਤਾਰ ਉਨ੍ਹਾਂ ਨੂੰ ਇਸ਼ਤਿਹਾਰ ਮਿਲਦੇ ਸਨ।

3. ਉਹ ਤੁਹਾਡੇ ਵਿਰੁੱਧ ਵੀ ਬੋਲਦਾ ਰਹੇ।...

ਟਿੱਪਣੀ : ਜਿੱਥੋਂ ਤੱਕ ਮੇਰੇ ਧਿਆਨ ਵਿੱਚ ਹੈ, ਪ੍ਰੋ: ਦਰਸ਼ਨ ਸਿੰਘ ਨੇ ਕਿਸੇ ਸਟੇਜ ਜਾਂ ਆਪਣੇ ਪ੍ਰੈਸ ਬਿਆਨ ’ਚ ਹਾਲੀ ਤੀਕ ਸਪੋਕਸਮੈਨ ਜਾਂ ਜੋਗਿੰਦਰ ਸਿੰਘ ਵਿਰੁੱਧ ਕੁਝ ਨਹੀਂ ਕਿਹਾ। ਇਹ ਠੀਕ ਹੈ ਕਿ ਨਿਜੀ ਤੌਰ ’ਤੇ ਕੀਤੀ ਗੱਲਬਾਤ ਵਿੱਚ ਉਹ ਜਰੂਰ ਕਹਿੰਦੇ ਹਨ ਕਿ ਉਕਤ ਬਿਆਨੀਆਂ ਪਾਲਿਸੀਆਂ ਕਾਰਨ ਉਹ (ਪ੍ਰੋ: ਦਰਸ਼ਨ ਸਿੰਘ) ਜੋਗਿੰਦਰ ਸਿੰਘ ਦੀ ਕਿਸੇ ਜਥੇਬੰਦੀ ਦਾ ਮੈਂਬਰ ਬਣਨਾ ਨਹੀਂ ਚਾਹੁੰਦੇ। ਦੂਸਰੇ ਪਾਸੇ ਤਾਂ ਜੋਗਿੰਦਰ ਸਿੰਘ ਨੇ ਇਸ਼ਤਿਹਾਰ ਲੈਣ ਦੇ ਬਾਵਜ਼ੂਦ ਆਪਣੀਆਂ ਕਈ ਸੰਪਾਦਕੀਆਂ ਵਿੱਚ ਪ੍ਰੋ: ਦਰਸ਼ਨ ਸਿੰਘ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। 7 ਮਾਰਚ ਦੀ ਨਿਜੀ ਡਾਇਰੀ ਅਤੇ 8 ਮਾਰਚ ਦੇ ਪਹਿਲੇ ਪੰਨੇ ’ਤੇ ਲੱਗੀ ਝੂਠੀ ਖ਼ਬਰ ਤਾਂ ਇਸ ਦਾ ਸਿਖਰ ਹੈ। ਇਸ ਦੇ ਬਾਵਜ਼ੂਦ ਪ੍ਰੋ: ਦਰਸ਼ਨ ਸਿੰਘ ਦੀ ਇਹ ਮਹਾਨਤਾ ਹੀ ਕਹੀ ਜਾ ਸਕਦੀ ਹੈ ਕਿ ਉਨ੍ਹਾਂ ਨੇ ਹਾਲੀ ਤੀਕ ਜੋਗਿੰਦਰ ਸਿੰਘ ਵਿਰੁੱਧ ਕੋਈ ਬਿਆਨ ਨਹੀਂ ਦਿੱਤਾ।

8 ਮਾਰਚ ਵਾਲੀ ਝੂਠੀ ਖ਼ਬਰ ’ਚ ਪ੍ਰੋ: ਦਰਸ਼ਨ ਸਿੰਘ ਕਾਨੂੰਨੀ ਨੋਟਿਸ ਹੀ ਦੇ ਦੇਣ ਤਾਂ ਝੱਟ ਅਗਲੇ ਦਿਨ ਹੀ ਜੋਗਿੰਦਰ ਸਿੰਘ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਜਾਵੇਗਾ ਤੇ ਮੁਆਫ਼ੀਨਾਮਾ ਵੀ ਛਾਪ ਦੇਵੇਗਾ, ਜਿਵੇਂ ਕਿ ਬਠਿੰਡਾ ਤੋਂ ਗੁਰਦਰਸ਼ਨ ਸਿੰਘ ਦਾ ਅਕਸ ਵਿਗਾੜਨ ਲਈ ਫੋਟੋ ਸਹਿਤ ਲਾਈ ਖ਼ਬਰ ਦੀ 28 ਫਰਵਰੀ 2010 ਨੂੰ ਹੀ ਮੁਆਫ਼ੀਨਾਮਾ ਪੰਨਾਂ ਨੰ: 7 ’ਤੇ ਛਾਪਿਆ ਹੈ।

4. ਉਹ ਪੁਜਾਰੀਵਾਦ ਵਿਰੁੱਧ ਲੜਾਈ ਨੂੰ ਵੀ ਗਲਤ ਆਖੇ।

ਟਿੱਪਣੀ : ਜੇ ਪ੍ਰੋ: ਦਰਸ਼ਨ ਸਿੰਘ ਨੇ ਪੁਜਾਰੀਆਂ ਅੱਗੇ ਕਿਸੇ ਬੰਦ ਕਮਰੇ ’ਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਕੀ ਇਹ ਪੁਜਾਰੀਵਾਦ ਵਿਰੁੱਧ ਪੁੱਟਿਆ ਗਿਆ ਪਹਿਲਾ ਕਦਮ ਨਹੀਂ ਹੈ? ਜਾਂ ਜੋਗਿੰਦਰ ਸਿੰਘ ਵਲੋਂ ਪੁਜਾਰੀਆਂ ਵਿਰੁੱਧ ਬੋਲੇ ਜਾ ਰਹੇ ਸ਼ਬਦਾਂ ਦੀ ਹੁਬਹੂ ਵਰਤੋਂ ਕਰਨਾ ਹੀ ਪੁਜਾਰੀਵਾਦ ਵਿਰੁੱਧ ਲੜਾਈ ਹੈ। ਇਸ ਦਾ ਭਾਵ ਜੋਗਿੰਦਰ ਸਿੰਘ ਨੂੰ ਸੱਭਿਅਕ ਬੋਲੀ ਬਿਲਕੁਲ ਪਸੰਦ ਨਹੀਂ ਤੇ ਸਿਰਫ਼ ਰੁੱਖੀ ਤੇ ਸਖ਼ਤ ਭਾਸ਼ਾ ਲਿਖਣਾ ਤੇ ਬੋਲਣਾ ਹੀ ਸਭ ਤੋਂ ਵੱਡਾ ਧਰਮ ਦਿੱਸ ਰਿਹਾ ਹੈ।

5. ਉਹ ਦਸਮ ਗ੍ਰੰਥ ਦਾ ਵਿਰੋਧ ਕਰਦਾ ਹੋਇਆ ਵੀ ਪ੍ਰਿਥਮ ਭਗੌਤੀ ਨੂੰ ਠੀਕ ਮੰਨੇ।

ਟਿੱਪਣੀ : ਪ੍ਰੋ: ਦਰਸ਼ਨ ਸਿੰਘ ਸਿਰਫ਼ ਇਹ ਕਹਿ ਰਹੇ ਹਨ ਕਿ ਉਹ ਆਪਣੇ ਵਲੋਂ ਕੋਈ ਫੈਸਲਾ ਕਰਨ ਦੀ ਕੋਈ ਸਮਰੱਥਾ ਨਹੀਂ ਰੱਖਦੇ। ਉਨ੍ਹਾਂ ਦੀ ਇੱਕੋ ਇੱਕ ਮੰਗ ਹੈ ਕਿ ਪੰਥ ਵਲੋਂ ਪਹਿਲਾਂ ਲਏ ਗਏ ਫੈਸਲੇ ਲਾਗੂ ਕੀਤੇ ਜਾਣ। ਸਿੱਖ ਰਹਿਤ ਮਰਯਾਦਾ ’ਚ ਦਰਜ਼ ਅੰਮ੍ਰਿਤ ਦੀਆਂ ਬਾਣੀਆਂ ਅਤੇ ਅਰਦਾਸ ਵਿਚਲੇ ਪਹਿਲੇ ਪਹਿਰੇ ‘ਪ੍ਰਿਥਮ ਭਗੌਤੀ ਸਿਮਰ ਕੇ’ ਉ¤ਤੇ ਉਹ ਕੋਈ ਕਿੰਤੂ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਦਸਮ ਗ੍ਰੰਥ ’ਚ ਦਰਜ ਭਗੌਤੀ ਦੇਵੀ ਨੂੰ ਉਹ ਬਿਲਕੁਲ ਨਹੀਂ ਮੰਨਦੇ। ਜੇਕਰ ਪੰਥ ਦੇ ਸਿਆਣੇ ਬੰਦਿਆਂ ਨੇ ਇਸ ਪਹਿਰੇ ਨੂੰ ਅਰਦਾਸ ’ਚ ਸ਼ਾਮਲ ਕੀਤਾ ਹੈ ਤਾਂ ਇਸ ਦੇ ਅਰਥ ਜਰੂਰੀ ਨਹੀਂ ਕਿ ਭਗਵਤੀ ਦੇਵੀ ਹੀ ਕੀਤੇ ਜਾਣ, ਇਸ ਦੇ ਅਰਥ ਗੁਰੂ ਗ੍ਰੰਥ ਸਾਹਿਬ ’ਚ ਆਏ ‘ਸੋ ਭਗਉਤੀ ਜੋ ਭਗਵੰਤੈ ਜਾਣੈ’’ ਅਤੇ ‘ਭਗਉਤੀ ਭਗਤਿ ਭਗਵੰਤ ਕਾ ਰੰਗ।।’’ ਵਾਲੇ ਵੀ ਹੋ ਸਕਦੇ ਹਨ। ਇਸ ਸਬੰਧੀ ਜੇ ਕੋਈ ਨਵਾਂ ਪੰਥਕ ਫੈਸਲਾ ਹੋ ਜਾਂਦਾ ਹੈ ਤਾਂ ਉਹ ਇਸ ਨੂੰ ਵੀ ਮੰਨਣਗੇ। ਵਿਦਵਾਨ, ਪ੍ਰੋ: ਦਰਸ਼ਨ ਸਿੰਘ ਵਲੋਂ ਕੀਤੇ ਇਨ੍ਹਾਂ ਅਰਥਾਂ ਨੂੰ ਗਲਤ ਸਿੱਧ ਕਰ ਸਕਦੇ ਹਨ ਪਰ ਇਹ ਦੱਸੋ ਕਿ ਇਸ ਵਿੱਚ ਪ੍ਰੋ: ਦਰਸ਼ਨ ਸਿੰਘ ਵਲੋਂ ਪੰਥਕ ਫੈਸਲਾ ਮੰਨਣ ਵਿੱਚ ਗਲਤ ਕੀ ਹੈ? ਕੀ ਸਾਰੇ ਪੰਥਕ ਫੈਸਲਿਆਂ ਨੂੁੰ ਰੱਦ ਕਰਨ ਅਤੇ ਅਸੱਭਿਅਕ ਬੋਲੀ ਬੋਲਣਾ ਹੀ ਦਸਮ ਗ੍ਰੰਥ ਦਾ ਵਿਰੋਧ ਕਰਨਾ ਹੈ? ਹੈਰਾਨੀ ਦੀ ਗੱਲ ਹੈ ਕਿ ਪ੍ਰੋ: ਦਰਸ਼ਨ ਸਿੰਘ ਵਲੋਂ ਵਰਤੇ ਗਏ ਇਨ੍ਹਾਂ ਹੀ ਸ਼ਬਦਾਂ ਦਾ ਅਰਥ ਦਸਮ ਗ੍ਰੰਥੀਏ, ਅੰਮ੍ਰਿਤ ਬਾਣੀਆਂ ਅਤੇ ਅਰਦਾਸ ਨੂੰ ਰੱਦ ਕਰਨਾ ਦੱਸ ਰਹੇ ਹਨ ਅਤੇ ਦੂਜੇ ਪਾਸੇ ਜੋਗਿੰਦਰ ਸਿੰਘ ਜੀ ਦਸਮ ਗ੍ਰੰਥ ਨੂੰ ਮਾਨਤਾ ਦੇਣਾ ਅਤੇ ਪ੍ਰਿਥਮ ਭਗੌਤੀ ਨੂੰ ਮੰਨਣਾ ਕਹਿ ਰਹੇ ਹਨ। ਦੋਵਾਂ ਵਿੱਚ ਕਿਸੇ ਇੱਕ ਦੇ ਦਿਮਾਗ ਦਾ ਇਲਾਜ ਕਰਵਾਉਣ ਦੀ ਤਾਂ ਫੋਰੀ ਤੌਰ ’ਤੇ ਲੋੜ ਹੈ ਹੀ ਨਾ।

6. ਉਹ ਵਿਦੇਸ਼ ਵਿੱਚ ਜਾ ਕੇ ਵੀ ਤੁਹਾਡੇ ਵਿਰੁੱਧ ਪ੍ਰਚਾਰ ਕਰਦਾ ਰਹੇ ਤੇ ਸਪੋਕਸਮੈਨ ਦੇ ਕੱਟੜ, ਦਾਇਮੀ ਵਿਰੋਧੀਆਂ ਦੀ ਬੋਲੀ ਬੋਲਦਾ ਰਹੇ ਤਾਂ ਕੀ ਤੁਹਾਡਾ ਦਿਲ ਵੀ ਅਟੰਕ ਹੋ ਜਾਣ ਲਈ ਤੁਹਾਨੂੰ ਨਹੀਂ ਆਖੇਗਾ?....

