Subscription About Us Contact Us


’ਤੇ ਹੁਣ ਵਰੁਣ ਗਾਂਧੀ ਦੀ ਬੋਦੀ ਵਿੱਚ ਖੁਰਕ ਹੋਈ

- ਸਰਬਜੀਤ ਸਿੰਘ -

ਖਾਕੀ ਨਿੱਕਰਾਂ ਵਾਲਿਆਂ ਦੀ ਪਾਰਟੀ ਨਾਲ ਸਬੰਧਿਤ ਮੇਨਕਾ ਗਾਂਧੀ ਦਾ ਪੁੱਤਰ ਵਰੁਣ ਗਾਂਧੀ ਅੱਜਕਲ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਾਰਨ ਇਹ ਹੈ ਕਿ ਪੀਲੀਭੀਤ, ਜਿਥੋਂ ਉਹ ਬੀਜੇਪੀ ਦੀ ਟਿਕਟ ’ਤੇ ਲੋਕਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਿਹਾ ਹੈ, ਵਿਖੇ ਚੋਣ ਪ੍ਰਚਾਰ ਦੌਰਾਨ ਆਪਣੀ ਸਿਆਸੀ ਮੁਸਲਮਾਨਾਂ ਅਤੇ ਸਿੱਖਾਂ ਖਿਲਾਫ਼ ਭੜਕਾਊ ਤੇ ਘਟੀਆ ਕਿਸਮ ਦੀ ਸ਼ਬਦਾਵਲੀ ਦਾ ਉਪਯੋਗ ਕਰਦਿਆਂ ਕਿਹਾ : ‘‘ਅਗਰ ਕੋਈ (ਮੁਸਲਮਾਨ) ਹਿੰਦੂ ਕੇ ਖਿਲਾਫ਼ ਉਂਗਲੀ ਉਠਾਏਗਾ, ਯਾ ਸੋਚੇਗਾ ਕਿ ਹਿੰਦੂ ਕਮਜ਼ੋਰ ਹੈਂ... ਤੋ ਮੈਂ ਗੀਤਾ ਕੀ ਕਸਮ ਖਾਤਾ ਹੂੰ - ਮੈਂ ਉਨਕੇ ਹਾਥ ਕਾਟ ਦੂੰਗਾ।’’ ਇਸੇ ਤਰ੍ਹਾਂ, ਪੀਲੀਭੀਤ ਤੋਂ ਹੀ ਚੋਣ ਲੜ ਰਹੇ ਇਕ ਸਿੱਖ ਉਮੀਦਵਾਰ ਬਾਰੇ ਵਰੁਣ ਨੇ ਉਹੀ ਟਿੱਪਣੀ ਕੀਤੀ, ਜੋ ਉਸਦੀ ਨਸਲ ਦੇ ਸਾਰੇ ਬ੍ਰਾਹਮਣਵਾਦੀ ਸਿੱਖਾਂ ਦਾ ਮਜ਼ਾਕ ਉਡਾਉਣ ਲਈ ਕਰਦੇ ਹਨ : ‘‘ਉਸ ਪਾਗਲ ਸਰਦਾਰ ਕੇ ਬਾਰ੍ਹਾਂ ਬਜ ਗਏ ਹੈਂ।’’

ਕਾਂਗਰਸ ਪਾਰਟੀ ਨੇ ਤਾਂ ਇਸ ਬਾਬਤ ਵਰੁਣ ਗਾਂਧੀ ਦੀ ਆਲੋਚਨਾ ਕਰਨੀ ਹੀ ਸੀ ਪਰ ਕਈ ਹੋਰ ਸਮਾਜਕ ਸੰਗਠਨਾਂ ਵੱਲੋਂ ਵੀ ਇਸ ਮੁੱਦੇ ’ਤੇ ਵਰੁਣ ਦੀ ਭਾਰੀ ਆਲੋਚਨਾ ਕੀਤੀ ਗਈ। ਘੱਟ-ਗਿਣਤੀ ਕੌਮਾਂ ਬਾਰੇ ਇਸ ਕਿਸਮ ਦੀ ਘਟੀਆ ਸ਼ਬਦਾਵਲੀ ਸੁਣ ਕੇ ਉਕਤ ਕੌਮਾਂ ਨਾਲ ਸਬੰਧਿਤ ਲੋਕਾਂ ਦੇ ਮਨਾਂ ਨੂੰ ਦੁੱਖ ਤਾਂ ਪੁੱਜਾ ਹੋਏਗਾ ਪਰ ਅਜਿਹੇ ਸੱਜਣਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਬੀਜੇਪੀ ਦੀ ਸਿਆਸੀ ਹੋਂਦ ਹੀ ਨਫਰਤ ਉਪਜਾਊ ਹਥਕੰਡਿਆਂ ’ਤੇ ਟਿਕੀ ਹੈ। ਭਾਰਤੀ ਸਿਆਸੀ ਪਿੜ ਵਿੱਚ ਬੀਜੇਪੀ ਨੂੰ ਮਜ਼ਬੂਤੀ ਹੀ ਉਸ ਸਮੇਂ ਹਾਸਲ ਹੋਈ ਸੀ ਜਦੋਂ ਇਸਨੇ ਰਾਮ ਮੰਦਰ ਦਾ ਨਾਮ ਲੈ ਕੇ ਹਿੰਦੂਆਂ ਨੂੰ ਮੁਸਲਮਾਨਾਂ ਖਿਲਾਫ਼ ਭੜਕਾਇਆ ਸੀ। ਇਸ ਮੁਹਿੰਮ ਦੌਰਾਨ ਸਾਧਵੀ ਰਿਤੰਭਰਾ ਵਰਗੀ ਜਨਸੰਘੀ ਪ੍ਰਚਾਰਕਾਂ ਦਾ ਨਾਅਰਾ ਸੀ : ‘‘ਖੂਨ ਖਰਾਬਾ ਹੋਣਾ ਹੈ, ਤੋ ਏਕ ਬਾਰ ਹੋ ਜਾਨੇ ਦੋ।’’ ਯੂ.ਪੀ. ਦਾ ਗੋਰਖਪੁਰ ਤੋਂ ਸਾਂਸਦ ਯੋਗੀ ਆਦਿਤਯਾਨੰਦ ਵੀ ਸ਼ਰੇਆਮ ਨਾਅਰੇ ਲਗਾਉਂਦਾ ਹੈ : ‘‘ਮੁਸਲਮਾਨ ਕੇ ਦੋ ਹੀ ਸਥਾਨ, ਪਾਕਿਸਤਾਨ ਯਾ ਕਬਰਿਸਤਾਨ।’’ ਬੀਜੇਪੀ ਦੇ ਇਕ ਹੋਰ ਵਿਵਾਦਿਤ ਲੀਡਰ ਲਾਲਜੀ ਟੰਡਨ ਨੇ ਮਈ 2007 ਵਿੱਚ ਯੂ.ਪੀ. ਦੀ ਵਿਧਾਨ ਸਭਾ ਚੋਣਾਂ ਦੌਰਾਨ ਲਖਨਊ-ਪੱਛਮੀ ਤੋਂ ਚੋਣਾਂ ਲੜਦਿਆਂ ਜਿਹੜੀ ਸੀ.ਡੀ. ਜਾਰੀ ਕੀਤੀ ਸੀ, ਉਸ ਵਿੱਚ ਕਿਹਾ ਗਿਆ ਸੀ : ‘‘ਉਹ ਦਿਨ ਦੂਰ ਨਹੀਂ ਜਦੋਂ ਅਸੀਂ ਸਾਰੇ ਆਪਣੇ ਆਪ ਨੂੰ ਹਿੰਦੂ ਕਹਿਣ ਤੋਂ ਵੀ ਡਰਾਂਗੇ। ਤੁਹਾਨੂੰ ਕਿਧਰੇ ਕੋਈ ਸੋਹਨ ਲਾਲ, ਮੋਹਨ ਲਾਲ, ਆਤਮਾ ਰਾਮ ਜਾਂ ਰਾਧਾਕ੍ਰਿਸ਼ਨਾ ਨਹੀਂ ਮਿਲੇਗਾ। ਜਿੱਥੇ ਕਿਤੇ ਵੀ ਤੁਸੀਂ ਮੁੜੋਗੇ, ਤੁਹਾਨੂੰ ਸਿਰਫ਼ ਕੋਈ ਅੱਬਾਸ ਜਾਂ ਨਕਵੀ ਜਾਂ ਰਿਜ਼ਵੀ ਜਾਂ ਮੌਲਵੀ ਹੀ ਦਿਸੇਗਾ। ਉਹ ਭਾਰਤ ਨੂੰ ਪਾਕਿਸਤਾਨ ਬਣਾ ਦੇਣਾ ਚਾਹੁੰਦੇ ਹਨ।’’ ਗੁਜਰਾਤ ਕਤਲੇਆਮ ਤੋਂ ਬਾਅਦ ਨਰਿੰਦਰ ਮੋਦੀ ਨੇ ਜੋ ਭੜਕਾਊ ਬਿਆਨ ਦਿੱਤੇ, ਉਨ੍ਹਾਂ ਤੋਂ ਵੀ ਦੇਸ਼ ਦਾ ਬੱਚਾ-ਬੱਚਾ ਵਾਕਿਫ ਹੈ। ਭਾਵ, ਬੀਜੇਪੀ ਲੀਡਰਾਂ ਅਤੇ ਸੰਘ ਪਰਵਾਰ ਵੱਲੋਂ ਘੱਟ-ਗਿਣਤੀ ਕੌਮਾਂ ਦਾ ਅਪਮਾਨ ਕਰਨ ਵਾਲੇ ਭੜਕਾਊ ਭਾਸ਼ਣ ਦੇਣਾ ਕੋਈ ਨਵੀਂ ਗੱਲ ਨਹੀਂ ਹੈ।

ਪਰ ਇਸ ਸਭ ਦਾ ਇਹ ਵੀ ਅਰਥ ਨਹੀਂ ਕਿ ਬੀਜੇਪੀ ਜਾਂ ਸੰਘ ਪਰਵਾਰ ਦੇ ਆਗੂ ਵਾਕਈ ਮੁਸਲਮਾਨਾਂ ਜਾਂ ਸਿੱਖਾਂ ਨਾਲ ਆਹਮੋ-ਸਾਹਮਣੇ ਹੋ ਕੇ ਲੜਨਾ ਚਾਹੁੰਦੇ ਹਨ ਜਾਂ ਇਸਦੇ ਸਮਰੱਥ ਹਨ। ਜੇਕਰ ਅਜਿਹਾ ਹੁੰਦਾ ਤਾਂ ਪੰਜਾਬ ਵਿੱਚ ਖਾੜਕੂਵਾਦ ਦੇ ਦੌਰਾਨ ਖਾਕੀ ਨਿੱਕਰਾਂ ਵਾਲੇ ਵੀ ਸਿੱਖ ਜੁਝਾਰੂਆਂ ਨਾਲ ਟਾਕਰਾ ਕਰਨ ਦਾ ਐਲਾਨ ਕਰਦੇ ਜਦਕਿ ਇਸ ਸਮੇਂ ਦੌਰਾਨ ਉਹ ਡਰਦੇ ਮਾਰੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਸ਼ਾਂਤੀ ਤੇ ਸਾਂਝੀਵਾਲਤਾ ਦਾ ਉਪਦੇਸ਼ ਅਪਣਾਉਣ ਦੀ ਪ੍ਰੇਰਨਾ ਹੀ ਕਰਦੇ ਰਹੇ। ਇਸੇ ਤਰ੍ਹਾਂ, ਜੇਕਰ ਜਨਸੰਘੀਆਂ ਨੇ ਮੁਸਲਮਾਨਾਂ ਨਾਲ ਆਹਮੋ-ਸਾਹਮਣੀ ਲੜਾਈ ਕਰਨੀ ਹੋਵੇ ਤਾਂ ਫੋਕੀਆਂ ਬੜ੍ਹਕਾਂ ਮਾਰਨ ਦੀ ਬਜਾਏ ਉਹ ਕਸ਼ਮੀਰੀ ਖਾੜਕੂਆਂ ਨਾਲ ਸਿੱਧੀ ਟੱਕਰ ਲੈ ਸਕਦੇ ਹਨ। ਮੁਸਲਮਾਨਾਂ ਤੇ ਸਿੱਖਾਂ ਖਿਲਾਫ਼ ਅਖ਼ਬਾਰੀ ਬਿਆਨਬਾਜ਼ੀ ਕਰਨ ਵਾਲੀ ਵਾਨਰ ਸੈਨਾ ਉਰਫ਼ ਸ਼ਿਵ ਸੈਨਾ ਅਤੇ ਮਹਾਂਰਾਸ਼ਟਰ ਨਵ-ਨਿਰਮਾਣ ਸੈਨਾ ਦੇ ਕਾਰਕੁੰਨ ਵੀ ਮੁੰਬਈ ਵਿੱਚ ਅੱਤਵਾਦੀ ਹਮਲੇ ਸਮੇਂ ਦੁਬਕ ਕੇ ਆਪਣੇ ਘਰਾਂ ਵਿੱਚ ਬੈਠ ਗਏ। ਮੌਜੂਦਾ ਸਮੇਂ ਵਿੱਚ ਮੁਸਲਮਾਨਾਂ ਦੇ ਹੱਥ ਕੱਟ ਦੇਣ ਜਾਂ ਸਿੱਖਾਂ ਨੂੰ ਪਾਗਲ ਕਰਾਰ ਦੇਣ ਵਾਲੇ ਵਰੁਣ ਗਾਂਧੀ ਨੂੰ ਵੀ ਜੇਕਰ ਇਨ੍ਹਾਂ ਕੌਮਾਂ ਨਾਲ ਸਬੰਧਿਤ ਕੋਈ ਨੌਜੁਆਨ ਸਿਰਫ਼ ਜੋਸ਼ੀਲੇ ਢੰਗ ਨਾਲ ਲਲਕਾਰ ਹੀ ਦੇਵੇ, ਤਾਂ ਉਹ ਆਪਣੀ ਧੋਤੀ ਸਾਂਭਦਾ ਹੋਇਆ ਆਪਣੇ ਘਰ ਨੂੰ ਨੱਸੇਗਾ।

ਗੱਲ ਸਿਰਫ਼ ਏਨੀ ਹੈ ਕਿ ਇਸ ਦੇਸ਼ ਦੀ ਸੱਤਾ ’ਤੇ ਕਾਬਿਜ਼ ਹੋਣ ਲਈ ਭ੍ਰਿਸ਼ਟ ਤੇ ਮੱਕਾਰ ਬ੍ਰਾਹਮਣਵਾਦੀਆਂ ਕੋਲ ਹੋਰ ਕੋਈ ਨੀਤੀ ਤਿਆਰ ਨਹੀਂ। ਬ੍ਰਾਹਮਣਵਾਦੀਆਂ ਵਿੱਚ ਨਾ ਤਾਂ ਏਨਾ ਦਿਮਾਗ ਹੈ ਕਿ ਉਹ ਦੇਸ਼ ਦੇ ਸਰਬਪੱਖੀ ਵਿਕਾਸ ਲਈ ਠੋਸ ਨੀਤੀਆਂ ਬਣਾ ਕੇ ਲੋਕਾਂ ਵਿੱਚ ਹਰਮਨ-ਪਿਆਰੇ ਬਣਨ ਤੇ ਉਨ੍ਹਾਂ ਦੀਆਂ ਵੋਟਾਂ ਪ੍ਰਾਪਤ ਕਰ ਸਕਣ ਅਤੇ ਨਾ ਹੀ ਉਹ ਅਜਿਹਾ ਕਰਨਾ ਚਾਹੁੰਦੇ ਹਨ। ਇਸਦਾ ਸਿੱਧਾ-ਸਾਦਾ ਕਾਰਨ ਇਹ ਹੈ ਕਿ ਬ੍ਰਾਹਮਣਵਾਦੀ ਫਲਸਫਾ ਜਨਸੰਘੀਆਂ ਨੂੰ ਸਮਾਜ ਦੇ ਸਾਰੇ ਵਰਗਾਂ ਦੇ ਵਿਕਾਸ ਦੀ ਇਜਾਜ਼ਤ ਹੀ ਨਹੀਂ ਦਿੰਦਾ। ਇਸ ਵਿਚਾਰਧਾਰਾ ਮੁਤਾਬਿਕ ਦਲਿਤਾਂ, ਪਛੜੇ ਵਰਗਾਂ ਅਤੇ ਘੱਟ-ਗਿਣਤੀ ਕੌਮਾਂ ਨੂੰ ਸਾਮ, ਦਾਮ, ਦੰਡ, ਭੇਦ ਦੀ ਨੀਤੀ ਅਪਣਾ ਕੇ ਕਮਜ਼ੋਰ ਕਰਨਾ ਚਾਹੀਦਾ ਹੈ ਅਤੇ ਫਿਰ ਉਨ੍ਹਾਂ ਦਾ ਆਰਥਕ, ਸਮਾਜਕ ਤੇ ਸਿਆਸੀ ਸ਼ੋਸ਼ਣ ਕਰਨਾ ਚਾਹੀਦਾ ਹੈ। ਆਪਣੇ ਇਸ ਨਿਸ਼ਾਨੇ ਦੇ ਨੇੜੇ ਪਹੁੰਚਣ ਲਈ ਬ੍ਰਾਹਮਣਵਾਦੀਆਂ ਕੋਲ ਇਕੋ ਹੀ ਸ਼ਾਰਟ-ਕੱਟ ਹੈ : ਹਿੰਦੂਆਂ ਅਤੇ ਘੱਟ-ਗਿਣਤੀ ਕੌਮਾਂ ਵਿਚਕਾਰ ਨਫ਼ਰਤ ਤੇ ਤਨਾਅ ਪੈਦਾ ਕਰੀ ਰੱਖਣਾ। ਇਸ ਮਕਸਦ ਲਈ ਕਦੇ ਉਹ ਰਾਮ ਮੰਦਰ ਦੀ ਉਸਾਰੀ ਵਰਗੇ ਮੁੱਦਿਆਂ ਦਾ ਸਹਾਰਾ ਲੈਂਦੇ ਹਨ, ਕਦੇ ਸਿੱਖ ਸਮਾਜ ਵਿੱਚ ਖਾੜਕੂਵਾਦ ਦਾ ਹਊਆ ਖੜਾ ਕਰ ਦਿੰਦੇ ਹਨ ਤੇ ਕਦੇ ਕੁਝ ਹੋਰ। ਇਹ ਮੁੱਦੇ ਬਾਰ-ਬਾਰ ਉਪਯੋਗ ਕੀਤੇ ਜਾਣ ਕਾਰਨ ਹੁਣ ਆਮ ਹਿੰਦੂ ਇਨ੍ਹਾਂ ਗੱਲਾਂ ਨੂੰ ਸੁਣ ਕੇ ਭੜਕਦਾ ਨਹੀਂ। ਇਸਲਈ ਵਰੁਣ ਗਾਂਧੀ ਤੇ ਹੋਰ ਨਿੱਕਰਧਾਰੀਆਂ ਨੂੰ ਘੱਟ-ਗਿਣਤੀ ਕੌਮਾਂ ਖਿਲਾਫ਼ ਜ਼ਹਿਰ ਉਗਲਣ ਲਈ ਨਵੇਂ ਪੈਂਤੜੇ ਲਭਣੇ ਪੈਂਦੇ ਹਨ।

ਮੌਜੂਦਾ ਵਿਵਾਦ ਕਾਰਨ ਕਾਂਗਰਸ ਅਤੇ ਧਰਮ-ਨਿਰਪੱਖ ਸੰਗਠਨਾਂ ਵੱਲੋਂ ਇਸ ਮੁੱਦੇ ’ਤੇ ਵਰੁਣ ਗਾਂਧੀ ਦੀ ਲਗਾਤਾਰ ਕੀਤੀ ਜਾ ਰਹੀ ਆਲੋਚਨਾ ਨਾਲ ਉਸਨੂੰ ਕੱਟੜਪੰਥੀ ਹਿੰਦੂਆਂ (ਖ਼ਾਸਕਰ ਆਪਣੇ ਚੋਣ-ਖੇਤਰ ਦੇ) ਦੀ ਹਮਦਰਦੀ ਤੇ ਹਮਾਇਤ ਪ੍ਰਾਪਤ ਹੋਣਾ ਲਾਜ਼ਮੀ ਹੈ। ਆਪਣੇ ਬਿਆਨ ਕਾਰਨ ਮੀਡੀਆ ਰਾਹੀਂ ਵਰੁਣ ਗਾਂਧੀ (ਜਿਸਨੂੰ ਕੁਝ ਦਿਨ ਪਹਿਲਾਂ ਤੱਕ ਦੇਸ਼ ਦੇ ਆਮ ਲੋਕ ਜਾਣਦੇ ਵੀ ਨਹੀਂ ਸਨ) ਨੂੰ ਬਿਨਾਂ ਕੁਝ ਕੀਤਿਆਂ ਕਰਾਇਆਂ ਸਸਤੀ ਸ਼ੋਹਰਤ ਪ੍ਰਾਪਤ ਹੋ ਗਈ ਹੈ, ਜਿਸ ਨਾਲ ਉਸਦਾ ਚੋਣ ਜਿੱਤਣਾ ਕਾਫੀ ਅਸਾਨ ਹੋ ਗਿਆ ਪ੍ਰਤੀਤ ਹੁੰਦਾ ਹੈ। ਇਸਲਈ ਚੰਗਾ ਇਹੀ ਹੋਏਗਾ ਕਿ ਵਰੁਣ ਗਾਂਧੀ ਵਰਗੇ ਬ੍ਰਾਹਮਣਵਾਦੀਆਂ ਦੇ ਅਜਿਹੇ ਟੁੱਕੜਬੋਚਾਂ ਦੇ ਨਫ਼ਰਤ-ਉਪਜਾਊ ਬਿਆਨਾਂ ’ਤੇ ਤਵੱਜੋ ਦੇ ਕੇ ਉਨ੍ਹਾਂ ਦਾ ਸਿਆਸੀ ਕਦ ਉੱਚਾ ਨਾ ਕੀਤਾ ਜਾਏ, ਜੋ ਉਨ੍ਹਾਂ ਦਾ ਅਸਲ ਮਕਸਦ ਹੁੰਦਾ ਹੈ।