

ਕਾਸ਼ ! ਅਕਾਲ ਤਖ਼ਤ ਵੱਲੋਂ ਅਜਿਹਾ ਹੋ ਸਕਦਾ
- ਭਾਈ ਪਰਮਜੀਤ ਸਿੰਘ, ਉੜੀਸਾ
-
ਫੋਨ : 09668008058
ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਸ ਰਹੀਆਂ ਗੁਰੂ ਕੀਆਂ ਸੰਗਤਾਂ ਨੂੰ ਅਕਾਲ ਤਖ਼ਤ ਇਕੋ ਗ੍ਰੰਥ ਅਤੇ ਇਕੋ ਪੰਥ ਦਾ ਹਿੱਸਾ ਕਿਵੇਂ ਬਣਾਈ ਰੱਖਦਾ? ਦੇਸ਼/ਵਿਦੇਸ਼ਾਂ ਵਿੱਚ ਰਹਿ ਰਿਹਾ ਆਮ ਸਿੱਖ ਆਪਣੀ ਸ਼ਰਧਾ ਮੁਤਾਬਿਕ ਗੁਰੂ ਸਾਹਿਬ ਦੇ ਜ਼ਾਹਿਰੀ ਦੀਦਾਰ ਕਰਕੇ ਮੱਥਾ ਟੇਕਣਾ, ਪ੍ਰਚਲਿਤ ਨਿੱਤਨੇਮ ਤੇ ਧਾਰਮਕ ਉੱਨਤੀ ਦਾ ਰਾਹ ਸਮਝੀ ਜਾਂਦੀ ‘ਸੇਵਾ’ ਕਰਕੇ ਮਾਨਸਿਕ ਸੰਤੁਸ਼ਟੀ ਪ੍ਰਾਪਤ ਕਰਨਾ ਚਾਹੁੰਦਾ ਹੈ। ਇਨ੍ਹਾਂ ਸਾਰੇ ਕਾਰਜਾਂ ਵਾਸਤੇ ਉਸਨੂੰ ਅਤਿ ਲੋੜ ਮਹਿਸੂਸ ਹੁੰਦੀ ਹੈ ਕਿਸੇ ਗੁਰਦੁਆਰੇ ਦੀ। ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਦੇ ਵੱਖ-ਵੱਖ ਇਨਸਾਨੀ ਜਾਮਿਆਂ ਦੀ ਸੰਸਾਰਕ ਯਾਤਰਾ ਦੌਰਾਨ ਗੁਰਦੁਆਰੇ ਸਿੱਖਾਂ ਦੀ ਧਾਰਮਕ-ਸਮਾਜਕ ਅਗਵਾਈ ਅਤੇ ਹੋਰ ਲੋੜਾਂ ਦੀ ਪੂਰਤੀ ਕਰਦੇ ਆ ਰਹੇ ਸਨ। ਗੁਰਦੁਆਰੇ ਤੋਂ ਹੀ ਸਿੱਖ ਆਪਣੇ ਪਰਵਾਰ ਨਾਲ ਸਬੰਧਿਤ ਚਾਰ ਸੰਸਕਾਰ ਮਨਾਉਣ ਲਈ ਯਤਨਸ਼ੀਲ ਰਿਹਾ ਹੈ।
ਪਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਅੱਜ ਜ਼ਿਆਦਾਤਰ ਗੁਰਦੁਆਰਿਆਂ ਵਿੱਚੋਂ ਗੁਰਮਤਿ ਦੀ ਬਜਾਏ ਮਨਮਤਿ ਅਤੇ ਬ੍ਰਾਹਮਣਵਾਦ ਦਾ ਹੀ ਪ੍ਰਚਾਰ ਹੋ ਰਿਹਾ ਹੈ। ਜਿਨ੍ਹਾਂ ਅਸਥਾਨਾਂ ਤੋਂ ਗੁਰਬਾਣੀ ਦੇ ਪਵਿੱਤਰ ਉਪਦੇਸ਼ਾਂ ਬਾਰੇ ਹਰ ਇਨਸਾਨ ਨੂੰ ਜਾਣਕਾਰੀ ਦੇ ਕੇ ਉਸ ਦੀ ਜੀਵਨ-ਜੁਗਤਿ ਨੂੰ ਸੁਲਝਾਇਆ ਜਾਣਾ ਸੀ, ਉਨ੍ਹਾਂ ਅਸਥਾਨਾਂ ਯਾਨੀ ਗੁਰਦੁਆਰਿਆਂ ਤੋਂ ਮੁੱਖ ਤੌਰ ’ਤੇ ਧਰਮ ਦੇ ਨਾਂ ’ਤੇ ਪ੍ਰਚਲਿਤ ਰਸਮਾਂ (ਜਿਵੇਂ ਅਖੰਡ ਪਾਠ ਕਰਵਾਉਣਾ, ਮਾਲਾ ਫੇਰਨਾ, ਕਿਸੇ ਖਾਸ ਲਫ਼ਜ਼ ਦਾ ਰਟਨ ਕਰਨਾ ਆਦਿ) ਦਾ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ।
ਗੁਰਦੁਆਰਿਆਂ ਦੇ ਪ੍ਰਬੰਧਕੀ ਢਾਂਚੇ ਨੂੰ ਗੁਰਮਤਿ ਦੇ ਪ੍ਰਚਾਰ ਅਨੁਕੂਲ ਬਣਾਉਣਾ ਸ੍ਰੀ ਅਕਾਲ ਤਖ਼ਤ ਸਾਹਿਬ (ਦੇ ਪੁਜਾਰੀਆਂ) ਦੀ ਤਮਾਮ ਜ਼ਿੰਮੇਵਾਰੀਆਂ ਵਿੱਚੋਂ ਇਕ ਅਹਿਮ ਬਲਕਿ ਪਹਿਲੀ ਜ਼ਿੰਮੇਵਾਰੀ ਹੋਣੀ ਚਾਹੀਦੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸਿੱਖਾਂ ਦੀ ਸ਼ਰਧਾ ਦਾ ਉਪਯੋਗ ਕਰਦਿਆਂ ਗੁਰਦੁਆਰਿਆਂ ਦੇ ਪ੍ਰਬੰਧਕੀ ਢਾਂਚੇ ਦਾ ਕੁਝ ਇਸ ਤਰ੍ਹਾਂ ਵਿਕਾਸ ਕੀਤਾ ਜਾ ਸਕਦਾ ਸੀ :
1) ਕਿਸੇ ਖ਼ਾਸ ਇਲਾਕੇ ਵਿੱਚ ਰਹਿਣ ਵਾਲੇ ਸਿੱਖ ਪਰਵਾਰਾਂ ਦੀ ਗਿਣਤੀ ਅਤੇ ਉਨ੍ਹਾਂ ਦੀਆਂ ਧਾਰਮਕ-ਸਮਾਜਕ ਲੋੜਾਂ ਮੁਤਾਬਿਕ ਹੀ ਕਿਸੇ ਵੀ ਗੁਰਦੁਆਰੇ ਦੀ ਉਸਾਰੀ ਕੀਤੀ ਜਾਂਦੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਅਜਿਹੀ ਕਮੇਟੀ ਸਥਾਪਿਤ ਕੀਤੀ ਜਾਂਦੀ, ਜਿਸਦੀ ਇਜਾਜ਼ਤ ਤੋਂ ਬਿਨਾਂ ਕੋਈ ਗੁਰਦੁਆਰਾ ਸਥਾਪਿਤ ਨਾ ਕੀਤਾ ਜਾ ਸਕਦਾ, ਨਾ ਹੀ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੱਤਾ ਜਾਂਦਾ। ਇਸ ਕਮੇਟੀ ਦੇ ਵਿਦਵਾਨ/ਪ੍ਰਚਾਰਕ ਸਬੰਧਿਤ ਖੇਤਰ ਦਾ ਮੁਆਇਨਾ ਕਰਕੇ ਆਪਣੀ ਰਿਪੋਰਟ ਦਿੰਦੇ, ਫਿਰ ਹੀ ਕਿਸੇ ਵਿਸ਼ੇਸ਼ ਗੁਰਦੁਆਰੇ ਦੀ ਸਥਾਪਨਾ ਕੀਤੀ ਜਾਂਦੀ। ਅਜਿਹੀ ਅਤਿ ਲੋੜੀਂਦੀ ਨੀਤੀ ਨਾ ਅਪਣਾਉਣ ਕਾਰਨ ਹੀ ਅੱਜ ਪ੍ਰਬੰਧਕਾਂ ਦੀ ਹਉਮੈ ਅਤੇ ਡੇਰੇਦਾਰਾਂ ਦੇ ਨਿਜੀ ਲਾਭਾਂ ਖਾਤਰ ਥਾਂ-ਥਾਂ ’ਤੇ ਗੁਰਦੁਆਰੇ/ਡੇਰੇ ਬਣਾਏ ਜਾ ਚੁੱਕੇ ਹਨ, ਜਿਥੋਂ ਗੁਰਮਤਿ ਦਾ ਪ੍ਰਚਾਰ ਹੋਣ ਦੀ ਬਜਾਏ ਸਿੱਖੀ ਨੂੰ ਬ੍ਰਾਹਮਣਵਾਦ ਵਿੱਚ ਹੀ ਮਿਲਾਇਆ ਜਾ ਰਿਹਾ ਹੈ। ਅਫਸੋਸ...।
2) ਗੁਰਦੁਆਰਿਆਂ ਦੇ ਪ੍ਰਬੰਧਕ ਨਿਯੁਕਤ ਹੋਣ ਦੇ ਇਛੁੱਕ ਸਿੱਖਾਂ ਲਈ ਸ੍ਰੀ ਅਕਾਲ ਤਖ਼ਤ ਵੱਲੋਂ ਇਕ ਗੁਰਮਤਿ ਕੋਰਸ ਤਿਆਰ ਕੀਤਾ ਜਾਂਦਾ। ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮੁਢਲੀ ਜਾਣਕਾਰੀ ਤੋਂ ਲੈ ਕੇ ਸਿੱਖ ਧਰਮ ਦੇ ਮੁਢਲੇ ਸਿਧਾਂਤਾਂ, ਸਿੱਖ ਰਹਿਤ ਮਰਿਆਦਾ ਅਤੇ ਪੰਥਕ ਕਾਰਜਾਂ ਦੀ ਜ਼ਿੰਮੇਵਾਰੀ ਬਾਰੇ ਮੁਢਲੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦੇ ਕੇ, ਪ੍ਰਬੰਧਕ ਬਣਨ ਦੇ ਚਾਹਵਾਨ ਵਿਅਕਤੀਆਂ ਦਾ ਇਮਤਿਹਾਨ ਲਿਆ ਜਾਂਦਾ। ਅਜਿਹਾ ਇਮਤਿਹਾਨ ਪਾਸ ਕਰਕੇ ਗੁਰਮਤਿ ਦੀ ਜਾਣਕਾਰੀ ਲੈਣ ਵਾਲੇ ਪੜ੍ਹੇ-ਲਿਖੇ, ਸੂਝਵਾਨ ਸਥਾਨਕ ਸਿੱਖਾਂ ਨੂੰ ਹੀ ਗੁਰਦੁਆਰਿਆਂ ਦਾ ਪ੍ਰਬੰਧਕ ਮਨੋਨੀਤ ਕੀਤਾ ਜਾਂਦਾ। ਜਿਸਦੇ ਨਤੀਜੇ ਵਜੋਂ, ਮੌਜੂਦਾ ਸਮੇਂ ਵਾਂਗ ਸ਼ਰਾਬੀ, ਅਨਪੜ੍ਹ, ਜ਼ਾਹਿਲ, ਗਵਾਰ ਤੇ ਮਨਮਤਿ ਵਿੱਚ ਰੰਗੇ ਪ੍ਰਬੰਧਕ ਗੁਰਦੁਆਰਿਆਂ ਦੀ ਦੁਰਵਰਤੋਂ ਨਾ ਕਰ ਪਾਉਂਦੇ। ਪਰ ਅਫਸੋਸ...।