ਟਿੱਪਣੀ : ਵਿਦੇਸ਼ ਵਿੱਚ ਵੀ ਜੇ ਕਦੀ ਜੋਗਿੰਦਰ ਸਿੰਘ ਸਬੰਧੀ ਕੋਈ ਗੱਲ ਹੋਈ ਹੈ ਤਾਂ ਨਿਜੀ ਤੌਰ ’ਤੇ ਇਸ ਦੀਆਂ ਉਕਤ ਪਾਲਿਸੀਆਂ ਨਾਲ ਸਹਿਮਤ ਨਾ ਹੋਣ ਤੱਕ ਹੀ ਸੀਮਤ ਹੈ। ਜੇ ਇਸੇ ਨੂੰ ਜੋਗਿੰਦਰ ਸਿੰਘ ਆਪਣੇ ਵਿਰੁੱਧ ਪ੍ਰਚਾਰ ਦੱਸਣਾ ਹੈ ਤਾਂ ਕੀ ਉਹ ਚਾਹੁੰਦਾ ਹੈ ਕਿ ਉਸ ਵਲੋਂ ਕੀਤੀਆਂ ਗਲਤ ਬਿਆਨੀਆਂ ਦਾ ਕੋਈ ਵੀ ਨੋਟਿਸ ਨਾ ਲਵੇ ਅਤੇ ਉਸ ਦੀ ਹਰ ਗਲਤ ਬਿਆਨੀ ਨੂੰ ਸੱਤ-ਸੱਤ ਕਰਕੇ ਮੰਨਣਾ ਹੀ ਹਰ ਕੋਈ ਆਪਣਾ ਪਰਮ ਧਰਮ ਸਮਝ ਲਵੇ? ਇਸ ਗੱਲ ਤੋਂ ਖਿੱਝ ਕੇ ਸ: ਜੋਗਿੰਦਰ ਸਿੰਘ ਨੇ ਪ੍ਰੋ: ਦਰਸ਼ਨ ਸਿੰਘ ਤੋਂ ਅਟੰਕ ਹੋ ਜਾਣ ਦਾ ਮਨ ਬਣਾ ਲਿਆ, ਜਿਸ ਦਾ ਭਾਵ ਉਸ ਨੇ ਇਹ ਕੱਢਿਆ ਹੈ ਕਿ ਉਹ ਅੱਗੇ ਹੋ ਕੇ ਪ੍ਰੋ: ਦਰਸ਼ਨ ਸਿੰਘ ਦੀ ਨਿਜੀ ਲੜਾਈ ਨੂੰ ਉਹ ਆਪਣੀ ਲੜਾਈ ਨਹੀਂ ਬਣਾਉਣਗੇ ਪਰ ਨਿਰਪੱਖ ਰਹਿ ਕੇ ਅਖ਼ਬਾਰ ਦਾ ਨਿਊਜ ਐਡੀਟਰ ਹਰ ਖ਼ਬਰ ਨੂੰ ਉਸ ਦੇ ਗੁਣ ਦੋਸ਼ਾਂ ਅਨੁਸਾਰ ਲਵੇਗਾ ਤੇ ਕਿਸੇ ਦੀ ਵਿਸ਼ੇਸ਼ ਤੌਰ ’ਤੇ ਮੱਦਦ ਨਹੀਂ ਕਰੇਗਾ।

ਸਪੱਸ਼ਟੀਕਰਨ ਦੀ ਨਿਰਪੱਖਤਾ ਅਤੇ ਖਬਰ ਦੇ ਗੁਣ ਦੋਸ਼ਾਂ ਸਬੰਧੀ ਵੈਸੇ ਤਾਂ ਹੁਣ ਤੱਕ ਸਾਰੇ ਪਾਠਕ ਹੀ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਪਰ ਜਿਹੜੇ ਇਸ ਅਖ਼ਬਾਰ ’ਚ ਪੱਤਰਕਾਰ ਜਾਂ ਡੈਸਕ ’ਤੇ ਕੰਮ ਕਰ ਰਹੇ ਹਨ, ਜਾਂ ਪਹਿਲਾਂ ਕਿਸੇ ਨੇ ਕੀਤਾ ਹੈ, ਉਨ੍ਹਾਂ ਨੂੰ ਭਲੀਭਾਂਤ ਪਤਾ ਹੈ ਕਿ ਖ਼ਬਰ ਦੇ ਗੁਣ ਦੋਸ਼ਾਂ ਦਾ ਫੈਸਲਾ ਸਿਰਫ਼ ਤੇ ਸਿਰਫ਼ ਇਸ਼ਤਿਹਾਰਾਂ ਨਾਲ ਹੀ ਹੁੰਦਾ ਹੈ। ਮੈਂ ਆਪਣਾ ਨਿਜੀ ਤਜ਼ਰਬਾ ਦੱਸਦਾ ਹਾਂ ਕਿ ਬਠਿੰਡੇ ਜ਼ਿਲ੍ਹੇ ਦੇ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਭਾਈ ਬਖਤੌਰ ਵਾਲੇ ਬਿਲਕੁਲ ਨਿਸ਼ਕਾਮ ਪ੍ਰਚਾਰਕ ਹਨ ਅਤੇ ਗੁਰਮਤਿ ਦੇ ਅਨੁਕੂਲ ਵੀ ਹਨ। ਉਨ੍ਹਾਂ ਦੇ ਬਹੁਤ ਸਾਰੇ ਕਥਨ ਸਪੋਕਸਮੈਨ ਦੀ ਅਖੌਤੀ ਪਾਲਿਸੀ ਨਾਲ ਮੇਲ ਵੀ ਖਾਂਦੇ ਹਨ। ਮੈਂ ਉਨ੍ਹਾਂ ਦੀਆਂ ਖ਼ਬਰਾਂ ਭੇਜਦਾ ਰਹਿੰਦਾ ਸੀ, ਜਿਹੜੀਆਂ ਸ਼ੁਰੂ ਸ਼ੁਰੂ ਵਿੱਚ ਪ੍ਰਮੁੱਖਤਾ ਨਾਲ ਛਪਦੀਆਂ ਵੀ ਰਹੀਆਂ। ਕੁਝ ਖ਼ਬਰਾਂ ਛਪਣ ਪਿੱਛੋਂ ਮੈਡਮ ਜਗਜੀਤ ਕੌਰ ਦਾ ਫੋਨ ਆ ਗਿਆ ਕਿ ਭਾਈ ਪੰਥਪ੍ਰੀਤ ਸਿੰਘ ਦੀਆਂ ਤੁਸੀਂ ਬਹੁਤ ਖ਼ਬਰਾਂ ਲਾਉਂਦੇ ਹੋ, ਉਨ੍ਹਾਂ ਤੋਂ ਇੱਕ ਲੱਖ ਰੁਪਏ ਦੇ ਇਸ਼ਤਿਹਾਰ ਲਓ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਤਾਂ ਬਿਲਕੁਲ ਨਿਸ਼ਕਾਮ ਪ੍ਰਚਾਰਕ ਹਨ, ਉਹ ਖ਼ੁਦ ਕੋਈ ਪੈਸਾ ਨਹੀਂ ਲੈਂਦੇ, ਇਸ ਲਈ ਉਨ੍ਹਾਂ ਤੋਂ ਇਸ਼ਤਿਹਾਰ ਮੰਗਣਾ ਤਾਂ ਮੇਰੇ ਲਈ ਬਹੁਤ ਮੁਸ਼ਕਲ ਹੈ। ਇਹ ਜਵਾਬ ਸੁਣ ਕੇ ਭਾਈ ਪੰਥਪ੍ਰੀਤ ਸਿੰਘ ਦੀਆਂ ਖ਼ਬਰਾਂ ਬੰਦ ਕਰ ਦਿੱਤੀਆਂ ਗਈਆਂ। ਖ਼ਬਰਾਂ ਕਿਸ ਤਰ੍ਹਾਂ ਪੈਸੇ ਦੇ ਕੇ ਲਗਦੀਆਂ ਜਾਂ ਕੱਟੀਆਂ ਜਾਂਦੀਆਂ ਨੇ, ਇਸ ਦਾ ਹੋਰ ਵੇਰਵਾ ਹਰਲਾਜ ਸਿੰਘ ਬਹਾਦਰਪੁਰ ਤੋਂ ਉਨ੍ਹਾਂ ਦੇ ਮੋਬਾਈਲ 9417023911 ’ਤੇ ਸੰਪਰਕ ਕਰਕੇ ਲਿਆ ਜਾ ਸਕਦਾ ਹੈ।
ਆਪਣੇ ਵਿਰੋਧੀਆਂ ਦੀਆਂ ਖ਼ਬਰਾਂ ਨਿਰਪੱਖਤਾ ਨਾਲ ਲਾਉਣ ਸਬੰਧੀ ਜੋ ਝੂਠ ਲਿਖਿਆ ਹੈ, ਉਸ ਨੇ ਮੇਰੀਆਂ ਕਈ ਪਿੱਛਲੀਆਂ ਭੁੱਲੀਆਂ ਯਾਦਾਂ ਯਾਦ ਕਰਵਾ ਦਿੱਤੀਆਂ। ਡੇਢ-ਦੋ ਸਾਲ ਦੀ ਗੱਲ ਹੈ, ਭਾਈ ਰਜਿੰਦਰ ਸਿੰਘ ਅਤੇ ਇੰਦਰ ਸਿੰਘ ਘੱਗਾ ਝਾਰਖੰਡ ’ਚ ਰਾਮਪੁਰ ਕੈਂਟ ’ਚ ਇੱਕ ਪ੍ਰਚਾਰ ਸਮਾਗਮ ’ਚ ਗਏ। ਉਥੇ ਇਨ੍ਹਾਂ ਦੋਵਾਂ ਨੇ ਸਪੋਕਸਮੈਨ ਦੀ ਪਾਲਿਸੀ ਨਾਲ ਮੇਲ ਖਾਂਦਾ ਗੁਰਮਤਿ ਪ੍ਰਚਾਰ ਕੀਤਾ। ਝਾਰਖੰਡ ਦੇ ਸਾਰੇ ਗੁਰਦੁਆਰਿਆਂ ਦੀਆਂ ਪ੍ਰਬੰਧਕੀ ਕਮੇਟੀਆਂ ਨੇ ਉਥੇ ਸਾਂਝੇ ਰੂਪ ਵਿੱਚ ਮਤਾ ਪਾਸਾ ਕੀਤਾ ਕਿ ਆਪਣੇ ਕਿਸੇ ਗੁਰਦੁਆਰੇ ਵਿੱਚ ਨਾ ਤਾਂ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਦਸਮ ਗ੍ਰੰਥੀਏ ਨੂੰ ਆਪਣੇ ਗੁਰਦੁਆਰਿਆਂ ਵਿੱਚ ਪ੍ਰਚਾਰ ਲਈ ਬੁਲਾਉਣਗੇ। ਘੱਗਾ ਜੀ ਨੇ ਫੋਨ ’ਤੇ ਮੇਰੇ ਨਾਲ ਵੇਰਵੇ ਸਹਿਤ ਗੱਲ ਕੀਤੀ। ਮੈਂ ਉਸ ਦੀ ਖ਼ਬਰ ਬਣਾ ਕੇ ਭੇਜ ਦਿੱਤੀ। ਮੈਂ ਉਮੀਦ ਕਰਦਾ ਸੀ ਕਿ ਇਹ ਖ਼ਬਰ ਬੜੀ ਪ੍ਰਮੁੱਖਤਾ ਨਾਲ ਛਪੀ ਹੋਵੇਗੀ ਪਰ ਅਗਲੇ ਦਿਨ ਖ਼ਬਰ ਨਾ ਛਾਪੀ। ਮੈਂ ਸਮਝਿਆ ਕਿ ਸਪੇਸ ਦੀ ਘਾਟ ਹੋਣ ਕਰਕੇ ਨਹੀਂ ਛਪੀ, ਅਗਲੇ ਦਿਨ ਬਹੁਤ ਵਧੀਆ ਢੰਗ ਨਾਲ ਛਪ ਜਾਵੇਗੀ। ਤੀਸਰੇ ਦਿਨ ਰਿਪੀਟ ਕੀਤੀ ਗਈ, ਕੋਈ ਅਸਰ ਨਾ ਹੋਇਆ। ਘੱਗਾ ਸਾਹਿਬ ਨੇ ਕਈ ਵਾਰ ਮੈਨੂੰ ਵੀ ਅਤੇ ਡੈਸਕ ’ਤੇ ਵੀ ਫੋਨ ਕੀਤੇ ਪਰ ਨਿਰਪੱਖ ਸੰਪਾਦਕ ਜੀ ਦੀ ਸਿਹਤ ’ਤੇ ਕੋਈ ਅਸਰ ਨਾ ਪਿਆ, ਅਖੀਰ ਸਮਝ ਗਏ ਕਿ ਭਾਈ ਰਜਿੰਦਰ ਸਿੰਘ (ਅ) ਦਾ ਨਾਮ ਹੋਣ ਕਰਕੇ ਇਹ ਖ਼ਬਰ ਨਹੀਂ ਛਪੀ। ਅਖੀਰ 5-6 ਦਿਨਾਂ ਬਾਅਦ ਰਜਿੰਦਰ ਸਿੰਘ ਦਾ ਨਾਮ ਕੱਟ ਕੇ ਬਾਕੀ ਦੀ ਖ਼ਬਰ ਭੇਜੀ ਗਈ ਤਾਂ ਉਹ ਛਪ ਗਈ।

2 ਫਰਵਰੀ 09 ਨੂੰ ਇੱਕ ਐਨ.ਆਰ.ਆਈ. ਡਾ. ਸਵਰਨਜੀਤ ਸਿੰਘ ਆਪਣੇ ਵਲੋਂ ਸੰਪਾਦਤ ਕੀਤੀ ਪੁਸਤਕ ‘ਸਚ ਕੀ ਬਾਣੀ’ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਕਨਵੀਨਰ ਰਜਿੰਦਰ ਸਿੰਘ, ਗੁਰਤੇਜ ਸਿੰਘ ਸਾਬਕਾ ਆਈ.ਏ.ਐਸ., ਗੁਰਦੁਆਰਾ ਸਿੰਘ ਸਭਾ ਸੈਕਟਰ 47 ਦੇ ਪ੍ਰਧਾਨ ਕੇਸਰ ਸਿੰਘ ਆਦਿ ਤੋਂ ਰਿਲੀਜ ਕਰਵਾਈ, ਜਿਸ ਦੇ ਫੋਟੋ ਸਹਿਤ ਖ਼ਬਰ ਸਵਰਨਜੀਤ ਸਿੰਘ ਨੇ ਆਪਣੇ ਤੌਰ ’ਤੇ ਸਪੋਕਸਮੈਨ ਨੂੰ ਦਿੱਤੀ। ਫੋਟੋ ਵਿੱਚ, ਵਿਚਕਾਰ ਰਜਿੰਦਰ ਸਿੰਘ ਉਸੇ ਦੇ ਖੱਬੇ ਪਾਸੇ ਗੁਰਤੇਜ ਸਿੰਘ, ਉਸ ਤੋਂ ਅੱਗੇ ਪ੍ਰੋ: ਕੁਲਬੀਰ ਸਿੰਘ ਅਤੇ ਰਜਿੰਦਰ ਸਿੰਘ ਦੇ ਸੱਜੇ ਪਾਸੇ ਡਾ. ਦਰਸ਼ਨ ਸਿੰਘ ਪੰਜਾਬ ਯੂਨੀਵਰਸਿਟੀ ਤੇ ਕੇਸਰ ਸਿੰਘ ਖੜ੍ਹੇ ਸਨ। ਆਮ ਤੌਰ ’ਤੇ ਜੇਕਰ ਫੋਟੋ ਕੱਟ ਕੇ ਲਾਉਣੀ ਹੋਵੇ ਤਾਂ ਸਾਈਡਾਂ ਤੋਂ ਕੱਟ ਕੇ ਵਿਚਕਾਰਲੇ ਹਿੱਸੇ ਦੀ ਲਾਈ ਜਾਂਦੀ ਹੈ ਪਰ ਨਿਰਪੱਖ ਸੰਪਾਦਕ ਜੀ ਨੇ ਗੁਰਤੇਜ ਸਿੰਘ ਅਤੇ ਰਜਿੰਦਰ ਸਿੰਘ ਦੀ ਫੋਟੋ ਕੱਟਣ ਲਈ ਖੱਬੇ ਪਾਸੇ ਦੀ 3/5 ਹਿੱਸੇ ਦੀ ਕੱਟ ਦਿੱਤੀ ਅਤੇ ਬਾਕੀ ਦੀ ਸੱਜੇ ਪਾਸੇ ਵਾਲੀ 2/5 ਹਿੱਸਾ ਲਾ ਦਿੱਤੀ ਗਈ ਅਤੇ ਖ਼ਬਰ ’ਚੋਂ ਦੋਵੇਂ ਗੁਰਤੇਜ ਸਿੰਘ ਤੇ ਰਜਿੰਦਰ ਸਿੰਘ ਦੇ ਨਾਮ ਕੱਟ ਦਿੱਤੇ ਗਏ।

ਪ੍ਰੋ: ਦਰਸ਼ਨ ਸਿੰਘ ਨੂੰ ਪੰਥ ’ਚੋਂ ਛੇਕੇ ਜਾਣ ਉਪ੍ਰੰਤ ਉਨ੍ਹਾਂ ਨਾਲ ਰੋਟੀ ਬੇਟੀ ਦਾ ਰਿਸ਼ਤਾ ਦਰਸਾ ਕੇ ਹੁਕਮਨਾਮਾ ਰੱਦ ਕਰਨ ਦਾ ਸੰਕੇਤ ਦੇਣ ਲਈ ਚੰਡੀਗੜ੍ਹ ਦੇ ਗੁਰਸਿੱਖਾਂ ਨੇ ਫਰਵਰੀ 2010 ’ਚ ਉਨ੍ਹਾਂ ਨਾਲ ਸਾਂਝੇ ਤੌਰ ’ਤੇ ਖਾਣਾ ਛਕਿਆ ਅਤੇ ਉਨ੍ਹਾਂ ਨੂੰ ਸਨਮਾਨਤ ਕੀਤਾ, ਜਿਸ ਦਾ ਸਾਰਾ ਪ੍ਰਬੰਧ ਰਜਿੰਦਰ ਸਿੰਘ ਨੇ ਗੁਰਤੇਜ ਸਿੰਘ ਦੇ ਸਹਿਯੋਗ ਨਾਲ ਕੀਤਾ ਪਰ ਨਿਰਪੱਖ ਸੰਪਾਦਕ ਜੀ ਨੇ ਖ਼ਬਰ ਦਾ ਹੈਡਿੰਗ ਦਿੱਤਾ ‘‘ਚੰਡੀਗੜ੍ਹ ਦੇ ਪ੍ਰੋਫੈਸਰਾਂ ਵਲੋਂ ਪ੍ਰੋ: ਦਰਸ਼ਨ ਸਿੰਘ ਨੂੰ ਕੀਤਾ ਸਨਮਾਨਤ’’। ਖ਼ਬਰਾਂ ਵਿੱਚ ਹਾਜਰ ਵਿਅਕਤੀਆਂ ਅਤੇ ਬੁਲਾਰਿਆਂ ਵਿੱਚੋਂ ਵੀ ਮੁੱਖ ਪ੍ਰਬੰਧਕ ਰਜਿੰਦਰ ਸਿੰਘ ਅਤੇ ਗੁਰਤੇਜ ਸਿੰਘ ਦਾ ਨਾਮ ਹੀ ਕੱਟ ਦਿੱਤਾ।

ਹਰਲਾਜ ਸਿੰਘ ਸਪੋਕਸਮੈਨ ਦੇ ਕੱਟੜ ਸਮਰਥਕਾਂ ਵਿੱਚੋਂ ਇੱਕ ਸੀ ਅਤੇ ਨਿਸ਼ਕਾਮ ਪੱਤਰਕਾਰ ਸੀ। ਉਸ ਵਲੋਂ ਭੇਜੀਆਂ ਗਈਆਂ ਖ਼ਬਰਾਂ ਦੇ ਅਸਰ ਹੇਠ ਆਉਣ ਵਾਲੀ ਦੂਜੀ ਧਿਰ ਨੂੰ ਬਚਾਉਣ ਲਈ ਉਨ੍ਹਾਂ ਤੋਂ ਪੈਸੇ ਲੈ ਕੇ ਰੋਕੇ ਜਾਣ ਦੀਆਂ ਲਗਾਤਾਰ ਕਈ ਘਟਨਾਵਾਂ ਵਾਪਰੀਆਂ। ਇਸ ਦੇ ਰੋਸ ਵਜੋਂ ਉਸ ਨੇ ਪੱਤਰਕਾਰੀ ਤੋਂ 8 ਦਸੰਬਰ 2009 ਨੂੰ ਅਸਤੀਫ਼ਾ ਦੇ ਦਿੱਤਾ। ਸਪੋਕਸਮੈਨ ਦੀ ਪਾਲਿਸੀ ਮੁਤਾਬਿਕ ਉਹ ਹਰ ਮਹੀਨੇ ਦੀ 13 ਤਰੀਕ ਨੂੰ ਕਾਲੇ ਦਿਵਸ ਵਜੋਂ ਮਨਾਉਂਦੇ ਆ ਰਹੇ ਸਨ, ਜਿਸ ਦੀਆਂ ਖ਼ਬਰਾਂ ਪ੍ਰਮੁੱਖਤਾ ਨਾਲ ਛਪਦੀਆਂ ਰਹੀਆਂ। ਪੱਤਰਕਾਰੀ ਛੱਡਣ ਪਿੱਛੋਂ ਪਹਿਲਾਂ ਵਾਂਗ ਹੀ ਉਨ੍ਹਾਂ 13 ਦਸੰਬਰ 2009 ਨੂੰ ਕਾਲਾ ਦਿਵਸ ਮਨਾਇਆ, ਜਿਸ ਦੀ ਫੋਟੋ ਅਤੇ ਖ਼ਬਰ ਲਿਖ ਕੇ ਮਾਨਸਾ ਜ਼ਿਲ੍ਹੇ ਦੇ ਇੰਚਾਰਜ ਸੁਖਵੰਤ ਸਿੰਘ ਸਿੱਧੂ ਨੂੰ ਦਿੱਤੀ ਗਈ। ਨਿਰਪੱਖ ਸੰਪਾਦਕ ਜੀ ਨੇ ਖ਼ਬਰ ਛਾਪਣ ਸਮੇਂ ਹਰਲਾਜ ਸਿੰਘ ਦੀ ਫੋਟੋ ਅਤੇ ਕਾਲਾ ਦਿਵਸ ਮਨਾਉਣ ਵਾਲਿਆਂ ਦੀ ਸੂਚੀ ’ਚੋਂ ਉਨ੍ਹਾਂ ਦਾ ਨਾਮ ਹੀ ਕੱਟ ਦਿੱਤਾ। ਇਸੇ ਤਰ੍ਹਾਂ ਪੱਤਰਕਾਰੀ ਛੱਡਣ ਉਪ੍ਰੰਤ ਬਠਿੰਡਾ ’ਚ ਕਈ ਵਾਰ ਦਸਮ ਗ੍ਰੰਥ ਦੇ ਵਿਰੋਧ ‘ਚ ਮੀਟਿੰਗਾਂ ਕੀਤੀਆਂ ਅਤੇ ਤਰਸੇਮ ਬਸ਼ਰ ਰਾਹੀਂ ਖ਼ਬਰਾਂ ਭੇਜੀਆਂ ਗਈਆਂ। ਇਨ੍ਹਾਂ ਮੀਟਿੰਗ ਦਾ ਪ੍ਰਬੰਧ ਕਿਉਂਕਿ ਮੇਰੇ ਦੁਆਰਾ ਕੀਤਾ ਜਾਂਦਾ ਸੀ, ਇਸ ਲਈ ਸਿਧਾਂਤ ਦੀ ਲੜਾਈ ਲੜਨ ਵਾਲੇ ਅਤੇ ਨਿਰਪੱਖ ਕਹਾਉਣ ਵਾਲੇ ਸੰਪਾਦਕ ਨੇ ਇੱਕ ਵੀ ਖ਼ਬਰ ਨਹੀਂ ਲਾਈ।