3) ਗੁਰਦੁਆਰੇ ਵਿੱਚ ਚੰਗੇ ਗ੍ਰੰਥੀ, ਪ੍ਰਚਾਰਕ, ਤੇ ਕੀਰਤਨੀ ਜੱਥਿਆਂ ਨੂੰ ਨੀਅਤ ਕਰਨ ਵਾਸਤੇ ਅਕਾਲ ਤਖ਼ਤ ਸਾਹਿਬ ਵੱਲੋਂ ਗ੍ਰੰਥੀਆਂ ਨੂੰ ਸਿਖਲਾਈ ਦੇਣ ਵਾਸਤੇ ਗੁਰਮਤਿ ਸਿਖਲਾਈ ਦੇ ਸਕੂਲ ਤੇ ਕਾਲਜ ਸਥਾਪਿਤ ਕੀਤੇ ਜਾਂਦੇ। ਜਿੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਰੈਗੂਲਰ ਪੜ੍ਹਾਈ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ-ਵਿਚਾਰ, ਗੁਰਮਤਿ ਦੇ ਅਸੂਲ, ਹੋਰਨਾਂ ਧਰਮਾਂ ਦਾ ਤੁਲਨਾਤਮਕ ਅਧਿਐਨ, ਗੁਰਬਾਣੀ ਸ਼ੁੱਧ ਉਚਾਰਨ (ਸੰਥਿਆ), ਸਿੱਖ ਰਹਿਤ ਮਰਿਆਦਾ ਆਦਿ ਦੀ ਜਾਣਕਾਰੀ ਦਿੱਤੀ ਜਾਂਦੀ (ਜਦਕਿ ਇਹ ਜ਼ਿੰਮੇਵਾਰੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਤੇ ਹੋਰ ਮਿਸ਼ਨਰੀ ਕਾਲਜਾਂ ਵੱਲੋਂ ਨਿਭਾਈ ਜਾ ਰਹੀ ਹੈ)। ਗੁਰਦੁਆਰਿਆਂ ਵਿੱਚ ਸਿਰਫ਼ ਅਜਿਹੇ ਮਾਨਤਾ ਪ੍ਰਾਪਤ ਸਕੂਲ/ਕਾਲਜ ਵਿੱਚ ਤਿਆਰ ਕੀਤੇ ਗਏ ਗ੍ਰੰਥੀ, ਕੀਰਤਨੀਆਂ ਤੇ ਪ੍ਰਚਾਰਕਾਂ ਨੂੰ ਹੀ ਨੀਯਤ ਕੀਤਾ ਜਾਂਦਾ। ਅਜਿਹੇ ਗ੍ਰੰਥੀ/ਪ੍ਰਚਾਰਕਾਂ ਦੀਆਂ ਸੰਸਾਰਕ ਲੋੜਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਪੂਰੀਆਂ ਕੀਤੀਆਂ ਜਾਂਦੀਆਂ, ਤਾਂ ਜੋ ਉਹ ਪੂਰੀ ਤਨ-ਦਿਲੀ ਨਾਲ ਗੁਰਮਤਿ ਦਾ ਪ੍ਰਚਾਰ ਤੇ ਸੰਗਤਾਂ ਦੀ ਸੇਵਾ ਕਰ ਸਕਦੇ।
ਜੇਕਰ ਅਜਿਹੀ ਕੋਈ ਨੀਤੀ ਹੋਂਦ ਵਿੱਚ ਹੁੰਦੀ ਤਾਂ 1500-2000 ਰੁਪਏ ਵਿੱਚ ਕੰਮ ਸਾਰਨ ਵਾਲੇ, ਗੁਰਮਤਿ ਤੋਂ ਕੋਹਾਂ ਦੂਰ, ਆਪਣੇ ਪਰਵਾਰ ਨੂੰ ਪਾਲਣ ਵਾਸਤੇ ਗ੍ਰੰਥੀ/ਪ੍ਰਚਾਰਕ ਦਾ ਰੂਪ ਅਖ਼ਤਿਆਰ ਕਰਨ ਵਾਲੇ ਲੋਕ ਕੌਮ ਨੂੰ ਗੁੰਮਰਾਹ ਨਾ ਕਰ ਸਕਦੇ। ਪਰ ਅਫਸੋਸ, ਅਕਾਲ ਤਖ਼ਤ ਸਾਹਿਬ (ਦੇ ਪੁਜਾਰੀਆਂ) ਵੱਲੋਂ ਇਸ ਜ਼ਰੂਰੀ ਜ਼ਿੰਮੇਵਾਰੀ ਨੂੰ ਵੀ ਨਜ਼ਰਅੰਦਾਜ ਕਰ ਦਿੱਤਾ ਗਿਆ। ਕਿੰਨਾ ਚੰਗਾ ਹੁੰਦਾ ਜੇਕਰ ਕੌਮ ਨੂੰ ਇਕਜੁੱਟ ਰੱਖਣ ਅਤੇ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਅਕਾਲ ਤਖ਼ਤ (ਦੇ ਪੁਜਾਰੀ) ਅਜਿਹਾ ਉਪਰਾਲਾ ਕਰ ਸਕਦੇ; ਜੋ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਿਖੇ ਆਪਣੀ ਰਿਹਾਇਸ਼ ਦੌਰਾਨ ਮੰਜੀਆਂ-ਪੀੜ੍ਹਿਆਂ ਦੀ ਸਥਾਪਨਾ ਦੇ ਰੂਪ ਵਿੱਚ ਕਰਕੇ ਵਿਖਾ ਵੀ ਗਏ ਹਨ।
ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਸਭ ਕੁਝ ਕਰਵਾਉਣ ਵਾਲੇ, ਅਕਾਲ ਤਖ਼ਤ ਸਾਹਿਬ ’ਤੇ ਬੈਠਣ ਵਾਲੇ ‘ਜੱਥੇਦਾਰ’ ਨੂੰ ਨਿਯੁਕਤ ਕੌਣ ਕਰੇ; ਉਸਨੂੰ ਪੰਥਕ ਮਸਲਿਆਂ ਬਾਰੇ ਸੇਧ/ਸਲਾਹ ਕੌਣ ਦੇਵੇ? ਜਿਨ੍ਹਾਂ ਪੰਥ-ਦਰਦੀ ਵਿਦਵਾਨਾਂ ਨੇ ਆਪਣੇ ਜੱਥੇ ਵਿੱਚੋਂ ਇਮਾਨਦਾਰ ਜੱਥੇਦਾਰ, ਕੌਮ ਦੀ ਵਿਗੜੀ ਸਵਾਰਨ ਵਾਸਤੇ ਅਕਾਲ ਤਖ਼ਤ ਸਾਹਿਬ ’ਤੇ ਬਿਠਾਉਣਾ ਸੀ, ਉਨ੍ਹਾਂ ਵਿਦਵਾਨਾਂ ਨੂੰ ਤਾਂ ਅੱਜ ਅਕਾਲ ਤਖ਼ਤ ਸਾਹਿਬ ਦੇ ਨੇੜੇ-ਤੇੜੇ ਵੀ ਫਟਕਣ ਨਹੀਂ ਦਿੱਤਾ ਜਾਂਦਾ। ਸਗੋਂ ‘ਕੌਮ ਦਾ ਦੋਖੀ’ ਕਹਿ ਕੇ ਪੰਥ ਵਿੱਚੋਂ ਹੀ ਬਾਹਰ ਕਰ ਦਿੱਤਾ ਜਾਂਦਾ ਹੈ। ਜੇ ਅਸੀਂ ਉੱਪਰ ਜ਼ਿਕਰ ਕੀਤੀ ਗਈ ਪ੍ਰਣਾਲੀ ਨੂੰ ਗੁਰਦੁਆਰਿਆਂ ਵਿੱਚ ਲਾਗੂ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਪੰਥ-ਦਰਦੀ ਵਿਦਵਾਨਾਂ ਨੂੰ ਅੱਗੇ ਲਿਆਉਣਾ ਪਏਗਾ।
-ਪਰਮਜੀਤ ਸਿੰਘ ‘ਪ੍ਰਚਾਰਕ’
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ,
ਨਜ਼ਦੀਕ ਰੇਲਵੇ ਸਟੇਸ਼ਨ, ਰਾਊਰਕੇਲਾ, ਊੜੀਸਾ
ਫੋਨ : 09668008058