ਇਹ ਗੱਲਾਂ ਬੇਸ਼ੱਕ ਬਹੁਤ ਛੋਟੀਆਂ ਹਨ ਪਰ ਇਹ ਲਿਖਣੀਆਂ ਇਸ ਲਈ ਪਈਆਂ ਤਾਂ ਕਿ ਸਿਧਾਂਤ ਦੀ ਲੜਾਈ ਲੜਨ ਅਤੇ ਨਿਰਪੱਖ ਹੋਣ ਦਾ ਦਾਅਵਾ ਕਰਨ ਵਾਲੇ ਸੰਪਾਦਕ ਜੀ ਦੇ ਸਿਧਾਂਤ ਅਤੇ ਨਿਰਪੱਖਤਾ ਦੀ ਅਸਲੀਅਤ ਪਾਠਕਾਂ ਸਾਹਮਣੇ ਰੱਖੀ ਜਾ ਸਕੇ। ਹੁਣ ਨਿਰਪੱਤਖਾ ਤੇ ਸੱਚਾਈ ਦਾ ਦਾਅਵਾ ਕਰਨ ਵਾਲੇ ਸੰਪਾਦਕ ਦੀ ਆਪਣੀ ਨਿਜੀ ਡਾਇਰੀ ਦੇ ਪੰਨੇ (ਮਿਤੀ 7 ਮਾਰਚ 2010) ਪੜ੍ਹ ਕੇ ਅੰਦਾਜ਼ਾ ਲਾਉ ਕਿ ਉਸ ਵਿੱਚ ਸਚਾਈ ਕਿੰਨੀ ਹੈ ਅਤੇ ‘ਮੈਂ ਮੈਂ’ ਕਿਤਨੀ ਹੈ? ਜਿਹੜਾ ਸੰਪਾਦਕ ਆਪਣੇ 15 ਮਿੰਟ ’ਚ ਪੜ੍ਹੇ ਜਾਣ ਵਾਲੇ ਲਿਖੇ ਲੇਖ ਵਿੱਚ ‘‘ਮੈਂ ਮੈਂ’’ ਸ਼ਬਦ ਦੀ ਇਤਨੀ ਵਾਰ ਵਰਤੋਂ ਕਰਦਾ ਹੋਵੇ, ਜਿਤਨੀ ਵਾਰ ਕਿ 15 ਮਿੰਟਾਂ ’ਚ ਇੱਕ ਬੱਕਰਾ ਵੀ ‘‘ਮੈਂ ਮੈਂ’’ ਨਾ ਬੋਲ ਸਕੇ ਤਾਂ ਕੀ ਉਹ ਵਿਅਕਤੀ ਬਾਬੇ ਨਾਨਕ ਦਾ ਫਲਸਫਾ ਲਾਗੂ ਕਰਨ ਦਾ ਦਾਅਵਾ ਕਰ ਸਕਦਾ ਹੈ? ਉਸ ਸੰਪਾਦਕ ਜਿਸ ਵਿੱਚ ਹਊਮੈ ਤੋਂ ਇਲਾਵਾ ਸਿੱਖ ਧਰਮ ਦੀ ਮੁੱਢਲੀ ਨੀਂਹ ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ’ਤੇ ਸ਼ੱਕ ਖੜ੍ਹੇ ਕਰਨ ਅਤੇ ਅੰਮ੍ਰਿਤ ਸੰਚਾਰ ਦੇ ਸਮਾਗਮ ਨੂੰ ਹੀ ਬ੍ਰਾਹਮਣੀ ਕਰਮਕਾਂਡ ਦੱਸਣ ਵਾਲੇ ਔਗੁਣ ਹੋਣ, ਸਿਰਫ਼ ਆਪਣੀਆਂ ਖ਼ਬਰਾਂ ਲਵਾਉਣ ਲਈ ਹੀ ਉਸ ਦੀ ਜਥੇਬੰਦੀ ਦਾ ਮੈਂਬਰ ਨਾ ਬਣਨ ਅਤੇ ਦੂਰੀ ਬਣਾ ਕੇ ਰੱਖਣ ਵਾਲੇ ਪ੍ਰੋ: ਦਰਸ਼ਨ ਸਿੰਘ ਦਾ ਫੈਸਲਾ ਸ਼ਲਾਘਾਯੋਗ ਹੈ। ਅੱਜਕੱਲ੍ਹ ਮੀਡੀਏ ਦਾ ਯੁੱਗ ਹੋਣ ਦੀ ਦੁਹਾਈ ਪਾ ਕੇ ਜੋਗਿੰਦਰ ਸਿੰਘ ਦਾ ਸਾਥ ਦੇਣਾ ਉਤਨਾ ਹੀ ਗਲਤ ਹੈ, ਜਿਤਨਾ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਕਰਕੇ ਕੀਤਾ।

ਜਿਹੜੇ ਵਿਅਕਤੀ ਪ੍ਰੋ: ਦਰਸ਼ਨ ਸਿੰਘ ’ਤੇ ਦਬਾਅ ਪਾ ਰਹੇ ਹਨ ਕਿ ਦਸਮ ਗ੍ਰੰਥ ਅਤੇ ਪੁਜਾਰੀਵਾਦ ਦੀ ਲੜਾਈ ਜਿੱਤਣ ਲਈ ਇਸ ਹਊਮੈ ਭਰਪੂਰ ਸੰਪਾਦਕ ਦੀ ਈਨ ਮੰਨਣ ’ਚ ਕੋਈ ਹਰਜ਼ ਨਹੀਂ ਹੈ, ਮੇਰੇ ਖਿਆਲ ਵਿੱਚ ਬੇਸ਼ੱਕ ਉਹ ਵਿਅਕਤੀ ਸੁਹਿਰਦ ਹਨ ਪਰ ਉਹ ਗਲਤੀ ’ਤੇ ਹਨ। ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ, ਜਦੋਂ ਦਸਮ ਗ੍ਰੰਥ ਦੀ ਲੜਾਈ ਜਿੱਤਣ ਪਿੱਛੋਂ 10 ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦੀ ਲੜਾਈ ਸ਼ੁਰੂ ਹੋ ਗਈ ਤਾਂ ਉਸ ਵੇਲੇ ਇਨ੍ਹਾਂ ਦੀ ਸਥਿੱਤੀ ਕੀ ਹੋਵੇਗੀ? ਜਰਾ ਸੋਚੋ ਕਿ ਕਾਂਗਰਸ ਨੂੰ ਹਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਜਨਸੰਘ (ਹੁਣ ਭਾਜਪਾ) ਨਾਲ ਗਠਜੋੜ ਕਰ ਲਿਆ। ਇਸ ਗਠਜੋੜ ਕਰਨ ਨਾਲ ਬੇਸ਼ੱਕ ਅਕਾਲੀ ਦਲ ਦੇ ਕੁਝ ਆਗੂਆਂ ਨੇ ਤਾਂ ਸਮੇਂ ਸਮੇਂ ਸੱਤਾ ਦੀ ਕੁਰਸੀ ਦੇ ਝੂਟੇ ਲਏ ਪਰ ਇਸ ਗਠਜੋੜ ਰਾਹੀਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਮੇਤ ਸਮੁੱਚੀਆਂ ਉਚ ਸੰਸਥਾਵਾਂ ’ਤੇ ਆਰ.ਐਸ.ਐਸ. ਕਾਬਜ਼ ਹੋ ਗਈ ਤੇ ਜਿਹੜੀ ਸਿੱਖ ਧਰਮ ਦਾ ਸਿਧਾਂਤਕ ਤੌਰ ’ਤੇ ਇਤਨਾ ਨੁਕਸਾਨ ਕਰ ਰਹੀ ਹੈ, ਜਿਤਨਾ ਸ਼ਾਇਦ ਕਾਂਗਰਸ ਵੀ ਨਹੀਂ ਕਰ ਸਕਦੀ। ਅਕਾਲੀ ਦਲ ਨੂੰ ਆਰ.ਐਸ.ਐਸ. ਤੋਂ ਮੁਕਤ ਕਰਵਾਉਣ ਦੀ ਲੜਾਈ ਕਾਂਗਰਸ ਨੂੰ ਹਰਾਉਣ ਨਾਲੋਂ ਵੀ ਵੱਡੀ ਬਣੀ ਪਈ ਹੈ ਤਾਂ ਦੱਸੋ ਇਹ ਵਕਤੀ ਲਾਭ ਲੈਣ ਲਈ ਅਕਾਲੀ-ਭਾਜਪਾ ਗਠਜੋੜ ਕਰਕੇ ਕੌਮ ਨੂੰ ਕੁਝ ਮਿਲਿਆ ਜਾਂ ਨੁਕਸਾਨ ਉਠਾਇਆ?

ਦਸਮ ਗ੍ਰੰਥ ਅਤੇ ਪੁਜਾਰੀਵਾਦ ਨੂੰ ਹਰਾਉਣ ਲਈ ਜੋਗਿੰਦਰ ਸਿੰਘ ਨੂੰ ਤਾਕਤਵਾਰ ਬਣਾਉਣਾ, ਅਕਾਲੀ-ਭਾਜਪਾ ਗਠਜੋੜ ਨਾਲੋਂ ਵੀ ਵੱਧ ਖ਼ਤਰਨਾਕ ਹੋਵੇਗਾ। ਇਸ ਲਈ ਪਿੱਛਲੇ ਤਜ਼ਰਬੇ ਨੂੰ ਵੇਖਦਿਆਂ ਅਤੇ ਸੋਚ ਸਮਝ ਕੇ ਹੀ ਕੋਈ ਫੈਸਲਾ ਕਰਨਾ ਚਾਹੀਦਾ ਹੈ। ਪ੍ਰੋ: ਦਰਸ਼ਨ ਸਿੰਘ ਦਾ ਬਿਲਕੁਲ ਠੀਕ ਫੈਸਲਾ ਹੈ ਕਿ ਲਚਰ ਅਤੇ ਗੁਰਮਤਿ ਵਿਰੋਧੀ ਗ੍ਰੰਥ ਦੀ ਇੱਕ ਵਾਰ ਮੰਜੀ ਚੁਕਵਾਈ ਜਾਵੇ ਅਤੇ ਉਸ ਨਾਲੋਂ ‘ਗੁਰੂ’ ਸ਼ਬਦ ਕਟਵਾਇਆ ਜਾਵੇ। ਕਿਉਂਕਿ ਜਦ ਤੱਕ ਭੋਲੇ ਭਾਲੇ ਸਿੱਖ ਉਸ ਗ੍ਰੰਥ ਨੂੰ ‘ਗੁਰੂ’ ਦੇ ਤੌਰ ’ਤੇ ਮਾਨਤਾ ਦਿੰਦੇ ਰਹਿਣਗੇ, ਉਤਨੀ ਦੇਰ ਤੱਕ ਕੌਮ ਨੂੰ ਇਸ ਦੀ ਰਚਨਾ ਦੀ ਪੜਚੋਲ ਕਰਨ ਲਈ ਨਹੀਂ ਮਨਾਇਆ ਜਾ ਸਕਦਾ। ਇੱਕ ਵਾਰ ਜਦੋਂ ਕੌਮ ਨੂੰ ਇਸ ਦੀ ਪੜਚੋਲ ਕਰਨ ਲਈ ਮਨਾ ਲਿਆ, ਫਿਰ ਉਸ ਗ੍ਰੰਥ ਦੀ ਰਚਨਾ, ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ‘ਤੇ ਪਰਖ ਕੇ ਗੈਰਸਿਧਾਂਤਕ ਰਚਨਾ ਕੱਟੀ ਜਾ ਸਕਦੀ ਹੈ। ਆਪਣੇ ਵਲੋਂ ਜਿਆਦਾ ਜਾਗ੍ਰਿਤ ਬਣੇ ਹੋਏ ਸਿੱਖਾਂ ਵਲੋਂ ਹੀ ਸੁਧਾਰ ਦੇ ਰਾਹ ਵਿੱਚ ਰੋੜੇ ਖੜ੍ਹੇ ਕਰਨੇ ਹੈਰਾਨੀਜਨਕ ਹਨ। ਬਹੁਤੇ ਜਾਗ੍ਰਿਤ ਹੋਏ ਵਿਦਵਾਨਾਂ ਵਲੋਂ ਪ੍ਰੋ: ਦਰਸ਼ਨ ਸਿੰਘ ਤੋਂ ਸਪੱਸ਼ਟੀਕਰਨ ਮੰਗਣੇ ਅਤੇ ਕਿੰਤੂ ਪ੍ਰੰਤੂ ਕਰਨੇ ਇਉਂ ਹੈ, ਜਿਵੇਂ ਦੁਸ਼ਮਣ ਨਾਲ ਲੜਨ ਜਾਂ ਰਹੀ ਫੌਜ ਦੀ ਮੂਰਹਲੀ ਪਲਟਨ ਦੇ ਸਿਪਾਹੀ ਅੱਗੇ ਦੁਸ਼ਮਣ ‘ਤੇ ਵਾਰ ਕਰਨ ਦੀ ਥਾਂ ਆਪਣੇ ਪਿੱਛੇ ਸਹਿਯੋਗ ਕਰਨ ਲਈ ਆ ਰਹੀ ਪਿੱਛਲੀ ਪਲਟਨ ਦੇ ਸਿਪਾਹੀਆਂ ’ਤੇ ਹੀ ਹਮਲਾ ਕਰ ਦੇਵੇ। ਇਸ ਤਰ੍ਹਾਂ ਸਿੱਖ ਕੌਮ ਕਦੇ ਵਿਵਾਦਾਂ ’ਚੋਂ ਨਹੀਂ ਨਿਕਲ ਸਕੇਗੀ ਸਗੋਂ ਹਮੇਸ਼ਾਂ ਨਵੇਂ ਨਵੇਂ ਵਿਵਾਦਾਂ ’ਚ ਘਿਰ ਕੇ ਆਪਣਾ ਵਿਕਾਸ ਕਰਨ ਤੋਂ ਹਮੇਸ਼ਾਂ ਲਈ ਵਾਂਝੀ ਰਹਿ ਜਾਵੇਗੀ।